leader

ਉਘਰ ਗਇਆ ਜੈਸੇ ਖੋਟਾ ਢਬੂਆ ਜਾ ਨਦਿਰ ਸਰਾਫਾਂ ਆਇਆ

ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰÎਘ ਜੀ ਵਲੋਂ ਵਰੋਸਾਈ ਇਸ ਪਵਿਤਰ ਧਰਤੀ ਆਲਮਗੀਰ (ਲੁਧਿਆਣਾ) ਵਿਖੇ ਹੋ ਰਹੀ (30 ਮਈ 1999) ਇਹ ਪੰਥਕ ਕਨਵੈਨਸ਼ਨ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਸ. ਪ੍ਰਕਾਸ਼ ਸਿੰਘ ਬਾਦਲ ਨੂੰ ਪੰਥਕ ਕਚਹਿਰੀ ਦੇ ਕਟਹਿਰੇ ਵਿਚ ਖੜਾ ਕਰਕੇ, ਉਹਨਾਂ ਵਿਰੁਧ ਹੇਠ ਲਿਖੇ ਦੋਸ਼ ਆਇਦ ਕਰਦੀ ਹੈ —

1. ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟੱਕਰ ਲਾਉਣ ਦਾ ਬਜਰ ਮਹਾਂਦੋਸ਼

leaderਸ੍ਰੀ ਪ੍ਰਕਾਸ਼ ਸਿੰਘ ਬਾਦਲ ਵਿਰੁਧ ਦੋਸ਼ਾਂ ਦੀ ਲਿਸਟ ਬੜੀ ਲੰਬੀ ਹੈ। ਸਭ ਤੋਂ ਰੜਕਵਾਂ ਅਤੇ ਮਹਾਂ ਦੋਸ਼ ਇਹ ਹੈ ਕਿ ਬਾਦਲ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਉਣ ਦੀ ਬਜਰ ਗਲਤੀ ਤੇ ਸਿਆਸੀ ਪਾਪ ਕੀਤਾ ਹੈ। ਇਹ ਇਤਾਸਕ ਸਚ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਹਿਨੁਮਾਈ ਵਿਚ, ਖਾਲਸਾ ਪੰਥ ਦੀ ਮਰਜ਼ੀ ਮੁਤਾਬਿਕ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਦੀ ਹੈਸੀਅਤ ਵਿਚ ਜਥੇਦਾਰ ਤੇਜਾ ਸਿੰਘ ਭੁਚਰ ਵਲੋਂ ਸਥਾਪਿਤ ਕੀਤੇ ਗਏ ਸਨ। ਸ. ਪ੍ਰਕਾਸ਼ ਸਿੰਘ ਬਾਦਲ ਉਤੇ ਮਹਾਂਦੋਸ਼ ਇਹ ਹੈ ਕਿ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੁੰਦਿਆਂ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 31 ਦਸੰਬਰ 1998 ਨੂੰ ਪੰਥਕ ਹਿਤਾਂ ਲਈ ਵੈਸਾਖੀ 1999 ਤਕ ਆਪਸੀ ਲੜਾਈ ਤੋਂ ਵਰਜਣ ਦੇ ਜਾਰੀ ਹੋਏ ਹੁਕਮਨਾਮੇ ਦੀ ਅਵਗਿਆ ਨਾ ਕੇਵਲ ਖੁਦ ਕੀਤੀ, ਸਗੋਂ ਪਹਿਲਾਂ ਕਾਰਜਕਾਰੀ ਮੈਂਬਰਾਂ ਤੋਂ ਅਤੇ ਪਿਛੋਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੋਂ ਸਾਮੂਹਿਕ ਰੂਪ ਵਿਚ ਵੀ ਕਰਵਾਈ। ਕੀ ਸ. ਬਾਦਲ ਸਿਖ ਪੰਥ ਨੂੰ ਦਸ ਸਕਦੇ ਹਨ ਕਿ ਭਾਈ ਰਣਜੀਤ ਸਿੰਘ ਜੀ ਨੇ ਇਹ ਹੁਕਮਨਾਮਾ ਜਾਰੀ ਕਰਕੇ ਕੀ ਅਵਗਿਆ ਕੀਤੀ ਹੈ? ਨਾਲ ਹੀ ਬਾਦਲ ਸਾਹਿਬ ਉਤੇ ਇਹ ਵੀ ਦੋਸ਼ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਉਣ ਦੀ ਬਜਰ ਗਲਤੀ ਸਿਰਫ ਹੁਣ ਨਹੀਂ, ਸਗੋਂ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਕਰਦੇ ਆ ਰਹੇ ਹਨ।
ਸਿਖ ਇਹਿਤਾਸ ਗਵਾਹ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਤੋਂ ਅਜ ਤਕ ਕਿਸੇ ਵੀ ਸਿਖ ਨੇ ਅਕਾਲ ਤਖ਼ਤ ਸਾਹਿਬ ਨਾਲ ਟਕਰ ਲੈਣ ਦੀ ਜੁਰਅਤ ਨਹੀਂ ਕੀਤੀ। ਸਿਖਾਂ ਦੇ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਵੇਲੇ ਭਾਵੇਂ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਰਕਾਰੇ ਖਾਲਸਾ ਵਲੋਂ ਲਾਏ ਜਾਂਦੇ ਸਨ ਅਤੇ ਅਕਾਲੀ ਫੂਲਾ ਸਿੰਘ ਜੀ ਪੰਥ ਪ੍ਰਵਾਨਿਤ ਜਥੇਦਾਰ ਹੋਣ ਦੀ ਹੈਸੀਅਤ ਵਿਚ ਮਹਾਰਾਜਾ ਰਣਜੀਤ ਸਿੰਘ ਵਲੋਂ ਪੰÎਥਕ ਹਿਤਾਂ ਦੇ ਅਨੁਕੂਲ ਨਾ ਕੀਤੀ ਗਈ ਕਿਸੇ ਵੀ ਕਾਰਵਾਈ ਨੂੰ ਚੁਣੌਤੀ ਦੇ ਦਿੰਦੇ ਸਨ, ਪਰ ਫਿਰ ਵੀ ਕਿਸੇ ਨੇ ਉਨ੍ਹਾਂ ਨੂੰ ਜਥੇਬੰਦੀ ਤੋਂ ਹਟਾਉਣ ਦੀ ਕੋਸ਼ਿਸ ਨਹੀਂ ਸੀ ਕੀਤੀ। ਸ. ਸੁਰਜੀਤ ਸਿੰਘ ਬਰਨਾਲਾ ਨੇ ਵੀ ਮੁÎਖ ਮੰਤਰੀ ਅਤੇ ਅਕਾਲੀ ਦਲ ਦਾ ਪ੍ਰਧਾਨ ਹੁੰਦਿਆਂ ਜਥੇਦਾਰ ਸਾਹਿਬ ਨੂੰ ਹਟਾਉਣ ਦੀ ਵਧੀਕੀ ਨਹੀਂ ਸੀ ਕੀਤੀ। ਤਖ਼ਤ ਸਾਹਿਬ ਦੀ ਜਥੇਦਾਰੀ ਦੀ ਸ਼ਾਨ ਹੀ ਇਸ ਵਿਚ ਹੈ ਕਿ ਪੰਥਕ ਭਾਵਨਾਵਾਂ ਤੋਂ ਥਿੜਕਣ ਵਾਲੇ ਕਿਸੇ ਵਡੇ ਤੋਂ ਵਡੇ ਵਿਅਕਤੀ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਉਪਰ ਤਲਬ ਕੀਤਾ ਜਾ ਸਕਦਾ ਹੈ। ਬਾਦਲ ਸਾਹਿਬ ਨੇ ਨਾ ਕੇਵਲ ਅਕਾਲ ਤਖ਼ਤ ਸਾਹਿਬ ਵਲ ਪਿਠ ਕਰ ਲਈ ਹੈ, ਸਗੋਂ ਇਸ ਸਰਬ ਉਚ ਸੰਸਥਾ ਉਤੇ ਕਬਜ਼ਾ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਉਹ ਇਹ ਵੀ ਭੁਲ ਗਏ ਹਨ ਕਿ ਖਾਲਸਾ ਪੰਥ ਕੁਰਾਬਨੀ ਨੂੰ ਮਾਨਤਾ ਦੇਂਦਾ ਹੈ ਅਤੇ ਭਾਈ ਰਣਜੀਤ ਸਿੰਘ ਕੁਰਬਾਨੀ ਦੇ ਪੁੰਜ ਵਜੋਂ ਸਿਖਾਂ ਦੇ ਮਨਾਂ ਵਿਚ ਵਸੇ ਹੋਏ ਹਨ। ਬਾਦਲ ਸਾਹਿਬ ਦਾ ਇਹ ਦੋਸ਼ ਇਸ ਕਰਕੇ ਗੰਭੀਰ ਹੈ, ਕਿਉਂਕਿ ਉਹਨਾਂ ਨੇ ਸਭ ਕੁਝ ਜਾਣਦਿਆਂ ਬੁਝਦਿਆਂ ਇਹ ਬਜਰ ਗਲਤੀ ਤੇ ਪਾਪ ਕੀਤਾ ਹੈ।

2. ਪਵਿਤਰ ਸੰਸਥਾਵਾਂ ਉਤੇ ਸਰਕਾਰੀ ਕਬਜ਼ਾ

ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਸਰਕਾਰੀ ਕਬਜ਼ਾ ਕਰਨ ਦੀ ਕੋਸ਼ਿਸ਼ ਪਹਿਲੀ ਵਾਰ ਅੰਗਰੇਜ਼ ਸਰਕਾਰ ਵਲੋਂ ਅਰੂੜ ਸਿੰਘ ਨੂੰ ਸਰਬਰਾਹ ਲਾ ਕੇ ਕੀਤੀ ਗਈ ਸੀ। ਹੁਣ ਬਾਦਲ ਸਾਹਿਬ ਅਤੇ ਉਨ੍ਹਾਂ ਦੀ ਜੁੰਡਲੀ ਨੇ ਕੀਤੀ ਹੈ। ਉਹਨਾਂ ਨੂੰ ਯਾਦ ਰਖਣਾ ਚਾਹੀਦਾ ਹੈ ਕਿ ਅਕਾਲ ਤਖ਼ਤ ਸਾਹਿਬ ਉਤੇ ਕਬਜ਼ੇ ਦੀ ਕੀਤੀ ਗਈ ਕੋਸ਼ਿਸ ਨਾਲ ਮੁਖ ਮੰਤਰੀ ਅਤੇ ਉਨ੍ਹਾਂ ਵਲੋਂ ਥਾਪੇ ਗਏ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਦੀ ਤਸੱਲੀ ਤਾਂ ਭਾਵੇਂ ਹੋ ਗਈ ਹੋਵੇ, ਪਰ ਇਸ ਵਧੀਕੀ ਨੂੰ ਪੰਥ ਵਲੋਂ ਮਾਨਤਾ ਨਹੀਂ ਮਿਲੀ। ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਪੰਥ ਵਲੋਂ ਉਹਨਾਂ ਦੀ ਲਾਸਾਨੀ ਕੁਰਬਾਨੀ ਨੂੰ ਮੁੱਖ ਰਖਦਿਆਂ ਉਸ ਵੇਲੇ ਸ੍ਰੀ ਅਕਾਲ ਤਖ਼ਤ ਜੀ ਦੇ ਜਥੇਦਾਰ ਥਾਪਿਆ ਗਿਆ ਸੀ, ਜਦੋਂ ਕੌਮ ਵਿਚ ਸ੍ਰੀ ਅਕਾਲ ਤਖ਼ਤ ਜੀ ਦੇ ਜਥੇਦਾਰ ਬਾਰੇ ਬਹੁਤ ਹੀ ਭੰਬਲਭੂਸਾ ਪਿਆ ਹੋਇਆ ਸੀ। ਕੋਈ ਜਥੇਬੰਦੀ ਕਿਸੇ ਵਿਅਕਤੀ ਨੂੰ ਜਥੇਦਾਰ ਮੰਨਦੀ ਸੀ ਕੋਈ ਕਿਸੇ ਨੂੰ। ਸਿੰਘ ਸਾਹਿਬ ਭਾਈ ਰਣਜੀਤਸਿੰਘ ਜੀ ਨੂੰ ਜਥੇਦਾਰ ਥਾਪਣ ਨਾਲ ਸਮੁਚੀ ਕੌਮ ਵਿਚ ਖੁਸ਼ੀ ਤੇ ਤਸੱਲੀ ਦੀ ਲਹਿਰ ਪੈਦਾ ਹੋਈ ਸੀ। ਕਿਉਂਕਿ ਕੌਮ ਤਾਂ ਪਹਿਲਾਂ ਹੀ ਉਹਨਾਂ ਨੂੰ ਸੋਨੇ ਨਾਲ ਤੋਲਣ ਦਾ ਤਹਈਆ ਕਰੀ ਬੈਠੀ ਸੀ। ਪਰ ਬਾਦਲ ਸਰਕਾਰ ਵਲੋਂ ਪੰਥਕ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਘਰ ਵਿਚ ਨਜ਼ਰਬੰਦ ਕਰਨ ਵਰਗੀਆਂ ਕਾਰਵਾਈਆਂ ਨਾਲ ਪੰਥਕ ਹਿਤੈਸ਼ੀਆਂ ਦੀਆਂ ਭਾਵਨਾਵਾਂ ਨੂੰ ਲਗਾਤਾਰ ਜ਼ਖ਼ਮੀ ਕੀਤਾ ਜਾ ਰਿਹਾ ਹੈ। ਸਿਖਾਂ ਦੀ ਪਵਿਤਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਇਕ ਤਰ੍ਹਾਂ ਸਰਕਾਰੀ ਕਬਜ਼ੇ ਵਿਚ ਬੇਸ਼ਕ ਆ ਗਈ ਲਗਦੀ ਹੈ ਪਰ ਇਸ ਨੂੰ ਪੰਥਕ ਪ੍ਰਵਾਨਗੀ ਕਦੇ ਵੀ ਨਹੀਂ ਮਿਲ ਸਕੇਗੀ। ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਸਥਾਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਖੁਦਮੁਖਤਿਆਰ ਸੰਸਥਾ ਬਨਾਉਣ ਦਾ ਸੰਘਰਸ਼ ਪੰਥਕ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਵਿਚ ਜਾਰੀ ਹੈ। ਸ. ਬਾਦਲ ਉੇਤ ਇਹ ਦੋਸ਼ ਹੈ ਕਿ ਉਨ੍ਹਾਂ ਨੇ ਗਿਣੀ ਮਿਥੀ ਸਾਜ਼ਿਸ ਅਧੀਨ ਪੰਥ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬੇਹੁਰਮਤੀ ਕੀਤੀ ਹੈ। ਇਸ ਦੇ ਨਾਲ ਹੀ ਪੰਥ ਵਲੋਂ ਪ੍ਰਵਾਨਿਤ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੂੰ ਅਪਮਾਨਿਤ ਕੀਤਾ ਹੈ। ਇਸ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕਦੇ ਨਾ ਪੂਰਾ ਹੋਣ ਵਾਲਾ ਕੌਮੀ ਨੁਕਸਾਨ ਹੋਇਆ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਾਖ ਨੂੰ ਵੱਟਾ ਲਗਿਆ ਹੈ।

3. ਖਾਲਸਾ ਸਾਜਨਾ ਦੀ ਤੀਸਰੀ ਸ਼ਤਾਬਦੀ ਨਾਲ ਖਿਲਵਾੜ

ਜਦੋਂ ਦੁਨੀਆਂ ਭਰ ਦੇ ਸਿਖਾਂ ਦੀਆਂ ਨਿਗਾਹਾਂ ਖਾਲਸਾ ਸਾਜਨਾ ਦੀ ਤੀਸਰੀ ਸ਼ਤਾਬਦੀ ਨੂੰ ਪੰਥਕ ਪਰੰਪਰਾਵਾਂ ਤੇ ਮਰਿਯਾਦਾ ਅਨੁਸਾਰ ਅਤੇ ਖਾਲਸਈ ਰੰਗ ਵਿਚ ਮਨਾਏ ਜਾਣ ਨੂੰ ਵੇਖਣ ਲਈ ਤਾਂਘ ਰਹੀਆਂ ਸਨ, ਉਸ ਵੇਲੇ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਸਿਖ ਜਜ਼ਬਾਤ ਦੀ ਪ੍ਰਵਾਹ ਕੀਤੇ ਬਿਨਾਂ, ਸਿਰਫ ਸਿਆਸੀ ਲਾਹਾ ਲੈਣ ਲਈ ਪੰਥਕ ਮਰਿਯਾਦਾ ਛਿਕੇ ਟੰਗ ਦਿਤੀ। ਇਸ ਇਤਿਹਾਸਕ ਅਵਸਰ ਦਾ ਮਹੱਤਵ ਦੁਨੀਆਂ ਭਰ ਦੇ ਸਿਖਾਂ ਲਈ ਇਸ ਕਰਕੇ ਵੀ ਵਧਿਆ ਹੋਇਆ ਸੀ, ਕਿਉਂਕਿ ਦਿਨੋ ਦਿਨ ਸਿਖੀ ਤੋਂ ਦੂਰ ਹੁੰਦੇ ਜਾ ਰਹੇ ਨੌਜਵਾਨਾਂ ਨੂੰ ਆਪਣੇ ਵਿਰਸੇ ਬਾਰੇ ਜਾਣੂ ਕਰਵਾਉਣ ਲਈ ਇਸ ਅਵਸਰ ਦਾ ਯੋਗ ਲਾਹਾ ਲਿਆ ਜਾਣਾ ਸੀ। ਪਰ ਹੋਇਆ ਇਹ ਕਿ ਪਹਿਲੀਆਂ ਸ਼ਤਾਬਦੀਆਂ ਦੁਸ਼ਮਣਾਂ ਨੇ ਨਹੀਂ ਮਨਾਉਣ ਦਿਤੀਆਂ ਅਤੇ ਤੀਸਰੀ ਸ਼ਤਾਬਦੀ ਬਾਦਲ ਸਾਹਿਬ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਦੁਸ਼ਮਣਾਂ ਦੀ ਸੌੜੀ ਸਿਆਸਤ ਦਾ ਸ਼ਿਕਾਰ ਬਣਾ ਦਿਤੀ ਗਈ ਹੈ। ਬਾਦਲ ਸਾਹਿਬ ਉਤੇ ਦੋਸ਼ ਇਹ ਹੈ ਕਿ ਉਨ੍ਹਾਂ ਨੇ ਸ਼ਤਾਬਦੀ  ਦੇ ਪ੍ਰੋਗਰਾਮਾਂ ਦੇ ਆਰੰਭਕ ਸਮਾਗਮ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇਸ ਲਈ ਨਹੀਂ ਕੀਤਾ, ਕਿਉਂਕਿ ਸਤਾ ਦੇ ਮਾਲਕਾਂ ਨੂੰ ਸਿਰ ਢਕ ਕੇ ਅਤੇ ਜੁਤੀਆਂ ਉਤਾਰ ਕੇ ਬੈਠਣਾ ਪੈਣਾ ਸੀ। ਇਸ ਦਾ ਸਿਟਾ ਇਹ ਨਿਕਲਿਆ ਕਿ ”ਪੰਥਕ ਬੋਲਬਾਲੇ” ਦੀ ਥਾਂ ”ਧਰਮ ਨਿਰਪਖਤਾ” ਦਾ ਬੋਲਬਾਲਾ ਕਰਨ ਲਈ ਇਸ ਪਵਿਤਰ ਅਵਸਰ ਨੂੰ ਅਪਵਿਤਰ ਸਿਆਸਤ ਲਈ ਵਰਤਿਆ ਗਿਆ। ਖਾਲਸਾ ਪੰਥ ਦੀ ਸਿਰਜਨਾ ਦੀ ਤੀਜੀ ਸ਼ਤਾਬਦੀ ਦੇ ਮੁਖ ਸਮਾਗਮ ਵਿਚ ਨਾ ਤਾਂ ਜਾਗਤਿ ਜੋਤਿ ਜਾਹਰਾ ਜਹੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਭਾਇਮਾਨ ਸਨ ਅਤੇ ਨਾ ਹੀ ਤਿਆਰ ਬਰ ਤਿਆਰ ਦੀਦਾਰੀ ਖਾਲਸਾ ਕਿਤੇ ਭਾਲਿਆ ਲਭਦਾ ਸੀ। ਜਦੋਂ ਕਿ ਪੰਥਕ ਮਰਿਯਾਦਾ ਇਹ ਹੈ ਕਿ ਕੋਈ ਵੀ ਸਿਖ ਸਮਾਗਮ, ਭਾਵੇਂ ਉਹ ਨਿਜੀ ਵੀ ਕਿਉਂ ਨਾ ਹੋਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਕੀਤੀ ਗਈ ਅਰਦਾਸ ਅਤੇ ਹੁਕਮਨਾਮੇ ਤੋਂ ਬਿਨਾਂ ਹੋ ਹੀ ਨਹੀਂ ਸਕਦਾ। ਬਾਦਲ ਸਾਹਿਬ ਉਤੇ ਇਹ ਵੀ ਦੋਸ਼ ਹੈ ਕਿ ਪੰਜ ਗੁਰੂ ਸਾਹਿਬਾਨ ਦੀ ਚਰਨ ਛੂਹ ਅਤੇ ਹਜ਼ਾਰਾਂ ਸਿਖ ਸ਼ਹੀਦਾਂ ਦੇ ਖੂਨ ਨਾਲ ਪਵਿਤਰ ਹੋਈ ਇਸ ਧਰਤੀ ਅਤੇ ਇਸ ਇਤਿਹਾਸਕ ਮੌਕੇ ਉਤੇ ਲਚਰ ਅਤੇ ਅਸ਼ਲੀਲ ਗੀਤ ਗਵਾ ਕੇ ਸਿਖ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਈ ਗਈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਪਤਿਤ ਵਿਅਕਤੀਆਂ ਨੂੰ ਸਿਰੋਪੇ ਦਵਾ ਕੇ ਪੰਥਕ ਮਰਿਯਾਦਾ ਦਾ ਗਿਣੀ ਮਿਥੀ ਸਾਜ਼ਿਸ ਅਧੀਨ ਜਾਣ ਬੁਝ ਕੇ ਘਾਣ ਕੀਤਾ।
ਸ. ਬਾਦਲ ਉਤੇ ਇਹ ਵੀ ਦੋਸ਼ ਹੈ ਕਿ ਉਨ੍ਹਾਂ ਨੇ ਗੁਰੂ ਘਰ ਦੀਆਂ ਗੋਲਕਾਂ ਨੂੰ ਅਨੰਦਪੁਰ ਸਾਹਿਬ ਫਾਊਂਡੇਸ਼ਨ ਦੇ ਨਾਂ ਹੇਠ ਬੱਲੇ ਬੱਲੇ ਕਰਵਾਉਣ ਲਈ ਬੜੀ ਬੇਦਰਦੀ ਨਾਲ ਲੁਟਾਇਆ ਹੈ। ਸਿਆਸੀ ਪ੍ਰਭੂਆਂ ਦੀ ਖੁਸ਼ਨੂਦੀ ਹਾਸਲ ਕਰਨ ਤੇ ਆਪਣੀ ਹਉਮੈਂ ਨੂੰ ਪਠੇ ਪਾਉਣ ਲਈ, ਜਿਹੜਾ ਪੰਡਾਲ ਅਨੰਦਪੁਰ ਸਾਹਿਬ ਫਾਊਂਡੇਸ਼ਨ ਵਲੋਂ ਬਣਾਇਆ ਗਿਆ ਸੀ, ਉਸਦਾ ਡੇਢ ਕਰੋੜ ਰੁਪਏ ਦਾ ਖਰਚਾ ਗੁਰੂ ਕੀ ਗੋਲਕ ਵਿਚੋਂ ਕਢ ਕੇ ਦਿਤਾ ਗਿਆ। ਅਖਬਾਰਾਂ ਵਿਚ 70 ਲੱਖ ਰੁਪਏ ਦੇ ਇਸ਼ਤਿਹਾਰ ਵੀ ਗੁਰੂ ਘਰ ਵਿਚੋਂ ਹੀ ਦਿਤੇ ਗਏ ਹਨ। ਸੋ ਬਾਦਲ ਸਾਹਿਬ ਉਪਰ ਦੋਸ਼ ਹੈ ਕਿ ਉਹਨਾ ਨੇ ਖਾਲਸਾ ਪੰਥ ਦੀ ਤੀਜੀ ਸਿਰਜਨਾ ਸ਼ਤਾਬਦੀ ਨੂੰ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਆਪਣੇ ਸਿਆਸੀ ਲਾਭ ਲੈਣ ਲਈ ਵਰਤਿਆ।

