ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼ ਲੇਖ ਲੜੀ-1

(ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਰਿਟਾਇਰਡ ਜਜ, ਜਸਟਿਸ ਅਜੀਤ ਸਿੰਘ ਬੈਂਸ ਦਾ ਸਮੁਚਾ ਜੀਵਨ ਮਨੁਖੀ ਅਧਿਕਾਰਾਂ ਦੀ ਰਾਖੀ ਲਈ ਸਮਰਪਿਤ ਰਿਹਾ ਹੈ। ਪੰਜਾਬ ਅੰਦਰਲੇ ਦੋ ਦਹਾਕੇ ਦੇ ਖ਼ੂਨੀ ਦੌਰ ਵਿਚ ਜਦੋਂ ਸਾਰੀਆਂ ਜੁਬਾਨਾਂ ਸਰਕਾਰੀ ਦਹਿਸ਼ਤ ਨਾਲ ਚੁਪ ਕਰਵਾ ਦਿਤੀਆਂ ਗਈਆਂ ਸਨ, ਤਾਂ ਇਹ ਜਸਟਿਸ ਬੈਂਸ ਦੀ ਆਵਾਜ਼ ਹੀ ਸੀ, ਜਿਹੜੀ ਸਰਕਾਰੀ ਜ਼ਬਰ ਵਿਰੁਧ ਬੇਖੌਫ਼ ਹੋ ਕੇ ਗੂੰਜਦੀ ਰਹੀ। ਉਸ ਵੇਲੇ ਦੇ ਪੁਲੀਸ ਮੁਖੀ ਰਿਬੇਰੋ ਦੀ ਕਿਤਾਬ ‘ਗੋਲੀ ਬਦਲੇ ਗੋਲੀ’ ਵਿਚ ਜਸਟਿਸ ਬੈਂਸ ਬਾਰੇ ਲਿਖੇ ਦੋ ਕਾਂਡ ਇਸ ਸਚਾਈ ਦੀ ਪੁਸ਼ਟੀ ਕਰਦੇ ਹਨ। ਮੁਖ ਮੰਤਰੀ ਬੇਅੰਤ ਸਿੰਘ ਦੇ ਰਾਜ ਵਿਚ ਉਨ੍ਹਾਂ ਦੀ ਹਥਕੜੀ ਲਾ ਕੇ ਕੀਤੀ ਗਈ ਗ੍ਰਿਫ਼ਤਾਰੀ ਉਨ੍ਹਾਂ ਦੀ ਆਵਾਜ਼ ਨੂੰ ਬੰਦ ਕਰਵਾਉਣ ਦਾ ਹੀ ਇਕ ਯਤਨ ਸੀ। ਪਰ ਇਹ ਸਾਰੇ ਯਤਨ ਜਸਟਿਸ ਬੈਂਸ ਦੀ ਆਵਾਜ਼ ਨੂੰ ਚੁਪ ਨਾ ਕਰਵਾ ਸਕੇ। ਜਸਟਿਸ ਬੈਂਸ ਨੇ ਮਨੁਖੀ ਅਧਿਕਾਰਾਂ ਦੇ ਆਲਮੀ ਦਸਤਾਵੇਜ਼ਾਂ ਦਾ ਪੂਰੀ ਗੰਭੀਰਤਾ ਨਾਲ ਅਧਿਐਨ ਕੀਤਾ ਹੈ। ਆਪਣੀ ਜ਼ਿੰਦਗੀ ਦੇ 9 ਦਹਾਕੇ ਪੂਰੇ ਕਰਨ ਦੇ ਬਾਵਜੂਦ ਅਜੇ ਵੀ ਜਸਟਿਸ ਬੈਂਸ ਮਨੁਖੀ ਅਧਿਕਾਰਾਂ ਪ੍ਰਤੀ ਚੇਤੰਨ ਹਨ। ਅਜੋਕੇ ਸਮੇਂ ਵਿਚ ਗੁਰਮਤਿ ਦੀ ਮਹਤਤਾ ਦੇ ਪ੍ਰਸੰਗ ਵਿਚ ਉਨ੍ਹਾਂ ਦੀ ਇਹ ਲਿਖਤ ਬੜੀ ਅਹਿਮ ਹੈ। ਉਨ੍ਹਾਂ ਦੀ ਇਹ ਲਿਖਤ ਅਸੀਂ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼ ਲੇਖ ਲੜੀ ਵਜੋਂ ਪਾਠਕਾਂ ਦੇ ਸਨਮੁਖ ਕਰ ਰਹੇ ਹਾਂ। -ਸੰਪਾਦਕ)

ਪਹਿਲੀ ਵਾਰ ਜਦੋਂ ਮੈਂ ਮਨੁਖੀ ਹੱਕਾਂ ਦਾ ਆਲਮੀ ਐਲਾਨਨਾਮਾ ਅਤੇ ਸਮਾਜੀ ਤੇ ਸਿਆਸੀ ਹੱਕਾਂ ਬਾਰੇ ਅਡ ਅਡ ਆਲਮੀ ਦਸਤਾਵੇਜ਼ ਪੜ੍ਹੇ ਤਾਂ ਮੈਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਇਨ੍ਹਾਂ ਆਲਮੀ ਦਸਤਾਵੇਜ਼ਾਂ ਵਿਚ ਦਰਜ਼ ਮਨੁਖੀ ਹੱਕ ਗੁਰਬਾਣੀ ਉਤੇ ਆਧਾਰਿਤ ਹਨ। ਮੈਨੂੰ ਇਉਂ ਜਾਪਿਆ ਜਿਵੇਂ ਇਹ ਦਸਤਾਵੇਜ਼ ਲਿਖਣ ਵਾਲੇ ਚਿੰਤਕਾਂ ਨੇ ਜ਼ਰੂਰ ਹੀ ਗੁਰਬਾਣੀ ਨੂੰ ਪੜ੍ਹਿਆ ਹੋਵੇਗਾ। ਇਨ੍ਹਾਂ ਆਲਮੀ ਐਲਾਨਨਾਮਿਆਂ ਵਿਚ ਦਰਜ਼ ਮਨੁਖੀ ਜ਼ਿੰਦਗੀ ਨਾਲ ਸਬੰਧਤ ਸਮਾਜਿਕ, ਆਰਥਿਕ ਅਤੇ ਸਿਆਸੀ ਹੱਕ, ਸਾਰਿਆਂ ਲਈ ਇਕੋ ਜਿਹੇ ਤੇ ਜਾਤ, ਨਸਲ, ਲਿੰਗ, ਧਰਮ ਅਤੇ ਕੌਮ ਦੇ ਵਿਤਕਰੇ ਤੋਂ ਰਹਿਤ ਹਨ। ਗੁਰਬਾਣੀ ਦਾ ਮਿਸ਼ਨ ਵੀ ਇਹੀ ਹੈ। ਗੁਰਬਾਣੀ ਸਾਰੇ ਮਨੁਖਾਂ ਲਈ ਇਕੋ ਜਿਹੇ ਸਮਾਜਿਕ, ਆਰਥਿਕ ਤੇ ਸਿਆਸੀ ਹੱਕ ਦੇਣ ਦੀ ਵਜਾਹਤ ਕਰਦੀ ਹੈ। ਸਿਖ ਆਪਣੀ ਅਰਦਾਸ ਸਰਬਤ ਦੇ ਭਲੇ ਨਾਲ ਖਤਮ ਕਰਦੇ ਹਨ : ਨਾਨਕ ਨਾਮ ਚੜ੍ਹਦੀ ਕਲਾ। ਤੇਰੇ ਭਾਣੇ ਸਰਬਤ ਦਾ ਭਲਾ।
ਗੁਰੂ ਨਾਨਕ ਦੇਵ ਆਪਣੀ ਸਾਰੀ ਬਾਣੀ ਵਿਚ ਸਮਾਜੀ ਸਿਆਸੀ ਤੇ ਆਰਥਿਕ ਜਬਰ ਦੀ ਨਿਖੇਧੀ ਕਰਦੇ ਹਨ। ਗੁਰਬਾਣੀ ਮਨੁਖ ਨੂੰ ਪ੍ਰੇਰਨਾ ਦੇਂਦੀ ਹੈ ਕਿ ਉਹ ਹਰ ਤਰ੍ਹਾਂ ਦੇ ਅਨਿਆਂ ਅਤੇ ਜਬਰ ਵਿਰੁਧ ਆਵਾਜ਼ ਬੁਲੰਦ ਕਰੇ। ਗੁਰੂ ਸਾਹਿਬ ਨੇ ਸਾਰੇ ਮਨੁਖਾਂ ਦੀ ਬਰਾਬਰੀ ਤੇ ਹਰ ਤਰ੍ਹਾਂ ਦੇ ਵਿਤਕਰੇ ਵਿਰੁਧ ਪ੍ਰਚਾਰ ਕੀਤਾ। ਗੁਰਬਾਣੀ ਜਾਤਪਾਤ ਤੇ ਛੂਤਛਾਤ ਦੇ ਵਿਰੁਧ ਹੈ। ਉਹ ਔਰਤਾਂ ਦੇ ਦਲਿਤਾਂ ਨਾਲ ਵਿਤਕਰੇ ਦਾ ਵਿਰੋਧ ਕਰਦੀ ਹੈ। ਇਸੇ ਕਰਕੇ ਗੁਰਬਾਣੀ ਨੇ ਸਤੀ ਤੇ ਕੁੜੀਮਾਰ ਵਰਗੀਆਂ ਰਸਮਾਂ ਦੀ ਨਿਖੇਧੀ ਕੀਤੀ। ਗੁਰਬਾਣੀ ਇਹੋ ਜਿਹੇ ਰਾਜ ਦੀ ਕਲਪਨਾ ਕਰਦੀ ਹੈ, ਜਿਥੇ ਕਿਸੇ ਤਰ੍ਹਾਂ ਦਾ ਜਬਰ ਤੇ ਵਿਤਕਰਾ ਨਾ ਹੋਵੇ ਤੇ ਜਿਥੇ ਸਾਰਿਆਂ ਨਾਲ ਬਰਾਬਰੀ ਦਾ ਵਿਹਾਰ ਕੀਤਾ ਜਾਵੇ। ਗੁਰਬਾਣੀ ਸਮਾਜਵਾਦੀ ਸਮਾਜ ਤੋਂ ਅਗੇ ਵਧ ਕੇ ਹਰ ਤਰ੍ਹਾਂ ਦੀ ਬਰਾਬਰੀ ਦੇ ਸਮਾਜ ਦੀ ਵਜਾਹਤ ਕਰਦੀ ਹੈ।
ਗੁਰਬਾਣੀ ਮਨੁਖੀ ਹਕਾਂ ਬਾਰੇ ਆਲਮੀ ਐਲਾਨਨਾਮੇ ਤੋਂ ਵੀ ਅਗੇ ਜਾ ਕੇ ਕਿਰਤ ਕਰਨ ਅਤੇ ਵੰਡ ਛਕਣ ਦੀ ਗਲ ਕਰਦੀ ਹੈ। ਘਾਲ ਖਾਇ ਕਿਛੁ ਹਥਹੁ ਦੇਇ। ਨਾਨਕ ਰਾਹ ਪਛਾਣੇ ਸੇਇ
