ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼ ਲੇਖ ਲੜੀ-3

(ਡਾ. ਗੁਰਭਗਤ ਸਿੰਘ ਪੰਜਾਬ ਦੇ ਉਨ੍ਹਾਂ ਕੁਝ ਕੁ ਮੌਲਿਕ ਚਿੰਤਕਾਂ ਵਿਚੋਂ ਹਨ, ਜਿਨ੍ਹਾਂ ਨੇ ਬੜੀ ਗੰਭੀਰਤਾ ਨਾਲ ਪੂਰਬੀ ਤੇ ਪਛਮੀ ਚਿੰਤਨ ਦਾ ਤੁਲਨਾਤਮਕ ਅਧਿਐਨ ਕੀਤਾ ਹੈ। ਉਹ ਆਪਣੀ ਉਮਰ ਦੇ ਆਖਰੀ ਪਲ ਤਕ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਵਿਚ ਤਰਜਮਾ ਪੂਰਾ ਕਰਨ ਦੇ ਯਤਨ ਕਰਦੇ ਰਹੇ। ਉਨ੍ਹਾਂ ਦੇ ਚਿੰਤਨ ਦਾ ਆਧਾਰ ਗੁਰੂ ਗ੍ਰੰਥ ਸਾਹਿਬ ਹੈ, ਪਰ ਉਨ੍ਹਾਂ ਨੇ ਪੰਜਾਬੀ ਤੇ ਸਿਖ ਪਾਠਕਾਂ ਨੂੰ ਇਹ ਵੀ ਤਾਕੀਦ ਕੀਤੀ ਕਿ ‘ਵਿਸਮਾਦ ਨੂੰ ਸਰਬਵਿਆਪੀ ਬਣਾਉਣ ਲਈ ਮਾਰਕਸਵਾਦ ਦਾ ਅਧਿਐਨ ਕਰਨਾ ਵੀ ਜ਼ਰੂਰੀ ਹੈ।’)

ਡਾ. ਗੁਰਭਗਤ ਸਿੰਘ

ਮਹਲਾਵਾਂ (ਔਰਤਾਂ) ਨੂੰ ਦਰਬਾਰ ਸਾਹਿਬ ਵਿਚ ਕਾਰ-ਸੇਵਾ ਕਰਨ, ਕੀਰਤਨ ਕਰਨ ਅਤੇ ਪੰਜ ਪਿਆਰਿਆਂ ਵਿਚ ਸਾਮਿਲ ਕਰਨ ਦਾ ਮਸਲਾ ਵਿਚਾਰ ਅਧੀਨ ਰਿਹਾ ਹੈ। ਅੰਤਿਮ ਫੈਸਲੇ ਇਹ ਮੁਖ ਰਖ ਕੇ ਹੀ ਲੈਣੇ ਚਾਹੀਦੇ ਹਨ ਕਿ ਸਿਖ ਚਿੰਤਨ ਕੀ ਹੈ ਅਤੇ ਅੱਜ ਦੇ ਜਗਤ ਵਿਚ ਸਿਖ ਭਾਈਚਾਰੇ ਨੇ ਆਪਣੀ ਸਤਿਕਾਰਯੋਗ ਥਾਂ ਕਿਵੇਂ ਬਣਾਈ ਰਖਣੀ ਹੈ, ਸਗੋਂ ਇਸ ਥਾਂ ਨੂੰ ਹੋਰ ਉਚੇਰਾ ਕਿਵੇਂ ਕਰਨਾ ਹੈ। ਜਿਹੜੀ ਕੌਮ ਸਮੇਂ ਨਾਲ ਨਹੀਂ ਚਲਦੀ, ਉਸਨੂੰ ਕੋਈ ਸਤਿਕਾਰ ਨਹੀਂ ਮਿਲ ਸਕਦਾ। ਨਾ ਹੀ ਉਹ ਬੌਧਿਕ ਅਤੇ ਭਾਵੁਕ ਤੌਰ ਉਤੇ ਸਿਹਤਮੰਦ ਰਹਿ ਸਕਦੀ ਹੈ। ਇਸ ਦਾ ਅਸਰ ਉਸ ਦੀ ਰਾਜਨੀਤੀ, ਅਰਥਚਾਰੇ ਤੇ ਸਭਿਆਚਾਰਕ ਰਿਸ਼ਤਿਆਂ ਉਤੇ ਵੀ ਪੈਂਦਾ ਹੈ। ਅੰਤਰ-ਰਾਸ਼ਟਰੀ ਲੈਣ ਦੇਣ ਵਿਚ ਵੀ ਉਸਦੇ ਮੈਂਬਰਾਂ ਦੀ ਕੋਈ ਰਸਾਈ ਜਾਂ ਸੁਣਵਾਈ ਨਹੀਂ ਰਹਿੰਦੀ। ਇਤਿਹਾਸ ਕਿਸੇ ਨੁਕਤੇ ਉਤੇ ਨਹੀਂ ਖੜਦਾ। ਇਸ ਗਤੀ ਵਿਚ ਹਰ ਕੌਮ/ਭਾਈਚਾਰੇ ਨੂੰ ਆਪਣੇ ਵਿਰਸੇ ਬਾਰੇ ਪੁਨਰ-ਚਿੰਤਨ ਦੀ ਲੋੜ ਪੈਂਦੀ ਹੈ। ਅੱਜ ਦੇ ਮੁਹਾਵਰੇ ਵਿਚ ਅਸੀਂ ਕਹਿੰਦੇ ਹਾਂ ਕਿ ਹਰ ਵਿਰਾਸਤ ਨੂੰ ਜਿਉਂਦਾ ਅਤੇ ਪ੍ਰਾਸੰਗਿਕ ਰਹਿਣ ਲਈ ਨਵੇਂ ਸਿਰਿਓਂ ਈਜਾਦ ਕਰਨ ਦੀ ਲੋੜ ਹੁੰਦੀ ਹੈ। ਨਵੇਂ ਸਿਰਿਓਂ ਈਜਾਦ ਕਰਨ ਦਾ ਅਰਥ ਆਪਣੀ ਮੌਲਿਕਤਾ ਅਨੁਸਾਰ ਨਵੀਂ ਵਿਆਖਿਆ ਕਰਨਾ ਹੈ। ਪੰਜਾਬ ਦੀ ਮੁਲਵਾਨ ਸਿਖ ਵਿਰਾਸਤ ਨੂੰ ਅਜੇ ਇਹ ਈਜਾਦ ਨਸੀਬ ਨਹੀਂ ਹੋਈ।
ਸਿਖ ਵਿਰਾਸਤ ਦੀ ਇਕ ਤ੍ਰਾਸਦੀ ਇਹ ਹੈ ਕਿ ਇਸ ਦੀ ਵਿਆਖਿਆ ਉਨ੍ਹਾਂ ਵਿਦਵਾਨਾਂ ਜਾਂ ਇਤਿਹਾਸਕਾਰਾਂ ਦੇ ਹੱਥ ਵਿਚ ਰਹੀਂ ਹੈ, ਜੋ ਇਸ ਨੂੰ ਪ੍ਰਮੁਖ ”ਹਿੰਦੂ” ਗ੍ਰੰਥਾਂ ਦੀ ਲੋਅ ਵਿਚ ਦੇਖਦੇ ਰਹੇ ਹਨ। ਮੋਟੇ ਸ਼ਬਦਾਂ ਵਿਚ ਵੇਦਾਂ ਅਤੇ ਉਪਨਿਸ਼ਦਾਂ ਦਾ ਚਿੰਤਨ ਹੀ ਉਨ੍ਹਾਂ ਦੇ ਮਨ ਉਤੇ ਸਵਾਰ ਰਿਹਾ ਹੈ। ਇਸ ਦਾ ਨਤੀਜਾ ਇਹ ਹੋਇਆ ਹੈ ਕਿ ਸਿਖ ਮੌਲਿਕਤਾ ਉਜਾਗਰ ਹੋਣੋਂ ਰਹਿ ਗਈ।
ਉਦਾਹਰਣ ਦੇ ਤੌਰ ਉਤੇ ਸਿਖ ਸੰਸÎਥਾਵਾਂ ਵਿਚ ਮਹਲਾਵਾਂ ਨੂੰ ਉਹ ਦਰਜਾ ਨਹੀਂ ਦਿਤਾ ਜਾ ਸਕਿਆ, ਜੋ ਗੁਰੂ ਸਾਹਿਬਾਨ ਨੇ ਮਿਸ਼ਨ ਅਨੁਸਾਰ ਹੋਵੇ। ਕਾਰਣ ਕੀ ਹੈ? ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਿਖ ਸੰਸਥਾਵਾਂ ਉਨ੍ਹਾਂ ਪੁਰਸ਼ਾਂ ਦੇ ਹਥ ਵਿਚ ਸਨ ਜੋ ਵਕਤ ਦੀਆਂ ਪੁਰਸ਼-ਪ੍ਰਧਾਨ ਕੀਮਤਾਂ ਤੋਂ ਪ੍ਰਭਾਵਿਤ ਸਨ। ਉਨ੍ਹਾਂ ਦੇ ਮਨ ਅਤੇ ਭਾਵ ਉਸ ਰਾਜਨੀਤਕ ਆਰਥਿਕਤਾ ਨੇ ਸਿਰਜੇ ਹੋਏ ਸਨ, ਜਿਨ੍ਹਾਂ ਵਿਚ ਪੁਰਸ਼ ਪ੍ਰਧਾਨ ਸੀ। ਪੁਰਸ਼ ਨੂੰ ਹੀ ਸਭ ਨੈਟਵਰਕ ਚਲਾਉਣ ਦੇ ਸਮਰਥ ਸਮਝਿਆ ਜਾਂਦਾ ਸੀ। ਬੁਧੀ ਦੀ ਅਜਾਰੇਦਾਰੀ ਵੀ ਉਸੇ ਕੋਲ ਸੀ।
ਸਿਖ ਸੰਸਥਾਵਾਂ ਨੂੰ ਚਲਾਉਣ ਵਾਲੇ ਭਾਵੇਂ ਗੁਰਬਾਣੀ ਦੇ ਚੰਗੇ ਜਾਣਕਾਰ ਸਨ, ਪਰ ਅਮਲ ਵਿਚ ਉਨ੍ਹਾਂ ਨੇ ਗੁਰੂ ਸਾਹਿਬਾਨ ਦੇ ਮਿਸ਼ਨ ਨੂੰ ਚੰਗੀ ਤਰ੍ਹਾਂ ਸਮਝ ਕੇ ਅਗੇ ਤੋਰਨ ਵਿਚ ਕੋਈ ਸਮਰਥਾ ਨਹੀਂ ਦਿਖਾਈ। ਉਨ੍ਹਾਂ ਦੀ ਅਸਮਰਥਾ ਦਾ ਵਡਾ ਪ੍ਰਮਾਣ ਸਿਖ ਸੰਸਥਾਵਾਂ ਵਿਚ ਮਹਿਲਾਵਾਂ ਨੂੰ ਉਹ ਦਰਜਾ ਨਹੀਂ ਦਿਤਾ ਜਾ ਸਕਿਆ ਜੋ ਗੁਰੂ ਸਾਹਿਬਾਨ ਦੇ ਚਿੰਤਨ ਅਨੁਸਾਰ ਬਣਦਾ ਸੀ।