4. ਗੁਰੂ ਅਤੇ ਪੰਥ ਨਾਲ ਧੋਖਾਧੜੀ

ਸ. ਪ੍ਰਕਾਸ਼ ਸਿੰਘ ਬਾਦਲ ਉਤੇ ਇਕ ਦੋਸ਼ ਇਹ ਵੀ ਹੈ ਕਿ ਉਹਨਾਂ ਨੇ ਅਹੁਦੇ ਹਥਿਆਉਣ ਦੀ ਲਾਲਸਾ ਅਧੀਨ ਲੰਬੇ ਸਮੇਂ ਤਕ ਗੁਰੂ ਅਤੇ ਪੰਥ ਨਾਲ ਧੋਖਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦਾ ਅਹੁਦਾ ਹਾਸਲ ਕਰਨ ਲਈ ਸ. ਬਾਦਲ, ਬੇਅੰਮ੍ਰਿਤੀਏ ਹੋਣ ਦੇ ਬਾਵਜੂਦ ਪੰਥ ਨੂੰ ਧੋਖਾ ਦੇਣ ਲਈ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉਤੇ ਕ੍ਰਿਪਾਨ ਪਾ ਕੇ ਗਏ ਸਨ। ਉਹਨਾਂ ਬਿਨਾਂ ਅਮ੍ਰਿਤ ਛਕਿਆ ਕ੍ਰਿਪਾਨ ਪਾ ਕੇ ਸਿਖ ਰਹਿਤ ਮਰਿਯਾਦਾ ਦੀ ਤੌਹੀਨ ਕੀਤੀ ਹੈ। ਬਾਦਲ ਸਾਹਿਬ ਉਤੇ ਇਹ ਵੀ ਦੋਸ਼ ਹੈ ਕਿ ਉਹਨਾਂ ਦੇ ਘਰ ਦੇ ਮੈਂਬਰਾਂ ਵਿਚੋਂ ਪਤਨੀ, ਪੁਤਰ ਅਤੇ ਨੂੰਹ ਅਜੇ ਵੀ ਅਮ੍ਰਿਤਧਾਰੀ ਨਹੀਂ ਹਨ। ਇਸ ਹਾਲਤ ਵਿਚ ਬਾਦਲ ਸਾਹਿਬ ਨੂੰ ਅਕਾਲੀ ਦਲ ਦੇ ਪ੍ਰਧਾਨ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਪੰਥ ਅਤੇ ਗੁਰੂ ਨਾਲ ਧੋਖਾ ਕਰਨ ਵਾਲੇ ਨੂੰ ਕਿਵੇਂ ਬਖਸ਼ਿਆ ਜਾ ਸਕਦਾ ਹੈ? ਸ੍ਰ. ਬਾਦਲ ਸਾਹਿਬ ਦੀ ਚਾਪਲੂਸ ਜੁੰਡਲੀ, ਬੇਅੰਮ੍ਰਿਤੀਏ ਹੁੰਦਿਆਂ ਹੋਇਆਂ ਜਿਵੇਂ ਖਾਲਸਾ ਸਿਰਜਨਾ ਦੀ ਤੀਜੀ ਸ਼ਤਾਬਦੀ ਦੇ ਸਮਾਗਮਾਂ ਵਿਚ ਚੌਧਰੀ ਬਣੀ ਰਹੀ, ਉਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ। ਇਹਨਾਂ ਵਿਚੋਂ ਕਿਸੇ ਨੂੰ ਵੀ ਅਕਾਲੀ ਦਲ ਦੇ ਅਹੁਦੇਦਾਰ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ, ਕਿਉਂਕਿ ਇਹ ਸਾਰੇ ਪੰÎਥਕ ਧੋਖਾਧੜੀ ਦੇ ਦੋਸ਼ੀ ਹਨ।

