ਆਰ ਐਸ ਐਸ ਦੇ ਮੁਖੀ ਮੋਹਨ ਭਾਗਵਤ 1893 ਵਿਚ ਸ਼ਿਕਾਗੋ ਵਿਖੇ ਵਿਸ਼ਵ ਧਰਮ ਸੰਸਦ ਵਿਚ ਦਿਤੇ ਗਏ ਸਵਾਮੀ ਵਿਵੇਕਾਨੰਦ ਦੇ ਭਾਸ਼ਣ ਦੀ 125ਵੀ ਵਰੇਗੰਢ ਮੌਕੇ ਕਰਵਾਈ ਜਾ ਰਹੀ ਕਾਨਫਰੰਸ ਵਿਚ ਪਹੁੰਚੇ ਸਨ ਤੇ ਉੱਥੇ ਉਨ੍ਹਾਂ ਨੇ ਵਿਵਾਦਪੂਰਨ ਬਿਆਨ ਦਿੱਤਾ ਸੀ ਕਿ ਸਾਰੇ ਹਿੰਦੂ ਇਕਮੁਠ ਹੋਣ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਕੋਈ ਸ਼ੇਰ ਇਕੱਲਾ ਹੁੰਦਾ ਹੈ ਤਾਂ ਜੰਗਲੀ ਕੁੱਤੇ ਵੀ ਉਸ ‘ਤੇ ਹਮਲਾ ਕਰਕੇ ਆਪਣਾ ਸ਼ਿਕਾਰ ਬਣਾ ਸਕਦੇ ਹਨ। ਹੁਣ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭਾਗਵਤ ਹਿੰਦੂਤਵ ਦੀ ਗੱਲ ਕਰ ਰਹੇ ਹਨ, ਨਾ ਕਿ ਸਮੁੱਚੀ ਮਾਨਵਤਾ ਦੀ। ਉਨ੍ਹਾਂ ਦੇ ਬਿਆਨਾਂ ਤੋਂ ਨਫ਼ਰਤ ਦੀ ਭਾਸ਼ਾ ਝਲਕ ਰਹੀ ਹੈ। ਇਸ ਤੋਂ ਪਹਿਲਾਂ ਵੀ ਬਿਆਨ ਦੇ ਚੁੱਕੇ ਹਨ ਕਿ ਹਿੰਦੋਸਤਾਨ ਵਿਚ ਰਹਿ ਰਹੇ ਸਾਰੇ ਲੋਕ ਹਿੰਦੂ ਹਨ ਤੇ ਹਿੰਦੋਸਤਾਨ ਹਿੰਦੂਆਂ ਦਾ ਦੇਸ ਹੈ। ਚਾਹੇ ਇਥੇ ਮੁਸਲਮਾਨ ਰਹਿ ਰਹੇ ਹਨ, ਚਾਹੇ ਸਿੱਖ ਰਹੇ ਹਨ, ਚਾਹੇ ਇਸਾਈ ਰਹਿ ਰਹੇ ਹਨ, ਚਾਹੇ ਬੋਧੀ, ਜੈਨੀ ਰਹਿ ਰਹੇ ਹਨ, ਸਭ ਦਾ ਪਿਛੋਕੜ ਹਿੰਦੂ ਹੈ। ਇਨ੍ਹਾਂ ਬਿਆਨਾਂ ਉਤੇ ਵੱਖ-ਵੱਖ ਧਰਮਾਂ ਦੇ ਬੁੱਧੀਜੀਵੀਆਂ ਤੇ ਨੇਤਾਵਾਂ ਨੇ ਕਿੰਤੂ ਪਰੰਤੂ ਵੀ ਕੀਤਾ ਸੀ। ਅਜਿਹੇ ਬਿਆਨ ਸਮਾਜ ਵਿਚ ਫੁਟ ਪਾਉਣ ਵਾਲੇ ਹਨ। ਆਰ ਐਸ ਐਸ ‘ਤੇ ਦੋਸ਼ ਲੱਗਦੇ ਰਹੇ ਹਨ ਕਿ ਉਹ ਹਿੰਦੂ ਰਾਸ਼ਟਰ ਸਿਰਜਣਾ ਚਾਹੁੰਦੀ ਹੈ ਤੇ ਉਹ ਭਾਰਤੀ ਸੰਵਿਧਾਨ ਵਿਚ ਵਿਸ਼ਵਾਸ ਨਹੀਂ ਰੱਖਦੀ। ਅਰੁੰਧਤੀ ਰਾਇ, ਤੀਸਤਾ ਸੀਤਲਵਾੜ, ਕਨੱਈਆ ਵਰਗੇ ਬੁÎੱਧੀਜੀਵੀ ਕਹਿ ਚੁੱਕੇ ਹਨ ਕਿ ਦੇਸ ਲਈ ਆਰ ਐਸ ਐਸ ਖਤਰਾ ਬਣਦੀ ਜਾ ਰਹੀ ਹੈ।
ਜਿਸ ਮਹਾਂਪੁਰਖ ਸਵਾਮੀ ਵਿਵੇਕਾਨੰਦ ਦੀ ਯਾਦ ਮਨਾਉਣ ਮੋਹਨ ਭਾਗਵਤ ਅਮਰੀਕਾ ਗਏ ਹਨ, ਉਹ ਮਨੁੱਖੀ ਅਜ਼ਾਦੀ ਦੇ ਪੈਰੋਕਾਰ ਸਨ। 12 ਜਨਵਰੀ 1863 ਨੂੰ ਕਲਕੱਤਾ ਵਿਚ ਜਨਮੇ ਸਵਾਮੀ ਵਿਵੇਕਾਨੰਦ ਨੇ ਧਰਮ ਨੂੰ ਵਿਗਿਆਨਕ ਨਜ਼ਰਾ ਨਾਲ ਦੇਖਣ ਦਾ ਨਵਾਂ ਨਜ਼ਰੀਆ ਦਿੱਤਾ। ਕਿਹਾ ਜਾ ਸਕਦਾ ਹੈ ਕਿ ਆਧੁਨਿਕ ਭਾਰਤ ਦੀ ਨੀਂਹ ਜੇਕਰ ਕਿਸੇ ਨੇ ਰੱਖੀ ਤਾਂ ਉਹ ਸਵਾਮੀ ਵਿਵੇਕਾਨੰਦ ਹੀ ਸਨ। ਸਵਾਮੀ ਵਿਵੇਕਾਨੰਦ ਦਾ ਜਨਮ ‘ਦੱਤ’ ਗੋਤਰ ਦੇ ਕਾਇਸਥ ਪਰਿਵਾਰ ਵਿਚ ਹੋਇਆ। ਉਨ੍ਹਾਂ ਦੇ ਪਿਤਾ ਵਿਸ਼ਵਨਾਥ ਦੱਤ ਅਤੇ ਮਾਤਾ ਭੁਵਨੇਸ਼ਵਰੀ ਦੇਵੀ ਨੇ ਆਪਣੇ ਪੁੱਤਰ ਦਾ ਨਾਂਅ ਨਰਿੰਦਰ ਨਾਥ ਰੱਖਿਆ। ਉਨ੍ਹਾਂ ਦੇ ਪਿਤਾ ਉੱਥੇ ਹਾਈਕੋਰਟ ਦੇ ਸਰਕਾਰੀ ਵਕੀਲ ਸਨ। ਕਾਲਜ ਦੀ ਪੜ੍ਹਾਈ ਵੇਲੇ ਉਨ੍ਹਾਂ ਨੇ ਪੱਛਮੀ ਤਰਕ ਸ਼ਾਸਤਰ ਤੇ ਦਰਸ਼ਨ ਤੇ ਯੂਰਪ ਦਾ ਇਤਿਹਾਸ ਆਦਿ ਵਿਸ਼ੇ ਲਏ। ਮਾਤਾ-ਪਿਤਾ ਵਾਂਗ ਉਨ੍ਹਾਂ ਦੀ ਰੁਚੀ ਵੇਦਾਂ, ਉਪਨਿਸ਼ਦਾਂ, ਸ਼੍ਰੀਮਦ ਭਗਵਤ ਗੀਤਾ, ਵਾਲਮੀਕਿ ਰਾਮਾਇਣ ਤੇ ਪੁਰਾਣਾਂ ਵਿੱਚ ਸੀ। ਸਵਾਮੀ ਵਿਵੇਕਾਨੰਦ ਨੇ ਪਹਿਲੀ ਮਈ 1897 ਨੂੰ ਕੋਲਕਾਤਾ ਵਿੱਚ ‘ਰਾਮ ਕ੍ਰਿਸ਼ਣ ਮਿਸ਼ਨ’ ਦੀ ਸਥਾਪਨਾ ਕੀਤੀ। ਇਹ ‘ਧਰਮਾਰਥ ਟਰੱਸਟ’ ਸਵਾਮੀ ਰਾਮ ਕ੍ਰਿਸ਼ਣ ‘ਪਰਮ ਹੰਸ’ ਦੇ ਪੂਜਾ ਅਤੇ ਨਿਵਾਸ ਅਸਥਾਨ (ਰਾਮ ਕ੍ਰਿਸ਼ਣ ਮੱਠ) ਅਖਵਾਉਣ ਵਾਲੇ ‘ਬੇਲੁਰ ਮੱਠ’ ਵਿਖੇ ਮੌਜੂਦ ਹੈ। ਇਸ ਮਗਰੋਂ ਵਿਵੇਕਾਨੰਦ ਜੀ ਨੇ ਅਲਮੋੜਾ (ਉਤਰਾਖੰਡ) ਦੇ ਨੇੜੇ ‘ਮਾਇਆਵਤੀ’ ਕਸਬੇ ਅਤੇ ‘ਮਦਰਾਸ’ (ਤਾਮਿਲਨਾਡੂ) ਵਿਖੇ ‘ਅਦ੍ਵੈਤ ਆਸ਼ਰਮ’ ਸਥਾਪਿਤ ਕੀਤੇ। ਅਮਰੀਕਾ ਦੇ ਸ਼ਿਕਾਗੋ ਨਗਰ ਵਿੱਚ 11 ਸਤੰਬਰ ਤੋਂ 27 ਸਤੰਬਰ 1893 ਤਕ ਸੋਲਾਂ ਦਿਨ ਚੱਲਣ ਵਾਲੇ ਵਿਸ਼ਵ ਧਰਮ ਸੰਸਦ ਦੀ ਖਬਰ ਸਵਾਮੀ ਵਿਵੇਕਾਨੰਦ ਨੇ ਅਖਬਾਰਾਂ ਵਿਚ ਪੜ੍ਹੀ। ਇਸ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਨਾ ਤਾਂ ਕੋਈ ਸੱਦਾ ਪੱਤਰ ਮਿਲਿਆ ਸੀ ਅਤੇ ਨਾ ਹੀ ਉਨ੍ਹਾਂ ਕੋਲ ਉਥੇ ਜਾਣ ਦਾ ਕੋਈ ਟਿਕਾਣਾ ਸੀ। ਪ੍ਰਬੰਧਕਾਂ ਨੇ ਫਟਾਫਟ ਅੰਗਰੇਜ਼ੀ ਬੋਲਣ ਵਾਲੇ ਭਗਵੇਂ ਬਸਤਰਾਂ ਵਾਲੇ ਬਿਨ ਬੁਲਾਏ ਮਹਿਮਾਨ ਨੂੰ ‘ਜੀ ਆਇਆਂ’ ਆਖਿਆ ਅਤੇ ਵਿਚਾਰ-ਵਟਾਂਦਰਾ ਕਰਕੇ ਵਿਵੇਕਾਨੰਦ ਨੂੰ ਚਾਰ ਦਿਨ ਬੋਲਣ ਦਾ ਸਮਾਂ ਦਿੱਤਾ। ਠੀਕ 125 ਸਾਲ ਪਹਿਲਾਂ ਸਵਾਮੀ ਵਿਵੇਕਾਨੰਦ ਨੇ ਆਪਣੇ ਇਤਿਹਾਸਕ ਭਾਸ਼ਣ ਦੇ ਰਾਹੀਂ ਭਾਰਤ ਦੀ ਇਕ ਮਨੁੱਖਤਾ ਪੱਖੀ ਸੋਚ ਰੱਖਦੇ ਹੋਏ ਹਿੰਦੂ ਧਰਮ ਦਾ ਉਦਾਰਵਾਦੀ ਚਿਹਰਾ ਦੁਨੀਆਂ ਦੇ ਸਾਹਮਣੇ ਰੱਖਿਆ।
