ਮੈਂ ਮਹਾਰਾਜਾ ਸ਼ੇਰ ਸਿੰਘ ਵਲੋਂ ਜਾਰੀ ਕੀਤੇ ਗਏ ਇਕ ਐਲਾਨਨਾਮੇ ਵਿਚੋਂ ਇਕ ਪੈਰ੍ਹੇ ਦਾ ਨਮੂਨੇ ਵਜੋਂ ਹਵਾਲਾ ਦੇਂਦਾ ਹਾਂ। ਇਥੇ ਉਸ ਨੇ ਥੋੜ੍ਹੇ ਜਿਹੇ ਸ਼ਬਦਾਂ ਵਿਚ ਆਪਣੀਆਂ ਭਾਵਨਾਵਾਂ ਅਤੇ ਉਦੇਸ਼ਾਂ ਦਾ ਸਪਸ਼ਟ ਵਰਨਣ ਕੀਤਾ ਹੈ। ਜੋ ਇਸ ਨਾਲ ਮਿਲਦੀਆਂ ਜੁਲਦੀਆਂ ਹੋਰ ਲਿਖਤਾਂ ਵਿਚੋਂ ਵੀ ਸਪਸ਼ਟ ਹੁੰਦੇ ਹਨ। ਇਹ ਪੈਰ੍ਹਾਂ ਮੇਰੇ ਵਲੋਂ ਦਿਤੇ ਉਪਰੋਕਤ ਬਿਆਨ ਨੂੰ ਬਿਲਕੁਲ ਸਹੀ ਸਿਧ ਕਰਦਾ ਹੈ। ਇਹ ਪੈਰ੍ਹਾਂ ਇਸ ਤਰ੍ਹਾਂ ਹੈ — ”ਮਹਾਨ ਅਥਵਾ ਪੂਰਨ ਗੁਰੂ ਦੀ ਹਦਾਇਤ ਅਨੁਸਾਰ ਰਾਜਾ ਸ਼ੇਰ ਸਿੰਘ ਅਤੇ ਹੋਰ ਸਰਦਾਰ ਆਪਣੀਆਂ ਬਹਾਦਰ ਫੌਜਾਂ ਸਮੇਤ ਅਤਿਆਚਾਰੀ, ਧੋਖੇਬਾਜ਼ ਅਤੇ ਗਦਾਰ ਫਰੰਗੀਆਂ ਨੂੰ ਦੇਸ ਵਿਚੋਂ ਬਾਹਰ ਕਢਣ ਦੇ ਉਦੇਸ਼ ਨਾਲ ਮਹਾਰਾਜਾ ਦਲੀਪ ਸਿੰਘ ਦੀ ਤਰਫੋ ਲੜਨ ਵਾਲੇ ਭਰੋਸੇਯੋਗ ਅਤੇ ਵਫਾਦਾਰ ਦੀਵਾਨ ਮੂਲ ਰਾਜ ਨਾਲ ਜਾ ਰਲੀਆਂ ਹਨ। ਖਾਲਸਾ ਜੀ ਨੂੰ ਹੁਣ ਤਨੋਂ ਮਨੋਂ ਕੰਮ ਕਰਨਾ ਚਾਹੀਦਾ ਹੈ…ਖਾਲਸਾ ਜੀ ਪਾਵਨ ਗੁਰੂ ਦੇ ਸਾਰੇ ਸੇਵਕਾਂ ਅਤੇ ਮਹਾਰਾਜਾ (ਦਲੀਪ ਸਿੰਘ) ਦੇ ਸਾਰੇ ਸਰਦਾਰਾਂ ਦੇ ਵਫਾਦਾਰ ਸਿਪਾਹੀਆਂ ਨੂੰ ਹੁਣ ਮੁਲਤਾਨ ਵੱਲ ਚਾਲੇ ਪਾਉਣ ਲਈ ਕਮਰਕਸੇ ਕਰ ਲੈਣੇ ਚਾਹੀਦੇ ਹਨ।” ਪੈਰ੍ਹੇ ਦੇ ਅੰਤਿਮ ਵਾਕ ਵਿਚ ਪੰਜਾਬ ਦੇ ਵਾਸੀਆਂ ਨੂੰ ਸੰਬੋਧਨ ਕਰਕੇ ਇਕ ਖ਼ੂਨੀ ਫੁਰਮਾਨ ਜਾਰੀ ਕੀਤਾ ਗਿਆ ਹੈ — ”ਜਿਥੇ ਕਿਤੇ ਵੀ ਫਰੰਗੀ ਦਿਸਣ, ਸਭ ਨੂੰ ਮਾਰ ਮੁਕਾਓ।”

(ਲਾਰਡ ਡਲਹੌਜ਼ੀ ਦੀ ਚਿਠੀ ਵਿਚੋਂ)


(ਲਾਰਡ ਡਲਹੌਜ਼ੀ ਦੀ 7 ਅਪ੍ਰੈਲ 1849 ਨੂੰ ਬਰਤਾਨੀਆ ਸਰਕਾਰ ਨੂੰ ਭੇਜੀ ਗਈ ਖੁਫੀਆ ਰਿਪੋਰਟ)

ਸੇਵਾ ਵਿਖੇ, ਸਤਿਕਾਰਯੋਗ ਮੈਂਬਰਾਨ ਖੁਫੀਆ ਕਮੇਟੀ।
ਅਤੀ ਪਰਸੰਨਤਾ ਸਹਿਤ ਆਪ ਜੀ ਨੂੰ ਇਹ ਸੂਚਨਾ ਭੇਜ ਰਿਹਾ ਹਾਂ ਕਿ ਅੰਗਰੇਜ਼ ਫੌਜ ਵਲੋਂ ਅਮੀਰ ਦੋਸਤ ਮੁਹੰਮਦ ਖਾਨ ਅਤੇ ਉਸ ਦੀ ਫੌਜ ਨੂੰ ਪੇਸ਼ਾਵਰ ਸੂਬੇ ਵਿਚੋਂ ਕਢ ਦਿਤੇ ਜਾਣ ਨਾਲ ਪੰਜਾਬ ਵਿਚ ਯੁਧ ਦਾ ਅੰਤ ਹੋ ਗਿਆ ਹੈ। ਕੁਝ ਕੁ ਮਹੀਨੇ ਪਹਿਲਾਂ ਜਦੋਂ ਅਮੀਰ ਦੋਸਤ ਮੁਹੰਮਦ ਖਾਨ ਦੇ ਪੇਸ਼ਾਵਰ ਸੂਬੇ ਵਿਚ ਪ੍ਰਵੇਸ਼ ਕਰ ਜਾਣ ਦੀ ਪਕੀ ਖਬਰ ਮਿਲੀ ਸੀ ਤਾਂ ਮੈਂ ਖ਼ੈਬਰ ਦੇ ਪਹਾੜੀ ਕਬੀਲਿਆਂ ਨੂੰ ਆਖਿਆ ਸੀ ਕਿ ਉਹ ਦੋਸਤ ਮੁਹੰਮਦ ਖਾਨ ਨੂੰ ਵਾਪਸ ਮੁੜ ਜਾਣ ਤੋਂ ਰੋਕਣ ਲਈ ਸਭ ਪਹਾੜੀ ਰਸਤੇ ਬੰਦ ਕਰ ਦੇਣ ਅਤੇ ਮੈਂ ਇਹ ਵੀ ਵਾਅਦਾ ਕੀਤਾ ਕਿ ਜੇਕਰ ਉਹ ਪ੍ਰਭਾਵਸ਼ਾਲੀ ਢੰਗ ਨਾਲ ਮੁਹੰਮਦ ਖਾਨ ਦੀ ਵਿਰੋਧਤਾ ਕਰਨਗੇ ਜਾਂ ਉਸ ਦਾ ਰਾਹ ਰੋਕ ਕੇ ਅੰਗਰੇਜ਼ ਫੌਜਾਂ ਦੀ ਅਫਗਾਨ ਫੌਜਾਂ ਨੂੰ ਪਿਛੋਂ ਆ ਕੇ ਘੇਰਨ ਵਿਚ ਮਦਦ ਕਰਨਗੇ ਤਾਂ ਉਨ੍ਹਾਂ ਨੂੰ ਅੰਗਰੇਜ਼ਾਂ ਵਲੋਂ ਭਾਰੀ ਇਨਾਮ ਦਿਤਾ ਜਾਵੇਗਾ। ਉਨ੍ਹਾਂ ਵਲੋਂ ਉਤਰ ਬੜੇ ਹੀ ਤਸੱਲੀਬਖਸ਼ ਆਏ ਸਨ ਅਤੇ ਮੈਨੂੰ ਪਕਾ ਵਿਸ਼ਵਾਸ ਹੋ ਗਿਆ ਸੀ ਕਿ ਉਹ ਨਿਸਚੇ ਹੀ ਆਪਣੇ ਵਚਨ ਦੀ ਪਾਲਣਾ ਕਰਨਗੇ। ਪਰ ਜਦੋਂ ਸਮਾਂ ਆਇਆ ਤਾਂ ਉਨ੍ਹਾਂ ਨੇ ਕੋਈ ਕਾਰਵਾਈ ਨਾ ਕੀਤੀ, ਸਗੋਂ ਉਨ੍ਹਾਂ ਨੇ ਇਹ ਬਹਾਨਾ ਘੜ ਲਿਆ ਕਿ ਅਮੀਰ ਦੋਸਤ ਮੁਹੰਮਦ ਖਾਨ ਦੇ ਤੁਰੰਤ ਹਮਲਾ ਕਰ ਦੇਣ ਕਾਰਨ ਉਨ੍ਹਾਂ ਕੋਲ ਉਸ ਨੂੰ ਰੋਕਣ ਦੀ ਤਿਆਰੀ ਕਰਨ ਦਾ ਕੋਈ ਸਮਾਂ ਨਹੀਂ ਸੀ। ਭਾਵੇਂ ਸਾਨੂੰ ਬੜੀ ਤਸੱਲੀ ਹੁੰਦੀ ਜੇਕਰ ਅਫਗਾਨਾਂ ਨੇ ਜਨਰਲ ਗਿਲਬਰਟ ਦਾ ਸਾਹਮਣਾ ਕਰਨ ਦੀ ਦਲੇਰੀ ਕੀਤੀ ਹੁੰਦੀ ਅਤੇ ਇਸ ਤਰ੍ਹਾਂ ਸਾਨੂੰ ਉਨ੍ਹਾਂ ਵਲੋਂ ਕੀਤੇ ਗਏ ਬੇਹੂਦਾ ਅਤੇ ਅਪਮਾਨਜਨਕ ਹਮਲੇ ਬਦਲੇ ਉਨ੍ਹਾਂ ਨੂੰ ਸਜ਼ਾ ਦੇਣ ਦਾ ਮੌਕਾ ਮਿਲ ਜਾਂਦਾ, ਪਰ ਫਿਰ ਵੀ ਗੁਜਰਾਤ ਦੇ ਮੈਦਾਨ ਵਿਚ ਅਮੀਰ ਦੇ ਪੁਤਰ ਦੀ ਅਗਵਾਈ ਹੇਠ ਲੜਨ ਵਾਲੇ 3000 ਫੌਜੀਆਂ ਨੂੰ ਭਾਜੜ ਪਾ ਦੇਣਾ ਅਤੇ ਅੰਗਰੇਜ਼ ਫੌਜਾਂ ਨਾਲ ਗੋਲੀਬਾਰੀ ਕਰਨ ਤੋਂ ਬਗੈਰ ਹੀ ਉਨ੍ਹਾਂ ਨੂੰ ਪੇਸ਼ਾਵਰ ਵਿਚੋਂ ਨਮੋਸ਼ੀ ਨਾਲ ਭਜ ਜਾਣ ਲਈ ਮਜ਼ਬੂਰ ਕਰ ਦੇਣਾ, ਸਾਡੇ ਲਈ ਅਜਿਹੀ ਜਿਤ ਹੈ, ਜਿਸ ਨੂੰ ਧਿਆਨ ਵਿਚ ਰਖਦਿਆਂ ਸਾਨੂੰ ਦੁਸ਼ਮਣ ਦੇ ਬਚ ਕੇ ਨਿਕਲ ਜਾਣ ਦਾ ਕੋਈ ਅਫਸੋਸ ਨਹੀਂ। ਮੇਰਾ ਖਿਆਲ ਹੈ ਕਿ ਇਨ੍ਹਾਂ ਹਾਲਤਾਂ ਵਿਚ ਹੁਣ ਤਕ ਕੀਤੇ ਗਏ ਕਾਰਜਾਂ ਬਾਰੇ ਮੇਰੇ ਵਲੋਂ ਤਸੱਲੀ ਪ੍ਰਗਟ ਕਰਨ ਅਤੇ ਖੈਬਰ ਦਰਾ ਪਾਰ ਕਰਕੇ ਅਮੀਰ ਦਾ ਪਿਛਾ ਕਰਨਾ ਤੋਂ ਗੁਰੇਜ਼ ਕਰਨ ਜਾਂ ਉਸ ਨੂੰ ਹੋਰ ਸਜ਼ਾ ਦੇਣ ਲਈ ਉਸ ਦਾ ਪਿਛਾ ਕਰਕੇ ਕਾਬਲ ਵਿਚ ਜਾ ਵੜਨ ਤੋਂ ਸੰਕੋਚ ਕਰਨ ਨੂੰ ਤੁਸੀਂ ਠੀਕ ਹੀ ਮੰਨੋਗੇ।
ਹੁਣ ਸਮਾਂ ਆ ਗਿਆ ਹੈ ਕਿ ਮੈਂ ਤੁਹਾਡੇ 24 ਨਵੰਬਰ 1848 ਦੇ ਪਤਰ ਵਿਚ ਦਿਤੀਆਂ ਹਦਾਇਤਾਂ ਅਨੁਸਾਰ ਹਿੰਦੁਸਤਾਨ ਵਿਚ ਅੰਗਰੇਜ਼ ਸਾਮਰਾਜ ਦੇ ਪੰਜਾਬ ਨਾਲ ਅਗੋਂ ਦੇ ਸੰਬੰਧਾਂ ਦੇ ਹਰ ਪਖ ਉਤੇ ਵਿਚਾਰ ਵਟਾਂਦਰਾ ਕਰਾਂ। ਮੈਨੂੰ ਇਹ ਦਸਣ ਦੀ ਲੋੜ ਨਹੀਂ ਕਿ ਯੁਧ ਦੇ ਸਾਰੇ ਸਮੇਂ ਦੌਰਾਨ ਹੀ ਇਹ ਪ੍ਰਸ਼ਨ ਬਾਰ ਬਾਰ ਮੇਰੀ ਡੂੰਘੇ ਸੋਚ-ਵਿਚਾਰ ਦਾ ਵਿਸ਼ਾ ਬਣਦਾ ਰਿਹਾ ਹੈ। ਕੁਝ ਮਹੀਨੇ ਪਹਿਲਾਂ ਮੈਂ ਤੁਹਾਨੂੰ ਇਕ ਸੁਝਾਅ ਲਿਖ ਕੇ ਭੇਜਿਆ ਸੀ ਜਿਸ ਨਾਲ ‘ਕੌਂਸਲ ਆਫ ਇੰਡੀਆ’ ਦੇ ਮੇਰੇ ਸਾਰੇ ਸਾਥੀ ਪੂਰੀ ਤਰ੍ਹਾਂ ਸਹਿਮਤ ਸਨ ਕਿ ਹੁਣ ਇਹ ਗਲ ਸਪੱਸ਼ਟ ਹੋ ਗਈ ਹੈ ਕਿ ਸਾਡੀ ਸਰਹਦ ਉਤੇ ਸਿਖ ਦੇਸ ਦੀ ਇਕ ਸੁਤੰਤਰ ਸ਼ਕਤੀ ਦੇ ਰੂਪ ਵਿਚ ਹੋਂਦ, ਅੰਗਰੇਜ਼ਾਂ ਦੇ ਕਬਜ਼ੇ ਹੇਠਲੇ ਇਲਾਕਿਆਂ ਅਤੇ ਉਨ੍ਹਾਂ ਦੇ ਹਿਤਾਂ ਦੀ ਸੁਰਖਿਆ ਲਈ ਹਾਨੀਕਾਰਕ ਹੈ। ਜਿਨ੍ਹਾਂ ਦੀ ਰਾਖੀ ਕਰਨ ਲਈ ਅਸੀਂ ਵਚਨਬਧ ਹਾਂ। ਇਸ ਤੋਂ ਬਾਅਦ ਬੀਤੀਆਂ ਘਟਨਾਵਾਂ ਨਾਲ ਵੀ ਸਾਡੇ ਇਸ ਵਿਸ਼ਵਾਸ ਵਿਚ ਕੋਈ ਖਾਸ ਤਬਦੀਲੀ ਨਹੀਂ ਆਈ। ਇਸ ਦੇ ਉਲਟ ਹਰ ਮਹੀਨੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ, ਜਿਨ੍ਹਾਂ ਨਾਲ ਸਗੋਂ ਉਸ ਸਮੇਂ ਦਿਤੀਆਂ ਗਈਆਂ ਦਲੀਲਾਂ ਨੂੰ ਹੋਰ ਬਲ ਮਿਲਿਆ ਹੈ। ਮੇਰਾ ਇਹ ਵਿਸ਼ਵਾਸ ਹੋਰ ਵੀ ਪਕਾ ਹੋ ਗਿਆ ਕਿ ਉਹ ਨੀਤੀ ਅਪਨਾਉਣ ਦੀ ਸਖ਼ਤ ਜ਼ਰੂਰਤ ਹੈ, ਜਿਸ ਦੀ ਮੈਂ ਸਿਫਾਰਿਸ਼ ਕੀਤੀ ਸੀ।
ਜਿਨ੍ਹਾਂ ਵਿਚਾਰਾਂ ਕਰਕੇ ਮੈਂ ਇਸ ਸਿਟੇ ਉਤੇ ਪੁਜਾ ਹਾਂ ਉਨ੍ਹਾਂ ਦਾ ਵਿਸਥਾਰ-ਪੂਰਬਕ ਵਰਨਣ ਕਰਨ ਤੋਂ ਪਹਿਲਾਂ, ਪੰਜਾਬ ਵਿਚ ਵਾਪਰੀਆਂ ਘਟਨਾਵਾਂ ਦਾ ਸੰਖੇਪ ਵਰਨਣ ਕਰ ਦੇਣਾ ਵਧੇਰੇ ਉਚਿਤ ਹੋਵੇਗਾ।
29 ਅਪ੍ਰੈਲ 1848 ਨੂੰ ਲਾਹੌਰ ਵਿਚ ਇਹ ਖਬਰ ਪੁਜੀ ਕਿ ਮਿਸਟਰ ਐਗਨਿਊ ਅਤੇ ਲੈਫਟੀਨੈਂਟ ਐਂਡਰਸਨ ਨੂੰ ਮੁਲਤਾਨ ਵਿਖੇ ਕਤਲ ਕਰ ਦਿਤਾ ਗਿਆ ਹੈ। ਅਜਿਹਾ ਉਨ੍ਹਾਂ ਸਿਖ ਫੌਜਾਂ, ਜਿਹੜੀਆਂ ਸੁਰਖਿਆ ਲਈ ਇਨ੍ਹਾਂ ਅਫਸਰਾਂ ਦੇ ਨਾਲ ਸਨ, ਵਲੋਂ ਮੂਲ ਰਾਜ ਦੀਆਂ ਤਜਵੀਜ਼ਾਂ ਸਵੀਕਾਰ ਕਰਨ ਅਤੇ ਸਾਮੂਹਿਕ ਰੂਪ ਵਿਚ ਉਨ੍ਹਾਂ ਦਾ ਸਾਥ ਛਡਣ ਤੋਂ ਬਾਅਦ ਵਾਪਰਿਆ। ਰੈਜ਼ੀਡੈਂਟ ਨੇ ਦਰਬਾਰ ਨੂੰ ਆਖਿਆ ਕਿ ਉਹ ਅੰਗਰੇਜ਼ ਸਰਕਾਰ ਦੇ ਵਿਰੁਧ ਅਜਿਹਾ ਘੋਰ ਅਪਰਾਧ ਕਰਨ ਵਾਲਿਆਂ ਨੂੰ ਸਜ਼ਾ ਦੇਣ ਲਈ ਕਦਮ ਚੁਕੇ। ਵਿਸਥਾਰ-ਪੂਰਬਕ ਸੋਚ ਵਿਚਾਰ ਕਰਨ ਤੋਂ ਪਿਛੋਂ ਸਰਦਾਰਾਂ ਨੇ ਰੈਜ਼ੀਡੈਂਟ ਨੂੰ ਸੂਚਨਾ ਦਿਤੀ ਕਿ ਸਿਖ ਫੌਜ ਉਤੇ, ਵਿਸ਼ੇਸ਼ ਕਰਕੇ ਰਾਜ ਦੀ ਬਕਾਇਦਾ ਫੌਜ ਉਤੇ ਨਿਰਭਰ ਨਹੀਂ ਰਿਹਾ ਜਾ ਸਕਦਾ। ਕਿਉਕਿ ਉਹ ਮੂਲ ਰਾਜ ਦੇ ਵਿਰੁਧ ਅੰਗਰੇਜ਼ਾਂ ਦਾ ਕੋਈ ਵੀ ਹੁਕਮ ਮੰਨਣ ਲਈ ਤਿਆਰ ਨਹੀਂ। ਉਸੇ ਦਿਨ ਰੈਜ਼ੀਡੈਂਟ ਨੇ ਕਮਾਂਡਰ-ਇਨ-ਚੀਫ ਨੂੰ ਇਕ ਪਤਰ ਲਿਖ ਕੇ ਕਿ ਜੇਕਰ ਸਾਲ ਦੇ ਉਸ ਅਰਸੇ ਵਿਚ ੦ਇਹ ਕਾਰਵਾਈਆਂ ਅਮਲ ਵਿਚ ਲਿਆਂਦੀਆਂ ਜਾ ਸਕਦੀਆਂ ਹੋਣ ਤਾਂ ਮੁਲਤਾਨ ਦੇ ਵਿਰੁਧ ਤੁਰੰਤ ਫੌਜੀ ਕਾਰਵਾਈ ਸ਼ੁਰੂ ਕਰਨ ਦੀ ਮਹਤਤਾ ਵਲ ਧਿਆਨ ਦੁਆਇਆ।
ਕਮਾਂਡਰ-ਇਨ-ਚੀਫ ਨੇ ਉਤਰ ਦਿਤਾ ਕਿ ਅਜਿਹੇ ਸਮੇਂ ਉਤੇ ਮੁਲਤਾਨ ਵਿਰੁਧ ਕਾਰਵਾਈ ਕਰਨੀ ਜੇਕਰ ਪੂਰੀ ਤਰ੍ਹਾਂ ਅਸੰਭਵ ਨਹੀਂ ਤਾਂ ਗੈਰਵਾਜਿਬ ਜ਼ਰੂਰ ਹੈ ਕਿਉਂਕਿ ਇਸ ਕਾਰਵਾਈ ਦੇ ਉਦੇਸ਼ ਦੀ ਪੂਰਤੀ ਵਿਚ ਦੇਰੀ ਹੋ ਜਾਣ ਦੀ ਹਾਲਤ ਵਿਚ ਉਥੇ ਲਾਈਆਂ ਫੋਜਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ ਅਤੇ ਉਸ ਨੇ ਕੋਈ ਕਾਰਵਾਈ ਨਾ ਕਰਨ ਵਿਰੁਧ ਪਕਾ ਫੈਸਲਾ ਦੇ ਦਿਤਾ। ਰੈਜ਼ੀਡੈਂਟ ਵੀ ਕਮਾਂਡਰ-ਇਨ-ਚੀਫ ਦੇ ਫੈਸਲੇ ਨਾਲ ਸਹਿਮਤ ਹੋ ਗਿਆ ਅਤੇ ‘ਗਵਰਨਰ ਜਨਰਲ ਇਨ ਕੌਂਸਲ’ ਨੇ ਵਿਸਥਾਰ ਪੂਰਬਕ ਵਿਚਾਰ  ਕਰਨ ਤੋਂ ਪਿਛੋਂ ਉਸ ਦੇ ਫੈਸਲੇ ਦੀ ਪੁਸ਼ਟੀ ਕਰ ਦਿਤੀ। ਕਿਉਂਕਿ ਬਾਅਦ ਵਿਚ ਇਸ ਫੈਸਲੇ ਦੇ ਉਚਿਤ ਅਤੇ ਸਿਆਣਪ ਭਰਪੂਰ ਹੋਣ ਬਾਰੇ ਸੰਦੇਹ ਪ੍ਰਗਟ ਕੀਤਾ ਗਿਆ ਹੈ, ਇਸ ਲਈ ਮੇਰਾ ਖਿਆਲ ਹੈ ਕਿ ਮੈਂ ਤੁਹਾਡੀ ਆਗਿਆ ਨਾਲ ਇਹ ਐਲਾਨ ਫਿਰ ਦੁਹਰਾ ਦੇਵਾਂ ਜੋ ਮੈਂ ਇਸ ਸਮੇਂ ਕੀਤਾ ਸੀ, ਕਿ ਕਮਾਂਡਰ-ਇਨ-ਚੀਫ ਅਤੇ ਰੈਜ਼ੀਡੈਂਟ ਵਲੋਂ ਦਿੱਤੀਆਂ ਗਈਆਂ ਰਾਵਾਂ ਨੂੰ ਧਿਆਨ ਵਿਚ ਰਖਦਿਆਂ ਮੈਂ ਇਸ ਪ੍ਰਸਤਾਵ ਦੀ ਜ਼ਿੰਮੇਵਾਰੀ ਹੋਰਨਾਂ ਉਤੇ ਬਿਲਕੁਲ ਨਹੀਂ ਸੁਟਣੀ ਚਾਹੁੰਦਾ। ਇਹ ਫੈਸਲਾ ‘ਗਵਰਨਰ ਜਨਰਲ ਇਨ ਕੌਂਸਲ’ ਦਾ ਫੈਸਲਾ ਸੀ, ਸੋ ਸਾਰੀ ਜ਼ਿੰਮੇਵਾਰੀ ਵੀ ਓਸੇ ਦੀ ਹੈ। ਜਿਸ ਮਸਲੇ ਬਾਰੇ ‘ਗਵਰਨਰ ਜਨਰਲ ਇਨ ਕੌਂਸਲ’ ਨੂੰ ਵਿਚਾਰ ਕਰਨ ਲਈ ਕਿਹਾ ਗਿਆ ਸੀ, ਉਹ ਇਕ ਔਖਾ ਤੇ ਗੁੰਝਲਦਾਰ ਮਸਲਾ ਸੀ।
