ਕਾਲਾਂਵਾਲੀ 18 ਅਗਸਤ (ਗੁਰਮੀਤ ਸਿੰਘ ਖਾਲਸਾ)- ਹਰਿਆਣਾ ਦੇ ਹਿਸਾਰ ਵਿਖੇ ਇੱਕ ਸਿੱਖ ਪਰਿਵਾਰ ਨਾਲ ਕੁਝ ਸ਼ਰਾਰਤੀ ਲੋਕਾਂ ਵੱਲੋਂ ਕੁੱਟ ਮਾਰ ਕਰਨ ਤੋਂ ਬਾਅਦ ਸਿੱਖ ਪਰਿਵਾਰ ਤੇ ਹੀ ਪੁਲਿਸ ਵੱਲੋਂ ਕੇਸ ਦਰਜ ਕੀਤੇ ਜਾਣ ਤੇ ਸਿੱਖ ਸੰਗਤਾਂ ਵਿੱਚ ਭਾਰੀ ਰੋਸ਼ ਪੈਦਾ ਹੋ ਗਿਆ ਹੈ। ਮਾਮਲਾ ਇਹ ਸੀ ਕਿ ਹਿਸਾਰ ਵਿਖੇ ਇੱਕ ਗੁਰਸਿੱਖ ਪਰਿਵਾਰ ਕਿਸੇ ਰੈਟੋਰੈਂਟ ਵਿੱਚ ਗਿਆ ਸੀ ਜਿੱਥੇ ਮੌਜੂਦ ਕੁਝ ਸ਼ਰਾਰਤੀ ਲੋਕਾਂ ਵੱਲੋਂ ਸਿੱਖ ਪਰਿਵਾਰ ਦੀ  ਬੀਬੀ ਦੀ ਦਸਤਾਰ ਅਤੇ ਕਕਾਰਾਂ ਪ੍ਰਤੀ ਭੱਦੀਆਂ ਟਿੱਪਣੀਆਂ ਕੀਤੀਆਂ ਗਈਆਂ ਅਤੇ ਪਰਿਵਾਰ ਨਾਲ ਕੁੱਟ ਮਾਰ ਵੀ ਕੀਤੀ ਗਈ। ਉਸ ਤੋਂ ਬਾਅਦ ਪੁਲਿਸ ਵੱਲੋਂ ਸਿੱਖ ਪਰਿਵਾਰ ਤੇ ਹੀ ਮੁਕੱਦਮਾ ਦਰਜ ਕਰ ਦਿੱਤਾ ਗਿਆ। ਇਸ ਸਾਰੇ ਘਟਨਾਕਰਮ ਦੇ ਬਾਪਰਨ ਤੋਂ ਬਾਅਦ ਸਿੱਖ ਸਮਾਜ ਵਿੱਚ ਭਾਰੀ ਰੋਸ਼ ਦੀ ਲਹਿਰ ਪੈਦਾ ਹੋ ਗਈ ਹੈ। ਸਿੱਖ ਜਥੇਬੰਦੀਆਂ ਵੱਲੋਂ ਹਿਸਾਰ ਵਿਖੇ ਪਹੁੰਚ ਕੇ ਇਸ ਸਿੱਖ ਪਰਿਵਾਰ ਦੀ ਹਮਾਇਤ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖਿਲਾਫ ਕਾਰਬਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਵਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਹਰਿਆਣਾ ਦੇ ਆਗੂ ਭਾਈ ਸੁਖਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਉਹਨਾ ਵੱਲੋਂ ਹਿਸਾਰ ਵਿਖੇ ਪਹੁੰਚ ਕੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਹੈ ਅਤੇ ਉਥੋਂ ਦੇ ਪ੍ਰਸ਼ਾਸਨ ਲਾਲ ਵੀ ਗੱਲ ਬਾਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਹ ਕੌਮੀ ਮਸਲਾ ਹੈ । ਇਹ ਕਿਸੇ ਦਾ ਪਰਿਵਾਰਕ ਮਸਲਾ ਨਹੀਂ ਹੈ। ਇਸ ਲਈ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਦੋਸ਼ੀਆਂ ਤੇ ਸਖਤ ਕਾਰਬਾਈ ਕੀਤੀ ਜਾਵੇ ।

