ਮਨੂਵਾਦੀ ਰਾਜਨੀਤੀ ਦੇ ਮਾਹਿਰ ਸ਼ੇਖਰ ਗੁਪਤਾ ਦੀ ਉਸਦੇ ਆਪਣੇ ਓਨਲਾਈਨ ਪਰਚੇ ‘ਦ ਪਰਿੰਟ’ ਵਿਚ ਛਪੀ ਇਕ ਲਿਖਤ ਨੂੰ ਹਿੰਦੀ ਵਿਚ ਛਪਦੇ ਮਨੂਵਾਦੀ ਪਰਚੇ, ‘ਦੈਨਿਕ ਭਾਸਕਰ’ ਨੇ ਆਪਣੇ 4 ਸਤੰਬਰ ਦੇ ਅੰਕ ਵਿਚ ਛਾਪਿਆ ਹੈ। ਜਿਸਦਾ ਅਨੁਵਾਨ ਹੈ, ‘ਸ਼ਹਿਰੀ ਨਕਸਲਵਾਦੀ ਭਾਰਤੀ ਜਨਤਾ ਪਾਰਟੀ ਲਈ ਲਾਹੇਵੰਦ ਮੂਰਖ’। ਇਸ ਲਿਖਤ ਦਾ ਪ੍ਰਸੰਗ ਹੈ, ਹਾਕਮ ਦਲ ਨੂੰ ਵੋਟ ਮੰਗਣ ਲਈ ਦੁਸ਼ਮਣ ਚਾਹੀਦਾ ਹੈ ਤੇ ਮਾਓਵਾਦੀਆਂ ਨੇ ਉਸਦਾ ਕੰਮ ਸੌਖਾ ਕਰ ਦਿਤਾ।’
ਮਨੁਖੀ ਇਤਿਹਾਸ ਦੀ ਗਤੀਸ਼ੀਲਤਾ ਤੇ ਅਗਾਂਹ ਨੂੰ ਵਿਕਾਸ ਕਰ ਰਹੇ ਰੁਝਾਣ ਤੋਂ ਅਣਜਾਣ ਮਨੂਵਾਦੀ ਲੇਖਕ ਆਪਣੀਆਂ ਲਿਖਤਾਂ ਦਾ ਗੰਭੀਰ ਪ੍ਰਭਾਵ ਦੇਣ ਵਾਸਤੇ ਇਤਿਹਾਸਕ ਹਸਤੀਆਂ ਤੇ ਮਨੁਖੀ ਇਤਿਹਾਸ ਦੀ ਗਲਤ ਵਰਤੋਂ ਕਰਦੇ ਹਨ। ਇਸੇ ਨੀਤੀ ਅਧੀਨ ਸ਼ੇਖਰ ਗੁਪਤਾ ਨੇ ਆਪਣੀ ਲਿਖਤ ਦੇ ਆਰੰਭ ਵਿਚ ਕਾਮਰੇਡ ਲੈਨਿਨ ਦਾ ਗਲਤ ਹਵਾਲਾ ਦਿਤਾ ਹੈ। ਅਸਲੀ ਲਿਖਤ ਦੂਜੇ ਪਹਿਰੇ ਤੋਂ ਸ਼ੁਰੂ ਹੁੰਦੀ ਹੈ, ”ਉਹ ਸ਼ਹਿਰੀ ਨਕਸਲੀ ਹਨ ਜਾਂ ਨਹੀਂ ਪਰ ਸਬੂਤ ਇਹੀ ਸਾਹਮਣੇ ਆ ਰਹੇ ਹਨ ਕਿ ਭਾਰਤੀ ਜਨਤਾ ਪਾਰਟੀ ਤੇ ਆਰ ਐਸ ਐਸ ਉਹਨਾਂ ਨੂੰ ਠੀਕ ਹੀ ਲਾਹੇਵੰਦ ਮੂਰਖ ਕਹਿ ਰਹੀ ਹੈ। ਸ਼ਹਿਰੀ ਜਾਂ ਪੇਡੂੰ ਵਰਗੀ ਕੋਈ ਗੱਲ ਨਹੀਂ। ਨਕਸਲੀ, ਨਕਸਲੀ ਹੁੰਦਾ ਹੈ ਅਤੇ ਮਾਓਵਾਦੀ ਵੀ। ਦੋਵਾਂ ਵਿਚੋਂ ਕੁਝ ਵੀ ਹੋਣਾ ਅਪਰਾਧ ਨਹੀਂ ਹੈ। ਤੁਸੀਂ ਕਹਿ ਸਕਦੇ ਹੋ ਕਿ ਭਾਰਤ ਨੇ ਕਸ਼ਮੀਰ ਉਤੇ ਨਜਾਇਜ ਕਬਜਾ ਕਰ ਰਖਿਆ ਹੈ ਅਤੇ ਇਹ ਜਮਹੂਰੀਅਤ ਇਕ ਸੁਨਹਿਰੀ ਸਾਜਿਸ਼ ਹੈ। ਕੀ ਸਰਕਾਰ ਤੁਹਾਨੂੰ ਜੇਲ੍ਹ ਵਿਚ ਬੰਦ ਕਰ ਸਕਦੀ ਹੈ? ਨਹੀਂ।”
ਇਹ ਕਾਨੂੰਨੀ ਨੁਕਤਾ ਸਪਸ਼ਟ ਕਰਕੇ ਫਿਰ ਸ਼ੇਖਰ ਗੁਪਤਾ ਲਿਖਦਾ ਹੈ, ”ਭਾਰਤੀ ਜਨਤਾ ਪਾਰਟੀ ਦੀ ਮੁਸ਼ਕਿਲ ਹੋਰ ਹੈ। ਉਹ ਦਾਅਵਾ ਜੋ ਮਰਜੀ ਕਰੇ ਪਰ ‘ਵਿਕਾਸ ਅਤੇ ਸ਼ਾਨ’ ਦਾ ਏਜੰਡਾ ਦੂਜੇ ਦਰਜੇ ਉਤੇ ਚਲਾ ਗਿਆ ਹੈ। ਹੁਣ ਉਸਨੂੰ ‘ਕੋਈ’ ਚਾਹੀਦਾ ਹੈ, ਅਸਲੀ ਖਤਰਨਾਕ। ਤਾਂ ਕਿ ਲੋਕ ਉਸਦੀ ਅਸਫਲਤਾ ਭੁਲਾ ਕੇ ਰਾਸ਼ਟਰ ਦੀ ਖਾਤਰ ਉਸ ਨੂੰ ਵੋਟ ਦੇਣ। ਰਾਜੀਵ ਗਾਂਧੀ ਦੇ 1984 ਦੇ ਇਸ ਨਾਹਰੇ ਦੀ ਤਰ੍ਹਾਂ, ‘ਰਾਜੀਵ ਗਾਂਧੀ ਦਾ ਐਲਾਨ, ਨਹੀਂ ਬਣੇਗਾ ਖਾਲਿਸਤਾਨ।’ ਮੁਸਲਮਾਨਾਂ ਨੂੰ ਦੁਸ਼ਮਣ ਬਨਾਉਣ ਵਾਲਾ ਮੂਲ ਫਾਰਮੂਲਾ ਘਸ ਚੁਕਿਆ ਹੈ। ਉਹ ਤਾਂ ਹੀ ਸੰਭਵ ਹੋਣਾ ਸੀ, ਜਾਂ ਤਾਂ ਮੁਸਲਮਾਨ ਭਾਵ ਪਾਕਿਸਤਾਨੀ ਭਾਵ ਕਸ਼ਮੀਰੀ ਵਖਵਾਦੀ ਭਾਵ ਦਹਿਸ਼ਤਗਰਦ ਭਾਵ ਲਸ਼ਕਰ, ਅਲਕਾਇਦਾ, ਆਈ ਐਸ ਆਈ ਐਸ ਵਾਲਾ ਸਮੀਕਰਣ ਬਣਿਆ ਰਹਿੰਦਾ। ਪਰ ਇਹ ਲਗਦਾ ਨਹੀਂ। ਪਹਿਲਾਂ, ਇਸ ਲਈ ਕਿ ਭਾਰਤ ਦੀ ਮੁਖ ਭੂਮੀ ਉਤੇ ਮੁਸਲਮਾਨ (ਸਾਰੀ ਭੜਕਾਹਟ ਦੇ ਬਾਵਜੂਦ) ਸ਼ਾਤ ਰਹੇ। ਦੂਜਾ, ਸਾਰੇ ਹਿੰਦੂ ਮੁਸਲਮਾਨਾਂ ਤੋਂ ਏਨੇ ਡਰੇ ਹੋਏ ਨਹੀਂ ਕਿ ਆਪਣੀ ਪਛਾਣ ਦੇ ਹੋਰਨਾਂ ਕਾਰਕਾਂ ਖਾਸ ਕਰਕੇ ਜਾਤੀ ਦੀ ਅਣਦੇਖੀ ਕਰ ਦੇਣ। ਤੀਜਾ, ਲਗਾਤਾਰ ਤਣਾਅ ਬਣਾਈ ਰਖਣ ਲਈ ਹੱਦਾਂ ਉਤੇ ਨਿਰੰਤਰ ਗੋਲੀਬਾਰੀ ਚਲਣੀ ਜਰੂਰੀ ਹੈ। ਜਿਸ ਵਿਚ ਵਡੀ ਸਰਜੀਕਲ ਸਟ੍ਰਾਈਕ ਦਾ ਸ਼ਾਨਦਾਰ ਅੰਤ ਹੋਵੇ। ਚੀਨ ਨੇ ਦਸ ਦਿਤਾ ਹੈ ਕਿ ਉਹ ਆਪਣੇ ਦੋਸਤ ਦੇ ਖਿਲਾਫ ਕਿਸੇ ਅਜਿਹੀ ਕਾਰਵਾਈ ਨੂੰ ਅਣਦੇਖਿਆ ਨਹੀਂ ਕਰੇਗਾ। ਟਰੰਪ ਦੇ ਅਮਰੀਕਾ ਉਤੇ ਕੋਈ ਭਰੋਸਾ ਨਹੀਂ ਕਰ ਸਕਦਾ।”
ਇਹ ਜਾਣਕਾਰੀ ਦੇ ਕੇ ਸ਼ੇਖਰ ਗੁਪਤਾ ਪੂਰੀ ਬੇਸ਼ਰਮੀ ਨਾਲ ਅਗੇ ਲਿਖਦਾ ਹੈ, ”ਇਸ ਲਈ ਭਾਰਤ ਦੇ ਵਜੂਦ ਲਈ ਖਤਰਾ ਬਣਿਆ ਕੋਈ ਨਵਾਂ ਦੁਸ਼ਮਣ ਲਭਣਾ ਪਵੇਗਾ। ਬਾਹਰਲੀਆਂ ਅਤੇ ਅੰਦਰਲੀਆਂ ਸਾਰੀਆਂ ਦੁਸ਼ਟ ਸ਼ਕਤੀਆਂ ਭਾਰਤ ਨੂੰ ਨਸ਼ਟ ਕਰਨ ਦੀ ਸਾਜਿਸ਼ ਵਿਚ ਲਗੀਆ ਹੋਈਆਂ ਹਨ ਅਤੇ ਤੁਹਾਨੂੰ ਨੌਕਰੀਆਂ ਦੀ ਪਈ ਹੈ? ਤੁਹਾਡੀ ਦੇਸ ਭਗਤੀ ਕਿਥੇ ਗਈ? ਤੁਸੀਂ ਇਸ ਨੂੰ ਕਿਸੇ ਵੀ ਵਾਦ ਦਾ ਨਾਂ ਦਿਉ ਪਰ ਜੋ ਹੋ ਰਿਹਾ ਹੈ, ਇਹ ਸ਼ੁਧ ਰਾਜਨੀਤੀ ਹੈ। ਕੀ ਭਾਰਤੀ ਜਨਤਾ ਪਾਰਟੀ ਤੇ ਆਰ ਐਸ ਐਸ ਧਰਮ ਦੀ ਵਰਤੋਂ ਵੋਟਰਾਂ ਨੂੰ ਇਕ ਜੁਟ ਕਰਨ ਲਈ ਕਰ ਸਕਦੀਆ ਹਨ, ਜਿਹਨਾਂ ਨੂੰ ਜਾਤੀ ਨੇ ਵੰਡਿਆ ਹੋਇਆ ਹੈ? ਅਡਵਾਨੀ ਨੇ ਅਯੋਧਿਆ ਵਿਚ ਇਹ ਏਕਤਾ ਹਾਸਲ ਕੀਤੀ ਸੀ, ਪਰ 