ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖ਼ਤਮ ਹੁੰਦਿਆਂ ਹੀ ਪੰਜਾਬੀ ਭਾਸ਼ਾ ਦੇ ਬੁਰੇ ਦਿਨਾਂ ਦੀ ਕਹਾਣੀ ਸ਼ੁਰੂ ਹੁੰਦੀ ਹੈ। ਅੰਗ੍ਰੇਜਾਂ ਨੇ ਪੰਜਾਬ ਨੂੰ ਆਪਣੀ ਇੰਡੀਅਨ ਸਲਤਨਤ ਵਿਚ ਮਿਲਾ ਲਿਆ ਤੇ ਦੋ ਸਾਲ ਬਾਅਦ ਹੀ ਸਰਕਾਰੀ ਕੰਮਕਾਜ ਦੀ ਭਾਸ਼ਾ ਉਰਦੂ ਲਾਗੂ ਕਰ ਦਿਤੀ। ਉਨ੍ਹਾਂ ਦਿਨਾਂ ਵਿਚ ਊਰਦੂ ਪੜ੍ਹੇ ਲਿਖੇ ਲੋਕ ਪੰਜਾਬ ਵਿਚ ਨਹੀਂ ਮਿਲਦੇ ਸਨ ਤਾਂ ਅੰਗ੍ਰੇਜ਼ਾਂ ਨੇ ਉਰਦੂ ਪੜ੍ਹੇ ਬਾਬੂ ਉਤਰ ਪ੍ਰਦੇਸ਼ ਅਤੇ ਬਿਹਾਰ ਵਿਚੋਂ ਲੈ ਕੇ ਆਂਦੇ। ਅੰਗ੍ਰੇਜ਼ਾਂ ਨੂੰ ਪੰਜਾਬੀਆਂ ਦੀ ਵਫਾਦਾਰੀ ਉਤੇ ਵੀ ਸ਼ੱਕ ਸੀ ਪਰ ਉਨ੍ਹਾਂ ਨੇ ਯੂਪੀ ਅਤੇ ਸੀਪੀ ਵਿਚ ਆਪਣੇ ਵਫ਼ਾਦਾਰਾਂ ਦੀ ਜਮਾਤ ਪੈਦਾ ਕਰ ਲਈ ਸੀ।
ਅਗਲੇ 30 ਸਾਲਾਂ ਤਕ ਅੰਗ੍ਰੇਜ਼ਾਂ ਨੇ ਪੰਜਾਬ ਦਾ ਪੁਰਾਣਾ ਪੜ੍ਹਾਈ ਲਿਖਾਈ ਦਾ ਸਿਸਟਮ ਚਲਣ ਦਿਤਾ, ਜਿਸ ਅਨੁਸਾਰ ਗੁਰਮੁਖੀ ਲਿਪੀ ਵਿਚ ਪੰਜਾਬੀ ਗੁਰੂਦੁਆਰਿਆਂ ਅਤੇ ਧਰਮਸ਼ਾਲਾਵਾਂ ਵਿਚ ਪੜ੍ਹਾਈ ਜਾਂਦੀ ਸੀ, ਹਿੰਦੀ-ਸੰਸਕ੍ਰਿਤ ਮੰਦਰਾਂ ਸ਼ਿਵਾਲਿਆਂ ਵਿਚ ਅਤੇ ਉਰਦੂ-ਅਰਬੀ ਨੂੰ ਮੌਲਵੀ ਲੋਕ ਮਸੀਤਾਂ ਮਦਰਸਿਆਂ ਵਿਚ ਪੜ੍ਹਾਇਆ ਕਰਦੇ ਸਨ। ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬੀ ਪ੍ਰਤੀ ਬਹੁਤ ਪਿਆਰ ਸੀ। ਉਸ ਨੇ ਆਪਣੇ ਦਰਬਾਰ ਦੀ ਬੋਲੀ ਪੰਜਾਬੀ ਰਖੀ।ਸ਼ਾਹੀ ਮੋਹਰਾਂ ਪੰਜਾਬੀ ਭਾਸ਼ਾ ਵਿਚ ਸਨ ਅਤੇ ਰਣਜੀਤ ਸਿੰਘ ਟੁਟੇ-ਭਜੇ ਦਸਖ਼ਤ ਵੀ ਪੰਜਾਬੀ ਵਿਚ ਹੀ ਕਰਦਾ ਸੀ। ਉਸ ਨੇ ਮਹਾਂਭਾਰਤ ਅਤੇ ਰਮਾਇਣ ਆਦਿ ਹਿੰਦੂ ਸ਼ਾਸ਼ਤਰਾਂ ਦੇ ਉਲਥੇ ਪੰਜਾਬੀ ਵਿਚ ਕਰਵਾਏ। ਇਸ ਦੇ ਨਾਲ ਹੀ ਪੰਜਾਬੀ ਦੇ ਫੈਲਾਓ ਅਤੇ ਵਿਕਾਸ ਲਈ ਉਸਨੇ ਪਿੰਡ ਪਿੰਡ ਪੰਜਾਬੀ ਅਤੇ ਮੁਢਲੇ ਹਿਸਾਬ ਦੇ ‘ਕਾਇਦੇ’ ਸਰਕਾਰੀ ਪਧਰ ਉਤੇ ਪਿੰਡ ਪਿੰਡ ਪਹੁੰਚਾਏ ਅਤੇ ਵਡੀ ਗਿਣਤੀ ਵਿਚ ਪੰਜਾਬੀ ਔਰਤਾਂ ਪੰਜਾਬੀ ਪੜ੍ਹਨ ਅਤੇ ਘਰੇਲੂ ਹਿਸਾਬ ਕਿਤਾਬ ਰਖਣ ਵਿਚ ਸਮਰਥ ਸਨ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਵਿਚ ਵਿਦਿਆ ਦਾ ਪਧਰ ਉਸ ਸਮੇਂ ਦੇ ਯੋਰਪੀਅਨ ਮੁਲਕਾਂ ਦੇ ਮਿਆਰ ਤੋਂ ਉਚਾ ਸੀ ਇਸ ਗਲ ਦੀ ਸਾਖੀ ਤੇ ਸਬੂਤ ਉਸ ਸਮੇਂ ਦੇ ਅੰਗ੍ਰੇਜ਼ ਅਫ਼ਸਰ ਡਾਕਟਰ ਜੀ. ਡਬਲਯੂ ਲਾਇਟਨਰ ਨੇ ਦਸਤਾਵੇਜ਼ੀ ਪਧਰ ਉਤੇ ਆਪਣੀ ਲਿਖੀ ਕਿਤਾਬ ਵਿਚ ਦਿਤੇ ਹਨ। ਉਸ ਨੇ ਆਪਣੀ ਕਿਤਾਬ ਵਿਚ ਦਰਜ਼ ਕੀਤਾ ਹੈ ਕਿ ਲਾਹੌਰ ਵਿਚ ਕਲਾ ਸਾਇੰਸ ਅਤੇ ਸੰਗੀਤ ਪੜ੍ਹਾਉਣ ਦਾ ਵਿਦਿਅਕ ਪ੍ਰਬੰਧ ਯੋਰਪ ਦੇ ਮੁਲਕਾਂ ਤੋਂ ਪੰਦਰਾਂ ਸਾਲ ਅਗੇ ਸੀ।
ਅੰਗ੍ਰੇਜ਼ਾਂ ਨੇ ਆਉਂਦਿਆਂ ਹੀ ਪੰਜਾਬ ਦੇ ਪੁਰਾਣੇ ਵਿਦਿਅਕ ਢਾਂਚੇ ਨੂੰ ਤਹਿਸ ਨਹਿਸ ਕੀਤਾ, ਜਿਸ ਵਿਚ ਪੰਜਾਬੀ ਭਾਸ਼ਾ ਦਾ ਵਡਾ ਨੁਕਸਾਨ ਹੋਇਆ।ਅੰਗ੍ਰੇਜ਼ਾਂ ਨੇ ਇਕ ਸਾਜਿਸ਼ ਅਧੀਨ ਐਲਾਨ ਕੀਤਾ ਕਿ ਜੋ ਵਿਅਕਤੀ ਸਰਕਾਰ ਕੋਲ ਕਾਇਦਾ ਜਮਾਂ ਕਰਵਾਏਗਾ, ਉਸ ਨੂੰ ਦੋ ਰੁਪਏ ਅਤੇ ਹਥਿਆਰ ਜਮਾਂ ਕਰਵਾਉਣ ਵਾਲੇ ਨੂੰ ਇਕ ਰੁਪਇਆ ਦਿਤਾ ਜਾਵੇਗਾ।ਇਉਂ ਇਕਤਰ ਕੀਤੇ ਸਾਰੇ ਕਾਇਦੇ ਬਾਅਦ ਵਿਚ ਅਗ ਲਾ ਸਾੜ ਦਿਤੇ ਗਏ।
ਅੰਗ੍ਰੇਜ਼ਾਂ ਨੇ ਪਛਮੀ ਵਿਦਿਅਕ ਢਾਂਚੇ ਦੀ ਤਰਜ਼ ਉਤੇ ਪਹਿਲਾ ਸਕੂਲ ਲਾਹੌਰ ਵਿਚ 1867 ਵਿਚ ਖੋਲ੍ਹਿਆ। ਬਾਅਦ ਵਿਚ ਪਛਮੀ ਤਰਜ਼ ਦੀ ਵਿਦਿਆ ਸਾਰੇ ਪੰਜਾਬ ਵਿਚ ਫੈਲਾਊਣ ਲਈ 1882 ਵਿਚ ਲਾਰਡ ਹੰਟਰ ਦੀ ਪ੍ਰਧਾਨਗੀ ਹੇਠ ਇਕ ‘ਵਿਦਿਅਕ ਕਮਿਸ਼ਨ’ ਬਣਾਇਆ ਗਿਆ। ਇਸ ਕਮਿਸ਼ਨ ਨੇ ਸਾਰੇ ਪੰਜਾਬ ਵਿਚੋਂ ਵਿਚਾਰ ਇਕਠੇ ਕਰਕੇ ਇਹ ਫੈਸਲਾ ਕਰਨਾ ਸੀ ਕਿ ਪੰਜਾਬ ਦੇ ਸਕੂਲਾਂ ਵਿਚ ਪੜ੍ਹਾਈ ਕਿਹੜੀ ਭਾਸ਼ਾ ਵਿਚ ਕਰਵਾਈ ਜਾਵੇ। ਉਨ੍ਹਾਂ ਦਿਨਾਂ ਵਿਚ ਪੰਜਾਬ ਵਿਚ ਆਰੀਆ ਸਮਾਜ ਅਤੇ ਬਰ੍ਹਮੋ ਸਮਾਜ ਵਰਗੀਆਂ ਹਿੰਦੂ ਸੰਸਥਾਵਾਂ ਖੜ੍ਹੀਆਂ ਹੋ ਚੁਕੀਆਂ ਸਨ।