ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼ ਲੇਖ ਲੜੀ-2

(ਗੁਰੂ ਨਾਨਕ ਸਾਹਿਬ ਦੇ ਨਵੰਬਰ ਮਹੀਨੇ ਵਿਚ ਆ ਰਹੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸੰਸਾਰ ਭਰ ਦੀਆਂ ਸੰਗਤਾਂ ਵਿਚ ਬੜਾ ਭਾਰੀ ਉਤਸ਼ਾਹ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਕਾਬਜ਼ ਬਾਦਲਕੇ ਤੇ ਸਰਕਾਰੀ ਧਿਰਾਂ ਇਸ ਮੌਕੇ ਦਾ ਰਾਜਸੀ ਲਾਹਾ ਲੈਣ ਲਈ ਅਨੇਕ ਯਤਨ ਕਰਨਗੀਆਂ। ਪਰ ਅਸੀਂ ਅਜੋਕੇ ਸਮੇਂ ਵਿਚ ਗੁਰੂ ਸਾਹਿਬ ਦੀ ਵਿਚਾਰਧਾਰਾ ਦੀ ਅਹਿਮੀਅਤ ਨੂੰ ਪ੍ਰਗਟ ਕਰਦੀਆਂ ਕੁਝ ਅਹਿਮ ਲਿਖਤਾਂ ਛਾਪਣ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਕਿਰਸਾਣੀ ਸੰਕਟ ਦਾ ਇਕੋ ਇਕ ਹੱਲ — ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਇਸ ਲੜੀ ਦਾ ਦੂਜਾ ਲੇਖ ਹੈ। -ਸੰਪਾਦਕ)

ਆਦਿ ਕਾਲ ਤੋਂ ਮਨੁੱਖ ਉਪਜੀਵਕਾ ਪੈਦਾ ਕਰਨ ਲਈ ਕਾਰਜਸ਼ੀਲ ਰਿਹਾ ਹੈ। ਉਸਦੀ ਜੀਵਨ ਨੂੰ ਕਾਇਮ ਰਖਣ ਅਤੇ ਜਾਰੀ ਰਖਣ ਦੀ ਹਰ ਕੋਸ਼ਿਸ਼ ਉਪਜੀਵਕਾ ਨਾਲ ਹੀ ਜੁੜੀ ਹੋਈ ਹੈ। ਕੁਲੀ ਗੁਲੀ ਜੁਲੀ ਵਿਚੋਂ ਪ੍ਰਮੁਖ ਥਾਂ ਗੁਲੀ ਦੀ ਰਹੀ ਹੈ। ‘ਪੇਟ ਨਾ ਪਈਆਂ ਰੋਟੀਆਂ ਸਬੇ ਗੱਲਾਂ ਖੋਟੀਆਂ’ ਇਕ ਅਜਿਹੀ ਕਹਾਵਤ ਹੈ ਜੋ ਖੇਤੀ ਦੇ ਉਸ ਅਰਥਚਾਰੇ ਵਲ ਸੰਕੇਤ ਕਰਦੀ ਹੈ, ਜਿਸ ਤੋਂ ਮਨੁਖ ਜੀਵਨ ਸਾਧਨ ਪ੍ਰਾਪਤ ਕਰਦਾ ਹੈ। ਪੰਜਾਬ ਇਕ ਅਜਿਹਾ ਖੇਤਰ ਹੈ, ਜਿਸ ਨੂੰ ਖੇਤੀ ਪ੍ਰਧਾਨ ਖੇਤਰ ਵਜੋਂ ਗੌਰਵ ਪ੍ਰਾਪਤ ਰਿਹਾ ਹੈ। ਕਦੇ ਸਪਤ ਸਿੰਧੂ, ਕਦੇ ਪੰਚਨਦ ਤੇ ਕਦੇ ਪੰਜਾਬ ਦੇ ਨਾਮ ਨਾਲ ਜਾਣਿਆ ਜਾਂਦਾ ਇਹ ਖੇਤਰ ਆਪਣੇ ਕੁਦਰਤੀ ਜਲ ਸੋਮਿਆਂ, ਜ਼ਰਖੇਜ਼ ਜ਼ਮੀਨ ਅਤੇ ਜੀਵਨ ਦਾਇਕ ਪੌਣ ਚੱਕਰਾਂ ਕਰਕੇ ਜਾਣਿਆ ਜਾਂਦਾ ਰਿਹਾ ਹੈ। ਉਤਰ ਪਛਮ ਤੋਂ ਅੰਨ ਭੰਡਾਰਾਂ ਦੇ ਇਸ ਗੜ੍ਹ ਉਤੇ ਜਰਵਾਣੇ ਹਮਲੇ ਕਰਦੇ ਰਹੇ ਹਨ। ਅਜੋਕੀ ਦਸ਼ਾ ਵਾਲਾ ਢਾਈ ਦਰਿਆਵਾਂ ਦਾ ਪੰਜਾਬ ਵੀ ਦੇਸ ਦੇ ਅੰਨ-ਭੰਡਾਰਾਂ ਨੂੰ ਭਰਨ ਲਈ ਪਹਿਲਕਦਮੀ ਕਰਨ ਵਿਚ ਕਦੇ ਪਿਛੇ ਨਹੀਂ ਰਿਹਾ।
ਕਿਰਸਾਣੀ ਦਾ ਕੰਮ ਕਿਸੇ ਵੀ ਕੌਮ ਜਾਂ ਦੇਸ ਦੇ ਮੂਲ ਵਜੋਂ ਜਾਣਿਆ ਜਾਂਦਾ ਹੈ। ਪੁਰਾਤਨ ਇਤਿਹਾਸ ਵਿਚ ਕਿਰਸਾਨ ਨੂੰ ਸੰਸਾਰ ਦੇ ਚਲਦੇ ਰਹਿਣ ਲਈ ਮੂਲ ਧੁਰੇ ਵਜੋਂ ਪਰਵਾਨ ਕਰਦਿਆਂ ਇਹ ਆਖਿਆ ਗਿਆ ਹੈ ਕਿ ਉਹ ਕਿਰਸਾਣ ਦੂਜੇ ਕੰਮਾਂ ਵਿਚ ਰੁਝੇ ਹੋਏ ਉਨ੍ਹਾਂ ਸਭ ਲੋਕਾਂ ਨੂੰ ਜਿਉਣ ਜੋਗੇ ਕਰਦੇ ਹਨ, ਜਿਹੜੇ ਆਪ ਜ਼ਮੀਨ ਵਿਚ ਹਲ ਨਹੀਂ ਵਾਹ ਸਕਦੇ। ਇਸ ਸੰਬੰਧ ਵਿਚ ਹੋਰ ਆਖਿਆ ਗਿਆ ਹੈ ਕਿ ਜੋ ਆਪਣੇ ਹੀ ਢਿਡ ਤੱਕ ਸੀਮਤ ਹੈ ਉਹ ਆਪਣੇ ਆਪ ਵਿਚ ਵਡਾ ਪਾਪ ਕਰਦਾ ਹੈ। ਕੇਵਲ ਆਪਣੇ ਢਿਡ ਦਾ ਮਿਤਰ ਸਵਾਰਥੀ, ਮਹਾਂਦੋਸ਼ੀ ਤੇ ਮਹਾਂਪਾਪੀ ਹੈ। ਕਿਰਸਾਣ ਖੇਤਾਂ ਵਿਚ ਕੰਮ ਕਰਦਿਆਂ ਆਪਣੀ ਉਪਜੀਵਕਾਂ ਤਾਂ ਕਮਾਉਂਦਾ ਹੀ ਹੈ, ਦੂਜਿਆਂ ਲਈ ਵੀ ਰੋਟੀ ਦਾ ਪ੍ਰਬੰਧ ਕਰਦਾ ਹੈ। ਇਸ ਦੇ ਨਾਲ-ਨਾਲ ਜੈਵਿਕ ਚਕਰ ਨਾਲ ਜੁੜੀ ਹੋਈ ਕੁਲ ਪ੍ਰਕਿਰਤੀ ਲਈ ਵੀ ਸਹਾਈ ਹੁੰਦਾ ਹੈ। ਧਰਤੀ ਨੂੰ ਆਪਣੀ ਮਿਹਨਤ ਦੀ ਛੋਹ ਦੇ ਕੇ ਉਸ ਦੀ ਸਿਰਜਣ ਸ਼ਕਤੀ ਨੂੰ ਮਨੁਖ ਦੀਆਂ ਲੋੜਾਂ ਲਈ ਜਗਾਉਂਦਾ ਹੈ। ਬੀਜਣ ਦੇ ਸੰਕਲਪ ਨੂੰ ਅਤੀ ਪਵਿਤਰ ਕਾਰਜ ਵਜੋਂ ਵੇਖਦਿਆਂ ਹੀ ਗੁਰਬਾਣੀ ਵਿਚ ਕਥਨ ਕੀਤਾ ਗਿਆ ਹੈ —
ਅਬ ਕਲੂ ਆਇਓ ਰੇ ਰਾਮ ਬੋਵੋ
ਅਨਰੁਤਿ ਨਾਹੀ ਮਤ ਭਰਮ ਭੂਲੋ।
ਖੇਤੀ ਵਿਚ ਵੱਤਰ ਨੂੰ ਬਹੁਤ ਮਹਤਵ ਦਿਤਾ ਜਾਂਦਾ ਹੈ। ਗੁਰੂ ਸਾਹਿਬ ਨੇ ਖੇਤੀ ਦੇ ਇਸ ਮੂਲ ਸ਼ਬਦ ਨੂੰ ਆਧਾਰ ਬਣਾ ਕੇ ਲਿਖਿਆ ਹੈ — ਜਿਨੀ ਵਤੇ ਹਰ ਨਾਮੁ ਨਾ ਬੀਜੀਓ ਸੇ ਕਾਹੇ ਜਗਿ ਆਇ।
ਗੁਰਬਾਣੀ ਵਿਚ ਬੀਜਣ ਦੇ ਕਾਰਜ ਨੂੰ ਬੁਨਿਆਦੀ ਕਾਰਜ ਦਸਿਆ ਗਿਆ ਹੈ। ਕਰਮ-ਖੇਤਰ ਵਜੋਂ ਕਿਸਾਨੀ ਇਕ ਅਜਿਹਾ ਕਿੱਤਾ ਹੈ ਜਿਸ ਦੀ ਨਿਰਭਰਤਾ ਕਿਰਸਾਣ ਦੇ ਅਮਲ ਨਾਲ ਜੁੜੀ ਹੋਈ ਹੈ। ਗੁਰਬਾਣੀ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਬੀਜਣ ਦਾ ਕਾਰਜ ਹੀ ਇਹ ਨਿਸ਼ਚਤ ਕਰ ਦਿੰਦਾ ਹੈ ਕਿ ਫਲ, ਕਿਸ ਤਰ੍ਹਾਂ ਦਾ ਪ੍ਰਾਪਤ ਹੋਣਾ ਹੈ। ‘ਜੈਸਾ ਬੀਜੋਗੇ ਤੈਸਾ ਵÎਢੋਗੇ’ ਆਪਣੇ ਆਪ ਵਿਚ ਇਕ ਅਟੱਲ ਨੇਮ ਹੈ — ਜੇਹਾ ਬੀਜੈ ਸੁ ਲੁਣੈ ਕਰਮਾ ਸੰਦੜਾ ਖੇਤ।
ਗੁਰੂ ਸਾਹਿਬ ਕਿਰਸਾਣ ਨੂੰ ਪੂਰੇ ਯਕੀਨ ਨਾਲ ਚੰਗਿਆਈ ਤੇ ਨੇਕੀ ਨਾਲ ਭਰੇ ਹੋਏ ਅਮਲੀ ਜੀਵਨ ਨੂੰ ਅਪਨਾਉਣ ਲਈ ਪਰੇਰਿਤ ਕਰਦੇ ਹਨ ਅਤੇ ਇਹ ਦਸਦੇ ਹਨ ਕਿ ਕਰਮ ਖੇਤਰ ਵਿਚ ਅਪਣਾਇਆ ਗਿਆ ਠੀਕ ਪੈਂਤੜਾ ਹੀ ਸਾਰਥਕ ਸਿਟੇ ਕਢ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਮਹਾਨ ਬਾਣੀਕਾਰ ਸ਼ੇਖ ਫਰੀਦ ਜੀ ਕਿਰਸਾਣ ਨੂੰ ਸੇਧ ਦਿੰਦਿਆਂ ਨੇਕ ਕਰਮ ਕਰਨ ਲਈ ਪਰੇਰਿਤ ਕਰਦੇ ਹਨ ਕਿਉਂਕਿ ਕਿਰਸਾਣ ਸਮੁਚੀ ਮਨੁਖਤਾ ਦਾ ਕੇਂਦਰ ਬਿੰਦੂ ਹੈ —
ਲੋੜੈ ਦਾਖਿ ਬਿਜਉਰੀਆ ਕਿਕਰ ਬੀਜੈ ਜਟ।
ਹੰਢੈ ਉਨਿ ਕਤਾਇੰਦਾ ਪੈਦਾ ਲੋੜੇ ਪਟ।
ਪੰਜਾਬ ਦੇ ਸਾਰਥਿਕ, ਸਮਾਜਕ ਤੇ ਸਭਿਆਚਾਰ ਇਤਿਹਾਸ ਵਿਚ ਕਿਰਸਾਣੀ ਸਦਾ ਮੋਹਰੀ ਧਿਰ ਵਜੋਂ ਵਿਚਰਦੀ ਰਹੀ ਹੈ। ਜਦ ਵੀ ਕਿਰਸਾਣੀ ਕਿਸੇ ਸੰਕਟ ਦੇ ਮੂੰਹ ਆਈ, ਇਥੋਂ ਦੀ ਸਾਰੀ ਆਰਥਿਕਤਾ ਵਿਚ ਹਲਚਲ ਪੈਦਾ ਹੋ ਜਾਂਦੀ ਰਹੀ ਹੈ। ਸਮੇਂ-ਸਮੇਂ ਆਏ ਆਰਥਿਕ ਮੰਦਵਾੜਿਆਂ ਦਾ ਮੂਲ ਕਾਰਨ ਕਿਰਸਾਣੀ ਸੰਕਟ ਹੀ ਬਣਦੇ ਹਨ। ‘ਪਗੜੀ ਸੰਭਾਲ ਜੱਟਾ’ ਦੀ ਲਹਿਰ ਅਜਿਹੇ ਸੰਕਟ ਦੀ ਹੀ ਪੈਦਾਵਾਰ ਸੀ। ਇਸ ਦੇ ਬਾਵਜੂਦ ਪੰਜਾਬ ਦੇ ਕਿਰਸਾਣਾਂ ਨੇ ਖੇਤੀ ਨੂੰ ਮਰਜੀਵੜਿਆਂ ਵਾਂਗ ਅਪਣਾਈ ਰਖਿਆ ਹੈ। ਇਸ ਦੇ ਪਿਛੋਕੜ ਵਿਚ ਇਹ ਮਨੋਚੇਤਨਾ ਵੀ ਮੌਜੂਦ ਹੈ, ਕਿ ਮਹਾਨ ਗੁਰੂ ਨਾਨਕ ਦੇਵ ਜੀ ਨੇ ਵੀ ਉਦਾਸੀਆਂ ਤੋਂ ਪਿਛੋਂ ਆਪ ਕਰਤਾਰਪੁਰ ਵਿਚ ਖੇਤੀ ਕੀਤੀ।
ਇਸ ਇਤਿਹਾਸਕ ਤੇ ਰੂਹਾਨੀ ਪਿਛੋਕੜ ਕਾਰਨ ਹੀ ਪੰਜਾਬ ਦੇ ਕਿਰਸਾਣ ਤੜਕੇ ਖੇਤਾਂ ਵਲ ਜਾਂਦਿਆਂ ਗੁਰੂ ਬਾਬੇ ਵਲ ਧਿਆਨ ਕਰਦੇ ਰਹੇ, ਉਨ੍ਹਾਂ ਦੀਆਂ ਸਵਾਣੀਆਂ ਦੁੱਧ ਰਿੜਕਦਿਆਂ ਗੁਰੂ ਸ਼ਬਦਾਂ ਦਾ ਜਾਪ ਕਰਦੀਆਂ ਰਹੀਆਂ ਅਤੇ ਇੰਜ ਇਕ ਇਲਾਹੀ ਰੰਗ ਬਝਦਾ ਰਿਹਾ। ਰਾਤ ਨੂੰ ਥਕੇ ਕਿਰਸਾਣ, ਤਰਖਾਣ, ਲੁਹਾਰ ਤੇ ਸੀਰੀ ਮਿਲ ਕੇ ਗੁਰੂ ਘਰ ਵਿਚ ਢੋਲਕੀ ਚਿਮਟੇ ਨਾਲ ਸ਼ਬਦ ਚੌਂਕੀ ਲਾਉਂਦੇ ਤੇ ਸਾਰੀ ਚਿੰਤਾ ਤੇ ਥਕੇਵਾਂ ਗੁਰੂ ਚਰਨਾਂ ਦੀ ਛੋਹ ਨਾਲ ਕਾਫੂਰ ਹੋ ਜਾਂਦੇ ਰਹੇ। ਕਿਰਸਾਣੀ ਦੇ ਆਲੇਦੁਆਲੇ ਪੂਰਾ ਪਿੰਡ ਤੇ ਭਾਈਚਾਰਾ ਜੁੜਦਾ ਰਿਹਾ। ਉਨ੍ਹਾਂ ਆਧੁਨਿਕ ਪ੍ਰਾਪਤੀਆਂ ਦੀ ਕੀਮਤ ਕਿਰਸਾਣੀ ਨੂੰ ਤਾਰਨੀ ਪਈ ਹੈ, ਜਿਨ੍ਹਾਂ ਨੇ ਉਸ ਤੋਂ ਗੁਰੂ ਸਾਹਿਬਾਨ ਦੇ ਬਖਸ਼ੇ ਹੋਏ ਨਕਸ਼ੇ ਖੋਹ ਲਏ ਹਨ। ਪਿਛਲੇ ਤਿੰਨ ਦਹਾਕਿਆਂ ਵਿਚ ਵਕਤ ਦੇ ਬੇਰਹਿਮ ਚਕਰ ਨੇ ਕਿਰਸਾਣੀ ਦੀ ਕੁਦਰਤ ਨਾਲ ਨੇੜਤਾ ਨੂੰ ਲਤਾੜ ਸੁਟਿਆ ਹੈ ਅਤੇ ਗੁਰੂ ਬਚਨਾਂ ਨੂੰ ਭੁਲ ਕੇ ਸਹਿਜ ਤੋਂ ਦੂਰ ਹੋ ਕੇ ਕਿਰਸਾਣੀ ਘੋਰ ਸੰਕਟ ਵਿਚ ਗ੍ਰਸੀ ਗਈ ਹੈ। ਉਸ ਦੇ ਆਲੇਦੁਆਲੇ ਪਸਰੇ ਹੋਏ ਆਪਹੁਦਰੇ ਵਰਤਾਰੇ ਨੇ ਉਸ ਨੂੰ ਕੁਦਰਤ ਦੇ ਦੈਵੀ ਨੇਮਾਂ ਤੋਂ ਦੂਰ ਕਰ ਦਿਤਾ ਹੈ। ਗਿਆਨ ਵਿਗਿਆਨ ਦੇ ਰਾਹ ਪਏ ਬੁਧੀਜੀਵੀਆਂ ਅਤੇ ਮਨਆਈਆਂ ਕਰਨ ਵਾਲੇ ਅਧਿਕਾਰੀਆਂ ਨੂੰ ਇਹ ਭੁਲ ਗਿਆ ਹੈ ਕਿ ਜੀਵਨ ਦਾ ਆਰੰਭ ਉਨ੍ਹਾਂ ਤੋਂ ਪਹਿਲਾਂ ਅਤੇ ਉਨ੍ਹਾਂ ਤੋਂ ਬਿਨਾਂ ਹੀ ਹੋਇਆ ਸੀ ਅਤੇ ਉਸ ਦਾ ਆਧਾਰ ਕੁਦਰਤ ਸੀ।
ਅਸੀਂ ਗੁਰੂ ਬਚਨਾਂ ਨੂੰ ਭੁਲ ਕੇ ਸਦੀਵੇਂ ਦੈਵੀ ਮੁਲਾਂ ਨੂੰ ਵਿਸਾਰ ਬੈਠੇ ਹਾਂ —
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ।
ਜਲੁ ਤੇ ਤ੍ਰਿਭਵਨ ਸਾਜਿਆ ਘਟਿ ਘਟਿ ਜੋਤਿ ਸਮੋਇ।
ਗੁਰੂ ਸਾਹਿਬਾਨ ਨੇ ਸੈਂਕੜੇ ਸਾਲ ਪਹਿਲਾਂ ਮਨੁਖ ਨੂੰ ਕੁਦਰਤ ਨਾਲ ਨੇੜਤਾ ਬਣਾਈ ਰਖਣ ਲਈ ਸਾਰਥਿਕ ਬਚਨ ਕੀਤੇ ਹਨ। ਇਨ੍ਹਾਂ ਬਚਨਾਂ ਪਿਛੇ ਮਨੁਖ ਵਲੋਂ ਆਪ ਪੈਦਾ ਕੀਤੇ ਜਾਣ ਵਾਲੇ ਸੰਕਟ ਨੂੰ ਵੇਖਿਆ ਜਾ ਸਕਦਾ ਹੈ। ਜੇ ਪਾਣੀ ਦੀ ਘਾਟ ਆ ਗਈ ਤਾਂ ਸਭ ਤੋਂ ਪਹਿਲਾਂ ਸੰਕਟ ਕਿਸ ਉਤੇ ਆਏਗਾ।
ਪਹਿਲਾ ਪਾਣੀ ਜੀਉੁ ਹੈ ਜਿਤ ਹਰਿਆ ਸਭ ਕੋਇ।
————————–
ਵਣ ਤ੍ਰਿਣ ਤ੍ਰਿਭਵਣ ਕੀਤੋਨ ਹਰਿਆ।
ਕਰਣਹਾਰਿ ਖਿਨ ਭੀਤਰ ਕਰਿਆ।
ਅਕਾਲਪੁਰਖ ਵਲੋਂ ਪੈਦਾ ਕੀਤੇ ਗਏ ਅੰਮ੍ਰਿਤ ਰੂਪੀ ਜਲ ਵਿਚ ਹੀ ਮਨੁਖ ਦੀ ਜਾਨ ਹੈ। ਗੁਰੂ ਨਾਨਕ ਦੇਵ ਜੀ ਨੇ ਮਨੁਖ ਨਾਲ ਪਕੀ ਤੇ ਸਦੀਵੀਂ ਰਿਸ਼ਤੇਦਾਰੀ ਰਖਣ ਵਾਲੀ ਕੁਦਰਤ ਬਾਰੇ ਹੀ ਕਿਹਾ ਹੈ —
