ਜਲੰਧਰ ਦੀਆਂ ਨਵੀਆਂ ਕਚਹਿਰੀਆਂ ਵਿਚ ਵਕਾਲਤ ਕਰਦੇ ਤੇ 25 ਸਤੰਬਰ 1992 ਨੂੰ ਕਪੂਰਥਲਾ ਦੇ ਆਪਣੇ ਘਰੋਂ ਚੁਕ ਕੇ ਪੁਲਿਸ ਵਲੋਂ ਸ਼ਹੀਦ ਕਰ ਦਿਤੇ ਗਏ ਸ. ਜਗਵਿੰਦਰ ਸਿੰਘ ਐਡਵੋਕੇਟ ਦੀ ਹਥ ਲਿਖੀ ਇਹ ਡਾਇਰੀ ਭਾਵੇਂ ਕੋਈ ਬਹੁਤੀਆਂ ਗੂੜ ਗਿਆਨ ਦੀਆਂ ਗਲਾਂ ਨਹੀਂ ਕਰਦੀ ਪਰ ਫਿਰ ਵੀ ਟੁਕੜਿਆਂ ਵਿਚ ਲਿਖੇ ਗਏ ਇਨ੍ਹਾਂ ਵਿਚਾਰਾਂ ਨੂੰ ਪੜ੍ਹ ਕੇ ਇਹ ਜ਼ਰੂਰ ਸਪਸ਼ਟ ਹੁੰਦਾ ਹੈ ਕਿ ਸ. ਜਗਵਿੰਦਰ ਸਿੰਘ ਨੇ ਅਸਲੋਂ ਛੋਟੀ ਜਿਹੀ ਉਮਰ ਵਿਚ ਹੀ ਮੌਤ ਉਤੇ ਜਿਤ ਪ੍ਰਾਪਤ ਕਰਨ ਦੇ ਸੁਪਨੇ ਲੈਣੇ ਸ਼ੁਰੂ ਕਰ ਦਿਤੇ ਸਨ। ਇਹ ਡਾਇਰੀ ਲਿਖਣ ਵੇਲੇ ਉਸ ਦੀ ਉਮਰ ਮਸਾਂ 19 ਸਾਲ ਦੀ ਸੀ।


* ਕੇਵਲ ਸਾਹ ਲੈਣਾ ਹੀ ਜੀਵਨ ਨਹੀਂ ਹੈ? ਖਾਣਾ ਖਾ ਕੇ ਸੌ ਜਾਣਾ ਜਾਂ ਫਿਰ ਹਡ-ਭੰਨਵੀ ਮਿਹਨਤ ਕਰਦੇ ਰਹਿਣਾ, ਅਣਖ, ਗੈਰਤ, ਪਿਆਰ, ਹਮਦਰਦੀ ਆਦਿ ਤੋਂ ਬਿਨਾ ਜੀਵਨ ਅਸਲ ਜ਼ਿੰਦਗੀ ਨਹੀਂ ਹੈ।
* ਕਿਸੇ ਬਹਾਦਰ ਫੌਜੀ ਜਰਨੈਲ ਕੋਲ ਇਕ ਮਰੀਅਲ ਜਿਹਾ ਆਦਮੀ ਆਇਆ ਅਤੇ ਕਹਿਣ ਲਗਾ, ”ਮੈਨੂੰ ਮਰਵਾ ਦਿਓ, ਮੈਂ ਇਸ ਜ਼ਿੰਦਗੀ ਤੋਂ ਤੰਗ ਆ ਚੁਕਾ ਹਾਂ।”
ਅਗੋਂ ਉਸ ਜਰਨੈਲ ਨੇ ਜੁਆਬ ਦਿਤਾ ”ਕੀ ਤੂੰ ਆਪਣੇ ਆਪ ਨੂੰ ਜਿਉਂਦਾ ਸਮਝਦਾ ਹੈ।”
ਸੋ ਪਿਆਰ, ਮੁਹਬਤ ਤੋਂ ਬਿਨਾ, ਇਨਸਾਨੀ ਹਮਦਰਦੀ ਤੋਂ ਬਿਨਾ ਜੀਵਨ, ਜੀਵਨ ਹੋ ਹੀ ਨਹੀਂ ਸਕਦਾ।
* ਤੁਸੀਂ ਉਸ ਰਾਜ ਦੇ ਬਾਰੇ ਵਿਚ ਕੀ ਕਹੋਗੇ? ਜਿਥੇ ਮਾਂ-ਬਾਪ ਜਾਂ ਭੈਣ-ਭਰਾ ਆਦਿ ਰਿਸ਼ਤੇਦਾਰ ਹੋਣ ਦਾ ਅਰਥ ਹੈ, ਤੁਸੀਂ ਜ਼ੁਰਮ ਕਰ ਰਹੇ ਹੋ। ਬੋਲਣ ਦਾ ਅਰਥ ਹੈ — ਜੁਰਮ।
* ਜੇ ਸਾਨੂੰ ਜ਼ਿੰਦਗੀ ਵਿਚ ਹਰ ਇਛਤ ਚੀਜ਼ ਮਿਲ ਜਾਵੇ ਤਾਂ ਜ਼ਿੰਦਗੀ ਰਹਿ ਹੀ ਨਾ ਜਾਏ।
* ਮੁਹਬਤ ਮਹਾਨ ਹੈ। ਮੌਤ ਤੋਂ ਵੀ ਅਤੇ ਆਜ਼ਾਦੀ ਤੋਂ ਵੀ — ਇਕ ਵਡਾ ਸਚ। ਸੁਚਾ ਸਚ। ਪੂਰਾ ਸਚ। ਤੇਰੇ ਅਗੇ ਸਿਰ ਝੁਕਾ ਲੈਣ ਨੂੰ ਜੀ ਕਰਦਾ ਏ। ਤੈਨੂੰ ਸਲਾਮ! ਐ ਦੁਨੀਆ ਤੋਂ ਅਨੰਤ ਤਕ ਦੇ ਸਭ ਤੋਂ ਵਧ ਕੀਮਤੀ ਰਿਸ਼ਤੇ। ਬੇਹਤਰੀਨ ਰਿਸ਼ਤੇ। ਤੂੰ ਮੁਹਬਤ ਹੈਂ। ਮੁਹਬਤ — ਤੂੰ ਸਚ ਹੈ, ਬਹੁਤ ਵਡਾ ਸਚ, ਸੁਚਾ ਸਚ।
* ”ਦੂਰ ਜਦ ਆਥਣ ਦਾ ਤਾਰਾ, ਅੰਬਰਾਂ ਉਤੇ ਚੜੇਗਾ।
ਤੈਨੂੰ ਕੋਈ ਯਾਦ ਕਰੇਗਾ, ਪ੍ਰਦੇਸੀਂ ਵਸਣ ਵਾਲਿਆਂ।”
* ਪੰਜਾਬ ਵਿਚ ਰਾਜਨੀਤੀ ਦਾ ਮਤਲਬ ਹੈ ਕਿ ਵਿਰੋਧੀ ਧਿਰ ਤੋਂ ਅਜਿਹੀ ਗਲਤੀ ਕਰਵਾਉਣਾ, ਜਿਸ ਨਾਲ ਉਸ ਦੀ ਸਾਖ ਲੋਕਾਂ ਵਿਚ ਖਤਮ ਹੋ ਜਾਵੇ।
* ਜਿਥੇ ਡਰ ਹੋਵੇ ਉਥੇ ਪਿਆਰ ਨਹੀਂ। ਜਿਥੇ ਪਿਆਰ ਨਹੀਂ ਉਥੇ ਸਚ ਨਹੀਂ। ਜਿਥੇ ਸਚ ਨਹੀਂ ਉਥੇ ਰਬ ਨਹੀਂ। ਡਰ ਚਾਹੇ ਮੌਤ ਦਾ ਹੀ ਕਿਉਂ ਨਾ ਹੋਵੇ। ਡਰ ਤੋਂ ਰਹਿਤ ਜੀਵਨ ਜੀਉਣ ਲਈ ਪ੍ਰੇਮ ਕਰੋ। ਪ੍ਰੇਮ ਸਦਾ ਹੀ ਸਚ ਨਾਲ ਹੋਵੇਗਾ। ਇਹ ਝੂਠ ਨਾਲ ਹੋ ਹੀ ਨਹੀਂ ਸਕਦਾ। ਸਚ ਸਥਿਰ ਹੈ। ਪੈਰ ਸਿਰਫ ਝੂਠ ਦੇ ਹੀ ਨਹੀਂ ਹੁੰਦੇ। ਸਚ ਪੂਰਨ ਹੈ, ਅਧੂਰਾ ਨਹੀਂ। ਸਚ ਉਤੇ ਚਲਣ ਵਾਲਾ ਮੌਤ ਨੂੰ ਵਿਆਹ ਸਕਦਾ ਹੈ। ਉਹ ਮੌਤ ਨੂੰ ਮਖੌਲ ਕਰ ਸਕਦਾ ਹੈ। ਉਹ ਪਿਆਰ ਕਰ ਸਕਦਾ ਹੈ।
* ਬਹੁਤ ਵਾਰ ਇੰਝ ਹੁੰਦਾ ਹੈ ਕਿ ਅਸੀਂ ਸਚ ਨੂੰ ਸਵੀਕਾਰ ਕਰਨਾ ਹੀ ਨਹੀਂ ਚਾਹੁੰਦੇ। ਸਾਨੂੰ ਇੰਝ ਲਗਦਾ ਹੈ ਕਿ ਜੋ ਸਚ ਹੈ ਸ਼ਾਇਦ ਉਹ ਸਚ ਨਹੀਂ। ਕਿਉਂਕਿ ਸਚ ਸਾਡੇ ਵਿਰੋਧੀ ਪਖ ਵਿਚ ਹੁੰਦਾ ਹੈ। ਜੇ ਅਸੀਂ ਸਚ ਨੂੰ ਸਵੀਕਾਰ ਕਰ ਲਈਏ ਤਾਂ ਸਾਡੇ ਅੰਦਰ ਭਾਰੀ ਉਥਲ ਪੁਥਲ ਹੋ ਜਾਵੇਗੀ। ਇਹ ਸਾਨੂੰ ਸਾਡੇ ਹੀ ਖੜੇ ਹੋਣ ਵਾਲੀ ਥਾਂ ਤੋਂ ਉਖਾੜ ਦੇਵੇਗੀ। ਇਸ ਲਈ ਅਸੀਂ ਉਸ  ਸਚ ਨੂੰ ਝੂਠ ਮੰਨ ਲੈਂਦੇ ਹਾਂ ਜਾਂ ਝੂਠ ਦੀ ਰੰਗਤ ਦੇ ਦਿੰਦੇ ਹਾਂ, ਜੋ ਵਾਸਤਵ ਵਿਚ ਸਚ ਹੈ।
