(ਡਾ. ਅੰਬੇਡਕਰ ਅਤੇ ਮੁਲਖ ਰਾਜ ਆਨੰਦ ਦਰਮਿਆਨ ਇਹ ਬਾਤਚੀਤ ਸੰਨ 1950 ਵਿਚ ਬੰਬਈ ਵਿਖੇ ਹੋਈ ਸੀ। ਇਸ ਬਾਤਚੀਤ ਵਿਚ ਡਾ. ਅੰਬੇਡਕਰ ਨੇ ਕੁਝ ਬਹੁਤ ਹੀ ਅਹਿਮ ਨੁਕਤਿਆਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਇਨ੍ਹਾਂ ਵਿਚਾਰਾਂ ਦੀ ਹੁਣ ਵੀ ਓਨੀ ਹੀ ਅਹਿਮੀਅਤ ਹੈ, ਜਿਨੀ ਕਿ ਉਦੋਂ ਸੀ। ਪਾਠਕਾਂ ਦੀ ਜਾਣਕਾਰੀ ਲਈ ਅਸੀਂ ਇਹ ਬਾਤਚੀਤ ਛਾਪ ਰਹੇ ਹਾਂ।)

ਮੁਲਖ ਰਾਜ ਆਨੰਦ — ਨਮਸਕਾਰ ਡਾ. ਸਾਹਿਬ।
ਭੀਮ ਰਾਓ ਅੰਬੇਡਕਰ — ਮੈਂ ਸੁਆਗਤ ਕਰਨ ਦੇ ਬੋਧੀ ਢੰਗ ਨੂੰ ਤਰਜੀਹ ਦੇਂਦਾ ਹਾਂ ”ਓਮ ਮਨੀ ਪਦਮਈ” ਭਾਵ ਜ਼ਿੰਦਗੀ ਨੂੰ ਖਿੜਨ ਦਿਓ।
ਮੁਲਖ ਰਾਜ ਅਨੰਦ —  ਮੈਂ ਤੁਹਾਡੇ ਨਾਲ ਸਹਿਮਤ ਹਾਂ। ਅਸੀਂ ਕਈ ਵਾਰ ਕਿੰਨੇ ਬੇਧਿਆਨੇ ਹੋ ਜਾਂਦੇ ਹਾਂ। ਸ਼ਬਦਾਂ ਦੇ ਅਰਥ ਸਮਝਣ ਤੋਂ ਬਿਨਾਂ ਹੀ ਉਨ੍ਹਾਂ ਨੂੰ ਵਰਤਣ ਲਗ ਪੈਂਦੇ ਹਾਂ। ਨਮਸਕਾਰ ਦਾ ਅਰਥ ਹੈ ਮੈਂ ਤੁਹਾਡੇ ਸਾਹਮਣੇ ਸਿਰ ਨਿਵਾਉਂਦਾ ਹਾਂ।
ਡਾ ਅੰਬੇਡਕਰ — ਇਸ ਨਾਲ ਅਧੀਨਗੀ ਦੀ ਭਾਵਨਾ ਮਜ਼ਬੂਤ ਹੁੰਦੀ ਹੈ।
ਮੁਲਖ ਰਾਜ ਅਨੰਦ — ਪੁਰਾਣੀਆਂ ਆਦਤਾਂ ਬਹੁਤ ਮੁਸ਼ਕਿਲ ਖਤਮ ਹੁੰਦੀਆਂ ਹਨ। ਅਸੀਂ ਬਿਨਾਂ ਸੋਚੇ ਸਮਝੇ ਹੀ ਉਨ੍ਹਾਂ ਨੂੰ ਅਪਣਾ ਲੈਂਦੇ ਹਾਂ।
ਡਾ. ਅੰਬੇਡਕਰ —  ਹਰ ਖੇਤਰ ਅੰਦਰ ਏਸੇ ਤਰ੍ਹਾਂ ਹੀ ਚਲਦਾ ਹੈ।
ਮੁਲਖ ਰਾਜ ਅਨੰਦ — ਜਰਾ ਸੋਚੋ! ਜਦੋਂ ਕੋਈ ਜੰਮਦਾ ਹੈ ਤਾਂ ਉਸ ਉਤੇ ਕੋਈ ਮੋਹਰ ਤਾਂ ਲਗੀ ਨਹੀਂ ਹੁੰਦੀ ਕਿ ਇਹ ਹਿੰਦੂ ਹੈ, ਮੁਸਲਮਾਨ ਹੈ ਜਾਂ ਈਸਾਈ ਹੈ। ਨਾਂ ਰਖਣ ਦੀ ਰਸਮ ਅਦਾ ਕੀਤੀ ਜਾਂਦੀ ਹੈ। ਮਾਪੇ ਨਾਂ ਰਖ ਦੇਂਦੇ ਹਨ। ਪੰਡਤ ਸੰਸਕ੍ਰਿਤ ਦੇ ਸ਼ਲੋਕ ਪੜ੍ਹ ਕੇ ਪ੍ਰਵਾਨਗੀ ਦੇ ਦੇਂਦਾ ਹੈ। ਬਚਾ ਇਨ੍ਹਾਂ ਸ਼ਲੋਕਾਂ ਨੂੰ ਸਮਝਦਾ ਵੀ ਨਹੀਂ ਹੁੰਦਾ। ਫਿਰ ਉਸਦੇ ਗਲ ਧਾਗਾ (ਜਨੇਉ) ਪਾ ਦਿਤਾ ਜਾਂਦਾ ਹੈ ਤੇ ਫਿਰ ਇਸ ਤਰ੍ਹਾਂ ਵੇਖਦਿਆਂ ਹੀ ਵੇਖਦਿਆਂ ਬਚਾ ਹਿੰਦੂ ਬਣ ਜਾਂਦਾ ਹੈ।
ਡਾ. ਅੰਬੇਡਕਰ —  ਨਿਰੀ ਮੂਰਖਤਾ ਹੈ।
ਮੁਲਖ ਰਾਜ ਅਨੰਦ —  ਯੂਨਾਨੀ ਭਾਸ਼ਾ ਵਿਚ ਇਸਨੂੰ ”ਕੋਹਲੂ ਦੇ ਬੈਲ” ਵਾਲੀ ਗਲ ਕਹਿੰਦੇ ਹਨ।
ਡਾ. ਅੰਬੇਡਕਰ —  ਸਾਨੂੰ ਹਰ ਪੁਰਾਣੇ ਵਿਸ਼ਵਾਸ ਉਤੇ, ਹਰ ਪੁਰਾਣੀ ਆਦਤ ਉਤੇ, ਹਰ ਪੁਰਾਣੇ ਰਿਵਾਜ਼ ਉਤੇ ਸਵਾਲੀਆ ਚਿੰਨ੍ਹ ਲਾਉਣਾ ਚਾਹੀਦਾ ਹੈ। ਵਿਦਿਆ ਨੂੰ ਵਿਦਿਆਰਥੀਆਂ ਅੰਦਰ ਗਿਆਨ ਦੀ ਏਨੀ ਲਗਨ ਪੈਦਾ ਕਰ ਦੇਣੀ ਚਾਹੀਦੀ ਹੈ ਕਿ ਉਹ ਅਧਿਆਪਕ ਨੂੰ ਹਰ ਰੋਜ਼ ਘਟੋ-ਘਟ ਇਕ ਨਵਾਂ ਸਵਾਲ ਜ਼ਰੂਰ ਪੁਛਣ।
ਮੁਲਖ ਰਾਜ ਅਨੰਦ — ਇਹ ਤਾਂ ਅਧਿਆਪਕਾਂ ਨੂੰ ਪੜ੍ਹਾਉਣ ਦਾ ਬਹੁਤ ਵਧੀਆ ਢੰਗ ਹੈ। ਅਧਿਆਪਕਾਂ ਨੂੰ ਅਕਸਰ ਹੀ ਸਿਲੇਬਸ ਦੀਆਂ ਕਿਤਾਬਾਂ ਤੋਂ ਬਾਹਰਲੀ ਕੋਈ ਜਾਣਕਾਰੀ ਨਹੀਂ ਹੁੰਦੀ। ਆਦਮੀ ਤਾਂ ਵਡੀ ਉਮਰ ਵਿਚ ਵੀ ਸਵਾਲ ਪੁਛ-ਪੁਛ ਕੇ ਵਿਕਾਸ ਕਰ ਸਕਦਾ ਹੈ। ਮੈਂ ਇਹ ਹੈਨਰੀ ਬਰਗਸਨ ਦੀ ਕਿਤਾਬ ”ਕਰੀਏਟਿਵ ਏਵੋਲੂਸ਼ਨ” ਤੋਂ ਸਿੱਖਿਆ ਸੀ। ਬਰਗਸਨ ਨੇ ਲਿਖਿਆ ਹੈ — ਫਿਲਾਸਫੀ ਦੇ ਹਰ ਵਿਚਾਰ ਬਾਰੇ ਸਵਾਲ ਖੜ੍ਹੇ ਕਰ-ਕਰ ਕੇ ਅਸੀਂ ਆਪਣੀ ਚੇਤਨਾ ਦਾ ਵਿਕਾਸ ਕਰ ਸਕਦੇ ਹਾਂ…
ਡਾ. ਅੰਬੇਡਕਰ — ਬੁਧ ਨੇ ਬ੍ਰਾਹਮਣਾਂ ਦੇ ਹਰ ਵਿਸ਼ਵਾਸ ਨੂੰ ਵੰਗਾਰਿਆ। ਬ੍ਰਾਹਮਣਾਂ ਨੇ ਸਾਰੇ ਦੇ ਸਾਰੇ ਭਾਈਚਾਰਿਆਂ ਨੂੰ ਨੀਚ ਕਰਾਰ ਦਿਤਾ ਹੋਇਆ ਸੀ। ਉਹ ਕਹਿੰਦੇ ਸਨ ਕਿ ਰਬ ਨੇ ਆਪ ਚਾਰ ਵਰਨ ਬਣਾਏ ਹਨ — ਬ੍ਰਾਹਮਣ, ਕਸ਼ਤਰੀ ਵੈਸ਼ ਤੇ ਸ਼ੂਦਰ। ਜੇ ਕੋਈ ਅਜਿਹੇ ਪਰਿਵਾਰ ਵਿਚ ਜੰਮ ਪੈਂਦਾ, ਜੋ ਮਰੇ ਡੰਗਰਾਂ ਨੂੰ ਢੋਂਦਾ ਸੀ, ਉਸ ਨੂੰ ਅਛੂਤ ਕਰਾਰ ਦੇ ਦਿਤਾ ਜਾਂਦਾ। ਉਨ੍ਹਾਂ ਲਈ ਜੰਗਲਾਂ ਵਿਚ ਰਹਿਣ ਵਾਲਾ ਹਰ ਵਿਅਕਤੀ ”ਜਾਂਗਲੀ” ਸੀ।
