ਕੌਮਾਂ ਦਾ ਆਚਰਣ ਉਹਨਾਂ ਦੀ ਮਾਂ-ਬੋਲੀ ਦੀ ਉਨਤੀ ਅਤੇ ਬਲ ਉਤੇ ਨਿਰਭਰ ਕਰਦਾ ਹੈ। ਜਿਸ ਕੌਮ ਦੀ ਬੋਲੀ ਅਤੇ ਸਭਿਆਚਾਰ ਉਤੇ ਸਟ ਮਾਰੀ ਜਾਵੇ, ਉਹ ਨਿਰਬਲ ਤੇ ਆਚਰਣਹੀਰ ਹੋ ਜਾਂਦੀ ਹੈ। ਅਜ ਪੰਜਾਬੀ ਜ਼ੁਬਾਨ ਅਤੇ ਸਭਿਆਚਾਰ ਨੂੰ ਸੰਸਕ੍ਰਿਤ ਅਤੇ ਬ੍ਰਾਹਮਣਵਾਦੀਆਂ ਦੇ ਮਾਰੂ ਅਸਰਾਂ ਤੋਂ ਬਚਾਉਣ ਦੀ ਲੋੜ ਹੈ।
ਕੁਝ ਸਿਆਣੇ ਤੇ ਜਾਣਕਾਰ ਬੰਦੇ ਦਸਦੇ ਹਨ ਕਿ ਪੰਜਾਬ ਦੀ ਸਿਆਸੀ ਵੰਡ ਤੋਂ ਫੌਰਨ ਬਾਅਦ ਹੀ ਸਰਦਾਰ ਪਟੇਲ ਨੇ ਸਰਦਾਰ ਕੈਰੋਂ ਨੂੰ ਇਸ਼ਾਰਾ ਸੁਟਿਆ, ਕਿ ਪੰਜਾਬੀਆਂ ਨੂੰ ਜਿਹੜੇ ਸਿਆਸੀ ਤੌਰ ਉਤੇ ਹੁਣ ਭਾਰਤ ਵਿਚ ਸ਼ਾਮਿਲ ਸਨ, ਪਾਕਿਸਤਾਨ ਦੇ ਪੰਜਾਬੀਆਂ ਨਾਲੋਂ ਦੂਰ ਰਖਣ ਲਈ ਤੇ ਵਿਸ਼ੇਸ਼ ਤੌਰ ਉਤੇ ਭਾਰਤ ਦੇ ਲੋਕਾਂ ਦੇ ਨੇੜੇ ਕਰਨ ਲਈ ਖਾਸ ਉਦਮ ਦੀ ਲੋੜ ਹੈ। ਪੰਜਾਬੀਆਂ ਦੀ ਸੋਚ ਅਤੇ ਸਭਿਆਚਾਰ ਨੂੰ ਖਾਸ ਯਤਨਾਂ ਨਾਲ ਬਦਲ ਕੇ ਭਾਰਤ ਦੇ ਹਿੰਦੂਆਂ ਦੀ ਸੋਚ ਅਤੇ ਸਭਿਆਚਾਰ ਵਿਚ ਮਿਲਾ ਦੇਣਾ ਜ਼ਰੂਰੀ ਹੈ। ਸਰਦਾਰ ਪਟੇਲ ਨੇ ਕਿਹਾ ਸੀ ਕਿ ਪੰਜਾਬੀ ਜ਼ੁਬਾਨ ਤੇ ਪੰਜਾਬੀ ਜ਼ੁਬਾਨ ਦੀ ਗਲ ਅਨਪੜ੍ਹ ਲੋਕਾਂ ਲਈ ਠੀਕ ਹੈ, ਸਿਆਸੀ ਹਥਿਆਰ ਦੇ ਤੌਰ ਉਤੇ ਨਾਅਰੇ ਦੇ ਰੂਪ ਵਿਚ ਵੀ ਇਸ ਦੀ ਵਰਤੋਂ ਠੀਕ ਹੈ, ਪਰ ਪੜ੍ਹੇ-ਲਿਖੇ ਪੰਜਾਬੀਆਂ ਨੂੰ ਹਿੰਦੀ, ਸੰਸਕ੍ਰਿਤ ਦਾ ਵਿਦਵਾਨ ਬਣਾਓ ਤਾਂ ਕਿ ਉਹ ਭਾਰਤ ਦੀ ਮੁਖ ਧਾਰਾ (ਮੇਨਸਟਰੀਮ) ਦਾ ਭਾਗ ਬਣ ਸਕਣ।
ਪਟੇਲ ਦੇ ਇਸ ਇਸ਼ਾਰੇ ਦਾ ਭਾਵੇਂ ਸਾਡੇ ਕੋਲ ਕੋਈ ਦਸਤਾਵੇਜ਼ੀ ਸਬੂਤ ਨਹੀਂ ਪਰ ਉਹਨਾਂ ਬੰਦਿਆਂ ਦੀ ਇਮਾਨਦਾਰੀ ਉਤੇ ਸ਼ਕ ਕਰਨ ਦਾ ਵੀ ਕੋਈ ਸਬਬ ਨਹੀਂ, ਜਿਹੜੇ ਇਹ ਗਲ ਦਸਦੇ ਹਨ। ਇਸ ਤੋਂ ਇਲਾਵਾ ਪਿਛਲੇ ਸਾਲਾਂ ਦਾ ਇਤਿਹਾਸ ਵੀ ਇਸ ਗਲ ਦੀ ਲਗਾਤਾਰ ਪੁਸ਼ਟੀ ਕਰਦਾ ਆਇਆ ਹੈ। ਇਕ ਗਲ ਮੰਨਣੀ ਪਵੇਗੀ ਕਿ ਪਟੇਲ ਦਾ ਇਹ ਇਸ਼ਾਰਾ ਸੁਟਣਾ ਉਸ ਦੀ ਦਾਨਸ਼ਵਰੀ ਦਾ ਸਬੂਤ ਸੀ। ਪਟੇਲ ਭਲੀ-ਭਾਂਤ ਜਾਣਦਾ ਸੀ-ਤੇ ਪੰਜਾਬ ਦੇ ਸਿਆਸਤਦਾਨਾਂ ਅਤੇ ਸੂਝਵਾਨਾਂ ਦੇ ਲਾਣੇ ਨਾਲੋਂ ਕਿਤੇ ਵਧ ਚੰਗੀ ਤਰ੍ਹਾਂ ਜਾਣਦਾ ਸੀ ਅਤੇ ਇਸ ਗਲ ਨੂੰ ਸਮਝਦਾ ਸੀ ਕਿ ਪੰਜਾਬੀ ਲੋਕਾਂ ਦੀਆਂ ਅਸਲ ਗੰਢਾਂ ਕਿਧਰ ਹਨ। ਇਨ੍ਹਾਂ ਦੇ ਦਿਲ ਦੀ ਅਸਲ ਤਾਰ ਕਿਧਰ ਖੜਕਦੀ ਹੈ। ਮਾਂ-ਬੋਲੀ, ਸਾਹਿਤ, ਸਭਿਆਚਾਰਕ ਵਿਰਸਾ, ਇਤਿਹਾਸ, ਕੌਮੀਅਤ…ਇਹਨਾਂ ਸਭ ਤੰਦਾਂ ਵਿਚ ਬਝੇ ਪੰਜਾਬੀਆਂ ਦੇ ਅਸਲ ਭਰਾ ਕਿਧਰ ਹਨ? ਸਰਦਾਰ ਪਟੇਲ ਸਿਆਸਤ ਦੀ ਸ਼ਤਰੰਜ ਦਾ ਹੁਸ਼ਿਆਰ ਤੇ ਰੜ੍ਹਿਆ ਹੋਇਆ ਖਿਡਾਰੀ ਹੋਣ ਦੇ ਨਾਤੇ ਚੰਗੀ ਤਰ੍ਹਾਂ ਜਾਣਦਾ ਸੀ ਕਿ ਪੰਜਾਬੀ ਕੌਮ ਵਿਚਕਾਰ ਪਾਏ ਪਾੜੇ ਨੂੰ ਹੋਰ ਵੀ ਚੌੜਾ ਤੇ ਡੂੰਘਾ ਕਰਨ ਦੀ ਲੋੜ ਹੈ। ਭਾਰਤ ਦੇ ਪੰਜਾਬੀਆਂ ਅਤੇ ਪਾਕਿਸਤਾਨ ਦੇ ਪੰਜਾਬੀਆਂ ਵਿਚਕਾਰਲੀ ਵਿਥ ਨੂੰ ਵਧਾਉਣ ਦੀ ਲੋੜ ਹੈ।
ਇਸ ਪਾੜੇ ਨੂੰ ਵਧਾਉਣ ਲਈ ਜ਼ਰੂਰੀ ਸੀ ਕਿ ਪੰਜਾਬੀ ਕੌਮ ਨੂੰ ਬਦਲਿਆ ਜਾਵੇ। ਪੰਜਾਬੀ ਕੌਮ ਦੀ ਰੂਹ ਅਤੇ ਸਭਿਆਚਾਰ ਨੂੰ ਤਬਦੀਲ ਕੀਤਾ ਜਾਵੇ। ਇਸ ਬੂਟੇ ਨੂੰ ਅਜਿਹੀ ਪਿਉਂਦ ਲਾਈ ਜਾਵੇ ਕਿ ਵੇਖਣ ਨੂੰ ਤਾਂ ਇਹ ਪਹਿਲਾਂ ਵਾਂਗ ਹੀ ਸਿਉ ਦਾ ਬੂਟਾ ਲਗੇ ਪਰ ਲਗਣ ਇਸ ਨੂੰ ਕਚਾਲੂ। ਪੰਜਾਬੀ ਜ਼ੁਬਾਨ ਉਤੇ ਸੰਸਕ੍ਰਿਤਾਈ ਹਿੰਦੀ ਦੀ ਅਜਿਹੀ ਅਮਰਵੇਲ ਚੜ੍ਹਾਈ ਜਾਵੇ ਕਿ ਬੂਟਾ ਦਿਨ-ਬ-ਦਿਨ ਨਿਰਬਲ ਹੁੰਦਾ ਜਾਵੇ ਅਤੇ ਅਮਰਵੇਲ ਫੈਲਦੀ ਚਲੀ ਜਾਵੇ।
ਸਰਦਾਰ ਪਟੇਲ ਦੇ ਧੜੇ ਦੇ ਸਿਆਸਤਦਾਨਾਂ ਨੇ ਪਿਛਲੇ ਦੋ ਦਹਾਕਿਆਂ ਵਿਚ ਦੋ ਕੰਮ ਬੜੀ ਹੁਸ਼ਿਆਰੀ ਨਾਲ ਨੇਪਰੇ ਚਾੜ੍ਹੇ ਹਨ। ਪਹਿਲਾ ਇਹ ਕਿ ਪੰਜਾਬੀ ਵਿਦਵਾਨਾਂ, ਪ੍ਰੋਫੈਸਰਾਂ ਅਤੇ ਅਨੁਵਾਦਕਾਂ ਨੂੰ ਇਸ ਰਾਹ ਪਾ ਦਿੱਤਾ ਹੈ ”ਬਈ ਤੁਹਾਡੀ ਜ਼ੁਬਾਨ ਬੜੀ ਪਛੜੀ ਹੋਈ ਹੈ। ਇਸਨੂੰ ਉਨਤ ਕਰਨ ਲਈ ਇਸ ਦਾ ਢਿੱਡ ਸੰਸਕ੍ਰਿਤ ਤੇ ਹਿੰਦੀ ਦੀ ਸ਼ਬਦਾਵਲੀ ਨਾਲ ਭਰੋ।” ਪੂਰੇ ਤਨ ਮਨ ਨਾਲ ਪੰਜਾਬੀ ਦੇ ਵਿਦਵਾਨ, ਪ੍ਰੋਫੈਸਰ ਤੇ ਅਨੁਵਾਦਕ ਇਸ ਕੰਮ ਵਿਚ ਜੁਟ ਪਏ। ਉਹ ਇਸ ਝਾਂਸੇ ਵਿਚ ਕਿਉਂ ਆਏ? ਇਹ ਗਲ ਸਮਝਣੀ ਔਖੀ ਨਹੀਂ। ਇਹਨਾਂ ਸਜਣਾਂ ਦੀ ਬਹੁਗਿਣਤੀ ਸ਼ਹਿਰੀ, ਛੋਟੇ ਵਪਾਰੀ ਅਤੇ ਨੌਕਰੀ ਪੇਸ਼ਾ ਤਬਕੇ ਵਿਚੋਂ ਹੈ। ਮਾਂ-ਬੋਲੀ ਅਤੇ ਸਭਿਆਚਾਰ ਦੀ ਮੁਖ ਧਾਰਾ ਨਾਲੋਂ ਇਹ ਤਬਕਾ ਆਮ ਤੌਰ ਉਤੇ ਅਧ-ਪਚਧਾ ਟੁਟਿਆ ਹੋਇਆ ਹੁੰਦਾ ਹੈ। ਇਹ ਤਬਕਾ ਬੋਲੀ ਅਤੇ ਸਭਿਆਚਾਰ ਦੇ ਅਮੀਰ ਵਿਰਸੇ ਵਲੋਂ ਬੇਪਰਵਾਹ ਹੁੰਦਾ ਹੈ। ਸਰਕਾਰੇ-ਦਰਬਾਰੇ ਚਾਪਲੂਸੀ ਕਰਨੀ ਤੇ ਤਿਨਾਂ-ਤੇਹਰਾਂ ਵਿਚ ਆਪਣੇ ਆਪ ਨੂੰ ਕੁਹਾਉਣ ਦੀ ਲਾਲਸਾ ਵੀ ਇਸ ਤਬਕੇ ਵਿਚ ਬੜੀ ਪਰਬਲ ਹੁੰਦੀ ਹੈ।
ਦੂਜਾ ਕੰਮ, ਜਿਹੜਾ ਸਰਦਾਰ ਪਟੇਲ ਦੇ ਧੜੇ ਦੇ ਸਿਆਸਤਦਾਨਾਂ ਨੇ ਕਾਮਯਾਬੀ ਨਾਲ ਨੇਪੜੇ ਚੜ੍ਹਾਇਆ — ਉਹ ਇਹ ਸੀ-”ਓ ਪੰਜਾਬ ਦੇ ਹਿੰਦੂਓ, ਤੁਸੀਂ ਹਿੰਦੂ ਹੋ। ਭਾਵੇਂ ਪੰਜਾਬੀ ਹਿੰਦੂ ਹੀ ਸਹੀ। ਭਾਰਤ ਦੇ ਕੁਲ ਹਿੰਦੂਆਂ ਦਾ ਇਕ ਅਨਿਖੜਵਾਂ ਭਾਗ…ਤੁਸੀਂ ਸੂਰਜਬੰਸੀ ਤੇ ਚੰਦਰਬੰਸੀ ਹੋ…ਵੇਦ ਸ਼ਾਸਤਰਾਂ ਦੀ ਹਿੰਦੂ ਸੰਸਕ੍ਰਿਤੀ ਤੁਹਾਡੇ ਹਡਾਂ ਵਿਚ ਰਚੀ ਹੋਈ ਹੈ। ਆਪਣੇ ਅਤੀਤ ਤੇ ਅਸਲ ਨੂੰ ਪਛਾਣੋ। ਰਾਸ਼ਟਰੀ ਭਾਰਤ ਦੇ ਬਲਵਾਨ ਹਿੰਦੂਆਂ ਦਾ ਤੁਸੀਂ ਭਾਗ ਹੋ। ਤੁਸਾਂ ਕੁਲ ਭਾਰਤ ਉਤੇ ਰਾਜ ਕਰਨਾ ਹੈ…ਮਾਂ ਬੋਲੀ ਦੀ ਗੱਲ ਭੁਲ ਜਾਓ। ਜਟ ਗੰਵਾਰਾਂ ਨੂੰ ਪੰਜਾਬੀ ਬੋਲਣ ਦਿਓ। ਤੁਸੀਂ ਸਰਕਾਰੀ ਕਾਗਜ਼ਾਂ ਵਿਚ ਆਪਣੀ ਮਾਂ-ਬੋਲੀ ਹਿੰਦੀ ਲਿਖਵਾਓ। ਹਿੰਦੀ ਬੋਲੋ, ਹਿੰਦੀ ਪੜ੍ਹੋ। ਇਹਨਾਂ ਦਾ ਕੀ ਭਰੋਸਾ? ਇਨ੍ਹਾਂ ਦਾ ਸਭਿਆਚਾਰ ਪਾਕਿਸਤਾਨ ਦੇ ਪੰਜਾਬੀ ਮੁਸਲਮਾਨਾਂ ਨਾਲ ਵਧੇਰੇ ਮਿਲਦਾ-ਜੁਲਦਾ ਹੈ। ਇਹ ਤਾਂ ਬਿਲਕੁਲ ਹੀ ਪੰਜਾਬੀ ਨੇ। ਇਹਨਾਂ ਦਾ ਦਿਲ ਸਦਾ ਰਾਵੀ-ਚਨਾਬ ਲਈ ਧੜਕਦਾ ਹੈ ਅਤੇ ਇਹਨਾਂ ਦੀਆਂ ਨਜ਼ਰਾਂ ਹਮੇÎਸ਼ਾ ਜੇਹਲਮ, ਪੇਸ਼ਾਵਰ ਵੱਲ ਤਕਦੀਆਂ ਨੇ। ਗੰਗਾ-ਜਮਨਾ ਦਾ ਇਹਨਾਂ ਹਮੇਸ਼ਾ ਮਖੌਲ ਉਡਾਇਆ ਹੈ। ਚਿੰਨਤ ਵਜੋਂ ਇਹ ਹਮੇਸ਼ਾ ਮੁਸਲਮਾਨ ਸੂਫੀ ਕਵੀਆਂ ਦੇ ਜ਼ਿਆਦਾ ਨੇੜੇ ਰਹੇ ਨੇ…ਤੇ ਵੇਦਾਂ ਸਾਸਤਰਾਂ ਤੋਂ, ਸੰਸਕ੍ਰਿਤ ਤੇ ਪੰਡਤਾਈ ਤੋਂ ਹਮੇਸ਼ਾ ਦੂਰ…ਤੁਸੀਂ ਹਿੰਦੀ ਬੋਲੋ! ਭਾਰਤ ਦੇ ਹਿੰਦੂਆਂ ਦੇ ਸਮੂਹ ਦਾ ਭਾਗ ਬਣੋ ਅਤੇ ਭਾਰਤ ਉਤੇ ਰਾਜ ਕਰੋ। ਉਚੀਆਂ ਨੌਕਰੀਆਂ ਤੁਹਾਡੀਆਂ ਨੇ…।”
ਪੰਜਾਬ ਦੇ ਹਿੰਦੂ ਭਾਰੀ ਗਿਣਤੀ ਵਿਚ ਇਸ ਕੁਰਾਹੇ ਪਾਉਣ ਵਾਲੀ ਦਲੀਲਬਾਜ਼ੀ ਦੀ ਚਾਲ ਵਿਚ ਆ ਗਏ। ਉਹਨਾਂ ਮਰਦਮਸ਼ੁਮਾਰੀ ਵੇਲੇ ਆਪਣੀ ਮਾਂ-ਬੋਲੀ ਹਿੰਦੀ ਲਿਖਵਾਈ। ਇਹਨਾਂ ਅੰਕੜਿਆਂ ਦੀ ਮਦਦ ਲੈ ਕੇ ਭਾਰਤ ਸਰਕਾਰ ਨੇ ਕੋਈ ਦੋ ਦਹਾਕੇ ਪੰਜਾਬੀ ਜ਼ੁਬਾਨ ਕੋਲੋਂ ਉਸ ਦਾ ਅਸਲ ਹਕ ਖੋਹੀ ਰਖਿਆ। ਪੰਜਾਬੀ ਸੂਬੇ ਤੋਂ ਟਾਲਮਟੋਲ ਕੀਤੀ ਗਈ ਅਤੇ ਅਖੀਰ ਦਿਤਾ ਵੀ ਤਾਂ ਤੋੜ-ਭੰਨ ਕੇ ਅਤੇ ਅਗਲਿਆਂ ਨੂੰ ਦਬੇਲ ਕਰਕੇ।
ਕੁਰਾਹੇ ਪਏ ਪੰਜਾਬੀ ਹਿੰਦੂਆਂ ਕੋਲੋਂ ਇਹ ਸੁਆਲ ਪੁਛਿਆ ਜਾ ਸਕਦਾ ਹੈ : ”ਵੀਰੋ, ਸੱਚ ਦਸਣਾ ਮਾਂ ਬੋਲੀ ਮਾਂ ਦੇ ਦੁਧ ਵਾਂਗ ਹੁੰਦੀ ਹੈ ਜਾਂ ਸਿਰ-ਕੱਜ ਵਾਂਗ? ਟੋਪ ਲਾਹਿਆ ਤੇ ਖਦਰ ਦੀ ਟੋਪੀ ਸਿਰ ਉਤੇ ਰਖ ਲਈ…ਪੰਜਾਬੀ ਸੁਟੀ ਤੇ ਹਿੰਦੀ ਅਪਣਾ ਲਈ?”
ਇਹ ਗਲ ਸਪੱਸ਼ਟ ਹੈ ਕਿ ਸਰਦਾਰ ਪਟੇਲ ਦੀ ਜੁੰਡਲੀ ਦੇ ਲੋਕ, ਭਾਰਤ ਵਿਚ ਰਾਜ ਕਰਨ ਵਾਲੀ ਹਿੰਦੂ ਪੂੰਜੀਪਤੀ ਜਮਾਤ ਦੇ ਲੋਕ ਪੰਜਾਬੀਆਂ ਨੂੰ ਠਗਣ ਵਿਚ ਸਫਲ ਰਹੇ। ਮੁਸਲਮਾਨ-ਵਿਰੋਧੀ ਜਜ਼ਬੇ ਨੂੰ ਵਰਤ ਕੇ ਉਨ੍ਹਾਂ ਨ ੇਪੰਜਾਬੀ ਹਿੰਦੂਆਂ ਦਾ ਮੂੰਹ ਉਨ੍ਹਾਂ ਦੀ ਅਸਲ ਜ਼ੁਬਾਨ ਅਤੇ ਅਸਲ ਸਭਿਆਚਾਰ ਵਲੋਂ ਮੋੜ ਕੇ ਪਿਛਾਂਹ-ਖਿਚੂ ਵੈਦਿਕੀ ਭਾਰਤੀ ਸੰਸਕ੍ਰਿਤੀ ਵਲ ਭੂੰਆਂ ਲਿਆ। ਸਤਲਜੁ, ਬਿਆਸ ਅਤੇ ਰਾਵੀ ਦੇ ਪਾਣੀਆਂ ਨੂੰ ਤੋੜ ਕੇ ਗੰਗਾ ਵਿਚ ਲਿਆ ਸੁਟਿਆ।
