ਗੁਰਵੇਲ ਸਿੰਘ ਪੰਨੂ

ਅਸੀਂ ਲੇਖਕ ਲੋਕ ਲਿਖਦੇ ਹਾਂ। ਬੜੀ ਚੰਗੀ ਗਲ ਹੈ ਪਰ ਜੇਕਰ ਇਹ ਪੁਛਿਆ ਜਾਵੇ ਕਿ ਅਸੀਂ ਕਿਸ ਦੇ ਲਈ ਲਿਖਦੇ ਹਾਂ ਤਾਂ ਅਸੀਂ ਭਲਾ ਕੀ ਜੁਆਬ ਦੇਵਾਂਗੇ? ਆਓ, ਆਪਾਂ ਲੇਖਕ ਲੋਕ ਬੁਕਲ ਵਿਚ ਮੂੰਹ ਪਾ ਕੇ ਇਸ ਸੁਆਲ ਦਾ ਜੁਆਬ ਦੇਣ ਦੀ ਕੋਸ਼ਿਸ਼ ਕਰੀਏ। ਅਸੀਂ ਲਿਖਦੇ ਹਾਂ, ਪਰ ਕਿਸ ਦੇ ਲਈ?
ਇਸ ਸੁਆਲ ਦਾ ਇਹ ਜੁਆਬ ਹੋ ਸਕਦਾ ਹੈ ਕਿ ਅਸੀਂ ਆਪਣੇ ਮਨ ਦੀ ਤਸਲੀ ਲਈ ਲਿਖਦੇ ਹਾਂ। ਠੀਕ ਹੈ, ਕੋਈ ਹਰਜ ਨਹੀਂ। ਅਸੀਂ ਆਪਣੇ ਮਨ ਦੀ ਤਸਲੀ ਲਈ ਲਿਖੀਏ, ਆਪਣਾ ਲਿਖਿਆ ਆਪ ਪੜ੍ਹੀਏ, ਅਨੰਦ ਦੀ ਅਵਸਥਾ ਵਿਚ ਰਹੀਏ, ਕਿਸੇ ਨੂੰ ਸਾਡੇ ਨਾਲ ਕੀ। ਪਰ ਅਸੀਂ ਆਪਣਾ ਲਿਖਿਆ ਅਖਬਾਰਾਂ, ਰਸਾਲਿਆਂ ਵਿਚ ਛਪਣ ਲਈ ਦੇ ਦੇਂਦੇ ਹਾਂ ਜਾਂ ਆਪਣਾ ਪਰਚਾ ਕਢ ਲੈਂਦੇ ਹਾਂ। ਛਪ ਕੇ ਜਦ ਕੋਈ ਲਿਖਤ ਬਾਹਰ ਪਾਠਕਾਂ ਕੋਲ ਆਉਂਦੀ ਹੈ ਤਾਂ ਪਾਠਕਾਂ ਦਾ, ਜਨਤਾ ਦਾ ਇਹ ਹਕ ਬਣ ਜਾਂਦਾ ਹੈ ਕਿ ਉਹ ਵੇਖੇ, ਉਸ ਦੇ ਸਾਹਿਤਕਾਰ ਕੀ ਲਿਖ ਰਹੇ ਹਨ ਅਤੇ ਕਿਹੋ ਜਿਹਾ ਲਿਖ ਰਹੇ ਹਨ।
ਪਿਛਲੇ 15-20 ਸਾਲਾਂ ਦੇ ਦੌਰਾਨ ਅਸੀਂ ਬਹੁਤ ਸਾਰਾ ਕੁਝ ਇਹੋ ਜਿਹਾ ਲਿਖਿਆ ਹੈ ਜਿਹੜਾ ਪਛਮ ਦੀਆਂ ਮੰਡੀਆਂ ਵਿਚ ਚਲ ਰਹੇ ਸਾਹਿਤ ਵਰਗਾ ਹੈ…ਬੜਾ ਹੀ ਅਲੌਕਿਕ, ਅਜੀਬੋ-ਗਰੀਬ, ਊਲ-ਜਲੂਲ, ਚਟਕ-ਮਟਕ ਵਾਲਾ, ਪਰੰਪਰਾ ਨਾਲੋਂ ਟੁਟਿਆ ਹੋਇਆ, ਜਵਾਂ ਹੀ ਪਰਯੋਗਵਾਦੀ, ਕਮਾਲ ਦੀਆਂ ਕਲਾਬਾਜ਼ੀਆਂ ਵਾਲਾ….ਕਿਉਂਕਿ ਇਸ ਤਰ੍ਹਾਂ ਦਾ ਲਿਖਣਾ ਪਛਮ ਵਿਚ ਇਕ ਫੈਸ਼ਨ ਹੈ, ਇਸ ਲਈ ਅਸੀਂ ਵੀ ਕੁਝ ਇਸ ਤਰ੍ਹਾਂ ਦਾ ਹੀ ਲਿਖਣ ਦਾ ਯਤਨ ਕੀਤਾ ਹੈ।
ਪਛਮ ਵਿਚ, ਉਨਤ ਸਨਅਤ ਅਤੇ ਅਤਿਅੰਤ ਅਮੀਰੀ ਵਾਲੇ ਦੇਸਾਂ ਵਿਚ ਸਾਹਿਤਕਾਰ ਅਜ ‘ਗੁਆਚੇ ਮਨੁਖ’, ‘ਭੀੜਾਂ ਵਿਚ ਇਕਲਤਾ-ਰੋਗ ਦੇ ਮਾਰੇ ਮਨੁਖ’, ‘ਪਲ ਪਲ ਭੁਰ ਰਹੇ ਮਨੁਖ’, ‘ਪਿਠ ਉਤੇ ਜੰਗਲ ਚੁਕੀ ਫਿਰਦੇ ਮਨੁਖ’ ਬਾਰੇ ਅਤੇ ‘ਸਹਿਕਦੇ ਪਲਾਂ’ ਬਾਰੇ ਲਿਖ ਰਹੇ ਹਨ। ਇਸ ਲਈ ਅਸੀਂ ਵੀ ਇਨ੍ਹਾਂ ਹੀ ਵਿਸ਼ਿਆਂ ਬਾਰੇ, ਇਨ੍ਹਾਂ ਹੀ ਸਮਸਿਆਵਾਂ, ਮਾਨਸਿਕ ਉਲਾਰਾਂ, ਲਿਗ ਉਤੇਜਨਾ ਬਾਰੇ ਲਿਖਿਆ ਹੈ। ਅਸੀਂ ਗਰਮ ਹਬਸ਼ਣਾਂ ਨਾਲ ਗੁਜ਼ਾਰੀਆਂ ਰਾਤਾਂ ਬਾਰੇ ਲਿਖਿਆ ਹੈ, ‘ਖਿੰਡੀਆਂ ਸ਼ਖਸੀਅਤਾਂ’ (ਸਪਲਿਟ ਪਰਸਨੈਲੇਟੀਜ਼) ਦੇ ਵਿਚਾਰ ਆਪਣੀਆਂ ਲਿਖਤਾਂ ਵਿਚ ਆਮ ਪੇਸ਼ ਕੀਤੇ ਹਨ। ਪਰ ਇਥੇ ਸੋਚਣ ਵਾਲੀ ਗਲ ਇਹ ਹੈ ਕਿ ਕੀ ਅਸੀਂ ਪਕੀ ਤਰ੍ਹਾਂ ਪਤਾ ਕਰ ਲਿਆ ਹੈ ਕਿ ਸਾਡੇ ਦੇਸ ਵਿਚ ਵੀ ਸਥਿਤੀ ਉਹੋ ਹੀ ਹੋ ਗਈ ਹੈ, ਜਿਹੜੀ ਪਛਮ ਦੇ ਦੇਸਾਂ ਵਿਚ ਅਜ ਹੈ?….ਤੇ ਦੂਜੀ ਗਲ, ਕੀ ਸਾਨੂੰ ਅੰਗਰੇਜ਼ੀ, ਫਰਾਂਸੀਸੀ ਜਾਂ ਜਰਮਨ ਜ਼ੁਬਾਨ ਵਿਚ ਲਿਖਣਾ ਆਉਂਦਾ ਹੈ?  ਸਾਨੂੰ ਤਾਂ ਸਿਰਫ ਪੰਜਾਬੀ ਵਿਚ ਹੀ ਲਿਖਣਾ ਆਉਂਦਾ ਹੈ। ਕੀ ਅਸੀਂ ਪੰਜਾਬੀ ਵਿਚ ਪਛਮ ਦੀਆਂ ਸਮਾਜਕ ਤੇ ਮਾਨਸਕ ਸਮਸਿਆਵਾਂ ਬਾਰੇ ਲਿਖਾਂਗੇ? ਤੇ ਨਾਲੇ ਪੰਜਾਬੀ ਪਾਠਕਾਂ ਵਾਸਤੇ!
ਅਸੀਂ ਪੰਜਾਬ ਦੇ ਰਹਿਣ ਵਾਲੇ ਹਾਂ। ਅਸੀਂ ਪੰਜਾਬੀ ਜ਼ੁਬਾਨ ਵਿਚ ਲਿਖਦੇ ਹਾਂ। ਪੰਜਾਬੀ ਲੋਕ ਸਾਡੇ ਪਾਠਕ ਹਨ। ਪੰਜਾਬੀ ਲੋਕਾਂ ਦਾ ਜੀਵਨ ਸਾਡੀ ਬੁਨਿਆਦੀ ਸਮਗਰੀ ਹੈ। ਪੰਜਾਬੀ ਲੋਕ ਸਾਡੀ ਪਹਿਲੀ ਜ਼ਿੰਮੇਵਾਰੀ ਹਨ।
ਕੁਲ ਭਾਰਤ ਮੇਰਾ ਦੇਸ ਹੈ, ਕੁਲ ਸੰਸਾਰ ਅਜ ਇਕ ਹੋਇਆ ਪਿਆ ਹੈ, ਇਹ ਸਭ ਕਹਿਣ ਦੀਆਂ ਗਲਾਂ ਹਨ। ਠੀਕ ਹੈ, ਅਜ ਦੁਨੀਆਂ ਦੇ ਕਿਸੇ ਹਿਸੇ ਵਿਚ ਜੋ ਕੁਝ ਵਾਪਰਦਾ ਹੈ ਉਸ ਦਾ ਅਸਰ ਕੁਲ ਦੁਨੀਆ ਉਤੇ ਪੈਂਦਾ ਹੈ, ਪਰ ਲੇਖਕ ਦੀ ਪਹਿਲੀ ਤੇ ਬੁਨਿਆਦੀ ਜ਼ਿੰਮੇਵਾਰੀ ਉਸ ਦੇ ਆਪਣੇ ਲੋਕਾਂ ਵਲ ਹੀ ਰਹਿੰਦੀ ਹੈ। ਪੰਜਾਬੀ ਲੇਖਕਾਂ ਦੀ ਪੰਜਾਬੀ ਲੋਕਾਂ ਵਲ, ਜਿਸ ਤਰ੍ਹਾਂ ਬੰਗਾਲੀ ਲੇਖਕਾਂ ਦੀ ਬੰਗਾਲੀ ਲੋਕਾਂ ਵਲ, ਫਰਾਂਸੀਸੀ ਲੇਖਕਾਂ ਦੀ ਫਰਾਂਸੀਸੀ ਤੇ ਅਰਬੀ ਲੇਖਕਾਂ ਦੀ ਅਰਬੀ ਲੋਕਾਂ ਵਲ….
ਅਸੀਂ ਪੰਜਾਬੀ ਲੇਖਕ ਹਾਂ। ਸਾਡੀ ਪਹਿਲੀ ਤੇ ਮੁਖ ਦਿਲਚਸਪੀ ਪੰਜਾਬੀ ਲੋਕ ਹੋਣੇ ਚਾਹੀਦੇ ਹਨ, ਕਿਉਂਕਿ ਸਾਡੇ ਪਾਠਕ ਪੰਜਾਬੀ ਲੋਕ ਹਨ। ਇਹੋ ਹੀ ਸਾਡੀ ਲਿਖਤ ਦੇ ਗਾਹਕ ਹਨ, ਇਹੋ ਹੀ ਨਿੰਦਕ ਤੇ ਇਹੋ ਹੀ ਪ੍ਰਸ਼ੰਸਕ…ਇਹ ਸ਼ਖਸ ਜਿਸ ਨੂੰ ਪੰਜਾਬੀ ਕਿਹਾ ਜਾਂਦਾ ਹੈ, ਸਾਡੇ ਕੋਲੋਂ ਅਜਿਹੀ ਲਿਖਤ ਦੀ ਆਸ ਰਖਦਾ ਹੈ, ਜਿਹੜੀ ਉਸ ਨੂੰ ਰੋਸ਼ਨੀ ਦੇ ਸਕੇ, ਵੇਖਣ ਲਈ ਅੱਖਾਂ ਤੇ ਸੋਚਣ ਲਈ ਦਿਮਾਗ ਦੇ ਸਕੇ, ਅਜਿਹੀ ਲਿਖਤ ਜਿਹੜੀ ਉਸ ਦੇ ਮਨ ਅੰਦਰਲੀ ਕਵਿਤਾ  ਜਗਾ ਸਕੇ। ਇਹ ਸ਼ਖਸ ਸਾਡੇ ਕੋਲੋਂ ਅਜਿਹੀਆਂ ਲਿਖਤਾਂ ਦੀ ਮੰਗ ਕਰਦਾ ਹੈ, ਜਿਨ੍ਹਾਂ ਵਿਚ ਉਹ ਆਪ ਹੋਵੇ, ਜਿਨ੍ਹਾਂ ਵਿਚ ਉਸ ਦੇ ਜੀਵਨ ਹਾਵਾਂ-ਭਾਵਾਂ, ਸਮਸਿਆਵਾਂ, ਵਿਚਾਰਾਂ ਦੀ ਛਾਣਬੀਣ ਕੀਤੀ ਗਈ ਹੋਵੇ। ਇਹ ਸ਼ਖਸ ਚਾਹੁੰਦਾ ਹੈ ਕਿ ਸਾਹਿਤਕਾਰ ਇਹ ਸਮਝਣ ਵਿਚ ਉਸ ਦੀ ਸਹਾਇਤਾ ਕਰੇ ਕਿ ਅਸਲ ਗਲ ਕੀ ਹੈ।
ਸਾਡੇ ਵਿਚੋਂ ਕੁਝ ਲੇਖਕ ਕਹਿੰਦੇ ਹਨ ਕਿ ਉਨ੍ਹਾਂ ਦਾ ਲਿਖਿਆ ਬਿਲਕੁਲ ਫਰਾਂਸੀਸੀ ਤੇ ਅਮਰੀਕਨ ਲੇਖਕਾਂ ਦੀਆਂ ਰਚਨਾਵਾਂ ਵਰਗਾ ਹੀ ਹੈ। ਉਨ੍ਹਾਂ ਦਾ ਇਹ ਕਹਿਣਾ ਠੀਕ ਹੈ, ਕਿਉਂਕਿ ਉਨ੍ਹਾਂ ਦੀ ਪੰਜਾਬੀ ਵਿਚ ਲਿਖੀ ਕਵਿਤਾ ਬਹੁਤੀ ਵਾਰ ਇੰਜ ਲਗਦੀ ਹੈ ਜਿਵੇਂ ਕਿਸ ਪਛਮੀ ਲੇਖਕ ਦੀ ਲਿਖੀ ਹੋਈ ਹੋਵੇ। ਮਾੜਾ ਜਿਹਾ ਹਥ ਲਗਣ ਨਾਲ ਇਹ ਕਵਿਤਾ ਸੌਖਿਆਂ ਹੀ ਅੰਗਰੇਜ਼ੀ ਵਿਚ ਅਨੁਵਾਦ ਹੋ ਸਕਦੀ ਹੈ।
ਖੂਬ ਹੈ! ਕਮਾਲ ਹੈ! ਆਓ, ਰਤਾ ਸੋਚ ਲਈਏ ਕਿ ਕਵਿਤਾ ਜਿਸ ਉਤੇ ਉਹ ਫਖਰ ਕਰ ਰਹੇ ਹਨ, ਕਿਤੇ ਕਿਸੇ ਅਗਰੇਜ਼ੀ ਨਜ਼ਮ ਦੀ, ਜਾਂ ਮਿਲੀਆਂ ਜੁਲੀਆਂ ਕਈ ਬਿਦੇਸੀ ਨਜ਼ਮਾਂ ਦੀ, ਸੁਚੇਤ ਜਾਂ ਅਚੇਤ, ਨਕਲ ਤਾਂ ਨਹੀਂ? ਹੋ ਸਕਦਾ ਹੈ ਨਕਲ ਭੋਲੇ-ਭਾ ਹੀ ਵਜ ਗਈ ਹੋਵੇ। ਜੇ ਇਹ ਗਲ ਹੈ ਤਾਂ ਇਹ ਨਜ਼ਮ ਪੰਜਾਬੀ ਤੇ ਨਾ ਹੋਈ ਨਾ। ਦਸੋ, ਫਿਰ ਇਹ ਨਜ਼ਮ ਕਿਸ ਕੰਮ ਆਵੇਗੀ? ਕਿਸ ਨੂੰ ਟੁੰਬ ਸਕੇਗੀ ਇਹ?  ਇਹ ਨਜ਼ਮ ਕਿਸ ਦੇ ਲਈ ਹੈ?
ਅਸੀਂ ਅਕਸਰ ਗਿਲਾ ਕਰਦੇ ਹਾਂ ਕਿ ਸਾਡੀਆਂ ਲਿਖਤਾਂ ਲੋਕ ਪੜ੍ਹਦੇ ਨਹੀਂ, ਰਸਾਲਿਆਂ ਵਿਚ ਛਪੀਆਂ ਸਾਡੀਆਂ ‘ਮਹਾਨ ਰਚਨਾਵਾਂ’ ਬਾਰੇ ਕੋਈ ਚਰਚਾ ਨਹੀਂ ਛਿੜਦੀ, ਸਾਡੀਆਂ ਕਿਤਾਬਾਂ ਲੋਕ ਖਰੀਦਦੇ ਨਹੀਂ। ਸਾਡਾ ਗਿਲਾ ਸਚ ਹੈ। ਆਓ ਵੇਖੀਏ, ਭਲਾ ਇਹ ਗਿਲਾ ਵਾਜਬ ਵੀ ਹੈ? ਅਸੀਂ ਸੋਚਵਾਨ, ਬੁਜੀਵਾਨ ਜੀਵ ਹਾਂ। ਸਾਡੇ ਅੰਦਰ ਰਚਨਾ ਕਰ ਸਕਣ ਦੀ ਸ਼ਕਤੀ ਹੈ। ਸਾਨੂੰ ਆਪਣੀ ਜ਼ੁਬਾਨ ਵਿਚ ਆਪਣੇ ਵਿਚਾਰ ਪੇਸ਼ ਕਰਨ ਦਾ ਵੱਲ ਆਉਂਦਾ ਹੈ। ਪਰ ਸਾਡੇ ਲੋਕਾਂ ਦੀ, ਪੰਜਾਬੀ ਲੋਕਾਂ ਦੀ ਸਾਡੀਆਂ ਰਚਨਾਵਾਂ ਵਿਚ ਦਿਲਚਸਪੀ ਨਹੀਂ ਹੈ। ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਅਸੀਂ ਲੋਕਾਂ ਨੂੰ ਭੁਲਾ ਛਡਿਆ ਹੋਵੇ ਤੇ ਲੋਕਾਂ ਸਾਨੂੰ ਭੁਲਾ ਦਿਤਾ ਹੋਵੇ।
ਦੇਸ ਕਹਿ ਲਓ ਜਾਂ ਇਲਾਕਾ, ਕੌਮ ਕਹਿ ਲਓ ਜਾਂ ਕੌਮੀਅਤ, ਉਨਤ ਜ਼ੁਬਾਨ ਕਹਿ ਲਓ ਜਾਂ ਪਛੜੀ ਹੋਈ, ਸਚ ਇਹੋ ਹੀ ਹੈ ਕਿ ਪੰਜਾਬ ਇਕ ਦੇਸ ਹੈ, ਜਿਸ ਵਿਚ ਪੰਜਾਬੀ ਲੋਕ ਰਹਿੰਦੇ ਹਨ ਅਤੇ ਇਨ੍ਹਾਂ ਲੋਕਾਂ ਦੀ ਜ਼ੁਬਾਨ ਪੰਜਾਬੀ ਹੈ। ਯਾਦ ਰਖਣ ਵਾਲੀ ਗਲ ਇਹ ਹੈ ਕਿ ਲੋਕਾਂ ਦੇ ਜੀਵਨ ਤੇ ਸਭਿਆਚਾਰ ਦਾ ਉਨ੍ਹਾਂ ਦੀ ਜ਼ੁਬਾਨ ਤੇ ਸਾਹਿਤ ਨਾਲ ਕਿਤੇ ਨਾ ਕਿਤੇ ਤਾਂ ਜੋੜ ਹੋਣਾ ਹੀ ਚਾਹੀਦਾ ਹੈ। ਲੋਕ, ਸਭਿਆਚਾਰ, ਜ਼ੁਬਾਨ ਤੇ ਸਾਹਿਤ ਦੀ ਇਕ ਲੜੀ ਹੁੰਦੀ ਹੈ ਅਤੇ ਇਹ ਇਕ ਦੂਜੇ ਨਾਲ ਬਝੇ, ਭਾਵ ਅਗੜ-ਪਿਛੜ ਪਰ ਨਾਲ ਨਾਲ ਹੀ ਤਰਕੀ ਕਰਦੇ ਹਨ।
ਪੰਜਾਬੀ ਦੇ ਲੋਕ ਸਾਡੀਆਂ ਲਿਖਤਾਂ ਵਿਚ ਦਿਲਚਸਪੀ ਨਹੀਂ ਲੈਂਦੇ, ਸਾਡੀਆਂ ਕਿਤਾਬਾਂ ਖਰੀਦਦੇ ਨਹੀਂ। ਇਸ ਪਿਛੇ ਤਿੰਨ ਕਾਰਨ ਹੋ ਸਕਦੇ ਹਨ —
ਪਹਿਲਾ : ਹੋ ਸਕਦਾ ਹੈ ਕਿ ਇਸ ਦਾ ਕਾਰਨ ਪੰਜਾਬ ਵਿਚ ਤਾਲੀਮ ਦੀ ਹੀ ਘਾਟ ਹੋਵੇ, ਪੜ੍ਹੇ-ਲਿਖੇ ਲੋਕਾਂ ਦੀ ਥੋੜ੍ਹੀ ਗਿਣਤੀ ਹੋਵੇ। ਜੇ ਇਹੋ ਗਲ ਹੈ ਤਾਂ ਸੁਆਲ ਉਠੇਗਾ ਕਿ ਕੀ ਅਸੀਂ ਬੁਧੀਜੀਵੀਆਂ ਨੇ, ਲੇਖਕਾਂ ਨੇ ਇਸ ਅਵਸਥਾ ਦੇ ਬਦਲਣ ਵਿਚ ਆਪਣਾ ਰੋਲ ਅਦਾ ਕੀਤਾ ਹੈ? ਕੀ ਪਿਛਲੇ ਢਾਈ ਦਹਾਕਿਆਂ ਵਿਚ ਆਪਣੇ ਲੋਕਾਂ ਵਿਚ ਤਾਲੀਮ ਫੈਲਾਉਣ ਦੇ ਕੰਮ ਵਿਚ ਅਸੀਂ ਆਪਣੀ ਪੂਰੀ ਪੂਰੀ ਵਾਹ ਲਾਈ ਹੈ? ਕੀ ਅਸੀਂ ਪਛੜੇ ਪਿਡਾਂ ਵਿਚ ਗਏ ਹਾਂ? ਬੱਚਿਆਂ ਨੂੰ ਅਤੇ ਬਾਲਗਾਂ, ਬੁਢਿਆਂ ਨੂੰ ਜਥੇਬੰਦ ਕਰਕੇ ਲਿਖਣ ਪੜ੍ਹਨ ਵਾਲੇ ਪਾਸੇ ਲਾਇਆ ਹੈ? ਪੰਜਾਬ ਦੇ ਜਿਹੜੇ ਨੇਤਾਵਾਂ, ਪਾਰਟੀਆਂ ਤੇ ਵਜ਼ਾਰਤਾਂ ਨੇ ਲੋਕਾਂ ਵਿਚ ਤਾਲੀਮ ਫੈਲਾਉਣ ਦੇ ਕੰਮ ਵਲੋਂ ਅਣਗਹਿਲੀ ਵਰਤੀ ਹੈ, ਕੀ ਅਸੀਂ ਉਨ੍ਹਾਂ ਨੂੰ ਨੰਗਾ ਕੀਤਾ ਹੈ? ਕੀ ਅਸੀਂ ਇਸ ਉਮੀਦ ਉਤੇ ਬੈਠੇ ਹਾਂ ਕਿ ਲੋਕਾਂ ਨੂੰ ਤਾਲੀਮ ਹਾਸਲ ਕੋਈ ਹੋਰ ਕਰਵਾਏ ਤੇ ਤਾਲੀਮ ਹਾਸਲ ਕਰਕੇ ਲੋਕ ਕਵਿਤਾਵਾਂ ਤੇ ਕਹਾਣੀਆਂ ਸਾਡੀਆਂ ਪੜ੍ਹਨ?
