ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਹੋਈਆ ਘਟਨਾਵਾਂ ਦੀ ਪੜਤਾਲ ਕਰਨ ਵਾਸਤੇ ਬਣੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਪੇਸ਼ ਹੋਈ ਰਿਪੋਰਟ ਬਾਰੇ ਪੰਜਾਬ ਵਿਧਾਨ ਸਭਾ ਵਿਚ ਹੋਈ ਬਹਿਸ ਨੇ, ਪੰਜਾਬ ਦੇ ਲੋਕਾਂ ਤੇ ਸਿਖ ਜਗਤ ਦੇ ਕਟਹਿਰੇ ਵਿਚ ਪਿਉ-ਪੁਤ ਸਮੇਤ ਬਾਦਲਕਿਆਂ ਨੂੰ ਦੋਸ਼ੀ ਕਰਾਰ ਦਿਤਾ ਹੈ। ਇਸ ਦੋਸ਼ ਤੋਂ ਉਹ ਹੁਣ ਕਦੀ ਵੀ ਬਰੀ ਨਹੀਂ ਹੋ ਸਕਦੇ। ਕਿਉਂਕਿ ਇਹਨਾਂ ਦੋਸ਼ਾਂ ਦੇ ਸਬੂਤ ਏਨੇ ਪੁਖਤਾ ਹਨ ਕਿ ਇਹ ਕਿਸੇ ਵੀ ਹਾਲਤ ਵਿਚ ਝੁਠਲਾਏ ਨਹੀਂ ਜਾ ਸਕਦੇ। ਇਸ ਰਿਪੋਰਟ ਵਿਚ ਦਰਜ ਤੱਥਾਂ ਨੇ ਹਰ ਉਸ ਮਨੁਖ ਦੇ ਰੌਂਗਟੇ ਖੜੇ ਕਰ ਦਿਤੇ ਹਨ, ਜਿਹੜਾ ਪੰਜਾਬ ਤੇ ਸਿਖੀ ਨੂੰ ਮਾੜਾ ਮੋਟਾ ਵੀ ਪਿਆਰ ਕਰਦਾ ਹੈ।
ਵਡੇ ਬਾਦਲ ਬਾਰੇ ਕੈਪਟਨ ਅਮਰਿੰਦਰ ਸਿੰਘ ਦਾ ਇਹ ਫਤਵਾ ਐਨ ਢੁਕਵਾਂ ਹੈ ਕਿ ਇਹ ਇਨਸਾਨ ਬਜੁਰਗ ਨਹੀਂ ਬਲਕਿ ਬੁਜਦਿਲ ਤੇ ਝੂਠਾ ਆਦਮੀ ਹੈ। ਇਸ ਕਥਨ ਦੀ ਪੁਸ਼ਟੀ ਉਸ ਤਸਵੀਰ ਤੋਂ ਵੀ ਹੁੰਦੀ ਹੈ, ਜਿਸ ਵਿਚ ਇਹ ਦੋਵੇਂ ਪਿਉ-ਪੁਤ ਬੜੇ ਆਜਜੀ ਢੰਗ ਨਾਲ ਹੱਥ ਜੋੜ ਕੇ ਉਸ ਸੌਦਾ ਸਾਧ ਦੇ ਦਰਬਾਰ ਵਿਚ ਖੜੇ ਹਨ, ਜਿਸਨੂੰ ਬਾਅਦ ਵਿਚ ਕਾਨੂੰਨ ਨੇ ਬਲਾਤਕਾਰੀ, ਠਗ ਤੇ ਕਾਤਲ ਕਰਾਰ ਦੇ ਕੇ ਜੇਲ੍ਹ ਵਿਚ ਭੇਜਿਆ ਤੇ ਜਿਹੜਾ ਹੁਣ ਜੇਲ੍ਹ ਦੀ ਕਾਲ ਕੋਠੜੀ ਵਿਚ ਬੈਠਾ ਆਪਣੀਆ ਇਹਨਾਂ ਕਰਤੂਤਾਂ ਦੀ ਸਜਾ ਭੁਗਤ ਰਿਹਾ ਹੈ। ਇਸ ਬੁਜਦਿਲ ਤੇ ਝੂਠੇ ਬੰਦੇ ਨੇ ਪੰਜਾਬ, ਸਿਖ ਪੰਥ ਅਤੇ ਦੇਸ ਦਾ ਕਿੰਨਾ ਕੁ ਨੁਕਸਾਨ ਕੀਤਾ ਹੈ, ਇਸਦਾ ਅਜੇ ਅੰਦਾਜਾ ਵੀ ਨਹੀਂ ਲਾਇਆ ਜਾ ਸਕਦਾ।
