ਫਿਲਾਸਫੀ ਕੋਈ ਅਮੂਰਤ ਸ਼ਬਦਾਵਲੀ ਨਹੀਂ ਹੁੰਦੀ। ਫਿਲਾਸਫੀ ਵਿਚ ਜਿੰਦਗੀ ਦਾ ਗਿਆਨ ਧੜਕਦਾ ਹੈ। ਇਸ ਗਿਆਨ ਤੋਂ ਬਿਨਾਂ ਬਾਹਰਮੁਖੀ ਸਚ ਮਨੁਖੀ ਸੋਚ ਦੀ ਪਕੜ ਵਿਚ ਨਹੀਂ ਆ ਸਕਦਾ। ਮਾਰਕਸ ਦੀ ਫਿਲਾਸਫੀ ਨੇ ਸਾਨੂੰ ਇਹੀ ਗਿਆਨ ਦਿਤਾ ਹੈ, ਕਿ ਸਾਡੇ ਸਮਿਆਂ ਵਿਚ ਸੰਸਾਰ ਭਰ ਅੰਦਰ ਰਹਿੰਦੇ ਹਰ ਇਕ ਮਨੁਖ ਦੇ ਰੂਹਾਨੀ, ਪਰਿਵਾਰਕ, ਸਮਾਜੀ, ਸਭਿਆਚਾਰਕ ਅਤੇ ਰਾਜਸੀ-ਆਰਥਿਕ ਰਿਸ਼ਤਿਆਂ ਨੂੰ ਫੈਸਲਾਕੁੰਨ ਰੂਪ ਵਿਚ ਪ੍ਰਭਾਵਿਤ ਕਰਨ ਵਾਲਾ ਸਾਮਰਾਜੀ-ਪੂੰਜੀਵਾਦੀ ਰਾਜਪ੍ਰਬੰਧ ਚਾਰ ਵਡੇ ਝੂਠਾਂ ਦੀ ਬੁਨਿਆਦ ਉਤੇ ਟਿਕਿਆ ਹੋਇਆ ਹੈ। ਇਨ੍ਹਾਂ ਚਾਰ ਵਡੇ ਝੂਠਾਂ ਨੂੰ ਸਚ ਬਣਾਉਣ ਲਈ ਨਿਤ ਦਿਨ ਹੋਰ ਹਜ਼ਾਰਾਂ ਝੂਠ ਬੋਲੇ ਜਾਂਦੇ ਹਨ। ਇਸ ਕੂੜ ਪਸਾਰੇ ਨੂੰ ਸਚ ਬਣਾ ਕੇ ਪੇਸ਼ ਕਰਨ ਲਈ ਹਜ਼ਾਰਾਂ-ਲਖਾਂ ਨਹੀਂ, ਸਗੋਂ ਕਰੋੜਾਂ ਮਨੁਖ ਆਪਣੀ ਮਿਹਨਤ ਸ਼ਕਤੀ ਅਜਾਈਂ ਗੁਆ ਰਹੇ ਹਨ। ਅਰਬਾਂ-ਖਰਬਾਂ ਨਹੀਂ ਨਰਬਾਂ ਰੁਪਏ ਇਸ ਝੂਠ ਪਸਾਰੇ ਨੂੰ ਕਾਇਮ ਰਖਣ ਲਈ ਖਰਚੇ ਜਾ ਰਹੇ ਹਨ। ਸਮੁਚੀ ਮਨੁਖ ਜਾਤੀ ਇਸ ਕੂੜ ਪਸਾਰੇ ਵਿਚ ਜਕੜ ਦਿਤੀ ਗਈ ਹੈ। ਇਸ ਸਾਮਰਾਜੀ ਜਕੜ ਨੇ ਬੜੀ ਖੂਬਸੂਰਤ ਮਨੁਖੀ ਜ਼ਿੰਦਗੀ ਨੂੰ ਘੋਰ ਨਰਕ ਬਣਾ ਦਿਤਾ ਹੈ। ਬੇਸ਼ਕ ਇਸ ਵਰਤਾਰੇ ਦਾ ਸਭ ਤੋਂ ਵਧ ਦੁਖਦਾਈ ਪਹਿਲੂ ਇਹ ਹੈ ਕਿ ਮਨੁਖ ਜਾਤੀ ਦੀ ਭਾਰੀ ਬਹੁਗਿਣਤੀ ਇਸ ਕੂੜ ਪਸਾਰੇ ਨੂੰ ਕੁਦਰਤੀ ਵਰਤਾਰਾ ਸਮਝ ਕੇ ਇਹ ਨਰਕੀ ਜ਼ਿੰਦਗੀ ਜਿਉਣ ਲਈ ਮਾਨਸਿਕ ਤੌਰ ਉਤੇ ਤਿਆਰ ਕਰ ਦਿਤੀ ਗਈ ਹੈ। ਨਿਰਸੰਦੇਹ ਇਹ ਕੋਈ ਕੁਦਰਤੀ ਵਰਤਾਰਾ ਨਹੀਂ ਸਗੋਂ ਸਾਮਰਾਜੀ ਕੂੜ ਪਸਾਰਾ ਹੈ। ਜਿਹੜਾ ਸਾਮਰਾਜੀ ਰਾਜਪ੍ਰਬੰਧ ਤੇ ਪੂੰਜੀਵਾਦੀ ਆਰਥਿਕ ਰਿਸ਼ਤਿਆਂ ਦੀ ਦੇਣ ਹੈ।
ਇਹ ਗਿਆਨ ਮਾਰਕਸ ਦੀ ਫਿਲਾਸਫੀ ਨੇ ਸਾਨੂੰ ਦਿਤਾ ਹੈ, ਕਿ ਇਸ ਕੂੜ ਪਸਾਰੇ ਦਾ ਸਭ ਤੋਂ ਪਹਿਲਾ ਵਡਾ ਝੂਠ ਇਹ ਹੈ ਕਿ ਇਹ ਸਮੁਚਾ ਅੰਤਹੀਣ ਬ੍ਰਹਿਮੰਡੀ ਵਿਸਥਾਰ ਕਿਸੇ ਕਲਪਿਤ ‘ਰਬ’ ਜਾਂ ਉਸ ਕਲਪਿਤ ਰਬ ਦੇ ਕਿਸੇ ਪ੍ਰਤੀਨਿਧ, ਕਿਸੇ ਅਵਤਾਰੀ ਪੁਰਸ਼ (ਅਨੇਕਾਂ ਧਰਮਾਂ ਵਿਚ ਇਹ ਪ੍ਰਚਲਿਤ ਨਾਂ ਵਖੋ-ਵਖਰੇ ਹਨ) ਦੀ ਰਚਨਾ (creation) ਹੈ ਅਤੇ ਇਸ ਸਮੁਚੇ ਦਿਸਦੇ-ਅਣਦਿਸਦੇ ਅੰਤਹੀਣ ਬ੍ਰਹਿਮੰਡੀ ਵਿਸਥਾਰ ਨੂੰ ਕੁਝ ਦੇਵਤੇ ਜਾਂ ਅਵਤਾਰੀ ਪੁਰਸ਼ ਚਲਾ ਰਹੇ ਹਨ। ਇਸ ਵਡੇ ਝੂਠ ਦੇ ਨਾਲ-ਨਾਲ ਹੋਰ ਅਨੇਕਾਂ ਛੋਟੇ ਝੂਠ ਜੋੜ ਦਿਤੇ ਗਏ ਹਨ, ਜਿਵੇਂ ਕਿਤੇ ਉਚੇ ਅਸਮਾਨ ਵਿਚ ਕਿਸੇ ਨਰਕ-ਸਵਰਗ ਦੀ ਹੋਂਦ ਦਾ ਹੋਣਾ, ਪੁਨਰ ਜਨਮ ਦੀ ਧਾਰਨਾ, ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦਾ ਫਲ ਇਸ ਜੀਵਨ ਵਿਚ ਭੋਗਣਾ ਅਤੇ ਇਸ ਜੀਵਨ ਦੇ ਕੀਤੇ ਕਰਮਾਂ ਦਾ ਲੇਖਾ-ਜੋਖਾ ਕਿਸੇ ਅਗਲੇ ਜਨਮ ਵਿਚ ਦੇਣਾ। ਇਸ ਦੇ ਨਾਲ ਇਹ ਵੀ ਜੋੜ ਦਿਤਾ ਗਿਆ ਹੈ ਕਿ ਜਾਤਪਾਤ ਰਬੀ ਦੇਣ ਹੈ। ਇਸ ਭਰਮਜਾਲ ਨੂੰ ਧਰਮ ਦਾ ਨਾਂ ਦੇ ਕੇ ਇਸ ਦੇ ਨਾਲ ਇਕ ਅਜੀਬ ਕਿਸਮ ਦਾ ਕਰਮਕਾਂਡ ਜੋੜ ਦਿਤਾ ਗਿਆ ਹੈ। ਜਿਸ ਕਰਮਕਾਂਡ ਨੂੰ ਕਰਦਾ ਹੋਇਆ ਮਨੁਖ ਆਪਣੀ ਸਾਰੀ ਉਮਰ ਅਗਿਆਨਤਾ ਦੇ ਇਸ ਹਨੇਰੇ ਵਿਚ ਹੀ ਬਿਤਾ ਜਾਂਦਾ ਹੈ।