ਮੁਲਖ ਰਾਜ ਅਨੰਦ — ਹਾਂ! ਉਹ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲੇ ਹਰ ਵਿਅਕਤੀ ਨੂੰ ਦੁਰਕਾਰ ਦੇਂਦੇ। ਜਿਹੜੇ ਪਸ਼ੂਆਂ ਦੀਆਂ ਖਲਾਂ ਲਾਹੁੰਦੇ ਸਨ, ਜਿਹੜੇ ਗੋਹਾ ਕੂੜਾ ਕਰਦੇ ਸਨ, ਜਿਹੜੇ ਹੋਰ ਛੋਟੇ-ਮੋਟੇ ਮਿਹਨਤ-ਮਜ਼ਦੂਰੀ ਵਾਲੇ ਕੰਮ ਕਰਦੇ ਸਨ, ਉਨ੍ਹਾਂ ਸਾਰਿਆਂ ਨੂੰ ਨੀਚ ਗਰਦਾਨ ਦਿਤਾ ਗਿਆ ਅਤੇ ਸਦਾ-ਸਦਾ ਲਈ ਗੁਲਾਮ ਬਣਾ ਲਿਆ ਗਿਆ। ਹੁਣ ਪੰਜ ਹਜ਼ਾਰ ਸਾਲ ਬਾਅਦ ਵੀ, ਹਾਲਤ ਬਦਤਰ ਹੈ। ਅਛੂਤ ਨੂੰ ਮੰਦਰ ਵਿਚ ਦਾਖਲ ਨਹੀਂ ਹੋਣ ਦਿਤਾ ਜਾਂਦਾ, ਭਾਵੇਂ ਉਹ ਇਸ਼ਨਾਨ ਕਰਕੇ ਵੀ ਕਿਉਂ ਨਾ ਆਇਆ ਹੋਵੇ। ਉਹ ਪਿੰਡ ਦੇ ਖੂਹ ਤੋਂ ਪਾਣੀ ਨਹੀਂ ਭਰ ਸਕਦਾ। ਉਸਨੂੰ ਪਿੰਡ ਦੇ ਗੰਦੇ ਛਪੜ ਵਿਚੋਂ ਪਾਣੀ ਲੈਣਾ ਪੈਂਦਾ ਹੈ। ਉਹ ਜਗੀਰਦਾਰਾਂ ਦੀ ਜ਼ਮੀਨ ਵਿਚ ਡੰਗਰ ਨਹੀਂ ਚਾਰ ਸਕਦਾ। ਉਸ ਨੂੰ ਗੰਦਾ ਕਿਹਾ ਜਾਂਦਾ ਹੈ। ਕਿਉਂਕਿ ਉਹ ਗੰਦ ਸਾਫ ਕਰਦਾ ਹੈ। ਉਸ ਨੂੰ ਅਪਵਿਤਰ ਸਮਝਿਆ ਜਾਂਦਾ ਹੈ। ਇਕ ਪਸ਼ੂ ਨੂੰ ਤਾਂ ਛੂਹਿਆ ਜਾ ਸਕਦਾ ਹੈ ਪਰ ਅਛੂਤ ਨੂੰ ਨਹੀਂ।
ਮੁਲਖ ਰਾਜ ਅਨੰਦ — ਵਿਧਾਨ ਘੜਣੀ ਸਭਾ ਦੇ ਮੈਂਬਰ ਦੇ ਤੌਰ ਉਤੇ ਤੁਸਾਂ ਵਿਅਕਤੀ ਦੇ ਅਧਿਕਾਰਾਂ ਨੂੰ ਬੁਲੰਦ ਕੀਤਾ। ਤੁਹਾਡੀ ਕਮੇਟੀ ਵਿਅਕਤੀ ਨੂੰ ਮੌਲਿਕ ਅਧਿਕਾਰ, ਵਿਅਕਤੀ ਦੀ ਅਜ਼ਾਦੀ ਦਾ ਅਧਿਕਾਰ ਦੇਂਦੀ ਹੈ। ਪਰ ਇਸ ਦੇ ਨਾਲ ਹੀ ਤੁਸੀਂ ਜਾਇਦਾਦ ਦੇ ਅਧਿਕਾਰ ਨੂੰ ਵੀ ਮੌਲਿਕ ਅਧਿਕਾਰਾਂ ਵਿਚ ਸ਼ਾਮਿਲ ਕਰਨਾ ਪ੍ਰਵਾਨ ਕਰ ਲਿਆ… ਕੀ ਜਾਇਦਾਦ ਦਾ ਅਧਿਕਾਰ ਧਨਾਢਾਂ ਦੇ ਹਿਤ ਨਹੀਂ ਪੂਰਦਾ? ਕੀ ਗਰੀਬਾਂ ਤੇ ਅਗਾਂਹ ਗਰੀਬਾਂ ਤੋਂ ਵੀ ਗਰੀਬ-ਅਛੂਤ-ਸਦਾ ਸਦਾ ਲਈ ਘਾਟੇ ਵਾਲੇ ਹਾਲਤ ਵਿਚ ਨਹੀਂ ਸੁਟ ਦਿਤੇ ਗਏ?
