history19ਵੀਂ ਸਦੀ ਦੇ ਦੂਜੇ ਅਧ ਵਿਚ ਇੰਗਲੈਂਡ ਦੀਆਂ ਅਖ਼ਬਾਰਾਂ ਵਿਚ ਇਹ ਛਪ ਗਿਆ ਕਿ ਸਿਖ ਖਤਮ ਹੋ ਰਹੇ ਹਨ ਅਤੇ ਆਉਂਦੇ 25 ਸਾਲਾਂ ਤਕ ਜਦ ਕਿਸੇ ਨੇ ਸਿਖ ਦੇ ਦਰਸ਼ਨ ਕਰਨੇ ਹੋਣਗੇ ਤਾਂ ਉਸ ਨੂੰ ਅਜਾਇਬ ਘਰ ਵਿਚ ਕੇਵਲ ਫੋਟੋ ਹੀ ਮਿਲਣਗੀਆ। ਇੰਝ ਉਹ ਲਿਖਦੇ ਵੀ ਕਿਉਂ ਨਾ? ਮਹਾਰਾਜਾ ਰਣਜੀਤ ਸਿੰਘ ਵੇਲੇ ਸਿਖਾਂ ਦੀ ਗਿਣਤੀ ਇਕ ਕਰੋੜ ਤੋਂ ਵਧ ਸੀ, ਪਰ 1881 ਦੀ ਮਰਦਮਸ਼ੁਮਾਰੀ ਮੁਤਾਬਿਕ ਇਹ ਲਗਭਗ 18 ਲਖ ਰਹਿ ਗਈ। ਸੋ ਐਸਾ ਖਿਆਲ ਸੁਭਾਵਿਕ ਸੀ। ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਜਿਸ ਸਿਖ ਪੰਥ ਬਾਰੇ ਉਹ 1881 ਵਿਚ ਇਹ ਲਿਖ ਰਹੇ ਹਨ, ਉਹ ਕੇਵਲ 38 ਸਾਲ ਬਾਅਦ ਉਨ੍ਹਾਂ ਨਾਲ ਟਕਰ ਲਵੇਗਾ। ਇਹ ਕਿਸ ਤਰ੍ਹਾਂ ਹੋਇਆ ਤੇ ਇਸ ਮਹਾਨ ਘਟਨਾ ਦਾ ਮੋਹਰੀ ਕੌਣ ਹੈ?
ਸਿਖਾਂ ਦੀ ਬਦਕਿਸਮਤੀ ਇਹ ਹੈ ਕਿ ਜਿੰਨੀ ਸਪਸ਼ਟ ਗੁਰਮਤਿ-ਵਿਚਾਰਧਾਰਾ ਤੇ ਨਿਆਰਾਪਣ ਗੁਰੂ ਸਾਹਿਬ ਨੇ ਇਸ ਨੂੰ ਦਿਤਾ ਹੈ, ਉਨੀ ਹੀ ਇਹ ਭਰਮਾਂ, ਵਹਿਮਾਂ ਵਿਚ ਫਸ ਕੇ ਆਪਣੀ ਹੋਂਦ ਲਈ ਖਤਰਾ ਪੈਦਾ ਕਰਦੀ ਰਹੀ ਹੈ। ਹੁਣ ਦੀ ਤਾਂ ਗੱਲ ਛਡੋ ਅੱਜ ਤੋਂ 150 ਸਾਲ ਪਹਿਲਾਂ ਵੀ ਇਹ ਇਸੇ ਬਿਮਾਰੀ ਵਿਚ ਫਸੀ ਪਈ ਸੀ। ਪਰ ਅਕਾਲ ਪੁਰਖ ਬੇਅੰਤ ਹੈ। ਜਦੋਂ ਕੌਮ ਉਤੇ ਭੀੜ ਆਉਂਦੀ ਹੈ ਤਾਂ ਉਹ ਖਾਲਸੇ ਨੂੰ ਭੀੜਾ ਰੂਪੀ ਅਗਨੀ ਵਿਚੋਂ ਸਵਰਨ ਬਣਾ ਕੇ ਕਢਦਾ ਹੈ। ਜਿਸ ਸਮੇਂ ਕੌਮ ਦਾ ਵਡਾ ਹਿਸਾ ਸਨਾਤਨੀ ਹਿੰਦੂ ਬਣ ਚੁਕਾ ਸੀ, ਗੁਰਮਤਿ ਤੋਂ ਅਣਜਾਣ ਹੋ ਕੇ ਠੇਡੇ ਖਾ ਰਿਹਾ ਸੀ ਤੇ ਸਾਹਸਤਹੀਣ ਹੋਇਆ ਪਿਆ ਸੀ, ਜਿਸ ਸਮੇਂ ਇਸਨੂੰ ਅੰਗਰੇਜ਼ਾਂ ਦੀ ਗੁਲਾਮੀ, ਬਹੁਗਿਣਤੀ ਦੇ ਪ੍ਰਭਾਵ ਅਤੇ ਗੁਰੂ ਡੰਮ ਨੇ ਘੇਰਿਆ ਹੋਇਆ ਸੀ, ਐਸੇ ਬਿਪਤਾ ਭਰੇ ਸਮੇਂ ਵਿਚ ਜਦੋਂ ਕੌਮ ਡਾਵਾਡੋਲ ਹੋਈ ਪਈ ਸੀ, ਗਿਆਨੀ ਦਿਤ ਸਿੰਘ ਜੀ ਹਰ ਮੁਹਾਜ਼ ਉਤੇ ਡਟ ਗਏ। ਕੀ ਸਨਾਤਨੀ, ਕੀ ਆਰੀਆ ਸਮਾਜੀ, ਕੀ ਗੁਰੂ ਅੰਸ਼ ਦੇ ਹੰਕਾਰੇ ਗੁਰੂ ਡੰਮ ਵਿਚ ਫਸੇ ਅਖੌਤੀ ਧਾਰਮਿਕ ਆਗੂ, ਕੀ ਤਖਤਾਂ ਦੇ ਮਹੰਤ, ਕੀ ਗੁਰਦੁਆਰਿਆਂ ਦੇ ਪੁਜਾਰੀ, ਸਭ ਨਾਲ ਟਕਰ ਲੈ ਕੇ ਗਿਆਨੀ ਜੀ ਨੇ ਪੰਥ ਨੂੰ ਆਪਣੇ ਪੈਰਾਂ ਉਤੇ ਖੜ੍ਹਾ ਕਰ ਦਿਤਾ। ਆਓ! ਅੱਜ ਉਨ੍ਹਾਂ ਦਾ ਜੀਵਨ ਪੜ੍ਹ ਕੇ ਕੁਝ ਸਿਖੀਏ, ਤਾਂ ਜੋ ਪੰਥ ਨੂੰ ਕੁੰਭਕਰਨੀ ਨੀਂਦ ਵਿਚੋਂ ਜਗਾ ਕੇ ਆਪਣੇ ਭਵਿਖ ਨੂੰ ਉਜਲ ਬਣਾ ਸਕੀਏ।
ਗਿਆਨੀ ਦਿਤ ਸਿੰਘ ਜੀ ਦਾ ਜਨਮ 21 ਅਪ੍ਰੈਲ 1852 ਨੂੰ ਪਟਿਆਲਾ ਰਿਆਸਤ ਦੇ ਨਗਰ ਅਨੰਦਪੁਰ ਕਲੌੜ ਵਿਚ ਭਾਈ ਦੀਵਾਨ ਸਿੰਘ ਜੀ ਦੇ ਗ੍ਰਹਿ ਵਿਖੇ ਹੋਇਆ। ਆਪ ਛੋਟੀ ਉਮਰ ਤੋਂ ਹੀ ਬਹਿਸ ਮੁਬਾਹਸਿਆਂ ਵਿਚ ਰੁਚੀ ਰਖਣ ਲਗ ਪਏ ਸਨ। ਵਾਹਿਗੁਰੂ ਜੀ ਨੇ ਆਪ ਨੂੰ ਏਨੀ ਬਿਬੇਕ ਬੁਧੀ ਬਖਸ਼ੀ ਸੀ ਕਿ ਖੋਟੇ ਖਰੇ ਵਿਚ ਸਹਿਜੇ ਹੀ ਨਿਖੇੜਾ ਕਰ ਲੈਂਦੇ ਸਨ। ਆਪ ਦੀ ਇਸ ਲਗਨ ਤੇ ਖਿਆਲਾਂ ਨੂੰ ਵੇਖ ਕੇ ਆਪ ਦੇ ਪਿਤਾ ਭਾਈ ਦੀਵਾਨ ਸਿੰਘ ਜੀ ਨੇ ਆਪ ਨੂੰ ਆਪਣੇ ਇਕ ਸਤਸੰਗੀ ਗੁਲਾਬ ਦਾਸੀਏ ਮਹਾਤਮਾ ਗੁਰਬਖਸ਼ ਸਿੰਘ ਜੀ ਦੇ ਡੇਰੇ, ਪਿੰਡ ਤਿਉੜ, ਜ਼ਿਲ੍ਹਾ ਅੰਬਾਲਾ ਵਿਖੇ 10 ਕੁ ਸਾਲ ਦੀ ਉਮਰ ਵਿਚ ਹੀ ਭੇਜ ਦਿਤਾ। ਮਹਾਤਮਾ ਜੀ ਨੇ ਆਪ ਦੀ ਤੀਖਣ ਬੁਧੀ ਦੇ ਅਸਰ ਨੂੰ ਕਬੂਲਿਆ, ਕਿਉਂਕਿ ਉਨ੍ਹਾਂ ਵੇਖਿਆ ਕਿ ਆਪ ਅਖਰੀ ਗਿਆਨ ਝਟ ਹੀ ਗ੍ਰਹਿਣ ਕਰੀ ਜਾ ਰਹੇ ਹਨ। ਆਪ ਨੇ ਗੁਰਬਾਣੀ ਦੇ ਕੁਝ ਗ੍ਰੰਥ, ਪੰਜ ਗ੍ਰੰਥੀ, ਦਸ ਗ੍ਰੰਥੀ, ਭਾਈ ਗੁਰਦਾਸ ਦੀਆਂ ਵਾਰਾਂ, ਭਗਤ ਬਾਣੀ ਆਦਿ ਨੂੰ ਦੋ ਕੁ ਸਾਲਾਂ ਵਿਚ ਹੀ ਪੜ੍ਹ ਲਿਆ। ਪੜ੍ਹਿਆ ਹੀ ਨਹੀਂ ਇਨ੍ਹਾਂ ਦੇ ਅਰਥ ਤੇ ਅਗਾਧ ਭਾਵਾਂ ਤੋਂ ਵੀ ਜਾਣੂ ਹੋਣ ਵਿਚ ਕੋਈ ਕਸਰ ਨਾ ਰਹੀ। ਫਿਰ ਆਪ ਨੇ ਉਰਦੂ ਵੀ ਪੜ੍ਹਿਆ। ਆਪ ਏਨੇ ਮਿਹਨਤੀ ਤੇ ਚੰਗੇ ਬੁਧੀ ਵਾਲੇ ਸਾਬਤ ਹੋਏ ਕਿ ਪੰਜ ਛੇ ਸਾਲਾਂ ਵਿਚ ਹੀ ਆਪ ਨੇ ਉਰਦੂ ਅਤੇ ਪੰਜਾਬੀ ਦੇ ਨਾਲ ਹੀ ਪਿੰਗਲ, ਵਿਆਕਰਣ, ਵੇਦਾਂਤ ਅਤੇ ਰਾਜਨੀਤੀ ਦੇ ਵੀ ਕਿੰਨੇ ਹੀ ਗੰ੍ਰਥਾਂ ਦਾ ਅਧਿਐਨ ਕਰ ਲਿਆ। 17-18 ਸਾਲ ਦੀ ਉਮਰ ਵਿਚ ਹੀ ਆਪ ਜੀ ਦੀਆਂ ਪਿੰਗਲ, ਵਿਆਕਰਣ ਤੇ ਵੇਦਾਂਤਕ ਬਹਿਸਾਂ ਦੀਆਂ ਧੁੰਮਾਂ ਡੇਰੇ ਵਿਚ ਦੀ ਹੋ ਕੇ ਸਾਧ ਸੰਤਾਂ ਰਾਹੀਂ ਦੂਰ ਦੂਰ ਤਕ ਖਿਲਰ ਗਈਆਂ। ਵਡੇ ਵਡੇ ਵਿਦਵਾਨਾਂ ਤਕ ਆਪ ਦਾ ਨਾਂ ਜਾ ਪੁਜਾ ਤੇ ਆਪ ਜੀ ਦੀ ਬਹਿਸ ਸੁਣਨ ਦਾ ਕਈਆਂ ਦੇ ਮਨ ਵਿਚ ਚਾਅ ਪੈਦਾ ਹੋ ਗਿਆ।
ਭਾਈ ਗੁਰਬਖਸ਼ ਸਿੰਘ ਗੁਲਾਬਦਾਸੀਏ ਮਹਾਤਮਾ ਦੀ ਸ਼੍ਰੇਣੀ ਵਿਚੋਂ ਸਨ। ਗੁਲਾਬਦਾਸੀਆਂ ਦੇ ਡੇਰੇ ਹੀ ਉਨ੍ਹੀਂ ਦਿਨੀਂ ਬਹੁਤੀ ਚਰਚਾ-ਵਾਰਤਾ ਆਦਿ ਦੇ ਕੇਂਦਰ ਬਣੇ ਹੋਏ ਸਨ। ਪਰ ਦੂਜੇ ਬੰਨੇ ਆਮ ਸਿਖਾਂ ਦੀ ਹਾਲਤ ਬੜੀ ਨਿਘਰੀ ਹੋਈ ਸੀ। ਇਹ ਸਮਾਂ ਅੰਗਰੇਜ਼ ਰਾਜ ਦਾ ਸੀ ਤੇ ਇਸਾਈਅਤ ਦੇ ਪ੍ਰਚਾਰ ਲਈ ਵਡੇ ਵਡੇ ਪਾਦਰੀ ਪੰਜਾਬ ਵਿਚ ਭੇਜੇ ਜਾ ਰਹੇ ਸਨ। ਲੂਣ ਹਰਾਮੀ ਡੋਗਰਿਆਂ ਦੀ ਅਕ੍ਰਿਤਘਣਤਾ ਕਾਰਨ 1849 ਵਿਚ ਪੰਜਾਬ ਵਿਚੋਂ ਸਿਖ ਰਾਜ ਖਤਮ ਹੋ ਚੁਕਾ ਸੀ। ਜਿਸ ਦੇ ਫਲਸਰੂਪ ਪੰਥ ਵਿਚ ਏਨੀ ਆਤਮਹੀਣਤਾ ਆ ਗਈ ਕਿ ਪੰਥ ਲੜਖੜਾ ਗਿਆ। ਮੌਕਾਪ੍ਰਸਤ ਬਣੇ ਸਿਖ ਦੁਬਾਰਾ ਹਿੰਦੂ ਮਤਿ ਵਿਚ ਸ਼ਾਮਿਲ ਹੋਣੇ ਸ਼ੁਰੂ ਹੋ ਗਏ। ਸਤਲੁਜ ਤੋਂ ਉਰਾਰ ਦੇ ਸਿਖ ਸਰਦਾਰ, ਮਹਾਰਾਜੇ ਆਦਿ ਤਾਂ ਪਹਿਲਾਂ ਹੀ 1807 ਈ. ਵਿਚ ਆਪਣੀਆਂ ਕੁਰਸੀਆਂ ਖਾਤਰ ਅੰਗਰੇਜ਼ਾਂ ਦੇ ਜੀ-ਹਜ਼ੂਰੀਏ ਬਣ ਚੁਕੇ ਸਨ ਤੇ ਹੁਣ ਸਤਲੁਜ ਪਾਰ ਦੇ ਸਿਖ ਆਗੂਆਂ ਨੂੰ ਆਪਣੀ ਜਾਨ ਬਚਾਉਣ ਲਈ ਅੰਗਰੇਜ਼ਾਂ ਦੀ ਈਨ ਮੰਨਣੀ ਪਈ। ਬਾਬਾ ਬਿਕ੍ਰਮਾ ਸਿੰਘ ਬੇਦੀ ਤੇ ਭਾਈ ਮਹਾਰਾਜ ਸਿੰਘ ਨੂੰ ਛਡ ਕੇ ਲਗਭਗ ਸਾਰੇ ਆਗੂ ਅੰਗਰੇਜ਼ਾਂ ਦੀ ਝੋਲੀ ਜਾ ਪਏ।
ਸਿਖ ਫੌਜੀ ਹੁਣ ਅੰਗਰੇਜ਼ ਦੀ ਫੌਜ ਵਿਚ ਭਰਤੀ ਹੋਣ ਲਗ ਪਏ ਸਨ। ਪਰ ਇਸ ਦੇ ਬਾਵਜੂਦ ਅੰਗਰੇਜ਼ ਦੀ ਇਹ ਕੋਸ਼ਿਸ਼ ਜਾਰੀ ਰਹੀ ਕਿ ਸਿਖਾਂ ਨੂੰ ਜਥੇਬੰਦ ਤੌਰ ਉਤੇ ਇਕੱਠਾ ਨਾ ਹੋਣ ਦਿਤਾ ਜਾਵੇ। ਸਿਖਾਂ ਨੇ ਨਾਮਧਾਰੀ ਲਹਿਰ ਦੇ ਰੂਪ ਵਿਚ ਅੰਗਰੇਜ਼ਾਂ ਦੀ ਇਸ ਪਾਬੰਦੀ ਦੇ ਖਿਲਾਫ ਸਿਰ ਚੁਕਿਆ। ਇਸ ਤੋਂ ਬਾਅਦ ਈਸਾਈਅਤ ਦੇ ਪ੍ਰਚਾਰ ਦੇ ਨਾਲ ਨਾਲ ਆਰੀਆ ਸਮਾਜੀਆ ਦੇ ਪ੍ਰਚਾਰ ਨੇ ਵੀ ਸਿਖ ਪੰਥ ਨੂੰ ਭਾਰੀ ਢਾਹ ਲਾਉਣੀ ਸ਼ੁਰੂ ਕਰ ਦਿਤੀ।
