ਪੰਜਾਬ ਯੂਨੀਵਰਸਿਟੀ ਵਿਚ ਹੋਈਆਂ ਵਿਦਿਆਰਥੀ ਚੋਣਾਂ ਨੇ ਨਵਾਂ ਇਤਿਹਾਸ ਸਿਰਜਿਆ ਹੈ। ਸਮਾਜ ਨੂੰ ਸਮਰਪਿਤ ਵਿਦਿਆਰਥੀ ਜਥੇਬੰਦੀ (ਸਟੂਡੈਂਟਸ ਫਾਰ ਸੁਸਾਇਟੀ) ਦੀ ਉਮੀਦਵਾਰ ਕਨੂਪ੍ਰਿਯਾ ਦੀ ਜਿੱਤ ਨੇ ਕਈ ਨਵੇਂ ਰੁਝਾਣ ਪ੍ਰਗਟ ਕੀਤੇ ਹਨ। ਕਿਸੇ ਕੁੜੀ ਦਾ ਪਹਿਲੀ ਵਾਰ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਚੁਣੇ ਜਾਣਾ ਨਾ ਸਿਰਫ਼ ਅਗਾਂਹਵÎਧੂ ਹੈ, ਸਗੋਂ ਮੌਜੂਦਾ ਨਿਰਾਸ਼ਾਜਨਕ ਹਾਲਤਾਂ ਵਿਚ ਔਰਤ ਜਾਤ ਦੀ ਹੌਂਸਲਾ ਅਫਜਾਈ ਲਈ ਵੀ ਅਹਿਮ ਹੈ। ਫਿਰ ਹਾਕਮ ਜਮਾਤ ਦੀ ਧਿਰ ਭਾਰਤੀ ਜਨਤਾ ਪਾਰਟੀ ਤੇ ਆਰ ਐਸ ਐਸ ਨਾਲ ਸੰਬੰਧਿਤ ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ ਦੇ ਉਮੀਦਵਾਰ ਨੂੰ ਹਰਾਉਣ ਦੀਆਂ ਦੇਸ ਪੱਧਰੀ ਰਾਜਨੀਤਕ ਅਰਥ ਸੰਭਾਵਨਾਵਾਂ ਹਨ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਆਉਂਦਿਆਂ ਹੀ ਜਿਵੇਂ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਰਵਸਿਟੀ ਨੂੰ ਨਿਸ਼ਾਨਾ ਬਣਾ ਕੇ, ਉਸ ਉਤੇ ਹਰ ਪਾਸਿਓਂ ਵਿਚਾਰਧਾਰਕ ਹਮਲਾ ਵਿਢਿਆ ਸੀ ਤੇ ਸਮੁਚੇ ਦੇਸ ਦੀ ਖੱਬੇ ਪੱਖੀ ਵਿਦਿਆਰਥੀ ਲਹਿਰ ਨੂੰ ਦਹਿਸ਼ਤਜਦਾ ਕਰਕੇ ਦੇਸ ਭਰ ਦੀਆਂ ਯੂਨੀਵਰਸਿਟੀਆਂ ਦਾ ਭਗਵਾਂਕਰਨ ਦੀ ਜਿਹੜੀ ਨੀਤੀ ਅਖਤਿਆਰ ਕੀਤੀ ਸੀ, ਇਸ ਜਿੱਤ ਨੇ ਭਾਰਤੀ ਜਨਤਾ ਪਾਰਟੀ ਦੀ ਉਸ ਪੇਸ਼ਕਦਮੀ ਨੂੰ ਰੋਕ ਦਿੱਤਾ ਹੈ। ਇਸ ਤੋਂ ਬਿਨਾਂ ਕਾਂਗਰਸ ਤੇ ਬਾਦਲ ਦਲ ਨਾਲ ਸੰਬੰਧਿਤ ਵਿਦਿਆਰਥੀ ਧਿਰਾਂ ਨੂੰ ਹਰਾ ਦੇਣਾ ਇਕ ਕ੍ਰਿਸ਼ਮੇ ਵਾਂਗ ਹੀ ਹੈ।
