(ਸ੍ਰੀ ਕਾਂਸ਼ੀ ਰਾਮ ਵੱਲੋਂ ਆਪਣੇ ਜਨਮ ਦਿਨ, 15 ਮਾਰਚ 1998 ਨੂੰ ਦਿੱਲੀ ਵਿਖੇ ਇਕੱਠੇ ਹੋਏ
ਪਾਰਟੀ ਵਰਕਰਾਂ ਦੀ ਮੀਟਿੰਗ ਵਿਚ ਕੀਤੀ ਗਈ ਤਕਰੀਰ ਦਾ ਮੂਲ ਪਾਠ)

ਅੱਜ ਅਸੀਂ ਜੋ ਇਥੇ ਤਕ ਪਹੁੰਚੇ ਹਾਂ, ਉਸਦੇ ਬਹੁਤ ਸਾਰੇ ਪਖ ਹਨ, ਜਿਨ੍ਹਾਂ ਵਿਚੋਂ ਕੁਝ ਪਖਾਂ ਉਤੇ ਅਸੀਂ ਅਗੇ ਵਧੇ ਹਾਂ ਅਤੇ ਕੁਝ ਪਖਾਂ ਤੋਂ ਅਗੇ ਵਧਣਾ ਬਾਕੀ ਹੈ, ਅਤੇ ਅਸੀਂ ਲੋਕ ਇਕ ਇਰਾਦੇ ਨਾਲ ਅਗੇ ਵਧਦੇ ਹਾਂ। ਕੁਝ ਸਾਥੀਆਂ ਨੇ ਬਹੁਤ ਪਹਿਲਾਂ 14-15 ਸਾਲ ਪਹਿਲਾਂ ਮੈਨੂੰ ਕਿਹਾ ਕਿ ਅਸੀਂ ਤੁਹਾਡਾ ਜਨਮ ਦਿਨ ਮਨਾਉਣਾ ਚਾਹੁੰਦੇ ਹਾਂ। ਮੈਂ ਕਿਹਾ ਕਿ ਮੇਰਾ ਜਨਮ ਦਿਨ ਕਿਸੇ ਮੰਤਵ ਨਾਲ ਜੁੜਿਆ ਹੋਣਾ ਚਾਹੀਦਾ ਹੈ। ਇਸ ਲਈ ਲਗਭਗ 15 ਸਾਲ ਪਹਿਲਾਂ ਜਦੋਂ ਅਸੀਂ ਜਨਮ ਦਿਨ ਮਨਾਇਆ ਤਾਂ ਅਸੀਂ 100 ਸਾਈਕਲ ਲੈ ਕੇ ਦਿਲੀ ਦੇ ਚਾਰੇ ਪਾਸੇ 7 ਸੂਬਿਆਂ ਵਿਚ 4200 ਕਿਲੋਮੀਟਰ ਪ੍ਰਚਾਰ ਕਰਨ ਲਈ ਨਿਕਲੇ। 15 ਮਾਰਚ 1963 ਨੂੰ ਜਦੋਂ ਅਸੀਂ ਦਿੱਲੀ ਤੋਂ ਚਲੇ ਤਾਂ ਫਰੀਦਾਬਾਦ, ਮਥੁਰਾ, ਆਗਰਾ, ਏਟਾ, ਅਲੀਗੜ੍ਹ ਆਦਿ ਹੁੰਦੇ ਹੋਏ ਵਾਪਸ ਗਾਜੀਆਬਾਦ, ਮੇਰਠ, ਮੁਜਫਰਨਗਰ, ਤੇ ਅਗੇ ਹਰਿਆਣਾ, ਹਿਮਾਚਲ, ਪੰਜਾਬ ਦਾ ਕੁਝ ਹਿਸਾ, ਉਸਦੇ ਬਾਦ ਜੰਮੂ ਕਸ਼ਮੀਰ ਅਤੇ ਜੰਮੂ ਦੇ ਕੁਝ ਅਗੇ ਅਖਨੂਰ ਨਾਂ ਦੀ ਇਕ ਜਗ੍ਹਾ ਹੈ, ਚਨਾਬ ਦਰਿਆ ਦੇ ਕਿਨਾਰੇ, ਜੋ ਹਿਮਾਚਲ ਦੀ ਜੜ੍ਹ ਵਿਚ ਹੈ, ਜਿਸ ਦੇ ਅਗੇ ਪਹਾੜ ਚੜ੍ਹਨਾ ਪੈਂਦਾ, ਪਰ ਅਖਨੂਰ ਤੋਂ ਅਗੇ ਦੂਜੇ ਰਸਤੇ ਤੋਂ ਹੁੰਦੇ ਹੋਏ ਅਸੀਂ ਵਾਪਸ ਦਿੱਲੀ ਪਹੁੰਚੇ। ਅਸੀਂ 4200 ਕਿਲੋਮੀਟਰ ਸਾਈਕਲ ਉਤੇ ਸੁਆਰ ਹੋ ਕੇ ਇਕ ਜਾਬਤਾ ਬਣਾ ਕੇ, ਇਕ ਫੌਜੀ ਦੀ ਤਰ੍ਹਾਂ ਅਸੀਂ 4200 ਕਿਲੋਮੀਟਰ ਪ੍ਰਚਾਰ ਕਰਕੇ ਦਿੱਲੀ ਪਹੁੰਚੇ।
ਜਦੋਂ ਮੈਂ ਅਤੇ ਮੇਰੇ ਸਾਥੀ ਦਿਲੀ ਤੋਂ ਚਲੇ ਸਾਂ ਤਾਂ ਮੇਰੇ ਇਸ ਦਫਤਰ ਵਿਚ ਕੰਮ ਕਰਨ ਵਾਲੇ ਸੰਗੀ ਸਾਥੀਆਂ ਦਾ ਕਹਿਣਾ ਸੀ ਕਿ ਸਾਡੇ ਕੋਲ ਸਿਰਫ 10 ਹਜ਼ਾਰ ਰੁਪਈਆ ਹੈ ਤੇ ਉਸ ਵਿਚੋਂ ਵੀ 7 ਹਜ਼ਾਰ ਰੁਪਏ ਦਾ ਸਮਾਨ ਖਰੀਦ ਲਿਆ ਹੈ, ਜਿਸ ਵਿਚ ਸ਼ਮਿਆਨੇ, ਮੇਰੇ ਲਈ ਇਕ ਟੈਂਟ, ਨਗਾਰਾ, ਬਿਗਲ, ਦਰੀਂ, ਲਾਊਡ ਸਪੀਕਰ ਸ਼ਾਮਿਲ ਸਨ। ਦੋ ਮੈਟਾਡੋਰ, ਇਕ ਅਗੇ ਇਕ ਪਿਛੇ ਲੈ ਕੇ ਅਸੀਂ ਚਲੇ ਸਾਂ। ਉਨ੍ਹਾਂ ਦੋਹਾਂ ਵਿਚ ਲਾਊਡ ਸਪੀਕਰ ਸਨ ਤੇ ਇਸ ਤਰ੍ਹਾਂ ਲਗਭਗ ਸਾਢੇ ਸੱਤ ਹਜ਼ਾਰ ਰੁਪਏ ਖਰਚ ਕਰਕੇ ਕੁਝ ਆਟਾ ਨਾਲ ਲੈ ਕੇ ਇਕ ਉਮੀਦ ਦੇ ਨਾਲ ਅਤੇ ਪੂਰੀ ਤਿਆਰੀ ਦੇ ਨਾਲ ਅਸੀਂ ਦਿਲੀ ਤੋਂ ਚਲੇ ਸਾਂ। ਮੈਨੂੰ ਉਮੀਦ ਸੀ ਕਿ ਅਸੀਂ ਜੋ ਲਹਿਰ ਬਣਾਈ ਹੈ, ਉਸ ਲਹਿਰ ਦੇ ਅਧਾਰ ਉਤੇ ਕੁਝ ਲੋਕ ਤਿਆਰ ਹੋਏ ਹਨ ਅਤੇ ਜੋ ਤਿਆਰ ਹੋਏ ਹਨ, ਉਹ ਸਾਨੂੰ ਰਸਤੇ ਵਿਚ ਸਾਥ ਦੇਣਗੇ। ਇਸ ਉਮੀਦ ਦੇ ਨਾਲ ਅਸੀਂ ਦਿਲੀ ਤੋਂ ਚਲੇ ਸਾਂ। ਦੁਪਹਿਰ ਨੂੰ ਦਿਲੀ ਵਿਚੋਂ ਨਿਕਲਣ ਦੇ ਬਾਦ ਪਹਿਲੀ ਰਾਤ ਦਾ ਪੜਾਅ ਫਰੀਦਾਬਾਦ ਸੀ। ਫਰੀਦਾਬਾਦ ਵਿਚ ਸਾਡੇ ਸਾਥੀਆਂ ਨੇ, ਜੋ ਪਹਿਲਾਂ ਹੀ ਸਾਡੇ ਨਾਲ ਜੁੜੇ ਹੋਏ ਸਨ, ਉਨ੍ਹਾਂ ਨੇ ਸਾਡੇ ਫਰੀਦਾਬਾਦ ਰੁਕਣ ਦਾ ਪ੍ਰਬੰਧ ਕੀਤਾ। ਉਨ੍ਹਾਂ ਨੇ ਇਕ ਇਕੱਠ ਦਾ ਪ੍ਰਬੰਧ ਵੀ ਕੀਤਾ। ਉਸ ਦੇ ਬਾਦ ਅਸੀਂ ਮਥਰਾ ਪਹੁੰਚੇ ਜਿਥੇ ਸਾਡੇ ਸਾਥੀਆਂ ਨੇ ਮੇਰੇ ਗਲੇ ਵਿਚ ਲਗਭਗ ਇਕ ਹਜ਼ਾਰ ਰੁਪਏ ਦਾ ਹਾਰ ਪਾ ਕੇ ਸਾਡਾ ਸਵਾਗਤ ਕੀਤਾ। ਉਸ ਦੇ ਬਾਦ ਮਥਰਾ ਰਾਤ ਠਹਿਰਣ ਤੋਂ ਬਾਅਦ ਅਸੀਂ ਆਗਰਾ ਪਹੁੰਚੇ। ਆਗਰਾ ਮਥਰਾ ਉਸ ਸਮੇਂ ਕੁਝ ਤਿਆਰ ਹੋ ਚੁਕਾ ਸੀ। ਆਗਰਾ ਦੇ ਸਾਥੀਆਂ ਨੇ ਸਾਡੇ ਆਗਰਾ ਵਿਚ ਪ੍ਰਚਾਰ ਕਰਨ ਲਈ ਘੁੰਮਣ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ। ਉਨ੍ਹਾਂ ਨੇ 28 ਸਵਾਗਤੀ ਗੇਟ ਨੀਲੇ ਕਪੜੇ ਨਾਲ ਸਜ਼ਾ ਕੇ ਬਣਾਏ ਹੋਏ ਸਨ, ਜਿਥੇ ਸਾਡਾ ਚੰਗਾ ਸਵਾਗਤ ਹੋਇਆ। ਉਸ ਸਵਾਗਤ ਵਿਚ ਸਾਡੇ ਕੋਲ ਲਗਭਗ 8-10 ਹਜ਼ਾਰ ਰੁਪਏ ਇਕੱਠੇ ਹੋਏ। ਆਗਰਾ ਤੋਂ ਅਗੇ ਵਧਣ ਤੋਂ ਪਹਿਲਾਂ ਸਾਡੇ ਸਾਥੀਆਂ ਨੇ ਕਾਫੀ ਸਾਰੇ 5-5, 10-10 ਕਿਲੋ ਆਟੇ, ਚਾਵਲ, ਦਾਲ, ਦੇ ਪੈਕਟ ਸਾਡੇ ਮੈਟਾਡੋਰ ਵਿਚ ਰਖੇ ਅਤੇ ਲਗਭਗ 100 ਸਾਈਕਲ ਸੁਆਰ ਆਗਰਾ ਤੋਂ ਸਾਡੇ ਨਾਲ ਤੁਰੇ, ਜੋ ਏਟਾ ਤਕ ਸਾਡੇ ਨਾਲ ਗਏ ਤੇ ਏਟਾ ਤੋਂ ਵਾਪਸ ਮੁੜੇ। ਇਸ ਤਰ੍ਹਾਂ ਸਾਡੇ ਲੋਕ ਦਿੱਲੀ ਦੇ ਚਾਰੇ ਪਾਸੇ 7 ਸੂਬਿਆਂ ਵਿਚ ਘੁੰਮੇ। ਆਮ ਤੌਰ ਉਤੇ ਅਸੀਂ ਸ਼ਹਿਰ ਦੇ ਬਾਹਰ ਰੁਕਦੇ ਸਾਂ। ਸੂਰਜ ਛਿਪਦੇ ਹੀ ਅਸੀਂ ਸੜਕ ਤੋਂ ਹੇਠਾਂ ਉਤਰ ਜਾਂਦੇ ਸਾਂ ਅਤੇ ਸੂਰਜ ਚੜ੍ਹਨ ਦੇ ਪੰਜ ਮਿੰਟ ਪਹਿਲਾਂ ਤਿਆਰ ਹੋ ਜਾਂਦੇ ਸਾਂ। ਸੂਰਜ ਨਿਕਲਦੇ ਹੀ ਅਸੀਂ ਮਾਰਚ ਸ਼ੁਰੂ ਕਰ ਦੇਂਦੇ। ਅਸੀਂ ਆਪਣੇ ਲਈ ਇਕ ਜਾਬਤਾ ਬਣਾਇਆ। 40 ਦਿਨ ਦਾ ਇਹ ਜ਼ਾਬਤਾ ਸਾਡੇ ਬਹੁਤ ਕੰਮ ਆਇਆ। ਇਕ ਜ਼ਾਬਤੇ ਦੇ ਅਧੀਨ ਅਸੀਂ ਰਹਿੰਦੇ ਸਾਂ, ਖਾਂਦੇ, ਪੀਂਦੇ ਸਾਂ ਤੇ ਚਲਦੇ ਸਾਂ, ਪ੍ਰਚਾਰ ਕਰਦੇ ਹੋਏ। 40 ਦਿਨ ਪ੍ਰਚਾਰ ਕਰਨ ਤੋਂ ਬਾਅਦ ਅਸੀਂ ਦਿਲੀ ਆਏ। ਉਸ ਦੌਰਾਨ ਅਸੀਂ ਕਈ ਉਤਰਾਅ ਚੜ੍ਹਾਅ ਵੀ ਦੇਖੇ। ਕਈ ਥਾਵਾਂ ਉਤੇ ਕਈ ਕਿਸਮ ਦਾ ਸੰਘਰਸ਼ ਵੀ ਹੋਇਆ, ਜਿਸ ਕਾਰਨ ਸਾਨੂੰ ਆਪਣੀ ਰਫਤਾਰ ਤੇਜ਼ ਕਰਨੀ ਪਈ। ਕਦੀ-ਕਦੀ ਹਨੇਰੀ-ਤੂਫਾਨ ਦਾ ਸਾਹਮਣਾ ਵੀ ਕਰਨਾ ਪਿਆ। ਅਸੀਂ ਜਦੋਂ ਚੰਡੀਗੜ੍ਹ ਤੋਂ ਅੰਬਾਲਾ ਆ ਰਹੇ ਸਾਂ ਤਾਂ ਮੈਨੂੰ ਯਾਦ ਹੈ ਸੜਕਾਂ ਉਤੇ ਕਾਫੀ ਦਰਖਤ ਟੁਟ ਕੇ ਡਿਗ ਪਏ ਸਨ। ਇਸ ਲਈ ਸਾਨੂੰ ਅੰਬਾਲਾ ਪਹੁੰਚਣ ਤੋਂ ਪਹਿਲਾਂ ਹੀ ਇਕ ਥਾਂ ਰੁਕਣਾ ਪਿਆ।
ਇਹ ਮੈਂ ਤੁਹਾਨੂੰ ਕਿਉਂ ਦਸਣਾ ਚਾਹੁੰਦਾ ਹਾਂ,  ਕਿ ਅਸੀਂ ਕੁਝ ਸਾਥੀਆਂ ਵਿਚ ਇਕ ਡਸਿਪਲਨ (ਜਾਬਤਾ) ਪੈਦਾ ਕੀਤਾ। ਡਸਿਪਲਨ ਪੈਦਾ ਕਰਕੇ ਅਗੇ ਵਧਣ ਦਾ ਕੰਮ ਸਿਖਿਆ। ਕਿਸੇ ਨੇ ਸਾਨੂੰ ਸਿਖਾਇਆ ਨਹੀਂ। ਆਪਣੇ ਆਪ ਹੀ ਅਸੀਂ ਇਹ ਕੰਮ ਸਿਖਿਆ ਅਤੇ ਸਮਾਜ ਉਤੇ ਇਸ ਦਾ ਪ੍ਰਭਾਵ ਪਿਆ। ਜਦੋਂ ਅਸੀਂ ਦਿਲੀ ਵਾਪਸ ਆਏ ਤਾਂ ਸਾਨੂੰ ਇਕ ਹੋਰ ਟਰਕ ਕਿਰਾਏ ਉਤੇ ਲੈਣਾ ਪਿਆ। ਕਿਉਂਕਿ ਲੋਕ ਸਾਨੂੰ ਏਨਾ ਜ਼ਿਆਦਾ ਸਾਮਾਨ ਦੇਂਦੇ ਸਨ ਕਿ ਸਾਡੇ ਨਾਲ ਜੋ ਦੋ ਮੈਟਾਡੋਰ ਸਨ, ਉਸ ਦੇ ਲਈ ਕਾਫੀ ਨਹੀਂ ਸਨ। ਇਸ ਤਰ੍ਹਾਂ ਅਸੀਂ ਕਾਫੀ ਸਾਮਾਨ ਦੇ ਨਾਲ ਦਿਲੀ ਆਏ ਅਤੇ ਚਲਣ ਤੋਂ ਪਹਿਲਾਂ ਸਾਡੇ ਕੋਲ ਜੋ 10 ਹਜ਼ਾਰ ਰੁਪਿਆ ਸੀ ਉਸ ਤੋਂ ਇਲਾਵਾ ਲਗਭਗ 12-13 ਹਜ਼ਾਰ ਰੁਪਈਆ ਨਗਦ ਲੈ ਕੇ 40 ਦਿਨ ਦੀ ਪ੍ਰਚਾਰ ਯਾਤਰਾ ਤੋਂ ਬਾਦ ਅਸੀਂ ਦਿਲੀ ਵਾਪਸ ਆਏ।
ਅਸੀਂ ਉਸ ਦੌਰਾਨ ਖਾਸ ਪ੍ਰਚਾਰ ਕੀ ਕੀਤਾ ਸੀ? ਉਸ ਨਾਲ ਪਹਿਲਾਂ ਸਾਨੂੰ ਕੁਝ ਲੋਕਾਂ ਉਤੇ ਭਰੋਸਾ ਹੋ ਗਿਆ ਸੀ ਕਿ ਜੇ ਅਸੀਂ ਜਾਬਤੇ ਵਿਚ ਰਹਿ ਕੇ ਨੇਕ ਨੀਅਤ ਨਾਲ ਅਗੇ ਵਧਾਂਗੇ ਤਾਂ ਸਮਾਜ ਸਾਡਾ ਸਾਥ ਦੇਵੇਗਾ। ਅਸੀਂ ਇਸ ਨਤੀਜੇ ਉਤੇ ਪਹੁੰਚੇ ਸਾਂ। ਇਧਰ ਇਥੇ ਅਲੀਗੜ੍ਹ ਦੇ ਇਕ ਸਾਡੇ ਪੁਰਾਣੇ ਸਾਥੀ ਬੈਠੇ ਹਨ, ਜੋ ਦਿਲੀ ਵਿਚ ਰਹਿੰਦੇ ਹਨ। ਇਨ੍ਹਾਂ ਨੂੰ ਪਤਾ ਹੋਵੇਗਾ ਕਿ ਮੈਂ ਸਭ ਥਾਵਾਂ ਉਤੇ ਜਾਂਦਾ ਸਾਂ ਪਰ ਅਲੀਗੜ੍ਹ ਨਹੀਂ ਸਾਂ ਜਾਂਦਾ। ਅਲੀਗੜ੍ਹ ਦੇ ਲੋਕ ਮੇਰੇ ਕੋਲ ਆਏ ਕਿ ਅਸੀਂ ਅਲੀਗੜ੍ਹ ਨੂੰ ਕਿਉਂ ਨਜ਼ਰਅੰਦਾਜ਼ ਕਰ ਰਹੇ ਹਾਂ। ਅਸੀਂ ਕਾਫੀ ਪਹਿਲਾਂ ਚਲਦਾ-ਫਿਰਦਾ ਅੰਬੇਡਕਰ ਮੇਲਾ, ਇਕ ਪ੍ਰੋਗਰਾਮ ਸ਼ੁਰੂ ਕੀਤਾ ਸੀ, ਜਿਸ ਵਿਚ ਅਸੀਂ ਸਭ ਜਗ੍ਹਾ ਗਏ, ਪਰ ਅਲੀਗੜ੍ਹ ਨਹੀਂ ਗਏ ਸਾਂ। ਤਾਂ ਅਲੀਗੜ੍ਹ ਦੇ ਲੋਕ ਕਹਿਣ ਲਗੇ ਕਿ ਤੁਸੀਂ ਸਭ ਜਗ੍ਹਾ ਜਾਂਦੇ ਹੋਰ ਪਰ ਸਾਡੇ ਕੋਲ ਕਿਉਂ ਨਹੀਂ ਆਉਦੇ, ਅਸੀਂ ਵੀ ਇਸ ਲਹਿਰ ਵਿਚ ਹਿਸਾ ਲੈਣਾ ਚਾਹੁੰਦੇ ਹਾਂ। ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਅਲੀਗੜ੍ਹ ਦੇ ਲੋਕ ਬਾਰ-ਬਾਰ ਕਹਿੰਦੇ ਸੁਣੇ ਹਨ ਕਿ ਸਾਡੇ ਨੇਤਾ ਵਿਕ ਜਾਂਦੇ ਹਨ। ਸਾਡੇ ਵਿਚ ਇਕ ਨੇਤਾ ਪੈਦਾ ਹੋਇਆ ਜਿਸ ਦਾ ਨਾਂ ਬੀ ਪੀ ਮੋਰੀਆ ਹੈ। ਅਸੀਂ ਉਸ ਦੇ ਪਿਛੇ ਲਗੇ, ਪਰ ਉਹ ਸਾਨੂੰ ਇਕ ਚੌਰਾਹੇ ਉਤੇ ਛੱਡ ਗਏ, ਅਸੀਂ ਅੱਜ ਤਕ ਉਸ ਚੌਰਾਹੇ ਉਤੇ ਹੀ ਖੜੇ ਹਾਂ। ਪਰ ਸਾਡਾ ਨੇਤਾ ਬਦਲ ਗਿਆ ਹੈ, ਵਿਕ ਗਿਆ।
ਇਸ ਲਈ ਮੈਂ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਭਾਈ ਕਿਸੇ ਥਾਂ ਮੈਂ ਪੜ੍ਹਿਆ ਹੈ ਕਿ ‘People get the leadership what they deserve.’ ਭਾਵ ਕਿ ਲੋਕਾਂ ਨੂੰ ਜਿਹੋ ਜਿਹੇ ਲੋਕ ਹੁੰਦੇ ਹਨ, ਉਹੋ ਜਿਹੇ ਉਨ੍ਹਾਂ ਨੂੰ ਨੇਤਾ ਮਿਲ ਜਾਂਦੇ ਹਨ। ਤੁਸੀਂ ਖੁਦ ਕਹਿੰਦੇ ਹੋ ਕਿ ਸਾਨੂੰ ਬੀ ਪੀ ਮੋਰੀਆ ਵਰਗਾ ਨੇਤਾ ਮਿਲਿਆ ਸੀ, ਉਹ ਸਾਨੂੰ ਛਡ ਕੇ ਚਲਾ ਗਿਆ, ਵਿਕ ਗਿਆ। ਅਸੀਂ ਅਜੇ ਤਕ ਚੌਰਾਹੇ ਉਤੇ ਖੜੇ ਹਾਂ। ਇਸ ਤੋਂ ਮੈਂ ਅੰਦਾਜ਼ਾ ਲਾਇਆ ਕਿ ਜੇ ਅਲੀਗੜ੍ਹ ਦੇ ਲੋਕ ਵਿਕਦੇ ਹੋਣਗੇ, ਜੋ ਇਹ ਕਹਾਵਤ ਸਚੀ ਹੈ ਕਿ ”ਲੋਕਾਂ ਨੂੰ ਇਹੋ ਜਿਹੇ ਨੇਤਾ ਮਿਲ ਜਾਂਦੇ ਹਨ, ਜਿਸ ਤਰ੍ਹਾਂ ਦੇ ਲੋਕ ਹੁੰਦੇ ਹਨ” ਤਾਂ ਤੁਸੀਂ ਵੀ ਵਿਕਣ ਵਾਲੇ ਲੋਕ ਹੋਵੋਗੇ। ਇਸ ਲਈ ਮੈਂ ਅਲੀਗੜ੍ਹ ਨਹੀਂ ਆਉਂਦਾ। ਤਾਂ ਉਨ੍ਹਾਂ ਨੇ ਕਿਹਾ ਅਤੇ ਮੈਨੂੰ ਲਾਲਚ ਦਿਤਾ ਕਿ ਅਸੀਂ ਤੁਹਾਨੂੰ ਸਿਕਿਆਂ ਨਾਲ ਤੋਲਾਂਗੇ ਅਤੇ ਤੁਹਾਡੀ ਗੱਲ ਮੰਨਾਂਗੇ। ਅਲੀਗੜ੍ਹ ਦੇ ਨੇੜੇ ਹੀ ਇਕ ਜਗ੍ਹਾ ਹੈ ‘ਸਾਸਨੀ’, ਉਥੇ ਇਕ ਪ੍ਰੋਗਰਾਮ ਰਖਿਆ, ਲੋਕਾਂ ਨੇ ਮੈਨੂੰ ਸਿਕਿਆ ਨਾਲ ਤੋਲਿਆ ਅਤੇ ਇਸ ਤੋਂ ਬਿਨਾਂ ਵੀ 6-7 ਹਜ਼ਾਰ ਰੁਪਿਆ ਹੋਰ ਨਗਦ ਦਿਤਾ। ਤਾਂ ਮੈਂ ਸੋਚਿਆ ਕਿ ਠੀਕ ਹੈ, ਹੁਣ ਮੈਂ ਤੁਹਾਡੇ ਵਿਚ ਆਉਂਦਾ ਰਹਾਂਗਾ। ਕਿਉਂਕਿ ਹੁਣ ਇਹ ਮੇਰੇ ਲਈ ਘਾਟੇ ਦਾ ਮਸਲਾ ਨਹੀਂ ਹੈ। ਕਿਉਂਕਿ ਮੈਨੂੰ ਡਰ ਇਹ ਸੀ ਕਿ ਜੇ ਤੁਸੀਂ ਵਿਕ ਗਏ ਤਾਂ ਮੈਂ ਤਹਾਡੇ ਪਿਛੇ ਪਿਛੇ ਘੁੰਮਦਾ ਰਹਾਂਗਾ ਕਿ ਮੇਰਾ ਹਿਸਾ ਵੀ ਦਿਓ। ਹੁਣ ਤੁਸੀਂ ਮੇਰਾ ਹਿਸਾ ਦੇ ਦਿੱਤਾ ਹੈ ਤੇ ਹੁਣ ਜੇ ਤੁਸੀਂ ਵਿਕ ਵੀ ਗਏ ਤਾਂ ਮੈਨੂੰ ਅਫਸੋਸ ਨਹੀਂ ਹੋਵੇਗਾ। ਪਰ ਲੋਕਾਂ ਨੇ ਵਾਅਦਾ ਕੀਤਾ ਕਿ ਅਸੀਂ ਨਹੀਂ ਵਿਕਾਂਗੇ। ਇਸ ਲਈ ਇਸ ਤਰ੍ਹਾਂ ਮੈਨੂੰ ਭਰੋਸਾ ਹੋ ਗਿਆ ਕਿ ਸਮਾਜ ਵਿਚ ਏਨੀ ਕੁ ਜਾਨ ਆ ਗਈ ਹੈ ਕਿ ਜੇ ਅਸੀਂ ਪ੍ਰਚਾਰ ਲਈ ਨਿਕਲਾਂਗੇ ਤਾਂ ਉਸ ਪ੍ਰਚਾਰ ਲਈ ਜਿੰਨੇ ਸਾਧਨ ਲਗਣਗੇ ਉਹ ਸਮਾਜ ਸਹਿਣ ਕਰ ਲਏਗਾ। ਸਮਾਜ ਵਿਚ ਏਨੀ ਸ਼ਕਤੀ ਤੇ ਚਾਹਤ ਪੈਦਾ ਹੋ ਗਈ ਹੈ।
ਇਸ ਲਈ ਮੈਂ, ਜੋ ਮੇਰੇ ਕੋਲ 10 ਹਜ਼ਾਰ ਰੁਪਈਆ ਸੀ, ਉਸ ਦੇ ਅਧਾਰ ਉਤੇ ਇਹ ਪ੍ਰੋਗਰਾਮ ਬਣਾ ਕੇ ਇਕ ਤਾਂ ਇਹੀ ਪ੍ਰਚਾਰ ਕੀਤਾ ਕਿ, ”ਜਿਸ ਤਰ੍ਹਾਂ ਦੇ ਲੋਕ ਹੁੰਦੇ ਹਨ, ਉਸ ਤਰ੍ਹਾਂ ਦਾ ਨੇਤਾ ਉਨ੍ਹਾਂ ਨੂੰ ਮਿਲ ਜਾਂਦਾ ਹੈ” ਅਤੇ ਅਸੀਂ ਇਹੋ ਜਿਹੇ ਲੋਕ ਹਾਂ, ਜਿਨ੍ਹਾਂ ਦੇ ਨੇਤਾ ਵਿਕਦੇ ਹਨ ”ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?” ਕਿਉਂ-ਨਾ ”ਅਸੀਂ ਨਾ ਵਿਕਣ ਵਾਲਾ ਸਮਾਜ ਬਣਾਈਏ।” ਕਿਉਂਕਿ ਨਾ ਵਿਕਣ ਵਾਲੇ ਸਮਾਜ ਵਿਚੋਂ ਹੀ ਨਾ ਵਿਕਣ ਵਾਲੇ ਨੇਤਾ ਨਿਕਲ ਸਕਦੇ ਹਨ। ਇਸ ਲਈ ਆਓ ਮਿਲ ਕੇ ਅਸੀਂ ਨਾ ਵਿਕਣ ਵਾਲੇ ਸਮਾਜ ਬਣਾਈਏ। ਇਕ ਪ੍ਰਚਾਰ ਤਾਂ ਅਸੀਂ ਇਹ ਕੀਤਾ ਅਤੇ ਦੂਜਾ ਪ੍ਰਚਾਰ ਇਹ ਸੀ ਕਿ ਅਸੀਂ ਸਾਈਕਲਾਂ ਉਤੇ ਪ੍ਰਚਾਰ ਕਰਨ ਅਤੇ ਸਲਾਹ ਦੇਣ ਲਈ ਨਿਕਲੇ ਹਾਂ ਕਿ 200 ਕਿਲੋਮੀਟਰ ਤਕ ਤੁਸੀਂ ਸਾਈਕਲ ਚਲਾ ਕੇ ਆਪਣੀ ਲਹਿਰ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰੋ। ਸਾਈਕਲ ਦਾ ਸਹਾਰਾ ਲੈ ਕੇ। ਕਿਉਂਕਿ ਅਸੀਂ ਛੋਟੇ ਸਾਧਨਾਂ ਵਾਲੇ ਲੋਕ ਹਾਂ। ਸਾਡੇ ਕੋਲ ਛੋਟੇ ਸਾਧਨ ਹਨ। ਜੇ ਅਸੀਂ ਵਡੇ ਸਾਧਨਾਂ ਵਾਲਿਆਂ ਦਾ ਮੁਕਾਬਲਾ ਕਰਨਾ ਹੈ ਤਾਂ ਛੋਟੇ ਸਾਧਨਾਂ ਦੀ ਵਡੇ ਪੈਮਾਨੇ ਉਤੇ ਵਰਤੋਂ ਕਰਨੀ ਚਾਹੀਦੀ ਹੈ। ਲਗਭਗ 100 ਆਦਮੀ ਇਕ ਬਸ ਵਿਚ ਇਕ ਥਾਂ ਉਤੇ ਦੂਜੀ ਥਾਂ ਸੌ-ਦੌ-ਸੌ ਕਿਲਮੀਟਰ ਜਾ ਸਕਦੇ ਹਨ। ਪਰ ਜੇ ਉਨ੍ਹਾਂ ਕੋਲ ਬਸ ਨਹੀਂ ਹੈ, ਬਸ ਦਾ ਕਿਰਾਇਆ ਨਹੀਂ ਹੈ ਤਾਂ ਤੁਹਾਨੂੰ ਸਾਈਕਲਾਂ ਦਾ ਸਹਾਰਾ ਲੈਣਾ ਚਾਹੀਦਾ ਹੈ। 200 ਕਿਲੋਮੀਟਰ ਤਕ ਤੁਸੀਂ ਸਾਈਕਲਾਂ ਉਤੇ ਹੀ ਜਾ ਸਕਦੇ ਹੋ, ਝੰਡੇ ਲਾ ਕੇ ਨਾਅਰੇ ਲਾਉਂਦੇ ਹੋਏ। ਇਸ ਦਾ ਕਈ ਗੁਣਾਂ ਫਾਇਦਾ ਹੁੰਦਾ ਹੈ। ਇਕ ਤੇ ਇਹੀ ਫਾਇਦਾ ਹੈ ਕਿ ਤੁਸੀਂ ਛੋਟੇ ਸਾਧਨਾਂ ਦੀ ਵਰਤੋਂ ਕਰਕੇ ਆਪਣੇ ਪ੍ਰੋਗਰਾਮ ਨੂੰ ਸਫਲ ਬਨਾਉਣ ਦੀ ਕੋਸ਼ਿਸ਼ ਕੀਤੀ ਅਤੇ ਦੂਜਾ ਫਇਦਾ ਹੈ ਕਿ ਜਦੋਂ ਤੁਸੀਂ ਸਾਈਕਲਾਂ ਉਤੇ ਨਾਅਰੇ ਲਾਉਂਦੇ ਹੋਏ ਜਾਂਦੇ ਹੋ ਤਾਂ ਲੋਕ ਚਾਰਚੁਫੇਰੇ ਦੇਖਦੇ ਹਨ ਕਿ ਇਹ ਕਿਹੜੇ ਲੋਕ ਹਨ ਜੋ ਸਾਈਕਲਾਂ ਉਤੇ, ਨੀਲੇ ਝੰਡੇ ਲਾ ਕੇ ਨਾਅਰੇ ਲਾਉਂਦੇ ਹੋ ਜਾ ਰਹੇ ਹਨ। ਇਨ੍ਹਾਂ ਦਾ ਮਤਲਬ ਕੀ ਹੈ? ਅਤੇ ਜਿਹੜੇ ਇਹ ਨਾਹਰੇ ਲਾਉਂਦੇ ਹੋਏ ਜਾ ਰਹੇ ਹਨ, ਇਨ੍ਹਾਂ ਦਾ ਮਕਸਦ ਕੀ ਹੈ। ਇਸ ਤਰ੍ਹਾਂ ਤੁਸੀਂ 10-12 ਕਿਲੋਮੀਟਰ ਦੀ ਰਫਤਾਰ ਨਾਲ ਸਾਈਕਲ ਚਲਾਉਂਦੇ ਹੋਏ ਜਾ ਰਹੇ ਹੋ। ਜਿਸ ਤਰ੍ਹਾਂ ਕਿਸਾਨ ਕਹਿੰਦੇ ਹਨ ਕਿ ਜੇ ਮੀਂਹ ਹੌਲੀ-ਹੌਲੀ ਪਵੇ ਤਾਂ ਮੀਂਹ ਦਾ ਪਾਣੀ ਖੇਤਾਂ ਵਿਚ ਹੀ ਸਮਾਂ ਜਾਂਦਾ ਹੈ, ਵਹਿ ਕੇ ਬਾਹਰ ਨਹੀਂ ਜਾਂਦਾ ਅਤੇ ਜੇ ਬਹੁਤ ਤੇਜ਼ ਮੀਂਹ ਪਵੇ ਤਾਂ ਪਾਣੀ ਬਾਹਰ ਵਹਿ ਜਾਂਦਾ ਹੈ ਅਤੇ ਜ਼ਮੀਨ ਦੇ ਬਹੁਤਾ ਥਲ੍ਹੇ ਨਹੀਂ ਜਾਂਦਾ। ਇਸ ਤਰ੍ਹਾਂ ਅਸੀਂ 100 ਆਦਮੀ ਸਾਈਕਲਾਂ ਉਤੇ ਸੁਆਰ ਹੋ ਕੇ 10-12 ਕਿਲੋਮੀਟਰ ਦੀ ਰਫਤਾਰ ਨਾਲ ਜਾ ਰਹੇ ਹੋਈਏ ਤਾਂ ਲੋਕ ਸੋਚਣ ਲਈ ਮਜਬੂਰ ਹੁੰਦੇ ਹਨ ਕਿ ਇਹ ਕੌਣ ਹਨ? ਇਨ੍ਹਾਂ ਨੂੰ ਕੀ ਤਕਲੀਫ ਹੈ? ਅਤੇ ਇਹ ਕੀ ਕਹਿਣਾ ਚਾਹੁੰਦੇ ਹਨ ਅਤੇ ਇਹ ਕੀ ਕਰਨਾ ਚਾਹੁੰਦੇ ਹਨ? ਤਾਂ ਇਨ੍ਹਾਂ ਦਾ ਪ੍ਰਚਾਰ ਸਹਿਜੇ ਸਹਿਜੇ ਬਹੁਤ ਜ਼ਿਆਦਾ ਹੁੰਦਾ ਹੈ। 200 ਕਿਲੋਮੀਟਰ ਤਕ ਤੁਸੀਂ ਜਾਂਦੇ ਹੋਏ ਲੋਕਾਂ ਨੂੰ ਸਮਝਾ ਵੀ ਸਕਦੇ ਹੋ। ਉਨ੍ਹਾਂ ਦੀਆਂ ਛੋਟੀਆਂ ਛੋਟੀਆਂ ਮੀਟਿੰਗਾਂ ਲੈ ਸਕਦੇ ਹੋ। ਇਸ ਲਈ 200 ਕਿਲੋਮੀਟਰ ਤਕ ਮੇਰੀ ਸਾਥੀਆਂ ਨੂੰ ਸਲਾਹ ਹੈ ਕਿ ਤੁਹਾਡਾ ਪ੍ਰੋਗਰਾਮ ਕਦੀ ਅਸਫਲ ਨਹੀਂ ਹੋਣਾ ਚਾਹੀਦਾ। ਜੇ ਤੁਹਾਡੇ ਕੋਲ ਕੋਈ ਦੂਸਰਾ ਸਾਧਨ ਨਹੀਂ ਹੈ ਤਾਂ ਸਾਈਕਲਾਂ ਉਤੇ ਸੁਆਰ ਹੋ ਕੇ 200 ਕਿਲੋਮੀਟਰ ਤਕ ਤੁਸੀਂ ਆਪਣੇ ਪ੍ਰੋਗਰਾਮ ਨੂੰ ਸਫਲ ਬਣਾ ਸਕਦੇ ਹੋ।
ਸਾਡੇ ਕੁਝ ਸਾਥੀਆਂ ਨੂੰ ਪਤਾ ਹੋਵੇਗਾ ਕਿ ਸਾਡੇ ਨੇੜੇ ਹੀ ਇਧਰ ਪਾਰਲੀਮੈਂਟ ਹੈ। ਤਾਂ ਪਾਰਲੀਮੈਂਟ ਤੋਂ 50 ਕਿਲੋਮੀਟਰ ਦੂਰ ਦਾ ਘੇਰਾ ਬਣਾ ਕੇ 10 ਥਾਵਾਂ ਤੋਂ ਮੈਂ ਹਰ ਰੋਜ਼ 10 ਜਨਵਰੀ 21 ਜਨਵਰੀ 1989 ਤਕ, ਦਸ ਦਿਨ ਪੈਦਲ ਪਾਰਲੀਮੈਂਟ ਵੱਲ ਚਲਦਾ ਸਾਂ। ਉਸ ਵਕਤ ਨਾਹਰਾ ਸੀ ”ਪਾਰਲੀਮੈਂਟ ਚਲੋ, ਆਪਣੇ ਪੈਰਾਂ ਉਤੇ ਚਲੋ”। ਉਸ ਦੌਰਾਨ ਅਸੀਂ ਲੋਕਾਂ ਨੂੰ ਇਸ ਦਾ ਮਤਲਬ ਦਸਦੇ ਸਾਂ ਕਿ ‘ਆਪਣੇ ਪੈਰਾਂ ਉਤੇ ਚਲੋ’ ਭਾਵ ਇਕ ਤਾਂ ਅਸੀਂ ਪੈਦਲ ਆਪਣੇ ਪੈਰਾਂ ਉਤੇ ਚਲ ਰਹੇ ਹਾਂ, 50 ਕਿਲੋਮੀਟਰ ਤਕ ਪੈਦਲ ਚਲ ਰਹੇ ਹਾਂ, ਉਸ ਨਾਲ ਪ੍ਰਚਾਰ ਹੁੰਦਾ ਅਤੇ ਦੂਜਾ ਇਹ ਕਿ ਆਪਣੇ ਪੈਰਾਂ ਉਤੇ ਚਲੋ ਭਾਵ ਆਪਣੇ ਬਲਬੂਤੇ ਉਤੇ ਪਾਰਲੀਮੈਂਟ ਚਲੋ। ਕਿਸੇ ਦੇ ਸਹਾਰੇ ਉਤੇ ਨਾ ਚਲੋ।
ਜਦੋਂ ਅਸੀਂ ਬਾਦ ਵਿਚ ਪਾਰਟੀ ਬਣਾਈ, ਉਸ ਵਕਤ ਅਸੀਂ ਕਹਿੰਦੇ ਸਾਂ ਕਿ ਆਪਣੀ ਪਾਰਟੀ ਬਣਾ ਕੇ ਆਪਣੀ ਪਾਰਟੀ ਦੀ ਸਹਾਇਤਾ ਨਾਲ ਪਾਰਲੀਮੈਂਟ ਵਿਚ ਜਾਣਾ ਚਾਹੀਦਾ ਹੈ। ਤਾਂ ਹੀ ਤੁਸੀਂ ਆਪਣੇ ਸਮਾਜ (ਬਹੁਜਨ ਸਮਾਜ) ਦੇ ਹਿਤਾਂ ਦੀ ਗੱਲ ਕਹਿ ਸਕੋਗੇ, ਕਰ ਸਕੋਗੇ ਅਤੇ ਬਣਾ ਸਕੋਗੇ। ਇਸ ਤਰ੍ਹਾਂ ਅੱਜ ਵੀ ਮੇਰਾ ਖਿਆਲ ਹੈ, ਖਾਸ ਕਰਕੇ ਦਿਲੀ ਵਾਲਿਆਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਹਾਂ। ਇਹ ਮੇਰਾ ਖਿਆਲ ਕਿਉਂ ਸੀ? ਕਿ ਉਸ ਵਕਤ ਜਦੋਂ ਅਸੀਂ ਲਹਿਰ ਸ਼ੁਰੂ ਕੀਤੀ ਸੀ, ਤਾਂ ਉਤਰ ਪ੍ਰਦੇਸ਼ ਅਤੇ ਬਿਹਾਰ ਵਿਚ ਸਾਡੇ ਲੋਕਾਂ ਉਤੇ ਬਹੁਤ ਅਤਿਆਚਾਰ ਹੁੰਦੇ ਸਨ, ਪਿਪਰਾ, ਬੇਲਛੀ। ਉਤਰ ਪ੍ਰਦੇਸ਼ ਵਿਚ ਵੀ ਇਹੋ ਜਿਹੇ ਬਹੁਤ ਕਾਂਡ ਹੁੰਦੇ ਸਨ, ਜਿਸ ਤਰ੍ਹਾਂ ਦੇਹਲੀ ਸਾਧੂਪੁਰ। ਜਦੋਂ ਕੋਈ ਇਹੋ ਜਿਹਾ ਕਾਂਡ ਹੁੰਦਾ ਤੇ ਦੂਜੇ ਦਿਨ ਅਖ਼ਬਾਰਾਂ ਵਿਚ ਆਉਂਦਾ ਤਾਂ ਉਸ ਦੇ ਬਾਰੇ ਦਿਲੀ ਦੇ ਲੋਕ ਆਪਸ ਵਿਚ ਘੁਸਰ-ਮੁਸਰ ਕਰਨ ਲਗਦੇ, ਗਲਬਾਤ ਕਰਨ ਲਗਦੇ ਅਤੇ ਉਸ ਦੇ ਬਾਅਦ ਸੋਚਦੇ ਕਿ ਸਾਨੂੰ ਕੁਝ ਕਰਨਾ ਚਾਹੀਦਾ ਹੈ। ਕੀ ਕਰਨਾ ਚਾਹੀਦਾ ਹੈ? ਕਿ ਇਥੇ ਦਿਲੀ ਵਿਚ ਪਾਰਲੀਮੈਂਟ ਹੈ, ਉਸਦੇ ਬਾਹਰ ਸਾਨੂੰ ਮੁਜ਼ਾਹਰਾ ਕਰਕੇ, ਰੋਸ ਪ੍ਰਗਟ ਕਰਨਾ ਚਾਹੀਦਾ ਹੈ। ਪਾਰਲੀਮੈਂਟ ਦੇ ਬਾਹਰ ਮੁਜਾਹਰਾ ਕਰਨਾ ਹੈ ਤਾਂ ਕੀ ਕਰਨਾ ਚਾਹੀਦਾ ਹੈ। ਪਹਿਲਾਂ ਤਾਂ ਰਸੀਦਾਂ ਛਪਵਾਓ ਅਤੇ ਉਨ੍ਹਾਂ ਨਾਲ ਪੈਸਾ ਇਕੱਠਾ ਕਰੋ। ਪੈਸਾ ਇਕੱਠਾ ਕਰਕੇ ਬਸਾਂ ਆਦਿ ਕਰਕੇ ਪਾਰਲੀਮੈਂਟ ਦੇ ਬਾਹਰ ਵਡੀ ਗਿਣਤੀ ਵਿਚ ਲੋਕ ਪਹੁੰਚਣੇ ਚਾਹੀਦੇ ਹਨ। ਜਦੋਂ ਇਸ ਤਰ੍ਹਾਂ ਉਹ ਯੋਜਨਾ ਬਣਾਉਂਦੇ ਸਨ, ਤਾਂ ਰਸੀਦਾਂ ਛਪਵਾਉਣੀਆਂ, ਫਿਰ ਪੈਸਾ ਇਕੱਠਾ ਕਰਨਾ ਤੇ ਫਿਰ ਪਾਰਲੀਮੈਂਟ ਦੇ ਸਾਹਮਣੇ ਮੁਜਾਹਰਾ ਕਰਨਾ। ਇਸ ਨਾਲ ਸਮਾਂ ਲਗ ਜਾਂਦਾ ਸੀ ਤੇ ਏਨੇ ਵਿਚ ਉਹ ਮਾਮਲਾ ਠੰਢਾ ਪੈ ਜਾਂਦਾ ਸੀ।
ਜੇ 7-8 ਦਿਨ ਇਸ ਤਰ੍ਹਾਂ ਹੀ ਨਿਕਲ ਗਏ ਤਾਂ 7-8 ਦਿਨਾਂ ਵਿਚ ਲੋਕ ਉਸ ਨੂੰ ਭੁਲਣ ਲਗ ਪੈਂਦੇ ਸਨ। ਜਦੋਂ ਤਕ ਦੂਜਾ ਕਾਂਡ ਨਹੀਂ ਸੀ ਹੁੰਦਾ, ਤਦ ਤਕ ਉਹ ਚੁਪ ਰਹਿੰਦੇ ਸਨ। ਇਸ ਲਈ ਮੇਰਾ ਖਿਆਲ ਸੀ ਕਿ ਜੇ ਅਸੀਂ ਦਿਲੀ ਨੂੰ ਤਿਆਰ ਬਰਤਿਆਰ ਰਖੀਏ। ਜੇ ਅੱਜ ਸਾਨੂੰ ਖਬਰ ਮਿਲੀ ਹੈ, ਅਗਲੇ ਦਿਨ 10 ਵਜੇ ਤਕ ਜਦੋਂ ਪਾਰਲੀਮੈਂਟ ਦੇ ਦਫ਼ਤਰ ਖੁਲ੍ਹੇ ਹਨ ਤਾਂ ਸਾਨੂੰ ਲਖਾਂ ਦੀ ਗਿਣਤੀ ਵਿਚ ਪਾਰਲੀਮੈਂਟ ਨੂੰ ਘੇਰਨਾ ਚਾਹੀਦਾ ਹੈ। ਇਹ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ? ਅਸੀਂ ਨਾ ਕੋਈ ਰਸੀਦ ਛਾਪਣੀ ਹੈ ਅਤੇ ਨਾ ਹੀ ਅਸੀਂ ਕੋਈ ਹੋਰ ਕੰਮ ਕਰਨਾ ਹੈ। ਬਸ ਅਸੀਂ ਲੋਕਾਂ ਦਾ ਇਕ ਸੰਗਠਨ ਬਣਾਉਣਾ ਹੈ। ਜੇ ਟੈਲੀਫੋਨ ਰਾਹੀਂ ਅਤੇ ਮੋਟਰ ਸਾਈਕਲ ਜਾਂ ਸਾਈਕਲਾਂ ਤੇ ਹੋਰ ਢੰਗਾਂ ਰਾਹੀਂ ਖ਼ਬਰ ਦੇਵੇ ਕਿ ਅਸੀਂ ਪਾਰਲੀਮੈਂਟ ਦੇ ਬਾਹਰ ਲਖਾਂ ਦੀ ਗਿਣਤੀ ਵਿਚ ਇਕੱਠੇ ਹੋਣਾ ਹੈ ਤਾਂ ਲੋਕ ਉਠ ਕੇ ਚਲ ਪੈਣ। ਜੇ 10 ਜਾਂ 20 ਕਿਲੋਮੀਟਰ ਦੇ ਘੇਰੇ ਦੇ ਲੋਕ ਸਵੇਰੇ 6 ਵਜੇ ਪੈਦਲ ਚਲਦੇ ਹਨ ਤਾਂ 10-11 ਵਜੇ ਉਹ ਪਾਰਲੀਮੈਂਟ ਦੇ ਬਾਹਰ ਪਹੁੰਚ ਸਕਦੇ ਹਨ। ਜੇ ਕਿਸੇ ਕਾਂਡ ਦੀ ਖ਼ਬਰ ਅੱਜ ਮਿਲੀ ਤਾਂ ਦੂਜੇ ਦਿਨ ਲਖਾਂ ਲੋਕ ਪਾਰਲੀਮੈਂਟ ਦੇ ਬਾਹਰ ਪਹੁੰਚ ਜਾਣ ਤਾਂ ਉਸ ਦਾ ਬਹੁਤ ਭਾਰੀ ਅਸਰ ਹੋਵੇਗਾ। ਕਿਉਂਕਿ ਘਟਨਾ ਤਾਜ਼ੀ ਹੋਣ ਕਰਕੇ ਲੋਕ ਉਠ ਕੇ ਚੱਲਣ ਲਈ ਵੀ ਤਿਆਰ ਹੋਣਗੇ ਅਤੇ ਉਨ੍ਹਾਂ ਉਤੇ ਇਸ ਘਟਨਾ ਦਾ ਪ੍ਰਭਾਵ ਵੀ ਪਵੇਗਾ। ਜੇ ਅਸੀਂ ਹਫਤਾ ਦਸ ਦਿਨ ਦੇ ਬਾਦ ਇਹੀ ਕੰਮ ਕਰਦੇ ਹਾਂ ਅਤੇ ਮੈਂ ਹਮੇਸ਼ਾ ਇਹੀ ਹੁੰਦਾ ਦੇਖਿਆ ਹੈ ਕਿ ਕਿਸੇ ਵਾਰਦਾਤ ਹੋਣ ਤੋਂ ਬਾਅਦ ਲੋਕਾਂ ਨੂੰ ਹਫਤਾ ਦਸ ਦਿਨ ਲਗ ਜਾਂਦੇ ਸਨ, ਇਸ ਲਈ ਮੈਂ ਸੋਚਿਆ ਕਿ ਲੋਕਾਂ ਨੂੰ ਸਲਾਹ ਦਿਆਂ ਕਿ ਭਾਈ 20 ਕਿਲੋਮੀਟਰ ਦੇ ਘੇਰੇ ਵਿਚ ਜੋ ਲੋਕ ਰਹਿੰਦੇ ਹਨ, ਉਹ ਜੇ ਪੈਦਲ ਚਲ ਕੇ ਪਾਰਲੀਮੈਂਟ ਆਉਣ ਤਾਂ ਮੇਰਾ ਅੱਜ ਵੀ ਅੰਦਾਜ਼ਾ ਹੈ ਕਿ ਪਾਰਲੀਮੈਂਟ ਦੇ 30 ਕਿਲੋਮੀਟਰ ਦੇ ਘੇਰੇ ਵਿਚ ਜੋ ਸਾਡੇ ਲੋਕ ਰਹਿੰਦੇ ਹਨ, ਉਨ੍ਹਾਂ ਦੀ ਘਟੋ-ਘਟ ਗਿਣਤੀ 30-40 ਲਖ ਹੋਵੇਗੀ। ਮੇਰਾ ਖਿਆਲ ਹੈ ਜੋ ਪੁਰੀਆਂ (ਮੰਗੋਲਪੁਰੀ, ਤ੍ਰਿਲੋਕਪੁਰੀ, ਗੋਬਿੰਦਪੁਰ, ਇੰਦਰਪੁਰੀ, ਸੁਲਤਾਨਪੁਰੀ, ਜਹਾਂਗੀਰਪੁਰੀ) ਹਨ, ਇਹ ਸਾਰੀਆਂ ਪੁਰੀਆਂ ਮੇਰੇ ਖਿਆਲ ਵਿਚ 20 ਕਿਲੋਮੀਟਰ ਦੇ ਘੇਰੇ ਵਿਚ ਆ ਜਾਂਦੀਆਂ ਹਨ, ਸਾਡੇ ਲੋਕਾਂ ਨਾਲ ਭਰੀਆਂ ਪਈਆਂ ਹਨ। ਇਸ ਤਰ੍ਹਾਂ ਵਿਚਕਾਰ ਝੌਂਪੜੀਆਂ ਹਨ, ਪੁਰੀਆਂ ਹਨ ਅਤੇ ਪਿੰਡ ਹਨ। ਜੇ ਅਸੀਂ 20 ਕਿਲੋਮੀਟਰ ਤੋਂ ਚਲ ਕੇ ਆਉਂਦੇ ਹਾਂ ਅਤੇ ਲਖਾਂ ਲੋਕ ਪਾਰਲੀਮੈਂਟ ਨੂੰ ਘੇਰ ਲੈਂਦੇ ਹਨ ਤਾਂ ਤੁਸੀਂ ਖੁਦ ਹੀ ਅੰਦਾਜਾ ਲਾਓ ਕਿ ਇਸਦਾ ਕਿਡਾ ਜ਼ਿਆਦਾ ਅਸਰ ਹੋ ਸਕਦਾ ਹੈ। ਹਾਲਾਂਕਿ ਮੈਂ ਇਹ ਕੰਮ ਪੂਰਾ ਨਹੀਂ ਕਰ ਸਕਿਆ। ਉਂਝ ਮੈਂ ਇਸ ਨੂੰ ਵਿਚੋਂ ਛਡ ਵੀ ਦਿੱਤਾ ਸੀ। ਸ਼ਾਇਦ ਇਸ ਕਾਰਨ ਵੀ ਪੂਰਾ ਨਹੀਂ ਕਰ ਸਕਿਆ। ਪਰ ਜਿਨ੍ਹਾਂ ਲੋਕਾਂ ਨੂੰ ਮੈਂ ਸਮਝਾਇਆ ਸੀ, ਉਨ੍ਹਾਂ ਨੂੰ ਮਨ੍ਹਾਂ ਵੀ ਤਾਂ ਨਹੀਂ ਕੀਤਾ, ਉਹ ਵੀ ਇਹ ਕੰਮ ਨਹੀਂ ਕਰ ਸਕੇ। ਪਰ ਮੇਰਾ ਇਰਾਦਾ ਸੀ ਕਿ ਦਿਲੀ ਜੋ ਇਸ ਦੇਸ ਦੀ ਰਾਜਧਾਨੀ ਹੈ, ਇਥੇ ਸ਼ੁਰੂ ਕਰਕੇ ਅਸੀਂ ਹਰ ਸੂਬੇ ਦੀ ਰਾਜਧਾਨੀ ਵਿਚ ਵੀ ਇਸ ਤਰ੍ਹਾਂ ਦਾ ਢੰਗ ਅਪਣਾਈਏ ਤਾਂ ਦੇਸ ਦੀ ਰਾਜਧਾਨੀ ਤੇ ਸੂਬਿਆਂ ਦੀਆਂ ਰਾਜਧਾਨੀਆਂ ਵਿਚ ਜੋ ਸਾਡੇ ਲੋਕ ਰਹਿੰਦੇ ਹਨ, ਉਨ੍ਹਾਂ ਦਾ ਸਮਾਜ ਦੇ ਹਿਤ ਵਿਚ ਫਾਇਦਾ ਲੈ ਸਕਦੇ ਹਾਂ।