ਜਿਨ੍ਹਾਂ ਦੀ ਪਿਠ ਉਤੇ ਖੜ੍ਹੇ ਅਮੀਰ ਹਿੰਦੂ ਵਪਾਰੀਆਂ ਨੇ ਕਮਿਸ਼ਨ ਕੋਲ ਸਭ ਤੋਂ ਵਧ ਪਟੀਸ਼ਨਾਂ ਪਹੁੰਚਾਈਆਂ ਅਤੇ ਇਸ ਗਲ ਉਤੇ ਜ਼ੋਰ ਦਿਤਾ ਕਿ ਪੰਜਾਬ ਵਿਚ ਪੜ੍ਹਾਈ ਦਾ ਮਾਧਿਅਮ ਹਿੰਦੀ ਅਤੇ ਦੇਵ ਨਾਗਰੀ ਲਿਪੀ ਵਿਚ ਹੋਵੇ। ਉਸ ਸਮੇਂ ਪੰਜਾਬ ਦੀ 37ਫ਼ੀਸਦੀ ਹਿੰਦੂ ਅਬਾਦੀ ਦੇ ਆਪੂ ਬਣੇ ਆਗੂਆਂ ਨੇ ਆਪਣੀ ਪੰਜਾਬੀ ਮਾਂ ਬੋਲੀ ਤਿਆਗੀ ਅਤੇ ਆਪਣਾ ਕੇਸ ਮਜ਼ਬੂਤ ਕਰਨ ਲਈ ਪੰਜਾਬੀ ਅਤੇ ਊਰਦੂ ਵਿਰੁਧ ਊਲ-ਜਲੂਲ ਜੁਮਲੇ ਘੜ੍ਹੇ।
ਇਥੋਂ ਤਕ ਵੀ ਕਹਿ ਦਿਤਾ ਕਿ ਪੰਜਾਬੀ ਤਾਂ ਹਿੰਦੀ ਦੀ ਉਪ ਭਾਸ਼ਾ (ਡਾਇਲੈਕਟ) ਅਤੇ ਗੁਰਮੁਖੀ ਲਿਪੀ ਦੇਵਨਾਗਰੀ ਲਿਪੀ ਦੀ ਉਜ਼ਡ ਕਿਸਮ ਦੀ ਨਕਲ ਹੈ।ਇਉਂ ਹੀ ਪੰਜਾਬ ਦੀ 55-56 % ਮੁਸਲਮਾਨ ਆਬਾਦੀ ਦੇ ਨੁਮਾਇੰਦਿਆ ਨੇ ਆਪਣੇ ਹਿੰਦੀ ਪ੍ਰਤੀ ਧਾਰਮਿਕ ਤੇ ਸੰਸਕ੍ਰਿਤ ਵਿਰੋਧ ਵਿੱਚੋ ਉਰਦੂ ਨੂੰ ਸਿਖਿਆ ਦਾ ਮਾਧਿਅਮ ਬਣਾਉਣ ਲਈ ਜ਼ੋਰਦਾਰ ਵਕਾਲਤ ਕੀਤੀ।ਉਸ ਸਮੇਂ ਪੰਜਾਬ ਵਿਚ 6 ਕੁ ਪ੍ਰਤੀਸ਼ਤ ਸਿਖ ਅਬਾਦੀ ਦੀ ਨੁਮਾਇੰਦਗੀ ਕਰਦਿਆ ਸਿੰਘ ਸਭਾ ਪੰਜਾਬੀ ਅਤੇ ਗੁਰਮੁਖੀ ਲਿਪੀ ਦੇ ਹੱਕ ਵਿਚ ਖੜ੍ਹੀ ਹੋਈ।
ਇਤਿਹਾਸਕਾਰ ਰਾਜ ਮੋਹਨ ਗਾਂਧੀ ਲਿਖਦਾ ਹੈ ਕਿ 19 ਵੀਂ ਸਦੀ ਵਿਚ ਉਤਰ ਪ੍ਰਦੇਸ਼ ਅਤੇ ਕੇਂਦਰੀ ਪ੍ਰਦੇਸ਼ ਦੇ ਹਿੰਦੂ ਲੀਡਰਾ ਨੇ ਉਰਦੂ ਵਿਰੁਧ ਅਤੇ ਹਿੰਦੀ ਦੇ ਹਕ ਵਿਚ ਧਾਰਮਿਕ ਪਧਰ ਦੀ ਲੜਾਈ ਵਿਢ ਦਿਤੀ ਸੀ।ਇਸ ਲੜਾਈ ਦਾ ਅਸਰ ਪੰਜਾਬ ਤਕ ਪਹੁੰਚ ਗਿਆ।ਪੰਜਾਬੀ ਮੁਸਲਮਾਨ ਹਿੰਦੀ ਨੂੰ ਸਕੂਲਾਂ ਦੀ ਭਾਸ਼ਾ ਬਣਨ ਤੋਂ ਰੋਕਣ ਲਈ ਉਰਦੂ ਦੇ ਹੱਕ ਵਿਚ ਤਣ ਗਏ ਤੇ ਇਸ ਧਾਰਮਿਕ ਤੁਅਸਬ ਅਧੀਨ ਉਹ ਪੰਜਾਬੀ ਤੋ ਮੁਖ ਮੋੜ ਗਏ।ਸਤਰਾਂ ਸਾਲਾਂ ਬਾਅਦ ਇਸੇ ਹਿੰਦੀ ਤੇ ਉਰਦੂ ਦੇ ਮੁਦਈਆ ਦੀ ਆਪਸੀ ਲੜਾਈ, ਵਿਰਾਟ ਹਿੰਦੂ – ਮੁਸਲਿਮ ਫਿਰਕਿਆਂ ਦੇ ਜੰਗ ਦਾ ਰੂਪ ਧਾਰਨ ਕਰ ਗਈ ਅਤੇ ਪੰਜਾਬ ਦੇ 1947 ਵਿਚ ਦੋ ਟੁਕੜੇ ਹੋ ਗਏ।