ਇਕ ਪਾਸੇ ਹਾਲਤ ਇਹ ਸੀ ਅਤੇ ਇਸ ਵਿਚ ਵੀ ਕੋਈ ਸੰਦੇਹ ਨਹੀਂ ਸੀ ਕਿ ਪੰਜਾਬ ਦੇ ਲੋਕਾਂ ਦੇ ਮਨਾਂ ਵਿਚ ਅੰਗਰੇਜ਼ ਸਾਮਰਾਜ ਵਿਰੁਧ ਬਗਾਵਤੀ ਰੌਂਅ ਹੋਣ ਦੀ ਹਾਲਤ ਵਿਚ, ਮੁਲਤਾਨ ਵਿਖੇ ਹੋਏ (ਅੰਗਰੇਜ਼ ਫੌਜੀ ਅਫਸਰਾਂ ਦੇ) ਕਤਲਾਂ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਵਿਚ ਕਿਸੇ ਪ੍ਰਕਾਰ ਦੀ ਢਿਲ ਕਰਨ ਅਤੇ ਦੋਸ਼ੀਆਂ ਦੇ ਪ੍ਰਤਖ ਤੌਰ ਉਤੇ ਬਚ ਕੇ ਨਿਕਲ ਜਾਣ ਨਾਲ ਬਗਾਵਤ ਭੜਕ ਪੈਣ ਨੂੰ ਹੌਂਸਲਾ ਮਿਲਣਾ ਸੀ, ਜਿਸ ਦੇ ਸਾਰੇ ਪੰਜਾਬ ਵਿਚ ਫੈਲ ਜਾਣ ਦੀ ਸੰਭਾਵਨਾ ਸੀ ਪਰ ਦੂਜੇ ਇਹ ਵੀ ਓਨਾ ਹੀ ਸਪੱਸ਼ਟ ਸੀ ਕਿ ਸਾਲ ਦੇ ਅਜਿਹੇ ਮੌਸਮ ਵਿਚ ਲੰਬੇ ਸਮੇਂ ਤਕ ਜਾਰੀ ਰਹਿਣ ਵਾਲੀਆਂ ਕਾਰਵਾਈਆਂ ਸ਼ੁਰੂ ਕਰਨ ਨਾਲ ਯੂਰਪੀ ਫੌਜਾਂ ਦੀ ਸਿਹਤ ਅਤੇ ਹੋਂਦ ਨੂੰ ਗੰਭੀਰ ਖਤਰਾ ਪੈਦਾ ਹੋ ਜਾਣਾ ਸੀ। ਗਰਮੀ ਅਤੇ ਵਰਖਾ ਰੁਤ ਦੇ ਮਹੀਨਿਆਂ ਵਿਚ ਫੌਜੀ ਕਾਰਵਾਈ ਕਰਨ ਨਾਲ ਜੋ ਖਤਰੇ ਪੈਦਾ ਹੋ ਜਾਣ ਦਾ ਡਰ ਸੀ, ਉਨ੍ਹਾਂ ਦਾ ਵਿਸ਼ੇਸ਼ ਵਰਨਣ ਅਤੇ ਪੁਸ਼ਠੀ ਕਰਨ ਦੀ ਇਥੇ ਲੋੜ ਨਹੀਂ। ਹਿੰਦੁਸਤਾਨ ਵਿਚ ਮੌਸਮ ਦਾ ਖਤਰਾ ਭਾਵੇਂ ਕਿਹੋ ਜਿਹਾ ਵੀ ਹੋਵੇ, ਹਿੰਦੁਸਤਾਨ ਦੀ ਅੰਗਰੇਜ਼ ਸਰਕਾਰ ਨੂੰ ਦੋਵਾਂ ਪੱਖਾਂ ਤੋਂ ਪ੍ਰਾਪਤ ਹੋਈ ਸੂਚਨਾ ਨਾਲ ਅਤੇ ਗੁਆਂਢੀ ਸੂਬਿਆਂ ਵਿਚ ਮੌਸਮ ਦੇ ਪ੍ਰਭਾਵ ਨਾਲ ਪਰਾਪਤ ਹੋਏ ਤਜਰਬੇ ਤੋਂ ਇਹ ਵਿਸ਼ਵਾਸ ਸੀ ਕਿ ਮੁਲਤਾਨ ਵਿਚ ਕਾਰਵਾਈ ਕਰਨ ਵਾਲੀਆਂ ਫੌਜਾਂ ਲਈ ਇਕ ਸਧਾਰਨ ਖਤਰਾ ਵੀ ਇਕ ਵਡਾ ਖਤਰਾ ਬਣ ਸਕਦਾ ਸੀ। ਇਹ ਗਲ ਪ੍ਰਸਿਧ ਹੈ ਕਿ ਮੁਲਤਾਨ ਦੀ ਗਰਮੀ ਹੋਰ ਸਾਰੇ ਜ਼ਿਲ੍ਹਿਆਂ ਦੀ ਗਰਮੀ ਨਾਲੋਂ ਵÎਧੇਰੇ ਭਿਆਨਕ ਹੈ ਅਤੇ ਹਿੰਦੁਸਤਾਨ ਵਿਚ ਤਾਂ ਇਹ ਇਕ ਕਹਾਵਤ ਬਣ ਚੁਕੀ ਹੈ।
ਸਰਕਾਰ ਕੋਲ ਕਿਲ੍ਹੇ ਦੇ ਨਕਸ਼ੇ ਵੀ ਸਨ। ਭਾਵੇਂ ਇਹ ਨਕਸ਼ੇ ਸਪਸ਼ਟ ਤਾਂ ਨਹੀਂ ਸਨ ਪਰ ਏਨਾ ਕੁਝ ਦਰਸਾਉਣ ਲਈ ਤਾਂ ਕਾਫੀ ਸਨ ਕਿ ਕਿਲ੍ਹੇ ਦੀ ਸ਼ਕਤੀ ਬੜੀ ਤਕੜੀ ਸੀ ਅਤੇ ਇਸਨੂੰ ਘਟਾਉਣ ਲਈ ਕਾਫੀ ਸਮੇਂ ਅਤੇ ਸਾਧਨਾਂ ਦੀ ਲੋੜ ਪੈਣੀ ਸੀ।
ਮਈ ਦਾ ਮਹੀਨੇ ਤਾਂ ਆ ਹੀ ਚੁਕਾ ਸੀ। ਜਿਹੜਾ ਫਾਸਲਾ ਫੌਜਾਂ ਨੇ ਤੈਅ ਕਰਨਾ ਸੀ, ਉਹ ਵੀ ਥੋੜ੍ਹਾ ਨਹੀਂ ਸੀ। ਕਿਉਂਕਿ ਲਾਹੌਰ ਦੇ ਕਿਲ੍ਹੇ ਦੀ ਰਾਖੀ ਕਰਦੀ ਫੌਜ ਨੂੰ ਅਸਾਨੀ ਨਾਲ ਕਿਸੇ ਤਰ੍ਹਾਂ ਵੀ ਘਟਾਇਆ ਨਹੀਂ ਸੀ ਜਾ ਸਕਦਾ? ਇਸ ਲਈ ਫੌਜਾਂ ਨੂੰ ਇਕਠੀਆਂ ਹੋਣ ਅਤੇ ਮੁਲਤਾਨ ਪੁਜਣ ਵਿਚ ਕਾਫੀ ਸਮਾਂ ਲਗ ਜਾਣਾ ਸੀ। ਇਉਂ ਸਾਲ ਦੇ ਸਭ ਤੋਂ ਭੈੜੇ ਮੌਸਮ ਅਤੇ ਹਿੰਦੁਸਤਾਨ ਦੇ ਸਭ ਤੋਂ ਭੈੜੇ ਜ਼ਿਲ੍ਹੇ ਵਿਚ ਇਸ ਸ਼ਕਤੀਸ਼ਾਲੀ ਕਿਲ੍ਹੇ ਨੂੰ ਘੇਰਾ ਪਾਉਣ ਲਈ ਕਾਰਵਾਈਆਂ ਸ਼ੁਰੂ ਕਰਨਾ ਅਤੇ ਉਨ੍ਹਾਂ ਨੂੰ ਜਾਰੀ ਰਖਣਾ ਬੜਾ ਕਠਿਨ ਹੋਣਾ ਸੀ। ਸਰਕਾਰ ਨੇ ਕਮਾਂਡਰ-ਇਨ-ਚੀਫ ਦੇ ਇਸ ਵਿਸ਼ਵਾਸ ਵਿਚ ਕਾਫੀ ਵਜ਼ਨ ਮਹਿਸੂਸ ਕੀਤਾ ਕਿ ਇਸ ਕਾਰਵਾਈ ਦੇ ਸਿਟੇ ਵਜੋਂ ਅੰਗਰੇਜ਼ ਫੌਜਾਂ ਦਾ ਭਾਰੀ ਜਾਨੀ ਨੁਕਸਾਨ ਹੋਵੇਗਾ।
ਇਸ ਤੋਂ ਇਲਾਵਾ, ਨਾ ਕੇਵਲ ਫੌਜੀਆਂ ਦੇ ਬਿਮਾਰ ਹੋਣ ਅਤੇ ਉਨ੍ਹਾਂ ਦਾ ਜਾਨੀ ਨੁਕਸਾਨ ਹੋਣ ਦਾ ਹੀ ਖਤਰਾ ਸੀ, ਸਗੋਂ ਅਗੇ ਲਈ ਵੀ ਕਿਲ੍ਹੇ ਨੂੰ ਫਤਹਿ ਕਰਨ ਲਈ ਲੋੜੀਂਦੀਆਂ ਕਾਰਵਾਈਆਂ ਵਿਚੇ ਛਡਣੀਆਂ ਪੈਣੀਆਂ ਸਨ। ਇਨ੍ਹਾਂ ਕਾਰਵਾਈਆਂ ਨੂੰ ਅਗੇ ਪਾਉਣ ਨਾਲ ਪੰਜਾਬ ਵਿਚ ਬਗਾਵਤ ਨੂੰ ਏਨਾ ਉਤਸ਼ਾਹ ਨਹੀਂ ਸੀ ਮਿਲਣਾ, ਜਿੰਨਾ ਉਤਸ਼ਾਹ ਇਨ੍ਹਾਂ ਕਾਰਵਾਈਆਂ ਦੀ ਅਸਫਲਤਾ ਨਾਲ ਮਿਲਣਾ ਸੀ। ਇਨ੍ਹਾਂ ਕਾਰਵਾਈਆਂ ਦੀ ਅਸਫਲਤਾ ਦੇ ਸਿਟੇ ਵਜੋਂ ਸਾਨੂੰ ਅਗਲਾ ਯੁਧ ਇਕ ਆਤਮ-ਵਿਸ਼ਵਾਸ ਗੁਆ ਚੁਕੀ ਫੌਜ ਦੀ ਸਹਾਇਤਾ ਨਾਲ ਲੜਨਾ ਪੈਣਾ ਸੀ।
ਇਹ ਸਨ ਕੁਝ ਗਭੀਰ ਵਿਚਾਰ ਜਿਨ੍ਹਾਂ ਬਾਰੇ ਹਿੰਦੁਸਤਾਨ ਦੀ ਅੰਗਰੇਜ਼ ਸਰਕਾਰ ਨੂੰ ਨਿਰਣਾ ਕਰਨ ਲਈ ਕਿਹਾ ਗਿਆ ਸੀ।
ਇਹ ਤਾਂ ਇਕ ਤਰ੍ਹਾਂ ਨਾਲ ਮੁਸੀਬਤਾਂ ਅਤੇ ਬੁਰਾਈਆਂ ਵਿਚੋਂ ਹੀ ਚੋਣ ਕਰਨ ਵਾਲੀ ਗੱਲ ਸੀ। ਹਿੰਦੁਸਤਾਨ ਦੀ ਅੰਗਰੇਜ਼ ਸਰਕਾਰ ਨੇ ਇਨ੍ਹਾਂ ਵਿਚੋਂ ਛੋਟੀ ਬੁਰਾਈ ਨੂੰ ਚੁਣ ਲਿਆ। ਮੈਂ ਅਜੇ ਵੀ ਦਲੇਰੀ ਨਾਲ ਆਖਦਾ ਹਾਂ ਕਿ ਇਹ ਫੈਸਲਾ ਕੋਈ ਭੁਲ ਨਹੀਂ ਸੀ। ਇਸ ਗਲੋਂ ਮੈਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ ਕਿ ਇਹ ਰਾਹ ਮੈਂ ਇਸ ਦੇਸ ਅਤੇ ਇੰਗਲੈਂਡ ਦੇ ਉਨ੍ਹਾਂ ਉਚਤਮ ਫੌਜੀ ਅਫਸਰਾਂ ਦੀ ਰਾਇ ਨਾਲ ਅਪਣਾਇਆ ਸੀ, ਜੋ ਯੁਧਨੀਤੀ ਨਾਲ ਸਬੰਧਿਤ ਮਾਮਲਿਆਂ ਦੇ ਮਾਹਿਰ ਮੰਨੇ ਜਾਂਦੇ ਹਨ।
ਮੈਨੂੰ ਸਭ ਤੋਂ ਵਧ ਤਸੱਲੀ ਇਹ ਜਾਣ ਕੇ ਹੋਈ ਹੈ ਕਿ ਇਸ ਨਿਰਣੇ ਨੂੰ ਉਨ੍ਹਾਂ ਨੇ ਵੀ ਪ੍ਰਵਾਨ ਕੀਤਾ, ਜਿਨ੍ਹਾਂ ਦੀ ਅਗਵਾਈ ਵਿਚ ਕੰਮ ਕਰਨ ਦਾ ਮੈਨੂੰ ਮਾਣ ਪ੍ਰਾਪਤ ਹੋਇਆ ਹੈ। ਮੈਨੂੰ ਇਹ ਜਾਣ ਕੇ ਵੀ ਤਸੱਲੀ ਹੋਈ ਹੈ ਕਿ ਤੁਸੀਂ ਨਾ ਕੇਵਲ ਮੇਰੇ ਇਸ ਸੁਝਾਅ ਨਾਲ ਹੀ ਸਹਿਮਤੀ ਪ੍ਰਗਟ ਕੀਤੀ ਹੈ ਕਿ ਜਿੰਨਾ ਚਿਰ ਫੌਜੀ ਕਾਰਵਾਈਆਂ ਕਰਨ ਲਈ ਮੌਸਮ ਸੁਖਾਵਾਂ ਨਹੀਂ ਹੋ ਜਾਂਦਾ ਓਨਾ ਚਿਰ ਅੰਗਰੇਜ਼ ਫੌਜ ਨੂੰ ਮੁਲਤਾਨ ਉਤੇ ਚੜ੍ਹਾਈ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਸਗੋਂ ਤੁਸੀਂ ਮੇਰੇ ਇਸ ਵਿਚਾਰ ਨਾਲ ਵੀ ਪੂਰੀ ਤਰ੍ਹਾਂ ਸਹਿਮਤ ਹੋ ਕੇ ਬਾਗੀ ਸੂਬੇ ਉਤੇ ਤੁਰੰਤ ਚੜ੍ਹਾਈ ਕਰਕੇ ਮੁਸ਼ਕਿਲਾਂ ਵਿਚ ਪੈਣ ਨਾਲੋਂ ਬਗਾਵਤ ਨੂੰ ਦਬਾਉਣ ਵਿਚ ਦੇਰੀ ਕਰਨ ਨਾਲ ਪੈਦਾ ਹੋਣ ਵਾਲੇ ਖਤਰੇ ਨੂੰ ਤਰਜੀਹ ਦਿਤੀ ਜਾਣੀ ਚਾਹੀਦੀ ਹੈ।
ਉਸ ਸਮੇਂ ਮੁਲਤਾਨ ਨੂੰ ਤੁਰੰਤ ਘੇਰਾ ਪਾਉਣ ਦੀ ਹਾਲਤ ਵਿਚ ਹੋਣ ਵਾਲਾ ਯੁਧ ਟਾਲਿਆ ਜਾ ਸਕਦਾ ਸੀ ਜਾਂ ਨਹੀਂ, ਇਸ ਬਾਰੇ ਹੁਣ ਯਕੀਨ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਪਰੰਤੂ ਇਕ ਗਲ ਪੱਕੀ ਹੈ ਕਿ ਜੇਕਰ ਮੁਲਤਾਨ ਵਿਖੇ ਕਤਲ ਕੀਤੇ ਗਏ ਅੰਗਰੇਜ਼ ਅਫਸਰਾਂ ਦੇ ਕਾਤਲਾਂ ਨੂੰ ਸਜ਼ਾ ਦੇਣ ਵਿਚ ਥੋੜ੍ਹੀ ਜਹੀ ਵੀ ਦੇਰ ਹੋ ਜਾਂਦੀ ਤਾਂ ਪੰਜਾਬ ਦੀ ਜਨਤਾ ਨੇ ਸਾਮੂਹਿਕ ਰੂਪ ਵਿਚ ਸਾਡੇ ਵਿਰੁਧ ਬਗਾਵਤ ਕਰ ਦੇਣੀ ਸੀ। ਇਹ ਤਥ ਆਪਣੇ ਆਪ ਵਿਚ ਹੀ ਇਸ ਗਲ ਦਾ ਸੰਕੇਤ ਹੈ ਕਿ ਉਨ੍ਹਾਂ ਦੇ ਮਨਾਂ ਵਿਚ ਸਾਡੇ ਪ੍ਰਤੀ ਵੈਰ-ਭਾਵ ਕਿੰਨਾ ਡੂਘਾ ਤੇ ਕਿਸ ਹਦ ਤਕ ਫੈਲਿਆ ਹੋਇਆ ਹੈ। ਇਸ ਵੈਰ-ਭਾਵ ਨੂੰ ਬਹੁਤ ਚਿਰ ਦਬਾਅ ਕੇ ਨਹੀਂ ਸੀ ਰਖਿਆ ਜਾ ਸਕਦਾ।
ਸੋ ਇਸ ਕਾਰਜ ਵਿਚ ਦੇਰੀ ਵਿਰੁਧ ਵਧ ਤੋਂ ਵਧ ਇਹੋ ਕਿਹਾ ਜਾ ਸਕਦਾ ਹੈ ਕਿ ਇਸ ਨੇ ਸੰਕਟ ਨੂੰ ਤੇਜ਼ੀ ਨਾਲ ਸਿਖਰ ਉਤੇ ਪੁਚਾਇਆ ਅਤੇ ਸਿਖਾਂ ਨੂੰ ਨਵੇਂ ਸਿਰਿਉਂ ਯੁੱਧ ਛੇੜਨ ਦਾ ਅਵਸਰ ਦਿਤਾ। ਜੋ ਅਵਸਰ ਥੋੜੇ ਜਾਂ ਬਹੁਤੇ ਸਮੇਂ ਵਿਚ ਏਨੇ ਡੂੰਘੇ ਵੈਰ-ਭਾਵ ਕਾਰਨ ਆਪਣੇ ਆਪ ਹੀ ਪੈਦਾ ਹੋ ਜਾਣਾ ਸੀ। ਅਸਲ ਵਿਚ ਜਦੋਂ ਤੱਕ ਮੈਦਾਨ ਪੂਰੀ ਤਰ੍ਹਾਂ ਅੰਗਰੇਜ਼ ਫੌਜ ਹਥ ਨਹੀਂ ਆ ਗਿਆ ਉਦੋਂ ਤਕ ਮੁਲਤਾਨ ਦੇ ਜ਼ਿਲ੍ਹੇ ਤੋਂ ਇਲਾਵਾ ਕਿਸੇ ਵੀ ਹੋਰ ਜ਼ਿਲ੍ਹੇ ਵਲੋਂ ਕਿਸੇ ਪ੍ਰਕਾਰ ਦੇ ਵੈਰ-ਭਾਵ ਦਾ ਪ੍ਰਗਟਾਉ ਨਹੀਂ ਕੀਤਾ ਗਿਆ ਸੀ। ਲਾਹੌਰ ਵਿਖੇ ਸਥਾਨਕ ਫੌਜ ਨੂੰ ਵਰਗਲਾ ਕੇ ਉਸ ਨੂੰ ਵਫ਼ਾਦਾਰੀ ਤੋਂ ਲਾਂਭੇ ਕਰਨ ਦੇ ਯਤਨਾਂ ਦਾ ਪਤਾ ਲਗ ਜਾਣਾ, ਉਨ੍ਹਾਂ ਸਾਜ਼ਿਸ਼ੀਆਂ ਨੂੰ ਮੌਤ ਦੀ ਸਜ਼ਾ ਦੇਣਾ ਜਿਨ੍ਹਾਂ ਵਿਚ ਮਹਾਰਾਣੀ ਦਾ ਇਕ ਭਰੋਸੇਯੋਗ ਨੌਕਰ ਵੀ ਸਾਮਲ ਸੀ, ਇਨ੍ਹਾਂ ਸਾਜ਼ਿਸਾਂ ਵਿਚ ਸਪਸ਼ਟ ਤੌਰ ਉਤੇ ਭਾਈਵਾਲ ਹੋਣ ਵਾਲੀ ਮਹਾਰਾਣੀ ਨੂੰ ਤੁਰੰਤ ਹਿੰਦੁਸਤਾਨ ਭੇਜ ਦੇਣਾ, ਭਾਈ ਮਹਾਰਾਜ ਸਿੰÎਘ ਵਿਰੁÎਧ ਕਾਰਵਾਈ ਕਰਨਾ ਜੋ ਆਪਣੇ ਨਾਲ ਹਜ਼ਾਰ ਕੁ ਆਦਮੀ ਲੈ ਕੇ ਦੁਆਬੇ ਦੇ ਇਲਾਕੇ ਵਿਚ ਬਗਾਵਤ ਭੜਕਾ ਰਿਹਾ ਸੀ ਅਤੇ ਉਸ ਦੇ ਪੈਰੋਕਾਰਾਂ ਨੂੰ ਖੇਰੂੰ ਖੇਰੂੰ ਕਰ ਦੇਣਾ, ਇਨ੍ਹਾਂ ਸਭ ਕਾਰਵਾਈਆਂ ਦੇ ਸਿਟੇ ਵਜੋਂ ਲਾਹੌਰ ਦੇ ਆਸਪਾਸ ਦੇ ਇਲਾਕਿਆਂ ਵਿਚ ਬਗਾਵਤ ਦਾ ਪ੍ਰਗਟਾਓ ਦਬਿਆ ਰਿਹਾ।
ਮੇਜਰ ਐਡਵਰਡ ਜਿਸ ਨੂੰ ਵਿਸ਼ੇਸ਼ ਮਜ਼ਬੂਤੀ ਅਤੇ ਬੀਰਤਾ ਲਈ ਸਰਕਾਰ ਵਲੋਂ ਅਤੇ ਤੁਹਾਡੀ ਸਤਿਕਾਰਯੋਗ ਕੌਂਸਲ ਵਲੋਂ ਭਾਰੀ ਇਨਾਮ ਅਤੇ ਉਚਿਤ ਸਰਾਹਨਾ ਪ੍ਰਾਪਤ ਹੋਈ ਹੈ ਅਤੇ ਜਿਸ ਦੀ ਸਹਾਇਤਾ ਸਾਡੇ ਸਾਥੀ ਬਹਾਵਲਪੁਰ ਦੇ ਨਵਾਬ ਦੀਆਂ ਫੌਜਾਂ ਲੈਫਟੀਨੈਂਟ ਲੇਕ ਦੀ ਅਗਵਾਈ ਵਿਚ ਕਰ ਰਹੀਆਂ ਸਨ, ਉਨ੍ਹਾਂ ਨੇ ਬਗਾਵਤ ਨੂੰ ਮੁਲਤਾਨ ਸੂਬੇ ਦੀਆਂ ਹਦਾਂ ਤੋਂ ਬਾਹਰ ਫੈਲਣ ਤੋਂ ਰੋਕੀ ਰਖਿਆ ਅਤੇ ਦੀਵਾਨ ਮੂਲ ਰਾਜ ਤੇ ਉਸ ਦੀਆਂ ਫੌਜਾਂ ਨੂੰ ਉਸ ਦੇ ਆਪਣੇ ਹੀ ਕਿਲ੍ਹੇ ਵਿਚ ਘੇਰੀ ਰਖਿਆ।
ਇਸ ਹਾਲਤ ਵਿਚ ਰੈਜ਼ੀਡੈਂਟ ਲਾਹੌਰ ਨੇ ਅੰਗਰੇਜ਼ ਫੌਜ ਨੂੰ ਹਦਾਇਤ ਕੀਤੀ ਕਿ ਉਹ ਕਿਲ੍ਹੇ ਨੂੰ ਘੇਰਨ ਵਾਲਾ ਫੌਜੀ ਦਸਤਾ ਆਪਣੇ ਨਾਲ ਲੈ ਕੇ ਮੁਲਤਾਨ ਦੇ ਕਿਲ੍ਹੇ ਦੀ ਅੰਦਰਲੀ ਤਾਕਤ ਨੂੰ ਘਟਾਉਣ। ‘ਗਵਰਨਰ ਜਨਰਲ ਇਨ ਕੌਂਸਲ’ ਨੂੰ ਜਦੋਂ ਇਹ ਖਬਰ ਮਿਲੀ ਕਿ ਇਹ ਹੁਕਮ ਜਨਤਕ ਤੌਰ ਉਤੇ ਵੀ ਜਾਰੀ ਕੀਤੇ ਜਾ ਚੁਕੇ ਹਨ ਤਾਂ ਉਸ ਨੇ ਇਨ੍ਹਾਂ ਹੁਕਮਾਂ ਦੀ ਪੁਸ਼ਟੀ ਕਰ ਦਿਤੀ ਅਤੇ ਸਤੰਬਰ ਦੇ ਆਰੰਭ ਵਿਚ ਹੀ ਮੁਲਤਾਨ ਵਿਰੁਧ ਕਾਰਵਾਈਆਂ ਸ਼ੁਰੂ ਕਰ ਦਿਤੀਆਂ ਗਈਆਂ।
ਜਦੋਂ ਸਾਡੀਆਂ ਫੌਜਾਂ ਮੁਲਤਾਨ ਵਲ ਨੂੰ ਵਧ ਰਹੀਆਂ ਸਨ ਤਾਂ ਸਰਦਾਰ ਚਤੁਰ ਸਿੰਘ ਅਤੇ ਉਸ ਦੀ ਕਮਾਨ ਹੇਠ ਸਿਖ ਫੌਜ ਦੀ ਟੁਕੜੀ ਨੇ ਹਜ਼ਾਰੇ ਵਿਚ ਸਾਡੇ ਵਿਰੁਧ ਦੁਸ਼ਮਣੀ ਦਾ ਖੁਲ੍ਹੇਆਮ ਐਲਾਨ ਕਰ ਦਿਤਾ। ਜਿਸ ਦਿਨ ਅਸੀਂ ਮੁਲਤਾਨ ਦੇ ਆਲੇਦੁਆਲੇ ਦੇ ਇਲਾਕਿਆਂ ਉਤੇ ਹਮਲਾ ਕੀਤਾ, ਐਨ ਉਸੇ ਦਿਨ ਰਾਜਾ ਸ਼ੇਰ ਸਿੰਘ ਅਤੇ ਉਸ ਦੀਆਂ ਫੌਜਾਂ ਨੇ ਵੀ ਚਤਰ ਸਿੰਘ ਵਾਲੀ ਨੀਤੀ ਅਪਣਾ ਲਈ। ਪਰ ਕੁਝ ਸਮੇਂ ਪਿਛੋਂ ਉਹ ਉਤਰ ਵਲ ਚਲਾ ਗਿਆ, ਜਿਥੇ ਉਸ ਨਾਲ ਸਿੰਧ ਤੋਂ ਪਾਰ ਰਿਆਸਤ ਦੀਆਂ ਸਾਰੀਆਂ ਫੌਜਾਂ ਮਿਲ ਗਈਆਂ।
ਆਖਰ ਵਿਚ ਬਚੀਆਂ ਸਿਖ ਫੌਜਾਂ ਵੀ ਪੇਸ਼ਾਵਰ ਵਿਖੇ ਚਤਰ ਸਿੰਘ ਨਾਲ ਜਾ ਮਿਲੀਆਂ। ਮਾਝੇ ਵਿਚੋਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਅਤੇ ਫੌਜ ਵਿਚੋਂ ਕੱਢੇ ਸਿਪਾਹੀ ਉਸ ਦੀ ਫੌਜ ਵਿਚ ਭਰਤੀ ਹੋਣ ਲਗ ਪਏ ਅਤੇ ਇਹ ਮੁਨਾਦੀ ਕਰਵਾ ਦਿਤੀ ਗਈ ਕਿ ਸਾਰੇ ਲੋਕ ਅੰਗਰੇਜ਼ਾਂ ਵਿਰੁਧ ਯੁਧ ਛੇੜ ਦੇਣ। ਸਰਕਾਰੀ ਆਮਦਨ ਘਟ ਜਾਣ ਕਾਰਨ ਅਤੇ ਭਾਰਤ ਤੇ ਯੂਰਪ ਵਿਚ ਅਜਿਹੀਆਂ ਹਾਲਤਾਂ ਕਾਰਨ ਜਿਨ੍ਹਾਂ ਦੇ ਸੁਧਰਨ ਦੀ ਆਸ ਘਟ ਹੀ ਸੀ, ਹਿੰਦੁਸਤਾਨ ਦੀ ਅੰਗਰੇਜ਼ ਸਰਕਾਰ ਦਾ ਇਹ ਜ਼ਰੂਰੀ ਫਰਜ਼ ਬਣ ਗਿਆ ਸੀ ਕਿ ਜਿੰਨਾ ਚਿਰ ਯੁਧ ਟਾਲੇ ਜਾਣ ਦੀ ਥੋੜ੍ਹੀ ਬਹੁਤ ਵੀ ਆਸ ਹੋਵੇ ਓਨਾ ਚਿਰ ਯੁਧ ਦੀਆਂ ਵਡੀਆਂ ਅਤੇ ਖਰਚੀਲੀਆਂ ਤਿਆਰੀਆਂ ਕਰਨ ਤੋਂ ਗੁਰੇਜ਼ ਕਰੇ।
ਪਰੰਤੂ ਜਦੋਂ ਉਪਰੋਕਤ ਭਿਆਨਕ ਘਟਨਾਵਾਂ ਜਿਨ੍ਹਾਂ ਦਾ ਮੈਂ ਵਿਸਥਾਰ ਨਾਲ ਵਰਨਣ ਕਰ ਆਇਆ ਹਾਂ, ਵਾਪਰਨੀਆਂ ਸ਼ੁਰੂ ਹੋਈਆਂ ਅਤੇ ਜਦੋਂ ਰਾਜਾ ਸ਼ੇਰ ਸਿੰਘ ਧਰਮਯੁਧ ਦਾ ਐਲਾਨ ਕਰਕੇ ਖੁਲ੍ਹੇਆਮ ਦੁਸ਼ਮਣ ਨਾਲ ਰਲ ਗਿਆ ਤਾਂ ਹਿੰਦੁਸਤਾਨ ਦੀ ਅੰਗਰੇਜ਼ ਸਰਕਾਰ ਨੇ ਮਹਿਸੂਸ ਕੀਤਾ ਕਿ ਸਾਨੂੰ ਹੋਰ ਸਭ ਪ੍ਰਕਾਰ ਦੀਆਂ ਸੋਚਾਂ ਵਿਚਾਰਾਂ ਨੂੰ ਲਾਂਭੇ ਰਖ ਕੇ ਪੰਜਾਬ ਵਿਚ ਦੁਬਾਰਾ ਛਿੜ ਪੈਣ ਵਾਲੇ ਯੁਧ ਲਈ ਪੂਰੀ ਤਰ੍ਹਾਂ ਤਿਆਰ ਹੋਣਾ ਚਾਹੀਦਾ ਹੈ। ਮੇਰਾ ਵਿਸ਼ਵਾਸ ਸੀ ਕਿ ਇਹ ਇਕ ਅਜਿਹਾ ਅਵਸਰ ਹੋਵੇਗਾ ਜਦੋਂ ਸਾਨੂੰ ਆਪਣੀ ਸ਼ਕਤੀ ਦੇ ਸਭ ਵਸੀਲੇ ਵਰਤਣ ਦੀ ਲੋੜ ਪਵੇਗੀ। ਕਿਉਂਕਿ ਭਾਵੇਂ ਸਿਖ ਫੌਜ ਦੀ 1846 ਦੀ ਹਾਰ ਅਜੇ ਵੀ ਤਾਜ਼ਾ ਹੀ ਸੀ ਪਰ ਫਿਰ ਵੀ ਮੇਰੇ ਕੋਲ ਇਹ ਵਿਸ਼ਵਾਸ ਕਰਨ ਦੇ ਕਾਰਨ ਸਨ ਕਿ ਇਕ ਜ਼ਬਰਦਸਤ ਲੜਾਈ ਨੂੰ ਜਾਰੀ ਰਖਣ ਲਈ ਉਨ੍ਹਾਂ ਕੋਲ ਅਜੇ ਵੀ ਕਾਫੀ ਵਸੀਲੇ ਸਨ।
ਦਰਬਾਰ ਦੇ ਸਰਕਾਰੀ ਵੇਰਵਿਆਂ ਤੋਂ ਪਤਾ ਲਗਦਾ ਹੈ ਕਿ ਰਾਜ ਦੀ ਬਕਾਇਦਾ ਫੌਜ ਦੀ ਤਾਕਤ ਅਤੇ ਗਿਣਤੀ ਭਾਵੇਂ ਕਾਫੀ ਘਟ ਸੀ ਪਰ ਇਹ ਕਿਸੇ ਵੀ ਤਰ੍ਹਾਂ ਨਿਗੂਣੀ ਨਹੀਂ ਸੀ। ਇਸ ਵਿਚ ਲਗਭਗ 27,000 ਵਿਅਕਤੀ ਸਨ, ਜਿਨ੍ਹਾਂ ਵਿਚ 5000 ਘੋੜ-ਚੜ੍ਹੇ ਅਥਵਾ ਆਰਜ਼ੀ ਘੋੜੇ ਸ਼ਾਮਲ ਸਨ ਅਤੇ ਇਸ ਵਿਚ ਕੋਈ ਸੰਦੇਹ ਨਹੀਂ ਕਿ ਬਗਾਵਤ ਦੇ ਭੜਕ ਪੈਣ ਸਾਰ ਪਿੰਡਾਂ ਵਿਚ ਉਹ ਫੌਜੀ ਵੀ ਖਾਲਸਾ ਫੌਜ ਦੇ ਆਗੂਆਂ ਨਾਲ ਧੜਾਧੜ ਜਾ ਰਲਣਗੇ ਜਿਨ੍ਹਾਂ ਨੂੰ ਇਸ ਤੋਂ ਪਹਿਲਾਂ ਯੁਧ ਦੀ ਹਾਰ ਤੋਂ ਪਿਛੋਂ ਫੌਜ ਵਿਚੋਂ ਕਢ ਦਿਤਾ ਗਿਆ ਸੀ।
ਸਰਕਾਰੀ ਵੇਰਵਿਆਂ ਤੋਂ ਇਹ ਵੀ ਪਤਾ ਲਗਿਆ ਕਿ ਉਹ ਯੁਧ ਦੇ ਮੈਦਾਨ ਵਿਚ ਲਗਭਗ 100 ਤੋਪਾਂ ਵੀ ਲਿਆ ਸਕਦੇ ਹਨ ਅਤੇ ਇਹ ਸ਼ਕ ਕਰਨ ਦੇ ਵੀ ਤਕੜੇ ਕਾਰਨ ਮੌਜੂਦ ਸਨ ਕਿ ਉਹ ਜਦੋਂ ਵੀ ਚਾਹੁਣ ਸਰਦਾਰਾਂ ਤੇ ਮੁਖੀਆਂ ਪਾਸੋਂ ਹੋਰ ਤੋਪਾਂ ਵੀ ਇਕਠੀਆਂ ਕਰ ਸਕਦੇ ਹਨ। ਸਤੰਬਰ ਦੇ ਮਹੀਨੇ ਵਿਚ ਸਾਡੇ ਵਲੋਂ ਮੁਲਤਾਨ ਵਿਰੁਧ ਸ਼ੁਰੂ ਕੀਤੀਆਂ ਕਾਰਵਾਈਆਂ ਅਧ-ਵਿਚਾਲੇ ਛਡ ਦੇਣ ਪਿਛੋਂ ਇਹ ਜ਼ਰੂਰੀ ਹੋ ਗਿਆ ਸੀ ਕਿ ਕਿਲ੍ਹੇ ਉਤੇ ਅਗਲਾ ਹਮਲਾ ਪਕੇ ਤੌਰ ਉਤੇ ਕੀਤਾ ਜਾਵੇ ਤੇ ਛੇਤੀ ਤੋਂ ਛੇਤੀ ਇਸ ਉਤੇ ਕਬਜ਼ਾ ਕਰ ਲਿਆ ਜਾਵੇ। ਕਿਲ੍ਹੇ ਦੇ ਮਜ਼ਬੂਤ ਹੋਣ ਦੀ ਸ਼ਕਤੀ ਨੂੰ ਘਟਾਉਣ ਲਈ ਤੇ ਨਾਲੋ ਨਾਲ ਸਿਖ ਫੌਜ ਨੂੰ ਯੁਧ ਖੇਤਰ ਵਿਚ ਲਾਈ ਰਖਣ ਲਈ ਸਾਨੂੰ ਓਨੇ ਹੀ ਤਕੜੇ ਵਸੀਲਿਆਂ ਦੀ ਜ਼ਰੂਰਤ ਸੀ।
ਦੁਸ਼ਮਣ ਨੂੰ ਆਪਣੇ ਨਾਲੋਂ ਕਮਜ਼ੋਰ ਸਮਝਣਾ ਕਦੇ ਵੀ ਸਿਆਣੀ ਗਲ ਨਹੀਂ ਹੁੰਦੀ। ਖਾਸ ਕਰਕੇ ਉਸ ਸਮੇਂ ਜਦੋਂ ਕਿ ਸਾਨੂੰ ਉਸ ਦੀ ਨਿਪੁੰਨਤਾ, ਤਾਕਤ ਅਤੇ ਬਹਾਦਰੀ ਦਾ ਤਾਜ਼ਾ ਅਨੁਭਵ ਵੀ ਹੋ ਚੁਕਾ ਸੀ। ਯੁਧ ਦੇ ਨਤੀਜਿਆਂ ਤੋਂ ਵੀ ਇਹੋ ਪ੍ਰਗਟ ਹੁੰਦਾ ਹੈ ਕਿ ਦੁਸ਼ਮਣ ਦੀ ਤਾਕਤ ਬਾਰੇ ਮੇਰੇ ਅੰਦਾਜ਼ੇ ਗਲਤ ਨਹੀਂ ਸਨ।
ਮੁਲਤਾਨ ਇਕ ਸ਼ਕਤੀਸ਼ਾਲੀ ਕਿਲ੍ਹਾ ਸੀ। ਇਸ ਦੀ ਪੁਸ਼ਟੀ ਇਸ ਤਥ ਤੋਂ ਵੀ ਹੁੰਦੀ ਹੈ ਕਿ ਜਦੋਂ ਅਸੀਂ ਫੌਜੀ ਕਾਰਵਾਈਆਂ ਸ਼ੁਰੂ ਕੀਤੀਆਂ, 15000 ਅੰਗਰੇਜ਼ ਫੌਜੀਆਂ ਅਤੇ ਇਸ ਤੋਂ ਵੀ ਵਧ ਆਰਜ਼ੀ ਫੌਜੀਆਂ ਨੇ ਇਸ ਕਿਲ੍ਹੇ ਨੂੰ ਕਈ ਹਫਤੇ ਘੇਰਾ ਪਾਈ ਰਖਿਆ ਅਤੇ 70 ਤੋਂ ਵਧ ਤੋਪਾਂ ਨਾਲ ਇਸ ਉਤੇ ਲਗਭਗ 40,0000 ਗੋਲੇ ਸੁਟੇ ਤਾਂ ਵੀ ਇਹ ਕਿਲ੍ਹਾ ਫਤਹਿ ਨਾ ਹੋ ਸਕਿਆ।
ਮੈਦਾਨੀ ਇਲਾਕਿਆਂ ਵਿਚ ਯੁਧ ਸਮੇਂ ਸਿਖ ਫੌਜ ਦੀ ਗਿਣਤੀ ਅਤੇ ਨਿਪੁੰਨਤਾ ਦੋਵੇਂ ਹੀ ਤਕੜੀਆਂ ਰਹੀਆਂ ਅਤੇ ਗੁਜਰਾਤ ਦੇ ਮੈਦਾਨ ਵਿਚ ਸਾਨੂੰ 60,000 ਫੌਜੀਆਂ ਦਾ ਸਾਹਮਣਾ ਕਰਨਾ ਪਿਆ। ਆਖਰ ਵਿਚ ਸਿਖ ਫੌਜਾਂ ਦੀ ਤਾਕਤ ਦਾ ਪਤਾ ਇਸ ਸਚਾਈ ਤੋਂ ਵੀ ਲੱਗ ਜਾਂਦਾ ਹੈ ਕਿ ਵਖ-ਵਖ ਆਗੂਆਂ ਦੀ ਅਗਵਾਈ ਹੇਠ ਵੱਖ-ਵੱਖ ਸਥਾਨਾਂ ਉਤੇ ਹੋਈਆਂ ਲੜਾਈਆਂ ਦੇ ਦੌਰਾਨ ਯੁਧ ਦੇ ਮੈਦਾਨ ਅਤੇ ਕਿਲ੍ਹੇ ਵਿਚੋਂ ਲਗਭਗ 200 ਭਾਰੀ ਜੰਗੀ ਤੋਪਾਂ, 40 ਛੋਟੇ ਅਕਾਰ ਦੀਆਂ ਤੋਪਾਂ ਅਤੇ ਇਸ ਤੋਂ ਵੀ ਕਿਤੇ ਵਧ ਜੰਬੂਰੇ ਸਾਡੇ ਹਥ ਲਗੇ।
ਜਿਨ੍ਹਾਂ ਸਿਟਿਆਂ ਦਾ ਮੈਂ ਹੁਣੇ ਵਰਨਣ ਕੀਤਾ ਹੈ, ਉਨ੍ਹਾਂ ਤੋਂ ਮੁਕਾਬਲਾ ਕਰਨ ਦੀ ਜਿਸ ਜ਼ਬਰਦਸਤ ਯੋਗਤਾ ਦਾ ਪਤਾ ਲਗਦਾ ਹੈ, ਉਸ ਨੂੰ ਪਹਿਲਾਂ ਹੀ ਭਾਂਪਦਿਆਂ ਹਿੰਦੁਸਤਾਨ ਦੀ ਅੰਗਰੇਜ਼ ਸਰਕਾਰ ਨੇ ਇਸ ਦਾ ਮੁਕਾਬਲਾ ਕਰਨ ਲਈ ਵਡੀ ਪਧਰ ਉਤੇ ਤਿਆਰੀਆਂ ਕਰਨ ਦਾ ਫੈਸਲਾ ਕੀਤਾ ਅਤੇ ਇਸ ਸੰਬੰਧ ਵਿਚ ਹੁਕਮ ਜਾਰੀ ਕਰ ਦਿਤੇ ਗਏ।
ਹਿੰਦੁਸਤਾਨ ਵਿਚਲੇ ਸੂਬਿਆਂ ਨੂੰ ਅੰਨ੍ਹੇਵਾਹ ਕਮਜ਼ੋਰ ਕਰਨ ਤੋਂ ਬਿਨਾਂ ਜੋ ਰਜਮੈਂਟ ਵੀ ਸਰਹਦਾਂ ਉਤੇ ਲਿਆਂਦੀ ਜਾ ਸਕਦੀ ਸੀ ਉਸ ਨੂੰ ਸਰਹਦਾਂ ਉਤੇ ਲਿਆਉਣ ਦੇ ਹੁਕਮ ਜਾਰੀ ਕਰ ਦਿਤੇ ਗਏ। ਅੰਗਰੇਜ਼ ਅਧੀਨ ਫੌਜ ਦਾ ਤੁਰੰਤ ਵਿਸਥਾਰ ਕੀਤਾ ਗਿਆ ਅਤੇ ਯੂਰਪ ਤੋਂ ਹੋਰ ਯੂਰਪੀ ਫੌਜੀ ਭੇਜਣ ਲਈ ਬੇਨਤੀ ਕੀਤੀ ਗਈ। ਬੰਬਈ ਸਰਕਾਰ ਨੂੰ ਬੇਨਤੀ ਕੀਤੀ ਗਈ ਕਿ ਉਹ ਸਿੰਧ ਵਾਲੇ ਪਾਸੇ ਤੋਂ ਇਕ ਤਕੜੀ ਫੌਜੀ ਡਵੀਜ਼ਨ ਭੇਜੇ। ਸੇਂਟ ਜਾਰਜ ਕਿਲ੍ਹੇ ਦੇ ਅਧਿਕਾਰੀਆਂ ਨੂੰ ਵੀ ਫੌਜਾਂ ਦੇ ਨਾਲ ਨਾਲ ਉਹ ਵਾਧੂ ਪਲਟਣਾਂ ਭੇਜਣ ਲਈ ਪ੍ਰਾਰਥਨਾ ਕੀਤੀ ਗਈ, ਜਿਨ੍ਹਾਂ ਨੂੰ ਬੰਗਾਲ ਤੋਂ ਸਰਹਦ ਉਤੇ ਭੇਜਣ ਦਾ ਹੁਕਮ ਹੋਇਆ ਸੀ। ਸਰਕਾਰ ਦੇ ਹੁਕਮਾਂ ਦਾ ਜਲਦੀ ਤੋਂ ਜਲਦੀ ਪਾਲਣ ਕੀਤਾ ਗਿਆ। ਕ੍ਰਿਸਮਿਸ ਤੋਂ ਪਹਿਲਾਂ ਪਹਿਲਾਂ ਪੰਜਾਬ ਵਿਚ ਲਾਹੌਰ ਕਿਲ੍ਹੇ ਦੀ ਫੌਜ ਤੋਂ ਇਲਾਵਾ 38,000 ਫੌਜੀ ਇਕਠੇ ਹੋ ਗਏ, ਜਿਨ੍ਹਾਂ ਕੋਲ ਲਗਭਗ 100 ਜੰਗੀ ਤੋਪਾਂ ਅਤੇ 70 ਕਿਲ੍ਹਾ ਘੇਰਨ ਵਾਲੀਆਂ ਤੋਪਾਂ ਸਨ।