ਇਥੇ ਇਹ ਸੁਆਲ ਪੁਛਿਆ ਜਾ ਸਕਦਾ ਹੈ ਕਿ ਸਰਦਾਰ ਪਟੇਲ ਦੀ ਚਾਲ ਤਾਂ ਕਾਮਯਾਬ ਰਹੀ, ਪਰ ਸਰਦਾਰ ਕੈਰੋਂ, ਆਮ ਪੰਜਾਬੀਆਂ ਵਾਂਗ, ਅਥਾਹ ਉਤਸ਼ਾਹ ਤੇ ਉਦਮ ਦੇ ਮਾਲਕ ਸਜਣ ਸਨ। ਉਹ ਕਹਿੰਦੇ ਸਨ — ”ਪੰਜਾਬੀਓ, ਵਾਹਗੇ ਤੋਂ ਲੈ ਕੇ ਦਿੱਲੀ ਤਕ ਪੰਜਾਬ ਤੁਹਾਡਾ ਹੈ। ਜਾਨ ਮਾਰ ਕੇ ਵਾਹੀ ਕਰੋ, ਦਿਲ ਖੋਲ੍ਹ ਕੇ ਸਨਅਤਾਂ ਲਾਉਂ ਤੇ ਰਜ ਕੇ ਪੈਸੇ ਕਮਾਉ। ਤੁਸੀਂ ਬੜੇ ਮਿਹਨਤੀ ਤੇ ਹਿੰਮਤ ਵਾਲੇ ਹੋ। ਤੁਹਾਡਾ ਜਿਹਾ ਕੋਈ ਜੰਮਿਆ ਹੈ…” ਤੇ ਬਸ। ਇਸ ਤੋਂ ਅਗੇ ਸਰਦਾਰ ਕੈਰੋਂ ਦੀ ਦ੍ਰਿਸ਼ਟੀ ਨਹੀਂ ਸੀ ਜਾਂਦੀ। ਉਹ ਆਪ ਸੁਹਣੀ ਤੇ ਠੇਠ ਪੰਜਾਬੀ ਬੋਲਦੇ ਸਨ, ਪਰ ਮਾਂ-ਬੋਲੀ ਤੇ ਸਾਹਿਤ ਤੇ ਸਭਿਆਚਾਰ ਦੇ ਆਪਸੀ ਨਾਜ਼ਕ ਰਿਸ਼ਤੇ ਦੀ ਉਨ੍ਹਾਂ ਨੂੰ ਉਕਾ ਹੀ ਸਮਝ ਨਹੀਂ ਸੀ। ਕਿਸੇ ਕੌਮ ਦੇ ਸਭਿਆਚਾਰ ਦੀ ਪ੍ਰਫੁਲਤਾ ਵਿਚ ਮਾਂ-ਬੋਲੀ ਦਾ ਕੀ ਰੋਲ ਹੁੰਦਾ ਹੈ, ਇਸ ਦਾ ਗਿਆਨ ਸਰਦਾਰ ਕੈਰੋਂ ਨੂੰ ਨਹੀਂ ਸੀ। ਜੇ ਹੁੰਦਾ ਤਾਂ ਉੁਹ ਛਾਤੀ ਠੋਕ-ਠੋਕ ਕੇ ਹਮੇਸ਼ਾ ਪੰਜਾਬੀ ਸੂਬੇ ਦੀ ਲਹਿਰ ਨੂੰ ਕੁਚਲਦੇ ਕਿਉਂ? ਪੰਜਾਬ ਵਿਚ ਪੰਜਾਬੀ ਜ਼ੁਬਾਨ ਦੀ ਮੁਕੰਮਲ ਸਰਦਾਰੀ ਦੇ ਕਾਗਜ਼ ਉਤੇ ਕੇਂਦਰੀ ਸਰਕਾਰ ਦਾ ਅੰਗੂਠਾ ਨਾ ਲੁਆ ਲੈਂਦੇ? ਪੰਜਾਬ ਵਿਚ ਤਾਲੀਮ ਫੈਲਾਉਣ ਲਈ ਉਨ੍ਹਾਂ ਬੜਾ ਕੰਮ ਕੀਤਾ, ਸਕੂਲ ਤੇ ਕਾਲਜ ਖੁਲ੍ਹਵਾਏ ਪਰ ਪੰਜਾਬੀ ਜ਼ੁਬਾਨ ਦੇ ਵਧ ਫੁਲ ਰਹੇ ਰੁਖ ਉਤੇ ਸੰਸਕਿਰਤਾਈ ਹਿੰਦੀ ਦੀ ਚੜ੍ਹ ਰਹੀ ਅਮਰਵੇਲ ਉਨ੍ਹਾਂ ਨੂੰ ਉਕੀ ਹੀ ਨਜ਼ਰ ਨਹੀਂ ਆਈ। ਇਸ ਨੇੜ-ਦ੍ਰਿਸ਼ਟੀ ਪਿਛੇ ਘਟ ਸਮਝੀ ਤੇ ਬਦਦਿਆਨਤਦਾਰੀ ਕਿੰਨੀ-ਕਿੰਨੀ ਸੀ, ਇਸ ਬਾਰੇ ਪਾਠਕ ਆਪ ਨਤੀਜਾ ਕਢਣ।
ਵੈਸੇ ਸਰਦਾਰ ਕੈਰੋਂ ਦੀ ਰੋਜ਼ ਦੀ ਇਹ ਰੱਟ-”ਭਾਰਤ ਦੇਸ ਨੂੰ ਮਜ਼ਬੂਤ ਕਰੋ…ਫੌਜ ਵਿਚ ਭਰਤੀ ਹੋਵੋ….ਪੰਜਾਬੀਓ, ਤੁਸੀਂ ਭਾਰਤ ਦੀ ਹਥਿਆਰਬੰਦ ਬਾਂਹ ਹੋ…ਇਤਿਆਦਿ”-ਉਹਨਾਂ ਦੀ ਸੂਝ-ਬੂਝ ਅਤੇ ਵਿਚਾਰਾਂ ਦੀ ਸੂਚਕ ਹੈ।
ਪੰਜਾਬੀ ਜ਼ੁਬਾਨ ਉਤੇ ਸੰਸਕ੍ਰਿਤਾਈ ਹਿੰਦੀ ਦੀ ਅਮਰਵੇਲ ਦਾ ਚੜ੍ਹਾਉਣੀ ਨਾ ਤਾਂ ਦੋ-ਚਾਰ ਸ਼ਬਦਾਂ ਜਾਂ ਦੋ-ਚਾਰ ਹਜ਼ਾਰ ਸ਼ਬਦਾਂ ਦੀ ਚੋਣ ਦਾ ਮਸਲਾ ਹੈ ਅਤੇ ਨਾ ਹੀ ਨਵੇਂ ਸ਼ਬਦਾਂ ਨੂੰ ਫਾਰਸੀ-ਉਰਦੂ ਜਾਂ ਸੰਸਕ੍ਰਿਤ ਹਿੰਦੀ ਵਿਚੋਂ ਲਏ ਜਾਣ ਦੀ ਟਕਰ ਦਾ ਮਸਲਾ ਹੈ। ੁਬਾਨ ਦਾ ਇਹ ਮਸਲਾ ਸਿਆਸੀ ਹੈ। ਕਿਉਂਕਿ ਉਸ ਦੀਆਂ ਜੜ੍ਹਾਂ ਸਿਆਸਤ ਵਿਚ ਹਨ। ਹਰ ਕੋਈ ਜਾਣਦਾ ਹੈ ਕਿ ਜਦੋਂ ਰੁਖ ਉਤੇ ਅਮਰਵੇਲ ਚੜ੍ਹਦੀ ਹੈ ਤਾਂ ਉਹ ਹੀ ਫਲਦੀ-ਫੁਲਦੀ ਹੈ। ਰੁਖ ਦਾ ਸਾਹ-ਸਤ ਚੂਸਿਆ ਜਾਂਦਾ ਹੈ।
ਪੰਜਾਬੀ ਜ਼ੁਬਾਨ ਮੁਰਝਾ ਜਾਵੇਗੀ ਅਤੇ ਉਸ ਉਤੇ ਠੋਸੀ ਸੰਸਕ੍ਰਿਤਾਈ ਹਿੰਦੀ ਪਲਰੇਗੀ। ਪੰਜਾਬੀ ਸਭਿਆਚਾਰ ਦੇ ਸਰੋਤ ਸੁਕ ਜਾਣਗੇ। ਪੁਰਾਤਨ ਹਿੰਦੂ-ਸੰਸਕ੍ਰਿਤੀ ਸੁਰਜੀਤ ਹੋਵੇਗੀ ਤੇ ਵਧੇ ਫੁਲੇਗੀ। ਇਸ ਗਲ ਨੂੰ ਸਿਆਸਤ ਦੀ ਸ਼ਤਰੰਜ ਦੇ ਖਿਡਾਰੀ ਉਨ੍ਹਾਂ ਪ੍ਰੋਫੈਸਰਾਂ ਅਤੇ ਸਰਕਾਰੀ ਅਹਿਲਕਾਰਾਂ ਨਾਲੋਂ ਵਧੇਰੇ ਚੰਗੀ ਤਰ੍ਹਾਂ ਸਮਝਦੇ ਸਨ, ਜਿਹੜੇ ਗਰੂ ਗ੍ਰੰਥ ਸਾਹਿਬ ਵਿਚੋਂ ਅਤੇ ਹੋਰਨਾਂ ਪੁਸਤਕਾਂ ਵਿਚੋਂ ਲਫਜ਼ ਗਿਣ-ਗਿਣ ਕੇ ਇਹ ਸਾਬਤ ਕਰਨ ਦੀ ਕੋÎਿਸ਼ਸ਼ ਵਿਚ ਲਗੇ ਹੋਏ ਹਨ ਕਿ ਅਸਲ ਪੰਜਾਬੀ ਤਾਂ ਨਿਰੀ ਸੰਸਕ੍ਰਿਤ ਹੀ ਹੈ। ਜਾਂ ਜਿਹੜੇ ਕੇਂਦਰੀ ਸਰਕਾਰ ਦੇ ਹਿੰਦੀ ਭਾਸ਼ਾ ਬਾਰੇ ਵਿਭਾਗ ਦੀ ਛਾਪੀ ਤਕਨੀਕੀ ਸ਼ਬਦਾਂ ਦੀ ਡਿਕਸਨਰੀ ਵਿਚੋਂ ਸ਼ਬਦ ਲਭ-ਲਭ, ਅੰਗਰੇਜ਼ੀ ਪੁਸਤਕਾਂ ਦਾ ਅਨੁਵਾਦ ਕਰਕੇ ਆਪਣੀ ਜਾਂਚੇ ਪੰਜਾਬੀ ਜ਼ੁਬਾਨ ਨੂੰ ”ਅਮੀਰ” ਬਣਾ ਰਹੇ ਹਨ। ਇਹ ਭੋਲੇ ਵਿਦਵਾਨ, ਅਨੁਵਾਦਕ ਤੇ ਪ੍ਰੋਫੈਸਰ ਸਮਝਦੇ ਹਨ ਕਿ ਮਸਲਾ ਇਲਮੀ (ਅਕਾਦਮਿਕ) ਹੈ। ਉਹ ਅਖਾਂ ਮੀਟੀ ਪੰਜਾਬੀ ਦੁਧ ਨੂੰ ਸੰਸਕ੍ਰਿਤਾਈ ਹਿੰਦੀ ਦੇ ਸਿਰਕੇ ਦੀ ਜਾਗ ਲਾਈ ਜਾ ਰਹੇ ਹਨ।
ਕੌਮ ਦਾ ਆਚਰਣ ਉਨ੍ਹਾਂ ਦੀ ਮਾਂ ਬੋਲੀ ਦੀ ਉਨਤੀ ਅਤੇ ਬਲ ਉਤੇ ਨਿਰਭਰ ਕਰਦਾ ਹੈ। ਜਿਸ ਕੌਮ ਦੀ ਬੋਲੀ ਅਤੇ ਸਭਿਆਚਾਰ ਉਤੇ ਸਟ ਮਾਰੀ ਜਾਵੇ, ਉਹ ਨਿਰਬਲ ਅਤੇ ਆਚਰਣਹੀਣ ਹੋ ਜਾਂਦੀ ਹੈ। ਅਜ ਪੰਜਾਬੀ ਜ਼ੁਬਾਨ ਅਤੇ ਸਭਿਆਚਾਰ ਨੂੰ ਸੰਸਕ੍ਰਿਤ ਅਤੇ ਬ੍ਰਾਹਮਣਵਾਦੀਆਂ ਦੇ ਮਾਰੂ ਅਸਰਾਂ ਤੋਂ ਬਚਾਉਣ ਦੀ ਲੋੜ ਹੈ।

