ਗੁਰਦੁਆਰਾ ਕਬੀਰ ਪਾਰਕ ਸਾਹਿਬ ਵਿਖੇ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿਚ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ, ਜਿਸ ਵਿਚ ਭਾਈ ਖਾਲੜਾ ਅਤੇ 25 ਹਜ਼ਾਰ ਸਿਖ ਨੌਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਜਿਨ੍ਹਾਂ ਦੀਆਂ ਝੂਠੇ ਪੁਲੀਸ ਮੁਕਾਬਲਿਆਂ ਵਿਚ ਸ਼ਹੀਦ ਕਰਕੇ ਮ੍ਰਿਤਕ ਦੇਹਾਂ ਲਵਾਰਿਸ ਕਰਾਰ ਦੇ ਕੇ ਸਾੜ ਦਿੱਤੀਆਂ ਗਈਆਂ ਜਾਂ  ਦਰਿਆਵਾਂ ਨਹਿਰਾਂ ਵਿਚ ਰੋੜ ਦਿੱਤੀਆਂ ਗਈਆਂ। ਸਮਾਗਮ ਨੂੰ ਸੰਬੋਧਨ ਕਰਦਿਆਂ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਜ਼ਾਲਮ ਸਰਕਾਰ ਨੇ ਪਿਛਲੇ ਸਮੇਂ ਵਿਚ ਸਿਖਾਂ ਉਪਰ ਜ਼ੁਲਮ ਢਾਹੁਣ ਦੀਆਂ ਸਭ ਹੱਦਾਂ ਪਾਰ ਕਰ ਦਿੱਤੀਆਂ। ਪਰ ਖੁਸ਼ੀ ਦੀ ਗੱਲ ਹੈ ਕਿ ਹੁਣ ਸਮੁਚਾ ਸਿਖ ਜਗਤ ਸਿਖ ਪੰਥ ਉਪਰ ਢਾਹੇ ਜ਼ੁਲਮਾਂ ਬਾਰੇ ਅਤੇ ਬਾਦਲਕਿਆਂ ਬਾਰੇ ਜਾਗਰੂਕ ਹੋ ਰਿਹਾ ਹੈ। ਸਮਾਗਮ ਨੂੰ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਖਾਲੜਾ ਮਿÎਸ਼ਨ ਨੇ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਤੋਂ ਬਾਅਦ ਕਾਂਗਰਸ, ਭਾਜਪਾ ਅਤੇ ਬਾਦਲਕਿਆਂ ਦੇ ਜ਼ੁਲਮਾਂ ਖਿਲਾਫ਼ ਜੰਗ ਜਾਰੀ ਰੱਖੀ ਹੋਈ ਹੈ। ਮਿÎਸ਼ਨ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਮੁਗਲ ਕਾਲ ਵਾਂਗ ਹਿੰਦੂਤਵੀ ਹਕੂਮਤਾਂ ਨੇ ਵੀ ਸਿਖਾਂ ਦੇ ਸਿਰਾਂ ਦੇ ਮੁਲ ਪਾਏ। ਪੰਜਾਬ ਮਨੁਖੀ ਅਧਿਕਾਰ ਸੰਗਠਨ ਦੇ ਡਿਪਟੀ ਚੇਅਰਮੈਨ ਕਿਰਪਾਲ ਸਿੰਘ ਰੰਧਾਵਾ ਅਤੇ ਹਰਦਿਆਲ ਸਿੰਘ ਘਰਿਆਲਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁਖ ਦੋਸ਼ੀ ਹਨ। ਹੁਣ ਖਾਲਸਾ ਪੰਥ ਨੂੰ ਇਨ੍ਹਾਂ ਨਾਲੋਂ ਨਾਤਾ ਤੋੜ ਦੇਣਾ ਚਾਹੀਦਾ ਹੈ। ਮਨੁਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਪ੍ਰਧਾਨ ਬਾਬਾ ਦਰਸ਼ਨ ਸਿੰਘ ਨੇ ਕਿਹਾ ਕਿ ਪਰਕਾਸ਼ ਸਿੰਘ ਬਾਦਲ ਤੇ ਉਸਦਾ ਪਰਿਵਾਰ ਹੁਣ ਪੂਰੀ ਤਰ੍ਹਾਂ ਬੇਨਕਾਬ ਹੋ ਗਿਆ ਹੈ ਅਤੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਸਾਰਾ ਸੰਸਾਰ ਯਾਦ ਕਰ ਰਿਹਾ ਹੈ। ਜਦੋਂ ਕਿ ਸ੍ਰੀ ਬਾਦਲ ਇਕ ਜਲੀਲ ਮਨੁਖ ਵਾਂਗ ਵਿਚਰ ਰਿਹਾ ਹੈ। ਇਨਸਾਫ਼ ਵਲੋਂ ਬੀਬੀ ਕੰਵਲਜੀਤ ਕੌਰ ਨੇ ਕਿਹਾ ਕਿ ਇਨਸਾਫ ਨੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਸਮਰਪਿਤ ਵੈਬਸਾਈਟ ਜਾਰੀ ਕੀਤੀ ਜੋ ਪੰਜਾਬ ਵਿਚ ਹੋਏ ਜ਼ੁਲਮਾਂ ਦੀ ਕਹਾਣੀ ਬਿਆਨ ਕਰਦੀ ਹੈ। ਇਸ ਮੌਕੇ ਸਿਮਰਜੀਤ ਸਿੰਘ ਤਰਸਿੱਕਾ ਨੇ ਵੀ ਸੰਬੋਧਨ ਕੀਤਾ। ਇਨ੍ਹਾਂ ਤੋਂ ਬਿਨਾਂ ਸਤਵਿੰਦਰ ਸਿੰਘ ਪਲਾਸੌਰ, ਕਾਬਲ ਸਿੰਘ ਜੋਧਪੁਰ, ਹਰਮਨਦੀਪ ਸਿੰਘ, ਗੁਰਜੀਤ ਸਿੰਘ ਤਰਸਿੱਕਾ, ਪਰਵੀਨ ਕੁਮਾਰ, ਸੁਖਵਿੰਦਰ ਕੌਰ, ਜਥੇਦਾਰ ਅੰਗਰੇਜ਼ ਸਿੰਘ, ਤਰਸੇਮ ਸਿੰਘ ਤਾਰਪੁਰ, ਸਤਵੰਤ ਸਿੰਘ ਮਾਣਕ, ਹਰਦਿਆਲ ਸਿੰਘ ਘਰਿਆਲਾ, ਐਡ. ਸਰਬਜੀਤ ਸਿੰਘ ਵੇਰਕਾ, ਕੁਲਦੀਪ ਸਿੰਘ ਕਿਲੀ ਬੋਦਲਾਂ, ਅਮਰਜੀਤ ਸਿੰਘ ਕਾਲਾ, ਬਾਬਾ ਸੇਵਾ ਸਿੰਘ, ਬਲਦੇਵ ਸਿੰਘ ਸਾਂਘਣਾ, ਬਲਕਾਰ ਸਿੰਘ ਦੇਉ, ਹਰਜਿੰਦਰ ਸਿੰਘ ਹਰੀਕੇ ਆਦਿ ਹਾਜ਼ਰ ਸਨ। ਇਸ ਮੌਕੇ ਪਾਸ ਕੀਤੇ ਗਏ ਮਤਿਆਂ ਵਿਚ ਸ੍ਰੀ ਗੁਰੂ ਗ੍ਰੰÎਥ ਸਾਹਿਬ ਜੀ ਦੀ ਬੇਅਦਬੀ ਅਤੇ ਗੋਲੀ ਕਾਂਡ ਦੇ ਦੋਸ਼ੀ ਸ੍ਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਗਈ। ਪਾਸ ਕੀਤੇ ਗਏ ਮਤੇ ਵਿਚ ਕਿਹਾ ਗਿਆ ਕਿ ਸ੍ਰੀ ਬਾਦਲ ਨੇ ਸਾਰੀ ਉਮਰ ਬੜੇ ਵੱਡੇ ਧਾਰਮਿਕ ਅਪਰਾਧ ਕੀਤੇ ਹਨ। ਉਹ ਫ਼ੌਜੀ ਹਮਲੇ ਦੀ ਯੋਜਨਾਬੰਧੀ ਵਿਚ ਵੀ ਸ਼ਾਮਲ ਸੀ। ਉਸਨੇ ਝੂਠੇ ਪੁਲੀਸ ਮੁਕਾਬਲਿਆਂ ਦੀ ਯੋਜਨਾਬੰਦੀ ਵਿਚ ਸ਼ਾਮਲ ਹੋ ਕੇ ਕੇ.ਪੀ.ਐਸ. ਗਿੱਲ ਨਾਲ ਮੁਲਾਕਾਤਾਂ ਕਰਕੇ ਭਾਈ ਖਾਲੜਾ ਅਤੇ ਭਾਈ ਕਾਉਂਕੇ ਸਮੇਤ ਜਵਾਨੀ ਦਾ ਘਾਣ ਕਰਾਇਆ। ਉਸਦੀ ਸਰਕਾਰ ਸਮੇਂ ਨਸ਼ਿਆਂ ਰਾਹੀਂ ਜਵਾਨੀ ਦੀ ਕੁਲ ਨਾਸ ਹੋਈ।

ਸਮਾਗਮ ਦੌਰਾਨ ਪਾਸ ਕੀਤੇ ਗਏ ਮਤੇ

1. ਅੱਜ ਦਾ ਸਮਾਗਮ ਮਨੁਖੀ ਅਧਿਕਾਰਾਂ ਅਤੇ ਸਿਖੀ ਦੇ ਸੱਚੇ ਪਹਿਰੇਦਾਰ ਭਾਈ ਜਸਵੰਤ ਸਿੰਘ ਖਾਲੜਾ ਅਤੇ ਪੰਜਾਬ ਅੰਦਰ ਝੂਠੇ ਪੁਲੀਸ ਮੁਕਾਬਲਿਆਂ ਵਿਚ ਸ਼ਹੀਦ ਹੋਏ 25 ਹਜ਼ਾਰ ਸਿਖ ਨੌਜਵਾਨਾਂ ਨੂੰ ਭਰਪੂਰ ਸ਼ਰਧਾਂਜਲੀ ਭੇਂਟ ਕਰਦਾ ਹੈ। ਇਹ ਇਕੱਠ ਬਰਗਾੜੀ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਕਾਂਡ ਦੇ ਦੋਸ਼ੀ ਪਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਦੀ ਮੰਗ ਕਰਦਾ ਹੈ। ਪ੍ਰਕਾਸ਼ ਸਿੰਘ ਬਾਦਲ ਵੱਡੇ ਵੱਡੇ ਪਾਪ ਕਰਦਿਆਂ ਸ੍ਰੀ ਦਰਬਾਰ ਸਾਹਿਬ ਉਪਰ ਫ਼ੌਜੀ ਹਮਲੇ ਦੀ ਯੋਜਨਾਬੰਦੀ ਵਿਚ ਸ਼ਾਮਲ ਹੋਇਆ ਜੋ ਵਰਣਵੰਡ ਦੇ ਪੈਰੋਕਾਰਾਂ (ਇੰਦਰਾਕਿਆਂ, ਭਾਜਪਾਕਿਆਂ, ਆਰ ਐਸ ਐਸਕਿਆਂ) ਵਲੋਂ ਕੀਤੀ ਗਈ ਸੀ। ਬਾਦਲ ਨੇ ਪੰਜਾਬ ਅੰਦਰ ਝੂਠੇ ਮੁਕਾਬਲਿਆਂ ਦੀ ਯੋਨਜਾਬੰਦੀ ਵਿਚ ਸ਼ਾਮਲ ਹੋ ਕੇ ਦੁਸ਼ਟ ਕੇ. ਪੀ. ਐਸ. ਗਿੱਲ ਨਾਲ ਗੁਪਤ ਮੀਟਿਗਾਂ ਕਰਕੇ ਭਾਈ ਖਾਲੜਾ, ਭਾਈ ਕਾਉਂਕੇ ਸਮੇਤ ਵੱਡੇ ਪੱਧਰ ਉਤੇ ਜਵਾਨੀ ਦਾ ਘਾਣ ਕਰਵਾਇਆ। ਉਸਨੇ ਨਿੰਰਕਾਰੀ ਕਾਂਡ ਕਰਵਾ ਕੇ 13 ਸਿੰਘਾਂ ਦੇ ਖੂਨ ਨਾਲ ਅੰਮ੍ਰਿਤਸਰ ਦੀ ਧਰਤੀ ਰੰਗੀ ਅਤੇ ਪੰਜਾਬ ਨੂੰ ਸ਼ਰਮਸਾਰ ਕੀਤਾ। ਪੰਜਾਬ ਦੇ ਅਜੋਕੇ ਮਲਕ ਭਾਗੋਆ ਨੇ ਵੱਡੇ ਪੱਧਰ ਤੇ ਪੰਜਾਬ ਦੀ ਲੁਟ ਕਰਕੇ ਪੰਜਾਬ ਨੂੰ ਕੰਗਾਲ ਕੀਤਾ। ਸ੍ਰੀ ਬਾਦਲ ਨੇ ਗੁਰੂ ਪੰਥ ਨੂੰ ਹੀ ਨਹੀਂ ਸਗੋਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਨਹੀਂ ਬਖਸ਼ਿਆ। ਇਕੱਠ ਬਾਦਲ ਨਾਲ ਜੁੜੇ ਸਭ ਸਿਖਾਂ ਨੂੰ ਸੱਦਾ ਦਿੰਦਾ ਹੈ ਕਿ ਉਹ ਧਾਰਮਿਕ ਅਪਰਾਧੀ ਬਾਦਲਕਿਆਂ ਦਾ ਸਾਥ ਛੱਡ ਦੇਣ, ਕਿਉਂਕਿ ਇਨ੍ਹਾਂ ਗੁਰੂ ਗ੍ਰੰਥ ਅਤੇ ਗੁਰੂ ਪੰਥ ਨਾਲ ਗੱਦਾਰੀ ਕਰਕੇ ਸਿਖੀ ਦਾ ਅਪਮਾਨ ਕੀਤਾ ਹੈ।
2. ਅੱਜ ਦਾ ਸਮਾਗਮ 16 ਅਕਤੂਬਰ 1985 ਨੂੰ ਪੰਜਾਬ ਵਿਧਾਨ ਸਭਾ ਅੰਦਰ ਸ੍ਰੀ ਦਰਬਾਰ ਸਾਹਿਬ ਤੇ 72 ਘੰਟੇ ਤੋਪਾਂ ਟੈਂਕਾਂ ਨਾਲ ਬੰਬਾਰੀ ਕਰਨ ਵਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਬਰਨਾਲਿਆ ਅਤੇ ਬਾਦਲਕਿਆਂ ਵਲੋਂ ਸ਼ਰਧਾਂਜਲੀ ਦੇਣ ਦਾ ਸਖ਼ਤ ਨੋਟਿਸ ਲੈਂਦਾ ਹੈ ਅਤੇ ਸਮਝਦਾ ਹੈ ਕਿ ਕਾਲੀਆ ਕਰਤੂਤਾਂ ਵਾਲਿਆਂ ਨੇ ਅਜਿਹਾ ਕਰਕੇ ਦੁਸ਼ਟ ਇੰਦਰਾ ਨੂੰ ਫੌਜੀ ਹਮਲੇ ਤੋਂ ਕਲੀਨ ਚਿੱਟ ਦੇਣ ਦਾ ਨਾ ਬਖਸ਼ਣ ਯੋਗ ਅਪਰਾਧ ਕੀਤਾ ਹੈ। ਇੰਦਰਾ ਨੂੰ ਮਾਨਵਤਾ ਹਮਾਇਤੀ ਦੱਸਣ ਵਾਲੇ ਬਰਨਾਲੇਕਿਆਂ, ਬਾਦਲਕਿਆਂ ਨੇ ਸਾਬਿਤ ਕਰ ਦਿਤਾ ਹੈ ਕਿ ਉਹ ਸੰਤ ਭਿੰਡਰਾਂਵਾਲਿਆਂ ਦੀ ਸ਼ਹੀਦੀ ਲੋਚਦਿਆਂ ਫੌਜੀ ਹਮਲੇ ਦੀ ਯੋਜਨਾਬੰਦੀ ਵਿਚ ਸ਼ਾਮਲ ਹੋਏ ਸਨ ਅਤੇ ਇਸ ਲੜੀ ਵਿਚ ਉਨ੍ਹਾਂ ਨੇ ਫੌਜੀ ਹਮਲੇ ਦੇ ਸਭ ਨਿਸ਼ਾਨ ਮਿਟਾ ਕੇ ਫੌਜੀ ਹਮਲੇ ਦਾ ਖੁਰਾ ਖੋਜ ਮਿਟਾ ਦਿੱਤਾ। 