ਮੈਨੂੰ ਇਸ ਮੁਹਿੰਮ ਵਿਚ ਹੋਈ ਤਰਕੀ ਅਤੇ ਫੌਜ ਰਾਹੇਂ ਪ੍ਰਾਪਤ ਕੀਤੀ ਸ਼ਾਨਦਾਰ ਸਫਲਤਾ ਦਾ ਵਰਨਣ ਕਰਨ ਦੀ ਲੋੜ ਨਹੀਂ ਭਾਸਦੀ। ਕਿਉਂਕਿ ਇਸ ਬਾਰੇ ਪੂਰੀ ਸੂਚਨਾ ਤੁਹਾਨੂੰ ਪਹਿਲਾਂ ਹੀ ਭੇਜੀ ਜਾ ਚੁਕੀ ਹੈ ਅਤੇ ਕਮਾਂਡਰ ਇਨ ਚੀਫ ਤੇ ਉਸ ਦੀਆਂ ਫੌਜਾਂ ਦੀ ਸਰਾਹਨਾ ਵੀ ਤੁਹਾਡੀ ਦਿਲੀ ਪ੍ਰਵਾਨਗੀ ਅਤੇ ਹਮਾਇਤ ਪ੍ਰਾਪਤ ਕਰਨ ਲਈ ਭੇਜੀ ਜਾ ਚੁਕੀ ਹੈ।
ਏਨਾ ਕਹਿਣਾ ਹੀ ਕਾਫੀ ਹੈ ਕਿ ਸਾਨੂੰ ਹਰ ਖੇਤਰ ਵਿਚ ਪੂਰਨ ਸਫਲਤਾ ਪ੍ਰਾਪਤ ਹੋਈ ਹੈ। ਮੁਲਤਾਨ ਦੇ ਕਿਲ੍ਹੇ ਨੂੰ ਵੀ ਕਮਜ਼ੋਰ ਕਰ ਦਿਤਾ ਗਿਆ ਹੈ। ਦੀਵਾਨ ਮੂਲ ਰਾਜ ਨੂੰ ਫੜ ਲਿਆ ਗਿਆ ਹੈ ਅਤੇ ਜਲਦੀ ਹੀ ਉਸ ਵਲੋਂ ਕੀਤੇ ਅਪਰਾਧਾਂ ਕਾਰਨ ਉਸ ਉਤੇ ਮੁਕੱਦਮਾ ਚਲਾਇਆ ਜਾਵੇਗਾ। ਸਿੰਧ ਪਾਰ ਦੇ ਸੂਬਿਆਂ ਵਿਚੋਂ ਅਫ਼ਗਾਨਾਂ ਨੂੰ ਬਾਹਰ ਕਢ ਦਿਤਾ ਗਿਆ ਹੈ। ਉਹ ਸਰਦਾਰ ਜਿਨ੍ਹਾਂ ਨੇ ਜਲੰਧਰ ਵਿਚ ਗੜਬੜ ਮਚਾਈ ਸੀ, ਕੈਦ ਕਰ ਲਏ ਗਏ ਹਨ। ਸਿਖ ਸਰਦਾਰਾਂ ਤੇ ਉਨ੍ਹਾਂ ਦੀਆਂ ਫੌਜਾਂ ਨੇ, ਜਿਨ੍ਹਾਂ ਨੂੰ ਗੁਜਰਾਤ ਵਿਚ ਬੁਰੀ ਤਰ੍ਹਾਂ ਹਾਰ ਹੋਈ ਸੀ, ਆਤਮ ਸਮਰਪਣ ਕਰ ਦਿਤਾ ਹੈ ਅਤੇ ਉਨ੍ਹਾਂ ਤੋਂ ਹਥਿਆਰ ਖੋਹ ਲਏ ਗਏ ਹਨ। ਕਾਬਲ ਦੇ ਅਮੀਰ ਦੋਸਤ ਮੁਹੰਮਦ ਖਾਨ ਅਤੇ ਉਸ ਦੀ ਫੌਜ ਨੂੰ ਪੇਸ਼ਾਵਰ ਵਿਚੋਂ ਕਢ ਦਿਤਾ ਗਿਆ ਹੈ। ਇਸ ਵੇਲੇ ਪੰਜਾਬ ਭਰ ਵਿਚ ਸਾਡੇ ਵਿਰੁਧ ਖੁਲ੍ਹੇਆਮ ਹਥਿਆਰ ਚੁਕਣ ਵਾਲਾ ਇਕ ਵੀ ਵਿਅਕਤੀ ਨਹੀਂ ਹੈ।
ਜੁਲਾਈ 1848 ਵਿਚ ਆਰੰਭ ਹੋਈ ਅਤੇ ਹੁਣ ਤਕ ਸਮਾਪਤ ਹੋ ਚੁਕੀ ਲੰਮੀ ਮੁਹਿੰਮ ਦੌਰਾਨ ਵਾਪਰੀਆਂ ਘਟਨਾਵਾਂ ਦਾ ਵਰਨਣ ਕਰਨ ਤੋਂ ਪਿਛੋਂ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਇਨ੍ਹਾਂ ਘਟਨਾਵਾਂ ਉਤੇ ਵਿਚਾਰ ਕਰਕੇ ਅੰਗਰੇਜ਼ ਸਰਕਾਰ ਅਤੇ ਸਿਖ ਕੌਮ ਤੇ ਲੋਕਾਂ ਦੇ ਇਕ ਦੂਜੇ ਪ੍ਰਤੀ ਉਸ ਵਤੀਰੇ ਵਲ ਧਿਆਨ ਦਿਓ ਜੋ ਇਸ ਵਰਨਣ ਤੋਂ ਪ੍ਰਗਟ ਹੁੰਦਾ ਹੈ।
ਇਨ੍ਹਾਂ ਦੋਹਾਂ ਧਿਰਾਂ ਦੇ ਆਪਸੀ ਸਬੰਧਾਂ ਅਤੇ ਦੋਹਾਂ ਰਾਹੀਂ ਨਿਭਾਏ ਜਾਣ ਵਾਲੇ ਫਰਜ਼ ਅਤੇ ਜ਼ਿੰਮੇਵਾਰੀਆਂ ਦਾ ਵਰਨਣ ਭੈਰੋਵਾਲ ਸੰਧੀ ਦੀਆਂ ਵਖ ਵਖ ਧਾਰਾਵਾਂ ਵਿਚ ਕੀਤਾ ਜਾ ਚੁੱਕਾ ਹੈ। ਅੰਗਰੇਜ਼ ਸਰਕਾਰ ਨੇ ਇਸ ਸਧੀ ਅਨੁਸਾਰ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਤਰ੍ਹਾਂ ਨਿਭਾਈਆਂ ਹਨ ਅਤੇ ਸੰਧੀ ਦੀਆਂ ਧਾਰਾਵਾਂ ਉਤੇ ਸਹੀ ਅਰਥਾਂ ਵਿਚ ਅਖਰ ਅਖਰ ਅਮਲ ਕੀਤਾ ਹੈ। ਅੰਗਰੇਜ਼ ਸਰਕਾਰ ਨੇ ਇਹ ਸਿਧ ਕਰਨ ਦਾ ਬੜਾ ਹੀ ਯਤਨ ਕੀਤਾ ਹੈ ਕਿ ਉਹ ਆਪਣੇ ਇਸ ਐਲਾਨ ਪ੍ਰਤੀ ਪੂਰੀ ਤਰ੍ਹਾਂ ਸੁਹਿਰਦ ਹੈ ਕਿ ਉਹ ਹੋਰ ਵਧੇਰੇ ਟਕਰਾਅ ਨਹੀਂ ਚਾਹੁੰਦੀ। ਇਸ ਨੇ ‘ਕੌਂਸਲ ਆਫ ਰੀਜੈਂਸੀ’ ਦੇ ਰੂਪ ਵਿਚ ਰਾਜ ਸਰਕਾਰ ਨੂੰ ਵੀ ਕਾਇਮ ਰਖਿਆ ਹੈ। ਇਸ ਨੇ ਅਜਿਹੇ ਕਦਮ ਚੁਕਣ ਦੀ ਸਲਾਹ ਵੀ ਦਿਤੀ, ਜਿਸ ਨਾਲ ਫੌਜਾਂ ਦੀ ਹਾਲਤ ਵਿਚ ਸੁਧਾਰ ਹੋਇਆ ਹੈ ਅਤੇ ਲੋਕਾਂ ਉਤੇ ਸਾਮੂਹਿਕ ਤੌਰ ਉਤੇ ਬੋਝ ਘਟਿਆ ਹੈ। ਇਸ ਤੋਂ ਇਲਾਵਾ ਅੰਗਰੇਜ਼ ਸਰਕਾਰ ਨੇ ਲਾਹੌਰ ਰਾਜ ਨੂੰ ਆਪਣਾ ਰਾਜ ਪ੍ਰਬੰਧ ਚਲਾਉਣ ਲਈ ਬੜੀ ਉਦਾਰਤਾ ਨਾਲ ਆਪਣੀਆਂ ਫੌਜਾਂ ਦੀ ਵਰਤੋਂ ਕਰਨ ਦੀ ਖੁੱਲ੍ਹ ਦਿਤੀ ਹੈ। ਇਸ ਨੇ ਆਪਣੀ ਕਿਸੇ ਵੀ ਕਾਰਵਾਈ ਰਾਹੀਂ ਲੋਕਾਂ ਦੀਆਂ ਭਾਵਨਾਵਾਂ ਨੂੰ ਕੁਚਲਣ ਤੋਂ ਬੜੀ ਸਾਵਧਾਨੀ ਨਾਲ ਪ੍ਰਹੇਜ਼ ਕੀਤਾ ਹੈ ਅਤੇ ਧਾਰਮਿਕ ਸੰਸਥਾਵਾਂ ਅਤੇ ਰੀਤੀ ਰਿਵਾਜ਼ਾਂ ਵਿਚੋਂ ਕਿਸੇ ਵਿਚ ਵੀ ਵਿਅਰਥ ਦਖਲਅੰਦਾਜ਼ੀ ਨਹੀਂ ਕੀਤੀ।
ਦੂਜੇ ਪਾਸੇ ਸਿਖਾਂ ਨੇ ਸੰਧੀ ਰਾਹੀਂ ਉਨ੍ਹਾਂ ਉਤੇ ਲਾਗੂ ਹੋਣ ਵਾਲੀਆਂ ਜ਼ਿੰਮੇਵਾਰੀਆਂ ਦਾ ਪਾਲਣ ਕਿਵੇਂ ਕੀਤਾ ਹੈ? ਸੰਧੀ ਦੀ ਇਕ ਵੀ ਮੁਖ ਧਾਰਾ ਅਜਿਹੀ ਨਹੀਂ ਜਿਸ ਦੀ ਪਾਲਣਾ ਕਰਨ ਵਿਚ ਸਿਖਾਂ ਨੇ ਹੀਲ ਹੁਜਤ ਨਾ ਕੀਤੀ ਹੋਵੇ ਜਾਂ ਜਿਸ ਦੀ ਉਨ੍ਹਾਂ ਨੇ ਬੁਰੀ ਤਰ੍ਹਾਂ ਉਲੰਘਣਾ ਨਾ ਕੀਤੀ ਹੋਵੇ। ਅੰਗਰੇਜ਼ ਫੌਜਾਂ ਵਲੋਂ ਮਿਲਣ ਵਾਲੀ ਸਹਾਇਤਾ ਬਦਲੇ ਸਿਖਾਂ ਨੇ 22 ਲੱਖ ਰੁਪਏ ਸਾਲਾਨਾ ਇਵਜਾਨਾ ਦੇਣ ਦਾ ਵਾਅਦਾ ਕੀਤਾ ਸੀ ਪਰੰਤੂ ਸੰਧੀ ਲਾਗੂ ਹੋਣ ਵਾਲੇ ਦਿਨ ਤੋਂ ਲੈ ਕੇ ਅਜ ਤਕ ਉਨ੍ਹਾਂ ਨੇ ਇਕ ਰੁਪਿਆ ਵੀ ਨਹੀਂ ਦਿਤਾ। ਇਥੋਂ ਤਕ ਕਿ ਨੌਕਰੀ ਤੋਂ ਖਾਰਜ ਹੋਈਆਂ ਸਿਖ ਪਲਟਣਾਂ ਦਾ ਬਕਾਇਆ ਅਦਾ ਕਰਨ ਲਈ ਅੰਗਰੇਜ਼ ਸਰਕਾਰ ਵਲੋਂ ਸਿਖਾਂ ਨੂੰ ਦਿਤਾ ਹੋਇਆ ਕਰਜ਼ਾ ਵੀ ਉਨ੍ਹਾਂ ਨੇ ਵਾਪਸ ਨਹੀਂ ਮੋੜਿਆ। ਯੁਧ ਵਿਚ ਹੋਏ ਢੇਰ ਖਰਚਿਆਂ ਤੋਂ ਇਲਾਵਾ ਲਾਹੌਰ ਸਰਕਾਰ ਵਲੋਂ ਅੰਗਰੇਜ਼ ਸਰਕਾਰ ਨੂੰ ਮੋੜੇ ਜਾਣ ਜੋਗੇ ਕਰਜ਼ੇ ਦੀ ਰਕਮ 50 ਲਖ ਰੁਪਏ ਤੋਂ ਵੀ ਵਧ ਬਣਦੀ ਹੈ।
ਉਨ੍ਹਾਂ ਨੇ ਮੰਨਿਆ ਸੀ ਕਿ ਰਾਜ ਦੇ ਹਰ ਵਿਭਾਗ ਵਿਚ ਹਦਾਇਤਾਂ ਦੇਣ ਅਤੇ ਇਸ ਉਤੇ ਕਾਬੂ ਰਖਣ ਦੇ ਮਾਮਲਿਆਂ ਵਿਚ ਬਰਤਾਨਵੀ ਰੈਜ਼ੀਡੈਂਟ ਨੂੰ ਪੂਰਨ ਅਧਿਕਾਰ ਹੋਣਗੇ ਪਰ ਜਦੋਂ ਸਿਖਾਂ ਦੇ ਸ਼ਾਹੀ ਦਰਬਾਰ ਦੀਆਂ ਫੌਜਾਂ ਦੀ ਸਹਾਇਤਾ ਲਈ ਗਏ ਹੋਏ ਅੰਗਰੇਜ਼ ਅਫਸਰਾਂ ਨੂੰ ਮੁਲਤਾਨ ਵਿਖੇ ਕਤਲ ਕਰ ਦਿਤਾ ਗਿਆ ਅਤੇ ਜਦੋਂ ਰੈਜ਼ੀਡੈਂਟ ਨੇ ਇਸ ਸੰਬੰਧ ਵਿਚ ਲਾਹੌਰ ਸਰਕਾਰ ਨੂੰ ਪਤਰ ਲਿਖਿਆ ਤਾਂ ਉਤਰ ਵਿਚ ਨਾ ਤਾਂ ਸਰਕਾਰ ਨੇ ਦੋਸ਼ੀਆਂ ਨੂੰ ਪੇਸ਼ ਕੀਤਾ ਅਤੇ ਨਾ ਹੀ ਕੋਈ ਹਰਜਾਨਾ ਦਿਤਾ ਸਗੋਂ ਉਨ੍ਹਾਂ ਨੇ ਤਾਂ ਇਹ ਐਲਾਨ ਕਰ ਦਿਤਾ ਕਿ ਉਹ ਆਪਣੇ ਫੌਜੀਆਂ ਉਤੇ, ਖਾਸ ਕਰਕੇ ਰਾਜ ਦੀ ਬਕਾਇਦਾ ਫੌਜ ਉਤੇ ਨਿਰਭਰ ਨਹੀਂ ਕਰ ਸਕਦੇ ਅਤੇ ਉਹ ਦੀਵਾਨ ਮੂਲ ਰਾਜ ਵਿਰੁਧ ਕੋਈ ਕਾਰਵਾਈ ਨਹੀਂ ਕਰਨਗੇ। ਵਖ-ਵਖ ਇਲਾਕਿਆਂ ਵਿਚ ਸਿਖ ਫੌਜੀਆਂ ਦੇ ਵਿਹਾਰ ਨੇ ਤਾਂ ਬੜੀ ਛੇਤੀ ਹੀ ਸਾਡੇ ਇਸ ਸ਼ਕ ਨੂੰ ਵੀ ਠੀਕ ਸਿਧ ਕਰ ਦਿਤਾ ਕਿ ਉਨ੍ਹਾਂ ਦੇ ਦਿਲਾਂ ਵਿਚ ਸਾਡੇ ਪ੍ਰਤੀ ਵੈਰ ਭਾਵ ਹੈ। ਉਨ੍ਹਾਂ ਦੇ ਦਿਲਾਂ ਵਿਚ ਸਾਡੇ ਪ੍ਰਤੀ ਬੜੀ ਦੇਰ ਤੋਂ ਦਬਿਆ ਹੋਇਆ ਗੁਸਾ ਤੇ ਰੋਹ ਉਦੋਂ ਸਪਸ਼ਟ ਰੂਪ ਵਿਚ ਸਾਹਮਣੇ ਆ ਗਿਆ ਜਦੋਂ ਰਾਜ ਦੀ ਸਾਰੀ ਸਿਖ ਫੌਜ ਅਤੇ ਜਨਤਾ ਨੇ ਇਕਮੁਠ ਹੋ ਕੇ ਸਾਡੇ ਵਿਰੁਧ ਹਥਿਆਰ ਚੁਕ ਲਏ ਅਤੇ ਮਹੀਨਿਆਂ ਬਧੀ ਸਾਡੇ ਨਾਲ ਭਿਆਨਕ ਯੁਧ ਲੜਦੇ ਰਹੇ। ਉਨ੍ਹਾਂ ਦਾ ਇਕੋ ਇਕ ਉਦੇਸ਼ ਸਾਡੀ ਤਾਕਤ ਨੂੰ ਕੁਚਲਣਾ ਤੇ ਸਾਡਾ ਖਾਤਮਾ ਕਰਨਾ ਸੀ।
ਇਉਂ ਅਸੀਂ ਵੇਖਦੇ ਹਾਂ ਕਿ ਸਿਖਾਂ ਨੇ ਨਾ ਕੇਵਲ ਆਪਣੇ ਉਤੇ ਅੰਗਰੇਜ਼ ਸਰਕਾਰ ਦੇ ਉਸ ਕੰਟਰੋਲ ਦਾ ਹੀ ਹਥਿਆਰਬੰਦ ਵਿਰੋਧ ਕੀਤਾ, ਜਿਸ ਲਈ ਉਨ੍ਹਾਂ ਨੇ ਆਪ ਹੀ ਸੱਦਾ ਦਿਤਾ ਸੀ ਅਤੇ ਜਿਸ ਦੀ ਉਨ੍ਹਾਂ ਨੇ ਸਵੈ-ਇਛਾ ਨਾਲ ਹੀ ਅਧੀਨਗੀ ਸਵੀਕਾਰ ਕੀਤੀ ਸੀ ਸਗੋਂ ਅਮਨ ਨੂੰ ਵੀ ਬੁਰੀ ਤਰ੍ਹਾਂ ਭੰਗ ਕੀਤਾ ਅਤੇ ਸਾਰੀ ਸਿਖ ਕੌਮ ਨੇ ਇਕਮੁਠ ਹੋ ਕੇ ਸਾਡੇ ਵਿਰੁਧ ਅਕਾਰਨ ਹੀ ਫਿਰ ਯੁਧ ਛੇੜ ਦਿਤਾ। ਜੇਕਰ ਹੁਣ ਇਹ ਆਖਿਆ ਜਾਵੇ ਕਿ ਸਾਡੇ ਵਿਰੁਧ ਇਹ ਯੁਧ ਤਾਂ ਸਿਖ ਸਰਦਾਰਾਂ ਵਲੋਂ ਉਨ੍ਹਾਂ ਦੀ ਵਿਰੋਧਤਾ ਦੇ ਬਾਵਜੂਦ, ਸਿਖ ਫੌਜਾਂ ਵਿਚ ਜਾਬਤੇ ਦੀ ਘਾਟ ਕਰਕੇ ਹੋਇਆ ਹੈ, ਜਿਵੇਂ ਕਿ ਪਹਿਲਾਂ ਵੀ 1845 ਵਿਚ ਹੋਇਆ ਸੀ ਤਾਂ ਮੈਂ ਪੁਛਾਂਗਾ ਇਸ ਦਾ ਕੀ ਸਬੂਤ ਹੈ ਅਤੇ ਇਉਂ ਸੋਚਣ ਨਾਲ ਸਾਨੂੰ ਕੀ ਸੁਰਖਿਅਤਾ ਮਿਲਦੀ ਹੈ?
ਹੁਣ ਆਪਣੇ ਜਿਤੇ ਹੋਏ ਇਲਾਕਿਆਂ ਦੇ ਖੁਸ਼ਹਾਲ ਭਵਿਖ ਲਈ ਜਿਸ ਗਲ ਵਲ ਅਸਾਂ ਧਿਆਨ ਦੇਣਾ ਹੈ ਅਥਵਾ ਜੋ ਕੁਝ ਸਾਨੂੰ ਲਾਜ਼ਮੀ ਤੌਰ ਉਤੇ ਕਰਨਾ ਚਾਹੀਦਾ ਹੈ, ਉਹ ਹੈ ਆਪਣੀਆਂ ਸਭ ਸਰਹਦਾਂ ਉਤੇ ਅਮਨ ਕਾਇਮ ਰਖਣਾ। ਪੰਜਾਬ ਤੋਂ ਅਸੀਂ ਇਸ ਗਲ ਦੀ ਇਛਾ ਰਖਦੇ ਹਾਂ ਕਿ ਉਹ ਇਕ ਮਿਤਰਤਾ ਭਾਵ ਵਾਲਾ ਤੇ ਚੰਗੇ ਰਾਜਪ੍ਰਬੰਧ ਵਾਲਾ ਗੁਆਂਢੀ ਬਣੇ। ਜਿਸ ਵਲੋਂ ਨਾ ਤਾਂ ਸਾਨੂੰ ਕੋਈ ਖਤਰਾ ਹੋਵੇ ਤੇ ਨਾ ਹੀ ਸਾਨੂੰ ਉਥੇ ਪਕੇ ਤੌਰ ਉਤੇ 50,000 ਫੌਜੀ ਤਾਇਨਾਤ ਕਰਨੇ ਪੈਣ। ਕੌਂਸਲ ਅਤੇ ਸਰਦਾਰਾਂ ਦੇ ਦੋਸਤਾਨਾ ਸੰਬੰਧਾਂ ਦਾ ਸਾਨੂੰ ਕੀ ਲਾਭ ਜਦੋਂ ਕਿ ਉਹ ਸਾਡੇ ਪ੍ਰਤੀ ਵੈਰ-ਭਾਵ ਰਖਣ ਵਾਲੀਆਂ ਫੌਜਾਂ ਨੂੰ ਹੀ ਆਪਣੇ ਕਾਬੂ ਵਿਚ ਨਹੀਂ ਰਖ ਸਕਦੇ? ਜੇਕਰ ਸਿਖ ਫੌਜ ਅਤੇ ਸਿਖ ਲੋਕ ਅਮਨ ਭੰਗ ਕਰਨ ਦੇ ਮਨੋਰਥ ਨਾਲ ਤਾਕਤ ਹਥਿਆਉਣ ਦਾ ਹਰ ਅਵਸਰ ਪ੍ਰਾਪਤ ਕਰਨ ਲਈ ਉਤਾਵਲੇ ਰਹਿਣ, ਜਿਸ ਅਮਨ ਨੂੰ ਅਸੀਂ ਪਕੇ ਤੌਰ ਉਤੇ ਕਾਇਮ ਕਰਨ ਦੇ ਇਛੁਕ ਹਾਂ, ਤਾਂ ਇਕ ਰਾਜ ਦੇ ਤੌਰ ਉਤੇ ਸਿਖ ਸਰਦਾਰਾਂ ਦੀ ਨਿਪੁੰਸਕ ਵਫਾਦਾਰੀ ਦੀ ਸਾਡੇ ਲਈ ਕੀ ਕੀਮਤ ਰਹਿ ਜਾਂਦੀ ਹੈ?
