ਸਿਖਰ ਦੁਪਹਿਰ ਸੀ ਤੇ ਅਗਸਤ ਮਹੀਨੇ ਦੇ ਸੂਰਜ ਦੀਆਂ ਤਿਖੀਆਂ ਚੁਭਵੀਆਂ ਤੇਜ਼ ਕਿਰਣਾਂ ਪੰਜਾਬੀ ਦੇ ਪ੍ਰਸਿਧ ਲੇਖਕਾਂ ਤੇ ਕਲਾਕਾਰਾਂ ਦੇ ਨਰਮ-ਨਾਜ਼ੁਕ ਸਰੀਰਾਂ ਨੂੰ ਤੰਗ ਕਰ ਰਹੀਆਂ ਸਨ। ਪਰ ਉਹ ਕਿਸੇ ਜਨੂੰਨੀ ਸੋਚ ਦੇ ਤਹਿਤ ਨਾਰ੍ਹੇ ਲਾਉਂਦੇ ਹੋਏ ਵਾਹੋਦਾਰੀ ਕਾਫਲੇ ਦੀ ਸ਼ਕਲ ਵਿਚ ਭਜੇ ਜਾ ਰਹੇ ਸਨ —
ਬੰਗਲਾਦੇਸ਼ ਦੀ ਸਰਕਾਰ,
ਮੁਰਬਦਾਬਾਦ!
ਬੰਗਲਾਦੇਸ਼ੀ ਪੁਲੀਸ
ਹਾਏ ਹਾਏ! ਹਾਏ ਹਾਏ!
ਉਹਨਾਂ ਨੇ ਪੋਸਟਰ ਵੀ ਫੜੇ ਹੋਏ ਸਨ, ਜਿਨ੍ਹਾਂ ਵਿਚ ਤਸਲੀਮਾ ਸੰਗਲਾਂ ਵਿਚ ਜਕੜੀ ਹੋਈ ਬੈਠੀ ਸੀ। ਜਲੂਸ ਵਿਚ ਚਲ ਰਹੇ ਪੰਜ ਨਵੇਂ ਲੇਖਕਾਂ ਨੇ ਵੀ ਹਥਾਂ-ਪੈਰਾਂ ਵਿਚ ਬੇੜੀਆਂ ਪਾਈਆਂ ਹੋਈਆਂ ਸਨ। ਉਨ੍ਹਾਂ ਦੇ ਰੋਹਵਾਨ ਚਿਹਰੇ ਕਹਿ ਰਹੇ ਸਨ —
”ਤਸਲੀਮਾ ਨਸਰੀਨ! ਇਸ ਕੌਮਾਂਤਰੀ ਜਦੋਜਹਿਦ ਵਿਚ ਤੂੰ ਇਕਲੀ ਨਹੀਂ।”
”ਸੰਘਰਸ਼ ਕਰਨ ਵਾਲਾ ਕੋਈ ਵਿਅਕਤੀ ਇਕਲਾ ਕਿਵੇਂ ਹੋ ਸਕਦੈ?”
”ਖਾਸ ਕਰਕੇ ਜਦੋਂ ਉਹ ਮਨੁਖੀ ਹੱਕਾਂ ਦੀ ਆਜ਼ਾਦੀ ਲਈ ਲੜ ਰਿਹਾ ਹੋਵੇ!”
”ਜਦੋਂ ਉਹ ਕਲਮ ਦੀ ਆਜ਼ਾਦੀ ਵਾਸਤੇ ਜੂਝ ਰਿਹਾ ਹੋਵੇ।”
ਇਸ ਲੋਕ ਮਨੁਖੀ ਅਧਿਕਾਰ ਭਵਨ ਤੋਂ ਬਸ ਸਟੈਂਡ ਵਲ ਜਾ ਰਹੇ ਸਨ।
”ਜਲੂਸ ਦੀ ਸ਼ਕਲ ਬਣਾਈ ਰਖੋ।” ਉਨ੍ਹਾਂ ਦਾ ਬੁÎਢਾ ਨਾਵਲਕਾਰ ਨੇਤਾ ਚੀਖ ਰਿਹਾ ਸੀ। ਉਹਨੇ ਹਾਲੇ ਹੁਣੇ ਹੀ ਦਿਲੀ ਵਾਲਿਆਂ ਕੋਲੋਂ ਸਵਾ ਲੱਖ ਦਾ ਇਨਾਮ ਜਿਤਿਆ ਸੀ। ਹੁਣ ਉਹ ਆਪਣੀ ਲੋਕਪ੍ਰਿਅਤਾ ਨੂੰ ਸਾਬਤ ਕਰ ਰਿਹਾ ਸੀ।
”ਜਲੂਸ ਦੀ ਸ਼ਕਲ ਬਣਾਈ ਰਖਣੀ ਬਹੁਤ ਜ਼ਰੂਰੀ ਹੈ।” ਉਹ ਦੌੜਦਾ ਭਜਦਾ ਹੋਇਆ ਵਾਰ-ਵਾਰ ਕਹੀ ਜਾ ਰਿਹਾ ਸੀ —”ਕਿਉਂਕਿ ਸਾਰਾ ਹੀ ਕੌਮਾਂਤਰੀ ਪ੍ਰੈਸ, ਰੇਡੀਓ ਅਤੇ ਟੀ.ਵੀ. ਕੈਮਰੇ ਅਜ ਤੁਹਾਡੇ ਉਤੇ ਫੋਕਸ ਹੋਏ ਪਏ ਨੇ। ਤੁਸੀਂ ਕਿੰਨੇ ਖੁਸ਼ਨਸੀਬ ਹੋ!”
”ਪਰ ਧੁਪ ਵੀ ਤਾਂ ਅਸੀਂ ਹੀ ਸਹਿ ਰਹੇ ਹਾਂ…” ਭੀੜ ਵਿਚੋਂ ਆਵਾਜ਼ ਉਭਰ ਰਹੀ ਸੀ। ਨੇਤਾ ਨੇ ਫੇਰ ਪੁਛਿਆ — ”ਤਾਂ ਕੀ ਤੁਸੀਂ ਕੁਰਬਾਨੀ ਤੋਂ ਡਰਦੇ ਹੋ?”
”ਬਿਲਕੁਲ ਨਹੀਂ…”
”ਪੰਜਾਬੀ ਤਾਂ ਸਦੀਆਂ ਤੋਂ ਕੁਰਬਾਨੀਆਂ ਕਰਦੇ ਆਏ ਨੇ….”
”ਅਸੀਂ ਵੀ ਉਸ ਪਰੰਪਰਾ ਨੂੰ ਕਾਇਮ ਰਖਾਂਗੇ।”
”ਜਦੋਂ ਕਿ ਹੁਣ ਕੁਰਬਾਨੀਆਂ ਦਾ ਮੁਲ ਵੀ ਪੈਣ ਲਗ ਪਿਆ ਹੈ…”
”ਕੁਰਬਾਨੀਆਂ ਦਾ ਮੁਲ ਕਦੋਂ ਨਹੀਂ ਪਿਆ, ਦੋਸਤੋ?”
”ਪਰ ਹੁਣ ਤਾਂ ਹਰ ਕੁਰਬਾਨੀ ਕੌਮਾਂਤਰੀ ਪਧਰ ਉਤੇ ਨਸ਼ਰ ਹੋ ਜਾਂਦੀ ਹੈ…”
ਪੰਜਾਬੀ ਦੇ ਇਨ੍ਹਾਂ ਸੌ ਤੋਂ ਵÎਧ ਲੇਖਕਾਂ, ਕਲਾਕਾਰਾਂ ਤੇ ਪੱਤਰਕਾਰਾਂ ਨੇ ਪਹਿਲਾਂ ਮਨੁਖੀ ਅਧਿਕਾਰ ਭਵਨ ਵਿਚ ਇਕ ਜ਼ੋਰਦਾਰ ਜਲਸਾ ਕਰਕੇ ਬੰਗਲਾਦੇਸ਼ੀ ਲੇਖਕਾਂ ਤਸਲੀਮਾ ਨਸਰੀਨ ਦੀ ਬਹੁਰੰਗੀ ਤਸਵੀਰ ਤੋਂ ਪਰਦਾ ਚੁਕਿਆ ਸੀ। ਤਸਲੀਮਾ ਨਸਰੀਨ ਦੀ ਤਸਵੀਰ ਚਮਕ ਰਹੀ ਸੀ। ਲੇਖਕਾਂ ਦੇ ਚਿਹਰੇ ਉਤੇ ਮੁਸਕਰਾਹਟ ਸੀ ਅਤੇ ਅਖਾਂ ਵਿਚ ਮਸਤੀ ਦਾ ਆਲਮ ਸੀ। ਜਿਹੜੇ ਲੋਕ ਦੂਰ ਪਾਰਲੇ ਪਿੰਡਾਂ ਤੋਂ ਆਏ ਸਨ, ਉਨ੍ਹਾਂ ਨੇ ਤਸਲੀਮਾ ਨੂੰ ਪਹਿਲੀ ਵਾਰ ਵੇਖਿਆ ਸੀ।
ਉਨ੍ਹਾਂ ਨੇ ਦਿਲਾਂ ਉਤੇ ਹਥ ਰਖ ਕੇ ਕਿਹਾ—”ਵਾਹ, ਕਿੰਨੀ ਖੂਬਸਰੂਤ ਐ!”
ਕਾਫਲੇ ਦੇ ਪ੍ਰਬੰਧਕਾਂ ਵਿਚੋਂ ਕਿਸੇ ਨੇ ਜਵਾਬ ਦਿਤਾ ਸੀ —
”ਪਰ ਇਸ ਅੰਤਾਂ ਦੀ ਖੂਬਸੂਰਤੀ ਨੂੰ ਬੰਗਲਾਦੇਸ਼ੀ ਜਨੂੰਨੀ ਫਾਹੇ ਲਾ ਕੇ ਛਡਣਗੇ…”
”ਘੋਰ ਅਨਿਆਏ! ਖੂਬਸੂਰਤੀ ਫਾਹੇ ਲਗਣ ਲਈ ਹੈ?”
”ਪਰ ਅਸੀਂ ਇਹ ਅਨਿਆਂ ਨਹੀਂ ਹੋਣ ਦਿਆਂਗੇ…”
”ਪਰ ਅਸੀਂ ਕੀ ਕਰ ਸਕਦੇ ਹਾਂ?”
”ਅਸੀਂ, ਏਨੀ ਸੋਹਣੀ ਕੁੜੀ ਨੂੰ ਆਪਣੇ ਕੋਲ ਰਖ ਸਕਦੇ ਹਾਂ…”
”ਪਰ ਉਹ ਮੁਸਲਮਾਨ ਐ….”
”ਜ਼ਨਾਨੀ ਦਾ ਕੋਈ ਧਰਮ ਨਹੀਂ ਹੁੰਦਾ”
”ਇਹ ਕਿਸਨੇ ਕਿਹਾ?”
”ਪੜ੍ਹੋ ਮੁਪਾਸਾਂ ਨੂੰ…ਉਹ ਫਰਾਂਸ ਦਾ ਮਹਾਨ ਲੇਖਕ ਹੈ।”
”ਤਾਂ ਫੇਰ ਠੀਕ, ਹੋ ਸਕਦੈ। ਫਰਾਂਸੀਸੀ ਲੇਖਕ ਵੀ ਸਾਡੇ ਵਾਂਗ ਹੀ ਕੌਮਾਂਤਰੀ ਸੋਚ ਰਖਦੇ ਨੇ। ਉਨ੍ਹਾਂ ਦੀ ਗਲ ਉਤੇ ਯਕੀਨ ਹੋ ਸਕਦੈ….ਪਰ ਸਾਡੇ ਆਪਣੇ ਲੇਖਕ ਤਾਂ ਬੁਰਜ਼ਵਾ ਹੋ ਗਏ ਨੇ…”
”ਲਖ ਲਾਹਨਤ!” ਕਈਆਂ ਨੇ ਥੁਕ ਕੇ ਕਿਹਾ। ਕਾਫਲੇ ਦੇ ਪਿਛਲੇ ਪਾਸਿਉਂ ਨਾਰ੍ਹਾ ਬੁਲੰਦ ਹੋਇਆ —
”ਨਸਰੀਨਾ ਤਸਲੀਮ! ਜ਼ਿੰਦਾਬਾਦ!”
