ਪ੍ਰਿੰ. ਸਤਿਬੀਰ ਸਿੰਘ

ਕੁਝ ਅਣਜਾਣਿਆਂ ਅਤੇ ਬਹੁਤਾ ਦੋਖੀਆਂ ਨੇ ਇਹ ਪ੍ਰਚਲਤ ਕਰ ਦਿਤਾ ਕਿ ਖਾਲਸਾ ਕਿਸੇ ਪ੍ਰਤੀਕਰਮ, ਰੋਸ, ਗੁਸੇ ਜਾਂ ਵਕਤੀ ਲੋੜ ਨੂੰ ਮੁਖ ਰਖ ਕੇ ਸਾਜਿਆ ਗਿਆ ਸੀ। ਇਹ ਪ੍ਰਚਾਰ ਕਰਨ ਵਾਲੇ ਬਹੁਤ ਉਹ ਲੋਕੀ ਹਨ, ਜਿਨ੍ਹਾਂ ਨੂੰ ਪੰਥ ਦੀ ਸਾਜਣਾ ਕਦੇ ਭਾਈ ਨਹੀਂ ਅਤੇ ਖਾਲਸੇ ਦੀ ਹੋਂਦ ਕਦੇ ਸੁਖਾਈ ਨਹੀਂ। ਜਿਵੇਂ ਮਹਿਮਾ ਪ੍ਰਕਾਸ਼ ਨੇ ਇਕ ਬਹੁਤ ਹੀ ਭਾਵ ਪੂਰਤ ਪੰਗਤੀ ਲਿਖੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਬੰਨ੍ਹਣ ਦਾ ਕਾਰਨ ਕੇਵਲ ਇਹ ਸੀ ਕਿ ਇਕ ਦਿਨ ਅੰਮ੍ਰਿਤ ਵੇਲੇ ਗਰੂ ਅਰਜਨ ਦੇਵ ਜੀ ਦੇ ਮਨ ਉਪਜੀ ਕਿ ਪੰਥ ਤਾਂ ਪ੍ਰਗਟ ਹੋ ਗਿਆ ਹੈ, ਪਰ ਪੰਥ ਉਤੇ ਤੁਰਨ ਵਾਲਿਆਂ ਪੰਥੀਆਂ ਲਈ ਮੀਲ-ਪੱਥਰ ਤੇ ਚਾਨਣ ਮੁਨਾਰੇ ਨਹੀਂ ਲਾਏ ਗਏ, ਸੋ ਗੁਰੂ ਗ੍ਰੰਥ ਸਾਹਿਬ ਤਿਆਰ ਕੀਤਾ ਜਾਵੇ, ਜਿਥੋਂ ਪੰਥ ਸਦੀਵੀ ਰੋਸ਼ਨੀ ਲੈ ਸਕੇ।
ਏਕ ਦਿਵਸ ਪ੍ਰਭ ਪਾਤਹਕਾਲਾ।
ਦਸਾ ਭਰੇ ਪ੍ਰਭ ਦੀਨ ਦਯਾਲਾ।
ਯਹ ਮਨ ਉਪਜੀ ਪ੍ਰਗਟਿਯੋ ਜਗ ਪੰਥ।
ਤਿਹ ਕਾਰਨ ਕੀਜੈ ਅਬ ਗ੍ਰੰਥ।’
ਇਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਉਪਜੀ ਕਿ ਗਰੂ ਨਾਨਕ ਦੇਵ ਜੀ ਦੀ ਉਸ ਤੁਕ —
ਨਾਨਕ ਵੈਸਾਖੀ ਪ੍ਰਭ ਪਾਵੈ ਸੁਰਤਿ ਸ਼ਬਦ ਮਨ ਮਾਨਾ£
ਨੂੰ ਸਾਕਾਰ ਕਰ ਦਿਤਾ ਜਾਵੇ। ਐਸਾ ਪ੍ਰਭੂ ਦਾ ਪਿਆਰਾ ਤਿਆਰ ਕੀਤਾ ਜਾਵੇ, ਜੋ ਵਾਹਿਗੁਰੂ ਤੋਂ ਸਿਵਾ ਕਿਸੇ ਦੀ ਪਾਤਸ਼ਾਹੀ ਨਾ ਮੰਨੇ। ਸ਼ਬਦ ਇਸ ਦਾ ਵਰਤਾਰਾ ਹੋਵੇ, ਸ਼ਬਦ ਹੀ ਜਿਸ ਦੀ ਸਾਖੀ ਹੋਵੇ, ਸ਼ਬਦ ਹੀ ਵਿਧਾਨ ਹੋਵੇ, ਵਿਅਕਤੀ ਪ੍ਰਧਾਨ ਨਾ ਹੋਵੇ ਅਤੇ ਸੁਰਤਿ ਦੀ ਖੇਡ ਖੇਡੇ।
