ਪੀ. ਕੇ. ਨਿਝਾਵਣ ਅਨੁ : ਰਵਿੰਦਰ ਸਿੰਘ

ਸ੍ਰੀ ਪੀ. ਕੇ. ਨਿਝਾਵਣ ਉਨ੍ਹਾਂ ਚੰਦ ਕੁ ਹਿੰਦੂ ਵਿਦਵਾਨਾਂ ਵਿਚ ਸ਼ਾਮਿਲ ਹਨ, ਜਿਨ੍ਹਾਂ ਨੇ ਪੰਜਾਬ ਦੇ ਸਿਖ ਸੰਘਰਸ਼ ਦੌਰਾਨ ਕੇਂਦਰ ਸਰਕਾਰ ਦੀਆਂ ਸਿਖ ਵਿਰੋਧੀ ਨੀਤੀਆਂ ਦੀ ਡਟ ਕੇ ਨਿਖੇਧੀ ਕੀਤੀ। ਉਨ੍ਹਾਂ ਨੇ ਸਿਖ ਸੰਘਰਸ਼ ਦੇ ਹੱਕ ਵਿਚ ਨਾ ਸਿਰਫ਼ ਅਨੇਕ ਲਿਖਤਾਂ ਲਿਖੀਆਂ, ਸਗੋਂ ਕੇਂਦਰ ਸਰਕਾਰ ਦੀਆਂ ਪੰਜਾਬ ਦੇ ਪ੍ਰਸੰਗ ਵਿਚ ਆਮ ਨੀਤੀਆਂ ਬਾਰੇ ਪੂਰੀ ਇਕ ਕਿਤਾਬ ਲਿਖ ਕੇ ਛਪਵਾਈ। ਉਨ੍ਹਾਂ ਦਾ ਇਹ ਲੇਖ ਪੰਜਾਬੀਅਤ ਦੀ ਸਚੀ ਤੇ ਸੁਚੀ ਭਾਵਨਾ ਨੂੰ ਪੇਸ਼ ਕਰਦਾ ਹੈ। ਇਸ ਲੇਖ ਵਿਚ ਉਨ੍ਹਾਂ ਨੇ ਪੰਜਾਬ ਨੂੰ ਇਕ ਰਾਸ਼ਟਰ ਦੇ ਤੌਰ ਉਤੇ ਦੇਖਿਆ ਹੈ ਅਤੇ ਆਸ ਕੀਤੀ ਹੈ ਕਿ ਪੰਜਾਬੀ ਆਪਣੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿਰਸੇ ਦੀ ਪਛਾਣ ਕਰਨਗੇ ਤੇ ਇਕ ਵਾਰ ਫਿਰ ਦੋਵੇਂ ਪੰਜਾਬਾਂ ਵਿਚਲੇ ਤਿੰਨੇ ਫਿਰਕੇ ਇਕੱਠੇ ਹੋਣਗੇ। ਉਨ੍ਹਾਂ ਨੇ ਇਸ ਤੱਥ ਦੀ ਸਪਸ਼ਟ ਨਿਸ਼ਾਨਦੇਹੀ ਕੀਤੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤਕ ਪੰਜਾਬ ਵਿਚ ਹਿੰਦੂ-ਮੁਸਲਿਮ-ਸਿÎਖ ਵੰਡ ਦਾ ਕੋਈ ਅਹਿਸਾਸ ਤੱਕ ਨਹੀਂ ਸੀ ਅਤੇ ਇਹ ਵੰਡ ਪੰਜਾਬ ਵਿਚ ਹਿੰਦੂ ਧਾਰਮਿਕ ਸੁਧਾਰ ਲਹਿਰਾਂ ਤੇ ਖਾਸ ਕਰਕੇ ਆਰੀਆ ਸਮਾਜ ਦੇ ਆਉਣ ਨਾਲ ਆਰੰਭ ਹੋਈ। ਇਨ੍ਹਾਂ ਲਹਿਰਾਂ ਦੇ ਪ੍ਰਤੀਕਰਮ ਵਜੋਂ ਹੋਈ ਮੁਸਲਮਾਨਾਂ ਤੇ ਸਿਖਾਂ ਵਿਚ ਆਪਣੇ ਵਖਰੇ ਧਰਮ ਦਾ ਅਹਿਸਾਸ ਪੈਦਾ ਹੋਇਆ। ਸਮੂਹ ਪੰਜਾਬੀਆਂ ਲਈ ਇਹ ਲਿਖਤ ਵਾਰ-ਵਾਰ ਪੜ੍ਹਨਯੋਗ ਹੈ।   (ਸੰਪਾਦਕ)

ਮੈਨੂੰ ਲਗਦਾ ਹੈ ਕਿ ਸਿਰਫ ਮੈਨੂੰ ਇਕੱਲੇ ਨੂੰ ਹੀ ਇਹ ਸੁਭਾਗ ਪਰਾਪਤ ਹੈ : ਸ਼ਾਹ ਮੁਹੰਮਦ ਦੇ ਜਗਨਾਮੇ ਨੂੰ ਅਗਰੇਜ਼ੀ ਅਤੇ ਹਿਦੀ ਵਿਚ ਅਨੁਵਾਦ ਕਰਨਾ। ਇਹ ਖਾਲਸਾ ਦਰਬਾਰ ਅਤੇ ਈਸਟ ਇੰਡੀਆ ਕੰਪਨੀ ਦੀਆਂ ਫੌਜਾਂ ਦਰਮਿਆਨ ਲੜੇ ਗਏ ਪਹਿਲੇ ਹਿੰਦ – ਪੰਜਾਬ ਜੰਗ ਦਾ ਬਿਲਕੁਲ ਤਤਕਾਲੀ ਬਿਆਨ ਹੈ, ਜਿਸ ਨੂੰ ਇਤਿਹਾਸ ਦੀਆਂ ਬਹੁਤੀਆਂ ਕਿਤਾਬਾਂ ਵਿਚ ਪਹਿਲੀ ਅੰਗਰੇਜ਼-ਸਿਖ ਜੰਗ ਕਿਹਾ ਗਿਆ ਹੈ। ਇਹ ਸ਼ਾਹ ਮੁਹੰਮਦ ਦੇ ਅਸਲੀ ਸਿਰਲੇਖ ਦਾ ਅਸਰ ਹੀ ਹੈ ਕਿ ਮੈਂ ਇਸ ਨੂੰ ਪਹਿਲੀ ਪੰਜਾਬ ਜੰਗ ਕਹਿਣ ਦਾ ਲਾਲਚ ਕਰ ਰਿਹਾ ਹਾਂ। ਇਤਿਹਾਸਕਾਰਾਂ ਦਾ ਇਹ ਨਾਮਕਰਨ ਜਾਹਰਾ ਤੌਰ ਉਤੇ ਗਲਤ ਬਿਆਨੀ ਹੈ, ਜੋ ਇਸ ਵਿਲਖਣ ਕਾਵਿ-ਕਿਰਤ ਅਤੇ ਇਸ ਦੇ ਪ੍ਰਮਾਣਿਕ ਪੂਰੇ-ਸੂਰੇ ਪੰਜਾਬੀ ਖਾਸੇ ਨੂੰ ਦੂਸ਼ਿਤ ਕਰਨ ਲਈ ਜਾਣ ਬੁÎਝ ਕੇ ਘਸੋੜੀ ਲਗਦੀ ਹੈ। ਜੰਗਬੰਦੀ ਤੋਂ ਤੁਰਤ ਬਾਅਦ ਨਵੇਂ ਹਾਕਮਾਂ ਨੇ ਪੰਜਾਬੀ ਸਮਾਜ ਵਿਚ ਸੰਭਾਵੀ ਤੀਹਰੀ ਵੰਡ ਦੇ ਬੀਜ ਬੀਜਣੇ ਸ਼ੁਰੂ ਕਰ ਦਿਤੇ ਅਤੇ ਇਸ ਕੰਮ ਵਿਚ ਉਹ ਸਫਲ ਸਾਬਿਤ ਹੋਏ। ਸ਼ਾਹ ਮੁਹੰਮਦ ਨੇ ਆਪਣੇ ਜੰਗਨਾਮੇ ਨੂੰ ਜੋ ਸਿਰਲੇਖ ‘ਜੰਗ ਹਿੰਦ-ਪੰਜਾਬ’ ਦਿਤਾ ਹੈ, ਉਹ ਬਹੁਤ ਮੁਨਾਸਿਬ ਹੈ। ਇਹ ਬਿਲਕੁਲ ਓਵੇਂ ਹੈ ਜਿਵੇਂ ਕਰਨਾਟਕਾ ਜੰਗ ਜਾਂ ਮਰਾਠਾ ਜੰਗ ਵਰਗੇ ਨਾਮ ਹਨ। ਇਹ ਨਾਮ ਇਸ ਨਜ਼ਰੀਏ ਦੀ ਵੀ ਤਾਈਦ ਕਰਦਾ ਹੈ ਕਿ ਈਸਟ ਇੰਡੀਆ ਕੰਪਨੀ ਦੇ ਦ੍ਰਿਸ਼ਟੀਕੋਣ ਤੋਂ ਕਿਵੇਂ ਇਹ ਜੰਗ ਸਾਮਰਾਜੀ ਵਿਸਥਾਰ ਦੀ ਕਵਾਇਦ ਸੀ। ਸਚ ਇਹ ਹੈ ਕਿ ਇਸ ਜੰਗ ਦੇ ਬਹੁਤ ਪਹਿਲਾਂ ਤੋਂ ਹੀ ਅੰਗਰੇਜ਼ ਪੰਜਾਬ ਉਪਰ ਕਬਜ਼ੇ ਦੀ ਤਾਕ ਵਿਚ ਸਨ।
ਸ਼ਾਹ ਮੁਹੰਮਦ ਹੋਰਨਾਂ ਕਵੀਆਂ ਨਾਲੋਂ ਬਿਲਕੁਲ ਅਡਰਾ ਹੈ। ਉਹ ਇਹ ਜਾਣਦਾ ਹੈ ਕਿ ਤੱਥ ਅਤੇ ਪ੍ਰਤਖਣਾ ਵਿਚਕਾਰ ਕਿਥੇ ਨਿਖੇੜਾ ਕਰਨਾ ਹੈ। ਉਹ ਆਪਣੀ ਕਹਾਣੀ ਵਿਚ ਵਸਤੂ ਨਿਸ਼ਠ ਰਹਿਣ ਦੀ ਕੋਸ਼ਿਸ਼ ਵਿਚ ਹੈ। ਇਸ ਕਵੀ ਦੀ ਵਿਲਖਣਤਾ ਉਸ ਦੀ ਤਿਖੀ ਨਜ਼ਰ ਵਿਚ ਹੈ। ਉਹ ਪੂਰੇ ਘਟਨਾਕ੍ਰਮ ਨੂੰ ਸ਼ੁਧ ਰੂਪ ਵਿਚ ਗ੍ਰਹਿਣ ਕਰਨ ਲਈ ਇਸ ਨਾਲ ਜੁੜੀ ਹਰ ਛੋਟੀ ਤੋਂ ਛੋਟੀ ਗਲ ਦੀ ਬਾਰੀਕੀ ਨੂੰ ਫੜਨ ਦਾ ਯਤਨ ਕਰਦਾ ਹੈ। ਥੋੜ੍ਹੇ ਸ਼ਬਦਾਂ ਵਿਚ ਆਖੀਏੇ ਤਾਂ ਉਹ ਅਨੂਠੀ ਕਿਸਮ ਦਾ ਕਵੀ ਅਤੇ ਇਤਿਹਾਸਕਾਰ ਹੈ। ਉਹ ਬਹੁਤ ਹੀ ਸਰਲ ਤੇ ਰੌਚਿਕ ਸ਼ੈਲੀ ਵਿਚ ਇਹ ਭੇਦ ਖੋਲ੍ਹਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ, ਜਿਸ ਨੂੰ ਪਿਆਰ ਨਾਲ ਰਈਅਤ ਸਰਕਾਰ ਕਹਿੰਦੀ ਸੀ, ਦੀ ਮੌਤ ਤੋਂ ਬਾਅਦ ਕੀ ਹੋਇਆ। ਇਸ ਤੋਂ ਬਾਅਦ ਦੀਆਂ ਘਟਨਾਵਾਂ ਏਨੀ ਤੇਜ਼ੀ ਨਾਲ ਵਾਪਰੀਆਂ ਕਿ ਇਕ ਪ੍ਰਤਿਭਾਵਾਨ ਕਵੀ ਹੀ ਇਨ੍ਹਾਂ ਨੂੰ ਪੂਰੀ ਸਮਗਰਤਾ ਵਿਚ ਫੜ ਸਕਦਾ ਸੀ। ਪੰਜਾਬ ਵਿਚ ਹੋਣੀ ਦੀ ਐਸੀ ਮਾਰ ਵਗੀ ਕਿ ਦਰਬਾਰ ਦਾ ਹਰ ਉਚ ਅਹੁਦੇਦਾਰ (ਅਮੀਰ) ਦਿਨਾਂ ਵਿਚ ਹੀ ਖਤਮ ਹੋ ਗਿਆ ਅਤੇ ਲਾਹੌਰ ਦਰਬਾਰ ਲਗਭਗ ਅਧੀ ਦਰਜਨ ਸਾਲਾਂ ਵਿਚ ਹੀ ਯਤੀਮ ਹੋ ਗਿਆ। ਇਕ ਤਰ੍ਹਾਂ ਦੀ ਇਲਾਹੀ ਕਰੋਪੀ ਨੇ ਨਾਟਕੀ ਢੰਗ ਨਾਲ ਹਰ ਚੀਜ਼ ਨੂੰ ਆਪਣੇ ਦੁਖਾਂਤਕ ਕਲਾਵੇ ਵਿਚ ਲੈ ਲਿਆ। ਇਸ ਗੁੰਝਲਦਾਰ ਮਹਾਂ ਦੁਖਾਂਤ ਨੂੰ ਫੜਨ ਲਈ ਕਵੀ ਦੀ ਸੰਵੇਦਨਾ ਵੀ ਓਨੀ ਹੀ ਸੂਖਮ ਤੇ ਵਿਸ਼ਾਲ ਹੋ ਜਾਂਦੀ ਹੈ। ਇਸ ਤੋਂ ਬਿਨਾਂ ਏਨੀ ਉਤਮ, ਇਤਿਹਾਸਕ ਤੌਰ ਉਤੇ ਮਾਕੂਲ ਅਤੇ ਭਾਵ ਉਤੇਜਕ ਕਵਿਤਾ ਰਚੀ ਨਹੀਂ ਜਾ ਸਕਦੀ ਸੀ।

ਇਹ ਬਿਰਤਾਂਤ ਸਾਰੇ ਦੁਖਾਂਤ ਦਾ ਸਚਾ, ਸੰਵੇਦਨਸ਼ੀਲ ਅਤੇ ਜਿਵੇਂ ਕਿਸੇ ਫਿਲਮ ਵਰਗਾ ਬਿਆਨ ਹੈ ਜਿਸ ਵਿਚ ਇਕ ਡਾਕੂਮੈਂਟਰੀ ਵਾਂਗ ਇਕ ਤੋਂ ਬਾਅਦ ਦੂਜੀ ਰੀਲ੍ਹ ਚਲਦੀ ਹੈ। ਇਸ ਨੂੰ ਪੰਜਾਬ ਦੇ ਢਾਡੀਆਂ ਵਲੋਂ ਲੋਕਾਂ ਸਾਹਵੇਂ ਗਾਇਆ ਵੀ ਜਾਂਦਾ ਰਿਹਾ। ਪੰਜਾਬ ਦਾ ਇਹ ਹਮਦਰਦ ਕਵੀ ਹੀ ਇਹ ਸਮਰਥਾ ਰਖਦਾ ਸੀ ਕਿ ਉਹ ਇਸ ਇਤਿਹਾਸਕ ਦੁਖਾਂਤ ਨੂੰ ਆਪਣੇ ਕਾਵਿਕ ਕਲੇਵਰ ਵਿਚ ਜਿਵੇਂ ਲੈ ਸਕਿਆ ਹੈ, ਕਿਸੇ ਹੋਰ ਕਵੀ ਤੋਂ ਇਹ ਹੋਣਾ ਨਹੀਂ ਸੀ। ਸਭ ਤੋਂ ਵਡੀ ਗੱਲ ਹੈ ਕਿ ਉਹ ਏਨੀ ਵਡਾ ਪੰਜਾਬ ਭਗਤ ਹੈ ਕਿ ਉਹ ਇਸ ਗੱਲ ਦੀ ਪ੍ਰਵਾਹ ਨਹੀਂ ਕਰਦਾ ਕਿ ਨਵੇਂ ਸ਼ਾਸ਼ਕ ਉਸੇ ਦੇ ਇਸ ਬਿਆਨ ਦੇ ਬਦਲੇ ਉਸ ਨਾਲ ਕੀ ਕਰ ਦੇਣਗੇ।
ਸਭ ਤੋਂ ਪਹਿਲਾਂ ਧਿਆਨ ਦੇਣ ਯੋਗ ਜ਼ਰੂਰੀ ਨੁਕਤਾ ਇਹ ਹੈ ਕਿ ਸ਼ਾਹ ਮੁਹੰਮਦ ਇਕ ਕੁਲੀਨ ਮੁਸਲਮਾਨ ਹੈ। ਰਣਜੀਤ ਸਿੰਘ ਕਿਸਾਨੀ ਪਿਛੋਕੜ ਤੋਂ ਆਉਂਦਾ ਹੈ। ਉਹ ਮਹਿਜ਼ ਅਧੀ ਸਦੀ ਵਿਚ ਹੀ ਬਹੁਤ ਸਾਰੀਆਂ ਰਿਆਸਤਾਂ ਨੂੰ ਇਕੱਠੀਆਂ ਕਰਕੇ ਇਸ ਸਲਤਨਤ ਦਾ ਬਾਦਸ਼ਾਹ ਬਣ ਜਾਂਦਾ ਹੈ। ਇਹ ਸਭ ਭਾਰਤ ਵਿਚ ਅਠ ਸਦੀਆਂ ਲਮੇ ਇਸਲਾਮੀ ਰਾਜ ਤੋਂ ਬਾਅਦ ਵਾਪਰਦਾ ਹੈ। ਪਰ ਸ਼ਾਹ ਮੁਹੰਮਦ ਸਹੀ ਅਰਥਾਂ ਵਿਚ ਸੈਕੂਲਰ ਹੈ। ਉਸ ਦੇ ਮਨ ਵਿਚ ਰਤੀ ਭਰ ਵੀ ਫਿਰਕੂ ਸੋਚ ਨਹੀਂ ਦਿਸਦੀ। ਉਹ ਬਿਨਾਂ ਕਿਸੇ ਜਾਤ-ਨਸਲ/ਗੋਤ ਦੇ ਵਿਤਕਰੇ ਤੋਂ ਦੋਸ਼ ਉਨ੍ਹਾਂ ਨੂੰ ਦਿਦਾ ਹੈ ਜੋ ਦੋਸ਼ੀ ਹਨ, ਸਿਫਤ ਉਸ ਦੀ ਕਰਦਾ ਹੈ ਜੋ ਇਸ ਦਾ ਹਕਦਾਰ ਹੈ। ਥੋੜ੍ਹੇ ਸ਼ਬਦਾਂ ਵਿਚ ਕਹੀਏ ਤਾਂ ਸ਼ਾਹ ਮੁਹਮਦ ਉਹ ਤਸਵੀਰ ਹੈ ਜਿਸ ਵਰਗਾ ਹਰ ਇਕ ਹਿੰਦੂ, ਮੁਸਲਮਾਨ, ਸਿਖ ਜਾਂ ਹਰ ਭਾਰਤੀ ਨੂੰ ਹੋਣਾ ਚਾਹੀਦਾ ਹੈ ਤਾਂ ਜੋ ਭਾਰਤ ਵਿਚ ਇਕ ਮਜਬੂਤ ਇਕਸਾਰ ਤੇ ਲੋਕਤੰੰਤਰੀ ਸਮਾਜ ਬਣ ਸਕੇ।
ਅੱਜ ਉਹ ਤੀਹਰੀ ਵੰਡ ਵਿਚ ਵੰਡੇ ਸਾਡੇ ਇਸ ਪੰਜਾਬੀ ਸਮਾਜ ਲਈ ਬਹੁਤ ਸਾਰਥਿਕ ਹੈ, ਜਿਸ ਵਿਚੋਂ ’47 ਦੀ ਵੰਡ ਨਿਕਲੀ ਹੈ। ਬਹੁਤੇ ਲੋਕਾਂ ਲਈ ਇਹ ਕਿਆਸੋਂ ਬਾਹਰੀ ਗੱਲ ਲਗ ਸਕਦੀ ਹੈ ਕਿ ਇਕ ਪੰਜਾਬੀ ਮੁਸਲਮਾਨ ਸਰਕਾਰ-ਏ-ਖਾਲਸਾ ਦੇ ਖਤਮ ਹੋਣ ਉਤੇ ਕਿਵੇਂ ਖੂਨ ਦੇ ਅਥਰੂ ਰੋਂਦਾ ਹੈ। ਅਜੋਕੇ ਫਿਰਕੂ ਬਣਦੇ ਜਾ ਰਹੇ ਮਾਹੌਲ ਵਿਚ ਇਹ ਸਭ ਕੁਝ ਨੂੰ ਵਿਚਾਰਨ ਵਿਚ ਹੀ ਉਹ ਨੁਕਤਾ ਪਿਆ ਹੈ ਜਿਸ ਨੂੰ ਸਮਝਣ ਦੀ ਵਧੇਰੇ ਲੋੜ ਹੈ। ਇਸ ਤੱਥ ਨੂੰ ਇਸ ਤਰੀਕੇ ਨਾਲ ਪੇਸ਼ ਕਰਨ ਦਾ ਕਾਰਨ ਇਹ ਹੈ ਕਿ ਇਹ ਮੇਰੀ ਧਾਰਨਾ ਦੀ ਪ੍ਰੋੜਤਾ ਕਰਦਾ ਹੈ ਕਿ ਇਕ ਬਿਹਤਰ ਹਿੰਦੂ ਅਤੇ ਇਕ ਬਿਹਤਰ ਮੁਸਲਮਾਨ ਵਿਅਕਤੀ, ਆਪਣੇ ਆਪ ਨੂੰ ਨਾਸਤਿਕ ਕਹਿਣ ਵਾਲੇ ਵਿਅਕਤੀ ਤੋਂ ਜ਼ਿਆਦਾ ਸੈਕੂਲਰ ਹੋਵੇਗਾ। ਇਸ ਤਰ੍ਹਾਂ ਇਕ ਬਿਹਤਰ ਪੰਜਾਬੀ ਜਾਂ ਬਿਹਤਰ ਬੰਗਾਲੀ ਉਸ ਬੰਦੇ ਨਾਲੋਂ ਇਕ ਚੰਗਾ ਭਾਰਤੀ ਹੋਵੇਗਾ ਜੋ ਆਪਣੇ ਆਪ ਨੂੰ ਪਹਿਲਾਂ ਭਾਰਤੀ ਕਹਿੰਦਾ ਹੈ। ਇਸ ਲਈ ਸ਼ਾਹ ਮੁਹੰਮਦ ਨੂੰ ਸਾਰੇ ਪੰਜਾਬੀਆਂ ਦੀ ਇਕਜੁਟਤਾ ਦੇ ਸਚੇ ਪ੍ਰਤੀਕ ਵਜੋਂ ਦੇਖਿਆ ਜਾ ਸਕਦਾ ਹੈ।
-2-
ਸ਼ਾਹ ਮੁਹੰਮਦ ਅਸਲ ਜੰਗ ਨੂੰ ਬਿਆਨ ਕਰਨ ਤੋਂ ਪਹਿਲਾਂ ਉਨ੍ਹਾਂ ਛੇ ਸਾਲਾਂ ਦੀਆਂ ਘਟਨਾਵਾਂ ਦਾ ਵੇਰਵਾ ਦਿਦਾ ਹੈ ਜੋ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਵਾਪਰੀਆਂ। ਇਹ ਪਿਛੋਕੜ ਹੀ ਸਾਨੂੰ ਬਾਅਦ ਵਿਚ ਵਾਪਰਨ ਵਾਲੀ ਹੋਣੀ ਦੀ ਬੁਨਿਆਦ ਸਮÎਝਣ ਵਿਚ ਮਦਦ ਕਰਦਾ ਹੈ। ਉਹ ਖੜਕ ਸਿੰਘ ਨੂੰ ਨਵਾਂ ਰਾਜਾ ਬਣਾਉਂਦਾ ਹੈ। ਇੰਝ ਲਗਦਾ ਹੈ ਜਿਵੇਂ ਉਸ ਦੇ ਦਿਲ ਵਿਚੋਂ ਇਕ ਬਦਦੁਆ ਨਿਕਲੀ ਹੈ ਅਤੇ ਰਬ ਸਚਾ ਉਸ ਬਦਦੁਆ ਨੂੰ ਪੂਰਿਆਂ ਵੀ ਕਰਦਾ ਹੈ। ਦਰਬਾਰ ਵਿਚ ਇਕ ਤੋਂ ਬਾਅਦ ਇਕ ਚਲੀ ਕਤਲਾਂ ਦੀ ਲੜੀ ਬਹੁਤ ਭਿਆਨਕ ਹੈ। ਕੰਵਰ ਨੌਨਿਹਾਲ ਸਿੰਘ ਅਸਲ ਵਿਚ ਆਪਣੇ ਬਿਮਾਰ ਪਿਉ ਖੜਕ ਸਿੰਘ ਰਾਹੀਂ ਸਰਾਪਿਆ ਗਿਆ ਹੈ, ਜਿਸ ਨੇ ਉਸ ਤੋਂ ਬਾਅਦ ਰਾਜਾ ਬਣਨਾ ਸੀ। ਉਹ ਜਿਸ ਤਰੀਕੇ ਨਾਲ ਅਸਲ ਵਿਚ ਮਰਦਾ ਹੈ, ਉਸ ਨੂੰ ਕਿਸੇ ਤਾਰਕਿਕ ਦਲੀਲ ਨਾਲ ਨਹੀਂ ਸਮÎਿਝਆ ਜਾ ਸਕਦਾ। ਕੀ ਕਿਲ੍ਹੇ ਦਾ ਇਕ ਛੱਜਾ ਕਿਸੇ ਦੁਰਘਟਨਾ ਵਸ ਜਾਂ ਸਾਜ਼ਿਸ ਤਹਿਤ ਬਿਲਕੁਲ ਉਦੋਂ ਹੀ ਡਿਗ ਸਕਦਾ ਸੀ, ਜਦੋਂ ਕੰਵਰ ਨੌਨਿਹਾਲ ਇਸ ਹੇਠੋਂ ਗੁਜ਼ਰ ਰਿਹਾ ਸੀ? ਇਹ ਸਵਾਲ ਅਜੇ ਤਕ ਬਹਿਸ ਦਾ ਮਸਲਾ ਹੈ। ਪਰ ਇਹ ਦੁਰਘਟਨਾ ਬਹੁਤ ਅਲੋਕਾਰ ਨਹੀਂ ਲਗਦੀ? ਡਿਉਢੀ ਦੇ ਛੱਜੇ ਤੋਂ ਬਿਨਾਂ ਕਿਲ੍ਹੇ ਦੇ ਹੋਰ ਕਿਤੇ ਕੁਝ ਨਹੀਂ ਹੋਇਆ ਅਤੇ ਸਾਜ਼ਿਸ ਸਿਧਾਂਤ ਅਨੁਸਾਰ ਰਾਜਾ ਧਿਆਨ ਸਿੰਘ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਆਪਣੇ ਪੁਤਰ ਨੂੰ ਤਖ਼ਤ ਉਤੇ ਬਿਠਾਉਣਾ ਚਾਹੁੰਦਾ ਸੀ ਕਿ ਅਸਲ ਦੋਸ਼ੀ ਸੀ? ਇਹ ਸਵਾਲ ਇਸ ਤੱਥ ਨਾਲ ਹੋਰ ਵੀ ਔਖਾ ਹੋ ਜਾਂਦਾ ਹੈ ਕਿ ਕੰਵਰ ਨੌਨਿਹਾਲ ਸਿੰਘ ਨਾਲ ਮਰਨ ਵਾਲਾ ਨੌਜਵਾਨ ਊਧਮ ਸਿੰਘ, ਉਸਦਾ ਸਕਾ ਭਤੀਜਾ ਸੀ। ਫਿਰ ਇਕੋ ਹੀ ਵਿਆਖਿਆ ਬਚਦੀ ਹੈ, ਜਿਵੇਂ ਸ਼ਾਹ ਮੁਹੰਮਦ ਕਹਿੰਦਾ ਹੈ ਕਿ ਮੌਤ ਦਾ ਫਰਿਸ਼ਤਾ ਆਪ ਹੀ ਧਰਮਰਾਜ ਦੇ ਹੁਕਮਾਂ ਦੀ ਪਾਲਣਾ ਲਈ ਉਸ ਛੱਜੇ ਉਤੇ ਬੈਠਾ ਸੀ। ਸਿਰਫ ਇਕ ਸ਼ਬਦ ਧਰਮਰਾਜ ਦੇ ਆਉਣ ਨਾਲ ਹੀ ਇਹ ਅਲਾਹੀ ਕਰੋਪੀ ਦੀ ਮਿਸਾਲ ਬਣ ਜਾਣੀ ਹੈ।
ਇਨ੍ਹਾਂ ਛੇ ਸਾਲਾਂ ਵਿਚ ਮਰਨ ਵਾਲਿਆਂ ਦੀ ਫਹਿਰਿਸਤ ਦੇਖ ਕੇ ਹੀ ਪਾਠਕ ਇਹ ਅੰਦਾਜ਼ਾ ਲਾ ਸਕਦੇ ਹਨ ਕਿ ਅਸਲ ਵਿਚ ਕੀ ਹੋਣ ਵਾਲਾ ਸੀ। ਇਹ ਫਹਿਰਿਸਤ ਇਸ ਤਰ੍ਹਾਂ ਹੈ —
1. ਮਹਾਰਾਜਾ ਰਣਜੀਤ ਸਿੰਘ ਦਾ ਕਰੀਬੀ ਮਿਤਰ ਚੇਤ ਸਿੰਘ, ਉਸ ਦੀ ਹਾਜ਼ਰੀ ਵਿਚ ਹੀ ਮਾਰਿਆ ਜਾਂਦਾ ਹੈ। ਜਦੋਂ ਉਹ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਿਲ ਹੋ ਰਿਹਾ ਸੀ। ਅਭਿਲਾਸ਼ੀ ਨੌਜਵਾਨ ਰਾਜਕੁਮਾਰ ਆਪਣੀ ਸਤਾ ਕਿਸੇ ਨਾਲ ਵੀ ਵੰਡਣੀ ਨਹੀਂ ਚਾਹੁੰਦਾ ਸੀ।
2. ਨੌਨਿਹਾਲ ਸਿੰਘ ਅਤੇ ਊਧਮ ਸਿੰਘ ਡਿਉਢੀ ਦੇ ਛੱਜੇ ਹੇਠੋਂ ਗੁਜ਼ਰਦਿਆਂ ਮਾਰੇ ਗਏ। ਇਹ ਖੜਕ ਸਿੰਘ ਦੇ ਸਸਕਾਰ ਦੇ ਬਿਲਕੁਲ ਬਾਅਦ ਹੀ ਵਾਪਰਿਆ।