ਉਨ੍ਹਾਂ ਦਿਨਾਂ ਵਿਚ ਡਾ. ਲ਼ਾਇਟਨਰ ਨੇ ਕਮਿਸ਼ਨ ਅਗੇ ਆਪਣਾ ਵਿਚਾਰ ਪੇਸ਼ ਕਰਦਿਆ ਹਿੰਦੀ ਭਾਸ਼ਾ ਦੀ ਵਕਾਲਤ ਕਰਨ ਵਾਲੇ ਪੰਜਾਬੀ ਹਿੰਦੂ ਲੀਡਰਾਂ ਬਾਰੇ ਕਿਹਾ ਸੀ ਕਿ ਉਹ ਹਿੰਦੀ ਨੂੰ ਸਰਕਾਰੀ ਰੁਤਬਾ ਦਵਾ ਕੇ ਪੰਜਾਬ ਤੋਂ ਬਾਹਰ ਦੇਸ਼ ਦੇ ਵੱਡੇ ਹਿੰਦੂ ਤਬਕੇ ਨਾਲ ਆਪਣੀ ਸਾਂਝ ਬਣਾ ਕੇ ਵਡੀ ‘ਕੌਮੀ ਏਕਤਾ’ ਖੜ੍ਹੀ ਕਰਨਾ ਚਾਹੁੰਦੇ ਹਨ”।ਇਕ ਸਦੀ ਪਹਿਲਾਂ ਪੰਜਾਬੀ ਹਿਦੂੰਆਂ ਬਾਰੇ ਡਾ. ਲ਼ਾਇਟਨਰ ਦਾ ਮੁਲਾਂਕਣ ਅਤੇ ਧਾਰਨਾ 1947 ਤੋਂ ਬਾਅਦ ਆਜ਼ਾਦ ਭਾਰਤ ਵਿਚ ਵੀ ਖਰ੍ਹੀ ਉਤਰੀ।ਆਜ਼ਾਦੀ ਪ੍ਰਾਪਤ ਹੁੰਦਿਆ ਹੀ ਪੰਜਾਬੀ ਹਿੰਦੂ ਆਪਣੀ ਮਾਂ ਬੋਲੀ ਤਿਆਗ ਕੇ ਪੰਜਾਬੀ ਸੂਬੇ ਦੇ ਵਿਰੋਧ ਵਿਚ ਤੇ ਹਿੰਦੀ ਦੇ ਹੱਕ ਵਿੱਚ ਨਿਤਰ ਆਏ ਸਨ।
ਅਸਲ ਵਿਚ ਮਹਾਤਮਾ ਗਾਂਧੀ ਦੇ 1920 ਵਿੱਚ ਕਾਂਗਰਸ ਦੀ ਅਗਵਾਈ ਸ਼ੁਰੂ ਕਰਨ ਸਮੇਂ ਤੋਂ ਹੀ ਹਿੰਦੂਵਾਦੀ ਤਾਕਤਾਂ ਦਾ ਸਿਆਸੀ ਪਧਰ ਉਤੇ ਉਭਾਰ ਸ਼ੁਰੂ ਹੋ ਗਿਆ ਸੀ।ਗਾਂਧੀ ਨੇ ਕਾਂਗਰਸ ਨੂੰ ਮਜ਼ਬੂਤ ਸਿਆਸੀ ਜਮਾਤ ਬਣਾਉਣ ਲਈ ਸਾਰੇ ਹਿੰਦੂਤਵੀ ਹਥਕੰਡੇ ਅਪਣਾਏ।ਆਪ ਉਸ ਨੇ ਪੈਂਟ ਕੋਟ ਉਤਾਰ ਕੇ ਹਿੰਦੂ ਫਕੀਰ ਦਾ ਰੂਪ ਧਾਰਨ ਕਰ ਲਿਆ, ਆਸ਼ਰਮ ਬਣਾ ਲਿਆ, ਵਰਤ ਰਖਣੇ ਸ਼ੁਰੂ ਕਰ ਦਿਤੇ।ਗਾਂਧੀ ਨੇ ਆਪਣੇ ਆਪ ਨੂੰ ਜ਼ਾਹਰਾਂ ਤੌਰ ਤੋਂ ਹਿੰਦੂ ਧਾਰਮਿਕ ਵਿਅਕਤੀ ਐਲਾਨਿਆ ਤੇ ਹਿੰਦੀ ਭਾਸ਼ਾ ਤੇ ਜਾਤੀਵਾਦੀ ਬ੍ਰਾਹਮਣਵਾਦੀ ਵਿਵਸਥਾ ਦੇ ਹਕ ਵਿਚ ਖੜ੍ਹਾ ਹੋ ਗਿਆ।ਇਸ ਤਰ੍ਹਾਂ ਕਾਂਗਰਸ ਰਾਹੀਂ ਹਿੰਦੂ ਰਾਸ਼ਟਰਵਾਦੀ ਭਾਵਨਾਵਾਂ ਜਾਂ ਹਿੰਦੂਵਾਦੀ ਰਾਸ਼ਟਰਵਾਦ ਦੀ ਸੁਰੂਆਤ ਭਾਰਤੀ ਉਪਮਹਾਂਦੀਪ ਵਿਚ ਹੋਈ।ਭਾਵੇਂ ਕਿ ਕਾਂਗਰਸ ਨੇ ‘ਧਰਮ-ਨਿਰਪੇਖ’ (ਸੈਕੂਲਰ) ਚਾਦਰ ਓੜਕੇ, ਦੇਸ਼ ਦੀ ਆਜ਼ਾਦੀ ਦੀ ਲੜਾਈ ਆਰੰਭੀ ਸੀ।ਇਸ ਨਾਲ ਹੀ ਪਛਮੀ ਰਾਜਨੀਤੀ ਦੀ ਤਰਜ਼ ਉਤੇ ਭਾਰਤ ਨੂੰ ਇਕ ‘ਨੇਸ਼ਨ ਸਟੇਟ’ (ਅਸਲ ਵਿਚ ਹਿੰਦੂ ਰਾਸ਼ਟਰ) ਖੜਾ ਕਰਨ ਦੀ ਅੰਦਰੂਨੀ ਗੁਪਤ ਕਵਾਇਦ ਸ਼ੁਰੂ ਹੋਈ। ਇਸ ਮੁਹਿੰਮ ਦੇ ਚਿਹਰੇ ਜਵਾਹਰ ਲਾਲ ਨਹਿਰੂ ਤੇ ਸਰਦਾਰ ਪਟੇਲ ਸਨ।