ਗਿਆਨੀ ਦਿਤ ਸਿੰਘ ਜੀ ਵਿਦਿਆ ਪ੍ਰਾਪਤ ਕਰਕੇ ਲਾਹੌਰ ਵਿਚਲੇ ਗੁਲਾਬਦਾਸੀਆਂ ਦੇ ਪ੍ਰਸਿਧ ਡੇਰੇ ਵਿਚ ਆ ਗਏ। ਚਠਿਆਂ ਵਾਲੇ ਦੇ ਸੰਤ ਦੇਸਾਂ ਸਿੰਘ ਜੀ ਦੀ ਸੰਗਤ ਨਾਲ ਆਪ ਹੁਣ ਸਾਧਾਂ ਵਾਲੇ ਫਕੀਰੀ ਲਿਬਾਸ ਦੇ ਧਾਰਨੀ ਹੋ ਗਏ ਤੇ ਸਭ ਤੋਂ ਪਹਿਲਾਂ ਆਪ ਨੇ ਗੁਲਾਬਦਾਸੀਆਂ ਦੇ ਪ੍ਰਚਾਰਕ ਦੇ ਤੌਰ ਉਤੇ ਹੀ ਪਬਲਿਕ ਮੀਟਿੰਗਾਂ ਤੇ ਸੰਗਤ ਵਿਚ ਆਪਣੇ ਪ੍ਰਭਾਵਸ਼ਾਲੀ ਲੈਕਚਰ ਦੇਣੇ ਸ਼ੁਰੂ ਕੀਤੇ। ਆਪ ਜੀ ਦੇ ਵਿਦਵਤਾ ਦੇ ਕਾਫੀ ਲੋਕ ਕਾਇਲ ਸਨ। ਆਪ ਕਈ ਵਾਰ ਸਵਾਹ ਆਦਿ ਮਲ ਕੇ ਮੜੀਆਂ ਮਸਾਣਾਂ ਵਿਚ ਵੀ ਜਾ ਬੈਠਦੇ ਤੇ ਭਜਨ ਵਿਚ ਜੁੜਨ ਦੀ ਕੋਸ਼ਿਸ਼ ਕਰਦੇ। ਪਰ ਆਪ ਦੇ ਇਸ ਵਿਕਰਾਲ ਰੂਪ ਨੂੰ ਵੇਖ ਕੇ ਕਈ ਵਾਰੀ ਕਈ ਭੋਲੇ ਭਾਲੇ ਲੋਕ ਡਰ ਵੀ ਜਾਂਦੇ ਤੇ ਬਚੇ ਤਾਂ ਚੀਕਾਂ ਹੀ ਮਾਰਨ ਲਗ ਜਾਂਦੇ, ਜਿਸ ਕਰਕੇ ਗਿਆਨੀ ਜੀ ਨੂੰ ਛੇਤੀ ਹੀ ਇਸ ਫਕੀਰੀ ਲਿਬਾਸ ਬਾਰੇ ਕੁਝ ਸ਼ੰਕੇ ਤੇ ਘ੍ਰਿਣਾ ਪੈਦਾ ਹੋ ਗਈ।
ਇਸ ਵੇਲੇ ਪੰਜਾਬ ਵਿਚ ਅੰਗਰੇਜ਼ ਪੂਰੇ ਜ਼ੋਰ ਨਾਲ ਇਸਾਈ ਮਤਿ ਦਾ ਪ੍ਰਚਾਰ ਕਰ ਰਹੇ ਸਨ। ਉਹਨਾਂ ਦਾ ਖਿਆਲ ਸੀ ਕਿ ਇਥੇ ਸਾਡੀ ਹਕੂਮਤ ਤਦ ਹੀ ਠੀਕ ਤੌਰ ਉਤੇ ਚਲ ਸਕਦੀ ਹੈ ਜੇ ਪੰਜਾਬੀਆਂ ਵਿਚ ਇਸਾਈਅਤ ਦਾ ਖੂਨ ਪੂਰੇ ਜ਼ੋਰ ਨਾਲ ਦਾਖਲ ਕਰ ਦਿਤਾ ਜਾਵੇ। ਇਸ ਪ੍ਰਚਾਰ ਦਾ ਜ਼ੋਰਦਾਰ ਜੁਆਬ ਦੇਣ ਲਈ ਪੰਜਾਬ ਵਿਚ ਆਰੀਆ ਸਮਾਜ ਦੀ ਲਹਿਰ ਹੋਂਦ ਵਿਚ ਆਈ। ਉਨੀ ਦਿਨੀਂ ਸੁਆਮੀ ਦਯਾ ਨੰਦ ਨੇ ਆਰੀਆ ਸਮਾਜ ਦਾ ਪ੍ਰਚਾਰ ਭਾਵੇਂ ਸਾਰੇ ਹਿੰਦੋਸਤਾਨ ਵਿਚ ਕੀਤਾ, ਪਰ ਕਾਮਯਾਬੀ ਉਸ ਨੂੰ ਸਭ ਤੋਂ ਵਧ ਪੰਜਾਬ ਵਿਚ ਹੋਈ। ਇਸ ਦਾ ਵਡਾ ਕਾਰਨ ਸਿਖਾਂ ਦਾ ਸਹਿਯੋਗ ਸੀ। ਕਿਉਂਕਿ ਸਿਖ ਵੀ ਮੂਰਤੀ ਪੂਜਕ ਨਹੀਂ ਹਨ ਤੇ ਆਰੀਆ ਸਮਾਜੀ ਵੀ ਮੂਰਤੀ ਪੂਜਕਾਂ ਦੇ ਵਿਰੋਧੀ ਸਨ। ਇਸ ਲਈ ਪੰਜਾਬ ਵਿਚ ਆਰੀਆ ਸਮਾਜੀ ਲਹਿਰ ਦੇ ਚਲਾਉਣ ਵਿਚ ਸਿਖਾਂ ਨੇ ਬਹੁਤ ਹਿਸਾ ਪਾਇਆ। ਭਾਈ ਜਵਾਹਰ ਸਿੰÎਘ ਜੋ ਰੇਲਵੇ ਵਿਚ ਮੁਲਾਜ਼ਮ ਸਨ, ਲਹਿਰ ਦੇ ਪਹਿਲੇ ਸਕੱਤਰ ਥਾਪੇ ਗਏ। ਉਸ ਵੇਲੇ ਇਨ੍ਹਾਂ ਦਾ ਸਿਰਫ ਇਸਾਈਅਤ ਦੇ ਖੰਡਨ ਕਰਨ ਉਤੇ ਹੀ ਜੋਰ ਸੀ। ਇਸ ਲਈ ਜਦ ਆਰੀਆ ਸਮਾਜੀ ਲੀਡਰ ਸੁਆਮੀ ਦਯਾ ਨੰਦ ਪਹਿਲੀ ਵਾਰ ਲੌਹਰ ਆਏ ਤਾਂ ਉਨ੍ਹਾਂ ਦੀ ਤਕਰੀਰ ਕਰਨ ਲਈ ਗੁਰਦੁਆਰਾ ਡੇਹਰਾ ਸਾਹਿਬ ਵਿਚ ਹੀ ਸਿਖਾਂ ਵਲੋਂ ਪ੍ਰੰਬਧ ਕੀਤਾ ਗਿਆ। ਗਿਆਨੀ ਦਿਤ ਸਿੰਘ ਜੀ, ਭਾਈ ਜਵਾਹਰ ਸਿੰਘ ਜੀ ਕਾਫੀ ਗੂੜੇ ਮਿਤਰ ਸਨ ਤੇ ਇਨ੍ਹਾਂ ਰਾਹੀਂ ਹੀ ਸੁਆਮੀ ਦਯਾ ਨੰਦ ਨਾਲ ਇਨ੍ਹਾਂ ਦਾ ਸੰਪਰਕ ਪੈਦਾ ਹੋਇਆ। ਬਚਨ ਬਿਲਾਸ ਕੀਤੇ ਗਏ ਤਾਂ ਸੁਆਮੀ ਦਯਾਨੰਦ ਜੀ ਜਾਣ ਗਏ ਕਿ ਜੇ ਇਹ ਸਾਡੇ ਵਿਰੁਧ ਹੋ ਗਏ ਤਾਂ ਇਨ੍ਹਾਂ ਦੀਆਂ ਦਲੀਲਾਂ ਦਾ ਜਵਾਬ ਸਾਡੇ ਲਈ ਦੇਣਾ ਮੁਸ਼ਕਿਲ ਹੋ ਜਾਵੇਗਾ। ਸੋ ਉਨ੍ਹਾਂ ਨੇ ਗਿਆਨੀ ਜੀ ਦਾ ਬੜਾ ਸਨਮਾਨ ਕੀਤਾ ਤੇ ਉਨ੍ਹਾਂ ਨੂੰ ਮਨਾਉਣ ਉਤੇ ਬੜਾ ਜ਼ੋਰ ਲਾਇਆ ਕਿ ਉਹ ਮੈਦਾਨ ਵਿਚ ਆ ਕੇ ਸਾਡਾ ਸਾਥ ਦੇਣ। ਗਿਆਨੀ ਦਿਤ ਸਿੰਘ ਜੀ, ਜਿਨ੍ਹਾਂ ਗੁਲਾਬਦਾਸੀ ਸੰਤਾਂ ਦੇ ਸਭ ਤੋਂ ਪਹਿਲੇ ਪ੍ਰਚਾਰਕ ਬਣੇ ਸਨ, ਉਨ੍ਹਾਂ ਗੁਲਾਬਦਾਸੀਆਂ ਨੇ ਹੀ ਸਭ ਤੋਂ ਪਹਿਲਾਂ ਆਰੀਆ ਸਮਾਜ ਦਾ ਪ੍ਰਭਾਵ ਕਬੂਲ ਕਰਕੇ ਉਨ੍ਹਾਂ ਦੇ ਪੈਰਾਕਾਰ ਬਣਨਾ ਪ੍ਰਵਾਨ ਕਰ ਲਿਆ। ਗਿਆਨੀ ਜੀ ਵੀ ਕੁਝ ਚਿਰ ਲਈ ਉਨ੍ਹਾਂ ਦੇ ਪ੍ਰੋਗਰਾਮ ਮੁਤਾਬਿਕ ਹੀ ਕੰਮ ਕਰਦੇ ਰਹੇ।
ਲਾਹੌਰ ਵਿਚ ਰਹਿੰਦਿਆਂ ਗਿਆਨੀ ਜੀ ਦੀ ਓਰੀਐਂਟਲ ਕਾਲਜ ਦੇ ਪ੍ਰੋਫੈਸਰ ਗੁਰਮੁਖ ਸਿੰਘ ਨਾਲ ਇਕ ਵਾਰੀ ਭੇਂਟ ਹੋ ਗਈ। ਪ੍ਰੋਫੈਸਰ ਸਾਹਿਬ ਬੜੇ ਸੂਝਵਾਨ, ਦੂਰ ਦੀ ਸੋਚਣ ਵਾਲੇ ਗੁਰਸਿਖ ਸਨ। ਉਨ੍ਹਾਂ ਨੇ ਜ਼ੋਰ ਦਿਤਾ ਕਿ ਗਿਆਨੀ ਦਿਤ ਸਿੰਘ ਜੀ ‘ਗਿਆਨੀ’ ਦੀ ਪ੍ਰੀਖਿਆ ਪਾਸ ਕਰਨ ਤੇ ਫਿਰ ਇਥੇ ਉਨ੍ਹਾਂ ਕੋਲ ਹੀ ਰਹਿਣ। ਪ੍ਰੋ. ਗੁਰਮੁਖ ਜੀ ਦੀ ਸੰਗਤ ਦੀ ਬਦੌਲਤ ਗਿਆਨੀ ਜੀ ਨੇ ਸਿਖੀ ਦੇ ਪ੍ਰਭਾਵ ਨੂੰ ਕਬੂਲ ਲਿਆ। ਆਪ ਹੌਲੀ- ਹੌਲੀ ਗੁਰਸਿਖੀ ਜੀਵਨ ਦੇ ਸਾਂਚੇ ਵਿਚ ਢਲ ਗਏ। ਗੁਰਮਤਿ ਫਿਲਾਸਫੀ ਦੇ ਮਹਾਨ ਸਿਧਾਂਤਾਂ ਨੇ ਇਨ੍ਹਾਂ ਦੀ ਕਾਇਆ ਕਲਪ ਕਰ ਦਿਤੀ। ਇਕ ਸਾਲ ਵਿਚ ਆਪ ਨੇ ਗਿਆਨੀ ਪਾਸ ਕਰ ਲਈ। ਉਦੋਂ ਗਿਆਨੀ ਦੀ ਪੜ੍ਹਾਈ ਵਿਚ ਅੱਜ ਵਾਂਗ ਨਿਰੀਆਂ ਕਿਸੇ ਕਹਾਣੀਆਂ ਹੀ ਨਹੀਂ, ਬਲਕਿ ਗੂੜ ਗਿਆਨ ਪੜ੍ਹਨਾ ਪੈਂਦਾ ਸੀ। ਇਸ ਲਈ ਉਥੇ ਗੁਰਮਤਿ ਫਿਲਾਸਫੀ ਦੇ ਲੈਕਚਰਾਂ ਦਾ ਖਾਸ ਪ੍ਰਬੰਧ ਸੀ। ਗਿਆਨੀ ਦੀ ਪਰੀਖਿਆ ਚੰਗੇ ਨੰਬਰਾਂ ਵਿਚ ਪਾਸ ਕਰਨ ਉਪਰੰਤ ਪ੍ਰੋਫੈਸਰ ਗੁਰਮੁਖ ਸਿੰਘ ਜੀ ਦੇ ਜ਼ੋਰ ਦੇਣ ਉਤੇ ਆਪ ਉਸੇ ਕਾਲਜ ਵਿਚ ਹੀ ਮਨੁਖਤਾ ਦੇ ਗੁਣਾਂ ਉਤੇ ਲੈਕਚਰ ਦੇਣ ਲਗ ਪਏ ਅਤੇ ਉਦੋਂ ਤੋਂ ਹੀ ਆਪ ਜੀ ਦੀ ਬੋਲਣ ਸ਼ਕਤੀ ਵਿਚ ਵਾਧਾ ਹੋਣ ਲੱਗਾ। ਫਿਰ ਆਪ ਨੂੰ ਇਸ ਕਾਲਜ ਵਿਚ ਹੀ ਪਕੇ ਤੌਰ ਉਤੇ ਧਾਰਮਿਕ ਪਰੋਫੈਸਰ ਦੀ ਡਿਊਟੀ ਸੌਂਪ ਦਿਤੀ ਗਈ, ਜਿਸਨੂੰ ਆਪ ਨੇ ਏਨੀ ਯੋਗਤਾ ਨਾਲ ਨਿਭਾਇਆ ਕਿ ਦੋ ਕੁ ਸਾਲਾਂ ਵਿਚ ਹੀ ਆਪ ਦੇ ਹੁਨਰ ਦੀਆਂ ਧੁੰਮਾਂ ਪੈ ਗਈਆਂ। ਇਕ ਵਿਦਵਤਾ, ਦੂਜੇ ਪ੍ਰੋਫੈਸਰ ਗੁਰਮੁਖ ਸਿੰਘ ਦੀ ਸੰਗਤ ਨੇ ਆਪ ਦੀ ਪ੍ਰਸਿਧਤਾ ਨੂੰ ਚਾਰ ਚੰਨ ਲਾ ਦਿਤੇ।
ਦੂਜੇ ਪਾਸੇ ਆਰੀਆ ਸਮਾਜੀਆਂ ਦੀ ਲਹਿਰ ਨੂੰ ਸੁਧਾਰਕ ਅਤੇ ਈਸਾਈਅਤ ਦੇ ਉਲਟ ਸਮਝ ਕੇ, ਸਿਖ ਅਜੇ ਸੁਆਮੀ ਦਯਾ ਨੰਦ ਦੇ ਵਿਰੋਧੀ ਨਹੀਂ ਸਨ ਬਣੇ। ਹਰ ਥਾਂ ਉਨ੍ਹਾਂ ਦਾ ਸਵਾਗਤ ਹੀ ਕੀਤਾ ਜਾ ਰਿਹਾ ਸੀ। ਪਰ ਸਿਆਣੇ ਤੇ ਦੂਰਅੰਦੇਸ਼ ਸਿਖਾਂ ਨੇ ਸੁਆਮੀ ਦਯਾ ਨੰਦ ਦੇ ਪ੍ਰਚਾਰ ਨੂੰ ਸਿਖੀ ਲਈ ਮਾਰੂ ਮਹਿਸੂਸ ਕਰਨਾ ਸ਼ੁਰੂ ਕਰ ਦਿਤਾ ਸੀ। ਕਿਉਂਕਿ ਮੁੰਡਨ ਆਦਿ ਦੇ ਇਹ ਪਕੇ ਹਾਮੀ ਸਨ। ਸਿਖਾਂ ਦੀ ਹਮਾਇਤ ਨੇ ਦਯਾਨੰਦ ਦਾ ਕਾਫੀ ਹੌਂਸਲਾ ਵਧਾਇਆ ਤੇ ਉਸ ਨੂੰ ਹੰਕਾਰ ਦੀ ਟੀਸੀ ਉਤੇ ਜਾ ਪਹੁੰਚਾਇਆ। ਉਹ (ਦਯਾ ਨੰਦ) ਆਪਣੇ ਆਪ ਨੂੰ ਰਬ ਹੀ ਸਮਝਣ ਲਗ ਪਿਆ ਤੇ ਹਰੇਕ ਨਾਲ ਬਹਿਸਾਂ ਕਰਨ ਲਗ ਪਿਆ। ਜੋ ਉਸ ਦੇ ਜੀਅ ਆਇਆ ਲਿਖੀ ਗਿਆ। ਇਥੋਂ ਤਕ ਕਿ ਉਸ ਨੇ ਗੁਰੂ ਸਾਹਿਬਾਨ ਦੇ ਵਿਰੁਧ ਵੀ ਕਬੋਲ ਬੋਲੇ ਤੇ ਆਪਣੇ ਗ੍ਰੰਥ ‘ਸਤਿਆਰਥ ਪ੍ਰਕਾਸ਼’ ਵਿਚ ਗੁਰੂ ਸਾਹਿਬਾਨ ਦੇ ਵਿਰੁਧ ਬਹੁਤ ਗਲਤ ਗੱਲਾਂ ਲਿਖੀਆਂ।
