politician

ਸ. ਪ੍ਰਕਾਸ਼ ਸਿੰਘ ਬਾਦਲ ਬਰਗਾੜੀ ਕਾਂਡ ਵਿਚ ਆਪਣੇ ਬੇਕਸੂਰ ਹੋਣ ਦੇ ਲੱਖ ਦਾਅਵੇ ਕਰੇ, ਪਰ ਸਾਰੇ ਹਾਲਾਤੀ ਸਬੂਤ ਉਸ ਦੇ ਉਲਟ ਭੁਗਤ ਰਹੇ ਹਨ। ਇੰਡੀਅਨ ਐਕਸਪ੍ਰੈਸ (4 ਸਤੰਬਰ) ਅਖ਼ਬਾਰ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਵੇਲੇ ਦੇ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਨੇ ਇਹ ਗੱਲ ਫਿਰ ਦੁਹਰਾਈ ਹੈ ਕਿ ਡੇਰਾ ਸੱਚਾ ਸੌਦਾ ਦੇ ਮਹੰਤ ਨੂੰ ਮਾਫ ਕਰਨ ਬਾਰੇ ਉਸ ਨੂੰ ਉਕਾ ਹੀ ਕੋਈ ਅਗਾਂਊ ਕੋਈ ਜਾਣਕਾਰੀ ਨਹੀਂ ਸੀ। ਸ. ਮੱਕੜ ਦੇ ਦੱਸਣ ਅਨੁਸਾਰ 24 ਸਤੰਬਰ 2015 ਨੂੰ ਸੁਖਬੀਰ ਸਿੰਘ ਬਾਦਲ ਨੇ ਉਸ ਨੂੰ ਆਪਣੇ ਘਰ ਚੰਡੀਗੜ੍ਹ ਬੁਲਾਇਆ ਤੇ ਸੌਦਾ ਸਾਧ ਨੂੰ ਮਾਫ ਕਰਨ ਦੀ ਆਪਣੀ ਯੋਜਨਾ ਬਾਰੇ ਦੱਸਿਆ। ਮੈਂ ਉਸ ਨੂੰ ਕਿਸੇ ਵੀ ਅਜਿਹੀ ਯੋਜਨਾ ਤੋਂ ਸੁਚੇਤ ਕੀਤਾ ਅਤੇ ਸੁਝਾਅ ਦਿਤਾ ਕਿ ਇਸ ਬਾਰੇ ਉਹ ਸਿਖ ਜਥੇਬੰਦੀਆਂ ਨਾਲ ਸਲਾਹ ਕਰੇ ਤੇ ਉਨ੍ਹਾਂ ਨੂੰ ਆਪਣੇ ਭਰੋਸੇ ਵਿਚ ਲੈਣ ਦਾ ਯਤਨ ਕਰੇ। ਸੁਖਬੀਰ ਨੇ ਮੇਰੇ ਸੁਝਾਅ ਨੂੰ ਮਨ ਲਿਆ ਤੇ ਉਸ ਨੇ ਮੈਨੂੰ ਸ਼ਾਮ ਨੂੰ ਫਿਰ ਮਿਲਣ ਲਈ ਕਿਹਾ। ਮੈਂ ਕਿਸੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਕਰਨਾਲ ਚਲਾ ਗਿਆ। ਰਸਤੇ ਵਿਚ ਮੈਨੂੰ ਵਟਸਐਪ ਤੋਂ ਪਤਾ ਲੱਗਾ ਕਿ ਅਕਾਲ ਤਖ਼ਤ ਤੋਂ ਡੇਰਾ ਸੱਚਾ ਸੌਦਾ ਨੂੰ ਮਾਫ ਕਰਨ ਦਾ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ ਹੈ। ਪੱਤਰਕਾਰ ਦੇ ਇਹ ਪੁਛਣ ਉਤੇ ਕਿ ਤੁਸੀਂ ਇਸ ਫੈਸਲੇ ਦੇ ਹੱਕ ਵਿਚ 16 ਅਕਤੂਬਰ 2015 ਨੂੰ ਅਖ਼ਬਾਰਾਂ ਵਿਚ ਇਸ਼ਤਿਹਾਰ ਕਿਉਂ ਦਿਤੇ ਅਤੇ ਉਸੇ ਦਿਨ ਹੀ ਸਿਖ ਜਥੇਦਾਰਾਂ ਨੇ ਉਸ ਹੁਕਮਨਾਮੇ ਨੂੰ ਵਾਪਸ ਲੈਣ ਦਾ ਐਲਾਨ ਕਿਉਂ ਕੀਤਾ? ਇਸ ਬਾਰੇ ਸ. ਮੱਕੜ ਦਾ ਕਹਿਣਾ ਹੈ ਕਿ ਇਹੀ ਮੇਰਾ ਨੁਕਤਾ ਹੈ। ਕਿÀੁਂਕਿ ਨਾ ਤੇ ਮੈਨੂੰ ਹੁਕਮਨਾਮਾ ਜਾਰੀ ਕਰਨ ਵੇਲੇ ਭਰੋਸੇ ਵਿਚ ਲਿਆ ਗਿਆ ਤੇ ਨਾ ਹੀ ਹੁਕਮਨਾਮਾ ਵਾਪਸ ਲੈਣ ਵੇਲੇ ਭਰੋਸੇ ਵਿਚ ਲਿਆ ਗਿਆ। ਮੈਂ ਇਹ ਇਸ਼ਤਿਹਾਰ ਸਿਰਫ਼ ਅਕਾਲ ਤਖ਼ਤ ਦੇ ਮਾਣ ਨੂੰ ਲੱਗੀ ਠੇਸ ਨੂੰ ਬਚਾਉਣ ਲਈ ਦਿਤੇ ਸਨ। ਪੱਤਰਕਾਰ ਦੇ ਇਹ ਪੁਛਣ ਉਤੇ ਕਿ ਅਕਾਲ ਤਖ਼ਤ ਦੇ ਜਥੇਦਾਰ ਨੂੰ ਉਸ ਦੇ ਅਹੁਦੇ ਤੋਂ 2015 ਵਿਚ ਕਿਉਂ ਨਾ ਲਾਹਿਆ ਗਿਆ? ਸ. ਮੱਕੜ ਦਾ ਜਵਾਬ ਹੈ ਕਿ ਉਦੋਂ ਵੀ ਜਥੇਦਾਰ ਨੂੰ ਉਸ ਦੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਕੀਤਾ ਗਿਆ ਸੀ, ਪਰ ਸਿੱਖ ਸੰਗਤਾਂ ਵਿਚ ਰੋਹ ਭਰੇ ਮਾਹੌਲ ਕਾਰਨ ਕੋਈ ਵੀ ਨੇਕ ਸਿਖ ਹਸਤੀ ਇਸ ਅਹੁਦੇ ਨੂੰ ਕਬੂਲ ਕਰਨ ਲਈ ਤਿਆਰ ਨਹੀਂ ਸੀ। ਇਸ ਕਰਕੇ ਅਸੀਂ ਗਿਆਨੀ ਗੁਰਬਚਨ ਸਿੰਘ ਨੂੰ ਉਸ ਦੇ ਅਹੁਦੇ ਤੋਂ ਨਾ ਹਟਾ ਸਕੇ। ਪਰ ਹੁਣ ਉਸ ਨੂੰ ਇਸ ਅਹੁਦੇ ਤੋਂ ਹਰ ਹਾਲਤ ਵਿਚ ਹਟਾ ਦੇਣਾ ਚਾਹੀਦਾ ਹੈ, ਭਾਵੇਂ ਕੋਈ ਇਸ ਅਹੁਦੇ ਨੂੰ ਲੈਣ ਲਈ ਤਿਆਰ ਹੋਵੇ ਜਾਂ ਨਾ। ਸੁਖਬੀਰ ਸਿੰਘ ਬਾਦਲ ਨਾਲ ਪੈਦਾ ਹੋਏ ਆਪਣੇ ਮਤਭੇਦਾਂ ਬਾਰੇ ਸ. ਮੱਕੜ ਦਾ ਕਹਿਣਾ ਹੈ ਕਿ ਮੈਨੂੰ ਪ੍ਰਕਾਸ਼ ਸਿੰਘ ਬਾਦਲ ਤੇ ਬੀਬੀ ਸੁਰਿੰਦਰ ਕੌਰ ਬਾਦਲ ਦੀ ਨਜ਼ਰੇ ਇਨਾਇਤ ਨਾਲ ਇਹ ਅਹੁਦਾ ਦਿਤਾ ਗਿਆ ਸੀ, ਪਰ ਕਿਉਂਕਿ ਮੈਂ ਭਾਪਾ ਸਾਂ, ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਲੀ ਜਟ ਲਾਬੀ ਹਮੇਸ਼ਾ ਮੇਰੇ ਵਿਰੁਧ ਪ੍ਰਚਾਰ ਕਰਦੀ ਰਹੀ। ਇਸੇ ਕਰਕੇ ਮੈਨੂੰ ਇਸ ਅਹੁਦੇ ਤੋਂ ਸੁਖਬੀਰ ਬਾਦਲ ਨੇ ਹਟਾਇਆ ਸੀ। ਜਦੋਂ ਪੱਤਰਕਾਰ ਨੇ ਸ. ਮੱਕੜ ਨੂੰ ਇਹ ਪੁਛਿਆ ਕਿ ਗੋਬਿੰਦ ਸਿੰਘ ਲੌਂਗੋਵਾਲ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਿਉਂ ਬਣਾਇਆ ਗਿਆ ਹੈ, ਜਿਸ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੋਟਾਂ ਲੈਣ ਲਈ ਡੇਰਾ ਸੱਚਾ ਸੌਦਾ ਕੋਲ ਪਹੁੰਚ ਕੀਤੀ ਸੀ, ਦੇ ਜਵਾਬ ਵਿਚ ਮੱਕੜ ਦਾ ਕਹਿਣਾ ਹੈ ਕਿ ‘ਵੇਖੋ ਜੀ! ਜਿਸ ਨੂੰ ਸੁਖਬੀਰ ਨੇ ਬਣਾ ‘ਤਾ ਉਹ ਜਾਇਜ਼ ਹੀ ਸੀ।’
ਮੱਕੜ ਦੇ ਇਸ ਇੰਕਸ਼ਾਫ ਤੋਂ ਫਿਰ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਪਿਓ-ਪੁਤ ਬਾਦਲ ਜੋੜੀ ਨੇ ਨਾ ਸਿਰਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਜੇਬੀ ਜਥੇਬੰਦੀ ਦੇ ਤੌਰ ਉਤੇ ਵਰਤਿਆ, ਸਗੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਆਪਣੀ ਮਰਜ਼ੀ ਦੇ ਹੁਕਮਨਾਮੇ ਜਾਰੀ ਕਰਵਾਏ, ਜਿਨ੍ਹਾਂ ਦਾ ਫੈਸਲਾ ਸੁਖਬੀਰ ਸਿੰਘ ਬਾਦਲ ਦੀ ਚੰਡੀਗੜ੍ਹ ਵਿਚਲੀ ਕੋਠੀ ਵਿਚ ਹੋਇਆ। ਇਸ ਇੰਕਸ਼ਾਫ ਦੀ ਰੋਸ਼ਨੀ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਆਪਣੇ ਬੇਕਸੂਰ ਹੋਣ ਦੇ ਲੱਖ ਦਾਅਵੇ ਕਰੀ ਜਾਵੇ, ਪਰ ਸਿਖ ਪੰਥ ਨਾਲ ਧ੍ਰੋਹ ਕਮਾਉਣ ਦਾ ਕਲੰਕ ਉਸ ਦੇ ਚਿਹਰੇ ਤੋਂ ਕਦੇ ਨਹੀਂ ਲਹਿ ਸਕਦਾ।

Leave a Reply

Your email address will not be published. Required fields are marked *