ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਨੇ ਰੋਜ਼ਾਨਾ ਹਿੰਦੋਸਤਾਨ ਟਾਈਮਜ਼ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਇਹ ਇਕਬਾਲ ਕੀਤਾ ਹੈ, ਕਿ ”ਅਕਾਲੀ ਦਲ ਇਸ ਵੇਲੇ ਸਿਖ ਮਨਾਂ ਵਿਚੋਂ ਆਪਣੀ ਭਰੋਸੇਯੋਗਤਾ  ਦੇ ਸੰਕਟ ਵਿਚੋਂ ਲੰਘ ਰਿਹਾ ਹੈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਹੋਣ ਤੋਂ ਬਾਅਦ ਸਾਡੇ ਖਿਲਾਫ਼ ਜਨਤਾ ਦਾ ਰੋਹ ਫੁੱਟ ਪਿਆ ਹੈ। ਅਕਾਲੀ ਦਲ ਸਿਖਾਂ ਦੇ ਜਜ਼ਬਾਤੀ ਮੁਦਿਆਂ ਦਾ ਜਵਾਬ ਦੇਣ ਤੋਂ ਅਸਮਰੱਥ ਰਿਹਾ ਹੈ, ਜਿਸ ਦਾ ਨਤੀਜਾ ਸਾਨੂੰ ਵਿਧਾਨ ਸਭਾ ਚੋਣਾਂ ਵਿਚ ਸੀਟਾਂ ਗੁਆ ਕੇ ਭੁਗਤਣਾ ਪਿਆ ਹੈ। ਅਕਾਲੀਆਂ ਲਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਹ ਮੁੱਦਾ ਬਿਲਕੁਲ ਉਵੇਂ ਹੀ ਬਣ ਚੁੱਕਾ ਹੈ, ਜਿਵੇਂ ਕਾਂਗਰਸ ਲਈ ਆਪਰੇਸ਼ਨ ਬਲਿਉ ਸਟਾਰ ਹੈ। ਅਸੀਂ ਭਾਵੇਂ ਕੁਝ ਵੀ ਗਲਤ ਨਹੀਂ ਕੀਤਾ, ਪਰ ਦੋਸ਼ ਸਾਡੇ ਉਤੇ ਆਣ ਪਿਆ ਹੈ। ਇਸ ਵੇਲੇ ਲੋਕ ਸਾਡੇ ਸੱਚ ਨੂੰ ਵੀ ਝੂਠ ਮੰਨ ਰਹੇ ਹਨ। ਅਸੀਂ ਇਕ ਬੇਹੱਦ ਜਜ਼ਬਾਤੀ ਕੌਮ ਦੀ ਅਗਵਾਈ ਕਰ ਰਹੇ ਹਾਂ। ਤੁਸੀਂ ਭਾਵੇਂ ਸੌ ਗੱਲਾਂ ਚੰਗੀਆਂ ਕਰ ਲਵੋ, ਪਰ ਜੇ ਬੇਅਦਬੀ ਵਰਗੀ ਕੋਈ ਘਟਨਾ ਕਿਤੇ ਵਾਪਰ ਗਈ ਤਾਂ ਤੁਹਾਡੇ ਸਾਰੇ ਚੰਗੇ ਕੰਮਾਂ ਦੀ ਪੱਟੀ ਮੇਸ ਹੋ ਜਾਂਦੀ ਹੈ। ਅਕਾਲੀ ਕਦੇ ਕਿਸੇ ਬੇਅਦਬੀ ਦੀ ਘਟਨਾ ਵਿਚ ਸ਼ਾਮਲ ਨਹੀਂ ਰਹੇ, ਪਰ ਸਾਡੇ ਖਿਲਾਫ਼ ਅਜਿਹੀ ਨਾਂਹ ਪੱਖੀ ਧਾਰਨਾ ਬਣ ਗਈ ਹੈ। ਬਾਦਲ ਸਰਕਾਰ ਬੇਅਦਬੀ ਦੀਆਂ ਘਟਨਾਵਾਂ ਰੋਕਣ ਤੋਂ ਅਸਮਰੱਥ ਰਹੀ ਹੈ ਤੇ ਰੋਸ ਪ੍ਰਗਟ ਕਰ ਰਹੇ ਸਿਖਾਂ ਉਤੇ ਗੋਲੀਆਂ ਚਲਾਈਆਂ ਗਈਆਂ।”