* ਪਿਆਰ ਇਕ ਰਬੀ ਤੋਹਫਾ ਹੈ। ਅਸੀਂ ਉਸ ਚੀਜ਼ ਨੂੰ ਪਿਆਰ ਕਰ ਹੀ ਨਹੀਂ ਸਕਦੇ ਜੋ ਖਤਮ ਹੋ ਜਾਣੀ ਹੈ। ਪਿਆਰ ਖਤਮ ਹੋ ਜਾਣ ਵਾਲੀ ਚੀਜ਼ ਹੈ ਹੀ ਨਹੀਂ। ਇਸ ਤਾਂ ਸਦੀਵੀ ਹੈ ਸਚ ਵਾਂਗ। ਰਬ ਵਾਗ। ਸਦਾ ਹੀ। ਸਦੀਵੀਂ। ਅਸੀਂ ਪਿਆਰ ਸ਼ਬਦ ਦੀ ਦੁਰਵਰਤੋਂ ਕਰਦੇ ਹਾ। ਪਿਆਰ ਦੇ ਨਾਂ ਦੀ। ਅਸੀਂ ਦੂਸਰੇ ਮਨੁਖਾਂ ਨੂੰ ਬਲੈਕਮੇਲ ਕਰਦੇ ਹਾਂ। ਧੋਖਾ ਦੇਂਦੇ ਹਾਂ ਪਿਆਰ ਦੇ ਨਾਂ ਉਤੇ।
* ਆਪਣੀ ਜ਼ਿੰਮੇਵਾਰੀ ਨੂੰ ਸਮਝਣਾ ਤੇ ਫਿਰ ਉਸ ਨੂੰ ਪੂਰਾ ਕਰਨਾ, ਆਪਣੇ ਆਪ ਵਿਚ ਇਕ ਵਡਾ ਕੰਮ ਹੈ। ਆਦਮੀ ਕੁਝ ਵੀ ਕਰੇ ਪਰ ਆਪਣੀ ਜ਼ਿੰਮੇਵਾਰੀ ਨੂੰ ਜ਼ਰੂਰ ਨਿਭਾਏ।
* ਹਜ਼ਾਰਾਂ ਦੀਵਿਆਂ ਦੀ ਲੋਅ ਵੀ ਕਾਫੀ ਨਹੀਂ ਸਿਰਫ ਉਸ ਇਕ ਘਰ ਨੂੰ ਰੋਸ਼ਨ ਕਰਨ ਲਈ, ਜਿਸ ਦੀ ਲੋਅ ਤੇਜ਼ ਹਨੇਰੀ ਹੂੰਜ ਕੇ ਲੈ ਗਈ ਹੈ। ਦੀਵਾਲੀ ਦੀ ਆਤਮਾ ਮਰ ਚੁਕੀ ਹੈ।
* ਇਕ ਮਨੁਖ ਨੂੰ ਆਪਣੀ ਵਖਰੀ ਹੋਂਦ ਲਈ ਸਦਾ ਹੀ ਸੰਘਰਸ਼ਸ਼ੀਲ ਰਹਿਣਾ ਚਾਹੀਦਾ ਹੈ। ਜਿਥੋਂ ਤਕ ਹੋ ਸਕੇ ਉਸ ਨੂੰ ਸਮਝੌਤਾ ਨਹੀਂ ਕਰਨਾ ਚਾਹੀਦਾ। ਸਮਝੌਤਾ ਮਨੁਖ ਨੂੰ ਉਸ ਦੇ ਨਿਘਾਰ ਵਲ ਲਿਆ ਸੁਟਦਾ ਹੈ ਤੇ ਉਸ ਦੀ ਅਣਖ ਤੇ ਸਵੈਮਾਣ ਦਾ ਮਲੀਆ ਮੇਟ ਕਰ ਦਿੰਦਾ ਹੈ। ਅਮਨ ਤੇ ਸ਼ਾਂਤੀ ਵਰਗੇ ਸ਼ਬਦ ਬਿਲਕੁਲ ਹੀ ਬੇ-ਮਾਅਨੇ ਹਨ। ਇਹ ਸ਼ਬਦ ਸਿਰਫ ਕਮਜ਼ੋਰ ਲੋਕਾਂ ਨੂੰ ਭਰਮਾਉਣ  ਲਈ ਤਾਕਤਵਰ ਲੋਕਾਂ ਵਲੋਂ ਵਰਤੇ ਜਾਂਦੇ ਹਨ।
* ਆਜ਼ਾਦੀ ਇਕ ਚੰਗੀ ਚੀਜ਼ ਹੈ ਤੇ ਆਜ਼ਾਦੀ ਲਈ ਜਾਂ ਆਜ਼ਾਦੀ ਦੀ ਪ੍ਰਾਪਤੀ ਲਈ ਸੰਘਰਸ਼ ਕਰਨਾ ਆਜ਼ਾਦੀ ਦੀ ਆਪਣੀ ਹੋਂਦ ਤੋਂ ਵੀ ਮਹਤਵਪੂਰਨ ਹੈ। ਸਭ ਤੋਂ ਮਹਤਵਪੂਰਨ ਗਲ ਹੈ ਕਿ ਆਜ਼ਾਦੀ ਨੂੰ ਪ੍ਰਾਪਤ ਕਰਕੇ ਬਰਕਰਾਰ ਰਖਿਆ ਜਾਵੇ।
