ਹਿੰਦੁਤਵੀ ਸ਼ਕਤੀਆਂ ਦੇ ਉਭਾਰ ਬਾਰੇ ਚਰਚਿਤ ਇਤਿਹਾਸਕਾਰ ਰਾਮ ਚੰਦਰ ਗੂਹਾ ਨਾਲ ਹੁਣੇ ਜਿਹੇ ਗਲਬਾਤ ਕਰਦਿਆਂ ਬੈਲਜੀਅਨ ਮੂਲ ਦੇ ਚਿੰਤਕ ਜੌਹਨ ਡਰੀਜ ਨੇ ਕਿਹਾ ਹੈ, ”ਮੋਦੀ ਸਰਕਾਰ ਆਰ ਐਸ ਐਸ ਦੀ ਪੈਦਾਇਸ਼ ਹੈ। ਆਰ ਐਸ ਐਸ ਦਾ ਐਲਾਨੀਆ ਸਿਧਾਂਤ ਹਿੰਦੂ ਰਾਸ਼ਟਰਵਾਦ ਹੈ। ਜਿਸਦੇ ਸਿਧਾਂਤਕਾਰ ਵੀਰ ਸਾਵਰਕਰ ਤੇ ਗੁਰੂ ਗੋਲਵਾਲਕਰ ਹਨ। ਮੋਦੀ ਇਹਨਾਂ ਦੋਵਾਂ ਦਾ ਬਹੁਤ ਪ੍ਰਸੰਸਕ ਹੈ। ਹਿੰਦੂਤਵ ਦਾ ਉਭਾਰ ਯਕੀਨੀ ਤੌਰ ਉਤੇ ਜਮਹੂਰੀਅਤ ਦੀ ਇਕ ਲਾਜਮੀ ਲੋੜ — ਹਰ ਤਰ੍ਹਾਂ ਦੀ ਬਰਾਬਰੀ — ਦੇ ਵਿਰੁਧ ਉਚ-ਜਾਤੀਆਂ ਦਾ ਹੋਇਆ ਪ੍ਰਤੀਕਰਮ ਹੈ। ਜਿਸਦਾ ਮੁਖ ਨਿਸ਼ਾਨਾ ਸਿਰਫ ਮੁਸਲਮਾਨ ਨਹੀਂ, ਸਗੋਂ ਇਸਾਈ, ਦਲਿਤ, ਆਦਿਵਾਸੀ, ਕਮਿਊਨਿਸਟ, ਧਰਮ ਨਿਰਪਖ, ਤਰਕਸ਼ੀਲ, ਔਰਤ ਪਖੀ ਭਾਵ ਸੰਖੇਪ ਵਿਚ ਉਹ ਸਾਰੇ ਲੋਗ ਸ਼ਾਮਿਲ ਹਨ, ਜਿਹੜੇ ਉਚ ਜਾਤੀਆਂ ਦੀ ਉਚਤਾ ਨੂੰ ਮੰਨਣ ਵਾਲੇ ਬ੍ਰਾਹਮਣਵਾਦੀ ਸਾਮਾਜਿਕ ਢਾਂਚੇ ਦੀ ਮੁੜ ਬਹਾਲੀ ਦੇ ਰਾਹ ਵਿਚ ਰੁਕਾਵਟ ਬਣਦੇ ਹਨ। ਅਕਸਰ ਕਿਹਾ ਜਾਂਦਾ ਹੈ ਕਿ ਇਹ ਬਹੁਗਿਣਤੀ ਦੀ ਲਹਿਰ ਹੈ, ਪਰ ਅਸਲ ਵਿਚ ਇਹ ਜਾਬਰ ਘਟ ਗਿਣਤੀ ਦੀ ਲਹਿਰ ਹੈ। ਜਿਸ ਦੇ ਰਾਹ ਵਿਚ ਵਿਧਾਨ ਰੁਕਾਵਟ ਬਣਦਾ ਹੈ। ਪਰ ਇਹ ਰੁਕਾਵਟ ਜਿਆਦਾ ਦੇਰ ਨਹੀਂ ਰਹਿ ਸਕਦੀ। ਮੋਦੀ ਸਰਕਾਰ ਉਤੇ ਆਰ ਐਸ ਐਸ ਦੀ ਪਕੜ ਇਸ ਜਾਬਰ ਘਟ ਗਿਣਤੀ ਤੇ ਇਸਦੇ ਹਥਿਆਰਬੰਦ ਗ੍ਰੋਹਾਂ ਨੂੰ ਦਲੇਰੀ ਬਖਸ਼ ਰਹੀ ਹੈ। ਪਿਛਲੇ ਸਾਲਾਂ ਵਿਚ ਹਿੰਦੂਤਵ ਦੇ ਕਲਪਿਤ ਦੁਸ਼ਮਣਾਂ ਉਤੇ ਹਮਲਿਆਂ ਵਿਚ ਬੜੀ ਤੇਜੀ ਆਈ ਹੈ। ਪਰ ਇਹਨਾਂ ਹਮਲਿਆਂ ਦੇ ਵਧੇਰੇ ਸ਼ਿਕਾਰ ਹੋ ਰਹੇ ਤਬਕਿਆਂ ਦੀਆਂ ਅੱਖਾਂ ਵੀ ਖੁਲ੍ਹ ਰਹੀਆ ਹਨ। ਇਸ ਲਈ ਆਸ ਹੈ ਕਿ ਇਹ ਲੋਗ ਅਗਲੇ ਸਾਲ ਹੋਣ ਵਾਲੀ ਪਾਰਲੀਮਾਨੀ ਚੋਣ ਵਿਚ ਇਸਦਾ ਠੋਕਵਾਂ ਜੁਆਬ ਦੇਣਗੇ।”
ਅਗਲੇ ਸਾਲ ਹੋਣ ਵਾਲੀਆ ਪਾਰਲੀਮਾਨੀ ਚੋਣਾਂ ਜਿਤਣ ਲਈ ਆਰ ਐਸ ਐਸ ਤੇ ਮੋਦੀ-ਅਮਿਤ ਸ਼ਾਹ ਜੋੜੀ ਕਿਸ ਕਿਸਮ ਦੀ ਰਾਜਨੀਤੀ ਲੈ ਕੇ ਅਗੇ ਆ ਰਹੀ ਹੈ, ਇਸਦੀ ਜਾਣਕਾਰੀ ਹਿੰਦੁਤਵੀ ਰਾਜਨੀਤੀ ਦੇ ਪੈਰੋਕਾਰ ਸ਼ੇਖਰ ਗੁਪਤਾ ਨੇ ਆਪਣੇ ਓਨਲਾਈਨ ਪਰਚੇ ‘ਦ ਪਰਿੰਟ’ ਵਿਚ ਮਨੁਖੀ ਅਧਿਕਾਰ ਆਗੂਆਂ ਦੀ ਗ੍ਰਿਫਤਾਰੀ ਦੇ ਕਾਰਨ ਬਿਆਨ ਕਰਦਿਆਂ ਦਿਤੀ ਹੈ, ”ਉਹ ਸ਼ਹਿਰੀ ਨਕਸਲੀ ਹਨ ਜਾਂ ਨਹੀਂ ਪਰ ਸਬੂਤ ਇਹੀ ਸਾਹਮਣੇ ਆ ਰਹੇ ਹਨ ਕਿ ਭਾਰਤੀ ਜਨਤਾ ਪਾਰਟੀ ਤੇ ਆਰ ਐਸ ਐਸ ਉਹਨਾਂ ਨੂੰ ਠੀਕ ਹੀ ਆਪਣੇ ਲਈ ਲਾਹੇਵੰਦ ਮੂਰਖ ਸਮਝ ਰਹੀ ਹੈ। ਸ਼ਹਿਰੀ ਜਾਂ ਪੇਡੂੰ ਵਰਗੀ ਕੋਈ ਗੱਲ ਨਹੀਂ। ਨਕਸਲੀ, ਨਕਸਲੀ ਹੁੰਦਾ ਹੈ ਅਤੇ ਮਾਓਵਾਦੀ ਵੀ। ਦੋਵਾਂ ਵਿਚੋਂ ਕੁਝ ਵੀ ਹੋਣਾ ਅਪਰਾਧ ਨਹੀਂ,” ਪਰ ”ਭਾਰਤੀ ਜਨਤਾ ਪਾਰਟੀ ਦੀ ਮੁਸ਼ਕਿਲ ਹੋਰ ਹੈ। ਉਹ ਦਾਅਵਾ ਜੋ ਮਰਜੀ ਕਰੇ ਪਰ ‘ਵਿਕਾਸ ਅਤੇ ਦੇਸ ਦੇ ਸਵੈਮਾਣ’ ਦਾ ਏਜੰਡਾ ਦੂਜੇ ਦਰਜੇ ਉਤੇ ਚਲਾ ਗਿਆ ਹੈ। ਹੁਣ ਉਸਨੂੰ ‘ਕੋਈ’ ਅਸਲੀ ਖਤਰਨਾਕ ਦੁਸ਼ਮਣ ਚਾਹੀਦਾ ਹੈ, ਤਾਂ ਕਿ ਲੋਕ ਉਸਦੀ ਨਾਕਾਮੀ ਭੁਲਾ ਕੇ ਰਾਸ਼ਟਰ ਦੀ ਖਾਤਰ ਉਸ ਨੂੰ ਵੋਟ ਦੇਣ। ਜਿਵੇਂ 1984 ਵਿਚ ਨਾਹਰਾ ਸੀ, ‘ਰਾਜੀਵ ਗਾਂਧੀ ਦਾ ਐਲਾਨ, ਨਹੀਂ ਬਣੇਗਾ ਖਾਲਿਸਤਾਨ।’ ਹੁਣ ਮੁਸਲਮਾਨਾਂ ਨੂੰ ਦੁਸ਼ਮਣ ਬਨਾਉਣ ਵਾਲਾ ਮੂਲ ਫਾਰਮੂਲਾ ਘਸ ਚੁਕਿਆ ਹੈ। ਉਹ ਤਾਂ ਹੀ ਸੰਭਵ ਹੋਣਾ ਸੀ, ਜਾਂ ਤਾਂ ਮੁਸਲਮਾਨ ਭਾਵ ਪਾਕਿਸਤਾਨੀ ਭਾਵ ਕਸ਼ਮੀਰੀ ਵਖਵਾਦੀ ਭਾਵ ਦਹਿਸ਼ਤਗਰਦ ਭਾਵ ਲਸ਼ਕਰ, ਅਲਕਾਇਦਾ, ਆਈ ਐਸ ਆਈ ਵਾਲਾ ਸਮੀਕਰਣ ਬਣਿਆ ਰਹਿੰਦਾ। ਪਰ ਇਹ ਸਮੀਕਰਣ ਬਣਿਆ ਨਹੀਂ। ਕਿਉਂਕਿ ਭਾਰਤ ਦੀ ਮੁਖ ਭੂਮੀ ਉਤੇ ਮੁਸਲਮਾਨ (ਸਾਰੀ ਭੜਕਾਹਟ ਦੇ ਬਾਵਜੂਦ) ਸ਼ਾਤ ਰਹੇ। ਸਾਰੇ ਹਿੰਦੂ ਮੁਸਲਮਾਨਾਂ ਤੋਂ ਏਨੇ ਡਰੇ ਹੋਏ ਨਹੀਂ ਕਿ ਉਹ ਆਪਣੀ ਪਛਾਣ ਦੇ ਹੋਰਨਾਂ ਕਾਰਕਾਂ, ਖਾਸ ਕਰਕੇ ਜਾਤੀ ਦੀ ਅਣਦੇਖੀ ਕਰ ਦੇਣ। ਲਗਾਤਾਰ ਤਣਾਅ ਬਣਾਈ ਰਖਣ ਲਈ ਹੱਦਾਂ ਉਤੇ ਨਿਰੰਤਰ ਗੋਲੀਬਾਰੀ ਚਲਣੀ ਜਰੂਰੀ ਹੈ, ਜਿਸ ਦਾ ਵਡੀ ਸਰਜੀਕਲ ਸਟ੍ਰਾਈਕ ਨਾਲ ਸ਼ਾਨਦਾਰ ਅੰਤ ਹੋਵੇ। ਪਰ ਚੀਨ ਨੇ (ਡੋਕਲਾਮ ਵਿਚ) ਦਸ ਦਿਤਾ ਹੈ ਕਿ ਉਹ ਆਪਣੇ ਦੋਸਤ ਦੇ ਖਿਲਾਫ ਕਿਸੇ ਅਜਿਹੀ ਕਾਰਵਾਈ ਨੂੰ ਅਣਦੇਖਿਆ ਨਹੀਂ ਕਰੇਗਾ। ਟਰੰਪ ਦੇ ਅਮਰੀਕਾ ਉਤੇ ਕੋਈ ਭਰੋਸਾ ਨਹੀਂ ਕਰ ਸਕਦਾ।”
ਇਹ ਜਾਣਕਾਰੀ ਦੇ ਕੇ ਸ਼ੇਖਰ ਗੁਪਤਾ ਲਿਖਦਾ ਹੈ, ”ਇਸ ਲਈ ਭਾਰਤ ਦੇ ਵਜੂਦ ਲਈ ਖਤਰਾ ਬਣਿਆ ਕੋਈ ਨਵਾਂ ਦੁਸ਼ਮਣ ਚਾਹੀਦਾ ਹੈ, ਜਿਸਦਾ ਪ੍ਰਚਾਰ ਕਰਕੇ ਵੋਟਾਂ ਲਈਆ ਜਾ ਸਕਣ। ਕਿਹਾ ਜਾ ਸਕੇ ਕਿ ਬਾਹਰੀ ਤੇ ਅੰਦਰੂਨੀ ਸਾਰੀਆਂ ਦੁਸ਼ਟ ਸ਼ਕਤੀਆਂ ਭਾਰਤ ਨੂੰ ਨਸ਼ਟ ਕਰਨ ਦੀ ਸਾਜਿਸ਼ ਵਿਚ ਲਗੀਆ ਹੋਈਆਂ ਹਨ ਅਤੇ ਤੁਹਾਨੂੰ ਨੌਕਰੀਆਂ ਦੀ ਪਈ ਹੈ? ਤੁਹਾਡੀ ਦੇਸ ਭਗਤੀ ਕਿਥੇ ਗਈ? ਤੁਸੀਂ ਇਸ ਨੂੰ ਕਿਸੇ ਵੀ ਵਾਦ ਦਾ ਨਾਂ ਦਿÀ,ੁ ਪਰ ਜੋ ਹੋ ਰਿਹਾ ਹੈ ਇਹ ਸ਼ੁਧ ਰਾਜਨੀਤੀ ਹੈ। ਭਾਰਤੀ ਜਨਤਾ ਪਾਰਟੀ ਤੇ ਆਰ ਐਸ ਐਸ ਧਰਮ ਦੀ ਵਰਤੋਂ ਕਰਕੇ ਵੋਟਰਾਂ ਨੂੰ ਇਕ ਜੁਟ ਨਹੀਂ ਕਰ ਸਕਦੀਆ, ਕਿਉਂਕਿ ਉਹਨਾਂ ਨੂੰ ਜਾਤੀ ਨੇ ਵੰਡਿਆ ਹੋਇਆ ਹੈ? ਅਡਵਾਨੀ ਨੇ ਅਯੋਧਿਆ ਵਿਚ ਇਹ ਏਕਤਾ ਹਾਸਲ ਕੀਤੀ ਸੀ ਪਰ 2004 ਵਿਚ ਉਸਦਾ ਅਸਰ ਖਤਮ ਹੋ ਗਿਆ। ਨਰਿੰਦਰ ਮੋਦੀ ਨੇ ਬੇਹਤਰ ਕੀਤਾ। ਉਸਦਾ (ਮੁਸਲਮਾਨ ਵਿਰੋਧੀ) ਨਿਜੀ  ਰਿਕਾਰਡ ਹਿੰਦੂ ਵੋਟਰ ਲਈ ਚੁਬੰਕ ਸਾਬਤ ਹੋਇਆ। ਇਸ ਵਿਚ ਮਜਬੂਤ ਸਰਕਾਰ ਤੇ ਆਰਥਿਕ ਵਿਕਾਸ ਦੇ ਵਾਅਦੇ ਜੁੜਦਿਆਂ ਹੀ ਵਿਰੋਧੀ ਧਿਰ ਦਾ ਸਫਾਇਆ ਹੋ ਗਿਆ। ਪਰ ਹੁਣ ਆਪਣੀ ਨਾਕਾਮੀ ਦਾ ਰਿਪੋਰਟ ਕਾਰਡ ਲੈ ਕੇ ਵੋਟਰਾਂ ਕੋਲ ਜਾਣ ਦਾ ਖਤਰਾ ਮੋਦੀ ਨਹੀਂ ਸਹੇੜ ਸਕਦਾ। ਜੇ ਮੁਸਲਮਾਨਾਂ ਨਾਲ ਮਾਓਵਾਦੀ ਜੋੜ ਦਿਓ, ਤਾਂ ਟੁਕੜੇ-ਟੁਕੜੇ ਧਾਗਾ ਬਹੁਤ ਚੰਗੀ ਤਰ੍ਹਾਂ ਬੁਣਿਆ ਜਾ ਸਕੇਗਾ। 2019 ਦੀਆਂ ਗਰਮੀਆ ਤਕ ‘ਰਾਸ਼ਟਰ ਗੰਭੀਰ ਖਤਰੇ ਵਿਚ ਹੈ’ ਦੀ ਕਹਾਣੀ ਸਾਹਮਣੇ ਆ ਸਕਦੀ ਹੈ। ਸਿਰਫ ਮਾਓਵਾਦੀਆਂ ਦਾ ਡਰ ਪੈਦਾ ਕਰਨ ਦੀ ਆਪਣੀ ਸੀਮਾ ਹੈ। ਅਸੀਂ ਕਈ ਮਾਓਵਾਦੀ ਵੇਖੇ ਨੇ ਜਿਹੜੇ ਕਾਲਜਾਂ ਵਿਚ ਬਿਲਕੁਲ ਸਾਊ ਲਗਦੇ ਨੇ। ਨਕਸਲੀ ਜਿਆਦਾ ਖਤਰਨਾਕ ਲਗਦੇ ਨੇ, ਕਿਉਂਕਿ ਉਹਨਾਂ ਕੋਲ ਹਥਿਆਰ ਹੁੰਦੇ ਨੇ। ਪਰ ਉਹ ਨਜਰ ਅਤੇ ਮਨ ਦੇ ਦਾਇਰੇ ਤੋਂ ਬਾਹਰ ਨੇ। ਉਹ ਟੀ ਵੀ ਦੇ ਪਰਦੇ ਤੇ ਟਵਿਟਰ ਉਤੇ ਵੀ ਨਹੀਂ ਹਨ। ਉਹਨਾਂ ਦੇ ਨਾਂ ਉਤੇ ਮਹਾਂਰਾਸ਼ਟਰ ਜਾਂ ਮਧਪ੍ਰਦੇਸ਼ ਦੇ ਇਕ ਵੀ ਵੋਟਰ ਨਹੀਂ ਡਰਾਇਆ ਜਾ ਸਕਦਾ। ਇਥੇ ਹੀ ਸ਼ਹਿਰੀ ਨਕਸਲੀ ਆਉਂਦੇ ਹਨ।”
ਫਿਰ ਸ਼ੇਖਰ ਗੁਪਤਾ ਇਹ ਦਿਲਚਸਪ ਜਾਣਕਾਰੀ ਦੇਂਦਾ ਹੈ, ”ਇਸ ਫਿਲਮ ਨੂੰ ਪਿਛੇ ਚਲਾਈਏ ਤਾਂ ਇਹ ਟੁਕੜੇ-ਟੁਕੜੇ ਸਮੱਗਰੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਉਭਰਦੀ ਹੈ। ਕਸ਼ਮੀਰ ਦੇ ਲੋਕਾਂ ਨਾਲ ਇਕਮੁਠਤਾ ਜਤਾਉਣ ਦਾ ਇਹ ਪ੍ਰੋਗਰਾਮ ਸੀ। ਪਹਿਲਾਂ ਅਜਿਹੇ ਪਰਚੇ ਸਾਹਮਣੇ ਆਏ ਕਿ ਇਹ ਕਸ਼ਮੀਰ ਦੀ ਆਜਾਦੀ ਬਾਰੇ ਬਹਿਸ ਕਰਨ ਅਤੇ ਉਸਦੀ ਹਮਾਇਤ ਦਾ ਪ੍ਰੋਗਰਾਮ ਹੈ। ਫਿਰ ਵੀਡੀਓ ਸਾਹਮਣੇ ਆਇਆ ‘ਭਾਰਤ ਤੇਰੇ ਟੁਕੜੇ ਹੋਂਗੇ — ਇੰਸ਼ਾਂਅਲਹ-ਇੰਸ਼ਾਅਲਹ’। ਦੋ ਖਬੇ ਪਖੀ ਤੇ ਇਕ ਮੁਸਲਮਾਨ ਵਿਦਿਆਰਥੀ ਨੂੰ ਦੇਸ਼ਦ੍ਰੋਹ ਦੇ ਫਰਜੀ ਮਾਮਲੇ ਵਿਚ ਦੋਸ਼ੀ ਬਣਾਇਆ ਗਿਆ। ਹੋਰ ਵੀਡੀਓ ਸਾਹਮਣੇ ਆਏ। ਜੇ ਐਨ ਯੂ ਚੌਂਕ ਵਿਚ ਆਜਾਦੀ ਦੀ ਕਸ਼ਮੀਰੀ ਮੰਗ ਨੂੰ ਉਚਿਤ ਸਾਬਤ ਕਰਦੀ ਪ੍ਰਫੈਸਰ ਦੀ ਤਕਰੀਰ ਤੇ ਤਾੜੀਆਂ ਵਜਾਉਂਦੇ ਵਿਦਿਆਰਥੀ। ਨਵੀਂ ਕਹਾਣੀ ਤਿਆਰ ਹੈ। ‘ਸ਼ਹਿਰੀ ਨਕਸਲੀ’ ਤੇ ਵਖਵਾਦੀ ਮੁਸਲਮਾਨ — ਕਸ਼ਮੀਰ ਅਤੇ ਬਸਤਰ ਦੇ ਦੂਰ ਦੇ ਖਤਰੇ ਨੂੰ ਨਵੀਂ ਦਿੱਲੀ, ਹੈਦਰਾਬਾਦ, ਮੁੰਬਈ ਅਤੇ ਪੁਣੇ ਲਿਆਉਣ ਲਈ ਹੱਥ ਮਿਲਾ ਰਹੇ ਹਨ। ਜੇ ਐਨ ਯੂ ਤਾਂ ‘ਬਦਮਾਸ਼ਾਂ ਦਾ ਅੱਡਾ’ ਹੈ। ਕਸ਼ਮੀਰੀ ਵਖਵਾਦੀਆਂ ਨਾਲ ਸੁਰ ਮਿਲਾ ਕੇ ਅਧਾ ਕੰਮ ਕਟੜ ਖਬੇ ਪਖੀ ਬੁਧੀਜੀਵੀਆਂ ਨੇ ਕਰ ਦਿਤਾ ਤੇ ਬਾਕੀ ਅਧਾ ਕੰਮ ਮੋਦੀ ਤੇ ਸ਼ਾਹ ਨੇ ਮਿਤਰ ਟੀ ਵੀ ਚੈਨਲਾਂ ਨਾਲ ਮਿਲ ਕੇ ਕਰ ਲਿਆ। ਰਾਸ਼ਟਰ ਖਤਰੇ ਵਿਚ ਹੈ ਦਾ ਨਵਾਂ ਭਰਮ ਪੈਦਾ ਕੀਤਾ ਜਾ ਰਿਹਾ ਹੈ।”
ਇਸ ਸਾਰੇ ਕੁਝ ਬਾਰੇ ਸ਼ੇਖਰ ਗੁਪਤਾ ਦੀ ਟਿਪਣੀ ਹੈ, ”ਭਾਰਤ ਚੀਨੀ ਮਿਟੀ ਦਾ ਬਣਿਆ ਹੋਇਆ ਨਹੀਂ ਕਿ ਨਾਹਰਿਆਂ, ਲੇਖਾਂ, ਕਵਿਤਾਵਾਂ ਅਤੇ ਦੇਸ ਦੇ ਅੰਦਰੂਨੀ ਭਾਗਾਂ ਤੇ ਕਸ਼ਮੀਰ ਵਿਚ ਬੰਦੂਕਾਂ ਲਈ ਮੁਠੀ ਭਰ ਲੋਕਾਂ ਨਾਲ ਟੁਟ ਜਾਏਗਾ। ਪਰ ਜੋ ਵੋਟਰ ਕਿਸੇ ਪਖ ਨਾਲ ਜੁੜੇ ਹੋਏ ਨਹੀਂ, ਉਹਨਾਂ ਦੀ ਇਸ ਵਿਚ ਰੁਚੀ ਹੋ ਸਕਦੀ ਹੈ। ਧੜਿਆਂ ਵਿਚ ਵੰਡੇ ਮਾਹੌਲ ਵਿਚ ਕੁਝ ਫੀ ਸਦੀ ਵੋਟਰਾਂ ਦਾ ਝੁਕਾਅ ਵੀ ਅਹਿਮ ਹੁੰਦਾ ਹੈ।” ਸ਼ੇਖਰ ਗੁਪਤਾ ਅਗੇ ਲਿਖਦਾ ਹੈ, ”ਅਦਾਲਤਾਂ ਵਿਚ ਮਨੁਖੀ ਅਧਿਕਾਰ ਆਗੂਆਂ ਨੂੰ ਉਚਿਤ ਹੀ ਰਾਹਿਤ ਮਿਲੇਗੀ। ਮੋਦੀ ਸਰਕਾਰ ਨਿਸ਼ਚਿਤ ਹੀ ਕਾਨੂੰਨੀ ਤੇ ਇਖਲਾਕੀ ਲੜਾਈ ਹਾਰ ਜਾਏਗੀ। ਪਰ ਉਹ ਪ੍ਰਵਾਹ ਨਹੀਂ ਕਰੇਗੀ।” ਕਿਉਂਕਿ ਉਹ ਹਰ ਢੰਗ ਵਰਤ ਕੇ ਚੋਣਾਂ ਜਿਤਣ ਦਾ ਯਤਨ ਕਰੇਗੀ। ਚੋਣਾਂ ਜਿਤ ਕੇ ਉਹ ਸਿਧ ਕਰ ਦੇਵੇਗੀ ਕਿ ਜਨਮਤ ਉਸਦੇ ਨਾਲ ਹੈ। ਭਾਵ ਮੋਦੀ ਸਰਕਾਰ ਵਾਸਤੇ ਕਾਨੂੰਨ ਤੇ ਇਖਲਾਕ ਦੀ ਕੋਈ ਅਹਿਮੀਅਤ ਨਹੀਂ, ਸਿਰਫ ਕੁਝ ਫੀ ਸਦੀ ਵੋਟਰਾਂ ਨੂੰ ਭਰਮਾਉਣ ਲਈ ਕੁਝ ਵੀ ਕਰਨਾ ਜਰੂਰੀ ਹੈ। ਤੁਸੀਂ ਹਥਿਆਰਬੰਦ ਸੰਘਰਸ਼ ਦੇ ਹਮਾਇਤੀ ਹੋ ਜਾਂ ਨਹੀਂ, ਤੁਹਾਨੂੰ ਧੱਕੇ ਨਾਲ ਹਥਿਆਰਬੰਦ ਸੰਘਰਸ਼ ਨਾਲ ਜੋੜਿਆ ਜਾਏਗਾ। ਸਾਰੇ ਸਰਕਾਰੀ ਸਾਧਨ ਤੇ ਬੇਬਹਾ ਪੈਸੇ ਦੀ ਦੁਰਵਰਤੋਂ ਕਰਕੇ ਸਮਾਜ ਦੇ ਇਕ ਵਰਗ ਨੂੰ ਬਦਨਾਮ ਕੀਤਾ ਜਾਏਗਾ ਤੇ ਉਸਦੇ ਵਿਰੋਧ ਵਿਚ ਸਮਾਜ ਦੇ ਦੂਜੇ ਵਰਗ ਨੂੰ ਭਰਮਾ ਕੇ ਉਹਨਾਂ ਦੀਆਂ ਵੋਟਾਂ ਪ੍ਰਾਪਤ ਕੀਤੀਆ ਜਾਣਗੀਆ। ਇਹ ਹੈ 2019 ਦੀਆਂ ਪਾਰਲੀਮਾਨੀ ਚੋਣਾਂ ਜਿਤਣ ਦੀ ਭਾਜਪਾ-ਆਰ ਐਸ ਐਸ ਮਾਰਕਾ ਨਵੀਂ ਰਾਜਨੀਤੀ।
ਭਾਵ ਜਿਵੇਂ ਕਿ ਜੌਹਨ ਡਰੀਜ ਨੇ ਕਿਹਾ ਹੈ, ਕਿ ਹਿੰਦੂਤਵ ਦਾ ਮੁਖ ਨਿਸ਼ਾਨਾ ਸਿਰਫ ਮੁਸਲਮਾਨ ਨਹੀਂ, ਸਗੋਂ ਇਸਾਈ, (ਸਿਖ) ਦਲਿਤ, ਆਦਿਵਾਸੀ, ਕਮਿਊਨਿਸਟ, ਧਰਮ ਨਿਰਪਖ, ਤਰਕਸ਼ੀਲ, ਔਰਤ ਪਖੀ ਭਾਵ ਸੰਖੇਪ ਵਿਚ ਉਹ ਸਾਰੇ ਲੋਗ ਸ਼ਾਮਿਲ ਹਨ, ਜਿਹੜੇ ਉਚ ਜਾਤੀਆਂ ਦੀ ਉਚਤਾ ਨੂੰ ਮੰਨਣ ਵਾਲੇ ਬ੍ਰਾਹਮਣਵਾਦੀ ਸਾਮਾਜਿਕ ਢਾਂਚੇ ਦੀ ਮੁੜ ਬਹਾਲੀ ਦੇ ਰਾਹ ਵਿਚ ਰੁਕਾਵਟ ਬਣਦੇ ਹਨ। ਮੋਦੀ ਸਰਕਾਰ ਉਤੇ ਆਰ ਐਸ ਐਸ ਦੀ ਬਣੀ ਪਕੜ ਕਾਰਨ ਇਸਦੇ ਹਥਿਆਰਬੰਦ ਗ੍ਰੋਹਾਂ ਨੂੰ ਮਿਲੀ ਤਾਕਤ ਤੇ ਪਿਛਲੇ ਸਾਲਾਂ ਵਿਚ ਹਿੰਦੂਤਵ ਦੇ ਕਲਪਿਤ ਦੁਸ਼ਮਣਾਂ ਉਤੇ ਵਧੇ ਹਮਲੇ ਤੇ ਇਹਨਾਂ ਹਮਲਿਆਂ ਦਾ ਸ਼ਿਕਾਰ ਹੋ ਰਹੇ ਤਬਕੇ ਜਰੂਰ ਹੀ ਅਗਲੇ ਸਾਲ ਹੋਣ ਵਾਲੀ ਪਾਰਲੀਮਾਨੀ ਚੋਣ ਵਿਚ ਇਸਦਾ ਠੋਕਵਾਂ ਜੁਆਬ ਦੇਣਗੇ। ਸ਼ੇਖਰ ਗੁਪਤਾ ਦੀ ਇਸ ਲਿਖਤ ਵਿਚੋਂ ਵੀ ਆਰ ਐਸ ਐਸ ਤੇ ਮੋਦੀ ਸਰਕਾਰ ਦੀ ਨਿਰਾਸ਼ਾ, ਬਦਹਵਾਸੀ ਤੇ ਪ੍ਰੇਸ਼ਾਨੀ ਸਪਸ਼ਟ ਨਜਰ ਆ ਰਹੀ ਹੈ। ਹਰ ਹੀਲੇ ਚੋਣਾਂ ਜਿਤਣ ਦੇ ਯਤਨ, ਉਸ ਕੋਲੋ ਅਨੇਕ ਅਜਿਹੇ ਗਲਤ ਕੰਮ ਕਰਵਾਉਣਗੇ, ਜਿਹੜੇ ਉਸਦੇ ਵਿਰੁਧ ਲੋਗਾਂ ਨੂੰ ਵਡੀ ਪਧਰ ਉਤੇ ਇਕਜੁਟ ਕਰਨਗੇ। ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਵਿਚ ਸਮਾਜ ਨੂੰ ਸਮਰਪਿਤ ਵਿਦਿਆਰਥੀ ਜਥੇਬੰਦੀ (ਸਟੂਡੈਂਟਸ ਫਾਰ ਸੁਸਾਇਟੀ) ਦੀ ਹੋਈ ਜਿਤ ਨੇ ਵਿਖਾ ਦਿਤਾ ਹੈ, ਕਿ ਜੇ ਕੋਈ ਲੋਕਪਖੀ ਧਿਰ ਪੂਰੀ ਦ੍ਰਿੜਤਾ, ਸਿਆਣਪ ਤੇ ਦੂਰਅੰਦੇਸ਼ੀ ਨਾਲ ਹਕੂਮਤੀ ਧਿਰ ਦੇ ਹੱਥਕੰਡਿਆਂ ਨਾਲ ਮੁਕਾਬਲਾ ਕਰਦੀ ਹੈ ਤਾਂ ਨਾ ਸਿਰਫ ਉਹ ਚੋਣ ਜਿੱਤ ਸਕਦੀ ਹੈ, ਸਗੋਂ ਪੈਸੇ ਤੇ ਧੋਂਸ ਦੀ ਰਾਜਨੀਤੀ ਨਾਲੋਂ ਤੋੜ ਵਿਛੋੜਾ ਕਰਕੇ ਚੰਗੀਆਂ ਪਿਰਤਾ ਵੀ ਪਾ ਸਕਦੀ ਹੈ। ਇਸ ਜਿੱਤ ਨੇ ਇਹ ਵੀ ਵਿਖਾ ਦਿੱਤਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ 2019 ਦੀਆਂ ਆਉਣ ਵਾਲੀਆਂ ਪਾਰਲੀਮੈਂਟ ਚੋਣਾਂ ਵਿਚ ਜਿੱਤ ਦਾ ਪਾਇਆ ਜਾ ਰਿਹਾ ਰੌਲਾ ਥੋਥਾ ਹੈ ਅਤੇ ਜੇ ਅਗਾਂਵਧੂ ਧਿਰਾਂ ਆਪਣੀ ਸੀਮਤ ਸਮਰਥਾ ਦੇ ਬਾਵਜੂਦ ਆਰ ਐੈਸ ਐਸ ਤੇ ਭਾਰਤੀ ਜਨਤਾ ਪਾਰਟੀ ਦੀਆਂ ਵੰਡ-ਪਾਊ ਨੀਤੀਆਂ ਉਤੇ ਦ੍ਰਿੜ ਰਾਜਨੀਤਕ ਹਮਲਾ ਵਿਢਦੀਆਂ ਹਨ ਤਾਂ ਇਨ੍ਹਾਂ ਨੂੰ ਹਰਾਇਆ ਜਾ ਸਕਦਾ ਹੈ।

Leave a Reply

Your email address will not be published. Required fields are marked *