ਜੇਕਰ ਦੋਸ਼ੀਆਂ ਤੇ ਕਾਰਬਾਈ ਨਾਂ ਕੀਤੀ ਗਈ ਤਾਂ ਸਿੱਖ ਸੰਗਤਾਂ ਵੱਲੋਂ ਸੰਘਰਸ਼ ਆਰੰਭ ਕੀਤਾ ਜਾਵੇਗਾ। ਇਹ ਬਹੁਤ ਹੀ ਨਿੰਦਯਯੋਗ ਹੈ ਕਿ ਪਿਛਲੇ 43 ਸਾਲ ਤੋਂ ਹਰਿਆਣਾ ਵਿਚ ਰਹਿ ਰਹੇ ਇੱਕ ਸਿੱਖ ਪਰਿਵਾਰ ਨੂੰ ‘ਬਾਹਰਲੇ’ ਕਹਿ ਕੇ ਉਸ ਸਮੇਂ ਹਮਲੇ ਦਾ ਸ਼ਿਕਾਰ ਬਣਾਇਆ ਗਿਆ, ਜਦੋਂ ਉਹ ਆਪਣੇ ਪਰਿਵਾਰ ਦੀਆਂ ਔਰਤਾਂ ਬਾਰੇ ਕੀਤੀਆਂ ਜਾ ਰਹੀਆਂ ਭੱਦੀਆਂ ਟਿੱਪਣੀਆਂ ਦਾ ਵਿਰੋਧ ਕਰ ਰਹੇ ਸਨ। ਉਹਨਾਂ ਕਿਹਾ ਕਿ ਨਸ਼ੇ ਨਾਲ ਰੱਜੇ 4 ਬਦਮਾਸ਼ਾਂ ਨੇ ਨਾ ਸਿਰਫ ਇੱਕ ਮੈਂਬਰ ਦੀ ਪੱਗ  ਉਛਾਲ ਦਿੱਤੀ, ਸਗੋਂ ਦਾਹੜੀ ਤੋਂ ਫੜ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ। ਉਹਨਾਂ ਕਿਹਾ ਕਿ ਇਹ ਬਦਮਾਸ਼ ਇੱਥੇ ਹੀ ਨਹੀਂ ਰੁਕੇ। ਉਹਨਾਂ ਨੇ ਇੱਕ 7 ਮਹੀਨੇ ਦੀ ਗਰਭਵਤੀ ਅੰਮ੍ਰਿਤਧਾਰੀ ਔਰਤ ਦੇ ਢਿੱਡ ਵਿਚ ਵੀ ਲੱਤਾਂ ਮਾਰੀਆਂ। ਅਜਿਹੀ ਘਟਨਾ ਵਾਪਰਨ ਦੇ ਬਾਵਜੂਦ ਹਿਸਾਰ ਪੁਲਿਸ ਉਸ ਹੋਟਲ ਵਿਚ ਹੀ ਨਹੀਂ ਪਹੁੰਚੀ, ਜਿੱਥੇ ਇਹ ਹਮਲਾ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਹੋਟਲ ਵਿਚੋਂ ਫੜੇ ਗਏ ਚਾਰੇ ਬਦਮਾਸ਼ਾਂ ਨੂੰ ਪੀੜਤ ਪਰਿਵਾਰ ਦੇ ਹਿਸਾਰ ਦੇ ਸੈਕਟਰ 16 ਵਿਚਲੇ ਪੁਲਿਸ ਥਾਣੇ ਵਿਚ ਪਹੁੰਚਣ ਤੋਂ ਪਹਿਲਾਂ ਹੀ ਛੱਡ ਦਿੱਤਾ ਗਿਆ। ਉਹਨਾਂ ਕਿਹਾ ਕਿ ਹਿਸਾਰ ਦੀ ਪੁਲਿਸ ਨੇ ਇਸ ਗੱਲ ਦੀ ਪੜਤਾਲ ਕਰਨਾ ਵੀ ਜਰੂਰੀ ਨਹੀਂ ਸਮਝਿਆ ਕਿ ਪੀੜਤ ਪਰਿਵਾਰ ਵੱਲੋਂ ਕੀਤੀ ਸ਼ਿਕਾਇਤ ਅਨੁਸਾਰ ਹਮਲਾ ਕਰਨ ਵੇਲੇ ਚਾਰੇ ਬਦਮਾਸ਼ ਨਸ਼ੇ ਵਿਚ ਸਨ ਜਾਂ ਨਹੀਂ।