2004 ਵਿਚ ਉਸਦਾ ਅਸਰ ਖਤਮ ਹੋ ਗਿਆ। ਨਰਿੰਦਰ ਮੋਦੀ ਨੇ ਬੇਹਤਰ ਕੀਤਾ। ਉਸਦਾ (ਮੁਸਲਮਾਨ ਵਿਰੋਧੀ) ਨਿਜੀ  ਰਿਕਾਰਡ ਹਿੰਦੂ ਵੋਟਰ ਲਈ ਚੁਬੰਕ ਸਾਬਤ ਹੋਇਆ। ਇਸ ਵਿਚ ਮਜਬੂਤ ਸਰਕਾਰ ਤੇ ਆਰਥਿਕ ਵਿਕਾਸ ਦੇ ਵਾਅਦੇ ਜੁੜਦਿਆਂ ਹੀ ਵਿਰੋਧੀ ਧਿਰ ਦਾ ਸਫਾਇਆ ਹੋ ਗਿਆ। ਪਰ ਹੁਣ ਆਪਣੀ ਨਾਕਾਮੀ ਦਾ ਰਿਪੋਰਟ ਕਾਰਡ ਲੈ ਕੇ ਵੋਟਰ ਕੋਲ ਜਾਣ ਦਾ ਉਹ ਖਤਰਾ ਨਹੀਂ ਸਹੇੜ ਸਕਦੇ। ਜੇ (ਖਾਲਿਸਤਾਨੀਆਂ) ਮੁਸਲਮਾਨਾਂ ਨਾਲ ਮਾਓਵਾਦੀ ਜੋੜ ਦਿਓ, ਤਾਂ ਟੁਕੜੇ-ਟੁਕੜੇ ਧਾਗਾ ਬਹੁਤ ਚੰਗੀ ਤਰ੍ਹਾਂ ਬੁਣਿਆ ਜਾ ਸਕੇਗਾ। 2019 ਦੀਆਂ ਗਰਮੀਆ ਤਕ ਤਾਂ ‘ਰਾਸ਼ਟਰ ਗੰਭੀਰ ਖਤਰੇ ਵਿਚ ਹੈ’ ਵਰਗੀ ਕਹਾਣੀ ਸਾਹਮਣੇ ਆ ਸਕਦੀ ਹੈ। ਸਿਰਫ ਮਾਓਵਾਦੀਆਂ ਦਾ ਡਰ ਪੈਦਾ ਕਰਨ ਦੀ ਆਪਣੀ ਸੀਮਾ ਹੈ। ਅਸੀਂ ਕਈ ਮਾਓਵਾਦੀ ਵੇਖੇ ਨੇ ਜਿਹੜੇ ਕਾਲਜਾਂ ਵਿਚ ਬਿਲਕੁਲ ਸਾਊ ਲਗਦੇ ਨੇ। ਨਕਸਲੀ ਜਿਆਦਾ ਖਤਰਨਾਕ ਲਗਦੇ ਨੇ, ਕਿਉਂਕਿ ਉਹਨਾਂ ਕੋਲ ਹਥਿਆਰ ਹੁੰਦੇ ਨੇ। ਪਰ ਉਹ ਨਜਰ ਅਤੇ ਮਨ ਦੇ ਦਾਇਰੇ ਤੋਂ ਬਾਹਰ ਨੇ। ਉਹ ਟੀ ਵੀ ਦੇ ਪਰਦੇ ਤੇ ਟਵਿਟਰ ਉਤੇ ਵੀ ਨਹੀਂ ਹਨ। ਉਹਨਾਂ ਦੇ ਨਾਂ ਉਤੇ ਮਹਾਂਰਾਸ਼ਟਰ ਜਾਂ ਮਧਪ੍ਰਦੇਸ਼ ਦੇ ਇਕ ਵੀ ਵੋਟਰ ਨਹੀਂ ਡਰਾਇਆ ਜਾ ਸਕਦਾ। ਇਥੇ ਹੀ ਸ਼ਹਿਰੀ ਨਕਸਲੀ ਆਉਂਦੇ ਹਨ।”