ਡਾ. ਅੰਬੇਡਕਰ —  ਸੰਵਿਧਾਨ ਵਿਚ ਅਸਾਂ ਧਰਮ-ਨਿਰਪਖ ਸਮਾਜਵਾਦੀ ਜਮਹੂਰੀਅਤ ਦਾ ਆਦਰਸ਼ ਪੇਸ਼ ਕੀਤਾ ਹੈ। ਜੇ ਹਰ ਇਕ ਨੂੰ ਰਾਜ ਤੋਂ ਜ਼ਮੀਨ ਵਾਹੁਣ ਦਾ ਹਕ ਅਤੇ ਮੁਜਾਰਾ ਹਕ ਮਿਲ ਜਾਂਦਾ ਤਾਂ ਹਕਾਂ ਦੀ ਬਰਾਬਰੀ ਨੂੰ ਯਕੀਨੀ ਬਣਾਇਆ ਜਾ ਸਕਦਾ ਸੀ। ਹੁਣ ਤਕ ਅਛੂਤਾਂ ਅਤੇ ਇਥੋਂ ਤਕ ਕਿ ਕਈ ਸਵਰਨਜਾਤੀ ਹਿੰਦੂਆਂ ਤੇ ਮੁਸਲਮਾਨਾਂ ਨੂੰ ਵੀ ਮੁਜਾਰਾ ਹਕ ਹਾਸਲ ਨਹੀਂ ਹਨ। ਇਹ ਸਾਰੇ ਬੇਜ਼ਮੀਨੇ ਕਿਸਾਨ ਮਹਿਜ਼ ਮਿਹਨਤੀ ਹਥ ਹੀ ਹਨ।
ਮੁਲਖ ਰਾਜ ਅਨੰਦ —  ਤਾਂ ਤੇ ਕੰਮ ਕਰਨ ਦੇ ਹਕ ਨੂੰ ਵੀ ਮੌਲਿਕ ਹਕਾਂ ਵਿਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਸੀ।
ਡਾ. ਅੰਬੇਡਕਰ —  ਮੈਂ ਤਾਂ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਾਲੀ ਕਮੇਟੀ ਦਾ ਮਹਿਜ਼ ਇਕ ਮੈਂਬਰ ਹੀ ਸਾਂ।
ਮੁਲਖ ਰਾਜ ਅਨੰਦ — ਤਾਂ ਫਿਰ ਤੁਸੀਂ ਉਨ੍ਹਾਂ ਦੇ ਸਾਹਮਣੇ ਮੇਮਣੇ ਬਣ ਗਏ।
ਡਾ. ਅੰਬੇਡਕਰ — ਕਾਫੀ ਮਿਣ-ਮਿਣ ਕੀਤੀ ਕੀਤੀ ਸੀ ਪਰ ਹੁਣ ਮੈਂ ਗਰਜ ਰਿਹਾ ਹਾਂ!