ਸ਼ਬਦ ਮਾਰਗ ਉਤੇ ਤੁਰਨਾ ਸਿਖ ਨੇ ਸਿਖ ਲਿਆ ਸੀ, ਸ਼ਖਸੀਅਤ ਸਵਰ ਗਈ ਸੀ ਅਤੇ ਘਾੜਤ ਵੀ ਘੜੀ ਜਾ ਚੁਕੀ ਸੀ। ਭਾਈ ਗੁਰਦਾਸ ਜੀ (ਦੂਜੇ) ਨੇ ਇਸ ਲਈ ਵਾਰ ਰਾਮਕਲੀ ਪਾਤਸ਼ਾਹੀ ‘ਦਸਵੇਂ’ ਕੀ ਵਿਚ ਸਪਸ਼ਟ ਲਿਖਿਆ ਹੈ ਕਿ ਖਾਲਸਾ ਕਿਸੇ ਪ੍ਰਤੀਕਰਮ ਦੀ ਉਪਜ ਨਹੀਂ, ਸਗੋਂ ਉਪਜਿਓ ਬਿਗਆਨਾ (ਸੋਚੀ ਸਮਝੀ ਰਾਇ ਨਾਲ) ਹੈ। ‘ਤਬ ਸਹਜੇ ਰਚਿਓ ਖਾਲਸਾ’ ਹੈ ਅਤੇ ‘ਸੰਗਤਿ ਕੀਨੀ ਖਾਲਸਾ’ ਹੈ ਤਾਂ ਕਿ ‘ਮਨਮੁਖÎ ਦੁਹੇਲੇ’ ਅਤੇ ‘ਸਾਧ ਸਮੂਹ ਪ੍ਰਸੰਨ ਫਿਰਨ’।
ਪ੍ਰਾਚੀਨ ਪੰਥ ਪ੍ਰਕਾਸ਼ ਨੇ ਇਸੇ ਗੱਲ ਨੂੰ ਅਗੋਂ ਤੋਰਦੇ ਹਏ ਖਾਲਸਾ ਸਾਜਣ ਦੀ ਸਾਰੀ ਵਾਰਤਾ ਓਸੇ ਹੀ ਸਮੇਂ ਤੰ ਆਰੰਭ ਕੀਤੀ ਹੈ, ਜਦ ਤੋਂ ਗੁਰੂ ਨਾਨਕ ਜੀ ਦਾ ਪ੍ਰਕਾਸ਼ ਹੋਇਆ ਸੀ। ਸਭ ਗੁਰੂ ਨਾਨਕ ਦੇਵ ਜੀ ਕਹਿ ਅਤੇ ਕਰ ਗਏ ਸਨ। ਭਾਈ ਰਤਨ ਸਿੰਘ ਭੰਗੂ ਲਿਖਦੇ ਹਨ ਕਿ ਇਹ ਗੱਲ ਅੰਗਰੇਜ਼ਾਂ ਨੂੰ ਬੜਾ ਸਤਾ ਰਹੀ ਸੀ ਕਿ ਉਹ ਕਿਹੜੀ ਸ਼ਕਤੀ ਹੈ ਜਿਸ ਨਾਲ —
ਸਿੰਘਨ ਘੇਰ ਲਈ ਚੜ੍ਹ ਦਿਲੀ।
ਗੱਲ ਅੰਗਰੇਜਨ ਕਰ ਦਈ ਢਿਲੀ।
ਜੋ ਅੰਗਰੇਜ਼ ਆਪਣੇ ਆਪ ਨੂੰ ਹਰ ਪਖੋਂ ਅਜਿਤ ਸਮਝਦੇ ਸਨ, ਸਿਖ ਉਹਨਾਂ ਦੇ ਹੁੰਦਿਆਂ ਆਪੂੰ ਸੰਧੀਆਂ ਕਰਨ ਲਗ ਪਏ ਸਨ। ਗੱਲ ਇਥੋਂ ਤਕ ਵਧ ਗਈ ਸੀ ਕਿ 31 ਜੁਲਾਈ 1799 ਨੂੰ ਸਿਖ ਆਗੂਆਂ ਨੇ ਜੋਧਪੁਰ ਦੇ ਮਹਾਰਾਜਾ ਬਿਜੈ ਸਿੰਘ ਨੂੰ ਸੰਧੀ ਕਰਨ ਲਈ ਲਿਖਿਆ ਸੀ ਅਤੇ ਨਾਲ ਹੀ ਇਹ ਪੇਸ਼ਕਸ਼ ਕੀਤੀ ਸੀ ਕਿ ਉਹ ਸਾਂਝੇ ਹਮਲੇ ਵੇਲੇ ਪੰਜਾਹ ਹਜ਼ਾਰ ਘੋੜ ਸਵਾਰ ਜੂਝਣ ਲਈ ਦੇ ਸਕਦੇ ਹਨ। ਪੰਜਾਬ ਦੇ ਸਿਖ ਮਾਲਕ ਸਨ। ਸੋ ਅੰਗਰੇਜ਼ਾਂ ਪਹਿਲਾਂ ਆਲਮ ਸ਼ਾਹ ਕੋਲੋਂ ਪੁਛਿਆ ਕਿ ਸਿਖ ਪੰਜਾਬ ਦੇ ਮਾਲਕ ਕਿਵੇਂ ਬਣ ਗਏ। ਉਸ ਘੜਿਆ ਘੜਾਇਆ ਜਵਾਬ ਦਿਤਾ ਕਿ ਇਹ ਕੋਈ ਸਿਖਾਂ ਦੀ ਕਰਾਮਾਤ ਨਹੀਂ —
