ਪਛਮੀ ਦੇਸਾਂ ਦੀ ਵੇਖਾ ਵੇਖੀ ਸਾਡੇ ਦੇਸ ਵਿਚ ਵੀ ਹਮ-ਜਿਨਸੀ ਰਿਸ਼ਤਿਆਂ ਨੂੰ ਸੁਪਰੀਮ ਕੋਰਟ ਵਲੋਂ ਮਾਨਤਾ ਮਿਲਣ ਉਤੇ ਕੁਝ ਮਧਵਰਗੀ ਲੋਕਾਂ ਵਲੋਂ ਮਨਾਈਆਂ ਗਈਆਂ ਖੁਸ਼ੀਆਂ ਦੇ ਪ੍ਰਸੰਗ ਵਿਚ ਇਹ ਲਿਖਤ ਬੜੀ ਅਹਿਮ ਹੈ।
ਲੰਡਨ ਵਿਚ ਜਾਰਜ਼ ਬੁਸ਼ ਅਤੇ ਉਸਦੀ ਸਜੀ ਬਾਂਹ ਟੋਨੀ ਬਲੇਅਰ ਕੋਲੋਂ ਕਾਨਫਰੰਸ ਵਿਚ ਇਕ ਸਵਾਲ ਪੁਛਿਆ ਗਿਆ ਕਿ ”ਜਦ ਬੁਸ਼ ਦੇ ਲੰਡਨ ਆਉਣ ਉਤੇ ਸਾਰੀ ਪਬਲਿਕ ਨਾਰਾਜ਼ ਹੈ ਅਤੇ ਹਰ ਕੋਈ ਈਰਾਕ-ਅਫ਼ਗਾਨਿਸਤਾਨ ਦੀ ਜੰਗ ਵਿਰੁਧ ਹੈ ਤਾਂ ਫਿਰ ਇਹ ਲੜਾਈਆਂ ਕਿਉਂ ਲਾਈਆਂ ਗਈਆਂ ਹਨ?”
ਇਸ ਸਵਾਲ ਉਤੇ ਪਹਿਲੀ ਵਾਰ ਵੇਖਿਆ ਗਿਆ ਕਿ ਟੋਨੀ ਬਲੇਅਰ ਥਿੜਕਿਆ ਅਤੇ ਚੰਗਾ ਭਲਾ ਠਠਕਿਆ ਸੀ। ਇਕ ਅਧ ਮਿੰਟ ਲਈ ਉਹ ਬੁਲ੍ਹਾਂ ਤੋਂ ਸਿਕਰੀ ਚਟਦਾ ਰਿਹਾ ਅਤੇ ਫਿਰ ਆਖਣ ਲਗਾ, ‘ਈਰਾਕ, ਅਫ਼ਗਾਨਿਸਤਾਨ ਵਿਚ ਪਹਿਲੀਆਂ ਹਕੂਮਤਾਂ ਜ਼ੁਲਮ ਕਰਦੀਆਂ ਸਨ ਅਤੇ ਉਹ ਔਰਤਾਂ ਨੂੰ ਬੁਰਕੇ ਪੁਵਾਉਂਦੀਆਂ ਸਨ, ਕੁੜੀਆਂ ਨੂੰ ਸਕੂਲ ਨਹੀਂ  ਸਨ ਜਾਣ ਦਿੰਦੀਆਂ ਅਤੇ ਜ਼ਨਾਨੀਆਂ ਨੂੰ ਪੂਰੀ-ਪੂਰੀ ਆਜ਼ਾਦੀ ਹਾਸਲ ਨਹੀਂ ਸੀ।”
ਟੋਨੀ ਬਲੇਅਰ ਨੂੰ ਭਲਾ ਕੋਈ ਪੁਛੇ ਕਿ ਜ਼ਨਾਨੀਆਂ ਨੂੰ ਆਜ਼ਾਦੀ ਦਿਵਾਉਣ ਵਾਲਿਆ, ਤੇਰੀ ਆਜ਼ਾਦੀ ਨੇ ਇਨਸਾਨੀਅਤ ਨੂੰ ਕੀ ਦਿਤਾ? ਅਜੇ ਕਲ ਹੀ ਤੇਰੇ ਬੜੇ ਪਵਿਤਰ ਅਤੇ ਸ਼ੁਭ ਦਿਹਾੜੇ ਹਜ਼ਰਤ ਈਸਾ ਦੀ ਪੈਦਾਇਸ਼ ਵਾਲੇ ਬਾ-ਬਰਕਤ ਦਿਹਾੜੇ ਲੰਡਨ ਦੇ ਹਸਪਤਾਲ ਵਿਚ ਨਵਾਂ-ਨਵਾਂ ਜੰਮਿਆ ਬਾਲ ਟੀ.ਵੀ. ਉਤੇ ਵਿਖਾਇਆ ਜਾ ਰਿਹਾ ਸੀ ਕਿ ਕੋਈ ਆਜ਼ਾਦ ਕੁੜੀ ਇਸ ਆਜ਼ਾਦੀ ਦੇ ਗੁਨਾਹ ਨੂੰ ਹਸਪਤਾਲ ਵਿਚ ਛਡ ਕੇ ਤੁਰ ਗਈ ਸੀ। ਉਸ ਕੁੜੀ ਨੂੰ ਆਜ਼ਾਦੀ ਹੈ ਕਿ ਉਹ ਜਿਥੋਂ ਮਰਜ਼ੀ ਬਚਾ ਲਵੇ, ਜਿਥੇ ਮਰਜ਼ੀ ਸੁਟੇ ਅਤੇ ਸੁਟ ਕੇ ਜਿਥੇ ਮਰਜ਼ੀ ਟੁਰ ਜਾਵੇ। ਬੜੀ ਆਜ਼ਾਦੀ ਨਾਲ ਟੀ.ਵੀ. ਦੀ ਸਕਰੀਨ ਉਤੇ ਉਸ ਨਵੀਂ ਜਨਮੀ ਬਚੀ ਦੀ ਤਸਵੀਰ ਵਿÎਖਾ ਕੇ ਆਖਿਆ ਜਾ ਰਿਹਾ ਸੀ ਕਿ ਸਾਡੀ ਦਿਤੀ ਆਜ਼ਾਦੀ ਦੀ ਸਜ਼ਾ ਭੁਗਣ ਵਾਲੀ ਇਸ ਬਚੀ ਦੀ ਪਹਿਲੀ ਕਰਿਸਮਿਸ ਹਸਪਤਾਲ ਵਿਚ ਆਈ ਹੈ।
ਇਹ ਤੇ ਟੋਨੀ ਬਲੇਅਰ ਸਾਹਿਬ ਦੀ ਆਜ਼ਾਦੀ ਦਾ ਐਵੇਂ ਨਿਕਾ ਜਿਹਾ ਵਾਕਿਆ ਸੀ। ਕੇਵਲ ਲੰਡਨ ਸ਼ਹਿਰ ਵਿਚ ਹੀ ਲੱਖਾਂ ਦੀ ਗਿਣਤੀ ਵਿਚ ਬਾਲ ਹਨ, ਜਿਨ੍ਹਾਂ ਨੇ ਨਾ ਆਪਣੀ ਮਾਂ ਵੇਖੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਆਪਣੇ ਪਿਉ ਦਾ ਨਾਂ ਯਾਦ ਹੈ। ਉਨ੍ਹਾਂ ਵਿਚਾਰਿਆਂ ਨੂੰ ਆਪਣੀ ਵਲਦੀਅਤ ਲਿਖਣ ਲਈ ਕੋਈ ਨਾਮ ਨਹੀਂ ਲਭਦਾ। ਉਹ ਯਤੀਮਖਾਨਿਆਂ ਵਿਚ ਕਰਿਸਮਿਸ ਦੀ ਈਦ ਅਤੇ ਸਮਾਜੀ ਅਦਾਰਿਆਂ ਵਿਚ ਆਪਣੇ ਜਨਮ ਦਿਨ ਦੀਆਂ ਖੁਸ਼ੀਆਂ, ਸੋਗ ਵਾਂਗ ਮਨਾਉਂਦੇ ਹਨ। ਇਹ ਲਖਾਂ ਬਾਲ ਆਪਣਾ ਹੱਕ ਮੰਗਦੇ ਹਨ। ਮਾਂ ਦਾ ਪਿਆਰ ਅਤੇ ਬਾਪ ਦੀ ਸ਼ਫਕਤ ਮੰਗਦੇ ਹਨ। ਇਨ੍ਹਾਂ ਨੂੰ ਕਿਸ ਨੇ ਮਨੁਖੀ ਹੱਕਾਂ ਤੋਂ ਵਾਂਝਿਆਂ ਕੀਤਾ ਹੈ? ਕੀ ਯੂ.ਐਨ. ਦੇ ਇਜਲਾਸ ਵਿਚ ਕੋਈ ਕੌਮੀ ਦੇਸ ਇਨ੍ਹਾਂ ਬਾਲਾਂ ਦੇ ਹੱਕ ਦੀ ਗਲ ਕਰ ਸਕਦਾ ਹੈ? ਕੀ ਆਜ਼ਾਦੀ ਵੰਡਣ ਵਾਲੇ ਚੌਧਰੀਆਂ ਦਾ ਗਲਮਾ ਫੜ ਕੇ ਪੁਛਿਆ ਜਾ ਸਕਦਾ ਹੈ ਕਿ ਇਨਸਾਨੀ ਹੱਕਾਂ ਦੀ ਗਲ ਕਰਨ ਵਾਲਿਉ, ਪਹਿਲਾਂ ਆਪਣੇ ਦੇਸ ਵਿਚ ਉਨ੍ਹਾਂ ਲੱਖਾਂ ਮਾਸੂਮਾਂ ਨੂੰ ਤਾਂ ਹਕ ਦੁਆਉ, ਜਿਹੜੇ ਰਾਤ ਨੂੰ ਆਪਣੇ ਗਲ ਨੂੰ ਆਪ ਹੀ ਜੱਫੀ ਪਾ ਕੇ ਸੌਂ ਜਾਂਦੇ ਹਨ। ਇਹ ਆਜ਼ਾਦ ਕੌਮ ਦੀਆਂ ਆਜ਼ਾਦ ਮਾਵਾਂ ਦੇ ਲਾਵਾਰਸ ਮਾਂ ਮਿਹਟਰ। ਇਨ੍ਹਾਂ ਗਰੀਬਾਂ ਨੂੰ ਯਤੀਮ ਖਾਨਿਆਂ ਵਿਚ ਤਨਖਾਹਦਾਰ ਮਾਵਾਂ ਸਿਆਪਾ ਸਮਝ ਕੇ ਪਾਲਦੀਆਂ ਹਨ। ਉਹ ਮਾਵਾਂ ਵਰਗੀਆਂ ਤਾਂ ਲਗਦੀਆਂ ਹਨ ਪਰ ਉਨ੍ਹਾਂ ਕੋਲ ਮਾਵਾਂ ਵਰਗਾ ਕੁਝ ਨਹੀਂ ਹੁੰਦਾ। ਮਮਤਾ ਵੀ ਕਿਧਰੋ ਮੁੱਲ ਮਿਲਦੀ ਹੈ? ਕੌਣ ਦੱਸੇ ਟੋਨੀ ਬਲੇਅਰ ਨੂੰ ਕਿ ਬੁਰਕੇ ਵਿਚ ਰਹਿਣ ਵਾਲੀਆਂ ਆਪਣੀਆਂ ਹਦਬੰਦੀਆਂ ਵਿਚ ਰਹਿੰਦੀਆਂ ਹਨ। ਤਨਖਾਹਦਾਰ ਮਾਂ ਦੇ ਹੱਥੋਂ ਖਾਧੇ ਮਖਣ ਨਾਲੋਂ ਪਿਆਰ ਵਿਚ ਰਚੇ ਬਾਜਰੇ ਦਾ ਖੰਨਾ ਬਹੁਤ ਸੁਆਦੀ ਹੈ। ਸੁਟ ਕੇ ਨਸ ਗਈ ਮਾਂ ਦੇ ਵਲਾਇਤੀ ਗੱਦੇ ਉਤੇ ਪਏ ਬਾਲ ਨਾਲੋਂ ਮਾਂ ਦੀ ਗਰੀਬ ਗੋਦੀ ਵਿਚ ਪਏ ਬਾਲ ਨੂੰ ਪੁਛ ਕੇ ਵੇਖ ਕੇ ਕਿੰਨਾ ਨਿਘ ਹੈ ਉਸ ਦੀ ਗੋਦ ਵਿਚ।