* ਪੰਜਾਬ ਦੀ ਮੌਜੂਦਾ ਸਮਸਿਆ ਸਿਰਫ ਆਪਣੀ ਸਵੈ ਪਛਾਣ ਦੀ ਹੀ ਸਮਸਿਆ ਹੈ।
* ਇਤਿਹਾਸ ਨੂੰ ਪੜ੍ਹਨਾ ਕਿੰਨਾ ਸੌਖਾ ਹੈ ਤੇ ਕਿੰਨਾ ਔਖਾ ਏ ਇਤਿਹਾਸ ਦੀ ਸਿਰਜਣਾ ਕਰਨਾ।
* ਆਪਣੀ ਹੋਂਦ ਦਾ ਅਹਿਸਾਸ ਹੋਣਾ ਹੀ ਗੁਲਾਮੀ ਤੋਂ ਆਜ਼ਾਦੀ ਵਲ ਇਕ ਨਵੇਂ ਸਫਰ ਦਾ ਸ਼ੁਰੂ ਹੋਣਾ ਹੈ।
* ਸਿਖੀ ਦਾ ਫਲਸਫਾ ਸਰਵ ਉਤਮ ਹੈ। ਮਜ਼੍ਹਬਾ ਦਾ ਸਫਰ ਸਿਖੀ ਤਕ ਪੁਜ ਕੇ ਆਪਣੀ ਅੰਤਿਮ ਸਿਖਰ ਨੂੰ ਛੋਹ ਲੈਂਦਾ ਹੈ। ਸਿਖ ਧਾਰਾ ਮਨੁਖ ਨੂੰ ਮਨੁਖ ਬਣਾਉਂਦੀ ਹੈ। ਉਸ ਨੂੰ ਵਰ੍ਹਿਆ ਦੀ ਗੁਲਾਮੀ ਤੋਂ ਆਜ਼ਾਦ ਕਰਦੀ ਹੈ। ਸਿਖ ਧਾਰਾ ਮਾਨਸਿਕ, ਆਰਥਿਕ, ਤੇ ਸਰੀਰਕ ਗੁਲਾਮੀ ਤੋਂ ਛੁਟਕਾਰਾ ਪਾਉਣ ਦਾ ਵਧੀਆ ਤੇ ਵਖਰਾ ਰਾਹ ਦਸਦੀ ਹੈ। ਆਜ਼ਾਦੀ ਵਲ ਸਫਰ ਹੈ — ਸਿਖੀ।
* ਕੀ ਸਾਨੂੰ ਅਜਿਹੇ ਰਾਜਪ੍ਰਬੰਧ ਦੀ ਕਲਪਨਾ ਨਹੀਂ ਕਰਨੀ ਚਾਹੀਦੀ, ਜਿਸ ਵਿਚ ਕੋਈ ਵੀ ਵਿਅਕਤੀ, ਕਿਸੇ ਦੂਸਰੇ ਦਾ ”ਸਾਹਿਬ” ਨਾ ਹੋਵੇ, ”ਮਾਲਿਕ” ਨਾ ਹੋਵੇ। ਕੋਈ ਵੰਡੀਆਂ ਨਾ ਹੋਣ, ਮਨੁਖਤਾ ਦੇ ਟੁਕੜੇ ਨਾ ਹੋਣ। ਸਚ ਹਰ ਪਾਸੇ ਥੀਵੇ। ਕੋਈ ਰਾਜੀਵ, ਵੀ.ਪੀ. ਸਿੰਘ ਜਾਂ ਚੰਦਰ ਸ਼ੇਖਰ ਕਿਸੇ ਦੀ ਤਕਦੀਰ ਦਾ ਮਾਲਕ ਨਾ ਹੋਵੇ। ਮਨੁਖਤਾ ਨੂੰ ਮੰਗਣਾ ਨਾ ਪਵੇ, ਕੁਝ ਵੀ, ਕਿਸੇ ਦੂਜੇ ਮਨੁਖ ਕੋਲੋਂ। ਇਕ ਦੂਜੇ ਨੂੰ ਡਰਾ ਧਮਕਾ ਨਾ ਸਕੇ….।
ਅਜਿਹੇ ਰਾਜਪ੍ਰਬੰਧ ਵਿਚ ਹਰ ਤਰ੍ਹਾਂ ਦੀ ਪੂਰੀ ਆਜ਼ਾਦੀ ਹੋਵੇਗੀ।
ਸ਼ਾਇਦ ਇਹੀ ਖਾਲਸਾ ਰਾਜ (ਹਲੇਮੀ ਰਾਜ) ਹੋਵੇਗਾ।
* ਸਿਖੀ ਸਫਰ ਹੈ ਵਾਹਿਗੁਰੂ ਵਰਗੇ ਬਣਨ ਦਾ। ਆਤਮਾ ਦਾ ਪਰਮਾਤਮਾ ਵਿਚ ਸਮਾ ਜਾਣ ਦੀ ਪ੍ਰਕਿਰਿਆ ਜਾਂ ਸਿਰਫ ਸਚ ਦੇ ਹੋਣ ਦਾ ਅਹਿਸਾਸ ਹੋਣਾ। ਉਸ ”ਇਕ” ਵਰਗੇ ਬਣ ਜਾਣ ਦਾ ਉਦਮ ਹੈ ਸਿਖੀ।