ਮੁਲਖ ਰਾਜ ਅਨੰਦ —  ਇਕ ਵਕੀਲ ਹੋਣ ਦੇ ਨਾਤੇ ਤੁਸੀਂ ਜਾਣਦੇ ਹੀ ਹੋ ਕਿ ਜਜ ਸਦਾ ਹੀ ਧਨਾਢ ਅਤੇ ਸਵਰਨਜਾਤੀ ਹਿੰਦੂਆਂ ਦੇ ਹਕ ਵਿਚ ਫੈਸਲੇ ਦਿਆ ਕਰਨਗੇ।
ਡਾ. ਅੰਬੇਡਕਰ : ਠੀਕ ਹੈ, ਪੰਡਤਾਂ ਦੀ ਸਰਕਾਰ ਵਿਚ ਇਕਲਾ ਨਹਿਰੂ ਹੀ ਸੀ, ਜੋ ਜਾਇਦਾਦ ਨੂੰ ਮੌਲਿਕ ਅਧਿਕਾਰ ਬਣਾਉਣ ਦੇ ਖਿਲਾਫ ਜ਼ੋਰ ਨਾਲ ਲੜਿਆ … ਪਰ ਬਾਬੂ ਰਜਿੰਦਰ ਪ੍ਰਸਾਦ ਕਹਿੰਦਾ ਸੀ ਕਿ ਨਹਿਰੂ ਭਾਰਤ ਨੂੰ ਰੂਸ ਬਨਾਉਣਾ ਚਾਹੁੰਦਾ ਹੈ। ਸੋ ਸਵਰਨਜਾਤੀ ਹਿੰਦੂਆਂ ਨੇ ਮਨੁਖ ਦੇ ਦੂਜੇ ਅਧਿਕਾਰਾਂ ਨੂੰ ਸਿਰਫ ਕਾਗਜ਼ੀ ਸਿਧਾਂਤ ਬਨਾਉਣਾ ਹੀ ਪ੍ਰਵਾਨ ਕੀਤਾ… ਇਸ ਮਸਲੇ ਉਤੇ ਪਾਰਲੀਮੈਂਟ ਅੰਦਰ ਸੰਘਰਸ਼ ਕੀਤਾ ਜਾਣਾ ਚਾਹੀਦਾ ਹੈ।
ਮੁਲਖ ਰਾਜ ਅਨੰਦ —  ਪਰ ਇਹ ਜਾਇਦਾਦ ਵਾਲਿਆਂ ਦੇ ਹਕ ਵਿਚ ਹੀ ਜਾਵੇਗਾ।
ਡਾ. ਅੰਬੇਡਕਰ —  ਸਮਾਜਵਾਦੀ ਵਿਚਾਰਾਂ ਵਾਲੇ ਇਕ ਨਾ ਇਕ ਦਿਨ ਬਹੁ-ਸੰਮਤੀ ਲਿਜ਼ਾ ਸਕਦੇ ਹਨ ਅਤੇ ਲੋੜੀਂਦੀਆਂ ਸੋਧਾਂ ਕਰਨ ਦੀ ਮੰਗ ਕਰ ਸਕਦੇ ਹਨ। ਫਿਰ ਵੀ ਕਬਾਇਲੀਆਂ ਤੇ ਹੇਠਲੀਆਂ ਜਾਤਾਂ ਨੂੰ ਪਟੀਦਰਜ ਜਾਤਾਂ ਕਰਾਰ ਦਿਵਾ ਲਿਆ ਗਿਆ ਹੈ। ਉਨ੍ਹਾਂ ਨੂੰ ਸਕੂਲਾਂ ਅਤੇ ਕਾਲਜਾਂ ਵਿਚ ਦਾਖਲੇ ਲਈ ਰਿਜ਼ਰਵੇਸ਼ਨ ਅਤੇ ਵਜ਼ੀਫਿਆਂ ਵਰਗੀਆਂ ਕੁਝ ਸਹੂਲਤਾਂ ਮਿਲਿਆ ਕਰਨਗੀਆਂ। ਜਿਨ੍ਹਾਂ ਨੂੰ ਉਹ ਆਪਣੇ-ਆਪ ਨੂੰ ਉਚਾ ਚੁਕਣ ਲਈ ਵਰਤ ਸਕਣਗੇ।
ਮੁਲਖ ਰਾਜ ਅਨੰਦ — ਸਵਰਨਜਾਤੀ ਹਿੰਦੂ ਰਿਜ਼ਰਵੇਸ਼ਨ ਉਤੇ ਸਦਾ ਹੀ ਖਫਾ ਹੁੰਦੇ ਰਹਿਣਗੇ।
ਡਾ. ਅੰਬੇਡਕਰ — ਸਾਨੂੰ ਆਪਣੇ ਆਪ ਨੂੰ ਜਥੇਬੰਦ ਕਰਨਾ ਚਾਹੀਦਾ ਹੈ। ਜਾਇਦਾਦ-ਹੀਣ ਲੋਕਾਂ ਨੂੰ ਜੰਗ ਲਈ ਤਿਆਰ ਕਰਨਾ ਚਾਹੀਦਾ ਹੈ । ਜੇ ਅਸੀਂ ਮੁਸਲਮਾਨਾਂ ਨੂੰ ਵੀ ਸ਼ਾਮਲ ਕਰ ਲਈਏ—ਜਿਨ੍ਹਾਂ ਨੂੰ ਜਾਤਪ੍ਰਸਤ ਹਿੰਦੂ ਅਛੂਤ ਸਮਝਦੇ ਹਨ, ਤਾਂ ਅਛੂਤਾਂ ਦੀ ਗਿਣਤੀ ਜਾਤੀਵਾਦੀ ਹਿੰਦੂਆਂ ਤੋਂ ਵਧ ਜਾਂਦੀ ਹੈ। ਫਿਰ ਕਬਾਇਲੀ ਵੀ ਹਨ। ਇਹ ਸਾਰੇ ਅਤੇ ਸਮਾਜਵਾਦੀ ਮਿਲ ਕੇ ਨਿੱਜੀ ਜਾਇਦਾਦ ਖਤਮ ਕਰ ਸਕਦੇ ਹਨ।