ਜਦੋਂ ਇਹ ਲੋਕ ਤਸਲੀਮਾ ਬਾਰੇ ਗੱਲਾਂ ਕਰ ਰਹੇ ਸਨ, ਉਸ ਵੇਲੇ ਕਾਫਲੇ ਦੇ ਪ੍ਰਧਾਨ ਨੇ ਡਾਇਸ ਕੋਲ ਪੁਜ ਕੇ ਅਜ ਦੀ ਕਿਸੇ ਅੰਰਗੇਜ਼ੀ ਅਖ਼ਬਾਰ ਦਾ ਸੰਪਾਦਕੀ ਪੜ੍ਹਣਾ ਸ਼ੁਰੂ ਕਰ ਦਿਤਾ ਸੀ —
”ਵਿਚਾਰੀ ਰੂਹ ਲੁਕ-ਲੁਕ ਕੇ ਕਿੰਨੇ ਦਿਨ ਕਟ ਲਵੇਗੀ? ਉਹਦੇ ਉਤੇ ਚਲ ਰਿਹਾ ਕੇਸ ਵਾਪਸ ਹੋਣਾ ਚਾਹੀਦੈ, ਤਾਂ ਕਿ ਉਹ ਆਜ਼ਾਦੀ ਨਾਲ ਸਾਹ ਲੈ ਸਕੇ…ਆਜ਼ਾਦੀ ਦਾ ਮਤਲਬ ਸਮਝ ਕੇ…। ਹਰ ਸ਼ਖਸ ਨੂੰ ਲਿਖਣ ਤੇ ਬੋਲਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ…ਭਾਵੇਂ ਉਹ ਕਿਸੇ ਵੀ ਰੰਗ, ਰੂਪ, ਨਸਲ, ਕੌਮ ਤੇ ਧਰਮ ਦਾ ਹੋਵੇ!”
ਕਾਫਲੇ ਦਾ ਪ੍ਰਧਾਨ ਬਹੁਤ ਜੋਸ਼ ਨਾਲ ਬੋਲ ਰਿਹਾ ਸੀ। ਉਸ ਦੇ ਜੋਸ਼ ਨੂੰ ਵੇਖ ਕੇ ਦਰਸ਼ਕਾਂ-ਸਰੋਤਿਆਂ ਵਿਚੋਂ ਕਈ ਲੇਖਕ ਫਿਕਰਮੰਦ ਹੋ ਕੇ ਸੋਚ ਰਹੇ ਸਨ —
”ਕੰਮਬਖਤ! ਇਹ ਕੋਈ ਹੋਰ ਵੱਡਾ ਇਨਾਮ ਮਾਰ ਲਵੇਗਾ। ਬੜਾ ਡਰਾਮੇਬਾਜ਼ ਐ!”
ਕਿਸੇ ਹੋਰ ਨੇ ਹਲਾਸ਼ੇਰੀ ਦੇਣ ਦੇ ਅੰਦਾਜ਼ ਵਿਚ ਕਿਹਾ ਸੀ — ”ਤੁਸੀਂ ਵੀ ਕਰੋ ਸ਼ਹਿਰ ਸ਼ਹਿਰ ਵਿਚ ਜਲਸੇ ਤੇ ਕਢੋ ਜਲੂਸ ਆਪਣਾ! ਇਨਾਮ ਤੁਹਾਡੇ ਪੈਰ ਚੁੰਮਣਗੇ।”
”ਪਰ ਇਨਾਮ ਲੈਣ ਦਾ ਮਤਲਬ ਹੈ — ਚਾਪਲੂਸੀ ਕਰਨਾ”
”ਤਾਂ ਕੀ ਇਨਾਮ ਦੇ ਮੈਡਲ ਵਿਚੋਂ ਹੀ ਚਾਪਲੂਸੀ ਦੀ ਬੂ ਆਉਂਦੀ ਹੈ?”
”ਨਹੀਂ, ਮੈਡਲ ਬੇਹਿਆ ਹੁੰਦੈ!”
ਕਿਸੇ ਹੋਰ ਨੇ ਕਿਹਾ—”ਮੈਡਲ ਨੂੰ ਭਾਵੇਂ ਚਿਕੜ ਵਿਚ ਚੁਕ ਲਵੋ, ਉਹਦੇ ਵਿਚ ਕੋਈ ਬੂ ਨਹੀਂ ਹੁੰਦੀ —”
”ਰੁਪਏ ਵਾਂਗ?”
”ਬਿਲਕੁਲ! ਰੁਪਿਆ ਵੀ ਤਾਂ ਮੈਡਲ ਹੀ ਹੈ —”
”ਪਰ ਰੁਪਿਆ ਮੈਡਲ ਵਾਂਗ ਨਹੀਂ ਹੈ। ਮੈਡਲ ਲੈ ਕੇ ਤੁਸੀਂ ਥਾਣੇ ਤੇ ਕਚਹਿਰੀ ਵਿਚ ਝੂਠੀ ਗਵਾਹੀ ਵੀ ਦੇ ਸਕਦੇ ਹੋ…ਪਰ ਪੈਸੇ ਨੂੰ ਇਹ ਹਕ ਹਾਸਲ ਨਹੀਂ ਹੈ…”
”ਪਰ ਇਹ ਸਵਾਲ ਆਰਥਿਕਤਾ ਨਾਲ ਸੰਬੰਧਿਤ ਹੈ—”
”ਨਹੀਂ, ਫਲਸਫੇ ਨਾਲ…………”
”ਪਰ ਸਾਹਿਤ ਨੂੰ ਕਿਉਂ ਮਨਫੀ ਕਰੀ ਜਾ ਰਹੇ ਹੋ?”
”ਸਾਹਿਤ?…ਹੀ….ਹੀ….”
ਦਰਸ਼ਕਾ-ਸਰੋਤਿਆਂ ਵਿਚ ਬੈਠੇ ਲੇਖਕਾਂ ਦੀ ਗਲ ਕਾਫਲੇ ਦੇ ਪ੍ਰਬੰਧਕਾਂ ਨੇ ਸੁਣ ਲਈ ਸੀ ਅਤੇ ਉਨ੍ਹਾਂ ਵਿਚੋਂ ਇਕ ਨੇ ਕਾਹਲੀ ਨਾਲ ਮੰਚ ਉਪਰ ਜਾ ਕੇ ਪ੍ਰਧਾਨ ਦੇ ਕੰਨ ਵਿਚ ਕਿਹਾ ਸੀ —
”ਲੇਖਕ ਲੋਕ ਤੁਹਾਡੇ ਇਨਾਮਾ ਦੀਆਂ ਗਲਾਂ ਕਰ ਰਹੇ ਨੇ…ਬੜੇ ਕਮੀਨੇ ਨੇ….”