ਇਸ ਤਰ੍ਹਾਂ ਮੈਂ 500 ਕਿਲੋਮੀਟਰ ਪਾਰਲੀਮੈਂਟ ਦੇ ਚੌਫੇਰੇ ਪੈਦਲ ਚਲਿਆ ਸਾਂ ਤੇ ਸਾਥੀ ਵੀ ਚਲੇ ਸਨ। ਪਰ 500 ਕਿਲੋਮੀਟਰ ਪੈਦਾਲ ਚਲਣ ਦੇ ਬਾਦ ਮੈਂ ਆਪਣੇ ਸਾਥੀਆਂ ਨੂੰ ਸਿਰਫ 20 ਕਿਲੋਮੀਟਰ ਪੈਦਲ ਚਲਣ ਦੀ ਸਲਾਹ ਦਿਤੀ ਸੀ, ਅਤੇ ਸਾਈਕਲਾਂ ਉਤੇ 200 ਕਿਲੋਮੀਟਰ ਚਲਣ ਦੀ ਸਲਾਹ ਦਿਤੀ ਸੀ। ਕਿਉਂਕਿ ਮੈਨੂੰ ਇਸ ਤਰ੍ਹਾਂ ਲਗਦਾ ਸੀ ਕਿ ਸਾਡਾ ਸਮਾਜ ਸੁਕੀ ਸਲਾਹ ਨਹੀਂ ਮੰਨਦਾ। ਇਸ ਲਈ ਮੈਂ ਉਨ੍ਹਾਂ ਨੂੰ 200 ਕਿਲੋਮੀਟਰ ਚਲਣ ਦੀ ਸਲਾਹ ਦਿਆਂ। ਕਈ ਵਾਰ ਸਲਾਹ ਦੇਣ ਦੇ ਬਾਵਜੂਦ ਜਦੋਂ ਸਫਲਤਾ ਨਹੀਂ ਮਿਲੀ ਤਾਂ ਮੈਨੂੰ ਲਗਿਆ ਕਿ ਮੈਨੂੰ ਹੀ ਸਾਈਕਲ ਉਤੇ ਚਲਣਾ ਪਵੇਗਾ। ਸਾਈਕਲ ਦੌੜ ਲਈ ਨਹੀਂ, ਸਗੋਂ ਪ੍ਰਚਾਰ ਕਰਨ ਲਈ। ਤਾਂ ਕਿ ਦਿਲੀ ਦੇ ਚਾਰੇ ਪਾਸੇ ਵਸਦੇ ਲੋਕਾਂ ਦੀ ਸਮਝ ਵਿਚ ਇਹ ਗੱਲ ਆ ਸਕੇ।
ਸਾਥੀਓ! ਇਸ ਤਰ੍ਹਾਂ ਅਸੀਂ ਇਹ ਪ੍ਰਚਾਰ ਕੀਤਾ ਕਿ ਜੇ ਛੋਟੇ ਸਾਧਨਾਂ ਵਾਲਿਆਂ ਨੇ ਵਡੇ ਸਾਧਨਾਂ ਵਾਲਿਆਂ ਦਾ ਮੁਕਾਬਲਾ ਕਰਨਾ ਹੈ, ਤਾਂ ਛੋਟੇ ਸਾਧਨਾਂ ਦਾ ਵਡੇ ਪੈਮਾਨੇ ਉਤੇ ਇਸਤੇਮਾਲ ਕਰਨਾ ਚਾਹੀਦਾ ਹੈ। ਇਹ ਗੱਲ ਤੁਹਾਡੀ ਸਮਝ ਵਿਚ ਆ ਗਈ ਹੋਵੇਗੀ ਕਿ ਜੇ ਅਸੀਂ ਸਾਈਕਲਾਂ ਉਤੇ ਸੁਆਰ ਹੋ ਕੇ ਹਜ਼ਾਰਾਂ ਲੋਕਾਂ ਵਿਚ ਚਲਦੇ ਹਾਂ ਤਾਂ ਸਾਡੇ ਪ੍ਰੋਗਰਾਮ ਹਜ਼ਾਰਾਂ ਲੋਕਾਂ ਵਿਚ ਸਫਲ ਹੁੰਦੇ ਹਨ। ਅਤੇ ਬਾਕੀ ਲੋਕ ਹੋਰਨਾਂ ਸਾਧਨਾਂ ਰਾਹੀਂ ਵੀ ਆ ਸਕਦੇ ਹਨ। ਜੋ ਸਾਡੇ ਨਾਲ ਅਨਿਆਂ ਹੁੰਦਾ ਹੈ, ਉਸ ਦੇ ਵਿਰੁਧ ਦਿਲੀ ਵਿਚ ਪਾਰਲੀਮੈਂਟ ਦੇ ਬਾਹਰ ਲਖਾਂ ਲੋਕਾਂ ਨੂੰ ਇਕੱਠਾ ਕਰਕੇ ਆਪਣਾ ਰੋਸ ਪ੍ਰਗਟ ਕਰਨਾ ਹੈ ਤਾਂ ਉਹ ਅਸੀਂ ਦਿਲੀ ਅਤੇ ਸੂਬਿਆਂ ਦੀਆਂ ਰਾਜਧਾਨੀਆਂ ਵਿਚ ਪੈਦਲ ਚਲ ਕੇ ਹੀ ਕਰ ਸਕਦੇ ਹਾਂ। ਜੇ ਸਾਈਕਲਾਂ ਦੀ ਗੱਲ ਸਮਝ ਵਿਚ ਨਹੀਂ ਆਉਂਦੀ ਹੈ ਤਾਂ ਮੇਰਾ ਖਿਆਲ ਹੈ ਤੇ ਬਹੁਤ ਸਾਰੇ ਸਾਥੀ ਜਾਣਦੇ ਹੋਣਗੇ, ਕਿ ਦਿਲੀ ਦੇ ਚਾਰੇ ਪਾਸੇ ਅਸੀਂ ਇਹ ਕੰਮ ਵਡੇ ਪੈਮਾਨੇ ਉਤੇ ਕੀਤਾ ਸੀ।
ਇਹ ਕਰਨ ਤੋਂ ਬਾਅਦ ਮੈਂ ਕਿਹਾ ਜੇ ਮੇਰਾ ਪ੍ਰੋਗਰਾਮ ਕਿਸੇ ਥਾਂ ਰਖਣਾ ਹੈ, ਤਾਂ ਤੁਹਾਨੂੰ ਮੇਰੇ ਭਾਰ ਦੇ ਹਿਸਾਬ ਨਾਲ ਮੈਨੂੰ ਪੈਸਾ ਦੇਣਾ ਚਾਹੀਦਾ ਹੈ। ਤਾਂ 12 ਹਜ਼ਾਰ ਰੁਪਈਆ ਮੇਰੇ ਭਾਰ ਦੇ ਹਿਸਾਬ ਨਾਲ ਤਹਿ ਕਰ ਦਿਤਾ। ਹਰ ਥਾਂ ਤੋਲਣ ਦੇ ਲਈ ਕੰਡਾ ਲੈ ਕੇ ਜਾਣਾ, ਸਮਾਂ ਖਰਾਬ ਕਰਨਾ ਠੀਕ ਨਹੀਂ ਤਾਂ 12 ਹਜ਼ਾਰ ਰੁਪਈਆ ਨਗਦ ਹੀ ਦੇ ਦਿਆ ਕਰੋ। ਇਸ ਤਰ੍ਹਾਂ 12 ਹਜ਼ਾਰ ਰੁਪਈਆ ਅਤੇ 12 ਹਜ਼ਾਰ ਲੋਕ ਇਕੱਠੇ ਹੋਣੇ ਚਾਹੀਦੇ ਹਨ ਅਤੇ 3 ਹਜ਼ਾਰ ਲੋਕ ਸਾਈਕਲਾਂ ਉਤੇ ਚਲ ਕੇ ਆਉਣੇ ਚਾਹੀਦੇ ਹਨ। ਮੈਂ ਦਿਲੀ ਦੇ ਚੌਫੇਰੇ, ਖਾਸ ਕਰੇ ਉਤਰ ਪ੍ਰਦੇਸ਼ ਵਿਚ ਇਹੋ ਜਿਹੇ 100 ਪ੍ਰੋਗਰਾਮ ਕੀਤੇ ਸਨ। ਮੇਰੇ ਖਿਆਲ ਵਿਚ ਜੋ ਦਿਲੀ ਵਿਚ ਰਹਿੰਦੇ ਹਨ, ਇਨ੍ਹਾਂ ਨੇ ਤਾਂ ਸੁਣਿਆ ਹੀ ਹੋਵੇਗਾ। ਇਸ ਤਰ੍ਹਾਂ ਮੇਰੇ 100 ਪ੍ਰੋਗਰਾਮ ਸ਼ੁਰੂ ਹੋਏ, ਤਾਂ ਕੇਂਦਰ ਦੀ ਸਰਕਾਰ ਨੇ ਰਾਜੀਵ ਗਾਂਧੀ ਦੀ ਦੇਖ-ਰੇਖ ਵਿਚ ਸਾਡੀ ਲਹਿਰ ਨੂੰ ਫੇਲ੍ਹ ਕਰਨ ਲਈ ਇਕ ਯੋਜਨਾ ਬਣਾਈ ਸੀ। ਮੈਂ ਜੋ ਕੰਮ ਕਰਦਾ ਸਾਂ, ਉਸ ਨੂੰ ਉਹ ਕਾਂਸ਼ੀ ਰਾਮ ਫਿਨਾਮਿਨਾ ਕਹਿੰਦੇ ਸਨ, ਕਿ ਇਹ ਇਕ ਫਿਨਾਮਿਨਾ (ਵਰਤਾਰਾ) ਹੈ। ਕਾਂਸ਼ੀ ਰਾਮ ਦੀ ਇਹ ਇਕ ਅਸਰਦਾਰ ਚੀਜ਼ ਹੈ, ਪਰ ਸਮਝ ਵਿਚ ਨਹੀਂ ਆਉਂਦੀ, ਇਸ ਨੂੰ ਅਸੀਂ ਖਤਮ ਕਰਨਾ ਹੈ। ਤਾਂ ਸਰਕਾਰ ਨੇ ਮੇਰੇ 110 ਆਦਮੀ ਖਰੀਦ ਲਏ। ਜਦੋਂ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਸਨ, ਅਰਜਨ ਸਿੰਘ ਪੰਜਾਬ ਦੇ ਗਵਰਨਰ ਸਨ ਤੇ ਐਸ ਬੀ ਚਵਾਨ ਮਹਾਰਾਸਟਰ ਦੇ ਮੁਖ ਮੰਤਰੀ ਸਨ, ਅਰੁਣ ਨਹਿਰੂ ਤੇ ਅਰੁਣ ਸਿੰਘ ਵੀ ਸਨ। ਇਨ੍ਹਾਂ ਪੰਜਾਂ ਆਦਮੀਆਂ ਨੇ ਪ੍ਰਧਾਨ ਮੰਤਰੀ ਦੀ ਦੇਖ-ਰੇਖ ਵਿਚ ਇਹ ਯੋਜਨਾ ਬਣਾਈ ਕਿ ਇਹ ਕਾਂਸ਼ੀ ਰਾਮ ਦਾ ਫਿਨਾਮਿਨਾ ਹੈ, ਜੋ ਕੁਝ ਇਹ ਕਰ ਰਿਹਾ ਹੈ, ਕੀ ਕਰ ਰਿਹਾ ਹੈ, ਇਹ ਸਮਝ ਵਿਚ ਨਹੀਂ ਆਉਂਦਾ, ਪਰ ਇਸ ਦਾ ਕੁਝ ਅਸਰ ਹੁੰਦਾ ਹੈ, ਜਿਸ ਨਾਲ ਸਾਡੇ ਲਈ ਮੁਸੀਬਤ ਖੜੀ ਹੁੰਦੀ ਹੈ। ਇਸ ਲਈ ਇਸ ਮੁਸੀਬਤ ਨੂੰ ਖਤਮ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਦੀ ਇਕ ਯੋਜਨਾ ਬਣਾ ਕੇ ਉਨ੍ਹਾਂ ਨੇ ਮੇਰੇ ਨੇੜਲੇ 110 ਸਾਥੀਆਂ ਨੂੰ ਖਰੀਦ ਲਿਆ ਅਤੇ ਬਾਕੀ 1000 ਕਰਮਚਾਰੀਆਂ ਨੂੰ ਡਰਾਇਆ ਕਿ ਅਸੀਂ ਤੁਹਾਡੀ ਇਹੋ ਜਿਹੀ ਥਾਂ ਬਦਲੀ ਕਰ ਦਿਆਂਗੇ, ਜਿਥੇ ਤੁਸੀਂ ਰੋਂਦੇ-ਧੋਂਦੇ ਰਹਿਣਾ। ਤੁਹਾਡਾ ਪਰਿਵਾਰ ਕਿਤੇ ਹੋਵੇਗਾ ਤੇ ਤੁਹਾਨੂੰ ਕਿਤੇ ਭੇਜ ਦਿਆਂਗੇ।
ਇਸ ਲਈ 1000 ਆਦਮੀਆਂ ਨੂੰ ਇਸ ਕਿਸਮ ਦੀ ਧਮਕੀ ਦਿਤੀ ਅਤੇ ਜਿਹੜੇ ਸਾਡੇ 110 ਆਦਮੀ ਉਨ੍ਹਾਂ ਨੇ ਖਰੀਦੇ ਸਨ, ਉਨ੍ਹਾਂ ਆਦਮੀਆਂ ਨੂੰ ਪੁਛਿਆ ਕਿ ਕਾਂਸ਼ੀ ਰਾਮ ਕੋਲ ਪੈਸਾ ਕਿਥੋਂ ਆਉਂਦਾ ਹੈ। ਕਿਉਂਕਿ ਉਸ ਵੇਲੇ ਤਕ, ਜਦੋਂ ਤਕ ਉਹ 110 ਆਦਮੀ ਨਹੀਂ ਸੀ ਖਰੀਦੇ ਸਰਕਾਰ ਇਹੀ ਸੋਚਦੀ ਸੀ ਕਿ ਕਿਸੇ ਬਾਹਰਲੇ ਮੁਲਕ ਤੋਂ ਪੈਸਾ ਆਉਂਦਾ ਹੈ। ਜੋ ਬਾਹਰ ਤੋਂ ਪੈਸਾ ਆਉਂਦਾ ਹੈ, ਉਸ ਦੇ ਕਾਰਨ ਸਾਨੂੰ ਗੜਬੜ ਹੁੰਦੀ ਹੈ, ਤਾਂ ਉਨ੍ਹਾਂ ਨੇ ਸੋਚਿਆ ਕਿ ਜੋ ਪੈਸਾ ਬਾਹਰੋਂ ਆਉਂਦਾ ਹੈ, ਉਸ ਨੂੰ ਰੋਕਿਆ ਜਾਵੇ। ਉਨ੍ਹਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਇਹੋ ਜਿਹੀ ਉਨ੍ਹਾਂ ਨੇ ਕਈ ਵਾਰ ਕੋਸ਼ਿਸ਼ ਕੀਤੀ। ਪਰ ਜਦੋਂ ਇਹੋ ਜਿਹਾ ਕੁਝ ਹੈ ਹੀ ਨਹੀਂ ਸੀ ਤਾਂ ਕੀ ਰੋਕਦੇ। ਪਰ ਜਦੋਂ ਉਨ੍ਹਾਂ ਨੇ ਸਾਡੇ ਭਰੋਸੇਯੋਗ ਆਦਮੀ ਖਰੀਦ ਲਏ, ਤਾਂ ਉਨ੍ਹਾਂ ਕੋਲੋਂ ਉਨ੍ਹਾਂ ਨੂੰ ਪਤਾ ਲਗਾ। ਉਨ੍ਹਾਂ ਨੂੰ ਪੁਛਿਆ ਕਿ ਕਾਂਸ਼ੀ ਰਾਮ ਕੋਲ ਪੈਸਾ ਕਿਹੜੇ ਦੇਸ ਤੋਂ ਆਉਂਦਾ ਹੈ। ਉਸ ਦੀ ਵੰਡ ਕਿਵੇਂ ਹੁੰਦੀ ਹੈ ਅਤੇ ਇਹ ਗੜਬੜ ਕਿਸ ਤਰ੍ਹਾਂ ਹੁੰਦੀ ਹੈ। ਤਾਂ ਉਨ੍ਹਾਂ ਲੋਕਾਂ ਨੇ ਸਰਕਾਰੀ ਲੋਕਾਂ ਨੂੰ ਦਸਿਆ ਕਿ ਇਹ ਪੈਸਾ ਤਾਂ ਅਸੀਂ ਹੀ ਇਕੱਠਾ ਕਰਦੇ ਹਾਂ। ਅਸੀਂ ਤੁਹਾਡੇ ਕੋਲ ਆ ਗਏ ਹਾਂ ਅਤੇ ਸਾਡੇ ਜੋ ਤੌਰ ਤਰੀਕੇ ਸਨ, ਸਾਰੇ ਉਨ੍ਹਾਂ ਨੂੰ ਦਸੇ। ਫਿਰ ਸਰਕਾਰ ਨੇ ਸੋਚਿਆ ਇਹ ਤਾਂ ਬਹੁਤ ਸੌਖਾ ਕੰਮ ਹੈ। ਇਸ (ਕਾਂਸ਼ੀ ਰਾਮ) ਦਾ ਪੈਸਾ ਬੰਦ ਹੋ ਜਾਵੇ ਤਾਂ ਇਹ ਕੁਝ ਕਰ ਹੀ ਨਹੀਂ ਸਕੇਗਾ। ਇਸ ਲਈ ਉਨ੍ਹਾਂ ਲੋਕਾਂ ਨੂੰ, ਜੋ ਖਰੀਦੇ ਹੋਏ ਸਨ, ਉਨ੍ਹਾਂ ਇਸ ਪ੍ਰਚਾਰ ਵਿਚ ਲਾ ਦਿਤਾ ਕਿ ਕਾਂਸ਼ੀ ਰਾਮ ਨੂੰ ਪੈਸਾ ਨਹੀਂ ਦੇਣਾ ਚਾਹੀਦਾ, ਉਹ ਪੈਸੇ ਦੀ ਦੁਰਵਰਤੋਂ ਕਰਦਾ ਹੈ। ਇਹ ਲੋਕ ਸਮਾਜ ਵਿਚ ਇਸ ਦਾ ਪ੍ਰਚਾਰ ਕਰਦੇ ਰਹਿਣ ਅਤੇ ਅਸੀਂ (ਸਰਕਾਰੀ ਲੋਕ) ਇਸ ਦੇ ਕੋਲ ਪੈਸਾ ਆਉਣ ਨਹੀਂ ਦਿਆਂਗੇ, ਰੋਕਾਂਗੇ।
