(ਬਹੁਤ ਚਰਚਿਤ ਮਾਰਕਸਵਾਦੀ ਇਤਿਹਾਸਕਾਰ ਐਰਿਕ ਹੌਬਸਬਾਮ ਜਦੋਂ ਦਿਲੀ ਆਏ ਸਨ, ਤਾਂ ਸੀਨੀਅਰ ਪਤਰਕਾਰ ਪ੍ਰੇਮ ਸ਼ੰਕਰ ਝਾਅ ਨੇ ਉਨ੍ਹਾਂ ਨਾਲ ਇਕ ਗਲਬਾਤ ਕੀਤੀ ਸੀ। ਇਸ ਗਲਬਾਤ ਵਿਚ ਉਨ੍ਹਾਂ ਨੇ ਅਜੋਕੇ ਸੰਸਾਰ ਨੂੰ ਦਰਪੇਸ਼ ਬਹੁਤ ਅਹਿਮ ਮਸਲਿਆਂ ਬਾਰੇ ਚਰਚਾ ਕੀਤੀ ਸੀ। ਇਹ ਚਰਚਾ ਹੁਣ ਵੀ ਓਨੀ ਹੀ ਅਹਿਮ ਹੈ, ਜਿੰਨੀ ਕਿ ਉਦੋਂ ਸੀ। ਅਸੀਂ ਉਸ ਚਰਚਾ ਦਾ ਪੰਜਾਬੀ ਰੂਪ ਛਾਪ ਰਹੇ ਹਾਂ। — ਸੰਪਾਦਕ)
ਸੁਆਲ — ਆਪਣੀਆਂ ਯਾਦਾਂ ”ਦਿਲਚਸਪ ਸਮਿਆਂ ਵਿਚ” ਤੁਸੀਂ ਕਮਿਊਨਿਸਟ ਕਿਉਂ ਬਣੇ ਬਾਰੇ ਦਸਦਿਆਂ ਕਿਹਾ ਹੈ ਕਿ ”1930 ਵਿਚ ਸਾਡੇ ਆਲੇਦੁਆਲੇ ਸੰਸਾਰ ਵਿਚ ਜੋ ਕੁਝ ਵਾਪਰ ਰਿਹਾ ਸੀ, ਉਸ ਨੂੰ ਦੇਖਦਿਆਂ ਹੋਇਆਂ ਹੋਰ ਕਿਧਰ ਜਾਇਆ ਜਾ ਸਕਦਾ ਸੀ?  ਹੋਰ ਕਿਥੋਂ ਕੋਈ ਆਸ ਕੀਤੀ ਜਾ ਸਕਦੀ ਸੀ?” ਫਿਰ ਕੀ ਵਾਪਰਿਆ ਕਿ ਕਰੋੜਾਂ ਲੋਕਾਂ ਨੂੰ ਜਥੇਬੰਦ ਰੂਪ ਵਿਚ ਖਤਮ ਕੀਤਾ ਗਿਆ?
ਜੁਆਬ — ਮੈਂ ਸਮਝਦਾ ਹਾਂ ਕਿ ਇਸ ਦਾ ਪਿਛੋਕੜ ਪਹਿਲੀ ਸੰਸਾਰ ਜੰਗ ਵਿਚ ਲਭਿਆ ਜਾ ਸਕਦਾ ਹੈ। ਪਹਿਲੀ ਵਾਰ ਜੰਗ ਸਨਅਤੀ ਪਧਰ ਉਤੇ ਲੜੀ ਗਈ। ਇਹ ਪਹਿਲੀ ਜੰਗ ਸੀ, ਜਿਸ ਵਿਚ ਸਨਅਤੀ ਪੈਦਾਵਾਰੀ ਸ਼ਕਤੀ ਨੂੰ ਇਕ ਦੂਜੇ ਦੇ ਦੁਸ਼ਮਣਾਂ ਨੂੰ ਮਾਰਨ ਲਈ ਵਰਤਿਆ ਗਿਆ। ਜਰਮਨਾਂ ਨੇ ਇਨ੍ਹਾਂ ਲੜਾਈਆਂ ਨੂੰ ”ਵਡੀਆਂ ਤਬਾਹਕੁੰਨ ਲੜਾਈਆਂ” ਕਿਹਾ। ਬੇਸ਼ਕ ਇਸ ਦੇ ਨਾਲ ਹੀ ਆਧੁਨਿਕ ਤਕਨੀਕ ਦੀ ਜੰਗੀ ਹਥਿਆਰ ਦੇ ਤੌਰ ਉਤੇ ਵਰਤੋਂ ਨੇ ਹੌਲਨਾਕ ਵਹਿਸ਼ਤ ਦਾ ਮੁਢ ਬੰਨ੍ਹਿਆ। ਖਾਸ ਕਰਕੇ ਯੂਰਪ ਵਿਚ ਜੰਗ ਦਾ ਇਹੀ ਨਤੀਜਾ ਸੀ।