ਇਸਦਾ ਮੋਟਾ ਜਿਹਾ ਅੰਦਾਜਾ ਲਾਉਣ ਲਈ ਸ੍ਰ. ਮਨਪ੍ਰੀਤ ਸਿੰਘ ਬਾਦਲ ਦਾ ਵਿਧਾਨ ਸਭਾ ਵਿਚ ਉਸ ਵੇਲੇ ਦੀਆਂ ਗੁਪਤ ਪੁਲੀਸ ਰਿਪੋਰਟਾਂ ਦੇ ਆਧਾਰ ਉਤੇ ਕੀਤਾ ਗਿਆ ਇਹ ਇੰਕਸ਼ਾਫ ਹੀ ਅੱਖਾਂ ਖੋਲ੍ਹਣ ਵਾਲਾ ਹੈ ਕਿ 1978 ਵਿਚ ਵਿਸਾਖੀ ਦੇ ਮੌਕੇ ਪ੍ਰਕਾਸ਼ ਸਿੰਘ ਬਾਦਲ ਨੂੰ ਅਮ੍ਰਿਤਸਰ ਵਿਚ ਨਿਰੰਕਾਰੀਆਂ ਦਾ ਸਮਾਗਮ ਨਾ ਕਰਨ ਦੇਣ ਦਾ ਸੁਝਾਅ ਦਿਤਾ ਗਿਆ ਸੀ, ਪਰ ਇਸ ਸਖਸ਼ ਨੇ ਉਸ ਸੁਝਾਅ ਦੀ ਉਕਾ ਪ੍ਰਵਾਹ ਨਹੀਂ ਕੀਤੀ। ਜਿਸਦਾ ਸਿਟਾ ਬਾਅਦ ਵਿਚ ਪੰਜਾਬ ਅਤੇ ਦੇਸ ਅੰਦਰ ਹੋਏ ਭਿਆਨਕ ਖੂਨ-ਖਰਾਬੇ ਤੇ ਸੁਮੇਧ ਸੈਣੀ ਵਰਗੇ ਬੁਚੜਾਂ ਵਲੋਂ ਝੂਠੇ ਪੁਲਿਸ ਮੁਕਾਬਲਿਆ ਵਿਚ ਮਾਰੇ ਗਏ ਤੇ ਲਾਵਾਰਿਸ ਕਰਾਰ ਦੇ ਕੇ ਸਾੜ ਦਿਤੀਆਂ ਗਈਆ ਹਜਾਰਾਂ ਸਿਖ ਨੌਜਵਾਨਾਂ ਦੀਆਂ ਲਾਸ਼ਾਂ ਦੇ ਰੂਪ ਵਿਚ ਨਿਕਲਿਆ। ਜਿਹਨਾਂ ਲਾਵਾਰਿਸ ਲਾਸ਼ਾਂ ਵਿਚ ਮਨੁਖੀ ਹੱਕਾਂ ਦਾ ਝੰਡਾ ਬਰਦਾਰ ਭਾਈ ਜਸਵੰਤ ਸਿੰਘ ਖਾਲੜਾ ਵੀ ਸ਼ਾਮਿਲ ਸੀ।  ਉਸ ਘਟਨਾ ਦੇ ਵਾਪਰਨ ਤੋਂ 40 ਸਾਲ ਬਾਅਦ ਹੋਏ ਇਸ ਇੰਕਸ਼ਾਫ ਨੂੰ ਧਿਆਨ ਵਿਚ ਰਖ ਕੇ ਹੁਣ ਇਹ ਸੋਚਿਆ ਦਾ ਸਕਦਾ ਹੈ ਕਿ ਜੇ ਉਸ ਦਿਨ ਨਿਰੰਕਾਰੀਆਂ ਦਾ ਇਹ ਸਮਾਗਮ ਨਾ ਹੁੰਦਾ, ਨਾ ਉਸ ਦੇ ਹਥਿਆਰ ਬੰਦ ਗ੍ਰੋਹ ਵਲੋਂ ਉਸ  ਦਿਨ 13 ਸਿੰਘ ਸ਼ਹੀਦ ਹੁੰਦੇ ਤੇ ਨਾ ਇਹਨਾਂ ਸਿੰਘਾਂ ਦੇ ਕਤਲਾਂ ਦਾ ਇਨਸਾਫ ਲੈਣ ਲਈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਨੂੰ ਸਿਰ ਉਤੇ ਕਫਨ ਬੰਨ ਕੇ ਜੂਝਣਾ ਪੈਂਦਾ। ਇਸ ਜਾਣਕਾਰੀ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਅੰਦਰ ਹੋਏ ਸਾਰੇ ਖੂਨ ਖਰਾਬੇ ਦਾ ਇੰਦਰਾ ਗਾਂਧੀ ਤੋਂ ਬਾਅਦ ਦੂਜਾ ਮੁਖ ਜਿੰਮੇਵਾਰ ਸਿਆਸੀ ਆਗੂ ਇਹੀ ਪ੍ਰਕਾਸ਼ ਸਿੰਘ ਬਾਦਲ ਹੈ। ਸ. ਮਨਪ੍ਰੀਤ ਸਿੰਘ ਬਾਦਲ ਦਾ ਕੀਤਾ ਗਿਆ ਇਹ ਇੰਕਸ਼ਾਫ ਹੋਰ ਵੀ ਗੰਭੀਰ ਹੈ, ਕਿ ‘ਵਡਾ ਬਾਦਲ ਸਿਖ-ਹਿੰਦੂ ਪੰਜਾਬੀਆਂ ਨੂੰ ਵੰਡ ਕੇ ਪੰਜਾਬ ਉਤੇ ਆਪਣੀ ਸਿਆਸੀ ਪਕੜ ਬਣਾਈ ਰਖਣੀ ਚਾਹੁੰਦਾ ਹੈ। ਇਹ ਜਾਣਕਾਰੀ ਪੰਜਾਬ ਦੇ ਹਿੰਦੂਆਂ ਦੀਆਂ ਅੱਖਾਂ ਖੋਲ੍ਹਣ ਲਈ ਕਾਫੀ ਹੈ। ਪੰਜਾਬ ਦੇ ਹਿੰਦੂ ਭਾਈਚਾਰੇ ਨੂੰ ਇਸ ਪਖੋਂ ਸੁਚੇਤ ਹੋਣ ਦੀ ਲੋੜ ਹੈ ਕਿ ਕਿਵੇਂ ਉਹ ਬਾਦਲੀ ਰਾਜਨੀਤੀ ਦੇ ਹਥਠੋਕੇ ਬਣ ਕੇ ਪੰਜਾਬ ਦੇ ਹਿਤਾਂ ਦੀ ਅਣਗਹਿਲੀ ਕਰ ਰਹੇ ਹਨ।

ਪ੍ਰਕਾਸ਼ ਸਿੰਘ ਬਾਦਲ ਦੀਆਂ ਦੋ ਸਿਖ ਵਿਰੋਧੀ ਕਰਤੂਤਾਂ ਦਾ ਮੈਂ ਖੁਦ ਗਵਾਹ ਹਾਂ। ਇਸਦੀ ਪਹਿਲੀ ਕਰਤੂਤ ਭਾਈ ਜਸਵੰਤ ਸਿੰਘ ਖਾਲੜਾ ਨੂੰ 6 ਸਤੰਬਰ 1995 ਨੂੰ ਘਰੋਂ ਚੁਕਣ ਵਿਰੁਧ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵਿਚ ਨਿਖੇਧੀ ਮਤਾ ਪੇਸ਼ ਕਰਕੇ ਉਸਦੀ ਰਿਹਾਈ ਲਈ ਮੰਗ ਨਾ ਕਰਨਾ ਹੈ। 