ਜੇ ਮਨੁਖ ਦੀ ਆਜ਼ਾਦੀ ਅਤੇ ਮਨੁਖ ਦੀ ਭਲਾਈ ਸਾਡਾ ਆਦਰਸ਼ ਹੈ ਤਾਂ ਮਨੁਖ ਨੂੰ ਤਾਲੀਮ ਵੀ ਸਾਨੂੰ ਹੀ ਦੇਣੀ ਪਵੇਗੀ ਤੇ ਉਸ ਦੇ ਦਿਮਾਗ ਨੂੰ ਰੋਸ਼ਨ ਕਰਨ ਵਾਲਾ ਸਾਹਿਤ ਵੀ ਸਾਨੂੰ ਹੀ ਰਚਣਾ ਪਵੇਗਾ। ਲੋਕਾਂ ਨੂੰ ਤਾਲੀਮ ਦੇਣ ਦਾ ਕੰਮ ਅਸੀਂ ਧਨਵਾਨ ਅਤੇ ਲੋਟੂ ਜਮਾਤਾਂ ਦੇ ਜ਼ਿੰਮੇ ਨਹੀਂ ਛਡ ਸਕਦੇ।
ਦੂਜਾ : ਕਿਹਾ ਜਾ ਸਕਦਾ ਹੈ ਕਿ ਪੰਜਾਬੀਆਂ ਨੂੰ ਪੜ੍ਹਨ ਲਿਖਣ ਦਾ ਸ਼ੌਕ ਹੀ ਕੁਝ ਘਟ ਹੈ। ਖਾਂਦੇ-ਪੀਂਦੇ ਪੰਜਾਬੀ ਘਰਾਂ ਵਿਚ ਸਭ ਕੁਝ ਹੁੰਦਾ ਹੈ, ਪਰ ਕਿਤਾਬਾਂ, ਰਸਾਲੇ ਨਹੀਂ ਹੁੰਦੇ। ਪੰਜਾਬ ਦਾ ਅਮੀਰ ਤਬਕਾ ਕਿਤਾਬਾਂ ਖਰੀਦ ਸਕਦਾ ਹੈ, ਪਰ ਖਰੀਦਦਾ ਨਹੀਂ। ਇਥੇ ਸੁਆਲ ਇਹ ਉਠੇਗਾ ਕਿ ਕੀ ਸਾਡੇ ਸਾਹਿਤ ਵਿਚ ਅਜਿਹੇ ਸਚ ਦਾ ਬਿਆਨ ਹੁੰਦਾ ਹੈ ਜਿਸ ਤੋਂ ਇਸ ਤਬਕੇ ਨੂੰ ਇਹ ਪਤਾ ਲਗ ਜਾਵੇ ਕਿ ਊਚ-ਨੀਚ ਦਾ, ਅਮੀਰ-ਗਰੀਬ ਦਾ, ਹਾਕਮ-ਮਹਿਕੂਮ ਦਾ ਇਹ ਅਜ ਵਾਲਾ ਢਾਂਚਾ ਸਤਿਗੁਰਾਂ ਦਾ ਧੁਰੋਂ ਬਖਸਿਆ ਹੋਇਆ ਕੋਈ ਅਟਲ ਤੇ ਅਮਰ ਢਾਂਚਾ ਨਹੀਂ ਹੈ? ਜੇ ਸਾਡੇ ਸਾਹਿਤ ਵਿਚ ਇਸ ਸਚ ਦਾ ਬਿਆਨ ਹੋਵੇਗਾ ਤਾਂ ਨਿਰਸੰਦੇਹ ਇਹ ਤਬਕਾ ਸਾਡੇ ਤੋਂ ਭੈਅ ਵੀ ਖਾਵੇਗਾ ਅਤੇ ਸਾਨੂੰ ਪੜ੍ਹੇਗਾ ਵੀ। ਸਾਡੀਆਂ ਕਿਤਾਬਾਂ ਉਤੇ ਪਾਬੰਦੀ ਵੀ ਲਾਵੇਗਾ, ਸਾਨੂੰ ਜੇਲ੍ਹ ਵਿਚ ਵੀ ਸੁਟੇਗਾ ਪਰ ਸਾਨੂੰ ਪੜ੍ਹੇਗਾ ਵੀ ਜ਼ਰੂਰ, ਇਹ ਵੇਖਣ ਲਈ ਕਿ ਸਾਡਾ ਪੈਂਤੜਾ ਕਿਹੜਾ ਹੈ ਅਤੇ ਸਾਡੇ ਹਮਲੇ ਦੀ ਕਿਸਮ ਕਿਹੜੀ ਹੈ। ਇਹ ਤਬਕਾ ਬੜਾ ਚਤੁਰ ਹੈ ਅਤੇ ਮੁਆਫ ਕਰਨਾ, ਸਾਡੇ ਲੇਖਕਾਂ ਨਾਲੋਂ ਕਿਤੇ ਵਧ ਹੁਸ਼ਿਆਰ ਵੀ।
ਤੀਜਾ : ਇਹ ਕਾਰਨ ਵੀ ਹੋ ਸਕਦਾ ਹੈ ਕਿ ਸਾਡੀਆਂ ਰਚਨਾਵਾਂ ਪੰਜਾਬੀ ਲੋਕਾਂ ਤੋਂ ਪਰ੍ਹੇ-ਪਰ੍ਹੇ ਦੀ, ਪਾਸਾ ਦੇ ਕੇ ਲਘ ਜਾਂਦੀਆਂ ਹੋਣ। ਨਾ ਉਹ ਲੋਕਾਂ ਵਿਚੋਂ ਉਪਜਦੀਆਂ ਹੋਣ ਤੇ ਨਾ ਹੀ ਲੋਕਾਂ ਦੀ ਬੁਧੀ ਵਿਚ ਇੰਜ ਰਚਦੀਆਂ ਹੋਣ ਜਿਵੇਂ ਕਣੀ-ਕਣੀ ਪੈਂਦਾ ਮੀਂਹ ਧਰਤੀ ਵਿਚ ਰਚ ਜਾਦਾ ਹੈ। ਜਦ ਮਨਾਂ ਦੀ ਧਰਤੀ ਵਤਰ ਨਹੀਂ ਆਵੇਗੀ, ਉਸ ਵਿਚੋਂ ਉਗੇਗਾ ਕੀ? ਅਸੀਂ ਬਿਦੇਸੀ ਸਾਹਿਤ ਪੜ੍ਹਦੇ ਹਾਂ, ਉਸ ਵਿਚ ਪੇਸ਼ ਕੀਤੇ ਵਿਚਾਰਾਂ, ਸਕਲਪਾਂ ਤੋਂ ਮੁਤਾਸਿਰ ਹੁੰਦੇ ਹਾਂ, ਸਾਨੂੰ ਸਿਗਰਟ, ਕੈਫੇ, ਜੰਗਲ ਤੇ ਲਿੰਗ-ਭੋਗ ਦੇ ਬਿੰਬ ਪ੍ਰਭਾਵਿਤ ਕਰਦੇ ਹਨ। ਅਸੀਂ ਪਛਮ ਦੇ ਸਾਹਿਤਕਾਰਾਂ ਵਾਂਗ ਲਿਖਣਾ ਲੋਚਦੇ ਹਾਂ, ਪਛਮ ਵਿਚ ਪ੍ਰਚਲਤ ਸਭ ਸਾਹਿਤਕ ਧਾਰਾਵਾਂ ਦਾ ਗਿਆਨ ਰਖਦੇ ਹਾਂ ਪਰ ਸਭ ਤੋਂ ਵਡੀ ਤੇ ਬੁਨਿਆਦੀ ਗਲ, ਜਿਹੜੀ ਅਸੀਂ ਭੁਲ ਜਾਂਦੇ ਹਾਂ, ਉਹ ਹੈ ਪਾਠਕ! ਜੋ ਅਸੀਂ ਲਿਖਦੇ ਹਾਂ, ਕੀ ਉਹ ਸਾਡੇ ਪਾਠਕ ਦੇ ਪਿੜ-ਪਲੇ ਵੀ ਪੈਂਦਾ ਹੈ? ਕੀ ਲੇਖਕ ਤੇ ਪਾਠਕ ਦੀ ਵੇਵ-ਲੈਂਗਥ ਇਕ ਹੁੰਦੀ ਹੈ, ਸੁਰ ਇਕ ਹੁੰਦੀ ਹੈ? ਇਸ ਗਲ ਦਾ ਜੁਆਬ ਸਾਨੂੰ ਸੋਚਣਾ ਪਵੇਗਾ। ਅਜ ਨਹੀਂ ਤਾਂ ਕਲ੍ਹ, ਕਲ੍ਹ ਨਹੀਂ ਤਾਂ ਪਰਸੋ…..ਇਸ ਸੁਆਲ ਦਾ ਜੁਆਬ ਸਾਨੂੰ ਜ਼ਰੂਰ ਸੋਚਣਾ ਪਵੇਗਾ।
ਕਈ ਵਾਰ, ਅਸੀਂ ਇਹ ਦਸਣ ਲਈ ਕਿ ਅਸੀਂ ਬਿਲਕੁਲ ਹੀ ਨਿਪੁੰਸਕ ਸਾਹਿਤ ਨਹੀਂ ਰਚ ਰਹੇ, ਅਸੀਂ ਵੀਅਤਨਾਮ ਤੇ ਚੈਕੋਸਲੋਵਾਕੀਆ ਬਾਰੇ ਅਤੇ ਜਾਂ ਸੰਸਾਰ ਵਿਚ ਉਠ ਰਹੇ ਕਈ ਦੂਜੇ ਮਸਲਿਆਂ ਬਾਰੇ ਕਵਿਤਾਵਾਂ ਲਿਖ ਦੇਂਦੇ ਹਾਂ। ਆਪਣੇ ਆਪ ਵਿਚ ਇਹ ਕੋਈ ਮਾੜੀ ਗਲ ਨਹੀਂ। ਸਾਡੀ ਭਾਵਨਾ ਨੇਕ ਹੁੰਦੀ ਹੈ ਪਰ ਜ਼ਿੰਦਗੀ ਦਾ ਇਹ ਵੀ ਇਕ ਕੌੜਾ ਸਚ ਹੈ ਕਿ ਉਸ ਬੰਦੇ ਦਾ ਕਿਹਾ ਹੀ ਸੰਸਾਰ ਵਿਚ ਸੁਣਿਆ ਜਾਂਦਾ ਹੈ, ਭਬਕ ਮੰਨਿਆ ਜਾਂਦਾ ਹੈ, ਜਿਸ ਦੇ ਪਿਛੇ ਉਸ ਦੀ ਗਲ ਨੂੰ ਸੁਣਨ ਅਤੇ ਉਸ ਨੂੰ ਵਜ਼ਨ ਦੇਣ ਵਾਲੇ ਉਸ ਦੇ ਆਪਣੇ ਲੋਕ ਹੁੰਦੇ ਹਨ…ਲੋਕ, ਜਿਹੜੇ ਉਸ ਦੀ ਜ਼ੁਬਾਨ ਤੇ ਉਸ ਦੀ ਗਲ ਨੂੰ ਸਮਝ ਸਕਦੇ ਹਨ। ਜੇਕਰ ਸਾਡੀ ਗਲ ਨੂੰ ਸਮਝਣ ਵਾਲੇ ਪੰਜਾਬੀ ਲੋਕ ਸਾਡੇ ਪਿਛੇ ਨਹੀਂ ਹਨ ਤਾਂ ਸਾਡੀ ਭਬਕ ਸੰਸਾਰ ਵਿਚ ਕੌਡੀ ਦੇ ਭਾਅ ਜਾਵੇਗੀ, ਇਸ ਨੂੰ ਐਵੇਂ ਮੂੰਹ ਖੋਲ੍ਹਣਾ ਜਾਂ ਉਬਾਸੀ ਲੈਣਾ ਹੀ ਸਮਝਿਆ ਜਾਵੇਗਾ।
ਜੇਕਰ ਪੰਜਾਬੀ ਲੋਕ ਸਾਡੇ ਨਾਲ ਹਨ, ਜੇਕਰ ਉਨ੍ਹਾਂ ਦੀ ਸੂਝ-ਬੂਝ ਦਾ ਪਧਰ ਅਸੀਂ ਉਚਾ ਕਰ ਲਿਆ ਹੈ ਤਾਂ ਦੋ ਸਤਰਾਂ ਦਾ ਸਾਡਾ ਬਿਆਨ ਵੀ ਦੁਨੀਆਂ ਵਿਚ ਗਰਜ ਮੰਨਿਆ ਜਾਵੇਗਾ, ਜੇ ਨਹੀਂ ਤਾਂ ਸਾਡੀ ਪੂਰੀ ਦੀ ਪੂਰੀ ਨਜ਼ਮ ਵੀ ਕਾਗਜ਼ ਦੇ ਚੀਥੜੇ ਤੋਂ ਵਧ ਨਹੀਂ ਸਮÎਝੀ ਜਾਵੇਗੀ। ਸਾਡੇ ਸਾਹਿਤ ਵਿਚ ਉਦੋ ਹੀ ਸ਼ਕਤੀ ਪੈਦਾ ਹੋਵੇਗੀ ਜਦੋਂ ਸਾਹਿਤ ਪੰਜਾਬੀ ਲੋਕਾਂ ਨਾਲ ਇੰਜ ਜੁੜਿਆ ਹੋਇਆ ਹੋਵੇਗਾ ਜਿਵੇਂ ਮਾਸ ਨਾਲ ਨਹੁੰ।