ਪਰ ਅਸਲੀਅਤ ਇਹ ਨਹੀਂ। ਸਿਖ ਸਰਦਾਰ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਬਿਲਕੁਲ ਵਫਾਦਾਰ ਨਹੀਂ ਰਹੇ। ਉਹ ਲੋਕ ਅਤੇ ਫੌਜੀ ਦਲ, ਜਿਨ੍ਹਾਂ ਨੇ ਸਾਡੇ ਵਿਰੁਧ ਹਥਿਆਰ ਚੁਕੇ ਸਨ, ਉਨ੍ਹਾਂ ਦੇ ਆਗੂ ਵੀ ਅਸਲ ਵਿਚ ਰਾਜ ਦੇ ਸਿਖ ਸਰਦਾਰ ਹੀ ਸਨ। ਇਹ ਓਹੀ ਸਰਦਾਰ ਸਨ, ਜਿਨ੍ਹਾਂ ਨੇ ਸੰਧੀਆਂ ਉਤੇ ਦਸਤਖ਼ਤ ਕੀਤੇ ਸਨ ਅਤੇ ‘ਕੌਂਸਲ ਆਫ ਰੀਜੈਂਸੀ’ ਦੇ ਖੁਦ ਮੈਂਬਰ ਸਨ। ਜੇ ਤੁਸੀਂ ਸਰ ਗਿਲਬਰਟ ਅਗੇ ਰਾਵਲਪਿੰਡੀ ਵਿਖੇ ਹਥਿਆਰ ਸੁਟਣ ਵਾਲੇ ਸਰਦਾਰਾਂ ਦੀ ਹੁਣੇ ਜਿਹੇ ਭੇਜੀ ਗਈ ਸੂਚੀ ਅਤੇ ਸਮੇਂ ਸਮੇਂ ਸਿਰ ਭੇਜੇ ਗਏ ਦਸਤਾਵੇਜ਼ਾਂ ਉਤੇ ਨਜ਼ਰ ਮਾਰੋ ਤਾਂ ਤੁਹਾਨੂੰ ਪਤਾ ਲਗੇਗਾ ਕਿ ਇਹ ਓਹੀ ਸਰਦਾਰ ਹਨ, ਜਿਨ੍ਹਾਂ ਨੇ ਪਹਿਲਾਂ ਵੀ (1846 ਵਿਚ) ਹਥਿਆਰ ਸੁੱਟ ਕੇ ਆਤਮ ਸਮਰਪਣ ਕੀਤਾ ਸੀ। ਇਨ੍ਹਾਂ ਦਸਤਾਵੇਜ਼ਾਂ ਦੀ ਪਰਖ ਕਰਕੇ ਤੁਹਾਨੂੰ ਪਤਾ ਲਗ ਜਾਵੇਗਾ ਕਿ ਉਨ੍ਹਾਂ ਵਿਚ ਨਾ ਕੇਵਲ ਪੰਜਾਬ ਦੇ ਉਘੇ ਵਿਅਕਤੀ ਹੀ ਸ਼ਾਮਿਲ ਹਨ, ਸਗੋਂ ਉਹ ਸਰਦਾਰ ਵੀ ਸ਼ਾਮਿਲ ਹਨ, ਜਿਨ੍ਹਾਂ ਨੇ ਖੁਦ ਅਮਨ ਦੀਆਂ ਸੰਧੀਆਂ ਉਤੇ ਦਸਤਖ਼ਤ ਕੀਤੇ ਹੋਏ ਸਨ। ਬੜੀ ਸ਼ਰਮ ਦੀ ਗੱਲ ਹੈ ਕਿ ਰਾਜ ਦੇ ਸਰਦਾਰ ਕਹਾਉਣ ਵਾਲੇ ਉਹ ਲੋਕ ਜਿਨ੍ਹਾਂ ਨੇ ਸੰਧੀਆਂ ਉਤੇ ਦਸਤਖ਼ਤ ਕੀਤੇ ਹੋਏ ਹਨ, ਉਨ੍ਹਾਂ ਵਿਚੋਂ ਬਹੁਤ ਸਾਡੇ ਵਿਰੁਧ ਦੁਸ਼ਮਣੀ ਵਾਲੀਆਂ ਕਾਰਵਾਈਆਂ ਕਰਨ ਵਿਚ ਰੁਝੇ ਹੋਏ ਹਨ।
ਜੇਕਰ ਸਿਖ ਕੌਮ ਨੂੰ ਇਨ੍ਹਾਂ ਕਾਰਵਾਈਆਂ ਦੀ ਜ਼ਿੰਮੇਵਾਰੀ ਤੋਂ ਬਰੀ ਕਰਨ ਲਈ ਇਹ ਦਲੀਲ ਦਿਤੀ ਜਾਵੇ ਕਿ ਸਿਖ ਸਰਕਾਰ ਨੇ ਤਾਂ ਸਾਡੇ ਵਿਰੁਧ ਇਨ੍ਹਾਂ ਕਾਰਵਾਈਆਂ ਵਿਚ ਕੋਈ ਹਿਸਾ ਨਹੀਂ ਲਿਆ ਤਾਂ ਤੁਸੀਂ ਮੇਰੇ ਵਲੋਂ ਇਹ ਜਾਣਕਾਰੀ ਮਿਲਣ ਪਿਛੋਂ ਕਿ ਮੁਸ਼ਕਿਲਾਂ ਦੇ ਦੌਰਾਨ ‘ਕੌਂਸਲ ਆਫ ਰੀਜੈਂਸੀ’ ਨੇ ਅੰਗਰੇਜ਼ ਸਰਕਾਰ ਦੀ ਕੋਈ ਠੋਸ ਜਾਂ ਪ੍ਰਭਾਵਸ਼ਾਲੀ ਮਦਦ ਨਹੀਂ ਕੀਤੀ ਸਗੋਂ ਇਸ ਦੇ ਕੁਝ ਮੁਖੀ ਮੈਂਬਰਾਂ ਨੇ ਸਾਡੇ ਵਿਰੁਧ ਹੋਣ ਦਾ ਖੁਲ੍ਹੇਆਮ ਐਲਾਨ ਕੀਤਾ ਅਤੇ ਉਨ੍ਹਾਂ ਵਿਚੋਂ ਇਕ ਨੇ ਤਾਂ ਯੁਧ ਦੇ ਮੈਦਾਨ ਵਿਚ ਸਿਖ ਫੌਜ ਦੀ ਅਗਵਾਈ ਵੀ ਕੀਤੀ ਤਾਂ ਤੁਸੀਂ ਇਸ ਦਲੀਲ ਨੂੰ ਮੰਨਣ ਤੋਂ ਇਨਕਾਰ ਕਰ ਦਿਓਗੇ।
ਉਪਰੋਕਤ ਪੈਰ੍ਹਿਆਂ ਵਿਚ ਮੈਂ ਤੁਹਾਨੂੰ ਕਈ ਵਾਰ ਦਸ ਚੁਕਾ ਹਾਂ ਕਿ ਸਿਖਾਂ ਨੇ ਅੰਗਰੇਜ਼ਾਂ ਵਿਰੁਧ ਹਥਿਆਰ ਚੁਕ ਲਏ ਹਨ। ਮੇਰੇ ਵਲੋਂ ਤੁਹਾਨੂੰ ਇਹ ਗਲ ਵਾਰ ਵਾਰ ਕਹਿਣ ਦਾ ਭਾਵ ਇਹੋ ਹੈ ਕਿ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਮਹਤਵਪੂਰਨ ਨੁਕਤੇ ਵਲ ਆਪਣਾ ਪੂਰਾ ਧਿਆਨ ਦਿਓ ਕਿ ਪੰਜਾਬ ਵਿਚ ਸਿਖਾਂ ਨੇ ਬਗਾਵਤ ਮਹਾਰਾਜਾ ਦਲੀਪ ਸਿੰਘ ਦੇ ਵਿਰੁਧ ਨਹੀਂ ਕੀਤੀ ਸਗੋਂ ਇਸ ਦੇ ਉਲਟ ਉਹ ਤਾਂ ਨਿਰੰਤਰ ਮਹਾਰਾਜਾ ਪ੍ਰਤੀ ਵਫਾਦਾਰੀ ਪ੍ਰਗਟਾਉਂਦੇ ਰਹੇ ਹਨ। ਉਨ੍ਹਾਂ ਨੇ ਇਹ ਐਲਾਨ ਵੀ ਕੀਤਾ ਸੀ ਕਿ ਆਰੰਭ ਤੋਂ ਹੀ ਇਹ ਯੁਧ ਅੰਗਰੇਜ਼ਾਂ ਵਿਰੁਧ ਅਤੇ ਕੇਵਲ ਅੰਗਰੇਜ਼ਾਂ ਵਿਰੁਧ ਹੈ। ਉਨ੍ਹਾਂ ਦੇ ਯੁਧ ਦਾ ਅਸਲ ਉਦੇਸ਼ ਤਾਂ ਅੰਗਰੇਜ਼ਾਂ ਦੀ ਤਾਕਤ ਨੂੰ ਖਤਮ ਕਰਨਾ ਅਤੇ ਉਨ੍ਹਾਂ ਨੂੰ ਪੰਜਾਬ ਵਿਚੋਂ ਕਢਣਾ ਸੀ, ਨਾ ਕਿ ਮਹਾਰਾਜ ਦਲੀਪ ਸਿੰਘ ਅਤੇ ਉਸ ਦੀ ਸਰਕਾਰ ਵਿਰੁਧ ਬਗਾਵਤ ਕਰਨਾ। ਇਹ ਦਾਅਵਾ ਕੇਵਲ ਮੈਂ ਹੀ ਨਹੀਂ ਕਰਦਾ, ਉਨ੍ਹਾਂ ਨੇ ਖੁਦ ਵੀ ਗੁਆਂਢੀ ਸਰਦਾਰਾਂ, ਅੰਗਰੇਜ਼ ਫੌਜ ਦੇ ਸਿਖ ਫੌਜੀਆਂ ਅਤੇ ਮੁਸਲਮਮਾਨ ਹਾਕਮਾਂ ਨੂੰ ਲਿਖੇ ਆਪਣੇ ਪਤਰਾਂ ਵਿਚ ਇਸ ਬਾਰੇ ਸਪਸ਼ਟ ਐਲਾਨ ਕੀਤੇ ਹਨ।
ਮੈਂ ਮਹਾਰਾਜਾ ਸ਼ੇਰ ਸਿੰਘ ਵਲੋਂ ਜਾਰੀ ਕੀਤੇ ਗਏ ਇਕ ਐਲਾਨਨਾਮੇ ਵਿਚੋਂ ਇਕ ਪੈਰ੍ਹੇ ਦਾ ਨਮੂਨੇ ਵਜੋਂ ਹਵਾਲਾ ਦੇਂਦਾ ਹਾਂ। ਇਥੇ ਉਸ ਨੇ ਥੋੜ੍ਹੇ ਜਿਹੇ ਸ਼ਬਦਾਂ ਵਿਚ ਆਪਣੀਆਂ ਭਾਵਨਾਵਾਂ ਅਤੇ ਉਦੇਸ਼ਾਂ ਦਾ ਸਪਸ਼ਟ ਵਰਨਣ ਕੀਤਾ ਹੈ। ਜੋ ਇਸ ਨਾਲ ਮਿਲਦੀਆਂ ਜੁਲਦੀਆਂ ਹੋਰ ਲਿਖਤਾਂ ਵਿਚੋਂ ਵੀ ਸਪਸ਼ਟ ਹੁੰਦੇ ਹਨ। ਇਹ ਪੈਰ੍ਹਾਂ ਮੇਰੇ ਵਲੋਂ ਦਿਤੇ ਉਪਰੋਕਤ ਬਿਆਨ ਨੂੰ ਬਿਲਕੁਲ ਸਹੀ ਸਿਧ ਕਰਦਾ ਹੈ। ਇਹ ਪੈਰ੍ਹਾਂ ਇਸ ਤਰ੍ਹਾਂ ਹੈ — ”ਮਹਾਨ ਅਥਵਾ ਪੂਰਨ ਗੁਰੂ ਦੀ ਹਦਾਇਤ ਅਨੁਸਾਰ ਰਾਜਾ ਸ਼ੇਰ ਸਿੰਘ ਅਤੇ ਹੋਰ ਸਰਦਾਰ ਆਪਣੀਆਂ ਬਹਾਦਰ ਫੌਜਾਂ ਸਮੇਤ ਅਤਿਆਚਾਰੀ, ਧੋਖੇਬਾਜ਼ ਅਤੇ ਗਦਾਰ ਫਰੰਗੀਆਂ ਨੂੰ ਦੇਸ ਵਿਚੋਂ ਬਾਹਰ ਕਢਣ ਦੇ ਉਦੇਸ਼ ਨਾਲ ਮਹਾਰਾਜਾ ਦਲੀਪ ਸਿੰਘ ਦੀ ਤਰਫੋ ਲੜਨ ਵਾਲੇ ਭਰੋਸੇਯੋਗ ਅਤੇ ਵਫਾਦਾਰ ਦੀਵਾਨ ਮੂਲ ਰਾਜ ਨਾਲ ਜਾ ਰਲੀਆਂ ਹਨ। ਖਾਲਸਾ ਜੀ ਨੂੰ ਹੁਣ ਤਨੋਂ ਮਨੋਂ ਕੰਮ ਕਰਨਾ ਚਾਹੀਦਾ ਹੈ…ਖਾਲਸਾ ਜੀ ਪਾਵਨ ਗੁਰੂ ਦੇ ਸਾਰੇ ਸੇਵਕਾਂ ਅਤੇ ਮਹਾਰਾਜਾ (ਦਲੀਪ ਸਿੰਘ) ਦੇ ਸਾਰੇ ਸਰਦਾਰਾਂ ਦੇ ਵਫਾਦਾਰ ਸਿਪਾਹੀਆਂ ਨੂੰ ਹੁਣ ਮੁਲਤਾਨ ਵੱਲ ਚਾਲੇ ਪਾਉਣ ਲਈ ਕਮਰਕਸੇ ਕਰ ਲੈਣੇ ਚਾਹੀਦੇ ਹਨ।”
ਪੈਰ੍ਹੇ ਦੇ ਅੰਤਿਮ ਵਾਕ ਵਿਚ ਪੰਜਾਬ ਦੇ ਵਾਸੀਆਂ ਨੂੰ ਸੰਬੋਧਨ ਕਰਕੇ ਇਕ ਖ਼ੂਨੀ ਫੁਰਮਾਨ ਜਾਰੀ ਕੀਤਾ ਗਿਆ ਹੈ — ”ਜਿਥੇ ਕਿਤੇ ਵੀ ਫਰੰਗੀ ਦਿਸਣ, ਸਭ ਨੂੰ ਮਾਰ ਮੁਕਾਓ।” ਇਥੇ ਹੀ ਬਸ ਨਹੀਂ, ਅੰਗਰੇਜ਼ਾਂ ਵਿਰੁਧ ਯੁਧ ਛੇੜ ਕੇ ਹੀ ਉਨ੍ਹਾਂ ਨੂੰ ਸਬਰ ਨਹੀਂ ਆਇਆ, ਸਗੋਂ ਉਨ੍ਹਾਂ ਨੇ ਤਾਂ ਹਿੰਦੁਸਤਾਨ ਦੇ ਹੋਰਨਾਂ ਰਾਜਾਂ ਅਤੇ ਹੁਕਮਰਾਨਾਂ ਨੂੰ ਵੀ ਸਾਡੇ ਉਤੇ ਹਮਲਾ ਕਰਨ ਲਈ ਭੜਕਾਉਣ ਦਾ ਯਤਨ ਕੀਤਾ ਹੈ। ਸਰਕਾਰ ਦੇ ਕਬਜ਼ੇ ਵਿਚ ਬਹੁਤ ਸਾਰੇ ਅਜਿਹੇ ਪਤਰ ਆਏ ਹਨ ਜੋ ਸਿਖ ਮੁਖੀਆਂ ਵਲੋਂ ਲਿਖੇ ਹੋਏੋ ਹਨ ਅਤੇ ਜਿਨ੍ਹਾਂ ਵਿਚ ਉਨ੍ਹਾਂ ਨੇ ਆਪਣੇ ਗੁਆਂਢੀ ਰਾਜਾਂ, ਮੁਸਲਮਾਨਾਂ, ਹਿੰਦੂਆਂ ਅਤੇ ਸਿਖਾਂ ਪਾਸੋਂ ਸਚੇ ਮਨੋਂ ਸਹਾਇਤਾ ਮੰਗੀ ਹੈ। ਹਰ ਪਤਰ ਦੀ ਮੁਖ ਸੁਰ ਇਹੋ ਹੈ ਕਿ ਅੰਗਰੇਜ਼ਾਂ ਨੂੰ ਦੇਸ ਵਿਚੋਂ ਕਢ ਦਿਓ।
ਦੁਸ਼ਮਣੀ ਦੀ ਕੁੜਤਣ ਤਾਂ ਉਨ੍ਹਾਂ ਨੂੰ ਇਸ ਤੋਂ ਵੀ ਅਗੇ ਲੈ ਗਈ ਹੈ। ਕਿਸੇ ਨੂੰ ਕਦੇ ਖਿਆਲ ਵੀ ਨਹੀਂ ਸੀ ਆਇਆ ਕਿ ਇਕ ਦਿਨ ਅਜਿਹਾ ਵੀ ਆਵੇਗਾ ਜਦੋਂ ਸਿਖ ਅਫਗਾਨਾਂ ਤੋਂ ਵੀ ਸਹਾਇਤਾ ਮੰਗਣ ਲਗ ਪੈਣਗੇ ਅਤੇ ਵਡੀ ਕੀਮਤ ਚੁਕਾ ਕੇ ਵੀ ਉਨ੍ਹਾਂ ਤੋਂ ਸਚਮੁਚ ਹੀ ਸਹਾਇਤਾ ਪ੍ਰਾਪਤ ਕਰ ਲੈਣਗੇ। ਪਰ ਅੰਗਰੇਜ਼ਾਂ ਦੇ ਨਾਂ ਤੋਂ ਹੀ ਉਨ੍ਹਾਂ ਨੂੰ ਏਨੀ ਨਫ਼ਰਤ ਹੋ ਗਈ ਹੈ ਕਿ ਉਹ ਇਸ ਹਦ ਤਕ ਵੀ ਚਲੇ ਗਏ ਹਨ। ਉਨ੍ਹਾਂ ਨੇ ਕਾਬਲ ਦੇ ਅਮੀਰ ਦੋਸਤ ਮੁਹੰਮਦ ਖਾਨ ਨੂੰ ਸਹਾਇਤਾ ਕਰਨ ਲਈ ਸੱਦਾ ਦਿਤਾ ਅਤੇ ਦੋਸਤ ਮੁਹੰਮਦ ਖਾਨ ਨਾਲ ਇਹ ਵੀ ਵਾਅਦਾ ਕੀਤਾ ਕਿ ਉਸ ਵਲੋਂ ਮਿਲਣ ਵਾਲੀ ਸਹਾਇਤਾ ਬਦਲੇ ਉਹ ਉਸ ਨੂੰ ਪੇਸ਼ਾਵਰ ਸੂਬੇ ਅਤੇ ਭੂਮੀ ਦਾ ਉਹ ਭਾਗ ਇਨਾਮ ਵਜੋਂ ਦੇ ਦੇਣਗੇ, ਜਿਸ ਉਤੇ ਇਸ ਤੋਂ ਪਹਿਲਾਂ ਕਾਬਲ ਦੇ ਰਾਜੇ (ਸੁਲਤਾਨ ਮੁਹੰਮਦ ਦਾ ਕਬਜ਼ਾ ਸੀ ਅਤੇ ਜਿਸ ਨੂੰ ਅਤਿ ਕੀਮਤੀ ਸਮਝ ਕੇ ਸਿਖਾਂ ਨੇ ਉਸ ਨੂੰ ਪ੍ਰਾਪਤ ਕਰਨ ਲਈ ਵਰ੍ਹਿਆਂ ਬੱਧੀ ਯੁਧ ਲੜੇ ਸਨ ਅਤੇ ਜਿਸ ਉਤੇ ਕਬਜ਼ਾ ਕਰਨ ਲਈ ਉਨ੍ਹਾਂ ਨੇ ਸਰਕਾਰੀ ਖਜਾਨੇ ਵਿਚੋਂ ਭਾਰੀ ਰਕਮਾਂ ਖਰਚੀਆਂ ਸਨ ਅਤੇ ਆਪਣੀ ਕੌਮ ਦੇ ਵਧੀਆਂ ਸੂਰਬੀਰਾਂ ਦਾ ਬਲੀਦਾਨ ਦਿਤਾ ਸੀ।
ਅਮੀਰ ਦੋਸਤ ਮੁਹੰਮਦ ਖਾਨ ਸਿਖਾਂ ਦਾ ਇਹ ਸੱਦਾ ਪ੍ਰਵਾਨ ਕਰਕੇ ਕਾਬੁਲ ਤੋਂ ਆ ਗਿਆ। ਆਉਂਦਿਆਂ ਹੀ ਉਸ ਨੇ ਉਨ੍ਹਾਂ ਦੇ ਇਲਾਕੇ ਵਿਚ ਇਸਲਾਮ ਦਾ ਝੰਡਾ ਝੁਲਾ ਦਿਤਾ। ਸਿਖਾਂ ਦੇ ਗੁਰਦੁਆਰਿਆਂ ਦੀ ਬੇਅਦਬੀ ਕੀਤੀ। ਉਨ੍ਹਾਂ ਦੇ ਪਿੰਡਾਂ ਵਿਚ ਲੁਟਮਾਰ ਕੀਤੀ ਅਤੇ ਉਨ੍ਹਾਂ ਪਿੰਡਾਂ ਦੇ ਲੋਕਾਂ ਨਾਲ ਬੜਾ ਵਹਿਸ਼ੀ ਸਲੂਕ ਕੀਤਾ। ਪਰ ਫਿਰ ਵੀ ਸਿਖ ਕਾਬਲ ਦੇ ਅਮੀਰ ਦੀ ਸਹਾਇਤਾ ਮੰਗਦੇ ਰਹੇ ਅਤੇ ਨਾਲੋਂ ਨਾਲ ਉਸ ਦੀ ਫੌਜ ਦੇ ਵਿਰੁÎਧ ਲੜਦੇ ਰਹੇ ਅਤੇ ਆਪਣੀ ਹਾਰ ਤੋਂ ਪਿਛੋਂ ਵੀ ਦੋਸਤ ਮੁਹੰਮਦ ਨੂੰ ਸਹਾਇਤਾ ਕਰਨ ਲਈ ਬੇਨਤੀਆਂ ਕਰਦੇ ਰਹੇ। ਸਾਡੇ ਪ੍ਰਤੀ ਉਨ੍ਹਾਂ ਦੀ ਵੈਰ ਭਾਵਨਾ ਏਨੀ ਅਮੋੜ ਸਿਧ ਹੋਈ ਕਿ ਉਨ੍ਹਾਂ ਭਾਣੇ ਅਫਗਾਨਾਂ ਵਲੋਂ ਅੰਗਰੇਜਾਂ ਵਿਰੁਧ ਲੜਨ ਲਈ ਸਹਿਯੋਗ ਮਿਲ ਜਾਣਾ ਹੀ ਅਫਗਾਨਾਂ ਪ੍ਰਤੀ ਉਨ੍ਹਾਂ ਦੇ ਜ਼ਬਰਦਸਤ ਕੌਮੀ ਸਵੈਮਾਣ ਨੂੰ ਭੁਲਾਉਣ ਲਈ ਕਾਫੀ ਹੈ ਅਤੇ ਉਨ੍ਹਾਂ ਦੀ ਨਿਗ੍ਹਾ ਵਿਚ ਅਫਗਾਨਾਂ ਨੇ ਇਹ ਸਹਿਯੋਗ ਦੇ ਕੇ ਆਪਣੇ ਵਲੋਂ ਸਿਖਾਂ ਉਤੇ ਕੀਤੇ ਅਤਿਆਚਾਰਾਂ ਅਤੇ ਮੁਸਲਮਾਨਾਂ ਵਲੋਂ ਸਿਖਾਂ ਦੀ ਕੀਤੇ ਅਪਮਾਨਾਂ ਦਾ ਬਦਲਾ ਚੁਕਾ ਦਿਤਾ ਹੈ।
ਇਹੋ ਜਿਹੀਆਂ ਹਨ, ਸ੍ਰੀਮਾਨ ਜੀਓ, ਸਿਖਾਂ ਦੀਆਂ ਹਿੰਸਕ ਅਤੇ ਧਰੋਹੀ ਕਾਰਵਾਈਆਂ, ਜਿਨ੍ਹਾਂ ਰਾਹੀਂ ਉਨ੍ਹਾਂ ਨੇ ਇਕ ਵਾਰ ਫਿਰ ਇਕ ਮਹਿੰਗਾ ਅਤੇ ਖੂਨੀ ਯੁਧ ਸਾਡੇ ਉਤੇ ਮੜ੍ਹ ਦਿਤਾ ਹੈ।