ਗੁਰਬਾਣੀ ਪਰਜੀਵਤਾ ਤੇ ਜਾਗੀਰਦਾਰੀ ਪ੍ਰਬੰਧ ਵਿਰੁਧ ਵੀ ਆਵਾਜ਼ ਉਠਾਉਂਦੀ ਹੈ। ਗੁਰਬਾਣੀ ਧਨਾਢ ਵਰਗ ਵਲੋਂ ਗਰੀਬ ਲੋਕਾਂ ਉਤੇ ਜਬਰ ਕਰਨ ਦੀ ਵੀ ਨਿਖੇਧੀ ਕਰਦੀ ਹੈ। ਗੁਰੂ ਸਾਹਿਬ ਨੇ ਮਲਕ ਭਾਗੋ ਦਾ ਖੀਰਾਂ ਪੂੜੇ ਖਾਣ ਦਾ ਸੱਦਾ ਠੁਕਰਾਅ ਕੇ ਭਾਈ ਲਾਲੋ ਦੇ ਘਰੋਂ ਕੌਧਰੇ ਦੀ ਰੋਟੀ ਖਾਣੀ ਪਸੰਦ ਕੀਤੀ। ਗੁਰੂ ਸਾਹਿਬ ਨੇ ਸਪਸ਼ਟ ਤੌਰ ਉਤੇ ਕਿਹਾ ਕਿ ਹੋਰਨਾਂ ਕਿਰਤੀਆਂ ਦੀ ਲੁਟ ਖਸੁਟ ਕੀਤੇ ਬਿਨਾਂ ਮਾਇਆ ਇਕਠੀ ਨਹੀਂ ਹੁੰਦੀ। ਪਰ ਇਸ ਤਰ੍ਹਾਂ ਇਕਠੀ ਕੀਤੀ ਮਾਇਆ ਦਾ ਗੁਰਬਾਣੀ ਡਾਢਾ ਵਿਰੋਧ ਕਰਦੀ ਹੈ। ਪਾਪਾਂ ਬਾਝਹੁ ਹੋਵਇ ਨਾਹੀ। ਮੋਇਆ ਸਾਥ ਨਾ ਜਾਈ
ਗੁਰਬਾਣੀ ਗ੍ਰਹਿਸਥੀ ਜੀਵਨ ਜਿਉਣ ਦੀ ਪ੍ਰੇਰਨਾ ਦੇਂਦੀ ਹੈ ਅਤੇ ਸਮਾਜ ਨੂੰ ਤਿਆਗਣ ਦਾ ਵਿਰੋਧ ਕਰਦੀ ਹੈ। ਗੁਰੂ ਸਾਹਿਬਾਨ ਇਸ ਤਰ੍ਹਾਂ ਦੇ ਲੋਕਾਂ ਨੂੰ ਸਮਾਜ ਉਤੇ ਬੋਝ ਹੋਣ ਦਾ ਫਤਵਾ ਦੇਂਦੇ ਹਨ। ਇਸੇ ਕਰਕੇ ਗੁਰਬਾਣੀ ਗ੍ਰਹਿਸਥੀ ਵਿਚ ਉਦਾਸੀ ਭਾਵ ਸਮਾਜੀ ਜ਼ਿਦਗੀ ਜਿਉਂਦਿਆਂ ਹੋਇਆ ਮਾਇਆ ਤੋਂ ਨਿਰਲੇਪ ਰਹਿਣ ਦੀ ਪ੍ਰੇਰਨਾ ਦੇਂਦੀ ਹੈ। ਮਨੁਖੀ ਜ਼ਿੰਦਗੀ ਵਿਚ ਜ਼ਹਿਰ ਘੋਲਣ ਵਾਲੀਆਂ ਦੋ ਬੁਨਿਆਦੀ ਕਮਜ਼ੋਰੀਆਂ ਭਾਵ ਲਾਲਚ ਤੇ ਡਰ ਤੋਂ ਰਹਿਤ ਜ਼ਿੰਦਗੀ ਜਿਉਣ ਦੀ ਪ੍ਰੇਰਨਾ ਕਰਨ ਵੇਲੇ ਵੀ ਗੁਰਬਾਣੀ ਦਾ ਮੰਤਵ ਮਨੁਖੀ ਸਮਾਜ ਨੂੰ ਉਚੇਰੇ ਪਧਰ ਉਤੇ ਜਥੇਬੰਦ ਕਰਨਾ ਹੈ। ਗੁਰਬਾਣੀ ਦੂਜੇ ਦੇਸਾਂ ਉਤੇ ਹਮਲਾ ਕਰਨ ਵਾਲੇ ਰਜਵਾੜਿਆਂ ਤੇ ਬਾਦਸ਼ਾਹ ਦੀ ਨਿਖੇਧੀ ਕਰਦੀ ਹੈ।