ਇਸ ਨਾਹਰੇ ਦਾ ਪਿਛੋਕੜ ਦਸਦਿਆਂ ਫਿਰ ਸ਼ੇਖਰ ਗੁਪਤਾ ਇਹ ਦਿਲਚਸਪ ਜਾਣਕਾਰੀ ਦੇਂਦਾ ਹੈ, ”ਇਸ ਫਿਲਮ ਨੂੰ ਪਿਛੇ ਚਲਾਈਏ ਤਾਂ ਇਹ ਟੁਕੜੇ-ਟੁਕੜੇ ਸਮਗਰੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਉਭਰਦੀ ਹੈ। ਕਸ਼ਮੀਰ ਦੇ ਲੋਕਾਂ ਨਾਲ ਇਕਮੁਠਤਾ ਜਤਾਉਣ ਦਾ ਇਹ ਪ੍ਰੋਗਰਾਮ ਸੀ। ਪਹਿਲਾਂ ਅਜਿਹੇ ਪਰਚੇ ਸਾਹਮਣੇ ਆਏ ਕਿ ਇਹ ਕਸ਼ਮੀਰ ਦੀ ਆਜਾਦੀ ਬਾਰੇ ਬਹਿਸ ਕਰਨ ਅਤੇ ਉਸਦੀ ਹਮਾਇਤ ਦਾ ਪ੍ਰੋਗਰਾਮ ਹੈ। ਫਿਰ ਵੀਡੀਓ ਸਾਹਮਣੇ ਆਇਆ ‘ਭਾਰਤ ਤੇਰੇ ਟੁਕੜੇ ਹੋਂਗੇ — ਇੰਸ਼ਾਂਅਲਹ-ਇੰਸ਼ਾਅਲਹ’। ਦੋ ਖਬੇ ਪਖੀ ਤੇ ਇਕ ਮੁਸਲਮਾਨ ਵਿਦਿਆਰਥੀ ਨੂੰ ਦੇਸ਼ਦ੍ਰੋਹ ਦੇ ਫਰਜੀ ਮਾਮਲੇ ਵਿਚ ਦੋਸ਼ੀ ਬਣਾਇਆ ਗਿਆ। ਹੋਰ ਵੀਡੀਓ ਸਾਹਮਣੇ ਆਏ। ਜੇ ਐਨ ਯੂ ਚੌਂਕ ਵਿਚ ਆਜਾਦੀ ਦੀ ਕਸ਼ਮੀਰੀ ਮੰਗ ਨੂੰ ਉਚਿਤ ਸਾਬਤ ਕਰਦੀ  ਪ੍ਰਫੈਸਰ ਦੀ ਤਕਰੀਰ ਤੇ ਤਾੜੀਆਂ ਵਜਾਉਂਦੇ ਵਿਦਿਆਰਥੀ। ਨਵੀਂ ਕਹਾਣੀ ਤਿਆਰ ਸੀ। ‘ਸ਼ਹਿਰੀ ਨਕਸਲੀ’ ਤੇ ਵਖਵਾਦੀ ਮੁਸਲਮਾਨ — ਕਸ਼ਮੀਰ ਅਤੇ ਬਸਤਰ ਦੇ ਦੂਰ ਦੇ ਖਤਰੇ ਨੂੰ ਨਵੀਂ ਦਿੱਲੀ, ਹੈਦਰਾਬਾਦ, ਮੁੰਬਈ ਅਤੇ ਪੁਣੇ ਲਿਆਉਣ ਲਈ ਹੱਥ ਮਿਲਾ ਰਹੇ ਹਨ। ਜੇ ਐਨ ਯੂ ਤਾਂ ‘ਬਦਮਾਸ਼ਾਂ ਦਾ ਅੱਡਾ’ ਹੈ। ਕਸ਼ਮੀਰੀ ਵਖਵਾਦੀਆਂ ਨਾਲ ਸੁਰ ਮਿਲਾ ਕੇ ਅਧਾ ਕੰਮ ਕਟੜ ਖਬੇ ਪਖੀ ਬੁਧੀਜੀਵੀਆਂ ਨੇ ਕਰ ਦਿਤਾ ਤੇ ਬਾਕੀ ਅਧਾ ਕੰਮ ਮੋਦੀ ਤੇ ਸ਼ਾਹ ਨੇ ਮਿਤਰ ਟੀ ਵੀ ਚੈਨਲਾਂ ਨਾਲ ਮਿਲ ਕੇ ਕਰ ਲਿਆ। ਰਾਸ਼ਟਰ ਖਤਰੇ ਵਿਚ ਹੈ ਦਾ ਨਵਾਂ ਭਰਮ ਪੈਦਾ ਕੀਤਾ ਜਾ ਰਿਹਾ ਹੈ।”