ਸਾਡੇ ਵਿਚੋਂ ਕੁਝ ਲੇਖਕਾਂ ਨੂੰ ਪੰਜਾਬ ਦੀ ਆਰਥਿਕ ਖੁਸ਼ਹਾਲੀ ਨਜ਼ਰ ਆਉਂਦੀ ਹੈ, ਤਾਲੀਮ ਦਾ ਫੈਲਾਅ ਦਿਸਦਾ ਹੈ, ਟਰੈਕਟਰ ਤੇ ਟੈਰੀਕਾਟ ਵਿਖਾਈ ਦਿਦੇ ਹਨ। ਹੈਰਾਨੀ ਹੈ ਕਿ ਇਨ੍ਹਾਂ ਲੇÎਖਕਾਂ ਨੂੰ ਪੰਜਾਬੀ ਦੀ ਸਭਿਆਚਾਰਕ ਕੰਗਾਲੀ, ਦਿਤੀ ਜਾ ਰਹੀ ਤਾਲੀਮ ਦਾ ਘਟੀਆਪਣ ਅਤੇ ਮਨੁਖ ਦੀ ਪੁਠੀ ਹੁੰਦੀ ਜਾਂਦੀ ਸੋਚ ਕਿਉਂ ਵਿਖਾਈ ਨਹੀਂ ਦਿਦੀ।
ਥਾਣੇ, ਕਚਹਿਰੀਆਂ ਅਤੇ ਜੇਲ੍ਹਾਂ ਵਿਚ ਬੇਕਸੂਰੀ ਜਨਤਾ ਦੀ ਦਿਨ-ਰਾਤ ਕੀ ਹਾਲਤ ਹੁੰਦੀ ਹੈ। ਡਿਸੈਂਪਸਰੀਆਂ ਤੇ ਹਸਪਤਾਲਾਂ ਵਿਚ ਜਨ-ਸਧਾਰਨ ਨਾਲ ਕੀ ਬੀਤਦੀ ਹੈ। ਸਕੂਲਾਂ, ਕਾਲਜਾਂ ਵਿਚ ਕਿਹੋ ਜਿਹੀ ਤਾਲੀਮ ਦਿਤੀ ਜਾ ਰਹੀ ਹੈ ਤੇ ਕੀ ਮਾਹੌਲ ਹੈ। ਸਾਹਿਤ ਦੇ ਖੇਤਰ ਵਿਚ, ਕਿਤਾਬਾਂ ਛਾਪਣ ਤੇ ਵੇਚਣ ਦੇ ਖੇਤਰ ਵਿਚ ਕੀ ਧਾਂਦਲੀ ਮਚੀ ਹੋਈ ਹੈ। ਧਰਮ ਅਸਥਾਨਾਂ ਅਤੇ ਸੰਤਾਂ ਸਾਧੂਆਂ ਦੇ ਡੇਰਿਆਂ ਉਤੇ ਭੋਲੀ ਜਨਤਾ ਕਿੰਜ ਖੁਆਰ ਹੋ ਰਹੀ ਹੈ। ਵਹਿਮਾਂ ਤੇ ਤੁਅਸਬਾਂ ਦੇ ਜ਼ਹਿਰ ਦੇ ਟੀਕੇ ਜਨਸਧਾਰਣ ਨੂੰ ਕਿਵੇਂ ਸੁਆਰਥੀ ਲੋਕ ਲਾਈ ਜਾ ਰਹੇ ਹਨ, ਇਸ ਸਭ ਕਾਸੇ ਦੀ ਛਾਣਬੀਣ ਆਪਣੀਆਂ ਰਚਨਾਵਾਂ ਵਿਚ ਕਰਨ ਦੀ ਲੋੜ ਹੈ। ਰਾਜਨੀਤੀ ਤੇ ਸਰਕਾਰੀ ਪ੍ਰਬੰਧ ਵਿਚ ਜੋ ਭ੍ਰਿਸ਼ਟਾਚਾਰ ਤੇ ਅਫਰਾ-ਤਫਰੀ ਮਚੀ ਹੋਈ ਹੈ ਉਸ ਦੇ ਵਿਰੁਧ ਆਵਾਜ਼ ਉਠਾਉਣ ਦੀ ਲੋੜ ਹੈ। ਤਲਵਾਰ ਵਾਂਗ ਕਲਮ ਚੁਕਣ ਦੀ ਲੋੜ ਹੈ। ਸਿਰ ਤਲੀ ਉਤੇ ਰਖ ਕੇ ਅਗੇ ਆਉਣ ਦੀ ਲੋੜ ਹੈ। ”ਸਬ ਚਲਦਾ ਹੈ!” ਦਾ ”ਗੁਰਮੰਤਰ” ਭੁਲ ਕੇ ਸਾਨੂੰ ਹੁਣ ਇਹ ਕਹਿਣਾ ਚਾਹੀਦਾ ਹੈ, ”ਹੁਣ ਇਹ ਨਹੀਂ ਚਲੇਗਾ।”
ਸਾਹਿਤ ਦਾ ਕੀ ਫਰਜ਼ ਹੈ? ਵਿਹਲੀਆਂ ਅਤੇ ਖਾ-ਕਾ ਕੇ ਫਿਟੀਆਂ ਨਾਰਾਂ ਦਾ ਦਿਲ ਬਹਿਲਾਉਣਾ? ਉਮਰੋਂ ਢਲੇ ਤੇ ਲਾਲਾਂ ਛਡਦੇ, ਥੁੜ ਦੇ ਮਾਰੇ ਬੰਦਿਆਂ ਲਈ ਸਸਤੇ ਸੁਆਦਾਂ ਵਾਲੀਆਂ ਲਿੰਗ-ਭੜਕਾਊ ਲਿਖਤਾਂ ਮੁਹਈਆਂ ਕਰਨਾ? ਜਵਾਨ ਹੋ ਰਹੇ ਮੁੰਡੇ ਕੁੜੀਆਂ ਦੇ ਕਚੇ-ਪਕੇ ਵਿਚਾਰਾਂ ਨੂੰ ਲਾਂਬੂ ਲਾ ਕੇ ਉਤੇਜਿਤ ਕਰਨਾ? ਲੋਕਾਂ ਵਿਚ ਮਜ਼੍ਹਬੀ ਦੋਫਾੜ ਨੂੰ ਚੌੜਾ ਕਰਨਾ?
ਇਤਿਹਾਸ ਗਵਾਹ ਹੈ ਕਿ ਸਾਹਿਤ ਉਹੋ ਹੀ ਪ੍ਰਵਾਨ ਚੜ੍ਹਦਾ ਹੈ ਜਿਹੜਾ ਹਥਾਂ ਨਾਲ ਮਿਹਨਤ ਕਰਨ ਵਾਲੇ ਲੋਕਾਂ ਲਈ ਹੁੰਦਾ ਹੈ, ਜਿਹੜਾ ਉਨ੍ਹਾਂ ਨੌਜਵਾਨਾਂ ਤੇ ਮੁਟਿਆਰਾਂ ਲਈ ਹੁੰਦਾ ਹੈ, ਜਿਨ੍ਹਾਂ ਦੇ ਮਨਾਂ ਅੰਦਰ ਆਦਰਸ਼ ਹੁੰਦੇ ਹਨ ਤੇ ਜਿਹੜੇ ਆਦਰਸ਼ਾਂ ਦੀ ਪ੍ਰਾਪਤੀ ਲਈ ਹੰਭਲਾ ਮਾਰਨ ਦੀ ਲਗਨ ਰਖਦੇ ਹਨ, ਸਾਹਿਤ ਜਿਹੜਾ ਪਾਠਕ ਦੇ ਹਡਾਂ ਵਿਚ ਮਨੁਖ ਜਾਤੀ ਦਾ ਇਸ਼ਕ ਰਚਾਉਂਦਾ ਹੈ। ਅਸਲ ਸਾਹਿਤ ਓਹੋ ਹੀ ਹੁੰਦਾ ਹੈ, ਜਿਹੜਾ ਮਨੁਖ ਦੀ ਸੁਤੰਤਰਤਾ ਤੇ ਉਸ ਦੇ ਸੁਹਪਣ ਦੇ ਘੋਲ ਵਿਚ, ਦਲੇਰੀ ਨਾਲ ਹਿਸਾ ਪਾਉਂਦਾ ਹੋਵੇ। ਓਹੋ ਹੀ ਸਾਹਿਤ ਅਸਲ ਵਿਚ ਪ੍ਰਗਤੀਸ਼ੀਲ ਹੁੰਦਾ ਹੈ ਤੇ ਓਹੋ ਹੀ ਪ੍ਰਯੋਗਵਾਦੀ, ਓਹੋ ਹੀ ਵਿਦਰੋਹੀ ਹੁੰਦਾ ਹੈ ਤੇ ਓਹੋ ਹੀ ਤਤੇ ਲਹੂ ਦਾ। ਜਿਸ ਸਾਹਿਤ ਵਿਚ ਮਨੁਖ ਲਈ ਪਿਆਰ ਨਹੀਂ, ਮਨੁਖ ਦੀ ਆਜ਼ਾਦੀ ਤੇ ਖੂਬਸੂਰਤੀ ਲਈ ਜਦੋਜਹਿਦ ਨਹੀਂ, ਉਹ ‘ਵਰਾਇਟੀ ਪ੍ਰੋਗਰਾਮ’ ਤੋਂ ਵਧ ਕੁਝ ਨਹੀਂ ਹੋ ਸਕਦਾ।
ਹਰ ਲੇਖਕ ਲਈ ਆਪਣੀ ਮਾਂ-ਬੋਲੀ ਦੀ ਚੰਗੀ ਜਾਣਕਾਰੀ ਜ਼ਰੂਰੀ ਹੈ। ਜਿਹੜਾ ਲੇਖਕ ਆਪਣੀ ਮਾਂ-ਬੋਲੀ ਨੂੰ ਚੰਗੀ ਤਰ੍ਹਾਂ ਨਹੀਂ ਜਾਣਦਾ, ਉਹ ਆਪਣੀ ਮਾਂ-ਬੋਲੀ ਦੀ ਖੂਬਸੂਰਤੀ ਦਾ ਰਸ ਭਲਾ ਕਿਵੇਂ ਮਾਣ ਸਕਦਾ ਹੈ, ਕਿਸੇ ਕਿਤਾਬ ਜਾਂ ਗੀਤ ਦਾ ਉਸ ਦੇ ਮਨ ਉਤੇ ਭਲਾ ਕੀ ਅਸਰ ਹੋ ਸਕਦਾ ਹੈ, ਉਸ ਦੀ ਯਾਦ ਸ਼ਕਤੀ ਵਿਚ ਕਵਿਤਾ ਦਾ ਭੰਡਾਰ ਭਲਾ ਕਿਵੇਂ ਜਮ੍ਹਾਂ ਹੋ ਸਕਦਾ ਹੈ। ਸਾਡੇ ਵਿਚੋਂ ਕਿਨੇ ਹਿਕ ਉਤੇ ਹਥ ਮਾਰ ਕੇ ਕਹਿ ਸਕਦੇ ਹਨ ਕਿ ਉਨ੍ਹਾਂ ਨੇ ਮਾਂ-ਬੋਲੀ ਨੂੰ ਸਿਖਣ ਲਈ ਮਿਹਨਤ ਕੀਤੀ ਹੈ, ਪੁਰਾਣੇ ਸਾਹਿਤ ਨੂੰ ਪੜ੍ਹਿਆ ਹੈ, ਆਪਣੇ ਹੱਡਾਂ ਵਿਚ ਰਚਾਇਆ ਹੈ।
ਇਥੇ ਗੋਰਕੀ ਦੀਆਂ ਦੋ ਟੂਕਾਂ ਦਾ ਜ਼ਿਕਰ ਕਰਨਾ ਚੰਗਾ ਰਹੇਗਾ। ਰੂਸੀ ਇਨਕਲਾਬ ਤੋਂ ਪਹਿਲਾਂ ਦੇ ਸਾਹਿਤ ਬਾਰੇ ਜ਼ਿਕਰ ਕਰਦਿਆਂ ਗੋਰਕੀ ਨੇ ਕਿਹਾ ਸੀ, ”ਸਾਡਾ ਸਾਹਿਤ ਸਾਡਾ ਗੌਰਵ ਹੈ…ਇਹ ਸਭ ਤੋਂ ਉਤਮ ਚੀਜ਼ ਹੈ, ਜਿਹੜੀ ਸਾਡੀ ਕੌਮ ਨੇ ਪੈਦਾ ਕੀਤੀ ਹੈ।”
ਕੀ ਆਉਣ ਵਾਲੀ ਪੁਸ਼ਤ ਸਾਡੇ ਅਜੋਕੇ ਸਾਹਿਤ ਬਾਰੇ ਇਹ ਗਲ ਮਾਣ ਨਾਲ ਕਹਿ ਸਕੇਗੀ?
ਉਸ ਸਮੇਂ ਦੇ ਇਨਕਲਾਬ ਤੋਂ ਪਹਿਲਾਂ ਦੇ ਸਾਹਿਤ ਬਾਰੇ ਗੋਰਕੀ ਨੇ ਕਿਹਾ ਸੀ ਕਿ ”ਰੂਸੀ ਸਾਹਿਤ ਦਾ ਵਡਾ ਹਿਸਾ ਸੁਆਲਾਂ ਦਾ ਸਾਹਿਤ ਸੀ।” ਅਸੀਂ ਪਿਛਲੇ ਵੀਹ ਸਾਲ ਦੇ ਸਾਹਿਤ ਵਿਚ ਕਿੰਨੇ ਸੁਆਲ ਉਠਾਏ ਹਨ? ਦੇਸ ਅੰਦਰ, ਸਮਾਜ ਅੰਦਰ ਕੀ ਹੋ ਰਿਹਾ ਹੈ ਤੇ ਕਿਉਂ ਹੋ ਰਿਹਾ ਹੈ? ਦੇਸ ਦੀ ਇਹ ਦੁਰਦਸ਼ਾ ਕਿਉਂ ਹੈ? ਸਾਡੇ ਲੋਕਾਂ ਦੀ ਇਹ ਦੁਰਗਤੀ ਕਿਉਂ ਹੋ ਰਹੀ ਹੈ? ਕੌਣ ਇਸ ਅਵਸਥਾ ਦਾ ਜ਼ਿੰਮੇਵਾਰ ਹੈ? ਅਜਿਹੇ ਸੁਆਲ ਉਠਾਉਣਾ ਵੀ ਜਨਤਾ ਨੂੰ ਜਗਾਅ ਕੇ ਉਸ ਦੇ ਹੱਥ ਵਿਚ ਹਥਿਆਰ ਦੇਣ ਦੇ ਬਰਾਬਰ ਹੈ।
*****

Co

Leave a Reply

Your email address will not be published. Required fields are marked *