ਇਤਿਹਾਸ ਸਿਰਫ਼ ਰਾਜਿਆਂ ਰਾਣਿਆਂ ਦੀਆਂ ਲੜਾਈਆਂ ਦੀ ਕਹਾਣੀ ਹੀ ਨਹੀਂ ਹੁੰਦਾ ਸਗੋਂ ਮਨੁਖ ਦੇ ਸਰਬ ਪਖੀਂ ਸੰਘਰਸ਼ਾਂ ਦਾ ਨਿਚੋੜ ਹੁੰਦਾ ਹੈ। ਜੇ ਇਹ ਕਿਹਾ ਜਾਵੇ ਕਿ ਮਨੁਖ ਜਾਣੇ ਜਾਂ ਅਣਜਾਣੇ ਵਿਚ ਰੋਜ਼ਾਨਾ ਜ਼ਿੰਦਗੀ ਅੰਦਰ ਇਤਿਹਾਸ ਨੂੰ ਹੀ ਜਿਉਂਦਾ ਹੈ ਤਾਂ ਇਹ ਕੋਈ ਅਤਕਥਨੀ ਨਹੀਂ ਹੋਵੇਗੀ। ਮਹਾਨ ਫਿਲਾਸਫਰ ਸਿਸਰੋ ਨੇ ਕਿਹਾ ਹੈ, ”ਜੇ ਸਾਨੂੰ ਇਤਿਹਾਸ ਦਾ ਪਤਾ ਨਾ ਹੋਵੇ ਤਾਂ ਅਸੀਂ ਬਚਿਆਂ ਵਾਂਗ ਜੀਵਨ ਬਤੀਤ ਕਰਦੇ ਜਾਵਾਂਗੇ। ਜੇ ਅਸੀਂ ਪਿਛਲੇ ਮਨੁਖ ਦੇ ਜੀਵਨ ਤੋਂ ਲਾਭ ਨਹੀਂ ਉਠਾਵਾਂਗੇ ਤਾਂ ਸਾਨੂੰ ਅਕਲ ਵੀ ਨਹੀਂ ਆਵੇਗੀ।” ਇਸੇ ਤਰ੍ਹਾਂ ਮਹਾਨ ਵਿਦਵਾਨ ਫੁਲਰ ਨੇ ਕਿਹਾ ਹੈ, ”ਇਤਿਹਾਸ ਜਵਾਨ ਆਦਮੀ ਨੂੰ ਬਿਨਾਂ ਧੌਲਿਆਂ ਤੇ ਝੁਰੜੀਆਂ ਦੇ ਬੁਢਾ (ਸਿਆਣਾ) ਬਣਾਉਂਦਾ ਹੈ। ਉਹ ਉਸ ਨੂੰ ਦੁਖ ਤਕਲੀਫਾਂ ਤੋਂ ਬਿਨਾਂ ਹੀ ਸਿਆਣਪ ਦੇਂਦਾ ਹੈ।”
ਮੌਜੂਦਾ ਰਾਜਸੀ ਪ੍ਰਬੰਧ ਜਿਸਦਾ ਸਾਰਾ ਤਾਣਾ ਬਾਣਾ ਸਾਮਰਾਜੀ ਪੂੰਜੀਵਾਦੀ ਲੁਟ ਦੀ ਬੁਨਿਆਦ ਉਤੇ ਖੜਾ ਹੈ, ਮਨੁਖ ਨੂੰ ਆਪਣੇ ਇਤਿਹਾਸ ਤੋਂ ਟੁਟ ਕੇ ਜਿਉਣ ਲਈ ਮਜ਼ਬੂਰ ਕਰ ਰਿਹਾ ਹੈ। ਤਾਂ ਕਿ ਮਨੁਖ ਇਤਿਹਾਸਕ ਅਕਲ ਤੋਂ ਸਖਣਾ ਹੋ ਕੇ ਪਸ਼ੂ ਬਿਰਤੀਆਂ ਵਸ ਖਪਤਕਾਰੀ ਪਸੂ ਬਣ ਕੇ ਜੀਵੇ। ਅਜੋਕੀਆਂ ਹਾਲਤਾਂ ਵਿਚ ਇਤਿਹਾਸ ਦੀ ਅਹਿਮੀਅਤ ਬਾਰੇ ਜਾਣਨਾ ਕੇਵਲ ਬੌਧਿਕ ਮਥਾਪਚੀ ਨਹੀਂ ਹੈ ਸਗੋਂ ਰਾਜਨੀਤਕ ਲੜਾਈ ਦਾ ਇਕ ਹਿਸਾ ਹੈ। ਇਤਿਹਾਸ ਦੀ ਵਿਆਖਿਆ ਤੇ ਪੁਨਰ ਵਿਆਖਿਆ ਕਰਨੀ ਇਸ ਲੜਾਈ ਲਈ ਜ਼ਰੂਰੀ ਹੈ। ਇਤਿਹਾਸ ਦੀ ਅਹਿਮੀਅਤ ਬਾਰੇ ਆਪਣੇ ਪਾਠਕਾਂ ਦੀ ਸੂਝ ਵਿਚ ਵਾਧਾ ਕਰਨ ਲਈ ਹੇਠਾਂ ਅਸੀਂ ਲਾਲਾ ਕਿਰਪਾ ਸਾਗਰ ਦਾ ਇਕ 88 ਸਾਲ ਪਹਿਲਾਂ ਛਪਿਆ ਲੇਖ ਛਾਪ ਰਹੇ ਹਾਂ। ਇਹ ਲੇਖ ‘ਫੁਲਵਾੜੀ’ ਦੇ ਜਨਵਰੀ 1930 ਦੇ ਸਿਖ ਇਤਿਹਾਸ ਅੰਕ ਵਿਚ ਛਪਿਆ ਸੀ।

ਕੌਮਾਂ ਦੀ ਪੂੰਜੀ 
ਕਿਸੇ ਕੌਮ ਜਾਂ ਦੇਸ ਦੀ ਪੂੰਜੀ ਦੋ ਚੀਜ਼ਾਂ ਹੁੰਦੀਆਂ ਨੇ। ਇਕ ਉਸ ਦਾ ਇਤਿਹਾਸ ਤੇ ਦੂਜੀ ਉਸ ਦੀ ਮਾਤਰੀ ਬੋਲੀ ਜਾਂ ਸਾਹਿਤ। ਇਨ੍ਹਾਂ ਦੀ ਰਖਿਆ ਲਈ ਕੌਮਾਂ ਆਪਣੇ ਆਪ ਨੂੰ ਕੁਰਬਾਨ ਕਰ ਦਿੰਦੀਆਂ ਨੇ। ਹਜ਼ਾਰਾਂ ਖ਼ੂਨ ਤੇ ਜੰਗ ਹੋਏ ਕਿ ਮਾਤਰੀ ਬੋਲੀ ਤੇ ਕੌਮੀ ਇਤਿਹਾਸ ਦੂਸ਼ਤ ਨਾ ਕੀਤੇ ਜਾਣ। ਏਥੋਂ ਤੱਕ ਕਿ ਦੁਨੀਆ ਦੀਆਂ ਕੌਮਾਂ ਨੇ ਇਨ੍ਹਾਂ ਦੋਹਾਂ ਦੀ ਖਾਤਰ ਕਈ ਜੰਗ ਛੇੜੇ ਤੇ ਲਖਾਂ ਬੰਦੇ ਸ਼ਹੀਦ ਕਰਵਾਏ। ਅਜੇ ਹੁਣੇ ਪੋਲੈਂਡ ਨੇ ਜਿਤ ਜਿਤੀ ਏ ਤੇ ਆਪਣਾ ਇਤਿਹਾਸ ਤੇ ਮਾਤਰੀ ਬੋਲੀ ਨੂੰ ਬੜੇ ਜੋਰ ਨਾਲ ਬਚਾਇਆ ਏ। ਇਹ ਦੋਵੇਂ ਚੀਜ਼ਾਂ ਬੜੀਆਂ ਘਾਲਾਂ ਘਾਲ ਕੇ ਤੇ ਮਿਹਨਤ ਕਰਕੇ ਬਣਾਈਆਂ ਜਾਂਦੀਆਂ ਨੇ। ਇਨ੍ਹਾਂ ਦੀ ਬਣਤਰ ਵਿਚ ਕੌਮ ਦਿਆਂ ਚੋਣਵਿਆਂ ਪੁਰਸ਼ਾਂ ਤੇ ਇਸਤਰੀਆਂ ਦਾ ਲਹੂ ਡੁੱਲ੍ਹਾ ਹੋਇਆ ਹੁੰਦਾ ਏ। ਹਜ਼ਾਰਾਂ ਜਾਨਾਂ ਵਾਰੀਆਂ ਹੋਈਆਂ ਹੁੰਦੀਆਂ ਨੇ ਤੇ ਬੇਅੰਤ ਸੂਰਮੇ ਸ਼ਹੀਦ ਹੋਏ ਹੁੰਦੇ ਨੇ। ਗਲ ਕੀ ਕਿ ਇਨ੍ਹਾਂ ਚੀਜ਼ਾਂ ਦਾ ਲਭਣਾ ਕੋਈ ਸੌਖਾ ਕੰਮ ਨਹੀਂ। ਏਸ ਵਾਸਤੇ ਹਰ ਇਕ ਕੌਮ ਦੇ ਦਿਲ ਵਿਚ ਇਨ੍ਹਾਂ ਦੋਹਾਂ ਚੀਜ਼ਾਂ ਦੀ ਬੜੀ ਕਦਰ, ਇਜ਼ਤ ਤੇ ਮਾਣ ਹੁੰਦਾ ਏ।
ਬਣਤਰ
ਜਿਸ ਸਮੇਂ ਹੀਰਾ ਖਾਨ ਵਿਚ ਹੁੰਦਾ ਏ, ਉਹ ਸਧਾਰਨ ਪਥਰ ਵਰਗਾ ਜਾਪਦਾ ਏ। ਕਾਰੀਗਰ ਉਸ ਦੀਆਂ ਨੁਕਰਾਂ ਸਾਫ ਕਰਕੇ ਉਸ ਦੇ ਪਾਸੇ ਘੜਾਂਦੇ ਨੇ। ਤਦ ਉਹ ਬੜਾ ਸੁੰਦਰ ਜਾਪਣ ਲਗ ਪੈਂਦਾ ਏ ਤੇ ਓਹਦਾ ਮੁਲ ਹਜ਼ਾਰਾਂ ਗੁਣਾ ਵਧ ਜਾਂਦਾ ਏ। ਏਸੇ ਤਰ੍ਹਾਂ ਇਤਿਹਾਸ ਤੇ ਸਾਹਿਤ ਨੇ। ਬੋਲੀ ਤਾਂ ਆਮ ਦੇਸ ਬੋਲਦਾ ਏ ਪਰ ਜੀਕਣ ਹੀਰੇ ਨੂੰ ਘੜ੍ਹਣ ਵਾਲੇ ਚਤੁਰ ਕਾਰੀਗਰ ਉਸ ਦੇ ਪਾਸੇ ਬਨਾਉਣ ਵਿਚ ਚਤੁਰਾਈ ਤੇ ਮਿਹਨਤ ਵਰਤਦੇ ਨੇ, ਏਸੇ ਤਰ੍ਹਾਂ ਕਲਮ ਦੇ ਧਨੀ ਵੀ ਆਪਣੀ ਅਕਲ, ਦਾਨਾਈ ਤੇ ਮਿਹਨਤ ਨਾਲ ਸਾਹਿਤ ਨੂੰ ਤੇ ਬੋਲੀ ਨੂੰ ਸੁਆਰਨ ਦਾ ਯਤਨ ਕਰਦੇ ਨੇ। ਜੀਕਣ ਕਾਰੀਗਰ ਨੂੰ ਹੀਰੇ ਦਾ ਮੁਲ ਵਧਾਉਣ ਲਈ ਉਸ ਉਤੇ ਮਿਹਨਤ ਕਰਨੀ ਤੇ ਜਾਨ ਘਾਲਣੀ ਪੈਂਦੀ ਏ, ਇਕਣ ਈ ਲਿਖਾਰੀ ਨੂੰ ਵੀ ਬੋਲੀ ਨੂੰ ਸੋਧਣ ਲਈ ਉਸ ਤੋਂ ਵੀ ਵਧੇਰੀ ਜਾਨ ਮਾਰਨੀ ਪੈਂਦੀ ਏ ਤੇ ਚੰਗਾ ਸਾਹਿਤ ਉਸ ਦੀ ਮਿਹਨਤ ਦਾ ਮੁਲ ਹੁੰਦਾ ਏ। ਏਸੇ ਵਾਸਤੇ ਸਾਹਿਤਕ ਲਿਖਾਰੀਆਂ ਦੀ ਹਰ ਇਕ ਕੌਮ ਵਿਚ ਬੜੀ ਇਜ਼ਤ ਤੇ ਕਦਰ ਹੁੰਦੀ ਏ। ਇਤਿਹਾਸ ਵੀ ਏਸੇ ਤਰ੍ਹਾਂ ਬਣਦਾ ਏ। ਸੂਰਬੀਰ ਪੁਰਸ਼ ਤੇ ਗੁਣਵੰਤੀਆਂ ਇਸਤਰੀਆਂ – ਜੋ ਕਿਸੇ ਵੀ ਜਾਤੀ ਵਿਚ ਆਦਰ ਕਰਨ ਦੇ ਯੋਗ ਹੋ ਸਕਦੀਆਂ ਨੇ — ਇਸ ਦੇ ਕਰਤਾ ਹੁੰਦੇ ਨੇ। ਪਰਉਪਕਾਰ, ਪਰ-ਸਵਾਰਥ, ਦੇਸਭਗਤੀ, ਧਰਮ ਭਾਵ ਉਨ੍ਹਾਂ ਦਿਆਂ ਜੀਵਨਾਂ ਦਾ ਆਦਰਸ਼ ਹੁੰਦਾ ਏ। ਇਸ ਵਾਸਤੇ ਕੌਮ ਉਨ੍ਹਾਂ ਉਤੇ ਮਾਣ ਕਰਦੀ ਏ ਤੇ ਉਨ੍ਹਾਂ ਦੇ ਵਡਿਤਣ ਨਾਲ ਵਡਿਆਈ ਲਭਦੀ ਏ। ਗਲ ਕੀ,  ਅਜਿਹੇ ਪੁਰਸ਼ਾਂ ਤੇ ਇਸਤਰੀਆਂ ਦਾ ਬਣਾਇਆ ਹੋਇਆ ਇਤਿਹਾਸ ਰਾਜਸੀ ਗੁੰਝਲਾਂ ਵਿਚ, ਮਾਇਕ ਔਕੜਾਂ ਵਿਚ ਤੇ ਧਾਰਮਿਕ ਸੈਂਹਸਿਆਂ ਵਿਚ ਕੌਮ ਦਾ ਸਹਾਇਕ ਤੇ ਰਾਹ ਵਿਖਾਉਣ ਵਾਲਾ ਆਗੂ ਹੁੰਦਾ ਏ। ਕੌਮ ਨੂੰ ਉਜਲਾ, ਚਮਕਦਾਰ ਤੇ ਸ਼ਾਨਦਾਰ ਬਣਾਉਂਦਾ ਏ। ਹਾਂ ਇਹ ਗਲ ਵੀ ਭੁਲਣਯੋਗ ਨਹੀਂ ਕਿ ਇਤਿਹਾਸ ਦੇ ਕਰਤੇ ਨਿਰੇ-ਪੁਰੇ ਸਦਾਚਾਰੀ, ਭਲੇ ਪੁਰਖ ਤੇ ਇਸਤਰੀਆਂ ਈ ਨਹੀਂ ਹੁੰਦੇ, ਦੁਰਾਚਾਰੀ ਤੇ ਕੁਕਰਮੀ ਮਨੁਖ ਵੀ ਇਸ ਦੀ ਬਣਤਰ ਵਿਚ ਘਟ ਹਿਸਾ ਨਹੀਂ ਲੈਂਦੇ। ਏਸ ਵਾਸਤੇ ਜਿਥੇ ਅਸੀਂ ਉਚ-ਕਰਮੀ ਪੁਰਖਾਂ ਦੇ ਚਮਕਦੇ ਤੇ ਭੜਕਦਾਰ ਪੰਨੇ ਵੇਖਦੇ ਆਂ, ਓਥੇ ਨਾਲ ਈ ਸਾਨੂੰ ਕਿਧਰੇ ਕਿਧਰੇ ਧ੍ਰੋਹੀ, ਘਾਤੀ ਤੇ ਦੁਰਾਚਾਰੀ ਕੁਲੀਖਾਂ ਦੇ ਮੁਕਾਲੇ ਚਿਤਰ ਵੀ ਨਜ਼ਰ ਆਉਂਦੇ ਨੇ। ਓਹ ਆਪਣੇ ਕੁਕਰਮਾਂ ਦੇ ਕਾਰਨ ਕਿਸੇ ਨੂੰ ਧੰਨਵਾਦੀ ਨਹੀਂ ਬਣਾ ਸਕਦੇ, ਕਿਉਂਕਿ ਉਨ੍ਹਾਂ ਦਾ ਨਾਂ ਲਿਆ ਦੇਸ ਉਜਲਾ ਨਹੀਂ ਹੁੰਦਾ। ਪਰ ਹਾਂ ਏਨਾ ਲਾਭ ਜ਼ਰੂਰ ਹੁੰਦਾ ਏ ਕਿ ਉਨ੍ਹਾਂ ਦੇ ਟਾਕਰੇ ਉਤੇ ਸਤਕਰਮੀ ਲੋਕਾਂ ਦੇ ਇਤਿਹਾਸ ਵਧੇਰੀ ਉਘੇੜ ਪਕੜ ਲੈਂਦੇ ਨੇ। ਉਨ੍ਹਾਂ ਦੀ ਕਾਲਖ ਦੁਨੀਆਂ ਨੂੰ ਖ਼ਬਰਦਾਰ ਵੀ ਕਰਦੀ ਏ ਕਿ ਖ਼ਬਰਦਾਰ, ਸਾਡੇ ਵਰਗਾ ਚਰਿਤਰ ਹੋਰ ਨਾ ਬਨਾਉਣਾ।
ਸਾਹਿਤ ਤੇ ਇਤਿਹਾਸ
ਬੋਲੀ ਤੇ ਸਾਹਿਤ ਇਕੋ ਚੀਜ਼ ਨੇ। ਪਰ ਬੋਲੀ ਕੌਮੀ ਇਹਿਤਾਸ ਦਾ ਨਿਚੋੜ ਹੁੰਦੀ ਏ। ਕੌਮ ਜਿਸ ਜਿਸ ਘਟਨਾ ਵਿਚੋਂ ਲੰਘਦੀ ਏ, ਉਸ ਉਸ ਦਾ ਬੋਲੀ ਉਤੇ ਅਸਰ ਪੈਂਦਾ ਏ ਤੇ ਜਿਥੇ ਇਤਿਹਾਸ ਮੁਕ ਜਾਂਦਾ ਏ ਬੋਲੀ ਵਧਣੋਂ ਰਹਿ ਜਾਂਦੀ ਏ। ਸਚ ਪੁਛੋਂ ਤਾਂ ਬੋਲੀ ਤੋਂ ਕੌਮ ਦੇ ਇਤਿਹਾਸ ਦਾ ਪਤਾ ਲਗ ਜਾਂਦਾ ਏ। ਨਿਕੇ ਨਿਕੇ ਤੇ ਛੋਟੇ-ਛੋਟੇ ਸ਼ਬਦ, ਜੋ ਬੋਲੀ ਵਿਚ ਮਲਾਂ ਮਾਰ ਕੇ ਧਸੇ ਹੋਏ ਹੁੰਦੇ ਨੇ, ਇਕ ਇਕ ਇਤਿਹਾਸਕ ਘਟਨਾ ਦਾ ਵੇਰਵਾ ਹੁੰਦੇ ਨੇ ਤੇ ਸਮਝ ਵਾਲੇ ਲੋਕ ਉਨ੍ਹਾਂ ਤੋਂ ਈ ਕੌਮੀ ਇਤਿਹਾਸ ਘੜ ਲੈਂਦੇ ਨੇ। ਏਸ ਵਾਸਤੇ ਬੋਲੀ ਜਾਂ ਸਾਹਿਤ ਕੌਮ ਦਾ ਪ੍ਰਤਖ ਇਤਿਹਾਸ ਹੈ।
ਮਨੁਖੀ ਸੁਭਾਵ ਤੇ ਇਤਿਹਾਸ
ਮਨੁਖ ਆਪਣੇ ਸੁਭਾਵ ਤੋਂ ਈ ਇਹਿਤਾਸ-ਪ੍ਰੇਮੀ ਏ। ਉਸ ਦੇ ਚਿਤ ਦੀ ਤ੍ਰੇਹ ਮਿਟਾਉਣ ਲਈ ਇਤਿਹਾਸ ਦਾ ਉਪਦੇਸ਼ ਜ਼ਰੂਰੀ ਏ। ਜੇ ਚੰਗਾ ਤੇ ਠੀਕ ਇਤਿਹਾਸ ਮਿਲ ਜਾਏ ਤਦ ਤੇ ਵਾਹਵਾ, ਨਹੀਂ ਤੇ ਜੋ ਕੁਝ ਵੀ ਮਿਲ ਜਾਏ ਉਸ ਦੇ ਜੀਵਨ ਬਨਾਉਣ ਲਈ ਉਹੋ ਵਰਤਣਾ ਪਏਗਾ। ਮਨੁਖ ਸਦਾ ਪੁਰਾਣਿਆਂ ਲੋਕਾਂ ਤੋਂ ਸਿਖਿਆ ਲੈਣ ਦਾ ਚਾਹਵਾਨ ਰਹਿੰਦਾ ਏ। ਉਸ ਨੂੰ ਹਰ ਵੇਲੇ ਇਹ ਜਾਣਨ ਦੀ ਲੋੜ ਰਹਿੰਦੀ ਏ ਕਿ ਸਾਡੇ ਵਡੇ ਕਿਸੇ ਖਾਸ ਕੰਮ ਨੂੰ, ਜੋ ਉਨ੍ਹਾਂ ਨੇ ਕਰਨਾ ਹੋਵੇ, ਕੀਕਣ ਕਰਦੇ ਸਨ। ਇਕੋ ਜਿਹੀਆਂ ਘਟਨਾਵਾਂ ਸਦਾ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ। ਏਸ ਵਾਸਤੇ ਇਤਿਹਾਸ ਹੀ ਅਜਿਹੇ ਸਮਿਆਂ ਉਤੇ ਰਾਹ ਵਿਖਾਉਣ ਵਾਲੀ ਚੀਜ਼ ਏ। ਏਸੇ ਵਾਸਤੇ ਆਖਦੇ ਨੇ ਕਿ ਇਤਿਹਾਸ ਪਰਤ ਪਰਤ ਕੇ ਆਉਂਦਾ ਏ। ਛੋਟੇ ਬਚੇ ਜਦ ਆਪਣੇ ਮਾਤਾ-ਪਿਤਾ ਜਾਂ ਦਾਦੇ ਦਾਦੀ ਦੇ ਪਾਸ ਬਹਿੰਦੇ ਨੇ ਤਦ ਉਨ੍ਹਾਂ ਦੀ ਬੜੀ ਭਾਰੀ ਚਾਹ ਇਹ ਹੁੰਦੀ ਏ ਕਿ ਉਨ੍ਹਾਂ ਨੂੰ ਪੁਰਾਣੀਆਂ ਗਲਾਂ ਸੁਣਾਈਆਂ ਜਾਣ। ਪੁਰਾਣੇ ਇਤਿਹਾਸ ਸੁਣਨ ਦਾ ਬਚਿਆਂ ਨੂੰ ਬੜਾ ਕੰਨ-ਰਸ ਹੁੰਦਾ ਏ। ਕਾਰਨ ਇਹ ਹੈ ਕਿ ਮਨੁਖ ਸੁਭਾਵ ਤੋਂ ਹੀ ਇਤਿਹਾਸ-ਪ੍ਰੇਮੀ ਏ ਤੇ ਇਤਿਹਾਸ ਤੋਂ ਗਿਆਨ ਪ੍ਰਾਪਤ ਕਰਨਾ ਉਸ ਦਾ ਸੁਭਾਵਿਕ ਨੇਮ ਹੈ।
ਪੁਰਾਣਿਆਂ ਸਰਦਾਰਾਂ ਤੇ ਰਾਜਿਆਂ ਮਹਾਰਾਜਿਆਂ ਦਿਆਂ ਘਰਾਂ ਵਿਚ ਬਚਿਆਂ ਨੂੰ ਪੰਘੂੜਿਆਂ ਵਿਚ ਈ ਆਪਣੀਆਂ ਕੁਲਾਂ ਦੇ ਇਤਿਹਾਸ ਸੁਣਾਏ ਜਾਂਦੇ ਸਨ। ਭਟ ਲੋਕ ਕਬਿਤਾਂ ਵਿਚ ਇਤਿਹਾਸ ਜੋੜ ਕੇ ਬਚਿਆਂ ਨੂੰ ਸੁਣਾਂਦੇ ਤੇ ਬਲਵਾਨ ਬਣਾਂਦੇ ਸਨ। ਲੜਾਈਆਂ ਤੇ ਯੁਧਾਂ ਵਿਚ ਇਤਿਹਾਸ ਸੁਣ ਸੁਣ ਯੋਧੇ ਤੇ ਸੂਰਬੀਰ ਜਾਨਾਂ ਦੀ ਪਰਵਾਹ ਨਹੀਂ ਸਨ ਕਰਦੇ। ਸ਼ੋਕ ਹੈ ਕਿ ਅਜਕਲ ਅਸੀਂ ਇਨ੍ਹਾਂ ਗਲਾਂ ਦੀ ਪਰਵਾਹ ਨਹੀਂ ਕਰਦੇ। ਜੰਮਦੇ ਮੁੰਡੇ ਕਛੇ ਬਸਤਾ ਮਾਰ ਕੇ ਸਕੂਲ ਨੂੰ ਟੁਰ ਜਾਂਦੇ ਨੇ। ਘਰ ਆ ਕੇ ਆਪਣੀਆਂ ਕਿਤਾਬਾਂ ਦੇ ਕੀੜੇ ਬਣੇ ਰਹਿੰਦੇ ਨੇ। ਮਾਂ ਪਿਓ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਵੇਲਾ ਗੁਆਇਆ ਜਾਏ। ਏਸ ਵਾਸਤੇ ਨਾ ਤੇ ਕਿਤਾਬਾਂ ਤੋਂ ਉਨ੍ਹਾਂ ਨੂੰ ਵਿਹਲ ਈ ਮਿਲਦਾ ਏ ਕਿ ਮਾਪਿਆਂ ਜਾਂ ਦਾਦੇ-ਦਾਦੀ ਦੇ ਕੋਲ ਬਹਿ ਕੇ ਪੁਰਾਣੀਆਂ ਗਲਾਂ ਸੁਣਨ ਤੇ ਨਾ ਈ ਮਾਪੇ ਚਾਹੁੰਦੇ ਨੇ ਕਿ ਉਨ੍ਹਾਂ ਦੀ ਪੜ੍ਹਾਈ ਵਿਚ ਹਰਜ ਹੋਵੇ। ਏਸ ਵਾਸਤੇ ਓਹ ਘਰੋਗੀ ਇਤਿਹਾਸ ਤੋਂ ਪੂਰੇ ਪੂਰੇ ਜਾਣੂ ਨਹੀਂ ਹੁੰਦੇ। ਨਿਰਾ ਉਹੋ ਉਲਟਾ ਪੁਲਟਾ ਜਾਣਦੇ ਨੇ, ਜੋ ਸਕੂਲਾਂ ਦੀਆਂ ਕਿਤਾਬਾਂ ਵਿਚ ਲਿਖਿਆ ਹੋਇਆ ਹੁੰਦਾ ਏ। ਫੇਰ ਭਲਾ ਉਨ੍ਹਾਂ ਦਿਆਂ ਦਿਲਾਂ ਵਿਚ ਆਪਣਿਆਂ ਵਡਿਆਂ ਦੀ ਕਦਰ ਕੀਕਣ ਹੋ ਸਕਦੀ ਏ।
ਸਿਖ ਇਤਿਹਾਸ
ਭਾਰਤ ਦੇ ਇਤਿਹਾਸ ਵਿਚ ਸਿਖ ਇਹਿਤਾਸ ਇਕ ਚਮਕਦਾ ਹੀਰਾ ਏ। ਸਚ ਪੁਛੋਂ ਤੇ ਸਿਖੀ ਰਾਜ ਸਿਖ ਇਤਿਹਾਸ ਦੇ ਕਾਰਨ ਈ ਕਾਇਮ ਹੋਇਆ। ਗੁਰੂਆਂ ਦੇ ਪਵਿਤਰ ਜੀਵਨ ਇਤਿਹਾਸ ਦੀ ਨੀਂਹ ਸਨ, ਜਿਸ ਉਤੇ ਸ਼ਹੀਦਾਂ ਤੇ ਪੰਥ-ਪਰੇਮੀਆਂ ਨੇ ਆਪਣੀਆਂ ਕੁਰਬਾਨੀਆਂ ਤੋਂ ਸੁੰਦਰ ਅਟਾਰੀ ਖੜੀ ਕੀਤੀ। ਬੜੇ-ਬੜੇ ਸਾਕੇ ਤੇ ਵੀਰ-ਕਰਮ ਸਿਖ ਦੇਵੀਆਂ ਪਾਸੋਂ ਵੀ ਪੁਜ ਕੇ ਕਰਾਏ। ਦਸਮੇਸ਼ ਪਿਤਾ ਦੀ ਨਿਡਰਤਾ, ਸਚ ਤੇ ਦ੍ਰਿੜ੍ਹਤਾ ਉਨ੍ਹਾਂ ਦੇ ਵਿਰਸੇ ਵਿਚ ਆਈ। ਸ਼ਹੀਦਾਂ, ਸਾਹਿਬਜ਼ਾਦਿਆਂ, ਪੰਜਾਂ ਪਿਆਰਿਆਂ ਤੇ ਮੁਕਤਿਆਂ ਦੀਆਂ ਸਾਖੀਆਂ ਵਾਰ-ਵਾਰ ਕੰਨਾਂ ਵਿਚ ਸੁਣਾਈ ਦੇਂਦੀਆਂ ਸਨ। ਗੁਰੂ ਮਹਾਰਾਜ ਪਿਤਾ ਸਮਝੇ ਜਾਂਦੇ ਸਨ ਤੇ ਸਭ ਸਿਖ ਉਨ੍ਹਾਂ ਦੀ ਈ ਸੰਤਾਨ ਮੰਨੇ ਜਾਂਦੇ ਸਨ। ਗੁਰੂ ਕਾ ਘਰ ਸਭ ਦਾ ਸਾਂਝਾ ਹੁੰਦਾ ਸੀ ਤੇ ਸਿਖ ਸਿਖ ਦਾ ਦੋਖੀ ਕਦੇ ਨਹੀਂ ਸੀ ਹੋ ਸਕਦਾ। ਅਜਿਹੇ ਹਾਲਾਂ ਵਿਚ ਇਹ ਭਲਾ ਕੀਕਣ ਹੋ ਸਕਦਾ ਸੀ ਕਿ ਕੋਈ ਸਿਖ ਪਰਾਈ ਗੁਲਾਮੀ ਵਿਚ ਜਕੜਿਆ ਰਹਿਣਾ ਪਸੰਦ ਕਰੇ। ਇਤਿਹਾਸ ਨੇ ਆਦਰਸ਼ ਦਸਿਆ ਤੇ ਸਿਖਾਂ ਨੇ ਸਵਰਾਜ ਕਾਇਮ ਕਰ ਲਿਆ। ਹੁਣ ਜੋਂ ਹਰ ਰੋਜ਼ ਸੁਣਦੇ ਹਾਂ ਕਿ ਫਲਾਣਾ ਸਿਖ ਸਿਖੀ ਤੋਂ ਪਤਿਤ ਹੋ ਗਿਆ, ਇਸ ਵਿਚ ਕੋਈ ਹੈਰਾਨੀ ਵਾਲੀ ਗਲ ਨਹੀਂ। ਸਿਖੀ ਇਤਿਹਾਸ ਦੇ ਸਿਰ ਉਤੇ ਕਾਇਮ ਸੀ। ਉਹ ਇਤਿਹਾਸ ਲੋਕਾਂ ਨੂੰ ਭੁਲ ਰਹੇ ਨੇ। ਜਦ ਇਤਿਹਾਸ ਵਲ ਧਿਆਨ ਸੀ, ਤਦ ਸਿਖਾਂ ਦਾ ਰਾਜ ਕਾਇਮ ਹੋ ਗਿਆ। ਪਰ ਜਦ ਇਤਿਹਾਸ ਭੁਲ ਗਏ ਤਦ ਹੁਣ 30 ਫੀਸਦੀ ਸੀਟਾਂ ਮਿਲਣੀਆਂ ਵੀ ਮੁਸ਼ਕਲ ਨਜ਼ਰ ਆ ਰਹੀਆਂ ਨੇ।
ਨਵਾਂ ਪੋਚ ਤੇ ਇਤਿਹਾਸ
ਪਿਛਲੇ ਲੋਕ ਤਾਂ ਆਪਣੇ ਇਤਿਹਾਸ ਨੂੰ ਕੁਝ ਜਾਣਦੇ ਵੀ ਸਨ ਪਰ ਨਵੇਂ ਪੋਚ ਨੂੰ ਆਪਣੇ ਇਤਿਹਾਸ ਨਾਲ ਰਵਾਲ ਜਿੰਨੀ ਵੀ ਛੋਹ ਨਹੀਂ। ਉਨ੍ਹਾਂ ਕੋਲੋਂ ਫਰਾਸੀਂਸੀ ਇਨਕਲਾਬ (French Revolution) ਦਾ ਹਾਲ ਭਾਵੇਂ ਮੂੰਹ-ਜ਼ਬਾਨੀ ਸੁਣ ਲਓ, ਵਾਟਰਲੂ ਦੀ ਲੜਾਈ ਦਾ ਪੂਰਾ-ਪੂਰਾ ਵੇਰਵਾ ਲੈ ਲਓ, ਸਪੇਨਿਸ਼ ਆਰਮੇਡਾ ਤੇ ਅਮਰੀਕਨ ਅਜ਼ਾਦੀ (American Independence) ਦੇ ਕਾਰਨ ਪੁਛ ਲਓ, ਪਰ ਆਖੋ ਜੋ ਕਿਸੇ ਨੂੰ ਅਹਿਮਦਸ਼ਾਹ ਤੇ ਸਿਖਾਂ ਦੀ ਲੜਾਈ ਜਾਂ ਪਹਿਲਾਂ ਤੇ ਦੂਜਾ ਸਿਖ ਜੰਗ, ਜਾਂ ਮੁਲਤਾਨ ਦੇ ਮੂਲਰਾਜ ਦਾ ਅਸਲੀ ਹਾਲ ਰਤਾ ਵੀ ਮਾਲੂਮ ਹੋਵੇ। ਕਾਰਨ ਇਹ ਹੈ ਕਿ ਅਸੀਂ ਮ੍ਰਿਗ-ਤ੍ਰਿਸ਼ਨਾ ਵਾਂਙ ਦੌਲਤ ਤੇ ਇਜ਼ਤ ਦੇ ਪਿਛੇ ਇਤਨੇ ਪਏ ਹੋਏ ਆਂ ਕਿ ਆਪਣੇ ਬਚਿਆਂ ਨੂੰ ਉਹੋ ਸਿਖਿਆ ਦੁਆਉਂਦੇ ਆਂ, ਜਿਸ ਤੋਂ ਸਾਡੇ ਵਿਚਾਰ ਅਨੁਸਾਰ ਉਨ੍ਹਾਂ ਨੂੰ ਉਚੀ ਪਦਵੀ ਤੇ ਵÎਧੇਰੀ ਮਾਇਆ ਮਿਲ ਸਕੇ। ਭਾਵੇਂ ਉਹ ਮਾਇਆ ਤੇ ਪਦਵੀ ਹਥ ਆਵੇ ਜਾਂ ਨਾ ਆਵੇ, ਇਹ ਹੋਰ ਗਲ ਏ। ਕਿਉਂਕਿ ਆਪਣੇ ਹਥ ਜੁ ਨਾ ਹੋਈ। ਪਰ ਸਾਡਾ ਯਤਨ ਇਹੋ ਹੁੰਦਾ ਏ ਕਿ ਸਾਡੇ ਲੜਕੇ ਉਹੋ ਸਿਖਿਆ ਲੈਣ, ਜਿਸ ਤੋਂ ਉਨ੍ਹਾਂ ਦਾ ਮਰਤਬਾ ਉਚਾ ਹੋ ਸਕੇ। ਆਪਣੀ ਸੰਤਾਨ ਲਈ ਇਹ ਭਾਵ ਮਾੜਾ ਨਹੀਂ ਤੇ ਹਰ ਇਕ ਮਾਤਾ ਪਿਤਾ ਦਾ ਕਰਤਵ ਹੈ ਕਿ ਆਪਣਿਆਂ ਲੜਕਿਆਂ ਨੂੰ ਉਹੋ ਸਿਖਿਆ ਦੇਣ ਜਿਸ ਤੋਂ ਉਨ੍ਹਾਂ ਦਾ ਮਰਤਬਾ ਉਚਾ ਹੋ ਸਕੇ, ਪਰ ਸੁਆਲ ਇਹ ਹੈ ਕਿ ਜਿਹੜੀ ਸਿਖਿਆ ਅਸੀਂ ਉਨ੍ਹਾਂ ਨੂੰ ਦੁਆ ਰਹੇ ਆਂ, ਕੀ ਉਹ ਉਨ੍ਹਾਂ ਦਾ ਮਰਤਬਾ ਉਚਾ ਕਰ ਸਕੇਗੀ? ਏਸ ਵਿਸ਼ੇ ਉਤੇ ਏਨਾ ਕੁਝ ਲਿਖਿਆ  ਗਿਆ ਏ ਤੇ ਲਿਖਿਆ ਜਾ ਰਿਹਾ ਏ ਕਿ ਮੇਰੇ ਜਿਹੇ ਕਚ ਘਰੜ ਗਿਆਨੀ ਨੂੰ ਹੋਰ ਲਿਖਣ ਦੀ ਲੋੜ ਨਹੀਂ ਜਾਪਦੀ। ਪਰ ਹਾਂ ਏਨਾ ਮੈਂ ਵੀ ਕਹਿ ਸਕਨਾ ਆਂ ਕਿ ਅਸਾਂ ਏਸ ਹਾਓ-ਤਾਈ ਵਿਚ ਆਪਣਾ ਕੌਮੀ ਫਰਜ਼ ਪੂਰਾ ਨਹੀਂ ਕੀਤਾ। ਅਸੀਂ ਆਪਣਿਆਂ ਬਚਿਆਂ ਨੂੰ ਸਿਖਿਆ ਦੁਆਉਣ ਵੇਲੇ ਜਿੰਨਾ ਰੋਟੀ ਦੇ ਸੁਆਲ ਨੂੰ ਪੂਰੇ ਗਹੁ ਨਾਲ ਵੇਖਨੇ ਆਂ, ਓਨਾ ਉਨ੍ਹਾਂ ਦੇ ਪੰਜਾਬੀ ਜਾਂ ਹਿੰਦੁਸਤਾਨੀ ਬਣੇ ਰਹਿਣ ਦੇ ਸੁਆਲ ਉਤੇ ਗਹੁ ਨਹੀਂ ਕਰਦੇ। ਏਨਾ ਵਿਚਾਰ ਕਦੇ ਵੀ ਸਾਡੇ ਦਿਲ ਵਿਚ ਨਹੀਂ ਆਇਆ ਕਿ ਅਸੀਂ ਆਪਣੀਆਂ ਸੰਤਾਨਾਂ ਨੂੰ ਆਪਣੇ ਇਤਿਹਾਸ ਦਾ ਪ੍ਰੇਮੀ ਬਣਾਈਏ, ਜਿਸ ਤੋਂ ਸਾਡੀ ਤੇ ਉਨ੍ਹਾਂ ਦੀ ਸਾਕਾਦਾਰੀ ਬਣੀ ਰਹੇ। ਹੁਣ ਦੇ ਮੁੰਡੇ ਭਾਰਤੀ ਇਤਿਹਾਸ ਨੂੰ ਉਕਾ ਨਹੀਂ ਜਾਣਦੇ। ਏਸ ਵਾਸਤੇ ਉਨ੍ਹਾਂ ਦਿਆਂ ਦਿਲਾਂ ਵਿਚ ਆਪਣੇ ਪੁਰਾਣੇ ਵਡਿਆਂ ਦੀ ਕੋਈ ਕਦਰ ਨਹੀਂ।
ਇਤਿਹਾਸ ਇਕ ਸ਼ਸਤਰ ਹੈ
ਅਜਕਲ ਦੇ ਰਾਜਸੀ ਮੁਖੀਏ ਇਤਿਹਾਸ ਨੂੰ ਇਕ ਘਾਤਕ ਸ਼ਸਤਰ ਵਾਂਗਰ ਵੀ ਵਰਤਦੇ ਨੇ। ਪਰਤਾਵੇ ਨਾਲ ਪਤਾ ਲਗਦਾ ਏ ਕਿ ਸਚਮੁਚ ਇਹ ਸ਼ਸਤਰ ਵਧੇਰਾ ਅਸਰ ਕਰਨਾ ਵਾਲਾ ਹੁੰਦਾ ਏ। ਤਲਵਾਰ ਦੀ ਧਾਰ ਤੋਂ ਮਨੁਖ ਬਚ ਜਾਏ, ਮੋਈਆਂ ਹੋਈਆਂ ਕੌਮਾਂ ਫੇਰ ਜਿਉਂਦੀਆਂ ਹੋ ਜਾਣ, ਪਰ ਇਤਿਹਾਸ ਦੀ ਮਾਰ ਫੇਰ ਉਠਣ ਜੋਗਾ ਨਹੀਂ ਛਡਦੀ। ਗਲ ਕੀ, ਇਤਿਹਾਸ ਦੀ ਮਾਰ, ਤੋਪਾਂ ਬੰਦੂਕਾਂ ਦੀ ਮਾਰ, ਗੈਸ ਦੀ ਮਾਰ ਤੇ ਹਵਾਈ ਜਹਾਜ਼ਾਂ ਦਿਆਂ ਬੰਬਾਂ ਦੀ ਮਾਰ ਤੋਂ ਵੀ ਵਧੇਰੀ ਘਾਤਕ ਸਾਬਤ ਹੋਈ ਏ। ਰਾਜਸੀ ਸੂਰਬੀਰ, ਜੋ ਕਿਸੇ ਜਾਤੀ ਜਾਂ ਕੌਮ ਨੂੰ ਅਧੀਨ ਕਰਨਾ ਚਾਹੁਣ ਤੇ ਸਮਝਣ ਕਿ ਤਲਵਾਰ ਦੀ ਲੜਾਈ ਨਾਲ ਅਸੀਂ ਇਸ ਦੇ ਵਾਰੇ ਨਹੀਂ ਆ ਸਕਦੇ, ਉਹ ਉਸ ਜਾਤੀ ਨਾਲ ਇਤਿਹਾਸ ਦਾ ਸ਼ਸਤਰ ਵਰਤਦੇ ਨੇ। ਇਸ ਵਿਚ ਉਨ੍ਹਾਂ ਨੂੰ ਜਾਨ ਦਾ ਜੋਖੋਂ ਵੀ ਨਹੀਂ ਹੁੰਦਾ ਤੇ ਕੰਮ ਵੀ ਸਹਿਜੇ ਈ ਸੌਰ ਜਾਂਦਾ ਏ। ਜਿਨ੍ਹਾਂ ਜਾਤੀਆਂ ਨੂੰ ਦਬਾਉਣਾ ਹੋਵੇ ਉਨ੍ਹਾਂ ਦੇ ਦਿਲਾਂ ਉਤੇ ਪਹਿਲੇ ਮੋਮੋ-ਠਗਣੇ ਬਣ ਕੇ ਆਪਣੀ ਜਾਨ ਤੇ ਪ੍ਰਤਿਸ਼ਠਾ ਜਮਾਣੀ ਪੈਂਦੀ ਏ। ਫਿਰ ਉਨ੍ਹਾਂ ਦੇ ਇਤਿਹਾਸ ਨੂੰ ਵੇਖਣਾ ਪੈਂਦਾ ਏ। ਉਸ ਇਤਿਹਾਸ ਨੂੰ ਬੜੇ ਲਛੇਦਾਰ ਸ਼ਬਦਾਂ ਵਿਚ ਏਕਣ ਲਿਖੀਦਾ ਏ ਕਿ ਉਨ੍ਹਾਂ ਦਿਆਂ ਵਡਿਆਂ-ਵਡੇਰਿਆਂ ਦਿਆਂ ਗੁਣਾਂ ਨੂੰ ਅਲੋਪ ਕਰਕੇ ਔਗੁਣਾਂ ਨੂੰ ਐਡਾ ਬਣਾ ਕੇ ਦਸਿਆ ਜਾਏ ਕਿ ਉਹ ਬਿਲਕੁਲ ਨਕਾਰੇ ਤੇ ਗਿਰੇ ਹੋਏ ਜਾਪਣ ਲਗ ਪੈਣ। ਸਾਰੇ ਭੈੜ ਤਾਂ ਸ਼ੀਸ਼ੇ ਵਾਂਗਰ ਪਏ ਦਿਸਣ ਪਰ ਵਡਿਆਈ ਦੀਆਂ ਗਲਾਂ ਨਜ਼ਰ ਈ ਨਾ ਆਉਣ। ਪਿਛਲੀ ਵਾਰ ਜਦ ਮੈਂ ‘ਫੁਲਵਾੜੀ’ ਵਿਚ ਇਕ ਲੇਖ ਲਿਖਿਆ ਸੀ ਤਦ ਦਸਿਆ ਸੀ ਇਕ ਪਰਦੇਸੀ ਇਤਿਹਾਸ-ਕਰਤਾ ਨੇ ਰਾਜਾ ਧਿਆਨ ਸਿੰਘ ਦੇ ਵਿਸ਼ੇ ਵਿਚ ਏਕਣ ਲਿਖਿਆ ਏ —”ਓਹ ਪੈਸੇ ਦਾ ਬੜਾ ਲਾਲਚੀ ਸੀ, ਏਥੋਂ ਤਕ ਕਿ ਜੇ ਕੋਈ ਡਾਢੀ ਭਾਰੀ ਭੀੜ ਵਿਚ ਵੀ, ਇਕ ਰੁਪਈਆ ਫੜ ਕੇ ਹਥ ਉਤਾਂਹ ਕਰੇ, ਜਿਸ ਤੋਂ ਉਸ ਦਾ ਮਤਲਬ ਇਹ ਹੁੰਦਾ ਸੀ ਕਿ ਓਹ ਕੋਈ ਮੁਕਦਮਾ ਪੇਸ਼ ਕਰਨਾ ਚਾਹੁੰਦਾ ਏ ਤਾਂ ਉਹ ਸਾਰੇ ਕੰਮ ਛਡ ਕੇ ਉਸ ਰੁਪਏ ਵਾਲੇ ਹਥ ਵਲ ਜਾਂਦਾ ਤੇ ਉਸ ਦਾ ਨਿਆਂ ਕਰਦਾ ਸੀ।”
ਅਸਲ ਗਲ ਇਹ ਹੈ ਕਿ ਉਸ ਵੇਲੇ ਵੀ ਨਿਆਂ ਦੀਆਂ ਸਾਰੀਆਂ ਅਦਾਲਤਾਂ ਬਣੀਆਂ ਹੋਈਆਂ ਸਨ ਪਰ ਜੇਕਰ ਕੋਈ ਸਖਸ਼ ਸਮਝੇ ਕਿ ਉਸ ਦਾ ਨਿਆਂ ਠੀਕ ਨਹੀਂ ਹੋਇਆ ਤਦ ਉਹਨੂੰ ਅਪੀਲ ਕਰਨ ਦਾ ਵੀ ਹਕ ਹਾਸਲ ਸੀ। ਉਹ ਮਹਾਰਾਜ ਪਾਸ ਜਾਂ ਮੁਖ-ਮੰਤਰੀ ਪਾਸ ਅਪੀਲ ਕਰ ਸਕਦਾ ਸੀ। ਉਸ ਅਪੀਲ ਦਾ ਢੰਗ ਇਹੋ ਹੁੰਦਾ ਸੀ ਕਿ ਇਕ ਰੁਪਈਆ ਨਜ਼ਰਾਨਾ ਫੜ ਕੇ ਉਹ ਮਹਾਰਾਜ ਜਾਂ ਮੁਖ ਮੰਤਰੀ ਨੂੰ ਵਿÎਖਾਏ। ਸਰਕਾਰ ਮਜ਼ਬੂਰ ਹੁੰਦੀ ਸੀ ਕਿ ਉਸ ਦਾ ਨਿਆਂ ਕੀਤਾ ਜਾਏ ਤੇ ਤੁਰੰਤ ਫੁਰਤ ਕੀਤਾ ਜਾਏ। ਕਿਹਾ ਸੌਖਾ ਤਰੀਕਾ ਸੀ ਤੇ ਕਿਹਾ ਛੇਤੀ ਨਿਬੇੜਾ ਹੁੰਦਾ ਸੀ। ਪਰ ਪਰਦੇਸੀ ਇਹਿਤਾਸਕਾਰ ਨੇ ਇਸ ਨੂੰ ਭੈੜੇ ਚਾਨਣ ਵਿਚ ਈ ਦਸਿਆ ਏ। ਮੈਂ ਧਿਆਨ ਸਿੰਘ ਦੇ ਲਾਲਚ ਪੁਣੇ ਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ, ਉਹ ਹੈਸੀ ਜਾਂ ਨਹੀਂ ਸੀ, ਏਸ ਲੇਖ ਨਾਲ ਇਸ ਗਲ ਦਾ ਕੋਈ ਸੰਬੰਧ ਨਹੀਂ। ਪਰ ਮੈਂ ਪਾਠਕਾਂ ਦਾ ਧਿਆਨ ਇਸ ਗਲ ਵਲ ਖਿਚਣਾ ਚਾਹੁੰਦਾ ਹਾਂ ਕਿ ਕਿਸ ਤਰ੍ਹਾਂ ਨਿਆਂ ਦੇ ਇਕ ਬੜੇ ਹੀ ਸੋਹਣੇ ਤਰੀਕੇ ਨੂੰ ਪਰਦੇਸੀ ਇਤਿਹਾਸਕਾਰ ਨੇ, ਸਾਡੇ ਦੇਸ ਦੇ ਇਕ ਪੁਰਖ ਦਾ ਲਾਲਚ ਦਸਣ ਲਈ ਭੈੜੇ ਰੰਗ ਵਿਚ ਪੇਸ਼ ਕੀਤਾ ਏ। ਏਸ ਤਰੀਕੇ ਦਾ ਅਜਕਲ ਦੇ ਅਦਾਲਤੀ ਇਨਸਾਫ਼ ਨਾਲ ਟਾਕਰਾ ਕਰਨ ਉਤੇ ਪਤਾ ਲਗ ਜਾਏਗਾ ਕਿ ਇਹ ਇਤਿਹਾਸਕਾਰ ਕਿਥੋਂ ਤਕ ਸਚਾ ਏ ਤੇ ਕਿਸ ਖਿਆਲ ਨਾਲ ਓਸ ਨੇ ਇਹ ਗਲ ਲਿਖੀ ਏ।
ਘਾਤਕ ਸਿਟੇ
ਇਹੋ ਜਿਹਾ ਇਤਿਹਾਸ ਜੇ ਲੋਕਾਂ ਨੂੰ ਪੜ੍ਹਾਇਆ ਜਾਏ ਤਦ ਓਹ ਆਪਣੀ ਕਿਸੇ ਵੀ ਪੁਰਾਣੀ ਗਲ ਨੂੰ ਪਸੰਦ ਨਹੀਂ ਕਰਨਗੇ। ਏਥੋਂ ਤੱਕ ਕਿ ਉਨ੍ਹਾਂ ਨੂੰ ਆਪਣੇ ਦੇਸ ਵਿਚ ਆਦਿ ਜੁਗਾਦਿ ਤੋਂ ਲੈ ਕੇ ਅੰਨ੍ਹ-ਹਨ੍ਹੇਰ ਤੋਂ ਬਿਨਾਂ ਹੋਰ ਕੁਝ ਵਿਖਾਈ ਈ ਨਹੀਂ ਦੇਵੇਗਾ। ਇਹੋ ਕਾਰਨ ਹੈ ਕਿ ਸਾਡੇ ਬਾਲਕ, ਜੋ ਆਪਣੇ ਇਤਿਹਾਸ ਨੂੰ ਅਸਲੀ ਰੰਗ ਵਿਚ ਨਹੀਂ ਵੇਖਦੇ, ਨਿਰਾਸ਼ ਹੋ ਹੋ ਪਰਾਏ ਕੌਮੀ ਵੀਰਾਂ ਤੋਂ ਚਾਨਣ ਢੂੰਡਣ ਦਾ ਯਤਨ ਕਰਦੇ ਨੇ ਤੇ ਪੜ੍ਹਦੇ ਵੀ ਉਨ੍ਹਾਂ ਲੋਕਾਂ ਦੀਆਂ ਪੁਸਤਕਾਂ ਵਿਚੋਂ ਨੇ, ਜਿਨ੍ਹਾਂ ਆਪਣੇ ਇਤਿਹਾਸ ਨੂੰ ਸ਼ਾਨਦਾਰ ਰੰਗਤ ਵਿਚ ਬਣਾ ਕੇ ਦਸਣ ਦਾ ਨੇਮ ਕੀਤਾ ਹੋਇਆ ਏ। ਉਹ ਆਪਣੇ ਵਡਿਆਂ ਦੇ ਚਰਿਤਰ ਲਿਸ਼ਕਾ-ਪੁਸ਼ਕਾ ਕੇ ਅਗੇ ਕਰਦੇ ਨੇ। ਪੜ੍ਹਨ ਵਾਲਿਆਂ ਨੂੰ, ਜੋ ਆਪਣੇ ਇਤਿਹਾਸ ਤੋਂ ਉਕਾ ਅਗਿਆਨੀ ਹੁੰਦੇ ਨੇ, ਇਹ ਬੜਾ ਸੁਆਦਲਾ ਲਗਦਾ ਏ, ਜਿਸ ਤੋਂ ਉਹ ਆਪਣੇ ਦੇਸ ਤੇ ਕੌਮ ਤੋਂ ਪਾਟ ਕੇ ਇਕ-ਦਮ ਪਰਾਈ ਸ਼ਰਨ ਵਿਚ ਚਲੇ ਜਾਂਦੇ ਨੇ। ਉਨ੍ਹਾਂ ਦੀ ਆਪਣੀ ਕੌਮ ਮੁਰਦਾ ਹੁੰਦੀ ਚਲੀ ਜਾਂਦੀ ਏ ਤੇ ਓਧਰ ਵਾਧਾ ਪੈਂਦਾ ਜਾਂਦਾ ਏ। ਹੌਲੀ ਹੌਲੀ ਸੂਝ ਵਾਲਿਆਂ ਆਦਮੀਆਂ ਦੀ ਉਕਾ ਟੋਟ ਕਰਕੇ ਦੇਸੀ ਆਦਰਸ਼ ਤੇ ਜਾਤੀ ਧਰਮ ਅਲੋਪ ਹੋ ਜਾਂਦੇ ਨੇ ਤੇ ਕੌਮ ਪਰਦੇਸੀ ਗੁਲਾਮੀ ਦੀ ਪੰਜਾਲੀ ਹੇਠ ਉਕਾ ਦਬ ਕੇ ਆਪਣੀ ਹੋਂਦ ਨੂੰ ਛਡ ਬਹਿੰਦੀ ਏ।
ਏਹਨਾਂ ਖਿਆਲਾਂ ਤੋਂ ਤ੍ਰੰਗਤ ਹੋ ਕੇ ਮੈਂ ਯਤਨ ਕੀਤਾ ਸੀ ਕਿ ਪੰਜਾਬੀਆਂ ਦੀ ਰੁਚੀ ਪੰਜਾਬੀ ਇਤਿਹਾਸ ਵਲ ਕੀਤੀ ਜਾਏ। ਏਸੇ ਭਾਵ ਨਾਲ ਲਖਸ਼ਮੀ ਦੇਵੀ ਲਿਖੀ ਸੀ। ਜਦ ਮੈਂ ਵੇਖਦਾ ਹਾਂ ਕਿ ਸਾਡੇ ਗਭਰੂ ਮੁੰਡੇ ਆਪਣੇ ਲਈ ਚਾਨਣ ਢੂੰਡਣ ਦਾ ਯਤਨ ਕਰਦੇ ਹੋਏ ਆਪਣੇ ਦੇਸੀ ਇਤਿਹਾਸ ਨੂੰ ਬਿਲਕੁਲ ਛਡ ਕੇ ਚਲੇ ਜਾਂਦੇ ਨੇ, ਤਦ ਮੈਨੂੰ ਬੜੀ ਸ਼ਰਮ ਆਉਂਦੀ ਏ ਕਿ ਅਸੀਂ ਆਪਣਿਆਂ ਗਭਰੂਆਂ ਨੂੰ ਵਿਦਿਆ ਦਾ ਚਾਨਣਾ ਦੇਣ ਦੇ ਕੇਡੇ ਅਸਮਰਥ ਹਾਂ। ਸ਼ੈਕਸਪੀਅਰ ਦੇ ਡਰਾਮੇ ਤੇ ਬੇਕਨ ਦੇ ਲੇਖ ਉਨ੍ਹਾਂ ਲਈ ਵਿਦਿਆ ਦਾ ਭੰਡਾਰ ਨੇ ਪਰ ਭਾਈ ਗੁਰਦਾਸ ਦੀਆਂ ਵਾਰਾਂ ਤੇ ਸਵਯੇ ਓਨੇ ਸੁਆਦਲੇ ਨਹੀਂ। ਕੀ ਸਾਡੇ ਵਾਸਤੇ ਫਰਜ਼ ਨਹੀਂ ਕਿ ਅਸੀਂ ਆਪਣਿਆਂ ਇਤਿਹਾਸਕ ਵੀਰਾਂ ਦਿਆਂ ਚਰਿਤਰਾਂ ਨੂੰ ਓਸੇ ਰੰਗ ਨਾਲ ਸੁਆਦਲਾ ਬਣਾ ਕੇ ਗਭਰੂਆਂ ਤੇ ਮੁਟਿਆਰਾਂ ਦਿਆਂ ਵਿਦਿਆ-ਪ੍ਰੇਮੀ-ਚਿਤਾਂ ਲਈ ਬੁਧ-ਭੋਜਨ ਤਿਆਰ ਕਰੀਏ। ਆਪਣੀ ਅਲਪ ਸ਼ਕਤੀ ਦੇ ਅਨੁਸਾਰ ਮੈਂ ਇਸ ਆਹਰ ਵਿਚ ਲਖਸ਼ਮੀ ਦੇਵੀ ਨੂੰ ਛਡ ਕੇ ਦੋ ਨਾਟਕ ਲਿਖ ਚੁਕਾ ਹਾਂ, ਇਕ ਮਹਾਰਾਜ ਰਣਜੀਤ ਸਿੰਘ ਪਹਿਲਾ ਭਾਗ ਤੇ ਦੂਜਾ ਮਹਾਰਾਜ ਰਣਜੀਤ ਸਿੰਘ ਦੂਜਾ ਭਾਗ। ਮੇਰੇ ਤੋਂ ਵਧੇਰੇ ਵਿਦਵਾਨ ਪੁਰਖਾਂ ਦਾ ਵੀ ਧਰਮ ਹੈ ਕਿ ਉਹ ਵੀ ਇਤਿਹਾਸਕ ਵੀਰਾਂ ਦੀਆਂ ਚਰਿਤਰਾਂ ਨੂੰ ਲੋਕਾਂ ਤਕ ਪਹੁੰਚਾਉਣ ਦਾ ਯਤਨ ਕਰਨ।

ਲਾਲਾ ਕਿਰਪਾ ਸਾਗਰ

Leave a Reply

Your email address will not be published. Required fields are marked *