ਉਹ ਸੰਮੇਲਨ ਕਿਸੇ ਧਰਮ ਵਿਸ਼ੇਸ਼ ਦਾ ਸੰਮੇਲਨ ਨਹੀਂ ਸੀ, ਪਰ ਉਸ ਸੰਮੇਲਨ ਵਿਚ ਸਵਾਮੀ ਵਿਵੇਕਾਨੰਦ ਦੇ ਦਿੱਤੇ ਗਏ ਇਸ ਭਾਸ਼ਣ ਦੀ ਯਾਦ ਵਿਚ ਆਰ ਐਸ ਐਸ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਜੋ ਸੰਮੇਲਨ ਕੀਤਾ ਉਹ ਐਲਾਨੀਆ ਤੌਰ ਉਤੇ ਹਿੰਦੂ ਸੰਮੇਲਨ ਸੀ, ਜਿਸ ਵਿਚ ਮੁੱਖ ਬੁਲਾਰੇ ਦੇ ਤੌਰ ਉਤੇ ਆਰ ਐਸ ਐਸ ਦੇ ਮੁਖੀ ਮੋਹਨ ਭਾਗਵਤ ਨੇ ਬਹੁਤ ਹੀ ਅਨੈਤਿਕ ਪੂਰਨ ਸ਼ਬਦਾਵਲੀ ਵਿਚ ਆਪਣੇ ਹਿੰਦੂਤਵ ਦੇ ਤੰਗਨਜ਼ਰ ਦਰਸ਼ਨ ਨੂੰ ਪੇਸ਼ ਕੀਤਾ। ਇਹੀ ਨਹੀਂ, ਉਨ੍ਹਾਂ ਨੇ ਆਪਣੇ ਉਸ ਦਰਸ਼ਨ ਨੂੰ ਸਵਾਮੀ ਵਿਵੇਕਾਨੰਦ ਦੀ ਵਿਰਾਸਤ ਨਾਲ ਜੋੜਦੇ ਹੋਏ ਸਵਾਮੀ ਵਿਵੇਕਾਨੰਦ ਦੇ ਹਿੰਦੂ ਦਰਸ਼ਨ ਦਾ ਵੀ ਮਜ਼ਾਕ ਉਡਾਇਆ। ਸੰਘ ਦੀ ਸਮੱਸਿਆ ਇਹ ਹੈ ਕਿ ਉਸ ਕੋਲ ਮਨੁੱਖੀ ਹਿੱਤ ਵਿਚ ਉਹ ਫਿਲਾਸਫੀ ਨਹੀਂ ਹੈ, ਜੋ ਸਵਾਮੀ ਵਿਵੇਕਾਨੰਦ ਕੋਲ ਸੀ, ਜਿਸ ਨੂੰ ਸਰਬੱਤ ਦੇ ਭਲੇ ਦੀ ਪ੍ਰਤੀਕ ਦੱਸਿਆ ਜਾਂਦਾ ਹੈ। ਸੰਘ ਸਿਰਫ ਗੁਰੂ ਗੋਲਵਾਲਕਰ, ਸਾਵਰਕਰ ਤੇ ਮੁੰਜੇ ਦੀ ਮਨੁੱਖਤਾ ਵਿਰੋਧੀ ਫਿਲਾਸਫੀ ਨੂੰ ਅਪਨਾ ਰਿਹਾ ਹੈ। ਸੁਆਮੀ ਵਿਵੇਕਾਨੰਦ ਦੀ ਫਿਲਾਸਫੀ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ। ਗੁਰੂ ਗੋਲਵਾਲਕਰ ਦੀ ਲਿਖੀ ‘ਬੰਚ ਆਫ ਥਾਟਸ’ ‘ਵੀ ਆਰ ਨੇਸ਼ਨ ਹੁੱਡ ਡਿਫਾਈਨਡ’ ਵਿਚ ਜਰਮਨੀ ਵਿਚ ਨਾਜ਼ੀਆਂ ਦੁਆਰਾ ਕੀਤੀ ਗਈ ਯਹੂਦੀਆਂ ਦੀ ਨਸਲਕੁਸ਼ੀ ਤੇ ਇਟਲੀ ਦੇ ਫਾਸ਼ੀਵਾਦ ਦਾ ਭਰਪੂਰ ਸਮਰੱਥਨ ਕੀਤਾ ਗਿਆ ਹੈ। ਗੋਲਵਾਲਕਰ ਦਾ ਕਹਿਣਾ ਹੈ ਕਿ ਭਾਰਤ  ਹਿੰਦੂ ਰਾਸ਼ਟਰ ਬਣ ਜਾਣਾ ਚਾਹੀਦਾ ਹੈ ਤੇ ਬਾਕੀ ਜਾਤੀਆਂ ਤੇ ਕੌਮਾਂ ਨੂੰ ਹਿੰਦੂ ਜਾਤੀ ਵਿਚ ਮਿਲ ਕੇ ਆਪਣੀ ਸੁਤੰਤਰ ਹੋਂਦ ਗੁਆ ਦੇਣੀ ਚਾਹੀਦੀ ਹੈ ਜਾਂ ਇਸ ਦੇਸ਼ ਵਿਚ ਪੂਰੀ ਤਰ੍ਹਾਂ ਹਿੰਦੂ ਰਾਸ਼ਟਰ ਦੀ ਗੁਲਾਮੀ ਕਰਦੇ ਹੋਏ ਬਿਨਾਂ ਕੋਈ ਮੰਗ ਕੀਤੇ, ਬਿਨਾਂ ਕਿਸੇ ਪ੍ਰਕਾਰ ਦਾ ਵਿਸ਼ੇਸ਼ ਅਧਿਕਾਰ ਮੰਗੇ, ਵਿਸ਼ੇਸ਼ ਵਿਹਾਰ ਦੀ ਕਾਮਨਾ ਕਰਨ ਦੀ ਉਮੀਦ ਹੀ ਨਾ ਕੀਤੀ ਜਾਵੇ। ਇੱਥੋਂ ਤੱਕ ਬਿਨਾਂ ਨਾਗਰਿਕਾਂ ਅਧਿਕਾਰਾਂ ਦੇ ਰਹਿਣਾ ਪਵੇਗਾ। ਅਸੀਂ ਇਕ ਪ੍ਰਾਚੀਨ ਰਾਸ਼ਟਰ ਹਾਂ। ਸਾਨੂੰ ਉਨ੍ਹਾਂ ਵਿਦੇਸ਼ੀ ਕੌਮਾਂ ਜੋ ਸਾਡੇ ਦੇਸ਼ ਵਿਚ ਰਹਿ ਰਹੀਆਂ ਹਨ, ਇਸ ਤਰ੍ਹਾਂ ਨਿਪਟਣਾ ਚਾਹੀਦਾ ਹੈ, ਜਿਵੇ ਕਿ ਪ੍ਰਾਚੀਨ ਰਾਸ਼ਟਰ ਵਿਦੇਸ਼ੀ ਨਸਲਾਂ ਨਾਲ ਨਿਪਟਿਆ ਕਰਦੇ ਸਨ। (ਗੋਲਵਾਲਕਰ ਵੀ ਆਰ ਆਵਰ ਨੈਸ਼ਨਹੁੱਡ ਡਿਫਾਈਨਡ ਪੰਨਾ-47, 48)
ਜਦ ਕਿ ਦੂਸਰੇ ਪਾਸੇ ਸਵਾਮੀ ਵਿਵੇਕਾਨੰਦ ਸਾਂਝੀਵਾਲਤਾ ਦਾ ਸੁਨੇਹਾ ਦੇਣ ਵਾਲੇ ਭਾਰਤ ਦੇ ਮਹਾਨ ਪੁਰਸ਼ ਸਨ। ਉਨ੍ਹਾਂ ਲਈ ਗੁਰੂ ਗੋਬਿੰਦ ਸਿੰਘ ਜੀ ਮਹਾਨ ਨਾਇਕ ਸਨ। ਜਿਨ•ਾਂ ਬਾਰੇ ਉਹ ਕਹਿੰਦੇ ਸਨ ਕਿ ਜੇਕਰ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਤਾਂ ਭਾਰਤ ਵਿਚ ਜਮਹੂਰੀਅਤ ਵੀ ਨਾ ਹੁੰਦੀ ਤੇ ਨਾ ਹੀ ਧਰਮਾਂ ਦੀ ਅਜ਼ਾਦੀ ਹੁੰਦੀ। ਉਨ੍ਹਾਂ ਕਿਹਾ ਸੀ, ‘ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਇਹੋ ਜਿਹੀ ਦੀਖਿਆ (ਅੰਮ੍ਰਿਤ ਦੀ ਦਾਤ) ਦਿੱਤੀ ਸੀ, ਜਿਸ ਨਾਲ ਉਨ੍ਹਾਂ ਵਿਚ ਅਥਾਹ ਸ਼ਕਤੀ ਦਾ ਸੰਚਾਰ ਹੋ ਗਿਆ। ਹਰ ਇਕ ਦੀਖਿਅਤ ਮਨੁਖ ਵਿਚ ਸਵਾ ਲੱਖ ਲੋਕਾਂ ਦੀ ਸ਼ਕਤੀ ਸਮਾ ਗਈ। ਭਾਰਤ ਵਿਚ, ਉਸ ਦੇ ਇਤਿਹਾਸ ਵਿਚ ਇਸ ਵਰਗੀ ਕੋਈ ਹੋਰ ਮਿਸਾਲ ਵਿਰਲੀ ਹੀ ਮਿਲੇਗੀ, ਜੋ ਕੁਝ ਗੁਰੂ ਗੋਬਿੰਦ ਸਿੰਘ ਜੀ ਨੇ ਕਰ ਦਿਖਾਇਆ।
ਸਵਾਮੀ ਜੀ ਰਾਜਨੇਤਾ ਨਹੀਂ ਸਨ। ਉਹ ਅਸਲ ਅਰਥਾਂ ਵਿਚ ਸੰਤ ਸਨ। ਉਹ ਹਿੰਦੂ ਫਿਲਾਸਫੀ ਜੋ ਮਨੁੱਖਤਾ ਦੇ ਹਿੱਤ ਵਿਚ ਸੀ, ਉਸ ਤੋਂ ਚੰਗੀ ਤਰ੍ਹਾਂ ਜਾਣੂ ਸਨ। ਉਨ੍ਹਾਂ ਨੇ ਹਿੰਦੂ ਫਿਰਕਾਪ੍ਰਸਤਾਂ ਤੇ ਪਾਖੰਡੀ ਗੁਰੂਆਂ ਨੂੰ ਲਲਕਾਰਦੇ ਹੋਏ ‘ਕਾਸਟ ਕਲਚਰ ਐਂਡ ਸ਼ੋਸ਼ਲਿਜ਼ਮ’ ਵਿਚ ਕਿਹਾ ਸੀ ਕਿ ਸ਼ੂਦਰਾਂ ਨੇ ਆਪਣੇ ਹੱਕ ਮੰਗਣ ਦੇ ਲਈ ਜਦ ਵੀ ਮੂੰਹ ਖੋਲ੍ਹਿਆ ਉਨ੍ਹਾਂ ਦੀਆਂ ਜੀਭਾਂ ਕਟ ਦਿਤੀਆਂ ਗਈਆਂ। ਉਨ੍ਹਾਂ ਨਾਲ ਜਾਨਵਰਾਂ ਦੀ ਤਰ੍ਹਾਂ ਸਲੂਕ ਕੀਤਾ ਗਿਆ। ਪਰ ਹੁਣ ਤੁਸੀਂ ਉਨ੍ਹਾਂ ਦੇ ਅਧਿਕਾਰ ਵਾਪਸ ਦੇ ਦਿਓ। ਉਨ੍ਹਾਂ ਨੂੰ ਮਨੁੱਖ ਸਮਝੋ। ਜੇਕਰ ਉਹ ਜਾਗ ਗਏ ਤੇ ਤੁਹਾਡੇ ਕੀਤੇ ਹੋਏ ਜ਼ੁਲਮਾਂ ਤੇ ਲੁਟ ਨੂੰ ਸਮਝ ਗਏ ਤਾਂ ਉਹ ਤੁਹਾਨੂੰ ਤਬਾਹ ਕਰ ਦੇਣਗੇ। ਇਹ ਉਹੀ ਸ਼ੂਦਰ ਲੋਕ ਹਨ, ਜਿਨ੍ਹਾਂ ਨੇ ਤੁਹਾਨੂੰ ਸਭਿਅਤਾ ਸਿਖਾਈ ਹੈ ਤੇ ਇਹ ਹੀ ਤੁਹਾਨੂੰ ਹੇਠਾਂ ਸੁਟ ਦੇਣਗੇ। ਉਨ੍ਹਾਂ ਨੇ ਕਿਹਾ ਕਿ ਤੁਸੀਂ ਜਾਤ-ਪਾਤ ਆਪਣੇ ਸਿਰ ਉਤੇ ਲੱਦ ਕੀ ਕੀ ਹਾਸਲ ਕੀਤਾ? ਮਨੁਖ ਨੂੰ ਮਨੁਖ ਦਾ ਗੁਲਾਮ ਬਣਾ ਦਿਤਾ ਤੇ ਇਨਸਾਨੀਅਤ ਨੂੰ ਕੁਚਲ ਕੇ ਰਖ ਦਿੱਤਾ। ਆਓ ਹਿੰਦੂ ਬਣਨ ਤੋਂ ਪਹਿਲਾਂ ਮਨੁੱਖ ਬਣੀਏ ਤੇ ਉਨ੍ਹਾਂ ਪੰਡੇ-ਪੁਜਾਰੀਆਂ ਨੂੰ ਕੱਢ ਕੇ ਬਾਹਰ ਸੁੱਟੀਏ, ਜੋ ਹਮੇਸ਼ਾ ਸਮਾਜ ਦੀ ਪ੍ਰਗਤੀ ਦੇ ਖਿਲਾਫ਼ ਰਹੇ ਹਨ ਤੇ ਸਮਾਜ ਵਿਚ ਵੰਡੀਆਂ ਪਾਉਂਦੇ ਰਹੇ ਹਨ ਜੋ ਕਦੀ ਸਮਾਜ ਦੇ ਵਿਕਾਸ ਵਿਚ ਹਿਸਾ ਨਹੀਂ ਪਾ ਸਕਦੇ ਤੇ ਜਿਨ•ਾਂ ਦਾ ਹਿਰਦਾ ਕਦੇ ਵੀ ਵਿਸ਼ਾਲ ਨਹੀਂ ਬਣ ਸਕਦਾ। ਉਹ ਸਦੀਆਂ ਤੋਂ ਅੰਧ-ਵਿਸ਼ਵਾਸਾਂ ਦੀ ਉਪਜ ਹਨ ਤੇ ਸਮਾਜ ਤੇ ਜ਼ੁਲਮ ਕਰਦੇ ਰਹੇ ਹਨ। ਇਸ ਲਈ ਪਹਿਲਾਂ ਪੁਜਾਰੀਵਾਦ ਦਾ ਨਾਸ਼ ਕਰੋ, ਆਪਣੇ ਘਟੀਆ ਸੰਸਕਾਰਾਂ ਨੂੰ ਤੋੜੋ, ਮਨੁੱਖ ਬਣੋ ਤੇ ਮਾਨਵਤਾ ਲਈ ਜੀਓ। ਦੇਖੋ ਕਿ ਕਿਵੇਂ ਦੂਜੇ ਰਾਸ਼ਟਰ ਅੱਗੇ ਵਧ ਰਹੇ ਹਨ। ਨਫ਼ਰਤ ਫੈਲਾਉਣ ਦੇ ਆਪਣੇ ਪ੍ਰੋਗਰਾਮ ਤਹਿਤ ਆਰ ਐਸ ਐਸ ਤੇ ਉਨ੍ਹਾਂ ਦੀਆਂ ਜਥੇਬੰਦੀਆਂ ਧਰਮ ਬਦਲੀ ਦਾ ਖੂਬ ਸ਼ੋਰ ਮਚਾਉਂਦੇ ਹਨ। ਸਵਾਮੀ ਜੀ ਨੇ ਵੀ ਸਵੀਕਾਰਿਆ ਕਿ ਭਾਰਤ ਵਿਚ ਮੁਸਲਿਮ ਸ਼ਾਸ਼ਕਾਂ ਦੇ ਆਗਮਨ ਦੇ ਬਾਅਦ ਦੇਸ ਦੀ ਅਬਾਦੀ ਦੇ ਇਕ ਵੱਡੇ ਹਿੱਸੇ ਨੇ ਇਸਲਾਮ ਕਬੂਲ ਕਰ ਲਿਆ ਸੀ, ਪਰ ਨਾਲ ਉਹ ਇਹ ਵੀ ਕਹਿੰਦੇ ਹਨ ਕਿ ਇਹ ਸਭ ਤਲਵਾਰ ਦੇ ਜ਼ੋਰ ਨਾਲ ਨਹੀਂ ਸੀ ਹੋਇਆ। ਭਗਵੇਂ ਰਾਸ਼ਟਰਵਾਦੀ ਮੁਸਲਮਾਨਾਂ ਦੇ ਪ੍ਰਤੀ ਆਪਣੀ ਨਫ਼ਰਤ ਭਰੀ ਵਿਚਾਰਧਾਰਾ ਨੂੰ ਸੱਚ ਦਾ ਜਾਮਾ ਪਹਿਨਾਉਣ ਲਈ ਸੁਆਮੀ ਜੀ ਦੇ ਨਾਮ ਨੂੰ ਲੰਮੇ ਸਮੇਂ ਤੋਂ ਇਸਤੇਮਾਲ ਕਰਦੇ ਆ ਰਹੇ ਹਨ। ਪਰ ਸੁਆਮੀ ਜੀ ਨੇ ਕਦੇ ਵੀ ਨਫ਼ਰਤ ਭਰਪੂਰ ਪ੍ਰਚਾਰ ਨਹੀਂ ਕੀਤਾ। ਉਹ ਚਾਹੁੰਦੇ ਸਨ ਕਿ ਭਾਰਤ ਜਾਤੀਵਾਦ ਰਹਿਤ ਦੇਸ ਬਣੇ, ਜਿਥੇ ਸਾਰੇ ਧਰਮ ਵੰਨ ਸੁਵੰਨਤਾ ਦਾ ਅਨੰਦ ਮਾਣਨ, ਅਜ਼ਾਦੀ ਮਾਣਨ, ਖੁਸ਼ ਰਹਿਣ ਤੇ ਵਿਕਾਸ ਕਰਨ। ਪਰ ਆਰ ਐਸ ਐਸ ਦੀ ਵਿਚਾਰਧਾਰਾ ਬਿਲਕੁਲ ਸਵਾਮੀ ਵਿਵੇਕਾਨੰਦ ਦੀ ਵਿਚਾਰਧਾਰਾ ਤੋਂ ਉਲਟ ਹੈ। ਜੋ ਜਾਤੀਵਾਦ ਤੇ ਮਨੂਸਿਮਰਤੀਆਂ ਵਾਲੀ ਨਫ਼ਰਤ ਨਾਲ ਭਰੀ ਹੋਈ ਹੈ। ਇਹ ਲੋਕ ਬੁਧੀਜੀਵੀਆਂ ਨੂੰ ਸ਼ਹਿਰੀ ਨਕਸਲੀ ਤੇ ਦੂਜੇ ਧਰਮਾਂ ਨੂੰ ਹਿੰਦੂ ਵਿਰੋਧੀ ਕਰਾਰ ਦੇ ਕੇ ਪਾਕਿਸਤਾਨ ਚਲੇ ਜਾਣ ਦੀ ਸਲਾਹ ਦੇ ਰਹੇ ਹਨ। ਇਸ ਨਾਲ ਦੇਸ ਇਕਮੁਠ ਨਹੀਂ ਰਹਿ ਸਕਦਾ। ਸਵਾਮੀ ਜੀ ਦੀ ਵਿਚਾਰਧਾਰਾ ਹੀ ਭਾਰਤ ਨੂੰ ਇਕਮੁਠ ਕਰ ਸਕਦੀ ਹੈ।

 

 

 

 

 

-ਪ੍ਰੋ. ਬਲਵਿੰਦਰਪਾਲ ਸਿੰਘ 9815700916

Leave a Reply

Your email address will not be published. Required fields are marked *