* ਜਦੋਂ ਕਿਸੇ ਕੌਮ ਉਤੇ ਤਸੀਹੇ ਵਧ ਜਾਂਦੇ ਹਨ ਤਾਂ ਉਹ ਕੌਮ ਦੋ ਵਖ-ਵਖ ਹਿਸਿਆਂ ਵਿਚ ਵੰਡੀ ਜਾਂਦੀ ਹੈ। ਉਸ ਕੌਮ ਦਾ ਇਕ ਹਿਸਾ ਚੁਪ ਚਾਪ ਸਿਰ ਝੁਕਾ ਦੇਂਦਾ ਹੈ ਅਤੇ ਤਸੀਹੇ ਸਹਿਣ ਨੂੰ ਆਪਣੀ ਬਹਾਦਰੀ ਸਮਝ ਬੈਠਦਾ ਹੈ। ਇਸ ਤਰ੍ਹਾਂ ਉਹ ਸਾਕਤ ਦੀ ਗੁਲਾਮੀ ਸਵੀਕਾਰ ਕਰ ਲੈਂਦਾ ਹੈ। ਅਤੇ ਕੌਮ ਦਾ ਦੂਜਾ ਹਿਸਾ, ਜੋ ਗੁਲਾਮੀ ਨੂੰ ਸਵੀਕਾਰ ਨਹੀਂ ਕਰਦਾ, ਬਾਗੀ ਹੋ ਜਾਂਦਾ ਹੈ।
ਜੇ ਕੌਮ ਦਾ ਵਡਾ ਹਿਸਾ ਬਾਗੀ ਹੋਵੇ ਤਾਂ ਫਿਰ ਪੂਰੀ ਕੌਮ ਹੀ ਬਾਗੀ ਗਿਣੀ ਜਾਂਦੀ ਹੈ ਅਤੇ ਜੇ ਬਾਗੀ ਸਿਰਫ ਮੁਠੀ ਭਰ ਹੋਣ ਤਾਂ ਫਿਰ ਕੌਮ ਦੀ ਬਹਾਦਰੀ ਉਤੇ ਦੂਜੇ ਸ਼ਕ ਕਰਦੇ ਹਨ। ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ਬਗਾਵਤ ਕੌਮ ਦਾ ਆਜ਼ਾਦੀ ਵਲ ਨੂੰ ਸਫਰ ਕਰਨ ਦੀ ਸ਼ੁਰੂਆਤ ਹੈ।
* ਵਾਹਿਗੁਰੂ ਜੀਓ! ਤੁਹਾਡੀਆਂ ਬਖਸ਼ਸ਼ਾਂ ਕਿੰਨੀਆਂ ਬੇਅੰਤ ਹਨ। ਕਹਿਣੀ ਤੋਂ ਪਰੇ ਤੇ ਗਿਣਤੀ ਦੇ ਚਕਰਾਂ ਤੋਂ ਬਾਹਰ। ਤੁਸੀਂ ਸਭ ਕੁਝ ਦੇ ਰਹੇ ਹੋ ਪਰ ਸ਼ਾਇਦ ਮੇਰੀ ਮੰਦਬੁਧੀ ਸਭ ਕੁਝ ਸਮਝ ਸਕਣ ਦੇ ਸਮਰਥ ਨਹੀਂ ਹੈ। ਤੁਹਾਡੀ ਕ੍ਰਿਪਾ ਮਹਾਨ ਹੈ।
* ਸਿਖਾਂ ਦਾ ਦੁਖਾਂਤ ਹੈ ਕਿ ਇਸ ਦੇ ਵਧੇਰੇ ਬੁਧੀਜੀਵੀ ਕੌਮ ਲਈ ਸਮਰਪਤ ਨਹੀਂ ਹਨ। ਮੌਜੂਦਾ ਸਮੇਂ ਵਿਚ ਉਹਨਾਂ ਨੇ ਪਰੰਪਰਾਵਾਦੀ ਅਕਾਲੀਆਂ ਵਾਲਾ ਰੋਲ ਹੀ ਅਦਾ ਕੀਤਾ ਹੈ।
* ਮੈਂ ਹਰ ਉਸ ਸਖਸ਼ ਨੂੰ ਮੁਹਬਤ ਕਰਦਾ ਹਾਂ, ਜੋ ਆਜ਼ਾਦੀ ਲਈ ਲੜਦਾ ਹੈ।
* ਮੁਹਬਤ ਅਤੇ ਬਗਾਵਤ ਇਕੋ ਸ਼ੈਅ ਦੇ ਸ਼ਾਇਦ ਦੋ ਵਖ-ਵਖ ਨਾਂ ਹਨ।
* ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਵਉਚਤਾ ਨੂੰ ਪੂਰੀ ਸਿਖ ਕੌਮ ਸਵੀਕਾਰ ਕਰਦੀ ਹੈ ਪਰ ਉਸ ਦੀ ”ਕਾਰ ਸੇਵਾ” ਨੂੰ ਕੌਮ ਦੇ ਹਰਿਆਵਲ ਦਸਤਿਆਂ ਵਲੋਂ ਵਾਦ ਵਿਵਾਦ ਦਾ ਵਿਸ਼ਾ ਬਣਾ ਦਿਤਾ ਗਿਆ ਹੈ। ਇਹ ਕੌਮੀ ਉਚੀ ਸੁਰਤਿ ਦੀ ਭਾਵਨਾ ਨੂੰ ਢਾਹੂ ਲੀਹਾਂ ਉਤੇ ਲਿਆ ਕੇ ਖੜਾ ਕਰ ਦੇਵੇਗੀ ਤੇ ਕੌਮ ਦੀਆਂ ਉਹ ਨਸਲਾਂ ਜਿਹਨਾਂ ਅਜੇ ਸੂਰਜ ਵੇਖਣਾ ਹੈ, ਕਦੇ ਵੀ ਕੌਮੀ ਨੇਤਾਵਾਂ ਨੂੰ ਮਾਫ ਨਹੀਂ ਕਰਨਗੀਆਂ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਅਪਮਾਨ ਲਈ।
* ਕਿਸੇ ਇਕਲੇ ਮਨੁਖੀ ਲਈ ਜਾਂ ਮਨੁਖ ਦੀ ਹਮਖਿਆਲ ਜਮਾਤ ਲਈ ਸਭ ਤੋਂ ਔਖਾ ਪਲ ਹੁੰਦਾ ਹੈ, ਉਸ ਦੀ ਕਿਸੇ ਮਸਲੇ ਬਾਰੇ ਨਿਰਪਖਤਾ ਦਾ ਸਮਾਂ।
* ਸ. ਹਰਿੰਦਰ ਸਿੰਘ ‘ਮਹਿਬੂਬ ਦੀਆਂ ਪੁਸਤਕਾਂ ”ਝਨਾ ਦੀ ਰਾਤ” ਤੇ ”ਸਹਿਜੇ ਰਚਿਓ ਖਾਲਸਾ” ਪੜ੍ਹ ਕੇ ਜਾਪਦਾ ਹੈ ਕਿ ਉਸ ਨੇ ਦੁਨੀਆਂ ਦੀ ਮਹਾਨ ਰਚਨਾ ਦੇ ਪ੍ਰਸੰਗ ਵਿਚ ਆਪਣੀ ਰਚਨਾ ਰਖ ਕੇ ਨਿਰਪਖਤਾ ਨਾਲ ਗਲ ਕੀਤੀ ਹੈ। ਉਸ ਦੀਆਂ ਇਹ ਦੋਵੇਂ ਰਚਨਾਵਾਂ ਪੰਜਾਬੀ ਵਿਚ ‘ਮਹਾਨ’ ਰਚਨਾਵਾਂ ਦਾ ਦਰਜਾ ਪ੍ਰਾਪਤ ਹਨ।
* ਜਿਨ੍ਹਾਂ ਗੁਣਾਂ ਵਾਲਿਆਂ ਨੇ ਮੇਰੇ ਪ੍ਰੀਤਮ ਨੂੰ ਪਾ ਲਿਆ ਹੈ, ਮੇਰੇ ਵਿਚ ਉਹ ਗੁਣ ਨਹੀਂ ਹਨ, ਮੇਰੀਏ ਮਾਏ! ਮੈਂ ਕਿਵੇਂ (ਆਪਣੇ ਪ੍ਰੀਤਮ ਨੂੰ) ਪਾਵਾਂ।
* ਰੂਹਾਂ ਦੀ ਮੁਹਬਤ ਉਤੇ ਜਦੋਂ ਪਦਾਰਥੀ ਹਉਮੇ ਦੀ ਧੁੰਦ ਛਾ ਜਾਂਦੀ ਹੈ, ਉਦੋਂ ਸਿਰਫ ਭਟਕਣ ਬਚਦੀ ਹੈ, ਬ੍ਰਹਿਮੰਡ ਦੇ ਅਸੀਮ ਖਲਾਅ ਦੀ। ਮਨੁਖੀ ਹਸਤੀ ਕਿਸੇ ਅਕਹਿ ਗੁੰਮਨਾਮੀ ਵਲ ਨੂੰ ਵਧਦੀ ਹੈ। ਅਜਿਹੇ ਸਮੇਂ ਗੁਰੂ ਪੀਰ ਦੀ ਬਖਸ਼ਿਸ਼ ਹਸਤੀ ਨੂੰ ਗੁੰਮਨਾਮੀ ਦੀ ਭਟਕਣ ਤੋਂ ਬਚਾਉਣ ਲਈ ਵਾਅਦਾ ਕਰਦੀ ਹੈ।
* ਮੇਰੇ ਮਾਹੀਆ! ਤੇਰੇ ਨਾਲੋਂ ਤੋੜ ਕੇ, ਤੂੰ ਹੀ ਦਸ, ਮੈਂ ਕਿਸ ਨਾਲ ਜੋੜਾਂ?
