ਪ੍ਰੋ. ਪਿਆਰਾ ਸਿੰਘ ਪਦਮ’

ਸਿਖ ਇਤਿਹਾਸਕ ਖੋਜ ਦੇ ਬਾਨੀ ਸ. ਕਰਮ ਸਿੰਘ ਹਿਸਟੋਰੀਅਨ ਨੇ ਸ. ਰਤਨ ਸਿੰਘ ਨੂੰ ਸ਼ਰਧਾਂਜਲੀ ਅਰਪਣ ਕਰਦਿਆਂ ਲਿਖਿਆ ਹੈ, ”ਮੈਂ ਹਥ ਚੁੰਮ ਲਵਾਂ ਉਸ ਸਰਦਾਰ ਦਾ, ਜਿਸ ਨੇ ‘ਪੰਥ ਪ੍ਰਕਾਸ਼’ ਲਿਖਿਆ। ਮੈਂ ਸਚ ਕਹਿਦਾ ਹਾਂ ਕਿ ਜੇ ਇਹ ਪੰਥ ਪ੍ਰਕਾਸ਼ ਨਾ ਹੁੰਦਾ ਤਾਂ ਅੱਜ ਸਾਡਾ ਇਤਿਹਾਸ ਨਾ ਹੁੰਦਾ।’
ਇਹ ਸ. ਰਤਨ ਸਿੰਘ ਕੌਣ ਸੀ ਅਤੇ ਕਿਸ ਤਰ੍ਹਾਂ ਉਸ ਦੀ ਕਾਇਆ ਤੇ ਰੂਹ ਪੰਥ ਨਾਲ ਇਕ-ਮਿਕ ਸੀ ਅਤੇ ਕਿਵੇਂ ਉਸ ਪੰਥਕ ਪਿਆਰ ਨਾਲ ਛਲਕਦੀ ਆਤਮਾ ਵਿਚੋਂ ‘ਪੰਥ ਪ੍ਰਕਾਸ਼’ ਉਜਾਗਰ ਹੋਇਆ, ਇਸ ਦਾ ਪਿਛੋਕੜ ਜਾਣਨਾ ਬਹੁਤ ਜ਼ਰੂਰੀ ਹੈ। ਦਾਦਕਿਆਂ ਤੇ ਨਾਨਕਿਆਂ ਦੋਹਾਂ ਵਲੋਂ ਉਸ ਦਾ ਵਿਰਸਾ ਸ਼ਾਨਦਾਰ ਸੀ। ਉਹ ਸ. ਮਹਿਤਾਬ ਸਿੰਘ ਮੀਰਾਂ ਕੋਟੀਏ ਦਾ ਪੋਤਰਾ, ਸ. ਰਾਇ ਸਿੰਘ ਦਾ ਪੁਤਰ ਤੇ ਸ. ਸ਼ਾਮ ਸਿੰਘ ਦਾ ਦੋਹਤਰਾ ਸੀ। ਬੁਢਾ ਦਲ ਦਾ ਬਜ਼ੁਰਗ ਜਥੇਦਾਰ ਸ. ਸ਼ਾਮ ਸਿੰਘ ਨਾਰਲੇ ਦਾ ਸੰਧੂ ਜਟ ਸੀ, ਜਿਸ ਭਾਈ ਮਸਤਾਨ ਸਿੰਘ ਤੋਂ ਪਾਹੁਲ ਲਈ ਸੀ। ਇਹ ਮਸਤਾਨ ਸਿੰਘ ਦਸ਼ਮੇਸ ਜੀ ਦਾ ਹਜੂਰੀ ਸਿਖ ਸੀ, ਜਿਸ ਨੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਪਾਨ ਕੀਤਾ ਸੀ ਤੇ ਇਹ ਬੰਦਾ ਬਹਾਦਰ ਦੀ ਫੌਜ ਵਿਚ ਫੌਜਦਾਰ ਬਣ ਕੇ ਆਇਆ ਸੀ। ਇਸ ਤੋਂ ਬਾਅਦ ਸ. ਸ਼ਾਮ ਸਿੰਘ ਨੇ ਜਥੇ ਦੀ ਵਾਗਡੋਰ ਸੰਭਾਲੀ। ਸ. ਸ਼ਾਮ ਸਿੰਘ ਨੇ ਸੁਖਾ ਸਿਘ ਮਾੜੀ ਕੰਬੋਕੀ ਨੂੰ ਆਪਣਾ ਮੁਖਤਯਾਰ ਥਾਪਿਆ। ਜਦੋ ਉਹ ਗਿਲਜਿਆਂ ਨਾਲ ਲੜਦਾ ਸ਼ਹੀਦ ਹੋ ਗਿਆ ਤਾਂ ਕਰਮ ਸਿੰਘ ਪੰਜ ਗੜ੍ਹੀਆ ਨੀਯਤ ਹੋਇਆ, ਫਿਰ ਕ੍ਰੋੜਾ ਸਿੰਘ ਮੋਹੀ ਬਣਿਆ ਤੇ ਇਸ ਦੇ ਨਾਂ ਉਤੇ ‘ਮਿਸਲ ਕ੍ਰੋੜੀਆ’ ਪ੍ਰਸਿਧ ਹੋਈ। ਸ. ਬਘੇਲ ਸਿੰਘ ਧਾਲੀਵਾਲ (ਝਬਾਲ) ਇਸ ਦਾ ਸਵਾਰ ਸੀ, ਜਿਸ ਦਾ ਪੰਥ ਵਿਚ ਬਹੁਤ ਦਬਦਬਾ ਹੋਇਆ। ਇਹ ਸਾਰੇ ਸੂਰਬੀਰ ਸ. ਸ਼ਾਮ ਸਿੰਘ ਦੇ ਸੇਵਕ ਸਨ। ਅੰਮ੍ਰਿਤਸਰ ਇਸ ਦੇ ਤਿਨ ਬੁੰਗੇ ਸਨ। ਇਕ ਇਸ ਦੇ ਆਪਣੇ ਪਾਸ ਰਖਿਆ ਤੇ ਦੋ ਬੁੰਗੇ ਆਪਣੇ ਸਰਦਾਰਾਂ ਨੂੰ ਦਿਤੇ ਹੋਏ ਸਨ। ਇਕ ਸ. ਬਘੇਲ ਸਿਘ ਨੂੰ, ਦੂਜਾ ਸ. ਬਿਹਾਰਾ ਸਿੰਘ ਛਿਦਨੀਵਾਲ ਨੂੰ। ਵਿਚਕਾਰਲੇ ਵਿਚ ਬਜ਼ੁਰਗ ਸਰਦਾਰ ਆਪ ਰਹਿਦੰਾ ਸੀ ਤੇ ਇਸੇ ਬੁੰਗੇ ਵਿਚ ਬਹਿ ਕੇ ਸ. ਰਤਨ ਸਿੰਘ ਨੇ ਇਹ ‘ਗੁਰੂ ਪੰਥ ਪ੍ਰਕਾਸ਼’ ਲਿਖਿਆ।
ਖੁਦ ਲੇਖਕ ਕਹਿਦਾ ਹੈ :
‘ਗੁਰ ਪੰਥ ਪ੍ਰਕਾਸ਼’ ਭਯੋ ਯਹ ਪੂਨਣ, ਜਿਮ ਪੰਥ ਭਯੋ ਤਿਮਹੀ ਲਿਖ ਦੀਨਾ।
ਜੋ ਯਾ ਸੁਨ ਕੈ ਰਣ ਮੈਂ ਲੜ ਹੈ, ਨਹੀ ਭਾਜ ਸਕੈ ਵਹ ਬੁਧਿ ਪ੍ਰਬੀਨਾ।
ਅੰਤ ਕੀ ਬਰੇ ਜੁ ਪ੍ਰਾਣ ਤਜੈ, ਤਉ ਜਾਇ ਮਿਲੈ ਸੁ ਸ਼ਹੀਦਨ ਜੀਨਾ।
ਸ਼ਹੀਦਨ ਮੇਂ ਵਹ ਇਉਂ ਮਿਲ ਹੈ, ਜੈਸੇ ਅੰਭ ਮੇਂ ਜਾਇ ਕੇ ਅੰਭ ਮਿਲੀਨਾ। 10।
‘ਸਯਾਮ ਸਿੰਘ ਕੋ ਦੋਹਤਰੋ, ਰਤਨ ਸਿੰਘ ਜਿਸ ਨਾਮ।
ਸ੍ਰੀ ਸੁਧਾਸਰ ਢਿਗ ਜਿਸੇ, ਮੀਰਾਂ ਕੋਟ ਗਿਰਾਮ। ੪।
ਸ.  ਰਤਨ ਸਿੰਘ ਦਾ ਦਾਦਾ ਮਹਿਤਾਬ ਸਿੰਘ ਮੀਰਾਂ ਕੋਟੀਆ ਆਪਣੇ ਜ਼ਮਾਨੇ ਦਾ ਮੰਨਿਆ ਦੰਨਿਆ ਸਰੂਮਾ ਸੀ, ਜਿਸ ਨੇ ਸੁਖਾ ਸਿੰਘ ਨੂੰ ਨਾਲ ਲੈ ਕੇ ਦੁਸ਼ਟ ਮਸੇ ਰੰਘੜ ਦਾ ਸਿਰ ਵਢਿਆ ਸੀ ਅਤੇ ਫਿਰ ਚਰਖੜੀ ਚੜ੍ਹ ਕੇ ਲਾਹੌਰ ਸ਼ਹੀਦੀ ਪਾਈ ਸੀ। ਇਸ ਦਾ ਪੁਤਰ ਰਾਇ ਸਿੰਘ ਅਜੇ ਛੋਟਾ ਬਾਲਕ ਸੀ, ਜਿਸ ਨੂੰ ਮਹਿਤਾਬ ਸਿੰਘ ਆਪਣੇ ਮਿਤਰ, ਭਾਈ ਨਥੇ ਖਹਿਰੇ ਚੌਧਰੀ ਦੇ ਹਵਾਲੇ ਕਰਕੇ ਆਪ ਜੰਗਲਾਂ ਵਿਚ ਚਲਾ ਗਿਆ ਸੀ। ਸ਼ਾਹੀ ਫ਼ੌਜ ਤੇ ਮਸੇ ਦੇ ਭਰਾਵਾਂ ਰਲ ਕੇ ਚੌਧ੍ਰੀ ਨਥੇ ਨੂੰ ਮਾਰਿਆ ਤੇ ਬਾਲਕ ਰਾਇ ਸਿੰਘ ਨੂੰ ਬੁਰੀ ਤਰ੍ਹਾਂ ਘਾਇਲ ਕੀਤਾ। ਭਾਗਾਂ ਦੀ ਗਲ ਕਿ ਰਾਇ ਸਿੰਘ ਦੀ ਸ਼ਾਹਰਗ ਉਤੇ ਚੋਟ ਨਹੀਂ ਸੀ ਆਈ, ਬਾਕੀ ਗਲ ਤੇ ਮੋਢਾ ਤਲਵਾਰ ਨਾਲ ਕਟਿਆ ਹੋਇਆ ਸੀ। ਸਿਸਕਦੇ ਬਾਲਕ ਨੂੰ ਕੋਈ ਸੁਆਣੀ ਚੁਕ ਲਿਆਈ ਤੇ ਉਸ ਦਾ ਦਾਰੂ ਦਰਮਲ ਕੀਤਾ ਤੇ ਪਿਛੋਂ ਆਪਣੇ ਮਿਤਰ ਦੇ ਪੁਤਰ ਨੂੰ ਸ. ਸੁਖਾ ਸਿੰਘ ਮਾਲਵੇ ਵਿਚ ਲਿਆ ਕੇ ਪਾਲਦਾ ਰਿਹਾ।
ਇਸੇ ਤਰ੍ਹਾਂ ਸ. ਰਤਨ ਸਿੰਘ ਦਾ ਤਾਇਆ ਸ. ਲਧਾ ਸਿੰਘ ਪ੍ਰਦੇਸਾਂ ਵਿਚ ਘੁੰਮ ਫਿਰ ਕੇ ਔਖੇ ਦਿਨ ਕਟਦਾ ਰਿਹਾ। ਜੇ ਇਕ ਵੇਰ ਮੀਰਾਂ ਕੋਟ ਆਇਆ ਤਾਂ ਗਸ਼ਤੀ ਫੌਜ ਆ ਪਈ ਤੇ ਇਹ ਦੋ ਸਾਥੀਆਂ ਸਮੇਤ ਬਾਹਰ ਕਿਤੇ ਬਘਿਆੜ ਦੀ ਖਡ ਵਿਚ ਲੁਕ ਕੇ ਬਚਿਆ। ਦੁਸ਼ਮਣਾਂ ਖਡ ਨੂੰ ਅਗ ਲਾਈ ਧੂੰਆਂ ਕੀਤਾ ਪਰ ਜਿਸ ਦਾ ਰਾਖਾ ਰਬ ਹੋਵੇ ਉਸ ਨੂੰ ਕੌਣ ਮਾਰ ਸਕਦਾ ਹੈ। ਰਤਨ ਸਿੰਘ ਦੀ ਮਾਤਾ ਤੇ ਦਾਦੀ ਮੀਰ ਮਨੂ ਦੇ ਸ਼ਿਕਾਰ ਸਮੇਂ ਪਿੰਡ ਪੰਡੋਰੀ ਦਾਦੂ ਰਾਮ ਦੇ ਡੇਰੇ ਵੈਸ਼ਣਵ ਲਿਬਾਸ ਪਾ ਕੇ ਰਹਿੰਦੀਆਂ ਸਨ। ਜਦੋਂ ਸਰਕਾਰ ਨੂੰ ਇਤਲਾਹ ਮਿਲੀ ਤਾਂ ਦਾਦੂ ਰਾਮ ਦੇ ਪੋਤਰੇ ਨੂੰ ਖੂਨੀ ਹਾਥੀ ਦੇ ਮੂਹਰੇ ਸੁਟਿਆ ਗਿਆ। ਪਰ ਹਾਥੀ ਉਸ ਜ਼ਮਾਨੇ ਦੇ ਹਾਕਮਾਂ ਨਾਲੋਂ ਵਧੇਰੇ ਸੁਸ਼ੀਲ ਸੀ। ਉਸ ਨੇ ਮਾਸਮੂ ਬਾਲ ਉਤੇ ਪੈਰ ਨਹੀਂ ਰਖਿਆ। ਵਡੇ ਘਲੂਘਾਰੇ ਦੇ ਯੁਧ ਸਮੇਂ ਰਤਨ ਸਿੰਘ ਦਾ ਪਿਤਾ ਤੇ ਚਾਚਾ ਦੋਵੇਂ ਨਾਲ ਸਨ। ‘ਪਿਤਾ ਚਾਚਾ ਦੁਇ ਹਮ ਸੇ ਸਾਥ ਉਨ ਤੇ ਸੁਨ ਹਮ ਆਖੀ ਬਾਤ।’ ਜਦੋਂ ਅਗਲੇ ਸਾਲ 1763 ਈਸਵੀ ਵਿਚ ਸਿੰÎਘਾਂ ਜ਼ੈਨ ਖਾਂ ਹਾਕਮ ਸਰਹੰਦ ਨੂੰ ਮਾਰਿਆ ਤਾਂ ਸ. ਰਾਇ ਸਿੰਘ ਇਸ ਮੁਹਿੰਮ ਵਿਚ ਸ਼ਾਮਿਲ ਸੀ।
ਸੋ ਰਤਨ ਸਿੰਘ ਭੰਗੂ ਸ਼ਹੀਦਾਂ ਦੀ ਅੰਸ਼ ਬੰਸ ਸੀ ਤੇ ਉਹ ਅਠਾਰਵੀਂ ਸਦੀ ਦੇ ਅਧ ਵਿਚ ਉਦੋਂ ਜੰਮਿਆਂ ਜਦੋਂ ਸਿਖ ਸੰਗਰਾਮ ਸਿਖਰ ਉਤੇ ਸੀ। ਉਸ ਦੇ ਨਾਨੇ, ਬਾਬੇ, ਚਾਚੇ, ਤਾਏ ਅਤੇ ਪਿਤਾ ਨੇ ਇਸ ਸੰਗਰਾਮ ਵਿਚ ਢੇਰ ਹਿਸਾ ਪਾਇਆ ਸੀ। ਉਸ ਨੇ ਬਚਪਨ ਤੋਂ ਹੀ ਇਨ੍ਹਾਂ ਬਜ਼ੁਰਗਾਂ ਦਿਆਂ ਸਾਥੀਆਂ ਅਤੇ ਆਪਣੇ ਪਿਤਾ ਤੋਂ ਪੰਥਕ ਸਰਗਰਮੀਆਂ ਦੇ ਪ੍ਰਸੰਗ ਸੁਣੇ ਸਨ। ਸਿਖ ਮਿਸਲਾਂ ਤੇ ਮਹਾਰਾਜਾ ਰਣਜੀਤ ਸਿੰਘ ਦਾ ਸੰਪੂਰਨ ਰਾਜ ਅੱਖੀਂ ਵੇਖਿਆ ਸੀ। 1846 ਵਿਚ ਜਦੋਂ ਉਸ ਸਰੀਰ ਤਿਆਗਿਆ ਤਾਂ ਸਿਖ ਸਤਾ ਰਾਜ ਭਾਗ ਤਿਆਗਣ ਉਤੇ ਆਈ ਹੋਈ ਸੀ। ਇਸੇ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਸ. ਰਤਨ ਸਿੰਘ ਦਾ ਇਤਿਹਾਸਕ ਗਿਆਨ ਤੇ ਪੰਥਕ ਹਸਤੀ ਦਾ ਅਨੁਭਵ ਆਪਣੀ ਮਿਸਾਲ ਆਪ ਸੀ।
ਸਾਡੇ ਦੇਸ ਦੀ ਪੁਰਾਤਨ ਪਰੰਪਰਾ ਵਿਚ ਵਧੇਰੇ ਵਿਸ਼ੇਸ਼ ਵਿਅਕਤੀਆਂ ਦੇ ਇਤਿਹਾਸ ਜਾਂ ਮਹਾਂ ਕਾਵਿ ਲਿਖੇ ਜਾਂਦੇ ਹਨ। ਲੇਕਿਨ ਕਿਸੇ ਲਹਿਰ ਦਾ ਇਤਿਹਾਸ ਕਲਮਬੰਦ ਕਰਨਾ ਕਿਸੇ ਵਿਰਲੇ ਦੇ ਹੀ ਹਿਸੇ ਆਇਆ ਹੈ। ਏਸ ਪਖੋਂ ਵੀ ਰਤਨ ਸਿੰਘ ਦੀ ਕਾਬਲੀਅਤ ਮਨਣਯੋਗ ਹੈ ਕਿ ਉਸ ਨੇ ਅਠਾਰਵੀਂ ਸਦੀ ਦੀ ਸਾਰੀ ਸਿਖ ਜਦੋਂਜਹਿਦ ਨੂੰ ਇਸ ਤਰ੍ਹਾਂ ਇਕ ਥਾਂ ਗੁੰਦ ਦਿਤਾ ਹੈ ਕਿ ਇਹ ਇਕੋ ਦਾਮਨਿਕ ਹਸਤੀ ਦਾ ਪ੍ਰਕਾਸ਼ ਲਗਦੀ ਹੈ। ਫਿਰ ਇਸ ਸਾਰੀ ਪ੍ਰਸਗਾਵਲੀ ਨੂੰ ਐਸੀ ਖੁਲ੍ਹੀ ਜ਼ੁਬਾਨ ਤੇ ਠੁਲ੍ਹੀ ਸ਼ੈਲੀ ਵਿਚ ਬਿਆਨ ਕੀਤਾ ਹੈ ਕਿ ਇਸ ਤੋਂ ਪੰਥ ਦੀ ਸਮੁਚੀ ਰੂਪ ਰੇਖਾ ਉਜਾਗਰ ਹੁੰਦੀ ਦਿਸਦੀ ਹੈ। ਇਉਂ ਲਗਦਾ ਹੈ ਕਿ ਰਤਨ ਸਿੰਘ ਦੀ ਰੂਹ ਪੰਥ ਨਾਲ ਅਭੇਦ ਹੋਣ ਕਰਕੇ ਉਸ ਦੇ ਅੰਗ-ਸੰਗ ਤੋਂ ਪ੍ਰੀਚਤ ਸੀ ਤੇ ਉਸ ਦਾ ਖਾਕਾ ਖਿਚਣਾ ਉਸ ਦੇ ਲਈ ਔਖਾ ਨਹੀਂ ਸੀ। ਪਰ ਇਹ ਤਸਵੀਰ ਉਸ ਨੇ ਕਦੋਂ ਉਲੀਕੀ, ਇਹ ਪੰਥ ਪ੍ਰਕਾਸ਼ ਕਦੋਂ ਲਿਖਿਆ? ਜਦੋਂ ਉਨੀਵੀਂ ਸਦੀ ਦੇ ਮੁਢ ਵਿਚ ਅੰਗਰੇਜ਼ ਲੁਧਿਆਣੇ ਆ ਗਏ ਤੇ ਜਾਣਨ ਦੀ ਕੋਸ਼ਿਸ਼ ਕਰਨ ਲਗੇ ਕਿ ਇਹ ਪੰਥ ਕੀ ਸ਼ੈਅ ਹੈ ਤੇ ਇਸ ਦੀ ਸ਼ਕਤੀ ਨੂੰ ਕਿਵੇਂ ਠਲ੍ਹ ਪਾਈ ਜਾ ਸਕਦੀ ਹੈ। ਇਸ ਮੰਤਵ ਲਈ ਉਨ੍ਹਾਂ ਮੌਲਵੀ ਗੁਲਾਮ ਮੁਹਯੁਦੀਨ ਉਰਫ ਬੂਟੇ ਸ਼ਾਹ ਤੋਂ ‘ਤ੍ਵਾਰੀਖ  ਪੰਜਾਬ’ ਲਿਖਵਾਉਣੀ ਸ਼ੁਰੂ ਕਰਵਾਈ। ਸ. ਰਤਨ ਸਿੰਘ, ਕੈਪਟਨ ਮਰੇ ਦਾ ਦੋਸਤ ਬਣ ਗਿਆ ਸੀ। ਉਸ ਨੇ ਮਰੇ ਸਾਹਿਬ ਨੂੰ ਸਾਫ ਕਿਹਾ ਕਿ ਚੂਕਿ ਸਿਖਾਂ ਮੁਸਲਮਾਨਾਂ ਦੇ ਸੰਬੰਧ ਚੰਗੇ ਨਹੀਂ ਰਹੇ ਇਸ ਕਰਕੇ ਮੌਲਵੀ, ਸਿਖ ਪੰਥ ਦਾ ਇਤਿਹਾਸ ਨਹੀਂ ਲਿਖ ਸਕਦਾ। ਅੰਗਰੇਜ਼ਾਂ ਨੇ ਦਿੱਲੀ ਦੇ ਪਾਤਸ਼ਾਹ ਤੋਂ ਵੀ ਇਹ ਸਵਾਲ ਪੁਛਿਆ ਸੀ ਕਿ ਪੰਥ ਕੀ ਚੀਜ਼ ਹੈ, ਇਨ੍ਹਾਂ ਨੂੰ ਮੁਲਕ ਕਿਸਨੇ ਦਿਤਾ ਹੈ, ਇਨ੍ਹਾਂ ਕਿਹੜਾ ਵੈਰੀ ਫਤਿਹ ਕੀਤਾ ਹੈ ਤੇ ਕਿਸ ਬਾਦਸ਼ਾਹ ਨੇ ਇਨ੍ਹਾਂ ਨੂੰ ਪਟਾ ਲਿਖ ਕੇ ਦਿਤਾ ਹੈ।
ਪਾਤਸ਼ਾਹ ਦਾ ਜਵਾਬ ਸੀ ਕਿ ਇਨ੍ਹਾਂ ਨੂੰ ਕਿਸੇ ਪੜਾ ਪਟਾ ਲਿਖ ਕੇ ਨਹੀਂ ਦਿਤਾ ਤੇ ਨਾ ਹੀ ਇਨ੍ਹਾਂ ਕੋਈ ਵਡਾ ਕੰਮ ਸਵਾਰਿਆ ਹੈ, ਇਹ ਤਾਂ ਵਿਗੜੀ ਹੋਈ ਰੱਯਤ ਹੈ। ਜਦੋਂ ਅੰਗਰੇਜ਼ ਤੋਂ ਰਤਨ ਸਿੰਘ ਨੇ ਇਹ ਗਲ ਸੁਣੀ ਤਾਂ ਉਸ ਨੂੰ ਬਹੁਤ ਦੁਖ ਹੋਇਆ। ਉਸ ਨੇ ਕਿਹਾ ਮੁਗਲਾਂ ਪਾਸ ਬਾਈ ਸੂਬੇ ਸਨ ਤੇ ਏਨਾ ਲਸ਼ਕਰ ਤੇ ਖਜ਼ਾਨਾ, ਇਹ ਸਭ ਰਯਤ ਨੇ ਕਿਵੇਂ ਤਹਿਸ-ਨਹਿਸ ਕਰ ਦਿਤਾ, ਇਹ ਜ਼ਰਾ ਸੋਚਣ ਵਾਲੀ ਗੱਲ ਹੈ —
ਕਿਮ ਕਰਿ ਜਟਨ, ਸ਼ਾਹ ਸੂਬੇ ਮਾਰੇ। ਸ਼ਾਹ ਰਯਤਿ ਤੇ ਕਿਮ ਕਰਿ ਹਾਰੇ।
ਬਾਈ ਸੂਬੇ ਮੁਗਲਨ ਪਾਹਿ। ਕਈ ਜਾਜ਼ੀਰੈ ਸਾਮੁੰਦ੍ਰ ਮਾਹਿ£ ੧੩।
ਸ਼ਾਰੀ ਹਿੰਦ ਚੁਗਤਨ ਪਾਸ। ਕੌਨ ਗਜ਼ਬ ਕਰਿਏ ਭਏ ਨਾਸ।
ਰਯਤ ਛੇਲੀ ਹਾਕਮ ਸ਼ੇਰ। ਹਾਕਮ ਬਾਜ਼ ਔ ਰਯਤ ਬਟੇਰ। ੧੪।
ਦੋਹਰਾ-ਛੇਲਿਯਨ ਮਾਰੇ ਸ਼ੇਰ ਕਿਮ, ਕਿਮ ਬਟੇਰਨ ਮਾਰੇ ਬਾਜ।
ਹਾਕਮ ਮਾਰੇ ਰਯਤੈਂ, ਯਹ ਕਰਮਾਤਹਿ ਕਾਜ।੧੫।
ਫਿਰ ਅਹਿਮਦ ਸ਼ਾਹ ਨੇ ਪਜਾਬ ਦਾ ਕਾਫੀ ਹਿਸਾ ਦਬ ਲਿਆ। ਉਸ ਦੇ ਪੁਤਰ ਪੋਤਰੇ ਹਮਲਾਵਰ ਹੁੰਦੇ ਰਹੇ ਲੇਕਿਨ ਖਾਲਸੇ ਨੇ ਉਨ੍ਹਾਂ ਨੂੰ ਵੀ ਇਥੋਂ ਮਾਰ ਮਾਰ ਕਢਿਆ। ਕੀ ਰਯਤ ਇਹ ਕੁਝ ਕਰ ਸਕਦੀ ਹੈ? ਸੋ ਮੁਗਲ ਪਾਤਸ਼ਾਹ ਨੇ ਖਾਲਸੇ ਨੂੰ ‘ਰਯਤ’ ਦਸ ਕੇ ਕੇਵਲ ਛੁਟਿਆਉਣ ਦੀ ਕੋਸ਼ਿਸ਼ ਕੀਤੀ ਹੈ, ਇਹ ਹਕੀਕਤ ਨਹੀਂ, ਇਹ ਪੰਥ ਤਾਂ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਜੋ ਜਬਰ ਨਾਲ ਜੂਝ ਕੇ ਵਿਜੈ ਪਾਉਂਦਾ ਆਇਆ ਹੈ।
ਰਤਨ ਸਿੰਘ ਕਹਿੰਦਾ ਹੈ —
ਪੰਥ ਆਦਿ ਤੇ ਘੁਲਤੋ ਆਯੋ। ਦੁਸ਼ਟ ਪਾਤਸਾਹੈ ‘ਰਯਤ’ ਸੁਨਾਯੋ। ੨੭।
ਫਿਰ ਕੈਪਟਨ ਮਰੇ ਨੇ ਸਵਾਲ ਕੀਤਾ ਕਿ ਖਾਲਸੇ ਨੂੰ ਪਾਤਸ਼ਾਹੀ ਕਿਸ ਨੇ ਦਿਤੀ ਹੈ ਤਾਂ ਸਰਦਾਰ ਨੇ ਜੋ ਜਵਾਬ ਦਿਤਾ, ਉਹ ਸਿੰਘਾਂ ਦੇ ਨਿਸਚੇ ਨੂੰ ਪ੍ਰਗਟ ਕਰਦਾ ਹੈ ਤੇ ਉਹ ਸੁਣਨ ਲਾਇਕ ਹੈ —
ਤਿਸੈ ਬਾਤ ਮੈ ਐਸੇ ਕਹੀ। ਸਿੰਘਨ ਪਾਤਸ਼ਾਹੀ ਸ਼ਾਹ ਸਚੇ ਦਈ।
ਮਰੇ ਕਹਯੋ ਸ਼ਾਹ ਸਚੇ ਕੋਇ। ਅਸਾਂ ਕਹਯਾ ਸ਼ਾਹ ਨਾਨਕ ਜੋਇ। ੩੪।
ਮਰੇ ਕਹਯੋ ਭਯੋ ਨਾਨਕ ਫਕੀਰ। ਉਨ ਸ਼ਾਹੀ ਕੀ ਕਯਾ ਤਤਬੀਰ।
ਹਮੈ ਕਹਯੋ ਵਹ ਸ਼ਹਿਨਸ਼ਾਹ। ਦੀਨ ਦੁਨੀ ਸਚੇ ਪਾਤਸ਼ਾਹ। ੩੪।
ਕਈ ਸ਼ਾਹ ਤਿਨ ਕੀਯੇ ਫਕੀਰ। ਕਈ ਫਕੀਰ ਕਰ ਦੀਨੇ ਪੀਰ।
ਰਹਯੋ ਆਪ ਹੁਇ ਬੇਪਰਵਾਹੁ। ਯੋ ਨਾਨਕ ਭਯੋ ਸ਼ਹਿਨਸ਼ਾਹ। ੩੬।
ਜਿਨ ਸ਼ਾਹ ਨਾਨਕ ਚਰਨ ਪਰਸਾਏ। ਤਿਨ ਮੈਂ ਸ਼ਕਤਿ ਇਤੀ ਭਈ ਆਏ।
ਚਿੜੀਅਨ ਤੇ ਉਨ ਬਾਜ਼ ਕੁਹਾਏ। ਛੈਲਿਯਨ ਕੋਲੋਂ ਸ਼ੇਰ ਤੁੜਾਏ। ੩੭। (ਪੰਨਾ ੨੧)