ਪ੍ਰਧਾਨ ਨੇ ਸੰਪਾਦਕੀ ਪੜ੍ਹਨਾ ਛਡ ਕੇ ਸਰੋਤਿਆਂ-ਦਰਸ਼ਕਾਂ ਵਲ ਵੇਖਿਆ। ਉਹ ਨੂੰ ਮਹਿਸੂਸ ਹੋਇਆ ਕਿ ਉਹਦੇ ਸਾਹਿਤਕ ਕਦ-ਬੁਤ ਦੇ ਮੁਕਾਬਲੇ ਉਤੇ ਸਰੋਤਿਆਂ-ਦਰਸ਼ਕਾਂ ਵਿਚ ਬੈਠੇ ਲੇਖਕ ਪਿਦੀਆਂ ਵਰਗੇ ਹੀ ਸਨ। ਉਹ ਹਸ ਪਿਆ। ਉਹ ਨੂੰ ਖਿਆਲ ਆਇਆ — ”ਇਹ ਪਿਦੀਆਂ ਸੌ ਸਾਲਾਂ ਤਕ ਵੀ ਦਿਲੀ ਦੀਆਂ ਸੜਕਾਂ ਤਕ ਨਹੀਂ ਪੁਜ ਸਕਦੀਆਂ…”
ਫੇਰ ਪ੍ਰਧਾਨ ਨੇ ਪਿਦੀਆਂ ਵਰਗੇ ਲੇਖਕਾਂ ਨੂੰ ਚਿਤਾਵਨੀ ਦੀ ਸੁਰ ਵਿਚ ਕਿਹਾ —
”ਦੋ ਕਹਾਣੀਆਂ ਜਾਂ ਇਕ ਗਜ਼ਲ ਲਿਖ ਕੇ ਇਨਾਮਾਂ ਬਾਰੇ ਸੋਚੀ ਜਾਣਾ ਖੁਦਕੁਸ਼ੀ ਕਰਨ ਦੇ ਬਰਾਬਰ ਹੈ…ਤੇ ਜਿਹੜਾ ਖੁਦਕੁਸ਼ੀ ਕਰਨੀ ਹੀ ਚਾਹੁੰਦਾ ਹੋਵੇ, ਉਹ ਨੂੰ ਕਿਵੇਂ ਰੋਕਿਆ ਜਾ ਸਕਦੈ….!”
ਲੇਖਕ ਹਸ ਪਏ।
”ਖੁਦਕੁਸ਼ੀ ਕਰਨ ਵਾਲੇ ਮੂਰਖ ਨੇ।”
ਪ੍ਰਧਾਨ ਨੇ ਫੇਰ ਕਿਹਾ—”ਮੈਂ ਤੁਹਾਨੂੰ ਲਲਕਾਰ ਕੇ ਕਹਿੰਦਾ ਹਾਂ ਕਿ ਤਸਲੀਮਾ ਦੀ ਜ਼ਿੰਦਗੀ ਨਾਲ ਸਾਨੂੰ ਲੇਖਕਾਂ ਨੂੰ ਲਿਖਣ ਲਈ ਬਹੁਤ ਸਾਰਾ ਮਸਾਲਾ ਮਿਲ ਗਿਆ ਹੈ….”
ਫੇਰ ਉਹ ਇਕ ਭੇਦ ਭਰੇ ਅੰਦਾਜ਼ ਵਿਚ ਬੋਲਿਆ — ”ਤਸਲੀਮਾ ਬਾਰੇ ਮੈਂ ਜਿਹੜਾ ਨਾਵਲ ਮੁਕੰਮਲ ਕਰ ਲਿਆ ਸੀ, ਉਹ ਸਤ ਵਲੈਤਾਂ ਵਿਚ ਛਪਣ ਲਈ ਚਲਿਆ ਗਿਆ ਹੈ ਤੇ ਤੁਸੀਂ ਵੀ ਯਤਨ ਕਰੋ। ਇਕ ਸੁਨਹਿਰੀ ਮੌਕਾ ਹੈ..ਕਲ੍ਹ ਤਕ ਜਿਹੜੇ ਲੇਖਕ ਕਹਿੰਦੇ ਸਨ ਕਿ ਲਿਖਣ ਲਈ ਕੀ ਰਹਿ ਗਿਐ, ਉਹ ਅੱਜ ਸ਼ਰਮਿੰਦੇ ਹੋ ਰਹੇ ਨੇ। ਕਿਉਂਕਿ ਹਰੇਕ ਅਖ਼ਬਾਰ ਅਤੇ ਰਸਾਲਾ ਤਸਲੀਮਾ ਦੀਆਂ ਖੁਬਸੂਰਤ ਤਸਵੀਰਾਂ ਨਾਲ ਭਰਿਆ ਹੋਇਆ ਹੁੰਦੈ!”
ਸਰੋਤਿਆਂ ਵਿਚੋਂ ਆਵਾਜ਼ ਉਭਰ ਰਹੀ ਸੀ — ”ਗਰਮੀ ਬਹੁਤ ਹੈ, ਤੁਸੀਂ ਬਕੜਵਾਹ ਕਰਨਾ ਛਡ ਕੇ ਤਸਲੀਮਾ ਦੇ ਹਕ ਵਿਚ ਮਤਾ ਪੇਸ਼ ਕਰੋ ਤਾਂ ਕਿ ਮਤਾ ਪਾਸ ਕਰਕੇ ਅਸੀਂ ਘਰਾਂ ਨੂੰ ਜਾਈਏ…ਬਹੁਤ ਦੂਰ ਨੇ ਸਾਡੇ ਘਰ….”
ਜਿਸ ਪ੍ਰਬੰਧਕ ਨੇ ਕਈ ਦਿਨ ਲਾ ਕੇ ਮਤਾ ਲਿਖਿਆ ਸੀ, ਉਹ ਮਤੇ ਵਾਲੀ ਕਮੀਜ਼ ਘਰ ਹੀ ਛਡ ਆਇਆ ਸੀ। ਇਸ ਲਈ ਨਵਾਂ ਮਤਾ ਲਿਖਣ ਲਈ ਕਾਫੀ ਵਕਤ ਲਗਾ।
ਕਿਸੇ ਨੇ ਕਿਹਾ — ”ਲਿਖ ਦਿਉ — ਤਸਲੀਮਾ ਸਾਰੀਆਂ ਹੀ ਧਾਰਮਿਕ ਪੋਥੀਆਂ ਨਵੇਂ ਸਿਰਿਉਂ ਲਿÎਖਣ ਦੇ ਹੱਕ ਵਿਚ ਹੈ। ਅਸੀਂ ਉਸਦੀ ਪ੍ਰੋੜਤਾ ਕਰਦੇ ਹਾਂ!”