ਦੂਜੇ ਪਾਸੇ, ਦੇਸ਼ ਦੀ ਆਜ਼ਾਦੀ ਦਾ 25% ਮੁਸਲਮਾਨ ਫਿਰਕੇ ਦੇ ਲੀਡਰਾਂ ਖਾਸ ਕਰਕੇ ਜਿਨਾਹ ਵਰਗੇ ਕਾਂਗਰਸ ਦੀਆ ਇਨ੍ਹਾਂ ਸਿਆਸੀ ਚਾਲਾਂ ਨੂੰ ਸਮਝ ਗਏ ਅਤੇ ਉਨ੍ਹਾਂ ਨੇ ਕਾਂਗਰਸ ਨਾਲੋਂ ਨਾਤਾ ਤੋੜ ਕੇ ਮੁਸਲਿਮ ਲੀਗ ਦੇ ਪਲੇਟਫਾਰਮ ਤੋਂ ‘ਵੱਖਰਾ ‘ਮੁਸਲਮਾਨ ਦੇਸ਼’ ਖੜ੍ਹਾ ਕਰਨ ਦੀ ਮੁਹਿੰਮ ਵਿਢ ਦਿਤੀ ਅਤੇ ਅਖੀਰ ਉਹ ਆਪਣੇ ਮਿਸ਼ਨ ਵਿਚ ਕਾਮਯਾਬ ਹੋ ਗਏ।
ਵੀਹਵੀਂ ਸਦੀ ਦੇ ਮੁਢਲੇ ਦਿਨਾਂ ਵਿਚ ਪਛਮੀ ਯੋਰਪੀਅਨ ਤਰਜ਼ ਤੇ ‘ਨੇਸ਼ਨ-ਸਟੇਟ’ ਖੜ੍ਹੇ ਕਰਨ ਦਾ ਰਾਜਨੀਤਕ ਮੁਹਾਵਰਾਂ ਤੇ ਸਮਝ ਦਾ ਬੋਲਬਾਲਾ ਸੀ।ਇਸ ਵਿਵਸਥਾ ਨੂੰ ਡੈਮੋਕਰੇਸੀ ਤੇ ਲੋਕਤਤੰਰ ਰਾਜਪ੍ਰਬੰਧ ਦਾ ਉਤਮ ਨਮੂਨਾ ਸਮਝਿਆ ਜਾਂਦਾ ਸੀ।ਜਦੋ 1947 ਵਿਚ ਅੰਗਰੇਜਾਂ ਨੇ ਕਾਂਗਰਸ ਤੇ ਮੁਸਲਿਮ ਲੀਗ ਨੂੰ ਰਾਜਸਤਾ ਸੌਂਪੀ ਤਾਂ ਦੋਨਾਂ ਨੇ ਇਕੋ ਹੀ ਤਰਜ਼ ਉਤੇ ਆਪਣੇ ਆਪਣੇ ਰਾਸ਼ਟਰੀ ਨਿਜ਼ਾਮ”ਸਥਾਪਤ ਕਰਨੇ ਸ਼ੁਰੂ ਕਰ ਦਿਤੇ।
ਯੋਰਪੀਅਨ ਰਾਜਨੀਤਕ ਸਮਝ ਇਹ ਹੈ ਕਿ ‘ਮਜ਼ਬੂਤ ਰਾਸ਼ਟਰ’ (ਨੇਸ਼ਨ) ਬਣਾਉਣ ਲਈ ਦੇਸ ਵਿਚ ਇਕ ਬੋਲੀ-ਭਾਸ਼ਾ ਉਤੇ ਆਧਾਰਿਤ ਸਾਂਝੇ ਕਲਚਰ ਦਾ ਨਿਰਮਾਣ ਕਰਨਾ ਜ਼ਰੂਰੀ ਹੁੰਦਾ ਹੈ।ਇਸ ਸਮਝ ਅਧੀਨ ਕਾਂਗਰਸ ਨੇ ਭਾਰਤ ਵਿਚ ਹਿੰਦੀ ਨੂੰ ‘ਕੌਮੀ ਭਾਸ਼ਾ’ (ਹਿੰਦੀ ਅਜੇ ਤੱਕ ਦੇਸ਼ ਦੀ ਸਰਕਾਰੀ ਭਾਸ਼ਾ ਹੈ, ਨੈਸ਼ਨਲ ਭਾਸ਼ਾ ਨਹੀ) ਬਣਾਉਣ ਦਾ ਕਾਰਜ ਆਰੰਭਿਆ।ਜਦੋਂ ਨਵੀਂ ਦਿੱਲੀ ਦੀ ਕੇਂਦਰੀ ਸਰਕਾਰ ਜਾਂ ‘ਇੰਡੀਅਨ ਸਟੇਟ’ ਨੇ ‘ਹਿੰਦੀ ਪ੍ਰੋਜੈਕਟ’ ਨੂੰ ਲਾਗੂ ਕਰਨਾ ਸ਼ੁਰੂ ਕੀਤਾ ਤਾਂ ਪੰਜਾਬੀ ਭਾਸ਼ਾ ਸਮੇਤ ਸੈਂਕੜੇ ਛੋਟੀਆਂ – ਵਡੀਆਂ ਭਾਰਤੀ ਭਾਸ਼ਾਵਾਂ ਲਈ ਖਤਰੇ ਦੀ ਘੰਟੀ ਖੜ੍ਹਕ ਗਈ।ਇਸੇ ਹਿੰਦੂਵਾਦੀ ਰਾਸ਼ਟਰੀ ਭਾਵਨਾਵਾਂ ਹੇਠ, ਪੰਜਾਬੀ ਹਿੰਦੂਆਂ ਨੇ ਹਿੰਦੀ ਤਿਆਗੀ।ਉਸ ਸਮੇਂ ਤੋਂ ਸ਼ੁਰੂ ਹੋਏ ਇਸ ਸਿਲਸਿਲੇ ਅਧੀਨ, ਪੰਜਾਬੀ ਭਾਸ਼ਾ ਸਰਕਾਰੀ ਭਾਸ਼ਾ ਬਣਕੇ ਵੀ ਆਪਣਾ ਅਧਾਰ ਪੰਜਾਬ ਤੋਂ ਲਗਾਤਾਰ ਗੁਆ ਰਹੀ ਹੈ।