3. ਨਵੇਂ ਮਹਾਰਾਜਾ ਸ਼ੇਰ ਸਿੰਘ ਦੀ ਮਿਲੀਭੁਗਤ ਨਾਲ ਖੜਕ ਸਿੰਘ ਦੀ ਵਿਧਵਾ ਰਾਣੀ ਚੰੰਦ ਕੌਰ ਅਤੇ ਉਸ ਦੀ ਗੋਲੀ ਦਾ ਕਤਲ।
4. ਸੰਧਾਵਾਲੀਆ ਸਰਦਾਰਾਂ ਵਲੋਂ ਮਹਾਰਾਜਾ ਸ਼ੇਰ ਸਿੰਘ ਅਤੇ ਉਸ ਦੇ ਪੁਤਰ ਪਰਤਾਪ ਸਿੰਘ ਦਾ ਕਤਲ। ਉਸੇ ਦਿਨ ਉਨ੍ਹਾਂ ਧਿਆਨ ਸਿੰਘ ਨੂੰ ਵੀ ਮਾਰਿਆ।
5. ਧਿਆਨ ਸਿੰਘ ਦੇ ਪੁਤਰ ਅਤੇ ਨਵੇਂ ਪ੍ਰਧਾਨ ਮੰਤਰੀ ਹੀਰਾ ਸਿੰਘ ਵਲੋਂ ਸੰਧਾਵਾਲੀਆ ਸਰਦਾਰਾਂ ਲਹਿਣਾ ਸਿੰਘ ਅਤੇ ਅਜੀਤ ਸਿੰਘ ਦਾ ਕਤਲ। ਇਸ ਦੌਰ ਵਿਚ ਖਾਲਸਾ ਦਰਬਾਰ ਦੋ ਧੜਿਆਂ ਵਿਚ ਵੰਡਿਆ ਗਿਆ। ਇਸ ਖੁਲ੍ਹੀ ਖੇਡ ਵਿਚ ਕਿਨੇ ਹੀ ਮੁਹਤਬਰ ਮਾਰੇ ਗਏ ਤੇ ਦਰਬਾਰ ਕੋਲ ਕੋਈ ਆਗੂ ਨਾ ਰਿਹਾ।
6. ਜਲਾ ਅਤੇ ਹੀਰਾ ਸਿੰਘ ਨੂੰ ਜੰਮੂ ਦੇ ਰਸਤਿਉਂ ਖਾਲਸਾ ਫੌਜ ਨੇ ਮਾਰ ਦਿਤਾ।
7. ਮਹਾਰਾਣੀ ਜਿੰਦਾਂ ਦੇ ਭਰਾ ਜਵਾਹਰ ਸਿੰਘ ਦਾ ਕਤਲ ਜਿਸ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਸੀ।
ਇਹ ਸਾਰਾ ਕੁਝ ਉਸ ਸਮੇਂ ਦੀ ਹਵਾ ਵਿਚ ਮੌਜੂਦ ਅਜੀਬੋ ਗਰੀਬ ਅਤੇ ਸਾਮੂਹਿਕ ਮੌਤ ਦੀ ਪ੍ਰਵਿਰਤੀ ਕਾਰਨ ਹੋਇਆ। ਇਸ ਦੇ ਨਤੀਜੇ ਵਜੋਂ ਤਿੰਨ ਚੀਜ਼ਾਂ ਹੋਈਆਂ — ਇਕ, ਦਰਬਾਰ ਦੇ ਸਰਦਾਰਾਂ ਅਤੇ ਸਿਆਣੇ ਬੰਦਿਆਂ ਦਾ ਪਤਨ ਹੋਇਆ, ਜਿਨ੍ਹਾਂ ਨੇ ਕਿਸੇ ਨਾ ਕਿਸੇ ਬਹਾਨੇ ਦਰਬਾਰ ਨੂੰ ਛਡ ਦਿਤਾ। ਦੂਜਾ, ਦਰਬਾਰ ਦੀ ਫੌਜ ਆਪਮੁਹਾਰੀ ਹੋ ਕੇ ਲੁਟੇਰੀ ਬਣਨ ਲਗੀ ਜਿਸ ਨੂੰ ਰੋਕਿਆ ਨਹੀਂ ਜਾ ਸਕਦਾ ਸੀ, ਇਸ ਲਈ ਸ਼ਾਹ ਮੁਹੰਮਦ ਇਨ੍ਹਾਂ ਨੂੰ ‘ਬੁਰਛੇ’ ਸਦਦਾ ਹੈ। ਤੀਜਾ, ਮਹਾਰਾਣੀ ਜਿਸ ਨੇ ਫੌਜ ਦਾ ਗਲਬਾ ਤੋੜਨ ਲਈ ਉਨ੍ਹਾਂ ਨੂੰ ਅੰਗਰੇਜ਼ਾਂ ਨਾਲ ਜੰਗ ਵਿਚ ਖਤਮ ਕਰਨ ਦਾ ਫੈਸਲਾ ਕਰ ਲਿਆ।
ਇੰਝ ਲਗਦਾ ਹੈ ਕਿ ਦਿਆਲੂ ਅਤੇ ਖੁਦਮੁਖਤਿਆਰ ਰਣਜੀਤ ਸਿੰਘ ਕੋਈ ਅਜਿਹਾ ਸੰਸਥਾਗਤ ਪ੍ਰਬੰਧ ਨਹੀਂ ਉਸਾਰ ਸਕਿਆ ਜੋ ਰਾਜ ਨੂੰ ਜਾਰੀ ਰਖ ਸਕਦਾ। ਲਾਜ਼ਮੀ ਤੌਰ ਉਤੇ ਅੰਗਰੇਜ਼ਾਂ ਨੇ ਵੀ ਦਰਬਾਰ ਵਿਚ ਰਾਨਜੀਤਕ ਅੰਸਤੋਸ਼ ਦੇ ਬੀਜ ਬੀਜ ਕੇ ਤੇ ਵਖ-ਵਖ ਪਧਰਾਂ ਉਤੇ ਅਰਾਜਕਤਾ ਫੈਲਾ ਕੇ ਆਪਣੀ ਸਾਜ਼ਿਸ਼ੀ ਸਾਮਰਾਜੀ ਖੇਡ ਬਾਖੂਬੀ ਖੇਡੀ। ਪਰ ਇਹ ਪੂਰੀ ਵਿਆਖਿਆ ਨਹੀਂ ਹੋ ਸਕਦੀ। ਇਸ ਲਈ ਬਹੁਤ ਸਾਰੇ ਪਖ ਜ਼ਿੰਮੇਵਾਰ ਹਨ। ਦਰਬਾਰ ਵਿਚ ਇਕ ਸੰਸਥਾਗਤ ਢਾਂਚੇ ਦੀ ਅਣਹੋਂਦ ਰਹੀ ਹੈ ਜੋ ਇਨ੍ਹਾਂ ਹਾਲਤਾਂ ਵਿਚ ਪੈਦਾ ਹੋਏ ਖਲਾਅ ਨੂੰ ਭਰ ਦਿਦਾ। ਨਹੀਂ ਤਾਂ ਇਹ ਕਿਵੇਂ ਸੰਭਵ ਹੋਇਆ ਕਿ ਇਹੀ ਬੁਰਛੇ ਜਦੋਂ ਜੰਗ ਵਿਚ ਅੰਗਰੇਜ਼ਾਂ ਨਾਲ ਤੇਗਾਂ ਖੜਕਾਉਂਦੇ ਤੇ ਖਾਲਸੇ ਦੀ ਮਾਣਮਤੀ ਪਰੰਪਰਾ ਅਨੁਸਾਰ ਆਪਣੀਆਂ ਜਾਨਾਂ ਕੋਹ ਵਾਰ ਦਿੰਦੇ ਹਨ, ਉਦੋਂ ਉਹੀ ਕਵੀ ਉਨ੍ਹਾਂ ਦੀਆਂ ਸਿਫਤਾਂ ਕਰਦਾ ਨਹੀਂ ਥਕਦਾ। ਅਸਲ ਵਿਚ ਉਨ੍ਹਾਂ ਦੀ ਨਿਡਰਤਾ ਉਤੇ ਬਹਾਦਰੀ ਦੀਆਂ ਸਿਫਤਾਂ ਅੰਗਰੇਜ਼ ਕਮਾਂਡਰ ਵੀ ਲੰਮਾ ਸਮਾਂ ਕਰਦੇ ਰਹੇ ਹਨ। ਸ਼ਾਹ ਮੁਹੰਮਦ ਇਸ ਸਾਰੀ ਲੜਾਈ ਨੂੰ ਬੰਦ 92 ਵਿਚ ਇਕ ਸਤਰ ਵਿਚ ਸਮੇਟ ਲੈਂਦਾ ਹੈ। ਉਹ ਕਹਿੰਦਾ ਹੈ —
ਸਾਹ ਮੁਹੰਮਦਾ ਇਕ ਸਰਦਾਰ ਬਾਝੋਂ
ਫੌਜਾਂ ਜਿਤ ਕੇ ਅੰਤ ਨੂੰ ਹਾਰੀਆਂ ਨੇ।
ਇਸੇ ਤਰ੍ਹਾਂ ਸਾਨੂੰ ਮਹਾਰਾਣੀ ਜਿੰਦਾਂ ਬਾਰੇ ਵੀ ਆਪਣੀ ਧਾਰਨਾ ਨੂੰ ਮੁੜ ਵਾਚਣਾ ਚਾਹੀਦਾ ਹੈ। ਮਿਸਾਲ ਵਜੋਂ ਸਾਰੇ ਕੁਝ ਤੋਂ ਵਾਂਝਿਆ ਹੋ ਕੇ, ਇਥੋਂ ਤਕ ਕਿ ਆਪਣੇ ਪੁਤਰ ਦੀ ਨੇੜਤਾ ਤੋਂ ਵੀ ਉਸ ਨੇ ਨਾ ਸਿਰਫ ਬਰਤਾਨਵੀਂ ਖੇਡ ਨੂੰ ਸਮਝ ਲਿਆ, ਸਗੋਂ ਉਨ੍ਹਾਂ ਨੂੰ ਔਖਾ ਵੀ ਕਰੀ ਰਖਿਆ। ਇਕ ਅਨੁਸਾਸ਼ਨਹੀਣ ਫੌਜ ਅਤੇ ਬਦਲੇ ਦੀ ਅਗ ਵਿਚ ਭੁਜਦੀ ਮਹਾਰਾਣੀ ਹੀ ਅਗਰੇਜ਼ਾਂ ਸਾਹਵੇਂ ਸਿਖ ਫੌਜ ਦੀ ਹਾਰ ਦੇ ਤਤਕਾਲੀ ਕਾਰਨ ਬਣਦੇ ਲਗਦੇ ਹਨ। ਅੰਗਰੇਜ਼ ਆਪਣੇ ਸਾਮਰਾਜੀ ਲੋਭ ਹੇਠ ਬੜੇ ਗਿਣੇ-ਮਿਥੇ ਢੰਗ ਨਾਲ ਇਸ ਲੜਾਈ ਵਿਚ ਉਤਰੇ ਸਨ। ਸ਼ਾਹ ਮੁਹੰਮਦ ਦੀ ਇਸ ਰਚਨਾ ਦਾ ਸਭ ਤੋਂ ਮਹਤਵਸ਼ਾਲੀ ਹਿਸਾ ਇਸ ਦੇ ਅੰਤ ਵਿਚ ਅਧੀ ਦਰਜਨ ਬੰਦ ਹਨ, ਜਿਸ ਵਿਚ ਉਹ ਸਾਰੀ ਕਹਾਣੀ ਨੂੰ ਸਮੇਟਦਾ ਹੈ। ਇਕ ਸਧਾਰਨ ਸਿਰਜਣ ਸਮਰਥਾ ਵਾਲਾ ‘ਸਿਆਣਾ’ ਲੇਖਕ ਬਹੁਤ ਅਰਾਮ ਨਾਲ ਨਵੇਂ ਜੇਤੂ ਸ਼ਾਸਕਾਂ ਨੂੰ ਖੁਸ਼ ਕਰਨ ਲਈ, ਉਨ੍ਹਾਂ ਦੀ ਖੁਸਾਮਦ ਵਿਚ ਸੋਹਿਲੇ ਗਾਉਣ ਵਾਲਾ ਜੀ ਹਜੂਰੀਆ ਬਣਨ ਲਈ ਤਤਪਰ ਹੋ ਸਕਦਾ ਸੀ। ਅਜਿਹਾ ਸਾਡਾ ਇਕ ਮਹਾਨ ਸਾਇਰ ਮਿਰਜ਼ਾ ਗਾਲਿਬ ਹੈ, ਜਿਸ ਨੇ ਇਸ ਜੰਗ ਦੀ ਇਕ ਲੜਾਈ ਬਾਰੇ ਆਪਣੀ ਰਚਨਾ ਫਤਿਹਨਾਮਾ ਵਿਚ ਫਾਰਸੀ ਦੇ 42 ਬੰਦ ਲਿਖ ਮਾਰੇ। ਇਸ ਬਾਰੇ ਅਸੀਂ ਫੇਰ ਗਲ ਕਰਾਂਗੇ ਪਰ ਇਥੇ ਇਹ ਮਹਤਵਪੂਰਨ ਹੈ ਕਿ ਸ਼ਾਹ ਮੁਹੰਮਦ ਇਨ੍ਹਾਂ ਨਵੇਂ ਸ਼ਾਸ਼ਕਾਂ ਲਈ ਕੀ ਨਜ਼ਰੀਆ ਰਖਦਾ ਹੈ। ਇਸ ਲਈ ਬੰਦ 98 ਨੂੰ ਧਿਆਨ ਨਾਲ ਪੜ੍ਹਨ ਦੀ ਲੋੜ ਹੈ —
ਬਣੇ ਮਾਈ ਦੇ ਆਣ ਅੰਰਗੇਜ਼ ਰਾਖੇ
ਪਾਈ ਛਾਵਣੀ ਵਿਚ ਲਾਹੌਰ ਦੇ ਜੀ
ਰੋਕ ਮਾਲਵਾ ਪਾਰ ਦਾ ਮੁਲਕ ਸਾਰਾ
ਠਾਣਾ ਘਤਿਆ ਵਿਚ ਫਿਲੌਰ ਦੇ ਜੀ।
ਲਿਆ ਸ਼ਹਿਰ ਹੁਸ਼ਿਆਰਪੁਰ ਤਲਕ ਸਾਰਾ
ਜਿਹੜੇ ਟੇਕ ਆਵਣ ਨੰਦਾ ਚੌਰ ਦੇ ਜੀ।
ਸ਼ਾਹ ਮੁਹੰਮਦਾ ਕਾਂਗੜਾ ਮਾਰ ਬੈਠਾ
ਸਭੇ ਕੰਮ ਗਏ ਉਸ ਦੇ ਸੌਰਦੇ ਜੀ।
ਸੰਖੇਪ ਵਿਚ ਕਹਿਣਾ ਹੋਵੇ ਤਾਂ ਉਨ੍ਹਾਂ ਨੇ ਸਭ ਕੁਝ ਕੀਤਾ ਜੋ ਇਕ ਚੋਰ ਕਰਦਾ ਹੈ। ਇਸ ਬੰਦ ਦਾ ਮਹਤਵ ਇਸ ਗਲ ਵਿਚ ਹੈ, ਸ਼ਾਹ ਮੁਹੰਮਦ ਕਿਸ ਦਲੇਰੀ ਨਾਲ ਅੰਗਰੇਜਾਂ ਨੂੰ ਚੋਰ ਕਹਿੰਦਾ ਹੈ। ਸਿਰਫ ਇਹੀ ਨਹੀਂ ਅਗਲੇ ਬੰਦ ਵਿਚ ਉਹ ਕਹਿੰਦਾ ਹੈ —
ਪਿਛੋਂ ਸਾਂਭ ਲਿਆ ਮੁਲਕ ਕਾਰਦਾਰਾਂ
ਬਖਤਾਵਰਾਂ ਨੇਕ ਸਤਾਰਿਆਂ ਨੇ।
ਇਸੇ ਤਰ੍ਹਾਂ ਦੀ ਭਾਵਨਾ ਦਾ ਇਜ਼ਹਾਰ ਬੰਦ 103 ਦੇ ਇਨ੍ਹਾਂ ਸ਼ਬਦਾਂ ਵਿਚ ਕਰਦਾ ਹੈ —
ਸ਼ਾਹ ਮੁਹੰਮਦਾ ਦੌਲਤਾਂ ਜਮ੍ਹਾਂ ਕਰਦਾ
ਸ਼ਾਹੂਕਾਰ ਦਾ ਜਿਵੇਂ ਗੁਮਾਸ਼ਤਾ ਈ।
ਨਿਮਨ ਮਧਵਰਗ ਦੇ ਫਰਜ਼ੰਦ ਕਿਸ ਤਰ੍ਹਾਂ ਕੁਝ ਅੰਗਰੇਜ਼ੀ ਦੇ ਸ਼ਬਦ ਅਤੇ ਕੁਝ ਖੁਸ਼ਾਮਦੀ ਜੁਗਤਾਂ ਸਿਖ ਕੇ ਕੰਪਨੀ ਅਫਸਰਾਂ ਦੇ ਚਾਕਰ ਬਣੇ, ਇਸ ਵਰਤਾਰੇ ਦਾ ਇਸ ਤੋਂ ਬਿਹਤਰ ਕੋਈ ਬਿਆਨ ਨਹੀਂ ਹੋ ਸਕਦਾ। ਇਹ ਬਿਆਨ ਸਪਸ਼ਟ ਕਰਦਾ ਹੈ ਕਿ ਕਿਵੇਂ ਪੰਜਾਬ ਵਰਗਾ ਅਮੀਰ ਖਿਤਾ ਕੁਝ ਕੁ ਸਾਲਾਂ ਵਿਚ ਹੀ ਗਰੀਬ ਹੋ ਗਿਆ। ਇਸ ਤਰ੍ਹਾਂ ਦੀ ਪ੍ਰਤਖਣ ਸ਼ਕਤੀ ਇਕ ਉਚ ਪ੍ਰਤਿਭਾਵਾਨ ਬੰਦੇ ਵਿਚ ਹੀ ਸੰਭਵ ਹੈ। ਸ਼ਾਹ ਮੁਹੰਮਦ ਬਹੁਤ ਸਾਰੇ ਮਜ਼ਮੂਨਾਂ ਜਿਵੇਂ ਅਰਥ ਸ਼ਾਸਤਰ ਅਤੇ ਇਤਿਹਾਸ ਤੋਂ ਅਣਜਾਣ ਹੋਣ ਦੇ ਬਾਵਜੂਦ ਵੀ ਇਨ੍ਹਾੰ ਦਾ ਡੂੰਘਾ ਮੁਤਾਲਿਆ ਕਰਦਾ ਹੈ। ਇਸ ਗੱਲ ਨੇ ਉਸ ਨੂੰ ਡੂੰਘੀ ਪੀੜ ਦਿਤੀ ਹੋਵੇਗੀ ਕਿ ਕਿਵੇਂ ਕਾਬਜ਼ ਫੌਜ ਦੇ ਰੂਪ ਵਿਚ ਜੇਤੂਆਂ ਨੇ ਪੇਂਡੂ ਇਲਾਕਿਆ ਨੂੰ ਤਬਾਹ ਕਰ ਦਿਤਾ ਅਤੇ ਫਿਰੋਜ਼ਪੁਰ ਤੋਂ ਲਾਹੌਰ ਵਿਚਾਲੇ ਦੇ ਵਡੇ ਇਲਾਕੇ ਉਤੇ ਕਬਜ਼ਾ ਕਰਕੇ ਸੰਪਤੀ ਦੀ ਲੁਟ ਮਚਾਈ। ਅਜਿਹਾ ਕਦੇ ਕਿਸੇ ਭਾਰਤੀ ਰਾਜੇ ਵਲੋਂ ਨਹੀਂ ਸੀ ਕੀਤਾ ਗਿਆ। ਰਣਜੀਤ ਸਿੰਘ ਨੇ ਲਗਾਤਾਰ ਜਿਤਾਂ ਨਾਲ ਆਪਣੀ ਸਲਤਨਤ ਸਥਾਪਤ ਕੀਤੀ, ਪਰ ਇਹ ਹਾਰੇ ਹੋਇਆਂ ਵਿਚ ਸੁਲਹ-ਸਹਿਮਤੀ ਨਾਲ ਵੀ ਸਥਾਪਿਤ ਕੀਤਾ ਗਿਆ। ਉਂਝ ਭਾਰਤੀ ਰਾਜਿਆਂ ਦਰਮਿਆਨ ਖਿਚੋਤਾਣ ਲਗਾਤਾਰ ਹੁਦੀ ਰਹਿੰਦੀ ਸੀ, ਪਰ ਜੇ ਇਕ ਵਾਰ ਫੈਸਲਾ ਹੋ ਗਿਆ ਤਾਂ ਸਾਰੀ ਦੁਸ਼ਮਣੀ ਸਮਾਪਤ ਹੋ ਜਾਂਦੀ ਸੀ
-3-
ਇਹ ਇਕ ਵੀਰ ਰਸੀ ਕਵਿਤਾ ਹੈ। ਭਾਰਤ ਵਿਚ ਵੀਰ ਰਸੀ ਕਵਿਤਾ ਦੀ ਲੰਮੀ ਪਰੰਪਰਾ ਰਹੀ ਹੈ। ਵੀਰਤਾ ਜਾਂ ਬਹਾਦਰੀ ਨੌ ਰਸਾਂ ਵਿਚੋਂ ਇਕ ਮਹੱਤਵਪੂਰਨ ਰਸ ਹੈ। ਕਵੀ ਨੂੰ ਵੀਰਤਾ ਜਾਂ ਬਹਾਦਰੀ ਨੂੰ ਜਗਾਉਣ ਦੀ ਕਲਾ ਆਉਣੀ ਲਾਜ਼ਮੀ ਸੀ। ਇਸ ਲਈ ਇਸ ਵਿਧਾ ਉਤੇ ਹਥ ਅਜ਼ਮਾਉਣ ਵਾਲੇ ਕਵੀਆਂ ਦੀ ਕਮੀ ਨਹੀਂ ਰਹੀ। ਪਰ ਕਲਾਸੀਕਲ ਵੀਰ ਰਸੀ ਪਰੰਪਰਾ ਬਿਲਕੁਲ ਇਕ ਵਖਰਾ ਪ੍ਰਵਰਗ ਹੈ। ਇਸੇ ਤਰ੍ਹਾਂ ਰਾਜਪੂਤਾਂ ਦੇ ਸਮੇਂ ਵਿਚ ਵੀਰ ਰਸੀ ਕਵਿਤਾ ਗਾਉਣ ਵਾਲੀ ਇਕ ਵਿਸ਼ੇਸ਼ ਜਾਤ ਜਾਂ ਸ਼੍ਰੇਣੀ ਸੀ, ਇਨ੍ਹਾਂ ਨੂੰ ਭਟ ਜਾਂ ਚਰਣ ਕਿਹਾ ਜਾਂਦਾ ਸੀ। ਇਨ੍ਹਾਂ ਦਾ ਮੁਖ ਕੰਮ ਆਪਣੇ ਸਰਪ੍ਰਸਤ ਰਾਜਿਆਂ ਦੀਆਂ ਬਹਾਦਰੀਆਂ ਦੇ ਗੁਣਗਾਣ ਕਰਨਾ ਸੀ ਭਾਵੇਂ ਕਿ ਉਹ ਅਸਲ ਵਿਚ ਬਹੁਤ ਡਰਪੋਕ ਸਾਬਤ ਹੋਏ ਹੋਣ। ਇਸੇ ਦਾ ਇਨ੍ਹਾਂ ਨੂੰ ਇਨਾਮ ਮਿਲਦਾ ਸੀ। ਕਈ ਵਾਰ ਸੰਕਟ ਕਾਲੀਨ ਹਾਲਤਾਂ ਵਿਚ ਇਨ੍ਹਾਂ ਭਟਾਂ ਜਾਂ ਚਰਨਾਂ ਦੀ ਡਿਊਟੀ ਸੈਨਾ ਦੀ ਭਰਤੀ ਵਿਚ ਵੀ ਲਾਈ ਜਾਂਦੀ ਸੀ। ਆਮ ਤੌਰ ਉਤੇ ਉਹ ਆਪਣੇ ਗੀਤ ਤਤਕਾਲੀ ਲੋੜ ਅਨੁਸਾਰ ਘੜ ਲੈਂਦੇ ਸਨ ਅਤੇ ਉਨ੍ਹਾਂ ਦੀ ਕਵਿਤਾ ਵਿਚਲਾ ਵੀਰ ਰਸ ਮਨੋਵਿਗਿਆਨਕ ਤੌਰ ਉਤੇ ਅਜਿਹਾ ਪ੍ਰਭਾਵ ਸਿਰਜ ਲੈਂਦਾ ਸੀ ਕਿ ਨੌਜਵਾਨ ਇਸ ਪ੍ਰਭਾਵ ਵਿਚ ਹੀ ਜੰਗ ਵਿਚ ਲੜਨ ਲਈ ਭਰਤੀ ਹੋ ਜਾਂਦੇ ਸਨ।
ਪਰ ਸ਼ਾਹ ਮੁਹੰਮਦ ਇਸ ਵਿਧਾ ਦਾ ਕਵੀ ਨਹੀਂ ਹੈ। ਉਹ ਇਸ ਗਲ ਲਈ ਬਹੁਤ ਸੁਚੇਤ ਹੈ ਕਿ ਉਸ ਨੇ ਸਾਰੀ ਗਲ ਨੂੰ ਬਿਆਨ ਕਰਨਾ ਹੈ ਅਤੇ ਇਸ ਲਈ ਉਹ ਕਈ ਵਾਰ ਗੱਲ ਨੂੰ ਵਧਾ ਕੇ ਜਾਂ ਵਧੇਰੇ ਸ਼ਬਦਾਂ ਰਾਹੀਂ ਵੀ ਕਰਦਾ ਹੈ। ਇਕ ਪਾਸੇ ਉਹ ਫੌਜਾਂ ਦੇ ਜੋਸ਼ ਦੀ ਵਡਿਆਈ ਤਾਂ ਕਰਦਾ ਹੈ ਪਰ ਉਸ ਬੁਜ਼ਦਿਲੀ ਦੀ ਨਿੰਦਿਆ ਨਹੀਂ ਕਰਦਾ ਜਿਸ ਕਾਰਨ ਉਹ ਮੈਦਾਨ ਛਡ ਕੇ ਭਜਦੇ ਹਨ। ਸ਼ਾਇਦ ਇਹ ਸਾਰੀਆਂ ਵਡੀਆਂ ਜੰਗਾਂ ਵਿਚ ਹੁੰਦਾ ਹੀ ਹੈ। ਉਹ ਕਿਸੇ ਗੱਲ ਨੂੰ ਰਹੱਸਮਈ ਜਾਂ ਮਿਥ ਨਹੀਂ ਬਣਾਉਂਦਾ। ਉਹ ਇਨ੍ਹਾਂ ਲੜਾਈਆਂ ਦਾ ਬਿਆਨ ਅਜਿਹੀਆਂ ਮਾਕੂਲ ਤਸ਼ਬੀਹਾਂ ਰਾਹੀਂ ਸਮਾਪਤ ਕਰਦਾ ਹੈ ਕਿ ਇਨ੍ਹਾਂ ਦਾ ਅਸਰ ਪਾਠਕ ਦੇ ਮਨ ਮਸਤਕ ਉਤੇ ਲੰਮਾ ਸਮਾਂ ਰਹਿੰਦਾ ਹੈ।
ਇਸ ਰਚਨਾ ਦਾ ਇਕ ਮੀਰੀ ਗੁਣ ਇਹ ਵੀ ਹੈ ਕਿ ਇਹ ਪੰਜਾਬੀ ਲੋਕ ਛੰਦਾਂ ਦੇ ਸਰਤਾਜ ਬੈਂਤ ਛੰਦ ਵਿਚ ਲਿਖੀ ਗਈ ਹੈ, ਜਿਸ ਨੂੰ ਵਾਰਿਸ ਸ਼ਾਹ ਨੇ ਬਾਖ਼ੂਬੀ ਸਿਖਰ ਉਤੇ ਪਹੁੰਚਾਇਆ। ਮੈਨੂੰ ਯਕੀਨ ਹੈ ਕਿ ਜਿਨ੍ਹਾਂ ਨੇ ਹੀਰ ਦੇ ਬੰਦ ਸੁਣੇ ਹਨ ਉਹ ਇਸ ਗਲ ਨੂੰ ਸਮਝ ਸਕਦੇ ਹਨ ਕਿ ਜਦੋਂ ਇਸ ਛੰਦ ਨੂੰ ਬੁਲੰਦ ਅਵਾਜ਼ ਵਿਚ ਗਾਇਆ ਜਾਂਦਾ ਹੈ ਤਾਂ ਇਸ ਦਾ ਪੰਜਾਬੀ ਸਰੋਤਿਆਂ ਉਤੇ ਕਿਹੋ ਜਿਹਾ ਅਸਰ ਹੁੰਦਾ ਹੈ। ਸਿਰਫ ਜਾਨਦਾਰ ਬੁਲੰਦ ਆਵਾਜ਼ ਵਾਲਾ ਗਾਇਕ ਹੀ ਇਸ ਨੂੰ ਗਾ ਸਕਦਾ ਹੈ। ਪਰ ਜਦੋਂ ਇਹ ਛੰਦ ਇਸ ਬੁਲੰਦੀ ਨਾਲ ਗਾਇਆ ਜਾਂਦਾ ਹੈ ਤਾਂ ਸਰੋਤੇ ਦਾ ਦਿਲ ਕਰਦਾ ਹੈ ਕਿ ਗਾਏ ਜਾ ਰਹੇ ਬਿਰਤਾਂਤ ਵਿਚ ਹੁਣੇ ਸ਼ਾਮਿਲ ਹੋ ਜਾਵੇ। ਸ਼ਾਹ ਮੁਹੰਮਦ ਵੀ ਬੈਂਤ ਛੰਦ ਦਾ ਘਟ ਮਾਹਿਰ ਨਹੀਂ ਹੈ ਅਤੇ ਇਸ ਲਈ ਇਹ ਜੰਗਨਾਮਾ ਵੀ ਹੀਰ ਵਾਲੇ ਜਲੌਅ ਵਿਚ ਗਾਇਆ ਜਾਂਦਾ ਹੈ ਭਾਵੇਂ ਕਿ ਇਸ ਦਾ ਵਿਸ਼ਾ-ਵਸਤੂ ਤੇ ਪੈਟਰਨ ਬਿਲਕੁਲ ਵਖਰਾ ਹੈ।