ਸ. ਮਨਜੀਤ ਸਿੰਘ ਨੇ ਇਸ ਵਰਤਾਰੇ ਦੇ ਕਾਰਨ ਬਿਆਨ ਕਰਦਿਆਂ ਹੋਇਆ ਇਹ ਵੀ ਸਪੱਸ਼ਟ ਕੀਤਾ ਹੈ, ਕਿ ”ਦਰਅਸਲ ਅਕਾਲੀਆਂ ਨੂੰ ਪੰਥ ਦੇ ਠੇਕੇਦਾਰ ਸਮਝਿਆ ਜਾਂਦਾ ਹੈ। ਨੌ ਦਹਾਕਿਆਂ ਦੇ ਵਧ ਸਮੇਂ ਤੋਂ ਅਕਾਲੀ ਤੇ ਪੰਥ ਸਮਅਰਥੀ ਸਮਝੇ ਜਾਂਦੇ ਰਹੇ ਹਨ। ਸਿਖਾਂ ਨੇ ਕਦੇ ਸੋਚਿਆ ਤੱਕ ਨਹੀਂ ਸੀ ਕਿ ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਕੋਈ ਘਟਨਾ ਵਾਪਰ ਜਾਵੇਗੀ। ਭਾਵੇਂ ਬਾਦਲ ਸਾਹਿਬ ਨੂੰ ਮੁੱਖ ਮੰਤਰੀ ਦੇ ਤੌਰ ਉਤੇ ਬਹਿਬਲ ਕਲਾਂ ਵਿਚ ਗੋਲੀ ਚਲਾਉਣ ਬਾਰੇ ਕੋਈ ਜਾਣਕਾਰੀ ਨਹੀਂ ਸੀ, ਪਰ ਉਦੋਂ ਹਾਲਾਤ ਇਹੋ ਜਿਹੇ ਬਣ ਗਏ ਕਿ ਗੋਲੀ ਦੀ ਘਟਨਾ ਵਾਪਰ ਗਈ। ਉਦੋਂ ਦੇ ਪੁਲੀਸ ਮੁਖੀ ਸੁਮੇਧ ਸੈਣੀ ਨੂੰ ਸਰਕਾਰ ਨੇ ਅਹੁਦੇ ਤੋਂ ਲਾਂਭੇ ਵੀ ਕਰ ਦਿੱਤਾ ਤੇ ਸੀਬੀਆਈ ਜਾਂਚ ਦੇ ਹੁਕਮ ਵੀ ਜਾਰੀ ਕਰ ਦਿੱਤੇ, ਪਰ ਜਦੋਂ ਗੋਲੀਬਾਰੀ ਦੀ ਘਟਨਾ ਵਾਪਰੀ ਸੀ ਉਦੋਂ ਅਕਾਲੀ ਸਰਕਾਰ ਉਤੇ ਕਾਬਜ਼ ਸਨ, ਇਸ ਲਈ ਆਮ ਲੋਕ ਸਾਡੇ ਵਿਰੁੱਧ ਹਨ ਤੇ ਉਨ੍ਹਾਂ ਦਾ ਰੋਹ ਸ਼ਾਂਤ ਹੋਣ ਦਾ ਨਾ ਨਹੀਂ ਲੈ ਰਿਹਾ।”
ਸ. ਮਨਜੀਤ ਸਿੰਘ ਨੇ ਇਸ ਰੋਹ ਦੇ ਕਾਰਨ ਬਿਆਨ ਕਰਦਿਆਂ ਇਹ ਜਾਣਕਾਰੀ ਵੀ ਦਿੱਤੀ ਹੈ, ਕਿ ”ਇਸਦਾ ਕਾਰਨ ਅਕਾਲੀ ਦਲ ਵਿਚ ਪੀੜ੍ਹੀ ਪਾੜਾ ਹੈ। ਸੀਨੀਅਰ ਅਕਾਲੀ ਆਗੂ ਇਹ ਮਹਿਸੂਸ ਕਰਦੇ ਹਨ ਕਿ ਹੁਣ ਉਨ੍ਹਾਂ ਨੂੰ ਪਿਛਾਂਹ ਧੱਕ ਦਿੱਤਾ ਗਿਆ ਹੈ, ਪਰ ਨਵੀਂ ਪੀੜ੍ਹੀ ਨੂੰ ਪੰਥਕ ਮਾਮਲਿਆਂ ਦੀ ਸਮਝ ਨਹੀਂ। ਇਸੇ ਲਈ ਅਕਾਲੀ ਦਲ ਤੋਂ ਗਲਤੀਆਂ ਹੋਈਆਂ ਹਨ। ਇਕ ਹੋਰ ਕਾਰਨ ਇਹ ਵੀ ਹੈ ਕਿ ਮੋਗਾ ਐਲਾਨਨਾਮੇ ਤੋਂ ਬਾਅਦ ਅਕਾਲੀ ਦਲ ਨੇ ਆਪਣਾ ਚਰਿਤਰ ਬਦਲ ਲਿਆ ਹੈ ਤੇ ਇਸ ਨੂੰ ‘ਪੰਜਾਬੀਆਂ ਦੀ ਪਾਰਟੀ’ ਬਣਾ ਦਿਤਾ ਗਿਆ ਹੈ। 