ਮਾਰਕਸ ਅਨੁਸਾਰ ਦੂਜਾ ਵਡਾ ਝੂਠ ਇਹ ਹੈ ਕਿ ‘ਰਬੋਂ’ ਹੀ ਕੁਝ ਲੋਕਾਂ ਨੂੰ ਨਿਜੀ ਜਾਇਦਾਦ ਦੇ ਰੂਪ ਵਿਚ ਕੁਦਰਤੀ ਸਾਧਨਾਂ ਦੀ ਮਾਲਕੀ ਦਾ ਹਕ ਮਿਲਿਆ ਹੋਇਆ ਹੈ। ਸਾਰੀਆਂ ਹੀ ਸਾਮਰਾਜੀ-ਪੂੰਜੀਵਾਦੀ ਸਰਕਾਰਾਂ ਨੇ ਇਸ ਝੂਠ ਦੀ ਕਾਨੂੰਨੀ ਪੁਸ਼ਟੀ ਕੀਤੀ  ਹੋਈ ਹੈ ਕਿ ਪੈਸੇ ਜਾਂ ਪੂੰਜੀ ਦੇ ਪ੍ਰਗਟ ਰੂਪ ਵਿਚ ਇਨ੍ਹਾਂ ਦੀ ਨਿਜੀ ਜਾਇਦਾਦ ਵਜੋਂ ਕੁਝ ਲੋਕਾਂ ਨੂੰ ਮਾਲਕੀ ਦਾ ਹਕ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਵਪਾਰ ਦੀ ਆਜ਼ਾਦੀ ਜਾਂ ਖੁਲ੍ਹੀ ਮੰਡੀ ਦਾ ਦਸਤੂਰ ਸਮੁਚੇ ਰਾਜਸੀ-ਆਰਥਿਕ ਤੇ ਸਮਾਜੀ ਤਾਣੇਬਾਣੇ ਨੂੰ ਥਾਂ-ਸਿਰ ਰਖਣ ਲਈ ਜ਼ਰੂਰੀ ਹੈ। ਤਾਂ ਕਿ ਵਸਤੂਆਂ ਦੀ ਲੋੜੀਂਦੀ ਪੈਦਾਵਾਰ ਅਤੇ ਉਨ੍ਹਾਂ ਦੀ ਲੋਕਾਂ ਵਿਚ ਜਾਇਜ਼ ਵੰਡ ਹੋ ਸਕੇ। ਤੀਜਾ ਵਡਾ ਝੂਠ ਇਹ ਹੈ ਕਿ ਮੌਜੂਦਾ ਸਰਕਾਰਾਂ ਲੋਕਾਂ ਵਾਸਤੇ, ਲੋਕਾਂ ਦੀਆਂ, ਲੋਕਾਂ ਰਾਹੀਂ ਚੁਣੀਆਂ ਹੋਈਆਂ ਸਰਕਾਰਾਂ ਹਨ ਤੇ ਇਨ੍ਹਾਂ ਸਰਕਾਰਾਂ ਦਾ ਕੰਮ ਲੋਕ ਭਲਾਈ ਕਰਨਾ ਹੈ। ਇਹ ਸਾਮਰਾਜੀ ਰਾਜਪ੍ਰਬੰਧ ਜਮਹੂਰੀ ਨਿਯਮਾਂ ਅਤੇ ਇਨਸਾਫ ਦੇ ਕਾਨੂੰਨ ਉਤੇ ਆਧਾਰਿਤ ਹੈ।