ਇਸ ਦਾ ਸਮੁਚਾ ਪ੍ਰਭਾਵ ਉਤਸ਼ਾਹਜਨਕ ਨਹੀਂ ਸਗੋਂ ਨਿਰਾਸ਼ਾ ਵਾਲਾ ਹੈ। ਇਸ ਵਿਚੋਂ ਬੇਵਸੀ ਅਤੇ ਦੁਖਾਂਤ ਦਾ ਭਾਵ ਪੈਦਾ ਹੁੰਦਾ ਹੈ। ਇਹ ਕਵਿਤਾ ਕਿਉਕਿ ਹਾਰ ਦੀ ਕਵਿਤਾ ਹੈ — ਹਾਰ ਸਿਰਫ ਮੈਦਾਨ-ਏ-ਜੰਗ ਦੀ ਫੌਜੀ ਹਾਰ ਨਹੀਂ ਸਗੋਂ ਇਹ ਹਾਰ ਇਸ ਤੋਂ ਵੀ ਵੱਡੀ ਕੋਈ ਹੋਰ ਹੈ। ਫਿਰ ਵੀ ਇਸ ਰਚਨਾ ਵਿਚਲੀ ਨਿਰਾਸ਼ਾ ਵਿਚ ਵੀ ਅਜਿਹੀ ਦੇਸਭਗਤੀ ਹੈ ਕਿ ਬੰਦੇ ਦਾ ਦਿਲ ਕਰਦਾ ਹੈ ਕਿ ਉਹ ਉਸ ਦੌਰ ਵਿਚ ਹੁੰਦਾ ਅਤੇ ਉਸ ਸਮੇਂ ਦੇ ਐਕਸ਼ਨਾਂ ਵਿਚ ਸ਼ਾਮਿਲ ਹੁੰਦਾ। ਇਥੋਂ ਤਕ ਕਿ ਮੇਰੇ ਵਰਗਾ ਬੰਦਾ ਜੋ ਆਪਣੀ ਜ਼ਿਦਗੀ ਵਿਚ ਲੰਮਾ ਸਮਾਂ ਆਪਣੀਆਂ ਪੰਜਾਬੀ ਜੜ੍ਹਾਂ ਤੋਂ ਦੂਰ ਰਿਹਾ ਹੈ, ਬਹੁਤ ਪਹਿਲਾਂ ਬਚਪਨ ਵਿਚ ਸੁਣੀਆਂ ਇਸ ਰਚਨਾ ਦੀਆਂ ਸਤਰਾਂ ਤੋਂ ਹੀ ਆਪਣੀ ਜ਼ਮੀਨ ਦੇ ਪਿਆਰ ਨਾਲ ਭਰ ਜਾਂਦਾ ਹੈ। ਇਸ ਤੋਂ ਬਿਨਾਂ ਮੇਰੇ ਲਈ ਇਸ ਰਚਨਾ ਦੀ ਵਿਲਖਣਤਾ ਕਿਤੇ ਹੋਰ ਹੈ। ਇਹ ਸਾਹਿਤ ਜਾਂ ਲੋਕ ਸਾਹਿਤ ਦੀ ਵਾਹਦ ਇੋਕ ਇਕ ਅਜਿਹੀ ਰਚਨਾ ਹੈ ਜੋ ਪੰਜਾਬੀ ਇਕਜੁਟਤਾ ਅਤੇ ਪੰਜਾਬੀ ਰਾਸ਼ਟਰਵਾਦ (ਪੰਜਾਬੀਅਤ) ਨਾਲ ਭਰੀ ਪਈ ਹੈ। ਇੰਝ ਲਗਦਾ ਹੈ ਕਿ ਜਿਵੇਂ ਕਵੀ ਅਤੇ ਉਸ ਦੇ ਸਰੋਤਾ ਖਾਲਸਾ ਦਰਬਾਰ ਨਾਲ ਇਸ ਹਦ ਤਕ ਇਕਮਿਕ ਹੋਇਆ ਮਹਿਸੂਸ ਕਰਦੇ ਹਨ ਕਿ ਉਸ ਦੀ ਕਵਿਤਾ ਵਿਚ ਪੰਜ ਪਾਣੀਆਂ ਦੀ ਧਰਤੀ ਉਤੇ ਰਹਿਣ ਵਾਲੇ, ਹਿੰਦੂ ਅਤੇ ਮੁਸਲਮਾਨਾਂ ਦੋਵਾਂ ਦੇ ਖੁਆਬਾਂ-ਖਿਆਲਾਂ ਦੀ ਪੂਰੀ ਝਲਕ ਮਿਲਦੀ ਹੈ। ਮੇਰਾ ਜਨਮ ਵੀਹਵੀਂ ਸਦੀ ਦੇ ਤੀਜੇ ਦਹਾਕੇ ਦੇ ਅੰਤ ਵਿਚ ਹੋਇਆ ਹੈ ਅਤੇ ਮੈਂ ਆਪਣੀ ਸਾਰੀ ਜ਼ਿੰਦਗੀ ਵੀਹਵੀਂ ਸਦੀ ਦੇ ਅਧ ਦੇ ਫਿਰਕੂ ਵਾਤਾਵਰਨ ਦਾ ਪ੍ਰਗਟਾਵਾ ਅੱਜ ਤਕ ਹੋਰ ਕਿਤੇ ਵੀ ਨਹੀਂ ਦੇਖਿਆ। ਇਹ ਰਚਨਾ ਜਿਵੇਂ ਮੇਰੇ ਕੰਨਾਂ ਲਈ ਸੰਗੀਤ ਹੈ। ਪਰ ਨਾਲ ਹੀ ਇਹ ਸਾਡੇ ਅੱਜ ਦੇ ਯਥਾਰਥ ਬਾਰੇ ਕਈ ਬੜੇ ਜ਼ਰੂਰੀ ਸਵਾਲ ਖੜ੍ਹੇ ਕਰਦੀ ਹੈ। ਮਸਲਨ, ਫਿਰਕੂ ਸਵਾਲ ਉਪਰ ਕਿਸ ਤਰ੍ਹਾਂ ਦੀਆਂ ਗਲਤ ਜਾਣਕਾਰੀਆਂ ਸਾਡੀਆਂ ਇਹਿਤਾਸ ਦੀਆਂ ਪੁਸਤਕਾਂ ਸਾਡੇ ਸਾਹਵੇਂ ਪਰੋਸਦੀਆਂ ਹਨ। ਸਾਡੇ ਕੰਨਾਂ ਵਿਚ ਲਗਾਤਾਰ ਇਹੀ ਚੋਇਆ ਜਾਂਦਾ ਰਿਹਾ ਹੈ ਹਿੰਦੂ ਅਤੇ ਮੁਸਲਮਾਨ ਹਮੇਸ਼ਾ ਇਕ ਦੂਜੇ ਦੇ ਵਿਰੋਧੀ ਅਤੇ ਵੈਰੀ ਹੀ ਰਹੇ ਹਨ ਅਤੇ ‘ਪਾਣੀਪਤ’ ਹੀ ਸ਼ਾਇਦ ਉਨ੍ਹਾਂ ਦੇ ਮਿਲਣ ਦੀ ਇਕੋ ਇਕ ਸੰਭਵ ਥਾਂ ਸੀ। ਇਹ ਕਹਾਣੀ ਸਾਨੂੰ ‘ਦੋ ਰਾਸ਼ਟਰ’ ਸਿਧਾਂਤ ਵਲ ਲੈ ਕੇ ਗਈ ਜੋ ਭਾਰਤ ਦੀ ਵੰਡ ਦਾ ਆਧਾਰ ਬਣੀ।
ਸਿਰਫ ਇਨਾ ਹੀ ਨਹੀਂ, ਸਗੋਂ ਇਹੀ ਉਹ ਅਬਦਲ ਫਿਰਕੂ ਤਰਕ ਹੈ ਜੋ ਪੰਜਾਬੀ ਸਮਾਜ ਦੀ ਤੀਹਰੀ ਵੰਡ ਲਈ ਰਾਹ ਬਣਾ ਰਿਹਾ ਹੈ, ਜਿਸ ਵਿਚ ਅੱਜ ਪੰਜਾਬ ਦੇ ਸਿਖ ਅਤੇ ਹਿੰਦੂ ਦੋ ਅਡ-ਅਡ ਰਾਸ਼ਟਰ ਬਣਾਉਣ ਦੀ ਕਵਾਇਦ ਵਿਚ ਮਸਰੂਫ ਹਨ। ਮਸਲਨ, ਪੰਜਾਬ ਵਿਚ ਪਾਕਿਸਤਾਨ ਦੀ ਤਰਜ਼ ਉਤੇ ਇਕ ਵਖਰੀ ਸਟੇਟ ਬਣਾਉਣ ਲਈ 80ਵਿਆਂ ਵਿਚ ਇਕ ਖਾੜਕੂ ਲਹਿਰ ਚਲੀ ਜਿਸ ਨੇ ਅਥਾਹ ਲਹੂ ਅਤੇ ਹੰਝੂ ਵਹਾਏ ਤੇ ਜੇਕਰ ਫਿਲਹਾਲ ਇਹ ਦੁਖਾਂਤ ਟਲਿਆ ਹੈ ਤਾਂ ਇਹ ਵੀ ਇਸ ਕਾਰਨ ਕਿ ਹਿੰਦੂ-ਸਿਖ ਇਕਮਿਕਤਾ ਦੀ ਕੋਮਲ ਰੇਸ਼ਮ ਤੰਦ ਪੂਰੀ ਤਰ੍ਹਾਂ ਖਤਮ ਨਹੀਂ ਹੋਈ, ਭਾਵੇਂ ਇਸ ਨੂੰ ਖਤਮ ਕਰਨ ਲਈ ਵਖ-ਵਖ ਪਧਰਾਂ ਉਤੇ ਵਖ ਵਖ ਧੜਿਆਂ ਵਲੋਂ ਦਿਸਦੇ-ਅਣਦਿਸਦੇ ਪਧਰ ਉਤੇ ਅਨੇਕਾਂ ਹੱਲੇ ਕੀਤੇ ਗਏ ਹਨ। ਫਿਰ ਵੀ ਘਟੋ-ਘਟ ਮੇਰੀ ਪੀੜ੍ਹੀ ਦੇ ਮਰਦ-ਔਰਤਾਂ ਲਈ ਪੰਜਾਬ ਵਿਚ ਵਾਪਰਿਆ ਇਹ ਸਭ ਤੋਂ ਮਾਰੂ ਦੁਖਾਂਤ ਹੈ।
ਇਸ ਨੁਕਤੇ ਉਪਰ ਇਕ ਵਾਰ ਮੈਨੂੰ ਡਾ. ਐਮ ਐਸ ਰੰਧਾਵਾ ਦੇ ਸੁਘੜ ਵਿਚਾਰ ਸੁਣਨ ਨੂੰ ਮਿਲੇ। ਉਨ੍ਹਾਂ ਨੇ ਮੈਨੂੰ ਕਿਹਾ ਕਿ ਅਸੀਂ ਆਪ ਹੀ ਪੰਜਾਬ ਦੇ ਮਨੁਖੀ ਵਾਤਾਵਰਣ ਨੂੰ ਤਬਾਹ ਕੀਤਾ ਹੈ ਅਤੇ ਇਸ ਲਈ ਸਾਨੂੰ ਹੁਣ ਕੀਮਤ ਅਦਾ ਕਰਨੀ ਪਵੇਗੀ। ਜਦੋਂ ਮੈਂ ਉਨ੍ਹਾਂ ਨੂੰ ਇਸ ਗਲ ਦਾ ਵਿਸਥਾਰ ਪੁਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਕਦੇ ਵੀ ਅਜਿਹੇ ਪੰਜਾਬ ਦੀ ਕਲਪਨਾ ਨਹੀਂ ਕਰ ਸਕਦੇ ਜਿਸ ਵਿਚ ਪੰਜਾਬੀ ਫਿਰਕੂ ਤੌਰ ਉਤੇ ਵੰਡੇ ਹੋਏ ਹੋਣ। ਉਨ੍ਹਾਂ ਅਨੁਸਾਰ ਸਿਖਾਂ ਅਤੇ ਮੁਸਲਮਾਨਾਂ ਦੇ ਸੁਮੇਲ ਤੋਂ ਬਿਨਾਂ ਪੰਜਾਬ ਦਾ ਕੋਈ ਵਿਕਸਿਤ ਅਤੇ ਖੁਸ਼ਹਾਲ ਤਸਵਰ ਨਹੀਂ ਹੋ ਸਕਦਾ। ਮੈਂ ਆਪ ਵੀ ਇਸ ਤਰ੍ਹਾਂ ਦੀ ਇਕਮਿਕਤਾ ਵਾਲੀ ਸਥਿਤੀ ਲਈ ਦ੍ਰਿੜ੍ਹ ਨਹੀਂ ਹੋ ਸਕਿਆ ਸੀ, ਜਦੋਂ ਤਕ ਕਿ ਮੈਂ 1995 ਵਿਚ ਸ਼ਾਹ ਮੁਹੰਮਦ ਨੂੰ ਨਹੀਂ ਪੜ੍ਹਿਆ ਸੀ।
ਇਹ ਸਮÎਝਣ ਲਈ ਕਿ ਪੰਜਾਬ ਵਿਚ ਫਿਰਕਾਪ੍ਰਸਤੀ ਇਸ ਰੂਪ ਵਿਚ ਕਿਵੇਂ ਅਤੇ ਕਿਉਂ ਪੈਦਾ ਹੋਈ, ਮੈਂ ਆਪਣੀ ਪੂਰੀ ਹਿੰਦੂ ਪਛਾਣ ਨੂੰ ਸਾਣ ਉਤੇ ਲਾਇਆ। ਪੰਜਾਬੀ ਹਿੰਦੂ ਦੁਆਰਾ ਆਪਣੇ ਆਪ ਨੂੰ ਸਾਂਝੀ ਪੰਜਾਬੀ ਪਛਾਣ ਤੋਂ ਬੇਗਾਨਾ ਮਹਿਸੂਸ ਕਰਨ ਦੀ ਪ੍ਰਕਿਰਿਆ ਮਹਾਰਾਜਾ ਰਣਜੀਤ ਸਿੰਘ ਤੋਂ ਸ਼ੁਰੂ ਹੋਈ। ਰਣਜੀਤ ਸਿੰਘ ਆਪਣੀਆਂ ਸੰਗਠਿਤ (ਆਰਗੈਨਿਕ) ਜੜ੍ਹਾਂ ਤੋ ਪਾਸੇ ਹੋ ਗਿਆ ਅਤੇ ਉਸੇ ਤੋਂ ਹੀ ਉਹ ਥੜ੍ਹਾ ਬਝਿਆ ਜਿਸ ਤੋਂ ਭਵਿਖ ਵਿਚ ਫਿਰਕਾਪ੍ਰਸਤੀ ਨਾਲ ਲਬਰੇਜ਼ ਕਿਰਿਆ-ਪ੍ਰਤੀਕਿਰਿਆਵਾਂ ਦੀ ਇਕ ਅਰੁਕ ਲੜੀ ਚਲੀ। ਪੰਜਾਬੀ ਹਿੰਦੂਆਂ ਦੇ ਬਾਕੀ ਪੰਜਾਬੀ ਭਾਈਚਾਰੇ ਤੋਂ ਰਾਜਨੀਤਕ, ਆਰਥਿਕ, ਸਮਾਜਿਕ, ਸਭਿਆਚਾਰਕ ਅਤੇ ਭਾਸ਼ਾਈ ਬੇਗਾਨਗੀ ਦੀ ਸਮੁਚੀ ਪ੍ਰਕਿਰਿਆ ਨੂੰ ਸਮਝਦਿਆਂ, ਮੈਂ ਜਾਣਿਆ ਕਿ ਪੰਜਾਬੀ ਹਿੰਦੂਆਂ ਨੇ ਵੀ ਪੰਜਾਬ ਵਿਚ ਫਿਰਕਾਪ੍ਰਸਤੀ ਪੈਦਾ ਕਰਨ ਅਤੇ ਫੈਲਾਉਣ ਵਿਚ ਕਾਫੀ ਕੁਝ ਕੀਤਾ ਹੈ। ਅਸਲ ਵਿਚ ਇਸ ਵਰਗ ਨੇ ਹੋਰ ਵਰਗਾਂ ਵਿਚ ਵੀ ਆਪਣੇ ਆਪ ਨੂੰ ਪ੍ਰੋਜੈਕਟ ਕਰਨ ਲਈ ਸੰਪਰਦਾਇਕ ਤਰਕ ਨੂੰ ਇਕ ਬਾਦਲੀਲ ਅਤੇ ਪ੍ਰਚਲਿਤ ਢੰਗ ਵਜੋਂ ਫੈਲਾਇਆ। ਇਸੇ ਪਰਕਿਰਿਆ ਵਿਚ ਤੀਜੀ ਧਿਰ ਬੇਸ਼ਕ ਬਰਤਾਨਵੀ ਸਾਸ਼ਕ ਸਨ, ਉਨ੍ਹਾਂ ਨੇ ਵੀ ਇਹ ਜਹਿਰ ਬੀਜਣ ਵਿਚ ਕੋਈ ਘਟ ਨਹੀਂ ਗੁਜ਼ਾਰੀ। ਇਸ ਲਈ ਮੈਂ ਸੁਧਾਰਵਾਦੀ ਲਹਿਰਾਂ ਨੂੰ ਜ਼ਿੰਮੇਵਾਰ ਸਮਝਦਾ ਹਾਂ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਹਿੰਦੂਆਂ ਨੂੰ ਪ੍ਰਭਾਵਿਤ ਕੀਤਾ ਕਿ ਜਿਸ ਵਿਚੋਂ ਉਨ੍ਹਾਂ ਇਸ ਦਾ ਦੁਖਾਂਤ ਸਿਰਜਿਆ।
ਮੇਰੇ ਵਿਸ਼ਲੇਸ਼ਣ ਢੰਗ ਅਨੁਸਾਰ ਇਹ ਉਹ ਭਦਰ ਲੋਕ ਭਾਵ ਉਹ ‘ਅੰਗਰੇਜ਼ੀ ਹਿੰਦੂ’ ਸਨ ਜੋ ਅੰਗਰੇਜ਼ੀ ਢੰਗ ਨਾਲ ਜਿਉਂਦੇ ਸਨ। ਇਨ੍ਹਾਂ ਨੇ ਆਪਣੇ ਆਪ ਨੂੰ ਸਮਾਜਿਕ ਜੀਵਨ ਦੀ ਪੌੜੀ ਵਿਚ ਉਪਰ ਚੁਕਣ ਲਈ ‘ਸਫੈਦ ਸਾਹਬ’ ਲੋਕਾਂ ਦੀ ਨਕਲ ਨੂੰ ਪਰਮਾਤਮਾ ਵਲੋਂ ਭੇਜਿਆ ਮੌਕਾ ਸਮਝਿਆ। ਦੂਜੇ ਪਾਸੇ ਨਵੇਂ ਸਾਸ਼ਕਾਂ ਵਲੋਂ ਸਜ਼ਾ ਅਤੇ ਇਨਾਮ ਦੀ ਸਿਧੀ ਸਪਸ਼ਟ ਨੀਤੀ ਲਾਗੂ ਕੀਤੀ ਗਈ। ਇਹ ਓਹੀ ਲੋਕ ਸਨ ਜਿਨ੍ਹਾਂ ਨੇ ਵਿਕਾਸ ਲਈ ਪੁਨਰ ਜਾਗਰਣ ਅਤੇ ਧਰਮ ਸੁਧਾਰ ਵਾਲੇ ਯੂਰਪੀ ਮਾਡਲ ਨੂੰ ਬੁਨਿਆਦ ਵਜੋਂ ਅਪਣਾਇਆ। ਪਰ ਛੇਤੀ ਹੀ ਉਹ ਦਾਬੇ ਅਤੇ ਦਬਾਉਣ ਦੀ ਨੀਤੀ ਉਤੇ ਆ ਗਏ। ਇਸ ਦੇ ਉਲਟ ਜਿਨ੍ਹਾਂ ਨੇ ਇਸ ਤਬਦੀਲੀ ਦਾ ਵਿਰੋਧ ਕੀਤਾ ਉਨ੍ਹਾਂ ਨੂੰ ਸਮਾਜਿਕ ਤੇ ਆਰਥਿਕ ਤੌਰ ਉਤੇ ਹੇਠਲੇ ਦਰਜਿਆਂ ਉਤੇ ਧਕ ਦਿਤਾ ਗਿਆ। ਇਸ ਲਈ ‘ਅੰਗਰੇਜ਼ੀ ਹਿੰਦੂਆਂ’ ਨੇ ਇਸ ਨੂੰ ਮੁਕਾਬਲੇ ਦਾ ਧਰਮ ਬਣਾਉਣ ਲਈ ਤੁਰੰਤ ਹਿੰਦੂ ਧਾਰਮਿਕ ਪ੍ਰੰਪਰਾਵਾਂ ਵਿਚ ਸੁਧਾਰ ਕਰਨਾ ਸ਼ੁਰੂ ਕਰ ਦਿਤਾ। ਪ੍ਰੰਪਰਕ ਹਿੰਦੂ ਧਰਮ ਦੀ ‘ਚਰਚਹੀਣਤਾ’ ਹੁਣ ਇਸ ਦੇ ਪਿਛੜੇ ਹੋਏ ਹੋਣ ਦਾ ਚਿੰਨ੍ਹ ਲਗਣ ਲਗ ਪਈ। ਇਸ ਨੇ ਹਿੰਦੂ ਬਹੁਲਤਾਵਾਦ ਨੂੰ ਜੋੜਨ ਵਾਲੇ ਉਸ ਤਤ ਨੂੰ ਹਟਾ ਦਿਤਾ ਜਿਸ ਨੇ ਪੰਜਾਬੀ ਸਮਾਜ ਨੂੰ ਲਮੇ ਸਮੇਂ ਤੋਂ ਇਸਲਾਮੀ ਹਕੂਮਤ ਦੇ ਅਨੇਕਾਂ ਦਬਾਵਾਂ ਦੇ ਬਾਵਜੂਦ ਜੋੜਿਆ ਹੋਇਆ ਸੀ।
ਸ਼ਾਹ ਮੁਹੰਮਦ ਦੁਆਰਾ ਦਿਖਾਈ ਗਈ ਪੰਜਾਬੀ ਸਮਾਜ ਦੀ ਤਸਵੀਰ ਨੂੰ ਸਮਝਣ ਤੋਂ ਬਾਅਦ ਇਹ ਲਗਦਾ ਹੈ ਕਿ ਪੰਜਾਬੀ ਸਮਾਜ ਨੇ ਉਹ ਇਕਸਾਰਤਾ ਹਾਸਲ ਕਰਨ ਲਈ ਸੀ ਜਿਸ ਵਿਚੋਂ ਪੰਜਾਬੀ ਰਾਸ਼ਟਰ ਸੰਭਵ ਹੋ ਸਕਦਾ ਸੀ ਅਤੇ ਇਸ ਰਾਸ਼ਟਰ ਲਈ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਬਰਾਬਰ ਦਾ ਉਤਸ਼ਾਹ ਹੋਣਾ ਸੀ। ਮੈਂ ਪੰਜਾਬੀ ਸਮਾਜ ਦੀ ਤੀਹਰੀ ਵੰਡ ਲਈ ਪੁਨਰ-ਜਾਗਰਣ ਅਤੇ ਧਰਮ ਸੁਧਾਰ ਦੀਆਂ ਉਨ੍ਹਾਂ ਲਹਿਰਾਂ ਨੂੰ ਵੀ ਜਿੰਮੇਵਾਰ ਮੰਨਦਾ ਹਾਂ, ਜੋ ਰਾਜਾ ਰਾਮ ਮੋਹਨ ਰਾਇ ਅਤੇ ਸਵਾਮੀ ਦਯਾਨੰਦ ਰਾਹੀਂ ਫੈਲੀਆਂ।
ਹਿੰਦੂਆਂ ਦਾ ਸਨਾਤਨੀ ਖਾਸਾ ਅਤੇ ਵੈਸ਼ਨਵਵਾਦ ਜੋ ਕਿ ਮੂਲ ਰੂਪ ਵਿਚ ਪਿਆਰ ਦਾ ਧਰਮ ਸੀ। ਹੁਣ ਇਨ੍ਹਾਂ ਦੋਹਾਂ ਉਤੇ ਸੁਧਾਰਕ ਹਿੰਦੂਆਂ ਵਲੋਂ ਲਗਾਤਾਰ ਤਿਖੇ ਹਮਲੇ ਹੋਣ ਲਗੇ। ਇਥੋਂ ਤਕ ਕਿ ਇਹ ਨਵੇਂ ਹਿੰਦੂ, ਜਿਨ੍ਹਾਂ ਨੂੰ ਮੈਂ ‘ਨਮਸਤੇ ਜੀ ਹਿੰਦੂ’ ਕਹਿੰਦਾ ਹਾਂ, ਚਾਹੁਣ ਲਗੇ ਕਿ ਮੁਸਲਮਾਨ ਅਤੇ ਅਗਲੇ ਪਧਰ ਉਤੇ ਸਿਖ ਵੀ ਉਨ੍ਹਾਂ ਦੀ ਸ਼ਰਤਾਂ ਅਨੁਸਾਰ ਹੀ ਉਨ੍ਹਾਂ ਨਾਲ ਚਲਣ। ਇਸੇ ਦੇ ਜਵਾਬ ਵਿਚ ਉਹੀ ਹੋਇਆ ਜਿਸ ਦਾ ਅਗੇ ਜਾ ਕੇ ਭਿਅੰਕਰ ਨਤੀਜਾ ਨਿਕਲਿਆ। ਇਸ ਦੇ ਪ੍ਰਤੀਕਰਮ ਵਿਚ ਮੁਸਲਮਾਨ ਜਾਂ ਹੋਰਨਾਂ ਧਿਰਾਂ ਨੇ ਇਹ ਦੂਜੈਲਾਪਣ ਸਵੀਕਾਰ ਕਰਨ ਤੋਂ ਇਨਕਾਰ ਕਰ ਦਿਤਾ, ਖਾਸ ਤੌਰ ਉਤੇ ਉਦੋਂ ਜਦੋਂ ਅੰਗਰੇਜ਼ਾਂ ਨੇ ਮੁਸਲਮਾਨਾਂ ਨੂੰ ਹਿੰਦੂਆਂ ਦੀ ਤੁਲਨਾ ਵਿਚ ਵਧੇਰੇ ਭਾਅ ਦੇਣਾ ਸ਼ੁਰੂ ਕਰ ਦਿਤਾ।
ਕਿੰਨੇ ਦੁਖ ਦੀ ਗਲ ਹੈ ਕਿ ਪੰਜਾਬ ਦਾ ਇਕ ਵੀ ਹਿੰਦੂ ਕੰਧ ਉਤੇ ਲਿਖੀ ਇਬਾਰਤ ਨਹੀਂ ਪੜ੍ਹ ਸਕਿਆ। ਇਸੇ ਕਾਰਨ ਮੈਂ ਕਹਿੰਦਾ ਹਾਂ ਕਿ ਪੰਜਾਬੀ ਹਿੰਦੂਆਂ ਨੇ ਹਰ ਖੇਤਰ ਦੇ ਮਾਹਰ ਪੈਦਾ ਕੀਤੇ, ਪਰ ਇਕ ਵੀ ਅਜਿਹਾ ਬਸ਼ਰ ਪੈਦਾ ਨਹੀਂ ਕੀਤਾ ਜੋ ਦੂਰਦ੍ਰਿਸ਼ਟੀ ਵਾਲਾ ਹੋਵੇ ਜਾਂ ਭਾਵੀ ਹੋਣੀ ਨੂੰ ਦੇਖ ਸਕਦਾ ਹੋਵੇ। ਇਹੀ ਉਹ ‘ਬੇਵਫ਼ਾ ਹਿੰਦੂ’ ਸੀ ਜੋ ਇਸ ਇਹਿਤਾਸਕ ਦਬਾਅ ਦੇ ਪ੍ਰਤੀਕਰਮ ਵਿਚ ਭਾਰਤ ਦਾ ਪਹਿਲਾ ਰਾਸ਼ਟਰਵਾਦੀ ਬਣਿਆ ਅਤੇ ਇਸ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੀਆਂ ਸਾਰੀਆਂ ਸਫ਼ਾਂ ਨੂੰ ਭਰ ਦਿਤਾ। ਇਸ ਪਰਕਿਰਿਆ ਨੇ ਮੁਸਲਮਾਨਾਂ ਨੂੰ ਤੇ ਫਿਰ ਸਿਖਾਂ ਨੂੰ ਕਾਂਗਰਸੀ ਰਾਸ਼ਟਰਵਾਦ ਤੋਂ ਦੂਰ ਕਰ ਦਿਤਾ।
ਆਓ ਦੇÎਖੀਏ ਕਿ ਕਿਥੇ ਸ਼ਾਹ ਮੁਹੰਮਦ ਬਿਲਕੁਲ ਨਿਵੇਕਲਾ ਹੈ। ਅਸੀਂ ਜਿਹੜੇ ਸਮੇ ਵਿਚ ਹਾਂ, ਅਸੀਂ ਕਥਿਤ ਵਿਗਿਆਨਕ ਸੈਕੂਲਰਿਜ਼ਮ ਦੀ ਮਾਨਸਿਕ ਗ੍ਰਿਫਤ ਵਿਚ ਹਾਂ। ਇਸ ਸਥਿਤੀ ਵਿਚ ਅਸੀਂ ਉਸ ਨੂੰ ਮਸਾਂ ਹੀ ਸਮਝ ਸਕਦੇ ਹਾਂ। ਉਹ ਜਦੋਂ ਹਿੰਦੂ-ਮੁਸਲਿਮ ਇਕਮਿਕਤਾ ਦੀ ਗਲ ਕਰਦਾ ਹੈ ਤਾਂ ਇਹ ਕੋਈ ਅਜਿਹੀ ਚੀਜ਼ ਨਹੀਂ ਜਿਸ ਨੂੰ ਹਾਸਲ ਕੀਤਾ ਜਾਣਾ ਹੈ, ਸਗੋਂ ਇਹ ਤਾਂ ਜੀਵਨ ਦਾ ਮੌਜੂਦਾ ਨਿਰਵਿਵਾਦ ਤੱਥ ਹੈ, ਸਗੋਂ ਇਹ ਉਹ ਜੀਵਨ ਮੁਲ ਹੈ ਜੋ ਹਰ ਪਾਸੇ ਮੌਜੂਦ ਹੈ। ਅਸਲ ਵਿਚ ਸ਼ਾਹ ਮੁਹੰਮਦ ਸੋਚਦਾ ਹੈ ਕਿ ਇਸ ਇਕਮਿਕਤਾ ਨਾਲ ਜੇ ਕੋਈ ਵੀ ਛੇੜ-ਛਾੜ ਕਰੇ ਤਾਂ ਇਹ ਜ਼ੁਲਮ ਹੈ। ਇਸ ਸੰਬੰਧ ਵਿਚ ਉਸ ਦੇ ਤੀਜੇ ਬੰਦ ਨੂੰ ਇਥੇ ਵਿਚਾਰਨਾ ਜ਼ਰੂਰੀ ਹੈ। ਇਸਤੋਂ ਹੀ ਸਮਝਿਆ ਜਾ ਸਕਦਾ ਹੈ ਕਿ ਉਸ ਨੇ ਇਹ ਸਾਰੀ ਕਥਾ ਕਿਉਂ ਸੁਣਾਈ ਹੈ। ਇਸ ਵਿਚਲੇ ਦੋ ਸੁਹਿਰਦ ਬੰਦਿਆਂ ਦੀ ਕਲਪਨਾ ਕਰੋ, ਇਕ ਹਿੰਦੂ ਹੈ ਅਤੇ ਦੂਜਾ ਮੁਸਲਮਾਨ। ਜੋ ਇਹ ਪੁਛਦੇ ਹਨ ਕਿ ਪੰਜਾਬ ਵਿਚ ਕਿਵੇਂ ‘ਤੀਸਰੀ ਜਾਤ’ (ਉਸ ਲਈ ਹਿੰਦੂ ਮੁਸਲਮਾਨ ਉਨ੍ਹਾਂ ਦੋ ਜਾਤਾਂ ਤੋਂ ਵਧ ਨਹੀਂ ਜੋ ਹਮੇਸ਼ਾ ਤੋਂ ਇਕੱਠੇ ਰਹਿ ਰਹੇ ਸਨ) ਭਾਵ ਫਿਰੰਗੀ, ਉਨ੍ਹਾਂ ਦੋਹਾਂ ਵਿਚਕਾਰ ਆ ਕੇ ਪੁਆੜੇ ਦੀ ਜੜ੍ਹ ਬਣੀ। ਹੁਣ ਇਹ ਨਾਟਕੀ ਵਿਅੰਗ ਹੈ ਕੀ? ਇਸ ਦਾ ਭਾਵ ਹੈ ਕਿ ਇਨ੍ਹਾਂ ਦੋਹਾਂ ਦੀ ਇਕਜੁਟਤਾ, ਹੁਣ ਬਹੁਤ ਜਲਦੀ ਜਾਲਿਮ ਦੀ ਸਾਜ਼ਿਸ਼ ਦਾ ਸ਼ਿਕਾਰ ਹੋ ਕੇ ਅਤੀਤ ਦੀ ਚੀਜ਼ ਬਣ ਜਾਵੇਗੀ। ਉਸ ਸਮੇਂ ਖਾਲਸਾ ਦਰਬਾਰ ਦੀ ਹਾਰ ਦੇ ਕੁਝ ਮਹੀਨਿਆਂ ਬਾਅਦ ਹੀ ਇਹ ਆਭਾਸ ਹੋਣ ਲਗਾ ਕਿ ਕੁਝ ਮਨਹੂਸ ਹੋਣ ਵਾਲਾ ਹੈ, ਜਿਸ ਦਾ ਭਾਵ ਸੀ ਕਿ ਇਸ ਤੋਂ ਬਾਅਦ ਇਨ੍ਹਾਂ ਦੋਹਾਂ ਨੂੰ ਇਕੱਠਿਆਂ ਹਸਦਿਆਂ ਰਹਿਣ ਨਹੀਂ ਦੇਣਾ। ਕਿਆ ਪੈਗੰਬਰੀ ਬੋਲ ਸਨ। ਭਵਿਖਬਾਣੀ ਕਰਦੇ ਬੋਲ ਇਸ ਤਰ੍ਹਾਂ ਹਨ —
