ਕੁਲਬੀਰ ਸਿੰਘ ਕੌੜਾ (ਚੇਅਰਮੈਨ, ਵਿਸ਼ਵ ਸਿਖ ਕੌਂਸਲ, ਅੰਮ੍ਰਿਤਸਰ ਜੋਨ)

ਮੇਰੇ ਉਤੇ ਇਕ ਕੇਸ 153 ‘ਬੀ’ ਅਧੀਨ ਦਰਜ ਕੀਤਾ ਗਿਆ, ਜਿਸ ਦਾ ਮਤਲਬ ਹੁੰਦਾ ਹੈ ਰਾਸ਼ਟਰੀ ਏਕਤਾ ਦੇ ਉਲਟ ਪ੍ਰਭਾਵ ਪਾਉਣ ਵਾਲੇ ਲਛਣ ਤੇ ਭਾਸ਼ਣ ਵਗੈਰਾ ਕਰਨਾ। ਜੇ ਇਹ ਦੋਸ਼ ਸਿਧ ਹੋ ਜਾਵੇ ਤਾਂ ਤਿੰਨ ਸਾਲ ਦੀ ਜੇਲ੍ਹ ਜਾਂ ਜੁਰਮਾਨਾ ਤੇ ਜਾਂ ਦੋਵੇਂ ਹੋ ਸਕਦੇ ਹਨ। ਇਸ ਕੇਸ ਵਿਚ ਮੇਰੀ ਜਮਾਨਤ ਹੋ ਚੁਕੀ ਸੀ, ਪਰ ਜਦੋਂ ਮੈਂ ਇਕ ਹੋਰ ਕੇਸ 212/216 ਦੀ ਤਾਰੀਖ ਭੁਗਤਣ ਗਿਆ ਤਾਂ ਜਜ ਨੇ ਮੇਰੇ ਇਹ ਦੋਵੇਂ ਕੇਸ ਵਿਸ਼ੇਸ਼ ਜਜ ਦੀ ਅਦਾਲਤ ਵਿਚ ਭੇਜ ਦਿਤੇ ਤੇ ਮੈਨੂੰ ਉਸ ਅਦਾਲਤ ਵਿਚ ਪੇਸ਼ ਹੋਣ ਦੀ ਹਦਾਇਤ ਕਰਕੇ ਅਗਲੀ ਤਾਰੀਖ ਪਾ ਦਿਤੀ। ਸਰਕਾਰੀ ਵਕੀਲ ਨੇ ਮੇਰੀ ਜ਼ਮਾਨਤ ਵੀ ਰਦ ਕਰਨ ਦੀ ਦਰਖਾਸਤ ਦਿਤੀ, ਪਰ ਜਜ ਸਾਹਿਬ ਨੇ ਕਿਹਾ ਕਿ ਜਿਨ੍ਹਾਂ ਕੇਸਾਂ ਵਿਚ ਇਕ ਵਾਰ ਜਮਾਨਤ ਹੋ ਜਾਵੇ ਤੇ ਮੁਲਜ਼ਿਮ ਬਕਾਇਦਾ ਪੇਸ਼ੀ ਉਤੇ ਹਾਜ਼ਰ ਹੋ ਰਿਹਾ ਹੋਵੇ ਤਾਂ ਜਮਾਨਤ ਰਦ ਕਿਉਂ ਕੀਤੀ ਜਾਵੇ। ਇਸ ਤਰ੍ਹਾਂ ਜਮਾਨਤ ਤਾਂ ਕਾਇਮ ਰਹੀ ਪਰ ਅਦਾਲਤ ਬਦਲ ਗਈ।
ਪਹਿਲੇ ਕੇਸ ਵਿਚ ਜਦੋਂ ਮੈਂ ਦੂਸਰੀ ਅਦਾਲਤ ਵਿਚ ਤਾਰੀਖ ਪੇਸ਼ੀ ਉਤੇ ਗਿਆ ਤਾਂ ਮੇਰਾ ਵਕੀਲ ਕਪੂਰਥਲੇ ਕਿਸੇ ਕੇਸ ਦੀ ਬਹਿਸ ਲਈ ਗਿਆ ਹੋਇਆ ਸੀ। ਨਵੀਂ ਅਦਾਲਤ ਵਿਚ ਉਹ ਕੇਸ ਫਰਦ ਜ਼ਰਮ ਲਗਣ ਵਾਸਤੇ ਬਹਿਸ ਉਤੇ ਸੀ। ਅਵਾਜ਼ ਪਈ ਤਾਂ ਮੈਂ ਜਾ ਕੇ ਜੱਜ ਸਾਹਿਬ ਨੂੰ ਬੇਨਤੀ ਕੀਤੀ ਕਿ ਮੇਰੇ ਵਕੀਲ ਸਾਹਿਬ ਕਪੂਰਥਲੇ ਸ਼ੈਸ਼ਨ ਜਜ ਦੀ ਅਦਾਲਤ ਵਿਚ ਗਏ ਹੋਏ ਹਨ। ਮੇਰੇ ਇਹ ਕਹਿਣ ਉਤੇ ਜਜ ਸਾਹਿਬ ਭਜ ਕੇ ਮੈਨੂੰ ਪਏ, ”ਏਹ ਕੀ ਮਤਲਬ ਹੋਇਆ, ਮੈਂ ਉਸਨੂੰ ਉਡੀਕਦਾ ਰਵਾਂ, ਇਹ ਅਦਾਲਤ ਨਹੀਂ? ” ਫਿਰ ਉਨ੍ਹਾਂ ਨੇ ਮੈਨੂੰ ਦੋ ਘੰਟੇ ਦਾ ਸਮਾਂ ਦੇ ਦਿਤਾ। ਪਰ ਮੇਰਾ ਵਕੀਲ ਫੇਰ ਵੀ ਨਾ ਆਇਆ। ਫਿਰ ਅਵਾਜ਼ ਪਈ। ਮੈਂ ਫਿਰ ਏਹੋ ਕਿਹਾ ਕਿ ਉਹ ਅਜੇ ਤਕ ਨਹੀਂ ਆਏ। ਜਜ ਸਾਹਿਬ ਨੇ ਪਕਾ ਸਮਾਂ ਦੋ ਵਜੇ ਦੇ ਦਿਤਾ ਤੇ ਨਾਲ ਹੀ ਕਹਿ ਦਿਤਾ ਕਿ ਵਕੀਲ ਆਵੇ ਤੇ ਭਾਵੇਂ ਨਾ ਆਵੇ, ਮੈਂ ਇਹ ਕੇਸ ਸੁਣਨਾ ਹੀ ਸੁਣਨਾ ਹੈ।
ਮੈਂ ਬਹੁਤ ਮੁਸੀਬਤ ਵਿਚ ਫਸ ਗਿਆ, ਪਹਿਲਾਂ ਮੈਂ ਸੋਚਿਆ ਕਪੂਰਥਲਿਓਂ ਵਕੀਲ ਨੂੰ ਸਦ ਲਿਆਵਾਂ ਤੇ ਫਿਰ ਸੋਚਿਆ ਇਹ ਨਾ ਹੋਵੇ, ਮੈਂ ਉਥੇ ਚਲਾ ਜਾਵਾਂ ਤੇ ਉਹ ਏਥੇ ਆ ਜਾਵੇ। ਉਦੋਂ ਸਾਢੇ ਬਾਰਾਂ ਵਜ ਚੁਕੇ ਸਨ। ਫਿਰ ਮੈਂ ਇਹ ਵੀ ਸੋਚਿਆ ਹੋ ਸਕਦਾ ਹੈ ਕਿ ਮੈਂ Àਥੇ ਜਾਵਾਂ ਪਰ ਉਹ ਬਹਿਸ ਵਿਚ ਫਸਿਆ ਹੋਣ ਕਰਕੇ ਮੇਰੇ ਨਾਲ ਨਾ ਆਵੇ। ਫਿਰ ਮੈਂ ਆਪਣੇ ਦਿਲ ਨੂੰ ਇਹ ਕਹਿ ਕੇ ਤਸਲੀ ਦੇ ਲਵਾਂ ਕਿ ਉਹ ਉਥੇ ਵਿਆਹ ਤਾਂ ਗਿਆ ਨਹੀਂ, ਜਿਹੜਾ ਉਹਨੇ ਉਥੇ ਹੀ ਬੈਠੇ ਰਹਿਣਾ ਹੈ, ਕੀ ਪਤਾ ਉਥੋਂ ਤੁਰ ਹੀ ਪਿਆ ਹੋਵੇ। ਮੈਂ ਇਹ ਸੋਚ ਕੇ ਵੀ ਕਪੂਰਥਲੇ ਨਾ ਗਿਆ ਕਿ ਜੇ ਮੈਂ ਦੋ ਵਜੇ ਅਦਾਲਤ ਵਿਚ ਹਾਜ਼ਰ ਨਾ ਹੋਇਆ ਤਾਂ ਜਜ ਨੇ ਜਮਾਨਤ ਰਦ ਕਰ ਦੇਣੀ ਹੈ। ਏਥੋਂ ਹੀ ਸਿਧਾ ਜੇਲ੍ਹ ਜਾਣਾ ਪਊ। ਸਭ ਕੁਝ ਸੋਚ ਕੇ ਮੈਂ ਉਥੇ ਹੀ ਰਿਹਾ। ਇਹ ਡੇਢ ਘੰਟਾ ਮੇਰਾ ਬੜਾ ਔਖਾ ਗੁਜਰਿਆ। ਮੈਨੂੰ ਆਪਣੇ ਵਕੀਲ ਉਤੇ ਬਹੁਤ ਗੁਸਾ ਆਵੇ ਕਿ ਜਦੋਂ ਉਹਨੇ ਪੂਰੀ ਫੀਸ ਲਈ ਹੈ ਤਾਂ ਫੇਰ ਕੇਸ ਉਤੇ ਪੇਸ਼ ਨਾ ਹੋਣ ਦਾ ਕੀ ਮਤਲਬ? ਮੁਣਸ਼ੀ ਨੂੰ ਪੁਛਾਂ ਤਾਂ ਉਹ ਆਖੇ ਜੀ ਮੈਨੂੰ ਕੀ ਪਤਾ, ਕਹਿ ਕੇ ਤੇ ਗਏ ਸੀ, ਮੈਂ ਛੇਤੀ ਆ ਜਾਣਾ ਹੈ, ਆਏ ਅਜੇ ਤਕ ਨਹੀਂ। ਜੇ ਮੈਂ ਉਹਨੂੰ ਆਖਾਂ ਤੂੰ ਦੋ ਵਜੇ ਜਜ ਸਾਹਿਬ ਨੂੰ ਵਕੀਲ ਦੇ ਨਾ ਆਉਣ ਕਰਕੇ ਤਾਰੀਖ ਦੇਣ ਲਈ ਆਖੀ। ਉਹ ਕੰਨਾਂ ਨੂੰ ਹਥ ਲਾਵੇ, ਅਖੇ ਇਹ ਜਜ ਬੜਾ ਕੁਪਤਾ ਹੈ, ਇਹ ਤਾਂ ਤੁਰਿਆ ਜਾਂਦਿਆਂ ਨੂੰ ਬੰਨ੍ਹਣ ਵਾਲਾ ਹੈ। ਮੇਰੀ ਤੋਬਾ, ਮੈਂ ਨਹੀਂ ਜਾਣਾ। ਪੂਰੇ ਦੋ ਵਜੇ ਮੇਰੇ ਨਾਂ ਦੀ ਆਵਾਜ਼ ਪੈ ਗਈ। ਮੈਂ ਅੰਦਰ ਜਾ ਕੇ ਫੇਰ ਏਹੋ ਹੀ ਕਿਹਾ ”ਜੀ ਵਕੀਲ ਸਾਹਿਬ ਤਾਂ ਆਏ ਨਹੀਂ ਕ੍ਰਿਪਾ ਕਰਕੇ ਤਾਰੀਖ….” ਅਜੇ ਗਲ ਮੈਂ ਪੂਰੀ ਵੀ ਨਹੀਂ ਸੀ ਕੀਤੀ ਕਿ ਜਜ ਸਾਹਿਬ ਨੇ ਸਰਕਰਾਰੀ ਵਕੀਲ ਨੂੰ ਕਿਹਾ ”ਸ਼ੁਰੂ ਕਰੋ”।
ਮੈਂ ਵੀ ਉਥੇ ਹੀ ਖੜਾ ਰਿਹਾ। ਡਰ ਤੇ ਗੁਸੇ ਦੇ ਰਲੇ ਮਿਲੇ ਪ੍ਰਭਾਵ ਕਰਕੇ ਮੇਰੀਆਂ ਗੱਲਾਂ ਵਿਚੋਂ ਸੇਕ ਨਿਕਲ ਰਿਹਾ ਸੀ। ਜੇਲ੍ਹ ਮੈਨੂੰ ਸਾਫ ਨਜ਼ਰ ਆ ਰਹੀ ਸੀ, ਪਰ ਮੈਂ ਦਿਲ ਨੂੰ ਵੀ ਤਸਲੀ ਦੇ ਲੈਂਦਾ, ”ਜੇਲ੍ਹ ਕਿਹੜੀ ਨਵੀਂ ਐ, ਅਗੇ ਕਿਹੜਾ ਕਦੀ ਵੇਖੀ ਨਹੀਂ।” ਵਕੀਲ ਨੇ ਕਿਹਾ ਕਿ ਕੁਲਬੀਰ ਸਿੰਘ ਪੁਤਰ ਬੁਢਾ ਸਿੰਘ ਕੌਮ ਕੰਬੋਅ ਵਾਸੀ ਬਸਤੀ ਪੀਰ ਦਾਦ ਖਾਲਿਸਤਾਨ ਦਾ ਹਮਾਇਤੀ ਹੈ। ਕਪੂਰਥਲਾ ਰੋਡ ਬਸਤੀ ਬਾਵਾ ਖੇਲ ਅੱਡੇ ਦੇ ਕੋਲ ਇਹ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾਉਂਦਾ ਕਪੂਰਥਲਾ ਰੋਡ ਉਤੇ ਤੁਰਿਆ ਜਾਂਦਾ ਸੀ। ਪੁਲੀਸ ਪਾਰਟੀ ਜਿਸ ਨੇ ਆਮ ਚੈਂਕਿੰਗ ਲਈ ਉਥੋਂ ਕੋਈ ਤਿੰਨ ਕੁ ਫਰਲਾਂਗ ਪਰ੍ਹਾਂ ਨਹਿਰ ਦੇ ਪੁਲ ਉਤੇ ਨਾਕਾ ਲਾਇਆ ਹੋਇਆ ਸੀ, ਨੂੰ ਜਦੋਂ ਮੁਖਬਰ ਖਾਸ ਨੇ ਦਸਿਆ ਤਾਂ ਗੁਰਦੀਪ ਸਿੰਘ ਏ.ਐਸ.ਆਈ. ਨਾਲ ਸਿਪਾਹੀ ਫਲਾਣਾ ਫਲਾਣਾ ਫਲਾਣਾ ਜਦੋਂ ਗਏ ਤਾਂ ਉਨ੍ਹਾਂ ਨੇ ਇਸ ਨੂੰ ਬੜਾ ਸਮਝਾਇਆ ਕਿ ਇਸ ਤਰ੍ਹਾਂ ਨਾ ਕਰ ਪਰ ਇਹ ਨਹੀਂ ਮੰਨਿਆ। ਨੰਬਰਦਾਰ ਗੁਰਦੀਪ ਸਿੰਘ ਨੇ ਵੀ ਆ ਕੇ ਇਸ ਨੂੰ ਬੜਾ ਸਮਝਾਇਆ ਪਰ ਇਹ ਟਸ ਤੋਂ ਮਸ ਨਹੀਂ ਹੋਇਆ ਤੇ ਨਾਅਰੇ ਲਾਈ ਗਿਆ। ਹੋਰ ਕੋਈ ਚਾਰਾ ਨਾ ਵੇਖ ਕੇ ਪੁਲੀਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ। ਮੇਰੀ ਅਦਾਲਤ ਅਗੇ ਬੇਨਤੀ ਹੈ ਕਿ ਇਸ ਨੂੰ ਸਜ਼ਾ ਦਿਤੀ ਜਾਵੇ ਤਾਂ ਕਿ ਦੇਸ ਨੂੰ ਤੋੜਨ ਵਾਲਿਆਂ ਨੂੰ ਕੰਨ ਹੋ ਜਾਣ। ਵਕੀਲ ਦੀ ਗਲ ਮੁਕਣ ‘ਤੇ ਜਜ ਸਾਹਿਬ ਨੇ ਮੈਨੂੰ ਕਿਹਾ, ”ਜਿਸ ਤਰ੍ਹਾਂ ਇਹ ਵਕੀਲ ਸਾਹਿਬ ਕਹਿੰਦੇ ਨੇ ਇਸੇ ਤਰ੍ਹਾਂ ਹੋਇਆ?” ਮੈਂ ਕਿਹਾ, ”ਨਹੀਂ ਜੀ ਇਹ ਸਾਰੀ ਗਲ ਝੂਠੀ ਹੈ।” ਅਜੇ ਮੇਰੇ ਮੂੰਹ ਵਿਚ ਹੀ ਇਹ ਸ਼ਬਦ ਸਨ ਕਿ ਜਜ ਸਾਹਿਬ ਨੇ ਕਟਹਿਰੇ ਵਲ ਹਥ ਕਰ ਕੇ ਕਿਹਾ, ”ਏਥੇ ਆ ਕੇ ਗਲ ਕਰੋ।” ਮੈਂ ਕਟਹਿਰੇ ਵਿਚ ਖਲੋਅ ਗਿਆ। ਇਹ ਗਲ ਤਾਂ ਹੁਣ ਪਕੀ ਸੀ ਕਿ ਕੇਸ ਸੁਣ ਲਿਆ ਜਾਣਾ ਸੀ ਤੇ ਮੇਰੀ ਕਿਸਮਤ ਦਾ ਫੈਸਲਾ ਵੀ ਮੇਰੀਆਂ ਕਹੀਆਂ ਹੋਈਆਂ ਗੱਲਾਂ ਤੇ ਦਿਤੀ ਹੋਈ ਸਫਾਈ ਉਤੇ ਹੀ ਮੁਕਣਾ ਸੀ। ਮੈਂ ਕਿਹਾ ”ਜੀ ਇਹ ਸਾਰੀ ਬਣੀ ਬਣਾਈ ਕਹਾਣੀ ਹੈ, ਜਿਸ ਦਾ ਕੋਈ ਮੂਹ ਸਿਰ ਨਹੀਂ ਤੇ ਇਹ ਸਾਰੀ ਕਹਾਣੀ ਝੂਠੀ ਹੈ।”
ਜਜ ਸਾਹਿਬ ਨੇ ਪੁਛਿਆ ” ਹੋਇਆ ਕੀ ਸੀ? ” ਮੈਂ ਕਿਹਾ ਜੀ ਮੇਰੀ ਬੇਨਤੀ ਹੈ ਕਿ ਮੈਂ ਵਕੀਲ ਨਹੀਂ, ਇਸ ਲਈ ਮੇਰੀ ਦਸੀ ਹੋਈ ਗੱਲ ਤੋਂ ਬਾਅਦ ਮੇਰੇ ਵਕੀਲ ਨੂੰ ਵੀ ਸੁਣ ਲਿਆ ਜਾਵੇ।” ਜਜ ਸਾਹਿਬ ਨੇ ਕਿਹਾ ‘ਜੇ ਗਲ ਹੁੰਦਿਆਂ ਹੁੰਦਿਆਂ ਆ ਗਏ ਤਾਂ ਸੁਣ ਲਵਾਂਗੇ।” ਮੈਂ ਕਹਿਣਾ ਸ਼ੁਰੂ ਕੀਤਾ ‘ਜਨਾਬ ਮੈਂ ਏਥੋਂ ਦਾ ਹੀ ਜੰਮਪਲ ਹਾਂ ਤੇ ਮੇਰਾ ਸਾਰਾ ਬਚਪਨ ਏੇਥੇ ਹੀ ਗੁਜ਼ਰਿਆ ਹੈ। ਮੇਰੀ ਜ਼ਮੀਨ, ਜਾਇਦਾਦ, ਘਰ ਸਭ ਏਥੇ ਹੀ ਹਨ। ਜਿਸ ਸੜਕ ਦਾ ਵਕੀਲ ਸਾਹਿਬ ਨੇ ਨਾਂ ਲਿਆ ਹੈ, ਮੈਂ ਏਥੋਂ ਹੀ ਸਕੂਲ ਪੜ੍ਹਨ ਜਾਂਦਾ ਰਿਹਾ ਹਾਂ। ਫਿਰ ਏਥੋਂ ਦੀ ਡੀ.ਏ.ਵੀ. ਕਾਲਜ ਪੜ੍ਹਨ ਜਾਂਦਾ ਰਿਹਾ ਹਾਂ। ਮੈ ਅਜੇ ਗਲ ਕਰ ਹੀ ਰਿਹਾ ਸਾਂ ਕਿ ਸਰਕਾਰੀ ਵਕੀਲ ਸਭਰਵਾਲ ਵਿਚੇ ਹੀ ਬੋਲ ਪਿਆ ”ਇਹ ਕੀ ਕਹਿਣਾ ਚਾਹੁੰਦਾ ਹੈ, ਇਨ੍ਹਾਂ ਗਲਾਂ ਦਾ ਕੋਈ ਮਤਲਬ ਹੈ?  ਅਦਾਲਤ ਨੇ ਇਸ ਗਲ ਤੋਂ ਕੀ ਲੈਣਾ ਹੈ ਕਿ ਤੂੰ ਕਿਥੋਂ ਦੀ ਸਕੂਲ ਜਾਂਦਾ ਸੀ ਤੇ ਕਿਥੋਂ ਦੀ ਨਹੀਂ? ” ਪਰ ਜਜ ਸਾਹਿਬ ਨੇ ਉਹਨੂੰ ਵਿਚੋਂ ਹੀ ਟੋਕ ਕੇ ਕਿਹਾ ਸਭਰਵਾਲ ਇਹ ਤਰੀਕਾ ਠੀਕ ਨਹੀਂ, ਜਦੋਂ ਕੋਈ ਬੰਦਾ ਆਪਣਾ ਕੇਸ ਆਪ ਸੁਣਾ ਰਿਹਾ ਹੋਵੇ ਤਾਂ ਉਹ ਆਫੀਸਰ ਆਫ ਦਾ ਕੋਰਟ ਹੁੰਦਾ ਹੈ। ਜਿਵੇਂ ਤੁਸੀਂ ਹੋ, ਇਨ੍ਹਾਂ ਵਿਚ ਤੇ ਤੁਹਾਡੇ ਵਿਚ ਇਸ ਅਦਾਲਤ ਨੂੰ ਕੋਈ ਫਰਕ ਨਹੀਂ ਲਗਦਾ, ਉਨ੍ਹਾਂ ਨੂੰ ਪੂਰੀ ਗਲ ਕਰਨ ਦਿਓ।” ਫਿਰ ਉਨ੍ਹਾਂ ਮੇਰੇ ਵੱਲ ਮੂਹ ਕਰਕੇ ਕਿਹਾ ”ਹਾਂ ਜੀ ਚਾਲੂ ਰਖੋ।” ਮੈਂ ਕਿਹਾ ਜੀ, ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਏਥੋਂ ਦਾ ਹੀ ਰਹਿਣ ਵਾਲਾ ਹੋਣ ਕਰਕੇ ਮੈਂ ਬਸਤੀ ਬਾਵਾ ਖੇਲ ਦੇ ਬਚੇ ਬਚੇ ਦਾ ਜਾਣੂ ਹਾਂ। ਮੈਂ ਲੋਕਾਂ ਦੇ ਵਿਆਹਾਂ, ਸ਼ਾਦੀਆਂ ਉਤੇ ਜਾਂਦਾ ਹਾਂ। ਉਹ ਮੇਰੇ ਘਰ ਦਿਨ ਤਿਉਹਾਰਾਂ ਉਤੇ ਆਉਂਦੇ ਹਨ। ਜੇ ਮੈਂ ਚਾਹਵਾਂ ਤਾਂ ਕਿਸੇ ਵੇਲੇ ਵੀ ਦੋ ਤਿੰਨ ਸੌ ਬੰਦਾ ਝਟ ਅਵਾਜ਼ਾਂ ਮਾਰ-ਮਾਰ ਕੇ ਇਕਠਾ ਕਰ ਸਕਦਾ ਹਾਂ।” ”ਅਵਾਜ਼ਾਂ ਮਾਰ-ਮਾਰ ਕੇ ਕਿਉਂ? ” ”ਜਨਾਬ ਮੈਂ ਸਾਰਿਆਂ ਨੂੰ ਨਾਵਾਂ ਤੋਂ ਜੁ ਜਾਣਦਾ ਹੋਇਆ। ਜੇ ਕਿਸੇ ਨੂੰ ਨਾਂ ਲੈ ਕੇ ਆਵਾਜ਼ ਮਾਰੀਏ ਤਾਂ ਉਹ ਜ਼ਰੂਰ ਆ ਜਾਦਾ ਹੈ, ਉਵੇਂ ਭਾਵੇਂ ਕੋਈ ਬਿਨਾਂ ਨਾਂ ਦੀ ਅਵਾਜ਼ ਤੋਂ ਨਾਂ ਵੀ ਆਵੇ।”
ਸਭਰਵਾਲ ਫੇਰ ਬੋਲ ਪਿਆ, ”ਜਨਾਬ ਇਹ ਕਹਿਣਾ ਕੀ ਚਾਹੁੰਦੇ ਹਨ? ” ਜਜ ਸਾਹਿਬ ਥੋੜਾ ਜਿਹਾ ਮੁਸਕਰਾਏ ਜਿਸ ਦਾ ਮਤਲਬ ਸੀ ਅਗੇ ਗਲ ਕਰੋ। ਮੈਂ ਕਿਹਾ ਜੀ ਜੇ ਮੈਂ ਖਾਲਿਸਤਾਨ ਦੇ ਨਾਅਰੇ ਲਾਉਣੇ ਹੁੰਦੇ ਤਾਂ ਮੈਂ ਕਹਿੰਦਾ ਖਾਲਿਸਤਾਨ, ਜਿਨ੍ਹਾਂ ਲੋਕਾਂ ਨੂੰ ਮੈਂ ਇਕੱਠੇ ਕੀਤਾ ਹੁੰਦਾ, ਉਹ ਕਹਿੰਦੇ ਜਿੰਦਾਬਾਦ ਫਿਰ ਤਾਂ ਕੋਈ ਗਲ ਬਣਦੀ। ਵਕੀਲ ਸਾਹਿਬ ਕਹਿੰਦੇ ਹਨ ਕਿ ਮੈਂ ਆਪੇ ਹੀ ਕਹਿੰਦਾ ਸਾਂ ਖਾਲਿਸਤਾਨ ਤੇ ਆਪੇ ਹੀ ਕਹਿੰਦਾ ਸਾਂ ਜਿੰਦਾਬਾਦ। ਇਕ ਇਕੱਲਾ ਬੰਦਾ ਸੜਕ ਉਤੇ ਤੁਰਿਆ ਜਾਂਦਾ ਏਹੋ ਜਿਹੀਆਂ ਹਰਕਤਾਂ ਕਰੇ ਤਾਂ ਲੋਕ ਤਾਂ ਉਹਨੂੰ ਪਾਗਲ ਸਮਝਣਗੇ। ਜਨਾਬ ਕੀ ਮੈਂ ਵੇਖਣ ਨੂੰ ਪਾਗਲ ਲਗਦਾ ਹਾਂ? ” ਜਜ ਸਾਹਿਬ ਮੇਰੀ ਗਲ ਸੁਣ ਕੇ ਮੁਸਕਰਾ ਵੀ ਪਏ ਤੇ ਮੂੰਹੋ ਵੀ ਕਹਿ ਦਿਤਾ ਨਹੀਂ। ”ਐਸੇ ਤੇ ਨਹੀਂ ਲਗਦੇ।” ਫਿਰ ਉਨ੍ਹਾਂ ਨੇ ਪੈਨ ਨਾਲ ਇਹ ਗਲ ਨੋਟ ਵੀ ਕੀਤੀ। ਮੈਨੂੰ ਇਨ੍ਹਾਂ ਸਾਰੀਆਂ ਗੱਲਾਂ ਨਾਲ ਬਹੁਤ ਹੌਂਸਲਾ ਹੋਇਆ। ਕਿਉਂਕਿ ਫੌਜਦਾਰੀ ਕੇਸਾਂ ਨਾਲ ਤਾਂ ਭਾਵੇਂ ਮੇਰਾ ਵਾਹ ਕਦੀ ਨਹੀਂ ਸੀ ਪਿਆ, ਪਰ ਜ਼ਮੀਨ ਜਾਇਦਾਦ ਦੇ ਕੇਸਾਂ ਵਿਚ ਤਾਂ ਮੇਰੇ ਪਰਿਵਾਰ ਨੂੰ ਦੋ ਵਾਰ ਸੁਪਰੀਮ ਕੋਰਟ ਤਕ ਜਾਣਾ ਪਿਆ ਸੀ, ਇਕ ਵਾਰ ਮੇਰੇ ਬਾਪ ਨੂੰ ਤੇ ਇਕ ਵਾਰ ਮੈਨੂੰ। ਕਹਿੰਦੇ ਹਨ ਜਿਹੜੀ ਜਨਾਨੀ ਇਕ ਨਿਆਣਾ ਜੰਮ ਲਵੇ ਉਹ ਦਾਈ ਬਣ ਜਾਂਦੀ ਹੈ। ਇਸ ਤਰ੍ਹਾਂ ਘਟੋ ਘਟ ਮੈਨੂੰ ਅਦਾਲਤੀ ਤੌਰ ਤਰੀਕਿਆਂ ਦਾ ਪਤਾ ਹੀ ਸੀ। ਮੈਨੂੰ ਲਗਾ ਕੰਮ ਬਣ ਜਾਏਗਾ।
ਵਕੀਲ ਨੇ ਝਟ ਮੋਹਰਾਂ ਲਗੇ ਲਿਫਾਫੇ ਵਿਚੋਂ ਕਢ ਕੇ ਕੇਸਰੀ ਝੰਡਾ ਮੇਜ਼ ਉਤੇ ਰਖ ਦਿਤਾ ਤੇ ਕਿਹਾ, ”ਇਹ ਖਾਲਿਸਤਾਨ ਦਾ ਝੰਡਾ ਇਨ੍ਹਾਂ ਕੋਲੋਂ ਬਰਾਮਦ ਹੋਇਆ ਹੈ।” ਜਜ ਸਾਹਿਬ ਨੇ ਜਦੋਂ ਝੰਡਾ ਪੂਰਾ ਖੋਲ੍ਹ ਦਿਤਾ ਤਾਂ ਮੈਂ ਆਪ ਮੁਹਾਰਾ ਹੀ ਬੋਲ ਪਿਆ, ”ਜਨਾਬ ਇਹ ਝੰਡਾ ਤਾਂ ਹਰ ਗੁਰਦੁਆਰੇ ਉਤੇ ਲਗਾ ਹੁੰਦਾ ਹੈ। ਇਹ ਝੰਡੇ ਲਾ ਲਾ ਕੇ ਲੋਕਾਂ ਨੇ ਬਜਾਰ ਸਜਾਏ ਹੁੰਦੇ ਹਨ। ਖਾਲਿਸਤਾਨ ਦਾ ਝੰਡਾ ਏਦਾਂ ਦਾ ਹੁੰਦਾ ਹੈ?” ਜਜ ਸਾਹਿਬ ਟਿਕਟਿਕੀ ਲਾ ਕੇ ਮੇਰੇ ਵਲ ਹੀ ਗਹੁ ਨਾਲ ਵੇਖ ਰਹੇ ਸਨ। ਸਰਕਾਰੀ ਵਕੀਲ ਨੇ ਕਿਹਾ ”ਹੋਰ ਖਾਲਿਸਤਾਨ ਦਾ ਝੰਡਾ ਕਿਦਾਂ ਦਾ ਹੁੰਦਾ ਹੈ?” ਮੈਂ ਕਿਹਾ ”ਦੇਸਾਂ ਦੇ ਝੰਡੇ ਸਦਾ ਆਇਤਕਾਰ ਹੁੰਦੇ ਹਨ।” ਸਰਕਾਰੀ ਵਕੀਲ ਨੇ ਝਟ ਇਹ ਨੁਕਤਾ ਸਾਂਭ ਲਿਆ ਤੇ ਕਿਹਾ ”ਜੀ ਇਹ ਖਾਲਿਸਤਾਨ ਬਾਰੇ ਸਭ ਕੁਝ ਜਾਣਦਾ ਹੈ।” ਜਜ ਸਾਹਿਬ ਨੇ ਕਿਹਾ, ” ਕੀ ਜਾਣਨਾ ਵੀ ਕਿਸੇ ਜ਼ੁਰਮ ਵਿਚ ਆਉਂਦਾ ਹੈ?” ਫਿਰ ਸਰਕਾਰੀ ਵਕੀਲ ਨੇ ਕਿਹਾ, ”ਮੇਰਾ ਕਹਿਣ ਤੋਂ ਮਤਲਬ ਹੈ, ਇਨ੍ਹਾਂ ਨੂੰ ਕਿਵੇਂ ਪਤਾ ਲੱਗਾ ਕਿ ਝੰਡਾ ਆਇਤਕਾਰ ਹੁੰਦਾ ਹੈ।” ਮੈਂ ਕਿਹਾ ”ਜੀ ਇਹ ਤਾਂ ਆਮ ਸੋਝੀ ਦੀ ਗਲ ਹੈ। ਕਾਰ ਕਾਰਾਂ ਵਰਗੀ ਹੋਵੇਗੀ, ਟਰਕ ਟਰੱਕਾਂ ਵਰਗਾ ਹੋਵੇਗਾ, ਹਵਾਈ ਜਹਾਜ਼ ਹਵਾਈ ਜਹਾਜ਼ਾਂ ਵਰਗਾ ਹੋਵੇਗਾ, ਦੂਸਰੇ ਮੁਲਕਾਂ ਵਿਚ ਖਾਲਿਸਤਾਨ ਦਾ ਝੰਡਾ ਆਮ ਗਲ ਹੈ। ਅਮਰੀਕਾ ਵਿਚ ਭਾਰਤੀ ਅੰਬੈਂਸੀ ਅਗੇ ਉਥੋਂ ਦੇ ਸਿਖਾਂ ਨੇ ਖਾਲਿਸਤਾਨ ਦਾ ਝੰਡਾ ਲਹਿਰਾ ਕੇ ਅੰਬੈਂਸੀ ਦਾ ਘਿਰਾਓ ਕੀਤਾ ਸੀ, ਦੂਰਦਰਸ਼ਨ ਜਲੰਧਰ ਨੇ ਖਬਰਾਂ ਵਿਚ ਉਹ ਦਿਖਾਇਆ ਹੈ। ਉਨੇ ਚਿਰ ਤਕ ਅਦਾਲਤ ਵਿਚ ਦਸ ਬਾਰਾਂ ਵਕੀਲ ਇਕੱਠੇ ਹੋ ਚੁਕੇ ਸਨ ਤੇ ਬਾਕੀ ਲੋਕਾਂ ਨਾਲ ਵੀ ਅਦਾਲਤ ਭਰੀ ਪਈ ਸੀ। ਜਿਹੜਾ ਵੀ ਅਦਾਲਤ ਦੇ ਅੰਦਰ ਆਉਂਦਾ, ਇਹ ਅਜੀਬ ਜਿਹਾ ਕੇਸ ਵੇਖ ਕੇ ਉਥੇ ਹੀ ਖਲੋ ਜਾਂਦਾ।
ਮੈਨੂੰ ਐਸਾ ਲਗਿਆ ਕਿ ਝੰਡੇ ਵਾਲਾ ਤੀਰ ਫਿਟ ਬੈਠ ਗਿਆ ਹੈ। ਫਿਰ ਜਿਵੇਂ ਮੈਂ ਆਪਣੇ ਆਪ ਉਤੇ ਕਾਬੂ ਹੀ ਨਾ ਰਖ ਸਕਿਆ ਤੇ ਇਕ ਹੋਰ ਪੰਗਾ ਲੈ ਲਿਆ। ਮੈਂ ਕਿਹਾ ਜੀ ”ਮੁਢੋਂ ਸੁਢੋਂ ਐਸੀ ਕੋਈ ਗਲ ਨਹੀਂ ਹੋਈ, ਇਹ ਸਾਰੀ ਕਹਾਣੀ ਪੁਲੀਸ ਨੇ ਮੇਜ਼ ਉਤੇ ਬਹਿ ਕੇ ਹੀ ਨਾਵਲ ਵਾਂਗ ਲਿਖੀ ਹੈ। ਪਰ ਜੇ ਇਨ੍ਹਾਂ ਦੀ ਗਲ ਮੰਨ ਵੀ ਲਈ ਜਾਵੇ ਤਾਂ ਵੀ ਇਹ ਕੋਈ ਜ਼ੁਰਮ ਨਹੀਂ ਬਣਦਾ।” ਜਜ ਤੇ ਸਰਕਾਰੀ ਵਕੀਲ ਸੁਣ ਰਹੇ ਸਨ। ਮੈਂ ਕਿਹਾ, ”ਹਿੰਦੋਸਤਾਨ ਦੇ ਸੰਵਿਧਾਨ ਵਿਚ ਇਸ ਦੇਸ ਦਾ ਨਾਂ ਜਾਂ ਭਾਰਤ ਹੈ ਜਾਂ ਇੰਡੀਆ ਹੈ, ਹਿੰਦੋਸਤਾਨ ਨਾਂ ਸਾਰੇ ਸੰਵਿਧਾਨ ਵਿਚ ਕਿਤੇ ਨਹੀਂ ਲਿਖਿਆ ਹੋਇਆ ਪਰ ਫਿਰ ਵੀ ਸਾਰੀ ਦੁਨੀਆਂ ਇਸ ਨੂੰ ਹਿੰਦੋਸਤਾਨ ਕਹਿੰਦੀ ਫਿਰਦੀ ਹੈ। ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ ਜੇ ਕਿਸੇ ਬੰਦੇ ਦਾ ਨਾਂ ਰਾਮ ਲਾਲ ਹੈ, ਉਸੇ ਨੂੰ ਹੀ ਲੋਕ ਸ਼ਾਮ ਲਾਲ ਕਹਿੰਦੇ ਹੋਣ ਤਾਂ ਕੀ ਉਸ ਬੰਦੇ ਦਾ ਨਾਂ ਮਦਨ ਗੁਪਾਲ ਨਹੀਂ ਹੋ ਸਕਦਾ? ਜੇ ਭਾਰਤ ਤੇ ਇੰਡੀਆ ਦੀ ਥਾਂ ਇਸ ਦੇਸ ਨੂੰ ਹਿੰਦੋਸਤਾਨ ਕਿਹਾ ਜਾ ਸਕਦਾ ਹੈ ਤਾਂ ਖਾਲਿਸਤਾਨ ਕਿਉਂ ਨਹੀਂ ਕਿਹਾ ਜਾ ਸਕਦਾ?” ਸਰਕਾਰੀ ਵਕੀਲ ਫਟ ਬੋਲਿਆ ”ਇਹ ਤਾਂ ਦੇਸ ਤੋੜਨ ਵਾਲੀ ਗਲ ਹੋਈ।” ”ਜਿਹੜੇ ਅਧਿਕਾਰਤ ਸੰਵਿਧਾਨ ਵਿਚ ਲਿਖੇ ਦੋ ਨਾਵਾਂ ਤੋਂ ਬਗੈਰ ਹਿੰਦੋਸਤਾਨ ਕਹਿੰਦੇ ਹਨ, ਕੀ ਉਹ ਦੇਸ ਨਹੀਂ ਤੋੜਦੇ?  ਮੈਂ ਕਿਹਾ, ”ਖਾਲਿਸਤਾਨ ਕਹਿਣ ਨਾਲ ਦੇਸ ਜ਼ਿਆਦਾ ਟੁਟਦਾ ਹੈ?” ਇਹ ਗਲ ਕਰਕੇ ਮੈਂ ਆਪਣੀ ਕਿਸਮਤ ਨੂੰ ਆਪਣੇ ਹਥਾਂ ਵਿਚੋਂ ਕਢ ਦਿਤਾ ਸੀ, ਅਗੋਂ ਇਸ ਦਾ ਕੀ ਹੋਣ ਵਾਲਾ ਸੀ ਮੈਨੂੰ ਉਕਾ ਨਹੀਂ ਸੀ ਪਤਾ। ਪਰ ਅਦਾਲਤ ਵਿਚ ਬਿਲਕੁਲ ਚੁਪ ਸੀ। ਫਿਰ ਜਜ ਸਾਹਿਬ ਨੇ ਸਰਕਾਰੀ ਵਕੀਲ ਨੂੰ ਪੁਛਿਆ ”ਸਭਰਵਾਲ ਸਾਹਿਬ ਸੰਵਿਧਾਨ ਵਿਚ ਇੰਡੀਆ ਤੇ ਭਾਰਤ ਹੀ ਲਿਖਿਆ ਹੈ, ਹਿੰਦੋਸਤਾਨ ਨਹੀਂ?” ਜੱਜ ਸਾਹਿਬ ਨੇ ਇਸ ਤਰ੍ਹਾਂ ਪੁਛਿਆ, ਜਿਵੇਂ ਕੋਈ ਬੱਚਾ ਕਿਸੇ ਨੂੰ ਸਵਾਲ ਕਰਦਾ ਹੈ ਜਾਂ ਰੋਟੀ ਨੂੰ ਚੋਚੀ ਆਖੀਦਾ ਹੈ। ਮੈਂ ਜਜ ਸਾਹਿਬ ਦੇ ਚਿਹਰੇ ਵਲ ਵੇਖਿਆ, ਉਹ ਹੰਸੂ ਹੰਸੂ ਕਰਦਾ ਸੀ। ਸਵੇਰ ਦਾ ਪਹਿਲੀ ਵਾਰ ਮੈਂ ਉਨ੍ਹਾਂ ਦੇ ਚਿਹਰੇ ਉਤੇ ਹਾਸਾ ਵੇਖਿਆ ਸੀ। ਸਵੇਰੇ ਤੇ ਵਢ ਖਾਣਿਆਂ ਹਾਰ ਉਖੜੀ ਕੁਹਾੜੀ ਵਾਂਗ ਪੈਂਦੇ ਸਨ। ਸਰਕਾਰੀ ਵਕੀਲ ਕੁਝ ਨਹੀਂ ਬੋਲਿਆ।