ਨਾਮਧਾਰੀ ਲਹਿਰ ਦੀ ਬਦੌਲਤ ਸਿਖਾਂ ਅੰਦਰ ਇਕ ਹੋਰ ਬਿਮਾਰੀ ਵੀ ਇਸ ਵੇਲੇ ਤਕ ਚੰਗੇ ਖੰਭ ਖਿਲਾਰੀ ਬੈਠੀ ਸੀ। ਗੁਰੂ ਡੰਮ ਦਾ ਵੀ ਚੰਗਾ ਬੋਲਬਾਲਾ ਸੀ। ਇਕ ਪਾਸੇ ਨਿਰਕੰਾਰੀ ਦੂਜੇ ਪਾਸੇ ਨਾਮਧਾਰੀ ਤੇ ਤੀਜੇ ਪਾਸੇ ਗੁਰ ਅੰਸਾਂ ਦੇ ਕੁਝ ਸਾਹਿਬਜ਼ਾਦੇ, ਬਾਬਾ ਖੇਮ ਸਿੰਘ ਜੀ ਬੇਦੀ ਆਦਿ ਜੋ ਗੁਰੂ ਅੰਸ ਵਿਚੋਂ ਸਨ, ਉਹ ਹਰ ਥਾਂ ਹੀ ਸਿਖ ਸੰਗਤਾਂ ਅੰਦਰ ਮਨਮਤਿ ਪ੍ਰਚਾਰ ਰਹੇ ਸਨ। ਕੁਝ ਸਿਖ ਰਾਜੇ ਮਹਾਰਾਜੇ ਵੀ ਇਹਨਾਂ ਦੇ ਮੁਦੱਈ ਸਨ। 1913 ਦੇ ਅੰਤ ਵਿਚ ਇਸਾਈਅਤ ਦੇ ਹੜ੍ਹ ਅਗੇ ਮਿਸ਼ਨ ਸਕੂਲ ਅੰਮ੍ਰਿਤਸਰ ਦੇ ਚਾਰ ਲੜਕੇ ਇਸਾਈ ਬਣਨ ਹੀ ਲਗੇ ਸਨ ਕਿ ਸਿਖ ਸੰਗਤਾਂ ਨੂੰ ਪਤਾ ਲਗ ਗਿਆ। ਇਸਦਾ ਸਿਖਾਂ ਨੇ ਬਹੁਤ ਬੁਰਾ ਮਨਾਇਆ ਤੇ ਬੜੀਆਂ ਕੋਸ਼ਿਸਾਂ ਮਗਰੋਂ ਉਨ੍ਹਾਂ ਲੜਕਿਆਂ ਨੂੰ ਪਤਿਤ ਹੋਣੋ ਬਚਾ ਲਿਆ। ਪਰ ਇਸ ਗਲ ਨੇ ਸਿਖਾਂ ਨੂੰ ਟੁੰਬ ਦਿਤਾ ਤੇ ਉਨ੍ਹਾਂ ਨੇ ਮਹਿਸੂਸ ਕੀਤਾ ਕੇ ਜੇ ਇਸ ਲਹਿਰ ਦਾ ਮੁਕਾਬਲਾ ਕਰਨ ਲਈ ਕੋਈ ਚਾਰਾ ਨਾ ਕੀਤਾ ਗਿਆ ਤਾਂ ਇਸ ਦੇ ਭਿਆਨਕ ਸਿਟੇ ਨਿਕਲਣਗੇ। ਸੋ ਸਿਖ ਮੁਖੀਆਂ ਵਲੋਂ ਇਸ ਬਿਮਾਰੀ ਦੀ ਰੋਕਥਾਮ ਲਈ 1914 ਵਿਚ ਅੰਮ੍ਰਿਤਸਰ ਵਿਚ ਸ੍ਰੀ ਗੁਰੂ ਸਿੰਘ ਸਭਾ ਕਾਇਮ ਕੀਤੀ ਗਈ। ਉਨੀਂ ਦਿਨੀਂ ਹੀ ਜਦੋਂ ਗਿਆਨੀ ਜੀ ਨੇ ਸਿਖੀ ਧਾਰਨ ਕਰ ਲਈ ਤਾਂ ਗੁਲਾਬਦਾਸੀਏ ਪਿਟ ਉਥੇ। ਉਨ੍ਹਾਂ ਨੇ ਇਕ ਇਸ਼ਤਿਹਾਰ ਕਢਿਆ ਜਿਸ ਵਿਚ ਲਿਖਿਆ ਸੀ — ”ਸੁਣਿਆ ਜਾਂਦਾ ਹੈ ਕਿ ਭਾਈ ਦਿਤ ਸਿੰਘ ਜੀ ਗੁਲਾਬਦਾਸੀ ਮਤਿ ਦੀ ਫਕੀਰੀ ਦੀ ਹਾਲਤ ਵਿਚ ਚਿਰ ਕਾਲ ਤਕ ਅਭੇ ਪੁਰ, ਤਹਿਸੀਲ ਖਰੜ, ਜ਼ਿਲ੍ਹਾ ਅੰਬਾਲਾ ਵਿਚ ਕੁਟੀਆ ਵਾਸਤੇ ਛੋਟਾ ਜਿਹਾ ਬਗੀਚਾ ਬਣਾਂਦੇ ਰਹੇ ਹਨ ਅਤੇ ਲਾਂਭੇ ਛਾਂਬੇ ਦੇ ਪਿੰਡਾਂ ਵਿਚ ਗੁਰੂ ਬਣ ਕੇ ਆਪਣੀ ਪੂਜਾ ਕਰਵਾ ਰਹੇ ਹਨ। ਉਹ ਲੋਕ ਹੁਣ ਤੱਕ ਇਨ੍ਹਾਂ ਨੂੰ ਗੁਰੂ ਮੰਨਦੇ ਰਹੇ ਅਤੇ ਭੇਟਾ ਪੂਜਾ ਦੇਂਦੇ ਹਨ।”
ਗਿਆਨੀ ਜੀ ਨੇ ਇਸ ਦੇ ਉਤਰ ਵਿਚ ਲਿਖਿਆ ਕਿ ਚੂੰਕਿ ਮੇਰੀ ਮੁਢੋਂ ਹੀ ਲੋਕਾਂ ਨੂੰ ਇਹ ਨਸੀਹਤ ਦੇਣ ਦੀ ਆਦਤ ਰਹੀ ਹੈ ਕਿ ਮੜ੍ਹੀਆਂ ਕਬਰਾਂ ਨਾ ਪੂਜੋ, ਇਨ੍ਹਾਂ ਵਿਚ ਕੁਝ ਨਹੀਂ ਹੈ, ਸੋ ਮੇਰੀਆਂ ਅਜਿਹੀਆਂ ਅਸਰਦਾਇਕ ਗਲਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਲੋਕ ਮੇਰੀ ਇਜ਼ਤ ਕਰਨ ਲਗ ਪਏ ਸਨ ਤੇ ਅਜੇ ਤਕ ਵੀ ਕਰਦੇ ਹਨ। ਪਰ ਇਨ੍ਹਾਂ ਗੁਲਾਬਦਾਸੀ ਸੰਤਾਂ ਨੂੰ ਹੁਣ ਮੇਰੀ ਇਜ਼ਤ ਡਰਾਉਣ ਲਗ ਪਈ ਹੈ। ਕਿਉਂਕਿ ਮੈਂ ਅਸਲੀ ਗਿਆਨ ਹਾਸਲ ਕਰਕੇ ਇਨ੍ਹਾਂ ਨਕਲੀ ਸੰਤਾਂ ਦਾ ਸਾਥ ਛੱਡ ਦਿਤਾ ਹੈ। ਮੈਂ ਇਹ ਚੰਗੀ ਤਰ੍ਹਾਂ ਜਾਣ ਲਿਆ ਹੈ ਕਿ ਇਹ ਲੋਕ ਇਕ ਅਕਾਲ ਪੁਰਖ ਦੇ ਪੁਜਾਰੀ ਨਹੀਂ, ਸਗੋਂ ਲੋਕਾਂ ਨੂੰ ਆਪਣੇ ਪ੍ਰਭਾਵ ਥਲੇ ਲਿਆ ਕੇ ਵਾਧੂ ਭਰਮਾਂ ਤੇ ਭੁਲੇਖਿਆਂ ਵਿਚ ਫਸਾਂਦੇ ਹਨ। ਇਹ ਸਮਝ ਕੇ ਹੀ ਜਦ ਮੈਂ ਇਨ੍ਹਾਂ ਦਾ ਸਾਥ ਛੱਡ ਦਿਤਾ ਹੈ, ਤਾਂ ਅੱਜ ਇਨ੍ਹਾਂ ਨੂੰ ਮੈਂ ਬੁਰਾ ਲਗ ਰਿਹਾ ਹਾਂ।