ਇਕ ਰੋਜ਼ ਬਡਾਲੇ ਦੇ ਵਿਚ ਬੈਠੇ / ਚਲੀ ਆਣ ਫਿਰੰਗੀ ਦੀ ਬਾਤ ਆਹੀ।
ਸਾਨੂੰ ਆਖਿਆ ਹੀਰੇ ਤੇ ਹੋਰ ਯਾਰਾਂ / ਜਿਨ੍ਹਾਂ ਨਾਲ ਸਾਡੀ ਮੁਲਾਕਾਤ ਆਹੀ।
ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ / ਸਿਰਾਂ ਦੋਹਾਂ ਦੇ ਉਤੇ ਅਫ਼ਾਤ ਆਹੀ।
ਸ਼ਾਹ ਮੁਹੰਮਦਾ ਵਿਚ ਪੰਜਾਬੀ ਦੇ ਜੀ / ਕੋਈ ਨਹੀਂ ਸੀ ਦੂਸਰੀ ਜਾਤ ਆਹੀ।
ਕੀ ਇਹ ਆਫ਼ਤ ਕਿਤੋਂ ਬਾਹਰੋਂ ਆਈ ਹੈ? ਕੀ ਇਹ ਸਿਰਫ ਇਕ ਕਵੀ ਦਾ ਭਾਵੁਕ ਪ੍ਰਤਿਕਰਮ ਹੀ ਸੀ ਭਾਵ ਇਕ ਸੰਵੇਦਨਸ਼ੀਲ ਮਨ ਜੋ ਆਪਣੇ ਸਮੇਂ ਦੇ ਯਥਾਰਥ ਨਾਲ ਇਕਸੁਰ ਹੈ ਜਾਂ ਕੀ ਉਹ ਦੀਵਾਰ  ਉਤੇ ਲਿਖੀ ਭਵਿਖ ਦੀ ਇਬਾਰਤ ਪੜ੍ਹ ਰਿਹਾ ਸੀ? ਜਾਂ ਇਹ ਦੋਵੇਂ ਗਲਾਂ ਵੀ ਹੋ ਸਕਦੀਆਂ ਹਨ।
ਪਹਿਲੀ ਪੰਜਾਬ ਜੰਗ ਦੀਆਂ ਸਾਰੀਆਂ ਉਚਾਣਾਂ-ਨੀਵਾਣਾਂ ਘੋਖਦਿਆਂ ਉਹ ਲਗਭਗ ਟੁਟ ਜਾਂਦਾ ਹੈ, ਪਰ ਫਿਰ ਵੀ ਇਕ ਆਸ ਦੀ ਕਿਰਨ ਉਹ ਹਿੰਦੂ-ਮੁਸਲਿਮ ਦੀ ਇਲਾਹੀ ਏਕਤਾ ਵਿਚ ਦੇਖਦਾ ਹੈ। ਇਸ ਤਰ੍ਹਾਂ ਉਹ ਆਪਣੀ ਸੀਸ ਕਥਾ ਨੂੰ ਆਸਵੰਦ ਤਰੀਕੇ ਨਾਲ ਸੰਪੰਨ ਕਰਦਾ ਹੈ, ਬੰਦ 103 ਵਿਚ ਕਹਿੰਦਾ ਹੈ —
ਰਬ ਚਾਹੇਗਾ ਤਾਂ ਕਰੇਗਾ ਮਿਹਰਬਾਨੀ / ਹੋਇਆ ਸਿੰਘਾਂ ਦਾ ਕੰਮ ਅਰਾਸਤਾ ਈ।
ਵੱਡੀ ਸਾਂਝ ਹੈ ਹਿੰਦੂਆਂ ਮੁਸਲਮਾਨਾਂ / ਉਹਦੇ ਨਾਲ ਨਾ ਕਿਸੇ ਦਾ ਵਾਸਤਾ ਈ।
ਉਹਦੇ ਨਾਲ ਨਾ ਬੈਠ ਕੇ ਗਲ ਕਰਨੀ / ਖੁਦੀ ਆਪਣੀ ਵਿਚ ਮਹਾਸਤਾ ਈ।
ਸ਼ਾਹ ਮੁਹੰਮਦਾ ਦੌਲਤਾਂ ਜਮ੍ਹਾਂ ਕਰਦਾ / ਸ਼ਾਹੂਕਾਰ ਦਾ ਜਿਵੇਂ ਗੁਮਾਸ਼ਤਾ ਈ।
ਹਿੰਦੂ ਮੁਸਲਮਾਨ ਦੀ ਇਹ ਏਕਤਾ ਉਸ ਦੀ ਸਾਰੀ ਕਥਾ ਦੀ ਕੇਂਦਰੀ ਧੁਨੀ ਹੈ। ਮੁਸਲਮਾਨਾਂ ਦਾ ਵਿਹਾਰ ਭਾਵੇਂ ਉਹ ਫੌਜੀ ਸਨ ਜਾਂ ਆਮ ਲੋਕ, ਉਹ ਮੋਟੇ ਤੌਰ ਉਤੇ ਚੰਗਾ ਸੀ। ਇਕ ਵੀ ਅਜਿਹੀ ਸੋਅ ਨਹੀਂ ਮਿਲਦੀ ਕਿ ਮੁਸਲਮਾਨਾਂ ਨੂੰ ਲਗਿਆ ਹੋਵੇ ਕਿ ਫਿਰੰਗੀਆਂ ਨੇ ਉਨ੍ਹਾਂ ਨੂੰ ਸਿਖਾਂ ਦੇ ਸਾਸ਼ਨ ਤੋਂ ਮੁਕਤ ਕਰਵਾਇਆ ਹੈ, ਜਦੋਂ ਕਿ ਬਾਅਦ ਵਿਚ ਇਹ ਵੀ ਇਕ ਵਿਚਾਰ ਬਣਾ ਦਿਤਾ ਗਿਆ।
ਆਓ ਦੇਖੀਏ ਕਿ ਅੰਗਰੇਜ਼ਾਂ ਨੇ ਇਹ ਪਤਾ ਕਿਵੇਂ ਖੇਡਿਆ। ਇਥੇ ਸਾਨੂੰ ਵਹਾਬੀ ਲਹਿਰ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਇਹ ਲਹਿਰ ਅੰਗਰੇਜ਼ਾਂ ਨੇ ਪੰਜਾਬੀ ਮੁਸਲਮਾਨਾਂ ਵਿਚ ਖਾਲਸਾ ਦਰਬਾਰ ਪ੍ਰਤੀ ਮੋਹ ਭੰਗ ਕਰਨ ਲਈ ਚਲਾਈ। ਇਸ ਵਹਾਬੀ ਲਹਿਰ ਨੇ ਸਾਰੇ ਮੁਸਲਮਾਨਾਂ ਨੂੰ ਜਹਾਦ ਲਈ ਇਕਜੁਟ ਹੋਣ ਦਾ ਸੱਦਾ ਦਿਤਾ ਤਾਂ ਜੋ ਸਿਖ ਪਠਾਣਾਂ ਨੂੰ ਦਬਾਅ ਨਾ ਲੈਣ। ਅੰਗਰੇਜ਼ਾਂ ਨੇ ਨਾ ਸਿਰਫ ਜ਼ਹਿਰ ਫੈਲਾਉਣ ਵਾਲੇ ਮੌਲਵੀਆਂ ਨੂੰ ਯੂ. ਪੀ. ਅਤੇ ਬਿਹਾਰ ਵਿਚ ਮੁਸਲਮਾਨਾਂ ਨੂੰ ਲਾਮਬੰਦ ਕਰਨ ਦੀ ਖੁਲ੍ਹ ਦਿਤੀ ਸਗੋਂ ਉਨ੍ਹਾਂ ਨੂੰ ਇਸ ਲਈ ਫੰਡ, ਅਸਲਾ ਅਤੇ ਵਲੰਟੀਅਰ ਵੀ ਮੁਹੱਈਆ ਕਰਵਾਏ। ਇਸ ਨੂੰ ਸਮਝਣ ਲਈ ਏਨਾ ਹੀ ਕਾਫੀ ਹੈ ਕਿ ਵਹਾਬੀਆਂ ਨੂੰ ਸਿੰਧ ਦੇ ਰਸਤਿਓਂ ਨਾਰਥ ਵੈਸਟ ਫਰੰਟੀਅਰ ਪੰਜਾਬ ਵਿਚ ਭੇਜਿਆ ਗਿਆ ਤਾਂ ਜੋ ਉਹ ਅਗੇ ਵਧਦੇ ਸਿਖਾਂ ਨੂੰ ਰੋਕ ਸਕਣ। ਉਹ ਬਹੁਤ ਸਾਰੇ ਪਠਾਣਾਂ ਨੂੰ ਉਕਸਾ ਕੇ ਜਹਾਦ ਵਿਚ ਸ਼ਾਮਲ ਕਰ ਸਕਦੇ ਸਨ। ਉਨ੍ਹਾਂ ਨੂੰ ਕਾਬੁਲ ਦੇ ਅਮੀਰ (ਮਨਸਬਦਾਰ) ਦੀ ਵੀ ਪੂਰੀ ਹਮਾਇਤ ਹਾਸਲ ਸੀ। ਇਹ ਸਾਰਾ ਕੁਝ ਅੰਗਰੇਜ਼ਾਂ ਦੀ ਹਲਾਸ਼ੇਰੀ ਅਤੇ ਮਦਦ ਤੋਂ ਬਿਨਾਂ ਸੰਭਵ ਨਹੀਂ ਸੀ। ਇਸੇ ਲਈ ਹੀ ਬਾਅਦ ਵਿਚ ਸਰ ਸਯਦ ਅਹਿਮਦ ਖਾਨ ਨੇ ਵਹਾਬੀਆਂ ਦੀ ਪੈਰਵੀ ਕੀਤੀ ਅਤੇ ਆਮ ਮੁਸਲਮਾਨਾਂ ਦੀ ਅੰਗਰੇਜ਼ਾਂ ਪ੍ਰਤਿ ਨਾਪਸੰਦਗੀ ਨੂੰ ਮੰਨਿਆ।
ਪਰ ਇਹ ਇਕ ਸ਼ਾਨਦਾਰ ਗਲ ਹੈ ਕਿ ਪੰਜਾਬ ਦੇ ਇਕ ਵੀ ਮੁਸਲਮਾਨ ਅਹੁਦੇਦਾਰ ਨੇ ਵਹਾਬੀਆਂ ਦਾ ਸਾਥ ਨਹੀਂ ਦਿਤਾ। ਸਿਰਫ ਏਨਾ ਹੀ ਨਹੀਂ, ਇਹ ਲਹਿਰ ਪੰਜਾਬ ਦੇ ਜੀਵਨ ਵਿਚ ਕੋਈ ਗੜਬੜ ਪੈਦਾ ਨਹੀਂ ਕਰ ਸਕੀ। ਇਸ ਦਾ ਅਰਥ ਕੀ ਹੈ? ਇਸ ਦਾ ਸਿਧਾ ਅਰਥ ਇਹ ਹੈ ਕਿ ਮੁਸਲਮਾਨਾਂ ਨੇ ਮੋਟੇ ਤੌਰ ਉਤੇ ਨਾ ਸਿਰਫ ਆਪਣੇ ਆਪ ਨੂੰ ਸਿਖ ਰਾਜ ਨਾਲ ਜੋੜ ਲਿਆ ਸੀ, ਸਗੋਂ ਉਹ ਇਹ ਮਹਿਸੂਸ ਕਰਦੇ ਸਨ ਕਿ ਉਹ ਲਾਹੌਰ ਸਰਕਾਰ ਵਿਚ ਬਰਾਬਰ ਦੇ ਭਾਈਵਾਲ ਹਨ। ਕੀ ਇਹ ਤੱਥ ਉਸ ਨੀਚ ਪ੍ਰਚਾਰ ਨੂੰ ਨਹੀਂ ਨਕਾਰਦਾ ਜਿਸ ਤਹਿਤ ਕਿਹਾ ਜਾਂਦਾ ਹੈ ਕਿ ਮੁਸਲਮਾਨਾਂ ਕਦੇ ਵੀ ਗ਼ੈਰ ਧਰਮ ਵਾਲੇ ਸ਼ਾਸਕਾਂ ਨੂੰ ਆਪਣੇ ਉਪਰ ਰਾਜ ਨਹੀਂ ਕਰਨ ਦਿੰਦੇ। ਇਹ  ਤੱਥ ਉਸ ‘ਦੋ ਰਾਸ਼ਟਰ’ ਸਿਧਾਂਤ ਨੂੰ ਵੀ ਰੱਦ ਕਰਦਾ ਹੈ ਜੋ ਇਹ ਮੰਨਦਾ ਹੈ ਕਿ ਮੁਸਲਮਾਨਾਂ ਨੂੰ ਵਖਰਾ ਰਾਜ ਚਾਹੀਦਾ ਹੈ। ਇਹ ਪਾਕਿਸਾਤਨ ਬਣਨ ਦੇ ਮੂਲ ਤਰਕ ਨੂੰ ਵੀ ਰੱਦ ਕਰਦਾ ਹੈ। ਪਰ ਅਸੀਂ ਪੰਜ ਦਰਿਆਵਾਂ ਵਾਲੇ ਪੰਜਾਬ ਦੇ ਅਯੋਗ ਪੁਤਰ ਸਾਬਤ ਹੋਏ ਹਾਂ। ਸਿਰਫ ਦੋ ਗੱਲਾਂ ਨੇ ਮੁਸਲਮਾਨਾਂ ਨੂੰ ਇਸ ਤਰ੍ਹਾਂ ਸੋਚਣ ਲਈ ਪ੍ਰੇਰਿਆ ਹੋ ਸਕਦਾ ਹੈ। ਪਹਿਲੀ ਕਿ ਉਹ ਆਪਣੇ ਨਵਾਬਾਂ ਅਤੇ ਜਗੀਰਦਾਰਾਂ ਉਤੇ ਨਿਰਭਰ ਕਰਦੇ ਸਨ, ਜੋ ਜ਼ਾਹਰਾ ਤੌਰ ਉਤੇ ਉਨ੍ਹਾਂ ਦਾ ਸ਼ੋਸ਼ਣ ਹੀ ਕਰਦੇ ਸਨ ਅਤੇ ਦੂਜਾ, ਰਣਜੀਤ ਸਿੰਘ ਨੇ ਜਿਸ ਤਰ੍ਹਾਂ ਦਾ ਰਾਜਪ੍ਰਬੰਧ ਉਨ੍ਹਾਂ ਨੂੰ ਦਿਤਾ, ਇਸ ਤਰ੍ਹਾਂ ਦੀ ਦਿਆਲਤਾ ਇਸ ਤੋਂ ਪਹਿਲੇ ਕਿਸ ਮੁਸਲਿਮ ਰਾਜੇ ਵੇਲੇ ਵੀ ਮੌਜੂਦ ਨਹੀਂ ਸੀ। ਸੰਭਵ ਹੈ ਦੋਵੇਂ ਗੱਲਾਂ ਉਨ੍ਹਾਂ ਦੇ ਮਨ ਅੰਦਰ ਚਲ ਰਹੀਆਂ ਹੋਣਗੀਆਂ। ਪਰ ਫਿਰ ਵੀ ਇਹ ਪੂਰੀ ਵਿਆਖਿਆ ਨਹੀਂ ਹੋ ਸਕਦੀ। ਤਾਂ ਫਿਰ ਕੀ ਹੋ ਸਕਦਾ ਹੈ? ਇਸ ਦਾ ਤਰਕ ਸਿਖੀ ਦੀ ਉਤਪਤੀ ਅਤੇ ਵਿਕਾਸ ਵਿਚ ਨਿਹਿਤ ਹੈ। ਇੰਝ ਲਗਦਾ ਹੈ ਕਿ ਹੋਰ ਗੱਲਾਂ ਤੋਂ ਬਿਨਾਂ ਪੰਜਾਬ ਦੇ ਆਮ ਲੋਕ, ਜਿਨ੍ਹਾਂ ਵਿਚ ਬਹੁਗਿਣਤੀ ਮੁਸਲਮਾਨਾਂ ਦੀ ਸੀ, ਵਿਚ ਪੰਜਾਬੀਅਤ ਨੂੰ ਮੁੜ ਜੀਵਤ ਕਰਨ ਵਿਚ ਸਿਖੀ ਦਾ ਮਹਤਵਪੂਰਨ ਯੋਗਦਾਨ ਹੈ।
ਇਹ ਧਾਰਨਾ ਮੇਰੀ ਨਹੀਂ ਹੈ। ਖੁਸ਼ਵੰਤ ਸਿੰਘ ਨੇ ਸਭ ਤੋਂ ਪਹਿਲਾਂ ਇਹ ਗਲ ਕਹੀ। ਉਹ ਇਹ ਗਲ ਆਖ ਸਕਦਾ ਸੀ ਕਿਉਂਕਿ ਉਸ ਨੂੰ ਪੰਜਾਬ ਦੇ ਮੁਸਲਮਾਨਾਂ ਦੇ ਮਨ ਦਾ ਵਧੇਰੇ ਪਤਾ ਸੀ। ਵੰਡ ਤੋਂ ਪਹਿਲਾਂ ਲਾਹੌਰ ਦੇ ਮੁਸਲਮਾਨਾਂ ਨਾਲ ਉਸ ਵਲੋਂ ਕੀਤੀਆਂ ਵਾਰਤਾਵਾਂ ਵਿਚ ਉਨ੍ਹਾਂ ਕਿਹਾ ਕਿ ਜੋ ਮੁਸਲਮਾਨ ਚਾਹੁੰਦੇ ਸਨ ਉਸ ਨੂੰ ਹੋਰ ਤਰ੍ਹਾਂ ਨਾਲ ਵੀ ਨਜਿਠਿਆ ਜਾ ਸਕਦਾ ਸੀ। ਹਿੰਦੂ ਆਪਣੇ ਆਪ ਨੂੰ ਇਕ ਰਾਸ਼ਟਰ ਵਜੋਂ ਸਗੰਠਿਤ ਕਰ ਰਹੇ ਸਨ ਅਤੇ ਸਿਖ ਅਕਾਲੀਆਂ ਦੀ ਅਗਵਾਈ ਵਿਚ ਲਗਭਗ ਉਨ੍ਹਾਂ ਹੀ ਲੀਹਾਂ ਉਤੇ ਸਨ। ਇਹ ਸਾਰੀ ਕਵਾਇਦ ਦਾ ਉਦੇਸ਼ ਸੀ ਕਿ ਫਿਰਕੂ ਤਰਕ ਨਾਲ ਮੁਸਲਮਾਨਾਂ ਨੂੰ ਇਕ ਛੋਟੇ ਆਕਾਰ ਵਿਚ ਨਿਖੇੜ ਦਿਤਾ ਜਾਵੇ। ਜਿਸ ਨੇ ਲਾਜ਼ਮੀ ਤੌਰ ਉਤੇ ਉਨ੍ਹਾਂ ਨੂੰ ਮੁਹੰਮਦ ਅਲੀ ਜਿਨਾਹ ਦੀਆਂ ਬਾਹਾਂ ਵਿਚ ਜਾਣ ਲਈ ਪਰੇਰਿਆ ਅਤੇ ਇਹ ਸਾਰਾ ਕੁਝ ਵਾਪਰਿਆ ਕਿਉਂਕਿ ਅੰਗਰੇਜ਼ ਵੀ ਇਹੀ ਚਾਹੁੰਦੇ ਸਨ। ਨਹੀਂ ਤਾਂ ਸਰ ਸਿਕੰਦਰ ਹਯਾਤ ਖਾਨ ਵੀ ਹਿੰਦੂਆਂ ਦਾ ਕੋਈ ਘਟ ਰਖਵਾਲਾ ਨਹੀਂ ਸੀ। ਇਹ ਉਹੀ ਸੀ ਜਿਸਨੇ ਬਿਨਾਂ ਇਸ ਗੱਲ ਦੀ ਪ੍ਰਵਾਹ ਕੀਤੇ ਕਿ ਇਸ ਦਾ ਪੰਜਾਬ ਦੇ ਮੁਸਲਮਾਨਾਂ ਉੇਤ ਕੀ ਅਸਰ ਪਵੇਗਾ, ਨਾ ਸਿਰਫ ਪੰਜਾਬ ਵਿਚ ਖਾਸਕਰ ਲਹਿਰ ਉਤੇ ਪਾਬੰਦੀ ਲਾਈ ਸਗੋਂ ਉਨ੍ਹਾਂ ਉਤੇ ਗੋਲੀਬਾਰੀ ਵੀ ਚਲਵਾਈ। ਉਸ ਨੇ ਪੁਲੀਸ ਦੁਆਰਾ ਭਟੀ ਦਰਵਾਜ਼ੇ ਰਾਹੀਂ ਲਾਹੌਰ ਦੀ ਮਸਜਿਦ ਵਿਚ ਦਾਖਲ ਹੋਣ ਦੀ ਕਾਰਵਾਈ ਦੀ ਵੀ ਹਮਾਇਤ ਕੀਤੀ, ਜਿਸ ਵਿਚ ਖਾਕਸਾਰ ਯੋਜਨਾਬਧ ਤਰੀਕੇ ਨਾਲ ਫਿਰਕੂ ਝਗੜਿਆਂ ਰਾਹੀਂ ਬਦਅਮਨੀ ਫੈਲਾਅ ਕੇ ਮਸਜਿਦ ਵਿਚ ਛੁਪ ਗਏ ਸਨ। ਇਸ ਤਰ੍ਹਾਂ ਦੀਆਂ ਅਨੇਕਾਂ ਮਿਸਾਲਾਂ ਹਨ ਜਦੋਂ ਉਸ ਨੇ ਨਤੀਜਿਆਂ ਦੀ ਪ੍ਰਵਾਹ ਕੀਤੇ ਬਿਨਾਂ ਇਕ ਪੰਜਾਬੀ ਵਾਂਗ ਕਾਰਵਾਈ ਕੀਤੀ। ਸਿਰਫ ਇਕ ਹੋਰ ਮਿਸਾਲ ਹੀ ਕਾਫੀ ਹੋਵੇਗੀ। ਦੂਜੇ ਵਿਸ਼ਵ ਜੰਗ ਦੇ ਪਿਛਲੇ ਸਾਲਾਂ ਦਾ ਸਮਾਂ ਸੀ, ਕੁਝ ਵਿਗੜੇ ਫੌਜੀਆਂ ਨੇ ਫਤਹਿ ਚੰਦ ਕਾਲਜ ਦੀ ਇਕ ਕੁੜੀ ਨੂੰ ਜ਼ਬਰਦਸਤੀ ਚੁਕ ਲਿਆ। ਇਹ ਫੌਜੀ ਉਸ ਸਮੇਂ ਹੀ ਯੂਨੀਵਰਸਿਟੀ ਮੈਦਾਨ ਵਿਚ ਹਾਕੀ ਖੇਡਦੇ ਹਿੰਦੂ ਮੁਸਲਮਾਨ ਮੁੰਡਿਆਂ ਹੱਥੋਂ ਨਿਕਲਸਨ ਰੋਡ ਉਤੇ ਮਾਰੇ ਗਏ। ਇਸ ਨਾਲ ਮਾਹੌਲ ਬਹੁਤ ਦਹਿਸ਼ਤ ਅਤੇ ਖੌਫ਼ਜ਼ਦਾ ਹੋ ਗਿਆ। ਕੋਈ ਨਹੀਂ ਸੀ ਜਾਣਦਾ ਕਿ ਫੌਜੀ ਅਫਸਰ ਕੀ ਕਰ ਦੇਣਗੇ। ਭਾਰਤੀ ਸੁਰਖਿਆ ਕਾਨੂੰਨ ਵੀ ਅਜੇ ਤਕ ਲਾਗੂ ਸੀ। ਪਰ ਸਿਕੰਦਰ ਖਾਨ ਇਸ ਮੌਕੇ ਸਾਬਤਕਦਮੀ ਖੜਿਆ ਅਤੇ ਉਸ ਨੇ ਮੁੰਡਿਆਂ ਖਿਲਾਫ ਕੋਈ ਵੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿਤਾ। ਉਸ ਨੇ ਪੰਜਾਬ ਅਸੰਬਲੀ ਵਿਚ ਬਿਆਨ ਦਿਤਾ ਕਿ ਇਸ ਤਰ੍ਹਾਂ ਦੀ ਉਕਸਾਊ ਸਥਿਤੀ ਵਿਚ ਜੇ ਉਹ ਆਪ ਹੁੰਦਾ ਤਾਂ ਉਸ ਨੇ ਵੀ ਇਹੀ ਕਰਨਾ ਸੀ। ਮੇਰੇ ਕਹਿਣ ਦਾ ਭਾਵ ਹੈ ਕਿ ਉਹ ਪੰਜਾਬ ਦੇ ਆਮ ਹਿੰਦੂ ਦੇ ਉਲਟ ਬਿਲਕੁਲ ਨਹੀਂ ਸੀ। ਜੇ ਖਿਲਾਫ਼ ਸੀ ਤਾਂ ਉਹ ਪੈਸਾ-ਪੂਜਕ ਹਿੰਦੂ ਵਪਾਰੀਆਂ ਦੇ ਸੀ, ਜੋ ਗਰੀਬ ਮੁਸਲਮਾਨਾਂ ਨੂੰ ਕਈ ਤਰੀਕਿਆਂ ਨਾਲ ਲੁਟਦੇ ਸਨ। ਪਰ ਅਫਸੋਸ, ਆਰੀਆ ਸਮਾਜੀ ਹਿੰਦੂਆਂ ਨੇ, ਜੋ ਉਸ ਵੇਲੇ ਦੇ ਮੀਡੀਆ ਉਤੇ ਕਾਬਜ਼ ਸਨ ਤੇ ਰਣਜੀਤ ਸਿੰਘ ਦੀ ਧਰਮ ਨਿਰਪਖਤਾ ਤੋਂ ਪਿਛੇ ਹਟ ਗਏ ਸਨ, ਅਕਾਲੀਆਂ ਦੀ ਮਦਦ ਨਾਲ ਪੰਜਾਬ ਕਾਂਗਰਸ ਨੇ ਨਾ ਸਿਰਫ ਯੂਨੀਅਨਿਸਟ ਪਾਰਟੀ ਨੂੰ ਅਧ ਵਿਚਾਲੇ ਛਡਿਆ ਸਗੋਂ ਪੂਰੇ ਦੇਸ ਅਤੇ ਖਾਸ ਤੌਰ ਉਤੇ ਪੰਜਾਬ ਨੂੰ ਬਰਬਾਦ ਕਰ ਦਿਤਾ।
ਪਰ ਫਿਰ ਵੀ ਸ਼ਾਹ ਮੁਹੰਮਦ ਦੀ ਹਿੰਦੂ-ਮੁਸਲਿਮ ਏਕਤਾ ਦੀ ਗੱਲ ਇਸ ਤੱਥ ਤੋਂ ਬਿਨਾਂ ਪੂਰੀ ਨਹੀਂ ਹੁੰਦੀ ਕਿ ਪੰਜਾਬੀ ਮੁਸਲਮਾਨ ਵੀ ਆਪਣੇ ‘ਕਾਨੂੰਨ ਦਾਤਿਆਂ’ ਨੂੰ ਕਦੇ ਮਾਫ ਨਹੀਂ ਕਰ ਸਕੇ। ਇਸ ਤੋਂ ਉਲਟ ਸਿਖ ਮੁਸਲਮਾਨ ਸੰਤਾਂ ਅਤੇ ਫਕੀਰਾਂ ਨੂੰ ਅੰਤਾਂ ਦਾ ਸਤਿਕਾਰ ਦਿੰਦੇ ਰਹੇ। ਮਸਲਨ, ਇਕ ਸੂਫੀ ਸੰਤ ਮੀਆਂ ਮੀਰ ਦੇ ਹਥੋਂ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਨੀਂਹ ਪਥਰ ਰਖਿਆ ਗਿਆ। ਇਸ ਤੋਂ ਇਲਾਵਾ ਉਹ ਵੀ ਮੁਸਲਮਾਨ ਹੀ ਸਨ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਮੁਗਲ ਫੌਜ ਕੋਲ ਗ੍ਰਿਫ਼ਤਾਰ ਹੋਣ ਤੋਂ ਬਚਾਇਆ।
ਸਿਰਫ ਇਹੀ ਨਹੀਂ, ਸਿਖਾਂ ਦਾ ਕਿਰਦਾਰ ਵਿਅਕਤੀਗਤ ਅਤੇ ਸਾਮੂਹਿਕ ਤੌਰ ਉਤੇ ਉਚ ਪਾਏ ਦਾ ਰਿਹਾ ਹੈ। ਸਿਖ ਗੁਰੂਆਂ ਅਤੇ ਉਨ੍ਹਾਂ ਦੇ ਪੈਰੋਕਾਰਾਂ ਵਲੋਂ ਪਾਈਆਂ ਸ਼ਹਾਦਤਾਂ ਦਾ ਅਸਰ ਲਾਜ਼ਮੀ ਤੌਰ ਉਤੇ ਪੰਜਾਬੀ ਮੁਸਲਮਾਨ ਦੇ ਮਨ ਉਤੇ ਪਿਆ ਹੋਵੇਗਾ। ਉਨ੍ਹਾਂ ਅੰਦਰ ਇਸ ਗਲ ਦਾ ਅਪਰਾਧਬੋਧ ਜ਼ਰੂਰ ਹੋਵੇਗਾ ਕਿ ਸਟੇਟ ਕਿਸੇ ਉਤੇ ਮੁਕਦਮਾ ਚਲਾਉਂਦੀ ਹੈ ਤੇ ਉਸ ਦਾ ਦੋਸ਼ ਸਿਰਫ ਏਨਾ ਹੈ ਕਿ ਉਹ ਉਸ ਤਰ੍ਹਾਂ ਨਾਲ ਪੂਜਾ ਪਾਠ ਨਹੀਂ ਕਰਦਾ ਜਿਵੇਂ ਕਿ ਉਹ ਆਪ ਕਰਦੇ ਹਨ।