ਜੇਕਰ ਕਿਸੇ ਧਿਰ ਵਲੋਂ ਸੰਧੀਆਂ ਦੀ ਉਲੰਘਣਾ ਕਰਨ ਪਿਛੋਂ, ਕਿਸੇ ਦੀ ਸੁਰਖਿਅਤ ਨੂੰ ਖਤਰਾ ਪੈਦਾ ਕਰਨ ਵਾਲੇ ਅਤੇ ਉਸ ਦੇ ਹਿਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਾਰ ਵਾਰ ਕੀਤੇ ਹਮਲਿਆਂ ਕਾਰਨ ਉਸ ਨੂੰ ਇਹ ਅਧਿਕਾਰ ਮਿਲ ਜਾਂਦਾ ਹੈ ਕਿ ਉਹ ਅਜਿਹੀ ਸਟ ਮਾਰਨ ਵਾਲੀ ਅਤੇ ਸਟ ਮਾਰਨ ਲਈ ਤਿਆਰ ਬੈਠੀ ਧਿਰ ਨੂੰ ਆਪਣੇ ਅਧੀਨ ਕਰ ਲਵੇ ਤਾਂ ਨਿਰਸੰਦੇਹ ਅੰਗਰੇਜ਼ ਸਰਕਾਰ ਨੂੰ ਹੁਣ ਇਹ ਅਧਿਕਾਰ ਹੈ ਕਿ ਉਹ ਜਿਤੇ ਜਾ ਚੁਕੇ ਪੰਜਾਬ ਨਾਲ ਜਿਵੇਂ ਜੀਅ ਚਾਹੇ ਨਿਪਟੇ। ਮੇਰੇ ਖਿਆਲ ਅਨੁਸਾਰ, ਅੰਗਰੇਜ਼ ਸਰਕਾਰ ਨੂੰ ਇਸ ਅਧਿਕਾਰ ਦੀ ਵਰਤੋਂ ਜ਼ਰੂਰ ਕਰ ਲੈਣੀ ਚਾਹੀਦੀ ਹੈ। ਮੇਰਾ ਵਿਸ਼ਵਾਸ ਹੈ ਕਿ ਬਰਤਾਨੀਆ ਸਰਕਾਰ ਨੂੰ ਆਪਣੇ ਅਧੀਨ ਹਿੰਦੁਸਤਾਨ ਅਤੇ ਪੰਜਾਬ ਦਰਮਿਆਨ ਸੰਬਧਾਂ ਦੇ ਮਸਲੇ ਨੂੰ ਇਸ ਪਖ ਤੋਂ ਵਿਚਾਰਨ ਦੀ ਲੋੜ ਨਹੀਂ ਰਹਿ ਗਈ ਕਿ ਕੀ ਕੁਝ ਮੁਨਾਸਬ ਹੈ ਜਾਂ ਵਕਤ ਦੀ ਮੰਗ ਕੀ ਹੈ। ਮੇਰੇ ਵਿਚਾਰ ਅਨੁਸਾਰ ਹਾਲ ਹੀ ਵਿਚ ਹੋਈਆਂ ਘਟਨਾਵਾਂ ਨੇ ਇਸ ਮਸਲੇ ਨੂੰ ਕੌਮੀ ਸੁਰਖਿਅਤਾ ਦਾ ਮਸਲਾ ਬਣਾ ਦਿਤਾ ਹੈ ਅਤੇ ਆਪਣੇ ਇਲਾਕੇ ਦੀ ਸੁਰਖਿਅਤਾ ਤੇ ਆਪਣੀ ਪਰਜਾ ਦੇ ਹਿਤਾਂ ਨੂੰ ਮੁਖ ਰਖਦਿਆਂ ਸਾਨੂੰ ਅਜਿਹੀ ਨੀਤੀ ਤਿਆਗ ਦੇਣੀ ਚਾਹੀਦੀ ਹੈ, ਜਿਸ ਨਾਲ ਪੰਜਾਬ ਵਿਚ ਸਿਖ ਰਾਜ ਦੀ ਅਜ਼ਾਦ ਹੋਂਦ ਕਾਇਮ ਰਹਿੰਦੀ ਹੋਵੇ। ਇਸ ਤੋਂ ਪਹਿਲਾਂ ਇਕ ਮੌਕੇ ਉਤੇ ਮੈਂ ਵੀ ਅਜਿਹੀ ਨੀਤੀ ਨਾਲ ਸਹਿਮਤ ਹੋ ਗਿਆ ਸਾਂ, ਜਿਸ ਅਨੁਸਾਰ ਇਨ੍ਹਾਂ ਇਲਾਕਿਆਂ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲੈਣ ਦੀ ਕਾਰਵਾਈ ਤੋਂ ਗੁਰੇਜ਼ ਕਰਨ ਦਾ ਫੈਸਲਾ ਕੀਤਾ ਗਿਆ ਸੀ।
ਮੈਂ ਇਸ ਅਸੂਲ ਨੂੰ ਵੀ ਪ੍ਰਵਾਨ ਕਰ ਲਿਆ ਸੀ ਕਿ ਹਿੰਦੁਸਤਾਨ ਦੀ ਅੰਗਰੇਜ਼ ਸਰਕਾਰ ਨੂੰ ਆਪਣੇ ਇਲਾਕਿਆਂ ਵਿਚ ਹੋਰ ਵਾਧਾ ਕਰਨ ਦੀ ਇਛਾ ਨਹੀਂ ਕਰਨੀ ਚਾਹੀਦੀ ਅਤੇ ਮੈਂ ਆਪਣੇ ਇਨ੍ਹਾਂ ਵਿਚਾਰਾਂ ਉਤੇ ਅਜੇ ਵੀ ਓਸੇ ਤਰ੍ਹਾਂ ਕਾਇਮ ਹਾਂ। ਫਿਰ ਵੀ ਮੇਰਾ ਵਿਚਾਰ ਹੈ ਕਿ ਬ੍ਰਿਟਿਸ਼ ਇੰਡੀਆ ਲਈ ਸਭ ਤੋਂ ਵਧੀਆ ਪ੍ਰਬੰਧ ਇਹ ਹੋ ਸਕਦਾ ਸੀ ਕਿ ਪੰਜਾਬ ਵਿਚ ਇਕ ਮਜ਼ਬੂਤ ਤੇ ਮਿਤਰ ਭਾਵ ਵਾਲੀ ਹਿੰਦੂ ਸਰਕਾਰ ਸਥਾਪਤ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਜਾਂਦੀ।
ਮੇਰਾ ਖਿਆਲ ਹੈ ਅੰਰਗੇਜ਼ ਸਰਕਾਰ ਦੀ ਪੰਜਾਬ ਦੇ ਸੰਬੰਧ ਵਿਚ ਨੀਤੀ ਹੁਣ ਚਾਹੇ ਕਿਹੋ ਜਿਹੀ ਵੀ ਹੋਵੇ, ਇਸ ਨੇ ਇਕ ਸਰਹਦੀ ਰਾਜ ਵਿਚ ਏਨਾ ਚੰਗਾ ਪ੍ਰਬੰਧ ਕਰਕੇ, ਇਸ ਪ੍ਰਤੀ ਏਨਾ ਨਰਮ ਰਵਈਆ ਅਪਣਾ ਕੇ, ਇਕ ਪੁਨਰ-ਗਠਤ ਸਲਤਨਤ ਦੀ ਮਜ਼ਬੂਰੀ ਅਤੇ ਵਿਕਾਸ ਲਈ ਦਿਆਨਤਦਾਰੀ ਨਾਲ ਕੰਮ ਕਰਕੇ ਆਪਣੇ ਲਈ ਸਨਮਾਨ ਖੱਟਿਆ ਹੈ ਅਤੇ ਇਸ ਤਰ੍ਹਾਂ ਆਪਣੇ ਨੇਕ ਇਰਾਦਿਆਂ ਬਾਰੇ ਕੋਈ ਸੰਦੇਹ ਨਹੀਂ ਰਹਿਣ ਦਿਤਾ। ਬਾਅਦ ਵਿਚ ਵਾਪਰੀਆਂ ਘਟਨਾਵਾਂ ਨੇ ਇਹ ਗਲ ਪ੍ਰਤਖ ਕਰ ਦਿਤੀ ਹੈ ਕਿ ਪੰਜਾਬ ਵਿਚ ਇਕ ਅਜਿਹੀ ਮਜ਼ਬੂਤ ਹਿੰਦੂ ਸਰਕਾਰ ਵੀ ਕਾਇਮ ਨਹੀਂ ਕੀਤੀ ਜਾ ਸਕਦੀ, ਜਿਹੜੀ ਆਪਣੀਆਂ ਫੌਜਾਂ ਨੂੰ ਕਾਬੂ ਅਤੇ ਪਰਜਾ ਨੂੰ ਜ਼ਬਤ ਵਿਚ ਰੱਖ ਸਕਦੀ ਹੋਵੇ।
ਇਸ ਮਨੋਰਥ ਲਈ ਲੋੜੀਂਦੇ ਵਸੀਲੇ ਪ੍ਰਾਪਤ ਨਹੀਂ ਹਨ। ਜੇਕਰ ਇਹ ਪ੍ਰਾਪਤ ਵੀ ਹੋ ਜਾਣ ਤਾਂ ਵੀ ਇਹ ਸਪਸ਼ਟ ਹੋ ਗਿਆ ਹੈ ਕਿ ਜਿਸ ਉਦੇਸ਼ ਲਈ ਅਸੀਂ ਇਕ ਮਜ਼ਬੂਤ ਸਿਖ ਰਾਜ ਦੀ ਸਥਾਪਨਾ ਕਰਨਾ ਚਾਹੁੰਦੇ ਸਾਂ, ਉਸ ਦੀ ਪੂਰਤੀ ਇਸ ਤਰ੍ਹਾਂ ਵੀ ਨਹੀਂ ਹੋ ਸਕੇਗੀ। ਅਜਿਹੀ ਸਰਕਾਰ ਦੀ ਸਥਾਪਨਾ ਤੋਂ ਅਸੀਂ ਇਹ ਆਸ ਰਖੀ ਬੈਠੇ ਸਾਂ ਕਿ ਉਹ ਸਾਡੇ ਅਤੇ ਮੁਸਲਿਮ ਤਾਕਤਾਂ ਵਿਚਕਾਰ ਇਕ ਕੰਧ ਦਾ ਕੰਮ ਕਰੇਗੀ ਅਤੇ ਇਉਂ ਉਨ੍ਹਾਂ ਤੋਂ ਸਾਡਾ ਬਚਾਓ ਕਰੇਗੀ। ਪਰ ਹੁਣ ਅਸੀਂ ਵੇਖ ਲਿਆ ਹੈ ਕਿ ਸਿਖਾਂ ਦੇ ਮਨਾਂ ਵਿਚ ਅਫਗਾਨਾਂ ਨਾਲ ਉਨ੍ਹਾਂ ਦੀ ਕੌਮੀ ਤੇ ਧਾਰਮਿਕ ਦੁਸ਼ਮਣੀ ਨਾਲੋਂ ਉਨ੍ਹਾਂ ਦੀ ਸਾਡੇ ਪ੍ਰਤੀ ਘ੍ਰਿਣਾ ਏਨੀ ਵਧ ਹੈ ਕਿ ਅਫਗਾਨਾਂ ਵਲੋਂ ਹਮਲਾ ਹੋਣ ਦੀ ਹਾਲਤ ਵਿਚ ਸਾਡੀ ਰਖਿਆ ਕਰਨਾ ਤਾਂ ਇਕ ਪਾਸੇ ਰਿਹਾ ਸਗੋਂ ਉਨ੍ਹਾਂ ਨੇ ਆਪ ਹੀ ਸਾਡੇ ਨਾਲ ਯੁਧ ਛੇੜ ਲਿਆ ਹੈ ਅਤੇ ਮੁਸਲਿਮ ਤਾਕਤਾਂ ਨੂੰ ਇਕੱਠਾ ਕਰਕੇ ਸਾਡੇ ਉਤੇ ਹਮਲਾ ਕਰਨ ਲਈ ਆਪਣੇ ਨਾਲ ਰਲਾ ਲਿਆ ਹੈ।
ਜੁਝਾਰੂ ਸੁਭਾਅ ਦੇ ਅਤੇ ਬੜੀ ਦੇਰ ਤੋਂ ਜਿਤਾਂ ਪ੍ਰਾਪਤ ਕਰਨ ਦੇ ਆਦੀ ਹੋਣ ਕਰਕੇ ਉਹ ਹੁਣ ਸਾਨੂੰ ਆਪਣੇ ਉਪਰ ਜੇਤੂ ਹੋਏ ਵੇਖ ਕੇ ਜ਼ਰੂਰ ਹੀ ਸਾਡੇ ਨਾਲ ਖਾਰ ਖਾਂਦੇ ਹੋਣਗੇ। ਧਾਰਮਿਕ ਤੌਰ ਉਤੇ ਕਟੜ ਹੋਣ ਕਰਕੇ ਉਹ ਸਾਨੂੰ ਅਤੇ ਸਾਡੇ ਅਜਿਹੇ ਰੀਤੀ-ਰਿਵਾਜ਼ਾਂ ਨਾਲ ਜ਼ਰੂਰ ਨਫ਼ਰਤ ਕਰਨਗੇ, ਜਿਹੜੇ ਉਨ੍ਹਾਂ ਦੇ ਆਸ਼ਿਆਂ ਦੇ ਵਿਰੁਧ ਹੋਣਗੇ।
ਸਾਨੂੰ ਤਾਂ ਇਹ ਆਸ ਸੀ ਕਿ ਅਕਲਮੰਦੀ ਤੋਂ ਕੰਮ ਲੈਂਦੇ ਹੋਏ ਅਤੇ ਆਪਣੇ ਹਿਤਾਂ ਨੂੰ ਮੁਖ ਰਖਦੇ ਹੋਏ ਉਹ ਇਸ ਤੋਂ ਪਹਿਲੇ ਹਮਲੇ ਬਦਲੇ ਭੁਗਤੀ ਸਜ਼ਾ ਨੂੰ ਯਾਦ ਕਰਕੇ ਸਾਨੂੰ ਕੋਈ ਤਾਜ਼ਾ ਸਟ ਮਾਰਨ ਤੋਂ ਸੰਕੋਚ ਕਰਨਗੇ ਅਤੇ ਸਾਡੇ ਧੀਰਜ ਅਤੇ ਮਿਤਰਤਾ-ਭਾਵ ਨੂੰ ਵੇਖ ਕੇ ਉਨ੍ਹਾਂ ਨੂੰ ਸ਼ਾਇਦ ਸਾਡੇ ਨਾਲ ਮੇਲ-ਮਿਲਾਪ ਰਖਣ ਜਾਂ ਘਟੋ ਘਟ ਅਮਨ ਨਾਲ ਰਹਿਣ ਦੀ ਪਰੇਰਨਾ ਮਿਲੇਗੀ, ਪਰੰਤੂ ਘਟਨਾਵਾਂ ਨੇ ਇਹ ਸਿਧ ਕਰ ਦਿਤਾ ਹੈ ਕਿ ਸਾਨੂੰ ਇਹ ਆਸ ਹੁਣ ਬਿਲਕੁਲ ਛਡ ਦੇਣੀ ਚਾਹੀਦੀ ਹੈ। ਜੇਕਰ ਸਤਲੁਜ ਦੇ ਯੁਧ ਤੋਂ ਪਿਛੋਂ ਦੋ ਵਰ੍ਹਿਆਂ ਦੇ ਵਿਚ ਵਿਚ ਹੀ ਉਹ ਸਾਡੇ ਵਲੋਂ ਦਿਤੀ ਗਈ ਸਖ਼ਤ ਸਜ਼ਾ ਨੂੰ ਅਤੇ ਉਸ ਤੋਂ ਪਿਛੋਂ ਕੀਤੇ ਗਏ ਨਰਮ ਵਰਤਾਓ ਨੂੰ ਭੁਲ ਕੇ ਸਾਡੇ ਨਾਲ ਫਿਰ ਯੁਧ ਛੇੜੀ ਬੈਠੇ ਹਨ ਤਾਂ ਹੁਣ ਇਹ ਆਸ ਰਖਣੀ ਮੂਰਖਤਾ ਹੋਵੇਗੀ ਕਿ ਅਸੇਂ ਕਦੇ ਵੀ ਸਿਖਾਂ ਦੇ ਦਿਲ ਜਾਂ ਦਿਮਾਗ ਵਿਚ ਅੰਗਰੇਜ਼ਾਂ ਪ੍ਰਤੀ ਕਿਸੇ ਤਰ੍ਹਾਂ ਦੀ ਸੁਰਖਿਅਤਾ ਦੀ ਭਾਵਨਾ ਪੈਦਾ ਕਰ ਸਕਾਂਗੇ। ਜਿਸ ਨਾਲ ਉਹ ਆਏ ਸਾਲ ਵਾਰ ਵਾਰ ਇਹੋ ਜਿਹੀਆਂ ਗੜਬੜੀ ਜਾਂ ਹਮਲੇ ਵਾਲੀਆਂ ਕਾਰਵਾਈਆਂ ਕਰਨ ਤੋਂ ਬਾਜ ਆਉਣਗੇ। ਜਦੋਂ ਤਕ ਇਥੋਂ ਦੇ ਲੋਕਾਂ ਦੇ ਯੁਧ ਕਰਨ ਲਈ ਪ੍ਰਾਪਤ ਸਾਰੇ ਵਸੀਲੇ ਅਤੇ ਅਵਸਰ ਇਨ੍ਹਾਂ ਪਾਸ ਰਹਿਣ ਦਿਤੇ ਜਾਣਗੇ, ਉਦੋਂ ਤਕ ਪੰਜਾਬ ਵਿਚ ਅਮਨ ਕਾਇਮ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਹਿੰਦੁਸਤਾਨ ਵਿਚ ਵੀ ਅਮਨ ਕਾਇਮ ਰਖਣ ਦੀ ਉਦੋਂ ਤਕ ਕੋਈ ਜਾਮਨੀ ਨਹੀਂ ਦਿਤੀ ਜਾ ਸਕਦੀ ਉਦੋਂ ਤਕ ਅਸੀਂ ਸਾਰੀ ਸਿਖ ਪਰਜਾ ਤੋਂ ਈਨ ਨਹੀਂ ਮੰਨਵਾ ਲੈਂਦੇ ਅਤੇ ਇਕ ਅਜ਼ਾਦ ਦੇਸ ਵਜੋਂ ਉਨ੍ਹਾਂ ਦੀ ਹੋਂਦ ਹੀ ਖਤਮ ਨਹੀਂ ਕਰ ਦਿੰਦੇ।
ਸ਼ਾਇਦ ਇਹ ਦਲੀਲ ਵੀ ਦਿਤੀ ਜਾਵੇ ਕਿ ਸਾਡੇ ਵਲੋਂ ਹੋਰਨਾਂ ਭਾਰਤੀ ਰਾਜਿਆਂ ਨੂੰ ਜਿਤ ਕੇ ਆਪਣੇ ਇਲਾਕਿਆਂ ਦਾ ਪਸਾਰ ਕਰਨ ਤੋਂ ਸੰਕੋਚ ਕਰਨ ਦਾ ਵਿਖਾਵਾ ਕਰਨਾ ਸਾਡੇ ਲਈ ਲਾਭਕਾਰੀ ਰਹੇਗਾ, ਅਤੇ ਕਿਉਂਕਿ ਪੰਜਾਬ ਦੀ ਸਰਕਾਰ ਉਤੇ ਵਡੀ ਹਦ ਤਕ ਆਪਣਾ ਕੰਟਰੋਲ ਕਾਇਮ ਰਖਣ ਦਾ ਪ੍ਰਬੰਧ ਕਰਕੇ ਅਤੇ ਅਜਿਹੀ ਤਬਦੀਲੀ ਕਰਕੇ, ਜਿਨ੍ਹਾਂ ਨਾਲ ਸਾਰੀ ਅਸਲ ਤਾਕਤ ਸਾਡੇ ਹੱਥਾਂ ਵਿਚ ਆ ਜਾਵੇ, ਅਸੀਂ ਆਪਣੇ ਆਪ ਨੂੰ ਸੁਰਖਿਅਤ ਕਰ ਲਿਆ ਹੈ, ਇਸ ਲਈ ਪੰਜਾਬ ਵਿਚ ਸਿਖ ਦੇਸ ਨੂੰ ਇਕ ਅਜ਼ਾਦ ਰਾਜ ਦੇ ਤੌਰ ਉਤੇ ਕਾਇਮ ਰਹਿਣ ਦੇਣਾ ਅਕਲਮੰਦੀ ਹੋਵੇਗੀ। ਪਰ ਮੈਨੂੰ ਸਮਝ ਨਹੀਂ ਆਉਂਦੀ ਇਹੋ ਜਿਹੀ ਨੀਤੀ ਅਪਨਾਉਣ ਦਾ ਕੀ ਲਾਭ ਹੋਵੇਗਾ। ਭੈਰੋਵਾਲ ਦੀ ਸੰਧੀ ਅਨੁਸਾਰ ਪੰਜਾਬ ਦਾ ਰਾਜਪ੍ਰਬੰਧ ਕੌਮੀ ਮੁਖੀਆਂ ਦੀ ਕੌਂਸਲ ਨੂੰ ਇਸ ਸ਼ਰਤ ਉਤੇ ਸੌਂਪਿਆ ਗਿਆ ਸੀ ਕਿ ਰਾਜ ਦੇ ਹਰ ਵਿਭਾਗ ਉਤੇ ਰੈਜ਼ੀਡੈਂਟ ਦਾ ਅਧਿਕਾਰ ਹੋਵੇਗਾ।
ਜੇਕਰ ਹੁਣ ਰਾਜ ਉਤੇ ਵਧੇਰੇ ਕਰੜਾ ਅਤੇ ਸਹੀ ਅਰਥਾਂ ਵਿਚ ਪ੍ਰਭਾਵਸ਼ਾਲੀ ਕੰਟਰੋਲ ਕਾਇਮ ਕਰਨਾ ਹੈ ਤਾਂ ਰਾਜ ਦੀ ਫੌਜ ਦਾ ਨਵੇਂ ਸਿਰਿਉਂ ਗਠਨ ਕਰਕੇ ਉਸ ਨੂੰ ਸਿਧੇ ਤੌਰ ਉਤੇ ਰੈਜ਼ੀਡੈਂਟ ਦੇ ਹੁਕਮਾਂ ਅਧੀਨ ਲਿਆਂਦਾ ਜਾਣੀ ਚਾਹੀਦੀ ਹੈ। ਸਥਾਨਕ ਪ੍ਰਬੰਧਾਂ ਨੂੰ ਲਾਂਭੇ ਕਰਕੇ ਯੂਰਪੀਨ ਅਧਿਕਾਰੀਆਂ ਰਾਹੀਂ ਰਾਜਪ੍ਰਬੰਧ ਚਲਾਉਣ ਦੀ ਪ੍ਰਣਾਲੀ ਲਾਗੂ ਕੀਤੀ ਜਾਣੀ ਚਾਹੀਦੀ ਹੈ। ਤਖ਼ਤ ਦਾ ਮਾਲਕ ਤਾਂ ਮਹਾਰਾਜਾ ਹੋਵੇ ਪਰ ਪੰਜਾਬ ਦਾ ਰਾਜਪ੍ਰਬੰਧ ਅੰਗਰੇਜ਼ ਅਫਸਰ ਚਲਾਉਣ। ਇਸ ਤੋਂ ਘਟ ਕੋਈ ਵੀ ਰਦੋਬਦਲ ਰੈਜ਼ੀਡੈਂਟ ਨੂੰ ਪ੍ਰਾਪਤ ਵਰਤਮਾਨ ਅਧਿਕਾਰਾਂ ਤੋਂ ਵਧੇਰੇ ਪ੍ਰਭਾਵਸ਼ਾਲੀ ਅਧਿਕਾਰ ਨਹੀਂ ਦਿਵਾ ਸਕਦੀ।
ਪਰ ਜੇਕਰ ਇਸ ਨੀਤੀ ਉਤੇ ਅਮਲ ਕਰਨਾ ਹੈ, ਜੇਕਰ ਇਕ ਅੰਗਰੇਜ਼ ਕਰਿੰਦੇ ਨੂੰ ਸਰਕਾ ਦਾ ਮੁਖੀ ਬਣਾਇਆ ਜਾਣਾ ਹੈ, ਜੇਕਰ ਯੂਰਪੀਨ ਏਜੰਟਾਂ ਨੇ ਸਿਵਲ ਪ੍ਰਬੰਧ ਨੂੰ ਚਲਾਉਣਾ ਹੈ, ਜੇਕਰ ਸਿਖ ਮੁਖੀਆਂ ਦੀ ਸਰਕਾਰ ਨੂੰ ਲਾਂਭੇ ਕਰਨਾ ਹੈ, ਜੇਕਰ ਫੌਜ ਸਾਰੀ ਦੀ ਸਾਰੀ ਸਾਡੀ ਹੀ ਹੋਣੀ ਹੈ (ਜਿਹਾ ਕਿ ਇਸ ਹਾਲਤ ਵਿਚ ਹੋਵੇਗਾ ਹੀ) ਅਤੇ ਅੰਗਰੇਜ਼ ਅਫਸਰਾਂ ਨੇ ਹੀ ਇਹ ਫੌਜ ਖੜ੍ਹੀ ਕਰਨੀ ਹੈ, ਇਸ ਨੂੰ ਤਨਖਾਹ ਦੇਣੀ ਹੈ ਅਤੇ ਜਾਬਤੇ ਵਿਚ ਰਖਣਾ ਅਤੇ ਇਸ ਦੀ ਕਮਾਨ ਸੰÎਭਾਲਣੀ ਹੈ ਮੈਂ ਤਾਂ ਕਹਾਂਗਾ ਕਿ ਪੰਜਾਬ ਨੂੰ ਅਜ਼ਾਦ ਰਾਜ ਵਜੋਂ ਕਾਇਮ ਰਖਣ ਦਾ ਪਖੰਡ ਕਰਨਾ ਐਵੇਂ ਇਕ ਮਜ਼ਾਕ ਹੋਵੇਗਾ। ਮੇਰਾ ਖਿਆਲ ਹੈ ਅਜਿਹੀ ਨੀਤੀ ਨਾ ਤਾਂ ਸਾਡੇ ਲਈ ਲਾਭਕਾਰੀ ਅਤੇ ਨਾ ਹੀ ਸਾਡੇ ਲਈ ਜਸ ਖਟਣ ਵਾਲੀ ਸਿਧ ਹੋਵੇਗੀ। ਤਖ਼ਤ ਦੇ ਠਾਠ ਨੂੰ ਕਾਇਮ ਰੱਖ ਕੇ, ਅਸੀਂ ਸਿਖਾਂ ਨੂੰ ਆਪਣੀ ਕੌਮੀ ਯਾਦ ਮਨਾਂ ਵਿਚ ਸਾਂਭੀ ਰੱਖਣ ਲਈ ਅਤੇ ਨਿਰੰਤਰ ਸਾਜ਼ਿਸਾਂ ਘੜਨ ਵਾਲਿਆਂ ਦਾ ਕੇਂਦਰ ਬਣਨ ਜੋਗੀ ਰਾਜਸਤਾ ਦੇ ਰਹੇ ਹੋਵਾਂਗੇ। ਇਨ੍ਹਾਂ ਇਲਾਕਿਆਂ ਲਈ ਮਿਹਨਤ, ਸਾਰੀ ਚਿੰਤਾ ਅਤੇ ਸਾਰੀ ਜ਼ਿੰਮੇਵਾਰੀ ਤਾਂ ਸਾਡੇ ਸਿਰ ਇਉਂ ਰਹੇਗੀ, ਜਿਵੇਂ ਕਿਤੇ ਇਹ ਇਲਾਕੇ ਸਚਮੁਚ ਸਾਡੇ ਆਪਣੇ ਹੋਣ ਪਰੰਤੂ ਇਸ ਪ੍ਰਕਾਰ ਸਰਕਾਰੀ ਆਮਦਨ ਵਿਚ ਹੋਣ ਵਾਲੇ ਵਾਧੇ ਅਤੇ ਐਲਾਨੀਆਂ ਮਾਲਕੀ ਦੇ ਲਾਭ ਸਾਨੂੰ ਨਹੀਂ ਮਿਲਣਗੇ।