ਹੁਣ ਜਦੋਂ ਪੰਜਾਬ ਵਿਚ ਰਾਜਸਤਾ ਹੀ ਬਾਦਲਕੇ, ਭਾਜਪਾ ਤੇਂ ਕੇਂਦਰੀ ਹਿੰਦੂਵਾਦੀ ਤਾਕਤਾਂ ਤੇ ਰਹਿਮੋ-ਕਰਮ ਉਤੇ ਹੈ ਤਾਂ ਪੰਜਾਬੀ ਭਾਸ਼ਾ ਦਾ ਭਲਾ ਤੇ ਵਿਕਾਸ ਕਿਵੇਂ ਸੰਭਵ ਹੋ ਸਕਦਾ ਹੈ? ਕਾਂਗਰਸ ਦੀ ਗੱਲ ਛੱਡੋ ਪੰਜਾਬੀ ਦੇ ਮੁਦਈ ਅਕਾਲੀ ਹੀ ਜਦੋ ਆਪਣੀ ਭਾਸ਼ਾਂ ਤੋ ਮੁਖ ਮੋੜ ਗਏ ਹਨ ਤਾਂ ਪੰਜਾਬੀ ਬੋਲੀ ਕਿਵੇਂ ਬਚੇਗੀ? ਇਸੇ ਕਰਕੇ ਬਾਦਲ ਸਰਕਾਰ ਪੰਜਾਬ ਦੇ ਸਕੂਲਾਂ ਵਿਚ ਪੰਜਾਬੀ ਲਾਗੂ ਕਰਨ ਸੰਬੰਧੀ ਬਣਾਏ ਆਪਣੇ ਹੀ ਕਾਨੂੰਨ ਨੂੰ ਲਾਗੂ ਨਹੀਂ ਕਰਵਾ ਸਕੀ।
ਪੰਜਾਬੀ ਦੇ ਵਡੇ ਖਿਤੇ ਲਹਿੰਦੇ ਪਾਕਿਸਤਾਨੀ ਪੰਜਾਬ ਵਿਚ ਵੀ ਪੰਜਾਬੀ ਭਾਸ਼ਾ ਦੀ ਵਡੀ ਦੁਰਦਸ਼ਾ ਹੋਈ ਹੈ। ਸਤਰ ਸਾਲਾਂ ਬਾਅਦ ਤਕ ਵੀ ਲਹਿੰਦੇ ਪੰਜਾਬ ਵਿਚ ਪੰਜਾਬੀ ਭਾਸ਼ਾ ਨੂੰ ਸਕੂਲਾਂ ਦੇ ਨੇੜੇ ਤਕ ਨਹੀਂ ਢੁਕਣ ਦਿਤਾ, ਜਦੋਂ ਕਿ ਲਾਹੌਰ ਤੇ ਹੋਰਨਾਂ ਸ਼ਹਿਰਾਂ ਵਿਚ ਬਲੋਚੀ, ਸਿੰਧੀ ਅਤੇ ਪਸ਼ਤੋ ਪੜ੍ਹਾਉਣ ਦੇ ਸਕੂਲ ਖੁੱਲ੍ਹ ਗਏ ਹਨ। ਪੰਜਾਬੀ ਵਿਰਾਸਤ ਤੇ ਸਭਿਆਚਾਰ ਨੂੰ ਪਿਆਰ ਕਰਨ ਵਾਲਿਆਂ ਨੇ ਪਿਛਲੇ ਦਿਨੀਂ ਹੀ ਲਾਹੌਰ ਵਿਚ ਧਰਨੇ ਮੁਜ਼ਾਹਰੇ ਕੀਤੇ ਹਨ ਕਿ ਘਟੋ ਘਟ ਲਹਿੰਦੇ ਪੰਜਾਬ ਦੀ ਅਸੈਂਬਲੀ ਵਿਚ ਤਾਂ ਪੰਜਾਬੀ ਬੋਲੀ ਵਿਚ ਬਹਿਸ ਕਰਨ ਦੀ ਇਜਾਜ਼ਤ ਦਿਤੀ ਜਾਵੇ।”
ਮੁਸਲਿਮ ਲੀਗ ਨੇ ਉਰਦੂ ਭਾਸ਼ਾ ਨੂੰ ਅਧਾਰ ਬਣਾ ਕੇ ਪਾਕਿਸਤਾਨ ਖੜ੍ਹਾ ਕਰਨ ਦੀ ਲੜਾਈ ਲੜੀ ਸੀ। ਇਸੇ ਕਰਕੇ ਪਾਕਿਸਤਾਨ ਦੀ ਕੌਮੀ ਭਾਸ਼ਾ ਵੀ ਉਰਦੂ ਨੂੰ ਬਣਾ ਲਿਆ, ਭਾਵੇਂ ਕਿ ਉਰਦੂ ਦਿੱਲੀ ਆਗਰਾ ਦੇ ਇਲਾਕਿਆਂ ਵਿਚ ਇਕ ਹਿੰਦੁਸਤਾਨੀ ਸਾਂਝੀ ਭਾਸ਼ਾ ਦੇ ਤੌਰ ਉਤੇ ਮੁਗਲਾਂ ਦੇ ਜ਼ਮਾਨੇ ਵਿਚ ਉਭਰਿਆ ਸੀ।