ਕੋਈ ਹੋਰ ਬੋਲਿਆ — ”ਇਹ ਵਿਵਾਦ ਵਾਲੀ ਗਲ ਹੈ। ਤੁਸੀਂ ਇਹ ਲਿਖੋ ਕਿ ਤਸਲੀਮਾ ਜਿਹੜੀ ਨਾਰੀ ਕੋਖ ਦੀ ਆਜ਼ਾਦੀ ਬਾਰੇ ਗੱਲ ਕਰਦੀ ਹੈ, ਉਹ ਜੀਵਨ ਦਾ ਵਰਦਾਨ ਹੈ ਅਤੇ ਅਸੀਂ ਉਸ ਦੀ ਪੁਸ਼ਟੀ ਕਰਦੇ ਹਾਂ!”
ਕੋਈ ਕੁਝ ਕਹਿ ਰਿਹਾ ਸੀ ਤੇ ਕੋਈ ਕੁਝ! ਜਿਵੇਂ ਕੋਈ ਖਿਦੋ ਉਧੜ ਰਹੀ ਹੋਵੇ।
ਅੰਤ ਵਿਚ ਪ੍ਰਧਾਨ ਬੋਲਿਆ — ”ਵੈਸੇ ਮਤੇ-ਮੁਤੇ ਦੀ ਕੀ ਲੋੜ ਹੈ, ਮੇਰਾ ਨਾਵਲ ਹੀ ਸਭ ਮਤਿਆਂ ਦੀ ਘਾਟ ਪੂਰੀ ਕਰ ਦੇਵੇਗਾ…”
”ਨਹੀਂ!” ਸਰੋਤੇ ਚੀਖੇ — ”ਮਤਾ ਲਿਖੋ!”
”ਮਤਾ ਲਿਖਣਾ ਤਾਂ ਸੌਖਾ ਕੰਮ ਹੈ…” ਅੰਤ ਵਿਚ ਕਾਫਲੇ ਦੇ ਪ੍ਰਧਾਨ ਨੇ ਫੇਰ ਕਿਹਾ — ”ਮੈਂ ਆਪ ਹੀ ਲਿਖ ਕੇ ਪ੍ਰੈਸ ਨੂੰ ਦੇ ਦਿਆਂਗਾ। ਤੁਸੀਂ ਏਨਾ ਹੀ ਕਹਿ ਦਿਉ ਕਿ ਮਤਾ ਪਾਸ!”
ਭੀੜ ਨੇ ਕਿਹਾ—”ਮਤਾ ਪਾਸ!”
”ਚਲੋ ਚਲੀਏ!”
”ਹਾਲੇ ਨਹੀਂ!”
”ਹੋਰ ਕਿਥੇ ਗੁੜ ਵੰਡ ਹੋਣਾ?”
”ਨਹੀਂ, ਪਰ ਆਪਾਂ ਕਾਫਲੇ ਦੀ ਸ਼ਕਲ ਵਿਚ ਸ਼ਹਿਰੋਂ ਲੰਘਣਾ ਹੈ, ਤਾਂ ਕਿ ਸ਼ਹਿਰ ਵਾਲਿਆਂ ਵਿਚ ਕੌਮਾਂਤਰੀ ਜ਼ੁਲਮ ਜ਼ਬਰ ਵਿਰੁਧ ਜਾਗ੍ਰਤੀ ਪੈਦਾ ਹੋ ਜਾਵੇ!” ਗਰਮੀ ਬਹੁਤ ਸੀ, ਪਖੇ ਚਲ ਨਹੀਂ ਸਨ ਰਹੇ ਤੇ ਹਰ ਕੋਈ ਘਬਰਾਹਟ ਮਹਿਸੂਸ ਕਰ ਰਿਹਾ ਸੀ। ਇਸ ਲਈ ਲੇਖਕ ਤੇ ਕਲਾਕਾਰ ਲੋਕ ਕਾਹਲੀ ਨਾਲ ਬਾਹਰ ਨਿਕਲ ਕੇ ਕਤਾਰਾਂ ਵਿਚ ਟੁਰਨ ਲਗ ਪਏ — ”ਚਲੋ ਬਣਾਓ ਕਾਫਲਾ, ਬਾਹਰ ਪ੍ਰੈਸ ਫੋਟੋਗ੍ਰਾਫਰ, ਟੀ.ਵੀ. ਵਾਲੇ ਅਤੇ ਹੋਰ ਅਨੇਕ ਲੋਕ ਸਾਨੂੰ ਤਾੜ ਰਹੇ ਹੋਣਗੇ। ਘਟ ਤੋਂ ਘਟ ਗਲਾਂ ਕਰੋ ਤੇ ਇਕ ਵੀ ਗਲਤ ਬਿਆਨ ਨਾ ਦਿਓ। ਬਲਕਿ ਜੁਬਾਨ ਬੰਦ ਰੱਖੋ।”
ਭੀੜ ਨੇ ਪੁਛਿਆ — ”ਕੀ ਸਾਡੀ ਜ਼ਬਾਨਬੰਦੀ ਹੋ ਚੁਕੀ ਐ?”
ਪ੍ਰਧਾਨ ਨੇ ਕਿਹਾ — ”ਬਕੜਵਾਹ ਕਰਨ ਨਾਲੋਂ ਜ਼ਬਾਨਬੰਦੀ ਬਿਹਤਰ ਹੈ…”
”ਪ੍ਰਧਾਨ ਜੀ, ਤੁਸੀਂ ਇਹ ਮਤਿ ਤਸਲੀਮਾ ਨੂੰ ਕਿਉਂ ਨਹੀਂ ਦਿੰਦੇ?”
”ਉਹ ਤਾਂ ਹੁਣ ਕੁਝ ਬੋਲਦੀ ਹੀ ਨਹੀਂ।”
”ਪਰ ਕਿਉਂ?”
”ਸਰਕਾਰ ਨੇ ਉਹਦੀ ਜ਼ਬਾਨ ਬੰਦ ਕੀਤੀ ਹੋਈ ਐ!”
”ਜ਼ੁਬਾਨਬੰਦੀ ਕੋਈ ਚੰਗੀ ਗਲ ਐ!”
”ਨਹੀਂ, ਬਿਲਕੁਲ ਨਹੀਂ…”
”ਪਰ ਸਿਆਣੇ ਕਹਿੰਦੇ ਨੇ ਕਿ ਘਟ ਲੋਕਾਂ ਨੂੰ ਮਿਲੇ ਤੇ ਘਟ ਬੋਲੋ!”
”ਪਰ ਹੁਣ ਬੋਲਣ ਦਾ, ਵਧ ਤੋਂ ਵਧ ਲੋਕਾਂ ਨੂੰ ਮਿਲਣ ਦਾ ਅਤੇ ਨਸ਼ਰ ਹੋਣ ਦਾ ਯੁਗ ਹੈ…”
ਕਾਫਲੇ ਵਾਲੇ ਬਹੁਤ ਤੇਜ਼ੀ ਨਾਲ ਚਲ ਰਹੇ ਸਨ, ਇਸ ਲਈ ਇਕ ਬੁਢੀ ਮਾਈ ਕਾਫਲੇ ਦੇ ਥਲੇ ਆ ਕੇ ਮਰਨੋਂ ਮਸੀ ਬਚੀ। ਉਹਨੇ ਉਠ ਕੇ ਤੇ ਕਪੜੇ ਝਾੜ ਕੇ ਪੁਛਿਆ — ”ਵੇ ਭਾਈ, ਇਹ ਕਾਹਦਾ ਰੌਲਾ?”
ਕਾਫਲੇ ਵਿਚ ਚਲ ਰਹੀ ਇਕ ਹਰਮਨ ਪਿਆਰੀ ਲੇਖਕਾ ਨੇ ਮਾਈ ਨੂੰ ਦਸਿਆ — ”ਮਾਈ ਬੰਗਲਾਦੇਸ਼ੀਆਂ ਨੇ ਇਕ ਮਾਸੂਮ ਜਿਹੀ, ਨਾਜ਼ੁਕ ਜਿਹੀ ਨਿਰਦੋਸ਼ ਘੁਗੀ ਜਿਹੀ ਕੁੜੀ ਨੂੰ ਫਾਹੇ ਲਾਉਣਾ ਏਂ…ਉਹ ਬੜੇ ਜ਼ਾਲਮ ਲੋਕ ਨੇ…”
”ਹਾਏ….ਹਾਏ ਵਿਚਾਰੇ….” ਅਤੇ ਫੇਰ ਮਾਈ ਨੇ ਘਬਰਾਹਟ ਨਾਲ ਪੁਛਿਆ — ”ਦਸੋ, ਤੁਸੀਂ ਲੋਕ ਕੀ ਕਰੋਗੇ?”
ਉਹ ਮਾਈ ਕਾਫੀ ਪਰੇਸ਼ਾਨ ਹੋ ਗਈ ਸੀ। ਇਸ ਗਲ ਦੀ ਕਾਫਲੇ ਵਾਲਿਆਂ ਨੂੰ ਖੁਸ਼ੀ ਹੋਈ। ਉਹ ਸੋਚ ਰਹੇ ਸਨ — ”ਕਿਸੇ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਜਾਵੇ ਤਾਂ ਲੋਕ ਉਸ ਨੂੰ ਸੁਣ ਕੇ ਅਵਸ਼ ਬੇਚੈਨ ਹੁੰਦੇ ਨੇ…”
ਕਿਸੇ ਹੋਰ ਨੇ ਅਗੇ ਵਧ ਕੇ ਕਿਹਾ — ”ਲੋਕਾਂ ਦਾ ਕੰਮ ਹੀ ਬੇਚੈਨ ਹੋਣਾ ਹੈ…ਹੋਰ ਉਹ ਕੀ ਕਰਨਗੇ?”
ਬੁਢੀ ਮਾਈ ਨੇ ਫੇਰ ਆਪਣਾ ਸਵਾਲ ਦੁਹਰਾਇਆ — ”ਪਰ ਬਚੜਿਉ! ਤੁਸੀਂ ਕੀ ਕਰੋਗੇ?”
ਹੁਣ ਕਾਫਲੇ ਦੇ ਪ੍ਰਧਾਨ ਨੇ ਅਗੇ ਵਧ ਕੇ (ਕਿਉਂਕਿ ਟੀ.ਵੀ. ਕੈਮਰਾ, ਹੁਣ ਬੁਢੀ ਵੱਲ ਹੋ ਗਿਆ ਸੀ।) ਲਲਕਾਰਾ ਮਾਰਿਆ—
”ਅਸੀਂ ਕਰਾਂਗੇ, ਉਨ੍ਹਾਂ ਧਾੜਵੀਆਂ ਨੂੰ…ਹਰ ਕਤਲ ਤੋਂ ਰੋਕਾਂਗੇ…”
”ਦੁਨੀਆਂ ਨੂੰ ਸੁਚੇਤ ਕਰਕੇ, ਮਨੁਖੀ ਅਧਿਕਾਰਾਂ ਦਾ ਰੌਲਾ ਪਾ ਕੇ….”
ਉਹਦੇ ਮੀਤ ਪ੍ਰਧਾਨ ਨੇ ਕਿਹਾ — ”ਤਸਲੀਮਾ ਲਈ ਅਸੀਂ ਹਰ ਕੁਰਬਾਨੀ ਕਰਨ ਲਈ ਤਿਆਰ ਹਾਂ….”
ਕਾਫਲੇ ਵਿਚੋਂ ਹੋਰ ਬਹੁਤ ਸਾਰੇ ਲੇਖਕਾਂ ਨੇ ਵੀ ਕਿਹਾ  — ”ਕੁੜੀ ਦਲੇਰ ਐ, ਕੋਖ ਦੀ ਆਜ਼ਾਦੀ ਦੇ ਹਕ ਵਿਚ ਹੈ, ਸਾਡੇ ਦੇਸ ਦੀਆਂ ਰੰਨਾਂ ਉਸ ਤੋਂ ਪ੍ਰੇਰਣਾ ਲੈਣ ਤਾਂ ਮੌਜ ਹੀ ਮੌਜ ਹੈ….”
”ਕੋਖ ਦੀ ਆਜ਼ਾਦੀ?” ਬੁੱਢੀ ਮਾਈ ਨੇ ਬੇਚੈਨੀ ਨਾਲ ਕਿਹਾ — ”ਪਰ ਕਿਸ ਲਈ?”