ਇਸ ਜੰਗ ਦਾ ਦੂਜਾ ਪਖ ਕੌਮਵਾਦ ਦਾ ਉਭਾਰ ਸੀ। ਜੰਗ ਦੌਰਾਨ ਇਕ ਕੌਮੀ ਰਾਜ ਬਨਾਉਣ ਦੀ ਸਮਝ, ਜਿਸ ਦੇ ਘੇਰੇ ਵਿਚ ਵਧ ਘਟ ਹਦ ਤਕ ਸਾਰੀ ਇਕਸਾਰ ਕੌਮੀ ਬਣਤਰ ਆਉਂਦੀ ਹੋਵੇ, ਇਕ ਸਿਆਸੀ ਨਿਸ਼ਾਨੇ ਵਜੋਂ ਡੂੰਘਾ ਘਰ ਕਰ ਗਈ। ਇਹ ਸਮਝ ਵੀ ਪਹਿਲੀ ਸੰਸਾਰ ਜੰਗ ਤੋਂ ਬਾਦ ਹੀ ਵਿਕਸਿਤ ਹੋਈ। ਇਕ ਤਰ੍ਹਾਂ ਇਸ ਨੇ ਰਾਜ ਦੇ ਪੁਰਾਣੇ ਸੰਕਲਪ ਨੂੰ ਖੋਖਲਾ ਕਰ ਦਿਤਾ। ਰਾਜਸ਼ਕਤੀ ਦੇ ਪੁਰਾਣੇ ਸੰਕਲਪ ਅਨੁਸਾਰ ਅਨੇਕ ਅਡ ਅਡ ਸਭਿਆਚਾਰ ਮਿਲ ਕੇ ਰਹਿ ਸਕਦੇ ਸਨ। ਰਾਜਸ਼ਕਤੀ ਦੇ ਵਜੂਦ ਵਿਚ ਹੀ ਇਹ ਗਲ ਸ਼ਾਮਿਲ ਸੀ। ਪਰ ਕੌਮੀ ਰਾਜ ਦੀ ਸਮਝ ਸੀ ਕਿ ਕੁਝ ਲੋਕ ਇਸ ਵਿਚ ਸ਼ਾਮਿਲ ਹਨ ਅਤੇ ਬਾਕੀ ਇਸ ਤੋਂ ਬਾਹਰ ਹਨ। ਇਸ ਦੀ ਸਭ ਤੋਂ ਉਘੜਵੀਂ ਮਿਸਾਲ ਆਟੋਮਾਨ ਸਾਮਰਾਜ ਦਾ ਅਨੇਕ ਅਡ ਅਡ ਕੌਮੀ ਰਾਜਾਂ ਵਿਚ ਬਦਲ ਜਾਣਾ ਹੈ। ਸਹਿਣਸ਼ੀਲਤਾ ਆਟੋਮਾਨ ਸਾਮਰਾਜ ਦਾ ਅੰਦਰੂਨੀ ਲਛਣ ਸੀ ਅਤੇ ਉਸ ਅੰਦਰ ਮੁਸਮਲਾਨਾਂ, ਯਹੂਦੀਆਂ, ਕੁਰਦਾਂ ਅਤੇ ਇਸਾਈਆਂ ਵਿਚ ਘਟ ਹੀ ਫਰਕ ਕੀਤਾ ਜਾਂਦਾ ਸੀ। ਪਰ ਜਿਉਂ ਹੀ ਇਹ ਧਾਰਨਾ ਖਤਮ ਹੋਈ ਅਤੇ ਤੁਰਕੀ ਇਕ ਕੌਮੀ ਰਾਜ ਬਣਿਆ ਤਾਂ ਇਸ ਨੇ ਆਤਮਸਾਤ ਕਰੋ ਜਾਂ ਖਤਮ ਕਰੋ ਦੀ ਨੀਤੀ ਧਾਰਨ ਕਰ ਲਈ। ਇਸ ਨੇ ਅਰਮੀਨੀਅਨਾਂ ਦਾ ਖਾਤਮਾ ਕਰ ਦਿਤਾ। ਇਸ ਨੇ ਯੂਨਾਨੀਅਨਾਂ ਦਾ ਖਾਤਮਾ ਕਰ ਦਿਤਾ। ਇਸ ਨੇ ਯੂਨਾਨੀਆਂ ਨੂੰ ਵੀ ਵਡੀ ਪਧਰ ਉਤੇ ਬਾਹਰ ਧਕਿਆ ਅਤੇ ਵਸੋਂ ਦੇ ਤਬਾਦਲੇ ਦੇ ਰੂਪ ਵਿਚ ਉਨ੍ਹਾਂ ਨੂੰ ਤੁਰਕੀਆਂ ਦੇ ਬਦਲੇ ਉਸ ਇਲਾਕੇ ਵਿਚ ਭੇਜਿਆ ਗਿਆ, ਜਿਹੜਾ 1922 ਵਿਚ ਯੂਨਾਨ ਬਣ ਗਿਆ। ਇਸ ਲਈ ਕੌਮੀ ਰਾਜ ਦਾ ਮਤਲਬ ਹੀ ਕੌਮੀ ਸਫਾਈ ਦਾ ਸੰਕਲਪ ਸੀ। ਆਪਣੇ ਅਤਿ ਦੇ ਰੂਪ ਵਿਚ ਇਸ ਦਾ ਮਤਲਬ ਨਸਲਕੁਸ਼ੀ ਨੂੰ ਜਾਇਜ਼ ਠਹਿਰਾਉਣਾ ਸੀ।