ਨਾ ਹੀ ਅਜਿਹੀ ਰਦੋਬਦਲ ਰਾਹੀਂ ਭਾਰਤ ਦੀਆਂ ਰਾਜ-ਭਾਗ ਦੀਆਂ ਮਾਲਕ ਤਾਕਤਾਂ ਵਿਚ ਸਾਡੀ ਕੋਈ ਇਜ਼ਤ ਬਣੇਗੀ ਕਿ ਅਸੀਂ (ਸਿਖ) ਰਾਜ ਦੀ ਅਜ਼ਾਦੀ ਨੂੰ ਢਾਹ ਲਾਉਣ ਤੋਂ ਪ੍ਰਹੇਜ਼ ਕੀਤਾ ਹੈ। ਸਗੋਂ ਸਥਾਨਕ ਤਾਕਤਾਂ ਤਾਂ ਸਾਡੇ ਵਾਂਗ ਹੀ ਸਪਸ਼ਟ ਤੌਰ ਉਤੇ ਇਹ ਅਨੁਭਵ ਕਰਨਗੀਆਂ ਕਿ ਇਸ ਅਜ਼ਾਦੀ ਵਿਚ ਕੋਈ ਅਸਲੀਅਤ ਨਹੀਂ ਰਹਿ ਗਈ। ਮੇਰੀ ਨਿਰਮਾਣ ਜਿਹੀ ਰਾਇ ਤਾਂ ਇਹ ਹੈ ਕਿ ਜੋ ਕੁਝ ਅਸੀਂ ਅਮਲੀ ਤੌਰ ਉਤੇ ਕਰ ਦਿਤਾ ਹੈ, ਉਸ ਨੂੰ ਸਪਸ਼ਟ ਤੌਰ ਉਤੇ ਮੰਨਣ ਦੀ ਇਮਾਨਦਾਰੀ ਅਤੇ ਸਾਹਸ ਦੀ ਘਾਟ ਵਿਖਾ ਕੇ ਨਾ ਤਾਂ ਅਸੀਂ ਉਨ੍ਹਾਂ ਦੀਆਂ ਨਜ਼ਰਾਂ ਵਿਚ ਕੋਈ ਸਨਮਾਨ ਪ੍ਰਾਪਤ ਕਰ ਸਕਦੇ ਹਾਂ ਤੇ ਨਾ ਹੀ ਸਾਡੀ ਤਾਕਤ ਵਿਚ ਕੋਈ ਵਾਧਾ ਹੋ ਸਕਦਾ ਹੈ।
ਇਹ ਇਤਰਾਜ਼ ਵੀ ਪੇਸ਼ ਕੀਤਾ ਗਿਆ ਹੈ ਕਿ ਪੰਜਾਬ ਵਿਚ ਵਰਤਮਾਨ ਖਾਨਦਾਨੀ ਰਾਜ ਨੂੰ ਤੋੜਨਾ ਉਚਿਤ ਨਹੀਂ ਹੋਵੇਗਾ। ਕਿਉਕਿ ਮਹਾਰਾਜਾ ਦਲੀਪ ਸਿੰਘ ਨੂੰ ਨਬਾਲਗ ਹੋਣ ਕਰਕੇ ਸਿੱਖ ਕੌਮ ਵਲੋਂ ਕੀਤੇ ਕੰਮਾਂ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਪੂਰੇ ਸਤਿਕਾਰ ਸਹਿਤ ਮੈਂ ਅਜਿਹੇ ਵਿਚਾਰ ਰਖਣ ਵਾਲਿਆਂ ਨਾਲ ਉਨ੍ਹਾਂ ਦੇ ਸਿਦਾਂਤ ਦੇ ਠੋਸ ਹੋਣ ਬਾਰੇ ਮਤਭੇਦ ਰਖਦਾ ਹਾਂ। ਮੇਰਾ ਖਿਆਲ ਹੈ ਕਿ ਇਹ ਦਲੀਲ ਸਿਧਾਂਤਕ ਤੌਰ ਉਤੇ ਮੰਨਣਯੋਗ ਨਹੀਂ ਹੈ। ਵਿਹਾਰੀ ਤੌਰ ਉਤੇ ਵੀ ਹੁਣ ਤਕ ਇਸ ਗਲ ਦੀ ਪ੍ਰਵਾਹ ਨਹੀਂ ਕੀਤੀ ਗਈ, ਖੁਦ ਮਹਾਰਾਜਾ ਦਲੀਪ ਸਿੰਘ ਦੇ ਮਾਮਲੇ ਵਿਚ ਵੀ ਇਸ ਦੀ ਉਲੰਘਣਾ ਕੀਤੀ ਜਾ ਚੁਕੀ ਹੈ।
1845 ਵਿਚ ਜਦੋਂ ਖਾਲਸਾ ਫੌਜ ਨੇ ਸਾਡੇ ਇਲਾਕਿਆਂ ਉਤੇ ਹਮਲਾ ਕੀਤਾ ਤਾਂ ਮਹਾਰਾਜਾ ਦਲੀਪ ਸਿੰਘ ਨੂੰ ਵੀ ਇਸ ਹਮਲੇ ਦੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਸੀ ਸਮਝਿਆ ਗਿਆ ਅਤੇ ਨਾ ਹੀ ਉਸ ਨੂੰ ਆਪਣੇ ਲੋਕਾਂ ਰਾਹੀਂ ਕੀਤੀਆਂ ਕਾਰਵਾਈਆਂ ਦੇ ਨਤੀਜੇ ਭੁਗਤਣ ਤੋਂ ਛੋਟ ਦਿਤੀ ਗਈ ਸੀ। ਇਸ ਦੇ ਉਲਟ ਹਿੰਦੁਸਤਾਨ ਦੀ ਅੰਗਰੇਜ਼ ਸਰਕਾਰ  ਨੇ ਮਹਾਰਾਜਾ ਦੇ ਰਾਜਪ੍ਰਬੰਧ ਦਾ ਸਭ ਤੋਂ ਅਮੀਰ ਸੂਬਾ ਜ਼ਬਤ ਕਰ ਲਿਆ ਸੀ ਅਤੇ (ਮਹਾਰਾਜੇ ਨੇ) ਉਸ ਪ੍ਰਤੀ ਦਿਖਾਏ ਨਰਮ ਰਵਈਏ ਕਰਕੇ ਸਰਕਾਰ ਦੀ ਸ਼ਲਾਘਾ ਕੀਤੀ ਸੀ।
ਗਵਰਨਰ ਜਨਰਲ ਦੇ ਸਾਹਮਣੇ ਮਹਾਰਾਜੇ ਦੇ ਆਪਣੇ ਮੂੰਹੋਂ ਅਧੀਨਗੀ ਸਵੀਕਾਰ ਕਰਵਾਈ ਗਈ ਸੀ। ਅੰਗਰੇਜ਼ ਸਰਕਾਰ ਨੇ ਓਨਾ ਚਿਰ ਨਾ ਤਾਂ ਉਸ ਪ੍ਰਤੀ ਰਹਿਮਦਿਲੀ ਵਿਖਾਈ ਸੀ ਤੇ ਨਾ  ਹੀ ਉਸ ਨੂੰ ਰਾਜਭਾਗ ਵਾਪਸ ਸੌਂਪਿਆ ਸੀ। ਇਸ ਦੇ ਨਾਲ ਹੀ ਮਹਾਰਾਜੇ ਤੋਂ ਆਪਣੇ ਲੋਕਾਂ ਵਲੋਂ ਕੀਤੇ ਗਏ ਅਪਰਾਧਾਂ ਬਦਲੇ ਦੰਡ ਭਰਵਾ ਕੇ ਉਸ ਨੂੰ ਉਚਿਤ ਚੇਤਾਵਨੀ ਦਿਤੀ ਗਈ ਸੀ ਕਿ ਉਹ ਆਪਣੇ ਲੋਕਾਂ ਵਲੋਂ ਕੀਤੇ ਜਾਣ ਵਾਲੇ ਹੋਰ ਅਪਰਾਧਾਂ ਲਈ ਵੀ ਇਸੇ ਤਰ੍ਹਾਂ ਜਿੰਮੇਵਾਰ ਠਹਿਰਾਇਆ ਜਾਵੇਗਾ। ਮਹਾਰਾਜਾ ਇਸ ਚੇਤਾਵਨੀ ਨੂੰ ਸਵੀਕਾਰ ਕਰਦਾ ਹੋਇਆ ਆਪਣੇ ਉਤਰ ਵਿਚ ਆਖਦਾ ਹੈ, ”ਜੇਕਰ ਮੇਰੀ ਸਰਕਾਰ ਦੇ ਭੈੜੇ ਰਾਜਪ੍ਰਬੰਧ ਦੇ ਸਿਟੇ ਵਜੋਂ ਅੰਗਰੇਜ਼ਾਂ ਦੇ ਸਰਹਦੀ ਇਲਾਕਿਆਂ ਵਿਚ ਅਮਨ ਭੰਗ ਹੋਵੇ ਤਾਂ ਮੈਨੂੰ ਇਸ ਦਾ ਜ਼ਿੰਮੇਵਾਰ ਠਹਿਰਾਇਆ ਜਾਵੇ।” (ਦਸੰਬਰ 1846)
ਜੇਕਰ ਮਹਾਰਾਜੇ ਨੂੰ ਅਠ ਵਰ੍ਹਿਆਂ ਦੀ ਬਾਲ ਉਮਰ ਵਿਚ ਵੀ ਇਹ ਦਲੀਲਾਂ ਦੇ ਕੇ ਜ਼ਿੰਮੇਵਾਰੀ ਤੋਂ ਛੋਟ ਨਹੀਂ ਸੀ ਦਿਤੀ ਗਈ ਤਾਂ ਹੁਣ ਚਾਰ ਸਾਲ ਹੋਰ ਵੱਡਾ ਹੋ ਜਾਣ ਤੋਂ ਬਾਅਦ ਉਸ ਨੂੰ ਅਜਿਹੀ ਛੋਟ ਦਿਤੇ ਜਾਣ ਦਾ ਹਕਦਾਰ ਨਹੀਂ ਠਹਿਰਾਇਆ ਜਾ ਸਕਦਾ।
ਜੇਕਰ ਸਤਿਕਾਰਯੋਗ ਈਸਟ ਇੰਡੀਆ ਕੰਪਨੀ ਨੇ 1846 ਵਿਚ ਮਹਾਰਾਜੇ ਤੋਂ ਉਸ ਦੇ ਲੋਕਾਂ ਵਲੋਂ ਕੀਤੇ ਭੈੜੇ ਕੰਮਾਂ ਕਰਕੇ ਉਸ ਦੇ ਸਭ ਤੋਂ ਵਧੀਆ ਸੂਬੇ ਦੇ ਉਸ ਤੋਂ ਖੋਹ ਲਏ ਜਾਣ ਦੀ ਕਾਰਵਾਈ ਨੂੰ ਪੂਰਨ ਪ੍ਰਵਾਨਗੀ ਦੇ ਦਿਤੀ ਸੀ ਤਾਂ ਇਸੇ ਅਸੂਲ ਦੇ ਅਧਾਰ ਉਤੇ ਹੀ ਕੰਪਨੀ ਅੰਗਰੇਜ਼ਾਂ ਦੇ ਹਿਤਾਂ ਦੀ ਖਾਤਰ, ਮਹਾਰਾਜੇ ਦੇ ਲੋਕਾਂ ਵਲੋਂ ਕੀਤੇ ਉਸ ਤੋਂ ਵੀ ਵਧ ਭੈੜੇ ਕੰਮਾਂ ਬਦਲੇ ਉਸ ਵਿਰੁਧ ਉਸੇ ਤਰ੍ਹਾਂ ਦੀ ਅਤਿ ਜ਼ਰੂਰੀ ਕਾਰਵਾਈ ਕੀਤੇ ਜਾਣ ਦੀ ਨਿਖੇਧੀ ਨਹੀਂ ਕਰ ਸਕਦੀ। ਮੈਨੂੰ ਸਚਮੁਚ ਹੀ ਇਸ ਗਲ ਦਾ ਅਫਸੋਸ ਹੈ ਕਿ ਸਾਨੂੰ ਮਹਾਰਾਜਾ ਰਣਜੀਤ ਸਿੰਘ ਦੇ ਵਾਰਿਸ ਨੂੰ ਤਖ਼ਤ ਤੋਂ ਲਾਹੁਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਆਪਣਾ ਇਹ ਵਿਸ਼ਵਾਸ ਪਕਾ ਹੋ ਜਾਣ ਨਾਲ ਕਿ ਆਪਣੇ ਹੀ ਰਾਜ ਦੀ ਸੁਰਖਿਅਤਾ ਦੀ ਖਾਤਰ ਸਾਡੇ ਲਈ ਸਿਖ ਕੌਮ ਨੂੰ ਆਪਣੇ ਅਧੀਨ ਕਰਨਾ ਲਾਜ਼ਮੀ ਬਣ ਗਿਆ ਹੈ, ਮੈਂ ਕੇਵਲ ਇਸ ਕਰਕੇ ਪਿਛਾਂਹ ਨਹੀਂ ਹਟ ਸਕਦਾ ਕਿ ਸਿਖ ਕੌਮ ਨੂੰ ਅਧੀਨ ਕਰਨ ਲਈ ਕੰਵਰ ਨੂੰ ਤਖ਼ਤ ਤੋਂ ਲਾਹੁਣਾ ਪਏਗਾ। ਮੇਰਾ ਮਨ  ਮੈਨੂੰ ਇਹ ਆਗਿਆ ਨਹੀਂ ਦਿੰਦਾ ਕਿ ਇਕ ਬਚੇ ਦੀ ਹਾਲਤ ਉਤੇ ਗਲਤ ਸਮੇਂ ਅਤੇ ਗਲਤ ਥਾਂ ਉਤੇ ਤਰਸ ਕਰਨ ਦੀ ਖਾਤਰ ਮੈਂ ਲਖਾਂ ਦੀ ਗਿਣਤੀ ਵਿਚ ਅੰਗਰੇਜ਼ ਪਰਜਾ ਦੀ ਸੁਰਖਿਅਤਾ ਅਤੇ ਖੁਸ਼ਹਾਲੀ ਪ੍ਰਤੀ ਆਪਣੇ ਕਰਤਵ ਨਿਭਾਉਣ ਦੇ ਰਾਹ ਤੋਂ ਲਾਂਭੇ ਹਟ ਜਾਵਾਂ।
ਆਪਣੀ ਨੀਤੀ ਵਿਚ ਸੰਭਵ ਤੌਰ ਉਤੇ ਤਜਵੀਜ਼ ਕੀਤੀਆਂ ਜਾਣ ਵਾਲੀਆਂ ਤਬਦੀਲੀਆਂ ਬਾਰੇ ਕੀਤੇ ਜਾਣ ਵਾਲੇ ਸੰਭਵ ਇਤਰਾਜਾਂ ਦਾ ਵਰਨਣ ਕਰਨ ਪਿਛੋਂ ਮੈਂ ਆਪਣਾ ਇਹ ਵਿਸ਼ਵਾਸ ਫਿਰ ਦੁਹਰਾਉਂਦਾ ਹਾਂ ਕਿ ਅਜਿਹਾ ਕਰਨ ਤੋਂ ਬਿਨਾਂ ਸਾਡੇ ਕੋਲ ਕੋਈ ਚਾਰਾ ਨਹੀਂ ਹੈ ਅਤੇ ਕਿਉਂਕਿ ਵਾਰ ਵਾਰ ਹੋਣ ਵਾਲੇ ਵਿਨਾਸ਼ਕਾਰੀ ਯੁਧਾਂ ਨੂੰ ਰੋਕਣ ਦਾ ਇਕੋ ਇਕ ਰਾਹ ਸਾਡੇ ਕੋਲ ਇਹੋ ਰਹਿ ਗਿਆ ਹੈ। ਇਸ ਲਈ ਸਾਨੂੰ ਸਿਖ ਕੌਮ ਨੂੰ ਪੂਰੀ ਤਰ੍ਹਾਂ ਅਧੀਨ ਕਰ ਲੈਣ ਅਤੇ ਇਕ ਅਜ਼ਾਦ ਕੌਮ ਵਜੋਂ ਉਨ੍ਹਾਂ ਦੀ ਹੋਂਦ ਨੂੰ ਖਤਮ ਕਰਨ ਦਾ ਪਕਾ ਫੈਸਲਾ ਕਰ ਲੈਣਾ ਚਾਹੀਦਾ ਹੈ।
ਇਹ ਦੂਜੀ ਵਾਰ ਹੈ ਜਦੋਂ ਸਾਨੂੰ ਹਿੰਦੁਸਤਾਨ ਅੰਦਰ ਸਾਡੇ ਨਾਲ ਹੁਣ ਤਕ ਟਕਰ ਲੈ ਚੁਕੇ ਦੁਸ਼ਮਣਾਂ ਵਿਚੋਂ ਸਭ ਤੋਂ ਤਕੜੇ ਦੁਸ਼ਮਣ ਨਾਲ ਯੁਧ ਵਿਚ ਉਲਝਣਾ ਪਿਆ ਹੈ। ਉਨ੍ਹਾਂ ਨੇ ਸਾਡਾ ਟਾਕਰਾ ਕਰਨ ਲਈ ਇਕ ਲੰਬੀ ਤੇ ਸਖ਼ਤ ਮੁਹਿੰਮ ਚਲਾ ਦਿਤੀ ਹੈ।
ਕਾਬਲ ਦਾ ਅਮੀਰ ਆਪਣੇ ਆਪ ਨੂੰ ਇਸਲਾਮ ਦਾ ਪੈਗੰਬਰ ਹੋਣ ਦਾ ਐਲਾਨ ਕਰਦਾ ਹੋਇਆ ਅਤੇ ਸਾਰੇ ਸਚੇ ਮੁਸਲਮਾਨਾਂ ਨੂੰ ਅੰਗਰੇਜ਼ਾਂ ਵਿਰੁਧ ਵਿਢੀ ਜਹਾਦ ਵਿਚ ਇਕਠੇ ਹੋਣ ਦਾ ਸੱਦਾ ਦਿੰਦਾ ਹੋਇਆ ਆਪਣੇ ਪੁਰਾਣੇ ਦੁਸ਼ਮਣ ਨਾਲ ਜਾ ਮਿਲਿਆ ਹੈ, ਤਾਂ ਕਿ ਉਹ ਸਾਡੇ ਉਤੇ ਇਕੱਠਿਆਂ ਹਮਲਾ ਕਰ ਸਕਣ। ਇਹ ਅਪੀਲ ਕਿਸੇ ਇਕ ਸੂਬੇ ਦੇ ਮੁਸਲਮਾਨਾਂ ਨੂੰ ਨਹੀਂ ਸਗੋਂ ਸਭ ਭਾਰਤੀ ਮੁਸਮਲਾਨਾਂ ਨੂੰ ਕੀਤੀ ਗਈ।
ਜਦੋਂ ਤੱਕ ਅਸੀਂ ਇਸ ਖਤਰੇ ਦਾ ਟਾਕਰਾ ਕਰਕੇ, ਆਪਣੇ ਦੁਸ਼ਮਣ ਨੂੰ ਕੁਚਲ ਕੇ, ਹਮਲਾਵਰ ਨੂੰ ਬਾਹਰ ਕੱਢ ਕੇ, ਸਿਖ ਇਲਾਕਿਆਂ ਦੇ ਚਪੇ ਚਪੇ ਉਤੇ ਅਧਿਕਾਰ ਨਹੀਂ ਕਰ ਲੈਂਦੇ, ਜੋ ਮੁਸਲਮਾਨਾਂ ਨੇ ਅੰਗਰੇਜ਼ਾਂ ਤੋਂ ਖੋਹ ਲਿਆ ਹੈ, ਜੇਕਰ ਉਸ ਕੌਮ ਨੂੰ ਜਿਸ ਨੇ ਸਾਡੀ ਤਾਕਤ ਨੂੰ ਦੋ ਵਾਰ ਝਟਕਾ ਦਿਤਾ ਹੈ, ਤੁਰੰਤ ਹੀ ਉਸ ਦੀ ਕੌਮੀ ਹੋਂਦ ਅਤੇ ਸ਼ਕਤੀ ਤੋਂ ਵਾਂਝਿਆਂ ਨਹੀਂ ਕਰਦੇ, ਜੇਕਰ ਉਸ ਨੂੰ ਕੋਈ ਰਿਆਇਤਾਂ ਦਿੰਦੇ ਹਾਂ ਜਾਂ ਉਸ ਨਾਲ ਰਾਜ਼ੀਨਾਮਾ ਕਰ ਲੈਂਦੇ ਹਾਂ, ਜੇਕਰ ਅਜਿਹਾ ਮਤਾ ਪਾਸ ਕਰ ਦਿੰਦੇ ਹਾਂ ਜਿਸ ਅਨੁਸਾਰ ਦੁਸ਼ਮਣ ਉਤੇ ਜਿਤ ਪ੍ਰਾਪਤ ਕਰਨ ਤੋਂ ਪਿਛੋਂ ਆਪਣੀ ਜਿਤ ਨੂੰ ਕਾਇਮ ਰਖਣ ਦੀ ਹਮਾਇਤ ਨਾ ਕੀਤੀ ਗਈ ਹੋਵੇ, ਤਾਂ ਸਾਰੇ ਹਿੰਦੁਸਤਾਨ ਵਿਚ ਹੀ ਇਹ ਸਮਝਿਆ ਜਾਵੇਗਾ ਕਿ ਅਸੀਂ ਇਸ ਸੰਘਰਸ਼ ਵਿਚ ਬੁਰੀ ਤਰ੍ਹਾਂ ਹਾਰ ਖਾਧੀ ਹੈ। ਸਾਡੇ ਲਈ ਜ਼ਰੂਰੀ ਹੈ ਕਿ ਦੁਸ਼ਮਣ ਨੂੰ ਆਪਣੀ ਜਿਤ ਦੇ ਅਸਲੀ ਹੋਣ ਦਾ ਅਹਿਸਾਸ ਕਰਵਾਈਏ। ਜੇਕਰ ਓਹੀ ਨਰਮੀ, ਜੋ ਕਦੇ ਸਿਆਣਪ ਤੇ ਅਕਲੰਮਦੀ ਸੀ, ਅਜਿਹਾ ਕੌੜਾ ਤਜਰਬਾ ਹੋਣ ਪਿਛੋਂ ਫਿਰ ਵਿਖਾਈ ਗਈ ਤਾਂ ਹੁਣ ਇਹ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਹੋਵੇਗੀ। ਸਾਡੇ ਵਲੋਂ ਵਿਖਾਈ ਝਿਜਕ ਨੂੰ ਸਾਡਾ ਧੀਰਜ ਨਹੀਂ ਸਗੋਂ ਭੈਅ ਸਮਝਿਆ ਜਾਵੇਗਾ। ਇਸ ਨੂੰ ਸਾਡੀ ਉਦਾਰਤਾ ਦੀ ਨੀਤੀ ਨਹੀਂ ਸਗੋਂ ਬੁਜਦਿਲੀ ਦਾ ਪ੍ਰਮਾਣ ਮੰਨਿਆ ਜਾਵੇਗਾ।