ਦੋ ਘਲੂਘਾਰਿਆਂ ਦੀ ਪੀੜ ਮੁਸਲਮਾਨਾਂ ਨੂੰ ਵੀ ਘਟ ਨਹੀਂ ਹੋਈ ਹੋਵੇਗੀ। ਇਸ ਤਰ੍ਹਾਂ ਹੀ ਅਹਿਮਦ ਸ਼ਾਹ ਦੁਰਾਨੀ ਵਲੋਂ ਦਰਬਾਰ ਸਾਹਿਬ ਦੇ ਪਵਿਤਰ ਸਰੋਵਰ ਦੀ ਕੀਤੀ ਗਈ ਬੇਅਦਬੀ ਵੀ ਸ਼ਾਮਲ ਸੀ। ਇਥੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੁਗਲ ਸ਼ਾਸਕਾਂ ਦੇ ਕਰੂਰ ਜ਼ੁਲਮ ਸਾਹਵੇਂ ਸਿਖਾਂ ਦਾ ਸਬਰ ਅਤੇ ਸਿਰੜ ਨਾਲ ਉਸ ਨੂੰ ਝਲਣ ਦੀ ਮਿਸਾਲ ਨੇ ਸੰਵੇਦਨਸ਼ੀਲ ਪੰਜਾਬੀ ਮੁਸਲਮਾਨਾਂ ਨੂੰ ਲਾਜ਼ਮੀ ਹਿਲਾਇਆ ਤਾਂ ਹੋਵੇਗਾ ਹੀ। ਮਿਸਾਲ ਵਜੋਂ ਜਿਵੇਂ ਜਲ੍ਹਿਆਂਵਾਲਾ ਬਾਗ ਦਾ ਖੂਨੀ ਸਾਕਾ ਬਰਤਾਨਵੀ ਸਾਮਰਾਜ ਦੇ ਤਾਬੂਤ ਵਿਚ ਆਖਰੀ ਕਿਲ ਸਾਬਤ ਹੋਇਆ, ਇਸੇ ਤਰ੍ਹਾਂ ਮਾਸੂਮ ਸਿਖਾਂ ਦੇ ਕਤਲੇਆਮ ਉਤੇ ਵੀ ਇਥੋਂ ਦੇ ਮੁਸਲਮਾਨ ਇਹ ਚਾਹੁਣ ਲਗ ਪਏ ਹੋਣਗੇ ਕਿ ਇਹ ਜ਼ਾਲਮ ਸਰਕਾਰ ਹੁਣ ਖਤਮ ਹੋ ਜਾਵੇ ਤੇ ਹਾਲੇ ਤਕ ਸਿਖਾਂ ਨੇ ਮੁਸਮਲਾਨਾਂ ਨੂੰ ਧਾਰਮਿਕ ਪਖ ਤੋਂ ਆਹਤ ਨਹੀਂ ਕੀਤਾ। ਬੰਦਾ ਬਹਾਦਰ ਨੇ ਸਰਹਿੰਦ ਨੂੰ ਢਹਿ ਢੇਰੀ ਕਰ ਦਿਤਾ। ਪਰ ਪੰਜਾਬੀ ਮੁਸਲਮਾਨਾਂ ਦੀ ਆਤਮਾ ਨੇ ਇਸ ਨੂੰ ਉਸ ਸ਼ਹਿਰ ਉਪਰ ਰਬ ਦਾ ਸਰਾਪ ਸਮਝ ਕੇ ਜਾਇਜ਼ ਠਹਿਰਾਇਆ ਹੋਣਾ ਹੈ, ਜਿਸ ਵਿਚ ਮਨੁਖਤਾ ਦਾ ਅਤਿ ਘਿਣਾਉਣਾ ਜ਼ੁਲਮ ਵਾਪਰਿਆ ਸੀ। ਆਖਰਕਾਰ ਪੰਜਾਬੀ ਮੁਸਲਮਾਨ ਵੀ ਜ਼ਮੀਰਾਂ ਵਾਲੇ ਸਨ। ਇਸ ਤੋਂ ਮੇਰਾ ਭਾਵ ਹੈ ਕਿ ਮੁਸਲਮਾਨਾਂ ਅੰਦਰ ਸਾਂਝੇ ਤੌਰ ਉਤੇ ਇਸ ਪ੍ਰਤੀ ਜ਼ਰੂਰ ਇਕ ਅਪਰਾਧਬੋਧ ਹੋਵੇਗਾ। ਸਿਰਫ ਏਨਾ ਹੀ ਨਹੀਂ, ਉਨ੍ਹਾਂ ਵਿਚੋਂ ਕੁਝ ਇਹ ਵੀ ਚਾਹੁੰਦੇ ਹੋਣਗੇ ਕਿ ਸਿਖ ਹੀ ਅੰਤਿਮ ਵਿਜੇਤਾ ਹੋਣ। ਇਸ ਕਰਕੇ ਇਹ ਮੁਸਲਮਾਨ ਅਹੁਦੇਦਾਰ ਹੀ ਸਨ, ਜਿਨ੍ਹਾਂ ਨੇ ਆਪ ਲਾਹੌਰ ਦੀਆਂ ਚਾਬੀਆਂ ਰਣਜੀਤ ਸਿੰਘ ਨੂੰ ਸੌਂਪੀਆਂ ਸਨ। ਉਸ ਦੇ ਸਾਸ਼ਨ ਦੀ ਦਿਆਲਤਾ ਨੇ ਰਹਿੰਦੀ ਪ੍ਰਕਿਰਿਆ ਨੂੰ ਪੂਰਾ ਕਰ ਦਿਤਾ ਹੋਣਾ ਹੈ।
ਇਕ ਹੋਰ ਕਾਰਨ ਇਹ ਸੀ ਕਿ ਮੁਸਲਮਾਨ ਕਿਸਾਨੀ ਨੂੰ ਵੀ ਬੰਦਾ ਬਹਾਦਰ ਦੇ ਖੇਤੀ ਸੁÎਧਾਰਾਂ ਦਾ ਕੋਈ ਘਟ ਲਾਭ ਨਹੀਂ ਹੋਇਆ। ਅਸਲੀਅਤ ਵਿਚ ਉਸ ਨੇ ਸਭ ਤੋਂ ਪਹਿਲਾਂ ਜ਼ਮੀਨ ਹਲਵਾਹਕ ਨੂੰ ਦਿਵਾਈ। ਇਸ ਸਟੇਜ ਉਤੇ ਇਹ ਜਿਕਰ ਕਰਨਾ ਵੀ ਜ਼ਰੂਰੀ ਹੈ ਕਿ ਉਹ ਗੁਣਾਤਮਕ ਤੌਰ ਉਤੇ ਇਕ ਵਖਰੇ ਸਮਾਜ ਲਈ ਖੜ੍ਹੇ ਸਨ, ਜਿਥੇ ਕਿਸੇ ਵੀ ਧਰਮ ਦੇ ਆਧਾਰ ਉਤੇ ਜ਼ੁਲਮ ਨਹੀਂ ਹੋਵੇਗਾ ਅਤੇ ਹਰ ਕਿਸੇ ਨੂੰ ਉਸ ਦੀ ਮਿਹਨਤ ਦਾ ਫਲ ਮਿਲੇਗਾ। ਇੰਝ ਲਗਦਾ ਹੈ ਕਿ ਇਸ ਇਨਕਲਾਬੀ ਤਬਦੀਲੀ ਨੇ ਪੰਜਾਬੀ ਸਮਾਜ ਨੂੰ ਝੰਜੋੜਿਆ ਅਤੇ ਇਨ੍ਹਾਂ ਨੂੰ ਇਕ ਪੰਜਾਬੀ ਵਿਸ਼ਵ ਦ੍ਰਿਸ਼ਟੀ ਨਾਲ ਜੋੜਿਆ ਜਿਸ ਨੇ ਸਾਰੇ ਧਰਮਾਂ ਅਤੇ ਫਿਰਕਿਆਂ ਨੂੰ ਆਪਣੇ ਵਿਚ ਸਮੋਅ ਲਿਆ। ਇਸ ਤੱਥ ਤੋਂ ਕੋਈ ਇਨਕਾਰੀ ਨਹੀਂ ਕਿ ਸਿਖ ਧਰਮ, ਹਿੰਦੂ ਧਰਮ ਦੇ ਅਟੁਟ ਹਿਸੇ ਵਜੋਂ, ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਰਾਜ ਧਰਮ ਸੀ ਭਾਵੇਂ ਬਹੁਤੇ ਮਾਮਲਿਆਂ ਵਿਚ ਸਿਖ ਪੁਜਾਰੀ ਜਾਂ ਗ੍ਰੰਥੀਆਂ ਦੀ ਕੋਈ ਸੁਣਵਾਈ ਨਹੀਂ ਸੀ। ਮਸਲਨ, ਰਣਜੀਤ ਸਿੰਘ ਨੇ ਆਪਣੇ ਰਾਜ ਵਿਚ ਗਊ ਹੱਤਿਆ ਉਤੇ ਰੋਕ ਲਾਈ। ਪਰ ਕਿਸੇ ਵੀ ਤਰ੍ਹਾਂ ਨਾਲ ਮੁਸਲਮਾਨ ਬਾਸ਼ਿੰਦਿਆਂ ਨੇ ਇਸ ਨੂੰ ਮੁਸਲਮਾਨ ਵਿਰੋਧੀ ਕਾਰਵਾਈ ਵਜੋਂ ਨਹੀਂ ਦੇਖਿਆ। ਇਥੋਂ ਤਕ ਕਿ ਕਾਬੁਲ ਦੇ ਮਨਸਬ ਨੇ ਰਣਜੀਤ ਸਿੰਘ ਨੂੰ ਦਸਿਆ ਕਿ ਉਸ ਨੇ ਵੀ ਅਫ਼ਗਾਨਿਸਤਾਨ ਵਿਚ ਗਊ ਹਤਿਆ ਉਤੇ ਰੋਕ ਲਾ ਦਿਤੀ ਹੈ। ਸ਼ਾਇਦ ਜ਼ਿਆਦਾਤਰ ਮੁਸਲਮਾਨ ਗਊ ਹਤਿਆ ਨੂੰ ਆਪਣਾ ਬੁਨਿਆਦੀ ਧਾਰਿਮਕ ਅਧਿਕਾਰ ਨਹੀਂ ਸਮਝਦੇ ਸਨ ਜਾਂ ਸ਼ਾਇਦ ਉਨ੍ਹਾਂ ਵਿਚੋਂ ਜ਼ਿਆਦਾਤਰ ਨਾਲ ਨਾਲ ਰਹਿੰਦੇ ਹਿੰਦੂਆਂ ਪ੍ਰਤੀ ਸਤਿਕਾਰ ਅਤੇ ਉਨ੍ਹਾਂ ਦੇ ਧਾਰਮਿਕ ਭਾਵਾਂ ਪ੍ਰਤਿ ਸੰਵੇਦਨਸ਼ੀਲਤਾ ਰਖਦੇ ਹੋਏ ਹੀ ਗਊ ਨੂੰ ਸਨਮਾਨ ਦਿੰਦੇ ਹੋਣਗੇ।
ਸ਼ਾਹ ਮੁਹੰਮਦ ਦੁਆਰਾ ਬਿਆਨ ਕੀਤੀ ਹਿੰਦੂ ਮੁਸਲਮਾਨ ਏਕਤਾ ਦਾ ਇਕ ਜ਼ਾਹਰਾ ਪਖ ਇਹ ਵੀ ਹੈ ਕਿ ਉਹ ਇਸ ਤੋਂ ਸੁਚੇਤ ਨਹੀਂ ਕਿ ਹਿੰਦੂ ਅਤੇ ਸਿਖ ਦੋਵੇਂ ਅਡ ਅਡ ਹਨ। ਇੰਝ ਲਗਦਾ ਹੈ ਕਿ ਸਿਖ ਸ਼ਾਸ਼ਨ ਦੇ ਅੰਤ ਤਕ ਸਿਖ ਪਛਾਣ ਹਿੰਦੂ ਪਛਾਣ ਦਾ ਹੀ ਹਿਸਾ ਸਮਝੀ ਜਾਂਦੀ ਸੀ। ਸ਼ਾਇਦ ਉਦੋਂ ਤਕ ਉਹ ਰਾਜਨੀਤਕ, ਸਭਿਆਚਾਰਕ ਅਤੇ ਧਾਰਮਿਕ ਤੌਰ ਉਤੇ ਇਕ ਹੀ ਸਨ। ਸ਼ਾਇਦ ਸਿਖਾਂ ਦੇ ਉਥਾਨ ਨੂੰ ਅਸਲ ਵਿਚ ਹਿੰਦੂਤਵ ਦੇ ਪੁਨਰ-ਉਥਾਨ ਦੇ ਸੰਗਠਤਿ ਪਖ ਵਜੋਂ ਦੇਖਿਆ ਜਾ ਸਕਦਾ ਹੈ। ਇਥੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਹੇਠਲੇ ਪੰਜਾਬ ਦੀ ਆਬਾਦੀ ਦੀ ਸੰਪਰਦਾਇਕ ਬਣਤਰ ਵਲ ਧਿਆਨ ਦੇਣਾ ਲਾਹੇਵੰਦ ਹੋ ਸਕਦਾ ਹੈ।
ਨਾਰਥ ਵੈਸਟ ਫਰੰਟੀਅਰ ਆਫ਼ ਪੰਜਾਬ ਜੋ ਕਿਸੇ ਪਧਰ ਉਤੇ ਵਡੇ ਅਫਗਾਨਿਸਤਾਨ ਦਾ ਹਿਸਾ ਵੀ ਮੰਨਿਆ ਜਾਂਦਾ ਸੀ, ਇਥੇ ਇਸਲਾਮ ਦੇ ਸਦੀਆਂ ਦੇ ਸ਼ਾਸਨ ਕਾਰਨ ਅਬਾਦੀ ਦਾ ਬਹੁਤ ਵਡਾ ਹਿਸਾ, ਸ਼ਾਇਦ ਨਮਕ ਖੇਤਰ ਦੇ ਹਿੰਦੂ ਸ਼ਹਿਰੀ ਖੁਖਰੈਨਾਂ ਨੂੰ ਛਡ ਕੇ ਜਿਹਲਮ ਤਕ ਦੇ ਲੋਕ ਇਸਲਾਮ ਵਿਚ ਚਲੇ ਗਏ। ਪਰ ਜਿਹਲਮ ਤੋਂ ਪਰ੍ਹਾਂ ਜਾਂ ਕਹੀਏ ਕਿ ਦਰਿਆ ਦੇ ਪੂਰਬ ਵਾਲੇ ਪਾਸੇ ਹਿੰਦੂਆਂ ਦੇ ਪ੍ਰਭਾਵ ਵਾਲੇ ਕਈ ਇਲਾਕੇ ਸਨ। ਪਰ ਰਚਨਾ ਦੁਆਬ ਭਾਵ ਰਾਵੀ ਅਤੇ ਚਿਨਾਬ ਦਰਿਆਵਾਂ ਦੇ ਵਿਚਕਾਰ ਹਿੰਦੂ ਸਿਖ ਅਬਾਦੀ ਘਟ ਨਹੀਂ ਆਖੀ ਜਾ ਸਕਦੀ ਸੀ ਅਤੇ ਰਾਵੀ ਤੋਂ ਅਗੇ ਹਿੰਦੂ ਅਤੇ ਸਿਖ ਵਧਣੇ ਸ਼ੁਰੂ ਹੋ ਜਾਂਦੇ ਸਨ। ਆਬਾਦੀ ਦੀ ਇਹ ਸੰਰਚਨਾ, ਦੇਸ ਵੰਡ ਤਕ ਲਗਭਗ ਇਵੇਂ ਹੀ ਰਹੀ ਅਤੇ ਜੇਕਰ ਬਰਤਾਨਵੀ ਸ਼ਾਸਨ ਦੇ ਮੁਕਾਬਲਤਨ ਸ਼ਾਂਤ ਸਮਿਆਂ ਵਿਚ ਹਿੰਦੂ ਅਤੇ ਸਿਖ ਅੰਰਗੇਜ਼ਾਂ ਦੇ ਏਜੰਟ ਬਣਨ ਦੀ ਇਛਾ ਨਾਲ, ਪਛਮੀ ਪੰਜਾਬ ਦੇ ਸ਼ਹਿਰਾਂ ਕਸਬਿਆਂ ਵਿਚ ਜਾ ਕੇ ਰਹਿਣ ਲਗੇ ਤਾਂ ਇਸ ਦਾ ਉਦੇਸ਼ ਇਹੀ ਸੀ ਕਿ ਦੇਸ ਨੂੰ ਵਪਾਰਕ ਲੁਟ ਲਈ ਖੋਲ੍ਹਿਆ ਜਾਵੇ।
ਇਸ ਵਿਚ ਇਕ ਮਹਤਵਪੂਰਨ ਤਬਦੀਲੀ ਲਾਜ਼ਮੀ ਤੌਰ ਉਤੇ ਵਾਪਰੀ। ਉਹ ਇਹ ਸੀ ਕਿ ਪੰਜਾਬ ਦੇ ਮੁਸਲਮਾਨਾਂ ਨੇ ਆਪਣੇ ਆਪ ਨੂੰ ਇਕ ਵਖਰੀ ਕੌਮ ਵਜੋਂ ਤਾਂ ਨਹੇਂ, ਸਗੋਂ ਇਕ ਵਖਰੀ ਜਾਤ ਦੇ ਤੌਰ ਉਤੇ ਦੇਖਣਾ ਸ਼ੁਰੂ ਕਰ ਦਿਤਾ ਸੀ। ਇਹ ਕਿ ਮੁਸਲਮਾਨ ਇਕ ਵਖਰਾ ਰਾਸ਼ਟਰ ਹਨ, ਇਹ ਗਲਾਂ ਉਨ੍ਹਾਂ ਦੇ ਮਨ ਵਿਚ ਬਿਲਕੁਲ ਹੀ ਨਹੀਂ ਸੀ। ਇਹ ਉਹ ਪੁਜ਼ੀਸ਼ਨ ਹੈ ਜੋ ਸ਼ਾਹ ਮੁਹੰਮਦ ਆਪਣੇ ਪ੍ਰਸਿਧ ਬੈਂਤ (ਜਿਸ ਦਾ ਪਿਛੇ ਜ਼ਿਕਰ ਕੀਤਾ ਗਿਆ ਹੈ) ਵਿਚ ਜ਼ਾਹਿਰ ਕਰਦਾ ਹੈ। ਸਮੇਂ ਦੇ ਉਸ ਬਿੰਦੂ ਉਤੇ ਜਾਤ ਦਾ ਸੰਕਲਪ ਸ਼ਾਹ ਮੁਹੰਮਦ ਦੇ ਮਨ ਅੰਦਰ ਇਸ ਹਦ ਤਕ ਸਮਾਇਆ ਹੋਇਆ ਹੈ ਕਿ ਉਹ ਫਿਰੰਗੀਆਂ ਨੂੰ ਇਕ ਵਖਰੀ ਜਾਤ ਵਜੋਂ ਦੇਖਦਾ ਹੈ ਜੋ ਹਿੰਦੂ-ਮੁਸਲਮਾਨ ਏਕਤਾ ਵਿਚ ਦਾਖਲ ਹੋ ਰਹੀ ਸੀ। ਇਸ ਦਾ ਮਤਲਬ ਕੀ ਹੈ?
ਜੇ ਮੈਂ ਆਪਣੇ ਬਚਪਨ, ਜੋ ਕਿ ਰਚਨਾ ਦੁਆਬ ਦੇ ਏਮਨਾਬਾਦ ਵਿਚ ਬੀਤਿਆ, ਦੇ ਨਿਜੀ ਤਜ਼ਰਬਿਆਂ ਵਿਚ ਜਾਵਾਂ ਤਾਂ ਇਕ ਉਦਾਹਰਣ ਦੇ ਸਕਦਾ ਹਾਂ। ਕੁਝ ਖਾਂਦੇ-ਪੀਂਦੇ ਤਕੜੇ ਮੁਸਲਮਾਨ ਪਰਿਵਾਰਾਂ ਦੇ ਸਾਡੇ ਪਰਿਵਾਰਾਂ ਨਾਲ ਸੰਬੰਧ ਰਹੇ ਸਨ। ਉਹ ਵਖ-ਵਖ ਮੌਕਿਆਂ ਉਤੇ ਸਾਡੇ ਘਰ ਕਚੀ ਰਸਦ ਭੇਜ ਦਿੰਦੇ ਸਨ, ਜਿਸ ਨੂੰ ਅਸੇਂ ਆਪਣੇ ਘਰ ਪਕਾ ਕੇ ਖਾ ਸਕੀਏ। ਇਹ ਗੱਲ ਉਨ੍ਹਾਂ ਨੂੰ ਇਕ ਤਸੱਲੀ ਦਿੰਦੀ ਸੀ ਕਿ ਅਸੀਂ ਇਸ ਤਰੀਕੇ ਨਾਲ ਉਨ੍ਹਾਂ ਦੇ ਵਿਆਹ ਜਾਂ ਮੁੰਡੇ ਦੇ ਜਨਮ ਦੀਆਂ ਖੁਸ਼ੀਆਂ ਵਿਚ ਸ਼ਾਮਿਲ ਹੋ ਜਾਂਦੇ ਸਾਂ। ਇਸੇ ਤਰ੍ਹਾਂ ਇਕ ਪੀੜ੍ਹੀ ਹੀ ਪਹਿਲਾਂ ਦੀ ਇਕ ਘਟਨਾ ਵਿਚ ਸ਼ਹਿਰ ਦਾ ਜ਼ੈਲਦਾਰ ਜੋ ਕਿ ਇਕ ਅਮੀਰ ਅਤੇ ਪਹੁੰਚ ਵਾਲਾ ਮੁਸਲਮਾਨ ਸੀ, ਉਹ ਉਦੋਂ ਕਾਲੀਨ ਤੋਂ ਪਰ੍ਹਾ ਹੋ ਗਿਆ ਜਦੋਂ ਦੀਵਾਨ ਗੋਬਿੰਦ ਸਹਾਇ ਪਾਣੀ ਦਾ ਗਿਲਾਸ ਲੈਣ ਲਈ ਉਠਿਆ ਸੀ ਅਤੇ ਭਾਵੇਂ ਮੇਰੇ ਪਿਤਾ ਕੋਈ ਬਹੁਤ ਵਡੇ ਆਦਮੀ ਨਹੀਂ ਸਨ, ਮੈਂ ਕਈ ਵਾਰ ਪੁਰਾਣੇ ਲਾਗੀਆਂ ਨੂੰ ਇਹ ਕਹਿੰਦੇ ਸੁਣਿਆ ਸੀ ਕਿ ਉਹ ਪਿਤਾ ਜੀ ਨਾਲ ਮੰਜੇ ਉਤੇ ਇਸ ਲਈ ਬਰਾਬਰ ਨਹੀਂ ਬੈਠ ਸਕਦੇ ਕਿਉਂਕਿ ਉਹ ਉਨ੍ਹਾਂ ਦਾ ਧਰਮ ਨਹੀਂ ਸੀ। ਮੇਰੇ ਕਹਿਣ ਤੋਂ ਭਾਵ ਹੈ ਕਿ ਉਸ ਸਮੇ ਜਾਤ ਪ੍ਰਬੰਧ ਇਸ ਪਧਰ ਤਕ ਮਨਾਂ ਵਿਚ ਵਸਿਆ ਹੋਇਆ ਸੀ ਕਿ ਉਨ੍ਹਾਂ ਲਈ ਜ਼ਾਤ-ਧਰਮ ਗੀਤਾ ਦੇ ਸਵੈ – ਧਰਮ ਵਾਂਗ ਸੀ। ਅਸਲ ਵਿਚ ਜਿਹੜੇ ਲੋਕ ਕੁਝ ਸਮਾਂ ਪਹਿਲਾਂ ਹੀ ਮੁਸਲਮਾਨ ਬਣੇ ਸਨ (ਜੋ ਕਿ ਮੁਸਲਮਾਨ ਆਬਾਦੀ ਦਾ ਵਡਾ ਹਿਸਾ ਸਨ) ਉਹ ਤਾਂ ਹਿੰਦੂਆਂ ਵਿਚ ਇਕ ਵਖਰੀ ਜਾਤ ਤੋਂ ਬਿਨਾਂ, ਹੋਰ ਵਧੇਰੇ ਅਡਰੇ ਨਹੀਂ ਸਮਝੇ ਜਾਂਦੇ ਸਨ, ਜੋ ਅਜੇ ਵੀ ਉਸ ਜਾਤ ਦੇ ਚਿੰਨ੍ਹ-ਪ੍ਰਬਧ ਨੂੰ ਬਰਕਰਾਰ ਰਖ ਰਹੇ ਸਨ, ਜਿਸ ਤੋਂ ਪਰਿਵਰਤਿਤ ਹੋ ਕੇ ਉਹ ਮੁਸਲਮਾਨ ਬਣੇ ਸਨ।
ਗ਼ੈਰ ਹਿੰਦੂ ਲੋਕਾਂ ਵਿਚ ਅਜੇ ਇਹ ਪੂਰੀ ਤਰ੍ਹਾਂ ਸਪਸ਼ਟ ਨਹੀਂ ਸੀ ਕਿ ਸਿਖ ਧਰਮ ਹਿੰਦੂ ਧਰਮ ਦੀ ਹੀ ਇਕ ਸੰਪ੍ਰਦਾਇ ਸੀ ਜਾਂ ਸੁਧਰਿਆ ਰੂਪ ਸੀ ਜਾਂ ਇਕ ਅਡਰਾ ਧਰਮ ਸੀ। ਹਰ ਸੰਪ੍ਰਦਾਇਕ ਸਥਿਤੀ ਵਿਚ ਸਿਖਾਂ ਨੇ ਆਪਣੇ ਆਪ ਨੂੰ ਇਕ ਬਿਹਤਰ ਹਿੰਦੂਆਂ ਵਜੋਂ ਸਥਾਪਿਤ ਕੀਤਾ ਸੀ। ਮੇਰੇ ਬਚਪਨ ਤਕ ਵੀ ਇਹ ਗਲ ਏਨੀ ਸਹੀ ਲਗਦੀ ਸੀ ਕਿ ਸਾਡੀ ਇਕ ਮੋਨਾ ਸਿਖ ਪਰਿਵਾਰ ਵਜੋਂ, ਸਾਡੇ ਸਾਰੇ ਰਿਸ਼ਤੇਦਾਰਾਂ ਵਿਚ ਇਕ ਪ੍ਰਚਲਿਤ ਮਾਨਤਾ ਇਹ ਸੀ ਕਿ ਮੋਨੇ ਵੀ ਸਿਖ ਹਨ, ਸਹਿਜਧਾਰੀ ਸਿਖ। ਮੋਟੇ ਤੌਰ ਉਤੇ ਇਹ ਮੰਨਿਆ ਜਾਂਦਾ ਸੀ ਕਿ ਸਿਖ ਅਤੇ ਮੋਨੇ ਹਿੰਦੂ ਹੀ ਹਨ। ਸਾਡਾ ਆਮ ਵਿਸ਼ਵਾਸ ਇਹ ਸੀ ਕਿ ਹਰ ਸਹਿਜਧਾਰੀ ਪਰਿਵਾਰ ਨੂੰ ਆਪਣੇ ਪਹਿਲੇ ਪੁਤਰ ਨੂੰ ਧਰਮ ਦੇ ਰਖਿਅਕ ਵਜੋਂ ਅੰਮ੍ਰਿਤ ਛਕਾ ਕੇ ਖਾਲਸਾ ਬਣਾਉਣਾ ਚਾਹੀਦਾ ਹੈ। ਇਥੋਂ ਤਕ ਕਿ ਸਠਵਿਆਂ ਵਿਚ ਮੇਰਾ ਇਕ ਸਿਖ ਚਾਚਾ ਰਾਮੇਸ਼ਵਰਮ ਦੀ ਯਾਤਰਾ ਕਰਕੇ ਆਇਆ ਅਤੇ ਮੇਰੇ ਲਈ ਖਾਸ ਤੌਰ ਉਤੇ ਪ੍ਰਸ਼ਾਦ ਲੈ ਕੇ ਆਇਆ। ਮੈਂ ਉਸ ਨੂੰ ਪੁਛਿਆ ਕਿ ਕੀ ਉਹ ਅਜੇ ਵੀ ਇਸ ਵਿਚ ਵਿਸ਼ਵਾਸ ਕਰਦੇ ਹਨ। ਉਨ੍ਹਾਂ ਜਵਾਬ ਵਿਚ ਕਿਹਾ ਕਿ ਜਵਾਨੀ ਵਿਚ ਉਸ ਨੇ ਬਾਕੀ ਸਾਰੇ ਧਾਮਾਂ ਦੀ ਯਾਤਰਾ ਕੀਤੀ ਸੀ, ਸਿਰਫ ਇਹੀ ਰਹਿੰਦਾ ਸੀ। ਇਸ ਲਈ ਉਸ ਨੇ ਸੋਚਿਆ ਮਰਨ ਤੋਂ ਪਹਿਲਾਂ ਇਹਨੂੰ ਵੀ ਪੂਰਾ ਕਰ ਲਵੇ। ਮੈਂ ਉਨ੍ਹਾਂ ਨੂੰ ਪੁਛਿਆ ਕਿ ਇਸ ਵਡੇਰੀ ਉਮਰ ਵਿਚ ਕੀ ਇਹ ਜ਼ਰੂਰੀ ਸੀ? ਤਾਂ ਉਨ੍ਹਾਂ ਜਵਾਬ ਦਿਤਾ ਕਿ ਉਸ ਨੇ ਇਹ ਯਾਤਰਾ ਤਾਂ ਕੀਤੀ ਹੈ ਕਿ ਇਸ ਨਾਲ ਉਸ ਦੀ ਮਾਂ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ।
ਸ਼ਾਹ ਮੁਹੰਮਦ ਨੂੰ ਪੜ੍ਹਨ ਤੋਂ ਬਾਅਦ ਪਾਠਕ ਦੇ ਮਨ ਅੰਦਰ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਉਸ ਵੇਲੇ ਕੋਈ ਸਿਖ ਨਹੀਂ ਸਨ ਜਾਂ ਕੀ ਉਸ ਨੂੰ ਮੋਨਾ-ਸਿਖਾਂ ਦੀ ਇਕਮਿਕਤਾ ਦਾ ਪਤਾ ਨਹੀਂ? ਜੋ ਪੰਜਾਬੀ ਸਮਾਜ ਦਾ ਵਿÎਸ਼ੇਸ਼ ਗੁਣ ਰਿਹਾ ਹੈ।
ਨਹੀਂ ਇਝ ਨਹੀਂ ਹੈ। ਸ਼ਾਹ ਮੁਹੰਮਦ ਉਨ੍ਹਾਂ ਸਾਰਿਆਂ ਲਈ ਸਿੰਘ ਸ਼ਬਦ ਦੀ ਵਰਤੋਂ ਕਰਦਾ ਹੈ, ਜਿਨ੍ਹਾਂ ਨੇ ਸਿਰ ਦੇ ਵਾਲ ਰਖੇ ਹੋਏ ਹਨ ਅਤੇ ਸਬਬ ਨਾਲ ਜੰਗਨਾਮੇ ਦੇ ਪ੍ਰਸੰਗ ਵਿਚ ਉਹ ਸਾਰੇ ਫੌਜੀ ਹਨ ਜੋ ਕਿ ਧਰਮ ਦੀ ਲੜਾਈ ਲੜ ਰਹੇ ਹਨ। ਇਸ ਲਈ ਉਨ੍ਹਾਂ ਦੇ ਸਾਰੇ ਵੇਰਵੇ ਜੰਗ ਦੇ ਮੈਦਾਨ ਤੋਂ ਆਉਂਦੇ ਹਨ। ਅਸਲ ਵਿਚ ਸਾਰੇ ਜੰਗਨਾਮੇ ਦੇ 1056 ਬੈਂਤਾਂ ਵਿਚ ਸਿਰਫ ਇਕ ਥਾਂ ਉਤੇ ਸਿਖ ਸ਼ਬਦ ਦਾ ਜ਼ਿਕਰ ਆਉਂਦਾ ਹੈ, ਉਹ ਵੀ ਬੜੇ ਵਿਗੜੇ ਰੂਪ ਵਿਚ। ਇਹ ਉਦੋਂ ਆਉਂਦਾ ਹੈ ਜਦੋਂ ਲਾਰਡ ਹਾਰਡਿੰਗ ਫੜ੍ਹ ਮਾਰਦਾ ਹੈ ਕਿ ਉਹ ਆਪ ਜਾ ਕੇ ਸਿਖਾਂ ਨਾਲ ਲੜੇਗਾ ਅਤੇ ਤਿਨ ਘਟਿਆਂ ਵਿਚ ਲਾਹੌਰ ਨੂੰ ਜਿਤ ਲਵੇਗਾ। ਮੇਰੇ ਬਚਪਨ ਵਿਚ ਖਾਸ ਤੌਰ ਉਤੇ ਸਿਖਾਂ ਵਿਚ ਕੋਈ ਵੀ ਇਸ ਵਿਗਾੜ ਉਤੇ ਨਰਾਜ਼ ਨਹੀਂ ਸੀ ਹੁੰਦਾ। ਇਕ ਤਰ੍ਹਾਂ ਨਾਲ ਇਹ ਸਿਖਾਂ ਦਾ ਹਾਸੇ ਵਾਲਾ ਸੁਭਾਅ ਸੀ। ਮੈਂ ਆਪਣੇ ਜੀਵਨ ਵਿਚ ਜਿੰਨੇ ਵੀ ਫਿਰਕੇ ਦੇ ਲੋਕਾਂ ਨੂੰ ਮਿਲਿਆ ਹਾਂ, ਸਿਰਫ ਸਿਖਾਂ ਵਿਚ ਹੀ ਇਹ ਵਖਰੀ ਸਮਰਥਾ ਹੈ ਕਿ ਉਹ ਆਪਣੇ ਆਪ ਉਤੇ ਖੁਲ੍ਹ ਕੇ ਹਸ ਸਕਦੇ ਹਨ।