ਤੀਜੇ ਪਖ ਦੀਆਂ ਜੜ੍ਹਾਂ ਵੀ ਪਹਿਲੀ ਸੰਸਾਰ ਜੰਗ ਦੇ ਵਿਚ ਹੀ ਪਈਆਂ ਸਨ। ਇਹ ਸੀ 19ਵੀਂ ਸਦੀ ਦੇ ਸਰਬਪਖੀ ਅਸੀਮ ਵਿਕਾਸ ਦੇ ਬਣੇ ਭਰੋਸੇ ਦਾ ਟੁਟਣਾ। 19ਵੀਂ ਸਦੀ ਵਿਚ ਇਹ ਯਕੀਨ ਕੀਤਾ ਜਾਂਦਾ ਸੀ ਕਿ ਹੋਰ ਵਧੇਰੇ ਸਭਿਅਕ ਵਿਹਾਰ ਲਈ ਅਜੇ ਹੋਰ ਰਾਹ ਹੈ। ਸਿਆਸੀ ਤੌਰ ਉਤੇ ਇਸ ਦਾ ਅਰਥ ਕਾਨੂੰਨੀ ਰਾਜ ਦੀ ਹੋਰ ਵਧੇਰੇ ਮਾਨਤਾ ਅਤੇ ਕੌਮਾਂਤਰੀ ਰਿਸ਼ਤਿਆਂ ਵਿਚ ਵਧੇਰੇ ਸਹਿਣਸ਼ੀਲਤਾ ਸੀ। ਇਹ ਵਿਹਾਰੀ ਅਸੂਲ ਸਭਿਅਤਾ ਦੇ ਸਾਂਝੇ ਕਾਨੂੰਨਾਂ ਉਤੇ ਆਧਾਰਿਤ ਸਨ ਅਤੇ ਇਨ੍ਹਾਂ ਨੂੰ 1907 ਵਿਚ ਹੇਗ ਕਨਵੈਨਸ਼ਨ ਅੰਦਰ ਲਿਖਤੀ ਰੂਪ ਦਿਤਾ ਗਿਆ ਸੀ।
20ਵੀਂ ਸਦੀ ਵਿਚ ਹੌਲੀ ਹੌਲੀ ਪਰ ਲਗਾਤਾਰ ਹੇਗ ਕਨਵੈਨਸ਼ਨ ਦੇ ਅਸੂਲਾਂ ਅਤੇ ਰਾਜਾਂ ਦੇ ਦੂਜੇ ਰਾਜਾਂ ਅਤੇ ਆਪਣੀ ਵਸੋਂ ਪ੍ਰਤੀ ਹਕੀਕੀ ਅਮਲ ਵਿਚ ਪਾੜਾ ਵਧਦਾ ਗਿਆ। ਹਰ ਜੰਗ ਵਿਚ ਇਨ੍ਹਾਂ ਅਸੂਲਾਂ ਦੀਆਂ ਧਜੀਆਂ ਉਡਾਈਆਂ ਗਈਆਂ ਅਤੇ ਹਰ ਜੰਗ ਤੋਂ ਬਾਅਦ ਇਨ੍ਹਾਂ ਅਸੂਲਾਂ ਨੂੰ ਮੁੜ ਬਹਾਲ ਕਰਨ ਦੀਆਂ ਕੋਸ਼ਿਸਾਂ ਕੀਤੀਆਂ ਗਈਆਂ। ਪਹਿਲੀ ਸੰਸਾਰ ਜੰਗ ਦੇ ਪੈਦਾ ਹੋਏ ਇਨ੍ਹਾਂ ਤਿੰਨਾਂ ਪ੍ਰਭਾਵਾਂ ਨੂੰ ਜੇ ਤੁਸੀਂ ਇਕਠੇ ਕਰ ਦਿਓ ਤਾਂ ਤੁਸੀਂ ਸਮਝ ਜਾਓਗੇ ਕਿ 20ਵੀਂ ਸਦੀ ਮਨੁਖੀ ਇਤਿਹਾਸ ਦੀ ਸਭ ਤੋਂ ਕਾਤਲ (ਖੂਨੀ) ਸਦੀ ਕਿਉਂ ਬਣ ਗਈ।
60ਵਿਆਂ ਅਤੇ 80ਵਿਆਂ ਵਿਚਕਾਰ ਇਕ ਛੋਟਾ ਜਿਹਾ ਸਮਾਂ ਆਇਆ ਜਦੋਂ ਇਹ ਜਾਪਣ ਲਗਿਆ ਕਿ ਸ਼ਾਇਦ ਹੌਲੀ ਹੌਲੀ ਵਧੇਰੇ ਸਭਿਅਕ ਵਿਹਾਰ ਵਲ ਵਧਿਆ ਜਾ ਰਿਹਾ ਹੈ। ਸੋਵੀਅਤ ਯੂਨੀਅਨ ਵਿਚ ਸਟਾਲਿਨ ਦੀਆਂ ਜ਼ਿਆਦਤੀਆਂ, ਜਿਹੜੀਆਂ ਕਿ ਅਸਲੀਅਤ ਵਿਚ ਬਹੁਤ ਘਟ ਸਨ, ਪਿਛੇ ਰਹਿ ਗਈਆਂ ਸਨ। ਇਸੇ ਤਰ੍ਹਾਂ ਪਛਮ ਵਿਚ ਸੀਤ ਜੰਗ ਦੀ ਸਿਖਰ ਸਮੇਂ ਜਦੋਂ ਫੌਜੀ ਰਾਜਾਂ ਦਾ ਜ਼ੋਰ ਸੀ, ਹੌਲੀ ਹੌਲੀ ਜਮਹੂਰੀਅਤ ਬਹਾਲ ਹੋਣੀ ਅਤੇ ਤਕੜੀ ਹੋਣੀ ਸ਼ੁਰੂ ਹੋਈ। ਪਰ ਇਹ ਸਮਾਂ ਬਹੁਤ ਛੋਟਾ ਸੀ। ਹੁਣ ਫਿਰ ਵਹਿਸ਼ਤ ਦੀ ਪੁਨਰ ਜਾਗਰਤੀ ਦਾ ਵਡਾ ਦੌਰ ਸ਼ੁਰੂ ਹੋਇਆ ਹੈ। ਤਸ਼ਦਦ ਕਰਨ ਨੂੰ ਜਾਇਜ਼ ਠਹਿਰਾਇਆ ਜਾ ਰਿਹਾ ਹੈ। ਜੈਨੇਵਾ ਕਨਵੈਨਸ਼ਨ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ ਅਤੇ ਨਸਲਕੁਸ਼ੀ ਫਿਰ ਸ਼ੁਰੂ ਹੋ ਗਈ ਹੈ।
ਸੁਆਲ — ”ਭਵਿਖ ਬੀਤੇ ਦੀ ਲਗਾਤਾਰਤਾ ਨਹੀਂ ਹੋ ਸਕਦਾ ਅਤੇ ਬਾਹਰੀ ਅਤੇ ਅੰਦਰੂਨੀ ਸੰਕੇਤ ਹਨ ਕਿ ਅਸੀਂ ਇਕ ਇਤਿਹਾਸਕ ਸੰਕਟ ਦੇ ਮੋੜ ਉਤੇ ਪਹੁੰਚ ਗਏ ਹਾਂ,” ਇਹ ਤੁਸੀਂ ਆਪਣਾ ਕਿਤਾਬ ‘ਅਤਿ ਦਾ ਯੁਗ’ ਵਿਚ 12 ਸਾਲ ਪਹਿਲਾਂ ਕਿਹਾ ਸੀ। ਹੁਣ ਤੁਸੀਂ ਇਸ ਬਾਰੇ ਕੀ ਸੋਚਦੇ ਹੋ?
ਜੁਆਬ — ਇਸ ਸੰਕਟ ਦੇ ਘਟੋ ਘਟ ਤਿੰਨ ਰੂਪ ਸਾਹਮਣੇ ਆ ਰਹੇ ਹਨ। ਪਹਿਲਾ, ਹੁਣ ਦੇਸਾਂ ਦਰਮਿਆਨ ਕੌਮਾਂਤਰੀ ਰਿਸ਼ਤਿਆਂ ਨੂੰ ਨਜਿਠਣ ਦਾ ਕੋਈ ਪ੍ਰਬੰਧ ਨਜ਼ਰ ਨਹੀਂ ਆਉਂਦਾ। ਸੀਤ ਜੰਗ ਦੇ ਅੰਤ ਤਕ ਕੌਮਾਂਤਰੀ ਰਿਸ਼ਤੇ ਵਧ ਘਟ ਹਦ ਤਕ ਵਿਆਨਾ ਕਾਂਗਰਸ ਦੇ ਦਰਸਾਏ ਅਸੂਲਾਂ ਉਤੇ ਆਧਾਰਿਤ ਸਨ। ਮਹਾਂਸ਼ਕਤੀਆਂ ਦਾ ਇਕ ਪ੍ਰਬੰਧ ਸੀ, ਜਿਸ ਨੇ ਜੰਗ ਦੀ ਸੰਭਾਵਨਾ ਨੂੰ ਸੀਮਤ ਰਖਿਆ। 1914 ਤੋਂ 1945 ਤਕ ਦੇ ਸਮੇਂ ਨੂੰ ਛਡ ਕੇ ਇਹ ਲਗਪਗ ਸਫਲ ਹੀ ਰਿਹਾ। ਇਹ ਪ੍ਰਬੰਧ ਹੁਣ ਅਲੋਪ ਹੋ ਗਿਆ ਹੈ। ਅਸੀਂ ਜਾਣਦੇ ਹਾਂ ਕਿ ਹੁਣ ਕਿਸੇ ਇਕ ਇਕਲੇ ਦੇਸ ਲਈ ਸੰਸਾਰ ਦਾ ਪ੍ਰਬੰਧ ਚਲਾਉਣਾ ਸੰਭਵ ਨਹੀਂ। ਕਿਸੇ ਵੀ ਹਾਲਤ ਵਿਚ ਸਮੇਂ ਦੇ ਨਾਲ ਸ਼ਕਤੀਆਂ ਦੇ ਸੰਤੁਲਨ ਨੇ ਬਦਲਣਾ ਹੀ ਹੁੰਦਾ ਹੈ।
ਦੂਜਾ ਸੰਕਟ ਸਭ ਤੋਂ ਵਧ ਡੂੰਘਾ ਹੈ ਅਤੇ ਇਹ ਸੰਸਾਰੀਕਰਨ ਦੀ ਉਪਜ ਹੈ। ਸੰਸਾਰੀਕਰਨ ਕੌਮੀ ਰਾਜਾਂ ਦੀਆਂ ਹਦਾਂ ਤੇ ਲੋਕਾਂ ਦੀ ਜਨਤਕ ਜ਼ਿੰਦਗੀ ਦੁਆਲੇ ਉਸਰੇ ਜ਼ਰੂਰੀ ਤਾਣੇਬਾਣੇ ਨੂੰ ਕਮਜ਼ੋਰ ਕਰ ਰਿਹਾ ਹੈ। ਅਨੇਕ ਕਾਰਨਾਂ ਕਰਕੇ, ਜਿਸ ਵਿਚ ਸੰਸਾਰੀਕਰਨ ਸਿਰਫ ਇਕ ਕਾਰਨ ਹੈ, ਰਾਜ ਦਾ ਇਕ ਖਾਸ ਰੂਪ ਸੰਕਟ ਵਿਚ ਹੈ। ਸੰਸਾਰੀਕਰਨ ਅਤੇ ਪੂੰਜੀਵਾਦ ਦੀ ਅਜ਼ਾਦ ਮੰਡੀ ਰਾਜਸ਼ਕਤੀ ਦੀ ਸਮਰਥਾ ਨੂੰ ਸੀਮਤ ਕਰ ਰਹੀ ਹੈ। ਹਕੂਮਤਾਂ ਦੀ ਕਾਬੂ ਸ਼ਕਤੀ ਘਟਦੀ ਜਾ ਰਹੀ ਹੈ। ਇਸ ਲਈ ਉਹ ਲੋਕਾਂ ਦੀਆਂ ਸਮਸਿਆਵਾਂ ਦਾ ਹਲ ਕਰਨੋਂ ਵੀ ਆਰੀ ਰਹਿ ਰਹੀਆਂ ਹਨ। ਬੰਦੇ ਦੀ ਥਾਂ ਖਪਤਕਾਰ ਲੈ ਰਿਹਾ ਹੈ। ਬੰਦਾ ਖਪਤਕਾਰ ਦਾ ਰੂਪ ਵਟਾਉਂਦਾ ਜਾ ਰਿਹਾ ਹੈ। ਹੁਣੇ ਕਿਸੇ ਇਕ ਕਾਨਫਰੰਸ ਦੌਰਾਨ ਇਕ ਬਹਿਸ ਵਿਚ ਫਰਾਂਸਿਸ ਫੁਕੂਯਾਮਾ ਨੇ ਮੈਨੂੰ ਪੁਛਿਆ ਸੀ  ਕਿ, ”ਯਕੀਨੀ ਤੌਰ ਉਤੇ ਇਸ ਦਾ ਕੋਈ ਨੁਕਸਾਨ ਨਹੀਂ ਕਿ ਇਕ ਆਦਮੀ ਇਹ ਫੈਸਲਾ ਕਰਦਾ ਹੈ ਕਿ ਉਸ ਨੇ ਕੀ ਖਰੀਦਣਾ ਹੈ,” ਪਰ ਇਸ ਵਿਚ ਵਡਾ ਫਰਕ ਹੈ। ਸਮਾਜ ਵਿਚ ਰਹਿੰਦਿਆਂ ਆਦਮੀ ਦੇ ਹਕ ਹੀ ਨਹੀਂ ਕੁਝ ਫਰਜ਼ ਵੀ ਹਨ। ਪਰ ਖਪਤਕਾਰ ਕੋਲ ਸਿਰਫ ਖਰੀਦਣ ਦਾ ਹਕ ਹੈ।
ਅਨੇਕ ਕਾਰਨਾਂ ਕਰਕੇ ਹੁਣ ਹਕੂਮਤਾਂ ਆਪਣੀ ਪਰਜਾ ਨੂੰ ਕੰਟਰੋਲ ਨਹੀਂ ਕਰਦੀਆਂ। ਇਥੋਂ ਤਕ ਕਿ ਇਹ ਕਥਨ ਤਕੜੀਆਂ ਹਕੂਮਤਾਂ ਉਤੇ ਵੀ ਲਾਗੂ ਹੁੰਦਾ ਹੈ। ਮਿਸਾਲ ਦੇ ਤੌਰ ਉਤੇ ਬਰਤਾਨੀਆ ਪਿਛਲੇ 30 ਸਾਲ ਤੋਂ ਉਤਰੀ ਆਇਰਲੈਂਡ ਦੀ ਬਗਾਵਤ ਨੂੰ ਕਾਬੂ ਨਹੀਂ ਕਰ ਸਕਿਆ। ਇਹ ਨਿਵੇਕਲਾਪਣ ਹੈ। ਇਸ ਤੋਂ ਪਹਿਲਾਂ ਇਹ ਕਦੀ ਨਹੀਂ ਵਾਪਰਿਆ। ਇਹੋ ਜਿਹੀਆਂ ਅਨੇਕਾਂ ਮਿਸਾਲਾਂ ਹਨ। ਹੁਣ ਅਮਰੀਕੀਆਂ ਨੂੰ ਇਹ ਪਤਾ ਲਗ ਰਿਹਾ ਹੈ ਕਿ ਇਰਾਕ ਵਿਚ ਹਾਲਤਾਂ ਉਤੇ ਕਾਬੂ ਪਾਉਣਾ ਕਿੰਨਾ ਮੁਸ਼ਕਿਲ ਭਰਿਆ ਕੰਮ ਹੈ। ਖਤਰਨਾਕ ਛੋਟੇ ਹਥਿਆਰ ਅਤੇ ਬਾਰੂਦ ਵਧ ਤੋਂ ਵਧ ਨਿਜੀ ਹਥਾਂ ਵਿਚ ਜਾ ਰਿਹਾ ਹੈ। ਹੁਣ ਹਕੂਮਤ ਦੀ ਸਿਰਫ ਬਹੁਤ ਵਡੇ ਮਹਾਂ-ਹਥਿਆਰਾਂ ਉਤੇ ਹੀ ਇਜਾਰੇਦਾਰੀ ਹੈ।
ਇਸੇ ਤਰ੍ਹਾਂ ਹਕੂਮਤ ਨਿਜੀ ਹਥਾਂ ਵਿਚ ਵਧ ਤੋਂ ਵਧ ਦੌਲਤ ਇਕਠੀ ਹੋਣ ਤੋਂ ਰੋਕਣ ਵਿਚ ਵੀ ਬੇਅਸਰ ਹੈ। ਜਿਸ ਦਾ ਸਿਟਾ ਸਮਾਜ ਵਿਚ ਨਾਬਰਬਾਰੀ ਦੇ ਬੇਰੋਕ ਵਧਣ ਵਿਚ ਨਿਕਲ ਰਿਹਾ ਹੈ। ਨਿਜੀ ਹਥਾਂ ਅਤੇ ਛੋਟੇ ਛੋਟੇ ਗਰੁਪਾਂ ਵਿਚ ਏਨੀ ਆਰਥਿਕ ਸ਼ਕਤੀ ਇਕਠੀ ਹੋ ਰਹੀ ਹੈ, ਜਿੰਨੀ ਪਹਿਲਾਂ ਕਦੀ ਕਿਸੇ ਨੇ ਸੁਪਨੇ ਵਿਚ ਕਲਪਨਾ ਵੀ ਨਹੀਂ ਸੀ ਕੀਤੀ। ਹੁਣ ਜਾਰਜ ਸੋਰੋ ਵਰਗੇ ਸਿਆਸੀ ਅਤੇ ਆਰਥਿਕ ਪ੍ਰੋਜੈਕਟਾਂ ਉਤੇ ਏਨੀ ਦੌਲਤ ਖਰਚ ਕਰ ਸਕਦੇ ਹਨ, ਜਿਹੜੀ ਕਿ ਕਈ ਸਰਕਾਰਾਂ ਦੇ ਕੁਲ ਬਜਟ ਦੇ ਬਰਾਬਰ ਹੈ। ਅਮਰੀਕੀ ਸਰਕਾਰ ਦਾ ਇਹ ਬਿਆਨ ਕਿ ਹਰ ਦਹਿਸ਼ਤਗਰਦ ਗਰੁਪ ਦੇ ਪਿਛੇ ਕਿਸੇ ਸਰਕਾਰ ਦਾ ਹਥ ਹੈ, ਹੁਣ ਸਚ ਨਹੀਂ ਹੈ। ਹਰ ਵਿਅਕਤੀ ਦੀਆਂ ਕਾਰਵਾਈਆਂ ਨੂੰ ਕਾਬੂ ਕਰਨ ਦੀ ਘਟ ਰਹੀ ਹਕੂਮਤੀ ਸਮਰਥਾ ਹਰ ਵੇਲੇ ਸਪਸ਼ਟ ਨਹੀਂ ਹੁੰਦੀ। ਕਿਉਂਕਿ ਤਕਨੀਕ ਨੇ ਜਾਣਕਾਰੀ ਇਕਠੀ ਕਰਨ ਦੇ ਸਾਧਨ ਬਹੁਤ ਵਧਾ ਦਿਤੇ ਹਨ। ਪਰ ਇਨ੍ਹਾਂ ਨਾਲ ਲੋਕਾਂ ਨੂੰ ਕਾਬੂ ਵਿਚ ਰਖਣ ਦੀ ਸਮਰਥਾ ਨਹੀਂ ਵਧੀ। ਅਸਰਦਾਰੀ ਪਖੋਂ ਮੈਂ ਸਮਝਦਾ ਹਾਂ ਕਿ 19ਵੀਂ ਸਦੀ ਦੀ ਬਰਤਾਨਵੀ ਹਕੂਮਤ ਉਤਰ ਪ੍ਰਦੇਸ਼ ਬਾਰੇ ਜ਼ਿਆਦਾ ਜਾਣਦੀ ਸੀ, ਜਿਨਾ ਕਿ ਮੌਜੂਦਾ ਬਰਤਾਨਵੀ ਸਰਕਾਰ ਆਪਣੇ ਮਸਲਿਆਂ ਬਾਰੇ ਹੁਣ ਜਾਣਦੀ ਹੈ।
ਹਕੂਮਤੀ ਕੰਟਰੋਲ ਕਰਨ ਦੀ ਸਮਰਥਾ ਦੇ ਘਟਣ ਦਾ ਅਰਥ ਇਹ ਹੈ ਕਿ ਉਨ੍ਹਾਂ ਸਮਸਿਆਵਾਂ ਦੀ ਗਿਣਤੀ ਵਧ ਰਹੀ ਹੈ, ਜਿਨ੍ਹਾਂ ਦਾ ਹਲ ਕੋਈ ਇਕ ਦੇਸ ਨਹੀਂ ਕਰ ਸਕਦਾ। ਸਗੋਂ ਉਨ੍ਹਾਂ ਨੂੰ ਸੰਸਾਰ ਪਧਰ ਉਤੇ ਹੀ ਹਲ ਕੀਤਾ ਜਾ ਸਕਦਾ ਹੈ। ਪਰ ਅਜਿਹਾ ਕੋਈ ਪ੍ਰਬੰਧ ਨਹੀਂ ਹੈ। ਸੰਸਾਰੀਕਰਨ ਨੇ ਸਾਰੀਆਂ ਚੀਜ਼ਾਂ ਨੂੰ ਪ੍ਰਭਾਵਿਤ ਕੀਤਾ ਹੈ। ਪਰ ਇਕ ਚੀਜ਼ ਇਸ ਪ੍ਰਭਾਵ ਤੋਂ ਇਨਕਾਰੀ ਹੈ ਅਤੇ ਇਹ ਹੈ ਰਾਜਨੀਤੀ। ਕਿਉਟੋ ਸਮਝੌਤਾ ਇਸ ਦੀ ਸ਼ਾਨਦਾਰ ਮਿਸਾਲ ਹੈ। ਇਹ ਸਿਰਫ ਤਾਂ ਹੀ ਅਸਰਦਾਰ ਹੋ ਸਕਦਾ ਹੈ ਜੇ ਹਰ ਦੇਸ ਇਸ ਸਮਝੌਤੇ ਦੀਆਂ ਮਦਾਂ ਨੂੰ ਅਮਲ ਵਿਚ ਲਾਗੂ ਕਰੇ। ਪਰ ਸੰਸਾਰ ਪਧਰ ਉਤੇ ਅਜਿਹੀ ਕੋਈ ਸ਼ਕਤੀ ਜਾਂ ਸੰਸਥਾ ਨਹੀਂ, ਜਿਹੜੀ ਇਨ੍ਹਾਂ ਮਦਾਂ ਨੂੰ ਲਾਗੂ ਕਰਵਾ ਸਕੇ।
ਇਸ ਸੰਕਟ ਦੇ ਆਖਰੀ ਪਖ ਦਾ ਪ੍ਰਭਾਵ ਲੰਮਾ ਸਮਾਂ ਰਹਿਣ ਵਾਲਾ ਹੈ। ਇਹ ਹੈ ਸਮਾਜਕ ਨਾਬਰਬਾਰੀ ਦਾ ਬਹੁਤ ਵਡੇ ਪਧਰ ਉਤੇ ਵਧ ਜਾਣਾ। ਬੀਤੇ ਵਿਚ ਇਹ ਪਾੜਾ ਭੁਖਿਆ ਅਤੇ ਨਾ ਭੁਖਿਆਂ ਵਿਚਕਾਰ ਸੀ। ਅਜ ਇਹ ਪਾੜਾ ਏਨਾ ਵਡਾ ਹੈ ਕਿ ਇਹ ਆਲਮੀ ਆਰਥਿਕਤਾ ਦੀ ਅਸਥਿਰਤਾ ਨੂੰ ਜ਼ਰਬਾਂ ਦੇ ਰਿਹਾ ਹੈ। 1997 ਤੇ 1998 ਦੇ ਆਰਥਿਕ ਸੰਕਟ ਇਸ ਦੀ ਇਕ ਮਿਸਾਲ ਹਨ। ਲਾਤੀਨੀ ਅਮਰੀਕਾ ਖਾਸ ਕਰ ਕੇ ਅਰਜਨਟਾਈਨਾ ਵਿਚ ਇਨ੍ਹਾਂ ਨੇ ਸਮਾਜਕ ਤਬਾਹੀ ਮਚਾ ਦਿਤੀ। ਲਗਪਗ ਸਾਰਾ ਲਾਤੀਨੀ ਅਮਰੀਕਾ ਖਬੇ ਪਖ ਵਲ ਝੁਕ ਰਿਹਾ ਹੈ। ਕਿਉਂਕਿ ਬਹੁਗਿਣਤੀ ਲੋਕਾਂ ਦੀ ਇਹ ਸਮਝ ਬਣ ਰਹੀ ਹੈ ਕਿ ਸੰਸਾਰੀਕਰਨ ਨੇ ਸਿਰਫ ਬਹੁਤ ਅਮੀਰ ਅਤੇ ਬਾਹਰਲੇ ਲੋਕਾਂ ਦਾ ਫਾਇਦਾ ਕੀਤਾ ਹੈ।