ਆਰੀਆ ਸਮਾਜੀ ਆਪਣੇ ਆਪ ਨੂੰ ਪੁਰਾਤਨਤਾ ਦੇ ਅੰਲਬਰਦਾਰ ਕਹਿੰਦੇ ਹਨ, ਪਰ ਅਸਲ ਵਿਚ ਇਹ ਨੁਕਤਾਚੀਨਾਂ ਅਤੇ ਈਰਾਖਵਾਦੀਆਂ ਦਾ ਸਮੂਹ ਹੈ। ਸੁਆਮੀ ਦਯਾ ਨੰਦ 1877 ਈ. ਵਿਚ ਪੰਜਾਬ ਆਇਆ ਤੇ ਪ੍ਰਚਾਰ ਨਾਲ ਕਈ ਭੁਲੇਖੇ ਪਾਏ ਤੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਪੈਰੋਕਾਰ ਬਣਾ ਲਿਆ। ਮੁਸਲਮਾਨ ਭਾਵੇਂ ਕਿੰਨੇ ਵੀ ਢਿਲੇ ਸਨ ਪਰ ਮਜ਼ਹਬੀ ਤੌਰ ਉੇਤ ਉਹ ਫੇਰ ਵੀ ਪਕੇ ਤੇ ਆਪਣੇ ਖਿਆਲਾਂ ਵਿਚ ਦ੍ਰਿੜ੍ਹ ਸਨ। ਹਜ਼ਰਤ ਮੁਹੰਮਦ ਸਾਹਿਬ ਵਿਰੁਧ ‘ਸਤਿਆਰਥ ਪ੍ਰਕਾਸ਼’ ਵਿਚ ਕੁਝ ਲਫਜ਼ ਲਿਖਣ ਉਤੇ ਮੁਸਲਮਾਨ ਭੜਕ ਪਏ ਤੇ ਉਨ੍ਹਾਂ ਨੇ ਚਾਰ ਆਰੀਆ ਸਮਾਜੀ ਕਤਲ ਵੀ ਕਰ ਦਿਤੇ। ਪਰ ਧਰਮ ਪ੍ਰਚਾਰ ਦੀ ਅਣਹੋਂਦ ਕਾਰਨ ਆਮ ਸਿਖ ਆਪਣੇ ਆਪ ਨੂੰ ਹਿੰਦੂਆਂ ਦਾ ਹਿਸਾ ਹੀ ਸਮਝ ਰਹੇ ਸਨ। ਸੋ ਸੁਆਮੀ ਦੇ ਪ੍ਰਚਾਰ ਸਦਕਾ ਸਿਖ ਧੜਾਧੜ ਪਤਿਤ ਹੋਣ ਲਗੇ। ਕੇਸ ਕਟਾ ਕਟਾ ਹਿੰਦੂ ਬਣਨ ਲਗੇ।
ਇਸ ਨਿਘਰਦੀ ਹਾਲਤ ਨੇ ਕੁਝ ਕੌਮ ਦਰਦੀਆਂ ਦੇ ਮਨ ਵਿਚ ਡਾਢੀ ਦਰਦ ਪੈਦਾ ਕੀਤੀ। ਉਹ ਇਹ ਮਾਰੂ ਹਮਲੇ ਰੋਕਣ ਲਈ ਮੈਦਾਨ ਵਿਚ ਨਿਤਰੇ। ਅਜਿਹੇ ਕਈ ਗੁਰਸਿਖਾਂ ਦੀ ਮਿਹਨਤ ਤੇ ਦ੍ਰਿੜ੍ਹਤਾ ਸਦਕਾ ਸਿੰਘ ਸਭਾ ਦੀ ਮਹਾਨ ਲਹਿਰ ਵਜੂਦ ਵਿਚ ਆਈ, ਜਿਸ ਨੇ ਸਿਖ ਕੌਮ ਨੂੰ ਇਕ ਵਾਰ ਫਿਰ ਨਵੇਂ ਸਿਰਿਓ ਜਥੇਬੰਦ ਕਰ ਦਿਤਾ। ਗਿਆਨੀ ਦਿਤ ਸਿੰਘ ਜੀ ਨੇ ਉਸ ਸਮੇਂ ਆਰੀਆ ਸਮਾਜ ਨਾਲ ਟੱਕਰ ਲਈ ਤੇ ਗੁਰਮਤਿ ਦੇ ਅਟਲ ਅਸੂਲਾਂ ਨਾਲ ਉਸ ਨੂੰ ਤਕੜੀ ਹਾਰ ਦਿਤੀ। ਜਦ ਗਿਆਨੀ ਜੀ ਆਰੀਆ ਸਮਾਜੀਆਂ ਦੇ ਵਿਰੁਧ ਹੋ ਗਏ ਤਾਂ ਆਰੀਆ ਸਮਾਜੀਆਂ ਨੇ ਵੀ ਗੁਲਾਬਦਾਸੀਆਂ ਦੀ ਤਰ੍ਹਾਂ ਆਪ ਦੇ ਵਿਰੁਧ ਪ੍ਰਚਾਰ ਕੀਤਾ ਤੇ ਇਹ ਸਿਧ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਆਰੀਆ ਸਮਾਜ ਦੇ ਹੀ ਬਾਗੀ ਪੁਰਸ਼ ਹਨ।
ਸਿੰਘ ਸਭਾ ਲਹਿਰ ਦਾ ਮੁਖ ਮੰਤਵ ਭਾਵੇਂ ਸਿਖ ਧਰਮ ਦਾ ਪ੍ਰਚਾਰ ਸੀ, ਪਰ ਇਸ ਦੇ ਨਾਲ ਸਮੇਂ ਦੇ ਵਾਤਾਵਰਨ ਦਾ ਅਸਰ ਤਾਂ ਉਸ ਉਤੇ ਹੋਣਾ ਹੀ ਸੀ। ਕਈ ਥਾਈੰ ਪੁਜਾਰੀਆਂ ਦੀਆਂ ਵਧੀਕੀਆਂ ਤੇ ਕਮਜ਼ੋਰੀਆਂ ਵਿਰੁਧ ਵੀ ਆਵਾਜ਼ ਉਠੀ, ਜਿਸ ਤੋਂ ਪੁਜਾਰੀਆਂ ਨੇ ਗੁਰਦੁਆਰਿਆਂ ਵਿਚ ਸਿੰਘ ਸਭਾ ਦੇ ਦੀਵਾਨ ਕਰਨ ਜਾਂ ਉਹਨਾਂ ਦੇ ਆਉਣ ਜਾਣ ਉਤੇ ਬੰਦਸ਼ਾਂ ਲਾ ਦਿੱਤੀਆਂ। ਪਰ ਸਿੰਘ ਸਭਾ ਲਹਿਰ ਦੇ ਪੂਰੇ ਜੋਬਨ ਉਤੇ ਹੋਣ ਕਾਰਨ ਪੁਜਾਰੀ ਸਹਿਮੇ ਹੋਏ ਵੀ ਸਨ ਤੇ ਬਾਬਾ ਖੇਮ ਸਿੰਘ ਦੀ ਵੀ ਹਾਨੀ ਹੋ ਰਹੀ ਸੀ। ਇਸ ਵੇਲੇ ਵਿਰੋਧੀਆਂ ਵਲੋਂ ਅੰਮ੍ਰਿਤਸਰੀ ਤੇ ਲਾਹੌਰ ਸਿੰਘ ਸਭਾ ਵਿਚਕਾਰ ਝਗੜਾ ਖੜ੍ਹਾ ਕੀਤਾ ਗਿਆ ਤੇ ਉਸ ਵਿਚ ਜਾਤਪਾਤ ਦਾ ਸੁਆਲ ਅਗੇ ਲਿਆਂਦਾ ਗਿਆ। ਪ੍ਰੋ. ਗੁਰਮੁਖ ਸਿੰਘ ਜੀ ਨੂੰ ਨੀਵੀ ਜਾਤ (ਲਾਂਗਰੀ) ਆਦਿ ਕਹਿ ਕੇ ਤ੍ਰਿਸਕਾਰਿਆ ਗਿਆ। ਕਿਉਂਕਿ ਉਨ੍ਹਾਂ ਦੇ ਪਿਤਾ ਜੀ ਕਪੂਰਥਲੇ ਦੇ ਰਾਜਾ ਬਿਕਰਮ ਸਿੰਘ ਦੇ ਲਾਂਗਰੀ ਸਨ ਤੇ ਗਿਆਨੀ ਦਿਤ ਸਿੰਘ ਜੀ ਤਾਂ ਹੈ ਹੀ ਰਵਿਦਾਸੀਏ ਸਨ। ਸੋ ਇਸ ਲਈ ਇਹਨਾਂ ਦੋਹਾਂ ਸਿੰਘ ਸਭਾ ਦੇ ਮੋਢੀਆਂ ਵਿਰੁਧ ਜਾਤ-ਪਾਤ ਦਾ ਵਿਤਕਰਾ ਪਾ ਕੇ ਅੰਮ੍ਰਿਤਸਰੀ ਸਿੰਘ ਸਭਾ ਵਲੋਂ ਪ੍ਰਚਾਰ ਕੀਤਾ ਗਿਆ। ਖਾਲਸਾ ਕਾਲਜ ਚਾਲੂ ਹੋਣ ਉਪਰੰਤ ਗਿਆਨੀ ਜੀ ਨੇ ਆਪਣੀ ਉਮਰ ਦਾ ਬਾਕੀ ਸਮਾਂ ਸਿਖ ਧਰਮ ਦੇ ਪ੍ਰਚਾਰ ਲਈ ਤੇ ਗੁਰਮਤਿ ਸਾਹਿਤ ਲਈ ਲਾ ਦਿਤਾ। ਆਪ ਜੀ ਦੇ ਸਾਹਿਤ ਤੇ ਪ੍ਰਚਾਰ ਢੰਗ ਤੋਂ ਵਡੇ ਵਡੇ ਰਈਸ ਪ੍ਰਭਾਵਿਤ ਹੋਏ। ਇਥੋਂ ਤਕ ਕਿ ਸ. ਸੁੰਦਰ ਸਿੰਘ ਜੀ ਮਜੀਠੀਆ, ਜੋ ਬਾਅਦ ਵਿਚ ਸ਼੍ਰੋਮਣੀ ਕਮੇਟੀ ਦੇ ਪਹਿਲੇ ਪ੍ਰਧਾਨ ਬਣੇ, ਨੇ ਆਪ ਜੀ ਦੇ ਪ੍ਰਚਾਰ ਦੇ ਅਸਰ ਨੂੰ ਕਬੂਲਿਆ ਤੇ ਖਾਲਸਾ ਭਾਈਚਾਰਾ ਨਾਮ ਦੀ ਜਥੇਬੰਦੀ ਕਾਇਮ ਕੀਤੀ।