ਗੁਰੂ ਨਾਨਕ ਨੇ ਮੁਗਲ ਬਾਦਸ਼ਾਹ ਬਾਬਰ ਦੇ ਮੂੰਹ ਉਤੇ ਕਿਹਾ ਸੀ —
ਪਾਪ ਜੀ ਜੰਝ ਲੈ ਕਾਬਲਹੁ ਧਾਇਆ ਜੋਰੀ ਮੰਗਹਿ ਦਾਨ ਵੇ ਲਾਲੋ
ਗੁਰਬਾਣੀ ਰਿਸ਼ਵਤਖੋਰ ਜਜਾਂ, ਅਫਸਰਾਂ ਤੇ ਨੌਕਰਸ਼ਾਹੀ ਨੂੰ ਵੀ ਕੁਤੇ ਤੇ ਸੂਰ ਕਹਿੰਦੀ ਹੈ। ਗੁਰਬਾਣੀ ਨਾ ਸਿਰਫ ਸਰਕਾਰੀ ਜਬਰ ਦਾ ਵਿਰੋਧ ਕਰਦੀ ਹੈ, ਸਗੋਂ ਹਰ ਤਰ੍ਹਾਂ ਦੇ ਜਬਰ ਸਹਿਣ ਵਾਲੇ ਮਨੁਖਾਂ ਦੀ ਜ਼ਮੀਰ ਨੂੰ ਜਗਾਉਂਦੀ ਹੋਈ ਇਸ ਵਿਰੁਧ ਉਠਣ ਦੀ ਪ੍ਰੇਰਨਾ ਵੀ ਦਿੰਦੀ ਹੈ। ਗੁਰਬਾਣੀ ਉਨ੍ਹਾਂ ਲੋਕਾਂ ਨੂੰ ਜਾਲਮ ਤੇ ਜਾਬਰ ਦਾ ਭਾਈਵਾਲ ਕਹਿੰਦੀ ਹੈ, ਜਿਹੜੇ ਲੋਕ ਸਰਕਾਰੀ ਦਹਿਸ਼ਤਗਰਦੀ ਵਿਰੁਧ ਆਵਾਜ਼ ਨਹੀਂ ਉਠਾਉਂਦੇ ਤੇ ਅੱਖਾਂ ਸਾਹਮਣੇ ਹੁੰਦੇ ਜ਼ੁਲਮ ਨੂੰ ਦੇਖ ਕੇ ਚੁਪ ਧਾਰ ਲੈਂਦੇ ਹਨ। ਗੁਰਬਾਣੀ ਅਨੁਸਾਰ ਉਨ੍ਹਾਂ ਦੀ ਇਹ ਚੁਪ ਜ਼ਾਲਮ ਨੂੰ ਹੋਰ ਜਬਰ ਕਰਨ ਲਈ ਹੌਂਸਲਾ ਦੇਂਦੀ ਹੈ। ਇਸੇ ਲਈ ਗੁਰਬਾਣੀ ਕਹਿੰਦੀ ਹੈ ਕਿ ਜ਼ੁਲਮ ਵਿਰੁÎਧ ਆਵਾਜ਼ ਨਾ ਉਠਾਉਣਾ ਪਾਪ ਹੈ। ਗੁਰਬਾਣੀ ਸਮਾਜੀ, ਆਰਥਿਕ ਤੇ ਸਿਆਸੀ ਜ਼ਿੰਦਗੀ ਦੀ ਬਰਾਬਰੀ ਤੇ ਸਾਰਿਆਂ ਨੂੰ ਇਕੋ ਜਿਹਾ ਨਿਆਂ ਦੇਣ ਵਾਲੇ ਰਾਜ ਦੀ ਪ੍ਰੇਰਨਾ ਦੇਂਦੀ ਹੈ। ਇਹ ਸਾਰਾ ਕੁਝ ਹੀ ਮਨੁਖੀ ਹੱਕਾਂ ਦੇ ਆਲਮੀ ਐਲਾਨਨਾਮੇ ਵਿਚ ਦਰਜ ਹੈ। ਇਸ ਐਲਾਨਨਾਮੇ ਦੇ ਮੁਢਲੇ ਸ਼ਬਦ ਹਨ, ”ਕਾਨੂੰਨ ਦੇ ਰਾਜ ਰਾਹੀਂ ਸਾਰੇ ਲੋਕਾਂ ਦੇ ਮਨੁਖੀ ਹੱਕਾਂ ਦੀ ਰਾਖੀ ਅਤੀ ਜ਼ਰੂਰੀ ਹੈ ਤਾਂ ਕਿ ਮਨੁਖ ਨੂੰ ਮਜ਼ਬੂਰ ਹੋ ਕੇ ਆਖਰੀ ਹਥਿਆਰ ਵਜੋਂ ਸਰਕਾਰੀ ਜਬਰ ਤੇ ਜ਼ੁਲਮ (ਦਹਿਸ਼ਤਗਰਦੀ) ਵਿਰੁਧ ਬਗਾਵਤ ਨਾ ਕਰਨੀ ਪਵੇ।”
ਇਸ ਤਰ੍ਹਾਂ ਯੂਨਾਈਟਡ ਨੇਸ਼ਨਜ਼ ਵਲੋਂ ਪਾਸ ਕੀਤੇ ਗਏ ਮਨੁਖੀ ਹਕਾਂ ਦੇ ਆਲਮੀ ਐਲਾਨਨਾਮੇ ਵਿਚ ਜੋ ਕੁਝ ਕਿਹਾ ਗਿਆ ਹੈ ਉਹੀ ਕੁਝ ਗੁਰੂ ਨਾਨਕ ਸਾਹਿਬ ਨੇ ਅਜ ਤੋਂ ਪੰਜ ਸੌ ਸਾਲ ਪਹਿਲਾਂ ਕਹਿ ਦਿਤਾ ਸੀ।
ਅੱਜ ਦੇ ਜਾਬਰ ਹੁਕਮਰਾਨ ਵੀ ਇਸੇ ਭਰਮ ਵਿਚ ਹਨ ਕਿ ਲੋਕ ਚੁਪ ਹਨ। ਉਹ ਉਨ੍ਹਾਂ ਦੇ ਜ਼ੁਲਮ ਵਿਰੁਧ ਆਵਾਜ਼ ਨਹੀਂ ਉÎਠਾ ਰਹੇ। ਇਸ ਲਈ ਹੁਕਮਰਾਨ ਆਪਣੀਆਂ ਜ਼ਾਬਰ ਨੀਤੀਆਂ ਨੂੰ ਅਗੇ ਵਧਾ ਰਹੇ ਹਨ। ਅਜੋਕਾ ਪੰਜਾਬ ਖੂਨੀ ਦਹਾਕਿਆਂ ਦੌਰਾਨ ਹੁਕਮਰਾਨਾਂ ਵਲੋਂ ਸਰਕਾਰੀ ਬੰਦੂਕਾਂ ਦੇ ਜੋਰ ਨਾਲ ਪਾਈ ਦਹਿਸ਼ਤ ਤੇ ਪੈਦਾ ਕੀਤੇ ਡਰ ਦੇ ਸਾਏ ਹੇਠ ਜੀਅ ਰਿਹਾ ਹੈ। ਗੁਰਬਾਣੀ ਨੂੰ ਅਮਲੀ ਪਧਰ ਉਤੇ ਜੀਅ ਕੇ ਹੀ ਇਸ ਡਰ ਦੇ ਸਾਏ ਵਿਚੋਂ ਬਾਹਰ ਨਿਕਲਿਆ ਜਾ ਸਕਦਾ ਹੈ।

ਜਸਟਿਸ ਅਜੀਤ ਸਿੰਘ ਬੈਂਸ (ਚੇਅਰਮੈਨ ਪੰਜਾਬ ਮਨੁਖੀ ਅਧਿਕਾਰ ਸੰਗਠਨ)

Leave a Reply

Your email address will not be published. Required fields are marked *