ਮਨੁਖ ਜਾਤੀ ਨਾਲ ਚੌਥਾ ਵਡਾ ਝੂਠ ਇਹ ਬੋਲਿਆ ਗਿਆ ਹੈ, ਕਿ ਮਨੁਖ ਜਮਾਂਦਰੂ ਹੀ ਆਪਣੇ ਕੁਦਰਤੀ ਸੁਭਾਅ ਪਖੋਂ ਲਾਲਚੀ, ਕਮੀਨਾ ਤੇ ਸੁਆਰਥੀ ਹੈ। ਇਸ ਲਈ ਇਹ ਸਾਰਾ ਸਮਾਜੀ ਤਾਣਾ-ਬਾਣਾ ਕਾਇਮ ਰਖਣ ਵਾਸਤੇ ਅਤੇ ਅਪਰਾਧੀ ਬਿਰਤੀ ਦੇ ਮਨੁਖਾਂ ਨੂੰ ਕਾਬੂ ਹੇਠ ਰਖਣ ਲਈ ਸਰਕਾਰੀ ਜਬਰ-ਪ੍ਰਬੰਧ ਅਤਿ ਲੋੜੀਂਦਾ ਹੈ। ਪੁਲਿਸ, ਫੌਜ ਅਤੇ ਅਨੇਕਾਂ ਹੋਰ ਹਥਿਆਰਬੰਦ ਬਲ, ਖੁਫੀਆ ਏਜੰਸੀਆਂ ਅਤੇ ਅਜਿਹਾ ਹੋਰ ਸਮੁਚਾ ਤਾਣਾਬਾਣਾ ਮਨੁਖ ਜਾਤੀ ਦੀ ਅਣਸਰਦੀ ਲੋੜ ਹੈ। ਅਤੇ ਜਿਵੇਂ ਕਿਹਾ ਜਾਂਦਾ ਹੈ, ਕਿ ਇਹ ਸਾਰਾ ਸਾਮਰਾਜੀ ਅਡੰਬਰ ਜਮਹੂਰੀ ਤੌਰ ਉਤੇ ਚੁਣੀਆਂ ਹੋਈਆਂ ਪਾਰਲੀਮੈਂਟਾਂ ਜਾਂ ਅਸੰਬਲੀਆਂ, ਕਾਨੂੰਨੀ ਨਿਆਂਪ੍ਰਬੰਧ ਉਤੇ ਟਿਕੀਆਂ ਹੋਈਆਂ ਅਦਾਲਤਾਂ, ਚੁਸਤ-ਚਲਾਕ ਤੇ ਵਿਸ਼ੇਸ਼ ਬੁਧੀ ਦੀ ਮਾਲਕ ਅਫ਼ਸਰਸ਼ਾਹੀ ਅਤੇ ਇਨ੍ਹਾਂ ਦੀਆਂ ਖਾਮੀਆਂ ਦਸਣ ਲਈ ਆਜ਼ਾਦ ਪ੍ਰੈਸ ਦੇ ਚਾਰ ਥੰਮਾਂ ਉਤੇ ਟਿਕਿਆ ਹੋਇਆ ਹੈ, ਇਹ ਕੋਰਾ ਝੂਠ ਹੈ। ਸਚ ਸਿਰਫ ਇਹ ਹੈ ਕਿ ਇਹ ਸਮੁਚਾ ਸਾਮਰਾਜੀ ਸਰਕਾਰੀ ਅਡੰਬਰ ਉਪਰੋਕਤ ਚਾਰ ਵਡੇ ਝੂਠਾਂ ਦੇ ਥੰਮਾਂ ਉਤੇ ਟਿਕਿਆ ਹੋਇਆ ਹੈ ਅਤੇ ਇਹ ਸਾਰਾ ਕੁਝ ਸਾਮਰਾਜੀ (ਅੰਨ੍ਹੇ) ‘ਮਨ’ ਦੀ ਨਿਰੋਲ ਕਲਪਨਾ ਉਤੇ ਆਧਾਰਿਤ ਹੈ।
ਮਾਰਕਸ ਦੀ ਫਿਲਾਸਫੀ ਅਨੁਸਾਰ ਠੋਸ ਸਚ ਇਹ ਹੈ, ਕਿ ਸਾਡੇ ਚਾਰ-ਚੁਫੇਰੇ ਫੈਲਰਿਆ-ਪਸਰਿਆ ਇਹ ਦ੍ਰਿਸ਼ਟ-ਅਦ੍ਰਿਸ਼ਟ ਅੰਤਹੀਣ ਵਿਸਥਾਰ ਭਾਵ ਮਨੁਖੀ ਮਨ ਦੀ ਪਕੜ ਤੋਂ ਅਪਹੁੰਚ ਸਮੁਚੀ ਸ੍ਰਿਸ਼ਟੀ, ਕਾਇਨਾਤ, ਕੁਦਰਤ, ਸਗਲ ਬ੍ਰਹਿਮੰਡ — ਮਨੁਖੀ ਮਨ ਦੀ ਪਕੜ ਵਿਚ ਨਾ ਆ ਸਕਣ ਵਾਲੇ ਸਮੇਂ — ਅੰਤਹੀਣ ਆਦਿ ਕਾਲ ਤੋਂ ਇਵੇਂ ਹੀ ਚਲਦਾ ਆ ਰਿਹਾ ਹੈ ਅਤੇ ਮਨੁਖੀ ਮਨ ਦੀ ਪਕੜ ਤੋਂ ਅਪਹੁੰਚ ਅੰਤਹੀਣ ਕਾਲ ਤਕ ਇਸ ਨੇ ਇਵੇਂ ਹੀ ਚਲਦੇ ਜਾਣਾ ਹੈ। ਇਸ ਸਗਲ ਬ੍ਰਹਿਮੰਡੀ ਪਸਾਰੇ ਵਿਚ ਧਰਤੀ ਅਸਲੋਂ ਹੀ ਇਕ  ਛੋਟਾ ਜਿਹਾ ਗ੍ਰਹਿ ਹੈ। ਇਸ ਧਰਤੀ ਦੀ ਰੋਮਾਂਵਲੀ ਵਿਚ ਜਨਮੀਆਂ ਲਖਾਂ ਜੀਵ-ਜੂਨਾਂ ਵਿਚੋਂ ਇਕ ਜੂਨ ਮਨੁਖ ਹੈ ਅਤੇ ਬਾਕੀ ਜੀਵਾਂ ਵਾਂਗ ਮਨੁਖ ਵੀ ਇਕ ਕੁਦਰਤੀ (ਬਿਨਸਣਹਾਰ) ਜੀਵ ਹੈ। ਪਰ ਬਾਕੀ ਜੀਵਾਂ ਨਾਲੋਂ ਇਹ ਇਸ ਗਲੋਂ ਨਿਵੇਕਲਾ ਹੈ ਕਿ ਇਹ ਚੇਤੰਨ ਜੀਵ ਹੈ। ਭਾਵ ਆਪਣੀ ਹੋਂਦ ਪ੍ਰਤੀ ਸੁਚੇਤ ਹੈ। ਇਕ ਸੀਮਤ ਕੁਦਰਤੀ ਦਾਇਰੇ ਦੇ ਅੰਦਰ ਆਪਣੀ ਹੋਣੀ ਆਪ ਘੜਨ ਦੇ ਸਮਰਥ ਹੈ। ਇਸ ਵਾਸਤੇ ਉਸ ਕੋਲ ਦੋ ਸੂਖਮ ਅਦਿਸ ਸ਼ਕਤੀਆਂ ਹਨ — ਸਵੈਚੇਤਨਾ (ਦੇ ਰੂਪ ਵਿਚ ਆਤਮਾ) ਅਤੇ ਮਨ। ਸਵੈਚੇਤਨਾ ਹੁਣ ਤਕ ਦੀ, ਸਮੁਚੀ ਮਨੁਖ ਜਾਤੀ ਦੀ, ਅਨੁਭਵੀ ਸਿਆਣਪ ਦਾ ਫਿਲਾਸਫੀ ਦੇ ਰੂਪ ਵਿਚ ਨਿਕਲਿਆ ਤਤ-ਨਿਚੋੜ ਹੈ (“Philosophy — acknowledge human self conciousness as the highest divinity.”