ਕੀ ਬੋਲੀ ਸਚਮੁਚ ਸਿਰਫ ਇਕ ਦੂਜੇ ਤਕ ਵਿਚਾਰ ਪੁਚਾਉਣ ਦਾ ਵਸੀਲਾ ਹੈ? ਵਿਗਿਆਨਕ ਸਚ ਇਹ ਹੈ ਕਿ ਬੋਲੀ ਨੂੰ ਕਿਸੇ ਤਰ੍ਹਾਂ ਵੀ ਇਸ ਹਦ ਤਕ ਛੁਟਿਆਇਆ ਨਹੀਂ ਜਾ ਸਕਦਾ। ਕੋਈ ਵੀ ਕਪੜਾ ਪਹਿਨ ਲਏ ਜਾਣ ਵਾਂਗ ਕੋਈ ਵੀ ਬੋਲੀ ਬੋਲੇ ਜਾਣ ਦਾ ਫਾਰਮੂਲਾ ਮਨੁਖੀ ਵਿਕਾਸ ਨਾਲ ਮੇਲ ਨਹੀਂ ਖਾਂਦਾ। ਦੁਨੀਆਂ ਭਰ ਦੇ ਵਿਚਾਰਵਾਨ ਤੇ ਵਿਦਵਾਨ, ਭਾਵੇਂ ਉਹ ਕਿਸੇ ਵੀ ਦੇਸ, ਮਤਿ ਜਾਂ ਵਿਚਾਰ ਦੇ ਹੋਣ, ਮਾਂ ਬੋਲੀ ਦੀ ਅਮਿਹੀਅਤ ਬਾਰੇ ਇਕ-ਮਤਿ ਹਨ। ਅਜਿਹੇ ਸਭ ਵਿਅਕਤੀ ਮਾਂ-ਬੋਲੀ ਨੂੰ ਹੀ ਮਨੁਖ ਦੀ ਸਖਸ਼ੀਅਤ ਦੇ ਵਿਕਾਸ ਦਾ ਇਕੋ-ਇਕ ਵਸੀਲਾ ਮੰਨਦੇ ਆਏ ਹਨ।
ਇਹ ਠੀਕ ਹੈ ਕਿ ਮਨੁਖ ਥੋੜ੍ਹੀ ਖੇਚਲ ਨਾਲ ਕੋਈ ਵੀ ਬੋਲੀ ਸਿਖ ਸਕਦਾ ਹੈ। ਉਸ ਨੂੰ ਨਵੇਂ ਵਿਚਾਰ ਹਾਸਲ ਕਰਨ ਤੇ ਹੋਰ ਲੋਕਾਂ ਨਾਲ ਵਿਚਾਰ ਸਾਂਝੇ ਕਰਨ ਦਾ ਵਸੀਲਾ ਬਣਾ ਸਕਦਾ ਹੈ। ਪਰ ਬਾਹਰਲੇ ਗਿਆਨ ਦੀ ਪ੍ਰਾਪਤੀ ਲਈ ਇਸ ਤਰ੍ਹਾਂ ਦੂਜੀ ਬੋਲੀ ਸਿਖਣਾ ਉਚੇਰੀ ਵਿਦਿਆ ਦੇ ਸਾਲਾਂ ਵਿਚ ਹੀ ਵਾਜਬ ਹੁੰਦਾ ਹੈ। ਸ਼ੁਰੂ ਦੇ ਸਾਲਾਂ ਵਿਚ ਬਚੇ ਉਤੇ ਦੂਜੇ ਜ਼ੁਬਾਨ ਸਿਖਣ ਦਾ ਪਾਇਆ ਭਾਰ ਵਿਸ਼ੇ ਉਤੇ ਉਸ ਦੀ ਪਕੜ ਕਮਜ਼ੋਰ ਕਰਦਾ ਹੈ। ਇਥੇ ਇਹ ਗਲ ਭੁਲਣੀ ਨਹੀਂ ਚਾਹੀਦੀ ਕਿ ਬੌਧਿਕ ਤੇ ਭਾਵੁਕ ਪਖ ਜੇ ਪਹਿਲਾਂ ਉਸਰੇ ਹੋਏ ਹੋਣ ਤਾਂ ਹੀ ਦੂਜੀ ਜ਼ੁਬਾਨ ਵਿਚ ਪ੍ਰਗਟ ਹੋ ਸਕਦੇ ਹਨ। ਜਿਸ ਸਖਸ਼ੀਅਤ ਦਾ ਵਿਕਾਸ ਹੀ ਨਹੀਂ ਹੋਇਆ, ਉਸ ਨੇ ਦੂਜੀ ਜ਼ੁਬਾਨ ਵਿਚ ਪ੍ਰਗਟ ਕੀ ਕਰ ਲੈਣਾ ਹੈ। ਇਸ ਤਰ੍ਹਾਂ ਸਿਖੀ ਹੋਈ ਕਿਸੇ ਬੋਲੀ ਅਤੇ ਮਾਂ-ਬੋਲੀ ਵਿਚਕਾਰ ਫਰਕ ਨਾ ਕਰਨ ਵਾਲੇ ਸਜਣ ਮਨੁਖ ਦੀ ਸਮੁਚੀ ਸ਼ਖਸੀਅਤ ਨਜ਼ਰ ਵਿਚ ਨਹੀਂ ਰਖਦੇ। ਉਹ ਮਨੁਖ ਦੀ ਸਮੁਚੀ ਸ਼ਖਸੀਅਤ ਦੇ ਬੌਧਿਕ ਸਭਿਆਚਾਰ (ਇੰਟਲੈਕਚੂਅਲ ਕਲਚਰ) ਅਤੇ ਭਾਵੁਕ ਸਭਿਆਚਾਰ (ਇਮੋਸ਼ਨਲ ਕਲਚਰ) ਵਿਚ ਦੋ ਟੁਕ ਵੰਡ ਕਰਨ ਦੀ ਗਲਤੀ ਕਰਦੇ ਹਨ ਅਤੇ ਫੇਰ ਪਹਿਲੇ ਨੂੰ ਵੀ ਨਿਤ-ਦਿਹਾੜੇ ਦਾ ਕੰਮ ਧੰਦਾ ਚਲਾਉਣ ਦੀ ਸਮਰਥਾ ਤਕ ਛੁਟਿਆਉਣ ਦੀ ਦੂਹਰੀ ਗਲਤੀ ਕਰਦੇ ਹਨ। ਸਾਧਾਰਨ ਬੌਧਿਕ ਪਧਰ ਤਕ ਮਨੁਖ ਦੀ ਪਹੁੰਚ ਦਾ ਸਾਧਨ ਤਾਂ ਕੋਈ ਬੋਲੀ ਵੀ ਹੋ ਸਕਦੀ ਹੈ, ਪਰ ਉਸ ਰਾਹੀਂ ਪੂਰੀ ਸ਼ਖਸੀਅਤ ਨਹੀਂ ਮੌਲ ਸਕਦੀ। ਸਭਿਆਚਾਰਕ ਪਖ ਦੀ ਤਾਂ ਗਲ ਦੂਰ ਰਹੀ, ਉਸ ਰਾਹੀਂ ਬੌਧਿਕ ਪਖ ਵੀ ਪੂਰੀ ਤਰ੍ਹਾਂ ਪ੍ਰਫੁਲਤ ਨਹੀਂ ਹੋ ਸਕਦਾ। ਸਮੁਚੀ ਮਨੁਖੀ ਸਖਸ਼ੀਅਤ ਦੇ ਵਿਕਾਸ ਦਾ ਅਤੇ ਇਸ ਤਰ੍ਹਾਂ ਬੌਧਿਕ ਪਖ ਤੇ ਭਾਵੁਕ ਪਖ ਦੇ ਤੁਲਵੇਂ ਵਿਕਾਸ ਦਾ ਸਾਧਨ ਮਾਂ-ਬੋਲੀ ਤੇ ਸਿਰਫ ਮਾਂ-ਬੋਲੀ ਹੀ ਹੋ ਸਕਦੀ ਹੈ। ਪੂਰੀ ਮਨੁਖੀ ਸ਼ਖਸੀਅਤ ਦੇ ਵਿਕਾਸ ਬਿਨਾਂ ਬੌਧਿਕ ਪਖ ਵੀ ਅਧੂਰਾ ਰਹਿ ਜਾਂਦਾ ਹੈ। ਮਾਂ-ਬੋਲੀ ਦੇ ਵਿਕਾਸ ਤੋਂ ਬਿਨਾਂ ਅਤੇ ਨਤੀਜੇ ਵਜੋਂ ਮਨੁਖੀ ਸ਼ਖਸੀਅਤ ਦੇ ਵਿਕਾਸ ਤੋਂ ਬਿਨਾਂ ਜੇ ਇਕਲਾ ਬੌਧਿਕ ਪਖ ਤਰਕੀ ਕਰ ਸਕਦਾ ਹੁੰਦਾ ਤਾਂ ਅਸੀਂ ਗੁਲਾਮੀ ਦੇ ਸਮੇਂ ਦੌਰਾਨ ਸਾਹਿਤ ਤੇ ਕਲਾ ਤੋਂ ਇਲਾਵਾ ਹੋਰ ਵਿਸ਼ਿਆਂ ਵਿਚ ਤਾਂ ਬਾਕੀ ਦੁਨੀਆਂ ਦੇ ਬਰਾਬਰ ਹੋ ਗਏ ਹੁੰਦੇ।
ਹਿਸਾਬ, ਅਲਜਬਰਾ ਜਾਂ ਪੁਲੀਟੀਕਲ ਸਾਇੰਸ ਕਿਸੇ ਵੀ ਬੋਲੀ ਵਿਚ ਪੜ੍ਹ ਕੇ ਸਮਝੇ ਜਾ ਸਕਦੇ ਹਨ, ਪਰ ਮਨੁਖ ਦੇ ਜਜ਼ਬਿਆਂ ਦਾ ਪ੍ਰਗਟਾਵਾ, ਉਸ ਦਾ ਸਮੁਚੀ ਸ਼ਖਸੀਅਤ ਦਾ ਪ੍ਰਗਟਾਅ ਸਿਰਫ-ਮਾਂ ਬੋਲੀ ਰਾਹੀਂ ਹੀ ਹੋ ਸਕਦਾ ਹੈ। ਮਾਂ-ਬੋਲੀ ਦੇ ਸ਼ਬਦ, ਮੁਹਾਵਰੇ ਤੇ ਪੈਟਰਨ ਹੀ ਬੰਦੇ ਦੇ ਧੁਰ-ਅੰਦਰ ਪ੍ਰਵੇਸ਼ ਕਰਕੇ ਤਾਰਾਂ ਹਿਲਾ ਦੇਣ ਦੀ ਸ਼ਕਤੀ ਰਖਦੇ ਹਨ। ਇਹ ਆਪਣੇ ਆਪ ਵਿਚ ਵਿਸ਼ਾਲ ਅਨੁਭਵ ਦੇ ਅੰਸ਼ ਸਮੋਈ ਬੈਠੇ ਹੁੰਦੇ ਹਨ। ਮਾਂ-ਬੋਲੀ ਮਨੁਖ ਦੇ ਮਨ ਉਤੇ ਪਏ ਸਾਰੇ ਬੀਤੇ ਇਤਿਹਾਸਕ ਅਮਲ ਦਾ ਅਮਿਟ ਪ੍ਰਭਾਵ ਛਡਦੀ ਹੈ।