5. ਬਾਦਲ ਸਾਹਿਬ ਦੀ ਸਰਕਾਰ ਦਾ ਫਲਾਪ ਸ਼ੋਅ

ਸ. ਪ੍ਰਕਾਸ਼ ਸਿੰਘ ਬਾਦਲ ਉਤੇ ਅਗਲਾ ਦੋਸ਼ ਇਹ ਹੈ ਕਿ ਉਹ ਸਮੂਹ ਪੰਜਾਬੀਆਂ ਵਲੋਂ ਦਿਤੇ ਲਾਮਿਸਾਲ ਹੁੰਗਾਰੇ ਅਤੇ ਪਾਰਟੀ ਦੇ ਸਮੁਚੇ ਨੇਤਾਵਾਂ ਵਲੋਂ ਦਿਤੇ ਭਰਪੂਰ ਤੇ ਸਰਗਰਮ ਸਹਿਯੋਗ ਦੇਣ ਦੇ ਬਾਵਜੂਦ ਪੰਜਾਬੀਆਂ ਨੂੰ ਉਹਨਾਂ ਦੀਆਂ ਉਮੀਦਾਂ ਤੇ ਉਮੰਗਾਂ ਅਨਸਾਰ ਰਾਜਪ੍ਰਬੰਧ ਦੇਣ ਲਈ ਬੁਰੀ ਤਰ੍ਹਾਂ ਫੇਲ ਹੋਏ ਹਨ। 15 ਸਾਲਾਂ ਤੋਂ ਸੰਤਾਪ ਭੋਗਣ ਤੋਂ ਬਾਅਦ ਪੰਜਾਬੀਆਂ ਤੇ ਵਿਸ਼ੇਸ਼ ਕਰਕੇ ਸਿਖਾਂ ਨੂੰ ਆਸ ਸੀ ਕਿ ਬਾਦਲ ਦੀ ਸਰਕਾਰ ਉਹਨਾਂ ਦੇ ਜ਼ਖ਼ਮਾਂ ਉਤੇ ਮਲ੍ਹਮ ਲਾਵੇਗੀ। ਕਿਸੇ ਵੀ ਵਰਗ ਨਾਲ ਕਿਸੇ ਕਿਸਮ ਦਾ ਕੋਈ ਧੱਕਾ ਨਹੀਂ ਹੋਵੇਗਾ। ਮਨੁਖੀ ਅਧਿਕਾਰਾਂ ਦਾ ਸਨਮਾਨ ਅਤੇ ਰਾਖੀ ਕੀਤੀ ਜਾਵੇਗੀ। ਸਰਕਾਰ ਕੀਤੇ ਗਏ ਚੋਣ ਵਾਅਦਿਆਂ ਅਨੁਸਾਰ ਕੰਮ ਕਾਜ ਕਰੇਗੀ। ਪਰ ਪੰਜਾਬੀਆਂ ਦੇ ਇਹ ਸੁਪਨੇ ਚਕਨਾਚੂਰ ਹੋ ਗਏ।
ਸ. ਬਾਦਲ, ਅਫਸਰਸ਼ਾਹੀ ਦੀ ਜਕੜ ਤੋੜਨ ਦੀ ਥਾਂ ਉਤੇ ਇਸ ਦੀ ਗ੍ਰਿਫ਼ਤ ਵਿਚ ਜਕੜੇ ਗਏ। ਸਿਟੇ ਵਜੋਂ ਅਫਸਰਸ਼ਾਹੀ ਮਨਮਾਨੀਆਂ ਕਰ ਰਹੀ ਹੈ। ਲੋਕਾਂ ਦੀ ਪੂਰੀ ਲੁਟ ਕੀਤੀ ਜਾ ਰਹੀ ਹੈ। ਲੁਟਣ ਵਾਲੇ ਅਧਿਕਾਰੀਆਂ ਦੀ ਸ੍ਰ. ਬਾਦਲ ਵਲੋਂ ਪੂਰੀ ਪੁਸ਼ਤ ਪਨਾਹੀ ਕੀਤੀ ਜਾ ਰਹੀ ਹੈ। ਪੰਜਾਬ ਨੂੰ ਆਰਥਿਕ ਮੰਦਵਾੜੇ ਤੋਂ ਬਚਾਉਣ ਦੀ ਸਿਆਸੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਅਫਸਰਸ਼ਾਹੀ ਰਾਹੀਂ ਭ੍ਰਿਸ਼ਟਚਾਰ ਨੂੰ ਸ਼ਹਿ ਦਿਤੀ ਗਈ ਹੈ। ਬਾਦਲ ਸਾਹਿਬ ਦੀ ਚਾਪਲੂਸ ਜੁੰਡਲੀ ਸੌਖਿਆਂ ਅਮੀਰ ਹੋਣ ਵਿਚ ਏਨੀ ਰੁਝੀ ਹੋਈ ਹੈ ਕਿ ਉਨ੍ਹਾਂ ਨੂੰ ਸਿਆਸੀ ਜ਼ਿੰਮੇਵਾਰੀ ਦਾ ਕੋਈ ਅਹਿਸਾਸ ਤਕ ਨਹੀਂ ਹੈ। ਸਰਕਾਰੀ ਜ਼ਮੀਨਾਂ ਕੌਡੀਆਂ ਦੇ ਭਾਅ ਆਪਣੇ ਚਹੇਤਿਆਂ ਨੂੰ ਵੇਚ ਕੇ ਅਰਬਾਂ ਰੁਪਇਆ ਦੇ ਸਰਕਾਰੀ ਖਜਾਨੇ ਦਾ ਨੁਕਸਾਨ ਕੀਤਾ ਗਿਆ ਹੈ। ਇਹ ਫੈਸਲਾ ਕਰਨ ਲਗਿਆਂ ਇਹ ਵੀ ਨਾ ਸੋਚਿਆ ਗਿਆ ਕਿ ਸਰਕਾਰ ਸਰਕਾਰੀ ਜ਼ਮੀਨਾਂ ਦੀ ਕਸਟੋਡੀਅਨ ਹੁੰਦੀ ਹੈ, ਉਸ ਨੂੰ ਇਹਨਾਂ ਜਾਇਦਾਦਾਂ ਨੂੰ ਵੇਚਣ ਦਾ ਕੋਈ ਹੱਕ ਨਹੀਂ ਹੈ।
ਇਸ ਸਾਲ ਸ਼ਰਾਬ ਦੇ ਠੇਕਿਆਂ ਦੀ ਨੀਲਾਮੀ ਵਿਚ 35 ਕਰੋੜ ਰੁਪਏ ਦੇ ਹੋਏ ਘਪਲੇ ਬਾਰੇ ਦੋਸ਼ ਤਾਂ ਪੰਜਾਬ ਸਰਕਾਰ ਵਿਚ ਭਾਈਵਾਲ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਦਯਾ ਸਿੰਘ ਸੋਢੀ ਨੇ ਖੁਦ ਹੀ ਲਾਏ ਹਨ। ਪਰ ਬਾਦਲ ਸਾਹਿਬ ਨੇ ਅਜੇ ਤਕ ਇਸ ਦਾ ਕੋਈ ਜਵਾਬ ਨਹੀਂ ਦਿਤਾ। ਸ. ਬਾਦਲ ਉਤੇ ਇਹ ਵੀ ਦੋਸ਼ ਹੈ ਕਿ ਉਹ ਕੇਂਦਰ ਸਰਕਾਰ ਵਲੋਂ ਬਾਰਸ਼ਾਂ ਕਾਰਨ ਹੋਏ ਨੁਕਸਾਨ ਦੀ ਸਹਾਇਤਾ ਲਈ ਐਲਾਨੀ 300 ਕਰੋੜ ਰੁਪਏ ਦੀ ਰਾਸ਼ੀ ਲਿਆਉਣ ਲਈ ਕੇਂਦਰੀ ਨੇਤਾਵਾਂ ਉਤੇ ਭੋਰਾ ਵੀ ਦਬਾਅ ਨਹੀਂ ਪਾ ਸਕੇ। ਸਿਟੇ ਵਜੋਂ ਐਲਾਨਿਆ ਇਹ ਬੋਨਸ ਕਿਸਾਨਾਂ ਨੂੰ ਨਾ ਮਿਲ ਸਕਿਆ। ਹੋਰ ਤਾਂ ਹੋਰ ਸ੍ਰ. ਬਾਦਲ ਤਾਂ ਦੇਸ ਦੇ ਖਜਾਨਾ ਮੰਤਰੀ ਵਲੋਂ ਲੌਂਗੋਵਾਲ ਵਿਖੇ ਜਨਤਕ ਰੁਪਏ ਦੇ ਪ੍ਰਾਜੈਕਟ ਦੀ ਪ੍ਰਾਜੈਕਟ ਰਿਪੋਰਟ ਵੀ ਨਾ ਭਿਜਵਾ ਸਕੇ। ਇਸਦੇ ਸਿਟੇ ਵਜੋਂ ਹਰ ਸਾਲ ਹੜਾਂ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। 300 ਦੇ ਕਰੀਬ ਸਰਕਾਰੀ ਬਸਾਂ ਖਰੀਦਣ ਲਗਿਆਂ ਕੰਪਨੀ ਵਲੋਂ ਦਿਤੇ ਗਏ ਡਿਸਕਾਊਂਟ ਨੂੰ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਾਉਣ ਦੀ ਥਾਂ ਉੇਤੇ ਇਸ ਨਾਲ ਜੋ ਤਕਰੀਬਨ 2.5 ਕਰੋੜ ਸੀ, ਆਪਣੀ ਨਿੱਜੀ ਟਰਾਂਸਪੋਰਟ ਲਈ 50 ਬੱਸਾਂ ਸ. ਬਾਦਲ ਨੇ ਪ੍ਰਾਪਤ ਕੀਤੀਆਂ ਹਨ। ਨੌਕਰੀਆਂ ਦੇਣ ਵਿਚ ਕੀਤੀਆਂ ਗਈਆਂ ਬੇਨਿਯਮੀਅਆਂ ਤੇ ਰਿਸ਼ਵਤਖੋਰੀ ਕਾਰਨ ਸਾਰੀਆਂ ਨਿਯੁਕਤੀਆਂ ਵਿਰੁਧ ਹਾਈਕੋਰਟ ਵਿਚ ਪਟੀਸ਼ਨਾਂ ਹੋਈਆਂ ਹਨ, ਸਿਟੇ ਵਜੋਂ ਖਜਾਨੇ ਉਤੇ ਭਾਰੀ ਬੋਝ ਪੈ ਰਿਹਾ ਹੈ। ਸ. ਬਾਦਲ ਦੀ ਵਜ਼ਾਰਤ ਦੇ ਵਜ਼ੀਰਾਂ ਦੇ ਬੇਲੋੜੇ ਵਿਦੇਸ਼ੀ ਦੌਰਿਆਂ ਉਤੇ ਕਈ ਕਰੋੜ ਰੁਪਏ ਖਰਚੇ ਗਏ ਹਨ। ਇਹ ਵਜ਼ੀਰ ਸੂਬੇ ਲਈ ਕੁਝ ਵੀ ਨਹੀਂ ਲਿਆ ਸਕੇ।
ਇਕ ਪਾਸੇ ਦਿਆਨਤਦਾਰ ਅਫਸਰਾਂ ਦਾ ਦਮ ਘੁਟ ਰਿਹਾ ਹੈ ਅਤੇ ਦੂਜੇ ਪਾਸੇ ਪੰਜਾਬੀਆਂ ਦੀ ਲੁਟ ਖਸੁਟ ਦਿਨ ਦੀਵੀਂ ਹੋ ਰਹੀ ਹੈ। ਪੰਜਾਬੀਆਂ ਦੀ ਹੁਣ ਇਹ ਰਾਇ ਬਣ ਚੁੱਕੀ ਹੈ ਕਿ ਬਾਦਲ ਸਰਕਾਰ ਦਾ ਕਾਂਗਰਸ ਸਰਕਾਰ ਨਾਲੋਂ ਕੋਈ ਫਰਕ ਨਹੀਂ ਹੈ। ਇਸ ਨਾਲ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਾਖ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਪੰਜਾਬ ਸਰਕਾਰ ਸਾਮੂਹਿਕ ਤੌਰ ਉਤੇ ਅਕਾਲੀ ਵਰਕਰਾਂ ਨੂੰ ਖਾਸ ਕਰਕੇ ਅਤੇ ਪੰਜਾਬੀਆਂ ਨੂੰ ਆਮ ਕਰਕੇ ਤੰਗ ਕਰ ਰਹੀ ਹੈ। ਅਕਾਲੀ ਸਰਕਾਰ ਦੋ ਬਜਟ ਪੇਸ਼ ਕਰ ਚੁੱਕੀ ਹੈ ਅਤੇ ਵਿਤੀ ਘਾਟੇ ਨੂੰ ਪਰਾ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕ ਸਕੀ। ਹਣ ਸਿਰÎਫ ਕਾਂਗਰਸ ਉਤੇ ਖਜ਼ਾਨਾ ਖਾਲੀ ਕਰਨ ਦਾ ਦੋਸ਼ ਲਾ ਕੇ ਬਰੀ ਨਹੀਂ ਹੋਇਆ ਜਾ ਸਕਦਾ। ਪੰਜਾਬ  ਦਾ ਵਿਤ ਮੰਤਰੀ ਕੈਪਟਨ ਕੰਵਲਜੀਤ ਸਿੰਘ ਆਰਥਿਕ ਮੰਦਹਾਲੀ ਨਾਲ ਜੂਝਣ ਦੀ ਥਾਂ ਜਥੇਦਾਰ ਟੌਹੜਾ ਵਿਰੁਧ ਵਿੱਢੀ ਬਹੁਤ ਹੀ ਘਟੀਆ ਕਿਸਮ ਦੀ ਲੜਾਈ ਲੜਨ ਵਿਚ ਰੁਝਿਆ ਹੋਇਆ ਹੈ। ਅਸਲ ਵਿਚ ਉਸ ਵਲੋਂ ਇਹ ਵਰਤਾਰਾ ਆਪਣੀ ਨਲਾਇਕੀ ਨੂੰ ਛੁਪਾਉਣ ਲਈ ਕੀਤਾ ਜਾ ਰਿਹਾ ਹੈ। ਸਿਖਾਂ ਦੀਆਂ ਭਾਵਨਾਵਾਂ ਦੀ ਤੌਹੀਨ ਕਰਦਿਆਂ ਬਾਦਲ ਸਾਹਿਬ ਤੇ ਉਨਾਂ ਦੀ ਜੁੰਡਲੀ ਨੇ ਜਥੇਦਾਰ ਟੌਹੜਾ ਨੂੰ ਸਿਆਸੀ ਤੌਰ ਉਤੇ ਨੁਕਸਾਨ ਪਹੁੰਚਾਉਣ ਦੀ ਅਨੈਤਿਕ ਕੋਸ਼ਿਸ ਕੀਤੀ ਹੈ। ਅੱਜ ਦਾ ਇਹ ਜਾਗਰੂਕ ਪੰਥਕ ਸਮੂਹ ਦੁਧ ਦਾ ਦੁਧ ਅਤੇ ਪਾਣੀ ਦਾ ਪਾਣੀ ਨਿਤਾਰਦਿਆਂ ਬਾਦਲ ਸਾਹਿਬ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲਾਹੁਣ ਦਾ ਅਤਿ ਲੋੜੀਂਦਾ ਫੈਸਲਾ ਕਰਦਾ ਹੈ।