ਸੋ ਪੰਥ ਨਾ ਤਾਂ ਇਕ ਵਿਚਾਰਧਾਰਾ ਮਾਤਰ ਹੈ ਤੇ ਨਾ ਹੀ ਕੋਈ ਫਿਰਕਾ ਜਾਂ ਸੰਪਰਦਾ। ਇਹ ਤਾਂ ਸੰਤ ਸਿਪਾਹੀ ਕਰਮਯੋਗੀਆਂ ਦੀ ਸਰਬੋਤਮ ਸੰਸਥਾ ਹੈ ਜੋ ਜਬਰ ਨਾਲ ਜੂਝ ਕੇ ਲੋਕ ਭਲਾਈ ਹਿਤ ਸਦਾ ਕਰਮਸ਼ੀਲ ਰਹਿੰਦੀ ਹੈ। ਇਹ ਜਿਉਂਦੀ ਜਾਗਦੀ ਅਬਚਲੀ ਜੋਤਿ ਹੈ, ਜਿਸ ਨੂੰ ਇਕ ਵਿਦਵਾਨ ਨੇ ਅਕਾਲ ਪੁਰਖ ਦੀ ਮੌਜ ਤੇ ਫੌਜ ਕਹਿ ਕੇ ‘ਇਲਾਹੀ ਜਮਾਲ ਤੇ ਜਲਾਲ ਦਾ ਸੰਗਮ’ ਕਿਹਾ ਹੈ। ਜਮਾਲ ਸਰਬਤ ਦਾ ਭਲਾਕਾਰ ਹੈ ਤੇ ਜਲਾਲ ਦੁਸ਼ਟਤਾਈ ਦਾ ਖੈ ਕਰਨਹਾਰ। ਇਹ ਪੰਥਕ ਕਰਮਯੋਗੀ ਅਠਾਰਵੀਂ ਸਦੀ ਦੇ ਲੰਮੇ ਸੰਗਰਾਮ ਵਿਚ ਜਿਸ ਭਾਂਤ ਉਘੜਿਆ ਹੈ, ਉਹੋ ਜੇਹਾ ਰੂਪ ਹੋਰ ਕਿਤੇ ਨਹੀਂ ਮਿਲਦਾ। ਇਕ-ਇਕ ਸਿੰਘ ਸਵਾ ਲਖ ਬਣ ਕੇ ਲੜਦਾ ਹੈ। ਇਕ ਪਾਸੇ ਦਿਲੀ ਦਾ ਮਗਰੂਰ ਮੁਗਲ ਹੈ, ਦੂਜੇ ਪਾਸੇ ਕਾਬਲ ਦਾ ਕਰੂਰ ਸ਼ਿਕਾਰੀ। ਇਹ ਦੋ ਪੁੜਾਂ ਵਿਚ ਪਿਸ ਕੇ ਫਿਰ ਖਾਲਸਾ ਪੰਥ ਦਾ ਬਰਕਰਾਰ ਰਹਿਣਾ ਤੇ ਸਰਬਕਲਾ ਸਮਰਥ ਹੋ ਕੇ ਪੰਜਾਬ ਨੂੰ ਆਜਾਦ ਕਰਨਾ ਕਿਸੇ ਕਰਾਮਾਤ ਤੋਂ ਘਟ ਨਹੀਂ।
ਸ. ਰਤਨ ਸਿੰਘ ਨੇ ਇਸੇ ਇਤਿਹਾਸ ਨੂੰ ਕਲਮਬੰਦ ਕੀਤਾ ਹੈ ਕਿ ਕਿਵੇਂ ਖਾਲਸਾ ਪੰਥ ਜਾਬਰ ਜਰਵਾਣਿਆਂ ਨਾਲ ਟਾਕਰੇ ਲੈਂਦਾ ਲੈਂਦਾ ਅੰਤ ਕਾਯਮਾਬ ਹੋਇਆ। ਆਖਰ ਇਨ੍ਹਾਂ ਸਿੰਘਾਂ ਦੇ ਕੀ ਗੁਣ ਸਨ, ਉਹ ਕੀ ਕੀ ਕਰ ਗੁਜ਼ਰਦੇ ਸਨ ਤੇ ਕੀ ਨਹੀਂ ਸਨ ਕਰਦੇ, ਇਨ੍ਹਾਂ ਦੇ ਜੀਵਨ ਤੋਂ ਹੀ ਪੰਥ ਦਾ ਤਸੱਵਰ ਉਘੜਦਾ ਹੈ। ਉਹ ਸਚੇ ਧਰਮਧਾਰੀ ਸਨ, ਸ਼ਸਤ੍ਰਧਾਰੀ ਸਨ, ਪਰਉਪਕਾਰੀ ਤੇ ਸਦਾਚਾਰੀ ਹੁੰਦੇ ਹੋਏ ਫਿਰ ਪਾਤਸ਼ਾਹਚਾਰੀ ਸਨ। ਇਹਨਾਂ ਸਾਰੇ ਗੁਣਾਂ ਦਾ ਗੁਲਦਸਤਾ ਸਿਖ ਪੰਥ ਸੀ।
‘ਗੁਰ ਪੰਥ ਪ੍ਰਕਾਸ਼’ ਤੋਂ ਇਹ ਤਸਵੀਰ ਇਸ ਤਰ੍ਹਾਂ ਉਜਾਗਰ ਹੁੰਦੀ ਹੈ —
ਪਹਿਲੀ ਸ਼ਰਤ ਸਚਾ ਧਰਮੀ ਹੋਣਾ ਹੈ। ਸਿੰਘ ਧਾਰਮਕ ਦ੍ਰਿੜ੍ਹਤਾ ਵਿਚ ਪੂਰੀ ਤਰ੍ਹਾਂ ਪਰਿਪਕ ਹੈ। ਉਹ ਆਪਣਾ ਸੀਸ ਤਾਂ ਦੇ ਦਿੰਦਾ ਹੈ ਪਰ ਸਿਦਕ ਨਹੀਂ ਹਾਰਦਾ। ਦੂਜੇ ਉਹ ਸ਼ਸਤ੍ਰਧਾਰੀ ਹੈ। ਇਹ ਨੀਤੀ ਉਸ ਨਹੀਂ ਅਪਣਾਈ ਕਿ ਸ਼ਾਂਤੀ ਨਾਲ ਸਦਾ ਜਬਰ ਝਲਦੇ ਹੀ ਰਹਿਣਾ ਹੈ, ਸਗੋਂ ਉਸ ਨਵੀਂ ਨੀਤੀ ਬਣਾਈ ਕਿ ਮੁਕਾਬਲੇ ਉਤੇ ਸ਼ਸਤ੍ਰਬਧ ਹੋ ਕੇ ਟਾਕਰੇ ਲਈ ਤਿਆਰ ਬਰ ਤਿਆਰ ਹੋਣਾ ਹੈ। ਤੀਸਰੇ ਸ਼ਸਤ੍ਰਧਾਰੀ ਹੋ ਕੇ ਮੁਗਲਾਂ ਵਾਂਗ ਲੋਕਾਂ ਦਾ ਗਲਾ ਨਹੀਂ ਕਟਣਾ, ਨਿਜ ਸਵਾਰਥ ਲਈ ਸ਼ਕਤੀ ਦਾ ਪ੍ਰਯੋਗ ਨਹੀਂ ਕਰਨਾ, ਬਲਿਕ ਪਰਉਪਾਕਰੀ ਹੋ ਕੇ ਲੋਕਾਂ ਨੂੰ ਸੁਖ ਪੁਚਾਉਣਾ ਹੈ। ਚੌਥੇ ਇਹ ਸਾਰਾ ਕੁਝ ਕਰਦਿਆਂ ਜੋ ਢੰਗ ਵਿਧੀ ਅਪਨਾਉਣੀ ਹੈ, ਉਸ ਵਿਚ ਸਦਾਚਾਰ ਨੂੰ ਮੁਖ ਰਖਣਾ ਹੈ। ਇਹ ਨਹੀਂ ਕਿ ਲੜਾਕੇ ਬਣ ਕੇ ਹਰ ਸਮੇਂ ਲੜਾਈ ਝਗੜਾ ਮੁਲ ਲੈਣਾ ਹੈ, ਬਲਕਿ ਮਨੁਖਤਾ ਦੀਆਂ ਉਚੀਆਂ ਕੀਮਤਾਂ ਸਥਾਪਨ ਵਿਚ ਯੋਗ ਹਿਸਾ ਪਾਉਣਾ ਹੈ। ਪੰਜਵੇਂ, ਪਾਤਸ਼ਾਹੀ ਦਾ ਸੰਕਲਪ ਸਨਮੁਖ ਰਖਣਾ ਹੈ ਤਾਂ ਕਿ ਸਾਰੀ ਦੁਨਿਆਵੀ ਸ਼ਕਤੀ ਲੋਕ-ਭਲਾਈ ਲਈ ਖਰਚੀ ਜਾ ਸਕੇ। ਜੇ ਇਹ ਸ਼ਕਤੀ ਜਰਵਾਣੇ ਹਥਾਂ ਵਿਚ ਰਹੇ ਤਾਂ ਕੋਈ ਧਰਮ ਕਰਮ ਤੇ ਸਦਾਚਾਰ ਪ੍ਰਫੁਲਤ ਹੋਣ ਦੀ ਸੰਭਾਵਨਾ ਨਹੀਂ। ਇਸ ਕਰਕੇ ਖਾਲਸਾ ਪੰਥ ਦੀ ਸਾਰੀ ਸਰਗਰਮੀ ਦਾ ਨਿਸ਼ਾਨਾ ਪਾਤਸ਼ਾਹੀ ਪ੍ਰਾਪਤ ਕਰਨਾ ਸੀ। ਇਸ ਤੋਂ ਬਿਨਾਂ ਜਬਰ ਜ਼ੁਲਮ ਨੂੰ ਠਲ੍ਹ ਨਹੀਂ ਸੀ ਪਾਈ ਜਾ ਸਕਦੀ। ਇਸੇ ਕਰਕੇ ਪੰਥ ਧਰਮੀ ਤੇ ਸਦਾਚਾਰੀ ਹੁੰਦਾ ਹੋਇਆ ਨਾਲ ਨਾਲ ਪਾਤਸ਼ਾਹੀ ਦੀ ਦਾਅਵੇਦਾਰੀ ਦਾ ਦਮਾਮਾ ਵੀ ਨਿਧੜਕ ਹੋ ਕੇ ਵਜਾਉਂਦਾ ਰਿਹਾ ਤੇ ਅੰਤ ਇਸ ਨੂੰ ਸਾਕਾਰ ਕਰਕੇ ਦਮ ਲਿਆ। ਹੁਣ ਅਸੀਂ ਇਨ੍ਹਾਂ ਪੰਜਾਂ ਖੂਬੀਆਂ ਨੂੰ ‘ਗੁਰ ਪੰਥ ਪ੍ਰਕਾਸ਼’ ਵਿਚ ਆਏ ਹਵਾਲਿਆਂ ਨਾਲ ਵਿਚਾਰਨ ਦਾ ਯਤਨ ਕਰਦੇ ਹਾਂ।
1. ਧਾਰਮਿਕ ਦ੍ਰਿੜ੍ਹਤਾ
ਸਿਖ ਪੰਥ ਦੀ ਧਾਰਮਿਕ ਦ੍ਰਿੜ੍ਹਤਾ ਦਾ ਇਤਿਹਾਸ ਅਰਦਾਸ ਵਿਚ ਇਉਂ ਅੰਕਿਤ ਮਿਲਦਾ ਹੈ, ‘ਜਿਨ੍ਹਾਂ ਨਾਮ ਜਪਿਆ, ਵੰਡਛਕਿਆ, ਦੇਗ ਚਲਾਈ, ਤੇਗ ਵਾਹੀ, ਧਰਮ ਦੀ ਖਾਤਰ ਸੀਸ ਦਿਤੇ, ਸੀ ਨਹੀਂ ਕੀਤੀ, ਜਿਹਨਾਂ ਆਰਿਆ ਨਾਲ ਸੀਸ ਚਿਰਾਏ, ਰੰਬੀਆਂ ਨਾਲ ਖੋਪਰੀਆਂ ਲੁਹਾਈਆਂ, ਛਰਖੜੀਆਂ ਉਤੇ ਚੜ੍ਹੇ, ਬੰਦ ਬੰਦ ਕਟਾਏ, ਪਰ ਆਪਣਾ ਧਰਮ ਨਹੀਂ ਹਰਿਆ।’ ਇਹ ਸਾਰਾ ਕੁਝ ਅਠਾਰਵੀਂ ਸਦੀ ਦੇ ਸੰਘਰਸ਼ ਦਾ ਸਾਰੰਸ਼ ਹੈ, ਇਸ ਦਾ ਦਾਰੋਮਦਾਰ ਧਾਰਮਿਕ ਸਿਦਕ ਹੈ। ਪਹਿਲੀ ਵਾਰੀ ਜਦੋਂ ਅਨੰਦਪੁਰ ਸੰਕਟ ਸਮੇਂ ਸਿਖਾਂ ਦੇ ਸਿਦਕ ਦੀ ਪਰਖ ਹੋਈ ਤਾਂ ਉਨ੍ਹਾਂ ਪ੍ਰਤਿਗਿਆ ਕੀਤੀ ਸੀ ਕਿ ਉਹ ਇਸ ਉਤੇ ਦ੍ਰਿੜ ਰਹਿਣਗੇ —
ਕਹਯੋ ਖਾਲਸੇ, ‘ਹਮ ਸਿਦਕ ਸੰਭਾਰੈਂ। ਸੀਸ ਊਪਰਿ ਹਮ ਸਿਦਕ ਨਾ ਹਾਰੈਂ।
ਏਕ ਸੀਸ ਕਯਾ ਸੌ ਸੀਸ ਤਾਈਂ। ਹਮ ਸਿਖੀ ਨਹਿ ਦੇਇ ਗੁਵਾਈ। ੩੭।
ਹਮ ਕੋ ਜਾਵੋ ਜਹਾਂ ਖੜਾਇ। ਜੋ ਲੌ ਸਾਸ ਨ ਚਕੈਂ ਪਾਇ।
ਸ੍ਰੀ ਸਤਿਗੁਰ ਸਿੰਘ ਲਗੇ ਪਿਆਰੇ। ਹੁਇ ਪ੍ਰਸਨੰ ਗੁਰ ਬਚਨ ਉਚਾਰੇ। ੩੮)।
ਧਨ ਖਾਲਸੇ ਧਨ ਪੰਥ ਭੁਯੰਗੀ। ਰਖਯੋ ਬੀਜ ਜਾਣ ਸਿਖੀ ਚੰਗੀ। (ਪੰਨਾ ੪੩)
ਕੈਪਟਨ ਮਰੇ ਨੇ ਪੁਛਿਆ ਕਿ ਬੰਦੇ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੰਘ ਕੀ ਕਰਦੇ ਰਹੇ ਤਾਂ ਸਰਦਾਰ ਦਾ ਜਵਾਬ ਸੀ —
ਤਤ ਖਾਲਸੋ ਜੋ ਹੁਤੇ, ਤਿਨ ਖਾਈ ਛਲਾਈ ਨਾਹਿ
ਨੰਦ ਬੁਖ ਦੁਖ ਸਿਰ ਸਹੈ, ਮਰਨੋ ਨ ਸ਼ੰਕਾਹਿ। ੪। (ਪੰਨਾ ੧੧੨)
ਭਾਈ ਤਾਰੂ ਸਿੰਘ ਨੂੰ ਪਿਡ ਦੇ ਲੋਕ ਛੁਡਾਉਣਾ ਚਾਹੁਦੇ ਸਨ ਤੇ ਇਸ ਖਾਤਰ ਅਹਿਦੀਆਂ ਨੂੰ ਪੈਸੇ ਇਕਠੇ ਕਰਕੇ ਵੀ ਦੇਣ ਨੂੰ ਤਿਆਰ ਸਨ ਪਰ ਤਾਰੂ ਸਿੰਘ ਦੀ ਦ੍ਰਿੜ੍ਹਤਾ ਅਡੋਲ ਸੀ —
ਅਸੀਂ ਨ ਮਰਨੌ ਨਠਨ ਵਾਰੇ। ਅਸੀਂ ਜੁ ਮਰੈਂ ਮੁਗਲ ਦ੍ਵਾਰੇ
ਸਿਖਨ ਕਾਰਨ ਗੁਰ ਸਿਰ ਲਾਏ। ਪੁਤ ਪੋਤ੍ਰੇ ਪਨ ਆਪ ਕੁਹਾਏ। ੩੪।
ਪੰਥ ਬਧਾਵਨ ਖਾਤਰ ਤਾਈੰ। ਇਮ ਅਪਨੀ ਗੁਰ ਕੁਲੀ ਗਵਾਈ।
ਉਸ ਕੇ ਪੰਥੀ ਹਮੈ ਸਦਾਏ। ਹਮ ਮਰਨੈ ਤੇ ਕਿਮ ਨਠ ਜਾਏ (੩੫)
ਇਹੋ ਗਲ ਸ. ਸੁਬੇਗ ਸਿੰਘ ਵਰਗੇ ਪੜ੍ਹੇ ਲਿਖੇ ਨੇ ਕਹੀ ਸੀ। ਕਾਜ਼ੀ ਨੇ ਕਿਹਾ, ‘ਸਿੰਘ ਜੀ! ਆਪਣੇ ਬੱਚੇ ਸ਼ਹਿਬਾਜ਼ ਸਿੰਘ ਨੂੰ ਬਚਾ ਲਓ, ਕੁਲ ਦੀ ਨਿਸ਼ਾਨੀ ਰਹਿ ਜਾਵੇਗੀ ਤਾਂ ਸ. ਸੁਬੇਗ ਸਿੰਘ ਦਾ ਜਵਾਬ ਇਹ ਸੀ —
ਸਿਖਨ ਕਾਜੁ ਸੁ ਗੁਰੂ ਹਮਾਰੇ। ਸੀਸ ਦੀਓ ਨਿਜ ਸਣ ਪਰਿਵਾਰੇ। ੨੭।
ਚਾਰੇ ਪੁਤਰ ਜਾਨ ਕੁਹਾਏ। ਸੋ ਚੰਡੀ ਕੀ ਭੇਟ ਕਰਾਏ।
ਹਮ ਕਾਰਣ ਗੁਰ ਕੁਲਹਿ ਗਵਾਈ। ਹਮ ਕੁਲ ਰਾਖੈ, ਕੌਣ ਵਡਾਈ। ੨੮।
ਸ਼ਹਿਬਾਜ਼ ਸਿੰਘ ਨੂੰ ਕਲਮਾ ਪੜ੍ਹਨ ਲਈ ਕਿਹਾ ਗਿਆ, ਉਸ ਦਾ ਕਥਨ ਸੀ ਕਿ ਅਸੀਂ ਆਪਣਾ ਕਲਮਾ ‘ਸਤਿਨਾਮ, ਵਾਹਿਗੁਰੂ’ ਕਿਉਂ ਛਡੀਏ।
ਤਬ ਲੜਕੇ ਨੇ ਬਚਨ ਉਚਾਰਾ। ਅਪਨਾ ਕਲਮਾ ਹਮੇ ਪਿਆਰਾ।
‘ਸਤਿਨਾਮ ਜੋ ਗੁਰ ਤੇ ਲੀਆ। ‘ਵਾਹਿਗਰੂ’ ਗੁਰ ਕਲਮਾ ਦੀਆ। ੫੩। (ਪੰਨਾ ੨੬੭)
ਇਸ ਤਰ੍ਹਾਂ ਦੀ ਸਖਤੀ ਸਿਖਾਂ ਉਤੇ ਵਰ੍ਹਿਆਂ ਬਧੀ ਹੁੰਦੀ ਰਹੀ। ਕੋਈ ਹੋਰ ਹੁੰਦਾ ਤਾਂ ਖਤਮ ਹੋ ਜਾਂਦਾ ਲੇਕਿਨ ਸਿਘਾਂ ਨੇ ਭਾਂਤ-ਭਾਂਤ ਦੀਆਂ ਮੁਸੀਬਤਾਂ ਝਲ ਕੇ ਵੀ ਸਿਦਕ ਨੂੰ ਕਾਇਮ ਰਖਿਆ। ਉਸ ਵਕਤ ਦੀਆਂ ਵਹਿਸ਼ੀਆਨਾ ਸਜ਼ਾਵਾਂ ਵੀ ਅਜੀਬ ਅਜੀਬ ਸਨ —
ਕਈ ਚਰਖ ਕਈ ਫਾਂਸੇ ਮਾਰੇ। ਕਈ ਤੋਪਨ ਕਈ ਛੁਰੀ ਕਟਾਰੇ।
ਕਈਅਨ ਕੇ ਸਿਰ ਮੁੰਗਲੀ ਕੁਟੇ। ਕਈ ਡੋਬੇ ਕਈ ਘਸੀਟ ਸੁ ਸੁਟੇ। ੩।
ਦਬੇ ਟੰਗੇ ਬਦੂਖਨ ਦਏ ਮਾਰ। ਕੌਣ ਗਨੇ ਜੇ ਮਾਰੇ ਹਜ਼ਾਰ।
ਪਾਂਤ ਪਾਂਤ ਕਈ ਪਕੜਿ ਬਹਾਏ। ਸਾਥ ਤੇਗਨ ਕੇ ਸੀਸ ਉਡਵਾਏ। ੪।
ਕਿਸੇ ਹਥ ਕਿਸੇ ਟਗ ਕਟਵਾਇ। ਅਖ ਕਢ ਕਿਸੈ ਖਲ ਕਢਵਾਇ।
ਕੇਸਨ ਵਾਲੋ ਜੋ ਨਰ ਹੋਈ। ਬਾਲ ਬਿਰਧ ਲਭ ਛਡੈ ਨ ਕੋਈ। ੪। (ਪੰਨਾ ੨੨੮)
ਸਿੰਘਾਂ ਦਾ ਪੱਤਾ ਪੱਤਾ ਵੈਰੀ ਸੀ। ਜੇ ਉਨ੍ਹਾਂ ਨੂੰ ਬਸਤੀਆਂ ਵਿਚੋਂ ਕਢਿਆ ਜਾਂਦਾ ਤੇ ਅਗੇ ਜੰਗਲ ਬੇਲਿਆਂ ਵਿਚ ਪਿਛਾ ਕੀਤਾ ਜਾਂਦਾ। ਅਗਾਂ ਲਾਈਆਂ ਤੇ ਸ਼ਿਕਾਰੀ ਕੁਤੇ ਛੱਡ ਕੇ ਹਰ ਤਰ੍ਹਾਂ ਪਰੇਸ਼ਾਨ ਕੀਤਾ ਜਾਂਦਾ।
ਰਤਨ ਸਿੰਘ ਲਿਖਦਾ ਹੈ —
ਘਰ ਤੇ ਕਢੈਂ ਸੁ ਬਣ ਲੁਕੈ, ਬਨ ਤਜਿ ਨੀਰ ਲੁਕਾਇ।
ਜਲ ਮਹਿ ਲੁਕੈ ਤੋ ਨਹਿ ਬਚੈ, ਕਹਉ ਸਿੰਘ ਕਤ ਜਾਹਿ। ੧੧। (ਪੰਨਾ ੩੦੩)
ਸਿਖਾਂ ਦੇ ਸਿਰਾਂ ਦੇ ਢੇਰ ਲਗ ਗਏ, ‘ਸ਼ਹੀਦ ਗੰਜ’ ਉਸਰ ਗਏ ਪਰ ਬਹਾਦਰ ਸਿਘਾਂ ਨੇ ਆਪਣੇ ਧਾਰਮਿਕ ਸਿਦਕ ਨੂੰ ਨਹੀਂ ਛਡਿਆ। ਇਹ ਉਨ੍ਹਾਂ ਦੀ ਕਮਾਈ ਸੀ, ਜਿਸ ਦਾ ਧਿਆਨ ਸਾਰਾ ਪੰਥ ਰੋਜ਼ਾਨਾ ਧਾਰਦਾ ਹੈ।
2. ਸ਼ਸਤ੍ਰਧਾਰੀ
ਧਾਰਮਿਕ ਦ੍ਰਿੜ੍ਹਤਾ ਤੋਂ ਉਪਰੰਤ ਜੋ ਦਸਮ ਗੁਰੂ ਨੇ ਵਿਸ਼ੇਸ਼ ਗਲ ਕੀਤੀ ਉਹ ਸਰਬਤ ਖਾਲਸੇ ਨੂੰ ਸ਼ਸਤ੍ਰਧਾਰੀ ਬਣਾਉਣਾ ਸੀ। ਪਹਿਲਾਂ ਸਿਰਫ ਇਕ ਖਾਸ ਸ਼੍ਰੇਣੀ ਹੀ ਸ਼ਸਤ੍ਰ ਗ੍ਰਹਿਣ ਕਰਦੀ ਸੀ, ਪਰੰਤੂ ਸਤਿਗੁਰਾਂ ਨੇ ਸਾਰੀ ਕੌਮ ਨੂੰ ਹੀ ਸ਼ਸਤ੍ਰ ਲਾਜ਼ਮੀ ਕਰਾਰ ਦਿਤੇ।
ਸਤਿਗੁਰ ਖਾਲਸੇ ਸ਼ਸਤ੍ਰ ਫੜਾਵੈਂ। ਭਾਤੋਂ ਭਾਤ ਪੁਸ਼ਾਕ ਪਹਿਰਾਵੈ। ੯।
ਮਧ ਸਤਿਗੁਰ ਬਹੈਂ ਮੰਜ ਡਹਾਇ। ਚੁਫੇਰੇ ਖੜੈਂ ਸਿੰਘ ਸ਼ਸਤ੍ਰ ਲਗਾਇ।
ਜਿਮ ਗੋਪਿਨ ਮਧ ਕਾਨ੍ਹ ਬਿਰਾਜੈ। ਤਿਮ ਸਤਿਗੁਰ ਸਿਘਨ ਮਧ ਛਾਜੈ। ੧੦।
ਕਵੈਦ ਕਰਾਵੈ ਸਿੰਘਨ ਦੁੜਾਇ। ਕਿਤੇ ਚੁਫੇਰ ਦੇਖੈ ਖੜਵਾਇ।
ਕਿਸੇ ਬਹਾਨੇ ਦੇਇ ਉਠਾਇ। ਕਿਸੇ ਉਠਾਵੈ ਕਿਸੇ ਦੇਇ ਨਸਾਇ। ੧੧।
ਕਿਸੇ ਫੜਾਵੈ ਮੋਟੇ ਸੋਟੇ। ਕਰੈਂ ਕਵਾਇਦ ਦੁਇ ਦੁਇ ਜੋਟੇ।
ਵਾਹਣ ਮਧ ਸਤਿਗੁਰ ਜਾ ਖੜੇ। ਚਕ ਚਕ ਢੀਮਨ ਸੌ ਸਿੰਘ ਲੜੇ। ੧੨। (ਪੰਨਾ ੪੫)
ਜਦੋਂ ਸਤਿਗੁਰਾਂ ਪਾਹੁਲ ਛਕਾਈ ਤਾਂ ਉਸ ਸਮੇਂ ਹੀ ਹਰ ਸਿਖ ਦੇ ਗਲ ਤੇਗੇ ਪਹਿਨਾ ਦਿਤੇ ਸਨ।
ਯੋ ਕਹਿ ਕੇ ਸ੍ਰੀ ਸਤਿਗੁਰੂ, ਗਲਿ ਤੇਗੋ ਦੀਨੋ ਪਾਇ।
ਕਰਦ ਚਕ੍ਰ ਸਿਰ ਪਰ ਧਰੇ, ਮੁਖੋ ਅਕਾਲ ਜਪਾਇ। ੫। (ਪੰਨਾ ੪੪)
ਇਹ ਸ਼ਸਤ੍ਰ ਸਜਾਵਟ ਲਈ ਨਹੀਂ ਸਨ, ਇਨ੍ਹਾਂ ਦਾ ਮਤਵ ਸੀ ਜੁਧ, ਲੜਾਈ, ਟਾਕਰਾ। ਜਾਬਰਾਂ ਨਾਲ ਲੋਹਾ ਲੈ ਕੇ ਉਨ੍ਹਾਂ ਨੂੰ ਪਿੜ ਵਿਚੋਂ ਕਢਣਾ। ਭਲਮਾਣਸੀ ਨਾਲ ਇਹ ਗਲ ਨਹੀਂ ਸੀ ਹੋ ਸਕਦੀ। ਤਾਰਾ ਸਿਘ ਡਲਵਾਂ ਉਤੇ ਲਾਹੌਰ ਸਰਕਾਰ ਦਾ ਇਹੋ ਇਤਰਾਜ਼ ਸੀ ਕਿ ਇਹ ਦੰਗੇਬਾਜ਼ ਹੈ, ਗੜਬੜ ਕਰਦਾ ਹੈ। ਤਾਰਾ ਸਿੰਘ ਇਹ ਗਲ ਲੁਕਾਉਂਦਾ ਨਹੀਂ ਸੀ, ਸਗੋਂ ਸਾਫ ਕਹਿੰਦਾ ਸੀ —
ਕਹੈ ਦੰਗਿਓ ਹਮ ਕਿਮ ਟਰੈ, ਦੰਗੋ ਹਮਰੀ ਜਾਤ।
ਦੰਗੇ ਖਾਤਰ ਹਮ ਕੀਏ, ਸ੍ਰੀ ਸਤਿਗੁਰ ਜੀ ਆਪ। ੧੦।
ਦੰਗੇ ਹੀ ਤੇ ਪਯਗੁ ਪਾਤਸ਼ਾਹੀ। ਦੰਗੇ ਹੀ ਤੇ ਹੋਗੁ ਸੀਸ ਲਾਈ।
ਬਿਨ ਦੰਗੇ ਕੋਊ ਪੁਛੈ ਨ ਬਾਤ। ਹਮ ਦੰਗੇ ਮਚਾਵੈ ਯੋ ਲਖ ਘਾਤ। ੧੧।
ਮੁਗਲ ਹਾਕਮਾਂ ਦਾ ਖਿਆਲ ਸੀ ਕਿ ਅਸੀਂ ਤਾਂ ਸਿਖਾਂ ਨੂੰ ਚਰਖੜੀਆਂ ਚਾੜ੍ਹੀਏ, ਕੁਟ ਕੁਟ ਚੰਮ ਉਤਾਰੀਏ ਤੇ ਹੋ ਸਕੇ ਤਾਂ ਵਿਚਕਾਰੋਂ ਚੀਰੀਏ ਪਾੜੀਏ ਪਰ ਇਹ ਅਗੋਂ ਹੱਥ ਨਾ ਉਠਾਉਣ। ਇਹ ਕਿਵੇਂ ਸਭਵ ਸੀ? ਸਤਿਗੁਰਾਂ ਸ਼ਸਤ੍ਰ ਇਸੇ ਲਈ ਫੜਾਏ ਕਿ ਅਜੇਹੇ ਜ਼ਾਲਮਾਂ ਨਾਲ ਟਾਕਰਾ ਕਰਕੇ ਸਿਝਣਾ ਹੀ ਠੀਕ ਹੈ। ਇਸ ਕਰਕੇ ਸਿਘਾਂ ਇਕ ਵੇਰ ਤਾਂ ਪੰਜਾਬ ਵਿਚ ਤਰਥਲੀ ਮਚਾ ਛਡੀ।
ਮਾਰ ਲੁਟ ਕਰਕੁਟ ਬਹੁ, ਡੇਰੇ ਤੁਰਕਨ ਕੇਰ।
ਮਧ ਪਜਾਬੇ ਸਿੰਘ ਫਿਰੈ, ਜਿਮ ਬੇਲੇ ਕੋ ਸ਼ੇਰ। ੨੪।
ਇਹ ਗੱਲ ਧਿਆਨਯੋਗ ਹੈ ਕਿ ਖਾਲਸੇ ਦਾ ਹਥ ਕਿਸੇ ਨਿਮਾਣੇ ਨਿਤਾਣੇ ਯਾਂ ਨਿਹਥੇ ਉਤੇ ਨਹੀਂ ਸੀ ਉਠਦਾ ਤੇ ਨਾ ਹੀ ਉਹ ਆਮ ਜਨਤਾ ਨਾਲ ਖੋਹ ਖਿੰਝ ਕਰਦੇ ਸਨ। ਜਦੋਂ ਨਾਦਰਸ਼ਾਹ ਨੇ ਹਮਲਾ ਕਰਕੇ ਦਿੱਲੀ ਲੁਟੀ ਤਾਂ ਇਸ ਮੌਕੇ ਦਾ ਫਾਇਦਾ ਉਠਾ ਕੇ ਸਿਖ ਜਥਿਆਂ ਇਉਂ ਵਿਉਂਤ ਬਣਾਈ ਕਿ ਕਰੋੜਾਂ ਦਾ ਮਾਲ ਲੁਟੀ ਲਿਜਾ ਰਹੀ ਨਾਦਰ ਦੀ ਫ਼ੌਜ ਨੂੰ ਲੁਟਿਆ ਜਾਵੇ। ਖਾਸ ਕਰਕੇ ਘੋੜੇ ਤੇ ਸ਼ਸਤ੍ਰ ਅਸਤ੍ਰ ਲੁਟਣੇ ਸਿੰਘਾਂ ਦਾ ਖਾਸ ਸ਼ੌਕ ਸੀ। ਸੋ ਉਨ੍ਹਾਂ ਬੜੀ ਭਾਰੀ ਹਿੰਮਤ ਨਾਲ ਨਾਦਰ ਨੂੰ ਲੁਟਿਆ।
ਨਾਦਰਸ਼ਾਰ ਰੋਹ ਵਿਚ ਆ ਕੇ ਖਾਨ ਬਹਾਦਰ ਸੂਬਾ ਲਾਹੌਰ ਨੂੰ ਪੁਛਣ ਲਗਾ ਕਿ ਮੇਰੀ ਫੌਜ ਨੂੰ ਲੁਟਣ ਵਾਲੇ ਕੌਣ ਹਨ?