ਗੁਰਵੇਲ ਪੰਨੂ


ਸ਼ੇਖ ਫਰੀਦ ਜੀ ਅਤੇ ਮਾਂ-ਬੋਲੀ

ਸ਼ੇਖ ਫਰੀਦ ਜੀ ਦਾ ਸਭ ਤੋਂ ਵਧ ਅਹਿਮ ਪਖ ਹੈ ਮਨੋਂ ਮਿਥ ਕੇ ਧਰਤੀ ਦੀ ਭਾਸ਼ਾ ਨੂੰ ਚੁਣਨਾ ਅਤੇ ਆਪਣੇ ਸੰਦੇਸ਼ ਅਤੇ ਅੰਤਰ ਸੋਝੀ ਨੂੰ ਪ੍ਰਕਾਸ਼ਮਾਨ ਕਰਨ ਲਈ ਇਸ ਦੇ ਲੋਕ-ਮਨ ਨੂੰ ਟੁੰਬਣ ਵਾਲੇ, ਅਨੰਤ ਅਸੀਮ ਭੰਡਾਰਿਆਂ ਨੂੰ ਵਰਤਣਾ। ਅੱਜ ਭਾਵੇਂ ਭਾਸ਼ਾ ਦੀ ਚੋਣ ਕਿਸੇ ਨੂੰ ਬੜੀ ਸਹਿਜ ਸੁਭਾਵਿਕ ਵੀ ਪ੍ਰਤੀਤ ਹੋਵੇ ਤੇ ਕਿਸੇ ਰਹਸ ਤੋਂ ਕੋਰੀ ਵੀ। ਪਰ ਜਦੋਂ ਸ਼ਖ ਫਰੀਦ ਨੇ ਪੰਜਾਬੀ ਭਾਸ਼ਾ ਦੀ ਚੋਣ ਕੀਤੀ ਤਾਂ ਉਦੋਂ ਨਾ ਤਾਂ ਇਹ ਰਾਜ ਦਰਬਾਰ ਦੀ ਹੀ ਭਾਸ਼ਾ ਸੀ (ਜੋ ਉਸ ਸਮੇਂ ਫਾਰਸੀ ਸੀ) ਅਤੇ ਨਾ ਹੀ ਧਰਮ ਸਾਧਨਾਂ ਜਾਂ ਉਚ ਵਰਗ ਦੇ ਸਭਿਆਚਾਰਕ ਲੈਣ ਦੇਣ ਦੀ (ਜੋ ਉਸ ਸਮੇਂ ਅਰਬੀ, ਫਾਰਸੀ ਤੇ ਸੰਸਕ੍ਰਿਤ ਸਨ)। ਆਪਣੀ ਕਾਵਿ ਸਾਧਨਾਂ ਲਈ ਲਗਭਗ ਇਕ ਅਧਘੜ ਲੋਕ-ਭਾਸ਼ਾ ਨੂੰ ਅਪਨਾ ਕੇ ਸ਼ੇਖ ਫਰੀਦ ਨੇ ਮਧਕਾਲੀ ਪੰਜਾਬ ਵਿਚ ਪੁਨਰ-ਜਾਗ੍ਰਿਤੀ ਨੂੰ ਅਪਨਾ ਕੇ ਸ਼ੇਖ ਫਰੀਦ ਨੇ ਮਧ ਕਾਲੀਨ ਪੰਜਾਬ ਵਿਚ ਪੁਨਰ-ਜਾਗ੍ਰਿਤੀ (Renaissance) ਦੀ ਲਹਿਰ ਤੋਰਨ ਦਾ ਉਦਮ ਕੀਤਾ। (ਸਮ ਦਰਸ਼ਨ – ਡਾ. ਅਤਰ ਸਿੰਘ)

ਕਬੀਰ ਜੀ ਅਤੇ ਮਾਂ ਬੋਲੀ

ਕਬੀਰ ਜੀ ਨੇ ਤਾਂ ਇਥੋਂ ਤਕ ਕਹਿ ਦਿਤਾ ਸੀ ਕਿ ਭਗਤੀ ਕੇਵਲ ਮਾਂ-ਬੋਲੀ (ਭਾਸ਼ਾ) ਵਿਚ ਹੀ ਕੀਤੀ ਜਾ ਸਕਦੀ ਹੈ :
ਕਬੀਰਾ ਸੰਸਕ੍ਰਿਤ ਸੰਸਾਰ ਮੇਂ ਪੰਡਤ ਕਰੇ ਬਖਾਨ।
ਭਾਸ਼ਾ ਭਗਤੀ ਦਰ ਧਵੀ ਨਿਆਰਾ ਪੜਾ ਨਿਰਵਾਨ। (ਕਬੀਰ ਰਚਨਾਵਲੀ)
ਅਰਥਾਤ, ਸੰਸਾਰ ਵਿਚ ਪੰਡਤ ਸੰਸਕ੍ਰਿਤ ਵਖਿਆਨ ਕਰਦਾ ਹੈ, ਜੋ ਕੇਵਲ ਉਹ ਆਪ ਹੀ ਸਮਝ ਸਕਦਾ ਹੈ। ਨਾ ਤਾਂ ਭਾਸ਼ਾ (ਮਾਂ-ਬੋਲੀ) ਬਿਨਾਂ ਭਗਤੀ ਹਿਰਦੇ ਦੀਆਂ ਗਹਿਰਾਈਆਂ ਵਿਚ ਉਤਰ ਸਕਦੀ ਹੈ ਅਤੇ ਨਾ ਹੀ ਇਸ ਬਿਨਾਂ ਮੁਕਤੀ ਪ੍ਰਾਪਤ ਹੋ ਸਕਦੀ ਹੈ। ਉਨ੍ਹਾਂ ਅਨੁਸਾਰ ਸੰਸਕ੍ਰਿਤ ਇਕ ਅੰਨ੍ਹੇ ਖੂਹ ਦੀ ਨਿਆਈ ਹੈ ਜਦ ਕਿ ਮਾਂ-ਬੋਲੀ (ਭਾਸ਼ਾ) ਵਹਿੰਦੇ ਜਲ ਦੀ ਨਿਰਮਲ ਧਾਰਾ ਸਮਾਨ ਹੈ — ”ਸੰਸਕ੍ਰਿਤ ਕੁਲ ਜਲ, ਭਾਸ਼ਾ ਬਹਿਤਾ ਨੀਰ।”