6. ਪੰਜਾਬੀਆਂ ਨਾਲ ਕੀਤੇ ਗਏ ਚੋਣ ਵਾਇਦੇ

ਸ਼੍ਰੋਮਣੀ ਅਕਾਲੀ ਦਲ ਨੇ ਜੋ ਸ਼ਾਨਾਮਤੀ ਜਿਤ ਵਿਧਾਨ ਸਭਾ ਅਤੇ ਪਾਰਲੀਮੈਂਟ ਚੋਣਾਂ ਸਮੇਂ ਜਾਰੀ ਕੀਤੇ ਗਏ ਚੋਣ ਮੈਨੀਫੈਸਟੋ ਦੇ ਆਧਾਰ ਉਤੇ ਪ੍ਰਾਪਤ ਕੀਤੀ ਸੀ, ਉਸ ਨੂੰ ਬਾਦਲਕਿਆਂ ਨੇ ਅੰਨ੍ਹੇ ਖੂਹ ਵਿਚ ਸੁਟਣ ਦੀ ਸਿਆਸੀ ਵਧੀਕੀ ਕੀਤੀ ਹੈ।
ਸੁਪਰੀਮ ਕੋਰਟ ਦੇ ਜਜਾਂ ਦਾ ਇਕ ਸਮਰਥ ਕਮਿਸ਼ਨ ਬਣਾ ਕੇ ਅਤਿਵਾਦ ਪੈਦਾ ਕਰਨ ਵਿਚ ਕਾਂਗਰਸ ਦੇ ਰੋਲ ਦੀ ਪੜਤਾਲ ਕਰਵਾਉਣ ਦੇ ਕੀਤੇ ਗਏ ਵਾਅਦੇ ਦਾ ਮਜ਼ਾਕ ਖੁਦ ਸ. ਬਾਦਲ ਨੇ ਵਿਧਾਨ ਸਭਾ ਵਿਚ ਇਕ ਵਿਧਾਇਕ ਵਲੋਂ ਇਸ ਵਾਅਦੇ ਦੀ ਪੂਰਤੀ ਦੀ ਕੀਤੀ ਮੰਗ ਦਾ ਉਤਰ ਦਿੰਦਿਆਂ ਇਹ ਕਹਿ ਕੇ ਉਡਾਇਆ ਕਿ ਹੁਣ ਇਸ ਦੀ ਲੋੜ ਹੀ ਨਹੀਂ ਰਹਿ ਗਈ।
ਕਾਂਗਰਸ ਸਰਕਾਰ ਦੇ ਵਜ਼ੀਰਾਂ ਵਲੋਂ ਕੀਤੀ ਗਈ ਕੁਰਪਸ਼ਨ ਦੀ ਜਾਂਚ ਲਈ ਕੀਤੇ ਵਾਅਦੇ ਉਤੇ ਅਮਲ ਤਾਂ ਕੀ ਹੋਣਾ ਸੀ, ਸਗੋਂ ਸ. ਬਾਦਲ ਨੇ ਆਪਣੀ ਵਜ਼ਾਰਤ ਦੇ ਸਾਰੇ ਵਜ਼ੀਰਾਂ ਤੇ ਅਫਸਰਸਾਹੀ ਨੂੰ ਲੁਟਣ ਦੀ ਖੁੱਲ੍ਹੀ ਛੁਟੀ ਦਿਤੀ ਹੋਈ ਹੈ। ਹਰ ਭ੍ਰਿਸ਼ਟ ਅਫਸਰ ਤੇ ਵਜ਼ੀਰ ਦੀ ਪੂਰੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ।
ਭਾਰਤ ਨੂੰ ਇਕ ਪੂਰਨ ਫੈਡਰਲ ਗਣਰਾਜ ਬਨਾਉਣ ਲਈ ਸੰਵਿÎਧਾਨ ਵਿਚ ਲੋੜੀਂਦੀ ਸੋਧ ਕਰਵਾਉਣ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਮੋਹਰੀ ਰੋਲ ਦੇ ਕੀਤੇ ਗਏ ਵਾਅਦੇ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਢਲੀਆਂ ਨੀਤੀਆਂ ਦੀਆਂ ਧਜੀਆਂ ਉਡਾਉਂਦਿਆਂ ਸ. ਬਾਦਲ ਨੇ ਪਾਰਟੀ ਦੇ ਪਾਰਲੀਮੈਂਟ ਮੈਂਬਰਾਂ ਨੂੰ ਉਹਨਾਂ ਦੀ ਜ਼ਮੀਰ ਦੇ ਉਲਟ ਭਾਰਤੀ ਸੰਵਿਧਾਨ ਦੀ ਬਦਨਾਮ ਧਾਰਾ 356 ਦੇ ਹੱਕ ਵਿਚ ਵੋਟ ਪਾਉਣ ਲਈ ਮਜ਼ਬੂਰ ਕੀਤਾ।
ਚੰਡੀਗੜ੍ਹ ਤੇ ਦੂਜੇ ਸੂਬਿਆਂ ਵਿਚ ਰਹਿ ਗਏ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਵਿਚ ਸ਼ਾਮਲ ਕਰਵਾਉਣ, ਐਸ ਵਾਈ ਐਲ ਨਹਿਰ ਨੂੰ ਖਤਮ ਕਰਨ ਅਤੇ ਪਾਣੀਆਂ ਦੀ ਵੰਡ ਸੰਬੰਧੀ ਪੰਜਾਬ ਉਤੇ ਠੋਸੇ ਗਏ ਗੈਰਕਾਨੂੰਨੀ ਸਮਝੌਤਿਆਂ ਅਤੇ ਮੁਆਦਿਆਂ ਨੂੰ ਖਤਮ ਕਰਨ ਦੇ ਕੀਤੇ ਗਏ ਵਾਅਦਿਆਂ ਦਾ ਕਦੇ ਵੀ ਬਾਦਲ ਸਾਹਿਬ ਨੇ ਕੇਂਦਰ ਸਰਕਾਰ ਕੋਲ ਭੋਗ ਤਕ ਨਹੀਂ ਪਾਇਆ।
ਪੰਜਾਬੀਆਂ ਅਤੇ ਵਿਸੇਸ਼ ਕਰਕੇ ਸਿਖਾਂ ਨਾਲ ਜ਼ਿਆਦਤੀਆਂ ਕਰਨ ਵਾਲੇ ਤੇ ਲੁਟ ਖਸੁਟ ਕਰਨ ਵਾਲੇ ਪੁਲੀਸ ਅਫਸਰਾਂ ਨੂੰ ਕਾਨੂੰਨੀ ਸਜ਼ਾਵਾਂ ਦਿਵਾਉਣ ਦੇ ਕੀਤੇ ਵਾਅਦੇ ਅਨੁਸਾਰ ਉਹਨਾਂ ਵਿਰੁਧ ਕੋਈ ਕਾਰਵਾਈ ਤਾਂ ਕੀ ਕਰਨੀ ਸੀ, ਸਗੋਂ ਉਹਨਾਂ ਦੀ ਪੂਰੀ ਪੂਰੀ ਪੁÎਸ਼ਤਪਨਾਹੀ ਕੀਤੀ ਜਾ ਰਹੀ ਹੈ। ਸੀਬੀਆਈ ਵਲੋਂ ਕੀਤੀ ਗਈ ਜਾਂਚ ਦੇ ਆਧਾਰ ਉਤੇ ਸੁਪਰੀਮ ਕੋਰਟ ਦੀ ਹਦਾਇਤ ਅਨੁਸਾਰ ਕੇਸਾਂ ਦਾ ਸਾਹਮਣਾ ਕਰ ਰਹੇ ਜ਼ਾਲਮ ਪੁਲੀਸ ਅਫਸਰਾਂ ਦੇ ਕੇਸ ਸਰਕਾਰੀ ਖਰਚੇ ਉਤੇ ਲੜੇ ਜਾ ਰਹੇ ਹਨ। ਉਹਨਾਂ ਨੂੰ ਪੂਰੀ ਪੂਰੀ ਤਨਖਾਹ ਦੇਣ ਦੇ ਨਾਲ ਨਾਲ ਉਹਨਾਂ ਦੇ ਪਰਿਵਾਰਾਂ ਨੂੰ ਵਿਸੇਸ਼ ਵਿਤੀ ਸਹਾਇਤਾ ਵੀ ਦਿਤੀ ਜਾ ਰਹੀ ਹੈ। ਦਿਲੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਪੀੜਤਾਂ ਨੂੰ ਮੁਆਵਜ਼ਾ ਦੁਆਉਣ ਦਾ ਕੀਤਾ ਗਿਆ ਵਾਅਦਾ ਤਾਂ ਬਾਦਲ ਸਾਹਿਬ ਨੇ ਵਿਸਾਰ ਹੀ ਦਿਤਾ ਹੈ, ਕਿਉਂਕਿ ਉਹਨਾਂ ਕੋਲ ਇਹ ਮਾਮਲਾ ਕੇਂਦਰ ਸਰਕਾਰ ਕੋਲ ਉਠਾਉਣ ਲਈ ਲੋੜੀਂਦੀ ਸਿਆਸੀ ਜੁਰਅਤ ਹੀ ਨਹੀਂ ਹੈ।
ਬੁਢਾਪਾ ਪੈਨਸ਼ਨ ਦੀ ਸਕੀਮ ਦਾ ਵਾਅਦਾ ਬੜਾ ਗਜ ਵਜ ਕੇ ਕੀਤਾ ਗਿਆ ਸੀ, ਪਰ ਕਿਸੇ ਬਜ਼ੁਰਗ ਜਾਂ ਬਿਰਧ ਮਾਈ ਨੂੰ ਪੈਨਸ਼ਨ ਨਹੀਂ ਮਿਲੀ।
ਬੇਰੋਜ਼ਗਾਰੀ ਖਤਮ ਕਰਨ ਦੇ ਕੀਤੇ ਗਏ ਵਾਅਦੇ ਨੂੰ ਪੂਰਾ ਕਰਨ ਦੀ ਥਾਂ ਉਤੇ ਹਰ ਵਿਭਾਗ ਵਿਚ ਭਰਤੀ ਉਤੇ ਪਾਬੰਦੀ ਲਾ ਦਿਤੀ ਗਈ ਹੈ ਅਤੇ ਪੰਜਾਬ ਵਿÎਧਾਨ ਸਭਾ ਵਿਚ ਕੀਤੇ ਗਏ ਵਾਅਦੇ ਦੇ ਉਲਟ ਆਸਮੀਆਂ ਖਤਮ ਕਰਕੇ ਮੁਲਾਜ਼ਮਾਂ ਦੀ ਛਾਂਟੀ ਕੀਤੀ ਜਾ ਰਹੀ ਹੈ।
ਭ੍ਰਿਸ਼ਟਾਚਾਰ ਨੂੰ ਪਬਲਿਕ ਜੀਵਨ ਵਿਚੋਂ ਬਿਲਕੁਲ ਖਤਮ ਕਰਨ ਅਤੇ ਤਿੰਨ ਮਹੀਨਿਆਂ ਵਿਚ ਸਾਰੇ ਵਿਧਾਇਕਾਂ ਵਲੋਂ ਆਪਣੀ ਜਾਇਦਾਦ ਦੇ ਵੇਰਵੇ ਜਨਤਕ ਤੌਰ ਉਤੇ ਨਸ਼ਰ ਕਰਨ ਦਾ ਵਾਅਦਾ ਲੋਕਾਂ ਨਾਲ ਕੀਤਾ ਗਿਆ ਸੀ, ਪਰ ਅਜ ਲੋਕ ਪੁਛਦੇ ਹਨ ਕਿ ਇਹ ਤਿੰਨ ਮਹੀਨੇ ਕਦੋਂ ਪੂਰੇ ਹੋਣਗੇ? ਸ. ਬਾਦਲ ਨੇ ਇਸ ਵਾਅਦੇ ਨੂੰ ਜਾਇਦਾਦ ਦੇ ਵੇਰਵੇ ਜਨਤਕ ਤੌਰ ਉਤੇ ਦੇਣ ਦੀ ਥਾਂ ਉਤੇ ਹਰ ਸੰਭਵ ਨਜਾਇਜ਼ ਢੰਗ ਨਾਲ ਮਾਇਆ ਇਕਠੀ ਕਰਨ ਲਈ ਥਾਂ ਥਾਂ ਕਾਊਂਟਰ ਖੋਲ੍ਹ ਰਖੇ ਹਨ।
ਕਿਸਾਨਾਂ ਨੂੰ ਖੇਤੀ ਲਈ ਮੁਫਤ ਬਿਜਲੀ ਦੇਣ ਦੇ ਫੈਸਲੇ ਨੂੰ, ਕੁਨੈਕਸ਼ਨ ਫੀਸ 25000 ਰੁਪਏ ਤੱਕ ਵਧਾ ਕੇ ਘਰੇਲੂ ਖਪਤ ਦੇ ਰੇਟਾਂ ਵਿਚ ਤੇ ਹੋਰ ਖਰਚਿਆਂ ਵਿਚ ਕਈ ਗੁਣਾਂ ਵਾਧਾ ਕਰਕੇ, ਟੇਢੇ ਢੰਗ ਨਾਲ ਵਾਪਸ ਲੈ ਲਿਆ ਗਿਆ ਹੈ। ਇਸ ਤਰ੍ਹਾਂ ਸ. ਬਾਦਲ ਨੇ ਪੰਜਾਬ ਦੇ ਕਿਸਾਨਾਂ ਨਾਲ ਧੋÎਖਾ ਕੀਤਾ ਹੈ।
ਉਪਰੋਕਤ ਵਾਅਦਾ ਖਿਲਾਫੀ ਦੇ ਆਧਾਰ ਉੇਤੇ ਬਾਦਲ ਸਾਹਿਬ ਨੂੰ ਅਕਾਲੀ ਦਲ ਦਾ ਪ੍ਰਧਾਨ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।

7. ਪਾਰਟੀ ਅਤੇ ਅਹੁਦੇ ਦੀ ਦੁਰਵਰਤੋਂ

ਪ੍ਰਕਾਸ਼ ਸਿੰਘ ਬਾਦਲ ਉਤੇ ਅਗਲਾ ਦੋਸ਼ ਇਹ ਹੈ ਕਿ ਉਹਨਾਂ ਨੇ ਪਾਰਟੀ ਦੇ ਸੰਵਿਧਾਨ, ਨਿਯਮਾਂ, ਮੰਤਵਾਂ, ਨੀਤੀਆਂ ਤੇ ਪ੍ਰੋਗਰਾਮਾਂ ਨੂੰ ਸਿਰਫ ਅਖੋਂ ਓਹਲੇ ਹੀ ਨਹੀਂ ਕੀਤਾ, ਸਗੋਂ ਜਾਣ ਬੁਝ ਕੇ ਇਕ ਸਾਜ਼ਿਸ਼ ਅਧੀਨ ਇਸ ਦੀਆਂ ਧਜੀਆਂ ਉਡਾਈਆਂ ਹਨ। ਉਹਨਾਂ ਨੂੰ ਇਹ ਵੀ ਚੇਤੇ ਨਹੀਂ ਰਿਹਾ ਕਿ ਕਿਸੇ ਵੀ ਜਥੇਬੰਦੀ ਜਾਂ ਪਾਰਟੀ ਦਾ ਪ੍ਰਧਾਨ ਪਾਰਟੀ ਦੇ ਸੰਵਿਧਾਨ ਤੋਂ ਉਚਾ ਨਹੀਂ ਹੁੰਦਾ। ਕੀ ਬਾਦਲ ਸਾਹਿਬ ਇਨ੍ਹਾਂ ਦੋਸ਼ਾਂ ਦੇ ਉਤਰ ਦੇ ਸਕਦੇ ਹਨ?
ਵਿÎਧਾਨ ਦੇ ਨਿਯਮ ਪਹਿਲਾਂ ਦੇ ਓ ਭਾਗ ਵਿਚ ਅੰਕਿਤ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਮੰਤਵਾਂ ਵਿਚ ‘ਗੁਰਮਤਿ ਤੇ ਰਹਿਤ ਮਰਿਯਾਦਾ ਦਾ ਪ੍ਰਚਾਰ’ ਅਤੇ ‘ਮਨਮਤਿ ਦਾ ਪ੍ਰਹਾਰ’ ਸ਼ਾਮਲ ਹੈ। ਕੀ ਬਾਦਲ ਸਾਹਿਬ ਨੇ ਪ੍ਰਧਾਨ ਵਜੋਂ ਕਦੇ ਇਸ ਦੇ ਨੇੜੇ ਤੇੜੇ ਵੀ ਰਹਿਣ ਦੀ ਕੋਸ਼ਿਸ ਕੀਤੀ ਹੈ?
ਨਿਯਮ ਪਹਿਲਾ ਦੇ ਅ ਭਾਗ ਵਿਚ ਦਰਜ ਹੈ, ”ਸਿਖਾਂ ਵਿਚ ਅਡਰੀ ਪੰਥਕ ਹਸਤੀ ਦਾ ਅਹਿਸਾਸ ਕਾਇਮ ਰਖਣਾ”, ਇਸ ਦੇ ਨਾਲ ਹੀ ”ਭਾਰਤ ਵਿਚ ਵਸਦੀ ਸਿਖ ਘਟ ਗਿਣਤੀ ਦੇ ਹਕਾਂ ਤੇ ਨਿਆਰੀ ਹਸਤੀ ਕਾਇਮ ਰਖਣ ਲਈ ਜਦੋਜਹਿਦ ਕਰਨੀ” ਸ਼ਾਮਲ ਹੈ। ਕੀ ਬਾਦਲ ਸਾਹਿਬ ਨੇ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਕੋਲ ਗਹਿਣੇ ਰਖਣ ਲਗਿਆ ਇਸ ਨਿਯਮ ਦਾ ਭੋਰਾ ਵੀ ਖਿਆਲ ਰਖਿਆ? ਕੀ ਊਧਮ ਸਿੰਘ ਨਗਰ ਬਾਰੇ ਲਿਆ ਗਿਆ ਬਾਦਲੀ ਪੈਂਤੜਾ ਇਸ ਭਾਵਨਾ ਦੇ ਵਿਰੁਧ ਨਹੀਂ ਜਾਂਦਾ?
ਨਿਯਮ ਦੋ ਦਾ À ਭਾਗ ਮੰਗ ਕਰਦਾ ਹੈ ਕਿ ਮੁਢਲੇ ਦਸ ਮੈਂਬਰਾਂ ਦਾ ਪ੍ਰਤੀਨਿਧ, ਜਨਰਲ ਮੈਂਬਰ ਅਤੇ ਇਸ ਤੋਂ ਅਗੇ ਸਾਰੇ ਅਹੁਦੇਦਾਰਾਂ ਵਿਚ ਪਤਿਤ ਸਿਖ ਨੂੰ ਸ਼ਾਮਲ ਨਹੀਂ ਕੀਤਾ ਜਾ ਸਕਦਾ। ਕੀ ਬਾਦਲ ਸਾਹਿਬ ਨੇ ਇਸ ਵਲ ਪਿਠ ਨਹੀਂ ਕੀਤੀ। ਸਰਕਲ ਅਹੁਦੇਦਾਰ ਤੋਂ ਲੈ ਕੇ ਪ੍ਰਧਾਨ ਤਕ ਅੰਮਿÎ੍ਰਤਧਾਰੀ ਹੋਣਾ, ਨੀਲੀ ਦਸਤਾਰ ਸਜਾਉਣਾ ਤੇ ਗਾਤਰੇ ਕ੍ਰਿਪਾਨ ਪਾਉਣੀ ਜ਼ਰੂਰੀ ਹੈ। ਸ.ਬਾਦਲ ਨੇ ਪ੍ਰਧਾਨ ਬਣ ਕੇ ਇਸ ਨਿਯਮ ਦੀ ਤੌਹੀਨ ਕੀਤੀ ਵੀ ਹੈ ਅਤੇ ਕਰਵਾਈ ਵੀ ਹੈ।
ਵਿਧਾਨ ਮੁਤਾਬਿਕ ਸਾਲ ਵਿਚ ਇਕ ਵਾਰ ਜਨਰਲ ਇਜਲਾਸ ਬੁਲਾਉਣਾ ਜ਼ਰੂਰੀ ਹੈ ਪਰ ਬਾਦਲ ਸਾਹਿਬ ਨੇ ਤਾਂ ਇਸ ਦੀ ਕਦੇ ਲੋੜ ਹੀ ਨਹੀਂ ਸਮਝੀ।
ਪਾਰਟੀ ਦਾ ਹਿਸਾਬ ਕਿਤਾਬ ਵਿਧਾਨ ਮੁਤਾਬਿਕ ਕਿਸੇ ਸ਼ਡਿਊਲਡ ਬੈਂਕ ਵਿਚ ਹੋਣਾ ਚਾਹੀਦਾ ਹੈ। ਪਰ ਸ.ਬਾਦਲ ਨੇ ਆਪਣੀ ਜੇਬ ਨੂੰ ਹੀ ਬੈਂਕ ਸਮਝ ਲਿਆ ਅਤੇ ਪਾਰਟੀ ਦਾ ਖਜਾਨਚੀ ਨਿਯੁਕਤ ਕਰਨ ਦੀ ਵੀ ਲੋੜ ਨਹੀਂ ਸਮਝੀ। ਇਹ ਸਿਧੀ ਘਪਲੇਬਾਜ਼ੀ ਹੈ? ਇਸ ਉਤੇ ਪਰਦਾ ਪਾਉਣ ਲਈ ਕਦੇ ਆਡਿਟ ਕਰਵਾਉਣ ਦੀ ਖੇਚਲ ਹੀ ਨਹੀਂ ਕੀਤੀ। ਬਜਟ ਤਾਂ ਕਦੇ ਪਾਸ ਹੋਇਆ ਹੀ ਨਹੀਂ।
ਕਿਸੇ ਵੀ ਸਤਿਕਾਰਯੋਗ ਮੈਂਬਰ ਨੂੰ ਖਾਰਜ ਕਰਨ ਦਾ ਅਧਿਕਾਰ ਵਰਕਿੰਗ ਕਮੇਟੀ ਕੋਲ ਹੈ। ਪਰ ਸ. ਬਾਦਲ ਨੇ ਇਹ ਕੰਮ ਪੀ. ਏ. ਸੀ. ਤੋਂ ਕਰਵਾਇਆ ਜਿਸ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਵਿਚ ਕੋਈ ਵਿਵਸਥਾ ਹੀ ਨਹੀਂ ਹੈ।

8. ਪੰਥ ਤੇ ਪੰਜਾਬ ਦੁਸ਼ਮਣ ਜਮਾਤ ਕਾਂਗਰਸ ਨਾਲ ਗੁਪਤ ਸਮਝੌਤਾ

ਸ. ਪ੍ਰਕਾਸ਼ ਸਿੰਘ ਬਾਦਲ ਦੇ ਇਕ ਬਹੁਤ ਹੀ ਗੰਭੀਰ ਦੋਸ਼ ਹੈ ਕਿ ਉਹਨਾਂ ਨੇ ਪੰਥ ਤੇ ਪੰਜਾਬ ਦੁਸ਼ਮਣ ਜਮਾਤ ਕਾਂਗਰਸ ਨਾਲ ਗੁਪਤਾ ਸਮਝੌਤਾ ਕਰ ਲਿਆ ਹੈ। ਇਹ ਗੁਪਤ ਸਮਝੌਤਾ ਇਹ ਹੈ ਕਿ ਸ. ਬਾਦਲ ਬੇਅੰਤ ਸਿੰਘ ਸਰਕਾਰ ਦੇ ਭ੍ਰਿਸ਼ਟ ਮੰਤਰੀਆਂ ਤੇ ਅਫਸਰਾਂ ਵਿਰੁਧ ਕੋਈ ਕਾਰਵਾਈ ਨਹੀਂ ਕਰਨਗੇ ਅਤੇ ਆਉਣ ਵਾਲੀ ਕਾਂਗਰਸ ਸਰਕਾਰ ਬਾਦਲ ਤੇ ਉਹਨਾ ਦੀ ਜੁੰਡਲੀ ਵਲੋਂ ਜਨਤਾ ਦੀ ਕੀਤੀ ਜਾਂਦੀ ਲੁਟ ਨੂੰ ਅਖੋਂ ਪਰੋਖੇ ਕਰ ਦੇਵੇਗੀ। ਅਜਿਹਾ ਕੁਕਰਮ ਕਰਕੇ ਸ. ਬਾਦਲ ਜਿਥੇ ਪੰਜਾਬੀਆਂ ਨਾਲ ਕੀਤੇ ਗਏ ਚੋਣ ਵਾਅਦੇ ਤੋਂ ਮੁਕਰਨ ਦੇ ਦੋਸ਼ੀ ਹਨ, ਉਥੇ ਉਹਨਾਂ ਉਤੇ ਇਹ ਵੀ ਦੋਸ਼ ਬਣਦਾ ਹੈ ਕਿ ਉਹ ਪੰਜਾਬ ਤੇ ਸਿਖਾਂ ਦੀ ਦੁਸ਼ਮਣ ਨੰਬਰ ਇਕ ਜਮਾਤ ਨੂੰ ਮੁੜ ਪੰਜਾਬ ਵਿਚ ਰਾਜਗਦੀ ਉਤੇ ਬਿਠਾਉਣ ਦਾ ਰਾਹ ਪਧਰਾ ਕਰ ਰਹੇ ਹਨ। ਸ. ਬਾਦਲ ਦਾ ਇਸ ਜਮਾਤ ਨਾਲ ਗੁਪਤ ਸਮÎਝੌਤੇ ਦਾ ਪਰਦਾਫਾਸ਼ ਉਸ ਵੇਲੇ ਹੀ ਹੋ ਗਿਆ ਸੀ, ਜਦੋਂ ਉਹਨਾਂ ਖਾਲਸਾ ਸਾਜਨਾ ਦਿਵਸ ਦੇ ਮੌਕੇ ਉਤੇ ਪਹਿਲਾਂ ਤਾਂ ਸ੍ਰੀ ਹਰਿਮੰਦਰ ਸਾਹਿਬ ਉਤੇ ਹਮਲਾ ਕਰਨ ਦੀ ਦੋਸ਼ੀ ਇਸ ਪਾਰਟੀ ਦੇ ਨੇਤਾਵਾਂ ਨੂੰ ਬੁਲਾ ਕੇ ਪੰਥਕ ਅਣਖ ਤੇ ਗੈਰਤ ਦੀ ਹੇਠੀ ਕੀਤੀ ਅਤੇ ਫਿਰ ਉਹਨਾਂ ਨੂੰ ਦੇਸ਼ ਦਾ ਭਵਿਖ ਅਤੇ ਭਾਰਤ ਮਾਂ ਦਾ ਅਨਮੋਲ ਹੀਰਾ ਕਹਿ ਕੇ ਸਿਖਾਂ ਦੀ ਗੈਰਤ ਨੂੰ ਵੰਗਾਰਿਆ।
ਸ. ਬਾਦਲ ਨੇ ਅਜਿਹਾ ਕਰਕੇ ਉਹ ਗੁਨਾਹ ਕੀਤਾ ਹੈ ਜਿਸ ਨੂੰ ਕੋਈ ਵੀ ਪੰਜਾਬੀ ਤੇ ਵਿਸੇਸ਼ ਕਰਕੇ ਸਿਖ ਕਦੇ ਵੀ ਮੁਆਫ ਨਹੀਂ ਕਰ ਸਕਦਾ।

9. ਸ. ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੁੰਦਿਆਂ ਇਹ ਅਵਗਿਆਵਾਂ ਵੀ ਕੀਤੀਆਂ ਹਨ —