ਇਸ ਨਾਲ ਭਾਰਤ ਵਿਚਲੇ ਸੂਬਿਆਂ ਅਤੇ ਉਥੋਂ ਦੇ ਲੋਕਾਂ ਨੂੰ ਆਪਣੀ ਰਾਜ ਸੱਤਾ ਬਹਾਲ ਕਰਨ ਲਈ ਹੌਂਸਲਾ ਮਿਲੇਗਾ। ਨਾ ਕੇਵਲ ਉਥੇ ਜਿਥੇ ਵੈਰ-ਭਾਵਨਾ ਸ਼ਾਇਦ ਅਜੇ ਸੁਤੀ ਪਈ ਹੈ, ਸਗੋਂ ਉਥੇ ਵੀ ਜਿਥੇ ਇਹ ਵੈਰ-ਭਾਵਨਾ ਅਜੇ ਹੈ ਹੀ ਨਹੀਂ ਅਤੇ ਇਹ ਵੈਰ ਭਾਵਨਾ ਫਿਰ ਕਦੇ ਖਤਮ ਨਹੀਂ ਹੋਵੇਗੀ। ਇਸ ਨੀਤੀ ਨਾਲ ਇਹ ਯਕੀਨੀ ਹੋ ਜਾਵੇਗਾ ਕਿ ਕੁਝ ਵਰ੍ਹੇ ਬੀਤਣ ਪਿਛੋਂ ਹੀ ਸਾਨੂੰ ਓਹੀ ਸੰਘਰਸ਼ ਨਵੇਂ ਸਿਰਿਓਂ ਫਿਰ ਲੜਨਾ ਪਿਆ ਕਰੇਗਾ, ਜਿਸ ਨੂੰ ਅਸੀਂ ਜਿਤ ਕੇ ਅਜੇ ਸਮਾਪਤ ਹੀ ਕੀਤਾ ਹੋਵੇਗਾ ਅਤੇ ਨਿਰਸੰਦੇਹ ਇਸ ਨਾਲ ਅਜਿਹਾ ਸਮਾਂ ਆ ਜਾਣ ਦੀ ਵੀ ਸੰਭਾਵਨਾ ਪੈਦਾ ਹੋ ਜਾਵੇਗੀ ਜਦੋਂ ਹਿੰਦੁਸਤਾਨ ਵਿਚ ਅੰਗਰੇਜ਼ ਸਰਕਾਰ ਦੀ ਪ੍ਰਭੁਤਾ ਨੂੰ ਪੰਜਾਬ ਦੇ ਰਣਖੇਤਰਾਂ ਤੋਂ ਇਲਾਵਾ ਹੋਰ ਸਥਾਨਾਂ ਉਤੇ ਵੀ ਵੰਗਾਰਿਆ ਜਾਣ ਲਗ ਪਵੇਗਾ। ਭਾਵੇਂ ਮੈਂ ਇਹ ਗਲ ਤੁਹਾਨੂੰ ਇਕ ਤੋਂ ਵਧ ਵਾਰ ਆਖ ਚੁਕਾਂ ਹਾਂ ਕਿ ਅੰਗਰੇਜ਼ ਸਰਕਾਰ ਦੀ ਨਾ ਤਾਂ ਪਹਿਲਾਂ ਕਦੇ ਇਹ ਇਛਾ ਸੀ ਅਤੇ ਨਾ ਹੀ ਇਛਾ ਹੋਣੀ ਚਾਹੀਦੀ ਹੈ ਕਿ ਪੰਜਾਬ ਨੂੰ ਜਿਤ ਕੇ ਆਪਣੇ ਅਧੀਨ ਕਰ ਲਿਆ ਜਾਵੇ, ਫਿਰ ਵੀ ਮੈਂ ਤੁਹਾਨੂੰ ਇਹ ਪ੍ਰਭਾਵ ਬਿਲਕੁਲ ਨਹੀਂ ਦੇਣਾ ਚਾਹੁੰਦਾ ਕਿ ਮੈਂ ਪੰਜਾਬ ਉਤੇ ਕਬਜ਼ਾ ਕਾਇਮ ਰਖਣ ਦੀ ਗਲ ਨੂੰ ਬੜੀ ਔਖੀ ਅਤੇ ਮਾਲੀ ਪਖੋਂ ਘਾਟੇ ਵਾਲੀ ਗਲ ਸਮਝਦਾ ਹਾਂ।
ਤੁਸੀਂ ਇਸ ਗਲ ਤੋਂ ਚੰਗੀ ਤਰ੍ਹਾਂ ਜਾਣੂ ਹੋ ਕਿ ਸਿਖ ਪੰਜਾਬ ਦੀ ਵਸੋਂ ਦਾ ਇਕ ਛੋਟਾ ਜਿਹਾ ਭਾਗ ਹਨ। ਇਥੋਂ ਦੇ ਵਾਸੀਆਂ ਦੇ ਇਕ ਬੜੇ ਵੱਡੇ ਭਾਗ ਵਲੋਂ, ਖਾਸ ਕਰਕੇ ਮੁਸਲਮਾਨਾਂ ਵਲੋਂ, ਜੋ ਆਪਣੀਆਂ ਅਦਾਲਤਾਂ ਅਤੇ ਕੰਮਕਾਜ ਦੇ ਪੱਖੋਂ ਅਮਨ-ਪਸੰਦ ਲੋਕ ਹਨ, ਉਥੇ ਅੰਗਰੇਜ਼ਾਂ ਦਾ ਰਾਜ ਕਾਇਮ ਕੀਤੇ ਜਾਣ ਦਾ ਸੁਆਗਤ ਕੀਤਾ ਜਾਵੇਗਾ।
ਸਿਖ ਆਪ ਤਾਂ ਜੁਝਾਰੂ, ਹੁਲੜਬਾੜ ਅਤੇ ਸੂਰਬੀਰ ਹਨ ਪਰ ਜੁਝਾਰੂ ਤੇ ਹੁਲੜਬਾੜ ਹੋਣ ਦੇ ਬਾਵਜੂਦ ਉਹ ਏਨੇ ਤਕੜੇ ਨਹੀਂ ਜਿੰਨੇ ਕਦੇ ਰੁਹੇਲਖੰਡ ਦੇ ਲੋਕ ਹੁੰਦੇ ਸਨ। ਗੜਬੜੀ ਤਾਂ ਉਹ ਨਿਰਸੰਦੇਹ ਕੁਝ ਸਮੇਂ ਲਈ ਕਰਦੇ ਹੀ ਰਹਿਣਗੇ। ਬਗਾਵਤ ਅਤੇ ਸਥਾਨਕ ਰੋਹ ਵੀ ਮੁਨਾਸਬ ਹੱਦ ਤਕ ਹੁੰਦੇ ਰਹਿਣ ਦੀ ਆਸ ਹੈ। ਪਰ ਜੇਕਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਅਧੀਨ ਕਰ ਲਿਆ ਜਾਵੇ, ਜੇਕਰ ਉਨ੍ਹਾਂ ਨੂੰ ਸਾਡਾ ਟਾਕਰਾ ਕਰਨ ਦੇ ਵਸੀਲਿਆਂ ਅਤੇ ਯੁਧ ਕਰਨ ਲਈ ਮਿਲੀਆਂ ਸਹੂਲਤਾਂ ਤੋਂ ਵਾਂਝਿਆਂ ਕਰਨ ਲਈ ਪ੍ਰਭਾਵਸ਼ਾਲੀ ਕਦਮ ਚੁਕੇ ਜਾਣ, ਜੇਕਰ ਉਨ੍ਹਾਂ ਉਤੇ ਕਰੜੀ ਨਿਗਾਹ ਰਖੀ ਜਾਵੇ ਅਤੇ ਜੇਕਰ ਉਨ੍ਹਾਂ ਉਤੇ ਨਿਆਂ-ਪੂਰਬਕ, ਬਲ-ਪੂਰਬਕ ਤੇ ਦ੍ਰਿੜ੍ਹਤਾ ਪੂਰਬਕ ਰਾਜ ਕੀਤਾ ਜਾਵੇ ਤਾਂ ਮੈਨੂੰ ਕੋਈ ਕਾਰਨ ਨਹੀਂ ਦਿਸਦਾ ਕਿ ਅਜਿਹਾ ਕਰਨ ਤੋਂ ਪਿਛੋਂ ਸਿਖਾਂ ਨੂੰ ਵੀ ਰੁਹੇਲਖੰਡ ਦੇ ਲੋਕਾਂ ਵਾਂਗ ਹੀ ਅਧੀਨਗੀ ਸਵੀਕਾਰ ਕਰ ਲੈਣ ਵਾਲੇ ਅਤੇ ਹਾਨੀ-ਰਹਿਤ ਨਾ ਬਣਾਇਆ ਜਾ ਸਕੇ। ਮਾਲੀ ਹਾਲਤ ਦੇ ਸੁਆਲ ਉਤੇ ਤਾਂ ਅਜੇ ਬਰੀਕੀ ਨਾਲ ਵਿਚਾਰ ਕਰਨ ਦਾ ਠੀਕ ਸਮਾਂ ਨਹੀਂ ਆਇਆ, ਇਸ ਬਾਰੇ ਕੇਵਲ ਵਿਆਪਕ ਤੌਰ ਉਤੇ ਹੀ ਗਲ ਕੀਤੀ ਜਾ ਸਕਦੀ ਹੈ। ਮੇਰਾ ਧਿਆਨ ਇਸ ਵਿਸ਼ੇ ਵਲ ਵੀ ਗਿਆ ਹੈ ਅਤੇ ਇਸ ਬਾਰੇ ਵਿਚਾਰ ਕਰਨ ਸਮੇਂ ਮੈਨੂੰ ਕੋਈ ਕਾਰਨ ਨਹੀਂ ਲੱਭਾ ਜੋ ਸਾਨੂੰ (ਪੰਜਾਬ) ਦੇਸ ਉਤੇ ਪਕੀ ਤਰ੍ਹਾਂ ਕਬਜ਼ਾ ਕਰ ਲੈਣ ਤੋਂ ਰੋਕਦਾ ਹੋਵੇ।
ਕੁਲ ਮਿਲਾ ਕੇ ਮਾਲੀਆ ਕਾਫੀ ਇਕਠਾ ਹੋ ਸਕਦਾ ਹੈ। ਹੁਣ ਤਕ ਤਾਂ ਸਰਕਾਰੀ ਖਜਾਨੇ ਵਿਚੋਂ ਮਾਲੀਏ ਦਾ ਇਕ ਵਡਾ ਭਾਗ ਮੁਖੀਆਂ ਦੀਆਂ ਜਗੀਰਾਂ ਉਤੇ ਖਰਚ ਹੋ ਜਾਂਦਾ ਹੈ। ਮਾਲੀਏ ਦੀ ਕਾਫੀ ਵਡੀ ਰਕਮ ਉਨ੍ਹਾਂ ਲੋਕਾਂ ਦੀਆਂ ਜਗੀਰਾਂ ਜ਼ਬਤ ਕਰਕੇ ਪ੍ਰਾਪਤ ਹੋ ਜਾਵੇਗੀ ਜੋ ਸਾਡੇ ਵਿਰੁਧ ਦੁਸ਼ਮਣੀ ਵਾਲੀਆਂ ਕਾਰਵਾਈਆਂ ਵਿਚ ਲੱਗੇ ਰਹੇ ਹਨ। ਮੁਲਤਾਨ ਸੂਬੇ ਨੂੰ ਬਾਕੀ ਦੇ ਪੰਜਾਬ ਨਾਲ ਰਲਾ ਲੈਣ ਨਾਲ ਵੀ ਪ੍ਰਾਪਤ ਮਾਲੀਏ ਵਿਚ ਚੋਖਾ ਵਾਧਾ ਹੋ ਜਾਵੇਗਾ।
ਹੁਣੇ ਜਿਹੇ ਮਿਲੀ ਹੋਰ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਦੇਸ ਦੇ ਉਤਰੀ ਭਾਗ ਵਿਚ ਤਾਂ ਖਾਸ ਤੌਰ ਉਤੇ ਚੋਖੀ ਹਦ ਤਕ ਖੇਤੀਬਾੜੀ ਕੀਤੀ ਜਾਂਦੀ ਹੈ ਅਤੇ ਇਸ ਤੋਂ ਪੈਦਾਵਾਰ ਵੀ ਚੰਗੀ ਮਿਲਦੀ ਹੈ। ਇਸ ਦੀ ਭੂਮੀ ਵਿਚ, ਜੋ ਖਾਸ ਤੌਰ ਉਤੇ ਉਪਜਾਊ ਹੈ, ਭਰਪੂਰ ਖੇਤੀ ਕਰਨ ਲਈ ਕੇਵਲ ਸਿਲ੍ਹ ਦੀ ਲੋੜ ਹੈ। ਇਸ ਗਲ ਦਾ ਪਤਾ ਹੁਣੇ ਜਿਹੇ ਪ੍ਰਾਪਤ ਹੋਈਆਂ ਰਿਪੋਰਟਾਂ ਤੋਂ ਵੀ ਲਗਦਾ ਹੈ। ਦੇਸ ਵਿਚੋਂ ਲੰਘਣ ਵਾਲੇ ਦਰਿਆ ਅਜਿਹੇ ਹਨ ਜੋ ਭੂਮੀ ਦੇ ਪੈਦਾਵਾਰੀ ਵਸੀਲਿਆਂ ਦਾ ਵਿਕਾਸ ਕਰਨ ਲਈ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰ ਸਕਦੇ ਹਨ।
ਨਵੇਂ ਦੇਸ ਵਿਚ ਪ੍ਰਵੇਸ਼ ਕਰਨ ਦੇ ਖਰਚੇ ਮੁਢ ਵਿਚ ਤਾਂ ਬੜੇ ਤਕੜੇ ਹੋਣਗੇ ਪਰ ਜੋ ਛਾਣਬੀਣ ਮੈਂ ਕੀਤੀ ਹੈ, ਉਸ ਦੇ ਸਿਟੇ ਵਜੋਂ ਮੈਨੂੰ ਆਪਣਾ ਇਹ ਦ੍ਰਿੜ ਵਿਸ਼ਵਾਸ ਪ੍ਰਗਟ ਕਰਨ ਵਿਚ ਕੋਈ ਝਿਜਕ ਨਹੀਂ ਕਿ ਪੰਜਾਬ ਉਤੇ ਕੀਤੇ ਜਾਣ ਵਾਲੇ ਕਬਜ਼ੇ ਨੂੰ ਸੁਰਖਿਅਤ ਅਤੇ ਲਾਭਕਾਰੀ ਬਣ ਜਾਣ ਵਿਚ ਕੋਈ ਬਹੁਤਾ ਸਮਾਂ ਨਹੀਂ ਲਗੇਗਾ।
ਇਸ ਤਰ੍ਹਾਂ ਮੈਂ ਸਤਿਕਾਰਯੋਗ ਮੈਂਬਰ ਸਾਹਿਬਾਨ ਅਗੇ ਉਹ ਦਲੀਲਾਂ ਸਪਸ਼ਟ ਕਰਕੇ ਰਖ ਦਿੱਤੀਆਂ ਹਨ, ਜਿਨ੍ਹਾਂ ਦੇ ਅਧਾਰ ਉਤੇ ਮੈਂ ਇਸ ਸਿਟੇ ਉਤੇ ਪੁਜਾ ਹਾਂ ਕਿ ਹਾਲ ਹੀ ਵਿਚ ਵਾਪਰੀਆਂ ਘਟਨਾਵਾਂ ਨੂੰ ਮੁਖ ਰਖਦਿਆਂ ਹੋਇਆਂ ਅੰਗਰੇਜ਼ੀ ਰਾਜ ਦੇ ਸਰਹਦੀ ਇਲਾਕਿਆਂ ਅਤੇ ਲੋਕਾਂ ਦੇ ਹਿਤਾਂ ਦੀ ਸੁਰਖਿਅਤਾ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਤੁਸੀਂ ਸਿਖ ਕੌਮ ਦੀ ਅਜ਼ਾਦੀ ਦਾ ਅੰਤ ਕਰ ਦਿਓ ਅਤੇ ਇਸ ਨੂੰ ਪੂਰੀ ਤਰ੍ਹਾਂ ਆਪਣੇ ਅਧੀਨ ਕਰ ਲਵੋ।
ਮੈਂ ਸਰਕਾਰੀ ਸਕਤਰ, ਸ੍ਰੀ ਐਚ. ਐਮ. ਇਲੀਅਟ ਨੂੰ ਵੀ ਹਦਾਇਤ ਕਰ ਦਿਤੀ ਸੀ ਕਿ ਉਹ ਮੇਰੇ ਵਿਚਾਰ ‘ਕੌਂਸਲ ਆਫ ਰੀਜੈਂਸੀ’ ਨੂੰ ਪੁਚਾਉਣ ਲਈ ਲਾਹੌਰ ਚਲਾ ਜਾਵੇ, ਕਿਉਂ ਜੋ ਉਹ ਸਮਾਂ ਆ ਚੁਕਾ ਸੀ ਜਦੋਂ ਹਿੰਦੁਸਤਾਨ ਦੀ ਅੰਗਰੇਜ਼ ਸਰਕਾਰ ਵਲੋਂ ਕੀਤੇ ਗਏ ਫੈਸਲੇ ਦਾ ਐਲਾਨ ਕਰ ਦੇਣਾ ਜ਼ਰੂਰੀ ਹੋ ਗਿਆ ਸੀ। ਲਾਹੌਰ ਵਿਖੇ ਸ੍ਰੀ ਇਲੀਅਟ ਵਲੋਂ ਕੀਤੀਆਂ ਗਈਆਂ ਵਿਚਾਰਾਂ ਦਾ ਵਰਨਣ ਵਿਸਥਾਰ ਪੂਰਬਕ ਇਕ ਵੱਖਰੇ ਪਤਰ ਰਾਹੀਂ ਤੁਹਾਡੇ ਪਾਸ ਭੇਜ ਦਿਤਾ ਗਿਆ ਹੈ।
ਕੌਂਸਲ ਦੇ ਮੈਂਬਰਾਂ ਨਾਲ ਮੁਲਾਕਾਤਾਂ ਹੋਣ ਪਿਛੋਂ ਇਕ ਆਮ ਦਰਬਾਰ ਲਾਇਆ ਗਿਆ ਅਤੇ ਇਸ ਉਤੇ ਗਵਰਨਰ ਜਨਰਲ ਵਲੋਂ ਰੀਜੈਂਸੀ ਨੂੰ ਭੇਜਿਆ ਐਲਾਨ ਪੜ੍ਹ ਕੇ ਸੁਣਾਇਆ ਗਿਆ। ਲਾਹੌਰ ਦੀ ਸੰਧੀ ਵਾਂਗੂ ਹੀ ਮਹਾਰਾਜਾ ਨਾਲ ਹੋਏ ਸਮਝੌਤੇ ਦੀਆਂ ਸ਼ਰਤਾਂ ਨੂੰ ਵੀ ਜਿਸ ਉਤੇ ਕੌਂਸਲ ਨੇ ਦਸਤਖਤ ਕਰ ਦਿਤੇ ਸਨ, ਹਜ਼ੂਰ ਵਲੋਂ ਪ੍ਰਵਾਨਗੀ ਦਿਤੀ ਗਈ ਅਤੇ ਇਹ ਐਲਾਨ ਜਾਰੀ ਕੀਤਾ ਗਿਆ ਕਿ ਪੰਜਾਬ, ਹਿੰਦੁਸਤਾਨ ਵਿਚ ਅੰਗਰੇਜ਼ ਸਾਮਰਾਜ ਦਾ ਇਕ ਅੰਗ ਬਣ ਗਿਆ ਹੈ। ਲਾਹੌਰ ਰਾਜ ਵਲੋਂ ਇਸ ਸਰਕਾਰ ਨੂੰ ਮੋੜਨਯੋਗ ਕਰਜ਼ੇ ਜੋ ਇਕਠੇ ਹੋਏ ਪਏ ਸਨ, ਉਨ੍ਹਾਂ ਦਾ ਭੁਗਤਾਣ ਕਰਨ ਲਈ ਅਤੇ ਯੁਧ ਉਤੇ ਹੋਣ ਵਾਲੇ ਖਰਚਿਆਂ ਨੂੰ ਪੂਰਾ ਕਰਨ ਲਈ ਮੈਂ ਰਾਜ ਦੀ ਸਾਰੀ ਦੌਲਤ ਸਤਿਕਾਰਯੋਗ ਈਸਟ ਇੰਡੀਆ ਕੰਪਨੀ ਰਾਹੀਂ ਵਰਤੇ ਜਾਣ ਲਈ ਜ਼ਬਤ ਕਰ ਲਈ ਹੈ।
ਪਰ ਜ਼ਬਤ ਕੀਤੀ ਦੌਲਤ ਵਿਚ ਮੈਂ ਉਹ ਕੋਹਿਨੂਰ ਹੀਰਾ ਸ਼ਾਮਿਲ ਨਹੀਂ ਕੀਤਾ ਜੋ ਮਹਾਰਾਜਾ ਦੇ ਅਧੀਨਗੀ ਸਵੀਕਾਰ ਕਰਨ ਦੀ ਨਿਸ਼ਾਨੀ ਵਜੋਂ ਇੰਗਲੈਂਡ ਦੀ ਮਹਾਰਾਣੀ ਦੀ ਭੇਟਾ ਕਰ ਦਿੱਤਾ ਗਿਆ ਹੈ।
ਜੇਕਰ ਤੁਸੀਂ ਇਸ ਨੀਤੀ ਦੀ ਪੁਸ਼ਟੀ ਕਰ ਦੇਵੋ ਜਿਸ ਦਾ ਮੈਂ ਹੁਣੇ ਐਲਾਨ ਕੀਤਾ ਹੈ ਤਾਂ ਮੈਨੂੰ ਵਿਸ਼ਵਾਸ ਹੈ ਤੁਸੀਂ ਮੇਰੇ ਵਲੋਂ ਕੋਹਿਨੂਰ ਹੀਰੇ ਨੂੰ ਇਕ ਇਤਿਹਾਸਕ ਯਾਦਗਾਰ ਵਜੋਂ ਅਡ ਕਰਕੇ ਰਖਣ ਦੀ ਕਾਰਵਾਈ ਨੂੰ ਵੀ ਪ੍ਰਵਾਨਗੀ ਦੇ ਦਿਓਗੇ ਅਤੇ ਸਤਿਕਾਰਯੋਗ ‘ਕੋਰਟ ਆਫ ਡਾਇਰੈਕਟਰਜ਼’ ਵੀ ਇਸ ਕਾਰਜ ਨੂੰ ਨਿਘੀ ਪ੍ਰਵਾਨਗੀ ਦੇ ਦੇਵੇਗੀ, ਜਿਸ ਕਾਰਜਰਾਹੀਂ ਮੁਗਲਾਂ ਦਾ ਇਹ ਕੀਮਤੀ ਹੀਰਾ ਬਰਤਾਨੀਆ ਦੇ ਤਾਜ ਵਿਚ ਜਾ ਲਗਾ ਹੈ।
ਹੁਣ ਤਾਂ ਸ੍ਰੀਮਾਨ ਜੀਓ, ਇਸ ਪੱਤਰ ਵਿਚ ਦਰਜ ਮਹੱਤਵਪੂਰਨ ਮਾਮਲਿਆਂ ਨੂੰ ਤੁਹਾਡੀ ਸੋਚ-ਵਿਚਾਰ ਲਈ ਪੇਸ਼ ਕਰਨ ਦਾ ਕੰਮ ਹੀ ਬਾਕੀ ਹੈ।
ਆਪਣੇ ਸਿਰ ਉਤੇ ਲਈ ਜ਼ਿੰਮੇਵਾਰੀ ਦਾ ਡੂੰਘਾ ਅਹਿਸਾਸ ਹੋਣ ਦੇ ਨਾਲ-ਨਾਲ ਮੈਨੂੰ ਨਿਰਸੰਦੇਹ ਵਿਸ਼ਵਾਸ ਹੈ ਕਿ ਮੇਰੇ ਵਲੋਂ ਕੀਤਾ ਗਿਆ ਕਾਰਜ ਤੁਰੰਤ ਕਰਨ ਵਾਲਾ, ਨਿਆਂਪੂਰਵਕ ਅਤੇ ਜ਼ਰੂਰੀ ਸੀ। ਮੈਂ ਜੋ ਕੁਝ ਵੀ ਕੀਤਾ ਹੈ ਨੇਕ-ਨੀਅਤੀ ਨਾਲ ਅਤੇ ਇਸ ਦਿਆਨਤਦਾਰ ਵਿਸ਼ਵਾਸ ਨਾਲ ਕੀਤਾ ਹੈ ਕਿ ਦੇਸ ਪ੍ਰਤੀ ਮੇਰੇ ਫਰਜ਼ ਇਸ ਦੀ ਮੰਗ ਕਰਦੇ ਸਨ। ਮੈਨੂੰ ਆਸ਼ਾ ਹੈ ਕਿ ਜੋ ਕਦਮ ਮੈਂ ਤੁਹਾਡੀ ਤਰਫੋਂ ਚੁਕੇ ਹਨ ਉਨ੍ਹਾਂ ਨੂੰ ਸਤਿਕਾਰਯੋਗ ‘ਕੋਰਟ ਆਫ ਡਾਇਰੈਕਟਰਜ਼’ ਆਪਣੀ ਸਹਿਮਤੀ ਅਤੇ ਪ੍ਰਵਾਨਗੀ ਦੇ ਦੇਵੇਗੀ।

ਮੈਂ ਹਾਂ……………
(ਦਸਤਖ਼ਤ) ਡਲਹੌਜ਼ੀ

Leave a Reply

Your email address will not be published. Required fields are marked *