ਚੰਡੀਗੜ੍ਹ, 11 ਅਗਸਤ (ਰਾਜਵਿੰਦਰ ਰਾਜੂ) ਬਰਗਾੜੀ ਇਨਸਾਫ਼ ਮੋਰਚੇ ਦੇ ਦਬਾਅ ਅੱਗੇ ਝੁਕਦਿਆਂ ਪੰਜਾਬ ਸਰਕਾਰ ਮੋਰਚੇ ਦੀਆਂ ਮੰਗਾਂ ਪ੍ਰਵਾਨ ਕਰਦੇ ਰਾਹ ਤੁਰੀ ਲੱਗਦੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਸਟਿਸ ਰਣਜੀਤ ਸਿੰਘ ਵਲੋਂ ਸੌਂਪੀ ਜਾਂਚ ਰਿਪੋਰਟ ਦੇ ਆਧਾਰ ਤੇ ਚਾਰ ਪੁਲਿਸ ਵਾਲਿਆਂ ਵਿਰੁੱਧ ਪਰਚਾ ਦਰਜ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਜਿਨ੍ਹਾਂ ਤੇ ਕਾਰਵਾਈ ਕਰਦਿਆਂ ਫ਼ਰੀਦਕੋਟ ਪੁਲਿਸ ਨੇ ਅੱਜ ਥਾਣਾ ਬਾਜਾਖਾਨ ਵਿਖੇ ਪਹਿਲਾ ਹੀ ਦਰਜ ਐਫ਼ ਆਈ ਆਰ ‘ਚ ਇਨ੍ਹਾਂ ਚਾਰ ਪੁਲਿਸ ਅਫ਼ਸਰਾਂ ਦੇ ਨਾਮ ਸ਼ਾਮਿਲ ਕਰ ਲਏ ਹਨ। 14 ਅਕਤੂਬਰ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ‘ਚ ਰੋਸ ਧਰਨਾ ‘ਚ ਬੈਠੇ ਸਿੱਖ ਜਥੇਬੰਦੀਆਂ ‘ਤੇ ਪੁਲਿਸ ਵੱਲੋਂ ਗੋਲੀ ਚਲਾਏ ਜਾਣ ‘ਤੇ 2 ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ । ਇਸ ਘਟਨਾ ਸਬੰਧੀ ਜਸਟਿਸ ਰਣਜੀਤ ਸਿੰਘ ਜਾਂਚ ਕਮਿਸ਼ਨ ਦੀ ਸਿਫ਼ਾਰਸ਼ ‘ਤੇ ਥਾਣਾ ਬਾਜਾ ਖਾਨਾ ਵਿਖੇ ਧਾਰਾ 302 ਸਮੇਤ ਅਤੇ ਹੋਰ ਧਰਾਵਾਂ ਹੇਠ  ਮੁੱਖ ਦੋਸ਼ੀ ਤਤਕਾਲੀ ਐਸ ਐਸ  ਪੀ ਚਰਨਜੀਤ ਸ਼ਰਮਾ, ਐੱਸ ਪੀ ਬਿਕਰਮਜੀਤ ਸਿੰਘ, ਇੰਸਪੈਕਟਰ ਪ੍ਰਦੀਪ ਅਤੇ ਸਬ ਇੰਸਪੈਕਟਰ ਅਮਰਜੀਤ ਸਿੰਘ ਤੇ ਮਾਮਲਾ ਦਰਜ ਕੀਤਾ ਗਿਆ ਹੈ ।