ਪਛੜੀਆਂ ਸ਼੍ਰੇਣੀਆਂ ਦੇ ਲੋਕ ਉਸ ਸਮੇਂ ਈਸਾਈ ਮਤਿ ਵਲ ਪ੍ਰੇਰੇ ਜਾ ਰਹੇ ਸਨ, ਕਿਉਂਕਿ ਗੁਰਦੁਆਰਿਆਂ ਦੇ ਪੁਜਾਰੀ ਇਨ੍ਹਾਂ ਨੂੰ ਦੁਰਕਾਰਦੇ ਸਨ। ਪੁਜਾਰੀਆਂ ਵਿਰੁਧ ਬੜੇ ਜ਼ੋਰਦਾਰ ਢੰਗ ਨਾਲ ਆਵਾਜ਼ ਉਠਾਈ ਗਈ। ਥਾਂ ਪੁਰ ਥਾਂ ਜਾ ਕੇ ਗਿਆਨੀ ਜੀ ਨੇ ਗੁਰਮਤਿ ਅਸੂਲ ਲੋਕਾਈ ਤਕ ਪਹੁੰਚਾਏ। ਉਹਨਾਂ ਨੂੰ ਸਿਖੀ ਵਲ ਪਰੇਰਿਆ। ਗਿਆਨੀ ਜੀ ਦੇ ਪ੍ਰਚਾਰ ਨੇ ਸਿਖ ਸੰਗਤਾਂ ਵਿਚ ਜਾਗਰਤੀ ਲੈ ਆਂਦੀ। ਥਾਂ ਪੁਰ ਥਾਂ ਪੁਜਾਰੀਆਂ ਦੀਆਂ ਨਜਾਇਜ਼ ਹਰਕਤਾਂ ਵਿਰੁਧ ਜਜਬਾ ਉਠ ਖੜਾ ਹੋਇਆ ਤੇ ਉਹੀ ਜਜ਼ਬਾ ਅਖੀਰ ਅਕਾਲੀ ਲਹਿਰ ਦੇ ਪ੍ਰਚੰਡ ਰੂਪ ਵਿਚ ਪ੍ਰਗਟ ਹੋਇਆ, ਜਿਸ ਨੇ ਪੁਜਾਰੀ ਪ੍ਰਬੰਧ ਨੂੰ ਜੜ੍ਹ ਤੋਂ ਖਤਮ ਕਰ ਦਿਤਾ।
ਗੁਰਸਿਖੀ ਲਈ ਪਿਆਰ ਤੇ ਸ਼ਰਧਾ, ਗੁਰਬਾਣੀ ਦਾ ਸਤਿਕਾਰ ਤੇ ਨਿਤ ਦੇ ਜੀਵਨ ਵਿਚ ਗੁਰਬਾਣੀ ਹੀ ਸਿਖ ਦਾ ਜੀਵਨ ਆਸਰਾ ਹੈ, ਇਨ੍ਹਾਂ ਵਿਸ਼ਿਆਂ ਨੂੰ ਪ੍ਰਗਟਾਉਣ ਲਈ ਗਿਆਨੀ ਜੀ ਦੇ ਅਨੇਕ ਲੈਕਚਰ ਹੋਏ, ਅਨੇਕ ਮਜ਼ਬੂਨ ਲਿਖੇ ਤੇ ਪੁਸਤਕਾਂ ਵਾਰਤਕ ਰੂਪ ਵਿਚ ਤੇ ਕਵਿਤਾ ਵਿਚ ਏਨੀਆਂ ਲਿਖੀਆਂ ਕਿ ਉਹਨਾਂ ਦੀ ਜ਼ਿੰਦਗੀ ਦਾ ਵਧੇਰੇ ਸਮਾਂ ਸਿਖੀ ਦੇ ਪਿਆਰ ਵਲ ਹੀ ਲਗਾ ਰਿਹਾ। ਭਾਵੇਂ ਕਈ ਝੜਪਾਂ ਤੇ ਕਈ ਵਾਰੀ ਹੇਠੀਆਂ ਦਾ ਮੂਹ ਵੀ ਗਿਆਨੀ ਜੀ ਨੇ ਆਪਣੇ ਵਿਰੋਧੀਆਂ ਤੋਂ ਵੇਖਿਆ ਪਰ ਦਿਲ ਨਹੀਂ ਛਡਿਆ। ਸਿਖੀ ਪ੍ਰਤੀ ਆਪਣੇ ਜਜਬੇ ਵਿਚ ਕੋਈ ਫਰਕ ਨਹੀਂ ਆਉਣ ਦਿਤਾ। ਸਾਹਿਬ ਕਲਗੀਧਰ ਦੇ ਮਿਸ਼ਨ ਦੇ ਪ੍ਰਚਾਰ ਵਿਚ ਆਪ ਨੇ ਉਸ ਸਮੇਂ ਏਨਾ ਹਿਸਾ ਪਾਇਆ ਕਿ ਜਿਸ ਦੀ ਕੀਮਤ ਹੀ ਕੋਈ ਨਹੀਂ।
ਗਿਆਨੀ ਜੀ ਨੇ ਪ੍ਰਚਾਰ ਢੰਗ ਸਦਕਾ ਸਿਖ ਹੀ ਨਹੀਂ ਬਲਕਿ ਕਾਫੀ ਹਿੰਦੂ ਪਰਿਵਾਰ ਵੀ ਸਿਖੀ ਵਿਚ ਦਾਖਲ ਹੋਣੇ ਸ਼ੁਰੂ ਹੋ ਗਏ। ਸਰਦਾਰ ਅਤਰ ਸਿੰਘ ਜੀ ਭਦੌੜ ਵਾਲੇ, ਜੋ ਲਾਹੌਰ ਖਾਲਸਾ ਦੀਵਾਨ ਦੀ ਜਿੰਦ ਜਾਨ ਸਨ, 1885 ਵਿਚ ਗੁਰਪੁਰੀ ਜਾ ਬਿਰਾਜੇ। 1896 ਵਿਚ ਸਿੰਘ ਸਭਾ ਦੇ ਮੋਢੀ ਪ੍ਰੋ. ਗੁਰਮੁਖ ਸਿੰਘ ਜੀ ਵੀ ਗੁਰਪੁਰੀ ਪਧਾਰ ਗਏ। ਇਸ ਤੋਂ ਇਲਾਵਾ ਗਿਆਨੀ ਜੀ ਹੋਰ ਵੀ ਕਈ ਸਾਥੀ ਇਹਨਾਂ ਸਾਲਾਂ ਵਿਚ ਪ੍ਰਲੋਕ ਗਮਨ ਕਰ ਗਏ। ਇਧਰੋਂ ਗਿਆਨੀ ਜੀ ਦੀ ਘਰ ਦੀ ਹਾਲਤ ਕਾਫੀ ਖਰਾਬ ਹੋ ਗਈ। ਇਹਨਾਂ ਦੀ ਸਪੁਤਰੀ ਕਾਫੀ ਲੰਮੀ ਬਿਮਾਰੀ ਉਪਰੰਤ ਅਕਾਲ ਚਲਾਣਾ ਕਰ ਗਈ, ਜਿਸ ਦੀ ਬਿਮਾਰੀ ਉਤੇ ਕਾਫੀ ਖਰਚ ਕੀਤਾ ਗਿਆ। ਇਸ ਦੇ ਫਲਸਰੂਪ ਘਰ ਦੀ ਹਾਲਤ ਅਤਿ ਨਾਜ਼ੁਕ ਹੋ ਗਈ ਤੇ 1901 ਵਿਚ ਅਖਬਾਰ ਵੀ ਬੰਦ ਹੋ ਗਿਆ। 6 ਸਤੰਬਰ 1906 ਨੂੰ ਗਿਆਨੀ ਜੀ ਵੀ ਅਕਾਲ ਚਲਾਣਾ ਕਰ ਗਏ।
ਗਿਆਨੀ ਦਿਤ ਸਿੰਘ ਜੀ ਪੂਰਨ ਵਿਦਵਾਨ ਸਨ। ਉਹਨਾਂ ਦੀ ਤੀਖਣ ਬੁਧੀ ਤੇ ਹਾਜ਼ਰ ਜੁਆਬੀ ਤੋਂ ਵਡੇ ਵਡੇ ਧੁਰੰਧਰ ਵਿਦਵਾਨ ਵੀ ਖੰਮ ਖਾਂਦੇ ਸਨ। ਕੌਮ ਦੀ ਨਿਘਰਦੀ ਹਾਲਤ ਨੂੰ ਕਿਵੇਂ ਤੇ ਕਿਸ ਤਰ੍ਹਾਂ ਸੁਧਾਰਨਾ ਹੈ, ਇਸ ਲਈ ਦੂਰਅੰਦੇਸ਼ੀ ਦਾ ਜੋ ਸਬੂਤ ਉਨ੍ਹਾਂ ਦਿਤਾ ਉਹ ਇਕ ਆਗੂ ਵਿਚ ਹੋਣਾ ਜ਼ਰੂਰੀ ਹੈ। ਉਹਨਾਂ ਨੂੰ ਪਤਾ ਸੀ ਕਿ ਕੌਮ ਨੂੰ ਜੇ ਇਕ ਵਾਰੀ ਗੁਰਬਾਣੀ ਦੇ ਲੜ ਲਾ ਦਿਤਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਕੌਮ ਅਜ਼ਾਦੀ ਦੇ ਸੁਪਨੇ ਲਵੇਗੀ। ਆਪ ਸੱਚੀ ਗਲ ਕਹਿਣ ਲਗਿਆਂ ਝਿਜਕਦੇ ਨਹੀਂ ਸਨ, ਭਾਵੇਂ ਉਸ ਦਾ ਆਪ ਜੀ ਨੂੰ ਕਿੰਨਾ ਵੀ ਮੁਆਵਜ਼ਾ ਦੇਣਾ ਪਿਆ ਹੋਵੇ। ਬੇਦੀ ਖੇਮ ਸਿੰਘ, ਮਹੰਤ ਸੁਮੇਰ ਸਿੰਘ ਪਟਨਾ ਸਾਹਿਬ ਆਦਿ ਦੀ ਖੁੱਲ੍ਹੇ ਆਮ ਵਿਰੋਧਤਾ ਕੀਤੀ, ਜੋ ਆਪਣੇ ਆਪ ਨੂੰ ਸਿਖ ਪੰਥ ਦੇ ਵਾਹਿਦ ਨੇਤਾ ਅਖਵਾਉਂਦੇ ਸਨ। ਪ੍ਰੋ. ਗੁਰਮੁਖ ਸਿੰਘ ਜੀ ਦੇ ਵਿਰੁਧ ਨਿਕਲੇ ਹੁਕਮਨਾਮੇ ਦੀਆਂ ਧਜੀਆਂ ਉਡਾ ਦਿਤੀਆਂ।
ਗਿਆਨੀ ਜੀ ਪੂਰਨ ਗੁਰਸਿਖਾਂ ਵਾਂਗ ਸਚੇ ਮਿਤਰ ਸਨ ਤੇ ਜਿਨ੍ਹਾਂ ਨੂੰ ਆਪ ਨੇ ਆਪਣੇ ਮਿਤਰ ਬਣਾਇਆ, ਉਹਨਾਂ ਨਾਲ ਮਿਤਰਤਾ ਪੂਰੀ ਨਿਭਾਈ। ਪ੍ਰੋਫੈਸਰ ਗੁਰਮੁਖ ਸਿੰਘ ਜੀ ਨੂੰ ਅਕਾਲ ਤਖ਼ਤ ਸਾਹਿਬ ਦੀ ਕੁਵਰਤੋਂ ਕਰਕੇ ਕਾਬਜ਼ ਪੁਜਾਰੀਆਂ, ਬੇਦੀ ਸਾਹਿਬਜ਼ਾਦਿਆਂ, ਸਨਾਤਨੀ ਗਿਆਨੀਆਂ ਸਦਕਾਂ ਜਦੋਂ ਪੰਥ ਵਿਚੋਂ ਛੇਕਿਆ ਗਿਆ ਤਾਂ ਆਪ ਨੇ ਉਨ੍ਹਾਂ ਮਹੰਤਾਂ ਵਿਰੁਧ ਧੂੰਆਂਧਾਰ ਪ੍ਰਚਾਰ ਕੀਤਾ ਤੇ ਉਹਨਾਂ ਦੇ ਪੈਰ ਉਖੇੜ ਕੇ ਰਖ ਦਿਤੇ। ਦਿਲਚਸਪ ਗੱਲ ਇਹ ਹੈ ਕਿ ਪ੍ਰੋ ਮਨਜੀਤ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦਿਆ, ਪੂਰੇ 108 ਸਾਲ ਬਾਅਦ ਇਸ ਹੁਕਮਨਾਮੇ ਨੂੰ ਰੱਦ ਕਰਕੇ ਪ੍ਰੋ. ਗੁਰਮੁਖ ਸਿੰਘ ਨੂੰ ਫਿਰ ਸਿਖ ਪੰਥ ਵਿਚ ਸ਼ਾਮਿਲ ਕੀਤਾ। ਗੁਰਬਾਣੀ ਗੁਰਸਿਖ ਲਈ ਜੀਵਨ ਦਾ ਰਾਹ ਹੈ। ਇਸ ਉਤੇ ਤੁਰਨ ਨਾਲ ਮਨੁਖ ਦ੍ਰਿੜ ਇਰਾਦੇ ਵਾਲਾ ਹੋ ਜਾਂਦਾ ਹੈ। ਸਾਰਾ ਇਤਿਹਾਸ ਗਵਾਹੀ ਦਿੰਦਾ ਹੈ ਕਿ ਗੁਰਮਤਿ ਵਿਚ ਦ੍ਰਿੜ ਮਨੁਖ ਆਪਣਾ ਸਭ ਕੁਝ ਵਾਰ ਕੇ ਵੀ ਦਿਲ ਨਹੀਂ ਹਾਰਦੇ। ਗਿਆਨੀ ਜੀ ਵੀ ਇਸੇ ਗੁਰਮਤਿ ਵਿਚ ਪਲੇ ਸਨ। ਇਹੋ ਹੀ ਕਾਰਨ ਹੈ ਕਿ ਬਾਵਜੂਦ ਇੰਨੀਆਂ ਮੁਸੀਬਤਾਂ, ਮੁਕਦਮਿਆਂ ਗਰੀਬੀ ਆਦਿ ਹੋਣ ਉਤੇ ਦਿਲ ਨਹੀਂ ਹਾਰਿਆ। ਗਿਆਨੀ ਜੀ ਅਨਮਤੀਆਂ ਦੇ ਕਰਮ ਕਾਂਡਾਂ ਤੇ ਕੁਰੀਤੀਆਂ ਦੇ ਵਡੇ ਸੁਧਾਰਕ ਸਨ। ਆਪ ਦੀਆਂ ਦਲੀਲਾਂ, ਉਕਤੀਆਂ, ਯੁਕਤੀਆਂ ਦਾ ਕਿਸੇ ਨੇ ਵੀ ਮੁਕਾਬਲਾ ਨਾ ਕੀਤਾ ਤੇ ਆਪ ਜੀ ਦੀ ਇਸ ਕਾਮਯਾਬੀ ਨੇ ਹੀ ਆਪ ਦੀ ਪ੍ਰਸਿਧਤਾ ਨੂੰ ਵਧਾਇਆ। ਪਛੜੀਆਂ ਸ਼੍ਰੇਣੀਆਂ ਨੂੰ ਜੋ ਉਸ ਸਮੇਂ ਈਸਾਈ ਮਤਿ ਧਾਰਨ ਕਰ ਰਹੀਆਂ ਸਨ, ਨੂੰ ਗੁਰਮਤਿ ਸਮਝਾ ਕੇ ਗੁਰਸਿਖੀ ਦੀ ਫੁਲਵਾੜੀ ਅੰਦਰ ਸ਼ਾਮਲ ਕੀਤਾ। ਆਪ ਜੀ ਨੇ ਅਨੰਦ ਕਾਰਜ ਰਾਹੀਂ ਵਿਆਹ ਦਾ ਜ਼ੋਰਦਾਰ ਪ੍ਰਚਾਰ ਕੀਤਾ। ਬ੍ਰਾਹਮਣਵਾਦ ਵਲੋਂ ਪਾਏ ਗਏ ਭੁਲੇਖਿਆਂ ਨੂੰ ਦੂਰ ਕਰਨ ਲਈ ਕਾਫੀ ਰਚਨਾਵਾਂ ਰਚੀਆਂ ਤੇ ਲੈਕਚਰ ਦਿਤੇ।

Leave a Reply

Your email address will not be published. Required fields are marked *