ਜਿੱਤ ਤੋਂ ਬਾਅਦ ਨਵੀਂ ਚੁਣੀ ਪ੍ਰਧਾਨ ਕਨੂਪ੍ਰਿਯਾ ਨੇ ਬੜੀ ਦ੍ਰਿੜ੍ਹਤਾ ਨਾਲ ਇਹ ਦਾਅਵਾ ਕੀਤਾ ਹੈ, ਕਿ ਜਦੋਂ ਵਾਈਸ ਚਾਂਸਲਰ ਪ੍ਰੋ. ਰਾਜਕੁਮਾਰ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਸੰਬੰਧਿਤ ਹਨ, ਤਾਂ ਸਾਨੂੰ ਸੁਆਲ ਕੀਤਾ ਜਾਂਦਾ ਹੈ ਕਿ ਅਸੀਂ ਜਿਹੜੇ ਅਗਾਂਹਵਧੂ ਵਿਚਾਰਧਾਰਾ ਦਾ ਪ੍ਰਚਾਰ ਕਰਦੇ ਹਾਂ ਉਹਨਾਂ ਨਾਲ ਕਿਵੇਂ ਨਜ਼ਿੱਠਾਂਗੇ। ”ਇਸ ਬਾਰੇ ਸਾਡਾ ਜੁਆਬ ਹੈ ਕਿ ਵਿਦਿਆਰਥੀ ਰਾਜਨੀਤੀ ਮੁੱਦਿਆਂ ਉਤੇ ਕੇਂਦਰਿਤ ਹੋਣੀ ਚਾਹੀਦੀ ਹੈ। ਉਹ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹਨ। ਅਸੀਂ ਉਹਨਾਂ ਨਾਲ ਉਸਾਰੂ ਸੰਵਾਦ ਰਚਾਵਾਂਗੇ। ਆਰ ਐਸ ਐਸ ਮੁਸਲਮ ਵਿਰੋਧੀ ਨਫ਼ਰਤ ਫੈਲਾਉਣ ਅਤੇ ਹਜ਼ੂਮੀ ਕਤਲਾਂ ਦੀ ਜ਼ਿੰਮੇਵਾਰ ਹੈ, ਪਰ ਜੇ ਉਸ ਨੇ ਯੂਨੀਵਰਸਿਟੀ ਵਿਚ ਆਪਣੇ ਗੁੰਡਿਆਂ ਰਾਹੀਂ ਆਪਣੇ ਤੋਂ ਵੱਖਰੇ ਵਿਚਾਰਾਂ ਦੇ ਕਿਸੇ ਸੈਮੀਨਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ।”
ਇਸ ਜਿੱਤ ਸੰਬੰਧੀ ਪੰਜਾਬੀ ਟ੍ਰਿਬਿਊਨ ਦੀ 8 ਸਤੰਬਰ ਦੀ ਸੰਪਾਦਕੀ ਵਿਚ ਅੰਗਰੇਜ਼ੀ ਟ੍ਰਿਬਿਊਨ ਦੀ ਸੰਪਾਦਕੀ ਨਾਲੋਂ ਅੱਗੇ ਵਧ ਕੇ ਕਹੇ ਗਏ ਇਹ ਸ਼ਬਦ ਖਾਸ ਧਿਆਨ ਦੇਣ ਯੋਗ ਹਨ, ”ਪਿਛਲੇ ਕੁਝ ਸਮੇਂ ਦੌਰਾਨ ਮੁਲਕ ਦੀਆਂ ਯੂਨੀਵਰਸਿਟੀਆਂ ਅਤੇ ਉਚ ਸਿੱਖਿਆ ਨਾਲ ਸੰਬੰਧਿਤ ਹੋਰ ਅਦਾਰਿਆਂ ਦਾ ਮਿਥ ਕੇ ਭਗਵਾਂਕਰਨ ਕੀਤਾ ਜਾ ਰਿਹਾ ਹੈ। ਅਜਿਹੇ ਦੌਰ ਵਿਚ ਐਸ ਐਫ ਐਸ ਵਰਗੀ ਖੱਬੇ ਪੱਖ ਵਾਲੀ ਜਥੇਬੰਦੀ ਦੀ ਉਮੀਦਵਾਰ ਦਾ ਦੇਸ-ਦੁਨੀਆਂ ਅਤੇ ਵਿਦਿਆਰਥੀਆਂ ਦੇ ਮੁੱਦਿਆਂ ਨੂੰ ਆਧਾਰ ਬਣਾ ਕੇ ਸਰਗਰਮੀ ਕਰਨਾ, ਚੋਣ ਲੜਨਾ ਅਤੇ ਫਿਰ ਜਿੱਤ ਜਾਣ ਦੇ ਵੱਡੇ ਅਰਥ ਹਨ। ਇਸ ਜਥੇਬੰਦੀ ਨੇ ਯੂਨੀਵਰਸਿਟੀ ਵਿਚ ਆਪਣੀ ਸ਼ੁਰੂਆਤ ਵਿਚਾਰ ਵਟਾਂਦਰੇ ਵਾਲੇ ਗਰੁਪ ਤੋਂ ਕੀਤੀ ਸੀ। 2010 ਵਿਚ ਕਿਸੇ ਦੇ ਚਿੱਤ-ਚੇਤੇ ਵੀ ਨਹੀਂ ਹੋਣਾ ਕਿ ਇਸ ਗਰੁਪ ਨੇ ਆਉਣ ਵਾਲੇ ਵਕਤ ਦੌਰਾਨ ਕੈਂਪਸ ਦੀ ਵਿਦਿਆਰਥੀ ਸਿਆਸਤ ਵਿਚ ਇੰਨੀ ਵੱਡੀ ਸਿਫਤੀ ਤਬਦੀਲੀ ਦਾ ਜ਼ਰੀਆ ਬਣਨਾ ਹੈ। ਉਂਜ ਇਸ ਵੇਲੇ ਕਨੂਪ੍ਰਿਯਾ ਲਈ ਇਹ ਵੰਗਾਰ ਵਾਲਾ ਵਕਤ ਵੀ ਹੈ। ਉਸ ਨੇ ਵਿਦਿਆਰਥੀ ਕੌਂਸਲ ਵਿਚ ਉਹਨਾਂ ਨੁਮਾਇੰਦਿਆਂ ਨਾਲ ਸੰਤੁਲਨ ਬਣਾ ਕੇ ਚੱਲਣਾ ਹੈ, ਜਿਨ੍ਹਾਂ ਦਾ ਐਸ ਐਫ ਐਸ ਦੀ ਖੜਕਵੀਂ ਸਿਆਸਤ ਨਾਲ ਪੇਚਾ ਪੈਂਦਾ ਰਿਹਾ ਹੈ। ਵਡੇਰੇ ਪ੍ਰਸੰਗ ਵਿਚ ਵਿਚਾਰਿਆਂ ਜਾਵੇ ਤਾਂ ਇਹਨਾਂ ਚੋਣ ਨਤੀਜਿਆਂ ਦੇ ਅਰਥ ਬਹੁਤ ਗਹਿਰੇ ਹਨ ਅਤੇ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਸਿਆਸਤ ਉਤੇ ਹੀ ਨਹੀਂ, ਸਮੁਚੀ ਸਿਆਸਤ ਉਤੇ ਵੀ ਇਸ ਦੇ ਅਸਰਅੰਦਾਜ਼ ਹੋਣ ਦੀਆਂ ਕਿਆਸਅਰਾਈਆਂ ਹਨ।”
ਇਸ ਜਿੱਤ ਨੇ ਵਿਖਾ ਦਿੱਤਾ ਹੈ ਕਿ ਜੇ ਕੋਈ ਵੀ ਲੋਕਪੱਖੀ ਧਿਰ ਪੂਰੀ ਦ੍ਰਿੜਤਾ, ਸਿਆਣਪ ਤੇ ਦੂਰਅੰਦੇਸ਼ੀ ਨਾਲ ਹਕੂਮਤੀ ਧਿਰ ਦੇ ਹੱਥਕੰਡਿਆਂ ਨਾਲ ਮੁਕਾਬਲਾ ਕਰਦੀ ਹੈ ਤਾਂ ਨਾ ਸਿਰਫ ਉਹ ਜਿੱਤ ਸਕਦੀ ਹੈ, ਸਗੋਂ ਪੈਸੇ ਤੇ ਧੋਂਸ ਦੀ ਰਾਜਨੀਤੀ ਨਾਲੋਂ ਤੋੜ ਵਿਛੋੜਾ ਕਰਕੇ ਚੰਗੀਆਂ ਪਿਰਤਾ ਵੀ ਪਾ ਸਕਦੀ ਹੈ। ਇਸ ਜਿੱਤ ਨੇ ਇਹ ਵੀ ਵਿਖਾ ਦਿੱਤਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ 2019 ਦੀਆਂ ਆਉਣ ਵਾਲੀਆਂ ਪਾਰਲੀਮੈਂਟ ਚੋਣਾਂ ਵਿਚ ਜਿੱਤ ਦਾ ਪਾਇਆ ਜਾ ਰਿਹਾ ਰੌਲਾ ਥੋਥਾ ਹੈ ਅਤੇ ਜੇ ਅਗਾਂਵਧੂ ਧਿਰਾਂ ਆਪਣੀ ਸੀਮਤ ਸਮਰਥਾ ਦੇ ਬਾਵਜੂਦ ਆਰ ਐੈਸ ਐਸ ਤੇ ਭਾਰਤੀ ਜਨਤਾ ਪਾਰਟੀ ਦੀਆਂ ਵੰਡ-ਪਾਊ ਨੀਤੀਆਂ ਉਤੇ ਦ੍ਰਿੜ ਰਾਜਨੀਤਕ ਹਮਲਾ ਵਿਢਦੀਆਂ ਹਨ ਤਾਂ ਇਨ੍ਹਾਂ ਨੂੰ ਹਰਾਇਆ ਜਾ ਸਕਦਾ ਹੈ।

Leave a Reply

Your email address will not be published. Required fields are marked *