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਗ਼ੈਰ ਸਿੱਖਾਂ ਨੂੰ ਟਿਕਟਾਂ ਦਿੱਤੀਆਂ ਗਈਆਂ। ਇਨ੍ਹਾਂ ਦੋਵੇਂ ਕਾਰਨਾਂ ਕਰਕੇ ਸਿੱਖ ਮਨਾਂ ਵਿਚ ਬੇਚੈਨੀ ਪਾਈ ਜਾਣ ਲੱਗੀ। ਪਰ ਅਸੀਂ ਉਨ੍ਹਾਂ ਨੂੰ ਇਹ ਸਮÎਝਾਉਣ ਵਿਚ ਨਾਕਾਮ ਰਹੇ। ਸਾਨੂੰ (ਜਥੇਦਾਰ) ਗੁਰਚਰਨ ਸਿੰਘ ਟੌਹੜਾ ਵਰਗੇ ਆਗੂਆਂ ਦੀ ਲੋੜ ਹੈ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਅਕਾਲੀ ਦਲ ਵਿਚੋਂ ਟਕਸਾਲੀ ‘ਥਿੰਕ ਟੈਂਕ’ (ਚਿੰਤਕ) ਗਾਇਬ ਹੋ ਗਏ ਹਨ। ਇਸ ਲਈ ਅਸੀਂ ਪੰਥਕ ਏਜੰਡੇ ਵਿਚ ਪਛੜ ਗਏ ਹਾਂ।”
ਸ. ਮਨਜੀਤ ਸਿੰਘ ਨੇ ਇਹ ਵੀ ਕਿਹਾ ਹੈ, ਕਿ ”ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਸਿੰਘ ਨੂੰ ਮੁਆਫੀ ਦੇਣਾ ਗਲਤ ਨਹੀਂ ਸੀ ਪਰ ਜਿਸ ਤਰੀਕੇ ਨਾਲ ਮਾÎਫੀ ਦਿੱਤੀ ਗਈ, ਉਹ ਇਕ ਵੱਡੀ ਗਲਤੀ ਸੀ। ਸਿਖ ਧਰਮ ਵਿਚ ਮਾਫੀ ਦੇਣ ਦੀ ਇਕ ਪੂਰੀ ਧਾਰਨਾ ਹੈ ਅਤੇ ਇਸ ਮਾਮਲੇ ਵਿਚ ਪੂਰਨ ਗੁਰਮਰਿਯਾਦਾ ਦਾ ਖਿਆਲ ਰੱਖਣਾ ਪੈਂਦਾ ਹੈ। ਮਾਫੀ ਦੇਣ ਦੇ ਮੁੱਦੇ ਉਤੇ ਅਸੀਂ ਜਿਸ ਤਰੀਕੇ ਨਾਲ ਫਸ ਗਏ ਹਾਂ, ਸਾਨੂੰ ਇਹ ਮਾਮਲਾ ਪੰਥ ਕੋਲ ਲੈ ਕੇ ਜਾਣਾ ਚਾਹੀਦਾ ਸੀ ਅਤੇ ਇਸ ਮਾਮਲੇ ਵਿਚ ਆਮ ਸਹਿਮਤੀ ਬਣਾਉਣੀ ਚਾਹੀਦੀ ਸੀ। ਟਕਸਾਲੀ ਅਕਾਲੀਆਂ ਤੇ ਨਵੀਂ ਪੀੜ੍ਹੀ ਵਿਚਲੇ ਪਾੜੇ ਕਾਰਨ ਅੱਜ ਉਹ ਹਾਲਾਤ ਪੈਦਾ ਹੋ ਗਏ ਹਨ, ਜਿਨ੍ਹਾਂ ਦਾ ਅਸੀਂ ਸਾਹਮਣਾ ਕਰ ਰਹੇ ਹਾਂ। ਜਦੋਂ ਸਾਨੂੰ ਮਹਿਸੂਸ ਹੋਇਆ ਕਿ ਮਾਫੀ ਦੇਣਾ ਗਲਤ ਸੀ ਤਾਂ ਮਾਫੀ ਦੇਣ ਦੇ ਹੁਕਮਰਨਾਮੇ ਨੂੰ ਰੱਦ ਕਰ ਦਿੱਤਾ ਗਿਆ ਪਰ ਉਦੋਂ ਤੱਕ ਨੁਕਸਾਨ ਹੋ ਚੁੱਕਾ ਸੀ।”