ਉਹੋ ਹੀ ਨਾਜ਼ੁਕ ਕਿਸਮ ਦੀ ਲੇਖਕਾ ਨੇ ਉਹਨੂੰ ਚੁਪ ਕਰਵਾਉਣ ਲਈ ਕਿਹਾ — ”ਮਾਈ, ਤੈਨੂੰ ਹੁਣ ਕੀ ਲਾਭ ਐ? ਇਹ ਆਜ਼ਾਦੀ ਤਾਂ ਸਾਡੇ ਲਈ ਹੈ…”
ਕਾਫਲੇ ਵਾਲੇ ਬਹੁਤ ਕਾਹਲੇ ਸਨ, ਇਸ ਲਈ ਉਹ ਸਵਾਲ ਕਰਨ ਵਾਲੀ ਬੁਢੀ ਮਾਈ ਨੂੰ ਲਤਾੜਦੇ ਹੋਏ ਹੋਰ ਅਗੇ ਵਧ ਗਏ। ਪਰ ਉਨ੍ਹਾਂ ਨੂੰ ਅਚਾਨਕ ਹੀ ਰੁਕ ਜਾਣਾ ਪਿਆ। ਇਸ ਲਈ ਨਹੀਂ ਕਿ ਬੁਢੀ ਮਾਈ ਉਨ੍ਹਾਂ ਤੋਂ ਦੁÎਖੀ ਹੋ ਕੇ ਉਨ੍ਹਾਂ ਦਾ ਸਿਆਪਾ ਕਰਨ ਲਗ ਪਈ ਸੀ, ਬਲਕਿ ਇਸ ਲਈ ਕਿ ਉਨ੍ਹਾਂ ਦੇ ਸਾਹਮਣੇ ਇਕ ਬਹੁਤ ਹੀ ਭਿਆਨਕ ਦ੍ਰਿਸ਼ ਸਾਕਾਰ ਹੋ ਗਿਆ ਸੀ। ਇਸ ਤਰ੍ਹਾਂ ਦੇ ਭਿਆਨਕ ਦ੍ਰਿਸ਼ ਨੂੰ ਦੇਖਣ ਲਈ ਪੰਜਾਬੀ ਦੇ ਉਹ ਲੇਖਕ ਕਦੀ ਸੋਚ ਵੀ ਨਹੀਂ ਸਨ ਸਕਦੇ। ਉਹ ਸੋਹਜਵਾਦੀ ਲੋਕ ਸਨ। ਉਹ ਡਰਾਇੰਗ ਰੂਮ ਵਿਚ ਬਹਿ ਕੇ ਤੇ ਦਾਰੂ ਪੀ ਕੇ ਲਿਖਣ ਦੇ ਆਦੀ ਸਨ। ਜੇਕਰ ਕਦੀ ਘਰੋਂ ਨਿਕਲਦੇ ਸਨ ਤਾਂ ਯੂਨੀਵਰਸਿਟੀਆਂ ਵਿਚ ਹੋ ਰਹੇ ਸੈਮੀਨਾਰਾਂ, ਗੋਸ਼ਟੀਆਂ ਅਤੇ ਮੌਜ-ਮੇਲਿਆਂ ਵਾਸਤੇ ਹੀ ਜਾਂਦੇ ਸਨ।
ਕਾਫਲੇ ਦੇ ਸਾਹਮਣੇ ਵਾਲੇ ਪਾਸਿਉਂ-ਕੁਝ ਲੋਕ ਮੰਜੇ ਉਤੇ ਇਕ ਗੱਭਰੂ ਦੀ ਲਾਸ਼ ਲਈ ਆ ਰਹੇ ਸਨ। ਲਾਸ਼ ਉਪਰ ਜਿਹੜੀ ਚਿਟੀ ਚਾਦਰ ਤਾਣੀ ਹੋਈ ਸੀ, ਉਸ ਵਿਚੋਂ ਲਹੂ ਦਾ ਤੁਪਕਾ ਤੁਪਕਾ ਧਰਤੀ ਉਤੇ ਵੀ ਡੁਲ ਰਿਹਾ ਸੀ। ਜਿਸ ਕਰਕੇ ਧਰਤੀ ਦੀ ਤਪਸ਼ ਵਧ ਰਹੀ ਸੀ।
ਕਾਫਲੇ ਵਿਚੋਂ ਕਿਸੇ ਸੋਹਲ ਚਿਤ ਲੇਖਕ ਨੇ ਮੰਜੇ ਨਾਲ ਟੁਰ ਰਹੇ ਬੰਦਿਆਂ ਨੂੰ ਪੁਛਿਆ — ”ਕੀ  ਹੋਇਆ ਬਈ, ਇਹ ਲਾਸ਼ ਕਿਸ ਦੀ ਹੈ?”
”ਹਾਂ, ਤੇ ਹੋਰ ਕੀ? ਤੁਸੀਂ ਏਨਾ ਭਿਆਨਕ ਦ੍ਰਿਸ਼ ਬਾਜਾਰ ਵਿਚ ਕਿਉਂ ਲਈ ਜਾ ਰਹੇ ਹੋ?”
ਮਰਨ ਵਾਲੇ ਮੁੰਡੇ ਦੇ ਪਿਓ ਨੇ ਅਗੇ ਵਧ ਕੇ ਕਾਫਲੇ ਵਾਲਿਆਂ ਨੂੰ ਕਿਹਾ — ”ਮੇਰੇ ਮਾਸੂਮ ਪੁਤ ਨੂੰ ਪੁਲੀਸ ਵਾਲਿਆਂ ਕੁਟ ਕੁਟ ਕੇ ਮਾਰ ਦਿਤੇ!”
”ਗਭਰੂ ਦਾ ਕਸੂਰ ਕੀ ਸੀ?”
”ਉਹਨੇ ਰਾਜਸਤਾ ਦੇ ਇਕ ਨੇਤਾ ਵਿਰੁਧ ਕਵਿਤਾ ਲਿਖੀ ਸੀ…ਤੇ ਉਸ ਜਾਬਰ ਨੇ ਮੇਰੇ ਪੁਤ ਨੂੰ ਦੇਸਧ੍ਰੋਹੀ ਗਰਦਾਨ ਕੇ ਮਰਵਾ ਦਿਤਾ…”
ਇਕ ਹੋਰ ਬਜ਼ੁਰਗ ਨੇ ਕਿਹਾ—”ਇਸ ਲਈ ਤੁਸੀਂ ਗਭਰੂ ਦੇ ਹਕ ਵਿਚ ਵੀ ਆਵਾਜ਼ ਬੁਲੰਦ ਕਰੋ।”
”ਹਾਂ, ਸਾਡਾ ਵੀ ਤੁਹਾਡੇ ਉਤੇ ਹਕ ਬਣਦੈ, ਕਿਉਂਕਿ ਸਾਡੇ ਨਾਲ ਵੀ ਜਬਰ ਹੋਇਐ!”
ਕਾਫਲੇ ਵਾਲੇ ਲੇਖਕਾਂ ਨੇ ਵੇਖਿਆ ਕਿ ਉਸ ਨੌਜਵਾਨ ਦੀ ਲਾਸ਼ ਨਾਲ ਉਹਦੇ ਘਰ ਦੇ ਏਨੇ ਲੋਕ ਨਹੀਂ ਸਨ, ਜਿੰਨੇ ਕਿ ਪੁਲੀਸ ਵਾਲੇ ਸਨ। ਉਹ ਪੁਲੀਸ ਵਾਲੇ ਸਟੇਨਗੰਨਾਂ ਨਾਲ ਲੈਸ ਸਨ ਤੇ ਉਨ੍ਹਾਂ ਦੇ ਚਿਹਰੇ ਬਹੁਤ ਰੋਹਵਾਨ ਸਨ। ਜਿਵੇਂ ਪਲਾਂ ਵਿਚ ਹੀ ਖੂੰਨ-ਖਰਾਬਾ ਕਰ ਦੇਣਗੇ। ਕਾਫਲੇ ਵਿਚ ਚੁਪ ਵਰਤ ਗਈ। ਹਰ ਚਿਹਰਾ ਪਰੇਸ਼ਾਨ ਹੋ ਗਿਆ। ਗਰਮੀ ਨੇ ਵੀ ਉਨ੍ਹਾਂ ਲੋਕਾਂ ਦੀ ਮਤਿ ਮਾਰੀ ਹੋਈ ਸੀ।
ਉਨ੍ਹਾਂ ਲੋਕਾਂ ਨੂੰ ਮਹਿਸੂਸ ਹੋਇਆ ਜਿਵੇਂ ਅਚਾਨਕ ਹੀ ਗਰਮੀ ਬਹੁਤ ਵਧ ਗਈ ਹੋਵੇ…ਕਈ ਪਾਣੀ ਵੀ ਮੰਗਣ ਲਗ ਪਏ। ਬੋਲ ਤਾਂ ਕੋਈ ਵੀ ਨਹੀਂ ਸੀ ਰਿਹਾ।
ਜਦੋਂ ਕੋਈ ਵੀ ਕੁਝ ਨਾ ਬੋਲ ਸਕਿਆ ਤਾਂ ਮਨੁਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਕਾਫਲੇ ਦੇ ਪ੍ਰਧਾਨ ਨੇ ਅਗੇ ਵਧ ਕੇ ਕਿਹਾ — ”ਬਜ਼ੁਰਗੋ, ਇਹ ਬਹੁਤ ਛੋਟਾ ਮਸਲਾ ਹੈ ਤੇ ਸਥਾਨਕ ਮਸਲਾ ਹੈ…”
”ਜੀ ਈ?” ਪੁਲੀਸ ਹਥੋਂ ਮਰਨ ਵਾਲੇ ਮੁੰਡੇ ਦੇ ਪਿਓ ਨੇ ਲੇਰ ਮਾਰੀ — ”ਕੀ ਕਿਹਾ ਛੋਟਾ ਮਸਲਾ? ਮੇਰਾ ਤਾਂ ਇਕੋ ਹੀ ਪੁਤਰ ਸੀ, ਮੇਰਾ ਤਾਂ ਘਰ ਹੀ ਤਬਾਹ ਹੋ ਗਿਐ…” ਅਤੇ ਉਹ ਵਿਲਖਣ ਲਗ ਪਿਆ। ਉਹਦੇ ਨਾਲ ਦੇ ਕਿਸੇ ਬਜ਼ੁਰਗ ਨੇ ਕਾਫਲੇ ਵਾਲਿਆਂ ਨੂੰ ਫੇਰ ਕਿਹਾ — ”ਤੁਸੀਂ ਭਲੇ ਲੋਕ ਪਰ ਦਲੇਰ ਜਾਪਦੇ ਹੋ। ਸਾਡੀ ਆਵਾਜ਼ ਵੀ ਸੁਣੋ। ਸਾਡੇ ਨਾਲ ਜਬਰ ਹੋਇਐ।”
ਕਾਫਲੇ ਵਿਚ ਚਲ ਰਹੇ ਲੇਖਕਾਂ ਵਿਚੋਂ ਕਈਆਂ ਦੀਆਂ ਗਰਦਨਾਂ ਝੁਕ ਗਈਆਂ। ਉਹ ਸੋਚ ਰਹੇ ਸਨ —
”ਕੀ ਆਪਣੇ ਦੇਸ ਵਿਚ ਵੀ….?”
”ਇਹ ਤਾਂ ਜ਼ਿਆਦਤੀ ਹੈ….”
”ਅਸੀਂ ਤਾਂ ਦੁਨੀਆਂ ਭਰ ਵਿਚ ਜਬਰ ਦੇ ਵਿਰੁਧ ਲੜ ਰਹੇ ਹਾਂ!”
ਪਰ ਕਾਫਲੇ ਦਾ ਪ੍ਰਧਾਨ ਕਾਹਲਾ ਪੈ ਗਿਆ ਸੀ। ਉਹਨੇ ਕਾਫਲੇ ਵਿਚਲੇ ਲੇਖਕਾਂ ਨੂੰ ਕਿਹਾ — ”ਅਗੇ ਵਧੋ, ਛੇਤੀ ਕਰੋ!”
ਫੇਰ ਉਹਨੇ ਮਰਨ ਵਾਲੇ ਗੱਭਰੂ ਦੇ ਵਾਰਸਾਂ ਨੂੰ ਜਵਾਬ ਦਿਤਾ — ”ਸਥਾਨਕ ਮਸਲੇ ਦਾ ਅਸੀਂ ਕੀ ਕਰੀਏ! ਦਰਅਸਲ, ਅਸੀਂ ਕੌਮਾਂਤਰੀ ਮਸਲਿਆਂ ਵਾਸਤੇ ਲੜਦੇ ਹਾਂ, ਤਾਂ ਕਿ ਮਨੁਖਤਾ ਦੇ ਇਤਿਹਾਸ ਵਿਚ ਸਾਡਾ ਨਾਂ ਅਮਰ ਹੋ ਜਾਵੇ।”                         — ਜਸਵੰਤ ਸਿੰਘ ਵਿਰਦੀ

Leave a Reply

Your email address will not be published. Required fields are marked *