ਤੇਰੇ ਜਿਹਾ ਹੋਰ ਹੈ ਕੌਣ? ਤੇਰੇ ਨਾਲੋਂ ਤੋੜ ਲੈਣ ਦਾ ਮਤਲਬ ਹੈ ”ਰੂਹ ਦੀ ਖੁਦਕੁਸ਼ੀ”।
* ਕੀ ਵਡੀ ਮਛੀ ਰਾਹੀਂ ਛੋਟੀ ਮਛੀ ਨੂੰ ਖਾਣਾ, ਕਿਸੇ ਵੀ ਦੇਸ ਕਾਲ ਹਾਲਾਤ ਵਿਚ, ਸਿੰਘ ਆਦਰਸ਼ ਹੋ ਸਕਦਾ ਹੈ?
ਜੁਆਬ ਸਿਰਫ ਨਹੀਂ ਹੋ ਹੋਵੇਗਾ।
* ਅਸੂਲਾਂ ਦੀ ਦੁਹਾਈ ਦਿੰਦੇ ਰਹਿਣਾ, ਸਦਾ ਹੀ ਅਸੂਲਾਂ ਦੀ ਅਮਲੀ ਹੋਂਦ ਤੋਂ ਵਖ ਰਹੇਗਾ। ਮਨੁਖਾਂ ਦੀ ਬਹੁਗਿਣਤੀ ਅਸੂਲਾਂ ਦੀ ਦੁਹਾਈ ਤਾਂ ਦੇ ਸਕਦੀ ਹੈ ਪਰ ਅਮਲੀ ਰੂਪ ਵਿਚ ਉਸ ਨੂੰ ਲਾਗੂ ਕਰਨ ਦੀ ਹਿੰਮਤ ਬਹੁਤ ਹੀ ਘਟ ਲੋਕ ਕਰ ਸਕਦੇ ਹਨ।
ਇੰਜ ਹੋ ਸਕਦਾ ਹੈ ਕਿ ਅਸੂਲਾਂ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਵਾਲੇ ਲੋਕਾਂ ਨੂੰ ਸਹੀ ਨਾ ਸਮਝਿਆ ਜਾਂਦਾ ਹੋਵੇ।
* ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਸ ਚੀਜ਼ ਦੀ ਪਛਾਣ ਕਰਨ ਕਿ ਕੀ ਬੋਲਿਆ ਜਾ ਰਿਹਾ ਹੈ, ਨਾ ਕਿ ਇਸ ਦੀ ਕਿ ਕੌਣ ਬੋਲ ਰਿਹਾ ਹੈ। ਸ਼ਾਇਦ ਇਹੀ ਸਚ ਦੀ ਪਛਾਣ ਦਾ ਰਾਹ ਹੋਵੇਗਾ।
* ਸਿਧਾਂਤਾਂ ਉਤੇ ਆਧਾਰਤ ਜ਼ਿੰਦਗੀ ਅਤੇ ਯਥਾਰਥਵਾਦੀ ਜ਼ਿੰਦਗੀ ਵਿਚ ਜ਼ਮੀਨ-ਅਸਮਾਨ ਦਾ ਫਰਕ ਹੈ।
ਸਿਧਾਂਤਾਂ ਦੀ ਸਿਰਫ ਦੁਹਾਈ ਹੀ ਦਿਤੀ ਜਾਂਦੀ ਹੈ, ਪਰ ਉਸ ਅਸਮਾਨ ਉਤੇ ਉਡਣ ਦੀ ਹਿੰਮਤ ਕੋਈ ਵਿਰਲਾ ਹੀ ਕਰਦਾ ਹੈ।
* ਇਤਿਹਾਸ ਇਕ ਬੁਤ ਹੈ ਤੇ ਸਮਾਂ ਇਕ ਸਫਰ ਦਾ ਨਾਂ ਹੈ। ਸਮਾਂ ਇਤਿਹਾਸ ਦੀ ਸਿਰਜਣਾ ਕਰਦਾ ਹੈ। ਅਸੀਂ ਸਭ ਪਾਤਰ ਹਾਂ। ਆਪਣਾ ਆਪਣਾ ਰੋਲ ਅਦਾ ਕਰਦੇ ਹਾਂ ਤੇ ਬੁਤ ਘੜਦੇ ਰਹਿੰਦੇ ਹਾ। ਪਰ ਸਮਾਂ ਕੋਈ ਵੀਡੀਓ ਟੇਪ ਨਹੀਂ ਕਿ ਜਦੋਂ ਜੀਅ ਕੀਤਾ ਵਾਪਸ ਮੋੜ ਕੇ ਵੇਖ ਲਿਆ। ਏਥੇ ਤਾਂ ਸਭ ਕੁਝ ਬਰਾਬਰ ਚਲਦਾ ਰਹੇਗਾ।