ਜਦੋਂ ਪੱਤਰਕਾਰ ਨੇ ਸ. ਮਨਜੀਤ ਸਿੰਘ ਨੂੰ ਪੁਛਿਆ ਕਿ ਤੁਸੀਂ ਹੁਣ ਇਸ ਗਲਤੀ ਲਈ ਮਾਫੀ ਮੰਗਣ ਲਈ ਤਿਆਰ ਹੋ, ਤਾਂ ਉਹਨਾਂ ਦਾ ਜਵਾਬ ਸੀ ਕਿ ”ਰਾਜਨੀਤੀ ਵਿਚ ਸਭ ਤੋਂ ਵੱਡੀ ਸਜ਼ਾ ਤੇ ਪਛਤਾਵਾ ਉਦੋਂ ਹੀ ਹੁੰਦਾ ਹੈ, ਜਦੋਂ ਲੋਕ ਚੋਣਾਂ ਵਿਚ ਰੱਦ ਕਰਕੇ ਤੁਹਾਨੂੰ ਘਰ ਬਿਠਾ ਦਿੰਦੇ ਹਨ। ਸਾਡੇ ਨਾਲ ਇਹੋ ਕੁਝ ਵਾਪਰਿਆ ਹੈ। ਅਸੀਂ ਇਕ ਜਜ਼ਬਾਤੀ ਕੌਮ ਦੀ ਅਗਵਾਈ ਕਰ ਰਹੇ ਹਾਂ, ਜੋ ਇਸ ਵੇਲੇ ਸਾਨੂੰ ਸੁਣਨ ਨੂੰ ਤਿਆਰ ਨਹੀਂ। ਸਾਨੂੰ ਉਸ ਗਲਤੀ ਲਈ ਨੁਕਰੇ ਲਗਾ ਦਿੱਤਾ ਗਿਆ ਹੈ, ਜਿਹੜੀ ਅਸੀਂ ਕੀਤੀ ਹੀ ਨਹੀਂ। ਪਰ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਪਾਰਟੀ ਨੂੰ ਪਛਤਾਵਾ ਜ਼ਰੂਰ ਕਰਨਾ ਚਾਹੀਦਾ ਹੈ।”
ਇਸ ਦੇ ਹਲ ਬਾਰੇ ਗਲ ਕਰਦਿਆਂ ਸ. ਮਨਜੀਤ ਸਿੰਘ ਦਾ ਕਥਨ ਹੈ ਕਿ ”ਸਮਾਂ ਸਭ ਤੋਂ ਵੱਡਾ ਦਾਰੂ ਹੁੰਦਾ ਹੈ, ਇਸ ਵੇਲੇ ਜਦੋਂ ਕੌਮ ਰੋਹ ਵਿਚ ਹੈ ਤਾਂ ਕਿਸੇ ਵੀ ਤਰਕ ਦੇਣ ਦਾ ਕੋਈ ਲਾਭ ਨਹੀਂ। ਮੈਨੂੰ ਯਕੀਨ ਹੈ ਕਿ ਛੇਤੀ ਹੀ ਸਾਰੇ ਤੱਥ ਲੋਕਾਂ ਨੂੰ ਸਮਝ ਪੈ ਜਾਣਗੇ। ਇਹ ਗਲ ਬਿਲਕੁਲ ਠੀਕ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਬਹਾਲ ਰੱਖਣ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਸੀ, ਪਰ ਸਰਕਾਰ ਦੀ ਮਨਸ਼ਾ ਕਦੇ ਵੀ ਮਾੜੀ ਨਹੀਂ ਰਹੀ। ਹੁਣ ਤੱਕ ਅਸੀਂ ਇਹ ਗਲ ਜਨਤਾ ਨੂੰ ਸਮਝਾਉਣ ਤੋਂ ਨਾਕਾਮ ਰਹੇ ਹਾਂ।”