ਪੁਛਯੋ ਨਾਦਰ ਨੇ ਖਾਨੂ ਆਇ। ਹਮ ਕੋ ਲੁਟਨਹਾਰ ਬਤਾਇ।
ਜਿਨ ਲੁਟ ਖਾਯੋ ਹਮਰੋ ਰਾਹੁ। ਮੁਲਕ ਉਸੇ ਕੀ ਉਡਾ ਦਯੋਂ ਸ੍ਵਾਹ। ੩।
ਤਬ ਖਾਨੂ ਨੇ ਐਸ ਬਖਾਨੀ। ਮੁਲਕ ਉਸੇ ਕੋ ਨਾਹਿ ਨਿਸ਼ਾਨੀ।
ਖੜੇ ਸੋਵੈ ਔ ਚਲਤੇ ਖਾਹਿ। ਨਾਹਿ ਬੈਠੇ ਵੈ ਕਿਤੇ ਗਿਰਾਇ।
ਨੂਨ ਘਿਰਤ ਕੋ ਸ੍ਵਾਦ ਨ ਜਾਨੈ। ਹਮ ਦੁਖ ਦੇਵੈ ਵੇ ਸੁਖ ਮਾਨੈ।
ਹਾੜ ਨ ਦਿਨ ਭਰ ਪੀਵੈ ਪਾਨੀ। ਸਯਾਲੇ ਰਖੈ ਨ ਅਗਨਿ ਨਿਸ਼ਾਨੀ। ੫।
ਨਹਿ ਖਾਵੈ ਵੈ ਪੀਸਯੋ ਨਾਜ। ਲੜੈ ਬਹੁਤ ਵੇ ਕਰਕੇ ਭਾਜ।
ਏਕ ਹੇਇ ਤਾਂ ਸੌ ਸੌ ਲਰੈ। ਮਰਨੇ ਤੇ ਵੈ ਮੂਲ ਨ ਡਰੈਂ। ੬।
ਦੋਹਰਾ – ਰਹੈ ਚਾਉ ਉਨ ਮਰਨ ਕੋ ਦੀਨ ਮਜ੍ਹਬ ਕੇ ਭਾਇ।
ਹਮ ਮਾਰਤ ਉਨ ਥਕ ਗਏ, ਉਇ ਘਟਤ ਨ ਕਿਤਹੂ ਦਾਇ। (ਪੰਨਾ ੨੩੧)
ਕਹਿੰਦੇ ਹਨ, ਦਿਲੀ ਦਾ ਵੈਰੀ ਨਾਦਰ ਸੀ, ਨਾਦਰ ਦਾ ਅਹਿਮਦਸ਼ਾਹ ਪਰ ਖਾਲਸੇ ਸ਼ਸਤ੍ਰਧਾਰੀ ਏਨੇ ਬਲਵਾਨ ਨਿਕਲੇ ਕਿ ਉਨ੍ਹਾਂ ਨੂੰ ਵੀ ਖਦੇੜ ਦਿਤਾ —
ਦਿਲੀ ਮਾਰੀ ਥੀ ਉਨ੍ਹੇ, ਕਰ ਕਤਲੇ ਸ਼ਤ੍ਰ ਹਜ਼ਾਰ।
ਜਿਸੈ ਪੁਰਸ਼ ਸੋਊ ਮਾਰਿਓ, ਅਬ ਸਿੰਘਨ ਤੇ ਮੁਯੋ ਹਾਰ। ੪੮।
ਦਿਲੀ ਰਿਪੁ ਨਾਦਰ ਕਹੈ, ਰਿਪੁ ਨਾਦਰ ਅਹਿਮਦਸ਼ਾਹ
ਰਿਪੁ ਅਹਿਮਦਸ਼ਾਹ ਖਾਲਸੋ, ਜਿਨ ਸੋ ਦਯੋ ਭਜਾਇ। ੪੯। (ਪੰਨਾ ੪੩੩)
ਜਦ ਮੁਗਲ ਬਾਦਸ਼ਾਹ ਨੇ ਜਥੇਦਾਰ ਬਘੇਲ ਸਿੰਘ ਨੂੰ ਮੁਲਾਕਾਤ ਲਈ ਬੁਲਾਇਆ ਤਾਂ ਸਰਦਾਰ ਦਾ ਜਵਾਬ ਸੀ ਕਿ ਬਾਦਸ਼ਾਹ ਨੂੰ ਮਿਲਣ ਦੇ ਸਮੇਂ ਹਥ ਜੋੜਨੇ ਪੈਂਦੇ ਹਨ ਤੇ ਸ਼ਸਤ੍ਰ ਉਤਾਰ ਕੇ ਦਰਬਾਰ ਵਿਚ ਜਾਣਾ ਪੈਂਦਾ ਹੈ, ਇਹ ਖਾਲਸੇ ਨੂੰ ਪ੍ਰਵਾਨ ਨਹੀਂ —
ਤੌ ਸਿਘ ਜੀ ਦਯੋ ਵਜ਼ੀਰੈ ਸੁਨਾਇ। ਹਮ ਕਠਿਨ ਕਰਨ ਮੁਲਾਕਾਤ ਹੈ ਸ਼ਾਹ।
ਸ਼ਾਹ ਮਿਲਤ ਹੈ ਹਥ ਬੰਧਿ ਦੋਇ। ਕਰਹੈ ਕੁਨਸੋ ਝੁਕਿ ਝੁਕਿ ਸੋਇ। ੫।
ਨਹਿ ਸ਼ਸਤ੍ਰ ਕੋਊ ਸਾਥ ਲਿਜਾਵੈ। ਹਮ ਬਿਨ ਸ਼ਸਤ੍ਰ ਨ ਪੈਰ ਉਠਾਵੈਂ।
ਹਮਰੇ ਪੰਥ ਮਧ ਯਹਿ ਆਣ। ਨਹਿ ਸਿਰ ਧਰਨੋ ਹਥ ਤੁਰਕਨ ਜਾਣ। ੬।
ਬਾਦਸ਼ਾਹ ਨੇ ਮੰਨਿਆ ਕਿ ਸਿੰਘ ਸ਼ਸਤ੍ਰਾਂ ਸਮੇਤ ਹੀ ਦਰਬਾਰ ਵਿਚ ਆ ਸਕਦੇ ਹਨ। ਆਖਰ ਇਹ ਸਭ ਸ਼ਸਤ੍ਰਾਂ ਦੀ ਕਿਰਪਾ ਹੀ ਸੀ ਕਿ ਬਾਦਸ਼ਾਹ ਦਿੱਲੀ, ਸਿੰਘਾਂ ਨੂੰ ਦਾਅਵਤਾਂ ਦੇ ਰਿਹਾ ਸੀ। ਜਦੋਂ ਕਿ ਉਸ ਦੇ ਵਡੇਰੇ, ਸਿਘਾਂ ਦੀ ਕਤਲਾਮ ਦੇ ਸ਼ਾਹੀ ਫੁਰਮਾਨ ਜਾਰੀ ਕਰ ਕਰ ਨਹੀਂ ਸੀ ਥਕਦੇ।
3. ਪਰਉਪਕਾਰੀ
ਆਮ ਤੌਰ ਉਤੇ ਸ਼ਸਤ੍ਰਧਾਰੀ ਇਸ ਲਈ ਬਦਨਾਮ ਹੈ ਕਿ ਉਹ ਸਭ ਕੁਝ ਆਪਣੇ ਲਾਭਾਂ ਲਈ ਕਰਦਾ ਹੈ। ਜੇ ਲੋੜ ਪਵੇ ਤਾਂ ਦੂਜੇ ਦੀ ਜਾਨ ਵੀ ਲੈ ਲੈਂਦਾ ਹੈ। ਪਰ ਖਾਲਸੇ ਨੇ ਸ਼ਸਤ੍ਰ ਏਸ ਲਈ ਉਠਾਇਆ ਕਿ ਇਸ ਸ਼ਸਤ੍ਰ ਦੀ ਦੁਰਵਰਤੋਂ ਕਰਨ ਵਾਲਿਆਂ ਦੁਸ਼ਟਾਂ ਨੂੰ ਦੰਡ ਦਿਤਾ ਜਾਵੇ ਤੇ ਨਿਮਾਣਿਆਂ-ਨਿਤਾਣਿਆਂ-ਨਿਓਟਿਆਂ-ਨਿਆਸਰਿਆਂ ਦੀ ਰਾਖੀ ਕੀਤੀ ਜਾਵੇ। ਪਹਿਲਾਂ ਤਾਂ ਖਾਲਸੇ ਦੇ ਅੰਦਰ ਹੀ ਐਸੇ ਲੋਕ ਸਨ, ਜਿਨ੍ਹਾਂ ਨੂੰ ਸਰਕਾਰ ਨੇ ਸੰਕਟਾਂ ਦਾ ਸ਼ਿਕਾਰ ਬਣਾਇਆ ਹੋਇਆ ਸੀ, ਉਨ੍ਹਾਂ ਤੋਂ ਰੋਟੀ ਪਾਣੀ ਕਪੜਾ, ਰਿਹਾਇਸ਼ ਤਕ ਦਾ ਸਾਜ਼ ਸਮਾਨ ਸਭ ਖੋਹ ਲਿਆ ਗਿਆ ਸੀ। ਉਨ੍ਹਾਂ ਲਈ ਸਰਬਤ ਖਾਲਸਾ ‘ਰਛਿਆ ਰਿਆਇਤ’ ਦੀ ਮਗ ਕਰਦਾ ਸੀ ਤੇ ਜ਼ੋਰ ਵਾਲੇ ਸਿੰਘ ਉਨ੍ਹਾਂ  ਦੀ ਇਮਦਾਦ ਕਰਨਾ ਆਪਣਾ ਧਾਰਮਿਕ ਕਰਤਵ ਸਮਝਦੇ ਸਨ, ਜਿਸ ਤਰ੍ਹਾਂ ਕਿ ਭਾਈ ਤਾਰਾ ਸਿੰਘ ਡਲਵਾਂ ਕਰਦਾ ਸੀ —
ਐਸੈ ਐਸੇ ਸਿਘ ਜਗ ਮਾਹੀ। ਸਿਘ ਛਕਾਇ ਪੀਐ ਨਿਜ ਖਾਹੀ। ੧੧।
ਆਪ ਸਹੈ ਵੈ ਨੰਗ ਅਰ ਭੁਖ। ਦੇਖ ਸਕੈਂ ਨਹਿ ਸਿਘਨ ਦੁਖ।
ਆਪ ਗੁਜਾਰੈ ਅਗਨੀ ਨਾਲ। ਸਿਘਨ ਘਲੈ ਪੁਸ਼ਾਕ ਸਿਵਾਲ। ੧੨।
ਕਈ ਪੀਸਨਾ ਪੀਸ ਕਮਾਵੈ। ਵੇ ਭੀ ਸਿੰਘਨ ਪਾਸ ਪੁਚਾਵੈ।
ਬਾਣ ਵਟ ਕਈ ਕਰੈ ਮਜੂਰੀ। ਭੇਜੇ ਸਿੰਘਨ ਪਾਸ ਜ਼ਰੂਰੀ। ੧੩।
ਦੂਰ ਜਾਇ ਜੋ ਚਾਕਰੀ ਕਰਹੀ। ਆਇ ਸਿੰਘਨ ਕੇ ਆਗੇ ਧਰਹੀ।
ਸਿੰਘ ਜੋਊ ਪਰਦੇਸ ਸਿਧਾਰੇ। ਭੇਜੇ ਸਿੰਘਨ ਓਏ ਗੁਰ ਪਿਆਰੇ। ੧੪। (ਪੰਨਾ ੨੬੯)
ਸਿਖਾਂ ਦਾ ਇਹ ਵਤੀਰਾ ਹਰ ਸਮੇਂ ਰਿਹਾ ਕਿ ਉਹ ਲੰਗਰ ਬਣਾ ਕੇ ਭੁਖੇ ਦੁਸ਼ਮਣ ਨੂੰ ਵੀ ਸੱਦਾ ਦੇ ਦਿਦੇ ਸਨ ਤੇ ਹਰ ਇਕ ਦੀ ਸੇਵਾ ਕਰਕੇ ਪ੍ਰਸਨ ਹੁੰਦੇ ਸਨ —
ਯਹੀ ਲਾਇਕੀ ਖਾਲਸੇ ਮਾਹਿ। ਲੜਨ ਮਰਨ ਮੈ ਰਹੈ ਅਗਾਹਿ।
ਔਰ ਪ੍ਰਸਾਦੇ ਵੰਡ ਕੇ ਖਾਹਿ। ਮਿਠਾ ਬੋਲੈ ਸਿਖੀ ਕਮਾਹਿ।
ਗੁਰਬਾਣੀ ਸਿਉ ਲਾਵੇ ਹੇਤੁ। ਦਿਵਸ ਰੈਨ ਬਹੁਰ ਹੈ ਸਚੇਤ। ੯।
ਕਿਸੀ ਦੇਸ ਤੇ ਕੋ ਚਲ ਆਵੈ। ਦੇ ਪਾਹੁਲ ਤਿਸ ਸਿੰਘ ਬਨਾਵੈ।
ਹਿਦੂ ਹੋਇ ਤਿਸ ਖਲਾਵੈ ਨਾਲ। ਨੀਚ ਹੋਇ ਤਿਸ ਕਰੈ ਪ੍ਰਤਿਪਾਲ। ੧੦।
ਜਦੋਂ ਨਵਾਬ ਕਸੂਰ ਨੇ ਗਰੀਬ ਬ੍ਰਾਹਮਣ ਦੀ ਸੁੰਦਰੀ ਖੋਹ ਲਈ ਤਾਂ ਉਹ ਪਰਉਪਕਾਰੀ ਖਾਲਸੇ ਪਾਸ ਆ ਕੇ ਪੁਕਾਰਿਆ —
ਉਚੋ ਬਿਖ ਯੌ ਕਰੀ ਪੁਕਾਰ। ਖੋਹੀ ਕਸੂਰੀਅਨ ਮੇਰੀ ਨਾਰਿ।
ਤੁਮ ਖਾਲਸੇ ਹੋ ਹਿਦੂ ਧ੍ਰਮ। ਪੰਥ ਨਾਨਕ ਕੋ ਛਤ੍ਰੀ ਕਰਮ। ੭। (ਪੰਨਾ ੩੩੬)
ਸਿਖਾਂ ਨੂੰ ਕਸੂਰ ਦੀ ਫੌਜੀ ਸ਼ਕਤੀ ਦਾ ਪਤਾ ਸੀ ਤੇ ਇਹ ਵੀ ਜਾਣਦੇ ਸਨ ਕਿ ਇਨ੍ਹਾਂ ਦਾ ਮਜ਼ਬੂਤ ਕਿਲਾ ਅਜਿਤ ਹੈ, ਸਾਡੇ ਸਾਧਨ ਸੀਮਤ ਹਨ, ਪਰ ਗਰੀਬ ਦੀ ਫਰਿਆਦ ਨਾਲ ਖਾਲਸੇ ਦਾ ਮਨ ਦ੍ਰਵ ਗਿਆ। ਜਥੇਦਾਰ ਹਰੀ ਸਿਘ ਭੰਗੀ ਨੇ ਕਿਹਾ ਕਿ ਕਸੂਰ ਮਾਰਿਆ ਜਾਵੇ ਜਾਂ ਨਾ, ਅਸੀਂ ਜ਼ਰੂਰ ਮਰਾਂਗੇ। ਗੁਰੂ ਸਾਹਿਬ ਦਾ ਵਾਕ ਲਿਆ ਗਿਆ, ਬਚਨ ਆਇਆ —