ਗੁਰੂ ਸਾਹਿਬਾਨ ਨੇ ਮਹਿਲਾਵਾਂ ਬਾਰੇ ਜੋ ਚਿੰਤਨ ਅਤੇ ਅਭਿਆਸ ਸਾਨੂੰ ਦਿਤੇ, ਉਹ ਆਪਣੇ ਸਮੇਂ ਨਾਲੋਂ ਅਗੇਰੇ ਹੀ ਨਹੀਂ ਸਨ, ਉਹ ਅਤਿਅੰਤ ਵਿਸ਼ੇਸ਼ ਵੀ ਸਨ। ਇਹ ਆਖਣਾ ਵੀ ਅਤਿਕਥਨੀ ਨਹੀਂ ਕਿ ਉਹ ਸਾਡੀ ਸਮਕਾਲੀ ਨਾਰੀਵਾਦੀ ਸੋਚ ਨਾਲੋਂ ਵੀ ਅਗੇ ਲੰਘਦੇ ਹਨ। ”ਆਸਾ ਕੀ ਵਾਰ” ਵਿਚ ਗੁਰੂ ਨਾਨਕ ਦੇਵ ਜੀ ਦੇ ਇਹ ਸ਼ਬਦ ਤਾਂ ਸਭ ਨੂੰ ਯਾਦ ਆ ਜਾਂਦੇ ਹਨ — ”ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ਪਰ ਇਹ ਧਿਆਨ ਵਿਚ ਘਟ ਹੀ ਆਉਂਦਾ ਹੈ ਕਿ ਉਨ੍ਹਾਂ ਵਾਹਿਗੁਰੂ ਅਤੇ ਕਾਇਨਾਤ ਦੇ ਕੁਲ ਰਹਸ ਨੂੰ ਅਨੁਭਵ ਕਰਨ ਲਈ ਮਹਿਲਾ ਅਧਿਆਤਮਕ ਸਰੂਪ ਬਣਨ ਦਾ ਚਿੰਤਨ ਅਤੇ ਅਭਿਆਸ ਸਾਨੂੰ ਦਿਤੇ ਹਨ। ਸਾਧਾਰਣ ਸ਼ਬਦਾਂ ਵਿਚ ਉਨ੍ਹਾਂ ਦਾ ਇਹ ਸੰਦੇਸ਼ ਹੈ ਕਿ ਸ੍ਰਿਸ਼ਟੀ ਦਾ ਰਹਸ ਜਾਣਨ ਅਤੇ ਅਨੁਭਵ ਕਰਨ ਲਈ ਇਸਤਰੀ ਆਤਮਾ ਬਣਨਾ ਜ਼ਰੂਰੀ ਹੈ। ਵਾਹਿਗੁਰੂ ਨਾਲ ਭਰਪੂਰ ਮੇਲ ਵੀ ਤਦ ਹੀ ਹੋ ਸਕਦਾ ਹੈ। ਮਹਲਾ ਦਾ ਜੋ ਚਿੰਨ੍ਹ ਜਾਂ ਪ੍ਰਤੀਕ ਗੁਰੂ ਸਾਹਿਬਾਨ ਨੇ ਸਾਜਿਆ ਹੈ, ਉਹ ਮਹਲਾ ਦੀ ਸਿਰਜਣਾਤਮਕ ਸ਼ਕਤੀ ਅਤੇ ਉਸ ਦੀ ਵਿਸ਼ੇਸ਼ਤਾ ਨੂੰ ਪਛਾਣਦਾ ਹੈ। ਇਹ ਵਿਸ਼ੇਸ਼ਤਾ ਦੈਵੀ ਹੈ, ਬ੍ਰਹਿਮੰਡਕ ਅਤੇ ਕੁਝ ਅੰਤਿਮ (ਅਲਟੀਮੇਟ) ਪ੍ਰਕਾਰ ਦੀ ਸਮਰਥਾ ਜ਼ਾਹਿਰ ਕਰਦੀ ਹੈ, ਜੋ ਪੁਰਸ਼ ਕੋਲ ਨਹੀਂ। ਪੁਰਸ਼ ਨੂੰ ਇਹ ਸਮਰਥਾ ਪ੍ਰਾਪਤ ਕਰਨ ਲਈ ਆਦੇਸ਼ ਹੈ। ਕੁਲ ਕਾਇਨਾਤ ਵਾਹਿਗੁਰੂ ਦਾ ਰਹਸ ਪ੍ਰਾਪਤ ਕਰਨ ਲਈ ਮਹਲਾ ਅਧਿਆਤਮ, ਮਹਲਾ ਰੂਹ ਬਣਨ ਲਈ ਕਹਿਣਾ ਮਹਲਾ ਨੂੰ ਬਰਾਬਰੀ ਨਾਲ ਸੰਬੰਧਿਤ ਸੋਚ/ਪੈਰਾਡਾਈਮ ਤੋਂ ਵੀ ਅਗੇ ਲੈ ਜਾਂਦਾ ਹੈ।
ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੇ ‘ਗੁਰਸ਼ਬਦ ਰਤਨਾਕਰ ਮਹਾਨ ਕੋਸ਼’ ਵਿਚ ਇਹ ਸਵੀਕਾਰ ਕੀਤਾ ਹੈ ਕਿ ”ਗੁਰਬਾਣੀ ਵਿਚ ਸਤਿਗੁਰਾਂ ਨੇ ਆਪਣੇ ਲਈ ਮਹਲਾ ਸ਼ਬਦ ਵਰਤਿਆ ਹੈ।” ਮਹਲਾ ਸ਼ਬਦ ਦੇ ਅਰਥ ਭਾਈ ਸਾਹਿਬ ਨੇ ”ਮਹਿਲ ਵਿਚ ਰਹਿਣ ਵਾਲੀ ਨਾਰੀ ਇਸਤਰੀ” ਕੀਤੇ ਹਨÎ। ਕੁਝ ਸਿਖ ਵਿਦਵਾਨਾਂ ਨੇ ਮਹਲਾ ਸ਼ਬਦ ਦੇ ਅਰਥ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ, ਜੋ ਗੁਰੂ ਸਾਹਿਬਾਨ ਦੇ ਮਿÎਸ਼ਨ ਦੀ ਉਲੰਘਣਾ ਪ੍ਰਤੀਤ ਹੁੰਦੀ ਹੈ।