(1) ਅਕਾਲੀਆਂ ਨੂੰ ਧੜਿਆ ਵਿਚ ਵੰਡਣ ਲਈ ਮੈਂਬਰਸ਼ਿਪ ਦੀ ਭਰਤੀ ਵੇਲੇ ਭਰਤੀ ਦੀਆਂ ਪਰਚੀਆਂ ਆਪਣੇ ਚਹੇਤਿਆਂ ਨੂੰ ਹੀ ਦਿਤੀਆਂ। ਮੁਖ ਦਫਤਰ ਵਿਚ ਪਹੁੰਚੇ ਭਰਤੀ ਦੇ ਰਿਕਾਰਡ ਵਿਚ ਮਨਮਰਜ਼ੀ ਨਾਲ ਵਾਧਾ ਘਾਟਾ ਕੀਤਾ।
(2) ਅਕਾਲੀ ਦਲ ਦੀ ਵਰਤੋਂ ਨਿਜੀ ਜਾਇਦਾਦ ਵਾਂਗ ਕਰਦਿਆਂ ਇਕ ਗੈਰ ਅਕਾਲੀ ਬਰਜਿੰਦਰ ਸਿੰਘ ਹਮਦਰਦ ਦੀ ਲਗਾਤਾਰ ਇਕ ਪਾਸੜ ਮਦਦ ਕੀਤੀ ਹੈ। ਪਹਿਲਾਂ ਉਸ ਨੂੰ ਰਾਜ ਸਭਾ ਦਾ ਆਜ਼ਾਦ ਮੈਂਬਰ ਬਣਾਇਆ ਗਿਆ ਹੈ, ਜਿਸ ਦੀ ਅਕਾਲੀ ਦਲ ਦੇ ਇਤਿਹਾਸ ਵਿਚ ਕੋਈ ਮਿਸਾਲ ਨਹੀਂ ਮਿਲਦੀ। ਫਿਰ, ਅੰਮ੍ਰਿਤਧਾਰੀ ਨਾ ਹੋਣ ਦੇ ਬਾਵਜੂਦ ਉਸ ਨੂੰ ਅਨੰਦਪੁਰ ਸਾਹਿਬ ਫਾਊਂਡੇਸ਼ਨ ਦਾ ਚੇਅਰਮੈਨ ਬਣਾਇਆ ਗਿਆ ਜੋ ਸਿਖ ਸਿਧਾਂਤ ਅਨੁਸਾਰ ਨਹੀਂ ਹੈ। ਉਸ ਦੀਆਂ ਅਵਗਿਆਵਾਂ ਨੂੰ ਅਕਾਲ ਤਖ਼ਤ ਸਾਹਿਬ ਉਤੇ ਨੰਗਾ ਹੋਣ ਤੋਂ ਬਚਾਉਣ ਲਈ ਪੰਥਕ ਜਥੇਦਾਰ ਭਾਈ ਰਣਜੀਤ ਸਿੰਘ ਨਾਲ ਲੜਾਈ ਵਿਢੀ ਹੋਈ ਹੈ।
(3) ਅਕਾਲੀ ਸਫਾਂ ਅੰਦਰ ਪੰਥਕ ਬੋਲਬਾਲੇ ਦੀ ਥਾਂ ਸਿਆਸੀ ਚਾਪਲੂਸੀ ਦਾ ਬੋਲਬਾਲਾ ਹੈ।
ਇਸ ਨਾਲ ਬਾਦਲ ਸਾਹਿਬ ਵਿਰੁਧ ਇਹ ਦੋਸ਼ ਬਣਦਾ ਹੈ ਕਿ ਉਹਨਾਂ ਨੇ ਕੁਨਬਾਪਰਵਰੀ ਲਈ ਅਕਾਲੀ ਦਲ ਦੀ ਕੁਰਬਾਨੀ ਦੇ ਦਿਤੀ ਹੈ। ਇਸ ਨਾਲ ਅਕਾਲੀ ਦਲ ਤਹਿਸ ਨਹਿਸ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਸਾਖ ਨੂੰ ਬਹਾਲ ਕਰਨ ਲਈ ਬਾਦਲ ਸਾਹਿਬ ਵਿਰੁਧ ਕੋਈ ਢੁਕਵੀਂ ਕਾਰਵਾਈ ਕਰਨੀ ਜ਼ਰੂਰੀ ਹੋ ਗਈ ਹੈ।
ਬਾਬਾ ਫਰੀਦ ਦੇ ਸ਼ਬਦਾਂ ਵਿਚ ਬਾਦਲ ਸਰਕਾਰ ਦਾ ਸਿਆਸੀ ਕੱਚ ਸਾਹਮਣੇ ਆ ਗਿਆ ਹੈ, ਕਿਉਂਕਿ ਸ੍ਰ.ਬਾਦਲ ਦੇ ਮੂੰਹ ਵਿਚ ਰਾਮ ਰਾਮ ਹੈ ਪਰ ਬਗਲ ਵਿਚ ਛੁਰੀ ਹੈ। ‘ਜਿਨਿ ਮਨਿ ਹੋਰੁ ਮੁÎਖਿ ਹੋਰੁ ਸੇ ਕਾਂਢੇ ਕਚਿਆ।’ ਹੁਣ ਪੰਜਾਬੀਆਂ ਨੂੰ ਉਹਨਾ ਦੀ ਦੋਗਲੀ ਸਿਆਸੀ ਸਖਸ਼ੀਅਤ ਉਸੇ ਤਰ੍ਹਾਂ ਪਤਾ ਲਗ ਗਈ ਹੈ, ਜਿਵੇਂ ਸੁਨਿਆਰੇ ਨੂੰ ਸੋਨੇ ਵਿਚੋਂ ਖੋਟ ਦਾ ਪਤਾ ਲਗ ਜਾਂਦਾ ਹੈ – ‘ਉਘਰ ਗਇਆ ਜੈਸੇ ਖੋਟਾ ਢਬੂਆ ਜਾ ਨਦਿਰ ਸਰਾਫਾਂ ਆਇਆ।’ ਬਾਦਲ ਸਾਹਿਬ ਪ੍ਰਗਟ ਤੌਰ ਉਤੇ ਪੰਜਾਬੀ ਹਿਤੈਸ਼ੀ ਹੋਣ ਦਾ ਦਮ ਭਰਦੇ ਹਨ ਪਰ ਊਧਮ ਸਿੰਘ ਨਗਰ ਦੇ ਕੇਸ ਵਿਚ ਉਹਨਾਂ ਦੇ ਸਿਆਸੀ ਦੋਗਲੇਪਣ ਦਾ ਭਾਂਡਾ ਚੌਰਾਹੇ ਵਿਚ ਫੁਟ ਗਿਆ ਹੈ। ਬਾਦਲ ਸਾਹਿਬ ਨੇ ਪਹਿਲਾਂ ਆਪਣਾ ਫਾਰਮ ਵੇਚ ਕੇ ਉਥੋਂ ਦੇ ਪੰਜਾਬੀਆਂ ਨੂੰ ਭੈਭੀਤ ਕਰ ਦਿਤਾ। ਫਿਰ ਜਿਹੜੀ ਕਮੇਟੀ ਊਧਮ ਸਿੰਘ ਨਗਰ ਦੇ ਫੈਸਲੇ ਵਾਸਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਲੜ ਝਗੜ ਕੇ ਬਣਵਾਈ ਉਸ ਦੀ ਮੀਟਿੰਗ ਖੁਦ ਮੈਂਬਰ ਹੋਣ ਦੇ ਬਾਵਜੂਦ ਵੀ ਨਹੀਂ ਕਰਵਾ ਸਕੇ। ਕਮੇਟੀ ਨੂੰ ਪੁਛੇ ਬਗੈਰ ਬਿਲ ਪਾਰਲੀਮੈਂਟ ਵਿਚ ਪੇਸ਼ ਹੋ ਗਿਆ ਪਰ ਸ. ਬਾਦਲ ਟਸ ਤੋਂ ਮਸ ਨਹੀਂ ਹੋਏ। ਇਸ ਸਿਆਸੀ ਧੋਖਾਧੜੀ ਦਾ ਉਹਨਾਂ ਕੋਲ ਕੀ ਉਤਰ ਹੈ? ਦੇਸ ਦੇ ਗ੍ਰਹਿ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਐਲਾਨ ਕੀਤਾ ਕਿ ਚੰਡੀਗੜ੍ਹ ਯੂਟੀ ਹੈ ਅਤੇ ਯੂਟੀ ਹੀ ਰਹੇਗਾ। ਇਸ ਹਾਲਤ ਵਿਚ ਵੀ ਬਾਦਲ ਸਾਹਿਬ ਦੀ ਸਿਆਸੀ ਗੈਰਤ ਸੁਤੀ ਰਹੀ। ਇਉਂ ਜਾਪਦਾ ਹੈ ਕਿ ਸ. ਬਾਦਲ ਨੇ ਪੰਜਾਬ ਦੀ ਪੇਂਡੂ ਨਿਸ਼ਠਾਵਾਨ ਅਤੇ ਗੁਰੂ ਪੰਥ ਨਾਲ ਪ੍ਰਤੀਬਧ ਜਨਤਾ ਨੂੰ ਮੂਰਖ ਭੇਡਾਂ ਸਮਝ ਰਖਿਆ ਹੈ। ਉਹ ਲਗਾਤਾਰ ਸਿਖ ਜਨਤਾ ਵਲੋਂ ਦਿਤੀ ਗਈ ਤਾਕਤ ਨੂੰ ਆਪਣੇ ਸਵਾਰਥੀ ਹਿਤਾਂ ਲਈ ਵਰਤ ਕੇ ਪੰਥਕ ਹਿਤਾਂ ਦਾ ਘਾਣ ਕਰੀ ਜਾ ਰਹੇ ਹਨ। ਉਹਨਾਂ ਦੀ ਸਿਆਸੀ ਗੈਰਤ ਮਰ ਚੁਕੀ ਹੈ ਅਤੇ ਹੁਣ ਉਹਨਾਂ ਕੋਲੋਂ ਪੰਥਕ ਭਲਾਈ ਦੀ ਕਿਸੇ ਭੂਮਿਕਾ ਦੀ ਕੋਈ ਆਸ ਨਹੀਂ ਰਹਿ ਗਈ। ਇਹੋ ਜਿਹੇ ਪ੍ਰਧਾਨ ਤੋਂ ਜਿੰਨੀ ਛੇਤੀ ਖਹਿੜਾ ਛੁਡਾ ਲਿਆ ਜਾਵੇ, ਓਨਾ ਹੀ ਪੰਥਕ ਹਿਤਾਂ ਵਿਚ ਹੈ।
ਅੱਜ ਦੀ ਇਹ ਪੰਥਕ ਕਨਵੈਨਸ਼ਨ ਇਨ੍ਹਾਂ ਸਾਰੇ ਦੋਸ਼ਾਂ ਨੂੰ ਧਿਆਨ ਵਿਚ ਰਖ ਕੇ ਸ੍ਰੀ ਪ੍ਰਕਾਸ਼ ਸਿੰਘ ਬਾਦਲ ਵਿਰੁਧ ਬੇਵਿਸ਼ਵਾਸੀ ਪ੍ਰਗਟ ਕਰਦੀ ਹੋਈ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਬਰਖਾਸਤ ਕਰਦੀ ਹੈ।

Leave a Reply

Your email address will not be published. Required fields are marked *