ਪੰਜੇ ਬਧੇ ਮਹਾਂਬਲੀ ਕਰਿ ਸਚਾ ਢੋਆ£
ਆਪਣੇ ਚਰਨ ਜਪਾਇਅਨੁ ਵਿਚਿ ਦਯਿ ਖੜੋਆ£
ਗੁਰਵਾਕ ਸੁਣ ਕੇ ਖਾਲਸਾ ਦਲ ਕਸੂਰ ਉਤੇ ਚੜ੍ਹ ਗਿਆ। ਕਸੂਰਵਾਰ ਨੂੰ ਸਜ਼ਾ ਦੇਣ ਲਈ ਤੇ ਬੇਕਸੂਰ ਨੂੰ ਛੁਡਾਉਣ ਲਈ। ਅਕਾਲ ਦੀ ਕ੍ਰਿਪਾ ਨਾਲ ਸਭ ਕੁਝ ਠੀਕ ਹੋਇਆ ਤੇ ਖਾਲਸੇ ਦੇ ਉਪਕਾਰ ਦੀ ਜੈ ਜੈ ਕਾਰ ਹੋ ਗਈ। ਇਸੇ ਤਰ੍ਹਾਂ ਨਵਾਬ ਲੁਹਾਰੀ ਨੇ ਕਿਸੇ ਬ੍ਰਾਹਮਣ ਦੀ ਬੇਟੀ ਜਬਰਦਸਤੀ ਘਰ ਪਾ ਲਈ ਤੇ ਗਰੀਬ ਨਿਵਾਜ ਖਾਲਸਾ ਉਥੇ ਜਾ ਬਹੁੜਿਆ —
ਕਰ ਹੱਲਾ ਸਿੰਘੋਂ ਨੇ, ਦੀ ਐਸੈ ਕਰ ਅਰਦਾਸ।
ਪਰ ਸ੍ਵਾਰਥ ਕੇ ਕਾਰਨੇ, ਲਹੈ ਸ਼ਹੀਦੀ ਖਾਸ। ੧੨। (ਪੰਨਾ ੪੪੬)
ਇਹ ਤੇ ਅਜੇਹੀਆਂ ਹੋਰ ਘਟਨਾਵਾਂ ਕਿੰਨੀਆਂ ਹੋਈਆਂ ਜਿਨ੍ਹਾਂ ਵਿਚ ਸ਼ਸਤ੍ਰਧਾਰੀ ਖਾਲਸੇ ਨੇ ਆਪਣੇ ਉਪਕਾਰੀ ਸੁਭਾਅ ਦਾ ਪੂਰਾ ਪੂਰਾ ਪ੍ਰਦਰਸ਼ਨ ਕੀਤਾ। ਸਾਰਾ ਹਿੰਦੁਸਤਾਨ ਵੀ ਸਿਖਾਂ ਦਾ ਇਹ ਉਪਕਾਰ ਭੁਲਾ ਨਹੀਂ ਸਕਦਾ ਕਿ ਉਨ੍ਹਾਂ ਨੇ ਆਪਣਾ ਖੂਨ ਡੋਲ੍ਹ ਕੇ ਤਲਵਾਰਾਂ ਲਿਸ਼ਕਾ ਕੇ ਪੰਜਾਬ ਨੂੰ ਅਫਗਾਨਿਸਤਾਨ ਦਾ ਹਿਸਾ ਹੋਣੋਂ ਬਚਾ ਲਿਆ ਤੇ ਮੁਗਲਾਂ ਤੋਂ ਬਾਅਦ ਮੁੜ ਦਿੱਲੀ ਵਿਚ ਪÎਠਾਣੀ ਰਾਜ ਕਾਇਮ ਕਰਨ ਦੇ ਸੁਪਨੇ ਮਿਟੀ ਵਿਚ ਮਿਲਾ ਦਿਤੇ।
ਅਹਿਮਦ ਸ਼ਾਹ ਅਬਦਾਲੀ ਦੇ 11 ਹਮਲੇ, ਤੈਮੂਰ ਦੇ ਪੰਜ ਤੇ ਸ਼ਾਹ ਜ਼ਮਾਨ ਦੇ ਤਿੰਨ ਹਮਲਿਆਂ ਨੂੰ ਨਕਾਰਾ ਕਰਕੇ ਪਛਾੜਨਾ ਸਿਘਾਂ ਦੀ ਤਲਵਾਰ ਦਾ ਹੀ ਕਾਰਨਾਮਾ ਸੀ —
ਖਾਲਸੇ ਪ੍ਰਗਟ ਭਯੋ ਸੂਰਜ ਸਮਾਨ£ ਤਿਸ ਕਯਾ ਲੁਕੋਏ ਬਦਲ ਆਣਿ।
ਸੂਬੇ ਪੰਜ ਜੋਊ ਦਲਿਓਂ ਲੈ, ਨਦਰ ਗਯੋ ਕਟਾਇ।
ਆਣਿ ਅਹਿਮਦ ਲੀਨੇ ਥੇ ਸੋਊ, ਔ ਸਿੰਘਨ ਲਏ ਛੁਡਾਇ। ੧੦। (ਪੰਨਾ ੪੩੩)
ਇਖਲਾਕ
ਆਮ ਤੌਰ ਉਤੇ ਹਥਿਆਰਬੰਦ ਫੌਜੀ ਤੋਂ ਇਖਲਾਕ ਦੀ ਆਸ ਘਟ ਹੀ ਰਖੀ ਜਾਂਦੀ ਹੈ ਤੇ ਅਠਾਰਵੀਂ ਸਦੀ ਦੀ ਗੜਬੜ ਵਿਚ ਤਾਂ ਇਹ ਗਲ ਇਕ ਤਰ੍ਹਾਂ ਦੁਰਲਭ ਹੀ ਸੀ। ਕੋਈ ਹਾਕਮ ਸਿੰਘਾਂ ਨੂੰ ਮਿਲ ਕੇ ਬੈਠਣ ਨਹੀਂ ਸੀ ਦਿਦਾ। ਘਰ ਬਾਰ ਫੂਕ ਕੇ ਇਨ੍ਹਾਂ ਵਿਚਾਰਿਆਂ ਨੂੰ ਜੰਗਲ ਬੋਲਿਆਂ ਵੱਲ ਧਕ ਦਿਤਾ ਜਾਂਦਾ ਸੀ। ਖੁਰਾਕ ਪੁਸ਼ਾਕ ਦਾ ਕੋਈ ਪ੍ਰਬੰਧ ਨਹੀਂ ਸੀ। ਬਾਲ ਬਚੇ ਕਿਧਰੇ ਰੁਲਦੇ ਸਨ ਤੇ ਘਰ ਵਾਲੀਆਂ ਕਿਧਰੇ ਲੁਕ ਕੇ ਦਿਨ ਕਟਦੀਆਂ ਸਨ। ਭੰਨ ਤੋੜ ਤੇ ਮਰਨ ਮਾਰਨ ਦੇ ਮਾਹੌਲ ਵਿਚ ਸਭਿਆਚਾਰ ਜਾਂ ਸਲੀਕੇ ਦੀ ਕੀ ਗਲ ਹੋ ਸਕਦੀ ਸੀ। ਪਰੰਤੂ ਗੁਰੂਆਂ ਨੇ ਸਿਖਾਂ ਨੂੰ ਇਕ ਖਾਸ ਕਲਚਰ ਸਿਖਾਈ ਸੀ, ਦਸਤਾਰ ਸਜਾ ਕੇ ਰਖਣਾ, ਕਛਹਿਰਾ ਪਹਿਨਣਾ, ਗਿਲਤੀਆਂ ਲਾ ਕੇ ਰਖਣਾ, ਕੀਰਤਨ ਕਰਨਾ, ਬਾਣੀ ਦਾ ਪਾਠ ਕਰਕੇ ਮਨ ਨੂੰ ਸੰਤੁਲਤ ਰਖਣਾ ਤੇ ਸਦਾ ਚੜ੍ਹਦੀਕਲਾ ਅਤੇ ਸਰਬਤ ਦੇ ਭਲੇ ਦੀ ਅਰਦਾਸ ਕਰਨਾ। ਇਸ ਸਿਖਿਆ ਨੇ ਸਿਘਾਂ ਦਾ ਜੀਵਨ ਏਨਾ ਉਚੇਰਾ ਕਰ ਦਿਤਾ ਕਿ ਉਹ ਕਦੀ ਵੀ ਇਖਲਾਕ ਦਾ ਪਲਾ ਨਹੀਂ ਸਨ ਛਡਦੇ। ਕਾਜ਼ੀ ਨੂਰ ਮੁਹੰਮਦ ਨੇ ਖੁਦ ਖਾਲਸਾ ਆਚਰਣ ਵੇਖ ਕੇ ਇਹ ਸ਼ਾਹਦੀ ਭਰੀ ਹੈ ਕਿ ਸਿੰਘਾਂ ਵਿਚ ਚੋਰੀ ਯਾਰੀ ਨਹੀਂ ਤੇ ਨਾ ਹੀ ਕਿਸੇ ਦਾ ਮਾਲ ਲੁਟਦੇ ਹਨ ਤੇ ਨਾ ਹੀ ਕਿਸੇ ਚੋਰ ਯਾਰ ਨੂੰ ਮਿਤਰ ਬਣਾਉਂਦੇ ਹਨ —
ਜ਼ਨਾਹਮ ਨ ਬਾਸ਼ਮ, ਮਿਆਨਿ ਸਗਾਂ। ਦੁਜ਼ਦੀ ਬਵਦ ਕਾਰਿ ਆਂ ਬਦਰਗਾਂ।
ਕਿ ਜ਼ਾਨੀਓ ਸਾਰਕ ਨ ਦਾਰੰਦ ਦੋਸਤ। ਵਗਰ ਫਿਅਲਿ ਜਾਂ ਜੁਮਲਗੀ ਨ ਨਕੋਸਤ। (ਜੰਗਨਾਮਾ)
ਸ. ਸੁਖਾ ਸਿੰਘ ਨੇ ਆਪਣੇ ਪਿੰਡ ਦੇ ਚੌਧਰੀ ਦੀ ਘੋੜੀ ਕਢ ਲਿਆਂਦੀ, ਕੀ ਕਰਦਾ ਸਵਾਰੀ ਲਈ ਚਾਹੀਦੀ ਸੀ। ਫਿਰ ਸੋਚਿਆ ਕਿ ਇਸ ਦੀ ਕੀਮਤ ਅਦਾ ਕਰਨੀ ਬਣਦੀ ਹੈ, ਪਰ ਪੈਸੇ ਕਿਥੋਂ ਆਉਣ। ਅੰਤ ਪਿਛੇ ਕੇਸ ਸੁਟ ਕੇ ਰਾਤ ਨੂੰ ਲਾਹੌਰ ਦੇ ਸਰਾਫਾ ਬਾਜ਼ਾਰ ਵਿਚ ਜਾਕੇ ਥੈਲੀ ਲੁਟ ਲਿਆਇਆ ਤੇ ਰਕਮ ਚੌਧਰੀ ਨੂੰ ਪਹੁਚਾਈ। ਸ. ਚੜ੍ਹਤ ਸਿੰਘ ਨੇ ਰੁਹਤਾਸ ਦੇ ਕਿਲ੍ਹੇ ਉਤੇ ਕਬਜ਼ਾ ਕਰਕੇ ਅਹਿਮਦ ਸ਼ਾਹ ਦੁਰਾਨੀ ਦੇ ਚਾਚੇ ਸਰਬੁਲੰਦ ਖਾਂ ਨੂੰ ਪਕੜ ਲਿਆ। ਖਰਚਾ ਦੇ ਕੇ ਕਾਬਲ ਤੋਰ ਦਿਤਾ ਤੇ ਕਿਹਾ, ‘ਜਾ ਚਾਚਾ’ ਸਾਡਾ ਤੇਰੇ ਨਾਲ ਕੋਈ ਦ੍ਵੈਸ਼ ਨਹੀਂ।’
ਹੋਰ ਸੁਣੋ, ਸ. ਸੁਬੇਗ ਸਿੰਘ, ਸੂਬਾ ਲਾਹੌਰ ਵਲੋਂ ਨਵਾਬੀ ਦੀ ਖਿਲਅਤ ਲੈ ਕੇ ਆਇਆ। ਜਦ Îਖਾਲਸੇ ਦੇ ਪੇਸ਼ ਹੋਇਆ,ਬਿਨੈ ਕੀਤੀ ਕਿ ਮੈਂ ਮਿਲਵਰਤੀਆ ਹਾਂ, ਪਹਿਲੇ ਮੈਨੂੰ ਤਨਖਾਹ ਲਾਈ ਜਾਵੇ, ਫਿਰ ਗਲ ਦੇ ਯੋਗ ਹੋ ਸਕਾਂਗਾ। ਪੰਜ ਭੁਝੰਗੀਆਂ ਤਨਖਾਹ ਲਾਈ, ਫਿਰ ਉਸ ਨਵਾਬੀ ਦੀ ਖਿਲਅਤ ਪੇਸ਼ ਕੀਤੀ ਪਰ ਸਾਰੇ ਸਿਖਾਂ ਠੁਕਰਾ ਦਿਤੀ। ਅਖੀਰ ਫੈਸਲਾ ਹੋਇਆ ਕਿ ਕਿਸੇ ਟਹਿਲੂਏ ਸੇਵਕ ਨੂੰ ਦੇ ਦਿਤੀ ਜਾਵੇ। ਕਪੂਰ ਸਿੰਘ ਪਖੇ ਦੀ ਸੇਵਾ ਕਰ ਰਹੇ ਸਨ, ਪੰਥ ਦਾ ਆਦੇਸ਼ ਹੋਇਆ ਕਿ ਕਪੂਰ ਸਿੰਘ ਇਹ ਖਿਲਅਤ ਲੈ ਲਵੇ। ਪਰ ਅਗੋਂ ਕਪੂਰ ਸਿੰਘ ਦਾ ਜਵਾਬ ਸੀ ਕਿ ਮੈਂ ਪੰਥ ਦੀ ਆਗਿਆ ਪਾਲਣ ਲਈ ਹਾਜ਼ਰ ਹਾਂ, ਪਰ ਪਹਿਲਾਂ ਇਹ ਖਿਲਅਤ ਪੰਜ ਪਿਆਰਿਆਂ ਦੀ ਚਰਨੀਂ ਲਾਈ ਜਾਵੇ।
