ਪੰਜਾਬੀਆਂ ਨੂੰ ਹਮੇਸ਼ਾਂ ‘ਜੰਮਦਿਆਂ ਹੀ ਨਿਤ ਮੁਹਿੰਮਾਂ’ ਦੀ ਲੋਕ ਉਕਤੀ ਵਿਚਲੇ ਸੰਘਰਸ਼ੀ ਅਤੇ ਦੁਖਾਂਤਕ ਹਾਲਾਤ ਨਾਲ ਦੋ ਚਾਰ ਹੋਣਾ ਪਿਆ ਹੈ। ਅਸਲ ਵਿਚ ਪੰਜਾਬੀ ਨਾਇਕਤਵ ਦੀ ਉਸਾਰੀ ‘ਇਨ੍ਹਾਂ ਮੁਹਿੰਮਾਂ’ ਦੀ ਸਮਾਜਕ, ਰਾਜਨੀਤਕ, ਆਰਥਿਕ ਸਥਿਤੀ ਵਿਚ ਸੰਗਰਾਮ ਕਰਦਿਆਂ ਹੀ ਹੋਈ ਹੈ। ਚਾਹੇ ਇਹ ਯੁਧ ਬਿਦੇਸੀ ਮੁਗਲਾਂ-ਦੁਰਾਨੀਆਂ ਦੇ ਹਮਲਿਆਂ ਨੂੰ ਰੋਕਣ ਅਤੇ ਠੱਲ ਪਾਉਣ ਲਈ ਹੋਵੇ ਜਾਂ ਅੰਗਰੇਜ਼ਾਂ, ਰਜਵਾੜਿਆਂ ਦੇ ਅਤਿਆਚਾਰਾਂ ਦੇ ਵਿਰੁਧ ਹੋਵੇ ਜਾਂ ਫੇਰ ਆਜ਼ਾਦੀ ਤੋਂ ਬਾਅਦ ਦਿਲੀ ਉਤੇ ਕਾਬਜ ਸਵਦੇਸ਼ੀ ਲੁਟੇਰੇ ਹਾਕਮਾਂ ਨਾਲ ਹੋਵੇ। ਏਥੋਂ ਦੇ ਬਹਾਦਰ ਯੋਧਿਆਂ, ਸੂਰਬੀਰ ਸੰਘਰਸ਼ੀ ਘੁਲਾਟੀਆਂ ਨੂੰ ਜਦੋਜਹਿਦਾਂ ਕਰਦੇ ਗੁਰੀਲਿਆਂ, ਜੰਗਜੂਆਂ ਵਾਲਾ ਬੜਾ ਹੀ ਸੰਘਰਸ਼ਮਈ ਜੀਵਨ ਲੰਘਾਉਣਾ ਪਿਆ ਹੈ। ਘਰ ਬਾਰ ਉਜੜ ਗਏ, ਜਾਇਦਾਦਾਂ ਜ਼ਬਤ ਹੋਈਆਂ, ਪਰਿਵਾਰਾਂ ਰਿਸ਼ਤੇਦਾਰਾਂ ਨੂੰ ਰਾਜ ਜਬਰ ਦਾ ਸਾਹਮਾਣਾ ਕਰਨਾ ਪਿਆ। ਅਸਲ ਵਿਚ ਪੰਜਾਬ ਦਾ ਇਤਿਹਾਸ ਅਨਿਆਂ, ਜ਼ੁਲਮ ਅਤੇ ਗੁਲਾਮੀ ਵਿਰੁਧ ਨਿਤ ਜਦੋਂ ਜਹਿਦ ਕਰਦੀਆਂ ਲਹਿਰਾਂ ਦਾ ਇਤਿਹਾਸ ਹੈ। ਕੂਕਾ ਲਹਿਰ, ਲਾਇਲਪੁਰ ਦੀ ਕਿਸਾਨ ਲਹਿਰ, ਗ਼ਦਰੀ ਬਾਬਿਆਂ ਦੀ ਲਹਿਰ, ਕਿਰਤੀ ਕਿਸਾਨ ਲਹਿਰ, ਦੇਸ ਭਗਤ ਲਹਿਰ, ਭਾਰਤ ਨੌਜੁਆਨ ਸਭਾ ਦੀ ਲਹਿਰ, ਰਿਆਸਤੀ ਅਤੇ ਅੰਗਰੇਜ਼ ਰਾਜ ਦੇ ਖਾਤਮੇ ਲਈ ਲਹਿਰ, ਅਕਾਲੀ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਬੱਬਰ ਲਹਿਰ, ਲਾਲ ਪਾਰਟੀ ਲਹਿਰ, ਪਰਜਾ ਮੰਡਲ ਲਹਿਰ, ਖੁਸ਼ ਹੈਸੀਅਤ ਅਤੇ ਚੁਲ੍ਹਾ ਟੈਕਸ ਵਿਰੁਧ ਅੰਦੋਲਨ, ਪੰਜਾਬੀ ਸੂਬਾ ਮੋਰਚਾ, 1975 ਦੀ ਐਮਰਜੈਂਸੀ ਵਿਰੁਧ ਮੋਰਚਾ, ਸੂਬਿਆਂ ਨੂੰ ਵਧ ਅਧਿਕਾਰਾਂ ਦਾ ਅੰਦੋਲਨ, ਨਕਸਲਬਾੜੀ ਲਹਿਰ ਜਾਂ ਖਾੜਕੂ ਲਹਿਰ ਆਦਿ ਅਜਿਹੇ ਲੋਕ-ਅੰਦੋਲਨ ਹਨ, ਜਿਨ੍ਹਾਂ ਵਿਚ ਲੱਖਾਂ ਦੀ ਗਿਣਤੀ ਵਿਚ ਪੰਜਾਬੀ ਸ਼ਹੀਦ ਹੋਏ, ਜੇਲ੍ਹਾਂ ਭਰੀਆਂ, ਪੁਲੀਸ ਅਤੇ ਫੌਜ ਦਾ ਤਸ਼ਦਦ ਝਲਿਆ। ਇਨ੍ਹਾਂ ਅੰਦੋਲਨਾਂ ਬਾਰੇ ਕਾਫੀ ਇਕ ਪਾਸੜ, ਪਖਪਾਤੀ, ਘੜੇ ਘੜਾਏ ਫਾਰਮੂਲੇ ਅਧੀਨ ਸਾਜ਼ਿਸੀ ਢੰਗਾਂ ਨਾਲ ਲਿਖੀਆਂ ਬਹੁਤ ਸਾਰੀਆਂ ਲਿਖਤਾਂ ਸਾਡੇ ਪਾਸ ਹਨ। ਪਰ ਇਹ ਲਿਖਤਾਂ ਭਾਰਤ ਵਿਚਲੀਆਂ ਕੌਮੀ ਜਦੋਜਹਿਦਾਂ ਨੂੰ ਛੋਟਾ ਅਤੇ ਅਣਗੌਲਿਆ ਕਰਨ ਲਈ ਹਨ ਅਤੇ ਇਤਿਹਾਸਕ ਸੱਚਾਈ ਦੇ ਨੇੜੇ-ਤੇੜੇ ਵੀ ਨਹੀਂ ਪਹੁੰਚਦੀਆਂ। ਸਾਫ ਹੈ ਕਿ ਇਹ ਲਿਖਤਾਂ ਪਖਪਾਤੀ ਦ੍ਰਿਸ਼ਟੀਕੋਣ ਤੋਂ ਲਿਖੀਆਂ ਗਈਆਂ ਹਨ।
ਭਾਰਤੀ ਆਜ਼ਾਦੀ ਸੰਗਰਾਮ ਵਿਚ ਪੰਜਾਬ ਦੁਆਰਾ ਪਾਏ ਗਏ ਯੋਗਦਾਨ ਨੂੰ ਹੁਣ ਤੀਕ ਹਨ੍ਹੇਰੇ ਵਿਚ ਹੀ ਰਖਿਆ ਗਿਆ ਹੈ। ਇਥੋਂ ਦੀਆਂ ਲੋਕ ਲਹਿਰਾਂ ਨੂੰ ਕੇਵਲ ਧਾਰਮਿਕ, ਨਿਜੀ, ਦਹਿਸ਼ਤਗਰਦ, ਵੱਖਵਾਦੀ ਅੰਦੋਲਨ ਕਹਿ ਕੇ ਭੰਡਿਆ ਗਿਆ ਹੈ। ਇਥੋਂ ਤੀਕ ਦੋਸ਼ ਲਾਇਆ ਗਿਆ ਕਿ ਪੰਜਾਬ ਨੇ 1857 ਦੇ ਭਾਰਤੀ ਆਜ਼ਾਦੀ ਅੰਦੋਲਨ ਵਿਚ ਕੋਈ ਹਿਸਾ ਨਹੀਂ ਲਿਆ। ਭਾਰਤੀ ਕੌਮੀਅਤਾਂ ਵਲੋਂ ਕੀਤੇ ਅੰਦੋਲਨਾਂ ਦਾ ਇਹ ਇਕ ਵੱਡਾ ਦੁਖਾਂਤ ਹੈ ਕਿ ਇਨ੍ਹਾਂ ਨੂੰ ਭਾਰਤ ਵਿਚ ਰਾਜਸਤਾ ਪ੍ਰਾਪਤ ਕਾਂਗਰਸ ਪਾਰਟੀ ਨੇ ਕਦੇ ਮਾਨਤਾ ਹੀ ਨਹੀਂ ਦਿਤੀ। ਉਨ੍ਹਾਂ ਲਈ ਸਿਰਫ 1857 ਦਾ ਗਦਰ ਜਾਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਭਾਰਤ ਦੀ ਅਜ਼ਾਦੀ ਦੀ ਗਾਂਧੀਵਾਦੀ ਲਹਿਰ ਹੀ ਭਾਰਤੀ ਆਜ਼ਾਦੀ ਅੰਦੋਲਨ ਦਾ ਇਤਿਹਾਸ ਹੈ। ਸਾਡੇ ਵਿਦਿਅਕ ਪਾਠ-ਕਰਮਾ ਵਿਚ ਵੀ ਇਹੀ ਤਥ ਪੜ੍ਹਾਉਣ ਲਈ ਮਾਨਤਾ ਪ੍ਰਾਪਤ ਹਨ। ਸੁਭਾਸ਼ ਚੰਦਰ ਬੋਸ ਦੀ ਇੰਡੀਅਨ ਨੈਸ਼ਨਲ ਆਰਮੀ, ਸ. ਭਗਤ ਸਿੰਘ ਹੁਰਾਂ ਦੀ ਭਾਰਤ ਨੌਜੁਆਨ ਸਭਾ, ਕੂਕਾ ਅੰਦੋਲਨ, ਗ਼ਦਰ ਪਾਰਟੀ ਦਾ 1913 ਈ. ਦਾ ਅੰਦੋਲਨ, ਬਿਹਾਰ, ਬੰਗਾਲ, ਉੜੀਸਾ ਦੇ ਸੰਘਰਸ਼ੀ ਯੋਧੇ, ਪੰਜਾਬ ਦੇ ਭਾਈ ਮਹਾਰਾਜ ਸਿੰਘ, ਬੰਗਾਲੀ ਸਨਿਆਸੀ ਸਾਧੂ, ਚੌਰਾ ਚੌਰੀ ਘਟਨਾ ਦੇ ਯੋਧੇ, ਬਜ ਬਜ ਘਾਟ ਦੇ ਸ਼ਹੀਦ ਆਦਿ ਜਦੋਜਹਿਦਾਂ ਨੂੰ ਨਿਗੂਣਾ ਸਮਝ ਕੇ ਨਜ਼ਰ ਅੰਦਾਜ਼ ਕੀਤਾ ਜਾਂਦਾ ਰਿਹਾ ਹੈ। ਮੇਰਾ ਮਤਿ ਹੈ ਕਿ ਭਾਰਤੀ ਆਜ਼ਾਦੀ ਅੰਦੋਲਨ ਦੇ ਇਤਿਹਾਸਕ ਤਥਾਂ ਨੂੰ ਮੁੜ ਤੋਂ ਵਿਚਾਰਿਆਂ ਅਤੇ ਘੋਖਿਆਂ ਜਾਣਾ ਚਾਹੀਦਾ ਹੈ। ਭਾਰਤੀ ਆਜ਼ਾਦੀ ਅੰਦੋਲਨ ਦੇ ਦੋ ਪੜ੍ਹਾਅ 1850 ਤੋਂ 1900 ਅਤੇ 1901 ਤੋਂ 1947 ਤੱਕ ਬੜੇ ਹੀ ਮਹੱਤਵਪੂਰਨ ਹਨ। ਇਨ੍ਹਾਂ ਵਿਚ ਪੰਜਾਬ ਦੀ ਭੂਮਿਕਾ ਬੜੀ ਹੀ ਅਹਿਮ ਅਤੇ ਅਗਰਗਾਮੀ ਰਹੀ ਹੈ।
1857 ਈ. ਦੇ ਗਦਰ ਦੀ ਭਾਰਤੀ ਆਜ਼ਾਦੀ ਅੰਦੋਲਨ ਵਜੋਂ ਪਹਿਚਾਨ ਕਰਨ ਲਈ ਜ਼ਰੂਰੀ ਹੈ ਕਿ 1850 ਈ. ਦੇ ਭਾਈ ਮਹਾਰਾਜ ਸਿੰਘ ਅਤੇ 1862 ਦੇ ਕੂਕਾ ਅੰਦੋਲਨ ਦਾ ਪੁਨਰ-ਮੁਲੰਕਣ ਕੀਤਾ ਜਾਏ। 1763 ਤੋਂ 1857 ਈ. ਦੇ ਦਰਮਿਆਨ ਅਤੇ 1857 ਤੋਂ 1900 ਦੇ ਵਿਚਕਾਰ ਭਾਰਤ ਨੂੰ ਅਜ਼ਾਦ ਕਰਵਾਉਣ ਲਈ ਬਹੁਤ ਸਾਰੇ ਹਥਿਆਰਬੰਦ ਵਿਦਰੋਹ ਹੋਏ ਹਨ। ਇਹ ਅੰਦੋਲਨ ਸਹੀ ਅਰਥਾਂ ਵਿਚ ਲੋਕ ਅੰਦੋਲਨ ਸਨ, ਜਿਨ੍ਹਾਂ ਨੂੰ ਅੰਗਰੇਜ਼ ਹਕੂਮਤ ਨੇ ਕੁਚਲ ਦਿਤਾ। ਦੁਖਾਂਤ ਇਹ ਕਿ ਇਨ੍ਹਾਂ ਅੰਦੋਲਨਾਂ ਨੂੰ ਆਜ਼ਾਦੀ ਪ੍ਰਾਪਤੀ ਤੋਂ ਬਾਅਦ ਸਾਡੇ ਹੁਕਮਰਾਨਾਂ ਨੇ ਵੀ ਇਕ ਸਾਜ਼ਿਸ ਅਧੀਨ ਅਣਗੌਲਿਆ ਕਰਕੇ ਲੋਕ-ਚੇਤਿਆਂ ਵਿਚੋਂ ਖਾਰਜ ਕਰਨ ਦੀ ਨਾਪਾਕ ਕੋਸ਼ਿਸ਼ ਕੀਤੀ ਹੈ। ਇਸ ਸਮੇਂ ਦੌਰਾਨ ਸਿਰਫ ਰਜਵਾੜਿਆਂ ਵਲੋਂ ਬਹਾਦਰ ਸ਼ਾਹ ਦੀ ਅਗਵਾਈ ਹੇਠ ਆਪਣਾ ਰਾਜ ਮੁੜ ਕਾਇਮ ਕਰਨ ਲਈ ਕੀਤੀ ਬਗਾਵਤ ਨੂੰ 1857 ਦੇ ਗਦਰ ਦੇ ਰੂਪ ਵਿਚ ਪਹਿਲੇ ਆਜ਼ਾਦੀ ਅੰਦੋਲਨ ਵਜੋਂ ਪ੍ਰਚਾਰਨ ਅਤੇ ਸਥਾਪਿਤ ਕਰਨ ਉਤੇ ਪੂਰਾ ਜ਼ੋਰ ਲਾ ਦਿਤਾ। ਨਾਲ ਹੀ ਉਸ ਸਮੇਂ ਚਲੇ ਹੋਰ ਅੰਦੋਲਨਾਂ, ਜੋ ਸਹੀ ਅਰਥਾਂ ਵਿਚ ਲੋਕ-ਅੰਦੋਲਨ ਸਨ, ਦੇ ਦਸਤਾਵੇਜ਼ਾਂ ਅਤੇ ਘਟਨਾਵਾਂ ਯਾਦਾਂ ਨੂੰ ਖਤਮ ਕਰਨ ਦੀਆਂ ਸਾਜ਼ਿਸਾਂ ਰਚਣੀਆਂ ਸ਼ੁਰੂ ਕਰ ਦਿਤੀਆਂ। ਇਕ ਗਿਣੀ ਮਿਥੀ ਸਾਜ਼ਿਸ਼ ਅਧੀਨ ਉਹ ਦਸਤਾਵੇਜ਼ ਖਤਮ ਕਰ ਦਿਤੇ ਗਏ।