ਉਰਦੂ ਨੂੰ ਲਾਗੂ ਕਰਨ ਵਿਚ ਪਾਕਿਸਤਾਨੀ ਹਾਕਮਾਂ ਨੇ ਭਾਰਤੀ ਹਾਕਮਾਂ ਤੋਂ ਵੀ ਵਧ ਕੁਰਖਤ ਤੇ ਹੈਂਕੜ ਭਰਿਆ ਰਵਈਆ ਅਪਣਾਇਆ ਸੀ। ਜਦੋਂ ਜਿਨਾਹ ਦੀ ਆਮਦ ਉਤੇ ਢਾਕਾ ਯੂਨਿਵਰਸਿਟੀ ਦੇ ਵਿਦਿਆਰਥੀਆਂ ਨੇ ਪੂਰਬੀ ਪਾਕਿਸਤਾਨ ਦੀ ਸਰਕਾਰੀ ਬੋਲੀ ‘ਬੰਗਲਾ’ ਬਣਾਉਣ ਲਈ ਰੋਸ ਮੁਜ਼ਾਹਰੇ ਕੀਤੇ ਤਾਂ ਜਿਨਾਹ ਨੇ ਜ਼ੋਰ ਦੇ ਕੇ ਕਿਹਾ, ਪਾਕਿਸਤਾਨ ਦੇ ਦੋਨਾਂ ਹਿਸਿਆਂ ਦੀ ਬੋਲੀ ਉਰਦੂ ਹੀ ਰਹੇਗੀ।ਢਾਕਾ ਯੂਨੀਵਰਸਿਟੀ ਵਿਚ ਹਾਲਤ ਇਥੋਂ ਤਕ ਵਿਗੜ ਗਏ ਕਿ ਪੁਲਿਸ ਨੂੰ ਗੋਲੀ ਚਲਾਉਣੀ ਪਈ, ਜਿਸ ਵਿਚ ਅਧੀ ਦਰਜਨ ਵਿਦਿਆਰਥੀ ਮਾਰੇ ਗਏ।ਉਰਦੂ ਦੇ ਵਿਰੋਧ ਦੌਰਾਨ ਹੋਈ ਉਹ ਦੁਰਘਟਨਾ ਦੋ ਦਹਾਕੇ ਸੁਲਗਦੀ ਤੇ ਧੁਖਦੀ ਰਹੀ, ਪਰ ਮਾਂ-ਬੋਲੀ ਨਾਲ ਹੋਏ ਵਿਤਕਰੇ ਵਿਰੁਧ ਮੁਸਲਮਾਨ ਬੰਗਾਲੀ ਲੜਦੇ ਰਹੇ ਤੇ ਅਖੀਰ 1971 ਵਿਚ ਪਾਕਿਸਤਾਨ ਦੇ ਅਗੇ ਦੋ ਟੁਕੜੇ ਹੋ ਗਏ ਤੇ ਬੰਗਲਾ ਦੇਸ਼ ਵਖਰਾ ਦੇਸ ਬਣ ਗਿਆ।
ਉਰਦੂ ਭਾਸ਼ਾ ਦੁਆਲੇ ‘ਨੇਸ਼ਨ’ ਸਿਰਜਦੇ ਹੋਏ ਪਾਕਿਸਤਾਨੀ ਹਾਕਮ ਅਜ ਤਕ ਇਕ ਸੰਯੁਕਤ ਤੇ ਮਜ਼ਬੂਤ ਰਾਸ਼ਟਰ ਖੜ੍ਹਾ ਨਹੀਂ ਕਰ ਸਕੇ।ਪਰ ਉਹਨਾਂ ਨੇ 6-7 ਕਰੋੜ ਮੁਸਲਮਾਨ ਪੰਜਾਬੀਆਂ ਦੀ ਮਾਂ-ਬੋਲੀ (ਪੰਜਾਬੀ) ਨੂੰ ਸੰਗਲਾਂ ਵਿਚ ਜਕੜ ਕੇ ਰਖਿਆ ਹੋਇਆ ਹੈ।
ਦਰਅਸਲ, ਸਾਡੇ ਮਾਰਕਸਵਾਦੀ ਭਰਾ ਵੀ ਪੰਜਾਬੀ ਭਾਸ਼ਾ ਪਿਛੇ ਕੰਮ ਕਰਦੀ ਰਾਸ਼ਟਰਵਾਦੀ ਸਿਆਸਤ ਦੀ ਭਰਵੀਂ ਨਿਸ਼ਾਨਦੇਹੀ ਤੇ ਵਿਸ਼ਲੇਸ਼ਣ ਨਹੀ ਕਰ ਸਕੇ।ਪਿਛਲੀ ਪੀੜੀ ਦੇ ਵਡੇ ਪੰਜਾਬੀ ਸਾਹਿਤਕਾਰ — ਬਾਬਾ ਬੋਹੜ ਦੇ ਨਾਮ ਨਾਲ ਜਾਂਦੇ ਸੰਤ ਸਿੰਘ ਸੇਖੋਂ ਲਿਖਤੀ ਰੂਪ ਵਿੱਚ ਪੰਜਾਬੀਆਂ ਨੂੰ ਮਤਿ ਦਿੰਦੇ ਰਹੇ ਕਿ ਪੰਜਾਬੀ ਭਾਸ਼ਾ ਵਿਚੋਂ ਫਾਰਸੀ, ਅਰਬੀ ਦੇ ਸ਼ਬਦ ਕਢ ਕੇ ਉਹਨਾਂ ਦੀ ਥਾਂ ਸੰਸਕ੍ਰਿਤ ਦੇ ਸ਼ਬਦ ਲੈ ਕੇ ਆਂਦੇ ਜਾਣ। ਪੰਜਾਬੀ ਭਾਸ਼ਾ ਦੇ ਹਿੰਦੀ ਕਰਨ ਵਿਚ ਸੇਖੋਂ ਤੇ ਉਸ ਦੇ ਸਮਕਾਲੀਆਂ ਨੇ ਚੋਖਾਂ ਹਿਸਾ ਪਾਇਆ।
ਵੈਸੇ ਪ੍ਰਚਲਤ ਸਰਕਾਰੀ ਹਿੰਦੀ ਦੀ ਉਮਰ 2 ਕੁ ਸੌ ਸਾਲ ਦੀ ਹੈ।ਜਦੋਂ ਕਿ ਪੰਜਾਬ ਅਜੋਕੇ ਸਮਕਾਲੀ ਰੂਪ ਵਿਚ 11-12 ਸਦੀ ਵਿਚ ਮੌਜੂਦ ਸੀ।ਸਰਕਾਰੀ ਹਿੰਦੀ, ਕੇਂਦਰੀ ਭਾਰਤ ਦੀਆਂ ਕਈ ਪ੍ਰਚਲਤ ਬੋਲੀਆਂ — ਭੋਜਪੁਰੀ, ਮੈਥਿਲੀ, ਬ੍ਰਿਜ ਭਾਸ਼ਾ, ਖੜੀ ਬੋਲੀ ਤੇ ਅਵਧੀ ਵਗੈਰਾ ਨੂੰ ਨਿਗਲ ਚੁਕੀ ਹੈ।“ਦੇਵਨਾਗਰੀ”ਲਿਪੀ ਅਪਣਾ ਕੇ ਡੋਗਰੀ ਭਾਸ਼ਾ ਲੜ-ਖੜਾ ਰਹੀ ਹੈ। ਹਰਿਆਣਾ ਤੇ ਰਾਜਸਥਾਨ ਦੀਆਂ ਸਥਾਨਕ ਭਾਸ਼ਾਵਾਂ ਨੂੰ ਵੀ ਹਿੰਦੀ ਖਾ ਗਈ ਹੈ।
ਪੰਜਾਬ ਦੇ ਅਧੇ ਤੋਂ ਵਧ ਸ਼ਹਿਰੀ ਸਕੂਲਾਂ ਵਿਚ ਹਿੰਦੀ ਦਾ ਹੀ ਬੋਲਬਾਲਾ ਹੋ ਗਿਆ ਹੈ ਤੇ ਪੰਜਾਬੀ ਕਿਤੇ ਲਭੀ ਨਹੀਂ ਥਿਆਉਂਦੀ।ਪਿੰਡਾਂ ਦੇ ਸਰਕਾਰੀ ਸਕੂਲਾਂ ਵਿਚ ਸਿਖਿਆ ਪ੍ਰਬੰਧ ਪਹਿਲਾਂ ਹੀ ਦਮ ਤੋੜ ਰਿਹਾ ਹੈ, ਤੇ ਇਹੋ ਹਾਲ ਹੀ ਪੰਜਾਬੀ ਭਾਸ਼ਾ ਦੀ ਪੜ੍ਹਾਈ ਦਾ ਹੈ। ਪੰਜਾਬ ਵਿਚ ਹਿੰਦੀ ਭਾਸ਼ਾ ਦੇ ਪ੍ਰਫੁਲਤ ਹੋਣ ਨਾਲ ਸੂਬਾ ਦੋ ਭਾਸ਼ੀ ਬਣਦਾ ਜਾ ਰਿਹਾ ਹੈ।ਪੰਜਾਬ ਵਿਚੋਂ ਛਪਦੇ ਹਿੰਦੀ ਅਖਬਾਰਾਂ ਦੀ ਗਿਣਤੀ ਅਤੇ ਸਰਕੂਲੇਸ਼ਨ ਪੰਜਾਬੀ ਅਖਬਾਰਾਂ ਨੂੰ ਪਿਛਲੇ ਕਈ ਸਾਲਾਂ ਤੋਂ ਮਾਤ ਦੇ ਰਿਹਾ ਹੈ।ਹਿੰਦੀ ਦੇ ਵਿਕਾਸ ਤੇ ਪ੍ਰਚਲਣ ਨੇ ਪੰਜਾਬ ਵਿਚ ਹਿੰਦੂਵਾਦੀ ਭਾਜਪਾ ਪਾਰਟੀ ਦਾ ਅਧਾਰ ਮਜਬੂਤ ਕਰ ਦਿਤਾ ਹੈ।
ਅਜਿਹੇ ਹਾਲਾਤਾਂ ਵਿਚ ਪੰਜਾਬੀ ਸਾਹਿਤਕਾਰਾਂ ਵਲੋਂ ਰਸਮੀ ਤੌਰ ਉਤੇ ਬੋਲੀ ਦੇ ਹਕ ਵਿਚ ਕੀਤੇ ਰੋਸ ਮੁਜਾਹਰੇ ਕੋਈ ਜਿਆਦਾ ਅਰਥ ਨਹੀਂ ਰਖਦੇ।ਉਹਨਾਂ ਨੂੰ ਚਾਹੀਦਾ ਹੈ ਕਿ ਪੰਜਾਬੀ ਬੋਲਣ ਤੇ ਲਿਖਣ ਦੇ ਹਕ ਵਿਚ ਕੋਈ ਸਾਰਥਿਕ ਮੁਹਿੰਮ ਵਿਢਣ।ਘਰਾਂ ਵਿੱਚ ਪੰਜਾਬੀ ਬੋਲਣ, ਦੁਕਾਨ ਨੁਮਾਂ ਅੰਗਰੇਜੀ ਸਕੂਲਾਂ ਵਿਚ ਬੱਚੇ ਨਾਂ ਪੜ੍ਹਾਉਣ ਅਤੇ ਪੰਜਾਬੀ ਦਾ ਸਤਿਕਾਰ ਵਧਾਉਣ ਸਬੰਧੀ ਠੋਸ ਸਿਆਸੀ ਉਪਰਾਲੇ ਕਰਨ।

 

ਜਸਪਾਲ ਸਿੰਘ ਸਿਧੂ

Leave a Reply

Your email address will not be published. Required fields are marked *