6 ਸਤੰਬਰ ਨੂੰ ਸਵੇਰੇ ਦਸ ਵਜੇ ਦੇ ਕਰੀਬ ਮੈਨੂੰ ਅਮ੍ਰਿਤਸਰੋਂ ਫੋਨ ਆਇਆ ਕਿ ਭਾਈ ਖਾਲੜੇ ਨੂੰ ਪੁਲਿਸ ਨੇ ਘਰੋਂ ਚੁਕ ਲਿਆ ਹੈ। ਮੈਨੂੰ ਰੋਜਾਨਾ ਅਜੀਤ ਦੇ ਸਹਾਇਕ ਸੰਪਾਦਕ ਸ੍ਰ. ਸਤਨਾਮ ਸਿੰਘ ਮਾਣਕ ਕੋਲੋ ਪਤਾ ਲਗਾ ਕਿ ਅੱਜ ਜਲੰਧਰ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋ ਰਹੀ ਹੈ। ਪੁਛਣ ਤੇ ਪਤਾ ਲਗਾ ਕਿ ਇਹ ਮੀਟਿੰੰਗ ਸਕਾਈ ਲਾਰਕ ਹੋਟਲ ਵਿਚ ਹੈ। ‘ਅਜੀਤ’ ਵਲੋਂ ਸਕਾਈ ਲਾਰਕ ਹੋਟਲ ਵੱਲ ਨੂੰ ਜਾਂਦਿਆ ਮੈਨੂੰ ਬਾਰਾਦਰੀ ਕੋਲ ਸਕਾਈ ਲਾਰਕ ਹੋਟਲ ਵੱਲ ਨੂੰ ਪੈਦਲ ਤੁਰੇ ਜਾਂਦੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਜੀ ਮਿਲ ਗਏ। ਮੈਂ ਰੁਕ ਕੇ ਉਹਨਾ ਨੂੰ ਭਾਈ ਜਸਵੰਤ ਸਿੰਘ ਖਾਲੜਾ ਦੇ ਪੁਲਿਸ ਵਲੋਂ ਚੁਕੇ ਜਾਣ ਦੀ ਜਾਣਕਾਰੀ ਦਿਤੀ। ਸਕਾਈਲਾਰਕ ਹੋਟਲ ਪਹੁੰਚਣ ਦਾ ਮੈਨੂੰ ਕਹਿ ਕੇ ਉਹਨਾ ਨੇ ਦਸਿਆ ਕਿ ਸ੍ਰ. ਬਾਦਲ ਸਾਹਿਬ ਆਏ ਹੋਏ ਨੇ, ਉਹਨਾ ਨਾਲ ਗੱਲ ਕਰਦੇ ਹਾਂ। ਜਦੋਂ ਮੈਂ ਸਕਾਈਲਾਰਕ ਹੋਟਲ ਪਹੁੰਚਿਆ ਤੇ ਹਾਲ ਵਿਚ ਗਿਆ ਤਾਂ ਉਥੇ ਮੈਨੂੰ ਜਥੇਦਾਰ ਗੁਰਚਰਨ ਸਿੰਘ ਟੌਹਰਾ ਜੀ ਬੈਠੇ ਦਿਸ ਪਏ। ਮੈਂ ਫਟਾਫਟ ਉਹਨਾ ਕੋਲ ਪੁਹੰਚ ਕੇ ਭਾਈ ਖਾਲੜੇ ਬਾਰੇ ਜਾਣਕਾਰੀ ਦਿਤੀ ਅਤੇ ਨਾਲ ਹੀ ਕਿਹਾ ਕਿ ਜੇ ਅੱਜ ਇਥੇ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਭਾਈ ਜਸਵੰਤ ਸਿੰਘ ਖਾਲੜਾ ਨੂੰ ਰਿਹਾ ਕਰਨ ਬਾਰੇ ਮਤਾ ਨਾ ਪਾਇਆ ਗਿਆ ਤਾਂ ਉਹਨਾ ਦੀ ਜਾਨ ਨੂੰ ਖਤਰਾ ਹੈ। ਜਥੇਦਾਰ ਟੌਹਰਾ ਨੇ ਮੈਨੂੰ ਸ੍ਰ. ਬਾਦਲ ਨਾਲ ਗੱਲ ਕਰਨ ਲਈ ਕਿਹਾ। ਸ੍ਰ. ਬਾਦਲ ਸਭ ਤੋਂ ਅਗੇ ਬੈਠੇ ਹੋਏ ਸਨ। ਮੈਂ ਬਿਨਾ ਕਿਸੇ ਜਾਬਤੇ ਦੀ ਪ੍ਰਵਾਹ ਕੀਤੇ ਸ੍ਰ. ਪ੍ਰਕਾਸ਼ ਸਿੰਘ ਬਾਦਲ ਕੋਲ ਪਹੁੰਚ ਕੇ ਉਹਨਾ ਨੂੰ ਭਾਈ ਖਾਲੜੇ ਦੇ ਪੁਲਿਸ ਵਲੋਂ ਚੁਕੇ ਜਾਣ ਦੀ ਜਾਣਕਾਰੀ ਦਿਤੀ ਤੇ ਨਾਲ ਉਹਨਾ ਨੂੰ  ਬੇਨਤੀ ਕੀਤੀ ਕਿ ਅੱਜ ਇਥੇ ਵਰਕਿੰਗ ਕਮੇਟੀ ਦੀ ਮੀੰਿਟਗ ਵਿਚ ਭਾਈ ਖਾਲੜਾ ਦੀ ਰਿਹਾਈ ਲਈ ਮਤਾ ਪਾਸ ਕੀਤੇ ਬਗੈਰ ਉਹਨਾ ਦੀ ਜਾਨ ਨਹੀਂ ਬਚ ਸਕਦੀ। ਸ੍ਰ. ਬਾਦਲ ਨੇ ਮੈਨੂੰ ਇਹ ਕਹਿ ਕੇ ਟਰਕਾ ਦਿਤਾ ਕਿ ਸ੍ਰ. ਮੇਜਰ ਸਿੰਘ ਨੂੰ ਮੇਰੇ ਵਲੋਂ ਕਹਿ ਸ੍ਰ. ਖਾਲੜਾ ਦੀ ਰਿਹਾਈ ਲਈ ਖਬਰ ਲੁਆ ਦੇਹ। ਮੈਂ ਕੁਝ ਤਲਖੀ ਭਰੇ ਲਹਿਜੇ ਵਿਚ ਬਾਦਲ ਸਾਹਿਬ ਨੂੰ ਇਹ ਵੀ ਕਿਹਾ ਕਿ ਏਨੀ ਕੁ ਖਬਰ ਤਾਂ ਮੈਂ ਆਪ ਵੀ ਲੁਆ ਸਕਦਾ ਸਾਂ। ਇਹ ਬੜੇ ਸਾਲਾਂ ਬਾਅਦ ਜਾ ਕੇ ਪਤਾ ਲਗਾ ਕਿ ਭਾਈ ਜਸਵੰਤ ਸਿੰਘ ਖਾਲੜਾ ਨੂੰ ਚੁਕ ਕੇ ਮਾਰ ਖਪਾਉਣ ਦੀ ਸ੍ਰ. ਬਾਦਲ ਨੇ ਸਹਿਮਤੀ ਦਿਤੀ ਸੀ।

ਦੂਜੀ ਘਟਨਾ ਸ੍ਰ. ਬਾਦਲ ਦੀ ਪਹਿਲੀ ਸਰਕਾਰ ਬਣਨ ਵੇਲੇ ਕਿਲਾ ਰਾਇਪੁਰ ਦੀ ਜਿਮਨੀ ਚੋਣ ਮੌਕੇ ਦੀ ਹੈ। ਇਸ ਚੋਣ ਸਮੇ ਸ੍ਰ. ਬਾਦਲ ਨੇ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਮੁਖੀ ਬਾਬਾ ਸਰਬਜੋਤ ਸਿੰਘ ਬੇਦੀ ਹੁਰਾਂ ਕੋਲ ਆਪਣੀ ਪਾਰਟੀ ਦੇ ਉਮੀਦਵਾਰ ਦੀ ਹਮਾਇਤ ਕਰਨ ਲਈ ਪਹੁੰਚ ਕੀਤੀ। ਬਾਬਾ ਜੀ ਨੇ ਆਪਣੇ ਲੁਧਿਆਣੇ ਵਾਲੇ ਡੇਰੇ ਜੋਧਾਂ ਮਨਸੂਰਾਂ ਵਿਖੇ ਸੰਤ ਸਮਾਜ ਦੀ ਮੀਟਿੰਗ ਬੁਲਾ ਲਈ। ਇਸ ਮੀਟਿੰਗ ਵਿਚ ਹੀ ਉਹਨਾ ਨੇ ਸ੍ਰ. ਬਾਦਲ ਨੂੰ ਸੱਦ ਲਿਆ। ਪ੍ਰੈਸ ਸਕੱਤਰ ਹੋਣ ਦੇ ਨਾਤੇ ਮੈਂ ਸੰਤ ਸਮਾਜ ਦੀ ਇਸ ਭਰਵੀਂ ਮੀਟਿਗ ਵਿਚ ਹੀ ਸ੍ਰ. ਬਾਦਲ ਨੂੰ ਪੁਛਿਆ ਕਿ ਤੁਸੀਂ ਨਿਰਦੋਸ਼ ਸਿਖ ਨੌਜਵਾਨਾਂ ਦੇ ਕਾਤਲ ਪੁਲਿਸ ਅਫਸਰਾਂ ਨੂੰ ਸਜਾਵਾਂ ਦਿਵਾਉਣ ਦਾ ਵਾਅਦਾ ਕਰਕੇ ਸਰਕਾਰ ਬਣਾਈ ਹੈ, ਪਰ ਤੁਸੀਂ ਕਾਤਲ ਪੁਲਿਸ ਅਫਸਰਾਂ ਨੂੰ ਸਜਾਵਾਂ ਤਾਂ ਕੀ ਦਿਵਾਉਣੀਆ ਸਨ, ਤੁਸੀਂ ਤਾਂ ਉਹਨਾਂ ਨੂੰ ਹੋਰ ਉਚੇ ਅਹੁਦਿਆਂ ਉਤੇ ਨਿਵਾਜਣਾ ਸ਼ੁਰੂ ਕਰ ਦਿਤਾ ਹੈ। ਇਸ ਦੀ ਮਿਸਾਲ ਦੇਂਦਿਆ ਮੈਂ ਉਹਨਾਂ ਨੂੰ ਦਸਿਆ ਕਿ ਜਿਸ ਪੁਲਿਸ ਅਫਸਰ ਨੇ ਜਲੰਧਰ ਵਿਚ ਤੁਹਾਨੂੰ ਧੱਕਾ ਦੇ ਕੇ ਗੁਰਦੁਆਰੇ ਜਾਣ ਤੋਂ ਰੋਕਿਆ ਸੀ ਤੇ ਜਿਸਨੂੰ ਬੀ ਬੀ ਸੀ ਟੀ ਵੀ ਨੇ ਵਿਖਾ ਕੇ ਦੁਨੀਆ ਭਰ ਵਿਚ ਨਸ਼ਰ ਕੀਤਾ ਸੀ, ਉਸਨੂੰ ਤੁਸੀਂ ਬਟਾਲੇ ਦਾ ਐਸ ਪੀ ਲਾ ਦਿਤਾ ਹੈ। ਜਿਸ ਪਿਆਰਾ ਸਿੰਘ ਥਾਣੇਦਾਰ ਉਤੇ ਦਰਜਨਾਂ ਸਿਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰਨ ਦਾ ਦੋਸ਼ ਹੈ, ਉਸਨੂੰ ਤੁਸੀਂ ਕਰਤਾਰਪੁਰ ਥਾਣੇ ਦਾ ਇੰਚਾਰਜ ਲਾ ਦਿਤਾ ਹੈ। ਸ੍ਰ. ਬਾਦਲ ਨੇ ਬੜੇ ਮੀਸਣੇ ਢੰਗ ਨਾਲ ਸੰਤ ਸਮਾਜ ਦੀ ਮੀਟਿੰਗ ਵਿਚ ਇਹ ਕਹਿ ਕੇ ਖਹਿੜਾ ਛੁਡਾ ਲਿਆ ਕਿ ਸਰਕਾਰ ਚਲਾਉਂਦਿਆ ਕਈ ਅਣਗਹਿਲੀਆਂ ਹੋ ਜਾਂਦੀਆ ਹਨ, ਅਗੇ ਤੋਂ ਖਿਆਲ ਰਖਾਂਗੇ। ਪਰ ਇਸ ਤੋਂ ਬਾਅਦ ਵੀ ਉਹ ਦੋਵੇਂ ਆਪਣੇ ਅਹੁਦਿਆਂ ਉਤੇ ਤਾਇਨਾਤ ਰਹੇ।