ਉਧਰ ਦੂਜੇ ਪਾਸੇ ਮੇਰਾ ਇਹ ਕੰਮ ਸ਼ੁਰੂ ਸੀ ਕਿ ਮੈਨੂੰ 12 ਹਜ਼ਾਰ ਰੁਪਏ ਦਿਆ ਕਰੋ ਅਤੇ ਸੁਣਨ ਲਈ 12 ਹਜ਼ਾਰ ਲੋਕ ਇਕੱਠੇ ਕਰਿਆ ਕਰੋ ਅਤੇ ਜਿਨ੍ਹਾਂ ਵਿਚ ਘਟੋ-ਘਟ 3 ਹਜ਼ਾਰ ਲੋਕ ਸਾਈਕਲਾਂ ਉਤੇ ਪਹੁੰਚਣ। ਮੈਨੂੰ ਯਾਦ ਹੈ ਕਿ ਅਲੀਗੜ੍ਹ ਤੋਂ ਅਗੇ ਇਕ ਜਗ੍ਹਾ ਜਲੇਸਰ ਹੈ, ਜਿਥੇ ਮੈਂ ਇੱਕ ਘੰਟਾ ਦੇਰ ਨਾਲ ਪਹੁੰਚਿਆ ਸਾਂ। ਉÎਥੇ ਕਿਉਂ ਦੇਰ ਨਾਲ ਪਹੁੰਚਿਆ ਸਾਂ? ਕਿਉਂਕਿ ਉਨ੍ਹਾਂ ਲੋਕਾਂ ਦੇ ਕੋਲ 12 ਹਜ਼ਾਰ ਰੁਪਈਆ ਇਕੱਠਾ ਨਹੀਂ ਹੋਇਆ ਸੀ। ਉਨ੍ਹਾਂ ਨੇ ਮੈਨੂੰ ਕਿਹਾ ਕਿ ਲੋਕ ਵੀ ਪੂਰੇ ਹਨ ਅਤੇ ਸਾਈਕਲ ਵੀ ਹਨ, ਪਰ 12 ਹਜ਼ਾਰ ਰੁਪਈਆਂ ਵਿਚੋਂ ਕੁਝ ਘਟ ਹੈ। ਤਾਂ ਮੈਂ ਕਿਹਾ ਕਿ ਘਟ ਤਾਂ ਲਵਾਂਗਾ ਨਹੀਂ। ਕਿਉਂਕਿ ਇਕ ਵਾਰ ਘਟ ਦੀ ਆਦਤ ਪੈ ਗਈ ਤਾਂ ਹਰ ਜਗ੍ਹਾ ਇਸ ਤਰ੍ਹਾਂ ਹੀ ਹੁੰਦਾ ਰਹੇਗਾ। ਤਦ ਉਨ੍ਹਾਂ ਲੋਕਾਂ ਨੇ ਇਕੱਠਾ ਕਰਕੇ ਕਿਸੇ ਤਰ੍ਹਾਂ ਉਹ 12 ਹਜ਼ਾਰ ਰੁਪਈਆ ਪੂਰਾ ਕੀਤਾ ਤਾਂ ਮੈਂ ਸਭਾ ਦੀ ਸਟੇਜ ਉਤੇ ਚੜ੍ਹਿਆ। ਇਸ ਤਰ੍ਹਾਂ 100 ਦਿਨ ਵਿਚ 12 ਲਖ ਰੁਪਈਆ ਇਕੱਠਾ ਹੋ ਗਿਆ, ਜੋ ਪਹਿਲਾਂ ਕਦੀ ਨਹੀਂ ਹੋਇਆ ਸੀ। ਜਦੋਂ ਤਕ ਉਹ 110 ਲੋਕ ਵਿਖੇ ਨਹੀਂ ਸਨ ਤਦ ਤਕ ਕਦੀ ਵੀ 10 ਜਾਂ 12 ਲਖ ਰੁਪਈਆ ਇਕੱਠਾ ਨਹੀਂ ਹੋਇਆ ਸੀ। ਪਰ 100 ਦਿਨ ਵਿਚ ਉਹ 12 ਲਖ ਇਕੱਠਾ ਹੋ ਗਿਆ। ਬਾਦ ਵਿਚ ਮੈਂ ਪ੍ਰੋਗਰਾਮ ਦੇਣ ਲਗ ਪਿਆ। ਦੂਸਰੇ ਲੋਕ ਸੋਚਦੇ ਸਨ ਕਿ ਏਨੇ ਪ੍ਰੋਗਰਾਮ ਕਿਵੇਂ ਲਗਣਗੇ। ਮੈਂ ਕਿਹਾ ਲੋਕਾਂ ਵਿਚ ਤਮੰਨਾ ਹੋਵੇਗੀ ਤਾਂ ਲੋਕ ਪ੍ਰੋਗਰਾਮ ਲੈਣਗੇ ਤਾਂ ਮੇਰੇ ਪ੍ਰੋਗਰਾਮ ਦੀ ਏਨੀ ਮੰਗ ਹੋ ਗਈ ਕਿ ਮੈਨੂੰ ਇਕ-ਇਕ ਦਿਨ ਵਿਚ ਤਿੰਨ-ਤਿੰਨ ਪ੍ਰੋਗਰਾਮ ਕਰਨੇ ਪਏ।
ਜਦੋਂ ਇਕ ਦਿਨ ਵਿਚ ਤਿੰਨ ਪ੍ਰੋਗਰਾਮ ਦੇਂਦਾ ਸਾਂ ਤਾਂ 36000 ਰੁਪਈਆ ਹੋ ਜਾਂਦਾ ਸੀ ਤੇ 36000 ਲੋਕ ਇਕੱਠੇ ਹੋ ਜਾਂਦੇ ਸਨ। ਇਸ ਤੇ ਨਾਲ-ਨਾਲ 9000 ਸਾਈਕਲ। ਜਦੋਂ ਮੈਂ ਲੋਕਾਂ ਨੂੰ ਕਿਹਾ ਭਾਈ ਕਿ ਦਿਨ ਵਿਚ ਤਿੰਨ-ਤਿੰਨ ਪ੍ਰੋਗਰਾਮ ਕਰਨੇ ਪੈਂਦੇ ਹਨ ਤਾਂ ਮੈਨੂੰ ਥੋੜ੍ਹੀ ਪ੍ਰੇਸ਼ਾਨੀ ਹੁੰਦੀ ਹੈ। ਕਿਉਂਕਿ ਇਕ ਦਿਨ ਵਿਚ ਤਿੰਨ ਪ੍ਰੋਗਰਾਮ ਹਨ ਅਤੇ ਤੁਸੀਂ ਚਾਹੁੰਦੇ ਹੋ ਕਿ ਇਹ ਪ੍ਰੋਗਰਾਮ ਹੋਣ। ਇਸ ਲਈ ਸਾਨੂੰ ਹੋਰ ਦੂਸਰਾ ਤਰੀਕਾ ਅਪਨਾਉਣਾ ਚਾਹੀਦਾ ਹੈ। ਹੁਣ ਤੁਸੀਂ ਮੇਰੀ ਉਮਰ ਦੇ ਹਿਸਾਬ ਨਾਲ ਪੈਸਾ ਦਿਆ ਕਰੋ। ਕਿਉਂਕਿ ਵਜ਼ਨ ਦੇ ਹਿਸਾਬ ਨਾਲ ਤਾਂ ਮੇਰਾ ਵਜ਼ਨ ਵੀ ਘਟ ਹੋ ਜਾਏਗਾ, ਜੇ ਏਨੇ ਪ੍ਰੋਗਰਾਮ ਲਗਦੇ ਰਹੇ ਤਾਂ। ਹੁੰਦੇ ਹੁੰਦੇ ਮੇਰੀ ਉਮਰ 52 ਸਾਲ ਹੋ ਗਈ ਹੈ। ਮੈਨੂੰ 52 ਹਜ਼ਾਰ ਰੁਪਈਆ ਦਿਆ ਕਰੋ ਅਤੇ 52 ਹਜ਼ਾਰ ਲੋਕ ਇਕੱਠੇ ਕਰਿਆ ਕਰੋ ਅਤੇ 10 ਹਜ਼ਾਰ ਲੋਕ ਸਾਈਕਲ ਸਵਾਰ ਹੋਣ। ਤਾਂ ਇਸ ਤਰ੍ਹਾਂ ਕਰਕੇ ਮੈਂ ਐਸੇ 40 ਪ੍ਰੋਗਰਾਮ ਦਿਤੇ। ਉਤਰ ਪ੍ਰਦੇਸ਼, ਮਧ ਪ੍ਰਦੇਸ਼ ਆਦਿ ਦਿਲੀ ਦੇ ਗੁਆਂਢੀ ਰਾਜਾਂ ਵਿਚ। ਇਸ ਤਰ੍ਹਾਂ ਹੀ ਸਾਡੇ ਕੋਲ ਕਾਫੀ ਪੈਸਾ ਇਕੱਠਾ ਹੋਇਆ। ਫਿਰ ਅਖੀਰ ਵਿਚ 7 ਪ੍ਰੋਗਰਾਮ ਇਕ-ਇਕ ਲਖ ਰੁਪਏ ਦੇ ਰਖੇ ਗਏ ਜਿਨ੍ਹਾਂ ਵਿਚ ਮੇਰਾ ਪਹਿਲਾ ਪ੍ਰੋਗਰਾਮ ਆਗਰਾ ਵਿਚ ਰਖਿਆ ਗਿਆ। ਜਿਸ ਵਿਚ ਇਕ ਲਖ ਰੁਪਈਆ ਮਿਲਿਆ। ਆਖਰੀ ਪ੍ਰੋਗਰਾਮ 7 ਦਸੰਬਰ ਨੂੰ ਕੀਤਾ। ਉਸ ਦੇ ਬਾਅਦ ਬੰਦ ਕਰ ਦਿਤਾ ਅਤੇ ਅਗਲੇ ਪ੍ਰੋਗਰਾਮ ਸ਼ੁਰੂ ਕਰ ਦਿਤੇ। ਇਸ ਤਰ੍ਹਾਂ ਸਾਡੇ ਕੋਲ 30-40 ਲਖ ਰੁਪਈਆ ਇਕੱਠਾ ਹੋਇਆ। ਤਾਂ ਫਿਰ ਮੈਂ ਸੋਚਿਆ ਕਿ ਕੰਮ ਨੂੰ ਅਗੇ ਵਧਾਉਣ ਲਈ ਹੋਰ ਤਰੀਕੇ ਅਪਨਾਉਣੇ ਚਾਹੀਦੇ ਹਨ। ਇਸ ਲਈ ਸਾਥੀਆਂ ਨੂੰ ਜੋ ਮੈਂ ਇਹ ਦਸ ਰਿਹਾ ਹਾਂ, ਇਹ ਅਸੀਂ ਸਮਾਜ ਨੂੰ ਤਿਆਰ ਕਰਨ ਦੇ ਲਈ, ਸਮਾਜ ਦੀ ਨਬਜ਼ ਨੂੰ ਸਮਝ ਕੇ, ਇਸ ਤਰ੍ਹਾਂ ਅਸੀਂ ਕਾਫੀ ਕੰਮ ਕੀਤਾ ਤਾਂ ਲਹਿਰ ਅਗੇ ਵਧੀ ਅਤੇ ਲੋਕਾਂ ਵਿਚ ਚਾਹਤ ਪੈਦਾ ਹੋਈ ਹੈ। ਪਰ ਇਹ ਤਾਂ ਉਸ ਸਮੇਂ ਦੀ ਗੱਲ ਹੈ ਜਦੋਂ ਅਸੀਂ ਦਿਲੀ ਅਤੇ ਇਸਦੇ ਚਾਰੇ ਪਾਸੇ ਲਹਿਰ ਬਣਾ ਰਹੇ ਸਾਂ। ਅੱਜ ਤਾਂ ਅਸੀਂ ਸਿਆਸੀ ਪਾਰਟੀ ਵੀ ਬਣਾਈ ਹੈ ਅਤੇ ਅੱਜ ਸਾਡੀ ਪਾਰਟੀ ਕੌਮੀ ਪਾਰਟੀ ਵੀ ਬਣ ਚੁਕੀ ਹੈ ਤਾਂ ਹੁਣ ਤਾਂ ਗੱਲ ਬਹੁਤ ਅਗੇ ਵਧ ਗਈ ਹੈ। ਜਦੋਂ ਕੌਮੀ ਪਾਰਟੀ ਬਣ ਗਈ ਤੇ 8-10 ਰਾਜਾਂ ਵਿਚ ਸਾਡੀ ਗੱਲ ਫੈਲ ਗਈ ਹੈ ਅਤੇ ਬਾਕੀ ਜੋ ਸੂਬੇ ਹਨ ਉਹ ਵੀ ਕਹਿੰਦੇ ਹਨ ਕਿ ਸਾਡੇ ਵੱਲ ਧਿਆਨ ਕਿਉਂ ਨਹੀਂ ਦਿਤਾ ਜਾਂਦਾ। ਇਸ ਲਈ ਉਨ੍ਹਾਂ ਵੱਲ ਵੀ ਦੇਖਣਾ ਪੈ ਗਿਆ।
ਵੈਸੇ ਤਾਂ ਮੈਂ ਪਹਿਲਾਂ ਇਟਾਵਾ ਤੋਂ ਚੋਣ ਜਿਤੀ, ਫਿਰ ਹੁਸ਼ਿਆਰਪੁਰ ਤੋਂ ਜਿਤੀ ਤਾਂ ਮੈਂ ਸੋਚਿਆ ਕਿ ਚਲੋ ਇਹ ਤਜਰਬਾ ਵੀ ਹੋ ਗਿਆ ਹੈ। ਆਪਣੀ ਜਿਤ ਦਾ ਅਤੇ ਦੂਜੇ ਲੋਕਾਂ ਨੂੰ ਜਿਤਾਉਣ ਦਾ ਅਤੇ ਇਸ ਤੋਂ ਬਿਨਾਂ ਵੀ ਮੈਨੂੰ ਲਹਿਰ ਨੂੰ ਵਡੇ ਪੈਮਾਨੇ ਉਤੇ ਅਗੇ ਵਧਾਉਣਾ ਚਾਹੀਦਾ ਹੈ। ਪਿਛਲੀ ਲੋਕ ਸਭਾ ਵਿਚ ਸਾਡੇ 11 ਮੈਂਬਰ ਸਨ ਤਾਂ ਸੋਚਿਆ ਕਿ ਸਾਡੇ 50-55 ਹੋਣੇ ਹਨ ਤਾਂ ਜ਼ਿਆਦਾ ਸੂਬਿਆਂ ਵਿਚ ਕੰਮ ਕਰਨਾ ਹੋਵੇਗਾ। ਇਸ ਤਰ੍ਹਾਂ ਅਸੀਂ ਬੰਗਾਲ ਵੀ ਗਏ, ਉੜੀਸਾ ਵੀ ਗਏ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕਰਨਾਟਕ, ਕੇਰਲ, ਏਨੇ ਸੂਬਿਆਂ ਵਿਚ ਮੈਨੂੰ ਚੋਣ ਲੜਾਉਣੀ ਪਈ। ਜਦੋਂ ਏਨੇ ਸੂਬਿਆਂ ਵਿਚ ਚੋਣ ਲੜਾਉਣੀ ਪਈ ਹੈ ਅਤੇ ਚੋਣ ਕਮਿਸ਼ਨਰ ਨੇ ਚੋਣਾਂ ਦਾ ਸਮਾਂ ਵੀ ਘਟ ਕਰ ਦਿੱਤਾ ਹੈ, ਪਹਿਲਾਂ ਪ੍ਰਚਾਰ ਦੇ 20 ਦਿਨ ਮਿਲਦੇ ਸਨ ਹੁਣ 12 ਦਿਨ ਕਰ ਦਿਤੇ ਹਨ।
ਇਸ ਲਈ ਚੋਣਾਂ ਖਤਮ ਹੋਣ ਤੋਂ ਬਾਅਦ ਮੈਨੂੰ ਇਸ ਤਰ੍ਹਾਂ ਲਗਿਆ ਕਿ ਮੈਂ ਏਨਾ ਜਿਆਦਾ ਮੂੰਹ ਮਾਰ ਲਿਆ ਹੈ ਕਿ ਜਿੰਨਾ ਮੈਂ ਚਬਾ ਨਹੀਂ ਸਕਦਾ। ਏਨਾ ਮੂੰਹ ਮਾਰ ਲਿਆ ਹੈ ਕਿ ਮੈਂ ਆ-ਆ ਕਰ ਰਿਹਾ ਹਾਂ ਅਤੇ ਖਾ ਨਹੀਂ ਪਾ ਰਿਹਾ। ਨਾਂ ਤਾਂ ਇਹ ਅੰਦਰ ਜਾ ਰਿਹਾ ਹੈ ਅਤੇ ਨਾ ਹੀ ਕੁਝ ਹੋਰ ਕਰ ਸਕਦਾ ਹਾਂ ਤਾਂ ਇਸ ਤਰ੍ਹਾਂ ਮੈਂ ਇਹ ਸੋਚਿਆ ਅਤੇ ਮੇਰਾ ਖਿਆਲ ਹੈ ਕਿ ਜੇ ਉਤਰ ਪ੍ਰਦੇਸ਼, ਰਾਜਿਸਥਾਨ, ਬਿਹਾਰ, ਪੰਜਾਬ, ਹਰਿਆਣਾ, ਜੰਮੂ ਕਸ਼ਮੀਰ ਆਦਿ ਰਾਜਾਂ ਤਕ ਹੀ ਅਸੀਂ ਆਪਣੇ ਆਪ ਨੂੰ ਸੀਮਤ ਰਖਿਆ ਹੁੰਦਾ ਤਾਂ ਅਸੀਂ ਜੇ 50-55 ਨਹੀਂ ਤਾਂ 20-25 ਮੈਂਬਰ ਤਾਂ ਜ਼ਰੂਰ ਜਿਤਾ ਸਕਦੇ ਸੀ। ਕਿਉਂਕਿ ਜਦੋਂ ਮੈਂ ਆਪਣਾ ਸਮਾਂ ਵੰਡਿਆ ਉਸ ਸਮੇਂ ਮੈਂ ਉਤਰ ਪ੍ਰਦੇਸ਼ ਵਿਚ ਸਿਰਫ ਤਿੰਨ ਦਿਨ ਦਿਤੇ ਸਨ। ਕਿਉਂਕਿ ਮਾਇਆਵਤੀ ਉਤੇ ਛਡਿਆ ਸੀ ਕਿ ਪ੍ਰਦੇਸ਼ ਦੀਆਂ ਸਾਰੀਆਂ 52 ਸੀਟਾਂ ਉਤੇ ਤੁਸੀਂ ਇਨ੍ਹਾਂ ਨੂੰ ਤਿਆਰ ਕਰਵਾ ਕੇ ਲੜਾਉਣਾ ਹੈ। ਉਸ ਨੇ ਇਸ ਲਈ ਜ਼ਿੰਮੇਵਾਰੀ ਲਈ ਸੀ। ਫਿਰ ਵੀ ਮਾਇਆਵਤੀ ਨੇ ਮੈਨੂੰ ਇਹੀ ਕਿਹਾ ਸੀ ਕਿ ਤੁਸੀਂ ਵੀ ਇਸ ਲਈ ਅਪੀਲ ਕਰਨ ਆਉਣਾ। ਤਾਂ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ 30-35 ਸੀਟਾਂ ਮੇਰੇ ਲਈ ਢੂੰਡ ਲੈਣੀਆਂ ਜਿਥੇ ਮੇਰਾ ਪਹੁੰਚਣਾ ਜ਼ਰੂਰੀ ਹੈ। ਜਿਨ੍ਹਾਂ ਉਤੇ ਸਾਨੂੰ ਬਹੁਤ ਉਮੀਦ ਹੈ ਕਿ ਅਸੀਂ ਜ਼ਰੂਰ ਜਿਤ ਲਵਾਂਗੇ। ਉਸ ਹਿਸਾਬ ਨਾਲ ਮੈਂ ਤਿੰਨ ਦਿਨ ਉਤਰ ਪ੍ਰਦੇਸ਼ ਲਈ ਰਖੇ ਸਨ ਅਤੇ ਬਾਕੀ ਸਮਾਂ ਸਾਰੀਆਂ ਥਾਵਾਂ ਉਤੇ ਘੁੰਮਾਂਗਾ। ਪਰ ਮਾਇਆਵਤੀ ਨੇ ਮੇਰੇ ਲਈ 5 ਸੀਟਾਂ ਛਡ ਦਿਤੀਆਂ। ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ਸਾਰੀਆਂ 85 ਸੀਟਾਂ ਉਤੇ ਘੁੰਮ ਗਈ ਹਾਂ ਅਤੇ 65 ਸੀਟਾਂ ਐਸੀਆਂ ਹਨ, ਜਿਨ੍ਹਾਂ ਬਾਰੇ ਮੈਨੂੰ ਸਮਝ ਨਹੀਂ ਆ ਰਹੀ ਕਿ ਕਿਹੜੀਆਂ ਜਿਤਾਂਗੇ ਅਤੇ ਕਿਹੜੀਆਂ ਨਹੀਂ। ਭਾਵ ਇਸ ਤਰ੍ਹਾਂ ਲਗਦਾ ਹੈ ਕਿ 65 ਸੀਟਾਂ ਅਸੀਂ ਜਿਤ ਸਕਦੇ ਹਾਂ। ਤਾਂ ਮੈਂ ਸੋਚਿਆ ਕਿ ਤਿੰਨ ਦਿਨ ਵਿਚ ਮੇਰੇ ਲਈ 65 ਸੀਟਾਂ ਉਤੇ ਜਾਣਾ ਮੁਸ਼ਕਿਲ ਹੋ ਜਾਏਗਾ ਅਤੇ ਬਿਹਾਰ ਵਾਲੇ ਪਿਛੇ ਪੈ ਗਏ ਕਿ ਤੁਸੀਂ ਬਿਹਾਰ ਲਈ ਇਕ ਦਿਨ ਵੀ ਨਹੀਂ ਰਖਿਆ ਤਾਂ ਮੈਂ ਉਥੇ ਵੀ ਦੋ ਲੋਕ ਸਭਾ ਹਲਕਿਆਂ ਵਿਚ ਸਮਾਂ ਰਖ ਦਿਤਾ। ਇਕ ਬਕਸਰ ਅਤੇ ਦੂਜਾ ਸਾਸਾਰਾਮ ਜੋ ਵਾਰਾਣਸੀ ਨਾਲ ਪੂਰਬੀ ਉਤਰ ਪ੍ਰਦੇਸ਼ ਦੇ ਨਾਲ ਲਗੇ ਹੋਏ ਹਨ। ਇਸ ਤਰ੍ਹਾਂ ਉਤਰ ਪ੍ਰਦੇਸ਼ ਵਿਚ 65 ਅਤੇ ਬਿਹਾਰ ਦੇ ਦੋ, ਇਸ ਤਰ੍ਹਾਂ 67 ਥਾਵਾਂ ਉਤੇ ਮੈਂ ਤਿੰਨ ਦਿਨ ਦਿਤੇ। ਤਾਂ ਇਕ ਦਿਨ ਵਿਚ 17 ਸਭਾਵਾਂ ਹੈਲੀਕਾਪਟਰ ਨਾਲ ਲੈਣੀਆਂ ਪਈਆਂ। ਹਾਲਾਂਕਿ ਇਕ-ਇਕ ਲੋਕ ਸਭਾ ਹਲਕੇ ਵਿਚ ਮੈਂ ਅਠ-ਅਠ, ਨੌਂ-ਨੌਂ ਪ੍ਰੋਗਰਾਮ ਦਿਤੇ ਹਨ। ਪਰ ਉਤਰ ਪ੍ਰਦੇਸ਼ ਵਿਚ ਮੈਂ ਇਕ ਲੋਕ ਸਭਾ ਹਲਕੇ ਵਿਚ ਇਕ ਪ੍ਰੋਗਰਾਮ ਅਤੇ ਉਹ ਵੀ 5 ਮਿੰਟ ਤੋਂ ਜ਼ਿਆਦਾ ਨਹੀਂ ਦੇ ਸਕਿਆ। ਕਿਉਂਕਿ ਇਕ ਦਿਨ ਵਿਚ 17 ਥਾਵਾਂ ਉਤੇ ਹੈਲੀਕਾਪਟਰ ਵਿਚ ਪਹੁੰਚਣਾ ਅਤੇ ਫਿਰ ਦਿਨ ਛਿਪਣ ਤੋਂ ਬਾਅਦ 5-5 ਪ੍ਰੋਗਰਾਮਾਂ ਵਿਚ ਕਾਰ ਰਾਹ ਜਾਣਾ। ਇਸ ਤਰ੍ਹਾਂ ਮੈਂ 22 ਪ੍ਰੋਗਰਾਮ ਪ੍ਰਤੀ ਦਿਨ ਦੇ ਹਿਸਾਬ ਨਾਲ 67 ਥਾਵਾਂ ਉਤੇ ਘੁੰਮਿਆਂ। ਉਸ ਨਾਲ ਮੇਰੀ ਸਿਹਤ ਉਤੇ ਵੀ ਮਾੜਾ ਅਸਰ ਪਿਆ ਅਤੇ ਲੋਕ ਵੀ ਸੋਚਦੇ ਹੋਣਗੇ ਕਿ ਕਾਸ਼ੀ ਰਾਮ ਆਉਂਦਾ ਹੈ ਅਤੇ ਹਥ ਹਿਲਾ ਕੇ ਚਲਾ ਜਾਂਦਾ ਹੈ। ਮੈਂ ਵੀ ਸੋਚਿਆ ਕਿ ਉਤਰ ਪ੍ਰਦੇਸ਼ ਵਿਚ ਤਾਂ ਹਥ ਹਿਲਾਉਣਾ ਹੀ ਕਾਫੀ ਹੋ ਜਾਣਾ ਚਾਹੀਦਾ ਸੀ। ਪਰ ਨਹੀਂ ਹੋਇਆ।
ਮੈਂ, ਤਾਂ ਚੋਣ ਲੜਨਾ ਹੀ ਨਹੀਂ ਚਾਹੁੰਦਾ ਸੀ, ਪਰ ਪਹਿਲਾਂ ਇਟਾਵਾ ਦੇ ਕੁਝ ਲੋਕ ਆਏ, ਦੂਜੀਆਂ ਥਾਵਾਂ ਤੋਂ ਵੀ ਆਏ। ਅਤੇ ਜੋ ਲੋਕ ਸਹਾਰਨਪੁਰ ਤੋਂ ਆਏ ਉਨ੍ਹਾਂ ਨੇ ਮੈਨੂੰ ਸਹਿਮਤ ਕਰ ਲਿਆ ਕਿ ਤੁਸੀਂ ਕਹਿਦੇ ਹੋ ਕਿ ਮੈਂ ਆਪਣੇ ਲਈ ਸਮਾਂ ਦੇਣ ਨਹੀਂ ਚਾਹੁੰਦਾ। ਪੈਸਾ ਵੀ ਨਹੀਂ ਲਾਉਣਾ ਚਾਹੁੰਦਾ ਤਾਂ ਉਨ੍ਹਾ ਨੇ ਕਿਹਾ ਕਿ ਪੈਸਾ ਵੀ ਅਸੀਂ ਲਾਵਾਂਗੇ ਅਤੇ ਸਮਾਂ ਵੀ ਅਸੀਂ ਲਾਵਾਂਗੇ। ਤੁਸੀਂ ਸਿਰਫ ਆਪਣਾ ਪਰਚਾ ਦਾਖਲ ਕਰਕੇ ਹੀ ਆ ਜਾਣਾ ਅਸੀਂ ਤਹਾਨੂੰ ਜਿਤਾ ਕੇ ਲੋਕ ਸਭਾ ਵਿਚ ਭੇਜ ਦਿਆਂਗੇ। ਤਾਂ ਮੇਰੇ ਸਾਥੀਆਂ ਨੇ ਮੈਨੂੰ ਕਿਹਾ ਜਦੋਂ ਤੁਹਾਨੂੰ ਉਥੇ ਜਾਣਾ ਹੀ ਨਹੀਂ ਪਏਗਾ ਤਾਂ ਤੁਸੀਂ ਆਪਣਾ ਪਰਚਾ ਦਾਖਲ ਕਰਵਾ ਦਿਉ। ਤਾਂ ਇਸ ਲਈ ਮੈਂ ਆਪਣਾ ਪਰਚਾ ਦਾਖਲ ਕਰਵਾ ਦਿਤਾ। ਮੈਂ ਉਧਰ ਬਹੁਤਾ ਨਹੀਂ ਦੇਖਿਆ। ਪਰ ਉਤਰ ਪ੍ਰਦੇਸ਼ ਵਿਚ ਜਿਥੇ ਮੈਨੂੰ ਜ਼ਿਆਦਾ ਧਿਆਨ ਦੇਣਾ ਚਾਹੀਦਾ ਸੀ ਜਿਤਣ ਲਈ, ਜਿਧਰ ਸਾਮਾਨ ਕਾਫੀ ਤਿਆਰ ਹੋ ਚੁਕਾ ਸੀ, ਉਧਰ ਵੀ ਮੈਂ ਜ਼ਿਆਦਾ ਸਮਾਂ ਨਹੀਂ ਦੇ ਸਕਿਆ। ਕਿਉਂਕਿ ਮੈਂ ਪੂਰੇ ਭਾਰਤ ਵਿਚ ਜ਼ਿਆਦਾ ਪੈਰ ਪਸਾਰ ਦਿਤੇ ਸਨ। ਇਧਰ ਕੰਨਿਆ ਕੁਮਾਰੀ ਤਕ ਤਾਮਿਲਨਾਡੂ, ਕੇਰਲਾ, ਕਰਨਾਟਕ, ਆਂਧਰਾ ਪ੍ਰਦੇਸ਼, ਉੜੀਸਾ, ਬੰਗਾਲ, ਮਹਾਂਰਾਸ਼ਟਰ ਆਦਿ ਖੇਤਰਾਂ ਵਿਚ ਸਾਨੂੰ ਚੋਣਾਂ ਨਹੀਂ ਲੜਾਉਣੀਆ ਚਾਹੀਦੀਆ ਸੀ। ਜਿਸ ਤਰ੍ਹਾਂ ਪਹਿਲਾਂ ਨਹੀਂ ਲੜਾਉਂਦੇ ਸਾਂ ਅਜੇ ਵੀ ਨਹੀਂ ਲੜਾਉਣੀਆਂ ਚਾਹੀਦੀਆਂ ਸਨ ਅਤੇ ਜੋ ਬਾਕੀ ਖੇਤਰ ਹਨ ਮਧ ਪ੍ਰਦੇਸ਼, ਉਤਰ ਪ੍ਰਦੇਸ਼, ਰਾਜਸਥਾਨ, ਬਿਹਾਰ, ਹਰਿਆਣਾ, ਪੰਜਾਬ ਅਤੇ ਜੰਮੂ ਕਸ਼ਮੀਰ ਆਦਿ ਸੂਬਿਆਂ ਵਿਚ ਮੈਨੂੰ ਜ਼ਿਆਦਾ ਸਮਾਂ ਦੇਣਾ ਚਾਹੀਦਾ ਸੀ। ਤਾਂ ਉਸ ਨਾਲ ਕੁਝ ਬਿਹਤਰ ਨਤੀਜੇ ਨਿਕਲ ਆਉਂਦੇ। ਖੈਰ! ਜੋ ਹੋਣਾ ਸੀ ਹੋਇਆ ਹੈ ਤੇ ਉਸ ਦੇ ਬਾਅਦ ਅਸੀਂ ਅਗੇ ਵਧਣਾ ਹੈ। ਕਿਉਂਕਿ ਇਸ ਤਰ੍ਹਾਂ ਤਾਂ ਬਹੁਤ ਵਾਰ ਹੁੰਦਾ ਹੈ। ਅਸੀਂ ਲੋਕ ਫਿਰ ਇਕ ਜਿਦ ਦੇ ਨਾਲ ਅਗੇ ਵਧਦੇ ਹਾਂ।
ਅੱਜ ਜਦੋਂ ਮੈਂ ਤੁਹਾਡੇ ਵਿਚ ਆਇਆ ਹਾਂ ਅੱਜ ਫਿਰ 15 ਮਾਰਚ ਦਾ ਦਿਨ ਹੈ ਅਤੇ ਹਰ 15 ਮਾਰਚ ਨੂੰ ਅਸੀਂ ਕੋਈ ਨਾ ਕੋਈ ਤਹਈਆ ਕਰਕੇ ਅਗੇ ਵਧਦੇ ਹਾਂ। ਮੈਂ ਤੁਹਾਨੂੰ ਪਹਿਲਾਂ ਹੀ ਦਸ ਦਿਤਾ ਹੈ ਕਿ 14-15 ਸਾਲ ਪਹਿਲਾਂ ਮੈਂ 4200 ਕਿਲੋਮੀਟਰ ਸਾਈਕਲ ਪ੍ਰਚਾਰ ਯਾਤਰਾ ਉਤੇ ਨਿਕਲਿਆ ਸਾਂ ਅਤੇ ਅੱਜ ਮੈਂ ਸਮਝਦਾ ਹਾਂ ਕਿ ਜਦੋਂ ਦਿਲੀ ਵਿਚ ਹਾਂ ਅਤੇ ਦਿਲੀ ਵਿਚ ਜਦੋਂ ਤਕ ਕੋਈ ਸਰਕਾਰ ਨਹੀਂ ਬਣ ਜਾਂਦੀ ਉਦੋਂ ਤਕ ਮੇਰਾ ਦਿਲੀ ਵਿਚ ਰਹਿਣਾ ਜ਼ਰੂਰੀ ਹੈ। ਇਸ ਲਈ ਮੈਂ ਦਿਲੀ ਵਿਚ ਹਾਂ ਤੇ ਮੈਂ ਦਿਲੀ ਦਾ ਕੋਈ ਪ੍ਰੋਗਰਾਮ ਨਹੀਂ ਰਖਿਆ ਸੀ। ਐਸਾ ਮੈਂ ਆਪਣਾ ਕੋਈ ਜਨਮ ਦਿਨ ਮਨਾਉਂਦਾ ਨਹੀਂ ਹਾਂ, ਜਿਸ ਨਾਲ ਮੈਨੂੰ ਖਰਚ ਕਰਨਾ ਪਵੇ। ਇਸ ਮੌਕੇ ਉਤੇ ਕੇਕ ਕਟ ਕੇ ਅਤੇ ਵਾਰ-ਵਾਰ ਇਹ ਸਾਲ ਆਵੇ ਆਦਿ ਕੁਝ ਕਰਨਾ ਮੈਂ ਨਹੀਂ ਚਾਹੁੰਦਾ ਸਾਂ। ਪਰ ਮੇਰੇ ਦਿਲੀ ਦੇ ਸਾਥੀਆਂ ਨੇ ਮੈਨੂੰ ਪੁਛਿਆ ਕਿ ਜਦੋਂ ਤੁਸੀਂ ਦਿਲੀ ਵਿਚ ਹੀ ਹੋ ਤੇ ਤੁਸੀਂ ਦਿਲੀ ਵਾਲਿਆਂ ਨੂੰ ਵੀ ਮੌਕਾ ਦਿਓ ਕਿ ਅਸੀਂ ਫੁਲਾਂ ਦੇ ਗੁਲਦਸਤੇ ਲੈ ਕੇ ਆਉਣਾ ਚਾਹੁੰਦੇ ਹਾਂ। ਤਾਂ ਮੈਂ ਸੋਚਿਆ ਕਿ ਫੁਲਾਂ ਦੇ ਗੁਲਦਸਤਿਆਂ ਦੀ ਬਜਾਏ ਤੁਸੀਂ ਜੇ ਕੁਝ ਕਰਨਾ ਹੀ ਚਾਹੁੰਦੇ ਹੋ ਤਾਂ ਕੁਝ ਸਾਥੀਆਂ ਨੂੰ ਬੁਲਾ ਲਓ। ਦਿਲੀ ਦੇ ਕਾਰਕੁੰਨ ਹਨ, ਜੋ ਕੁਝ ਕੰਮ ਕਰਨਾ ਚਾਹੁੰਦੇ ਹਨ, ਐਸੇ ਲੋਕਾਂ ਨੂੰ ਤੁਸੀਂ  ਬੁਲਾ ਲਉ ਤਾਂ ਕਿ ਮੈਂ ਉਨ੍ਹਾਂ ਨੂੰ ਦਸ ਸਕਾਂ ਕਿ ਅੱਜ ਤੁਸੀਂ ਅਗਲੀ 15 ਮਾਰਚ ਤਕ ਦਾ ਸਾਲ ਭਰ ਦਾ ਪ੍ਰੋਗਰਾਮ ਬਣਾਓ ਜਿਸ ਨਾਲ ਸਾਲ ਭਰ ਬਾਦ ਤੁਸੀਂ ਲੋਕ ਪਿਛੇ ਮੁੜ ਕੇ ਦੇਖੋ ਕਿ ਅਸੀਂ ਇਸ ਸਾਲ ਵਿਚ ਕੀ ਕੀਤਾ।
