ਹਾਲ ਹੀ ਬਣੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਮਸ਼ਹੂਰ ਕ੍ਰਿਕਟਰ ਇਮਰਾਨ ਖਾਨ ਏਸ਼ੀਆਈ ਮੁਲਕਾਂ ਦੇ ਸਿਆਸਤਦਾਨਾਂ ਨੂੂੰ ਦੋ ਹਿੱਸਿਆਂ ਵਿਚ ਵੰਡਦਾ ਹੈ। ਇਕ ਕੈਟੇਗਰੀ ਤਾਂ ਉਹ ਹਨ ਜਿਨ੍ਹਾਂ ਲਈ ਸਿਆਸਤ ‘ਮਿਸ਼ਨ’ ਹੁੰਦੀ ਹੈ ਕਿ ਉਹ ਆਪਣੇ ਲੋਕਾਂ ਦੀ ਹਰ ਪੱਧਰ ਤੇ ਬੇਹਤਰੀ ਲੋਚਦੇ ਹੋਏ ਨਿਸ਼ਕਾਮ ਜੱਦੋਜਹਿਦ ਕਰਦੇ ਹਨ। ਦੂਜੀ ਕੈਟੇਗਰੀ ਸੌਦਾਗਰ ਸਿਆਸਤਦਾਨਾਂ ਦੀ ਹੈ ਜਿਨ੍ਹਾਂ ਲਈ ਰਾਜਨੀਤੀ ਇਕ ਵਪਾਰ ਹੈ ਜਿਸ ਰਾਹੀਂ ਉਹ ਆਪਣੀਆਂ ਪਰਿਵਾਰਕ ਤਿਜੋਰੀਆਂ ਭਰਦੇ ਹਨ ਅਤੇ ਲੋਕ ਸਿਆਸਤ ਦਾ ਢੋਂਗ ਰਚਦੇ ਹੋਏ ਆਪਣੇ ਹਿਤਾਂ ਲਈ ਅੰਦਰਖਾਤੇ ਘਟੀਆ ਤੋਂ ਘਟੀਆ ਅਨੈਤਿਕ ਸਮਝੌਤੇ ਕਰਦੇ ਹਨ। ਬਾਦਲ ਦੂਜੀ ਕੈਟੇਗਰੀ ਵਾਲੇ ਸਿਆਸਤਦਾਨ ਹਨ।

ਪਰਸੋਂ ਪੰਜਾਬ ਅਸੈਂਬਲੀ ਵਿਚ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਪੜਤਾਲ ਲਈ ਬਣੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ 600 ਪੰਨਿਆਂ ਦੀ ਰਿਪੋਰਟ ਉਤੇ ਭਰਵੀਂ ਬਹਿਸ ਹੋਈ। ਅੱਠ ਘੰਟੇ ਚੱਲੀ ਲੰਬੀ ਬਹਿਸ ਨੂੰ ਟੀ.ਵੀ. ਚੈਨਲਾਂ ਉਤੇ ਲਾਈਵ ਦਿਖਾਇਆ ਗਿਆ। ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿਚ ਅਜਿਹਾ ਪਹਿਲਾ ਮੌਕਾ ਸੀ, ਜਦੋਂ ਕਿ ਪਾਰਲੀਮੈਂਟ ਦੀ ਕਾਰਵਾਈ ਤਾਂ ਪਿਛਲੇ 15 ਸਾਲਾਂ ਤੋਂ ਦਿਖਾਈ ਜਾ ਰਹੀ ਹੈ। ਤੀਜੇ ਦਰਜੇ ਦੀ 13 ਮੈਂਬਰਾਂ ਵਾਲੀ ਅਕਾਲੀ ਪਾਰਟੀ ਤਾਂ ਸ਼ੁਰੂ ਵਿਚ ਹੀ ਬਾਈਕਾਟ ਕਰਕੇ ਸਦਨ ਤੋਂ ਬਾਹਰ ਚਲੀ ਗਈ ਸੀ ਅਤੇ ਬਾਹਰ ਮਜਮਾ ਲਗਾ ਕੇ ਕਾਂਗਰਸੀਆਂ ਉਤੇ ਤਾਬੜ ਤੋੜ ਹਮਲੇ ਕਰਕੇ ਸੁਖਬੀਰ ਸਿੰਘ ਬਾਦਲ ਅਤੇ ਮਜੀਠੀਏ ਵਰਗੇ ਪੁਰਾਣੀ ਰਾਜ ਸੱਤਾ ਵਾਲੇ ਦਮਗਜੇ ਮਾਰਦੇ ਰਹੇ, ਪਰ ਜੋ ਕੁਝ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਐਮ ਐਲ ਏਜ਼ ਨੇ ਬਾਦਲਾਂ ਦੀ ਕਰਤੂਤਾਂ ਦਾ ਕੱਚਾ ਚਿੱਠਾ ਨਸ਼ਰ ਕਰਕੇ ਉਨ੍ਹਾਂ ਨੂੰ ਲੋਕਾਂ ਦੇ ਪਰ੍ਹੇ ਵਿਚ ਨੰਗਾ ਕਰ ਦਿੱਤਾ, ਉਹੋ ਜਿਹਾ ਕੁਕਰਮਾਂ ਦਾ ਕੱਚਾ ਚਿੱਠਾ ਸ਼ਾਇਦ ਹੀ ਇਸ ਤੋਂ ਪਹਿਲਾਂ ਸਦਨ ਵਿਚ ਪੇਸ਼ ਕੀਤਾ ਗਿਆ ਹੋਵੇ। ਹਰ ਭਾਸ਼ਣ ਅਸੈਂਬਲੀ ਵਿਚ ਰੀਕਾਰਡ ਹੋਇਆ ਅਤੇ ਸਪੀਕਰ ਨੇ ਬਣਦੀ ਹੋਈ ਕਾਂਟ ਛਾਂਟ ਤੋਂ ਵੀ ਗੁਰੇਜ਼ ਕੀਤਾ। ਮੁੱਖ ਤੌਰ ’ਤੇ ਬਾਦਲਾਂ ਦੀ ਸਿਆਸਤ ਵਿਸਾਖੀ 1978 ਸਿੱਖ ਨਿਰੰਕਾਰੀ ਘਟਨਾ ਤੋਂ ਸ਼ੁਰੂ ਕਰਦਿਆਂ, ਬਾਦਲ ਪਰਿਵਾਰ ਅਤੇ ਉਨ੍ਹਾਂ ਦੀ ਸਿਆਸਤ ਦੇ ਲੰਬੇ ਸਮਾਂ ਹਿੱਸਾ ਰਹੇ, ਮੌਜੂਦਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਉਸ ਸਮੇਂ ਦੇ ਪੁਲਿਸ ਦੀਆਂ ਗੁਪਤ ਰਿਪੋਰਟਾਂ ਨੂੰ ਨਸ਼ਰ ਕਰਦਿਆਂ ਕਿਹਾ ਕਿ ਪਤਾ ਹੋਣ ਦੇ ਬਾਵਜੂਦ ਕਿ ਅੰਮ੍ਰਿਤਸਰ ਵਿਚ ਹੋ ਰਹੇ ਨਿਰੰਕਾਰੀ ਸੰਮੇਲਨ ਕਾਰਨ ਹਿੰਸਾ ਹੋ ਸਕਦੀ ਹੈ, ਪ੍ਰਕਾਸ਼ ਸਿੰਘ ਬਾਦਲ ਨੇ ਸੰਮੇਲਨ ਨੂੰ ਰੋਕਿਆ ਨਹੀਂ ਜਿਸ ਨਾਲ ਪੰਜਾਬ ਵਿਚ ਤਿੰਨ ਦਹਾਕੇ ਲੰਮੇ ਖੂਨ ਖਰਾਬੇ ਦਾ ਮੁੱਢ ਬੱਝਿਆ। ਮਨਪ੍ਰੀਤ ਬਾਦਲ ਅਨੁਸਾਰ ਉਸਦਾ ‘ਤਾਇਆ ਜੀ’ ਵੱਡਾ ਬਾਦਲ ਸਿੱਖ-ਹਿੰਦੂ ਪੰਜਾਬੀਆਂ ਨੂੰ ਵੰਡ ਕੇ ਆਪਣੀ ਸਿਆਸਤ ਦੀ ਪਕੜ ਬਣਾਈ ਰੱਖਣਾ ਚਾਹੁੰਦਾ ਸੀ। ਅਸਲ ਵਿਚ ਇਹੀ ਸਮਾਜੀ ਵੰਡ ਪਾ ਕੇ ਵੋਟ ਬੈਂਕ ਕਾਇਮ ਕਰਨ ਦੀ ਕਾਂਗਰਸ ਦੀ ਪਾਲਿਸੀ ਰਹੀ ਹੈ ਜਿਸ ਨੂੰ ਹੁਣ ਮੋਦੀ ਨੇ ਪ੍ਰਚੰਡ ਰੂਪ ਦੇ ਦਿੱਤਾ ਹੈ।

ਨਵਜੋਤ ਸਿੱਧੂ ਨੇ ਸੁਖਬੀਰ ਬਾਦਲ ਨੂੰ ‘ਸਿਆਸੀ ਸੁਦਾਗਰ’ ਦੀ ਉਪਾਧੀ ਦਿੰਦਿਆਂ ਕਿਹਾ ਕਿ ਉਸਦੀ ਰਾਜਨੀਤੀ ਦਾ ਸਾਰ ਤੱਤ ਹੈ ਕਿ ਉਹ ਦੁਨੀਆਂ ਦਾ ਸਭ ਤੋਂ ਅਮੀਰ ਸਿੱਖ ਬਣਨਾ ਚਾਹੁੰਦਾ ਹੈ ਅਤੇ ਮਾਇਆ ਤਾਂ ਪਾਪਾਂ ਬਾਝੋਂ ਇਕੱਠੀ ਨਹੀਂ ਹੁੰਦੀ ਜਿਸ ਕਰਕੇ ਹਰ ਇਖਲਾਕੀ ਤੇ ਸਿਆਸੀ ਕਾਰਨਾਮੇ ਉਸ ਲਈ ਗਵਾਹ ਹਨ। ਬਹੁਤੇ ਬੁਲਾਰਿਆਂ ਨੇ ਅਕਾਲੀ ਦਲ ਨੂੰ ‘ਸੌਦਾ ਦਲ’ ਕਹਿ ਕੇ ਸਰਸੇ ਦੇ ਸੌਦਾ ਸਾਧ ਦਾ ਹਮਸਫਰ ਤੇ ਹਮਜੋਲੀ ਦੱਸਿਆ। ਇਸ ਕਰਕੇ, ਬਾਦਲਾਂ ਦੇ ਨਾਲ ਨਾਲ ਸੌਦਾ ਸਾਧ ਉਤੇ ਵੀ ਹਮਲੇ ਹੋਏ ਕਿ ਉਹ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਾ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ। 2015 ਵਾਲੀਆਂ ਬਰਗਾੜੀ ਬੇਅਦਬੀ ਦੀਆਂ ਘਟਨਾਵਾਂ ਸੌਦਾ ਸਾਧ ਅਤੇ ਸੌਦਾ ਦਲ ਦੀਆਂ ਵੋਟ ਰਾਜਨੀਤੀ ਨੂੰ ਚਮਕਾਉਣ ਵਾਲੀਆਂ ਸਾਂਝੀਆਂ ਕਾਰਵਾਈਆਂ ਸਨ। ਹੈਰਾਨੀ ਹੈ ਕਿ ਕਮਿਸ਼ਨ ਅਨੁਸਾਰ ਬਾਦਲਾਂ ਦੇ ਰਾਜ ਕਾਲ ਵਿਚ 162 ਧਾਰਮਿਕ ਬੇਅਦਬੀ ਦੀਆਂ ਘਟਨਾਵਾਂ ਵਾਪਰਨ ਦਾ ਅਸੈਂਬਲੀ ਵਿਚ ਉਲੇਖ ਹੋਇਆ।