ਇਸ ਰਿਪੋਰਟ ਦੀ ਪੇਸ਼ਕਾਰੀ ਨਾਲ ਪੰਜਾਬ ਅੰਦਰ ਬਾਦਲੀ ਰਾਜਨੀਤੀ ਦੇ ਅੰਤ ਦੀ ਸ਼ੁਰੂਆਤ ਹੋ ਗਈ ਹੈ। ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੇ ਆਧਾਰ ਉਤੇ ਸ੍ਰ. ਪ੍ਰਕਾਸ਼ ਸਿੰਘ ਬਾਦਲ, ਸੁਮੇਧ ਸੈਣੀ, ਪਰਮਰਾਜ ਸਿੰਘ ਉਮਰਾਨੰਗਲ, ਜਤਿੰਦਰ ਜੈਨ, ਸੁਖਵਿੰਦਰ ਸਿੰਘ ਮਾਨ, ਮਨਤਾਰ ਸਿੰਘ ਬਰਾੜ, ਗਗਨਜੀਤ ਸਿੰਘ ਬਰਾੜ, ਹਰਜੀਤ ਸਿੰਘ ਵਿਰੁਧ ਆਈ ਪੀ ਸੀ ਦੀ ਧਾਰਾ 307, 323, 341, 348, 349 ਅਤੇ ਆਰਮਜ ਐਕਟ ਦੀ ਧਾਰਾ 27-29-59 ਦੇ ਤਹਿਤ ਕੋਟਕਪੂਰਾ ਸਿਟੀ ਥਾਣੇ ਵਿਚ ਐਫ ਆਈ ਆਰ ਦਰਜ ਹੋ ਚੁਕੀ ਹੈ। ਹੁਣ ਪੰਜਾਬ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਇਹਨਾਂ ਦੋਸ਼ੀਆਂ ਵਿਰੁਧ ਮੁਕਦਮੇ ਚਲਾ ਕੇ ਇਹਨਾਂ ਨੂੰ ਬਣਦੀ ਸਜਾ ਦਿਵਾਏ। ਤਾਂ ਜੋ ਪੰਜਾਬ ਦੇ ਲੋਕਾਂ ਨੂੰ ਇਨਸਾਫ ਤੇ ਸਿਖ ਹਿਰਦਿਆਂ ਨੂੰ ਸ਼ਾਂਤੀ ਮਿਲ ਸਕੇ। ਜੇ ਹੁਣ ਇਹ ਇਨਸਾਫ ਨਾ ਕੀਤਾ ਗਿਆ ਤਾਂ ਇਸਦਾ ਪ੍ਰਭਾਵ ਵੀ 1978 ਦੇ ਖੂਨੀ ਸਾਕੇ ਵਾਲਾ ਹੀ ਪਵੇਗਾ, ਕਿ ਸਿਖਾਂ ਨੂੰ ਇਸ ਦੇਸ ਵਿਚ ਕਦੇ ਇਨਸਾਫ ਨਹੀਂ ਮਿਲ ਸਕਦਾ।

ਗੁਰਬਚਨ ਸਿੰਘ, 9815698451

Leave a Reply

Your email address will not be published. Required fields are marked *