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਸਤੀਫਾ ਦੇਣ ਬਾਰੇ ਸ. ਮਨਜੀਤ ਸਿੰਘ ਦਾ ਕਹਿਣਾ ਹੈ ਕਿ ”ਇਹ ਅਧਿਕਾਰ ਖੇਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈ, ਮੈਨੂੰ ਨਹੀਂ ਪਤਾ ਕਿ ਜਥੇਦਾਰ ਸਾਹਿਬ ਤੋਂ ਕੋਈ ਗਲਤੀ ਹੋਈ ਸੀ ਜਾਂ ਨਹੀਂ ਪਰ ਹੁਣ ਸਾਡੀ ਪਾਰਟੀ ਅਤੇ ਜਥੇਦਾਰ ਸਾਹਿਬ ਪ੍ਰਤੀ ਭਰੋਸੇਯੋਗਤਾ ਉਤੇ ਸੁਆਲ ਜ਼ਰੂਰ ਉਠ ਰਹੇ ਹਨ। ਜਥੇਦਰਾਂ ਦੀ ਨਿਯੁਕਤੀ ਵਿਚ ਸੁਧਾਰਾਂ ਦੀ ਲੋੜ ਹੈ। ਉਹਨਾਂ ਦੀ ਨਿਯੁਕਤੀ ਬਿਲਕੁਲ ਉਵੇਂ ਹੋਣੀ ਚਾਹੀਦੀ ਹੈ ਜਿਵੇਂ ਇਸਾਈ ਭਾਈਚਾਰੇ ਵਿਚ ਪੋਪ ਦੀ ਨਿਯੁਕਤੀ ਕੀਤੀ ਜਾਂਦੀ ਹੈ। ਜਥੇਦਾਰਾਂ ਦੀ ਨਿਯੁਕਤੀ ਵਿਚ ਕੌਮ ਦੀ ਸਲਾਹ ਲੈਣੀ ਚਾਹੀਦੀ ਹੈ। ਸਾਨੂੰ ਜਥੇਦਾਰ ਦੀ ਨਿਯੁਕਤੀ ਦੀ ਮੁੜ ਪਰਿਭਾਸ਼ਾ ਕਰਨੀ ਪਵੇਗੀ।”
ਬਰਗਾੜੀ ਮੋਰਚੇ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਕਿਉਂਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾ ਉਤੇ ਰੋਸ ਪ੍ਰਗਟ ਕਰ ਰਹੇ ਹਨ, ਇਸ ਲਈ ਕੁਝ ਸਿਖ ਹਲਕਿਆਂ ਵਲੋਂ ਇਨ੍ਹਾਂ ਨੂੰ ਹਮਾਇਤ ਦਿੱਤੀ ਜਾ ਰਹੀ ਹੈ ਪਰ ਇਨ੍ਹਾਂ ਦਾ ਪਿਛੋਕੜ ਸਾਫ ਨਹੀਂ ਹੈ ਅਤੇ ਉਹਨਾਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ। ਅਕਾਲੀਆਂ ਤੇ ਕੱਟੜ ਸਿੱਖਾਂ ਵਿਚਲੇ ਵਿਰੋਧ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਕੱਟੜ ਲੋਕ ਮੁੱਠੀ ਭਰ ਹਨ, ਸ਼ੋਸ਼ਲ ਮੀਡੀਆ ਨੂੰ ਕੱਟੜਪੰਥੀਆਂ, ਆਮ ਆਦਮੀ ਪਾਰਟੀ ਤੇ ਕਾਂਗਰਸ ਵਲੋਂ ਕੰਟਰੋਲ ਕੀਤਾ ਜਾ ਰਿਹਾ ਹੈ। ਅੱਜ ਉਹ ਬੇਅਦਬੀ ਮਾਮਲੇ ਬਾਰੇ ਅਕਾਲੀ ਦਲ ਉਤੇ ਹਮਲੇ ਕਰ ਰਹੇ ਹਨ। Îਿਫਰ ਵੀ ਸੁਖਬੀਰ ਸਿੰਘ ਬਾਦਲ ਮੋਰਚੇ ਉਤੇ ਮੋਹਰੀ ਬਣ ਕੇ ਅਗਵਾਈ ਕਰ ਰਹੇ ਹਨ ਅਤੇ ਪਾਰਟੀ ਨੂੰ ਲਾਮਬੰਦ ਕਰ ਰਹੇ ਹਨ।
ਅਮਰੀਕਾ ਵਿਚ ਕੁਝ ਕੱਟੜਪੰਥੀਆਂ ਵਲੋਂ ਉਨ੍ਹਾਂ ਉਤੇ ਹੋਏ ਹਮਲੇ ਬਾਰੇ ਉਨ੍ਹਾਂ ਦਾ ਕਥਨ ਹੈ, ”ਮੇਰੇ ਉਤੇ ਹਮਲਾ ਪਾਕਿਸਤਾਨ ਦੇ ਹਮਾਇਤੀ ਤੱਤਾਂ ਨੇ ਕੀਤਾ ਸੀ, ਜਿਹੜੇ ਅਖੌਤੀ ਰਾਇਸ਼ੁਮਾਰੀ 2020 ਦੇ ਪਿਛੇ ਹਨ। ਦਰਅਸਲ ਇਹ ਮੁੱਦਾ ਸਿਰਫ ਸ਼ੋਸ਼ਲ ਮੀਡੀਆ ਵਲੋਂ ਪੈਦਾ ਕੀਤਾ ਗਿਆ ਇਕ ਕਾਗਜ਼ੀ ਸ਼ੇਰ ਹੈ। ਇਹ ਸੱਚ ਹੈ ਕਿ ਬਿਦੇਸਾ ਵਿਚ ਰਹਿੰਦੇ ਸਿਖ ਮਨਾਂ ਅੰਦਰ ਰੋਸ ਅਤੇ ਵੱਡੇ ਪੱਧਰ ਉਤੇ ਬੇਇਨਸਾਫੀ ਦੀ ਭਾਵਨਾ ਪਾਈ ਜਾਂਦੀ ਹੈ। ਉਨ੍ਹਾਂ ਨਾਲ ਸੰਬੰਧਿਤ ਮਾਮਲੇ ਜਿਸ ਤਰੀਕੇ ਨਾਲ ਸਾਡੀ ਸਰਕਾਰ ਨੇ ਸਿੰਝੇ ਹਨ, ਉਸ ਤਰੀਕੇ ਵਿਚ ਗਲਤੀ ਹੈ। ਪਿਛਲੇ ਹਫਤੇ ਅਮਰੀਕਾ ਤੋਂ ਪਰਤਣ ਤੋਂ ਬਾਅਦ ਮੈਂ ਬਿਦੇਸ ਮੰਤਰੀ ਸੁਸ਼ਮਾ ਸਵਰਾਜ ਅਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਹੁਰਾਂ ਨੂੰ ਵੀ ਆਖੀ ਹੈ। ਜਿਹੜੇ ਸਿਖ 1980-90 ਵਿਆਂ ਦੌਰਾਨ ਭਾਰਤ ਛੱਡ ਕੇ ਪ੍ਰਦੇਸ ਚਲੇ ਗਏ ਸਨ ਤੇ ਉਨ੍ਹਾਂ ਨੇ ਬਾਹਰ ਜਾ ਕੇ ਰਾਜਨੀਤਕ ਸ਼ਰਨ ਹਾਸਲ ਕਰ ਲਈ ਸੀ, ਉਹ ਹੁਣ ਵਾਪਸ ਆਉਣਾ ਚਾਹੁੰਦੇ ਹਨ, ਪਰ ਅਸੀਂ ਹੁਣ ਉਨ੍ਹਾਂ ਨੂੰ ਵੀਜ਼ੇ ਦੇਣ ਤੋਂ ਇਨਕਾਰੀ ਹਾਂ ਤੇ ਇੰਝ ਉਨ੍ਹਾਂ ਦੇ ਮਨਾਂ ਵਿਚ ਰੋਹ ਭਰ ਰਿਹਾ ਹੈ ਤੇ ਉਹ ਖਾਲਿਸਤਾਨੀਆਂ ਵਲ ਧੱਕੇ ਜਾ ਰਹੇ ਹਨ। 