ਅਖੀਰ ਵਿਚ ਇਨ੍ਹਾਂ ਸਾਰਿਆਂ ਗਲਾਂ ਦਾ ਨਿਚੋੜ ਇਹ ਹੈ ਕਿ ਸਮਾਜਕ ਤਬਦੀਲੀ ਦੀ ਚਾਲ ਏਨੀ ਤੇਜ਼ ਹੈ, ਕਿ ਇਹ ਮਨੁਖੀ ਵਿਸ਼ਵਾਸਾਂ ਨੂੰ ਲਿਤਾੜਦੀ ਜਾ ਰਹੀ ਹੈ। ਸਿਰਫ ਇਕ ਪੀੜ੍ਹੀ ਪਹਿਲਾ ਤਕ ਮਨੁਖੀ ਰਿਸ਼ਤਿਆਂ ਦੇ ਕੁਝ ਅਸੂਲ ਸਨ। ਹੁਣ ਵਰਤੋਂ ਵਿਹਾਰ ਦੀ ਕੋਈ ਦਿਸ਼ਾ ਨਹੀਂ ਹੈ। ਅਨੇਕਾਂ ਸਮਾਜਕ ਤਬਦੀਲੀਆਂ ਦੇ ਕਈ ਹਾਸੋਹੀਣੇ ਸਿਟੇ ਨਿਕਲ ਰਹੇ ਹਨ। ਮਿਸਾਲ ਦੇ ਤੌਰ ਉਤੇ 20ਵੀਂ ਸਦੀ ਦੀ ਸਭ ਤੋਂ ਵਡੀ ਤੇ ਮਹਤਵਪੂਰਨ ਪ੍ਰਾਪਤੀ ਔਰਤਾਂ ਦੀ ਮੁਕਤੀ ਹੈ। ਇਟਲੀ ਵਿਚ 15-20 ਸਾਲ ਤੋਂ ਇਸ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਔਰਤਾਂ ਬਚੇ ਜੰਮਣ ਤੋਂ ਇਨਕਾਰੀ ਹੋ ਰਹੀਆਂ ਹਨ।
ਸੁਆਲ — ਕੀ ਇਹੀ ਕਾਰਨ ਹੈ ਕਿ ਤੁਸੀਂ ‘ਅਤਿ ਦਾ ਯੁਗ’ ਵਿਚ ਕਿਹਾ ਹੈ ਕਿ ਲੋਕਾਂ ਦਾ ਇਤਿਹਾਸ ਨਾਲੋਂ ਰਿਸ਼ਤਾ ਟੁਟ ਗਿਆ ਹੈ ਅਤੇ ਉਹ ਲਗਾਤਾਰ ਵਰਤਮਾਨ ਵਿਚ ਜੀਅ ਰਹੇ ਹਨ?
ਜੁਆਬ — ਲੋਕਾਂ ਦਾ ਇਤਿਹਾਸ ਨਾਲੋਂ ਸੰਬੰਧ ਟੁਟਿਆ ਹੈ। ਤਬਦੀਲੀ ਦੀ ਚਾਲ ਏਨੀ ਤੇਜ਼ ਹੈ ਕਿ ਬੀਤੇ ਅਤੇ ਵਰਤਮਾਨ ਵਿਚਕਾਰ ਰਵਾਇਤੀ ਰਿਸ਼ਤਾ ਅਲੋਪ ਹੋ ਗਿਆ ਹੈ। ਪਰ ਤਕਨੀਕੀ ਤਬਦੀਲੀ ਇਸ ਲਈ ਜ਼ਿੰਮੇਵਾਰ ਹੈ। 20ਵੀਂ ਸਦੀ ਵਿਚ ਇਹ ਸਮਸਿਆਵਾਂ ਦੇ ਹਲ ਵਜੋਂ ਪੇਸ਼ ਹੁੰਦੀ ਰਹੀ ਹੈ, ਜਿਸ ਵਾਸਤੇ ਇਤਿਹਾਸ ਗੈਰਪ੍ਰਸੰਗਕ ਹੈ। ਸਾਨੂੰ ਇਸ ਤਰ੍ਹਾਂ ਯਕੀਨ ਕਰਨ ਲਈ ਪੜ੍ਹਾਇਆ ਗਿਆ ਹੈ ਕਿ ਪੁਲ ਦੀ ਉਸਾਰੀ ਤੋਂ ਲੈ ਕੇ ਜਮਹੂਰੀਅਤ ਦੀ ਉਸਾਰੀ ਤਕ ਹਰ ਸਮਸਿਆ ਦਾ ਹਲ ਤਕਨੀਕ (ਸਾਇੰਸ) ਹੈ ਅਤੇ ਇਸ ਲਈ ਇਤਿਹਾਸ ਦੀ ਕੋਈ ਲੋੜ ਨਹੀਂ। (27 ਦਸੰਬਰ 2004 ਦੇ ਸਪਤਾਹਿਕ ਪਰਚੇ ‘ਆਊਟਲੁਕ’ ਵਿਚੋਂ)

Leave a Reply

Your email address will not be published. Required fields are marked *