ਮੁਲਖ ਰਾਜ ਅਨੰਦ — ਰਾਜਕੀ ਪੂੰਜੀਵਾਦ (State 3apitalism) ਵੀ ਖਤਰਨਾਕ ਸਾਬਤ ਹੋ ਸਕਦਾ ਹੈ। ਤੁਹਾਨੂੰ ਪਤਾ ਹੀ ਹੈ ਕਿ ਸਟਾਲਿਨ ਨੇ ਰੂਸ ਵਿਚ ਕੀ ਕੀਤਾ ਹੈ। ਕਮਿਊਨਿਜ਼ਮ ਦੇ ਨਾਂ ਹੇਠ ਲੋਕਾਂ ਉਤੇ ਅਫ਼ਸਰਸ਼ਾਹੀ ਠੋਸ ਦਿਤੀ ਹੈ।
ਡਾ. ਅੰਬੇਡਕਰ — ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਨੂੰ ਵਿਅਕਤੀ ਦੇ ਅਧਿਕਾਰਾਂ ਦੀ ਰਖਿਆ ਕਰਨੀ ਚਾਹੀਦੀ ਹੈ। ਹੋਰਨਾਂ ਨੂੰ ਇਨ੍ਹਾਂ ਅਧਿਕਾਰਾਂ ਵਿਚ ਅਯੋਗ-ਦਖਲ-ਅੰਦਾਜ਼ੀ ਕਰਨ ਦੀ ਆਗਿਆ ਨਹੀਂ ਦਿਤੀ ਜਾਣੀ ਚਾਹੀਦੀ। ਮਨੁਖ ਦੀ ਅਜ਼ਾਦੀ ਸਾਡਾ ਮੁਖ ਉਦੇਸ਼ ਹੋਣਾ ਚਾਹੀਦਾ ਹੈ। ਜਦੋਂ ਮੈਂ ਮੌਲਿਕ ਅਧਿਕਾਰਾਂ ਉਤੇ ਜ਼ੋਰ ਦਿਤਾ ਸੀ, ਮੇਰੇ ਮਨ ਵਿਚ ਇਹੋ ਗਲ ਸੀ।
ਮੁਲਖ ਰਾਜ ਅਨੰਦ —  ਜੇ ਤੁਹਾਡੇ ਮਨ ਵਿਚ ਇਹੋ ਗਲ ਸੀ ਤਾਂ ਤੁਹਾਨੂੰ ਮੌਲਿਕ ਅਧਿਕਾਰਾਂ ਵਿਚ ਸੋਧ ਕਰਨ ਲਈ ਪਾਰਲੀਮੈਂਟ ਉਤੇ ਜ਼ੋਰ ਦੇਣਾ ਚਾਹੀਦਾ ਹੈ। ਸਾਨੂੰ ਦੋਹਾਂ ਤਰ੍ਹਾਂ ਦੇ ਪੂੰਜੀਵਾਦ — ਰਾਜਕੀ ਪੂੰਜੀਵਾਦ ਅਤੇ ਨਿਜੀ ਪੂੰਜੀਵਾਦ — ਦੇ ਖਿਲਾਫ ਲੜਨਾ ਚਾਹੀਦਾ ਹੈ। ਤੁਸੀਂ ਜਾਣਦੇ ਹੀ ਹੋ ਕਿ ਕਿਵੇਂ ਹਰ ਪਾਸੇ ਲੋਕਾਂ ਦੀ ਵਿਸ਼ਾਲ ਬਹੁਗਿਣਤੀ ਮਾਲਕਾਂ ਦੇ ਹੁਕਮ ਅਧੀਨ ਦਿਨ ਕਟ ਰਹੀ ਹੈ।
ਡਾ. ਅੰਬੇਡਕਰ — ਠੀਕ ਹੈ। ਅਜ਼ਾਦੀ ਹੁਣ ਤਕ ਇਸ ਤਰ੍ਹਾਂ ਦੀ ਲਗਦੀ ਹੈ, ਜਿਵੇਂ ਕਿ ਇਹ ਜਗਾਰੀਦਾਰਾਂ ਦੀ ਮੁਜਾਰਿਆਂ ਨੂੰ ਲੁਟਣ ਦੀ ਅਜ਼ਾਦੀ ਹੋਵੇ। ਪੂੰਜੀਪਤੀ ਸਦਾ ਹੀ ਉਜ਼ਰਤਾਂ ਨੂੰ ਘਟਾਉਣਾ ਤੇ ਕੰਮ ਦੇ ਘੰਟੇ ਵਧਾਉਣਾ ਚਾਹੁੰਦੇ ਹਨ। ਪੂੰਜੀਵਾਦ ਨਿਜੀ ਮਾਲਕਾਂ ਦੀ ਡਿਕਟੇਟਰਸ਼ਿਪ ਹੁੰਦੀ ਹੈ।