–Marx)। ਇਹ ਫਿਲਾਸਫੀ ਸ਼ਬਦ (ਸੰਕਲਪ) ਰਾਹੀਂ ਰੂਪਮਾਨ ਹੁੰਦੀ ਹੈ। ਇਹ ਸ਼ਬਦ ਹੀ ਕੁਦਰਤੀ ਨੇਮਾਂ, ਸਵੈਚੇਤਨਾ (ਆਤਮਾ) ਅਤੇ ਚਿੰਤਨਸ਼ੀਲ ਮਨ ਵਿਚਕਾਰ ਇਕ ਸੰਪਰਕ ਕੜੀ ਹੈ। ਸਵੈਚੇਤਨਾ (ਆਤਮ-ਗਿਆਨ) ਦੀ ਦੇਣ ਚਿੰਤਨਸ਼ੀਲ, ਤਰਕ ਸੰਗਤ ਮਨ ਦਾ ਆਪਣੀ ਕਾਇਆ ਨਾਲ ਸਜਿੰਦ ਰਿਸ਼ਤਾ ਹੀ ਇਕ ਪੂਰਨ ਮਨੁਖ ਦੀ ਸਿਰਜਣਾ ਦਾ ਮੂਲ ਹੈ। ਸਵੈਚੇਤਨਾ ਨਾਲ ਸਰਸ਼ਾਰ, ਪੂਰਵ ਧਾਰਨਾਵਾਂ ਤੋਂ ਮੁਕਤ, ਆਪਣੀਆਂ ਤਰਕਸੰਗਤ ਸਰੀਰਕ ਅਤੇ ਜਜ਼ਬਾਤੀ ਲੋੜਾਂ ਪ੍ਰਤੀ ਸੁਚੇਤ, ਚਿੰਤਨਸ਼ੀਲ ਖੋਜੀ ਮਨ ਹੀ ਕਿਸੇ ਮਨੁਖ ਦੀ ਅਸਲੀ ਪੂੰਜੀ ਹੈ। ਮਨੁਖੀ ਵਿਗਾਸ ਅਤੇ ਖੇੜੇ ਦਾ ਸੋਮਾ ਹੈ। “The absolute is mind, this is the highest definition of the absolute.”–Marx), “The thinking mind is highest creation on the earth”– Engles)
ਮਨ ਮਨੁੱਖੀ ਸਰੀਰ ਅੰਦਰ ਕੁਦਰਤ ਦਾ ਮੂਲ ਆਧਾਰ ਹੈ। ਜਿਵੇਂ-ਜਿਵੇਂ ਕੁਦਰਤ ਬਾਰੇ ਗਿਆਨ ਭਾਵ ਸਵੈਚੇਤਨਾ ਵਧਦੀ ਜਾਂਦੀ ਹੈ, ਤਿਵੇਂ-ਤਿਵੇਂ ਮਨ ਵਿਕਾਸ ਕਰੀ ਜਾਂਦਾ ਹੈ। ਮਨ ਸਮੁਚੇ ਅਨੁਭਵੀ ਵਿਕਾਸ ਦਾ ਪ੍ਰਗਟ ਰੂਪ ਹੈ। ਵਿਕਸਿਤ ਅਨੁਭਵੀ (ਚਿੰਤਨਸ਼ੀਲ) ਮਨ ਹੀ ਮਨੁਖੀ ਜਜ਼ਬਿਆਂ ਅਤੇ ਵਿਹਾਰ ਨੂੰ ਸਵੈਕਾਬੂ (ਬੰਧੇਜ) ਵਿਚ ਰਖਦਾ ਹੈ। ਇਕ ਚੇਤੰਨ ਮਨੁਖ ਦੀ ਇਹੀ ਹੋਂਦ ਹੈ। ਸਵੈਚੇਤਨਾ ਹੋਰ ਕੁਝ ਨਹੀਂ, ਸਗੋਂ ਚੇਤੰਨ ਮਨੁਖੀ ਹੋਂਦ ਹੈ। (ਕਾਰਲ ਮਾਰਕਸ, ਜਰਮਨ ਵਿਚਾਰਧਾਰਾ, ਸਫਾ 42)

Leave a Reply

Your email address will not be published. Required fields are marked *