ਚੰਡੀਗੜ੍ਹ, ਅਗਸਤ 27: ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉੱਚ ਮਿਆਰੀ ਪੱਧਰ ਤੇ ਛਾਪਣ ਦੇ ਪ੍ਰੋਜੈਕਟ ਉਤੇ ਸ਼ੱਕ ਦੀ ਉਂਗਲ ਖੜ੍ਹੀ ਕਰਦਿਆਂ ਅੱਜ ਸਿੱਖ ਬੁੱਧੀਜੀਵੀਆਂ ਨੇ ਕਿਹਾ ਕਿ ਕਮੇਟੀ ਪਹਿਲਾਂ ਇਸ ਗੱਲ ਦਾ ਸਿੱਖਾਂ ਨੂੰ ਵਿਸ਼ਵਾਸ਼ ਦਿਵਾਏ ਕਿ ਗ੍ਰੰਥ ਸਾਹਿਬ ਦੀ ਮੌਲਿਕਤਾ ਅਤੇ ਸ਼ੁੱਧਤਾ ਉਤੇ ਕੋਈ ਆਂਚ ਨਹੀਂ ਆਵੇਗੀ।
ਸਿੱਖਾਂ ਅੰਦਰ ਸ਼ੰਕੇ ਖੜ੍ਹੇ ਹੋ ਰਹੇ ਹਨ ਕਿ ਬਾਦਲਾਂ ਦੇ ਸਿੱਧੇ ਪ੍ਰਭਾਵ ਥੱਲੇ ਕੰਮ ਕਰ ਰਹੇ ਅਕਾਲੀ ਲੀਡਰ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਅਹੁਦੇਦਾਰ ਸਿਆਸੀ ਗਿਣਤੀਆਂ ਮਿਣਤੀਆਂ ਅਤੇ ਹਿੰਦੂ ਰਾਸ਼ਟਰਵਾਦੀਆਂ ਦੇ ਪ੍ਰਭਾਵ ਤੋਂ  ਕਿਵੇਂ ਮੁਕਤ ਹੋ ਸਕਦੇ ਹਨ ਹੈਰਾਨੀ ਵਾਲੀ ਗੱਲ ਹੈ ਕਿ ਦਿੱਲੀ ਕਮੇਟੀ ਵੱਡੇ ਪੱਧਰ ਉਤੇ ਇਸ਼ਤਿਹਾਰਬਾਜ਼ੀ ਕਰ ਰਹੀ ਹੈ ਕਿ ਉਹ ਮਾਡਰਨ ਛਾਪੇਖਾਨਾ, ਵਧੀਆ ਸਿਆਹੀ, ਕਾਗਜ਼ ਆਦਿ ਖਰੀਦ ਰਹੀ ਹੈ।ਪਰ ਉਹ ਗੁਰਬਾਣੀ ਦੀ ਮੌਲਿਕਤਾ, ਪਵਿੱਤਰਤਾ ਕਾਇਮ ਰੱਖਣ ਬਾਰੇ ਚੁੱਪ ਵੱਟੀ ਬੈਠੀ ਹੈ। ਸਿੱਖ ਬੁੱਧੀਜੀਵੀਆਂ ਨੇ ਇਕ ਸਾਂਝੇ ਬਿਆਨ ਵਿਚ ਕਿਹਾ “ਸਿੱਖ ਸੰਗਤ ਨੂੰ ਅਗਾਊਂ ਪਤਾ ਹੋਣਾ ਚਾਹੀਦਾ ਹੈ ਕਿ ਦਿੱਲੀ ਕਮੇਟੀ ਗੁਰਬਾਣੀ ਦੀ ਕਿਹੜੀ ਟੈਕਸਟ ਛਾਪ ਰਹੀ ਹੈ। ਗੁਰਬਾਣੀ ਵਿਚ ਕੋਈ ਰਲਾ ਤਾਂ ਨਹੀਂ ਹੋਵੇਗਾ ਅਤੇ ਗੁਰਬਾਣੀ ਦੀ 415 ਸਾਲ ਤੋਂ ਚਲਦੀ ਆ ਰਹੀ ਵਿਲੱਖਣ ਰਚਨਾ ਅਤੇ ਤਰਤੀਬ ਕਾਇਮ ਰਹੇਗੀ ਕਿਉਂਕਿ ਥੋੜ੍ਹੀ ਜਿਹੀ ਹਿਲ ਜੁਲ ਵੀ ਰੱਬੀ ਬਾਣੀ ਦੀ ਰੂਹ ਨੂੰ ਜ਼ਰਬ ਪਹੁ਼ੰਚਾ ਸਕਦੀ ਹੈ।
ਪਹਿਲਾਂ ਹੀ ਹੱਥ ਲਿਖਤ ਬੀੜਾਂ ਤੋਂ ਅੱਗੇ ਛਪਾਈ ਕਰਨ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਬਾਣੀ ਦੇ ਟੈਕਸਟ ਨਾਲ ਹੋਈ ਮਹੀਨ ਛੇੜ-ਛਾੜ ਦੀ ਚਰਚਾ ਸਿੱਖਾਂ ਅੰਦਰ ਚੱਲ ਰਹੀ ਹੈ।ਇਸ ਤੋਂ  ਇਲਾਵਾ ਪੁਰਾਣੀ ਮਰਿਆਦਾ ਨੂੰ ਮਨ ਮਰਜ਼ੀ ਨਾਲ ਤੋੜਦਿਆਂ ਸ਼ੋ੍ਰਮਣੀ ਕਮੇਟੀ ਨੇ ਨਿਸ਼ਾਨ ਸਾਹਿਬ ਅਤੇ ਸਿਰੋਪਿਆਂ ਦੇ ਰੰਗ ਵੀ ਬਦਲ ਦਿੱਤੇ ਹਨ ਅਤੇ ਮੰਜੀ ਸਾਹਿਬ ਉਤੇ ਸੰਗਤ ਦੇ ਇਕੱਠੇ ਹੋ ਕੇ ਮਸਲੇ ਵਿਚਾਰਨ ਦੀ ਪ੍ਰੰਪਰਾ ਵੀ ਖਤਮ ਕਰ ਦਿੱਤੀ ਹੈ।