ਮੁਲਖ ਰਾਜ ਅਨੰਦ  — ਮੌਲਿਕ ਅਧਿਕਾਰ — ਜਿਉਣ ਦਾ ਅਧਿਕਾਰ, ਅਜ਼ਾਦੀ ਦਾ ਅਧਿਕਾਰ ਆਦਿ ਤਾਂ ਅਜੇ ਮਹਿਜ ਇਕ ਸੁਪਨਾ ਹੀ ਬਣੇ ਹੋਏ ਹਨ।
ਡਾ. ਅੰਬੇਡਕਰ — ਨੌਜਵਾਨਾਂ ਨੂੰ ਲੜਦੇ ਰਹਿਣਾ ਚਾਹੀਦਾ ਹੈ। ਉਹ ਹੀ ਸੰਵਿਧਾਨ ਨੂੰ ਬਦਲ ਸਕਦੇ ਹਨ।
ਮੁਲਖ ਰਾਜ ਅਨੰਦ — ਇਹ ਤਾਂ ਫਰਾਂਸ ਦੇ 1789 ਵਾਲੇ ਇਨਕਲਾਬ ਵਾਂਗ ਹੇਠਲੀ ਉਤੇ ਕਰਨ ਤੋਂ ਬਿਨਾਂ ਸੰਭਵ ਨਹੀਂ ਹੋਣਾ।
ਡਾ. ਅੰਬੇਡਕਰ —  ਤੁਸੀਂ ਤਾਂ ਅਜੀਬ ਗਲਾਂ ਕਰਨ ਲਗ ਪਏ ਹੋ! ਮੈਂ ਤਾਂ ਸਮਝਦਾ ਸੀ ਕਿ ਗਾਂਧੀ ਨੂੰ ਆਪਣੇ ਨਾਵਲ ਵਿਚ ਅਛੂਤਾਂ ਦਾ ਮੁਕਤੀਦਾਤਾ ਬਣਾ ਕੇ ਤੁਸੀਂ ਅਹਿੰਸਾਵਾਦੀ ਬਣ ਗਏ ਹੋ।
ਮੁਲਖ ਰਾਜ ਅਨੰਦ —  ਮੈਂ ਮਹਾਤਮਾ ਦੇ ਆਦਰਸ਼ਾਂ ਉਤੇ ਪੂਰਾ ਨਹੀਂ ਉਤਰ ਸਕਦਾ। ਸਾਨੂੰ ਹਿਟਲਰ ਤੇ ਮੂਸੋਲੀਨੀ ਵਰਗਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਂ ਸਪੇਨ ਜਾ ਕੇ ਇੰਟਰਨੈਸ਼ਨਲ ਬ੍ਰਿਗੇਡ ਵਿਚ ਸ਼ਾਮਲ ਹੋ ਗਿਆ ਸੀ। ਭਾਵੇਂ ਕਿ ਮੈਂ ਇਕ ਹਸਪਤਾਲ ਵਿਚ ਖੂਨ ਨੂੰ ਵੇਖ ਕੇ ਹੀ ਬੇਹੋਸ਼ ਹੋ ਗਿਆ ਤੇ ਮੈਨੂੰ ਵਾਪਸ ਚਲੇ ਜਾਣ ਲਈ ਕਿਹਾ ਗਿਆ। … ਪਰ ਦੂਸਰੀ ਸੰਸਾਰ ਜੰਗ ਵਿਚ ਇਕ ਪਾਸੇ ਤਾਂ ਖੜ੍ਹਨਾ ਹੀ ਪੈਣਾ ਸੀ।
ਡਾ. ਅੰਬੇਡਕਰ — ਤੁਹਾਨੂੰ ਪਤਾ ਹੀ ਹੈ ਕਿ ਭਾਵੇਂ ਗਾਂਧੀ ਅਛੂਤਾਂ ਨੂੰ ਉਪਰ ਚੁਕਣ ਦੀ ਗਲ ਕਰਦਾ ਸੀ ਪਰ ਗੀਤਾ ਦੇ ਵਰਨਆਸ਼ਰਮ ਵਿਚ ਉਸਦਾ ਪੂਰਾ ਵਿਸ਼ਵਾਸ ਸੀ। ਅਛੂਤਾਂ ਨੂੰ ਹਰੀਜਨ — ਪ੍ਰਮਾਤਮਾ ਦੀ ਔਲਾਦ ਕਹਿ ਕੇ ਉਹ ਸਮਝਦਾ ਸੀ ਕਿ ਉਹ ਉਨ੍ਹਾਂ ਦੀ ਵਡਿਆਈ ਕਰ ਰਿਹਾ ਹੈ। ਪਰ ਅਸਲ ਵਿਚ ਉਨ੍ਹਾਂ ਨੂੰ ਸਭ ਤੋਂ ਨੀਵੀਂ ਪਧਰ ਉਤੇ ਰਹਿਣ ਦਿਤਾ ਗਿਆ।
ਮੁਲਖ ਰਾਜ ਅਨੰਦ — ਕੀ ਇਸੇ ਕਰਕੇ ਹੀ ਤੁਸੀਂ ਬੁਧ ਧਰਮ ਨੂੰ ਅਪਣਾ ਰਹੇ ਹੋ?