ਸ਼ਾਹ ਮੁਹੰਮਦ ਦੇ ਪ੍ਰਸੰਗ ਵਿਚ ਇਸ ਤੋਂ ਉਲਟ ਵੀ ਓਨਾ ਹੀ ਠੀਕ ਹੈ। ਮਸਲਨ ਜੰਗਨਾਮੇ ਵਿਚ ਇਕ ਵੀ ਪੰਜਾਬੀ ਹਿੰਦੂ ਨਹੀਂ ਜਿਸ ਦਾ ਜ਼ਿਕਰ ਆਇਆ ਹੋਵੇ। ਇਥੋਂ ਤਕ ਕਿ ਇਸ ਵਿਚੋਂ ਕੋਈ ਵੀ ਇਹ ਅਨੁਮਾਨ ਨਹੀਂ ਲਾ ਸਕਦਾ ਕਿ ਖਾਲਸਾ ਦਰਬਾਰ ਦੇ ਪ੍ਰਬੰਧ ਵਿਚ ਹਿੰਦੂ ਜਾਂ ਮੋਨਾ ਦਾ ਸੰਕਲਪ ਕੋਈ ਮਹਤਵ ਨਹੀਂ ਰਖਦਾ ਸੀ। ਜਦੋਂ ਕਿ ਤੱਥ ਇਹ ਹੈ ਕਿ ਰਣਜੀਤ ਸਿੰਘ ਰਾਜ ਦੇ ਬਹੁਤੇ ਕੰਮ ਆਪਣੇ ਪ੍ਰਭਾਵ ਦੇ ਇਲਾਕੇ ਜਿਵੇਂ ਰਚਨਾ ਦੁਆਬ ਦੇ ਹਿੰਦੂ ਅਹੁਦੇਦਾਰਾਂ ਦੀ ਮਦਦ ਨਾਲ ਕਰਦਾ ਸੀ। ਇਸ ਤਰ੍ਹਾਂ ਨਾਲ ਕੰੁੰਜਾਹ ਦੇ ਨਈਅਰਾਂ, ਅਕਾਲਗੜ੍ਹ ਦੇ ਚੋਪੜਿਆਂ, ਐਮਨਾਬਾਦ ਦੇ ਨੰਦਾ ਅਤੇ ਮਲਵਈਆਂ, ਘੜਤਾਲ ਦੇ ਪੁਰੀਆਂ, ਕੰਜਰੂਰ ਦੱਤਾਂ ਦੇ ਦੱਤ ਚੌਧਰੀਆਂ, ਹਾਫਿਜ਼ਾਬਾਦ ਦੇ ਕਪੂਰਾਂ ਅਤੇ ਚੋਪੜਿਆਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਰਾਜ ਦੇ ਜ਼ਿਆਦਾਤਰ ਅਧਿਕਾਰੀ ਇਨ੍ਹਾਂ ਪਰਿਵਾਰਾਂ ਵਿਚੋਂ ਆਉਂਦੇ ਸਨ।
ਜੰਗ ਦੇ ਮੈਦਾਨ ਵਿਚ ਜੇ ਕਿਸੇ ਦਾ ਜ਼ਿਕਰ ਆਉਂਦਾ ਹੈ ਤਾਂ ਉਹ ਪੰਜਾਬ ਦੇ ਪਹਾੜੀ ਰਾਜਾਂ ਦੇ ਰਾਜਪੂਤ ਹਨ, ਜੋ ਇਸ ਲੜਾਈ ਵਿਚ ਉਚ ਪਾਏੇ ਦੇ ਤਲਵਾਰਬਾਜ਼ਾਂ ਵਜੋਂ ਜਾਣੇ ਜਾਂਦੇ ਹਨ। ਭਾਵੇਂ ਕਿ ਇਨ੍ਹਾਂ ਵਿਚ ਜੰਮੂ ਦਾ ਮਹਾਰਾਜਾ ਗੁਲਾਬ ਸਿੰਘ ਵਰਗਾ ਅਪਵਾਦ ਵੀ ਸ਼ਾਮਲ ਸੀ, ਜਿਸ ਨੂੰ ਸ਼ਾਹ ਮੁਹੰਮਦ ਨੀਚ ਕਿਸਮ ਦਾ ਸਵਾਰਥੀ ਕਹਿੰਦਾ ਹੈ। ਜਿਸ ਤਰ੍ਹਾਂ ਸ਼ਾਹ ਮੁਹੰਮਦ ਉਸਦਾ ਜ਼ਿਕਰ ਕਰਦਾ ਹੈ ਉਸ ਤੋਂ ਲਗਦਾ ਹੈ ਕਿ ਆਪਣੇ ਅਹੁਦੇ ਨੂੰ ਪਕਾ ਕਰਨ ਲਈ ਉਹ ਖਾਲਸਾ ਦਰਬਾਰ ਨੂੰ ਢਾਹੁਣ ਵਿਚ ਅੰਰਗੇਜ਼ਾਂ ਨਾਲ ਮਿਲਿਆ ਹੋਇਆ ਸੀ। ਇਸ ਲਈ ਉਸ ਦਾ ਜ਼ਿਕਰ ਜੰਗਨਾਮੇ ਵਿਚ ਉਦੋਂ ਹੀ ਆਉਂਦਾ ਹੈ ਜਦੋਂ ਅੰਗਰੇਜ਼ ਲਾਹੌਰ ਵਿਚ ਦਾਖਲ ਹੁੰਦੇ ਹਨ। ਉਸ ਨੂੰ ਸੰਗਲਾਂ ਨਾਲ ਬੰਨ੍ਹ ਕੇ ਸਿਘਾਂ ਨੇ ਜੰਮੂ ਤੋਂ ਲਾਹੌਰ ਲਿਆਂਦਾ ਸੀ। ਇਸ ਲਈ ਰਾਣੀ ਜਿੰਦਾਂ ਦੇ ਕਹਿਣ ਅਨੁਸਾਰ, ਉਹ ਉਨ੍ਹਾਂ ਲਈ ਬਦਲੇ ਦੀ ਭਾਵਨਾ ਰਖਦਾ ਸੀ। ਇੰਝ ਲਗਦਾ ਹੈ ਕਿ ਉਹ ਰਾਣੀ ਜਿੰਦਾ ਤੋਂ ਡਰਿਆ ਹੋਇਆ ਸੀ, ਇਸ ਲਈ ਉਸ ਨੇ ਆਪਣੇ ਵਖਰੇ ਸਲਾਹਕਾਰ ਰਖੇ ਹੋਏ ਸਨ। ਨਹੀਂ ਤਾਂ ਜਿਸ ਤਰ੍ਹਾਂ ਦਾ ਦਰਜਾ ਡੋਗਰੇ ਖਾਲਸਾ ਦਰਬਾਰ ਵਿਚ ਰਖਦੇ ਸਨ, ਉਸ ਨੂੰ ਡੋਗਰਾ ਖਾਨਦਾਨ ਦਾ ਨਾਮ ਬਚਾਉਣ ਲਈ ਜੰਗ ਵਿਚ ਲੜ ਕੇ ਮਰ ਜਾਣਾ ਚਾਹੀਦਾ ਸੀ। ਪਰ ਜਦੋਂ ਸੰਕਟ ਆਇਆ ਉਹ ਵਫਾਦਾਰ ਨਾ ਰਿਹਾ। ਜੇ ਉਦੋਂ ਇਕ ਵੀ ਤਾਕਤਵਰ ਆਗੂ ਹੁੰਦਾ ਤਾਂ ਇਸ ਲੜਾਈ ਦਾ ਅੰਤ ਕਿਸੇ ਹੋਰ ਤਰ੍ਹਾਂ ਹੋਣਾ ਸੀ। ਅਸਲ ਵਿਚ ਦੂਜੀ ਪੰਜਾਬ ਜੰਗ ਵਿਚ ਹੀ ਉਹ ਪੰਜਾਬ ਦੀ ਫੌਜ ਦੇ ਹਕ ਵਿਚ ਭੁਗਤ ਸਕਦਾ ਸੀ। ਪਰ ਅਫਸੋਸ! ਉਹ ਨਾ ਧਿਆਨ ਸਿੰਘ ਸੀ ਤੇ ਨਾ ਹੀਰਾ ਸਿੰਘ। ਜਿਵੇਂ ਕਿ ਆਮ ਸਿਖ ਮੰਨਦੇ ਹਨ ਕਿ ਉਹ ਅਜਿਹਾ ਗਦਾਰ ਸੀ, ਜਿਸ ਨੇ ਖਾਲਸੇ ਦੀ ਪਿਠ ਵਿਚ ਛੁਰਾ ਮਾਰਿਆ ਅਤੇ ਸ਼ਾਹ ਮੁਹੰਮਦ ਉਨ੍ਹਾਂ ਦੇ ਹੀ ਵਿਚਾਰ ਸਾਂਝੇ ਕਰ ਰਿਹਾ ਸੀ।
ਹੁਣ ਦੂਜੀ ਜਾਤ ਵੱਲ ਮੁੜਦੇ ਹਾਂ ਭਾਵ ਪੰਜਾਬ ਦੇ ਮੁਸਲਮਾਨਾਂ ਵੱਲ। ਅਸੀਂ ਪਿਛੇ ਇਹ ਚਰਚਾ ਕਰ ਆਏ ਹਾਂ ਕਿ ਕਿਵੇਂ ਉਹ ਹਿੰਦੂ ਅਤੇ ਸਿਖਾਂ ਨਾਲ ਮਿਲ ਕੇ ਸਾਰੇ ਪੰਜਾਬੀਆਂ ਦਾ ਇਕ ਰਾਸ਼ਟਰ ਬਣਾਉਣ ਵਿਚ ਸ਼ਾਮਿਲ ਸਨ। ਉਦੋਂ ਤਕ ਭਾਰਤ ਵਿਚ ਨੇਸ਼ਨ ਸਟੇਟ ਵਰਗਾ ਵਿਚਾਰ ਵੀ ਪੈਦਾ ਨਹੀਂ ਹੋਇਆ ਸੀ। ਉਨ੍ਹਾਂ ਦੀ ਤਤਕਾਲੀ ਜੰਗ ਵਿਚ ਕੀ ਭੂਮਿਕਾ ਸੀ? ਆਮ ਫਿਰਕੂ ਪ੍ਰਭਾਵ ਹੇਠ, ਮੁਸਲਮਾਨ ਖਾਲਸਾ ਦਰਬਾਰ ਨੂੰ ਛਡ ਕੇ ਵਧੇਰੇ ਫਾਇਦੇ ਲੈ ਸਕਦੇ ਸਨ। ਪਰ ਅਜਿਹਾ ਅਸੀਂ ਵੰਡੇ ਹੋਏ Îਭਾਰਤ ਦੇ ‘ਦੋ ਰਾਸ਼ਟਰ’ ਸਿਧਾਂਤ ਤੋਂ ਬਾਅਦ ਸੋਚ ਸਕਦੇ ਹਾਂ। ਪਰ ਅਸਲ ਤੱਥ ਇਹ ਹੈ ਕਿ ਜਦੋਂ ਸਿਖ ਕਮਾਂਡਰਾਂ, ਖਾਸ ਤੌਰ ਉਤੇ ਕਮਾਂਡਰ-ਇਨ-ਚੀਫ ਤੇਜ ਸਿੰਘ ਅਤੇ ਮਹਾਰਾਣੀ ਦਾ ਨਿਜੀ ਸਲਾਹਕਾਰ ਲਾਲ ਸਿੰਘ, ਦੋਹਾਂ ਨੇ ਆਪਣੀ ਜ਼ਮੀਰ ਅੰਗਰੇਜ਼ਾਂ ਨੂੰ ਵੇਚ ਦਿਤੀ ਸੀ, ਉਦੋਂ ਕਿਸੇ ਵੀ ਰੈਂਕ ਦਾ ਇਕ ਵੀ ਮੁਸਲਮਾਨ ਜੰਗ ਵਿਚ ਪਿਛੇ ਨਹੀਂ ਹਟਿਆ ਅਤੇ ਤੁਹਾਨੂੰ ਯਾਦ ਹੈ! ਮੈਦਾਨ-ਏ-ਜੰਗ ਵਿਚ ਉਨ੍ਹਾਂ ਨੇ ਬਹੁਤ ਨਿਰਣਾਇਕ ਸਥਿਤੀ ਹਾਸਲ ਕੀਤੀ ਹੋਈ ਸੀ। ਲਗਭਗ ਸਾਰਾ ਤੋਪਖਾਨਾ ਉਨ੍ਹਾਂ ਦੇ ਅਧਿਕਾਰ ਹੇਠ ਸੀ। ਸ਼ਾਇਦ ਇਹ ਉਸ ਸਮੇਂ ਦੇ ਬਿਹਤਰੀਨ ਤੋਪਚੀ ਸਨ। ਇਸ ਤੋਂ ਬਿਨਾਂ ਉਹ ਏਨੇ ਭਰੋਸੇਯੋਗ ਸਨ ਕਿ ਜੰਗ ਦੇ ਸਮੇਂ ਰਾਣੀ ਜਿੰਦਾਂ ਨੇ ਲਾਹੌਰ ਦੀ ਦੇਖ-ਰੇਖ ਸਿਰਫ ਮੁਸਲਮਾਨ ਫੌਜ ਦੇ ਹੀ ਹਵਾਲੇ ਕੀਤੀ। ਕੀ ਕੋਈ ਸੋਚ ਸਕਦਾ ਹੈ ਕਿ ਅੱਜ ਅਜਿਹਾ ਕੁਝ ਹੋ ਸਕਦਾ ਹੈ?
ਇਸ ਪ੍ਰਸੰਗ ਵਿਚ ਬੈਂਤ 60 ਦਾ ਹਵਾਲਾ ਦੇਣਾ ਉਚਿਤ ਰਹੇਗਾ —
ਮਜ਼ਹਰ ਅਲੀ ਤੇ ਮਾਖੇ ਖਾਂ ਕੂਚ ਕੀਤਾ/ਤੋਪਾਂ ਸ਼ਹਿਰ ਥੀਂ ਬਾਹਰ ਨਿਕਾਲੀਆਂ ਨੀ।
ਬੇੜਾ ਚੜ੍ਹਿਆ ਸੁਲਤਾਨ ਮਹਿਮੂਦ ਵਾਲਾ/ਤੋਪਾਂ ਹੋਰ ਇਮਾਮ ਸ਼ਾਹ ਵਾਲੀਆਂ ਨੀ।
ਇਲਾਹੀ ਬਖਸ਼ ਪਟੋਲੀਏ ਮਾਂਜ ਕੇ ਜੀ/ਧੂਪ ਦੇਇ ਕੇ ਤਖ਼ਤ ਬਹਾਲੀਆਂ ਨੀ।
ਇਲਾਹੀ ਬਖਸ਼ ਪਟੋਲੀਏ ਮਾਂਜ ਕੇ ਜੀ/ਧੂਪ ਦੇਇਕੇ ਤਖ਼ਤ ਬਹਾਲੀਆਂ ਨੀ।
ਸ਼ਾਹ ਮੁਹੰਮਦਾ ਐਸੀਆਂ ਸਿਕਲ ਹੋਈਆਂ/ਬਿਜਲੀ ਵਾਂਗਰਾ ਦੇਣ ਦਿਖਾਲੀਆਂ ਨੀ।
ਇਝ ਲਗਦਾ ਹੈ ਜਿਵੇਂ ਸ਼ਾਹ ਮੁਹੰਮਦ ਨੂੰ ਇਸ ਦੀ ਪੂਰੀ ਸਮਝ ਹੈ ਕਿ ਜੰਗਾਂ ਕਿਵੇਂ ਲੜੀਆਂ ਜਾਂਦੀਆਂ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਉਹ ਤੋਪਖਾਨੇ ਦੇ ਇਕ ਕਮਾਂਡਰ ਸੁਲਤਾਨ ਮਹਿਮੂਦ ਨਾਲ ਸੰਬੰਧਤ ਸੀ, ਜਿਸ ਦਾ ਕਿ ਉਹ ਉਪਰਲੇ ਬੈਂਤ ਵਿਚ ਜ਼ਿਕਰ ਕਰਦਾ ਹੈ। ਪਰ ਇਸ ਤੋਂ ਬਿਨਾਂ ਇਸ ਵਿਚ ਕੋਈ ਦੋ ਰਾਇ ਨਹੀਂ ਕਿ ਉਹ ਇਕ ਸੁਚੇਤ ਜਾਣਕਾਰ ਬੰਦਾ ਸੀ, ਜੋ ਕੂਟਨੀਤਕ ਭਾਸ਼ਾ ਨੂੰ ਸਮਝਦਾ ਸੀ ਅਤੇ ਵਾਪਰ ਰਹੇ ਘਟਨਾਕ੍ਰਮ ਦੇ ਮਹਤਵ ਨੂੰ ਸਮਝਦਾ ਸੀ। ਸਭ ਤੋਂ ਜ਼ਰੂਰੀ ਉਸ ਦੇ ਸੂਚਨਾ ਦੇ ਸਰੋਤ ਏਨੇ ਅਸਲੀ ਹਨ ਕਿ ਉਸ ਨੇ ਜੋ ਵੀ ਲਿਖਿਆ ਹੈ, ਉਹ ਪੂਰੀ ਤਰ੍ਹਾਂ ਪ੍ਰਮਾਣਿਕ ਹੈ।
-5-
ਅਸੀਂ ਸ਼ਾਹ ਮੁਹੰਮਦ ਬਾਰੇ ਚਰਚਾ ਕਰਦਿਆਂ ਪੰਜਾਬੀ ਰਾਸ਼ਟਰਵਾਦ (ਪੰਜਾਬੀਅਤ) ਬਾਰੇ ਇਸ ਵਿਚਲੇ ਵਿਭਿੰਨ ਫਿਰਕਿਆਂ ਸਮੇਤ ਲੰਮਾ ਵਿਸ਼ਲੇਸ਼ਣ ਕੀਤਾ ਹੈ। ਮੇਰਾ ਮੰਨਣਾ ਹੈ ਕਿ ਅਸਲ ਵਿਚ ਇਹ ਜੰਗ ਹਿੰਦ ਜਾਂ ਈਸਟ ਇੰਡੀਆ ਕੰਪਨੀ ਦੇ ਕਬਜ਼ੇ ਵਾਲੇ ਭਾਰਤ ਨਾਲ ਸਿਖਾਂ ਦੀ ਨਹੀਂ ਸੀ, ਸਗੋਂ ਸਾਰੇ ਪੰਜਾਬ ਦੀ ਸੀ। ਇਸ ਕਥਾ ਦਾ ਸਿਰਲੇਖ ਹੀ ਇਹ ਸਪਸ਼ਟ ਕਰ ਦਿੰਦਾ ਹੈ ਕਿ ਇਹ ਜੰਗ ਦੋ ਖੁਦਮੁਖਤਿਆਰ ਦੇਸਾਂ ਦਰਮਿਆਨ ਸੀ, ਜਿਸ ਵਿਚ ਇਕ ਪਾਸੇ ਈਸਟ ਇੰਡੀਆ ਦੇ ਕਬਜ਼ੇ ਵਾਲਾ ਭਾਰਤ ਸੀ ਤੇ ਦੂਜੇ ਪਾਸੇ ਪੰਜਾਬ ਸੀ, ਜਿਸ ਨੂੰ ਖਾਲਸਾ ਦਰਬਾਰ ਚਿੰਨ੍ਹਤ ਕਰਦਾ ਸੀ। ਆਪਣੇ ਇਸ ਦਾਅਵੇ ਨੂੰ ਬਾਦਲੀਲ ਸਪਸ਼ਟ ਕਰਨ ਲਈ ਸਾਨੂੰ ਪੰਜਾਬੀ ਰਾਸ਼ਟਰਵਾਦ ਦੀਆਂ ਕੁÎਝ ਝਲਕਾਂ ਦਿਖਾਉਣੀਆਂ ਜ਼ਰੂਰੀ ਹਨÎ।
ਮਸਲਨ ਬੰਦ 63 ਅਨੁਸਾਰ —
ਲਗੀ ਧਮਕ ਸਾਰੇ ਹਿੰਦੋਸਤਾਨ ਅੰਦਰ, ਦਿਲੀ ਆਗਰੇ ਹਾਂਸੀ ਹਿਸਾਰ ਮੀਆਂ।
ਬੀਕਾਨੇਰ ਗੁਲਨੇਰ ਭਟਨੇਰ ਜੈਪੁਰ, ਪਈਆ ਭਾਜੜਾਂ ਜਮਨਾ ਤੋਂ ਪਾਰ ਮੀਆਂ।
ਚੜ੍ਹੀ ਸਬ ਪੰਜਾਬ ਦੀ ਬਾਦਸ਼ਾਹੀ, ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ।
ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈਂ, ਸਿੰਘ ਲੈਣਗੇ ਦਿਲੀ ਨੂੰ ਮਾਰ ਮੀਆਂ।
ਅਗਲੀ ਝਲਕ ਬੰਦ 72 ਵਿਚ ਇਸ ਤਰ੍ਹਾਂ ਹੈ —
ਹੁਕਮ ਲਾਟ ਕੀਤਾ ਲਸ਼ਕਰ ਆਪਣੇ ਨੂੰ/ਤੁਸਾਂ ਲਾਜ ਅੰਗਰੇਜ਼ ਦੀ ਰਖਣੀ ਜੀ।
ਸਿੰਘਾਂ ਮਾਰ ਕੇ ਕਟਕ ਮੁਕਾਇ ਦਿਤੇ/ਹਿੰਦੁਸਤਾਨੀ ਤੇ ਪੂਰਬੀ ਦਖਣੀ ਜੀ।
ਨੰਦਨ ਟਾਪੂਆਂ ਵਿਚ ਕੁਰਲਾਟ ਹੋਇਆ/ਕੁਰਸੀ ਚਾਰ ਹਜ਼ਾਰ ਹੈ ਸਖਣੀ ਜੀ।
ਸ਼ਾਹ ਮੁਹੰਮਦਾ ਕਰਨੀ ਪੰਜਾਬ ਖਾਲੀ/ਰੱਤ ਸਿੰਘ ਸਿਪਾਹੀ ਦੀ ਚਖਣੀ ਜੀ।
ਬੰਦ 88 ਇਸਦਾ ਪਖ ਸਪਸ਼ਟ ਕਰਦਾ ਹੈ —
ਪਿਛੋਂ ਬੈਠ ਸਰਦਾਰਾਂ ਗੁਰਮਤਾ ਕੀਤਾ/ਕੋਈ ਅਕਲ ਦਾ ਕਰੋ ਇਲਾਜ ਯਾਰੋ।
ਫੇੜ (ਛੇੜ) ਬੁਰਛਿਆਂ ਦੀ ਸਾਡੇ ਪੇਸ਼ ਆਈ/ਪਗ ਦਾੜ੍ਹੀਆਂ ਦੀ ਰਖੋ ਲਾਜ ਯਾਰੋ।
ਮੁਠੀ ਮੀਟੀ ਸੀ ਏਸ ਪੰਜਾਬ ਦੀ ਜੀ/ਇਨ੍ਹਾਂ ਖੋਲ੍ਹ ਦਿਤਾ ਸਾਰਾ ਪਾਜ ਯਾਰੋ।
ਸ਼ਾਹ ਮੁਹੰਮਦਾ ਮਾਰ ਕੇ ਮਰੋ ਏਥੋ/ਕਦੇ ਰਾਜ ਨਾ ਹੋਇ ਮੁਹਤਾਜ ਯਾਰੋ।
ਪਰ ਬੰਦ 90 ਦਾ ਸਭ ਦਾ ਸਿਖਰ ਹੈ —
ਆਈਆਂ ਪੜਤਲਾਂ ਬੀੜ ਕੇ ਤੋਪਖਾਨੇ/ਅਗੋਂ ਸਿੰਘਾਂ ਨੇ ਪਾਸੜੇ ਤੋੜ ਸੁਟੇ।
ਮਾਖੇ ਖਾਂ ਤੇ ਮੇਵਾ ਸਿੰਘ ਹੋਏ ਸਿਧੇ/ਹੱਲੇ ਤਿੰਨ ਫਿਰੰਗੀ ਦੇ ਮੋੜ ਸੁਟੇ।
ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ/ਮਾਰ ਸ਼ਸਤ੍ਰੀਂ ਜੋੜ ਵਿਛੇੜ ਸੁਟੇ।
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ/ਵਾਂਙ ਨਿੰਬੂਆਂ ਲਹੂ ਨਿਚੋੜ ਸੁਟੇ।
ਸਾਰੇ ਜੰਗਨਾਮੇ ਵਿਚ ਪੰਜਾਬੀ ਰਾਸ਼ਟਰਵਾਦ ਇਸ ਦੀ ਮੂਲ ਸੁਰ ਵਾਂਗ ਸਮੋਇਆ ਹੋਇਆ ਹੈ। ਇਹ ਤੱਥ ਹੈ ਕਿ ਪੂਰੇ ਜੰਗਨਾਮੇ ਵਿਚ ਇਕ ਵੀ ਵੇਰਵਾ ਜਾਂ ਸੰਕੇਤ ਅਜਿਹਾ ਨਹੀਂ ਜਿਸ ਤੋਂ ਕੋਈ ਫਿਰਕੂ ਭਾਅ ਆਉਂਦੀ ਹੋਵੇ। ਇਕ ਪੰਜਾਬੀ ਪਾਠਕ ਨੂੰ ਇਹ ਗੱਲ ਲਾਜ਼ਮੀ ਪ੍ਰਭਾਵਿਤ ਕਰੇਗੀ ਕਿ ਅੱਜ ਦੇ ਪੰਜਾਬ ਨੇ ਇਥੋਂ ਤਕ ਕਿ ਮੇਰੀ ਪੀੜ੍ਹੀ ਨੇ ਵੀ ਇਹ ਸੰਪਰਦਾਇਕ ਪੰਜਾਬੀ ਏਕਤਾ ਅਨੁਭਵ ਨਹੀਂ ਕੀਤੀ। ਸਾਡੇ ਆਗੂਆਂ, ਸਾਡੇ ਸਿਖਿਆ ਪ੍ਰਬੰਧ ਅਤੇ ਸਾਡੀਆਂ ਸੰਸਥਾਵਾਂ ਆਦਿ, ਪਿਛਲੇ 50 ਸਾਲਾਂ ਵਿਚ ਬੁਰੀ ਤਰ੍ਹਾਂ ਨਾਲ ਫਿਰਕੂ ਰੰਗ ਵਿਚ ਰੰਗੇ ਗਏ ਹਨ। ਅਸੀਂ ਸ਼ਾਇਦ ਇਸ ਵਿਚ ਡਿਗਣ ਲਈ ਵਧੇਰੇ ਹੀ ਕਾਹਲੇ ਸਾਂ ਅਤੇ ਦੁਖਾਂਤ ਇਹ ਹੈ ਕਿ ਅਸੀਂ ਇਹ ਮੰਨਣਾ ਸੁਰੂ ਕਰ ਦਿਤਾ ਹੈ ਕਿ ਇਹ ਸਾਰਾ ਕੁਝ ਇਤਿਹਾਸ ਦੀਆਂ ਘਟਨਾਵਾਂ ਦਾ ਸੁਭਾਵਿਕ ਨਤੀਜਾ ਹੈ ਤੇ ਇਹ ਇੰਝ ਹੀ ਹੋਣਾ ਸੀ।
ਅਸੀਂ ਹਿੰਦੂਆਂ ਨੇ ਹਮੇਸ਼ਾ ਇਹ ਸਮਝਿਆ ਹੈ ਕਿ ਮੁਸਲਿਮ ਨਜ਼ਰੀਆ ਹੀ ਸਾਰੀ ਸੰਪਰਦਾਇਕਤਾ ਦੀ ਜੜ੍ਹ ਹੈ ਜਦੋਂ ਕਿ ਮੁਸਲਮਾਨ ਆਪਣੇ ਆਪ ਨੂੰ ਇਸ ਤਰ੍ਹਾਂ ਪੀੜਤ ਧਿਰ ਸਮਝਦੇ ਰਹੇ ਕਿ ਹਿੰਦੂ ਬਹੁਗਿਣਤੀ ਵਿਚ ਹੋਣ ਕਾਰਨ ਉਨ੍ਹਾਂ ਨੂੰ ਗੁਲਾਮ ਬਣਾਉਣ ਉਤੇ ਤੁਲੇ ਹੋਏ ਹਨ। ਸ਼ਾਹ ਮੁਹੰਮਦ ਇਹ ਸੁਝਾਉਂਦਾ ਹੈ ਕਿ ਜਿਸ ਨੂੰ ਅਸੀਂ ਇਲਾਹੀ ਸਚ ਸਮਝਦੇ ਰਹੇ ਹਾਂ, ਅਸਲ ਵਿਚ ਉਹ ਸਿਰਫ ਨਜ਼ਰ ਦਾ ਭਰਮ ਸੀ, ਸਗੋਂ ਇਕ ਪਥ ਭ੍ਰਸ਼ਟਤਾ ਸੀ। ਵੈਸ਼ਨਵਵਾਦੀਆਂ ਅਤੇ ਸੂਫੀਆਂ ਨੇ ਆਪਣੇ ਸ਼ਰਧਾਲੂਆਂ ਦੇ ਇਕਠੇ ਹੋਣ ਲਈ ਖੇਤਰੀ ਆਧਾਰ ਪ੍ਰਦਾਨ ਕੀਤੇ ਹਨ। ਇਸ ਨੂੰ ਅਜਕਲ੍ਹ ਉਪ-ਰਾਸ਼ਟਰਵਾਦ ਕਿਹਾ ਜਾ ਰਿਹਾ ਹੈ। ਪਰ ਸ਼ਾਇਦ ਸਾਡੀ ਰਾਸ਼ਟਰੀ ਚੇਤਨਾ ਨੂੰ ਇਸ ਉਪ-ਰਾਸ਼ਟਰਵਾਦ ਉਤੇ ਆਧਾਰਿਤ ਹੋਣਾ ਚਾਹੀਦਾ ਹੈ। ਜੇ ਅਸੀਂ ਅਸਲੀ ਮੁਦੇ ਤੋਂ ਨਾ ਭਟਕੀਏ ਤਾਂ ਸਾਡੇ ਰਾਸ਼ਟਰੀ ਨਜ਼ਰੀਏ ਵਿਚ ਉਦੋਂ ਤਬਦੀਲੀ ਆਉਣੀ ਸ਼ੁਰੂ ਹੋਈ ਜਦੋਂ ਪੂਰੇ ਉਤਰੀ ਭਾਰਤ ਤੇ ਖਾਸ ਤੌਰ ਉਤੇ ਹਿੰਦੀ ਦੇ ਇਲਾਕੇ ਵਿਚ ਧਾਰਮਿਕ ਵਿਵਾਦ ਦਾ ਦੌਰ ਸ਼ੁਰੂ ਹੋਇਆ। ਜਿਹੜੇ ਸਵਾਲ ਉਤੇ ਕਸਬਾ ਦਰ ਕਸਬਾ ਬਹਿਸ ਹੋ ਰਹੀ ਸੀ, ਉਹ ਇਹ ਸੀ ਕਿ ਕਿਸ ਦਾ ਰਬ ਵਧੇਰੇ ਸਚਾ ਹੈ? ਪ੍ਰਭਾਵ ਸਰੂਪ ਇਹ ਕਿਹਾ ਜਾ ਰਿਹਾ ਸੀ ਕਿ ਦੂਜਾ ਰਬ ਨਾ ਸਿਰਫ  ਸਚਾ ਨਹੀਂ ਹੈ, ਸਗੋਂ ਝੂਠਾ ਹੈ। ਇਸ ਵਿਵਾਦ ਨੇ ਉਨ੍ਹਾਂ ਲੋਕਾਂ ਵਿਚ ਬਹੁਤ ਸਾਰੀ ਫਿਰਕੂ ਤਪਸ਼ ਪੈਦਾ ਕੀਤੀ ਜੋ ਸਦੀਆਂ ਤੋਂ ਇਕੱਠੇ ਰਹਿ ਰਹੇ ਸਨ।
ਆਓ ਕੁਝ ਪੰਨੇ ਸਤਿਆਰਥ ਪ੍ਰਕਾਸ਼ ਦੇ ਪਲਟਦੇ ਹਾਂ ਤਾਂ ਕਿ ਸਪਸ਼ਟ ਹੋਵੇ ਕਿ ਮੈਂ ਕਹਿਣਾ ਕੀ ਚਾਹੁੰਦਾ ਹਾਂ ਅਤੇ ਜਦੋਂ ਮੂਲਵਾਦੀ ਨਜ਼ਰੀਆ ਮੁਖ ਧਾਰਾ ਬਣ ਕੇ ਸਰਬਗ੍ਰਾਹੀ ਲਗਣ ਲਗਾ ਤਾਂ ਸਮਾਨਤਾਵਾਦੀ ਜਾਂ ਬਰਾਬਰੀ ਦੇ ਵਿਚਾਰ ਗਾਇਬ ਹੋਣ ਲਗੇ। ਇੰਝ ਲਗਦਾ ਹੈ ਕਿ ਵੇਲੇ ਦੀ ਸਰਕਾਰ ਵੀ ਇਸ ਨੂੰ ਹਲਾਸ਼ੇਰੀ ਦਿੰਦੀ ਰਹੀ, ਜਿਸ ਲਈ ਲੋਕਾਂ ਨੂੰ ਵੰਡਣ ਤੋਂ ਬਿਨਾਂ ਹੋਰ ਕੋਈ ਮਕਸਦ ਨਹੀਂ ਸੀ। ਭਾਰਤ ਵਿਚ ਇਹ ਇਕ ਲੰਮੀ ਪਰੰਪਰਾ ਹੈ, ਜਿਸ ਵਿਚ ਕਿਸੇ ਦੇ ਸ਼ੰਕਿਆਂ ਦੀ ਨਵਿਰਤੀ ਕੀਤੀ ਜਾਂਦੀ ਹੈ ਅਤੇ ਉਹ ਸਵਾਲ ਖੜ੍ਹੇ ਕੀਤੇ ਜਾਂਦੇ ਹਨ ਜੋ ਬਣੇ ਬਣਾਏ ਉਤਰਾਂ ਨੂੰ ਰੱਦ ਕਰਦੇ ਹੋਣ। ਆਖਿਰਕਾਰ ਇਹ ਬੰਦੇ ਦੀ ਆਤਮਿਕ ਤੜਪ ਹੈ, ਜਿਸ ਨੇ ਜੀਵਨ ਅਤੇ ਸਭਿਆਚਾਰ ਨੂੰ ਅਨੇਕ ਅਰਥ ਦਿਤੇ ਹਨ। ਸਾਡੇ ਕੋਲ ਸ਼ਾਸਤਰਾਰਥ ਦੀ ਆਪਣੀ ਪਰੰਪਰਾ ਰਹੀਂ ਹੈ। ਇਹ ਇਕ ਸਿਰਜਣਾਤਮਕ ਵਿਚਾਰ ਚਰਚਾ ਹੁੰਦੀ ਸੀ ਤਾਂ ਜੋ ਕਿਸੇ ਉਚਿਤ ਨਤੀਜੇ ਉਤੇ ਪਹੁੰਚਿਆ ਜਾ ਸਕੇ। ਇਸ ਵਿਚ ਲਾਜ਼ਮੀ ਸੀ ਕਿ ਚਰਚਾ ਨਿਸ਼ਚਿਤ ਮਾਪਦੰਡਾਂ ਦੇ ਦਰਮਿਆਨ ਹੀ ਰਹੇ। ਇਸੇ ਨਤੀਜੇ ਨਾਲ ਹੀ ਉਪਨਿÎਸ਼ਦਾਂ ਦੀ ਰਚਨਾ ਹੋਈ ਅਤੇ ਉਨ੍ਹਾਂ ਨੂੰ ਇਕੱਠਿਆਂ ਕੀਤਾ ਗਿਆ। ਸੁਕਰਾਤ ਨੇ ਵੀ ਸਚ ਦੀ ਭਾਲ ਵਿਚ ਇਹੀ ਵਿਧੀ ਵਰਤੀ ਅਤੇ ਆਪਣਾ ਸਦੇਸ਼ ਫੈਲਾਇਆ। ਕਈ ਵਾਰ ਉਹ ਆਪ ਸਵਾਲ ਖੜਾ ਕਰਦਾ ਅਤੇ ਲੋਕਾਂ ਨੂੰ ਆਪ ਹੀ ਉਸ ਦਾ ਜਵਾਬ ਦਿੰਦਾ ਸੀ। ਪਰ ਹੁਣ ਵਿਚਾਰ ਚਰਚਾ ਵਿਚ ਵੀ ਹਦਾਂ ਬਨ੍ਹੀਆਂ ਨਾ ਰਹੀਆਂ। ਬਹੁਤ ਪ੍ਰੋੜ ਦਲੀਲ ਵੀ ਅਕਸਰ ਦੁਰਵਿਹਾਰ ਅਤੇ ਨਿੰਦਿਆਂ ਹੇਠਾਂ ਦਬ ਗਈ। ਕੁਝ ਹਾਲਤਾਂ ਵਿਚ ਵਿਸ਼ਵਾਸ ਦੇ ਸਵਾਲ ਨੂੰ ਉਸ ਤਰੀਕੇ  ਸਬੂਤਾਂ ਨਾਲ ਜਾਂ ਤਰਕਾਂ ਨਾਲ ਨਜਿਠਿਆ ਨਹੀਂ ਜਾ ਸਕਦਾ। ਉਦਾਹਰਣ ਦੇ ਤੌਰ ਉਤੇ ਹਿੰਦੂ ਧਰਮ ਦੀ ਸਨਾਤਨੀ ਸ਼ਾਖਾ ਦਾ ਵਿਸ਼ਵਾਸ ਸਦੀਆਂ ਪੁਰਾਣਾ ਹੈ। ਇਸ ਨੇ ਸਮਾਜ ਵਿਚ ਬਹੁਲਤਾਵਾਦ ਦਾ ਪ੍ਰਤਿਮਾਨ ਪ੍ਰਸਾਰਿਆ, ਪਰ ਜਦੋਂ ਇਸ ਦੀ ਨਿੰਦਾ ਹੋਣ ਲਗੀ ਤਾਂ ਇਸ ਸਮਾਜਕ ਨੇਮ ਦੀ ਹਾਨੀ ਹੋਈ। ਇਸ ਤਰ੍ਹਾਂ ਚੀਜ਼ਾਂ ਨੂੰ ਅਪਮਾਨਜਕ ਅਤੇ ਨਿੰਦਿਆਂ ਭਰੇ ਢੰਗ ਨਾਲ ਨਹੀਂ ਸਮਝਿਆ ਜਾ ਸਕਦਾ।
ਮਸਲਨ ਇਸ ਢੰਗ ਨਾਲ ਕ੍ਰਿਸ਼ਨ-ਗੋਪੀਆਂ ਦੀ ਕ੍ਰੀੜਾ ਨੂੰ ਕਿਵੇਂ ਸਮਝਿਆ ਜਾ ਸਕਦਾ ਹੈ। ਹਿੰਦੂ ਧਰਮ ਵਿਚ ਸਭ ਤੋਂ ਵਧ ਨਿਦਿਆ ਵੈਸ਼ਨਵਵਾਦ ਦੀ ਹੋਈ, ਜਿਸ ਨੂੰ ਅਸੰਜਮੀ ਅਤੇ ਆਪਹੁਦਰੀ ਕਿਸਮ ਦੀ ਪੂਜਾ ਕਿਹਾ ਗਿਆ। ਹਿੰਦੂਆਂ ਨੂੰ ਅਕਸਰ ਦੁਨੀਆ ਦੇ ਪਹਿਲੇ ਲਿੰਗ ਪੂਜਕ ਕਿਹਾ ਜਾਂਦਾ ਹੈ। ਇਸ ਨਾਲ ਕੀ ਹਾਸਲ ਹੋਇਆ? ਇਸ ਨੇ ਉਹ ਬੁਨਿਆਦੀ ਏਕਤਾ ਅਤੇ ਆਤਮਿਕ ਅਨੁਭਵ ਦਾ ਸੰਯੋਜਨ ਭੰਗ ਕਰ ਦਿਤਾ, ਜੋ ਹਿੰਦੂਆਂ ਨੂੰ ਹੋਰ ਧਰਮਾਂ ਦੇ ਨੇਮਾਂ-ਪ੍ਰਤਿਮਾਨਾਂ ਦਾ ਸਤਿਕਾਰ ਕਰਨਾ ਸਿਖਾਉਂਦਾ ਸੀ। ਇਸ ਨੇ ਸਮਾਜ ਦੀ ਆਤਮਿਕ ਸਿਹਤ ਨੂੰ ਗਲੀਆਂ ਵਿਚ ਟੋਟੇ ਟੋਟੇ ਕਰ ਦਿਤਾ। ਇਹ ਇਕ ਅਤਿ ਘਿਣਾਉਣਾ ਕਾਰਾ ਸੀ। ਇਕ ਝਟਕੇ ਨਾਲ ਹੀ ਮਿਥਾਂ ਦੇ ਰੂਪ ਵਿਚ ਚਲਿਆ ਆਉਂਦਾ ਲੋਕ ਗਿਆਨ ਪ੍ਰਾਚੀਨ ਕਾਲੀਨ ਅਸਭਿਅਕ ਔਰਤ ਮਰਦ ਦਾ ਲਿੰਗ ਪ੍ਰਗਟਾਵਾ ਬਣਾ ਦਿਤਾ ਗਿਆ।
‘ਨਵਾਂ’ ਰੇਖਕੀ ਵਿਚਾਰ ਇਹ ਸੀ ਕਿ ਹਿੰਦੂਆਂ ਦਾ ਕੋਈ ਇਤਿਹਾਸ ਨਹੀਂ ਹੈ ਅਤੇ ਭਾਰਤ ਦੇ ਅਤੀਤ ਵਿਚ ਕੁਝ ਵੀ ਮੁਲਵਾਨ ਨਹੀਂ ਹੈ। ਇਸ ਦੇ ਉਲਟ, ਇਹ ਵੀ ਕਿਹਾ ਜਾ ਰਿਹਾ ਹੈ ਕਿ ਸਾਡਾ ਅਤੀਤ ਬਹੁਤ ਅਮੀਰ ਸੀ ਪਰ ਫਿਰ ਵੀ ਜੇ ਅਸੀਂ ਸੰਕਟ ਦੇ ਸਮੇਂ ਵਿਚ ਡਿਗ ਪਏ ਸੀ ਤਾਂ ਇਸ ਦਾ ਕਾਰਨ ਸਾਡਾ ਵੰਡੇ ਹੋਣਾ ਅਤੇ ਆਪਣੇ ਆਪ ਨੂੰ ਬਚਾਉਣ ਤੋਂ ਅਸਮਰਥ ਹੋਣਾ ਸੀ। ਦੋਨੋਂ ਤਰ੍ਹਾਂ ਨਾਲ ਅਤੀਤ ਉਪਹਾਸ ਦੀ ਵਸਤੂ ਬਣ ਗਿਆ। ਇਸ ਪੁਨਰ-ਸੁਰਜੀਤੀ ਲਹਿਰ ਨੇ ਮੁਸਲਮਾਨਾਂ ਉਤੇ ਵੀ ਘਟ ਅਸਰ ਨਹੀਂ ਪਾਇਆ। ਉਹ ਇਹ ਮਹਿਸੂਸ ਕਰ ਲਗ ਪਏ ਕਿ ਜੇਕਰ ਉਹ ਸਚੇ ਮੁਸਲਮਾਨ ਬਣੇ ਹੁੰਦੇ ਤਾਂ ਖੁਦਾ ਨੇ ਉਨ੍ਹਾਂ ਨੂੰ ਇਹ ਸਜ਼ਾ ਨਹੀਂ ਸੀ ਦੇਣੀ, ਭਾਵ ਉਹ ਆਪਣੇ ਹੀ ਘਰ ਵਿਚ ਕਮੀਣ ਬਣ ਕੇ ਰਹਿ ਗਏ ਸਨ। ਸਿਖ ਸੁਧਾਰਵਾਦੀ ਲਹਿਰ ਨੇ ਵੀ ਇਸੇ ਤਰ੍ਹਾਂ ਦਾ ਤਰਕ ਤਿਆਰ ਕੀਤਾ। ਉਨ੍ਹਾਂ ਸੋਚਿਆ ਕਿ ਉਨ੍ਹਾਂ ਦੀ ਹਿੰਦੂ ਧਰਮ ਨਾਲ ਨੇੜਤਾ ਕਾਰਨ ਉਨ੍ਹਾਂ ਨੂੰ ਖਾਲਸੇ ਦੁਆਰਾ ਕੀਤੀਆਂ ਬਹਾਦਰੀਆਂ ਦਾ ਉਚਿਤ ਫਲ ਨਹੀਂ ਮਿਲਿਆ। ਸਾਰ ਤਤ ਇਹ ਹੈ ਕਿ ਇਕ ਵਾਰ ਜਦੋਂ ਪੁਨਰ ਸੁਧਾਰਵਾਦੀ ਸੋਚ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਤਾਂ ਹਰ ਭਾਈਚਾਰਾ ਜਾਂ ਫਿਰਕਾ ਅਡੋ ਅਡ ਪਾਸੇ ਵਲ ਨੂੰ ਖਿਚਿਆ ਜਾਣ ਲਗਦਾ ਹੈ। ਸਮੇਂ ਦੇ ਬੀਤਣ ਨਾਲ ਇਹੀ ਦਲੀਲ ਇਕ ਪੜਾਅ ਹੋਰ ਅਗੇ ਚਲੀ ਜਾਂਦੀ ਹੈ ਅਤੇ ਇਹੀ ਫਿਰਕਾ ਵਖਰੀ ਕੌਮ ਜਾਂ ਰਾਸ਼ਟਰ ਬਣ ਜਾਂਦਾ ਹੈ ਜੋ ਕਿਸੇ ਵੀ ਛੋਟੀ ਜਿਹੀ ਉਕਸਾਹਟ ਉਤੇ ਲੜਨ ਮਰਨ ਲਈ ਤਿਆਰ ਹੋ ਜਾਂਦਾ ਹੈ। ਇਹੀ ਕੁਝ ਮੈਂ ਤੀਹਵਿਆਂ ਵਿਚ ਲਾਹੌਰ ਵਿਚ ਦੇਖਿਆ। ਜਦੋਂ ਲੋਕਾਂ ਨੇ ਸਮਾਜਕ ਅਤੇ ਧਾਰਮਿਕ ਖੇਤਰ ਵਿਚ ਮਾਨਵੀ ਸਭਿਅਤਾ ਦੀਆਂ ਉਚ-ਮਾਨਵੀ ਕੀਮਤਾਂ ਨੂੰ ਛਡਣਾ ਸ਼ੁਰੂ ਕਰ ਦਿਤਾ ਤਾਂ ਰਬ ਸ਼ੈਤਾਨ ਬਣ ਗਏ। ਮਸਲਨ, ਲਾਹੌਰ ਦੇ ਭਾਟੀ ਦਰਵਾਜੇ ਜਾਂ ਮੋਚੀ ਦਰਵਾਜੇ ਵਿਚੋਂ ਹਿੰਦੂ ਜਾਂ ਸਿਖ ਔਰਤਾਂ ਦਾ ਲੰਘਣਾ ਮੁਹਾਲ ਹੋ ਜਾਂਦਾ ਸੀ। ਇਸੇ ਤਰ੍ਹਾਂ ਹਿੰਦੂ ਮੁੰਡੇ ਵੀ ਇਹ ਆਪਣੀ ਜ਼ਿੰਮੇਵਾਰੀ ਸਮਝਦੇ ਸਨ ਕਿ ਸ਼ਾਹ ਆਲਮੀ ਦਰਵਾਜ਼ੇ ਅਤੇ ਮਛੀ ਹਟਾਂ ਵਿਚੋਂ ਲੰਘਦੀਆਂ ਮੁਸਲਮਾਨ ਔਰਤਾਂ ਤੋਂ ਉਹ ਬਦਲਾ ਲੈਣ।
ਮੇਰੀ ਇਕ ਹਡ ਬੀਤੀ ਸਾਂਝੀ ਕਰਦਾ ਹਾਂ। ਮੇਰੇ ਬਚਪਨ ਵਿਚ ਮੇਰੇ ਸਿਰ ਉਤੇ ਬੋਦੀ ਸੀ, ਜਿਸ ਦਾ ਭਾਵ ਇਹ ਸੀ ਕਿ ਮੈਂ ਇਕ ਹਿੰਦੂ ਹਾਂ। ਇਸ ਤਰ੍ਹਾਂ ਹੀ ਮੇਰੇ ਭਰਾ ਦੀ ਵੀ ਬੋਦੀ ਸੀ। ਅਸੀਂ ਜਦੋਂ ਭਾਟੀ ਦਰਵਾਜ਼ੇ ਦੇ ਰਸਤਿਓਂ ਆਪਣੀ ਸੰਸਕ੍ਰਿਤ ਪਾਠਸ਼ਾਲਾ ਜਾਂਦੇ ਤਾਂ ਮੁਸਲਮਾਨ ਮੁੰਡੇ ਸਾਡੀਆਂ ਬੋਦੀਆਂ ਖਿਚ ਕੇ ਤੰਗ ਕਰਦੇ। ਸਾਨੂੰ ਇਹ ਪੜ੍ਹਾਇਆ ਗਿਆ ਸੀ ਕਿ ਅਸੀਂ ਆਪਣੀ ਜਾਨ ਦੇ ਕੇ ਵੀ ਇਸ ਦੀ ਰਖਿਆ ਕਰਨੀ ਹੈ। ਪਰ ਕੀ ਅਸੀਂ ਰਖਿਆ ਕਰ ਸਕਦੇ ਸੀ? ਸਾਡੇ ਅਤੇ ਸ਼ਰਾਰਤੀ ਮੁਸਲਮਾਨ ਮੁੰਡਿਆਂ ਨਾਲ ਛੋਟੀ ਮੋਟੀ ਲੜਾਈ ਵਿਚ ਵਡੇ ਵੀ ਸਾਡੇ ਵਿਰੁਧ ਉਨ੍ਹਾਂ ਨਾਲ ਰਲ ਜਾਂਦੇ ਅਤੇ ਧਮਕਾਊ ਇਸ਼ਾਰੇ ਕਰਦੇ।
ਇਸ ਸਾਰੇ ਕੁਝ ਦਾ ਫਿਰ ਸਿਟਾ ਕੀ ਬਣਦਾ ਹੈ? ਸਿਟਾ ਇਹ ਹੈ ਕਿ ਅਸੀਂ ਸ਼ਾਹ ਮੁਹੰਮਦ ਦੇ ਪੰਜਾਬੀਆਂ ਵਜੋਂ ਨਿਕੰਮੇ ਸਾਬਿਤ ਹੋਏ ਹਾਂ। ਅਸੀ ਹੀ ਹਾਂ ਜਿਨ੍ਹਾਂ ਨੇ ਵੈਸ਼ਨਵਾਂ, ਸੂਫੀਆਂ, ਸਿਖ ਗੁਰੂਆਂ ਵਲੋਂ ਅਜਿਹੇ ਪੰਜਾਬੀ ਸਮਾਜ ਨੂੰ ਸਿਰਜਣ ਲਈ, ਜਿਸ ਵਿਚ ਹਿੰਦੂ, ਮੁਸਲਮਾਨ ਅਤੇ ਸਿਖ ਭਾਈਚਾਰਾ ਸਮੋਅ ਸਕਦਾ ਹੈ, ਨੂੰ ਬਣਾਉਣ ਲਈ ਕੀਤੇ ਗਏ ਉਨ੍ਹਾਂ ਦੇ ਕੰਮਾਂ ਨੂੰ ਖੇਹ ਕੀਤਾ ਹੈ। ਭਾਵੇਂ ਸਾਡੇ ਸ਼ਹਿਰ ਵਿਚ ਨਹੀਂ, ਪਰ ਸਾਡੀਆਂ ਚੋਟੀਆਂ (ਬੋਦੀਆਂ) ਉਸ ਗਲ ਲਈ ਸਤਿਕਾਰੀਆਂ ਜਾਂਦੀਆਂ ਸਨ, ਜੋ ਇਨ੍ਹਾਂ ਦਾ ਵਡਾ ਅਰਥ ਸੀ। ਬਾਵਜੂਦ ਇਸ ਗਲ ਦੇ ਕਿ ਅਬਾਦੀ ਵਿਚ ਵੀ ਮੁਸਲਮਾਨਾਂ ਦੀ ਗਿਣਤੀ ਹਿੰਦੂ-ਸਿਖਾਂ ਦੇ ਮੁਕਾਬਲੇ 3:1 ਦੇ ਅਨੁਪਾਤ ਵਿਚ ਸੀ। ਕੋਈ ਸਾਨੂੰ ਛੇੜਦਾ ਜਾਂ ਤੰਗ ਨਹੀਂ ਕਰਦਾ ਸੀ। ਇਸੇ ਤਰ੍ਹਾਂ ਹਰ ਨੂੰਹ – ਧੀ ਭਾਵੇਂ ਉਹ ਕਿਸੇ ਵੀ ਹਿੰਦੂ ਜਾਂ ਮੁਸਲਮਾਨ ਦੀ ਹੋਵੇ, ਉਸ ਨੂੰ ਪਵਿਤਰ ਸਮਝਿਆ ਜਾਂਦਾ ਸੀ। ਕਿਉਂਕਿ ਪਿੰਡ ਜਾਂ ਸ਼ਹਿਰ ਦੀ ਨੂੰਹ-ਧੀ ਸਾਂਝੀ ਮੰਨੀ ਜਾਂਦੀ ਸੀ। ਦੂਜੇ ਸ਼ਬਦਾਂ ਵਿਚ ਜਿਨੇ ਅਸੀਂ ਸਿਖਿਅਤ ਹੁੰਦੇ ਗਏ, ਓਨੇ ਹੀ ਅਸੀਂ ਉਜਡ ਹੁੰਦੇ ਗਏ। ਇਥੇ ਪੰਜਾਬ ਵਿਚ ਵਧੀ ਫਿਰਕਾਪ੍ਰਸਤੀ ਦੇ ਸੰਬੰਧ ਵਿਚ ਪਰਕਿਨਸਨ ਦਾ ਸਿਧਾਂਤ ਉਲਟਾ ਹੋ ਗਿਆ। ਹੋ ਸਕਦਾ ਹੈ ਇੰਝ ਕਹਿਣਾ ਸਨਕੀ ਹੋਵੇ, ਪਰ ਕੋਈ ਇਸ ਸਿਟੇ ਤੋਂ ਭਜ ਨਹੀਂ ਸਕਦਾ ਕਿ ਅਸੀਂ ਨਾ ਤਾਂ ਸਿਖਿਅਤ ਹੋ ਸਕੇ ਹਾਂ ਅਤੇ ਨਾ ਹੀ ਸਭਿਅਕ। ਜੇ ਹੋਏ ਹੁੰਦੇ ਤਾਂ ਨਾ ਪੰਜਾਬ ਵਿਚ ਫਿਰਕਾਪ੍ਰਸਤੀ ਦੀ ਮਾਰੂ ਫਸਲ ਹੁੰਦੀ ਅਤੇ ਨਾ ਹੀ ਦੇਸ ਦੀ ਵੰਡ ਹੁੰਦੀ। ਸਗੋਂ ਅਸੀਂ ਉਸ ਤਰ੍ਹਾਂ ਦੇ ਪੰਜਾਬੀ ਬਣੇ ਰਹਿੰਦੇ ਜਿਹੋ ਜਿਹੇ ਸਾਨੂੰ ਰਣਜੀਤ ਸਿੰਘ ਛਡ ਕੇ ਗਿਆ ਸੀ। ਪਰ ਅਫ਼ਸੋਸ! ਆਧੁਨਿਕ ਸਿਖਿਆ ਨਾਲ ਸਭ ਕੁਝ ਬਦਲ ਗਿਆ। ਅੱਜ ਪੰਜਾਬ ਵਿਚ ਜਾਂ ਹਿੰਦੂ ਹਨ ਜਾਂ ਮੁਸਲਮਾਨ ਤੇ ਜਾਂ ਸਿਖ ਪਰ ਪੰਜਾਬੀ ਕੋਈ ਵੀ ਨਹੀਂ। ਸ਼ਾਇਦ ਅਸੀਂ ਆਧੁਨਿਕ ਸਿਖਿਆ ਰਾਹੀਂ ਸਿਖਿਆ ਘਟ ਹੈ ਅਤੇ ਭੁਲਿਆ ਵÎਧੇਰੇ ਹੈ। ਘਟੋ ਘਟ ਅਸੀਂ ਸਚੇ ਅਰਥਾਂ ਵਿਚ ਸਭਿਅਕ ਹੋਣ ਦਾ ਸਦਾਚਾਰਕ ਗੁਣ ਭੁਲਿਆ ਹੈ, ਜਿਸ ਦਾ ਭਾਵ ਸੀ ਸੰਵੇਦਨਸ਼ੀਲ ਅਤੇ ਸਹਿਣਸ਼ੀਲ ਮਨੁÎਖ ਬਣਨਾ ਜੋ ਭਾਈਚਾਰਕ ਏਕਤਾ ਅਤੇ ਇਕਮੁੱਠਤਾ ਵਰਗੀਆਂ ਉਚ ਪੰਜਾਬੀ ਭਾਵਨਾ ਨਾਲ ਜੁੜਿਆ ਹੋਵੇ।
-6—
ਸ਼ਾਹ ਮੁਹੰਮਦ ਦੁਆਰਾ ਵਰਤੀ ਗਈ ਬਿੰਬਾਵਲੀ ਬਾਰੇ ਗਲ ਕਰਨੀ ਵੀ ਇਥੇ ਲੋੜੀਂਦੀ ਹੈ। ਉਸ ਦੁਆਰਾ ਵਰਤੇ ਗਏ ਰੂਪਕ ਅਤੇ ਤਸ਼ਬੀਹਾਂ ਜੇ ਹਿੰਦੂ ਨਹੀਂ ਤਾਂ ਸਾਫ-ਸਾਫ ਰੂਪ ਵਿਚ ਭਾਰਤੀ ਹਨ। ਕਵੀਆਂ ਦੁਆਰਾ ਤਸ਼ਬੀਹਾਂ ਅਤੇ ਪ੍ਰਤੀਕਾਂ ਦੀ ਵਰਤੋਂ ਖਾਸ ਅਨੁਭਵਾਂ ਨੂੰ ਸੂਤਰਕ ਰੂਪ ਵਿਚ ਬਿਆਨ ਕਰਨ ਲਈ ਕੀਤੀ ਜਾਂਦੀ ਹੈ। ਇਸ ਨਾਲ ਸਾਰੀ ਕਹਾਣੀ ਅਤੇ ਉਸ ਦੀਆਂ ਵਿਭਿੰਨ ਪਰਤਾਂ ਪਾਠਕ ਸਾਹਵੇਂ ਇਕ ਸ਼ਬਦ ਵਿਚ ਹੀ ਰੌਸ਼ਨ ਹੋ ਜਾਂਦੀਆਂ ਹਨ। ਇਨ੍ਹਾਂ ਬਿਬਾਂ, ਪ੍ਰਤੀਕਾਂ ਆਦਿ ਦਾ ਸ੍ਰੋਤ ਘਟ ਜਾਂ ਵਧ ਭਾਰਤੀ ਕਲਾਸਿਕ ਰਚਨਾਵਾਂ ਜਿਵੇਂ ਮਹਾਂਭਾਰਤ ਅਤੇ ਰਮਾਇਣ ਆਦਿ ਬਣਦੇ ਹਨ। ਸ਼ਾਹ ਮੁਹੰਮਦ ਅਰਬ ਦੀ ਕੁਰੈਸ਼ੀ ਬਰਾਦਰੀ ਨਾਲ ਸੰਬੰਧਤ ਸੀ, ਜਿਸ ਨੂੰ ਇਕ ਉਚ ਕੁਲ ਸਮਝਿਆ ਜਾਂਦਾ ਹੈ। ਇਸ ਆਧਾਰ ਉਤੇ ਇਹ ਸੰਭਵ ਸੀ ਕਿ ਉਹ ਆਪਣੇ ਬਿੰਬ ਫਾਰਸੀ ਅਤੇ ਕਲਾਸਿਕ ਰਚਨਾਵਾਂ ਵਿਚੋਂ ਲੈਂਦਾ, ਪਰ ਸ਼ਾਹ ਮੁਹੰਮਦ ਇਸ ਤਰ੍ਹਾਂ ਨਹੀਂ ਕਰਦਾ। ਉਸ ਨੂੰ ਕੋਈ ਲੋੜ ਨਹੀਂ ਪੈਂਦੀ ਕਿ ਉਹ ਆਪਣੀ ਬੌਧਿਕਤਾ ਰਾਹੀਂ ਜਾਂ ਵਿਦੇÎਸ਼ੀ ਭਾਸ਼ਾਵਾਂ ਦੀ ਜਾਣਕਾਰੀ ਰਾਹੀਂ ਆਪਣੇ ਪਾਠਕ ਨੂੰ ਭੰਬਲਭੂਸੇ ਵਿਚ ਪਾਏ। ਉਹ ਲੋਕਾਂ ਦੇ ਮੁਹਾਵਰੇ ਵਿਚ ਇਸ ਤਰ੍ਹਾਂ ਗਲ ਕਰਦਾ ਹੈ ਕਿ ਉਸ ਦੀ ਭਾਸ਼ਾ ਵਿਚਲੇ ਨਵੇਂ ਸ਼ਬਦ ਵੀ ਸਪਸ਼ਟ ਸਮਝ ਆਉਂਦੇ ਹਨ। ਇਨ੍ਹਾਂ ਕੁਝ ਗੱਲਾਂ ਤੋਂ ਹੀ ਪਤਾ ਲਗਦਾ ਹੈ ਕਿ ਕਵੀ ਆਪਣੀ ਭਾਸ਼ਾ ਨਾਲ ਕਿੰਨੀ ਡੂਘੀ ਤਰ੍ਹਾਂ ਜੁੜਿਆ ਹੋਇਆ ਹੈ। ਉਂਝ, ਇਹ ਕਲਪਨਾ ਕਰਨਾ ਵੀ ਮੁਸ਼ਕਿਲ ਲਗਦਾ ਹੈ ਕਿ ਇਕ ਭਾਰਤੀ ਮੁਸਲਮਾਨ ਭਾਰਤੀ ਗਿਆਨ ਦਾ ਏਨਾ ਜਾਣਕਾਰ ਹੈ ਕਿ ਉਸ ਦੇ ਬਿੰਬਾਂ, ਪ੍ਰਤੀਕਾਂ ਦੇ ਸਾਰੇ ਸ੍ਰੋਤ ਸਥਾਨਕ ਹਨ। ਉਂਝ ਭਾਵੇਂ ਸਥਾਨਕ ਮੁਹਾਵਰੇ ਦੇ ਹੱਕ ਵਿਚ ਗਲਾਂ ਬਹੁਤ ਕੀਤੀਆਂ ਜਾਂਦੀਆਂ ਹਨ ਪਰ ਅਜ ਵੀ ਅਜਿਹਾ ਨਹੀਂ ਹੁੰਦਾ ਤੇ ਜੋ ਵੀ ਇਹ ਕਮਾਲ ਹਾਸਿਲ ਕਰਦਾ ਹੈ ਤਾਂ ਇਸ ਲਈ ਸਖ਼ਤ ਮਿਹਨਤ ਲਗਦੀ ਹੈ। ਪ੍ਰਚਲਿਤ ਕੁਲੀਨ ਅਤੇ ਬੌਧਿਕ ਭਾਸ਼ਾ ਵਿਚ ਲਿਖਣ ਨਾਲੋਂ ਲੋਕਾਂ ਦੀ ਅਜਿਹੀ ਸੌਖੀ ਭਾਸ਼ਾ ਵਿਚ ਲਿਖਣਾ, ਜੋ ਆਮ ਤੌਰ ਉਤੇ ਲਿਖਤ ਵਿਚ ਵਰਤੀ ਨਾ ਜਾਂਦੀ ਹੋਵੇ, ਬਹੁਤ ਕਠਿਨ ਹੁੰਦਾ ਹੈ ਅਤੇ ਸ਼ਾਹ ਮੁਹੰਮਦ ਇਸ ਕਿਸਮ ਦੀ ਇਕ ਉਤਮ ਮਿਸਾਲ ਹੈ। ਮਸਲਨ, ਬਿਲਕੁਲ ਪਹਿਲੇ ਹੀ ਬੰਦ ਵਿਚ ਉਹ ਚੌਦਾਂ ਤਬਕਾਂ ਦੀ ਗਲ ਕਰਦਾ ਹੈ। ਇਹ ਸ਼ੁਧ ਰੂਪ ਵਿਚ ਹਿੰਦੂ ਸੰਕਲਪ ਹੈ। ਮੁਸਲਮਾਨ ਬ੍ਰਹਿਮੰਡ ਨੂੰ ‘ਦੋ ਜਹਾਨਾਂ’ ਵਿਚ ਵੰਡਦੇ ਹਨ। ਅਗੇ ਨੌਵੇਂ ਬੰਦ ਵਿਚ ਉਸ ਲਈ ਮੌਤ ਦਾ ਦੇਵਤਾ ਧਰਮ ਰਾਜ ਹੈ, ਜੋ ਕਿਸੇ ਦੀ ਮੌਤ ਦੇ ਹੁਕਮਾਂ ਦੀ ਪਾਲਣਾ ਲਈ ਦੂਤ ਭੇਜਦਾ ਹੈ। ਇਸੇ ਤਰ੍ਹਾਂ ਉਹ ਸ਼ੇਰ ਸਿੰਘ ਦੇ ਪੁਤਰ ਪ੍ਰਤਾਪ ਸਿੰਘ ਦਾ ਚਿਤਰਣ ਕਰਦਾ ਹੈ, ਜੋ ਹਵਨ ਵਿਚ ਬੈਠਾ ਹੈ ਅਤੇ ਜ਼ਾਲਿਮ ਲਹਿਣਾ ਸਿੰÎਘ ਉਸ ਦਾ ਸਿਰ ਕਲਮ ਕਰ ਦਿੰਦਾ ਹੈ। ਪਰ ਲਹਿਣਾ ਸਿੰਘ ਆਪ ਇਸ ਗਲ ਤੋਂ ਬੇਖਬਰ ਹੈ ਕਿ ਉਹ ਆਪ ਵੀ ਇਕ ਦਿਨ ਦਾ ਹੀ ਪ੍ਰਾਹੁਣਾ ਹੈ। ਇਸੇ ਤਰ੍ਹਾਂ ਸੰਧਾਵਾਲੀਆ ਸਰਦਾਰ ਰਾਜਾ ਧਿਆਨ ਸਿੰਘ ਦੇ ਸਜਰੇ ਲਹੂ ਨਾਲ ਬਾਲ ਰਾਜਕੁਮਾਰ ਦਲੀਪ ਸਿੰਘ ਦਾ ਰਾਜ ਤਿਲਕ ਕਰਦੇ ਹਨ ਅਤੇ ਫਿਰ ਉਸ ਦੀ ਪਰਿਕਰਮਾ ਕਰਦੇ ਹਨ। ਇਹ ਸਾਰੀਆਂ ਹਿੰਦੂ ਰਸਮਾਂ ਹਨ। ਇਸੇ ਤਰ੍ਹਾਂ 39ਵੇਂ ਬੰਦ ਵਿਚ ਉਹ ਜੈਮਲ ਅਤੇ ਫਤੇ ਦੇ ਸੋਹਲੇ ਗਾਉਂਦਾ ਹੈ। ਜਿਨ੍ਹਾਂ ਨੇ ਚਿਤੌੜ ਦੀ ਰਖਿਆ ਕਰਦਿਆਂ ਅਕਬਰ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ ਅਤੇ ਆਪਣੇ ਲਈ ਹਮੇÎਸ਼ਾ ਜਿਉਂਦੀ ਰਹਿਣ ਵਾਲੀ ਬਹਾਦਰੀ ਦੀ ਸ਼ਾਨਾਮਤੀ ਗਾਥਾ ਛਡ ਕੇ ਗਏ। ਉਹ ਸਰਦਾਰ ਲਹਿਣਾ ਸਿੰਘ ਮਜੀਠੀਏ ਦਾ ਬਿਆਨ ਕਰਦਾ ਹੈ ਜੋ ਦਰਬਾਰ ਵਿਚ ਫੈਲੀ ਅਰਾਜਕਤਾ ਵਾਲੀਆਂ ਹਾਲਤਾਂ ਨੂੰ ਛਡ ਕੇ ਲੰਮੀ ਤੀਰਥ ਯਾਤਰਾ ਉਤੇ ਜਾ ਰਿਹਾ ਹੈ। ਇਥੇ ਉਸ ਦੁਆਰਾ ‘ਮੁਲਕ’ ਸ਼ਬਦ ਦੀ ਥਾਂ ‘ਦੇਸ’ ਸ਼ਬਦ ਦੀ ਵਰਤੋਂ ਉਸ ਦੀ ਸਥਾਨਕ ਮੁਹਾਵਰੇ ਨਾਲ ਨੇੜਤਾ ਨੂੰ ਜ਼ਾਹਿਰ ਕਰਦਾ ਹੈ ਭਾਵੇਂ ਕਿ ‘ਮੁਲਕ’ ਸ਼ਬਦ ਵੀ ਇਸੇ ਤਰ੍ਹਾਂ ਦੇ ਪ੍ਰਭਾਵ ਨਾਲ ਵਰਤਿਆ ਜਾਂਦਾ ਹੈ। ਸਿਰਫ ਇਹੀ ਨਹੀਂ, ਸ਼ਾਹ ਮੁਹੰਮਦ ਰਾਵਣ ਦੀ ਤਬਾਹੀ ਦੀ ਗਲ ਕਰਦਾ ਹੈ, ਜਿਸ ਦੇ ਇਕ ਲੱਖ ਪੁਤਰ ਅਤੇ ਸਵਾ ਲੱਖ ਦੋਹਤੇ ਸਨ, ਜੋ ਸਿਰਫ ਇਸ ਕਾਰਨ ਮਾਰਿਆ ਜਾਂਦਾ ਹੈ ਕਿ ਉਸ ਦਾ ਆਪਣਾ ਅੰਦਰ ਦਾ ਬੰਦਾ ਉਸ ਦੀ ਪਿਠ ਉਤੇ ਵਾਰ ਕਰਦਾ ਹੈ। ਇਸ ਤਰ੍ਹਾਂ 60ਵੇਂ ਬੰਦ ਵਿਚ ਉਹ ਕਹਿਦਾ ਹੈ,ਇਲਾਹੀ ਬਖਸ਼ ਨੇ ਆਪਣੀਆਂ ਤੋਪਾਂ ਮਾਂਜ ਕੇ ਬਾਹਰ ਰਖੀਆਂ ਅਤੇ ਉਨ੍ਹਾਂ ਨੂੰ ਧੂਪ ਦਿਤੀ। ਕੋਈ ਹਿੰਦੂ ਤੋਪਚੀ ਕੁਝ ਹੋਰ ਕਰ ਸਕਦਾ ਸੀ। ਫੇਰ 76ਵੇਂ ਬੰਦ ਵਿਚ ਉਹ ਕਹਿਦਾ ਹੈ, ਕੈਰੋਂ ਪਾਂਡਵਾਂ ਦੇ ਜੈਸੇ ਬਾਣ ਛੁਟੇ। ਮੀਂਹ ਵਾਂਗ ਡਿਗਦੇ ਗੋਲਿਆਂ ਨੂੰ ਬਿਆਨ ਕਰਨ ਲਈ ਸ਼ਾਇਦ ਇਕ ਭਾਰਤੀ ਲਈ ਇਹ ਬਹੁਤ ਹੀ ਮਾਕੂਲ ਤਸ਼ਬੀਹ ਹੈ ਪਰ ਸਭ ਤੋਂ ਵਡੀ ਕਮਾਲ ਬੰਦ 102 ਵਿਚ ਹੁੰਦੀ ਹੈ, ਇਸ ਲਈ ਇਥੇ ਸਾਰਾ ਬੰਦ  ਹੀ ਪੇਸ਼ ਕਰਨਾ ਪਵੇਗਾ —
ਹੁੰਦੇ ਆਏ ਨੀ ਰੰਨਾਂ ਦੇ ਧੁਰੋਂ ਕਾਰੇ
ਰਾਵਣ ਲੰਕਾ ਦੇ ਵਿਚ ਮਰਵਾਇ ਦਿਤਾ।
ਕੈਰੋਂ ਪਾਂਡਵਾਂ ਨਾਲ ਕੀ ਭਲਾ ਕੀਤਾ
ਠਾਰਾਂ ਖੂਹਣੀਆਂ ਕਟਕ ਮੁਕਾਇ ਦਿਤਾ।
ਰਾਜੇ ਭੋਜ ਦੇ ਉਤੇ ਅਸਵਾਰ ਹੋਈਆਂ
ਮਾਰ ਅਡੀਆਂ ਹੋਸ਼ ਭੁਲਾਇ ਦਿਤਾ।
ਸ਼ਾਹ ਮੁਹੰਮਦਾ ਏਸ ਰਾਣੀ ਜਿੰਦ ਕੌਰਾਂ
ਸਾਰੇ ਦੇਸ ਦਾ ਫਰਸ਼ ਉਠਾਇ ਦਿਤਾ।
ਇਸ ਗਲ ਨੂੰ ਬਿਆਨ ਕਰਨ ਲਈ ਕਿ ਕਿਵੇਂ ਇਤਿਹਾਸ ਵਿਚ ਇਹ ਸਮਝਿਆ ਜਾਂਦਾ ਹੈ ਕਿ ਔਰਤਾਂ ਕਾਰਨ ਬੰਦਿਆਂ ਨੂੰ ਕਿੰਨੀਆਂ ਮੁਸੀਬਤਾਂ ਝਲਣੀਆਂ ਪਈਆਂ ਹਨ। ਇਹ ਸ਼ਾਇਦ ਸਭ ਤੋਂ ਵਧੀਆ ਢੰਗ ਹੈ। ਉਹ ਸਿਰਫ ਰਾਮ, ਕੌਰਵਾਂ ਅਤੇ ਪਾਂਡਵਾਂ ਦਾ ਹੀ ਜ਼ਿਕਰ ਨਹੀਂ ਕਰਦਾ ਸਗੋਂ ਰਾਜਾ ਭੋਜ ਦਾ ਵੀ ਕਰਦਾ ਹੈ, ਜਿਸ ਦੀ ਸਿਆਣਪ ਦਾ ਜ਼ਿਕਰ ਕਹਾਣੀਆਂ ਵਿਚ ਅਖਾਣਾਂ ਵਾਂਗ ਆਉਂਦਾ ਹੈ। ਬੇਸ਼ਕ ਸ਼ਾਹ ਮੁਹੰਮਦ ਦੋ ਵਾਰ ਅਲੀ ਅਕਬਰ ਦਾ ਵੀ ਜ਼ਿਕਰ ਕਰਦਾ ਹੈ। ਇਹ ਜ਼ਿਕਰ ਕਰਨ ਦੇ ਉਸ ਦੇ ਦੋ ਕਾਰਨ ਨਜ਼ਰ ਆਉਂਦੇ ਹਨ। ਪਹਿਲਾ ਕਿ ਅਲੀ ਅਕਬਰ ਇਕ ਅਜਿਹੇ ਆਦਰਸ਼ ਪੁਤਰ ਵਜੋਂ ਉਭਰਦਾ ਹੈ ਜੋ ਆਪਣੇ ਗਦੀਓਂ ਲਾਹੇ ਪਿਤਾ ਨੂੰ ਦੁਬਾਰਾ ਤਖ਼ਤ ਉਤੇ ਬਿਠਾਉਣ ਲਈ ਅਫ਼ਗਾਨਾਂ ਨੂੰ ਅੰਗਰੇਜ਼ਾਂ ਖਿਲਾਫ਼ ਜਥੇਬੰਦ ਕਰਦਾ ਹੈ ਅਤੇ ਅੰਗਰੇਜ਼ਾਂ ਨੂੰ ਅਫ਼ਗਾਨਿਸਤਾਨ ਵਿਚੋਂ ਕਢ ਦਿੰਦਾ ਹੈ ਅਤੇ ਦੂਜਾ ਭਾਰਤ ਵਿਚ ਬਰਤਾਨਵੀ ਵਿਸਥਾਰ ਦੀ ਇਕ ਸਦੀ ਵਿਚ, ਉਹ ਇਕੋ ਇਕ ਯੋਧਾ ਹੈ ਜਿਸ ਨੇ ਆਪਣੇ ਹਥਿਆਰਾਂ ਨਾਲ ਹੁਣ ਤਕ ਅਜਿਤ ਰਹੇ ਅੰਗਰੇਜ਼ਾਂ ਨੂੰ ਹਰਾਇਆ। ਸ਼ਾਹ ਮੁਹੰਮਦ ਇਕ ਨੇਕ ਪੰਜਾਬੀ ਦੇ ਤੌਰ ਉਤੇ ਅੰਗਰੇਜ਼ਾਂ ਨੂੰ ਨਫ਼ਰਤ ਕਰਦਾ ਹੈ। ਸ਼ਾਇਦ ਉਹ ਚਾਹੁੰਦਾ ਹੈ ਕਿ ਫਿਰੰਗੀਆਂ ਨੂੰ ਪੰਜਾਬ ਵਿਚੋਂ ਬਾਹਰ ਖਦੇੜ ਦਿਤਾ ਜਾਵੇ ਤਾਂ ਜੋ ਹਿੰਦੂ ਅਤੇ ਮੁਸਲਮਾਨ ਸ਼ਾਂਤੀ ਨਾਲ ਇਕੱਠੇ ਰਹਿ ਸਕਣ। ਇਸ ਲਈ ਅਲੀ ਅਕਬਰ ਉਸ ਲਈ ਇਕ ਮੁਸਲਮਾਨ ਯੋਧਾ ਹੋਣ ਕਾਰਨ ਮਹੱਤਵਪੂਰਨ ਨਹੀਂ ਸਗੋਂ ਇਸ ਲਈ ਮਹਤਵਪੂਰਨ ਹੈ ਕਿ ਉਹ ਖਾਸ ਮੁਲਾਂ ਦਾ ਪ੍ਰਤੀਕ ਹੈ।
ਉਹ ਪੰਜਾਬੀ ਰੌਬਨਿਹੁਡ ਕਹੇ ਜਾਂਦੇ ਦੁਲਾ ਭਟੀ ਦਾ ਜ਼ਿਕਰ ਵੀ ਕਰਦਾ ਹੈ, ਜੋ ਇਕ ਕਾਮੀ ਮੁਸਲਮਾਨ ਗਵਰਨਰ ਤੋਂ ਇਕ ਬ੍ਰਾਹਮਣ ਲੜਕੀ ਦੀ ਪਤ ਦੀ ਰਖਿਆ ਕਰਦਾ ਹੈ। ਸ਼ਾਇਦ ਸ਼ਾਹ ਮੁਹੰਮਦ ਮਹਿਸੂਸ ਕਰਦਾ ਹੈ ਕਿ ਦੁਲਾ ਭਟੀ ਵਰਗੇ ਬੰਦੇ ਪੰਜਾਬ ਵਿਚ ਹਿੰਦੂ ਮੁਸਲਮਾਨ ਏਕਤਾ ਦਾ ਪ੍ਰਤੀਕ ਬਣਨੇ ਚਾਹੀਦੇ ਹਨ। ਦੁਲਾ ਭਟੀ ਪੰਜਾਬ ਦਾ ਸਭ ਤੋਂ ਵਧ ਜਾਣਿਆ ਪਛਾਣਿਆ ਲੋਕ ਨਾਇਕ ਹੈ ਅਤੇ ਉਸ ਦੇ ਗੀਤ ਭਾਰਤ ਅਤੇ ਪਾਕਿਸਤਾਨ ਵਿਚ ਗਾਏ ਜਾਂਦੇ ਹਨ। ਇਸ ਲਈ ਸ਼ਾਹ ਮੁਹੰਮਦ ਦੁਆਰਾ ਉਸ ਦਾ ਜ਼ਿਕਰ ਕਰਨਾ ਜਾਇਜ਼ ਹੈ। ਉਹ ਮੀਰਦਾਦ ਚੌਹਾਨ ਨੂੰ ਵੀ ਯਾਦ ਕਰਦਾ ਹੈ ਜਿਸ ਦੀਆਂ ਪਤਨੀਆਂ ਨੇ ਰਾਜਪੂਤ ਪਰੰਪਰਾ ਅਨੁਸਾਰ ਆਪਣੇ ਆਪ ਨੂੰ ਸਤੀ ਕਰ ਲਿਆ ਸੀ। ਇਸ ਤਰ੍ਹਾਂ ਇਹ ਮਿਸਾਲ ਵੀ ਹਿੰਦੂ ਮੁਸਲਮਾਨ ਏਕਤਾ ਦਾ ਪ੍ਰਤੀਕ ਬਣਦੀ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਅੱਜ ਇਕ ਪੰਜਾਬੀ ਮੁਸਲਮਾਨ ਲਈ ਇਹ ਸੰਭਵ ਹੈ ਕਿ ਉਹ ਭਾਰਤੀ ਜੀਵਨ ਦੇ ਸਾਰੇ ਬਿੰਬਾਂ-ਪ੍ਰਤੀਕਾਂ ਦਾ ਇੰਨਾ ਜਾਣਕਾਰ ਹੋਵੇ? ਇਸ ਦਾ ਜਵਾਬ ਹੋ ਸਕਦਾ ਹੈ ਨਕਾਰਾਤਮਕ ਹੋਵੇ। ਕਿਉਂ ਇਸ ਦਾ ਕਾਰਨ ਇਹ ਹੈ ਕਿ ਨਵਾਂ ਬਣਿਆ ਪਾਕਿਸਤਾਨ ਜਿਸ ਵਿਚ ਮੁਖ ਤੌਰ ਉਤੇ ਪੰਜਾਬੀ ਮੁਸਲਮਾਨ ਹੀ ਹਨ, ਉਹ ਹਿੰਦੂ ਨਫ਼ਰਤ ਉਤੇ ਉਸਰਿਆ ਹੈ, ਭਾਵੇਂ ਕਿ ਉਸ ਵਿਚਲੇ ਬਹੁਤੇ ਪੰਜਾਬੀ ਅੱਜ ਵੀ ਸਾਡੇ ਨਾਲੋਂ ਬਿਹਤਰ ਪੰਜਾਬੀ ਹਨ। ਜਦੋਂ ਤਕ ਪੰਜਾਬੀ ਭਾਸ਼ਾ ਦੋਵਾਂ ਪਾਸਿਆਂ ਦੇ ਪੰਜਾਬੀਆਂ ਵਿਚ ਜਿਉਂਦਾ ਪਲ ਹੈ, ਉਦੋਂ ਤਕ ਉਧਰਲੇ ਪੰਜਾਬੀਆਂ ਵਿਚ ਭਾਰਤੀ ਪੰਜਾਬੀਆਂ ਬਾਰੇ ਹੋਰ ਹੋਰ ਜਾਣਨ ਦੀ ਲਗਾਤਾਰ ਤੜਪ ਬਣੀ ਰਹੇਗੀ ਅਤੇ ਜੇ ਇਹ ਤੜਪ ਸਚੀ ਅਤੇ ਖਰੀ ਹੈ ਤਾਂ ਇਹ ਆਸ ਕੀਤੀ ਜਾ ਸਕਦੀ ਹੈ ਕਿ ਇਕ ਦਿਨ ਉਹ ਪੰਜਾਬ ਪੈਦਾ ਹੋਵੇਗਾ ਜਿਸ ਨੂੰ ਅਸੀਂ ਇਤਿਹਾਕ ਪੰਜਾਬ ਕਹਿ ਸਕਦੇ ਹਾਂ। ਸ਼ਾਹ ਮੁਹੰਮਦ ਉਸ ਮਹਾਨ ਸਭਿਅਕ ਵਿਰਾਸਤ ਦਾ ਪ੍ਰਤੀਕ ਬਣ ਸਕਦਾ ਹੈ, ਜਿਸ ਨੂੰ ਅਸੀਂ ਸਹੀ ਅਰਥਾਂ ਵਿਚ ਪੰਜਾਬੀ ਕਹਿ ਕਰ ਰਹੇ ਹਾਂ।
—7—
ਕੁਝ ਸ਼ਬਦ ਇਸ ਜੰਗਨਾਮੇ ਦੇ ਹਿੰਦੀ ਅਤੇ ਅੰਗਰੇਜ਼ੀ ਅਨੁਵਾਦ ਬਾਰੇ। ਕਾਰਨ ਬਹੁਤ ਸਪਸ਼ਟ ਹੈ। ਮੈਂ ਆਪਣੀ ਸਾਰੀ ਉਮਰ ਵਿਚ ਕਸਬੀ ਅਨੁਵਾਦਕ ਰਿਹਾ ਹਾਂ। ਜਦੋਂ ਮੈਂ 1995 ਵਿਚ ਇਹ ਰਚਨਾ ਪੜ੍ਹੀ ਤਾਂ ਇਸ ਨੂੰ ਅੰਗਰੇਜ਼ੀ ਵਿਚ ਅਨੁਵਾਦ ਕਰਨ ਪਿਛੇ ਭਾਵਨਾ ਇਹ ਸੀ ਕਿ ਅੰਗਰੇਜ਼ੀ ਜਾਣਨ ਵਾਲੇ ਬਹੁਤ ਸਾਰੇ ਪੰਜਾਬੀਆਂ ਤਕ ਉਨ੍ਹਾਂ ਦੀ ਆਪਣੀ ਵਿਰਾਸਤ ਦੀ ਇਹ ਅਨੂਠੀ ਰਚਨਾ ਜ਼ਰੂਰ ਪਹੁੰਚਣੀ ਚਾਹੀਦੀ ਹੈ। ਹੁਣ ਜਦੋਂ ਮੈਂ ਇਸ ਨੂੰ ਸੋਧਣ ਲਈ ਦੁਬਾਰਾ ਦੇਖਿਆ ਤਾਂ ਮੈਨੂੰ ਲਗਿਆ ਕਿ ਇਸ ਰਚਨਾ ਦਾ ਥੀਮ ਸਮਾਜਿਕ ਅਤੇ ਸਾਹਿਤਕ ਦੋਵਾਂ ਪਖਾਂ ਤੋਂ ਬਹੁਤ ਮਹਤਵਸ਼ਾਲੀ ਹੈ। ਮੈਂ ਮਹਿਸੂਸ ਕੀਤਾ ਕਿ ਮੈਨੂੰ ਇਸ ਨੂੰ ਹਿੰਦੀ ਵਿਚ ਵੀ ਅਨੁਵਾਦ ਕਰਨਾ ਚਾਹੀਦਾ ਹੈ, ਕਿਉਂਕਿ ਇਹ ਕਾਵਿ ਰਚਨਾ ਰਾਸ਼ਟਰੀ ਏਕੀਕਰਨ ਬਾਰੇ ਸਭ ਤੋਂ ਉਤਮ ਹੈ। ਇਹ ਰਚਨਾ ਇਕ ਮੁਸਮਲਾਨ ਦੀ ਕਲਮ ਤੋਂ ਨਿਕਲੀ ਹੈ ਅਤੇ ਜਿਸ ਨੂੰ ਅਜੇ ਤਕ ਕੋਈ ਹਿੰਦੂ ਪਾਰ ਨਹੀਂ ਕਰ ਸਕਿਆ।
ਪੰਜਾਬ ਦੇ ਪ੍ਰਸੰਗ ਵਿਚ ਇਸ ਦਾ ਦੋਹਰਾ ਮਹਤਵ ਹੈ। ਕਿਉਂਕਿ ਥੋੜ੍ਹਾ ਸਮਾਂ ਪਹਿਲਾਂ ਹੀ ਮੇਰੀ ‘ਪਿਤਰ ਭੂਮੀ’ ‘ਦੋ ਰਾਸ਼ਟਰ’ ਸਿਧਾਂਤ ਦੇ ਨਾਂ ਉਤੇ ਵੰਡੀ ਗਈ ਹੈ ਅਤੇ ਇਹ ਇਕ ਅਜਿਹੀ ਸਾਹਿਤਕ ਰਚਨਾ ਹੈ, ਜੋ ਇਸ ਸਿਧਾਂਤ ਨੂੰ ਜ਼ੋਰਦਾਰ ਤਰੀਕੇ ਨਾਲ ਨਕਾਰਦੀ ਹੈ। ਸ਼ਾਹ ਮੁਹੰਮਦ ਨੂੰ ਪੜ੍ਹਨ ਤੋਂ ਬਾਅਦ ਇਹ ਸਾਫ ਹੋ ਜਾਂਦਾ ਹੈ ਕਿ ਪੰਜਾਬੀ ਵਿਚ ਫੈਲੀ ਫਿਰਕਾਪ੍ਰਸਤੀ ਇਕ ਤੀਜੀ ਧਿਰ ਭਾਵ ਅੰਗਰੇਜ਼ਾਂ ਦੀ ਕਰਤੂਤ ਸੀ। ਇਹ ਦ੍ਰਿਸ਼ਟੀ ਇਕ ਵਡੇ ਘੇਰੇ ਦੇ ਹਿੰਦੀ ਪਾਠਕਾਂ ਤਕ ਪਹੁੰਚਣੀ ਚਾਹੀਦੀ ਹੈ ਕਿਉਂਕਿ ਵੱਡੇ ਪੈਮਾਨੇ ਉੇਤੇ ਹਿੰਦੂ ਇਹ ਸੋਚਦੇ ਹਨ ਕਿ ਮੁਸਲਮਾਨ ਜਾਂ ਸਿਖ ਹੀ ਫਿਰਕੂ ਸਨ। ਇਸ ਨਾਲ ਉਹ ਸਮਝ ਸਕਣਗੇ ਕਿ ਅਸਲ ਦੋਸ਼ੀ ਕੌਣ ਹੈ। ਉਨ੍ਹਾਂ ਦੀ ਫਿਰਕਾਪ੍ਰਸਤੀ, ਹਿੰਦੂਆਂ ਦੀ ਆਪਣੇ ਆਪ ਬਾਰੇ ਸੋਚਣੀ ਅਤੇ ਕਰਨੀ ਦਾ ਹੀ ਪ੍ਰਤੀਕਰਮ ਸੀ। ਇਸ ਲਈ ਇਸ ਦਾ ਹਿੰਦੀ ਅਨੁਵਾਦ ਕੀਤਾ ਗਿਆ ਹੈ।
ਪਰ ਇਸ ਦਾ ਇਕ ਕਾਰਨ ਹੋਰ ਵੀ ਹੈ। ਲੰਮੇ ਸਮੇਂ ਤੋਂ ਮੇਰੀ ਇਛਾ ਸੀ ਕਿ ਜੇ ਮੌਕਾ ਮਿਲਿਆ ਤਾਂ ਮੈਂ ਵਾਰਿਸ ਸ਼ਾਹ ਦੀ ਹੀਰ ਨੂੰ ਅਨੁਵਾਦ ਕਰਾਂ। ਮੈਨੂੰ ਨਹੀਂ ਪਤਾ ਕਿ ਮੈਂ ਇਸ ਕਠਿਨ ਕਾਰਜ ਨੂੰ ਨੇਪਰੇ ਚੜ੍ਹਾਉਣ ਲਈ ਆਪਣੇ ਆਪ ਨੂੰ ਕਿਵੇਂ ਯੋਗ ਬਣਾ ਸਕਾਂਗਾ। ਇਸ ਲਈ ਇਹ ਅਨੁਵਾਦ ਇਕ ਤਰ੍ਹਾਂ ਨਾਲ ਸਿਖਾਂਦਰੂ ਕਾਰਜ ਹੈ। ਜੇ ਇਹ ਅਨੁਵਾਦ ਮੁਲਵਾਨ ਸਾਬਿਤ ਹੁੰਦਾ ਹੈ ਤਾਂ ਮੈਂ ਅਗਲੇ ਵਡੇ ਕੰਮ ਨੂੰ ਕਰਨ ਲਈ ਦੁਗਣਾ ਉਤਸ਼ਾਹਿਤ ਮਹਿਸੂਸ ਕਰਾਂਗਾ।
ਇਸ ਤੋਂ ਇਲਾਵਾ ਮੈਂ ਹਿੰਦੀ ਵਾਲੇ ਅਨੁਵਾਦ ਨੂੰ ਬੈਂਤ ਛੰਦ ਵਿਚ ਹੀ ਉਲਥਾਉਣ ਦਾ ਯਤਨ ਕੀਤਾ ਹੈ। ਇਸ ਦਾ ਮਕਸਦ ਇਹ ਹੈ ਕਿ ਗ਼ੈਰ ਪੰਜਾਬੀ ਪਾਠਕ ਵੀ ਇਸ ਨੂੰ ਗੁਣਗੁਣਾ ਸਕਣ ਜੋ ਵਾਰਿਸ ਸ਼ਾਹ ਦੀ ਹੀਰ ਵਾਂਗ ਹੀ ਰੂਹਾਨੀ ਹੈ। ਇਸ ਤੋਂ ਇਲਾਵਾ, ਅੱਜ ਦੀ ਫਿਰਕਾਪ੍ਰਸਤੀ ਨਾਲ ਲੜਨ ਲਈ ਇਹ ਸ਼ਾਹ ਮੁਹੰਮਦ ਦੀ ਆਤਮਾ ਨੂੰ ਪੁਨਰ ਜੀਵਿਤ ਕਰੇਗਾ। ਮੈਂ ਉਹ ਦਿਨ ਦੇਖਣਾ ਚਾਹੁੰਦਾ ਹਾਂ ਜਦੋ ਹਿੰਦੂ, ਮੁਸਮਲਾਨ ਅਤੇ ਸਿਖ ਭਾਵ ਸਾਰੇ ਪੰਜਾਬੀਆਂ ਨੂੰ ਆਪਣੀ ‘ਪਿਤਰ ਭੂਮੀ’ ਨੂੰ ਵੰਡਣ ਦੀ ਬਜਰ ਇਤਿਹਾਸਕ ਭੁਲ ਦਾ ਅਹਿਸਾਸ ਹੋਵੇਗਾ। ਇਕ ਦਿਨ ਇਸ ਭੁਲ ਦਾ ਅਹਿਸਾਸ ਤਾਂ ਹੋਣਾ ਤੈਅ ਹੈ। ਪਰ ਕੀ ਮੈਂ ਇਸ ਅਹਿਸਾਸ ਨੂੰ ਅਧਾ ਸਕਿੰਟ ਵੀ ਨੇੜੇ ਲੈ ਆਉਣ ਵਿਚ ਕੋਈ ਸਾਧਨ ਬਣ ਸਕਦਾ ਹਾਂ?  (ਧੰਨਵਾਦ ਸਾਹਿਤ ‘ਵਾਹਗਾ’ ਵਿਚੋਂ)

Leave a Reply

Your email address will not be published. Required fields are marked *