ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਤੋਂ ਬਾਅਦ, ਹੁਣ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਤੇ ਬਜ਼ੁਰਗ ਅਕਾਲੀ ਆਗੂ ਸ. ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਸਾਰੀ ਅਕਾਲੀ ਲੀਡਰਸ਼ਿਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਪੇਸ਼ ਹੋ ਕੇ ਸਾਮੂਹਿਕ ਤੌਰ ਉਤੇ ਸਿੱਖ ਪੰਥ ਕੋਲੋਂ ਮਾਫੀ ਮੰਗ ਕੀਤੀ ਹੈ। ਸ. ਬ੍ਰਹਮਪੁਰਾ ਨੇ ਪੱਤਰਕਾਰ ਨਾਲ ਗਲ ਕਰਦਿਆਂ ਇਹ ਮੰਨਿਆ ਹੈ ਕਿ ਸਾਲ 2015 ਦੌਰਾਨ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਮਾਫ ਕਰਨਾ ਇਕ ਵੱਡੀ ਗਲਤੀ ਸੀ, ਭਾਵੇਂ ਕਿ ਉਹ ਮਾਫੀ ਇਕ ਮਹੀਨੇ ਬਾਅਦ ਵਾਪਸ ਲੈ ਲਈ ਗਈ ਸੀ। ਪਰ ਉਸ ਮਾਮਲੇ ਨਾਲ ਥੋੜਾ ਬਿਹਤਰ ਤਰੀਕੇ ਨਾਲ ਨਿਪਟਿਆ ਜਾ ਸਕਦਾ ਸੀ। ਸ. ਬ੍ਰਹਮਪੁਰਾ ਨੇ ਕਿਹਾ ਹੈ ਕਿ ਬਹਿਬਲ ਕਲਾਂ ਵਿਚ ਰੋਸ ਮੁਜ਼ਾਹਰਾਕਾਰੀਆਂ ਉਤੇ ਗੋਲੀਬਾਰੀ ਦੌਰਾਨ ਦੋ ਵਿਅਕਤੀਆਂ ਦੀ ਮੌਤ ਨੇ ਹਵਾ ਸਾਡੇ ਖਿਲਾਫ਼ ਕਰ ਦਿਤੀ ਸੀ, ਕਿਉਂਕਿ ਉਥੇ ਧਾਰਮਿਕ ਭਾਵਨਾਵਾਂ ਨੂੰ ਠੇਸ ਪੁਜੀ ਸੀ। ਪੱਤਰਕਾਰ ਦੇ ਪੁਛਣ ਉਤੇ ਸ. ਬ੍ਰਹਮਪੁਰਾ ਨੇ ਇਹ ਵੀ ਕਿਹਾ ਹੈ ਕਿ ਜੇ ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨਾਲ ਸਲਾਹ ਮਸ਼ਵਰਾ ਕੀਤਾ ਹੁੰਦਾ ਤਾਂ ਮਾਹੌਲ ਹੁਣ ਏਨਾ ਖਰਾਬ ਨਹੀਂ ਸੀ ਹੁਣਾ। ਸ. ਬ੍ਰਹਮਪੁਰਾ ਨੇ ਇਹ ਮੰਗ ਵੀ ਕੀਤੀ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਹ ਸਮੁਚੀ ਜਾਣਕਾਰੀ ਸਿਖ ਪੰਥ ਦੇ ਕਟਹਿਰੇ ਵਿਚ ਦੱਸਣੀ ਚਾਹੀਦੀ ਹੈ ਕਿ ਇਹ ਸਾਰਾ ਕੁਝ ਕਿਵੇਂ ਵਾਪਰਿਆ। ਸ. ਬ੍ਰਹਮਪੁਰਾ ਨੇ ਇਹ ਵੀ ਕਿਹਾ ਕਿ ਜੇ ਉਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਤਲਬ ਕੀਤਾ ਗਿਆ ਤਾਂ ਉਹ ਅਕਾਲ ਤਖ਼ਤ ਸਾਹਿਬ ਉਤੇ ਝੁਕਣ ਤੋਂ ਗੁਰੇਜ਼ ਨਹੀਂ ਕਰਨਗੇ। ਪੱਤਰਕਾਰ ਦੇ ਇਹ ਪੁਛਣ ਉਤੇ ਕਿ ਕੀ ਤੁਸੀਂ ਮੰਨਦੇ ਹੋ ਕਿ ਤੁਹਾਡੀ ਪਾਰਟੀ ਦੇ ਹੱਥੋਂ ਪੰਥਕ ਏਜੰਡਾ ਕਿਰਦਾ ਜਾ ਰਿਹਾ ਹੈ, ਸ. ਬ੍ਰਹਮਪੁਰਾ ਦਾ ਜਵਾਬ ਸੀ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿਖਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ।

 

Leave a Reply

Your email address will not be published. Required fields are marked *