ਡਾ. ਅੰਬੇਡਕਰ — ਹੋ ਸਕਦਾ ਹੈ, ਇਹੀ ਮੁਖ ਖਿਆਲ ਹੋਵੇ। ਨਾਲੇ ਪਟੀਦਰਜ ਜਾਤਾਂ ਵਿਚ ਰਹਿਣ ਦਾ ਅਰਥ ਨੀਵੀਂ ਜਾਤ ਦਾ ਦਰਜਾ ਕਬੂਲ ਕਰਨਾ ਹੈ। ਮੈਂ ਮਹਿਸੂਸ ਕੀਤਾ ਹੈ ਕਿ ਬੁਧ ਰਾਹੀਂ — ਜਿਸ ਦਾ ਹਿੰਦੂਆਂ ਦੇ ਰਬ ਬ੍ਰਹਮਾਂ ਵਿਚ ਕੋਈ ਵਿਸ਼ਵਾਸ ਨਹੀਂ — ਅਸੀਂ ਇਕ ਅਜਿਹਾ ਮਨੁਖ ਬਣਨ ਦੀ ਖਾਹਿਸ਼ ਪਾਲ ਸਕਦੇ ਹਾਂ ਜੋ ਹਠ ਧਰਮ, ਪੌਰਾਣਿਕ ਕਥਾਵਾਂ ਤੇ ਗਲਤ-ਮਲਤ ਮਿਥਾਂ ਤੋਂ ਮੁਕਤ ਹੋਵੇ। ਜਿਸ ਅੰਦਰ ਗਿਆਨ ਦੀ ਲਗਨ ਹੋਵੇ। ਜੋ ਹਿੰਦੂਆਂ ਦੇ ਜਾਤਪ੍ਰਸਤ ਦੇਵਤਿਆਂ — ਜਿਵੇਂ ਕਿ ਰਾਮ ਚੰਦਰ ਨੂੰ ਮੰਨਣੋਂ ਇਨਕਾਰ ਕਰ ਸਕੇ।
ਮੁਲਖ ਰਾਜ ਅਨੰਦ — ਹਾਂ, ਮੈਨੂੰ ਵੀ ਬ੍ਰਾਹਮਣਾਂ ਦੀਆਂ ਅਟਕਲ-ਪਚੂ ਗਲਾਂ ਨਾਲੋਂ ਬੁਧ ਦੇ ਵਿਚਾਰ ਵਧ ਨਿਆਂਸੰਗਤ ਲਗਦੇ ਹਨ। ਉਹ ਦੁਨੀਆ ਦਾ ਪਹਿਲਾ ਹੋਂਦਵਾਦੀ ਸੀ। ਹਿੰਦੂ ਸਦਾ ਮੰਗਤੇ ਰਹੇ ਹਨ, ਜੋ ਪੁਜਾਰੀਆਂ ਰਾਹੀਂ ਰਬ ਨੂੰ ਫੁਲਾਂ ਦੇ ਤੋਹਫੇ ਭੇਟ ਕਰਕੇ ਤੇ ਫਲਾਂ ਦੀਆਂ ਰਿਸ਼ਵਤਾਂ ਦੇ ਕੇ ਉਸਦੀ ਦਇਆ ਮੰਗਦੇ ਰਹਿੰਦੇ ਹਨ।
ਡਾ. ਅੰਬੇਡਕਰ —  ਇਸੇ ਕਰਕੇ ਹੀ ਪੁਜਾਰੀਆਂ ਦੀਆਂ ਵਡੀਆਂ-ਵਡੀਆਂ ਗੋਗੜਾਂ ਹੁੰਦੀਆਂ ਹਨ।
ਮੁਲਖ ਰਾਜ ਅਨੰਦ : ਅਛੂਤਾਂ ਨੂੰ ਕੋਈ ਪੈਗਾਮ ਦੇਣਾ ਚਾਹੋਗੇ?
ਡਾ. ਅੰਬੇਡਕਰ — ਮੈਂ ਅਛੂਤਾਂ ਨੂੰ ਕਹਿੰਦਾ ਹਾਂ—ਸ਼ੇਰ ਬਣੋ! ਬਕਰੀਆਂ ਦੀ ਤਾਂ ਹਿੰਦੂ ਕਾਲੀ ਮਾਤਾ ਦੀ ਮੂਰਤੀ ਸਾਹਮਣੇ ਬਲੀ ਦੇਂਦੇ ਹਨ। ਆਪਣੀ ਅਗਵਾਈ ਆਪ ਕਰੋ।
ਮੁਲਖ ਰਾਜ ਅਨੰਦ — ਜਿਵੇਂ ਬੁਧ ਨੇ ਅਨੰਦ ਨੂੰ ਕਿਹਾ ਸੀ — ਆਪਣੇ ਦੀਪਕ ਆਪ ਬਣੋ।
(ਡਾ. ਅੰਬੇਡਕਰ ਦੀ ਪ੍ਰਸਿਧ ਲੇਖਕ ਮੁਲਖ ਰਾਜ ਆਨੰਦ ਨਾਲ ਹੋਈ ਗਲਬਾਤ ਦੇ ਕੁਝ ਅੰਸ਼)

Leave a Reply

Your email address will not be published. Required fields are marked *