15 ਸਾਲ ਮੁਖ ਮੰਤਰੀ ਰਹਿਣ ਦੇ ਬਾਵਜੂਦ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਦੋਖੀ ਨੇ ਫੌਜੀ ਹਮਲੇ ਦੀ ਕਿਸੇ ਤਰ੍ਹਾਂ ਪੜਤਾਲ ਨਾ ਕਰਾਈ ਅਤੇ ਨਾਂ ਐਸ ਜੀ ਪੀ ਸੀ ਨੇ ਕੋਈ ਕਮਿਸ਼ਨ ਬਣਾਇਆ। ਇਕੱਠ ਸਮਝਦਾ ਹੈ ਕਿ ਗੁਰੂ ਘਰ ਉਤੇ ਫੌਜਾ ਚਾੜ੍ਹਨ ਵਾਲੇ ਯੋਜਨਾਕਾਰਾਂ ਨੇ ਸਿਖਾਂ ਦੀ ਕੁਲ ਨਾਸ਼ ਕਰਨ ਵਾਲਿਆਂ ਇੰਦਰਾ, ਰਾਜੀਵ, ਅਡਵਾਨੀ, ਬਾਦਲ, ਕੁਲਦੀਪ ਬਰਾੜ, ਕੇਪੀਐਸ ਗਿੱਲ ਨੂੰ ਭਾਰਤ ਰਤਨ ਵਿਭੂਸ਼ਣ ਆਦਿ ਸਨਮਾਨਿਤ ਕਰਕੇ ਜੰਗਲ ਰਾਜ ਦੇ ਹਾਮੀਆਂ ਨੇ ਸਿਖਾਂ ਦੇ ਜਖਮਾਂ ਤੇ ਲੂਣ ਛਿੜਕਿਆ ਹੈ।
3. ਅੱਜ ਦਾ ਇਕੱਠ 1947, 1984, 2002 ਦੇ ਕਾਤਿਲਾਂ ਨੂੰ ਮਨੁੱਖਤਾ ਦੇ ਕਾਤਲ ਕਰਾਰ ਦਿੰਦਾ ਹੈ ਅਤੇ ਸ੍ਰੀ ਕਰਤਾਰਪੁਰ ਦੇ ਖੁੱਲੇ ਦਰਸ਼ਨ ਦੀਦਾਰ ਲਈ ਲਾਂਘਾ ਦਿਤੇ ਜਾਣ ਦੀ ਵੀ ਮੰਗ ਕਰਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ 550 ਸਾਲਾਂ ਪ੍ਰਕਾਸ਼ ਉਤਸਵ ਤੋਂ ਪਹਿਲਾਂ ਫੌਜੀ ਹਮਲੇ, ਝੂਠੇ ਮੁਕਾਬਲਿਆਂ, ਨਵੰਬਰ 84 ਕਤਲੇਆਮ, ਨਸ਼ਿਆਂ ਰਾਹੀਂ ਤਬਾਹੀ ਦੀਆਂ ਫਾਈਲਾਂ ਜਨਤਕ ਕੀਤੀਆਂ ਜਾਣ ਤਾਂ ਕਿ ਕੁਲਨਾਸ਼ ਦੇ ਦੋਸ਼ੀ ਜਗ ਜਾਹਿਰ ਹੋ ਸਕਣ।