‘ਅਬਦਾਲੀ ਆਪ ਥਕ ਕੇ ਵਹੁ ਮੁੜ ਗਯਾ ਅਤੇ ਬਾਗੀ ਸਿਖਾਂ ਨੇ ਮੁਲਕ ਉਤੇ ਕਬਜ਼ਾ ਕਰ ਲਿਆ।’
ਇਸ ਉਤਰ ਨਾਲ ਅੰਗਰੇਜ਼ਾਂ ਦੀ ਤਸਲੀ ਨਾ ਹੋਈ ਅਤੇ ਅੰਗਰੇਜ਼ਾਂ ਨੇ ਬੂਟੇ ਸ਼ਾਹ ਨੂੰ ਸਿਖਾਂ ਦਾ ਇਤਿਹਾਸ ਲਿਖਣ ਲਈ ਕਿਹਾ। ਉਸ ਵੀ ‘ਖਾਲਸਾ ਸਾਜਣ ਦੀ ਗੱਲ ਕਹੀ ਨਾ ਸਾਰੀ’। ਤਦ ਅੰਗਰੇਜ਼ਾਂ ਭਾਈ ਰਤਨ ਸਿੰਘ ਨੂੰ ਆਪੂੰ ਹੀ ਸਾਰੀ ਵਾਰਤਾ ਲਿਖਣ ਲਈ ਕਿਹਾ ਕਿ ਕੋਈ ਭੂਲੇਖਾ ਨਾ ਰਹੇ। ਸੋ ਪਹਿਲਾ ਸੁਆਲ ਇਹ ਹੀ ਕੀਤਾ ਗਿਆ ਕਿ ਇਹ ਪਾਤਸ਼ਾਹੀ ਸਿੰਘਾਂ ਨੂੰ ਕਿਸ ਦਿਤੀ?
ਭਾਈ ਜੀ ਦਾ ਇਕ ਤੁਕਾ ਜਵਾਬ ਸੀ —
‘ਸਿੰਘਨ ਪਾਤਸ਼ਾਹੀ ਸਾਹਿਬ ਸਚੇ ਦਈ।
ਕਉਨ ਹੈ ਸਚਾ ਪਾਤਸ਼ਾਹ?
ਅੰਗਰੇਜ਼ਾਂ ਦਾ ਅਗਲਾ ਸੁਆਲ ਸੀ —
‘ਸ਼ਾਹ ਨਾਨਕ ਜੋਇ।’ ਭਾਈ ਜੀ ਦਾ ਉਤਰ ਸੀ। ਅੰਗਰੇਜ਼ ਰੈਜ਼ੀਡੈਂਟ ਦਾ ਕਹਿਣਾ ਸੀ ‘ਗੁਰੂ ਨਾਨਕ ਤਾਂ ਫਕੀਰ ਹੈ। ਉਨ ਸ਼ਾਹੀ ਕੀ ਕਿਆ ਤਤਬੀਰ।’
ਭਾਈ ਜੀ ਨੇ ਕਿਹਾ — ਤੈਨੂੰ ਭੁਲੇਖਾ ਲਗਾ ਹੈ।
ਗੁਰੂ ਨਾਨਕ ਸਹਿਨਸ਼ਾਹ।
ਦੀਨ ਦੁਨੀ ਸਚਾ ਪਾਤਸ਼ਾਹ।
ਕਈ ਸ਼ਾਹ ਤਿਨ ਕੀਏ ਫਕੀਰ।
ਕਈ ਫਕੀਰ ਕਰ ਦੀਨੈ ਮੀਰ।
ਗਯੇ ਆਪ ਹੁਇ ਬੇਪਰਵਾਰ।
ਯੋ ਨਾਨਕ ਭਯੋ ਸ਼ਹਿਨਸ਼ਾਹ।
ਫਿਰ ਦਸਿਆ ਕਿ ਆਪੂੰ ਵਾਹਿਗੁਰੂ ਨੇ ਗੁਰੂ ਨਾਨਕ ਨੂੰ ਕਿਹਾ ਸੀ —
ਰਾਖੋ ਜੋਊ ਆਵੇ ਸ਼ਰਨ
ਦੁਸ਼ਟਨ ਕੋ ਗਾਰੋ ਦਬ।
ਗੁਰੂ ਨਾਨਕ ਦੇਵ ਜੀ ਕਿਤਨੇ ਕਾਮਿਲ ਅਤੇ ਬੇਪ੍ਰਵਾਹ ਸਨ, ਉਸ ਦੀ ਇਕ ਸਾਖੀ ਹੈ ਕਿ ਜਦ ਇਬਰਾਹੀਮ ਲੋਧੀ ਨੇ ਸਭ ਭਲੇ ਪੁਰਖਾਂ, ਫਕੀਰਾਂ ਤੇ ਸਾਧੂਆਂ ਨੂੰ ਬੰਦੀ ਪਾ ਦਿਤਾ ਤਾਂ ਗੁਰੂ ਨਾਨਕ ਦੇਵ ਜੀ ਨੇ ਸਭ ਨੂੰ ਰਿਹਾਈ ਦਿਵਾਈ। ਗੁਸੇ ਵਿਚ ਬਾਦਸ਼ਾਹ ਨੇ ਕਿਹਾ ਕਿ ਗੁਰੂ ਨਾਨਕ ਨੂੰ ਧਕ ਦਿਲੀ ਤੋਂ ਬਾਹਰ ਕਢ ਦਿਓ। ਜਦ ਪਰਵਾਨਾ ਲੈ ਕੇ ਅਹਿਦੀਏ ਆਏ ਤਾਂ ਬੇਪਰਵਾਹ ਗੁਰੂ ਪਾਤਸ਼ਾਹ ਨੇ ਕਿਹਾ —
‘ਅਸੀਂ ਤਾਂ ਹੁਣ ਆ ਗਏ ਹਾਂ, ਤੂੰ ਹੀ ਦਿਲੀ ਛੱਡ ਜਾਏਂਗਾ।’
ਐਸਾ ਹੀ ਹੋਇਆ। ਪਾਣੀਪਤ ਦੀ ਜੰਗ ਵਿਚ ਇਬਰਾਹੀਮ ਹਾਰਿਆ ਤੇ ਮਾਰਿਆ ਗਿਆ।
ਫਿਰ ਖੜਗ ਗੁਰੂ ਹਰਿ ਗੋਬਿੰਦ ਨੇ ਉਠਾਇਆ।
ਮੀਰੀ ਪੀਰੀ ਦੋਊ ਦਿਖਈ।
ਸ਼ਾਹ ਜਹਾਨ ਕੋ ਹਰ ਸੁ ਦਈ।
ਗੁਰੂ ਹਰਿਕ੍ਰਿਸ਼ਨ ਜੀ ਨੇ ਸਭ ਦੇ ਦੁਖ ਦਿਲੀ ਆ ਕੇ ਹਰੇ। ਪਰ ਸੁਆਰਥ ਗੁਰੂ ਤੇਗ ਬਹਾਦਰ ਜੀ ਨੇ ਸੀਸ ਦਿਤਾ। ਔਰੰਗਜ਼ੇਬ ਗੁਰੂ ਦੀ ਕਲਾ ਜਾਣ ਹੀ ਨਾ ਸਕਿਆ। ਗੁਰੂ ਤੇਗ ਬਹਾਦਰ ਜੀ ਨੇ ਇਕ ਬੁਝਾਰਤ ਪਾਈ ਸੀ ਕਿ ਤੂੰ ਲਖ ਯਤਨ ਕਰੀ, ਮੇਰਾ ਸੀਸ ਨਹੀਂ ਕਟਿਆ ਜਾਵੇਗਾ। ਉਸ ਤੇਜ਼ ਤਲਵਾਰ ਦੇ ਕੁੰਦ ਜਲਾਦ ਬੁਲਵਾਇਆ। ਪਰ ਜਦ ਤੇਗ ਚਲੀ ਸਿਰ ਤਾਂ ਕਟਿਆ ਗਿਆ, ਪਰ ਕਿਥੇ ਕਟਿਆ ਗਿਆ, ਸੀਸ। ਸਿਰ ਦੀ ਥਾਂ ਤਾਂ ਸੀਸ ਗੰਜ ਕਾਇਮ ਹੋ ਗਿਆ, ਜਿਥੇ ਰੋਜ਼ ਲੱਖਾਂ ਸਿਰ ਝੁਕਦੇ ਹਨ ਅਤੇ ਸੀਸ ਦੇਣ ਲਈ ਅਨੇਕਾਂ ਤਿਆਰ ਖੜ੍ਹੇ ਹਨ। ਨੌਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਅਸਰ ਇਹ ਹੋਇਆ ਕਿ
‘ਤਬ ਤੇ ਘਟੀ ਪਾਤਸ਼ਾਹੀ ਦਿੱਲੀ
ਤਬਤੇ ਤੁਰਕਨ ਕਲਾ ਭਈ ਢਿੱਲੀ।’
ਜ਼ੁਲਮ ਦੀ ਜੜ੍ਹ ਹਿਲ ਗਈ ਸੀ, ਪਰ ਗਿਰ ਉਖੜੀ ਨਹੀਂ ਸੀ, ਸੋ ਗੁਰੂ ਗੋਬਿੰਦ ਸਿੰਘ ਜੀ ਨੇ ਨਿਰਣਾ ਲਿਆ ਕਿ ਜ਼ੁਲਮ ਨੂੰ ਜੜ੍ਹੋ ਉਖੇੜ ਪੁਟ ਗਿਰਾਉਣ ਲਈ ਖੰਡੇ ਦੀ ਪੌਣ ਚਲਾਈ ਜਾਵੇ।
ਇਕ ਦਿਨ ਕਲਗੀ ਵਾਲੇ ਅਨੰਦਪੁਰ ਦਰਬਾਰ ਲਾਈ ਬੈਠੇ ਸਨ ਕਿ ਦੂਰੋਂ ਆਈ ਸੰਗਤ ਨੇ ਦਸਿਆ ਕਿ ਰਾਹ ਆਉਂਦੀ ਸੰਗਤ ਨੂੰ ਚੌਧਰੀਆਂ ਲੁਟ ਲਿਆ। ਏਨੇ ਨੂੰ ਇਕ ਹੋਰ ਪਾਸਿਓਂ ਆਈ ਸੰਗਤ ਨੇ ਕਿਹਾ ਕਿ ਘੇਰ ਰੰਘੜਾਂ ਸੰਗਤ ਲੁਟ ਲਈ ਤਾਂ ਬਾਜਾਂ ਵਾਲੇ ਨੇ ਕਿਹਾ ਕਿ ਹੁਣ ਅਜਿਹਾ ਕੋਈ ਨਹੀਂ ਆਖੇਗਾ ਕਿ ਸੰਗਤ ਨੂੰ ਲੁਟ ਲਿਆ ਹੈ, ਸਗੋਂ ਉਹ ਆਖਣਗੇ ਕਿ ਸੰਗਤ ਨੇ ਦੋਖੀਆਂ ਨੂੰ ਤਕੜੀ ਮਾਰ ਦਿਤੀ। ਚਿਤ ਧਾਰ ਲਿਆ ਕੇ ਸੰਗਤ ਨੂੰ ਖਾਲਸਾ ਬਣਾਇਆ ਜਾਵੇ। ਸਭ ਤਰਫੀ ਹੁਕਮਨਾਮੇ ਭੇਜੇ ਕਿ ਸ਼ਸਤਰ ਪਹਿਨੋ ਤੇ ਧਰਮ ਲਈ ਜੂਝਣ ਵਾਸਤੇ ਉਠ ਖੜੋਵੋ ਤਾਂ ਕਿ ਜ਼ੁਲਮ ਮੁਕੇ ਤੇ ਜ਼ੁਲਮੀ ਰਾਜ ਜਾਏ।
ਪਹਿਲਾਂ ਦਸਮ ਪਿਤਾ ਦਾ ਚਿਤ ਪਹਾੜੀ ਰਾਜਿਆਂ ਨੂੰ ਕਹਿਣ ਦਾ ਆਇਆ ਪਰ ਤੁਰੰਤ ਜਾਣ ਲਿਆ ਕਿ ਇਹ ਪਥਰ ਵਾਂਗ ਹੀ ਅਹਿਲ ਹੋ ਗਏ ਹਨ। ਦੂਜੇ ਇਹ ਆਦਿ ਅਕ੍ਰਿਤਘਣ ਹਨ, ਗੁਰੂ ਘਰ ਦਾ ਕੀਤਾ ਜਾਣਨ ਨਹੀਂ ਲਗੇ।
‘ਪੱਥਰ ਪੂਜਕ ਭਿਜ ਨ ਨੀਰੈ
ਉਇ ਆਦਿ ਅਕ੍ਰਿਤਘਣ ਘਰ ਗੁਰ ਤੀਰੈ।’
ਸੋ ਇਹ ਪਾਤਸ਼ਾਹੀ ਦੀ ਸ਼ਕਤੀ ਗਰੀਬਾਂ ਨੂੰ ਦੇਣੀ ਚਾਹੀਦੀ ਹੈ ‘ਵਹੇ ਜਾਨੇ ਗੁਰ ਦਈ ਹੈ।’ ਤੋਂ ਸਤਿਗੁਰ ਸਿਖ ਲਲਕਾਰੇ ਕਿ ਸ਼ਸਤਰ ਫੜੋ। ਸਭ ਲਲਕਾਰ ਸੁਣ ਕੇ ਕਹਿਣ ਲਗੇ ਕਿ ਅਸੀਂ ਨਹੀਂ ਮਾਰ ਸਕਦੇ ਇਨ੍ਹਾਂ ਜ਼ਾਲਮਾਂ ਨੂੰ। ਉਨ੍ਹਾਂ ਪਾਸ ਫੌਜਾਂ ਤੇ ਉਹ ਆਦਿ ਸਿਪਾਹੀ। ਕਦੀ ਮਿਰਗਾਂ ਵੀ ਸ਼ੇਰ ਮਾਰੇ ਹਨ। ਉਲਟੀ ਗੰਗ ਵਗਾਉਣੀ ਬੜੀ ਕਠਿਨ ਹੈ। ਵਹਾ ਵੀ ਕਦੀ ਮੋੜੇ ਗਏ ਹਨ।
‘ਮ੍ਰਿਗਨ ਤੇ ਕਿਮ ਸ਼ੇਰ ਮ੍ਰਵਾਵੋ
ਲੋਤੀ ਕੋ ਪਾਣੀ ਮਗਰੀ ਪਰ ਚੜ੍ਹਾਵੋ।