ਪੰਜ ਭੁੰਝਗੀਅਨ ਚਰਨ ਛੁਹਾਇ। ਧਰੋ ਸੀਸ ਮੁਹਿ ਪਵਿਤ੍ਰ ਕਰਾਇ। ੪੫। (ਪੰਨਾ ੨੧੪)
ਇਹ ਸੀ ਸਿਖ ਦੇ ਤਿਆਗੀ ਉਚ ਇਖਲਾਕ ਦੀ ਸੁੰਦਰ ਮਿਸਾਲ। ਜਦੋਂ Îਭਾਈ ਤਾਰੂ ਸਿੰਘ ਦੀ ਖੋਪਰੀ ਉਤਾਰਨ ਬਾਅਦ ਜ਼ਕਰੀਆ ਖਾਂ ਦਾ ਪਿਸ਼ਾਬ ਬੰਦ ਹੋ ਗਿਆ ਤਾਂ ਉਸ ਸੁਬੇਗ ਸਿੰਘ ਨੂੰ ਖਾਲਸੇ ਪਾਸ ਭੇਜਿਆ। ਨਵਾਬ ਨੇ ਕਿਹਾ ਮੈਨੂੰ ਮਾਫ ਕਰ ਦਿਓ, ਮੈਂ ਖਾਲਸੇ ਨਾਲ ਬੜੀਆਂ ਜ਼ਿਆਦਤੀਆਂ ਕੀਤੀਆਂ ਹਨ। ਪੰਜ ਸਿਘਾਂ ਨੇ ਫੈਸਲਾ ਕੀਤਾ ਕਿ ਦੁਸ਼ਟ ਨੂੰ ਮਾਫ ਕਰਨਾ ਅਯੋਗ ਹੈ, ਪਰ ਚੂਕਿ ਸ਼ਰਨ ਆਇਆ ਹੈ, ਇਸ ਕਰੇ ਭਾਈ ਤਾਰੂ ਸਿਘ ਦੀ ਜੁਤੀ ਇਸ ਦੇ ਸਿਰ ਨੂੰ ਛੁਹਾਈ ਜਾਵੇ, ਪਿਸ਼ਾਬ ਖੁਲ੍ਹ ਜਾਵੇਗਾ। ਇਵੇਂ ਹੀ ਕੀਤਾ ਗਿਆ ਜਦੋਂ ਖਾਲਸੇ ਨੇ ਨਵਾਬ ਜਲਾਲਾਬਾਦ ਲੁਹਾਰੀ ਦੇ ਪੰਜੇ ਵਿਚੋਂ ਗਰੀਬ ਬ੍ਰਾਹਮਣ ਦੀ ਲੜਕੀ ਛੁਡਾ ਕੇ ਲਿਆਂਦੀ ਤਾਂ ਹਿੰਦੂ ਮਤਿ ਉਸ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ ਸੀ ਲੇਕਿਨ ਖਾਲਸੇ ਨੇ ਕਿਹਾ, ‘ਇਹ ਹੁਣ ਬ੍ਰਾਹਮਣ ਦੀ ਨਹੀਂ ਪੰਥ ਦੀ ਬੇਟੀ ਹੈ’, ਚੁਨਾਂਚਿ ਸਾਰੇ ਹਿੰਦੂ ਭਾਈਚਾਰੇ ਤੇ ਖਾਲਸੇ ਨੇ ਉਸਦੇ ਹਥੋਂ ਬਣੀ ਰੋਟੀ ਖਾਧੀ ਤੇ ਉਸ ਨੂੰ ਦਾਜ ਦੇਣ ਹਿਤ ਖਾਲਸੇ ਵਲੋਂ ਕੰਬਲ ਵਿਛਾਇਆ ਗਿਆ ਤੇ ਹਰ ਸਿਖ ਸਿਪਾਹੀ ਤੇ ਸਰਦਾਰ ਨੇ ਰੁਪਈਆਂ ਦੀ ਵਰਖਾ ਲਾ ਦਿਤੀ —
ਇਸੇ ਪੰਥ ਨਿਜ ਬੇਟੀ ਕਹਯੋ। ਇਸ ਕੋ ਚਹੀਅਤ ਦਾਜ ਭੀ ਦਯੋ।
ਜਬ ਉਸ ਨੇ ਦਯੋ ਕਪੜੋ ਡਾਲ। ਲਗੋ ਚੁਤਰਫੋਂ ਪੜਨੇ ਮਾਲ। ੩੫। (ਪੰਨਾ ੪੪੭)
ਇਹ ਕੌਤਕ ਦੇਖ ਕੇ ਸਾਰੀ ਜਨਤਾ ਅਸ਼ ਅਸ਼ ਕਰ ਉਠੀ —
ਹਿਦੂ ਕਹੈਂ ਪੰਥ ਨਿਹਕਲੰਕ ਕੋ ਆਯੋ। ਇਸੀ ਪੰਥ ਹੋਵਗੁ ਪ੍ਰਗਟਾਯੋ।
ਤੁਰਕ ਕਹੈ ਖਰ ਜੰਦਾਲ ਪੰਥ ਹੈ ਏਉ। ਐਸੋ ਚਰਿਤਰ ਜਗ ਭਯੋ ਤੇਉ। ੩੮। (ਪੰਨਾ ੪੪੮)
ਚੜ੍ਹਦੀਕਲਾ ਵਾਲੀ ਸੁਰਤਿ ਦਾ ਪ੍ਰਗਟਾਵਾ ਖਾਲਸਈ ਬੋਲਿਆ ਤੋਂ ਹੀ ਹੁੰਦਾ ਹੈ ਕਿ ਉਹ ਕਦੀ ਮਾੜਾ ਜਾਂ ਕਮਜ਼ੋਰ ਮਾਮਲਾ ਬੋਲ ਚਾਲ ਵਿਚ ਵੀ ਨਹੀਂ ਸਨ ਲਿਆਉਂਦੇ। ਜੇ ਉਨ੍ਹਾਂ ਨੂੰ ਭੋਖੜੇ ਕਟਣੇ ਪੈ ਗਏ ਤਾਂ ਲੰਗਰ ‘ਮਸਤਾਨਾ’ ਦਸਦੇ ਸਨ ਤੇ ਜੇ ਛਪਰਾਂ ਵਿਚ ਰਹਿਣਾ ਪਿਆ ਤਾਂ ਉਸ ਨੂੰ ‘ਸ਼ੀਸ਼ ਮਹਲ’ ਕਹਿ ਕੇ ਸੰਤੁਸ਼ਟ ਹੁੰਦੇ ਸਨ। ਉਨ੍ਹਾਂ ਲਈ ਰੁਪਈਆਂ ‘ਛਿਲੜ’ ਸੀ ਤੇ ਛੋਲੇ ‘ਬਦਾਮ’, ਸਾਗ ‘ਸਬਜ਼ ਪਲਾਅ’ ਸੀ। ਸਿਖ ਉਚੇ ਇਖਲਾਕ ਦਾ ਤਕਾਜ਼ਾ ਸੀ ਕਿ ਕੋਈ ਅੰਗਹੀਣ ਮੈਂਬਰ ਤ੍ਰਿਸਕਾਰ ਵਾਲੇ ਸ਼ਬਦਾਂ ਨਾਲ ਨਹੀਂ ਸੀ ਸੰਬੋਧਨ ਕੀਤਾ ਜਾ ਸਕਦਾ। ਉਨ੍ਹਾਂ ਦੀ ਨਜ਼ਰ ਵਿਚ ਅੰਨ੍ਹਾ ‘ਸੂਰਮਾ ਸਿੰਘ’, ਲੰਗੜਾ ‘ਸੁਚਾਲਾ ਸਿੰਘ’ ਤੇ ਗਜਾ ‘ਕਲਗਾ ਸਿੰਘ’ ਸੀ। ਜੋ ਕੌਮ ਜੰਗਲਾਂ ਵਿਚ ਟਕਰਾਂ ਮਾਰਦੀ ਫਿਰ ਰਹੀ ਹੋਵੇ ਤੇ ਸਭ ਕਿਸਮ ਦੇ ਵਿਦਿਅਕ ਸਾਧਨਾ ਤੋਂ ਮਹਿਰੂਮ ਰਖੀ ਜਾਂਦੀ ਹੋਵੇ ਫਿਰ ਉਨ੍ਹਾਂ ਦਾ ਅਜੇਹੇ ਉਚੇ ਇਖਲਾਕ ਨੂੰ ਕਾਇਮ ਰਖ ਸਕਣਾ ਸਭ ਗੁਰਬਾਣੀ ਦੀ ਕ੍ਰਿਪਾ ਦਾ ਹੀ ਫਲ ਸੀ।’
5. ਪਾਤਸ਼ਾਹੀ
ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਨੂੰ ਪਾਤਸ਼ਾਹੀ ਦਾ ਦਾਅਵਾ ਵੀ ਦਿਤਾ। ਆਮ ਤੌਰ ਉਤੇ ਧਾਰਮਿਕ ਸਾਹਿਤ ਵਿਚ ਰਾਜਭਾਗ ਨੂੰ ਪਰਮਾਰਥਕ ਉਚਤਾ ਦੇ ਮੁਕਾਬਲੇ ਤੇ ਤੁਛ ਕਿਹਾ ਗਿਆ ਹੈ। ਪਰ ਜੇ ਸੰਸਾਰ ਦੇ ਇਤਿਹਾਸ ਨੂੰ ਦੇਖਿਆ ਜਾਵੇ ਤਾਂ ਇਹ ਸਪਸ਼ਟ ਹੁੰਦਾ ਹੈ ਕਿ ਜਿਸ ਦੇ ਹਥ ਰਾਜ ਵਾਗਡੋਰ ਹੈ ਉਹੋ ਸਭ ਕੁਝ ਕਰ ਗੁਜ਼ਰਦਾ ਹੈ। ਜੇ ਗੁਰੂ ਸਾਹਿਬ ਸਿਘਾਂ ਦਾ ਪੰਥ ਸਾਜ ਕੇ ਸਚੀ ਮੁਚੀ ਇਨਕਲਾਬ ਲਿਆਉਣ ਦੇ ਇਛੁਕ ਸਨ ਤਾਂ ਆਖਰੀ ਸਿਟਾ ਤੇ ਇਹ ਰਾਜਨੀਤਕ ਸਤਾ ਹੀ ਹੋਣੀ ਸੀ, ਸੋ ਹੋਈ। ਪਰ ਉਸ ਜ਼ਮਾਨੇ ਨੇ ਜਦੋਂ ਮੁਗਲਾਂ ਦਾ ਪੂਰਾ ਦਬਦਬਾ ਸੀ ਤੇ ਇਹ ਕਿਰਤੀ ਕਿਸਾਨ ਤੇ ਗਰੀਬ ਲੋਕ ਇਹ ਇਰਾਦਾ ਕਰਨ ਯੋਗੇ ਵੀ ਨਹੀਂ ਸਨ ਕਿ ਅਸਾਂ ਰਾਜ ਕਰਨਾ ਹੈ ਜਾਂ ਅਸੀਂ ਰਾਜ ਕਰ ਸਕਦੇ ਹਾਂ, ਉਸ ਵੇਲੇ ਆਪਣਾ ਰਾਜ ਕਾਇਮ ਕਰਨ ਦਾ ਸੁਪਨਾ ਸਿਖ ਮਨਾਂ ਵਿਚ ਭਰਨਾ ਬੜੀ ਵਡੀ ਗਲ ਸੀ ਤੇ ਸਚੀ ਗਲ ਤਾਂ ਇਹ ਹੈ ਕਿ ਇਨ੍ਹਾਂ ਵਿਚ ਰਾਜਨੀਤਕ ਸੋਝੀ ਦਾ ਅਜੇ ਅੰਕੁਰ ਵੀ ਨਹੀਂ ਸੀ ਫੁਟਿਆ —
ਸਤ ਸਨਾਤ ਔ ਬਾਰਹ ਜਾਤ। ਜਾਨਹਿ ਨਾਹੀ ਰਾਜਨੀਤਿ ਕੀ ਬਾਤ।
ਜਟ ਬੂਟ ਕਹਿ ਜਿਹ ਜਗ ਮਾਹੀ। ਬਣੀਏ ਬਕਾਲ ਕਿਰਾੜ ਖਤ੍ਰੀ ਸਦਾਹੀ। ੨੦।
ਲੁਹਾਰ ਤ੍ਰਖਾਣ ਹੁਤ ਜਾਤ ਕਮੀਨੀ। ਛੀਪੋ ਕਲਾਲ ਨੀਚਨ ਪੈ ਕ੍ਰਿਪਾ ਕੀਨੀ।
ਗੁਜਰ ਗੁਆਰ ਹੀਰ ਕਮਜਾਤ। ਕੰਬੋਇ ਸੂਦਨ ਕੋਈ ਪੁਛਹਿ ਨ ਖਾਤ। ੨੧।
ਝੀਵਰ ਨਾਈ ਰੋੜੇ ਘੁਮਿਆਰ। ਸਾਇਣੀ, ਸੁਨਿਆਰੇ ਚੂਹੜੇ ਚੁਮਿਆਰ।
ਭਟ ਔ ਬ੍ਰਾਹਮਣ ਹੁਤ ਮੰਗਵਾਰ। ਬਹੁਰੂਪੀਏ ਲੁਬਾਣੇ ਔ ਘੁਮਿਆਰ। ੨੨।
ਇਨ ਗ੍ਰੀਬ ਸਿਖਨ ਕੋ ਦਯੈਂ ਪਾਤਸ਼ਾਹੀ। ਯਹ ਯਾਦ ਰਖੈ ਹਮਰੀ ਗੁਰਯਾਈ।
ਤੌ ਸਦਿ ਸਤਿਗੁਰ ਸਿਖ ਲਲਕਾਰੇ। ਫੜੋ ਸ਼ਸਤ੍ਰਨ ਲਿਹ ਤੁਰਕਨ ਮਾਰੇ। ੨੩। (ਪੰਨਾ ੪੧)
ਇਹ ਗੁਰੂ ਦਾ ਸੰਕਲਪ ਸੀ ਕਿ ਗਰੀਬਾਂ ਨੂੰ ਪਾਤਸ਼ਾਹ ਬਣਾਇਆ ਜਾਵੇ, ਪਰ ਗਰੀਬਾਂ ਵਿਚ ਏਨੀ ਜੁਰਅਤ ਨਹੀਂ ਸੀ, ਇਸ ਕਰਕੇ ਪਹਿਲੇ ਖੰਡੇ ਦੀ ਪਾਹੁਲ ਦਿਤੀ ਤਾਂ ਕਿ ਇਹ ਨਿਰਭੈ ਹੋ ਕੇ ਸਥਾਪਤ ਪਾਤਸ਼ਾਹੀ ਤੋਂ ਬਾਗੀ ਹੋਣ ਦੀ ਜੁਅਰਤ ਕਰਨ।
ਆਪਣੇ ਰਾਜ ਵਲ ਜਾਂਦਾ ਇਹ ਪਹਿਲਾਂ ਕਦਮ ਸੀ —
ਖਾਲਸੋ ਹੋਵੈ ਖੁਦ ਖੁਦਾ, ਜਿਸ ਖੂਬੀ ਖੂਬ ਖੁਦਾਇ।
ਆਨ ਨਾ ਮਾਨੈ ਆਨ ਕੀ, ਇਕ ਸਚੇ ਬਿਨ ਪਾਤਸ਼ਾਹੁ। (੩੪) (ਪੰਨਾ ੫੨)
ਚਮਕੌਰ ਸਾਹਿਬ ਵਿਚ ਰਸਮੀ ਤੌਰ ਉਤੇ ਵੀ ਖਾਲਸੇ ਨੂੰ ਗੁਰਿਆਈ ਤੇ ਪਾਤਸ਼ਾਹੀ ਸੌਂਪੀ ਗਈ ਤਾਂ ਕਿ ਇਹ ਧਾਰਨਾ ਹੋਰ ਪਕੀ ਹੋਵੇ —
ਅਬ ਹਮ ਖਾਲਸੇ ਦਯੋਂ ਗੁਰਯਾਈ। ਦੈਯੋ ਟਿਕੋ ਖਾਲਸੇ ਲਾਈ। ੭।
ਜਹਿ ਸਤਿਗੁਰ ਥੇ ਬੈਠੇ ਆਪ। ਸਤ ਸਿਘ ਬੈਠਾਯਾ ਥਾਪਿ।
ਪਗੜੀ ਅਪਨੀ ਸੀਸ ਸਵਾਰੀ। ਸੰਤ ਸਿੰਘ ਸਿਰ ਪਰ ਆਪ ਸਧਾਰੀ। ੮।
ਸਦਿ ਖਾਲਸੇ ਕੁਨਸ ਕਰਵਾਈ। ਸਤਿਗੁਰ ਸਿੰਘਨ ਦਯੋ ਪਾਤਸ਼ਾਹੀ। (ਪੰਨਾ ੫੮)
ਗੁਰੂ ਸਾਹਿਬ ਨੇ ਬੰਦਾ ਬਹਾਦਰ ਨੂੰ ਖੰਡਾ ਪ੍ਰਦਾਨ ਕੀਤਾ, ਪਰ ਖਾਲਸੇ ਨੇ ਆਪਣਾ ਅਧਿਕਾਰ ਕਹਿ ਕੇ ਵਾਪਸ ਲੈ ਲਿਆ। ਉਸ ਹੋਰ ਬਰਕਤ ਮੰਗੀ ਤਾਂ ਗੁਰੂ ਸਾਹਿਬ ਦਾ ਜਵਾਬ ਸੀ —
ਤਿਸ ਕੋ ਸਤਿਗੁਰ ਯੌ ਪੁਨ ਕਹੀ। ਸੌਪ ਸਭੀ ਹਮ ਖਾਲਸੇ ਦਈ।
ਪੰਜ ਸਿਘ ਲੈ ਕੇ ਤੂ ਸਾਥ। ਕਰਿ ਅਰਦਾਸ ਪੂਰੀ ਹੁਇ ਬਾਤ। (ਪੰਨਾ ੮੨)
ਇਸ ਕਰਕੇ ਬੰਦਾ ਵੀ ਸਿਖਾਂ ਨੂੰ ਇਹੋ ਨਸੀਹਤ ਦੇਂਦਾ ਸੀ —
ਜੋ ਖਾਲਸੇ ਮੇ ਆ ਰਲੇ, ਪਾਤਸ਼ਾਹੀਓ ਵਡਾ ਹੋਇ।
ਸੋ ਖਾਲਸੇ ਨਹਿ ਮਿਲੇ, ਰਹਿ ਪਛਤਾਵਤ ਓਇ।
ਮਾਤਾ ਸੁੰਦਰੀ ਜੀ ਸਿਖਾਂ ਨੂੰ ਇਹੋ ਦ੍ਰਿੜਾਉਂਦੇ ਸਨ —
ਬਦੇ ਕੋ ਖਿਜਮਤ ਦਈ, ਦਈ ਪਾਤਸ਼ਾਹੀ ਨਾਹਿ।
ਦਈ ਪਾਤਸਾਹੀ ਪੰਥ ਨਿਜ, ਆਪ ਸਚੇ ਪਾਤਸ਼ਾਹਿ। ੧੫। (ਪੰਨਾ ੧੪੧)
ਸੋ ਸਾਰਾ ਮੁÎਖਤਯਾਰਨਾਮਾ ਖਾਲਸੇ ਨੂੰ ਦਿਤਾ ਗਿਆ। ਲੇਖਕ ਕਹਿੰਦਾ ਹੈ —
ਯੋ ਸਤਿਗੁਰ ਕਮ ਸਬ ਖਾਲਸੇ ਦੀਯੋ। ਮੁਖਤਯਾਰ ਖਾਲਸਾ ਸਭ ਥਾਂ ਕੀਯੋ।
ਦਖਣ ਪੂਰਬ ਉਤਰਵਾਇ। ਪਛਮ ਮਧ ਭੀ ਦਏ ਘਲਾਇ। ੨।
ਜਹਿ ਜਹਿ ਪੰਜ ਭੁਝੰਗੀ ਹੋਇ। ਗੁਰਦਵਾਰੇ ਤੁਲ ਮਨ ਲਯੋ ਸੋਇ।
ਪੰਜ ਭੁੰਝਗੀਅਨ ਤੇ ਅਰਦਾਸ ਕਰਾਓ। ਜੋ ਮਾਂਗਉ ਸੋਈ ਫਲ ਪਾਓ। ੪। (ਪੰਨਾ ੪੫)
ਉਹ ਸਮਾਂ ਆਇਆ ਜਦੋਂ ਸ. ਸੁਬੇਗ ਸਿੰਘ ਹਥ ਲਾਹੌਰ ਤੋਂ ਨਵਾਬੀ ਦਾ ਖਿਲਅਤ ਭੇਜਿਆ ਗਿਆ ਪਰ ਸਿਘ ਪਤਿਆਏ ਨਹੀਂ। ਉਨ੍ਹਾਂ ਦਾ ਨਿਸ਼ਾਨਾ ਸੰਪੂਰਨ ਪਾਤਸ਼ਾਹੀ ਪ੍ਰਾਪਤ ਕਰਨਾ ਸੀ, ਜੈਸਾ ਕਿ ਉਨ੍ਹਾਂ ਦੇ ਗੁਰੂ ਦਾ ਵਰਦਾਨ ਸੀ, ਸੋ ਉਹ ਨਵਾਬੀ ਨਾਲ ਕਿਵੇਂ ਸਤੁਸ਼ਟ ਹੋ ਸਕਦੇ ਸਨ। ਦਿਲੀ ਦੇ ਸ਼ਹੀਦ ਸਿਖ ਭਾਈ ਨਾਨੂ ਸਿੰਘ ਦੇ ਪੁਤਰ ਦੀਵਾਨ ਦਰਬਾਰਾ ਸਿੰਘ ਨੇ ਕਿਹਾ —
ਦਰਬਾਰੋ ਸਿਘ ਅਗਯੋਂ ਕਹੀ। ਅਸੀ ਨਬਾਬੀ ਕਦ ਚਹੈ ਲਈ।
ਹਮ ਕੋ ਸਤਿਗੁਰ ਬਚਨ ਪਾਤਸਾਹੀ। ਹਮ ਕੋ ਜਾਪਤ ਢਿਗ ਸੋਊ ਆਹੀ। ੩੬।
ਹਮ ਰਾਖਤ ਪਾਤਸਾਹੀ ਦਾਅਵਾ। ਜਾ ਇਤ ਕੋ ਜਾ ਅਗਲੋ ਪਾਵਾ।
ਜੋ ਸਤਿਗੁਰ ਸਿਖਨ ਕਹੀ ਬਾਤ। ਹੋਗੁ ਸਾਈ ਨਹਿ ਖਾਲੀ ਜਾਤ। ੩੭।
ਧੁਵ ਧਰਤਿ ਔ ਧਵਲ ਡੁਲਾਇ। ਸਤਿਗੁਰ ਬਚਨ ਨ ਖਾਲੀ ਜਾਇ।
ਪਾਤਸਾਹੀ ਛਡਿ ਕਿਸ ਲਹਹਿ ਨਬਾਬੀ। ਪਰਾਧੀਨ ਜਿਹ ਮਾਹਿ ਖਰਾਬੀ। ੩੮।
ਦੋਹਰਾ-ਹਮ ਪਾਤਸ਼ਾਹੀ ਸਤਿਗੁਰ ਦਈ, ਹੰਨੈ ਹੰਨੈ ਲਾਇ।
ਜਹਿ ਜਹਿ ਬਹੈ ਜ਼ਿਮੀਨ ਮਲਿ, ਤਹਿ ਤਹਿ ਤਖਤ ਬਨਾਇ। ੩੯। (ਪੰਨਾ ੨੧੩)
ਇਸ ਜਵਾਬ ਤੋਂ ਸਪਸ਼ਟ ਹੈ ਕਿ ਗਰੀਬ ਸਿਖਾਂ ਵਿਚ ਪਾਤਸ਼ਾਹੀ ਦਾ ਦਾਅਵਾ ਏਨਾ ਪਰਪਕ ਹੋ ਗਿਆ ਸੀ ਕਿ ਇਸ ਦੀ ਪ੍ਰਾਪਤੀ ਜ਼ਰੂਰੀ ਸੀ। ਆਖਰ ਉਹ ਸਮਾਂ ਵੀ ਆਇਆ ਜਦੋਂ ਸੂਰਬੀਰਾਂ ਦੇ ਸੌ ਸਾਲਾ ਸੰਗਰਾਮ ਦੀ ਇਕ ਸਦੀ ਪੂਰੀ ਹੋਈ। 1699 ਵਿਚ ਗੁਰੂ ਦਾ ਵਰਦਾਨ ਹੋਇਆ ਸੀ, 1765 ਵਿਚ ਸਿਖਾਂ ਲਾਹੌਰ ਲੈ ਕੇ ਸਿਕਾ ਚਲਾਇਆ। 1799 ਵਿਚ ਰਣਜੀਤ ਸਿੰਘ ਨੇ ਲਾਹੌਰ ਉਤੇ ਕਬਜ਼ਾ ਕੀਤਾ ਤੇ ਕਾਬਲ ਵਾਲਿਆਂ ਨੂੰ ਕਾਬਲ ਜਾ ਕੇ ਦ੍ਰਿੜ੍ਹ ਕਰਾਇਆ ਕਿ ਹੁਣ ਪੰਜਾਬ ਵਲ ਮੂਹ ਕਰਨ ਦਾ ਜ਼ਮਾਨਾ ਲਦ ਗਿਆ।
ਕੁੰਡਲੀਆ —
ਸੁਨੋ ਬਾਤ ਅਬ ਸਿੰਘਨ ਕੀ, ਕਰੀ ਸਾਹ ਜਿਮ ਲੂਟ।
ਕੂਟਤ ਮਾਰਤ ਸੋ ਥਕਯੋ, ਖਾਲਸੋ ਭਯੋ ਅਖੂਟ।
ਖਾਲਸਾ ਭਯੋ ਅਖੂਟ, ਨਦੀ ਜਿਮ ਸੁੰਮਵਾਣੀ।
ਅਗਲੈ ਆਗੇ ਤੁਰੇ, ਔਰ, ਝਬ ਆਵੈ ਪਾਣੀ।
ਸਤਿਗੁਰ ਵਧਾਯਾ ਖਾਲਸਾ, ਸਭ ਆਖਿ ਉਚਾਰੇ।
ਜੋ ਦੁਸ਼ਮਣ ਥੇ ਖਾਲਸੇ, ਸੋ ਥੋਹਰ ਜਿਉ ਗਾਰੇ। ੧। (ਪੰਨਾ ੩੬੦)
ਸਮੁਚੇ ਰੂਪ ਵਿਚ ਜਿਸ ਤਰ੍ਹਾਂ ਸਰਦਾਰ ਰਤਨ ਸਿੰਘ ਨੇ ਖਾਲਸਾ ਪੰਥ ਦੀ ਚੜ੍ਹਦੀਕਲਾ ਦੇ ਬ੍ਰਿਤਾਂਤ ਦਰਜ ਕੀਤੇ ਹਨ, ਉਸ ਤੋਂ ਇਕ ਰਬੀ ਭਰੋਸੇ ਵਾਲੀ, ਅਣਖ ਤੇ ਗੈਰਤ ਵਾਲੀ ਤੇ ਸਰਬਤ ਦਾ ਭਲਾ ਚਾਹੁਣ ਵਾਲੀ ਪਰਉਪਕਾਰੀ ਸਿਖ ਕੌਮ ਦੇ ਦਰਸ਼ਨ ਹੁੰਦੇ ਹਨ। ਅਨੇਕਾਂ ਪ੍ਰਸਗ ਐਸੇ ਹਨ ਜੋ ਜੇਕਰ ਰਿਕਾਰਡ ਨਾ ਹੁੰਦੇ ਤਾਂ ਉਹ ਸਾਡੇ ਤਕ ਨਾ ਪਹੁੰਚਦੇ ਨਾ ਹੀ ਅਸੀਂ ਅਜਿਹੇ ਸੂਰਬੀਰ ਤੇ ਸ੍ਵੈਮਾਣ ਪੂਰਨ ਵਿਰਸੇ ਦੇ ਅਧਿਕਾਰੀ ਹੋ ਸਕਦੇ। ਏਸ ਲਈ ਸਰਦਾਰ ਰਤਨ ਸਿੰਘ ਦਾ ਅਹਿਸਾਨਮੰਦ ਹੋਣਾ ਸਾਡਾ ਲਾਜ਼ਮੀ ਕਰਤਵ ਹੈ।
*****

Leave a Reply

Your email address will not be published. Required fields are marked *