* ਮੌਤ ਤਾਂ ਇਕ ਪੜਾਅ ਹੈ, ਆਜ਼ਾਦੀ ਦੇ ਵੱਲ ਸ਼ੁਰੂ ਕੀਤੇ ਸਫਰ ਵਿਚ। ਅਜਿਹੇ ਕਈ ਪੜਾਅ ਆਉਣੇ ਹਨ ਤਾਂ ਕਿਤੇ ਜਾ ਕੇ ਕਾਫਲਾ ਮੰਜ਼ਲ ਉਤੇ ਪੁਜੇਗਾ।
* ਵਾਹਿਗੁਰੂ ਕਰੇ! ਨਵਾਂ ਵਰ੍ਹਾ ਆਜ਼ਾਦੀ ਦਾ ਵਰਾ ਹੋਵੇ ਤੇ ਇਹ ਵਰ੍ਹਾ ਬਹੁਤ ਹੀ ਲੰਬਾ ਹੋਵੇ।
* ਨਿਆਂ ਪਾਲਕਾ ਦਾ ਮਿਆਰ ਡਿਗਦਾ ਜਾ ਰਿਹਾ ਹੈ। ਨਿਆਂ ਦੀ ਕੀਮਤ ਘਟਦੀ ਜਾ ਰਹੀ ਹੈ। ਸਿਫਾਰਿਸ਼, ਰਾਜਨੀਤਕ ਦਬਾਅ, ਪੈਸਾ (ਰਿਸ਼ਵਤ) ਆਦਿ ਇਸ ਨੂੰ ਘੁਣ ਵਾਂਗ ਖਾ ਰਹੀਆਂ ਹਨ। ਭਾਰਤ ਦੀ ਨਿਆਂ ਪਾਲਕਾ ਵੀ ਰਾਜਨੀਤੀ ਵਾਂਗ ਭ੍ਰਿਸ਼ਟ ਹੋ ਚੁਕੀ ਹੈ। ਆਮ ਲੋਕਾਂ ਲਈ ਆਜ਼ਾਦੀ ਦਾ ਡਗਾ ਵਜਾਉਣ ਵਾਲੀ ਇਹ ਸੰਸਥਾ ਖੁਦ ਗੁਲਾਮ ਹੋ ਗਈ ਹੈ। ਸਰਮਾਏਦਾਰਾਂ, ਨੇਤਾਵਾਂ ਤੇ ਭਾਈ-ਭਤੀਜਾਵਾਦੀਆਂ ਦੀ।
* ਕਿੰਨਾ ਤਿਖਾ ਤੇ ਦਿਲ ਚੀਰਵਾ ਹੁੰਦਾ ਏ, ਗੁਲਾਮੀ ਦਾ ਅਹਿਸਾਸ? ਤੁਸੀਂ ਉਦੋਂ ਕੀ ਮਹਿਸੂਸ ਕਰੋਗੇ ਜਦੋਂ ਤੁਹਾਡਾ ਸਹਿਆਂ ਵਾਂਗ ਸ਼ਿਕਾਰ ਕੀਤਾ ਜਾਵੇ? ਜਦੋਂ ਤੁਹਾਡੀ ਇਜ਼ਤ ਸੜਕਾਂ ਉਤੇ ਨਿਲਾਮ ਕੀਤੀ ਜਾਵੇ ਤੇ ਤੁਹਾਨੂੰ ਮਿਨੰਤਾ, ਤਰਲੇ ਕਰਨ ਲਈ ਮਜ਼ਬੂਰ ਕੀਤਾ ਜਾਵੇÎ? ਕੀ ਇਸ ਦੇ ਬਾਵਜੂਦ ਤੁਹਾਡੇ ਮਨ ਵਿਚ ਆਜ਼ਾਦੀ ਲਈ ਤੜਪ ਨਹੀਂ ਜਾਗੇਗੀ? ਕੀ ਜਲਾਲਤ ਭਰੀ, ਬੇਪਤੀ ਭਰੀ ਇਹ ਜ਼ਿੰਦਗੀ ਜਿਉਣਾ ਕਿਸੇ ਵੀ ਦੇਸ, ਕਾਲ ਵਿਚ ਧਾਰਮਿਕ, ਸਿਆਸੀ ਜਾਂ ਸਮਾਜੀ ਤੌਰ ਉਤੇ ਸਹੀ ਹੈ?
ਇਕੋ ਇਕ ਰਾਹ ਬਚਦਾ ਹੈ ਬਗਾਵਤ ਦਾ, ਅਜਿਹੇ ਮੌਕੇ।

Leave a Reply

Your email address will not be published. Required fields are marked *