ਭਾਰਤੀ ਰਜਵਾੜਾਸ਼ਾਹੀ ਵਲੋਂ 1857 ਈ. ਦੀ ਬਗਾਵਤ, ਜਿਸ ਨੂੰ ਭਾਰਤੀ ਆਜ਼ਾਦੀ ਦੀ ਪਹਿਲੀ ਜਦੋਜਹਿਦ ਕਿਹਾ ਜਾਂਦਾ ਹੈ, ਕਿਸੇ ਵੀ ਤਰ੍ਹਾਂ ਭਾਰਤੀ ਆਜ਼ਾਦੀ ਲਈ ਕੌਮੀ ਅੰਦੋਲਨ ਜਾਂ ਲੋਕ-ਵਿਦਰੋਹ ਨਹੀਂ ਸੀ। ਇਹ ਸਿਰਫ ਬਰਤਾਨਵੀ ਹਾਕਮਾਂ ਦੀ ਮੂਰਖਤਾਂ ਤੋਂ ਫਾਇਦਾ ਉਠਾ ਕੇ ਬਹਾਦਰ ਸ਼ਾਹ ਦੀ ਅਗਵਾਈ ਹੇਠ ਮੁੜ ਮੁਗਲ ਹਕੂਮਤ ਸਥਾਪਤ ਕਰਨ ਅਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਹਿੰਦੂ ਰਜਵਾੜਿਆਂ ਦੁਆਰਾ ਆਪਣੇ-ਆਪਣੇ ਰਾਜ ਮੁੜ ਹਥਿਆਉਣ ਦੀ ਇਕ ਅਸਫਲ ਕੋਸ਼ਿਸ਼ ਸੀ। 1857 ਈ. ਦੀ ਇਸ ਬਗਾਵਤ ਬਾਰੇ ਸਮਕਾਲੀ ਚਿੰਤਕ ਮਾਰਕਸ ਨੇ ਉਸ ਸਮੇਂ ਦੇ ਸਮਕਾਲੀ ਅਖ਼ਬਾਰ ‘ਨਿਊ ਯਾਰਕ ਡੇਲੀ ਟ੍ਰਿਬਿਊਨ’ ਵਿਚ ‘ਭਾਰਤ ਦੀ ਬਗਾਵਤ’ ਨਾਂ ਹੇਠ ਕਈ ਲੇਖ ਛਪਵਾਏ ਸਨ। ਇਨ੍ਹਾਂ ਲੇਖਾਂ ਵਿਚ ਕਾਰਲ ਮਾਰਕਸ ਅਤੇ ਏਂਗਲਸ ਨੇ ਇਸ ਬਗਾਵਤ ਨੂੰ ਕੌਮੀ-ਯੁੱਧ ਜਾਂ ਲੋਕ-ਯੁੱਧ ਨਹੀਂ ਮੰਨਿਆ। ਮਾਰਕਸ ਨੇ ਸਪਸ਼ਟ ਨਿਰਣਾ ਦਿਤਾ ਹੈ ਕਿ ਭਾਰਤ ਵਿਚ ਗੜਬੜ ਰਜਵਾੜਿਆਂ ਵਲੋਂ ਉਕਸਾਈ ਹੋਈ ਫੌਜੀ ਬਗਾਵਤ ਸੀ, ਨਾ ਕਿ ਕੌਮੀ ਬਗਾਵਤ। ਇਸ ਦਾ ਸਭ ਤੋਂ ਵੱਡਾ ਕਾਰਨ ਅੰਗਰੇਜ਼ਾਂ ਦੀ ਮੂਰਖਤਾ ਸੀ। ਇਸ ਬਗਾਵਤ ਦਾ ਕਾਰਨ ਲੋਕ ਚੇਤਨਾ ਨਹੀਂ ਸੀ ਸਗੋਂ ਈਸਟ ਇੰਡੀਆ ਕੰਪਨੀ ਦਾ ਆਰਥਿਕ ਸੰਕਟ ਅਤੇ ਫੌਜੀਆਂ ਦੀ ਤਨਖਾਹ ਕਟੌਤੀ, ਭਾਰਤੀ ਰਜਵਾੜਿਆਂ ਦੀਆਂ ਲਾਵਾਰਿਸ ਸਟੇਟਾਂ ਉਤੇ ਕਬਜ਼ਾ ਅਤੇ ਗੋਦ ਲੈਣ ਦੇ ਕਾਨੂੰਨੀ ਹੱਕਾਂ ਉਤੇ ਪਾਬੰਦੀ ਸੀ।
ਮੈਂ ਹੈਰਾਨ ਹਾਂ ਜਦੋਂ ਭਾਰਤੀ ਰਜਵਾੜਿਆਂ ਵਲੋਂ ਆਪਣੇ ਰਾਜ ਦੀ ਮੁੜ ਬਹਾਲੀ ਲਈ ਕੀਤੀ ਇਸ ਜਦੋਜਹਿਦ ਨੂੰ ਭਾਰਤੀ ਆਜ਼ਾਦੀ ਅੰਦੋਲਨ ਦੇ ਨਾਂ ਉਤੇ ਪ੍ਰਚਾਰਿਆ ਜਾਂਦਾ ਹੈ। ਅਜਿਹਾ ਕਰਨ ਪਿਛੇ ਹਿੰਦੂਤਵੀ ‘ਥਿੰਕ ਟੈਂਕ’ ਵੀਰ ਸਾਵਰਕਰ ਹੈ। ਇਸ ਨੂੰ ਪ੍ਰਚਾਰਨ ਅਤੇ ਪ੍ਰਸਾਰਨ ਲਈ ਉਸਨੇ ਸਭ ਤੋਂ ਪਹਿਲਾਂ 1857 ਦੇ ਗ਼ਦਰ ਬਾਰੇ ‘ਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮ’ ਪੁਸਤਕ ਲਿਖੀ। ਹਿੰਦੂ-ਰਾਸ਼ਟਰਵਾਦ ਦੇ ਸਿਧਾਂਤ ਦਾ ਘੜਣਹਾਰਾ ਵੀਰ ਸਾਵਰਕਰ ਇਸ ਹਥਿਆਰਬੰਦ ਅੰਦੋਲਨ ਨੂੰ ਅਧਾਰ ਬਣਾ ਕੇ ਅਨੰਤ ਕਨਹਾੜੇ ਦੁਆਰਾ ਅੰਗਰੇਜ਼ ਕੁਲੈਕਟਰ ਜੈਕਸ਼ਨ ਦੇ ਕਤਲ, ਮਦਨ ਲਾਲ ਢੀਂਗਰਾ ਦੁਆਰਾ ਕਰਜ਼ਨ ਵਾਇਲੀ ਦੇ ਕਤਲ, ਨਥੂ ਰਾਮ ਗੋਡਸੇ ਦੁਆਰਾ ਮਹਾਤਮਾ ਗਾਂÎਧੀ ਦੇ ਕਤਲ ਆਦਿ ਐਕਸ਼ਨਾਂ ਨੂੰ ਭਗਤ ਸਿੰਘ ਅਤੇ ਗ਼ਦਰੀ ਬਾਬਿਆਂ ਦੇ ਹਥਿਆਰਬੰਦ ਘੋਲਾਂ ਨਾਲ ਲੋਕ ਸੰਘਰਸ਼ਾਂ ਦੇ ਇਕ ਹਿਸੇ ਵਜੋਂ ਸਮਾਨਤਾ ਮੁਹੱਈਆ ਕਰਦਾ ਹੈ। ਸਿਟਾ ਇਹ ਕਿ ਭਗਤ ਸਿੰਘ ਅਤੇ ਗੁਰੂ ਗੋਬਿੰਦ ਸਿੰਘ ਨੂੰ ਵੀਰ ਸਾਵਰਕਰ ਦੇ ਅਨੁਆਈ ਅੱਜ ਹਿੰਦੂ-ਰਾਸ਼ਟਰਵਾਦ ਦੇ ਮਹਾਨ ਆਗੂ ਵਜੋਂ ਪ੍ਰਚਾਰਦੇ ਪਸਾਰਦੇ ਹਨ। ਮੇਰਾ ਸਪਸ਼ਟ ਮਤਿ ਹੈ ਕਿ 1857 ਦਾ ਗਦਰ ਕਿਵੇਂ ਵੀ ਭਾਰਤੀ ਲੋਕਾਂ ਦੇ ਸਰੋਕਾਰਾਂ ਨੂੰ ਸਮਰਪਤ ਸੁਤੰਤਰਤਾ ਸੰਗਰਾਮ ਨਹੀਂ ਸੀ, ਸਿਵਾਏ ਮੁਗਲ ਰਾਜ ਅਤੇ ਹਿੰਦੂ ਰਜਵਾੜਾਸ਼ਾਹੀ ਦੀ ਪੁਨਰ ਸਥਾਪਤੀ ਦੇ ਯਤਨਾ ਦੇ। ਇਸ ਯੁਧ ਵਿਚ ਆਮ-ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਲਈ ਅੰਗਰੇਜ਼ਾਂ ਨੇ ਆਧਾਰ ਮੁਹਈਆ ਕੀਤਾ।
ਮਾਰਕਸ-ਏਂਗਲਸ ਸਮਕਾਲੀ ਚਿੰਤਕ ਇਸ ਬਾਰੇ ਕੀ ਕਹਿੰਦੇ ਹਨ :
1 Motely crew of mutineeing soldiers who have murdered their own officers, torn as under the ties of discipline and not succeeded in discovering a leader upon whom to besto the supreme command and there was no serious and protracted resistence. 9t was wholly unpatriotic and selfish sepoy mutiny with no native leadership and popular support. 1lthough these soldiers had rural background but led by the feudal nobility, on frequent occasions they began to pursue their own personal ends. 6inally the insurgents did not come forward with clear goal. “hey had called for a return to the past, for a return to the independent india of the Moghul 5mpire which was quite unreal.