ਪੀੜਤ ਪਰਿਵਾਰ ਨੂੰ ਉਲਟਾ ਹੋਰ ਪਰੇਸ਼ਾਨ ਕਰਨ ਲਈ ਹਿਸਾਰ ਪੁਲਿਸ ਨੇ ਉਹਨਾਂ ਨੇ ਤਿੰਨ ਪੁਰਸ਼ ਮੈਂਬਰਾਂ ਖ਼ਿਲਾਫ ਭਾਰਤੀ ਦੰਡ ਧਾਰਾ ਦੀ ਸੈਕਸ਼ਨ 307 ਤਹਿਤ ਕੇਸ ਦਰਜ ਕਰ ਲਿਆ। ਉਹਨਾਂ ਕਿਹਾ ਕਿ ਪੀੜਤ ਪਰਿਵਾਰ ਖ਼ਿਲਾਫ ਦਰਜ ਕੀਤੇ ਝੂਠੇ ਕੇਸ ਨੰੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਚਾਰੇ ਬਦਮਾਸ਼ਾਂ ਖ਼ਿਲਾਫ ਧਾਰਾ 295 ਏ (ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ) ਅਤੇ ਹੋਰ ਢੁੱਕਵੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇ। ਇਸੇ ਦੌਰਾਨ ਅਕਾਲੀ ਦਲ ਦੇ ਕਾਲਾਂਵਾਲੀ ਤੋਂ ਵਿਧਾਇਕ ਬਲਕੌਰ ਸਿੰਘ ਹਿਸਾਰ ਵਿਚ ਪੀੜਤ ਪਰਿਵਾਰ ਕੋਲ ਪੁੱਜੇ ਅਤੇ ਉਹਨਾਂ ਨੂੰ ਪੂਰੀ ਮੱਦਦ ਕਰਨ ਦਾ ਭਰੋਸਾ ਦਿਵਾਇਆ। ਬਲਕੌਰ ਸਿੰਘ ਨੇ ਦੱਸਿਆ ਕਿ ਉਹ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲੇ ਹਨ ਅਤੇ ਉਹਨਾਂ ਨੇ ਹਿਸਾਰ ਦੇ ਸੈਕਟਰ 16 ਪੁਲਿਸ ਸਟੇਸ਼ਨ ਦੇ ਮੁਖੀ ਦੀ ਬਰਤਰਫ਼ੀ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਪੀੜਤ ਪਰਿਵਾਰ ਖ਼ਿਲਾਫ ਦਰਜ ਕੀਤਾ ਝੂਠਾ ਕੇਸ ਵੀ ਵਾਪਸ ਲੈਣ ਦੀ ਮੰਗ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਦਿੱਤੇ ਮੰਗ ਪੱਤਰ ਉੱਤੇ ਹਿਸਾਰ ਪੁਲਿਸ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ।

Leave a Reply

Your email address will not be published. Required fields are marked *