1984 ਦੀਆਂ ਸਿਖ ਵਿਰੋਧੀ ਘਟਨਾਵਾਂ ਦੇ ਮਾਮਲੇ ਵਿਚ ਜਿਵੇਂ ਸਿਖਾਂ ਨੂੰ ਹਾਲੇ ਤੱਕ ਇਨਸਾਫ਼ ਨਹੀਂ ਮਿਲ ਸਕਿਆ, ਇਸ ਕਾਰਨ ਵੀ ਸਿਖਾਂ ਦੇ ਮਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਹੋਰਨਾਂ ਦੇਸਾਂ ਵਿਚ ਵਸਦੇ ਸਾਰੇ ਸਿਖ ਖਾਲਿਸਤਾਨੀ ਨਹੀਂ ਹਨ, ਪਰ ਨਰਿੰਦਰ ਮੋਦੀ ਸਰਕਾਰ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਵਿਚ ਨਾਕਾਮ ਰਹੀ ਹੈ।”
ਦਿਲਚਸਪ ਗੱਲ ਇਹ ਹੈ ਕਿ ਇਹ ਸਾਰਾ ਕੁਝ ਬਿਆਨ ਕਰਨ ਤੋਂ ਬਾਅਦ ਅਜੇ ਵੀ ਸ. ਮਨਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਉਤੇ ਸੁਖਬੀਰ ਸਿੰÎਘ ਬਾਦਲ ਵਲੋਂ ਧੱਕੇ ਨਾਲ ਮੜ੍ਹੀ ਜਾ ਰਹੀ ਅਗਵਾਈ ਨੂੰ ਮਾਨਤਾ ਦੇਣ ਦੇ ਯਤਨ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਜ਼ਰੂਰ ਹੀ ਇਸ ਸੰਕਟ ਵਿਚੋਂ ਬਾਹਰ ਨਿਕਲ ਆਉਣਗੇ। ਉਂਝ ਵੀ ਸ. ਮਨਜੀਤ ਸਿੰਘ ਸੁਖਬੀਰ ਸਿੰਘ ਬਾਦਲ ਦੇ ਬਹੁਤ ਨਜ਼ਦੀਕੀਆਂ ਵਿਚੋਂ ਜਾਣੇ ਜਾਂਦੇ ਹਨ। ਮਨਜੀਤ ਸਿੰਘ ਵਲੋਂ ਖਾਲਿਸਤਾਨੀ ਪੱਖੀ ਸਾਰੇ ਬਾਹਰਲੇ ਸਿਖਾਂ ਨੂੰ ਪਾਕਿਸਤਾਨੀ ਕਰਾਰ ਦੇਣਾ ਹੋਰ ਵੀ ਦਿਲਚਸਪੀ ਭਰਿਆ ਹੈ। ਕਿਉਂਕਿ ਸਰਕਾਰੀ ਏਜੰਸੀਆਂ ਨੇ ਪੂਰਾ ਜ਼ੋਰ ਲਾਇਆ ਹੋਇਆ ਹੈ ਕਿ ਖਾਲਿਸਤਾਨੀ ਲਹਿਰ ਨੂੰ ਪਾਕਿਸਤਾਨ ਪੱਖੀ ਕਰਾਰ ਦਿਤਾ ਜਾਵੇ, ਤਾਂ ਕਿ ਪੰਜਾਬ ਵਿਚਲੇ ਉਨ੍ਹਾਂ ਦੇ ਹਮਾਇਤੀਆਂ ਨੂੰ ਸਰਕਾਰੀ ਜ਼ਬਰ ਦਾ ਨਿਸ਼ਾਨਾ ਬਣਾਇਆ ਜਾ ਸਕੇ।

Leave a Reply

Your email address will not be published. Required fields are marked *