ਉਸ ਨੂੰ ਖੁਦ ਵੀ ਦੇਖ ਸਕੀਏ ਤੇ ਆਪਣੇ ਸਮਾਜ ਨੂੰ ਵੀ ਦਿਖਾ ਸਕੀਏ। ਐਸਾ ਕੁਝ ਕੰਮ ਕਰਨਾ ਚਾਹੀਦਾ ਹੈ। ਤੁਹਾਡੀ ਚਾਹਤ ਦਾ ਪ੍ਰੋਗਰਾਮ ਵੀ ਹੋਣਾ ਚਾਹੀਦਾ ਹੈ। ਐਸਾ ਪ੍ਰੋਗਰਾਮ ਕੀ ਹੈ, ਤੁਸੀਂ ਲੋਕ ਕੀ ਚਾਹੁੰਦੇ ਹੋ? ਚੋਣਾਂ ਵਿਚ ਕਿੰਨੀ ਵੀ ਮਾਰ ਪੈ ਜਾਏ, ਮਾਰ ਖਾ ਲਓਗੇ ਪਰ ਲੜਨਾ ਚਾਹੋਗੇ। ਸਿਰਫ ਚੋਣਾਂ ਲੜਨ ਦਾ ਸ਼ੌਂਕ ਰਹਿੰਦਾ ਹੈ। ਪਿਛਲੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਵੀ ਮੈਂ ਨਹੀਂ ਲੜਨ ਦਿਤੀਆਂ। ਕੋਈ ਉਪ ਚੋਣ ਵੀ ਨਹੀਂ ਲੜਨ ਦਿਤੀ। ਤੁਹਾਨੂੰ ਚੋਣ ਲੜਨ ਦਾ ਸ਼ੌਂਕ ਵੀ ਹੈ। ਪਰ ਚੋਣ ਲੜਨ ਲਈ ਤਿਆਰੀ ਕਰਨੀ ਜ਼ਰੂਰੀ ਹੁੰਦੀ ਹੈ। ਹੁਣ ਅਗਲੀ ਚੋਣਾਂ ਨਵੰਬਰ ਵਿਚ ਦਿਲੀ ਵਿਚ ਆ ਰਹੀਆਂ ਹਨ। ਜਿਨ੍ਹਾਂ ਦੇ ਲਈ ਤੁਹਾਡੇ ਕੋਲ 7-8 ਮਹੀਨੇ ਤਿਆਰੀ ਲਈ ਹਨ। ਸਤ ਮਹੀਨੇ ਤਿਆਰੀ ਦੇ ਹਨ ਤੇ ਅਠਵੇਂ ਮਹੀਨੇ ਤੁਸੀਂ ਚੋਣਾਂ ਵਿਚ ਰੁਝ ਜਾਓਗੇ। ਤਾਂ ਅੱਜ ਜੇ ਤੁਸੀਂ ਮੇਰੇ ਕੋਲੋਂ ਕੁਝ ਸੁਣਨ ਲਈ ਆਏ ਹੋ ਜਾਂ ਮੇਰੀ ਸਲਾਹ ਲੈਣ ਲਈ ਆਏ ਹੋ ਤਾਂ ਤੁਹਾਨੂੰ ਮੇਰੀ ਸਲਾਹ ਹੈ ਕਿ ਸਤ ਮਹੀਨੇ ਤੁਸੀਂ ਸੂਝਬੂਝ ਦੇ ਨਾਲ ਤਿਆਰੀ ਕਰੋ। ਸੂਝਬੂਝ ਦਾ ਹੋਣਾ ਵੀ ਇਸ ਲਈ ਬਹੁਤ ਜ਼ਰੂਰੀ ਹੈ। ਬਗੈਰ ਸੋਚੇ ਸਮਝੇ ਵੈਸੇ ਹੀ ਹੂੜਮਤ ਕਰਦੇ ਰਹੇ ਤਾਂ ਉਸ ਨਾਲ ਵੀ ਮਤਲਬ ਹੱਲ ਨਹੀਂ ਹੋਣਾ। ਸੂਝ-ਬੂਝ ਦੇ ਨਾਲ ਤੁਸੀਂ 7 ਮਹੀਨੇ ਤਿਆਰੀ ਕਰੋ ਤੇ ਅਠਵੇਂ ਮਹੀਨੇ ਚੋਣਾਂ ਲੜਨ ਲਈ ਤਿਆਰ ਰਹੋ। ਸਤ ਮਹੀਨੇ ਖਤਮ ਹੋਣ ਤੋਂ ਬਾਦ ਤੁਹਾਨੂੰ ਨਜ਼ਰ ਆਉਣਾ ਚਾਹੀਦਾ ਹੈ ਕਿ ਅਸੀਂ ਇਸ ਚੋਣ ਨੂੰ ਕਾਮਯਾਬੀ ਨਾਲ ਲੜਨ ਲਈ ਤਿਆਰ ਹਾਂ ਅਤੇ ਉਨ੍ਹਾਂ ਵਿਚ ਤੁਸੀਂ ਲੋਕ ਕੁਝ ਨਤੀਜੇ ਦਿਖਾ ਸਕੋ। ਅਤੇ ਮੈਂ ਤਾਂ ਐਸਾ ਆਦਮੀ ਹਾਂ ਕਿ ਹੁਣ ਉਡਾਰੀ ਮਾਰਾਂਗਾ ਹੋਰ ਉਤੇ ਉਡ ਜਾਵਾਂਗਾ। ਹਾਂ, ਬੜੀ ਮੁਸ਼ਕਲ ਨਾਲ ਥਲੇ ਆਉਣਾ ਪੈਂਦਾ ਹੈ। ਇਸ ਲਈ ਮੇਰੇ ਦਿਮਾਗ ਵਿਚ ਤਾਂ ਉਡਾਨ ਹੈ ਕਿ ਜੇ ਮੈਂ ਹੀ ਇਹ ਕੰਮ ਕਰਨਾ ਹੈ, ਲੋਕਾਂ ਨੂੰ ਤਿਆਰ ਕਰਨ ਦਾ, ਤਾਂ ਸਤ ਮਹੀਨੇ ਦੀ ਤਿਆਰੀ ਕਾਫੀ ਹੈ। ਦਿਲੀ ਵਿਚ ਜੋ 70 ਅਸੰਬਲੀ ਦੀਆਂ ਸੀਟਾਂ ਹਨ, ਉਨ੍ਹਾਂ ਵਿਚੋਂ ਬਾਕੀ ਪਾਰਟੀਆਂ ਨਾਲੋਂ ਜ਼ਿਆਦਾ ਸੀਟਾਂ ਜਿਤਣ ਲਈ ਇਹ ਸਮਾਂ ਕਾਫੀ ਹੈ। ਪਹਿਲੇ ਨੰਬਰ ਉਤੇ ਸਾਡੀ ਪਾਰਟੀ ਹੋਣੀ ਚਾਹੀਦੀ ਹੈ। ਸਤ ਮਹੀਨੇ ਤੁਹਾਨੂੰ ਤਿਆਰੀ ਕਰਨੀ ਚਾਹੀਦੀ ਹੈ। ਮੈਂ ਕਿਸ ਅਧਾਰ ਉਤੇ ਕਹਿੰਦਾ ਹਾਂ ਕਿ ਕੋਈ ਪਾਰਟੀ ਸਾਡੇ ਮੁਕਾਬਲੇ ਵਿਚ ਦਿੱਲੀ ਵਿਚ ਖੜੀ ਨਹੀਂ ਹੋ ਸਕਦੀ। ਇਹ ਮੈਂ ਵੋਟਾਂ ਦੇ ਆਧਾਰ ਉਤੇ ਕਹਿੰਦਾ ਹਾਂ। ਜੋ ਬਰਾਬਰੀ ਦੇ ਆਧਾਰ ਉਤੇ ਵੋਟ ਦਾ ਹੱਕ ਸਾਡੇ ਸਮਾਜ ਨੂੰ ਮਿਲਿਆ ਹੈ ਜੇ ਅਸੀਂ ਉਨ੍ਹਾਂ ਵੋਟਾਂ ਨੂੰ ਵੇਚੀਏ ਨਾ ਜੇ ਅਸੀਂ ਉਨ੍ਹਾਂ ਵੋਟਾਂ ਦੀ ਚੋਰੀ ਨਾ ਹੋਣ ਦੇਈਏ ਜੇ ਅਸੀਂ ਉਨ੍ਹਾਂ ਵੋਟਾਂ ਨੂੰ ਲੁਟਣ ਨਾ ਦਈਏ ਤਾਂ ਵੋਟਾਂ ਸਾਡੇ ਕੋਲ ਕਾਫੀ ਹਨ। ਜਿਨ੍ਹਾਂ ਦਾ ਅਸੀਂ ਸਹੀ ਇਸਤੇਮਾਲ ਕਰਕੇ ਸਤ ਮਹੀਨੇ ਅੰਦਰ ਇਕ ਨੰਬਰ ਦੀ ਤਾਕਤ ਬਣ ਸਕਦੇ ਹਾਂ। ਕਿਉਂਕਿ ਸਾਡੇ ਕੋਲ ਵੋਟਾਂ ਦੀ ਕਮੀਂ ਨਹੀਂ ਹੈ ਅਤੇ ਨੋਟਾਂ ਦੀ ਕਹਾਣੀ ਮੈਂ ਤੁਹਾਨੂੰ ਪਹਿਲਾਂ ਹੀ ਦਸ ਚੁਕਾ ਹਾਂ। ਨੋਟ ਮੈਂ ਕਿਵੇਂ ਇਕੱਠੇ ਕੀਤੇ ਅਤੇ ਕਿਵੇਂ ਕਰ ਰਿਹਾ ਹਾਂ ਅਤੇ ਕਿਵੇਂ ਅਗੋਂ ਕਰਨੇ ਹਨ। ਅਜੇ ਮੈਂ ਇਹ ਨਹੀਂ ਦੱਸਿਆ ਕਿ ਅਗੇ ਕਿਵੇਂ ਕਰਨਾ ਹੈ। ਪਰ ਜੋ ਪੁਰਾਣੀ ਕਹਾਣੀ ਦਸੀ ਹੈ ਕਿ ਮੈਂ 15 ਸਾਲ, ਪਹਿਲਾਂ (15 ਮਾਰਚ 1983) ਇਥੋਂ ਦੇ ਮੈਟਾਡੋਰ ਅਤੇ 100 ਸਾਈਕਲ ਲੈ ਕੇ 4200 ਕਿਲੋਮੀਟਰ ਪ੍ਰਚਾਰ ਯਾਤਰਾ ਉਤੇ ਨਿਕਲਿਆ ਸਾਂ। ਸਮਾਜ ਦੇ ਸਾਥ ਨਾਲ 4200 ਕਿਲੋਮੀਟਰ ਪ੍ਰਚਾਰ ਕਰਨ ਬਾਅਦ ਕਾਫੀ ਕਾਮਯਾਬੀ ਦੇ ਬਾਦ ਦਿਲੀ ਵਾਪਸ ਆਇਆ ਸਾਂ। ਬਾਦ ਵਿਚ ਜੋ ਅਸੀਂ ਪ੍ਰੋਗਰਾਮ ਰਖੇ ਉਨ੍ਹਾਂ ਤੋਂ 40-50 ਲਖ ਰੁਪਈਏ ਕਿਸੇ ਤਰ੍ਹਾਂ ਸਮਾਜ ਕੋਲੋਂ ਇਕੱਠਾ ਕਰ ਸਕੇ। ਜਿਸ ਨੂੰ ਅਸੀਂ ਗਰੀਬ ਸਮਾਜ ਕਹਿਦੇ ਹਾਂ, ਉਸ ਗਰੀਬ ਸਮਾਜ ਕੋਲੋਂ ਹੀ ਅਸੀਂ ਏਨਾ ਧਨ ਆਪਣੀ ਲਹਿਰ ਨੂੰ ਅਗੇ ਵਧਾਉਣ ਲਈ ਇਕੱਠਾ ਕਰ ਸਕੇ। ਉਸ ਧਨ ਨੂੰ ਲਹਿਰ ਵਿਚ ਕਿਸ ਤਰ੍ਹਾਂ ਖਰਚ ਕੀਤਾ ਇਹ ਦਸਿਆ ਬਹੁਤ ਲੰਬੀ ਗੱਲ ਹੋ ਜਾਂਦੀ ਹੈ। ਪਰ ਧਨ ਸਮਾਜ ਕੋਲੋਂ ਕਿਵੇਂ ਇਕੱਠਾ ਹੁੰਦਾ ਹੈ? ਸਮਾਜ ਨੂੰ ਭਰੋਸਾ ਹੋਣਾ ਚਾਹੀਦਾ ਹੈ ਕਿ ਇਸ ਧਨ ਦੀ ਦੁਰਵਰਤੋਂ ਨਹੀਂ ਹੋਵੇਗੀ।
ਮੈਂ ਜਦੋਂ ਇਹ ਕੰਮ ਹਥ ਵਿਚ ਲਿਆ ਸੀ ਤਾਂ ਮੈਂ ਇਹ ਫੈਸਲਾ ਕੀਤਾ ਸੀ ਕਿ 9 have no family and no property ਭਾਵ ਮੇਰਾ ਕੋਈ ਘਰਘਾਟ ਨਹੀਂ ਹੋਣਾ ਚਾਹੀਦਾ। 14 ਅਕਤੂਬਰ 1971 ਨੂੰ ਮੈਂ ਇਹ ਫੈਸਲਾ ਕੀਤਾ ਸੀ, ਜਿਸ ਨੂੰ 27 ਸਾਲ ਹੋ ਗਏ ਹਨ ਅਤੇ ਇਨ੍ਹਾਂ 27 ਸਾਲਾਂ ਵਿਚ ਮੈਂ ਸਮਾਜ ਦਾ ਭਰੋਸਾ ਬਣਾਈ ਰਖਿਆ ਹੈ ਅਤੇ ਸਮਾਜ ਮੈਨੂੰ ਸਹਿਯੋਗ ਦੇਂਦਾ ਰਿਹਾ ਹੈ। ਅਤੇ ਜਦੋਂ ਮੈਂ ਸਮਾਜ ਦੇ ਪੜ੍ਹੇ-ਲਿਖੇ ਕਰਮਚਾਰੀਆਂ ਨੂੰ ਤਿਆਰ ਕੀਤਾ ਸੀ ਤਾਂ ਉਸ ਸਮੇਂ ਸਹਿਯੋਗ ਦੇ ਲਈ 2 ਰੁਪਏ ਜਾਂ 5 ਰੁਪਏ ਦਾ ਸਾਡਾ ਕੂਪਨ ਹੁੰਦਾ ਸੀ ਅਤੇ ਅੱਜ ਜਦੋਂ ਮੈਂ ਤੁਹਾਡੇ ਲੋਕਾਂ ਵਿਚਕਾਰ ਬੋਲ ਰਿਹਾ ਹਾਂ ਤਾਂ ਅੱਜ ਜੋ ਮੇਰਾ ਕੂਪਨ ਸਮਾਜ ਵਿਚ ਪਹੁੰਚਦਾ ਹੈ ਉਹ 1000 ਰੁਪਏ ਤਕ ਦਾ ਹੈ ਤੇ ਇਕ-ਇਕ ਆਦਮੀ ਹਜ਼ਾਰ-ਹਜ਼ਾਰ ਰੁਪਈਆ ਦੇਂਦਾ ਹੀ ਨਹੀਂ ਸਗੋਂ ਦੂਸਰਿਆਂ ਕੋਲੋਂ ਇਕੱਠਾ ਕਰਕੇ ਦੇਂਦਾ ਹੈ। ਜਿਸ ਤਰ੍ਹਾਂ ਕਿ ਹੁਣ ਮੇਰੇ ਕੋਲ ਕੁਝ ਕਾਰਕੁੰਨ ਸਾਥੀ ਤਾਂ ਇਸ ਤਰ੍ਹਾਂ ਦੇ ਵੀ ਹਨ ਜੋ ਹਜ਼ਾਰ-ਹਜ਼ਾਰ ਰੁਪਏ ਦੇ ਕੂਪਨ ਕਟ ਕੇ ਇਕ-ਇਕ ਖੇਤਰ ਵਿਚੋਂ ਹੀ ਪੰਜ-ਪੰਜ ਲੱਖ ਦੀ ਥੈਲੀ ਭੇਟ ਕਰਦੇ ਹਨ ਅਤੇ ਇਕ ਘੰਟੇ ਤੋਂ ਜ਼ਿਆਦਾ ਮੇਰਾ ਸਮਾਂ ਨਹੀਂ ਲੈਂਦੇ। ਮੇਰੇ ਕੋਲ ਖਰਾਬ ਕਰਨ ਲਈ ਸਮਾਂ ਵੀ ਨਹੀਂ ਹੈ ਇਸ ਲਈ ਮੈਂ ਰਸਤਾ ਦਸ ਦਿਤਾ ਹੈ। ਇਸ ਰਸਤੇ ਉਤੇ ਚਲ ਕੇ ਅੱਜ ਬਹੁਤ ਸਾਰੇ ਲੋਕ ਹਨ ਜੋ ਪੰਜ-ਪੰਜ ਲੱਖ ਰੁਪਿਆ ਦਸ ਦਿਨ ਦੇ ਅੰਦਰ-ਅੰਦਰ ਇਕੱਠਾ ਕਰਕੇ ਮੈਨੂੰ ਦੇ ਦੇਂਦੇ ਹਨ। ਅੱਜ ਉਨ੍ਹਾਂ ਦੇਣ ਵਾਲਿਆਂ ਨੂੰ ਵੀ ਇਹ ਪਤਾ ਹੈ ਕਿ ਕਾਂਸ਼ੀ ਰਾਮ ਨੂੰ ਜੋ ਸਾਈਕਲ ਸਵਾਰ ਹੈ, ਉਸ ਨੂੰ ਹੁਣ ਹੈਲੀਕਾਪਟਰ ਉਤੇ ਸੁਆਰ ਕੋ ਘੁੰਮਣਾ ਹੈ, ਉਨ੍ਹਾਂ ਨੂੰ ਇਹ ਪਤਾ ਹੈ ਕਿ ਇਸ ਉਤੇ ਪੈਸਾ ਲਗੇਗਾ ਅਤੇ ਹੁਣੇ ਜਿਹੇ ਜਿਹੜੀਆਂ ਇਹ ਚੋਣਾਂ ਹੋਈਆਂ ਹਨ ਇਸ ਉਤੇ ਸਾਡਾ ਪੈਸਾ ਹੈਲੀਕਾਪਟਰ ਉਤੇ ਘੁੰਮਣ ਅਤੇ ਪਲਾਸਟਿਕ ਦੀਆਂ ਝੰਡੀਆਂ ਬਣਾ ਕੇ ਲਾਉਣ ਉਤੇ ਲੱਗਭੱਗ ਕੋਈ ਇਕ ਕਰੋੜ ਰੁਪਿਆ ਖਰਚ ਹੋਇਆ ਹੈ। ਹੁਣ ਕਰੋੜਾਂ ਰੁਪਿਆ ਇਕੱਠਾ ਕਰਨਾ ਮੇਰੇ ਲਈ ਮੁਸ਼ਕਿਲ ਗੱਲ ਨਹੀਂ ਹੈ। ਅੱਜ ਮੈਂ ਤੁਹਾਨੂੰ ਉਸ ਪਧਰ ਤੇ ਲੈਵਲ ਦੀ ਗੱਲ ਦਸੀ ਹੈ, ਜਿਸ ਪਧਰ ਦੇ ਤੁਸੀਂ ਲੋਕ ਹੋ ਅਤੇ ਉਸ ਪਧਰ ਉਤੇ ਤੁਸੀਂ ਪੈਸਾ ਵੀ ਇਕੱਠਾ ਕਰਨਾ ਹੈ। ਪੈਸਾ ਵੀ ਉਹੀ ਇਕੱਠਾ ਕਰ ਸਕਦਾ ਹੈ, ਜਿਸ ਉਤੇ ਪੈਸੇ ਦੇਣ ਵਾਲਿਆਂ ਨੂੰ ਭਰੋਸਾ ਹੋਵੇ। ਜੇ ਭਰੋਸਾ ਨਹੀਂ ਹੈ ਤਾਂ ਕੋਈ ਦਸ ਰੁਪਏ ਦੇਣ ਨੂੰ ਤਿਆਰ ਨਹੀਂ ਹੋਣਗੇ।