ਪੰਜਾਬ ਦੇ ਇਸ ਬਗਾਵਤ ਵਿਚ ਹਿਸਾ ਨਾ ਲੈਣ ਦੇ ਸਾਫ ਕਾਰਨ ਸਨ। ਪੰਜਾਬ ਮੁਢ ਤੋਂ ਹੀ ਅੰਗਰੇਜ਼ਾਂ ਦਾ ਸਭ ਤੋਂ ਵਧ ਤਕੜੇ ਰੂਪ ਵਿਚ ਵਿਰੋਧੀ ਰਿਹਾ ਸੀ। ਭਾਰਤ ਵਿਚ ਪੰਜਾਬ ਹੀ ਇਕੋ ਇਕ ਸਿਖ ਸਲਤਨਤ ਸੀ, ਜੋ ਉਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਕੀਤੀ ਕਿਸਾਨੀ (ਸਿਖ) ਬਗਾਵਤ ਕਾਰਨ ਦੁਰਾਨੀਆਂ ਮੁਗਲਾਂ ਨਾਲ ਯੁਧ ਕਰਕੇ ਪ੍ਰਾਪਤ ਕੀਤੀ ਸੀ। ਵਖ ਵਖ ਗਣਰਾਜਾਂ ਦਾ ਸਮੂਹ ਰਣਜੀਤ ਸਿੰਘ ਦੇ ਸ਼ਕਤੀਸ਼ਾਲੀ ਰਾਜ ਵਜੋਂ ਸਥਾਪਤ ਹੋਇਆ। ਇਹ ਰਾਜ 1849 ਈ. ਤੱਕ ਅੰਗਰੇਜ਼ਾਂ ਦੁਆਰਾ ਕਬਜ਼ਾ ਕਰ ਲੈਣ ਤੱਕ ਜਾਰੀ ਰਿਹਾ। ਪੰਜਾਬੀਆਂ ਦੀ ਮਾਨਸਿਕਤਾ ਵਿਚ ਅਲਹਿਦਗੀ ਦਾ ਬੀਜ ਇਸ ਲਈ ਪਨਪਦਾ ਰਿਹਾ, ਕਿਉਂਕਿ ਭਾਰਤ ਦੇ ਬਾਕੀ ਹਿਸੇ ਨੇ ਨਾ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਮੁਗਲਾਂ ਨਾਲ ਯੁਧ ਸਮੇਂ ਜਾਂ ਬਾਹਰੀ ਹਮਲਾਵਰਾਂ ਨਾਲ ਯੁਧ ਸਮੇਂ ਕਿਸੇ ਕਿਸਮ ਦੀ ਕੋਈ ਸਹਾਇਤਾ ਕੀਤੀ ਅਤੇ ਨਾ ਹੀ ਸਿਖਾਂ ਅਤੇ ਅੰਗਰੇਜ਼ਾਂ ਦੇ 1846 ਤੋਂ 1849 ਈ. ਦੇ ਯੁਧ ਸਮੇਂ ਸਿਖਾਂ ਭਾਵ ਪੰਜਾਬੀਆਂ ਦੀ ਕੋਈ ਮਦਦ ਕੀਤੀ। ਇਸ ਦੇ ਉਲਟ ਸਿਖਾਂ ਨੂੰ ਕੁਚਲਨ ਦੇਣ ਲਈ ਅੰਗਰੇਜ਼ਾਂ ਦਾ ਸਾਥ ਦਿਤਾ। ਦੂਜਾ ਸਿਖਾਂ ਦੀ ਮਾਨਸਿਕਤਾ ਵਿਚ ਅਜੇ ਮੁਗਲ ਜ਼ੁਲਮਾਂ ਦਾ ਬਦਲਾ ਲੈਣ ਲਈ ਸਿਖ ਰਾਜ ਨੂੰ ਬਰਤਾਨਵੀ ਰਾਜ ਦੇ ਬਦਲਾਓ ਵਜੋਂ ਦਿਲੀ ਉਤੇ ਕਾਇਮ ਕਰਨ ਦਾ ਭਰਾਮਿਕ ਸੁਪਨਾ ਵੀ ਪਲ ਰਿਹਾ ਸੀ। ਇਸ ਲਈ ਉਹ ਕਿਵੇਂ ਵੀ ਬਹਾਦਰ ਸ਼ਾਹ ਮੁਗਲ ਬਾਦਸ਼ਾਹ ਦੀ ਅਗਵਾਈ ਹੇਠ ਅੰਗਰੇਜ਼ ਵਿਰੋਧੀ ਬਗਾਵਤ ਵਿਚ ਹਿਸਾ ਲੈਣ ਦੀ ਸਥਿਤੀ ਵਿਚ ਨਹੀਂ ਸਨ। ਤੀਜੇ ਉਹ ਹਾਲਾਂ ਪੰਜਾਬ ਵਿਚਲੇ ਸਿਖ ਰਾਜ ਦੇ ਖੁਸ ਜਾਣ ਦੇ ਦੁਖ ਵਿਚੋਂ ਬਾਹਰ ਨਹੀਂ ਸਨ ਆਏ। ਚੌਥੇ ਸਿਖ ਸ਼ਕਤੀ ਆਪਸ ਵਿਚ ਵੀ ਦੋਫਾੜ ਹੋਈ ਪਈ ਸੀ। ਸਤਲੁਜ ਉਰਾਰ ਭਾਵ Îਫੂਲਕੀਆਂ ਸਿਖ  ਰਿਆਸਤਾਂ ਅੰਗਰੇਜ਼ ਪਖੀ ਹੋਈਆਂ ਪਈਆਂ ਸਨ।
ਪਰ ਇਸ ਦਾ ਭਾਵ ਇਹ ਨਹੀਂ ਕਿ ਇਸ ਸਮੇਂ ਪੰਜਾਬ ਵਿਚ ਅੰਗਰੇਜ਼ ਹਕੂਮਤ ਤੋਂ ਅਜ਼ਾਦੀ ਪ੍ਰਾਪਤ ਕਰਨ ਲਈ ਕੋਈ ਅੰਦੋਲਨ ਹੀ ਨਹੀਂ ਚਲਿਆ। ਸਗੋਂ ਮੇਰਾ ਇਹ ਮਤਿ ਹੈ ਕਿ 1857 ਵਿਚ ਹੀ ਪੰਜਾਬ ਦੀ ਧਰਤੀ ਤੋਂ ਕੂਕਾ ਲਹਿਰ ਬਾਬਾ ਬਾਲਕ ਸਿੰਘ ਦੇ ਅਨੁਆਈ ਬਾਬਾ ਰਾਮ ਸਿੰਘ ਦੀ ਅਗਵਾਈ ਵਿਚ ਚਲੀ। ਜੇਕਰ ਭਾਰਤ ਦੇ ਇਤਿਹਾਸਕਾਰ, ਚਿੰਤਕ ਨਿਰਪਖ ਹੋ ਕੇ ਮੁਲੰਕਣ ਕਰਨ ਤਾਂ ‘ਕੂਕਾ ਲਹਿਰ’ ਹਿੰਦੋਸਤਾਨ ਦਾ ਸਭ ਤੋਂ ਪਹਿਲਾਂ ਆਜ਼ਾਦੀ ਲਈ ਕੀਤਾ ਗਿਆ ਜਨ-ਅੰਦੋਲਨ ਹੈ। ਪਰ ਅਫਸੋਸ ਕਿ ਭਾਰਤ ਵਿਚ ਹਿੰਦੂ-ਰਾਸ਼ਟਰਵਾਦ ਦੀ ਸਾਵਰਕਰਵਾਦੀ ਸੋਚ ਨੇ ਇਸਨੂੰ ਇਕ ਸਿਖ ਅੰਦੋਲਨ ਕਹਿ ਕੇ ਮਾਨਤਾ ਨਾ ਦੇਣ ਦਾ ਕੁਰਾਹਾ ਅਖਤਿਆਰ ਕੀਤਾ। ਇਥੋਂ ਤੀਕ ਕਿ ਹਿੰਦੋਸਤਾਨ ਉਤੇ ਅਜ ਰਾਜ ਕਰ ਰਹੀਆਂ ਸ਼ਕਤੀਆਂ ਇਸ ਲਹਿਰ ਨੂੰ ਆਜ਼ਾਦੀ ਅੰਦੋਲਨ ਲਈ ਕੀਤੀ ਗਈ ਇਕ ਜਦੋਜਹਿਦ ਵੀ ਮੰਨਣ ਤੋਂ ਇਨਕਾਰੀ ਹਨ ਤੇ ਇਸ ਲਹਿਰ ਵਿਚ ਹੋਏ ਸ਼ਹੀਦਾਂ ਨੂੰ ਆਜ਼ਾਦੀ ਘੁਲਾਟੀਏ ਤੋਂ ਮੁਕਰ ਗਏ ਹਨ। ਹਾਲਾਂਕਿ ਭਾਰਤ ਵਿਚ ਅੰਗਰੇਜ਼ੀ ਸਾਮਰਾਜ ਦੇ ਵਿਰੁਧ ਬਗਾਵਤ ਕਰਦਿਆਂ ਕੂਕਾ ਲਹਿਰ ਨੇ ਸਰਕਾਰੀ ਡਾਕ ਪ੍ਰਬੰਧ ਦਾ ਬਾਈਕਾਟ, ਸਰਕਾਰੀ ਅਦਾਲਤਾਂ ਦਾ ਬਾਈਕਾਟ, ਬਿਦੇਸੀ ਵਸਤਾਂ ਦਾ ਬਾਈਕਾਟ, ਰੇਲਾਂ ਸੜਕਾਂ, ਨਹਿਰਾਂ, ਸਕੂਲਾਂ, ਟੈਕਸਾਂ ਦਾ ਬਾਈਕਾਟ ਕਰਕੇ ਮਹਾਤਮਾ ਗਾਂਧੀ ਦੀ ਲਹਿਰ ਤੋਂ ਕਿੰਨੇ ਸਾਲ ਪਹਿਲਾਂ ਨਾ-ਮਿਲਵਰਤਨ ਲਹਿਰ ਚਲਾਈ, ਸਰਕਾਰੀ ਦਮਨ ਝਲਿਆ, ਤੋਪਾਂ ਅਗੇ ਖੜ੍ਹ ਕੇ ਸ਼ਹੀਦੀਆਂ ਪਾਈਆਂ, ਜੇਲ੍ਹਾਂ ਵਿਚ ਤਸੀਹੇ ਝਲੇ ਤੇ ਬਾਬਾ ਰਾਮ ਸਿੰਘ ਨੂੰ ਕਾਲੇਪਾਣੀ ਦੀ ਸਜ਼ਾ ਦਿਤੀ ਗਈ।
ਪੰਜਾਬ ਨੇ 1857 ਈ. ਤੋਂ 1947 ਈ. ਤਕ ਚਲੇ ਆਜ਼ਾਦੀ ਸੰਗਰਾਮ ਵਿਚ ਲੋਕਨਾਇਕ ਬਾਬਾ ਰਾਮ ਸਿੰਘ ਜੀ ਕੂਕਾ, ਬਾਬਾ ਮਹਾਰਾਜ ਸਿੰਘ, ਬਾਬਾ ਖੁਦਾ ਸਿੰਘ, ਬਾਬਾ ਖੜਕ ਸਿੰਘ, ਸੋਹਣ ਸਿੰÎਘ ਭਕਨਾ, ਜੈਤੋ ਤੇ ਨਨਕਾਣਾ ਸਾਹਿਬ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ, ਸ਼ਹੀਦ ਭਗਤ ਸਿੰਘ, ਸੇਵਾ ਸਿੰਘ ਠੀਕਰੀਵਾਲਾ, ਮਾਸਟਰ ਮੋਤਾ ਸਿੰਘ, ਪਰਜਾ ਮੰਡਲੀ ਲਹਿਰ ਦੇ ਯੋਧਿਆਂ ਦਾ ਸਾਥ ਡਟ ਕੇ ਦਿਤਾ। ਪਰ ਜਗੀਰੂ ਨਾਇਕ ਬਹਾਦਰ ਸ਼ਾਹ, ਨਾਨਾ ਸਾਹਿਬ, ਤਾਂਤੀਆਂ ਟੋਪੇ, ਅਮਰ ਸਿੰਘ, ਕੁੰਵਰ ਸਿੰਘ, ਫਿਰੋਜ਼ ਸ਼ਾਹ, ਮੁਹੰਮਦ ਅਲੀ ਸ਼ਾਹ, ਅਹਿਮਦ ਸ਼ਾਹ, ਲਕਸ਼ਮੀ ਬਾਈ ਆਦਿ ਰਜਵਾੜਿਆਂ ਨੂੰ ਲੋਕ-ਨਾਇਕ ਨਾ ਮੰਨਦੇ ਹੋਏ ਸਾਥ ਨਹੀਂ ਦਿਤਾ। ਮੇਰੀ ਸਮਝ ਅਨੁਸਾਰ ਇਕ ਵਿਗਿਆਨਕ ਰਾਜਨੀਤਕ ਸੂਝ ਤੋਂ ਇਹ ਪੰਜਾਬੀਆਂ ਦਾ ਸਹੀ ਨਿਰਣਾ ਸੀ। ਖਤਮ ਹੋ ਚੁਕੀ ਰਜਵਾੜਾਸ਼ਾਹੀ ਨੂੰ ਮੁੜ ਸਥਾਪਿਤ ਕਰਨ ਵਿਚ ਕਿਸੇ ਕਿਸਮ ਦੀ ਵੀ ਮਦਦ ਕਰਨਾ ਮੂਰਖਤਾ ਤੋਂ ਵਧ ਕੁਝ ਵੀ ਨਹੀਂ ਸੀ ਹੋਣਾ।

ਤੇਜਵੰਤ ਮਾਨ (ਡਾ.)

Leave a Reply

Your email address will not be published. Required fields are marked *