ਫਿਰ ਜਜ ਸਾਹਿਬ ਨੇ ਮੈਨੂੰ ਸਵਾਲ ਕਰ ਦਿਤਾ, ”ਇਸ ਦੇਸ ਨੂੰ ਲੋਕ ਹਿੰਦੋਸਤਾਨ ਕਿਵੇਂ ਕਹਿੰਦੇ ਹਨ?” ਮੈਂ ਕਿਹਾ ਜੀ ਆਪ ਜੀ ਦੇ ਪਿਛੇ ਕੰਧ ਉਤੇ ਇਕ ਟਰੈਕਟਰ ਦੀ ਮਸ਼ਹੂਰੀ ਦਾ ਕਲੰਡਰ ਲਗਾ ਹੋਇਆ ਹੈ। ਉਸ ਉਤੇ ਟੈਰਕਟਰ ਬਣਾਉਣ ਵਾਲੀ ਕੰਪਨੀ ਦਾ ਨਾਂ ਲਿਖਿਆ ਹੋਇਆ ਹੈ, ਐਚ. ਐਮ. ਟੀ.। ਇਸ ਦਾ ਪੂਰਾ ਨਾਂ ਬਣਦਾ ਹੈ ਹਿੰਦੋਸਤਾਨ ਮਸ਼ੀਨ ਟੂਲਜ਼। ਏਸੇ ਤਰ੍ਹਾਂ ਇਕ ਬਹੁਤ ਵਡੀ ਕੰਪਨੀ ਹੈ, ਜਿਹੜੀ ਘਰੇਲੂ ਵਰਤੋਂ ਦੀਆਂ ਬਹੁਤ ਚੀਜਾਂ ਬਣਾਉਂਦੀ ਹੈ, ਉਸ ਦਾ ਨਾਂ ਹੈ, ਹਿੰਦੋਸਤਾਨ ਲੀਵਰ ਲਿਮਟਿਡ। ਇਹ ਸਾਰੇ ਇਸ ਦੇਸ ਦੇ ਨਾਂ ਉਤੇ ਹਨ।” ਜਜ ਸਾਹਿਬ  ਨੇ ਇਹ ਲਿਖ ਲਿਆ ਤੇ ਉਨੇ ਚਿਰ ਵਿਚ ਮੈਨੂੰ ਇਕ ਗੱਲ ਹੋਰ ਯਾਦ ਆ ਗਈ। ਮੈਂ ਕਿਹਾ ਜੀ ਲੋਕਾਂ ਨੇ ਤੇ ਗਾਣੇ ਬਣਾਏ ਹੋਏ ਹਨ, ਦਿਲੀ ਹੈ ਦਿਲ ਹਿੰਦੋਸਤਾਨ ਕਾ ਯੇਹ ਤੋ ਤੀਰਥ ਹੈ ਸਾਰੇ ਜਹਾਨ ਕਾ।”
”ਦਿਲੀ ਦਿਲ ਹੈ ਤੋ ਕੀ ਅਰਥ ਬਣਦਾ ਹੈ?” ਮੈਂ ਕਿਹਾ, ”ਜੀ ਹਿੰਦੋਸਤਾਨ ਏਥੇ ਮੁਲਕ ਦਾ ਪ੍ਰਤੀਕ ਹੈ ਤੇ ਉਸ ਦੀ ਰਾਜਧਾਨੀ ਦਿੱਲੀ ਹੋਣ ਕਰਕੇ ਦਿਲ ਦਾ ਰੁਤਬਾ ਰਖਦੀ ਹੈ।” ਸਰਕਾਰੀ ਵਕੀਲ ਨੇ ਹਸ ਕੇ ਤੇ ਹਥ ਨਚਾ ਕੇ ਕਿਹਾ, ”ਗਲ ਕਿਧਰ ਦੀ ਲੈ ਗਏ ਕਿਧਰ, ਏਨਾ ਗੱਲਾਂ ਨਾਲ ਅਦਾਲਤ ਨੂੰ ਕੀ ਮਤਲਬ, ਮੁਲਕ ਕਿਹੜਾ ਤੇ ਰਾਜਧਾਨੀ ਕਿਹੜੀ ਕੋਈ ਮਤਲਬ ਦੀ ਗਲ ਕਰੋ।” ਮੈਂ ਜਜ ਸਾਹਿਬ ਦੇ ਚਿਹਰੇ ਵਲ ਵੇਖ ਰਿਹਾ ਸਾਂ ਹੁਣ ਮੈਨੂੰ ਸਰਕਾਰੀ ਵਕੀਲ ਨਾਲ ਕੋਈ ਦਿਲਚਸਪੀ ਨਹੀਂ ਸੀ, ਕਿਉਂਕਿ ਜਜ ਸਾਹਿਬ ਨੇ ਪਹਿਲਾਂ ਵੀ ਮੈਨੂੰ ਸਰਕਾਰੀ ਵਕੀਲ ਦਾ ਰੁਤਬਾ ਇਹ ਕਹਿ ਕੇ ਦੇ ਦਿਤਾ ਸੀ ਕਿ ਮੈਂ ਵੀ ਹੁਣ ਆਫੀਸਰ ਆਫ ਦਾ ਕੋਰਟ ਹਾਂ। ਇਸ ਗਲ ਕਰਕੇ ਵੀ ਮੈਨੂੰ ਅੰਦਰੋ ਅੰਦਰੀ ਬੜਾ ਹੌਂਸਲਾ ਸੀ। ਜਜ ਸਾਹਿਬ ਦੀ ਤਿਉੜੀ ਤੋਂ ਮੈਂ ਅੰਦਾਜ਼ਾ ਲਾਇਆ ਕਿ ਸਰਕਾਰੀ ਵਕੀਲ ਦੀ ਗਲ ਉਨ੍ਹਾਂ ਨੂੰ ਚੰਗੀ ਨਹੀਂ ਲਗੀ। ਪਰ ਮੇਰੀ ਗਲ ਉਨ੍ਹਾਂ ਨੂੰ ਚੰਗੀ ਲੱਗੀ। ਪਰ ਮੇਰੀ ਗਲ ਵਿਚ ਉਹ ਦਿਲਚਸਪੀ ਲੈਂਦੇ ਸਨ। ਇਹ ਵੀ ਮੈਨੂੰ ਬਹੁਤ ਵਡਾ ਹੌਂਸਲਾ ਸੀ। ਜੇ ਉਹ ਮੈਨੂੰ ਇਕ ਵੀ ਦਬਕਾ ਮਾਰ ਦੇਂਦੇ ਤਾਂ ਮੇਰਾ ਪੜ੍ਹਿਆ ਪੜ੍ਹਾਇਆ ਸਭ ਕੁਝ ਮੈਨੂੰ ਭੁਲ ਜਾਣਾ ਸੀ। ਜਜ ਸਾਹਿਬ ਨੇ ਸਰਕਾਰੀ ਵਕੀਲ ਨੂੰ ਕਿਹਾ ਸਭਰਵਵਾਲ ਸਾਹਿਬ “Now the tables are turning” ਹੁਣ ਬਾਜੀ ਪੁਠੀ ਪੈ ਰਹੀ ਹੈ। ਇਹ ਤਾਂ ਕਹਿੰੰੰਦੇ ਨੇ ਖਾਲਿਸਤਾਨ ਕਹਿਣਾ ਕੋਈ ਜ਼ੁਰਮ ਨਹੀਂ, ਕਿਉਂਕਿ ਇਸ ਦੇਸ ਨੂੰ ਪਹਿਲਾਂ ਹੀ ਪ੍ਰਵਾਨਿਤ ਨਾਂ ਤੋਂ ਬਿਨਾਂ ਹੋਰ ਨਾਂ ਨਾਲ ਬੁਲਾਉਂਦੇ ਹਨ।”
ਸਭਰਵਾਲ ਨੇ ਕਿਹਾ ਜੀ ਇਹਨਾਂ ਨੂੰ ਬੋਲ ਲੈਣ ਦਿਓ, ਮੇਰੀ ਇਕ ਦਲੀਲ ਅਗੇ ਇਨ੍ਹਾਂ ਦੀ ਕੋਈ ਦਲੀਲ ਨਹੀਂ ਟਿਕਣੀ। ਜਦੋਂ ਤੋਂ ਜਜ ਸਾਹਿਬ ਨੇ ਮੇਰੇ ਨਾਲ ਚੰਗਾ ਵਿਹਾਰ ਕੀਤਾ ਸੀ, ਉਸ ਤੋਂ ਬਾਅਦ ਸਰਕਾਰੀ ਵਕੀਲ ਵੀ ਮੈਨੂੰ ਤੂੰ ਵਰਗਾ ਸ਼ਬਦ ਨਾ ਕਹਿ ਸਕਿਆ। ਆਪਣੀ ਗਲਬਾਤ ਵਿਚ ਉਹ ਵੀ ”ਇਨ੍ਹਾਂ ਦਾ”, ”ਤੁਸੀਂ” ਆਦਿ ਸ਼ਬਦ ਵਰਤਣ ਲਗ ਪਿਆ। ਇਸ ਨਿਕੀ ਜਿਹੀ ਗਲ ਨਾਲ ਵੀ ਮੇਰਾ ਬੜਾ ਹੌਂਸਲਾ ਵਧਿਆ। ਮੈਂ ਫਿਰ ਕਿਹਾ ਜੀ ”ਅਲਾਮਾ ਇਕਬਾਲ ਇਕ ਉਰਦੂ ਦਾ ਸ਼ਾਇਰ ਹੋਇਆ ਹੈ, ਉਸ ਨੂੰ ਆਪਣੇ ਵਤਨ ਹਿੰਦੋਸਤਾਨ ਨਾਲ ਬਹੁਤ ਪਿਆਰ ਸੀ, ਉਸ ਨੇ ਇਕ ਤਰਾਨਾ ਲਿਖਿਆ ਹੈ।” ਜਜ ਸਾਹਿਬ ਕਹਿੰਦੇ ”ਤਰਾਨਾ ਕੀ ਹੁੰਦੈ?” ਮੈਂ ਕਿਹਾ, ”ਜੀ ਸਮੂਹ ਗਾਨ, ਜਿਹਨੂੰ ਇਕਠੇ ਹੋ ਕੇ ਗਾਇਆ ਜਾਂਦਾ ਹੈ।” ਉਹ ਕਹਿੰਦੇ ”ਹਾਂ ਜੀ।” ਮੈਂ ਕਿਹਾ ਜੀ ਉਨ੍ਹਾਂ ਲਿਖਿਆ ”ਸਾਰੇ ਜਹਾਂ ਸੇ ਅਛਾ ਹਿੰਦੋਸਤਾਨ ਹਮਾਰਾ। ਹਮ ਬੁਲਬੁਲੇ ਹੈ ਇਸਕੀ ਯੇਹ ਗੁਲਸਤਾਂ ਹਮਾਰਾ।” ਫਿਰ ਉਨ੍ਹਾਂ ਦਾ ਤਜਰਬਾ ਬਦਲ ਗਿਆ, ਜਦੋਂ ਉਨ੍ਹਾਂ ਨੂੰ ਨਹੱਕ ਸਤਾਇਆ ਤੇ ਪਰੇਸ਼ਾਨ ਕੀਤਾ ਗਿਆ ਤਾਂ ਉਨ੍ਹਾਂ ਦਾ ਦਿਲ ਏਨਾ ਖਟਾ ਹੋਇਆ ਕਿ ਅਲਾਮਾ ਇਕਬਾਲ ਨੇ ਇਕ ਹੋਰ ਸ਼ੇਅਰ ਲਿਖਿਆ ”ਮੁਦਤੇਂ ਹੁਈ ਹੈਂ ਇਤਨੀ ਰੰਜੋ ਗਮ ਸਹਿਤੇ ਹੂਏ, ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੂਏ।” ਵਤਨ ਕਹਿਤੇ ਹੂਐ।” ਵਕੀਲਾਂ ਵਿਚ ਖਲੋਤੇ ਇਕ ਵਕੀਲ ਨੇ ਵੀ ਬੋਲਿਆ, ਜੋ ਸਾਰਿਆਂ ਨੇ ਸੁਣਿਆ। ਜਜ ਸਾਹਿਬ ਨੇ ਇਹ ਸਾਰਾ ਕੁਝ ਮੈਨੂੰ ਦੁਬਾਰਾ ਪੁਛ ਕੇ ਲਿਖਿਆ। ਸਰਕਾਰੀ ਵਕੀਲ ਨੇ ਕਿਹਾ ”ਇਹਦੇ ਵਿਚ ਇਹ ਗਲ ਤਾਂ ਕਿਤੇ ਸਾਫ ਨਹੀਂ ਹੁੰਦੀ ਕਿ ਹਿੰਦੋਸਤਾਨ ਨੂੰ ਵਤਨ ਕਹਿੰਦੇ ਹਨ।” ਅਸਲ ਵਿਚ ਠਿਠ ਹੋ ਕੇ ਉਹ ਗੱਲ ਨੂੰ ਉਲਝਾ ਰਿਹਾ ਸੀ। ਜਜ ਸਾਹਿਬ ਮੈਂ ਫਿਰ ਕਿਹਾ, ”ਲਿਖਾਰੀ ਨੇ ਹੋਰ ਸਪਸ਼ਟ ਕੀਤਾ ਹੈ, ਮਜ਼੍ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰਖਨਾ, ਹਿੰਦੀ ਹੈ ਹਮ ਵਤਨ ਹੈ ਹਿੰਦੋਸਤਾਨ ਹਮਾਰਾ।” ਮੈਂ ਕਿਹਾ ਜੀ ਹੁਣ ਤਾਂ ਉਕਾ ਕੋਈ ਸ਼ਕ ਨਹੀਂ ਰਹਿੰਦਾ ਕਿ ਇਸ ਦੇਸ ਨੂੰ ਹਿੰਦੋਸਤਾਨ ਨਹੀਂ ਕਹਿੰਦੇ। ਸਭਰਵਾਲ ਬੋਲਿਆ ਉਹ ਤਾਂ ਦੇਸ ਛਡ ਕੇ ਪਾਕਿਸਤਾਨ ਚਲਾ ਗਿਆ। ਇਹ ਤਾਂ ਇਕ ਵਿਦੇਸ਼ੀ ਲਿਖਾਰੀ ਦੀਆਂ ਲਿਖੀਆਂ ਟੂਕਾਂ ਨੇ, ਇਨ੍ਹਾਂ ਦਾ ਇਸ ਦੇਸ ਨਾਲ ਕੀ ਸਬੰਧ?” ਮੈਂ ਫਟ ਬੋਲ ਲਿਆ, ”ਇਹ ਧਾਰਾ 153 ‘ਬੀ’ ਜਿਸ ਦੇ ਤਹਿਤ ਮੇਰੇ ਉਤੇ ਮੁਕਦਮਾ ਚਲਾਇਆ ਜਾ ਰਿਹਾ ਹੈ, ਅੰਗਰੇਜ਼ਾਂ ਨੇ ਕਾਨੂੰਨ ਬਣਾਏ ਸਨ, ਉਹ ਹੁਣ ਏਥੇ ਕਿਥੇ ਹਨ। ਉਹ ਵੀ ਤਾਂ ਇੰਗਲੈਡ ਚਲੇ ਗਏ ਹਨ।”
ਜਜ ਸਾਹਿਬ ਉਚੀ ਸਾਰੀ ਹਸੇ, ਅਦਾਲਤ ਵਿਚ ਖਲੋਤੇ ਸਾਰੇ ਵਕੀਲ ਵੀ ਹਸ ਪਏ। ਸਿਰਫ ਸਰਕਾਰੀ ਵਕੀਲ ਡੁੰਨ ਵਟਾ ਬਣਿਆ ਰਿਹਾ। ਫਿਰ ਮੈਂ ਇਸ ਤੋਂ ਬਾਅਦ ਨਹੀਂ ਬੋਲਿਆ, ਚੁਪ ਕਰਕੇ ਖੜਾ ਰਿਹਾ। ਅਗਰੇਜ਼ਾਂ ਵਾਲੀ ਗਲ ਕਰਕੇ ਮੈਂ ਵੀ ਉਦਾਸ ਹੋਏ ਬਿਨਾਂ ਨਾ ਰਹਿ ਸਕਿਆ। ਮੇਰੇ ਮਨ ਵਿਚ ਆਈ, ਵੇਖੋ ਏਸੇ ਕਾਨੂੰਨ ਤਹਿਤ ਹੀ ਅੰਗਰੇਜ਼ਾਂ ਨੇ ਸਾਡੀ ਅਜ਼ਾਦੀ ਮੰਗਣ ਵਾਲੇ ਬਜ਼ੁਰਗਾਂ ਨੂੰ ਜੂਤ ਫੇਰਿਆ ਤੇ ਉਸੇ ਕਾਨੂੰਨ ਤਹਿਤ ਹੀ ਸਾਨੂੰ ਜਲੀਲ ਕੀਤਾ ਜਾ ਰਿਹਾ ਹੈ। ਕਾਨੂੰਨ ਵੀ ਉਹੋ ਹੈ, ਅਸੀਂ ਵੀ ਉਹੋ ਹਾਂ। ਫਿਰ ਅੰਗਰੇਜ਼ਾਂ ਨਾਲੋਂ ਹੁਣ ਦੀ ਸਰਕਾਰ ਦਾ ਬਦਲਿਆ ਕੀ? ਇਕ ਵਕੀਲ ਨੇ ਹਥ ਖੜਾ ਕੀਤਾ, ਜਿਵੇਂ ਕਲਾਸ ਵਿਚ ਮੁੰਡੇ ਕਰਦੇ ਹਨ, ਉਸ ਨੇ ਕਿਹਾ ਜਨਾਬ, ਮੈਂ ਹੁਣੇ ਹੀ ਇੰਡੀਆ ਲਾਅ ਰੀਪੋਰਟ ਪੜ੍ਹ ਕੇ ਆਇਆ ਹਾਂ, ਜਿਸ ਵਿਚ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਖਾਲਸਤਾਨ ਕਹਿਣਾ ਕੋਈ ਜ਼ੁਰਮ ਨਹੀਂ। ਆਪ ਜੀ ਦਾ ਹੁਕਮ ਹੋਵੇ ਤਾਂ ਬਾਰ ਦੀ ਲਾਇਬਰੇਰੀ ਦੇ ਮੇਜ ਉਤੇ ਹੀ ਪਿਆ ਹੈ, ਮੈਂ ਲਿਆ ਕੇ ਵਿਖਾਵਾਂ। ”ਜਜ ਸਾਹਿਬ ਨੇ ਆਪਣੇ ਰੀਡਰ ਨੂੰ ਕਿਹਾ ”ਚੌਧਰੀ ਸਾਹਿਬ ਤੁਸੀਂ ਲਿਆਓ।” ਚੌਧਰੀ ਗਿਆ ਤੇ ਦੋ ਤਿੰਨ ਮਿੰਟ ਵਿਚ ਹੀ ਕਿਤਾਬ ਲੈ ਆਇਆ। ਵਕੀਲ ਨੇ ਅਗੋ ਹੋ ਕੇ ਕਿਤਾਬ ਚੌਧਰੀ ਦੇ ਹਥੋਂ ਫੜੀ ਤੇ ਵਰਕਾ ਲਭ ਕੇ ਕਿਤਾਬ ਜਜ ਅਗੇ ਕਰ ਦਿਤੀ। ”ਬਰੀ, ਨੋਟਿਸ ਟੂ ਪੁਲੀਸ।” ਮੇਰੇ ਕੰਨ ਸ਼ਾਂ ਸ਼ਾਂ ਕਰ ਰਹੇ ਸਨ, ਜਿਵੇਂ ਕੰਨਾਂ ਵਿਚ ਬੀਂਡੇ ਬੋਲਦੇ ਹਨ। ਜਜ ਸਾਹਿਬ ਦੇ ਬਰੀ ਕਹਿਣ ਉਤੇ ਵੀ ਮੈਂ ਕਟਹਿਰੇ ਵਿਚ ਹੀ ਖਲੋਤਾ ਰਿਹਾ, ਜਿਵੇਂ ਸੁਣਿਆ ਹੀ ਨਾ ਹੋਵੇ। ਜਜ ਸਾਹਿਬ ਨੇ ਕਿਹਾ, ”ਤੁਹਾਨੂੰ ਬਰੀ ਕਰ ਦਿਤਾ ਹੈ, ਜਾਓ।”
ਮੈਂ ਜਜ ਸਾਹਿਬ ਦਾ ਧੰਨਵਾਦ ਕਰਕੇ ਬਾਹਰ ਨਿਕਲਿਆ ਤਾਂ ਵਕੀਲਾਂ ਨੇ ਕਿਹਾ ”ਆਓ ਤੁਹਾਨੂੰ ਚਾਹ ਪਿਆਈਏ, ਬਹੁਤ ਵਧੀਆ ਬਹਿਸ ਕੀਤੀ, ਤੁਸੀਂ। ਇਕ ਹੋਰ ਵਕੀਲ ਨੇ ਕਿਹਾ ਵੈਲਡਨ। ਸਾਰਿਆਂ ਨੇ ਆਪਣੇ ਆਪਣੇ ਢੰਗ ਨਾਲ ਪ੍ਰਸੰਸਾ ਜਿਹੀ ਕੀਤੀ। ਚਾਹ ਪੀਂਦਿਆਂ ਇਕ ਵਕੀਲ ਨੇ ਬਾਕੀਆਂ  ਨੂੰ ਸਬੋਧਨ ਕਰਕੇ ਕਿਹਾ, ਇਕ ਗਲ ਹੈ ਜਿਸ ਤਰ੍ਹਾਂ ਇਨ੍ਹਾਂ ਨੇ ਆਪਣਾ ਕੇਸ ਲੜ੍ਹਿਆ ਹੈ, ਇਸ ਤਰ੍ਹਾਂ ਤਾਂ ਇਹਨਾਂ ਦੇ ਵਕੀਲ ਨੇ ਵੀ ਨਹੀਂ ਸੀ ਲੜ੍ਹਨਾ। ਇਕ ਹੋਰ ਨੇ ਕਿਹਾ ਸਭਰਵਾਲ ਦੀ ਬੜੀ ਪੀ ਬੋਲੀ, ਬਹੁਤ ਮਜਾ ਆਇਆ। ਸਤਿਗੁਰੂ ਜਦੋਂ ਮਦਦ ਉਤੇ ਆਵੇ ਤਾਂ ਗੂੰਗਿਆਂ ਨੂੰ ਵੀ ਜਬਾਨ ਬਖਸ਼ ਦੇਂਦਾ ਹੈ। ਇਹ ਮੈਂ ਸੁਣਿਆ ਤਾਂ ਬਹੁਤ ਵਾਰੀ ਸੀ ਪਰ ਮੇਰੇ ਨਾਲ ਵਾਪਰਿਆ ਪਹਿਲੀ ਵਾਰੀ ਸੀ।
ਨੋਟ : ਸਰਕਾਰੀ ਵਕੀਲ ਨੇ ਗਵਾਹ ਗੁਰਦੀਪ ਸਿੰਘ ਬਾਰੇ ਕਿਹਾ ਕਿ ਉਹ ਵੀ ਮੌਕੇ ਉਤੇ ਸਨ, ਮੈਂ ਕਿਹਾ ਜੀ ਉਹਨਾਂ ਨੂੰ ਤਾਂ ਅਮਰੀਕਾ ਗਿਆ ਨੂੰ ਤਿਨ ਸਾਲ ਹੋ ਗਏ ਨੇ ਅਜੇ ਤਕ ਵਾਪਸ ਨਹੀਂ ਆਏ। ਸਰਕਾਰੀ ਵਕੀਲ ਨੇ ਕਿਹਾ, ”ਤੁਹਾਨੂੰ ਕਿਵੇਂ ਪਤਾ ਹੈ।” ਮੈਂ ਕਿਹਾ ਉਨ੍ਹਾਂ ਦਾ ਵਡਾ ਲੜਕਾ ਅਜੇ ਪਰਸੋਂ ਹੀ ਮੈਨੂੰ ਮਿਲਿਆ ਸੀ। ਮੈਂ ਪੁਛਿਆ ਭਾ ਜੀ ਨਹੀਂ ਆਏ ਤਾਂ ਉਸ ਨੇ ਕਿਹਾ ਅਜੇ ਤਿੰਨ ਕੁ ਮਹੀਨੇ ਹੋਰ ਲਗ ਜਾਣੇ ਹਨ, ਉਨ੍ਹਾਂ ਦੇ ਆਉਣ ਨੂੰ। ਇਸ ਗਲ ਕਰਕੇ ਹੀ ਸ਼ਾਇਦ ਪੁਲੀਸ ਨੂੰ ਝੂਠੇ ਕੇਸ ਨਾ ਬਣਾਉਣ ਦਾ ਨੋਟਿਸ ਸੀ। ਜਜ ਨੇ ਮੈਨੂੰ ਬਰੀ ਕਰਨ ਤੋਂ ਪਹਿਲਾਂ ਥਾਣੇਦਾਰ ਗੁਰਦੀਪ ਸਿੰਘ ਨੂੰ ਇਹ ਕਹਿ ਕੇ ਝਾੜ ਪਾਈ ਕਿ ਪੁਲੀਸ ਦਾ ਕੰਮ ਇਸ ਤਰ੍ਹਾਂ ਦੇ ਕੇਸ ਬਣਾ ਕੇ ਵਿਚਾਰੇ ਪੜ੍ਹੇ ਲਿਖੇ ਲੋਕਾਂ ਨੂੰ ਪਰੇÎਸ਼ਾਨ ਕਰਨਾ ਹੀ ਰਹਿ ਗਿਆ ਹੈ?
*****

Leave a Reply

Your email address will not be published. Required fields are marked *