ਦਿਵਸ ਰਾਤਿ ਦੁਇ ਦਾਈ ਦਾਇਆ ਖੇਲੇ ਸਗਲ ਜਗਤੁ।
ਪੌਣ ਤੋਂ ਬਿਨਾਂ ਸਾਹ ਨਹੀਂ ਤੇ ਸਾਹ ਤੋਂ ਬਿਨਾਂ ਸ਼ਬਦ ਨਹੀਂ, ਸ਼ਬਦ ਤੋਂ ਬਿਨਾਂ ਜਾਨ ਨਹੀਂ ਤੇ ਜਾਨ ਤੋਂ ਬਿਨਾਂ ਜਹਾਨ ਨਹੀਂ। ਪਾਣੀ ਤੋਂ ਬਿਨਾਂ ਜੀਵਨ ਨਹੀਂ, ਧਰਤੀ ਤੋਂ ਬਿਨਾਂ ਰਹਿਣ ਬਸੇਰਾ ਨਹੀਂ, ਜੀਵਨ ਦੀ ਨਿਰੰਤਰਤਾ ਨਹੀਂ। ਪੰਜਾਬ ਦੀ ਕਿਰਸਾਣੀ ਦਾ ਇਸ ਵੇਲੇ ਬਹੁਤ ਵੱਡਾ ਸੰਕਟ ਇਹੀ ਹੈ ਕਿ ਉਹਦੇ ਸਮੇਤ ਕੁਰਾਹੇ ਪਈ ਲੁਕਾਈ ਕੁਦਰਤ ਨਾਲ ਆਪਣੀ ਇਸ ਰਿਸ਼ਤੇਦਾਰੀ ਨੂੰ ਭੁਲ ਗਈ ਹੈ। ਪੌਣ, ਪਾਣੀ ਅਤੇ ਧਰਤੀ ਦਾ ਤਾਲਮੇਲ ਤੋੜਨ ਨਾਲ ਸਮਸਿਆਵਾਂ ਵਿਚ ਵਾਧਾ ਹੋਇਆ ਹੈ। ਕੁਦਰਤ ਤੋਂ ਦੂਰ ਹੋ ਕੇ ਅਸੀਂ ‘ਵਣ ਤ੍ਰਿਣ ਪ੍ਰਭ ਸੰਗ ਮਉਲਿਆ’ ਦੇ ਅਮ੍ਰਿਤ ਬਚਨਾਂ ਤੋਂ ਦੂਰ ਹੋ ਗਏ ਹਾਂ, ਸਮਤੋਲ ਵਿਗੜ ਗਿਆ ਹੈ ਤੇ ਅਸੀਂ ‘ਤਾਲੋਂ ਘੁੱਥੀ ਡੂਮਣੀ ਵਾਲੀ’ ਹਾਸੋਹੀਣੀ ਸਥਿਤੀ ਵਿਚ ਪਹੁੰਚ ਗਏ ਹਾਂ। ਕਿਰਸਾਣੀ ਨੂੰ ਬਲਦੀ ਦੇ ਬੂਥੇ ਦੇਣ ਲਈ ਸਮੇਂ ਦੇ ਸ਼ਕਤੀ ਕੇਂਦਰ, ਅਖਾਉਤੀ ਗਿਆਨ ਕੇਂਦਰ ਤੇ ਇਨ੍ਹਾਂ ਨਾਲ ਜੁੜੇ ਪ੍ਰਚਾਰ ਕੇਂਦਰ ਜ਼ਿੰਮੇਵਾਰ ਬਣੇ ਹਨ। ਕਿਰਸਾਣੀ ਇਨ੍ਹਾਂ ਕੇਂਦਰਾਂ ਦੀ ਸੰਮੋਹਕ ਸ਼ਕਤੀ ਅਗੇ ਹਾਰ ਗਈ ਹੈ। ਉਸ ਦੀਆਂ ਅੱਖਾਂ ਅਗੇ ਛੇਤੀ ਅਮੀਰ ਹੋਣ ਦੇ ਸੁਪਨੇ ਲਟਕਾਏ ਗਏ ਹਨ। ਜੇ ਕਿਰਸਾਣੀ ਨੂੰ ਇਸ ਦੀ ਕੁਦਰਤੀ ਤੇ ਸੁਭਾਵਿਕ ਚਾਲ ਚਲਣ ਦਿਤਾ ਜਾਂਦਾ ਤਾਂ ਸਿਟੇ ਸਹਿਜ ਤੇ ਸੁਭਾਵਿਕ ਨਿਕਲ ਸਕਦੇ ਸਨ। ਕਿਰਸਾਣੀ ਉਤੇ ਸਥਾਪਤੀ ਅਤੇ ਇਸ ਦੇ ਪੈਰੋਕਾਰਾਂ ਦੀਆਂ ਭ੍ਰਿਸ਼ਟ ਚਾਲਾਂ ਦਾ ਭਿਆਨਕ ਅਸਰ ਹੋਇਆ ਹੈ। ਕਿਰਸਾਣੀ ਦੀਆਂ ਬੇੜੀਆਂ ਵਿਚ ਵਟੇ ਪਾਉਣ ਵਾਲੀਆਂ ਅਸਲ ਧਿਰਾਂ ਓਹੀ ਹਨ ਜੋ ਕਿਰਾਸਣੀ ਤੋਂ ਜਿਉਣ ਦੇ ਸਾਧਨ ਪ੍ਰਾਪਤ ਕਰਦੀਆਂ ਹਨ। ਛੋਟੇ ਤੋਂ ਛੋਟੇ ਕਰਮਚਾਰੀ ਤੋਂ ਲੈ ਕੇ ਵਡੀ ਤੋਂ ਵਡੀ ਕੁਰਸੀ ਤਕ ਦੀਆਂ ਸ਼ਕਤੀਆਂ ਉਸ ਨੂੰ ਕਾਵਾਂ ਗਿਰਝਾਂ ਵਾਂਗ ਚੰਬੜੀਆਂ ਹੋਈਆਂ ਹਨ। ਉਹ ਜਿਸ ਥਾਲੀ ਵਿਚੋਂ ਖਾਂਦੇ ਹਨ, ਉਸੇ ਵਿਚ ਛੇਕ ਕਰਨ ਤੋਂ ਨਹੀਂ ਝਿਜਕਦੇ। ਉਹ ਭੁੱਲ ਜਾਂਦੇ ਹਨ ਕਿ ਅਤੀ ਆਧੁਨਿਕ ਯੁਗ ਵਿਚ ਵੀ ਸਮੁਚੇ ਆਰਥਿਕ ਸਮਾਜਕ ਤੇ ਸਭਿਆਚਾਰਕ ਤਾਣੇ-ਬਾਣੇ ਦੀ ਬੁਨਿਆਦ ਕਿਰਸਾਣੀ ਹੈ। ਇਹ ਇਕ ਅਜਿਹਾ ਰੁਖ ਹੈ ਜਿਸ ਦੀ ਛਾਂ ਤੋਂ ਬਿਨਾਂ ਕੋਈ ਸੁਖੀ ਨਹੀਂ ਰਹਿ ਸਕਦਾ। ਕਿਰਸਾਣ ਹੀ ਧਰਤੀ, ਪੌਣ, ਪਾਣੀ, ਕਿਰਤ ਦੇ ਸੁਮੇਲ ਨਾਲ ਅਕਾਲਪੁਰਖ ਦੀ ਬਖਸ਼ਿਸ਼ ਨਾਲ ਮਨੁਖ ਨੂੰ ਜਿਉਣ ਜੋਗਾ ਬਣਾਉਂਦੇ ਹਨ। ਕਾਰਖਾਨਿਆਂ ਤੇ ਕੰਪਿਊਟਰ ਸੈਂਟਰਾਂ ਵਿਚ ਸਹਾਇਤਾ ਸਾਧਨ ਪੈਦਾ ਕੀਤੇ ਜਾ ਸਕਦੇ ਹਨ, ਜਾਣਕਾਰੀ ਵਿਚ ਵਾਧਾ ਕੀਤਾ ਜਾ ਸਕਦਾ ਹੈ, ਸੰਸਾਰ ਨੂੰ ਇਕ ਪਿੰਡ ਵਿਚ ਬਦਲਿਆ ਜਾ ਸਕਦਾ ਹੈ, ਪਰ ਉਥੋਂ ਜੀਵਨ ਦਾਨ ਨਹੀਂ ਮਿਲ ਸਕਦਾ। ਰੋਜ਼ ਹੋਣ ਵਾਲੀ ਪੇਟ ਪੂਜਾ ਲਈ ਵਰਤਿਆ ਗਿਆ ਇਕ ਇਕ ਕਿਣਕਾ ਕਿਰਸਾਣ ਪੈਦਾ ਕਰਦਾ ਹੈ। ਜੇ ਕਿਰਸਾਣ ਸੰਕਟ ਵਿਚ ਹੈ ਤਾਂ ਸਮੁਚੀ ਮਨੁਖੀ ਹੋਂਦ ਖਤਰੇ ਵਿਚ ਪੈ ਸਕਦੀ ਹੈ। ਜੈਵਿਕ ਚਕਰ ਵਿਚ ਕਿਰਸਾਣ ਅਤੇ ਉਸ ਨਾਲ ਜੁੜੀ ਹੋਈ ਸਰਗਰਮੀ ਨਾਭੀ ਵਾਂਗ ਹੈ।
ਪਿਛਲੇ ਤਿੰਨ ਦਹਾਕਿਆਂ ਦੌਰਾਨ ਪੰਜਾਬ ਦੀ ਕਿਰਸਾਣੀ ਸੰਸਾਰ ਪਧਰ ਉਤੇ ਮਹਾਂ ਸ਼ਕਤੀਆਂ ਵਲੋਂ ਚਲਾਏ ਹੋਏ (ਸਾਮਰਾਜੀ) ਕਾਲ ਚਕਰ ਵਿਚ ਫਸ ਗਈ ਹੈ। ਨਵੇਂ ਬੀਜਾਂ, ਨਵੀਆਂ ਫਸਲਾਂ, ਖਾਦਾਂ, ਕੀੜੇਮਾਰ ਦਵਾਈਆਂ ਅਤੇ ਮਸ਼ੀਨੀਕਰਨ ਦੇ ਬੇਥਵ੍ਹੇ ਤੇ ਅੰਨ੍ਹੇ ਪ੍ਰਚਾਰ ਨੇ ਕਿਸਾਨਾਂ ਨੂੰ ਅੰਨੀ ਗਲੀ ਵਿਚ ਧਕ ਦਿਤਾ ਹੈ। ਪ੍ਰਚਾਰ ਕੇਂਦਰਾਂ ਵਲੋਂ ਕਿਰਸਾਣੀ ਨੂੰ ਹਿਪਨੋਟਾਈਜ਼ ਕਰਕੇ ਉਸ ਨੂੰ ਜ਼ਿਹਨੀ ਤੌਰ ਉਤੇ ਅਪੰਗ ਬਣਾ ਦਿਤਾ ਗਿਆ ਹੈ। ਉਸ ਵਿਚ ਛੇਤੀ ਅਮੀਰ ਹੋਣ ਦਾ ਅੰਨ੍ਹਾ ਜੋਸ਼ ਭਰ ਦਿਤਾ ਗਿਆ ਹੈ ਅਤੇ ਉਹ ਹਰ ਪੱਖ ਤੋਂ ਮੰਡੀ ਦਾ ਮਾਲ ਬਣ ਕੇ ਰਹਿ ਗਈ ਹੈ। ਉਸ ਲਈ ਲੈਣ ਦੇਣ ਦੀ ਕੁਲ ਵਿਵਸਥਾ ਸ਼ਹਿਰ ਕੇਂਦਰਿਤ ਕਰ ਦਿਤੀ ਗਈ ਹੈ। ਉਸ ਦੀ ਕਿਰਤ ਕਮਾਈ ਨੂੰ ਲੁਟਣ ਵਾਲੇ ਨਕਾਬਪੋਸ਼ ਡਾਕੂ ਲਮੇਂ ਸਮੇਂ ਉਸਦੀ ਪਛਾਣ ਵਿਚ ਨਹੀਂ ਆ ਰਹੇ ਹਨ। ਵੇਖਦਿਆਂ-ਵੇਖਦਿਆਂ ਖੇਤੀ ਵਿਚ ਆਤਮ ਨਿਰਭਰਤਾ ਦਾ ਵਿਧੀ ਵਿਧਾਨ ਇਕ ਭਰਮਜਾਲ ਦੇ ਹਨੇਰੇ ਵਿਚ ਗੁਆਚ ਗਿਆ ਹੈ ਅਤੇ ਪਿੰਡ ਦੀ ਆਪਣੀ ਸੁਤੰਤਰ ਹੋਂਦ ਸਮਾਪਤ ਹੋ ਗਈ ਹੈ। ਵੇਖਦਿਆਂ ਵੇਖਦਿਆਂ ਪਿੰਡ ਮਰਨ ਦੇ ਕੰਢੇ ਆ ਗਿਆ ਹੈ। ਸਿਖਿਆ, ਸਿਹਤ, ਆਵਾਜਾਈ ਤੇ ਮਲ ਮੂਤਰ ਦੇ ਨਿਕਾਸ ਦੀਆਂ ਸਹੂਲਤਾਂ ਸ਼ਹਿਰਾਂ ਤੇ ਕਸਬਿਆਂ ਤੱਕ ਸੀਮਤ ਕਰ ਦਿਤੀਆਂ ਗਈਆਂ ਹਨ। ਸਿਟੇ ਵਜੋਂ ਅੱਜ ਕਿਰਸਾਣੀ ਤੇ ਪਿੰਡ ਜਾਹਲ ਹੋ ਰਹੇ ਹਨ, ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ ਅਤੇ ਉਨ੍ਹਾਂ ਤੱਕ ਪਹੁੰਚਦਿਆਂ ਪਹੁੰਚਦਿਆਂ ਕੁਦਰਤੀ ਜਲ ਸੋਮੇ ਦਮ ਤੋੜ ਰਹੇ ਹਨ। ਜਿਰਮਾਂ ਨਾਲ ਭਰੀ ਹੋਈ ਹਵਾ ਦਾ ਰੁਖ ਪਿੰਡਾਂ ਵਲ ਕਰ ਦਿਤਾ ਗਿਆ ਹੈ, ਜਿਥੇ ਕਿਰਸਾਣੀ ਵੱਸਦੀ ਹੈ।
ਹਰੇ ਇਨਕਲਾਬ ਦੇ ਨਾਅਰੇ ਕਾਰਨ ਰਵਾਇਤੀ ਸਹਿਜ ਵਰਤਾਰੇ ਦਾ ਖਾਤਮਾ ਹੋ ਗਿਆ ਹੈ। ਸਾਰੀ ਕਿਰਸਾਣੀ ਨੇ ਸ਼ਹਿਰਾਂ ਵਿਚ ਸਥਾਪਿਤ ਦਵਾਈਆਂ ਖਾਦਾਂ, ਬੀਜਾਂ ਦੇ ਕੇਂਦਰਾਂ ਵਲ ਵਹੀਰਾਂ ਘਤ ਲਈਆਂ ਹਨ ਤੇ ਨਵੇਂ ਬੀਜਾਂ ਦੇ ਨਾਲ ਗਾਜਰ ਬੂਟੀ ਵੀ ਆਪਣੇ ਖੇਤਾਂ ਲਈ ਕੋਹੜ ਵਜੋਂ ਸਹੇੜ ਲਈ ਹੈ। ਪੰਜਾਬ ਵਿਚ ਚਾਵਲ ਖਾਣ ਦਾ ਰਿਵਾਜ ਨਾਮ ਮਾਤਰ ਹੀ ਸੀ ਤੇ ਇਹ ਪੰਜਾਬੀਆਂ ਦੀ ਸੁਭਾਵਿਕ ਖੁਰਾਕ ਨਹੀਂ ਸੀ। ਦੂਜੇ ਸੂਬਿਆਂ ਲਈ ਝੋਨਾ ਪੈਦਾ ਕਰਨ ਲਈ ਇਥੋਂ ਦੀ ਕਿਰਸਾਣੀ ਨੂੰ ਪ੍ਰਚਾਰ ਰਾਹੀਂ ਜੋਸ਼ ਨਾਲ ਭਰ ਦਿਤਾ ਗਿਆ। ਉਸ ਨੂੰ ਤ੍ਰੈ-ਗੁਣ ਮਾਇਆ ਦੇ ਜਾਲ ਵਿਚ ਫਸਾ ਲਿਆ ਗਿਆ। ਇਕ ਅਜਿਹੀ ਫਸਲ ਵਾਹੋਦਾਰੀ ਪੈਦਾ ਕਰਵਾਈ ਗਈ ਜੋ ਸਥਾਨਕ ਲੋਕਾਂ ਦੀ ਮੁਖ ਖੁਰਾਕ ਨਹੀਂ ਸੀ। ਮੰਡੀਆਂ, ਗੋਦਾਮ ਝੋਨੇ ਨਾਲ ਨਕੋ ਨਕ ਭਰ ਗਏ। ਇਥੋਂ ਤੱਕ ਕਿ ਝੋਨਾ ਗੋਦਾਮਾਂ ਵਿਚ ਸੜਦਾ ਰਿਹਾ ਪਰ ਢਿਡ ਜਿਉਂ ਦੇ ਤਿਉਂ ਭੁਖੇ ਰਹੇ। ਸ਼ੈਲਰਾਂ ਵਿਚੀ ਲੰਘਦਾ ਝੋਨਾ ਅਨੇਕਾਂ ਚੋਰਾਂ ਦੀਆਂ ਤਿਜੌਰੀਆਂ ਭਰਦਾ ਰਿਹਾ ਪਰ ਕਿਰਸਾਣੀ ਸੰਕਟ ਦੇ ਮੂਹ ਆ ਗਈ। ਸਰਕਾਰੀ ਗੈਰ ਸਰਕਾਰੀ ਏਜੰਸੀਆਂ ਉਸ ਦੇ ਕਾਲਜੇ ਨੂੰ ਹੱਥ ਪਾਉਣ ਤੋਂ ਬਾਜ਼ ਨਹੀਂ ਆਈਆਂ। ਪੰਜਾਬ ਵਿਚ ਖੇਤੀ ਕਾਮਿਆਂ ਦੀ ਲੋੜ ਵਧਣ ਕਰਕੇ ਯੂ ਪੀ, ਮਧ ਪ੍ਰਦੇਸ਼, ਬਿਹਾਰ ਤੋਂ ਕਾਮਿਆਂ ਦੀਆਂ ਧਾੜਾਂ ਆਉਣ ਲਗੀਆਂ। ਆਪਣੇ ਆਪ ਨੂੰ ਗੁਰੂ ਦਾ ਸਿਖ, ਪੰਜਾਬ ਦੀ ਸ਼ਾਨ ਅਖਵਾਉਣ ਵਾਲਾ ਪੰਜਾਬੀ ਕਿਰਸਾਣ ਇਨ੍ਹਾਂ ਕਾਮਿਆਂ ਨਾਲ ਹਮਕੋ ਤੁਮਕੋ ਵਿਚ ਗੱਲ ਕਰਦਿਆ ਪੂਰਨ ਤੌਰ ਉਤੇ ਉਨ੍ਹਾਂ ਉਤੇ ਨਿਰਭਰ ਹੋ ਗਿਆ ਹੈ। ਇਸ ਦਾ ਇਕ ਹੋਰ ਨਫੀ ਸਿਟਾ ਇਹ ਨਿਕਲਿਆ ਕਿ ਇਹ ਲੋਕ ਆਪਣੇ ਨਾਲ ਚੌਗਿਰਦੇ ਦੀ ਪਲੀਤੀ, ਝੌਂਪੜੀ ਸਭਿਆਚਾਰ, ਵੇਸਵਾਗਮਨੀ, ਨਸ਼,ੇ ਏਡਜ਼, ਜੁਰਮ, ਹਿੰਸਾ, ਮਾਰਧਾੜ, ਜਹਾਲਤ ਤੇ ਵਸੋਂ ਦੀ ਘਣਤਾ ਵਰਗੇ ਮਸਲੇ ਨਾਲ ਲੈ ਕੇ ਆਏ ਹਨ। ਇਸ ਨਾਲ ਕਿਰਸਾਣੀ ਦੇ ਨਾਲ-ਨਾਲ ਸਮੁਚਾ ਪੰਜਾਬੀ ਸਭਿਆਚਾਰ ਆਫਤ ਦੇ ਮੂੰਹ ਜਾ ਪਿਆ ਹੈ। ਇਸ ਨਾਲ ਪੰਜਾਬੀ ਕਿਰਸਾਣੀ ਦੀ ਸੁਤੰਤਰਤਾ ਸਮਾਪਤ ਹੋ ਗਈ ਹੈ ਤੇ ਪੂਰਬ ਤੋਂ ਆਈ ਇਸ ਵਹੀਰ ਉਤੇ ਨਿਰਭਰਤਾ ਵਧਣ ਦੇ ਨਾਲ-ਨਾਲ ਹੋਰ ਬਹੁਤ ਸਾਰੀਆਂ ਨੈਤਿਕ ਤੇ ਸਭਿਆਚਾਰਕ ਸਮਸਿਆਵਾਂ ਪੈਦਾ ਹੋ ਗਈਆਂ ਹਨ।
ਹਰੇ ਇਨਕਲਾਬ ਦੇ ਭਰਮਜਾਲ ਹੇਠ ਪੰਜਾਬ ਦੀ ਭੂਮੀ ਦਾ 70 ਫੀ ਸਦੀ ਰਕਬਾ ਝੋਨੇ ਦੀ ਫਸਲ ਹੇਠ ਆ ਗਿਆ ਹੈ। ਬਹੁਤੀ ਕਮਾਈ ਦੇ ਭਰਮ ਵਿਚ ਫਸੀ ਕਿਰਸਾਣੀ ਨੇ ਧਰਤੀ ਹੇਠਲਾ ਪਾਣੀ ਵੀ ਖਤਮ ਕਰ ਲਿਆ ਹੈ। ਇਕ ਅਨੁਮਾਨ ਅਨੁਸਾਰ ਇਕ ਕਿਲੋ ਚਾਵਲ ਪੈਦਾ ਕਰਨ ਲਈ 4000 ਲਿਟਰ ਪਾਣੀ ਦੀ ਲੋੜ ਪੈਂਦੀ ਹੈ। ਪਿਛਲੇ ਵੀਹ ਸਾਲਾਂ ਵਿਚ ਪੰਜਾਬ ਦੀ ਧਰਤੀ ਦਾ ਹੇਠਲਾ ਪਾਣੀ 20 ਫੁਟ ਤੋਂ 200 ਫੁਟ ਉਤੇ ਚਲਾ ਗਿਆ ਹੈ। ਜਿਥੇ ਪਹਿਲਾਂ ਪੰਜ ਹਾਰਸ ਪਾਵਰ ਦੀ ਮੋਟਰ ਕੰਮ ਕਰ ਸਕਦੀ ਸੀ, ਉਥੇ ਹੁਣ ਹੋਰ ਵਧੇਰੇ ਹਾਰਸ ਪਾਵਰ ਦੀ ਮੋਟਰ ਕੰਮ ਕਰਦੀ ਹੈ। ਭੂਮੀਗਤ ਪਾਣੀ ਦੀ ਪਧਰ ਦੇ ਸੰਕਟ ਦੇ ਨਾਲ ਨਾਲ ਬਿਜਲੀ ਦੇ ਸੰਕਟ ਵਿਚ ਵੀ ਵਾਧਾ ਹੋਇਆ ਹੈ। ਇਸ ਵੇਲੇ ਪੰਜਾਬ ਦੀ ਕਿਰਸਾਣੀ ਬਿਜਲੀ ਪਾਣੀ ਦੇ ਘੋਰ ਸੰਕਟ ਵਿਚੋਂ ਲੰਘ ਰਹੀ ਹੈ।