4. ਅੱਜ ਦਾ ਸਮਾਗਮ ਮੰਗ ਕਰਦਾ ਹੈ ਕਿ ਬਾਦਲ, ਭਾਜਪਾ, ਕਾਂਗਰਸੀਆਂ ਦੁਆਰਾ ਪੰਜਾਬ ਦੀ ਲੁੱਟ ਕਰਕੇ ਬਣਾਈਆਂ ਜਾਇਦਾਦਾਂ ਦੀ ਪੜਤਾਲ ਲਈ ਨਿਰਪੱਖ ਕਮਿਸ਼ਨ ਬਣੇ। ਇਹ ਵੀ ਮੰਗ ਕਰਦਾ ਹੈ ਕਿ ਫੌਜੀ ਹਮਲੇ ਅਤੇ ਝੂਠੇ ਮੁਕਾਬਲਿਆਂ ਤੇ ਨਸ਼ਿਆਂ ਦੇ ਰਾਹੀਂ ਤਬਾਹੀ ਦੀ ਨਿਰਪੱਖ ਪੜਤਾਲ ਹੋਵੇ।
5. ਸਮਾਗਮ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਧਾਨ ਮੰਤਰੀ ਕੋਲ ਪੇਸ਼ ਕਰਾਏ 21 ਨੌਜਵਾਨਾਂ ਦੇ ਨਾਮ ਜਨਤਕ ਕਰਨ ਦੀ ਮੰਗ ਕਰਦਾ ਹੈ ਅਤੇ ਸਮਝਦਾ ਹੈ ਕਿ ਕਾਂਗਰਸ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਬਾਦਲ ਪਰਿਵਾਰ ਨੂੰ ਬਚਾ ਕੇ ਫੌਜੀ ਹਮਲੇ ਅਤੇ ਝੂਠੇ ਮੁਕਾਬਲਿਆਂ ਉਪਰ ਪਰਦਾਪੋਸ਼ੀ ਦਾ ਮੁਲ ਚੁਕਾ ਰਹੀ ਹੈ। ਇਕੱਠ ਬਰਗਾੜੀ ਵਿਖੇ ਚਲ ਰਹੇ ਇਨਸਾਫ ਮੋਰਚੇ ਦਾ ਪੂਰਨ ਸਮਰਥਨ ਕਰਦਿਆਂ ਮੰਗ ਕਰਦਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਅਤੇ ਬੇਅਦਬੀ ਦੇ ਦੋਸ਼ੀ ਫੜੇ ਜਾਣ। ਸਮਾਗਮ ਕੈਬਨਿਟ ਮੰਤਰੀ ਤ੍ਰਿਪਤ ਸਿੰਘ ਬਾਜਵਾ ਵਲੋਂ ਪੰਜਾਬ ਵਿਧਾਨ ਸਭਾ ਵਿਚ ਸੁਮੇਧ ਸੈਣੀ ਵਲੋਂ ਨਿਰਦੋਸ਼ ਲੋਕਾਂ ਦੇ ਕੀਤੇ ਕਤਲਾਂ ਬਾਰੇ ਜਨਤਕ ਕੀਤੇ ਵੇਰਵਿਆਂ ਸੰੰਬੰਧੀ ਸੁਮੇਧ ਸੈਣੀ ਖਿਲਾਫ਼ ਐਫ ਆਈ ਆਰ ਦਰਜ ਕਰਨ ਦੀ ਮੰਗ ਕਰਦਾ ਹੈ। ਸਮਾਗਮ ਸਮਾਜ ਸੇਵੀ ਅਤੇ ਮਨੁਖੀ ਅਧਿਕਾਰਾਂ ਦੇ ਕਾਰਕੁਨਾਂ ਨੂੰ ਕੋਰੇਗਾਉ ਭੀਮਾ ਕੇਸ ਵਿਚ ਸੁਧਾ ਭਾਰਦਵਾਜ, ਵਰਵਰਾ ਰਾਓ ਅਤੇ ਹੋਰਨਾਂ ਨੂੰ ਝੂਠੇ ਰੂਪ ਵਿਚ ਫਸਾਉਣ ਦੀ ਸਖਤ ਨਿੰਦਾ ਕਰਦਾ ਹੈ ਅਤੇ ਉਨ੍ਹਾਂ ਉਪਰ ਦਰਜ ਕੇਸ ਰੱਦ ਕਰਨ ਦੀ ਮੰਗ ਕਰਦਾ ਹੈ।

Leave a Reply

Your email address will not be published. Required fields are marked *