ਕਿਸੇ ਹੋਰ ਬੋਲੀ ਰਾਹੀਂ ਮਨੁਖ ਆਪਣੀ ਵਿਕਾਸ ਕਰ ਚੁਕੀ ਸਖਸ਼ੀਅਤ ਦਾ ਸੁਚੇਤ ਹਿਸਾ ਕਿਸੇ ਹਦ ਤਕ ਪ੍ਰਗਟ ਕਰ ਸਕਦਾ ਹੈ, ਪਰ ਮਨੁਖ ਦੇ ਅਰਧ-ਚੇਤਨ ਮਨ, ਸਗੋਂ ਅਚੇਤ ਮਨ ਤਕ ਪਹੁੰਚ ਕਰਨ ਦਾ ਹਕ ਤੇ ਮਾਣ ਸਿਰਫ ਮਾਂ-ਬੋਲੀ ਨੂੰ ਹੀ ਹਾਸਲ ਹੁੰਦਾ ਹੈ। ਇਹ ਮਾਂ-ਬੋਲੀ ਹੀ ਹੈ, ਜਿਸ ਨਾਲ ਮਨੁਖ ਦੀਆਂ ਆਂਦਰਾਂ ਦੀ ਸਾਂਝ ਹੁੰਦੀ ਹੈ। ਹੋਰ ਕੋਈ ਬੋਲੀ ਸਾਡੇ ਧੁਰ ਅੰਦਰ ਦਾ ਰਾਹ ਨਹੀਂ ਲਭ ਸਕਦੀ। ਮਾਂ-ਬੋਲੀ ਸਭਿਆਚਾਰ ਦੀ ਜੜ੍ਹ ਹੁੰਦੀ ਹੈ। ਮਾਂ-ਬੋਲੀ ਦੀ ਪਰਫੁਲਤਾ ਬਿਨਾਂ ਸਭਿਆਚਾਰਕ ਖੁਦਮੁਖਤਿਆਰੀ ਅਸੰਭਵ ਹੈ ਅਤੇ ਇਹਨਾਂ ਤੋਂ ਬਿਨਾਂ ਮਨੁਖ ਦੀ ਆਜ਼ਾਦੀ ਇਕ ਖਾਲੀ ਸੁਫ਼ਨਾ ਬਣ ਕੇ ਰਹਿ ਜਾਂਦੀ ਹੈ।
ਜਦੋਂ ਮਨੁਖੀ ਸਖਸ਼ੀਅਤ ਦੇ ਵਿਕਾਸ ਨੂੰ ਸਿਰਫ ਬੌਧਿਕ ਪ੍ਰਫੁਲਤਾ ਤਕ ਛੁਟਿਆ ਲਿਆ ਜਾਂਦਾ ਹੈ ਅਤੇ ਕਹਿ ਦਿਤਾ ਜਾਂਦਾ ਹੈ ਕਿ ਮਾਂ-ਬੋਲੀ ਦਾ ਕੋਈ ਉਚੇਚਾ ਰੋਲ ਨਹੀਂ, ਉਸ ਸਮੇਂ ਇਹ ਗਲ ਭੁਲਾ ਦਿਤੀ ਜਾਂਦੀ ਹੈ ਕਿ ਸਖਸ਼ੀਅਤ ਇਕ ਸਮੁਚਤਾ ਵਜੋਂ, ਇਕ ਇਕਾਈ ਵਜੋਂ ਕੰਮ ਕਰਦੀ ਹੈ। ਇਸ ਨੂੰ ਖਾਨਿਆਂ ਵਿਚ ਨਹੀਂ ਵੰਡਿਆ ਜਾ ਸਕਦਾ। ਬੌਧਿਕ ਤੇ ਭਾਵੁਕ ਪਖ ਇਕ ਦੂਜੇ ਤੋਂ ਟੁਟੇ ਹੋਏ ਨਹੀਂ ਹਨ, ਸਗੋਂ ਇਹਨਾਂ ਦਾ ਆਪਸ ਵਿਚਲਾ ਰਿਸ਼ਤਾ ਦਵੰਦੀ ਹੈ। ਇਹ ਇਕ ਦੂਜੇ ਨਾਲ ਗੂੜ੍ਹੀ ਤਰ੍ਹਾਂ ਜੁੜੇ ਹੋਏ ਹਨ ਅਤੇ ਇਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਮਾਂ-ਬੋਲੀ ਤੋਂ ਬਿਨਾਂ ਭਾਵੁਕ ਪਖ ਦਾ ਵਿਕਾਸ ਅਸੰਭਵ ਹੈ ਅਤੇ ਭਾਵੁਕ ਪਖ ਨਾਲੋਂ ਨਿਖੜ ਕੇ ਬੌਧਿਕ ਪਖ ਪ੍ਰਫੁਲਤ ਨਹੀਂ ਹੋ ਸਕਦਾ।
ਇਕ ਸਵਾਲ ਇਹ ਵੀ ਕੀਤਾ ਜਾ ਸਕਦਾ ਹੈ ਕਿ ਫਰਜ਼ ਕਰੋ ਕੋਈ ਪੰਜਾਬੀ ਬਚਾ ਪੜ੍ਹੇ ਹੀ ਅੰਗਰੇਜ਼ੀ ਸਕੂਲ ਵਿਚ ਤੇ ਘਰ ਵਿਚ ਜੰਮਦੇ ਹੀ ਉਸ ਨਾਲ ਅੰਗਰੇਜ਼ੀ ਵਿਚ ਗਲਬਾਤ ਕਰਨੀ ਸ਼ੁਰੂ ਕੀਤੀ ਗਈ ਹੋਵੇ ਤਾਂ ਉਸ ਦੀ ਮਾਂ-ਬੋਲੀ ਕੀ ਹੋਈ? ਨਿਰਸੰਦੇਹ ਸੌੜੇ ਅਰਥਾਂ ਵਿਚ ਲਿਆ ਉਸ ਦੀ ਮਾਂ-ਬੋਲੀ ਅੰਗਰੇਜ਼ੀ ਹੋਵੇਗੀ, ਪਰ ਸਹੀ ਅਰਥਾਂ ਵਿਚ ਨਹੀਂ। ਅਜਿਹਾ ਕਹਿਣ ਸਮੇਂ ਮਾਂ-ਬੋਲੀ ਨੂੰ ਸਿਰਫ ਸੀਮਤ ਅਰਥਾਂ ਵਿਚ ਲਿਆ ਜਾਂਦਾ ਹੈ, ਉਸ ਦੀ ਅਸਲੀ ਵਿਸ਼ਾਲਤਾ ਵਿਚ ਨਹੀਂ। ਮੰਨ ਲਵੋ ਕੋਈ ਪੰਜਾਬੀ ਜੋੜਾ ਇੰਗਲੈਂਡ ਜਾ ਵਸਿਆ ਹੈ ਤੇ ਉਹ ਆਪਣੇ ਬਚਿਆਂ ਨਾਲ ਘਰ ਵਿਚ ਵੀ ਅੰਗਰੇਜ਼ੀ ਹੀ ਬੋਲਦਾ ਹੈ। ਸਕੂਲ ਵਿਚ ਤਾਂ ਬਚਿਆਂ ਨੇ ਅੰਗਰੇਜ਼ੀ ਸੁਭਾਵਿਕ ਤੌਰ ਉਤੇ ਪੜ੍ਹੀ ਹੀ ਹੋਈ ਹੈ ਤੇ ਬਚੇ ਦਾ ਸਾਰਾ ਮਾਹੌਲ ਵੀ ਅੰਗਰੇਜ਼ੀ ਹੀ ਹੋਇਆ। ਉਸ ਬਚੇ ਦੀ ਮਾਂ-ਬੋਲੀ ਸਹੀ ਅਰਥਾਂ ਵਿਚ ਅੰਗਰੇਜ਼ੀ ਹੋਵੇਗੀ। ਉਸ ਲਈ ਪੰਜਾਬੀ ਵਿਕਾਸ ਦਾ ਸਾਧਨ ਨਹੀਂ ਬਣ ਸਕਦੀ। ਪਰ ਸਾਡੇ ਦੇਸ ਵਿਚ ਰਹਿੰਦਿਆਂ ਜੇ ਕਿਸੇ ਬਚੇ ਨਾਲ ਘਰੇ ਅੰਗਰੇਜ਼ੀ ਵਿਚ ਗਲਬਾਤ ਕੀਤੀ ਜਾਂਦੀ ਹੈ ਤੇ ਉਸ ਨੂੰ ਅੰਗਰੇਜ਼ੀ ਸਕੂਲ ਵਿਚ ਹੀ ਪੜ੍ਹਾਇਆ ਜਾਂਦਾ ਹੈ ਤੇ ਪੰਜਾਬੀ ਸਿਖਾਈ ਹੀ ਨਹੀਂ ਜਾਂਦੀ, ਤਾਂ ਵੀ ਅੰਗਰੇਜ਼ੀ ਸਹੀ ਅਰਥਾਂ ਵਿਚ ਉਸ ਦੀ ਮਾਂ-ਬੋਲੀ ਨਹੀਂ ਹੋ ਸਕਦੀ। ਕਿਉਂਕਿ ਇਥੇ ਮਾਹੌਲ ਉਸ ਦਾ ਅੰਗਰੇਜ਼ੀ ਨਹੀਂ, ਪੰਜਾਬੀ ਹੈ। ਅਜਿਹਾ ਬਚਾ ਕਦੀ ਵੀ ਭਾਵੁਕ ਤੌਰ ਉਤੇ ਪ੍ਰਫੁਲਤ ਨਹੀਂ ਹੋ ਸਕੇਗਾ ਤੇ ਉਸ ਦੀ ਸਖਸ਼ੀਅਤ ਕਦੀ ਵੀ ਪੂਰੀ ਤਰ੍ਹਾਂ ਨਿਖਰ ਕੇ ਖਿੜ ਨਹੀਂ ਸਕੇਗੀ। ਅਜਿਹਾ ਬਚਾ ਉਸ ਬੂਟੇ ਵਾਂਗ ਹੋ ਜਾਂਦਾ ਹੈ, ਜਿਸ ਨੂੰ ਉਸ ਦੇ ਅਨੁਕੂਲ ਮਿਟੀ ਤੇ ਪੌਣ-ਪਾਣੀ ਵਿਚੋਂ ਪੁਟ ਕੇ ਕਿਸੇ ਹੋਰ ਮਿਟੀ ਵਿਚ ਲਾ ਦਿਤਾ ਜਾਵੇ, ਜਿਸ ਵਿਚ ਉਸ ਦੀਆਂ ਜੜ੍ਹਾਂ ਫੈਲ ਨਾ ਸਕਣ ਜਾਂ ਜਿਵੇਂ ਕਿਸੇ ਪਹਾੜੀ ਬੂਟੇ ਨੂੰ ਗਰਮ ਇਲਾਕੇ ਦੇ ਕੂਲਰ ਵਾਲੇ ਇਕ ਕਮਰੇ ਅੰਦਰ ਗਮਲੇ ਵਿਚ ਲਾ ਦਿਤਾ ਜਾਵੇ।
ਅਜਿਹਾ ਬਚਾ ਸਮੂਹ ਦਾ ਅੰਗ ਨਹੀਂ ਬਣ ਸਕੇਗਾ ਅਤੇ ਉਹ ਆਪਣੇ ਸਾਹਿਤ ਤੇ ਸਭਿਆਚਾਰਕ ਵਿਰਸੇ ਨਾਲ, ਇਤਿਹਾਸਕ ਪਿਛੋਕੜ ਨਾਲ ਨਹੀਂ ਜੁੜ ਸਕੇਗਾ। ਉਸ ਦੀਆਂ ਜੜ੍ਹਾਂ ਹਵਾ ਵਿਚ ਲਟਕ ਰਹੀਆਂ ਹੋਣਗੀਆਂ ਤੇ ਧਰਤੀ ਛੋਹਣ ਲਈ ਤਰਸ ਰਹੀਆਂ ਹੋਣਗੀਆਂ। ਜੇ ਬਚੇ ਦਾ ਭਾਵੁਕ ਪਖ, ਆਚਰਣ ਤੇ ਸਭਿਆਚਾਰਕ ਪਹਿਲੂ ਪੂਰੀ ਸੰਭਾਵਨਾ ਅਨੁਸਾਰ ਪ੍ਰਫੁਲਤ ਕਰਨਾ ਹੈ ਤਾਂ ਉਸ ਲਈ ਉਸੇ ਬੋਲੀ ਰਾਹੀਂ ਵਿਦਿਆ ਜ਼ਰੂਰੀ ਹੈ, ਜੋ ਉਸ ਦੇ ਮਾਹੌਲ ਦੀ ਬੋਲੀ ਹੈ ਤੇ ਜਿਸ ਨੂੰ ਆਮ ਤੌਰ ਉਤੇ ਮਾਂ-ਬੋਲੀ ਕਹਿ ਦਿਤਾ ਜਾਂਦਾ ਹੈ। ਮਾਂ-ਬੋਲੀ ਨੂੰ ਛਡ ਕੇ ਬਚੇ ਨੂੰ ਹੋਰ ਕਿਸੇ ਬੋਲੀ ਰਾਹੀਂ ਵਿਦਿਆ ਦਿਤੇ ਜਾਣ ਨਾਲ ਉਹ ਨਾ ਸਿਰਫ ਆਪਣੀ ਬੋਲੀ ਨੂੰ ਹੀ ਹੀਣੀ ਤੇ ਤੁਛ ਸਮÎਝਣ ਲਗਦਾ ਹੈ, ਸਗੋਂ ਆਪਣੇ ਇਤਿਹਾਸ, ਸਾਹਿਤ ਤੇ ਸਭਿਆਚਾਰ ਨੂੰ ਵੀ ਨੀਵੀਂ ਪਧਰ ਦੇ ਸਮਝਣ ਲਗਦਾ ਹੈ। ਇਸ ਤਰ੍ਹਾਂ ਗੁਲਾਮਾਨਾ ਜ਼ਹਿਨੀਅਤ ਪੈਦਾ ਹੁੰਦੀ ਹੈ ਅਤੇ ਇਸ ਜ਼ਹਿਨੀਅਤ ਦਾ ਪ੍ਰਗਟਾਅ ਵਡੀਆਂ-ਵਡੀਆਂ ਗਲਾਂ ਤੋਂ ਲੈ ਕੇ ਪਿਤਾ ਜੀ-ਮਾਤਾ ਜੀ ਦੀ ਥਾਂ ਡੈਡੀ-ਮੰਮੀ ਕਹਾਉਣ ਤਕ ਹੁੰਦਾ ਹੈ।
ਸੋ ਵਾਜਬ ਗਲ ਇਹ ਹੈ ਕਿ ਬਚੇ ਨੂੰ ਵਿਦਿਆ ਸਿਰਫ ਮਾਂ-ਬੋਲੀ ਦੇ ਮਾਧਿਅਮ ਰਾਹੀਂ ਦਿਤੀ ਜਾਵੇ। ਇਸ ਖਾਤਰ  ਵਿਗਿਆਨਕ ਢੰਗ ਸਾਹਿਤ ਰਾਹੀਂ ਵਿਦਿਆ ਦੇ ਕੇ ਉਸ ਦੇ ਭਾਵੁਕ ਪਖ ਨੂੰ ਵਿਕਸਿਤ ਕਰਨਾ ਹੈ। ਬਾਕੀ ਜ਼ੁਬਾਨਾਂ ਦੀ ਵਿਦਿਆ ਸਾਹਿਤ ਰਾਹੀਂ ਨਹੀਂ ਸਗੋਂ ਦੂਜੀਆਂ ਬੋਲੀਆਂ ਲਈ ਵਰਤੇ ਜਾਂਦੇ ਆਧੁਨਿਕ ਢੰਗ ਰਾਹੀਂ ਦਿਤੀ ਜਾਣੀ ਚਾਹੀਦੀ ਹੈ, ਤਾਂ ਜੋ ਬਚਾ ਉਹ ਬੋਲੀ ਪੜ੍ਹਨਾ ਲਿਖਣਾ ਸਿਖ ਜਾਵੇ ਤੇ ਸੰੰਬਧਤ ਜ਼ੁਬਾਨ ਦੀ ਖਿੜਕੀ ਉਸ ਲਈ ਖੁਲ ਸਕੇ।
ਜਾਪਦਾ ਹੈ ਕਿ ਬੋਲੀ ਨੂੰ ਸਿਰਫ ਇਕ ਇਕ ਦੂਜੇ ਨਾਲ ਗਲਬਾਤ ਕਰਨ ਦਾ ਸਾਧਨ ਸਮਝਣ ਵਾਲੇ ਅਖੌਤੀ ਬੁਧੀਵਾਨ ਇਤਿਹਾਸ ਦੀ ਜਾਣਕਾਰੀ ਦੇ ਪਖੋਂ ਊਣੇ ਹੀ ਨਹੀਂ ਸਗੋਂ ਸਖਣੇ ਹਨ। ਕੌਣ ਨਹੀਂ ਜਾਣਦਾ ਕਿ ਇਤਿਹਾਸ ਇਕ ਦੋ ਨਹੀਂ ਸਗੋਂ ਸੈਂਕੜੇ ਅਜਿਹੀਆਂ ਮਿਸਾਲਾਂ ਨਾਲ ਭਰਿਆ ਪਿਆ ਹੈ, ਕਿ ਜਦੋਂ ਵੀ ਕਿਸੇ ਸਾਮਰਾਜੀ ਤਾਕਤ ਨੇ ਕਿਸੇ ਕੌਮ ਉਤੇ ਫੌਜੀ, ਆਰਥਿਕ ਤੇ ਸਿਆਸੀ ਧਾਵਾ ਬੋਲਿਆ ਹੈ, ਨਾਲ ਹੀ ਬੜਾ ਜ਼ੋਰਦਾਰ ਸਭਿਆਚਾਰਕ ਤੇ ਭਾਸ਼ਾਈ ਧਾਵਾ ਵੀ ਬੋਲਿਆ ਹੈ। ਜਦੋਂ ਵੀ ਕਿਸੇ ਕੌਮ ਦੀ ਆਜ਼ਾਦੀ ਖੋਹਣ ਦੇ ਯਤਨ ਕੀਤੇ ਗਏ ਹਨ, ਪਹਿਲਾਂ ਉਸ ਕੌਮ ਦੀ ਜ਼ੁਬਾਨ ਖੋਹੀ ਗਈ ਹੈ, ਉਸ ਦੇ ਸਭਿਆਚਾਰ ਨੂੰ ਕਟਿਆ ਗਿਆ ਹੈ ਅਤੇ ਇਸ ਤਰ੍ਹਾਂ ਉਸ ਦਾ ਸਵੈ-ਵਿਸ਼ਵਾਸ ਖਤਮ ਕੀਤਾ ਗਿਆ ਹੈ।

 

 

 

 

ਗੁਰਬਚਨ ਸਿੰਘ ਭੁਲਰ

Leave a Reply

Your email address will not be published. Required fields are marked *