ਸਾਡੇ ਸਮਕਾਲੀ ਚਿੰਤਨ ਵਿਚ ਮਹਲਾ ਬਾਰੇ ਸਭ ਤੋਂ ਪ੍ਰਭਾਵਸ਼ਾਲੀ ਲਿਖਤਾਂ ਫਰਾਂਸ ਦੀਆਂ ਦੋ ਮਹਲਾਵਾਦੀ ਚਿੰਤਕਾਂ ਨੇ ਪ੍ਰਕਾਸ਼ਿਤ ਕੀਤੀਆਂ ਹਨ। ਉਨ੍ਹਾਂ ਦੇ ਨਾਂ ਹਨ — ਲੂਸ ਇਰਿਗੈਰੇ ਅਤੇ ਹੈਲੇਨ ਸਿਖੂ। ਇਨ੍ਹਾਂ ਦੋਹਾਂ ਨੇ ਸਪਸ਼ਟ ਕੀਤਾ ਹੈ ਕਿ ਮਹਲਾ ਦੀ ਵਿਸ਼ੇਸ਼ ਦੇਹ, ਭਾਵ ਅਤੇ ਸੋਚ ਕਾਰਣ ਉਸ ਦੀ ਸ਼ੈਲੀ, ਵਾਕ-ਪ੍ਰਬੰਧ ਆਦਿ ਵੀ ਵਿਸ਼ੇਸ਼ ਹਨ। ਉਸ ਦਾ ਜੋ ਅਨੁਭਵ ਹੈ, ਉਹ ਪੁਰਸ਼ ਦੀ ਸਮਰਥਾ ਵਿਚ ਨਹੀਂ। ਇਰਿਗੈਰੇ ਨੇ ਤਾਂ ਇਥੋਂ ਤਕ ਕਹਿ ਦਿਤਾ ਹੈ ਕਿ ਮਹਲਾ ਦੀ ਵਿਸੇਸ਼ਤਾ ਨੂੰ ਮੁਖ ਰਖ ਕੇ ਸਭ ਸੰਸਥਾਵਾਂ ਨਵੇਂ ਸਿਰਿਓਂ ਸੰਗਠਿਤ ਕਰਨੀਆਂ ਚਾਹੀਦੀਆਂ ਹਨ। ਸਮਾਜ ਦੀ ਦਰਜਾਬੰਦੀ, ਰਿਸ਼ਤੇ ਨਾਤੇ, ਮੁਖ ਅਦਾਰੇ ਇਸ ਸਮੇਂ ਪੁਰਸ਼-ਪਰਿਪੇਖ ਤੋਂ ਉਸਾਰੇ ਗਏ ਹਨ, ਉਨ੍ਹਾਂ ਰਾਹੀਂ ਮੁਕਤੀ ਨਹੀਂ ਹੋ ਸਕਦੀ। ਇਨ੍ਹਾਂ ਸਭ ਵਿਚ ਮਹਲਾ ਪਰਿਪੇਖ ਜਾਂ ਦ੍ਰਿਸ਼ਟੀ ਸ਼ਾਮਿਲ ਹੋਣਾ ਚਾਹੀਦੀ ਹੈ। ਵਰਨਾ ਸਭਿਅਤਾ ਦੀ ਪ੍ਰਾਪਤੀ ਅਧੂਰੀ ਰਹਿ ਜਾਵੇਗੀ।
ਇਰਿਗੈਰੇ ਦੀ ਮਹਲਾਵਾਦੀ ਸੋਚ ਇਥੋਂ ਤਕ ਨਹੀਂ ਪਹੁੰਚੀ ਕਿ ਕੁਲ ਸ੍ਰਿਸ਼ਟੀ ਦਾ ਰਹਸ ਹੀ ਮਹਲਾ-ਅਧਿਆਤਮ ਰਾਹੀਂ ਪ੍ਰਾਪਤ ਹੋ ਸਕਦਾ ਹੈ। ਇਸ ਪਧਰ ਉਤੇ ਗੁਰੂ ਸਾਹਿਬਾਨ ਨੇ ਮਹਲਾ/ਪੁਰਸ਼ ਦਾ ਭੇਦ ਮਿਟਾ ਦਿਤਾ ਹੈ — ਅੰਤਿਮ ਅਨੁਭਵ, ਪ੍ਰਤਖਣਾ, ਸਰਬ ਪਰਿਪੇਖੀ ਦ੍ਰਿਸ਼ਟੀ ਨੂੰ ਹੀ ਮਹਲਾ ਅਧਿਆਤਮ ਨਾਲ ਪਰਿਭਾਸ਼ਿਤ ਕਰ ਦਿਤਾ ਹੈ। ਗੁਰੂ ਨਾਨਕ ਦੇਵ ਜੀ ਦਾ ਸ਼ਾਹਕਾਰ, ਰਾਗ ਤੁਖਾਰੀ ਵਿਚ ਸਿਰਜਿਆ ”ਬਾਰਹ ਮਾਹਾ,” ਇਕ ਅਦੁਤੀ ਉਦਾਹਰਣ ਹੈ। ਇਸ ਵਿਚ ਵਖ-ਵਖ ਮਹੀਨਿਆਂ ਅਤੇ ਰੁਤਾਂ ਵਿਚ ਮਹਲਾ ਦੀ ਆਪਣੇ ਪ੍ਰਿਯ ਲਈ ਜਗਿਆਸਾ ਰਾਹੀਂ, ਵਾਹਿਗੁਰੂ ਅਤੇ ਕਾਇਨਾਤ ਦਾ ਰਹਸ ਅਨੁਭਵ ਕਰਵਾਇਆ ਗਿਆ ਹੈ। ਮਿਲਣ ਲਈ ਤੀਬਰਤਾ, ਭਾਵਾਂ ਦੀ ਸ਼ਿਦਤ, ਬਿਰਹਾ ਦੀ ਤੀਖਣਤਾ, ਸਭ ਜਗਿਆਸਾ ਦਾ ਹਿਸਾ ਹਨ ਅਤੇ ਮਹਲਾ-ਵਿਸ਼ੇਸ਼ ਹਨ। ਇਨ੍ਹਾਂ ਰਾਹੀਂ ਆਇਆ ਰਹਸ ਵੀ ਵਿਸ਼ੇਸ਼ ਹੀ ਹੋਵੇਗਾ। ਇਹ ਪੁਰਸ਼ ਦੇ ਪ੍ਰਕਿਰਤਕ ਸੰਗਠਨ ਲਈ ਸੰਭਵ ਨਹੀਂ। ਪੁਰਸ਼ ਨੂੰ ਆਪਣਾ ਸੰਗਠਨ ਲੰਘ ਕੇ ਹੀ ਇਹ ਸਮਰਥਾ ਪ੍ਰਾਪਤ ਕਰਨੀ ਹੋਵੇਗੀ। ”ਬਾਰਹ ਮਾਹਾ” ਵਿਚ ਮਹਲਾ ਲਈ ਬਹੁਤ ਸਤਿਕਾਰ ਹੈ, ਜੋ ਬਰਾਬਰੀ  ਦੇ ਅਰਥਾਂ ਤਕ ਸੀਮਤ ਸਮਕਾਲੀ ਮਹਲਾਵਾਦੀ ਸੋਚ ਤੋਂ ਬਹੁਤ ਅਗੇ ਲੰਘ ਜਾਂਦਾ ਹੈ।
ਇਹ ਕਿਹਾ ਜਾ ਸਕਦਾ ਹੈ ਕਿ ਗੁਰੂ ਸਹਿਬਾਨ ਤੋਂ ਪਹਿਲਾਂ ਸਹਜੀ ਬੋਧੀਆਂ ਦੀ ਤਾਂਤਰਿਕ ਪਰੰਪਰਾ ਮੌਜੂਦ ਸੀ ਜੋ ਇਸਤਰੀ ਦੀ ਪ੍ਰਕ੍ਰਿਤੀ ਨੂੰ ਮਹਤਵ ਦਿੰਦੀ ਸੀ। ਇਕ ਵਿਦਵਾਨ ਦੇਬੀ ਪ੍ਰਸਾਦ ਚੋਟੋਪਾਧਿਆਇ ਨੇ ਆਪਣੀ ਇਕ ਪੁਸਤਕ ਵਿਚ ਇਕ ਸਹਜੀ ਗੀਤ ਦੀ ਮਿਸਾਲ ਦਿਤੀ ਹੈ, ਜਿਸ ਵਿਚ ਕਿਹਾ ਗਿਆ ਹੈ— ਜੇ ਤੂੰ ਇਕ ਤਨ ਹੋ ਕੇ ਸਦੀਵਤਾ ਵਿਚ ਜਾਣਾ ਚਾਹੁੰਦਾ ਹਾਂ ਤਾਂ ਮਰਦ ਅੰਸ਼ ਨੂੰ ਤਿਆਗ ਕੇ ਇਸਤਰੀ ਜਾਂ ਪ੍ਰਕਿਰਤੀ ਬਣ।” ਪਰ ਗੁਰੂ ਸਾਹਿਬਾਨ ਜਿਵੇਂ ਕਿ ”ਬਾਰਹ ਮਾਹਾ” ਤੋਂ ਵੀ ਪ੍ਰਗਟ ਹੋਵੇਗਾ, ਮਹਲਾ ਨੂੰ ਕੇਵਲ ”ਪ੍ਰਕ੍ਰਿਤੀ” ਦੇ ਤੌਰ ਉਤੇ ਸਮਝਣ ਤੋਂ ਅਗੇ ਉਸ ਦੇ ਪ੍ਰੇਮ-ਭਾਵ ਤਕ ਪਹੁੰਚਦੇ ਹਨ। ਪ੍ਰੇਮ ਭਾਵ ਕੇਵਲ ਉਤੇਜਨਾ ਨਹੀਂ, ਇਸ ਵਿਚ ਚੋਣ ਅਤੇ ਚੇਤਨਤਾ/ਗਿਆਨ ਵੀ ਸਾਮਿਲ ਹੁੰਦੇ ਹਨ। ਗੁਰਬਾਣੀ ਵਿਚ ਜਿਸ ਸਹਿਜ ਜੀਵਨ ਨੂੰ ਆਦਰਸ਼ ਬਣਾਇਆ ਗਿਆ ਹੈ, ਉਸ ਵਿਚ ਭਾਵ ਅਤੇ ਗਿਆਨ ਦੋਵੇਂ ਸ਼ਾਮਿਲ ਹਨ। ਮਹਲਾ ਦਾ ਪ੍ਰੇਮ-ਭਾਵ, ਸਹਿਜੀ ਹੈ ਅਤੇ ਇਹੀ ਅੰਤਿਮ ਹੈ ਜਿਸ ਨਾਲ ਵਾਹਿਗੁਰੂ ਅਤੇ ਕਾਇਨਾਤ ਦਾ ਭੇਦ ਪਾਇਆ ਜਾ ਸਕਦਾ ਹੈ। ਇਹ ਮਹਲਾ ਪ੍ਰੇਮ-ਭਾਵ ਹੀ ਉਚੇ ਤੋਂ ਉਚਾ ਪ੍ਰਮਾਣਿਕ, ਸਹਿਜ ਅਨੁਭਵ ਹੈ। ਇਹੀ ਗਿਆਨ ਹੈ ੋਅਖਰੀ ਜਾਂ ਵਿਰਕਤ ਦਾਰਸ਼ਨਿਕ ਗਿਆਨ ਨਾਲੋਂ ਵਡੇਰਾ ਅਤੇ ਭਰਪੂਰ ਹੈ।
ਵਾਹਿਗੁਰੂ/ਵਿਸਮਾਦ ਦਾ ਗੁਰੂ, ਸੱਚਾ ਪਾਤਸ਼ਾਹ ਵੀ ਹੈ। ਇਹ ਪਾਤਸ਼ਾਹ, ਵਕਤੀ ਪਾਤਸ਼ਾਹਾਂ ਦੇ ਸਮਾਨਾਂਤਰ ਹੈ। ਇਹ ਵਕਤੀ ਪਾਤਸ਼ਾਹ ਝੂਠੇ ਹਨ, ਜ਼ਾਲਿਮ ਹਨ, ਪਰ ਸਚੇ ਪਾਤਸ਼ਾਹ ਨਾਲ ਰਿਸ਼ਤਾ ਮਹਲਾ-ਪ੍ਰੇਮ ਭਾਵ ਨਾਲ ਸ਼ਰਸ਼ਾਰ ਹੈ। ਇਹ ਸਚੇ ਪਾਤਸ਼ਾਹ ਅਤੇ ਉਸ ਪ੍ਰਤੀ ਮਹਲਾ ਪ੍ਰੇਮ-ਭਾਵ ਦੀ ਪੈਰਾਡਾਈਮ, ਰਾਜਨੀਤੀ ਦੀ ਪੈਰਾਡਾਈਮ ਵੀ ਹੈ। ਅਸੀਂ ਜਾਣਦੇ ਹਾਂ ਕਿ ਇਕ ਪੈਰਾਡਾਈਮ ਵਿਚ ਚਿੰਤਨ ਹੁੰਦਾ ਹੈ, ਕੁਝ ਪ੍ਰਸ਼ਨਾਂ ਦੇ ਉਤਰ ਦਿਤੇ ਜਾਂਦੇ ਹਨ। ਸਚਾ ਪਾਤਸ਼ਾਹ ਅਤੇ ਉਸ ਪ੍ਰਤੀ ਮਹਲਾ ਪ੍ਰੇਮ-ਭਾਵ ਦਾ ਰਿਸ਼ਤਾ ਸਥਾਪਿਤ ਕਰਕੇ ਗੁਰੂ ਸਾਹਿਬਾਨ ਨੇ ਰਾਜਨੀਤਕ/ਆਰਥਿਕ ਸੰਗਠਨਾਂ ਅਤੇ ਸਮਾਜਿਕ ਕਾਰ-ਵਿਹਾਰ ਲਈ ਵੀ ਕੁÎਝ ਸੰਭਾਵਨਾਵਾਂ ਸਾਡੇ ਲਈ ਛਡ ਦਿਤੀਆਂ ਹਨÎ ਜਿਨ੍ਹਾਂ ਬਾਰੇ ਰਾਨਜੀਤੀ ਅਤੇ ਆਰਥਿਕਤਾ ਦੇ ਸ਼ਾਸਤਰੀਆਂ ਨੂੰ ਵਿਆਖਿਆ ਦੇਣ ਦੀ ਲੋੜ ਹੈ। ਰਾਜਨੀਤਕ ਸੰਗਠਨ ਦੇ ਆਦਰਸ਼, ਇਸ ਨਾਲ ਸੰਬੰਧਿਤ ਸੰਰਚਨਾਵਾਂ, ਆਰਥਿਕ ਰਿਸ਼ਤੇ, ਸਭ ਅਜਿਹੇ ਹੋਣ ਜੋ ਝੂਠ, ਜ਼ੁਲਮ ਨੂੰ ਨਾ ਫੈਲਾਉਣ ਸਗੋਂ ਅਜਿਹਾ ਪ੍ਰੇਮ ਭਾਵ ਜਗਾਉਣ ਜੋ ਮਹਲਾ ਪ੍ਰੇਮ-ਭਾਵ ਦੇ ਨੇੜੇ ਹੋਵੇ। ਨਾਗਰਿਕ ਵੀ ਅਜਿਹੀ ਚੇਤਨਤਾ ਵਿਕਸਿਤ ਕਰਨ, ਅਜਿਹਾ ਅਭਿਆਸ ਕਰਨ ਜੋ ਇਹ ਪਰੇਮ ਭਾਵ ਨੂੰ ਪ੍ਰਜਵਲਿਤ ਕਰੇ। ਇਹ ਅਜਿਹੇ ਇਸ਼ਾਰੇ ਹਨ ਜੋ ਵਾਹਿਗੁਰੂ ਅਤੇ ਇਸ ਪ੍ਰਤੀ ਵਿਅਕਤੀ/ਪ੍ਰੇਮਿਕਾ ਦੇ ਭਾਵ ਨਾਲ ਜੁੜੇ ਹੋਏ ਹਨ। ਇਨ੍ਹਾਂ ਸਭ ਰਾਜਨੀਤਕ, ਸਾਮਾਜਿਕ, ਆਰਥਿਕ, ਰਿਸ਼ਤਿਆਂ ਅਤੇ ਸੰਰਚਨਾਵਾਂ ਨੂੰ ਮਹਲਾ ਪ੍ਰੇਮ-ਭਾਵ ਨਾਲ ਗੁਰੂ ਸਾਹਿਬਾਨ ਨੇ ਜੋੜ ਦਿਤਾ, ਇਹ ਬਹੁਤ ਮਹਤਵਪੂਰਣ ਗਲ ਹੈ। ਮਹਲਾ ਦੀਆਂ ਸਿਰਜਣਾਤਮਕ ਸ਼ਕਤੀਆਂ ਦੀ ਬਹੁਤ ਅਹਿਮ ਪਛਾਣ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਵਿਸਮਾਦ ਨਾਲ ਭਰਪੂਰ ਮਹਲਾ ਪ੍ਰੇਮ-ਭਾਵ ਦੀ ਪ੍ਰਧਾਨਤਾ ਹੈ। ਇਹ ਪ੍ਰਧਾਨਤਾ ਰੂਪਕ ਵਜੋਂ ਵੀ ਹੈ ਅਤੇ ਚੇਤਨਤਾ/ਅਨੁਭਵ ਵਜੋਂ ਵੀ। ਵੀਹਵੀਂ ਸਦੀ ਵਿਚ ਵਧ ਪ੍ਰਭਾਵ ਪਾਉਣ ਵਾਲੇ ਅਤੇ ਇਕੀਵੀਂ ਸਦੀ ਤਕ ਆਪਣਾ ਦਰਜਾ ਕਾਇਮ ਰਖਣ ਵਾਲੇ ਚਿੰਤਕਾਂ (ਰੋਲੋ ਮੇਯ, ਦੇਲਿਊਜ਼, ਗਾਟਰੀ, ਇਰਿਗੈਰੇ) ਨੇ ਇਹ ਮੰਨ ਲਿਆ ਹੋਇਆ ਹੈ ਕਿ ਪ੍ਰੇਮ-ਭਾਵ ਸ਼ਕਤੀ ਪ੍ਰਭਾਵਾਂ ਤੋਂ ਅਭਿਜ ਰਹਿੰਦਾ ਹੈ, ਉਨ੍ਹਾਂ ਨਾਲ ਟਕਰਾ ਕੇ ਆਪਣੀ ਹਸਤੀ ਕਾਇਮ ਰਖਦਾ ਹੈ। ਪ੍ਰੇਮ ਭਾਵ ਦੀ ਇਹ ਊਰਜਾ ਮਰਦ ਨਾਲੋਂ ਮਹਲਾ ਵਿਚ ਹੋਰ ਵੀ ਸ਼ਕਤੀਵਰ ਹੈ, ਕਿÀਂਕਿ ਉਹ ਵਧੇਰੇ ਬੁਨਿਆਦੀ ਸਿਰਜਣਾਤਮਕ ਕੇਂਦਰਾਂ ਨਾਲ ਜੁੜੀ ਹੋਈ ਹੈ। ਇਹ ਕੇਂਦਰ ਆਪਣੀ ਸ਼ਕਤੀ ਬ੍ਰਹਿਮੰਡੀ ਕੇਂਦਰਾਂ ਤੋਂ ਲੈਂਦੇ ਹਨ। ਇਸ ਲਈ ਮਹਲਾ ਦਾ ਪ੍ਰੇਮ-ਭਾਵ ਮੁਢਲੇ ਰੂਪ ਵਿਚ ਵਿਦਰੋਹੀ ਹੈ, ਸਿਰਜਣਾਤਮਕ ਵਿਸਫੋਟ ਹੈ। ਇਹ ਗਲ ਹੈਲੇਨ ਸਿਖੂ ਨੇ ਆਪਣੀਆਂ ਲਿਖਤਾਂ ਵਿਚ ਚੰਗੀ ਤਰ੍ਹਾਂ ਸਪਸ਼ਟ ਕਰਨ ਦਾ ਯਤਨ ਕੀਤਾ ਹੈ।
ਵਿਸਮਾਦ ਦੇ ਗੁਰੂ, ਵਾਹਿਗੁਰੂ ਪ੍ਰਤੀ ਮਹਲਾ ਪ੍ਰੇਮ ਭਾਵ ਸਿਰਜਣਾ ਦੀ ਵਿਸਫੋਟਕ ਸਮਗਰੀ ਹੈ। ਵਕਤ ਦੀਆਂ ਮਨੁਖਾਂ ਨੂੰ ਹਥਿਆਉਣ ਅਤੇ ਅਨਿਆਂ ਭਰਪੂਰ ਸੰਗਠਨਾਂ ਰਾਹੀਂ ਲੁਟਣ ਵਾਲੀਆਂ ਸ਼ਕਤੀਆਂ ਦੀ ਵਿਰੋਧੀ ਹੈ। ਇਹ ਗਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਨ੍ਹਾਂ ਪੈਰੋਕਾਰਾਂ ਨੇ ਸਿਧ ਕਰ ਦਿਤੀ ਹੈ ਜੋ ਮੁਗਲਾਂ ਨਾਲ, ਬਰਤਾਨਵੀ ਸਾਮਰਾਜਾਵਾਦ ਨਾਲ ਟਕਰਾਏ। ਉਨ੍ਹਾਂ ਨੂੰ ਇਹ ਸ਼ਕਤੀ/ਪ੍ਰੇਰਣਾ, ਬਾਣੀ ਦੀ ਸਹਾਇਤਾ ਨਾਲ ਜਾਗੇ ਹੋਏ ਵਿਸਮਾਦੀ ਪ੍ਰੇਮ-ਭਾਵ ਤੋਂ ਹੀ ਮਿਲੀ। ਇਹ ਪ੍ਰੇਮ-ਭਾਵ ਵਾਹਿਗੁਰੂ ਨੂੰ ਮੰਨ ਕੇ ਉਸ ਪ੍ਰਤੀ ਪ੍ਰਜਵਲਿਤ ਮਹਲਾ ਪ੍ਰੇਮ-ਭਾਵ ਹੀ ਸੀ। ਸਭ ਬਬਰ ਅਕਾਲੀਆਂ ਲਈ ਇਹ ਜ਼ਰੂਰੀ ਸੀ ਕਿ ਉਹ ਪਾਰਟੀ ਦੇ ਮੈਂਬਰ ਬਣਨ ਲਈ ਬਾਣੀ ਅਧਿਐਨ ਅਤੇ ਅਭਿਆਸ ਦੀ ਸਾਖੀ ਭਰਨ।
ਇਸ ਸੰਖੇਪ ਚਰਚਾ ਦਾ ਮੰਤਵ ਇਹ ਸਪਸ਼ਟ ਕਰਨਾ ਹੈ ਕਿ ਵਿਸਮਾਦੀ ਮਹਲਾ ਪ੍ਰੇਮ-ਭਾਵ ਜੋ ਜੀਵਨ ਅਤੇ ਵਾਹਿਗੁਰੂ ਦਾ ਰਹਸ ਜਾਣਨ ਲਈ ਆਦਰਸ਼ਕ ਅਭਿਆਸ ਅਤੇ ਚੇਤਨਤਾ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਾਨੂੰ ਦਿਤਾ ਗਿਆ ਹੈ, ਇਹ ਕੇਵਲ ਰਹਸ ਪਾਸਾਰ ਤਕ ਹੀ ਸੀਮਤ ਨਹੀਂ, ਇਸਦਾ ਰਾਜਨੀਤਕ ਪਾਸਾਰ ਵੀ ਹੈ। ਇਸ ਪਾਸਾਰ ਦੀ ਵਿਆਖਿਆ ਅਜੇ ਤਕ ਸਾਡੇ ਵਿਦਵਾਨ ਨਹੀਂ ਕਰ ਸਕੇ। ਪ੍ਰੇਮ ਭਾਵ ਜਿਵੇਂ ਉਪਰ ਦਸਿਆ ਗਿਆ ਹੈ, ਸ਼ਕਤੀ ਪ੍ਰਭਾਵਾਂ ਤੋਂ ਅਭਿਜ ਹੈ, ਵਕਤ ਦੀਆਂ ਸ਼ਾਸਕ ਸ਼ਕਤੀਆਂ ਵਲੋਂ ਹਥਿਆਇਆ ਨਹੀਂ ਜਾ ਸਕਦਾ, ਇਸ ਲਈ ਇਹ ਕ੍ਰਾਂਤੀਕਾਰੀ ਸੰਭਾਵਨਾ ਨਾਲ ਭਰਪੂਰ ਹੈ। ਮਹਲਾ ਪ੍ਰੇਮ-ਭਾਵ ਸਭ ਤੋਂ ਵਧ ਵਿਸਫੋਟਕ ਅਤੇ ਇਤਿਹਾਸ ਪਰਿਵਰਤਕ ਹੋ ਸਕਦਾ ਹੈ, ਕਿਉਂਕਿ ਇਸ ਦਾ ਸ੍ਰੋਤ ਬ੍ਰਹਿਮੰਡੀ ਊਰਜਾ ਕੇਂਦਰ ਹਨ। ਜੇ ਪੁਰਸ਼ ਨੇ ਆਪਣੇ ਵਿਚ ਇਹ ਮਹਲਾ ਪ੍ਰੇਮ ਭਾਵ ਜਗਾਉਣਾ ਹੈ, ਇਸ ਦੀ ਊਰਜਾ ਪ੍ਰਾਪਤ ਕਰਨੀ ਹੈ ਤਾਂ ਉਸ ਨੂੰ ਵੀ ਸਿਰਣਾਤਮਕ ਬ੍ਰਹਿਮੰਡੀ ਕੇਂਦਰਾਂ ਨਾਲ ਜੁੜਨਾ ਪਵੇਗਾ। ਜਿਨ੍ਹਾਂ ਸਿਖ ਜੁਝਾਰੂਆਂ ਜਾਂ ਸ਼ਹੀਦਾਂ ਨੇ ਵਕਤ ਦੇ ਸ਼ਾਸਕਾਂ ਨਾਲ ਟਕਰ ਲਈ, ਉਨ੍ਹਾਂ ਦੀ ਸ਼ਕਤੀ ਮੰਨਣ ਦੀ ਥਾਂ ਗੁਰੂ ਸਾਹਿਬਾਨ ਦੇ ਆਦਰਸ਼ਕ ਵਿਸਮਾਦੀ ਜੀਵਨ ਲਈ ਆਪਣੀ ਵਚਨਬਧਤਾ ਦਿਖਾਈ, ਉਹ ਨਿਸ਼ਚੇ ਹੀ ਬ੍ਰਹਿਮੰਡੀ ਸਿਰਜਣਾ ਕੇਂਦਰਾਂ ਨਾਲ ਜੁੜੇ ਹੋਏ ਅਤੇ ਮਹਲਾ ਪ੍ਰੇਮ-ਭਾਵੀ ਪੁਰਖ ਸਨ।
ਜਦੋਂ ਵਿਸਾਖੀ 1699 ਨੂੰ ਖਾਲਸਾ ਸਾਜਿਆ ਗਿਆ ਤਾਂ ਅੰਮ੍ਰਿਤ ਤਿਆਰ ਕਰਨ ਲਈ ਪਤਾਸੇ ਮਾਤਾ ਸਾਹਿਬ ਦੇਵਾਂ ਵਲੋਂ ਬਾਟੇ ਵਿਚ ਪਾਏ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਸਮੁਚੇ ਖਾਲਸਾ ਪੰਥ ਨੂੰ ਗੁਰੂ ਦੇ ਨਾਲ ਹੀ ਮਾਤਾ ਜੀ ਦੇ ਸਪੁਤਰ ਅਤੇ ਧੀਆਂ ਕਹਿ ਕੇ ਨਿਵਾਜਿਆ। ਅੰਮ੍ਰਿਤ ਵੀ ਗੁਰੂ ਵਰੋਸਾਈ ਮਹਲਾ ਦੀ ਛੂਹ ਨਾਲ ਹੀ ਸੰਪੂਰਣ ਬਣਿਆ ਸੀ।
ਨਵੇਂ ਵਿਸਮਾਦੀ, ਕ੍ਰਾਂਤੀਕਾਰੀ, ਪ੍ਰੇਮ-ਭਾਵੀ ਜੀਵਨ ਨੂੰ ਸੰਗਠਿਤ ਕਰਨ ਲਈ ਗੁਰੂ ਸਾਹਿਬਾਨ ਨੇ ਮਹਲਾ ਨੂੰ ਵਡੀ ਪਧਰ ਉਤੇ ਅਤੇ ਅਨੇਕ ਪਾਸਾਰੀ ਸਥਾਨ ਬਖਸ਼ਿਆ। ਉਨ੍ਹਾਂ ਦੇ ਮਿਸ਼ਨ ਨੂੰ ਅਗੇ ਤੋਰਨ ਲਈ ਇਹ ਜ਼ਰੂਰੀ ਹੈ ਕਿ ਮਹਲਾਵਾਂ ਨੂੰ ਖਾਲਸਾ ਪੰਥ ਵਿਚ ਹਰ ਸਤਰ ਉਤੇ ਉਨ੍ਹਾਂ ਦਾ ਬਣਦਾ ਥਾਂ ਦਿਤਾ ਜਾਵੇ। ਮਹਲਾਵਾਂ ਨੂੰ ਕਾਰ-ਸੇਵਾ ਕਰਨ, ਕੀਰਤਨ ਸੇਵਾ ਕਰਨ  ਅਤੇ ਪੰਜਾਂ ਪਿਆਰਿਆਂ ਵਿਚ ਸ਼ਾਮਿਲ ਹੋਣ ਦੀ ਆਗਿਆ ਦੇਣਾ, ਹਰ ਤਰ੍ਹਾਂ ਗੁਰੂ ਸਾਹਿਬਾਨ ਦੇ ਮਿਸ਼ਨ ਅਨੁਸਾਰ ਹੈ।  (ਮਾਮੂਲੀ ਸੰਖੇਪ, ਪੁਸਤਕ ‘ਵਿਸਮਾਦੀ ਪੂੰਜੀ’ ਵਿਚੋਂ)

Leave a Reply

Your email address will not be published. Required fields are marked *