ਕਿਰਸਾਣੀ ਦੇ ਸੰਕਟ ਵਿਚ ਵਾਧਾ ਕਰਨ ਲਈ ਅਖੌਤੀ ਸ਼ਹਿਰੀਕਰਨ ਨੇ ਵੀ ਆਪਣਾ ਹਿਸਾ ਪਾਇਆ ਹੈ। ਸਾਰੇ ਸ਼ਹਿਰਾ ਤੇ ਕਸਬਿਆਂ ਨੇ ਆਪਣੇ ਮਲ ਮੂਤਰ ਦਾ ਨਿਕਾਸ ਕੁਦਰਤੀ ਜਲ ਸੋਮਿਆਂ ਵਿਚ ਪਾਉਣਾ ਆਰੰਭ ਕਰ ਦਿਤਾ ਹੈ। ਕਾਰਖਾਨਿਆਂ ਦਾ ਤੇਜ਼ਾਬੀ ਖਰਾਬਾ ਵੀ ਇਨ੍ਹਾਂ ਵਿਚ ਸੁਟ ਦਿਤਾ ਗਿਆ ਹੈ। ਜਿਹੜੇ ਵਗਦੇ ਪਾਣੀ ਕਿਸੇ ਵੇਲੇ ਕਿਰਸਾਣੀ ਲਈ ਵਰਦਾਨ ਸਨ, ਜਲ ਜੀਵਾਂ ਦਾ ਰੈਬ ਬਸੇਰਾ ਸਨ, ਡੰਗਰਾਂ ਲਈ ਚਰਾਗਾਹਾਂ ਦੇ ਪਾਲਣਹਾਰ ਸਨ, ਉਨ੍ਹਾਂ ਨੂੰ ਇਸ ਕਦਰ ਪਲੀਤ ਕਰ ਦਿਤਾ ਗਿਆ ਹੈ ਕਿ ਇਹ ਕੰਢਿਆਂ ਉਤੇ ਵਸੀ ਹੋਈ ਕਿਰਸਾਣੀ ਲਈ ਸਰਾਪ ਬਣ ਗਏ ਹਨ। ਜਿਹੜੇ ਨਦੀਆਂ ਨਾਲੇ ਲੱਖਾਂ ਕਿਰਸਾਣਾਂ ਤੇ ਕਿਰਸਾਣੀ ਨਾਲ ਸੰਬੰਧਿਤ ਕਿੱਤੇ ਕਰਨ ਵਾਲਿਆਂ ਲਈ ਇਸ਼ਨਾਨ ਘਰ ਸਨ, ਜੀਵਨ ਦਾਨ ਦੇਣ ਵਾਲੇ ਸਨ, ਕੁਦਰਤੀ ਦ੍ਰਿਸ਼ਾਂ ਦਾ ਆਧਾਰ ਸਨ, ਜੀਵਨ ਦੀ ਸੁੰਦਰਤਾ ਵਿਚ ਵਾਧਾ ਕਰਨ ਵਾਲੇ ਸਨ, ਉਹ ਇਸ ਉਲਟੇ ਚਕਰ ਨੇ ਤਬਾਹ ਬਰਬਾਦ ਕਰ ਦਿਤੇ ਹਨ।
ਸਮੁਚੇ ਤੌਰ ਉਤੇ ਹਰੇ ਇਨਕਲਾਬ ਕਾਰਨ ਤੇ ਹੁਣ ਸੰਸਾਰੀਕਰਨ ਕਰਕੇ ਪੰਜਾਬ ਦੀ ਕਿਰਸਾਣੀ ਕਾਲ ਦੀ ਬੁਰਕੀ ਬਣਨ ਵਲ ਧਕ ਦਿਤੀ ਗਈ ਹੈ। ਕੈਂਸਰ, ਗੁਰਦਾ ਰੋਗ, ਜਿਗਰ ਰੋਗ ਵਰਗੀਆਂ ਭਿਆਨਕ ਬਿਮਾਰੀਆਂ ਉਸ ਨੂੰ ਆਣ ਚੰਬੜੀਆਂ ਹਨ। ਸ਼ਹਿਰਾਂ ਵਿਚ ਹੋਟਲਾਂ ਵਾਂਗ ਬਣੇ ਨਿਜੀ ਨਰਸਿੰਗ ਹੋਮ ਖੁੱਲ੍ਹੇ ਹਥੀਂ ਉਨ੍ਹਾਂ ਨੂੰ ਲੁਟ ਰਹੇ ਹਨ।
ਕਿਰਸਾਣੀ ਦਾ ਸ਼ਿਕਾਰ ਕਰਨ ਲਈ ਸਾਮਰਾਜੀ ਸੰਸਾਰੀਕਰਨ ਦਾ ਦਿਉ ਮੂੰਹ ਅਡੀ ਖਲੋਤਾ ਹੈ। ਆਮ ਨਜ਼ਰ ਨਾਲ ਵੇਖਿਆਂ ਇਸ ਦੇ ਘਿਨਾਉਣੇ ਚਿਹਰੇ ਉਤੇ ਬਹੁਤ ਖੂਬਸੂਰਤ ਨਕਾਬ ਚੜ੍ਹਿਆ ਹੋਇਆ ਹੈ। ‘ਓਪਨ ਇਕਾਨੋਮੀ’ (ਆਜ਼ਾਦ ਅਰਥਚਾਰੇ ਜਾਂ ਮੰਡੀ) ਦੇ ਸੰਕਲਪ ਨੇ ਭਾਰਤ ਦੀ ਸਨਅਤ ਦੇ ਨਾਲ-ਨਾਲ ਛੋਟੀ ਕਿਰਸਾਣੀ ਨੂੰ ਬੇਹਦ ਕਠੋਰਤਾ ਨਾਲ ਪ੍ਰਭਾਵਿਤ ਕੀਤਾ ਹੈ। ਸੰਸਾਰੀਕਰਨ ਦੇ ਨਾਮ ਹੇਠ ਅਸਲ ਵਿਚ ਵਿਕਸਿਤ ਦੇਸਾਂ ਦਾ ਮਲਬਾ ਤੀਜੀ ਦੁਨੀਆਂ ਦੇ ਦੇਸਾਂ ਦੀ ਆਰਥਿਕਤਾ, ਸਿਹਤ ਅਤੇ ਸਿਖਿਆ ਨੂੰ ਖੋਰਾ ਲਾ ਰਿਹਾ ਹੈ। ਵਿਖਾਵੇ ਲਈ ਵਪਾਰ ਵਿਚ ਭਾਵੇਂ ਵਾਧਾ ਹੋ ਰਿਹਾ ਹੈ, ਪਰ ਇਸ ਉੇਤੇ ਗਲਬਾ ਵਿਕਸਿਤ ਦੇਸਾਂ ਦੀਆਂ ਬਹੁਕੌਮੀ ਕੰਪਨੀਆਂ ਦਾ ਹੀ ਹੋ ਰਿਹਾ ਹੈ। ਕੰਪਿਊਟਰ ਵਰਗੀ ਕਾਢ ਰਾਹੀਂ ਤੀਜੀ ਦੁਨੀਆਂ ਦੇ ਦੇਸਾਂ ਦੇ ਸਿਖਿਅਤ ਵਿਗਿਆਨੀਆਂ ਦੀ ਲੁਟ ਹੋ ਰਹੀ ਹੈ। ਇਨ੍ਹਾਂ ਬਹੁਕੌਮੀ ਕੰਪਨੀਆਂ ਨੇ ਆਲਮੀ ਮੁਦਰਾ ਦੇ ਆਧਾਰ ਉਤੇ ਕਿਰਸਾਣੀ ਦੀ ਜ਼ਮੀਨ ਉਤੇ ਹੱਲਾ ਬੋਲਿਆ ਹੋਇਆ ਹੈ ਅਤੇ ਭਾਰਤੀ ਸਤਾ ਉਸ ਦੀ ਦਲਾਲ ਬਣੀ ਹੋਈ ਹੈ। ਸਿਖਿਆ ਦੇ ਖੇਤਰ ਵਿਚ ਬਹੁਕੌਮੀ ਕੰਪਨੀਆਂ ਦੇ ਦਾਖਲੇ ਕਾਰਨ ਆਲਮੀ ਪਧਰ ਉਤੇ ਦਰਵਾਜ਼ੇ ਖੁਲ੍ਹ ਗਏ ਹਨ, ਪਰ ਹੇਠਲੀ ਮਧ ਵਰਗ ਦੀ ਕਿਰਸਾਣੀ ਸਿਖਿਆ ਦੇ ਮੁਢਲੇ ਅਧਿਕਾਰ ਤੋਂ ਵਾਂਝੀ ਹੋ ਗਈ ਹੈ। ਸੰਸਾਰੀਕਰਨ ਦੇ ਆਰਥਿਕਤਾ ਆਧਾਰਿਤ ਪੈਂਤੜੇ ਨਾਲ ਭਾਰਤੀ ਰੂਹਾਨੀਅਤ ਆਧਾਰਿਤ ਬ੍ਰਹਿਮੰਡੀ ਚਿੰਤਨ ਨੂੰ ਖੂੰਜੇ ਲਾਉਣ ਦਾ ਯਤਨ ਆਰੰਭ ਹੋਇਆ ਹੈ। ਜਾਣਕਾਰੀ ਦੇ ਡਬੇਬੰਦ ਗਿਆਨ ਨੇ ਰੂਹਾਨੀ ਗਿਆਨ ਦੇ ਬ੍ਰਹਿਮੰਡੀ ਰੂਪ ਨੂੰ ਖੋਰਾ ਲਾਇਆ ਹੈ। ‘ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ’ ਦਾ ਸਦੀਆਂ ਪੁਰਾਣਾ ਗੁਰਮਤਿ ਦਾ ਸੰਕਲਪ ਅੱਜ ਦੇ ਸੰਸਾਰੀਕਰਨ ਤੋਂ ਕਿਤੇ ਉਚਾ ਹੈ। ਸੰਸਾਰੀਕਰਨ ਦੇ ਮਾਇਆਵਾਦੀ ਭਰਮ ਨੇ ਹੋਰਨਾਂ ਵਾਂਗ ਕਿਰਸਾਣੀ ਨੂੰ ਵੀ ਪ੍ਰਭਾਵਿਤ ਕੀਤਾ ਹੈ। ਪਹਿਲਾਂ ਸਥਾਨਕ ਪਧਰ ਦੇ ਤਸਕਰ ਹੀ ਨਸ਼ੇ ਦੀ ਭਰਮਾਰ ਪੈਦਾ ਕਰਦੇ ਸਨ ਤੇ ਉਨ੍ਹਾਂ ਦੀ ਇਕ ਸੀਮਾ ਸੀ, ਪਰ ਸੰਸਾਰੀਕਰਨ ਦੇ ਪਦਾਰਥਕ ਪਿਛੋਕੜ ਨੇ ਕਿਰਸਾਣੀ ਦੀ ਨੌਜੁਆਨ ਪੀੜ੍ਹੀ ਨੂੰ ਕੁਰਾਹੇ ਪਾ ਦਿਤਾ ਹੈ। ਤਣਾਓ ਤੋਂ ਮੁਕਤੀ ਲਈ ਨਸ਼ੇ ਦੀ ਪੂਰਤੀ ਲਈ ਮਾਰਧਾੜ, ਲੁਟ ਖੋਹ ਵਰਗੇ ਔਗੁਣ ਪੈਦਾ ਹੋਏ ਹਨ। ਤ੍ਰੈ ਗੁਣ ਮਾਇਆ ਦੇ ਜਾਲ ਵਿਚ ਕਿਰਸਾਣੀ ਵੀ ਪੂਰੀ ਤਰ੍ਹਾਂ ਫਸ ਗਈ ਹੈ। ਪਹਿਲਾਂ ਉਹ ਘਰ ਦੀ ਕਢੀ ਸ਼ਰਾਬ ਤਕ ਹੀ ਸੀਮਤ ਸੀ ਤੇ ਉਹ ਵੀ ਵਿਆਪਕ ਨਹੀਂ ਸੀ, ਪਰ ਹੁਣ ਸਮੈਕ, ਕੋਕੀਨ ਨੇ ਹਮਲਾ ਬੋਲ ਦਿਤਾ ਹੈ। ਗੁਰੂ ਸਾਹਿਬਨ ਨੇ ਨਸ਼ਿਆਂ ਦੀ ਲਾਅਨਤ ਦੀ ਕਠੋਰ ਹਕੀਕਤ ਤੋਂ ਪਰਦਾ ਚੁਕਦਿਆਂ ਇਨ੍ਹਾਂ ਨੂੰ ਮੁਢੋਂ ਰੱਦ ਕੀਤਾ ਹੈ —
ਮਾਣਸੁ ਭਰਿਆ ਆਣਿਆ ਮਾਣਸ ਭਰਿਆ ਆਇ।
ਜਿਤੁ ਪੀਤੇ ਮਤਿ ਦੂਰ ਹੋਇ ਬਰਲੁ ਪਵੈ ਵਿਚ ਆਇ।
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ।