ਇਸ ਸਾਰੇ ਕੁਝ ਬਾਰੇ ਸ਼ੇਖਰ ਗੁਪਤਾ ਦੀ ਮਕਾਰ ਟਿਪਣੀ ਹੈ, ”ਭਾਰਤ ਚੀਨੀ ਮਿਟੀ ਦਾ ਬਣਿਆ ਹੋਇਆ ਨਹੀਂ ਕਿ ਨਾਹਰਿਆਂ, ਲੇਖਾਂ, ਕਵਿਤਾਵਾਂ ਅਤੇ ਦੇਸ ਦੇ ਅੰਦਰੂਨੀ ਭਾਗਾਂ ਤੇ ਕਸ਼ਮੀਰ ਵਿਚ ਬੰਦੂਕਾਂ ਲਈ ਮੁਠੀ ਭਰ ਲੋਕਾਂ ਨਾਲ ਟੁਟ ਜਾਏਗਾ। ਪਰ ਜੋ ਵੋਟਰ ਕਿਸੇ ਪਖ ਨਾਲ ਜੁੜੇ ਹੋਏ ਨਹੀਂ, ਉਹਨਾਂ ਦੀ ਇਸ ਵਿਚ ਰੁਚੀ ਹੋ ਸਕਦੀ ਹੈ। ਧੜਿਆਂ ਵਿਚ ਵੰਡੇ ਮਾਹੌਲ ਵਿਚ ਕੁਝ ਫੀ ਸਦੀ ਵੋਟਰਾਂ ਦਾ ਝੁਕਾਅ ਵੀ ਅਹਿਮ ਹੁੰਦਾ ਹੈ।”
ਅਖੀਰ ਉਤੇ ਸ਼ੇਖਰ ਗੁਪਤਾ ਉਘ ਦੀਆਂ ਪਤਾਲ ਯਬਲੀਆਂ ਮਾਰਦਾ ਹੈ, ”ਹਥਿਆਰਬੰਦ ਨਕਸਲਵਾਦ ਅਤੇ ਕਸ਼ਮੀਰ ਵਿਚ ਰਾਏਸ਼ੁਮਾਰੀ ਲਈ ਬੋਲਣ ਦੀ ਆਜਾਦੀ ਦਾ ਬਚਾਅ ਕਰਨਾ ਇਕ ਗੱਲ ਹੈ, ਪਰ ਤੁਸੀਂ ਜਿਹਨਾਂ ਲਈ ਬੋਲਣ ਦਾ ਦਾਅਵਾ ਕਰਦੇ ਹੋ, ਉਹ ਬੰਦੂਕਾਂ ਦੀ ਵਰਤੋਂ ਕਰਦੇ ਹਨ, ਮਰਦੇ ਅਤੇ ਮਾਰਦੇ ਹਨ। ਫਿਰ ਤੁਸੀਂ ਅਮਰੀਕਾ ਵਿਚ ਦੋਸ਼ੀ ਸਿਧ ਹੋ ਚੁਕੇ ਪਾਕਿਸਤਾਨੀ-ਕਸ਼ਮੀਰੀ ਗੁਰਗੇ (ਗੁਲਾਮ ਨਬੀ ਫਈ) ਦੀ ਪ੍ਰਾਹੁਣਾਚਾਰੀ ਪ੍ਰਵਾਨ ਕਰਦੇ ਹੋ ਅਤੇ ਉਸਨੂੰ ਕਸ਼ਮੀਰੀ ਦੇਸ ਭਗਤ ਦਸਦੇ ਹੋ। ਇਸ ਨਾਲ ਸਰਕਾਰ ਨੂੰ ਹਰੇਕ ਕਸ਼ਮੀਰੀ ਨੂੰ ਦੇਸਦ੍ਰੋਹੀ ਦਸਣ ਦੀ ਸਹੂਲੀਅਤ ਮਿਲ ਜਾਂਦੀ ਹੈ। ਜਾਂ ਸ਼ਾਇਦ ਤੁਸੀ ਸੋਚੋ ਕਿ ਗਿਲੋਟਿਨ ਦੀਆਂ 20 ਰਾਡਾਂ ਅਤੇ 5 ਪਲੀਤਿਆਂ ਨਾਲ ਇਨਕਲਾਬ ਲਿਆਂਦਾ ਜਾ ਸਕਦਾ ਹੈ।”….”ਆਲਮੀ ਖਬੇ ਪਖ ਨੂੰ ਯਕੀਨ ਹੈ ਕਿ ਕਟੜ ਪੰਥੀ ਇਸਲਾਮ ਅਮਰੀਕੀ ਸਾਮਰਾਜ ਤੇ ਹੋਰਨਾਂ ਅਜਿਹੀਆ ਬੁਰਾਈਆਂ ਦੇ ਵਿਰੁਧ ਲੜੇਗਾ ਅਤੇ ਉਹਨਾਂ ਨੂੰ ਖਤਮ ਕਰ ਦੇਵੇਗਾ, ਜਿਸ ਵਿਚ ਸੋਵੀਅਤ ਯੂਨੀਅਨ ਨਾਕਾਮ ਰਿਹਾ। ਰੂਮਾਨੀ ਲੋਕ ਇਸ ਨੂੰ ਭਾਰਤ ਵਿਚ ਦੁਹਰਾ ਰਹੇ ਹਨ। ਤੁਹਾਡੇ ਹਥਿਆਰ ਚੁਕਦਿਆ ਹੀ ਸਰਕਾਰ ਨੂੰ ਤੁਹਾਨੂੰ ਮਾਰਨ ਦਾ ਮੌਕਾ ਮਿਲ ਜਾਂਦਾ ਹੈ। ਉਹ ਜਿਤੇਗੀ ਕਿਉਂਕਿ ਜਨਮਤ ਉਸਦੇ ਨਾਲ ਹੋਵੇਗਾ। ਤੁਹਾਨੂੰ ਅਦਾਲਤਾਂ ਵਿਚੋਂ ਉਚਿਤ ਹੀ ਰਾਹਿਤ ਮਿਲੇਗੀ। ਮੋਦੀ ਸਰਕਾਰ ਨਿਸ਼ਚਿਤ ਹੀ ਕਾਨੂੰਨੀ ਅਤੇ ਇਖਲਾਕੀ ਰੂਪ ਵਿਚ ਇਹ ਦੌਰ ਹਾਰ ਜਾਏਗੀ। ਪਰ ਉਹ ਪ੍ਰਵਾਹ ਨਹੀਂ ਕਰੇਗੀ। ਤੁਸੀਂ ਸੋਚੋ ਕਿ ਤੁਹਾਡੀ 15 ਮਿੰਟ ਦੀ ਵਾਹ-ਵਾਹ ਤੇ ਇਨਕਲਾਬੀ ਰੋਮਾਂਸ ਦਾ ਫਾਇਦਾ ਕਿਸਨੂੰ ਮਿਲ ਰਿਹਾ ਹੈ। ਉਹਨਾਂ ਲਈ ਤੁਸੀਂ ਲਾਹੇਵੰਦ ਮੂਰਖ ਹੋ, ਖਬੇ ਪਖ ਲਈ ਨਹੀਂ।”
ਇਹ ਸਾਰੀ ਲਿਖਤ ਪੜ੍ਹ ਕੇ ਸ਼ੇਖਰ ਗੁਪਤਾ ਦੇ ਵਾਰੇ ਨਿਆਰੇ ਜਾਣ ਨੂੰ ਦਿਲ ਕਰਦਾ ਹੈ। ਇਹ ਮੋਦੀਕਿਆਂ ਦੀ ਮਕਾਰ ਰਾਜਨੀਤੀ ਦੀ ਮਕਾਰ ਵਕਾਲਤ ਹੈ। ”ਅਦਾਲਤਾਂ ਵਿਚ ਤੁਹਾਨੂੰ ਉਚਿਤ ਹੀ ਰਾਹਿਤ ਮਿਲੇਗੀ, ਮੋਦੀ ਸਰਕਾਰ ਨਿਸ਼ਚਿਤ ਹੀ ਕਾਨੂੰਨੀ ਤੇ ਇਖਲਾਕੀ ਲੜਾਈ ਹਾਰ ਜਾਏਗੀ। ਪਰ ਉਹ ਪ੍ਰਵਾਹ ਨਹੀਂ ਕਰੇਗੀ।” ਕਿਉਂਕਿ ਉਹ ਹਰ ਨਜਾਇਜ ਢੰਗ ਵਰਤ ਕੇ ਚੋਣਾਂ ਜਿਤਣ ਦਾ ਯਤਨ ਕਰੇਗੀ। ਭਾਵ ਮੋਦੀ ਸਰਕਾਰ ਵਾਸਤੇ ਕਾਨੂੰਨ ਤੇ ਇਖਲਾਕ ਦੀ ਕੋਈ ਅਹਿਮੀਅਤ ਨਹੀਂ, ਸਿਰਫ ਕੁਝ ਫੀ ਸਦੀ ਵੋਟਰਾਂ ਨੂੰ ਭਰਮਾਉਣ ਲਈ ਕੁਝ ਵੀ ਕਰਨਾ ਜਰੂਰੀ ਹੈ। ਤੁਸੀਂ ਹਥਿਆਰਬੰਦ ਸੰਘਰਸ਼ ਦੇ ਹਮਾਇਤੀ ਹੋ ਜਾਂ ਨਹੀਂ, ਤੁਹਾਨੂੰ ਧੱਕੇ ਨਾਲ ਹਥਿਆਰਬੰਦ ਸੰਘਰਸ਼ ਨਾਲ ਜੋੜਿਆ ਜਾਏਗਾ। ਸਾਰੇ ਸਰਕਾਰੀ ਸਾਧਨ ਤੇ ਬੇਬਹਾ ਪੈਸੇ ਦੀ ਦੁਰਵਰਤੋਂ ਕਰਕੇ ਸਮਾਜ ਦੇ ਇਕ ਵਰਗ ਨੂੰ ਬਦਨਾਮ ਕੀਤਾ ਜਾਏਗਾ ਤੇ ਉਸਦੇ ਵਿਰੋਧ ਵਿਚ ਸਮਾਜ ਦੇ ਦੂਜੇ ਵਰਗ ਨੂੰ ਭਰਮਾ ਕੇ ਉਹਨਾਂ ਦੀਆਂ ਵੋਟਾਂ ਪ੍ਰਾਪਤ ਕੀਤੀਆ ਜਾਣਗੀਆ। ਇਹ ਕਿਸ ਕਿਸਮ ਦੀ ਰਾਜਨੀਤੀ ਹੈ? ਦਰਅਸਲ ਇਹ ਬਹੁਗਿਣਤੀ ਲੋਕਾਂ ਦੇ ਭਲੇ ਦਾ ਪ੍ਰੋਗਰਾਮ ਘੜ ਕੇ ਉਸ ਦੇ ਆਧਾਰ ਉਤੇ ਵੋਟਾਂ ਮੰਗਣ ਦੀ ਰਾਜਨੀਤੀ ਨਹੀਂ, ਸਗੋਂ ਲੋਕਾਂ ਦੇ ਇਕ ਵਰਗ ਨੂੰ ਦੂਜੇ ਵਰਗ ਨਾਲ ਲੜਾ ਕੇ ਹਰ ਹੀਲੇ ਰਾਜ ਕਰਨ ਦੀ ਮਕਾਰ ਰਾਜਨੀਤੀ ਹੈ, ਜਿਸਦੀ ਸ਼ੇਖਰ ਗੁਪਤਾ ਵਕਾਲਤ ਕਰ ਰਿਹਾ ਹੈ।

Leave a Reply

Your email address will not be published. Required fields are marked *