ਇਤਿਹਾਸ ਵਿਚ ਪਹਿਲੀ ਵਾਰ ਬਾਦਲਾਂ ਦੇ ਕਬਜ਼ੇ ਥੱਲੇ ਚਲ ਰਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਿਰੁੱਧ ਨਿਖੇਧੀ ਦਾ ਮਤਾ ਅਸੈਂਬਲੀ ਸੈਸ਼ਨ ਵਿਚ ਪਾਇਆ ਗਿਆ ਕਿ ਉਸ ਨੇ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਸਦਨ ਵਿਚ ਰੱਖਣ ਤੋਂ ਪਹਿਲਾਂ ਰੱਦ ਕੀਤਾ ਸੀ। ਕਿਸੇ ਵੀ ਹਿੰਦੂ ਕਾਂਗਰਸੀ ਮੈਂਬਰ ਨੇ ਸਦਨ ਦੀ ਬਹਿਸ ਵਿਚ ਹਿੱਸਾ ਨਹੀਂ ਲਿਆ, ਇਉਂ ਲੱਗ ਰਿਹਾ ਸੀ ਕਿ ਜਿਵੇਂ ਪੰਜਾਬ ਅਸੈਂਬਲੀ ਵਿਚ ‘ਸਿੱਖ ਸ਼ੈਸਨ’ ਚੱਲ ਰਿਹਾ ਹੋਵੇ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਬੁਲੰਦ ਜੈਕਾਰੇ ਪਹਿਲੀ ਵਾਰ ਸਦਨ ਵਿਚ ਗੂੰਜੇ। ਪਹਿਲੀ ਵਾਰ ਕਾਂਗਰਸੀ ਸਿੱਖ ਮੈਂਬਰਾਂ ਨੇ ਸਿੱਖਾਂ ਨੂੰ ਕੌਮ ਦੇ ਤੌਰ ਉਤੇ ਸੰਬੋਧਨ ਕਰਦਿਆਂ ਸਿੱਖ ਧਾਰਮਿਕ ਭਾਵਨਾਵਾਂ ਦੀ ਪੁਰਜ਼ੋਰ ਤਰਜਮਾਨੀ ਕੀਤੀ ਜਿਹੜੀ ਕਿ ਕੋਈ ਵੀ ਅਕਾਲੀ ਲੀਡਰ ਪਿਛਲੇ ਤੀਹ ਚਾਲੀ ਸਾਲਾਂ ਵਿਚ ਸਦਨ ਵਿਚ ਨਹੀਂ ਕਰ ਸਕਿਆ। ਭਾਵੇਂ ਇਹ ਸਭ ਕਾਂਗਰਸੀ ਵੱਲੋਂ ਵਿਰੋਧੀ ਅਕਾਲੀ ਦਲ ਨੂੰ ਰੌਂਦਣ ਅਤੇ ਮਸਲ ਦੇਣ ਦੀ ਸਿਆਸਤ ਵਿਚ ਹੋ ਰਿਹਾ ਸੀ ਪਰ ਭਾਰਤੀ ਸੰਵਿਧਾਨਕ ਪੱਧਰ ਉਤੇ ਚੁਣੇ ਹੋਏ ਕਾਂਗਰਸੀ ਨੁਮਾਇੰਦਿਆਂ ਵੱਲੋਂ ਸਿੱਖ ਭਾਈਚਾਰੇ ਦੀ ਅੰਤਰੀਵ ਧਾਰਮਿਕ ਅਤੇ ਸਿਆਸੀ ਮੁਹਾਵਰੇ ਵਿਚ ਦਿੱਤੇ ਭਾਵਨਾਤਮਕ ਭਾਸ਼ਣਾਂ ਦਾ ਰਿਕਾਰਡ ਹੋ ਕੇ ਹਿਸਟਰੀ ਦਾ ਹਿੱਸਾ ਬਣਦਾ ‘ਉਲਟੀ ਗੰਗਾ ਵਹਿਣ’ ਦੇ ਤੁਲ ਹੈ। ਇਸ ਨਾਲ ਸਿੱਖ ਸਿਆਸੀ ਮੁਹਾਵਰੇ ਦੀ ਚੜ੍ਹਤ ਹੋਈ ਹੈ ਜਿਸਨੂੰ ਅਕਾਲੀ ਦਲ ਦੇ ਭਾਜਪਾ ਨਾਲ ਹੋਵੇ ਰਾਜਨੀਤਕ ਰਲੇਵੇਂ ਨਾਲ ਕਾਫੀ ਠੇਸ ਲੱਗੀ ਸੀ। ਹੈਰਾਨੀ ਹੈ ਕਿ ਸਦਨ ਵਿਚ ਕਾਂਗਰਸੀ ਅਕਾਲੀ ਲੀਡਰਾਂ ਵਾਲਾ ਰੋਲ ਅਦਾ ਕਲ ਰਹੇ ਸਨ ਅਤੇ ਅਸੈਂਬਲੀ ਬਾਹਰ ਅਕਾਲੀ ਦਾਅਵੇਦਾਰ ਲੀਡਰ ਸੁਖਬੀਰ ਸਿੰਘ ਬਾਦਲ ਵਰਗੇ ਸਿੱਖਾਂ ਦੀ ਧਾਰਮਿਕ ਕਾਰਵਾਈਆਂ ਨੂੰ ਪਾਕਿਸਤਾਨ ਦੀ ਗੁਪਤ ਏਜੰਸੀ ਆਈ ਐਸ ਆਈ ਪ੍ਰੇਰਤ ਕਾਰਨਾਮੇ ਦੱਸ ਰਹੇ ਸਨ। ਹਰ ਸਿੱਖ ਨੂੰ ਨੇੜੇ ਦੀ ਹਿਸਟਰੀ ਦਾ ਪਤਾ ਹੈ ਕਿ ਦੇਸ਼ ਦੀ ਅਜ਼ਾਦੀ ਤੋਂ ਤੁਰੰਤ ਬਾਅਦ ਸਿੱਖਾਂ ਦੀ ਨੁਮਾਇੰਦਾ ਜਮਾਤ, ਅਕਾਲੀ ਦਲ ਦੀ ਕਾਂਗਰਸ ਨਾਲ ਲੜਾਈ ਦੀ ਲਕੀਰ ਖਿੱਚੀ ਜਾ ਚੁੱਕੀ ਸੀ, ਜਿਹੜੀ ਪੰਜਾਬੀ ਸੂਬੇ ਦੀ ਜੱਦੋਜਹਿਦ ਤੋਂ ਸ਼ੁਰੂ ਹੋ ਕੇ ਸਿੱਖ ਨਿਰੰਕਾਰੀ ਕਾਂਡ, ਦਰਬਾਰ ਸਾਹਿਬ ਤੋਂ ਫੌਜੀ ਹਮਲਾ, ਨਵੰਬਰ 84 ਦੀ ਸਿੱਖਾਂ ਦੀ ਨਸ਼ਲਕੁਸੀ ਅਤੇ 1990-92 ਤੱਕ ਚੱਲੇ ਸਿੱਖਾਂ ਦੇ ਕਤਲੇਆਮ ਤੱਕ ਹੋਰ ਡੂੰਘੀ ਹੁੰਦੀ ਗਈ ਸੀ ਅਤੇ 1998 ਵਿਚ ਬਾਦਲਾਂ ਦੀ ਸਰਕਾਰ ਨੇ ਇਸ ਵਾਇਦੇ ’ਤੇ ਸੱਤਾ ਸੰਭਾਲੀ ਕਿ ਸਿੱਖ ਨੌਜਵਾਨੀ ਦੇ ਕਤਲਾਂ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ। ਪਰ ਕੁਰਸੀ ’ਤੇ ਬੈਠਦੇ ਹੀ ਬਾਦਲਾਂ ਦੀਆਂ ਅੱਖਾਂ ਫਿਰ ਗਈਆਂ।

ਪੰਜਾਬ ਅਸੈਂਬਲੀ ਵਿਚ ਅੱਗੋਂ ਅੱਤਵਾਦੀਆਂ ਵਿਰੁੱਧ ਸਿਕੰਜ਼ਾ ਕਸਣ ਦੀਆਂ ਗਲਾਂਾ ਅਤੇ ਪੁਲਿਸ ਦੀ ਬਹਾਦਰੀ ਦੇ ਗੁਣਗਾਨ ਸ਼ੁਰੂ ਹੋਵੇ। ਕੱਲ੍ਹ ਪਹਿਲੀ ਵਾਰ, ਪੁਲਿਸ ਵਧੀਕੀਆਂ ਉਤੇ ਚਰਚਾ ਹੋਈ, ਬਾਦਲਾਂ ਦੇ ਚਹੇਤੇ ਪੁਲਿਸ ਮੁਖੀ ਸੁਮੇਧ ਸੈਣੀ ਨੂੰ ਮਾਸੂਮਾਂ ਦੇ ਕਾਤਲ, ਅਣਮਨੁੱਖੀ ਤਸ਼ੱਦਦ ਅਤੇ ਗੈਰ ਇਨਸਾਨੀ ਕਾਰਵਾਈਆਂ ਦਾ ਮੁਜੱਸਮਾ ਦੱਸਿਆ। ਭਾਵੇਂ ਸੈਣੀ ਦਾ ਮਸਲਾਂ ਅਤੇ ਹਿਬਲ ਕਲਾਂ ਵਿਚ ਪੁਲਿਸ ਗੋਲੀ ਵਿਚ ਦੋ ਸਿੱਖ ਨੌਜਵਾਲਾਂ ਦੇ ਕਤਲ ਬਰਗਾੜੀ ਬਅਦਬੀਆਂ ਨਾਲ ਜੁੜਿਆ ਸੀ ਪਰ ਉਸਦੀਆਂ ਕਾਰਵਾਈਆਂ ਨੂੰ ਨੰਗੇ ਕਰਕੇ ਸਦਨ ਵਿਚ ਮੈਂਬਰਾਂ ਨੂੰ ਸਿੱਖਾਂ ਉਤੇ ਹੋਏ ਲੰਮੇ ਪੁਲਿਸ ਜਬਰ ਦੀ ਕੋਝੀ ਹੂ ਬ ਹੂ ਤਸਵੀਰ ਪੇਸ਼ ਕਰ ਦਿੱਤੀ।ਸ਼ਾਇਦ ਪਹਿਲੀ ਵਾਰੀ ਅਕਾਲ ਤਖਤ ਦੇ ਜਥੇਦਾਰ ਦਾ ਸਦਨ ਵਿਚ ਇਉਂ ਚੀਰ ਹਰਣ ਹੋਇਆ ਜਿਵੇਂ ਉਹ ਕਿਸੇ ਧਾਰਮਿਕ ਅਸਥਾਨ ਅੰਦਰ ਵੜਨ ਦੇ ਯੋਗ ਹੀ ਨਾ ਹੋਵੇ। ਪਿਛਲੇ 15-20 ਸਾਲਾਂ ਵਿਚ ਸੇਵਾਦਾਰ ਤੋਂ ਉਠ ਕੇ ਜਥੇਦਾਰ ਬਣਨ ਕਰਕੇ, ਉਸਦੇ ਪਰਿਵਾਰ ਦਾ ਹੋਟਲਾਂ, ਵੱਡੀਆਂ ਗੱਡੀਆਂ ਤੇ ਵੱਡੇ ਵਪਾਰ ਦਾ ਮਾਲਕ ਬਣ ਜਾਣ ਦਾ ਗ੍ਰਾਫ ਬਾਦਲਾਂ ਦੀ ਸੰਪਤੀ ਦੀ ਵਾਧੇ ਨਾਲ ਮੇਲ ਖਾਂਦਾ ਹੈ।

ਜਸਪਾਲ ਸਿੰਘ ਸਿੱਧੂ
75891-23982

One thought on “ਬਾਦਲਾਂ ਦੇ ਕਾਲੇ ਕਾਰਨਾਮਿਆਂ ਵਿਰੁੱਧ ਪੰਜਾਬ ਵਿਧਾਨ ਸਭਾ ’ਚ  ਫੁੱਟਿਆ ਲਾਵਾ : ਜਸਪਾਲ ਸਿੰਘ ਸਿੱਧੂ”

Leave a Reply

Your email address will not be published. Required fields are marked *