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ।
ਝੂਠਾ ਮਦੁ ਮੂਲ ਨਾ ਪੀਚਈ ਜੇ ਕਾ ਪਾਰਿ ਵਸਾਇ।
ਨਾਨਕ ਨਦਰ ਸਚ ਮਦੁ ਪਾਈਐ ਸਤਿਗੁਰੁ ਮਿਲੈ ਜਿਸ ਜਾਇ।
ਸਦਾ ਸਾਹਿਬ ਕੈ ਰੰਗ ਰਹੈ ਮਹਲੀ ਪਾਵੈ ਥਾਉ।
ਖੇਤੀ ਦੀ ਵੰਨ-ਸੁਵੰਨਤਾ, ਬਹੁਫਸਲੀ ਚਕਰ, ਬੀਜਾਂ, ਖਾਦਾਂ, ਦਵਾਈਆਂ ਤੇ ਮਸ਼ੀਨੀਕਰਨ ਨੇ ਕਿਰਸਾਣੀ ਨੂੰ ਕਰਜ਼ਿਆਂ ਦੀ ਦਲਦਲ ਵਿਚ ਧਕ ਦਿਤਾ ਹੈ। ਕਰਜ਼ੇ ਦੇਣ ਵਾਲੀਆਂ ਵਖ-ਵਖ ਏਜੰਸੀਆਂ ਨੇ ਆਪਣੇ ਮਕਰ ਜਾਲ ਵਿਛਾਏ ਹੋਏ ਹਨ। ਬੈਕਾਂ ਦੇ ਆਪਣੇ ਢੰਗ ਤਰੀਕੇ ਹਨ ਅਤੇ ਤਕਰੀਬਨ ਹਰ ਪਧਰ ਦੇ ਕਿਰਸਾਣ ਨੂੰ ਇਨ੍ਹਾਂ ਤੋਂ ਕਰਜ਼ਾ ਮਿਲ ਸਕਦਾ ਹੈ। ਦੂਜੇ ਪਾਸੇ ਅੱਜ ਵੀ ਕਿਰਸਾਣ ਨਿਜੀ ਪਧਰ ਉਤੇ ਕਰਜ਼ਾ ਦੇਣ ਵਾਲਿਆਂ ਵਲ ਵਧੇਰੇ ਜਾਂਦਾ ਹੈ। ਉਸ ਕੋਲੋਂ ਉਹ ਅੰਦਰ ਵੜ ਕੇ ਕਰਜ਼ਾ ਲੈਂਦਾ ਹੈ ਤੇ ਅੰਦਰ ਵੜ ਕੇ ਹੀ ਮੋੜਦਾ ਹੈ। ਇਸ ਵਰਗ ਵਿਚ ਉਸ ਦੀ ਫਸਲ ਖਰੀਦਣ ਵਾਲੇ ਆੜ੍ਹਤੀਏ ਵਿਸ਼ੇਸ਼ ਹਨ। ਆੜ੍ਹਤੀਏ ਦਾ ਕਰਜ਼ਾ ਉਸ ਦੀ ਦੋਹਰੀ ਲੁਟ ਕਰਦਾ ਹੈ। ਉਸ ਦੀ ਫਸਲ ਵੇਚ ਕੇ ਕਾਫੀ ਸਮੇਂ ਤਕ ਕਿਰਸਾਣ ਦਾ ਪੈਸਾ ਆਪਣੇ ਕੋਲ ਰਖਦਾ ਹੈ। ਉਸ ਪੈਸੇ ਨਾਲ ਆਪਣਾ ਵਪਾਰ ਚਲਾਉਂਦਾ ਹੈ। ਆਪ ਉਧਾਰ ਪੈਸੇ ਦੇਣ ਵੇਲੇ ਵਿਆਜ ਦੀ ਉਚੀ ਦਰ ਵਸੂਲਦਾ ਹੈ। ਪੰਜਾਬੀ ਕਿਰਸਾਣੀ ਲਈ ਕਰਜ਼ੇ ਦੀਆਂ ਸਾਰੀਆਂ ਵਨੰਗੀਆਂ ਗਲੇ ਦੀ ਹਡੀ ਬਣੀਆਂ ਹੋਈਆਂ ਹਨ। ਕਰਜ਼ੇ ਅਗੇ ਉਸ ਦੀ ਭੂਮੀ ਹੌਲੀ ਹੌਲੀ ਖੁਰਦੀ ਰਹਿੰਦੀ ਹੈ ਤੇ ਨਾਲ ਹੀ ਉਸ ਦੇ ਸਵੈਮਾਣ ਨੂੰ ਮਾਰ ਪੈਂਦੀ ਹੈ। ਇਸ ਦੂਹਰੀ ਮਾਰ ਅਗੇ ਉਹ ਆਤਮ ਹਤਿਆ ਦੇ ਰਾਹ ਤੁਰ ਪੈਂਦਾ ਹੈ। ਪਿਛਲੇ ਇਕ ਦਹਾਕੇ ਤੋਂ ਕਿਰਸਾਣੀ ਵਿਚ ਇਹ ਰੁਝਾਨ ਖਤਰਨਾਕ ਹਾਲਤ ਧਾਰਨ ਕਰ ਚੁਕਾ ਹੈ।
ਸ਼ੇਖ ਫਰੀਦ ਜੀ ਨੇ ਇਸ ਤਰ੍ਹਾਂ ਦੀ ਪ੍ਰਾਧੀਨਤਾ ਅਤੇ ਨਿਰਭਰਤਾ ਤੋਂ ਬਚਣ ਦੀ ਪਰੇਰਨਾ ਦਿੰਦਿਆਂ ਲਿਖਿਆ ਹੈ —
ਫਰੀਦਾ ਬਾਰਿ ਪਰਾਏ ਬੈਸਣਾ ਸਾਈ ਮੁਝੇ ਨਾ ਦੇਇ।
ਜੇ ਤੂੰ ਏਵੈ ਰਖਸੀ ਤਾਂ ਜੀਓ ਸਰੀਰਹੁ ਲੇਇ।
ਗੁਰੂ ਸਾਹਿਬਾਨ ਨੇ ਸਾਧਾਰਨ ਜੀਵਨ ਬਸਰ ਕਰਨ ਅਤੇ ਆਪਣੇ ਆਤਮਿਕ ਧੁਰੇ ਨਾਲ ਜੁੜੇ ਰਹਿਣ ਦਾ ਆਦੇਸ਼ ਦਿਤਾ ਹੈ। ਆਪ ਜੀ ਨੇ ਮਨੁਖ ਨੂੰ ਪਦਾਰਥ ਦੀ ਅੰਨ੍ਹੀ ਦੌੜ ਵਿਚ ਪੈਣ ਦੀ ਥਾਂ ਸੰਤੁਲਨ ਵਿਚ ਰਹਿਣ ਦਾ ਸੁਝਾਅ ਦਿਤਾ ਹੈ —
ਗਰੀਬੀ ਗਦਾ ਹਮਾਰੀ।
ਖੰਨਾ ਸਗਲ ਰੇਨ ਛਾਰੀ।
ਇਸ ਆਗੈ ਕੋਟ ਟਿਕੇ ਵਿਕਾਰੀ।
ਗੁਰੁ ਪੂਰੇ ਇਹ ਗਲ ਸਾਰੀ।
ਸਾਧਾਰਨ ਜੀਵਨ ਤੇ ਪਵਿਤਰਤਾ ਇਕ ਦੂਜੇ ਦੇ ਅੰਗ-ਸੰਗ ਰਹਿਣ ਵਾਲੇ ਤਤ ਹਨ। ਅਸਲ ਵਿਚ ਮਨੁਖ ਦੀਆਂ ਬੁਨਿਆਦੀ ਲੋੜਾਂ ਤਾਂ ਬਹੁਤ ਥੋੜ੍ਹੀਆਂ ਹਨ। ਤ੍ਰੈਗੁਣ ਮਾਇਆ ਦਾ ਚਕਰ ਹੀ ਪੰਜਾਬ ਦੀ ਕਿਰਸਾਣੀ ਦੇ ਸੰਕਟ ਲਈ ਜ਼ਿੰਮੇਵਾਰ ਹੈ। ਗੁਰਬਾਣੀ ਵਿਚ ‘ਜਤੁ ਸਤੁ ਸੰਜਮ ਕਰਮ ਕਮਾਵੈ’ ਦੇ ਹੁਕਮ ਨੂੰ ਮੰਨ ਕੇ ਕੀਤੇ ਗਏ ਕਰਮਾਂ ਬਾਰੇ ਗੁਰਬਾਣੀ ਦਾ ਕਥਨ ਹੈ —
ਸਚੁ ਖੇਤੀ ਸਚ ਬੀਜਣਾ ਸਾਚਾ ਵਾਪਾਰਾ।
ਅਨਦਿਨੁ ਲਾਹਾ ਸਚੁ ਨਾਮੁ ਧਨੁ ਭਰੇ ਭੰਡਾਰਾ।
ਸਚੁ ਖਾਣਾ ਸਚੁ ਪੈਨਣਾ ਸਚੁ ਏਕੁ ਹਰਿ ਨਾਉ।
ਜਿਸ ਨੋ ਬਖਸੇ ਤਿਸੁ ਮਿਲੈ ਮਹਲੀ ਪਾਈਐ ਥਾਉ।
ਗੁਰਮੁਖਿ ਖੇਤੀ ਹਰਿ ਅੰਤ ਬੀਜੀਐ ਹਰਿ ਲੀਜੈ ਸਰੀਰ ਜਮਾਇ ਰਾਮ।
ਦੂਜੇ ਪਾਸੇ ਅਜੋਕੇ ਸੰਕਟ ਵਿਚ ਫਸੀ ਹੋਈ ਕਿਰਸਾਣੀ ਬਾਰੇ ਬਹੁਤ ਢੁਕਵਾਂ ਕਥਨ ਹੈ —
ਮਨਮੁਖਿ ਖੇਤੀ ਵਣਜੁ ਕਰ ਥਾਕੇ ਤ੍ਰਿਸਨਾ ਭੁਖ ਨ ਜਾਏ।
ਨਾਨਕ ਨਾਮੁ ਬੀਜਿ ਮਨ ਅੰਦਰ ਸਚੇ ਸਬਦ ਸੁਬਾਏ।
ਗੁਰਬਾਣੀ ਇਕ ਚਾਨਣ ਮੁਨਾਰੇ ਵਾਂਗ ਸਭ ਦੇ ਮਨਾਂ ਦੀਆਂ ਹਨੇਰੀਆਂ ਨੁਕਰਾਂ ਨੂੰ ਰੋਸ਼ਨ ਕਰਨ ਦੇ ਸਮਰਥ ਹੈ। ਗੁਰਬਾਣੀ ਵਿਚ ਮਨੁਖੀ ਜੀਵਨ ਤੇ ਕਿਰਸਾਣੀ ਨੂੰ ਇਕਸੁਰ ਕਰਦਿਆਂ ਇਸ ਨੂੰ ਇਕ ਪਵਿਤਰ ਕਾਰਜ ਵਜੋਂ ਕਿਰਤ ਦਾ ਉਚਾ ਦਰਜਾ ਦਿਤਾ ਗਿਆ ਹੈ। ਇਹ ਕਾਰਜ ਬਾਹਰਮੁਖੀ ਹੋ ਕੇ ਮੁਦਰਾ ਦਾ ਗੁਲਾਮ ਬਣ ਜਾਵੇ ਤਾਂ ਸੰਕਟ ਦਾ ਰੂਪ ਲੈ ਲੈਂਦਾ ਹੈ। ਅੰਤਰ-ਮਨ ਅਤੇ ਆਤਮਾ ਦੀ ਖੇਡ ਅੰਗ ਸੰਗ ਰਹੇ ਤਾਂ ਹੀ ਸੰਕਟ ਤੋਂ ਬਚਿਆ ਜਾ ਸਕਦਾ ਹੈ। ਗੁਰਬਾਣੀ ਵਿਚ ਖੇਤੀ ਨੂੰ ਧਰਤੀ ਦੀ ਸਿਰਜਣ ਸ਼ਕਤੀ ਦੇ ਦਿਸਦੇ ਅਮਲ ਦੇ ਰੂਪ ਵਿਚ ਵੇਖਦਿਆਂ ਕਿਰਸਾਣੀ ਦੀ ਕਿਰਤ ਨੂੰ ਸੁਚੀ ਬਣਾਈ ਰਖਣ ਦਾ ਪੈਗਾਮ ਸਾਡੇ ਸਾਹਮਣੇ ਹੈ।