ਉਸ ਸਮੇਂ ਗਰੂ ਮਨ ਉਪਜੀ ਕਿ ਕਿਧਰੇ ਕੋਈ ਕਸਰ ਹੈ।
‘ਯਹ ਚਰਨ ਪਾਹੁਲ ਹੈ ਸ਼ਾਂ ਸਰੂਪ’ ਨਾਂ ਧਰਨੇ ਹਨ ‘ਦਾਸ’ ਤੇ ਪਹਿਨਦੇ ਹਨ ‘ਟੋਪੀ’। ‘ਅਬ ਸਿਖਨ ਰੂਪ ਪਲਟਾਈਐ’ ਤਾਂਕਿ ਦੇਖਦੇ ਹੀ ਬੜੇ ਸ਼ਕਤੀਸ਼ਾਲੀ ਵੀ ਭੈ ਖਾਣ। ਨਵਾਂ ਨਾਮ, ਨਵਾਂ ਰੂਪ, ਨਵੀਂ ਨੁਹਾਰ ਅਤੇ ਨਿਰਾਲੀ ਸ਼ਕਤੀ ਦੇਈਏ।
ਸੋ ਰੂਪ ਸੀ —
ਕੇਸ ਸੀਸ ਸਿਰ ਬਾਧੇ ਪਾਗੋ,
ਨਾਮ ਸਿੰਘ ਰਖੋ
ਖੰਡੇ ਪਾਹੁਲ
ਚਿਤ ਮਧ ਠਟੀ
ਇਮ ਹੋਵੋਗੇ ਖਾਲਸਾ ਹਠੀ।
ਕੇਸਗੜ੍ਹ ਬੈਠ ਉਦਮ ਕੀਤਾ, ਵਗਾਰ ਪਾਈ ਕਿ ਕੋਈ ਹੈ ਜੋ ਗੁਰੂ ਨਾਨਕ ਦੇ ਦਸੇ ਆਸ਼ੇ ਉਤੇ ਸੀਸ ਭੇਟ ਕਰੇ। ਪੰਜ ਉਠੇ। ਉਨ੍ਹਾਂ ਪੰਜਾਂ ਨੂੰ ਅਮ੍ਰਿਤ ਤਿਆਰ ਕਰਕੇ ਲਲਕਾਰ ਕੇ ਪਹਿਲਾਂ ਨੈਣਾਂ ਵਿਚ ਨੈਣ ਪਾ ਕੇ ਨੈਣਾਂ ਵਿਚ ਪੰਜ ਛਟੇ ਮਾਰੇ, ਫਿਰ ਪੰਜ ਕੇਸਾਂ ਵਿਚ ਪਾਏ ਤੇ ਫਿਰ ਪੰਜ ਹੀ ਛਕਾ ਕੇ ਖਾਲਸਾ ਸਾਜ ਦਿਤਾ।
‘ਪ੍ਰਥਮ ਅੰਚਰੀ ਭਰੀ ਸ੍ਰੀ ਸਤਿਗੁਰ ਉਨ ਲਲਕਾਰ।
ਸਨਮੁਖ ਨੇਤ੍ਰ ਰਖਵਇ ਕਰ ਦਈ ਮਧ ਮੋ ਡਾਰ।
ਪੁਨ ਪੰਚ ਪੰਚ ਸੀਸ ਅੰਚਰੀ ਪਾਇ।
ਪੰਚ ਪੰਚ ਪੰਚਨ ਦਈ ਕਾਇ। (ਪ੍ਰਾਚੀਨ ਪੰਥ ਪ੍ਰਕਾਸ਼)
ਸਿਖਿਆ ਦਿਤੀ —
ਤਮਾਕੂ ਨਹੀਂ ਪੀਣਾ, ਕੁÎਠਾ ਨਹੀਂ ਖਾਣਾ, ਕੇਸ ਨਹੀਂ ਕਟਾਉਣੇ, ਪਰ ਤਨ ਗਾਮੀ ਨਹੀਂ ਹੋਣਾ ਅਤੇ
ਪਹਰ ਕਛਹਰੇ ਸਿਰ ਬੰਧਯੋ ਪਾਗ।
ਗੁਰੂ  ਗ੍ਰੰਥ ਬਚਨ ਪਰ ਰਹਯੋ ਲਾਗ।
ਏਨਾ ਕਹਿ ਕੇ ਪੰਜਾਂ ਦੇ ਸਾਹਮਣੇ ਸਭ ਦੇਖਦੇ-ਦੇਖਦੇ ਗੋਡੇ ਭਾਰ ਹੋ ਗਏ, ਉਸੇ ਤਰ੍ਹਾਂ ਪੰਜਾਂ ਨੂੰ ਅਮ੍ਰਿਤ ਛਕਾਉਣ ਦੀ ਯਾਚਨਾ ਕੀਤੀ।
ਕਰੀ ਜੁ ਸਤਿਗੁਰ ਪ੍ਰਿਥਮ ਬਿਧ ਸੋਈ ਪੁਨ ਬਿਧ ਕੀਨ।
ਪੰਜ ਭੁਜੰਗੀ ਜੋ ਭਏ ਗੁਰ ਉਨ ਤੇ ਪਾਹੁਲ ਲੀਨ।
ਚੌਪਈ
ਵਹੀ ਵਰਤਾਰੇ ਭੁਜੰਗੀਨ ਵਰਤਾਯੋ।
ਆਪੇ ਗੁਰ ਚੇਲਾ ਕਹਿਵਾਯੋ।
ਯਹੀ ਆਦਿ ਹੁਤ ਆਯੋ ਵਰਤਾਰਾ।
ਜਿਮ ਨਾਨਕ ਗੁਰ ਅੰਗਦ ਧਾਰਾ।
ਕੈਸਾ ਵਚਿਤਰ ਦ੍ਰਿਸ਼ ਹੋਵੇਗਾ ਜਦ ਪੰਜਾਂ ਵਿਚੋਂ ਇਕ ਨੇ ਕਲਗੀ ਵਾਲੇ ਨੂੰ ਕਿਹਾ ਹੋਵੇਗਾ —
ਬੋਲ : ਵਾਹਿਗੁਰੂ ਜੀ ਕਾ ਖਾਲਸਾ। ਵਾਹਿਗਰੂ ਜੀ ਕੀ ਫਤਹਿ।
ਇਕ ਵਾਰੀ ਨਹੀਂ 16 ਵਾਰੀ। ਸਭ ਵਿਥਾਂ ਮੁਕ ਗਈਆਂ, ਨਾ ਕੋਈ ਬੰਦਾ ਰਿਹਾ ਨਾ ਬੰਦਾ ਨਿਵਾਜ। ਇਥੇ ਇਹ ਲਿਖਣਾ ਕੋਈ ਕੁਥਾਂ ਨਹੀਂ ਹੋਵੇਗਾ ਕਿ ਅਮ੍ਰਿਤ ਛਕਣ ਲਈ ਹੋਰ ਇਸ ਤੋਂ ਵਖਰੀ ਕੋਈ ਦਲੀਲ ਨਹੀਂ ਕਿ ਜਿਸ ਅਮ੍ਰਿਤ ਦੀ ਲੋੜ ਗੁਰੂ ਗੋਬਿੰਦ ਸਿੰਘ ਜੀ ਸਰਬਕਲਾ ਸਪੂਰਨ ਹੋਣ ਦੇ ਬਾਵਜੂਦ ਮਹਿਸੂਸ ਕਰਦੇ ਹਨ, ਸਾਡੇ ਲਈ ਤਾਂ ਅਤਿ ਹੀ ਲੋੜ ਹੈ। ਹੁਣ ‘ਹਿਕਮਤ  ਹੁਜਤ’ ਬੰਦ ਹੋ ਜਾਣੀ ਚਾਹੀਦੀ ਹੈ। ਜਦ ਪੰਜ ਪਿਆਰਿਆਂ ਨੇ ਕਲਗੀਧਰ ਨੂੰ ਉਹ ਹੀ ਰਹਿਤ ਦ੍ਰਿੜ੍ਹ ਕਰਾਈ।
ਜਦ ਪੰਥ ਨੇ ਦੇਖ ਸੁਣ ਲਿਆ ਕਿ ਖਾਲਸਾ ਜ਼ਰੂਰੀ ਹੈ ਤਾਂ ਪੰਜਾਂ ਤੋਂ ਪੰਜਾਹ ਅਤੇ ਫਿਰ ਸੈਂਕੜੇ ਹਜ਼ਾਰਾਂ ਖਾਲਸਾ ਬਣ ਵਿਚਰਨ ਲਗੇ। ਏਨੀ ਤਾਦਾਦ ਵਧ ਗਈ ਕਿ ਹਰ ਵਡੀ ਸੜਕ ਉਤੇ ਖਾਲਸੇ ਦੇ ਜਥੇ ਜੈਕਾਰੇ ਗੁੰਜਾਉਦੇ ਦੇਖੇ ਜਾ ਸਕਦੇ ਸਨ। ਇਬਰਤਨਾਮਾ ਦੇ ਲਿਖਾਰੀ ਨੇ ਇਸ ਦੀ ਗਵਾਹੀ ਵੀ ਭਰੀ ਹੈ।
ਸਭ ਤੋਂ ਨਿਰਾਲੀ ਵਡੀ ਗਲ ਦਸ਼ਮੇਸ਼ ਪਿਤਾ ਨੇ ਸਾਰੇ ਇਖਤਿਆਰ ਖਾਲਸੇ ਨੂੰ ਸੌਂਪ ਕੇ ਮੁਖਤਿਆਰ ਥਾਪ ਦਿਤਾ।
‘ਯੋ ਸਤਿਗੁਰ ਕੰਮ ਸਭ ਖਾਲਸੇ ਦੀਯੋ।
ਮੁਖਤਯਾਰ ਖਾਲਸਾ ਸਭ ਥਾਂ ਕੀਯੋ। ੨।
(ਖਾਲਸਾ ਪੰਥ ਪਸਰਨ ਕੀ ਸਾਖੀ ਪ੍ਰਾਚੀਨ ਪੰਥ ਪ੍ਰਕਾਸ਼)
ਨਿਰਾ ਇਹ ਹੀ ਨਹੀਂ ਨਾਲ ਹੀ ਹੁਕਮ ਵੀ ਭੇਜ ਦਿਤਾ ਕਿ ਹੁਣ ਭੇਟਾ ਅਨੰਦਪੁਰ ਨਹੀਂ ਭੇਜਣੀ ਉਥੇ ਆਪਣੇ ਹੀ ਇਲਾਕੇ ਵਿਚ ਪੰਥ ਦੇ ਵਾਧੇ ਲਈ ਵਰਤਣੀ। ਜੇ ਫਿਰ ਵੀ ਕੁਝ ਬਚ ਜਾਵੇ ਤਾਂ ਹੀ ਭੇਜਣੀ। ਸਭ ਥਾਂ ਮੇਵੜੇ ਭੇਜੇ ਕਿ ਮਸੰਦ ਨੂੰ ਨਹੀਂ ਮੰਨਣਾ।
ਜਹਿ ਜਹਿ ਪੰਜ ਭੁਜੰਗੀ ਹੋਇ।
ਗੁਰਦਵਾਰੇ ਤੁਲ ਮੰਨ ਲਯੋ ਸੋਇ।੪।
ਹਰ ਥਾਵੇਂ ਵਾਹਿਗੁਰੂ ਨੇ ਸਫਲਤਾ ਬਖਸ਼ੀ
ਕਿਉਕਿ
ਰਹਿਤ ਖੂਬ
ਬੁਧ ਖੂਬ
ਲਖ ਬਾਣੀ
ਖੂਬ ਪੜ੍ਹਾਇ।
ਖਾਲਸੇ ਦਾ ਵਾਧਾ ਹੁੰਦਾ ਗਿਆ। ਐਸੀ ਸੁਚਜੀ ਪੁਰਸ਼ੋਤਮ ਸਖਸ਼ੀਅਤ (ਸਾਬਤ ਮਰਦਾਨਾ) ਬਣਨ ਲਈ ਕਿਸੇ ਦਾ ਪੁਤਰ, ਕਿਸੇ ਦਾ ਪੋਤਰਾ ਅਤੇ ਕੋਈ ਆਪੂ ਉਠ ਖੜੋਤਾ। ਸਭ ਪਾਸੇ ਇਹ ਗਲ ਫੈਲ ਗਈ —
ਖੰਡੇ ਪਾਹੁਲ ਮੈਂ ਭਈ ਅਬ ਕਲਾ
ਤੁਰਕ ਜਾਉਗਾ ਨਠ, ਪੰਥ ਅਟਲਾ
ਗੁਰੂ ਜੀ ਇਹ ਦੇਖ ਬਹੁਤ ਪ੍ਰਸੰਨ ਹੋਏ ਤੇ ਖਾਲਸੇ ਨੂੰ ਸਦਾ ਸੁੰਤਤਰ ਅਤੇ ਸੈਭੰ (ਫ੍ਰੀ ਐਂਡ ਸਾਵਰਿਨ) ਅਤੇ ਇਸਦੇ ਟਾਕਰੇ ਕੋਈ ਨਾ ਟਿਕੇ ਦਾ ਵਰ ਦਿਤਾ।
ਇਤਿਹਾਸ ਨੇ ਇਸ —
ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਇ।
ਲਿਖਿਆ ਅਤੇ ਭਾਈ ਰਤਨ ਸਿੰਘ ਭੰਗੂ ਨੇ ‘ਖਾਲਸਾ ਹੈ ਖੁਦ ਖੁਦਾ’ ਕਿਹਾ।
ਬਸ ਇਹ ਸੀ ਵਡਾ ਕਾਰਨ ਖਾਲਸਾ ਸਾਜਣ ਦਾ ਕਿ ਪੰਥ ਖੁਦ ਮੁਖਤਯਾਰ ਰਹੇ, ਕਿਸੇ ਦਾ ਆਸਰਾ ਨਾ ਦੇਖੇ, ਸਹਾਰੇ ਨਾ ਢੂੰਡਦਾ ਫਿਰੇ, ਮੁਹਤਾਜ ਹੋ ਨ ਵਿਚਰੇ। ਪੰਥ ਸਾਗਰ ਨਿਆਈ ਹੈ, ਕੋਈ ਜ਼ੁਲਮੀ ਸੂਰਜ ਇਸ ਨੂੰ ਸੁਕਾ ਨਹੀਂ ਸਕਦਾ।
ਪੰਥ ਸਗਰ ਜਿਮ ਅਚਲ ਕੋ ਨਾ ਇਸ ਸਕੇ ਸੁਕਾਇ।
*****

 

Leave a Reply

Your email address will not be published. Required fields are marked *