ਕੇਡਾ ਜ਼ੁਲਮ ਹੈ ਕਿ ਉਨ੍ਹਾਂ ਆਜ਼ਾਦੀ ਮਾਰੇ, ਆਜ਼ਾਦ ਬਾਲਾਂ ਦੀ, ਗੁਲਾਮਾਂ ਵਾਂਗ ਮੰਡੀ ਲਗਦੀ ਹੈ। ਗੁਲਾਮਾਂ ਦਾ ਤਾਂ ਫਿਰ ਵੀ ਕੋਈ ਮੁਲ ਪੈਂਦਾ ਹੋਵੇਗਾ ਪਰ ਇਹ ਬਚੇ ਬੜੇ ਮੁਹਜ਼ਬ ਢੰਗ ਨਾਲ ਭੋ ਦੇ ਭਾਅ ਚਲੇ ਜਾਂਦੇ ਹਨ। ਲੋੜਵੰਦ ਇਨ੍ਹਾਂ ਨੂੰ ਅੰਗਰੇਜ਼ੀ ਸ਼ਬਦ ਵਿਚ ਵਲ੍ਹੇਟ ਕੇ ਆਖਦੇ ਹਨ, ਅਸਾਂ ਇਸ ਬਾਲ ਨੂੰ ਅਡਾਪਟ ਕਰ ਲਿਆ ਹੈ। ਅਡਾਪਟ ਕਰਨ ਵਾਲੇ ਇਨ੍ਹਾਂ ਆਜ਼ਾਦੀ ਦੇ ਡੰਗੇ ਹੋਏ ਜਨੌਰਾਂ ਨੂੰ ਗਾਹਕ ਦੀ ਅਖ ਨਾਲ ਵੇਖਦੇ ਹਨ। ਨੈਣ ਨਕਸ਼, ਲੰਗ ਪੈਰ, ਅਖਾਂ ਅਤੇ ਵਾਲਾਂ ਦਾ ਰੰਗ। ਕਈ ਵਿਚਾਰੇ ਦੋਗਲੇ ਹੁੰਦੇ ਹਨ। ਜਿਨ੍ਹਾਂ ਦੀ ਮਾਂ ਗੋਰੀ ਅਤੇ ਪਿਉ ਕਾਲਾ। ਉਸ ਬਾਲ ਦੇ ਵਾਲ ਕੁੰਡਲਾਂ ਵਾਲੇ ਅਤੇ ਰੰਗ ਤਾਂਬੇ ਵਰਗਾ। ਇੰਜ ਦੇ ਬਾਲ ਨਕ ਉਤੇ ਨਹੀਂ ਚੜ੍ਹਦੇ। ਅਡਾਪਟ ਕਰਨ ਵਾਲੇ ਮਰਜ਼ੀ ਦਾ ਨਰ ਅਤੇ ਪਸੰਦ ਦੀ ਮਦੈਣ ਲੈ ਜਾਂਦੇ ਹਨ।
ਕਿਹੜੀ ਕਿਹੜੀ ਗਲ ਕਰੀਏ ਲੋਕਾਂ ਨੂੰ ਆਜ਼ਾਦੀ ਅਤੇ ਹੱਕ ਦਿਵਾਉਣ ਵਾਲਿਆਂ ਦੀ। ਕੁਝ ਦਿਹਾੜੇ ਪਹਿਲਾਂ ਜਦ 11 ਵਰ੍ਹਿਆਂ ਦੀ ਬਾਲੜੀ ਇਥੇ ਮਾਂ ਬਣ ਗਈ ਤਾਂ ਉਸ ਨੇ ਹਸ ਕੇ ਆਖਿਆ ਕਿ ਮੈਂ ਆਜ਼ਾਦ ਹਾਂ। ਕੌਣ ਪੁਛੇ ਚੌਧਰੀ ਸਾਹਿਬ ਨੂੰ ਕਿ ਜੇ ਉਥੇ ਸਿਰ ਢਕਦੀਆਂ ਹਨ ਤਾਂ ਇਥੇ ਤੇੜ ਵੀ ਕੁਝ ਨਹੀਂ ਰਹਿ ਗਿਆ। ਉਨ੍ਹਾਂ ਨੇ ਸਿਰ ਕਜਿਆ ਉਤੇ ਹਮਲਾ ਕਰ ਦਿਤਾ। ਇਨ੍ਹਾਂ ਨੇ ਸਭ ਕੁਝ ਨੰਗਾ ਕਰ ਦਿਤਾ ਤੇ ਕਿਸੇ ਨੇ ਕੁਝ ਨਾ ਕੀਤਾ। ਉਨ੍ਹਾਂ ਨੇ ਬੁਰਕਾ ਪਾਇਆ ਉਤੇ ਇਨ੍ਹਾਂ ਨੇ ਅੰਨ੍ਹੀ ਪਾਈ। ਉਨ੍ਹਾਂ ਨੇ ਚਿਹਰਾ ਢਕਿਆ ਅਤੇ ਇਨ੍ਹਾਂ ਨੇ ਢਕਣ ਵੀ ਲਾਹ ਦਿਤੇ। ਵਾਰੇ ਵਾਰੇ ਜਾਈਏ ਚੌਧਰੀਆਂ ਦੀ ਆਜ਼ਾਦੀ ਅਤੇ ਇਨਸਾਂ ਹਕੂਕ ਦੀ ਤਕਸੀਮ ਦੇ। ਕਰਿਸਮਿਸ ਦੇ ਮੁਬਾਰਕ ਦਿਹਾੜੇ ਤੋਂ ਕੁਝ ਦੇਰ ਪਹਿਲਾਂ ਬਰਤਾਨੀਆਂ ਦੀ ਰਾਣੀ ਨੇ ਐਲਾਨ ਕਰ ਦਿਤਾ ਹੈ ਕਿ ਹਮ-ਜਿਨਸ ਪ੍ਰਸਤ ਵਿਚਾਰੇ ਬੜੇ ਚਿਰ ਦੇ ਆਪਣੇ ਹੱਕਾਂ ਲਈ ਲੜ ਰਹੇ ਸਨ, ਇਸ ਲਈ ਉਨ੍ਹਾਂ ਦੇ ਹਕ ਮਨਜ਼ੂਰ ਕਰ ਲਏ ਗਏ ਹਨ ਅਤੇ ਅਜ ਤੋਂ ਬੰਦਾ ਬੰਦੇ ਨਾਲ ਅਤੇ ਜ਼ਨਾਨੀ ਜ਼ਨਾਨੀ ਨਾਲ ਵਿਆਹ ਕਰ ਸਕਦੀ ਹੈ। ਇਹ ਵਿਆਏ ਜੋੜੇ ਇਕ ਦੂਜੇ ਦੀ ਜਾਇਦਾਦ ਦੇ ਵਾਰਸ ਹੋਣਗੇ। ਹੁਣ ਮਿਸ ਲਿਲੀ ਦੇ ਘਰ ਮਿਸ ਜੇਨੀ ਅਤੇ ਮਿਸਟਰ ਡੇਵਿਡ ਦੇ ਘਰ ਮਿਸਟਰ ਵਿਲਸਨ ਢੁਕੇਗਾ। ਅਲਿਜ਼ਬਬ ਦੀ ਕੁੜਮਾਈ ਪਰੇਟੀ ਨਾਲ ਅੇ ਮਰਾਟਨ ਦਾ ਛੁਹਾਰਾ ਡਿਸੂਜ਼ੇ ਦੇ ਮੂੰਹ ਲਗੇਗਾ। ਕਿਆ ਖੂਬਸੂਰਤ ਕੁੜਮਾਈਆਂ ਹੋਣਗੀਆਂ ਚੌਧਰੀਆਂ ਦੇ ਦੇਸ ਵਿਚ। ਇਹ ਤਾਂ ਰਬ ਹੀ ਜਾਣੇ ਇਨ੍ਹਾਂ ਵਿਚੋਂ ਕਿਹੜਾ ਰੰਨ ਹੋਵੇਗੀ ਅਤੇ ਕਿਹੜੀ ਖਾਵੰਦ ਬਣੇਗਾ, ਇਹ ਤਾਂ ਇਨਸਾਨੀ ਹਕੂਕ ਅਤੇ ਆਜ਼ਾਦੀਆਂ ਦੇਣ ਦੇ ਦਾਅਵੇਦਾਰ ਮਿਸਟਰ ਟੋਨੀ ਬਲੇਅਰ ਜਾਂ ਜਾਰਜ ਬੁਸ਼ ਹੀ ਜਾਣਨ। ਜੰਜ ਵਿਚ ਖੌਰੇ ਸਾਰੇ ਆਗਾਂਹਵਧੂ ਹੋਣਗੇ ਅਤੇ ਵਾਜੇ ਵਾਲਾ ਸਾਰਾ ਗਰੁਪ ਨਾਸਤਿਕਾਂ ਦਾ ਗਿਦਾ ਪਾਵੇਗਾ। ਟੁਟਿਆ ਹੋਇਆ ਰੂਸ ਨਾਲ ਨਾਲ ਟੁਟੀ ਢੋਲਕੀ ਵਜਾਏਗਾ।
ਇੰਜ ਦੇ ਵਿਆਹਾਂ ਦਾ ਇਕ ਫਾਇਦਾ ਨਜ਼ਰ ਆਉਂਦਾ ਹੈ ਕਿ ਨਾ ਕਿਸੇ ਉਗਣਾ ਨਾ ਜੰਮਣਾ। ਲੱਖਾਂ ਬਾਲ ਲਾਵਾਰਿਸ ਨਹੀਂ ਬਣਨਗੇ। ਸਾਰੇ ਵਿਆਹੇ ਜੋੜੇ ਆਪੇ ਹੀ ਬਾਂਸ ਅਤੇ ਆਪੇ ਹੀ ਬੰਸਰੀਆਂ। ਕਿਹਨੇ ਵਜਣਾ ਅਤੇ ਕਿਹਨੇ ਜੰਮਣਾ…ਕੀ ਪਤਾ…ਅਫਸੋਸ ਤਾਂ ਇਹ ਹੈ ਕਿ ਚਲੋ ਇਨ੍ਹਾਂ ਜ਼ੋਰਾਵਰ ਚੌਧਰੀਆਂ ਨੂੰ ਕੰਮੀ ਕਮੀਣ ਦੇਸਾਂ ਦੀਆਂ ਰੀਤਾਂ-ਰਸਮਾਂ ਨੂੰ ਇਨਸਾਨੀ ਹਕੂਕ ਦੇ ਨਾਮ ਉਤੇ ਕਤਲ ਕਰਨ ਈ ਯੂ.ਐਨ. ਵਿਚੋਂ ਇਜਾਜ਼ਤ ਮਿਲ ਜਾਂਦੀ ਹੈ। ਪਰ ਗਰੀਬ ਗੁਰਬੇ ਕਿਹਨੂੰ ਜਾ ਕੇ ਦਸਣ ਕਿ ਚੌਧਰਾਣੀ ਨੂੰ ਵੀ ਆਖੋ ਅੱਗਾ ਢੱਕ। ਘਟੋ ਘਟ ਆਜ਼ਾਦੀ ਦੇ ਨਾਮ ਉਤੇ ਗ਼ੈਰਇਨਸਾਨੀ, ਗ਼ੈਰਫਿਤਰੀ ਅਤੇ ਗ਼ੈਰਕੁਦਰਤੀ ਗੁਨਾਹਾਂ ਦੀ ਖੇਡ ਖੇਡਣ ਲਗਿਆ ਹਜ਼ਰਤ ਈਸਾ ਦਾ ਆਦਰ ਤਾਂ ਕਰਨ। ਉਸ ਦੇ ਜਨਮ ਦਿਹਾੜੇ ਉਤੇ ਉਸੇ ਦੀ ਖੁਸ਼ੀ ਮਨਾਉਂਦੀਆਂ, ਉਸੇ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਗਲ ਵਿਚ ਲੀੜਾ ਪਾਉਣ ਲਈ ਕਿਸੇ ਈਰਾਕ ਜਾਂ ਅਫ਼ਗਾਨਿਸਤਾਨ ਨੂੰ ਵੀ ਹਕ ਮਿਲਣਾ ਚਾਹੀਦਾ ਹੈ।

ਅਮੀਨ ਮਲਿਕ

Leave a Reply

Your email address will not be published. Required fields are marked *