ਮਨੁ ਹਾਲੀ ਕਿਰਸਾਣੀ ਕਰਣੀ ਸਰਮ ਪਾਣੀ ਤਨੁ ਖੇਤੁ।
ਨਾਮੁ ਬੀਜੁ ਸੰਤੋਖ ਸੁਹਾਗਾ ਰਖ ਗਰੀਬੀ ਵੇਸੁ।
ਭਾਉ ਕਰਮ ਕਰ ਸਮਿਸੀ ਸੇ ਘਰ ਭਾਗਠੁ ਦੇਖੁ।
ਬਾਬਾ ਮਾਇਆ ਸਾਥ ਨ ਜਾਇ।
ਇਨਿ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਇ।
ਗੁਰੂ ਗ੍ਰੰਥ ਸਾਹਿਬ ਵਿਚ ਜਿਸ ਚਿੰਤਨ ਨੂੰ ਗੁਰੂ ਰੂਪ ਵਿਚ ਪਰਵਾਨ ਕੀਤਾ ਜਾਂਦਾ ਹੈ, ਉਸ ਕੋਲ ਹੀ ਕਿਰਸਾਣੀ ਦੇ ਸੰਕਟ ਦਾ ਇਲਾਜ ਹੈ। ਜਿਹੜੀ ਦੌੜ ਵਿਚ ਕਿਰਸਾਣੀ ਨੂੰ ਪਾ ਦਿਤਾ ਗਿਆ ਹੈ, ਉਸ ਦਾ ਕੋਈ ਅੰਤ ਨਹੀਂ ਹੈ ਅਤੇ ਉਹ ਤਣਾਉ ਤੋਂ ਬਿਨਾਂ ਉਸ ਨੂੰ ਕੁਝ ਵੀ ਨਹੀਂ ਦੇ ਸਕੀ। ਪਹਿਲਾਂ ਉਸ ਨੂੰ ਖੇਤਾਂ ਦਾ ਸਾਧੂ ਮੰਨਣ ਦਾ ਆਧਾਰ ਇਹੀ ਰਿਹਾ ਹੈ ਕਿ ਉਹ ਸਵੈਨਿਰਭਰ ਹੈ, ਸੁਤੰਤਰ ਹੈ, ਸਵੈ ਸੰਤੁਸ਼ਟ ਹੈ, ਸੇਵਾ ਭਾਵੀ ਹੈ, ਸੰਜਮੀ ਹੈ ਤੇ ਸਹਿਜ ਹੈ। ਉਸ ਦਾ ਸੰਕਟ ਇਸ ਕੌੜੀ ਅਸਲੀਅਤ ਵਿਚ ਹੈ ਕਿ ਉਸ ਦਾ ਮੁਖ ਗੁਰੂ ਵੱਲ ਨਹੀਂ ਰਿਹਾ। ਉਹ ਤ੍ਰੈਗੁਣ ਮਾਇਆ ਦੇ ਚਕਰ ਵਿਚ ਪੈ ਗਿਆ ਹੈ ਤੇ ਭੁਲਾਂਦਿਰਿਆਂ ਨੇ ਉਸ ਨੂੰ ਭਟਕਣ ਵਿਚ ਪਾ ਦਿਤਾ ਹੈ। ਉਸ ਨੇ ਗੁਰੂ ਦਾ ਕਹਿਣਾ ਮੰਨਣ ਦੀ ਥਾਂ ਉਸ ਵੱਲ ਪਿਠ ਕਰ ਲਈ ਹੈ —
ਮਨਮੁਖਿ ਦੁਖ ਦਾ ਖੇਤ ਹੈ ਦੁਖ ਬੀਜੈ ਦੁਖ ਖਾਇ।
ਦੁਖ ਵਿਚ ਜੰਮੈ ਦੁਖਿ ਮਰੈ ਹਉਮੈਂ ਕਿਰਤੁ ਵਿਹਾਇ।
ਗੁਰਬਾਣੀ ਵਿਚ ਖੇਤੀ ਨੂੰ ਗੁਣਾਂ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਗੁਣਾਂ ਨੂੰ ਧਾਰਨ ਕਰਨ ਨਾਲ ਕਿਰਸਾਣੀ ਦਾ ਸਾਰਾ ਜੰਜਾਲ ਕਟਿਆ ਜਾ ਸਕਦਾ ਹੈ ਅਤੇ ਗਲੇ ਦੀ ਫਾਹੀ ਬਣਿਆ ਕੂੜ ਦਾ ਵਰਤਾਰਾ ਸਮਾਪਤ ਹੋ ਸਕਦਾ ਹੈ। ਰੂਹਾਨੀਅਤ ਦੀ ਦੈਵੀ ਬੇੜੀ ਦਾ ਸਹਾਰਾ ਲੈ ਕੇ ਹੀ ਪੰਜਾਬ ਦੀ ਕਿਰਸਾਣੀ ਮਾਇਆਵੀ ਹੜ੍ਹ ਵਿਚ ਡੁਬਣ ਤੋਂ ਬਚ ਸਕਦੀ ਹੈ। ਮੁਕਤੀ ਦਾ ਰਾਹ ਸਰਬ ਸਧਾਰਨਤਾ ਅਤੇ ਗੁਰੂ ਨਾਲ ਜੁੜਨ ਵਿਚ ਹੈ —
ਵਡੇ ਵਡੇ ਜੋ ਦੀਸਹਿ ਲੋਗ।
ਤਿਨ ਕਉ ਬਿਆਪੈ ਚਿੰਤਾ ਰੋਗ।
ਕਉਨ ਵਡਾ ਮਾਇਆ ਵਡਿਆਈ।
ਸੋ ਵਡਾ ਜਿਨਿ ਰਾਮ ਲਿਵ ਲਾਈ। ਰਹਾਉ।
ਭੂਮੀਆ ਭੂਮਿ ਊਪਰਿ ਨਿਤ ਲੂਝੈ।
ਛੋਡ ਚਲੈ ਤ੍ਰਿਸਨਾ ਨਹੀਂ ਬੂਝੈ।
ਗੁਰਬਾਣੀ ਵਿਚ ਸਮਰਪਣ ਸੰਬੰਧੀ ਵਧੇਰੇ ਚਰਚਾ ਹੈ। ਕਿਰਤ ਤੇ ਸੰਜਮ ਨੂੰ ਅਪਨਾਉਣ ਦੀ ਪ੍ਰੇਰਨਾ ਹੈ। ਕਿਰਤ ਅੰਦਰ ਦੇ ਪਾਪ ਨੂੰ ਖੋਰਦੀ ਹੈ, ਮਨ ਨੂੰ ਇਕਸੁਰ ਕਰਦੀ ਹੈ, ਆਤਮਿਕ ਸ਼ਕਤੀ ਨੂੰ ਜਗਾਉਂਦੀ ਹੈ। ਗੁਰੂ ਨਾਨਕ ਦੇਵ ਜੀ ਦਾ ਮਲਿਕ ਭਾਗੋ ਦੀ ਥਾਂ ਭਾਈ ਲਾਲੋ ਨਾਲ ਨੇੜ ਅਮਲੀ ਤੌਰ ਉਤੇ ਕਿਰਤ ਦੇ ਸਤਿਕਾਰ ਦਾ ਪ੍ਰਤੀਕ ਹੈ। ਹਥ ਕਾਰ ਵੱਲ ਦਿਲ ਯਾਰ ਵੱਲ ਦਾ ਸੰਕਲਪ ਅਕਾਲਪੁਰਖ ਦੇ ਅੰਗ ਸੰਗ ਹੋਣ ਲਈ ਕਿਰਤ ਅਤੇ ਰੂਹਾਨੀਅਤ ਦੇ ਸੁਮੇਲ ਨੂੰ ਪ੍ਰਗਟ ਕਰਦਾ ਹੈ।
ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ।
ਇਹ ਸੰਪੂਰਨ ਸਮਰਪਣ ਦੀ ਅਵਸਥਾ ਹੈ ਅਤੇ ਇਹ ਜੀਵਨ ਮੁਕਤੀ ਦਾ ਰਾਹ ਹੈ। ਗੁਰਬਾਣੀ ਦਾ ਸੁਝਾਅ ਸਾਫ਼ ਹੈ ਕਿ ਕਿਰਤ ਕਰਦਿਆਂ ਰੂਹਾਨੀ ਮੁੱਲ-ਪ੍ਰਬੰਧ ਨੂੰ ਹੀ ਬੁਨਿਆਦ ਬਣਾਇਆ ਜਾ ਸਕਦਾ ਹੈ। ਨੈਤਿਕ ਮੁੱਲ ਵਿਧਾਨ ਨੂੰ ਅਪਣਾ ਕੇ ਕੀਤੀ ਗਈ ਕਿਰਤ ਨਾ ਥਕੇਵਾਂ ਪੈਦਾ ਕਰਦੀ ਹੈ, ਨਾ ਤਣਾਉ ਦੀ ਅਮੁਕ ਬੀਮਾਰੀ ਲਾਉਂਦੀ ਹੈ ਅਤੇ ਨਾ ਹੀ ਆਤਮਘਾਤ ਦੇ ਰਾਹ ਤੋਰਦੀ ਹੈ —
ਖੇਤੀ ਵਣਜ ਨਾਵੈ ਕੀ ਓਟ।
ਗੁਰੂ ਸਾਹਿਬਾਨ ਨੇ ਨੈਤਿਕ ਮੁੱਲਾਂ ਨੂੰ ਹੀ ਵਿਆਪਕ ਤੇ ਸਥਾਈ ਰਿਸ਼ਤਿਆਂ ਦੀ ਸਦੀਵਤਾ ਵਜੋਂ ਵੇਖਣ ਦੀ ਪ੍ਰੇਰਨਾ ਦਿਤੀ ਹੈ। ਹਰ ਸੰਕਟ ਵਿਚ ‘ਸਾਂਝ ਕਰੀਜੈ ਗੁਣਾ ਕੇਰੀ’ ਵਾਲਾ ਆਧਾਰ ਹੀ ਸਦੀਵੀ ਬਣਦਾ ਹੈ —
ਮਾਤਾ ਮਤਿ ਪਿਤਾ ਸੰਤੋਖੁ।
ਸਤੁ ਭਾਈ ਕਰਿਏਹੁ ਵਿਸੇਖੁ।
ਕਪਰ ਬੰਦੁ ਸੰਤੋਖ ਕਾ ਧਨੁ ਜੋਬਨ ਤੇਰਾ ਨਾਮ।
ਗੁਰੂ ਸਾਹਿਬ ਨੇ ਖੌਫ਼, ਚਿੰਤਾ ਤੇ ਝੋਰੇ ਦਾ ਮੂਲ ਕਾਰਨ ਮਾਇਆ ਦੇ ਭਰਮਜਾਲ ਨੂੰ ਦਸਿਆ ਹੈ। ਤ੍ਰਿਸਨਾਂ ਤੇ ਵਿਸ਼ਾਦ ਇਸ ਤੋਂ ਉਤਪੰਨ ਹੋਣ ਵਾਲੀਆਂ ਨਿਖੇਧਾਤਮਕ ਬਿਰਤੀਆਂ ਹਨ। ਇਸ ਦੀ ਭੁਖ ਅਮੁਕ ਹੈ। ਇਹ ਮਨੁਖੀ ਆਤਮਾ ਨੂੰ ਭਟਕਣਾ ਦੇ ਹਨੇਰੇ ਵਿਚ ਸੁਟ ਕੇ ਬਾਹਰਮੁਖੀ ਰੋਗਾਂ ਦੇ ਨਾਲ ਅੰਤਰ-ਮਨ ਦੇ ਰੋਗ ਵੀ ਪੈਦਾ ਕਰਦੀ ਹੈ —
ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ।
ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰਿ ਖਾਇ।
ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ।
ਗੁਰਬਾਣੀ ਵਿਚ ਵਿਕਾਸ ਦੀ ਨਾਭੀ ਵਿਸ਼ਵਾਸ ਹੈ। ਜਿਸ ਦੇ ਆਲੇਦੁਆਲੇ ਸਹਿਜ ਸੇਵਾ, ਸਮਰਪਣ ਸਾਦਗੀ, ਸੰਜਮ, ਸਬਰ, ਸੰਤੋਖ, ਸਿਦਕ, ਸੁਹਿਰਦਤਾ, ਕਿਰਤ, ਖਿਮਾ, ਦਇਆ ਇਸ ਨੂੰ ਬਲ ਦੇਣ ਵਾਲੇ ਗੁਣ ਹਨ। ਇਨ੍ਹਾਂ ਗੁਣਾਂ ਦੀ ਕਮਾਈ ਨਾਲ ਮਨ ਤੋਂ ਬੁਧੀ ਤੇ ਬੁਧੀ ਤੋਂ ਆਤਮਾ ਤਕ ਦੀ ਯਾਤਰਾ ਹੁੰਦੀ ਹੈ।
ਹੋਂਦ ਦੇ ਅਰਥ ਸਰੀਰ, ਮਨ ਤੇ ਆਤਮਾ ਦੀ ਇਕਸੁਰਤਾ ਵਿਚ ਬਦਲ ਜਾਂਦੇ ਹਨ। ਪੰਜਾਬ ਦੀ ਕਿਰਸਾਣੀ ਦੇ ਸੰਕਟ ਦਾ ਹੱਲ ਝੂਠੀਆਂ ਸਰਕਾਰਾਂ, ਬੈਂਕਾਂ ਜਾਂ ਹੋਰ ਹੀਲਿਆਂ ਵਿਚ ਨਹੀਂ ਸਗੋਂ ਪ੍ਰਦੂਸ਼ਣ, ਨਸ਼ੇ, ਸ਼ਾਹ ਖਰਚੀ, ਕਰਜ਼ੇ, ਵਿਖਾਵੇ, ਹਉਮੈਂ ਤੇ ਮਾਇਆ ਮੁਕਤੀ ਵਿਚ ਹੈ। ਪੇਤਲੀ, ਬਾਹਰਮੁਖੀ ਤੇ ਛਿਨ ਭੰਗੁਰੀ ਜਾਣਕਾਰੀ ਦੀ ਥਾਂ ਗੁਰੂ ਦਾ ਕਿਹਾ ਮੰਨ ਕੇ ਹੀ ਹਨੇਰੇ ਵਿਚ ਭਟਕਣ ਦੀ ਥਾਂ ਉਦਮ ਕਰਕੇ ਉਸ ਨਿਸ਼ਾਨੇ ਉਤੇ ਪਹੁੰਚਿਆ ਜਾ ਸਕਦਾ ਹੈ ਜੋ ਸਿਖੀ ਦਾ ਸਾਧਨ ਬਣ ਸਕਦਾ ਹੈ ਅਤੇ ਸਹਿਜ ਸੰਸਾਰ ਨਾਲ ਜੋੜ ਕੇ ਚਿੰਤਾ ਤੋਂ ਮੁਕਤ ਕਰ ਸਕਦਾ ਹੈ :
ਉਦਮੁ ਕਰੇਦਿਆਂ ਜੀਉ ਤੂੰ ਕਮਾਵਦਿਆਂ ਸੁਖ ਭੁੰਚੁ।
ਧਿਆਇਦਿਆਂ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤੁ।
ਗੁਰਬਾਣੀ ਵਿਚ ਲਗਨ, ਮਿਹਨਤ, ਕਿਰਤ ਤੇ ਅਨੰਦ ਨੂੰ ਆਪਸ ਵਿਚ ਜੋੜ ਕੇ ਵੇਖਿਆ ਗਿਆ ਹੈ। ਗੁਰਬਾਣੀ ਕਿਰਤ ਉਪਰੰਤ ਥਕੇ ਹੋਏ ਕਿਰਸਾਣ ਲਈ ਕਿਸੇ ਨਸ਼ੇ ਦਾ ਵਿਧਾਨ ਨਹੀਂ ਕਰਦੀ, ਕਿਸੇ ਵੀ ਬੇਮੇਚੀ ਸਮਸਿਆ ਕਾਰਨ ਅਕੇ ਹੋਏ ਗਭਰੂ ਨੂੰ ਨਸ਼ਿਆਂ ਦੇ ਰਾਹ ਨਹੀਂ ਤੋਰਦੀ ਅਤੇ ਵਿਨਾਸ਼ਕਾਰੀ ਕਰਮਾਂ ਤੋਂ ਰੋਕਦੀ ਹੈ। ਆਪਣੇ ਤਨ ਮਨ ਦੇ ਨਾਲ-ਨਾਲ ਆਪਣੇ ਆਲੇਦੁਆਲੇ ਨੂੰ ਮਲੀਨ ਕਰਨ ਤੋਂ ਵਰਜਦੀ ਹੈ। ਗੁਰਬਾਣੀ ਅਨੁਸਾਰ ਜੀਵਨ ਦਾ ਹੁਸਨ ਸੁਚੀ ਕਿਰਤ ਤੋਂ ਵਿਕਸਿਤ ਹੋਣ ਵਾਲੀ ਉਸਾਰੂ ਸੋਚ ਹੈ। ਇਹ ਉਸਾਰੂ ਸੋਚ ਜੀਵਨ ਦੇ ਨਕਸ਼ਾਂ ਨੂੰ ਸੰਵਾਰਦੀ ਹੈ ਅਤੇ ਜੀਵਨ ਮੁਕਤ ਹੋਣ ਦਾ ਰਸਤਾ ਦਸਦੀ ਹੈ। ਮਨੁਖੀ ਹੋਂਦ ਦੇ ਕਿਲੇ ਵਿਚ ਮੋਰੀਆਂ ਪੈਦਾ ਕਰਨ ਵਾਲੀਆਂ ਨਫੀ ਹਾਲਤਾਂ ਤੋਂ ਜਿਤ ਪ੍ਰਾਪਤ ਹੁੰਦੀ ਹੈ।
ਪੰਚ ਦੂਤ ਤੁਧੁ ਵਸਿ ਕੀਤੇ ਕਾਲ ਕੰਟਕੁ ਮਾਰਿਆ।
ਪੰਜਾਬ ਦੀ ਕਿਰਸਾਣੀ ਜਿਸ ਸੰਕਟ ਵਿਚ ਫਸੀ ਹੋਈ ਹੈ, ਉਸ ਦਾ ਰੂਪ ਵਿਕਰਾਲ ਹੈ। ਉਸ ਨੂੰ ਠਲ੍ਹ ਪਾਉਣ ਲਈ ਉਸ ਦਾ ਕਾਰਨ ਬਣਨ ਵਾਲੀਆਂ ਤਾਕਤਾਂ ਉਤੇ ਕੋਈ ਉਮੀਦ ਕਰਕੇ ਉਨ੍ਹਾਂ ਦੇ ਦਰ ਵੱਲ ਝਾਕਣਾ ਜਾਂ ਉਨ੍ਹਾਂ ਨੂੰ ਦੋਸ਼ ਦੇਣਾ ਜਾਂ ਉਨ੍ਹਾਂ ਤੋਂ ਅਕ ਥਕ ਕੇ ਆਤਮ ਹਤਿਆ ਦੇ ਰਾਹ ਤੁਰਨਾ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਹੈ। ਅਸਲ ਵਿਚ ਗੁਰੂ ਗ੍ਰੰਥੁ ਸਾਹਿਬ ਦੇ ਲੜ ਲਗਣ ਦੀ ਲੋੜ ਹੈ। ਇਹ ਕੌੜੀ ਹਕੀਕਤ ਹੈ ਕਿ ਪੰਜਾਬ ਦੀ ਆਰਥਿਕਤਾ ਦੀ ਨਾਭੀ ਵਜੋਂ ਜਾਣੀ ਜਾਂਦੀ ਕਿਰਸਾਣੀ ਨੇ ਗੁਰੂ ਗ੍ਰੰਥ ਸਾਹਿਬ ਨਾਲ ਸਿਧੇ ਮੂੰਹ ਜੁੜਨ ਲਈ ਕੋਈ ਸੇਧ ਨਹੀਂ ਅਪਣਾਈ। ਜੇ ਸੱਤਾ ਦੀਆਂ ਵਧੀਕੀਆਂ ਅਤੇ ਵਿਰੋਧੀਆਂ ਨਾਲ ਘੋਲ ਵੀ ਕਰਨਾ ਹੈ ਤਾਂ ਗੁਰਬਾਣੀ ਤੋਂ ਸੇਧ ਲਈ ਜਾ ਸਕਦੀ ਹੈ। ਕੁਰਾਹੇ ਪਾਉਣ ਵਾਲੀਆਂ ਤਾਕਤਾਂ ਦਾ ਆਪਣਾ ਸਵਾਰਥ ਹੁੰਦਾ ਹੈ। ਬੇਅਕਲ ਓਹੀ ਹੁੰਦਾ ਹੈ ਜੋ ਥੋੜ ਚਿਰੀਆਂ ਲਾਲਸਾਵਾਂ, ਭੁਲਾਂਦਰਿਆਂ ਅਤੇ ਦਬਾਵਾਂ ਥਲੇ ਲੀਹੋਂ ਲਹਿ ਕੇ ਆਪਣੇ ਪ੍ਰੇਰਨਾ ਸ੍ਰੋਤ, ਆਤਮਿਕ ਬਲ ਦੇ ਸੋਮੇਂ ਤੇ ਜੀਵਨ ਮੁਕਤੀ ਦੇ ਕੇਂਦਰਾਂ ਤੋਂ ਮੂੰਹ ਮੋੜ ਲੈਂਦਾ ਹੈ।
ਘੋਰ ਸੰਕਟ ਵਿਚ ਫਸੀ ਹੋਈ ਪੰਜਾਬ ਦੀ ਕਿਰਸਾਣੀ ਦੀ ਮੁਕਤੀ ਦਾ ਇਕੋ-ਇਕ ਰਾਹ ਹੈ —
ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤ।
ਹਸੰਦਿਆਂ ਖੇਲੰਦਿਆ ਪੈਨੰਦਿਆ ਖਾਵੰਦਿਆਂ  ਵਿਚੇ ਹੋਵੈ ਮੁਕਤਿ।
ਪ੍ਰੋ. ਨਿਰੰਜਨ ਸਿੰਘ ਢੇਸੀ

Leave a Reply

Your email address will not be published. Required fields are marked *