ਗੁਰੂ ਅੰਗਦ ਦੇਵ ਜੀ ਅਤੇ ਮਾਂ-ਬੋਲੀ

ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਇਕਠੀ ਕਰਕੇ ਗੁਰਮੁਖੀ ਲਿਪੀ ਵਿਚ ਲਿਖਵਾਈ। ਗੁਰਮੁਖੀ ਲਿਪੀ ਦੀ ਵਰਤੋਂ ਨੇ ਉਸ ਹਿੰਦੂ ਪੁਜਾਰੀ ਵਰਗ ਦੀ ਚੌਧਰ ਨੂੰ ਵੀ ਕਰਾਰੀ ਸਟ ਮਾਰੀ ਜਿਨ੍ਹਾਂ ਦੀ ਮਹਤਤਾ ਉਨ੍ਹਾਂ ਦੇ ਸੰਸਕ੍ਰਿਤ ਦੇ ਗਿਆਨ ਉਤੇ ਆਧਾਰਿਤ ਸੀ ਜਿਹੜੀ ਉਸ ਸਮੇਂ ਤਕ ਧਰਮ ਦੀ ਭਾਸ਼ਾ ਰਹੀ ਸੀ।

ਗੁਰੂ ਅਮਰ ਦਾਸ ਜੀ ਅਤੇ ਮਾਂ-ਬੋਲੀ

ਇਕ ਵਾਰ ਗੁਰੂ ਅਮਰਦਾਸ ਜੀ ਆਪਣੇ ਪੁਰਾਣੇ ਦੋਸਤਾਂ ਮਿਤਰਾਂ ਅਤੇ ਜਾਣ-ਪਹਿਚਾਣ ਵਾਲਿਆਂ ਨੂੰ ਮਿਲਣ ਲਈ ਹਰਦਵਾਰ ਦੇ ਲੰਮੇ ਸਫਰ ਉਤੇ ਚਲ ਪਏ। ਜਿਥੋਂ ਦੀ ਵੀ ਉਹ ਲੰਘਦੇ, ਨਾਮ ਦੀ ਵਰਖਾ ਕਰੀ ਜਾਂਦੇ। ਰਸਤੇ ਵਿਚ ਧਨੇਸ਼ਵਰ ਰੁਕੇ। ਉਥੋਂ ਦੇ ਲੋਕ ਗੁਰੂ ਸਾਹਿਬ ਨੂੰ ਪੁਛਣ ਲਗੇ ਕਿ ਤੁਸੀਂ ਆਪਣੀ ਬਾਣੀ ਅਨਜਾਣੀ ਜਿਹੀ ਭਾਸ਼ਾ ਪੰਜਾਬੀ ਵਿਚ ਕਿਉਂ ਰਚਦੇ ਹੋ? ਸੰਸਕ੍ਰਿਤ ਵਿਚ ਕਿਉਂ ਨਹੀਂ ਰਚਦੇ, ਜਿਹੜੀ ਇਕੋ ਇਕ ਅਜਿਹੀ ਭਾਸ਼ਾ ਹੈ, ਜਿਸ ਵਿਚ ਵਡੇ ਸਚੇ ਪ੍ਰਗਟ ਕੀਤੇ ਜਾ ਸਕਦੇ ਹਨ। ਗੁਰੂ ਸਾਹਿਬ ਨੇ ਉਤਰ ਦਿਤਾ, ”ਸੰਸਕ੍ਰਿਤ ਹੁਣ ਲੋਕਾਂ ਦੀ ਬੋਲੀ ਨਹੀਂ ਰਹੀ। ਇਹ ਉਸ ਖੂਹ ਦੇ ਪਾਣੀ ਵਾਂਗ ਹੈ ਜਿਸ ਦੇ ਪਾਣੀ ਨਾਲ ਕੁਝ ਕੁ ਖੇਤ ਹੀ ਸਿੰਜੇ ਜਾ ਸਕਦੇ ਹਨ, ਜਦੋਂ ਕਿ ਪੰਜਾਬੀ ਲੋਕਾਂ ਦੀ ਇਕ ਸਜੀਵ ਬੋਲੀ ਹੋਣ ਕਰਕੇ ਉਸ ਵਰਖਾ ਸਮਾਨ ਹੈ ਜੋ ਸਾਰੇ ਇਲਾਕੇ ਉਤੇ ਛਹਿਬਰ ਲਾ ਦੇਂਦੀ ਹੈ।” (ਪ੍ਰੋ. ਪੂਰਨ ਸਿੰਘ ਦੀ ਕਿਤਾਬ ‘ਦਸ ਗੁਰੂ’ ‘ਚੋਂ)


 

Leave a Reply

Your email address will not be published. Required fields are marked *