ਅੱਜ ਦੇ ਹਾਲਾਤ ਵਿਚ ਜਦੋਂ ਸਿੱਖ ਪ੍ਰੰਪਰਾ “ਪੰਥ ਤੇ ਗ੍ਰੰਥ” ਉਤੇ ਹਿੰਦੂਤਵ ਦੇ ਗਹਿਰੇ ਬੱਦਲ ਮੰਡਰਾ ਰਹੇ ਹਨ ਤਾਂ ਦਿੱਲੀ ਕਮੇਟੀ ਨੂੰ ਚਾਹੀਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੱਡੇ ਪੱਧਰ ‘ਤੇ ਛਾਪਣ ਤੋਂ ਪਹਿਲਾਂ ਉਹ ਸਿੱਖਾਂ ਨੂੰ ਘੱਟੋ-ਘੱਟ ਦਸ ਜਿਲਦਾਂ ਦਿਖਾਵੇ ਕਿ ਧੁਰ ਕੀ ਬਾਣੀ ਵਿਚ ਛੇੜ-ਛਾੜ ਤਾਂ ਨਹੀਂ ਹੋਈ?
ਸਿੱਖ ਬੁੱਧੀਜੀਵੀਆਂ ਨੇ ਦਿੱਲੀ ਕਮੇਟੀ ਨੂੰ ਸੁਚੇਤ ਕੀਤਾ ਕਿ ਜੇ ਕਿਤੇ ਕੋਈ ਅਜਿਹੀ ਛੋਟੀ ਮੋਟੀ ਗਲਤੀ ਵੀ ਸੰਗਤ ਦੀ ਨਜ਼ਰ ਪਈ ਤਾਂ 2015 ਵਾਲੀ ਬਰਗਾੜੀ ਬੇਅਦਬੀ ਘਟਨਾ ਤੋਂ ਵੱਡੇ ਸਿੱਖ ਵਿਰੋਧ ਖੜ੍ਹੇ ਹੋਣਗੇ ਜਿਸਦੀ ਜਿੰਮੇਵਾਰੀ ਕਮੇਟੀ ਦੀ ਹੀ ਹੋਵੇਗੀ। ਉਨ੍ਹਾਂ ਨੇ ਦੁਨੀਆਂ ਦੇ ਕੋਨੇ^ਕੋਨੇ ਵਿਚ ਵਸਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਚੁਕੰਨੇ ਰਹਿਣ ਤਾਂ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚਾਰ ਸਦੀਆਂ ਪੁਰਾਣੀ ਸ਼ੁੱਧਤਾ ਤੇ ਮੌਲਿਕਤਾ ਨੂੰ ਸਿਆਸੀ ਕਲਾਬਾਜ਼ੀਆਂ ਤੋਂ ਮਹਿਫੂਜ਼ ਰੱਖਿਆ ਜਾ ਸਕੇ।
ਪੰਜਾਬ ਫੋਰਮ ਦੀ ਮੀਟਿੰਗ ਵਿਚ ਗੁਰਤੇਜ ਸਿੰਘ, ਆਈ ਏ ਐਸ, ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋ, ਜਸਪਾਲ ਸਿੰਘ ਸਿੱਧੂ ਜਰਨਲਿਸਟ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਬੁਲਾਰੇ ਗੁਰਪ੍ਰੀਤ ਸਿੰਘ, ਪ੍ਰੋਫੈਸਰ ਕੁਲਬੀਰ ਸਿੰਘ, ਡਾ ਗੁਰਮੇਜ ਸਿੰਘ, ਡਾ ਜਗਦੀਪ ਸਿੰਘ, ਪ੍ਰੋਫੈਸਰ ਭੁਪਿੰਦਰ ਸਿੰਘ, ਪ੍ਰੋਫੈਸਰ ਕੁਲਵਿੰਦਰ ਸਿੰਘ, ਗੁਰਬਚਨ ਸਿੰਘ ਜਲੰਧਰ ਅਤੇ ਲੇਖਕ ਰਾਜਵਿੰਦਰ ਸਿੰਘ ਰਾਹੀ ਆਦਿਕ ਪ੍ਰਸਿੱਧ ਸਿੱਖ ਹਸਤੀਆਂ ਨੇ ਹਿੱਸਾ ਲਿਆ ਅਤੇ ਸਾਂਝਾ ਬਿਆਨ ਜਾਰੀ ਕੀਤਾ।

Leave a Reply

Your email address will not be published. Required fields are marked *