ਜਸਟਿਸ ਰਣਜੀਤ ਸਿੰਘ ਨੇ ਆਪਣੀ ਪਹਿਲੀ ਰਿਪੋਰਟ ‘ਚ ਇਨ੍ਹਾਂ ਚਾਰ ਪੁਲਿਸ ਅਫ਼ਸਰਾਂ ਦੇ ਨਾਮ ਬਦਤੌਰ ਦੋਸ਼ੀ ਨਾਮਜ਼ਦ ਕੀਤੇ ਹਨ। ਭਾਵੇਂ ਕਿ ਫ਼ਰੀਦਕੋਟ ਪੁਲਿਸ ਵਲੋਂ ਇਸ ਸੰਬੰਧੀ ਪਹਿਲਾਂ ਹੀ ਅਣਪਛਾਤੇ ਪੁਲਿਸ ਵਾਲਿਆਂ ਵਿਰੁੱਧ ਐਫ.ਆਈ.ਆਰ. ਨੰ. 130 ਮਿਤੀ 21 ਅਕਤੂਬਰ 2015 ਦਰਜ ਕੀਤੀ ਹੋਈ ਹੈ ਪ੍ਰੰਤੂ ਹੁਣ ਮੁੱਖ ਮੰਤਰੀ ਦੀਆਂ ਹਦਾਇਤਾਂ ਤੇ ਇਸ ਐਫ.ਆਈ.ਆਰ ਵਿਚ ਉਕਤ ਚਾਰ ੁਪੁਲਿਸ ਵਾਲਿਆਂ ਦੇ ਨਾਮ ਦਰਜ ਕੀਤੇ ਗਏ ਹਨ। ਕਮਿਸ਼ਨ ਵਲੋਂ ਇਨ੍ਹਾਂ ਚਾਰ ਪੁਲਿਸ ਅਫ਼ਸਰਾਂ ਤੋਂ ਇਲਾਵਾ ਪੰਜ ਹੋਰ ਪੁਲਿਸ ਵਾਲਿਆਂ ਇਸਪੈਕਟਰ ਹਰਪਾਲ ਸਿੰਘ ਜਿਹੜਾਂ ਉਦੋਂ ਲਾਡੋਵਾਲ ਥਾਣੇਦਾਰ ਦਾ ਮੁਖੀ ਸੀ, ਸਿਪਾਈ ਸ਼ਮਸੇਰ ਸਿੰਘ, ਸਿਪਾਹੀ ਹਰਪ੍ਰੀਤ ਸਿੰਘ, ਸਿਪਾਹੀ ਗੁਰਪ੍ਰੀਤ ਸਿੰਘ ਅਤੇ ਸਿਪਾਹੀ ਪਰਮਿੰਦਰ ਸਿੰਘ ਜਿਹੜੇ ਐਸ ਐਸ ਪੀ ਚਰਨਜੀਤ ਸ਼ਰਮਾ ਦੇ ਗੰਨਮੈਨ ਸਨ ਉਨ੍ਹਾਂ ਤੋਂ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਗਈ ਹੈ। ਇਸਦੇ ਨਾਲ ਨਾਲ ਜਿਹੜੀ ਕੋਟਕਪੁਰਾ ਵਿਖੇ ਗੋਲੀ ਚੱਲੀ ਸੀ ਅਤੇ ਉਸ ਵਿਚ ਅਜੀਤ ਸਿੰਘ ਨਾਮੀ ਵਿਅਕਤੀ ਜ਼ਖ਼ਮੀ ਹੋਇਆ ਸੀ ਉਸ ਸੰਬੰਧੀ ਵੀ ਧਾਰਾ 307/323/341/148/149 ਦਰਜ ਕੀਤੀ ਗਈ ਹੈ। ਬੁਲਾਰੇ ਨੇ ਇਹ ਵੀ ਦੱਸਿਆ ਹੈ ਕਿ ਕਮਿਸ਼ਨ ਨੇ ਕੁੱਝ ਹੋਰ ਪੁਲਿਸ ਅਧਿਕਾਰੀਆਂ ਬਾਰੇ ਵੀ ਸ਼ੱਕ ਦੀ ਉਂਗਲੀ ਉਠਾਈ ਹੈ ਅਤੇ ਉਨ੍ਹਾਂ ਦੇ ਰੋਲ ਬਾਰੇ ਜਾਂਚ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *