‘ਇਸ਼ਕ ਹੀਰ ਦਾ ਨਵਾਂ ਬਣਾਈਏ ਜੀ’ ਦੇ ਬੈਨਰ ਹੇਠ ‘ਅਦਾਰਾ 23 ਮਾਰਚ’ ਵਲੋਂ ਨਵੇਂ ਪੰਜਾਬ ਦੀ ਸਿਰਜਣਾ ਲਈੇ, ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਵਿਚ ਇਕ ਸੰਵਾਦ ਰਚਾਉਣ ਦੀ ਰਿਪੋਰਟ ਛਪੀ ਹੈ। ‘ਹੀਰਵੰਨੇ ਪੰਜਾਬ ਦੀ ਸਿਰਜਣਾ’ ਨੂੰ ਕੇਂਦਰ ਬਿੰਦੂ ਵਿਚ ਰਖ ਕੇ ਇਹ ਸੋਚ ਉਭਾਰੀ ਗਈ ਹੈ, ਕਿ ‘ਪੰਜਾਬ ਅੰਦਰ ਪੈਦਾ ਹੋਏ ਵਿਚਾਰਧਾਰਕ, ਬੌਧਿਕ ਤੇ ਸਭਿਆਚਾਰਕ ਖਪੇ ਨੂੰ ਪੂਰਨ ਲਈ, ਮੌਜੂਦਾ ਦੌਰ ਵਿਚ ‘ਸੰਵਾਦ ਤੇ ਚਿੰਤਨ’ ਬਿਨਾਂ  ਪੰਜਾਬ ਦੇ ਮੂਲ ਮਸਲਿਆਂ ਨਾਲ ਨਹੀਂ ਨਜਿਠਿਆ ਜਾ ਸਕਦਾ। ‘ਸੰਵਾਦ’ ਨੇ ਪੰਜਾਬ ਨੂੰ ਮੁੜ ਆਜਾਦ ਤੇ ਮੌਲਿਕ ਚਿੰਤਨ ਦੀ ਲੋੜ ਉਭਾਰਦਿਆਂ ‘ਪਾਸ਼ ਦੀ ਕਵਿਤਾ ਨੂੰ ਪੰਜਾਬ ਦੇ ਚਿੰਤਨ ਦੀ ਰਚਨਾ’ ਕਰਾਰ ਦਿਤਾ ਹੈ। ਇਹ ਵੀ ਕਿਹਾ ਗਿਆ ਕਿ ‘ਵਾਰਿਸ ਹੀਰ ਦੇ ਰਾਹੀਂ ਹਰ ਪੰਜਾਬੀ ਨੂੰ ਰੂਪਮਾਨ ਕਰਦਾ ਹੈ ਅਤੇ ਹੀਰ ਪੰਜਾਬ ਨਾਲ ਸੰਵਾਦ ਰਚਾਉਂਦਾ ਇਕ ਪਾਤਰ ਹੈ।’
ਇਹ ਸਮਾਜੀ ਹਕੀਕਤ ਕਿਸੇ ਤੋਂ ਲੁਕੀ ਹੋਈ ਨਹੀਂ ਕਿ ਅਜੋਕਾ ਪੰਜਾਬ ਬੌਧਿਕ ਕੰਗਾਲੀ ਦਾ ਸ਼ਿਕਾਰ ਹੈ। ਪੰਜਾਬ ਦੇ ਬਹੁਤ ਗੰਭੀਰ ਮਸਲਿਆਂ ਨਾਲ ਨਜਿਠਣ ਲਈ ਇਸ ਬੌਧਿਕ ਕੰਗਾਲੀ ਨੂੰ ਦੂਰ ਕਰਨ ਦੀ ਲੋੜ ਹੈ। ਪਰ ਇਸ ਬੌਧਿਕ ਕੰਗਾਲੀ ਦੇ ਕਾਰਨਾਂ ਦੀ ਖੋਜ ਕਰਨ ਤੇ ਇਹਨਾ ਦੀ ਤਹਿ ਤਕ ਜਾਣ ਦੀ ਬਜਾਇ, ਮਾਰਕਸਵਾਦੀ ਫਿਲਾਸਫੀ ਤੋਂ ਟੁਟੇ ਹੋਏ ਰਵਾਇਤੀ ਕਮਿਊਨਿਸਟ, ਪਾਸ਼ ਤੇ ਹੀਰ ਦੇ ਪਾਤਰਾਂ ਰਾਹੀਂ ਪੰਜਾਬ ਦੀ ਇਸ ਬੌਧਿਕ ਕੰਗਾਲੀ ਨੂੰ ਦੂਰ ਕਰਨ ਦੇ ਯਤਨ ਕਰ ਰਹੇ ਹਨ। ਉਂਝ ਅਸੀਂ ਇਹਨਾਂ ਦੀ ਸੁਹਿਰਦਤਾ ਉਤੇ ਸ਼ਕ ਨਹੀਂ ਕਰਦੇ, ਪਰ ਇਕ ਗੱਲ ਜਰੂਰ ਸਪਸ਼ਟ ਕਰਦੇ ਹਾਂ, ਕਿ ਇਹਨਾਂ ਦੀਆਂ ਇਹ ਕੋਸ਼ਿਸ਼ਾਂ ਨਾ ਸਿਰਫ ਫਜੂਲ ਹਨ ਸਗੋਂ ਪੰਜਾਬ ਦੇ ਲੋਗਾਂ ਨੂੰ ਕੁਰਾਹੇ ਪਾਉਣ ਵਾਲੀਆ ਹਨ।
ਮੂਲ ਮਸਲਾ ਕੀ ਹੈ? ਕੁਝ ਇਕ ਨੂੰ ਛਡ ਕੇ, ਇਸ ਧਾਰਨਾ ਬਾਰੇ ਸਾਰੇ ਰਵਾਇਤੀ ਕਮਿਊਨਿਸਟ ਸਹਿਮਤ ਹਨ, ਕਿ ਅਸੀਂ ਅਜੋਕੇ ਸਾਮਰਾਜੀ ਪੂੰਜੀਵਾਦ ਦੇ ਦੌਰ ਵਿਚ ਰਹਿ ਰਹੇ ਹਾਂ। ਇਸ ਦੌਰ ਦਾ ਇਕੋ-ਇਕ ਕਮਿਊਨਿਸਟ ਏਜੰਡਾ ਸਮਾਜਵਾਦੀ ਸਮਾਜ ਦੀ ਸਥਾਪਨਾ ਕਰਨੀ ਜਾਂ ਸਾਮਰਾਜੀ ਵਹਿਸ਼ਤ ਵਿਚ ਜਿਉਣ ਦੀ ਮਜਬੂਰੀ ਹੈ। ਪਿਛਲੀ ਸਦੀ ਵਿਚ ਰੂਸ ਅਤੇ ਚੀਨ ਸਮੇਤ ਕਰੀਬ ਅੱਧੀ ਦੁਨੀਆ ਅੰਦਰ ਸਮਾਜਵਾਦੀ ਸਮਾਜਾਂ ਦੀ ਸਥਾਪਨਾ ਦੇ ਯਤਨ ਹੋਏ, ਪਰ ਸਦੀ ਦੇ ਅੰਤ ਤਕ ਆਉਂਦਿਆ-ਆਉਂਦਿਆ ਇਹ ਸਾਰੇ ਯਤਨ ਕੁਰਾਹੇ ਪੈ ਗਏ। ‘ਮਹਾਨ ਕਿਰਤੀ ਸਭਿਆਚਾਰਕ ਇਨਕਲਾਬ’ ਰਾਹੀਂ ਚੀਨ ਵਿਚ ਸਮਾਜਵਾਦੀ ਸਮਾਜ ਦੀ ਸਥਾਪਨਾ ਦਾ ਆਖਰੀ ਯਤਨ ਵੀ ਮਾਓ-ਜੇ-ਤੁੰਗ ਦੇ ਅਕਾਲ ਚਲਾਣੇ ਤੋਂ ਬਾਅਦ ਪੂੰਜੀਵਾਦੀ ਕੁਰਾਹੇ ਪੈ ਗਿਆ।
ਹੁਣ ਦੁਨੀਆ ਭਰ ਦੇ ਕਮਿਊਨਿਸਟਾਂ ਸਾਹਮਣੇ ਮੂਲ ਮਸਲਾ ਤਾਂ ਇਹ ਹੈ, ਕਿ ਇਹਨਾਂ ਸਮਾਜਵਾਦੀ ਸਮਾਜਾਂ ਦੇ ਕੁਰਾਹੇ ਪੈਣ ਦੇ ਕਾਰਨਾਂ ਦੀ ਪੜਤਾਲ ਕੀਤੀ ਜਾਂਦੀ ਤੇ ਇਹਨਾਂ ਕਾਰਨਾਂ ਤੋਂ ਬਚਦਿਆਂ ਹੋਇਆਂ, ਸਮਾਜਵਾਦੀ ਸਮਾਜ ਦੀ ਸਥਾਪਨਾ ਦੇ ਕਾਰਜ ਨੂੰ ਅਗੇ ਤੋਰਿਆ ਜਾਂਦਾ। ਪਰ ਅਫਸੋਸ ਦੀ ਗੱਲ ਇਹ ਹੈ ਕਿ ‘ਸੁਹਿਰਦ’ ਰਵਾਇਤੀ ਕਮਿਊਨਿਸਟ ਵੀ, ਇਸ ਕਾਰਜ ਨੂੰ ਹੱਥ ਵਿਚ ਲੈਣ ਦੀ ਬਜਾਇ ਮਨ-ਕਲਪਿਤ ਸੰਕਲਪਾਂ ਉਤੇ ਆਧਾਰਿਤ ਪਾਤਰਾਂ ਨੂੰ ਆਧਾਰ ਬਣਾ ਕੇ ਪੰਜਾਬ ਦੇ ਲੋਗਾਂ ਨੂੰ ਗੁੰਮਰਾਹ ਕਰਨ ਤੁਰ ਪਏ ਹਨ।
ਜੇ ਰਵਾਇਤੀ ਕਮਿਊਨਿਸਟ ਸਮਾਜਵਾਦੀ ਸਮਾਜਾਂ ਦੇ ਕੁਰਾਹੇ ਪੈਣ ਦੇ ਕਾਰਨਾਂ ਦੀ ਪੁਣਛਾਣ ਕਰਦੇ ਤਾਂ ਉਹ ਜਰੂਰ ਹੀ ਮਾਰਕਸ ਦੀ ਫਿਲਾਸਫੀ ਨੂੰ ਮੁੜ ਘੋਖਣ ਤੁਰਦੇ। ਜਿਵੇਂ ਕਿ ਪ੍ਰੋ. ਰਣਧੀਰ ਸਿੰਘ ਨੇ ਆਲਮੀ ਕਮਿਊਨਿਸਟ ਲਹਿਰ ਨੂੰ ਮਿਲੀ ਪਛਾੜ ਦੇ ਕਾਰਨਾਂ ਦੀ ਖੋਜ ਕਰਨ ਲਈ ਸੱਦਾ ਦਿਤਾ ਸੀ, ਗੋ ਟੂ ਮਾਰਕਸ ਭਾਵ ਮਾਰਕਸ ਦੀ ਫਿਲਾਸਫੀ ਨੂੰ ਮੁੜ ਤੋਂ ਪੜ੍ਹੋ। ਜੇ ਇਹ ਕਮਿਊਨਿਸਟ ਮਾਰਕਸ ਦੀ ਫਿਲਾਸਫੀ ਨੂੰ ਗਹੁ ਨਾਲ ਮੁੜ ਤੋਂ ਪੜ੍ਹਦੇ, ਤਾਂ ਇਹਨਾਂ ਨੂੰ ਪਤਾ ਲਗਣਾ ਸੀ ਕਿ ਮਾਰਕਸ ਦੀ ਧਰਮ ਬਾਰੇ ਇਕ ਧਾਰਨਾ ਕਿ ‘ਧਰਮ ਲੋਗਾਂ ਦੀ ਅਫੀਮ ਹੈ’ ਨੂੰ     ਅਸਲੀ ਪ੍ਰਸੰਗ ਨਾਲੋਂ ਤੋੜ ਕੇ ਇਸਦੇ ਮੂਲੋਂ ਹੀ ਗਲਤ ਅਰਥ ਕੀਤੇ ਗਏ ਤੇ ਜਿਹਨਾਂ ਅਰਥਾਂ ਨੇ ਸਮੁਚੀ ਆਲਮੀ ਕਮਿਊਨਿਸਟ ਲਹਿਰ ਨੂੰ ਕੁਰਾਹੇ ਪਾ ਦਿਤਾ। ਜੇ ਇਹ ਵੀਰ ਮਾਰਕਸ ਦੀ ਫਿਲਾਸਫੀ ਨੂੰ ਮੁੜ ਤੋਂ ਪੜ੍ਹਦੇ ਤਾਂ ਇਹਨਾਂ ਨੂੰ ਇਹ ਜਾਣਕਾਰੀ ਵੀ ਮਿਲਣੀ ਸੀ, ਕਿ ਮਾਰਕਸ ਨੇ ਬੜੇ ਸਪਸ਼ਟ ਸ਼ਬਦਾਂ ਵਿਚ ਕਿਹਾ ਹੋਇਆ ਹੈ ਕਿ ਨਾਸਤਿਕਤਾ ਕਮਿਊਨਿਜਮ ਨਹੀਂ ਹੈ।
ਜੇ ਇਹਨਾਂ ਕਮਿਊਨਿਸਟਾਂ ਨੇ ਮਾਓ-ਜੇ-ਤੁੰਗ ਦੇ ਇਸ ਕਥਨ ਵੱਲ ਧਿਆਨ ਦਿਤਾ ਹੁੰਦਾ, ਕਿ ਧਰਮ ਮਨੁਖੀ ਸਭਿਆਚਾਰ ਦਾ ਅੰਗ ਹੈ ਤਾਂ ਇਹ ਜਰੂਰ ਹੀ ਧਰਮਾਂ ਨੂੰ ਬਿਨਾਂ ਪੜ੍ਹਿਓ, ਉਹਨਾਂ ਨੂੰ ਨਕਾਰਨ ਦੀ ਰੁਚੀ ਤੋਂ ਖਹਿੜਾ ਛੁਡਾਉਂਦੇ। ਜੇ ਉਹ ਸਾਰੇ ਧਰਮਾਂ ਦੀ ਫਿਲਾਸਫੀ ਨੂੰ ਗੰਭੀਰਤਾ ਨਾਲ ਪੜ੍ਹਦੇ ਤਾਂ ਉਹਨਾ ਨੂੰ ਮਾਰਕਸ ਦੀ ਇਸ ਧਾਰਨਾ ਦੀ ਵੀ ਸਮਝ ਆਉਂਦੀ, ਕਿ ਸਾਰੇ ਧਰਮ ਇਕ-ਦੂਜੇ ਤੋਂ ਟੁਟ ਕੇ ਨਹੀਂ ਸਗੋਂ ਇਕ-ਦੂਜੇ ਦੀ ਨਿਰੰਤਰਤਾ ਵਿਚ ਵਿਕਸਿਤ ਹੋਏ ਹਨ। ਜੇ ਉਹ ਯਹੂਦੀਅਤ, ਇਸਾਈਅਤ ਤੇ ਇਸਲਾਮ ਨਾਲ ਗੁਰਮਤਿ ਦੀ ਨਿਰੰਤਰਤਾ ਦੀ ਭਾਲ ਕਰਦੇ ਤਾਂ ਉਹਨਾਂ ਨੂੰ ਇਕ ਬੜੀ ਦਿਲਚਸਪ ਜਾਣਕਾਰੀ ਮਿਲਦੀ, ਕਿ ਇਹਨਾਂ ਤਿੰਨਾਂ ਧਰਮਾਂ ਦਾ ਮੁਢ ਬਾਬਾ ਆਦਮ ਤੋਂ ਹੋਇਆ ਮੰਨਿਆ ਜਾਂਦਾ ਹੈ, ਪਰ ਗੁਰਮਤਿ ਨੇ ਭਗਤ ਕਬੀਰ ਜੀ ਦੇ ਸ਼ਬਦਾਂ ਵਿਚ ਬਾਬਾ ਆਦਮ ਦੀ ਸਦੀਆਂ ਤੋਂ ਚਲੀ ਆ ਰਹੀ ਇਸ ਮਿਥ ਦਾ ਭਰਮ ਸਦਾ ਲਈ ਖਤਮ ਕਰ ਦਿਤਾ ਹੈ।
ਜੇ ਉਹ ਮਾਰਕਸ ਦੀ ਫਿਲਾਸਫੀ ਪੜ੍ਹਦੇ ਤਾਂ ਉਹਨਾ ਨੂੰ ਇਹ ਗਿਆਨ ਵੀ ਹੁੰਦਾ ਕਿ ਮਾਰਕਸਵਾਦ ਸਮੇਤ ਹਿੰਦ-ਯੂਰਪੀਨ ਦੇਸਾਂ ਦੇ ਸਾਰੇ ਧਰਮਾਂ ਦੀ (ਭਾਵ ਪੂਰਬੀ ਅਤੇ ਪਛਮੀ) ਫਿਲਾਸਫੀ ਦਾ ਮੁਢ ਵੇਦਾਂ ਨਾਲ ਬਝਿਆ ਹੈ ਅਤੇ ਇਹ ਜਾਣਕਾਰੀ ਮਾਰਕਸ ਨੇ ਖੁਦ ਦਿਤੀ ਹੈ। ਵੇਦਾਂਤ ਭਾਵ ਉਪਨਿਸ਼ਦਾਂ ਨੇ ਸਭ ਤੋਂ ਪਹਿਲਾਂ ਬ੍ਰਹਮ ਦੇ ਰੂਪ ਵਿਚ ਕੁਦਰਤ ਤੇ ਮਨੁਖ ਦੇ ਸਿਧੇ ਰਿਸ਼ਤੇ ਦੀ ਜਾਣਕਾਰੀ ਦਿਤੀ। ਇਸ ਬ੍ਰਹਮ ਦਾ ਵਿਅਕਤੀ ਰੂਪ ਬ੍ਰਹਮਾ ਜਾਤਪਾਤ ਤੇ ਸਾਰੇ ਧਾਰਮਿਕ ਕਰਮਕਾਂਡ ਦਾ ਜਨਕ ਹੈ। ਇਹੀ ਮਨ-ਕਲਪਿਤ ਬ੍ਰਹਮਾ ਬ੍ਰਾਹਮਣਵਾਦ ਅਤੇ ਮਨੂੰਵਾਦ ਦਾ ਸਿਧਾਂਤਕ ਆਧਾਰ ਹੈ। ਇਹ ਸਾਰੀ ਜਾਣਕਾਰੀ ਡਾ. ਅੰਬੇਡਕਰ ਨੇ ਆਪਣੀ ਫਿਲਾਸਫੀ ਦੀ ਖੋਜ ਵਿਚ ਦਿਤੀ ਹੈ। ਗੁਰਮਤਿ ਬ੍ਰਹਮ ਦੀ ਹੋਂਦ ਨੂੰ ਬੁਲੰਦ ਕਰਦੀ ਹੈ ਪਰ ‘ਬ੍ਰਹਮਾ ਬਿਸਨ ਮਹੇਸ ਨਾ ਕੋਈ’ ਕਹਿ ਕੇ ਇਸ ਮਨ ਕਲਪਿਤ ਬ੍ਰਹਮਾ ਦੀ ਹੋਂਦ ਤੋਂ ਮੂਲੋਂ ਹੀ ਇਨਕਾਰੀ ਹੈ।
ਇਥੇ ਇਹ ਸਾਰੀ ਚਰਚਾ ਕਰਨ ਦਾ ਮੰਤਵ ਸਿਰਫ ਏਨਾ ਹੈ ਕਿ ਪੰਜਾਬ ਦੀ ਬੌਧਿਕ ਖੜੋਤ ਨੂੰ ਤੋੜਨ ਲਈ ਗੁਰਮਤਿ ਦੀ ਫਿਲਾਸਫੀ ਆਧਾਰ ਬਣ ਸਕਦੀ ਹੈ, ਪਰ ਹੀਰ ਦਾ ਪਾਤਰ ਜਾਂ ਪਾਸ਼ ਦੀ ਕਵਿਤਾ ਨਹੀਂ। ਇਹ ਇਕ ਵਖਰੀ ਚਰਚਾ ਦਾ ਵਿਸ਼ਾ ਹੈ ਕਿ ਇਕ ਉਲਝੇ ਰਾਜਸੀ ਮਾਹੌਲ ਵਿਚ ਪਾਸ਼ ਦੇ ਹੋਏ ਦੁਖਦਾਈ ਕਤਲ ਨੂੰ ਕਿਵੇਂ ਕੁਝ ਲੋਗਾਂ ਦਾ ਹੀਰੋ ਬਣਾ ਕੇ ਪੇਸ਼ ਕੀਤਾ ਗਿਆ, ਤਾਂ ਕਿ ਸਰਕਾਰੀ ਜਬਰ ਦਾ ਟਾਕਰਾ ਕਰ ਰਹੇ ਸਿਖਾਂ ਨੂੰ ਬਦਨਾਮ ਕਰਨ ਲਈ ਉਸਦਾ ਰਾਜਸੀ ਲਾਹਾ ਲਿਆ ਜਾ ਸਕੇ। ਜਿਥੋਂ ਤਕ ਹੀਰ ਦੇ ਪਾਤਰ ਦੀ ਗੱਲ ਹੈ, ‘ਯਾਰੜੇ ਦਾ ਸਾਨੂੰ ਸਥਰ ਚੰਗਾ ਭਠ ਖੇੜਿਆ ਦਾ ਰਹਿਣਾ’, ਤੋਂ ਵਡੀ ਪ੍ਰਵਾਨਗੀ ਹੋਰ ਕੀ ਮਿਲ ਸਕਦੀ ਹੈ? ਪਰ ਹੀਰ ਦਾ ਪਾਤਰ ਸਥਾਪਤੀ ਵਿਰੁਧ ਇਕ ਬਹੁਤ ਛੋਟੀ ਬਗਾਵਤ ਦਾ ਪ੍ਰਤੀਕ ਹੈ। ਉਹ ਪੰਜਾਬ ਦੇ ਸਾਰੇ ਮਸਲਿਆਂ ਦੇ ਹੱਲ ਲਈ ਸਥਾਪਤੀ ਵਿਰੁਧ ਜੰਗ ਦੇ ਐਲਾਨਨਾਮੇ ਲਈ ਰਾਹ ਦਰਸਾਵਾਂ ਨਹੀਂ ਬਣ ਸਕਦਾ ਤੇ ਨਾ ਹੀ ਉਸ ਵਡੀ ਸਿਧਾਂਤਕ ਜੰਗ ਲਈ ਪ੍ਰੇਰਨਾ ਦਾ ਸ੍ਰੋਤ ਬਣ ਸਕਦਾ ਹੈ।

Leave a Reply

Your email address will not be published. Required fields are marked *