ਕਿਤੇ ਤੁਸੀਂ ਮੇਰੀ ਕਹਾਣੀ ਸੁਣ ਕੇ ਐਸੀ ਯੋਜਨਾ ਨਾ ਬਣਾ ਲੈਣਾ ਕਿ ਅਸੀਂ ਨਿਕਲਾਂਗੇ ਕੋਈ ਕੂਪਨ ਲੈ ਕੇ। ਦਿਨ ਭਰ ਪੈਸਾ ਇਕੱਠਾ ਕਰਾਂਗੇ ਤੇ ਰਾਤ ਨੂੰ ਦਾਰੂ ਪੀਆਂਗੇ। ਇਸ ਲਈ ਕੁਝ ਲੋਕਾਂ ਦੇ ਦਿਮਾਗ ਵਿਚ ਇਹ ਗੱਲ ਆ ਸਕਦੀ ਹੈ ਕਿ ਝੌਂਪੜੀ ਹੈ, ਝੌਪੜੀ ਤੋਂ ਵਡਾ ਮਕਾਨ ਬਣਾ ਲਵਾਂਗੇ ਜਾਂ ਹੋਰ ਕੁਝ ਕਰ ਲਵਾਂਗੇ। ਜਾਂ ਕਾਂਸ਼ੀ ਰਾਮ ਵਾਂਗ ਕੋਈ ਕਾਰ ਗਡੀ ਲੈ ਲਵਾਂਗੇ। ਜਾਂ ਜ਼ਿਆਦਾ ਪੈਸਾ ਇਕੱਠਾ ਹੋ ਗਿਆ ਤਾਂ ਹੈਲੀਕਾਪਟਰ ਉਤੇ ਘੁੰਮਾਂਗੇ। ਐਸੀ ਯੋਜਨਾ ਨਹੀਂ ਬਨਾਉਣੀ ਚਾਹੀਦੀ। ਕਿਉਂਕਿ ਐਸੀ ਯੋਜਨਾ ਬਨਾਉਣ ਤੋਂ ਪਹਿਲਾਂ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਪੈਸਾ ਓਹੀ ਲੋਕ ਇਕੱਠਾ ਕਰ ਸਕਦੇ ਹਨ, ਜਿਨ੍ਹਾਂ ਉਤੇ ਪੈਸਾ ਦੇਣ ਵਾਲਿਆਂ ਦਾ ਭਰੋਸਾ ਹੋਵੇ। ਦਿਲੀ ਵਿਚ ਜੋ ਅਸੰਬਲੀ ਚੋਣਾਂ ਆ ਰਹੀਆਂ ਹਨ, ਉਸ ਦੇ ਲਈ ਸਤ ਮਹੀਨੇ ਦੀ ਤਿਆਰੀ ਕਰਨੀ ਹੈ ਅਤੇ ਦਿਲੀ ਵਿਚ ਚੋਣਾਂ ਲੜਨ ਲਈ ਬਹੁਤ ਜ਼ਿਆਦਾ ਪੈਸੇ ਦੀ ਜ਼ਰੂਰਤ ਨਹੀਂ ਹੈ, ਪਰ ਜਿੰਨੇ ਪੈਸੇ ਦੀ ਜ਼ਰੂਰਤ ਹੈ, ਉਨ੍ਹਾਂ ਤੋਂ ਇਕੱਠਾ ਕਰਨਾ ਹੀ ਚਾਹੀਦਾ ਹੈ। ਇਹ ਕੋਈ ਇਕ ਆਦਮੀ ਦੇ ਵਸ ਦੀ ਗੱਲ ਨਹੀਂ ਹੈ ਅਤੇ ਇਹ ਕੰਮ ਅਸਾਨੀ ਨਾਲ ਵੀ ਨਹੀਂ ਹੋ ਸਕਦਾ।
ਜਿਸ ਤਰ੍ਹਾਂ ਕਿ 1988 ਵਿਚ ਮੈਂ ਇਲਾਹਾਬਾਦ ਤੋਂ ਵੀ ਪੀ ਸਿੰਘ ਦੇ ਮੁਕਾਬਲੇ ਲੋਕ ਸਭਾ ਚੋਣ ਲੜੀ ਤਾਂ ਚੋਣ ਲੜਨ ਦੇ ਬਾਅਦ ਦੋ ਲੱਖ ਰਪਿਆ ਬਚਾ ਕੇ ਵਾਪਸ ਅਸੀਂ ਲੋਕ ਲਿਆਏ। ਜਿਸ ਨਾਲ ਅਸੀਂ ਫਟਾਫਟ ਦੂਸਰਾ ਕੰਮ ਸ਼ੁਰੂ ਕਰ ਦਿਤਾ ਅਤੇ ਤਿੰਨ ਸਾਲ ਬਾਅਦ 1991 ਵਿਚ ਜਦੋਂ ਅਸੀਂ ਮੈਂ ਇਟਾਵਾ ਦੀ ਲੋਕ ਸਭਾ ਸੀਟ ਲੜੀ ਤਾਂ ਚੋਣ ਜਿਤਣ ਤੋਂ ਬਾਅਦ ਢਾਈ ਲੱਖ ਰੁਪਿਆ ਸਾਡੇ ਕੋਲ ਬਚਿਆ ਅਤੇ ਅੱਜ ਵੀ ਮੈਂ ਸਹਾਰਨਪੁਰ ਤੋਂ ਚੋਣ ਲੜਿਆ ਹਾਂ ਤਾਂ ਇਲਾਕੇ ਦੋ ਲੋਕਾਂ ਨੂੰ ਕਹਿ ਦਿਤਾ ਸੀ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਪੈਸਾ ਨਹੀਂ ਦੇ ਸਕਾਂਗਾ, ਕਿਉਂਕਿ ਮੈਂ ਤਾਂ ਕਮਾਉਂਦਾ ਨਹੀਂ ਹਾਂ ਤਾਂ ਪੈਸਾ ਕਿਥੋਂ ਖਰਚਾਂਗਾ ਅਤੇ ਜੋ ਪੈਸਾ ਸਮਾਜ ਤੋਂ ਇਕੱਠਾ ਕਰ ਰਿਹਾ ਹਾਂ ਉਹ ਲਹਿਰ ਦੇ ਲਈ ਕਰ ਰਿਹਾ ਹਾਂ। ਉਸ ਪੈਸੇ ਨਾਲ ਮੈਂ ਜ਼ਮਾਨਤ ਦਾਖਲ ਨਹੀਂ ਕਰਨਾ ਚਾਹੁੰਦਾ ਤੇ ਜ਼ਮਾਨਤ ਰਾਸ਼ੀ ਤੋਂ ਲੈ ਕੇ ਚੋਣ ਲੜਨ ਤਕ ਤੁਹਾਨੂੰ ਲੋਕਾਂ ਨੇ ਹੀ ਖਰਚ ਕਰਨਾ ਹੈ। ਚਾਹੇ ਜਿਤਾਂ ਜਾਂ ਹਾਰਾਂ। ਜੇ ਜਿਤ ਗਿਆ ਤਾਂ ਸਰਟੀਫਿਕੇਟ ਲੈ ਜਾਵਾਂਗਾ ਅਤੇ ਹਾਰ ਗਿਆ ਤਾਂ ਤੁਹਾਨੂੰ ਕੋਸ ਕੇ ਚਲਾ ਜਾਵਾਂਗਾ।  ਇਸ ਲਈ ਮੈਂ ਤੁਹਾਨੂੰ ਕੁਝ ਕਹਿੰਦਾ ਨਹੀਂ ਹਾਂ ਕਿ ਚੋਣਾਂ ਵਿਚ ਤੁਸੀਂ ਜ਼ਮਾਨਤ ਵੀ ਬਚਾ ਸਕੋਗੇ, ਪਰ ਚੋਣਾਂ ਤੁਸੀਂ ਕਾਮਯਾਬੀ ਨਾਲ ਤਾਂ ਹੀ ਲੜ ਸਕੋਗੇ ਜੇ ਤੁਸੀਂ ਸਤ ਮਹੀਨੇ ਸਹੀ ਢੰਗ ਨਾਲ ਤਿਆਰੀ ਕੀਤੀ । ਜੋ ਗੱਲਾਂ ਮੈਂ ਦਸੀਆਂ ਉਨ੍ਹਾਂ ਨੇ ਧਿਆਨ ਵਿਚ ਰਖੀਆ ਤੇ ਉਨ੍ਹਾਂ ਉਤੇ ਅਮਲ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਅੱਜ ਫਿਰ ਤੁਹਾਨੂੰ ਇਹ ਦਸ ਰਿਹਾ ਹਾਂ ਕਿ ਮੈਂ ਵੀ ਤਹਿ ਕੀਤਾ ਹੈ ਕਿ ਨਵੰਬਰ ਮਹੀਨੇ ਵਿਚ ਮਧ ਪ੍ਰਦੇਸ਼, ਰਾਜਸਥਾਨ ਅਤੇ ਦਿਲੀ ਵਿਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ। ਦੋ ਸੂਬਿਆਂ ਮਧ ਪ੍ਰਦੇਸ਼ ਤੇ ਰਾਜਸਥਾਨ ਨੂੰ ਤਿਆਰ ਕਰਨ ਲਈ ਮੈਂ ਕਾਫੀ ਕੋਸ਼ਿਸ਼ ਕੀਤੀਆਂ ਹਨ, ਸਮਾਂ ਦਿਤਾ  ਹੈ, ਪੈਸਾ ਵੀ ਖਰਚਿਆ ਹੈ। ਹੁਣ ਦਿਲੀ ਨੂੰ ਵੀ ਤਿਆਰ ਕਰਨ ਲਈ ਮੈਂ ਕੋਸ਼ਿਸ਼ਾਂ ਕਰਾਂਗਾ ਕਿ ਮੇਰੀ ਦੇਖ ਰੇਖ ਵਿਚ ਇਹ ਕੰਮ ਹੋ ਸਕੇ।
ਅਤੇ ਇਹ ਵੀ ਦਸਣਾ ਚਾਹੁੰਦਾ ਹਾਂ ਕਿ ਸਾਨੂੰ ਦਿਲੀ ਦਾ ਜੋ ਪਧਰ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਹੈ ਕਿ ਭਾਈ ਅਸੀਂ ਵੋਟਾਂ ਦੇ ਅਧਾਰ ਉਤੇ ਜਿੰਨੀਆਂ ਸੀਟਾਂ ਜਿਤ ਸਕਦੇ ਹਾਂ ਉਸ ਲਈ ਸਾਡੇ ਕੋਲ ਵੋਟਾਂ ਦੀ ਕਮੀਂ ਨਹੀਂ ਹੈ। ਦੂਸਰੀਆਂ ਪਾਰਟੀਆਂ ਦੇ ਮੁਕਾਬਲੇ ਜ਼ਿਆਦਾਂ ਹਾਂ ਤਾਂ ਫਿਰ ਸਾਡੇ ਲਈ ਜ਼ਿਆਦਾ ਮੁਸ਼ਕਿਲ ਖੜੀ ਹੋ ਜਾਏਗੀ। ਲੋਕ ਤੁਹਾਨੂੰ ਕਹਿਣਗੇ ਕਿ ਚੋਣਾਂ ਜਿਤ ਗਏ ਹਨ। ਗਵਰਨਰ ਤੁਹਾਨੂੰ ਬੁਲਾਏਗਾ ਕਿ ਭਾਈ ਸਰਕਾਰ ਬਣਾਓ। ਜਿਸ ਤਰ੍ਹਾਂ ਹੁਣੇ ਰਾਸ਼ਟਰਪਤੀ ਜੀ ਨੇ ਮੈਨੂੰ ਬੁਲਾਇਆ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਸਰਕਾਰ ਤਾਂ ਬਣਾ ਸਕਦਾ ਹਾਂ, ਪਰ ਵਿਸ਼ਵਾਸਮਤ ਦੀ ਗੱਲ ਨਹੀਂ ਕਰਦਾ, ਕਿਉਂਕਿ ਮੇਰੇ ਕੋਲ ਤਾਂ ਪੰਜ ਹੀ ਮੈਂਬਰ ਹਨ। ਇਸੇ ਲਈ ਤਾਂ ਮੈਂ ਸੋਚਦਾ ਹਾਂ ਕਿ ਜੇ ਦਿਲੀ ਵਿਚ ਸਾਨੂੰ ਬਹੁਗਿਣਤੀ ਮਿਲਦੀ ਹੈ ਤਾਂ ਤੁਸੀਂ ਲੋਕ ਮੁਸੀਬਤ ਲੈ ਰਹੇ ਹੋ, ਕਿਉਂਕਿ ਤੁਹਾਨੂੰ ਮੁਖ ਮੰਤਰੀ ਬਣਾਉਣਾ ਹੋਵੇਗਾ, ਦੂਸਰੇ ਮੰਤਰੀ ਵੀ ਬਣਾਉਣੇ ਹੋਣਗੇ ਅਤੇ ਮੰਤਰੀ ਬਣ ਕੇ ਜੋ ਕੰਮ ਦੂਜਿਆਂ ਨੇ ਨਹੀਂ ਕੀਤਾ ਉਹ ਕਰਕੇ ਦਿਖਾਉਣਾ ਹੋਵੇਗਾ। ਕਿਉਂਕਿ ਮੈਂ ਤਾਂ ਲੋਕਾਂ ਨੂੰ ਕਹਿੰਦਾ ਰਹਾਂਗਾ ਕਿ ਜੋ ਕੰਮ ਦੂਜੇ ਨਹੀਂ ਕਰ ਸਕੇ ਉਹ ਅਸੀਂ ਕਰਕੇ ਦਿਖਾਵਾਂਗੇ। ਹੁਣੇ ਜਿਹੇ ਉਤਰ ਪ੍ਰਦੇਸ਼ ਵਿਚ ਜਦੋਂ ਮਾਇਆਵਤੀ ਨੂੰ 6 ਮਹੀਨੇ ਸਰਕਾਰ ਬਨਾਉਣ ਦਾ ਮੌਕਾ ਮਿਲਿਆ ਤਾਂ ਮੈਂ ਇਹ ਹੀ ਕਿਹਾ ਸੀ ਕਿ 6 ਮਹੀਨੇ ਵਿਚ 6 ਸਾਲ ਦਾ ਕੰਮ ਕਰਨਾ ਚਾਹੀਦਾ ਹੈ। ਮਾਇਆਵਤੀ ਨੇ ਇਹ ਕੰਮ ਕਰਕੇ ਦਿਖਾਇਆ ਹੈ।
ਮੈਂ ਇਨ੍ਹਾਂ ਗੱਲਾਂ ਦਾ ਜ਼ਿਕਰ ਕਿਉਂ ਕਰ ਰਿਹਾ ਹਾਂ, ਕਿਉਂਕਿ ਤੁਹਾਡੇ ਕੋਲ ਸਾਡੇ ਧਿਆਨ ਵਿਚ ਜੋ ਉਮੀਦਵਾਰ ਹਨ, ਉਨ੍ਹਾਂ ਵਿਚੋਂ ਇਕ ਵੀ ਅਜਿਹਾ ਨਹੀਂ, ਜਿਸ ਨੂੰ ਮੰਤਰੀ ਬਣਾਇਆ ਜਾ ਸਕੇ। ਪਰ ਜੇ ਅਸੀਂ ਬਹੁਗਿਣਤੀ ਹਾਸਲ ਕਰ ਲਈਏ ਤਾਂ ਸਾਨੂੰ ਆਪਣਾ ਪਧਰ ਵਧਾਉਣਾ ਹੋਵੇਗਾ। ਵੈਸੇ ਤਾਂ ਮੈਨੂੰ ਭਰੋਸਾ ਹੈ ਕਿ ਜੇ ਅਸੀਂ ਆਪਣਾ ਪਧਰ ਉਚਾ ਨਹੀਂ ਕਰਾਂਗੇ ਤਾਂ ਬਹੁਗਿਣਤੀ ਵੀ ਨਹੀਂ ਮਿਲੇਗੀ। ਕਿਉਂਕਿ ਪਧਰ ਨਹੀਂ ਵਧੇਗਾ ਤਾਂ ਲੋਕ ਆਪਣੇ-ਆਪ ਹੀ ਸੋਚ ਲੈਣਗੇ ਕਿ ਇਹ ਕਿਥੇ ਸਰਕਾਰ ਬਣਾਉਣਗੇ ਅਤੇ ਸਰਕਾਰ ਚਲਾਉਣਗੇ। ਜਿਵੇਂ ਇਸ ਲਈ ਆਪਣਾ ਪਧਰ ਵੀ ਵਧਾਉਣਾ ਹੋਵੇਗਾ ਤੇ ਲੋਕਾਂ ਨੂੰ ਦਿਖਾਉਣਾ ਹੋਵੇਗਾ ਕਿ ਸਾਡੇ ਕੋਲ ਇਸ ਪਧਰ ਦੇ ਲੋਕ ਹਨ, ਜੋ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਜਾਂ ਜੋ ਅਸੀਂ ਤੁਹਾਡੇ ਸਾਹਮਣੇ ਕਹਿੰਦੇ ਹਾਂ, ਉਸਨੂੰ ਪੂਰਾ ਕਰਕੇ ਦਿਖਾ ਸਕਾਂਗੇ। ਇਸ ਤਰ੍ਹਾਂ ਪਧਰ ਵੀ ਵਧਾਉਣਾ ਹੋਵੇਗਾ। ਵੈਸੇ ਤਾਂ ਮੇਰੇ ਦਿਮਾਗ ਵਿਚ ਬਹੁਤ ਲੋਕ ਹਨ, ਜਿਨ੍ਹਾਂ ਦਾ ਪਧਰ ਬਹੁਤ ਚੰਗਾ ਹੈ ਅਤੇ ਕੁਝ ਇਸ ਪਧਰ ਦੇ ਵੀ ਹਨ ਜੋ ਪਕੀ-ਪਕਾਈ ਖਾਣਾ ਚਾਹੁੰਦੇ ਹਨ। ਉਹ ਸੋਚਦੇ ਹਨ ਕਿ ਜਦੋਂ ਤਿਆਰ ਹੋ ਜਾਏ ਤਾਂ ਖਾ ਲਵਾਂਗੇ, ਜਾਂ ਜੋ ਕੁਰਸੀਆਂ ਘੇਰ ਕੇ ਬੈਠੇ ਰਹਿਣਾ ਚਾਹੁੰਦੇ ਹਨ ਕੁਝ ਕਰਨਾ ਨਹੀਂ ਚਾਹੁੰਦੇ। ਇਸ ਕਿਸਮ ਦੀਆਂ ਸਾਡੇ ਸਮਾਜ ਦੀਆਂ ਕਮਜ਼ੋਰੀਆਂ ਨੂੰ ਵੀ ਧਿਆਨ ਵਿਚ ਰਖਣਾ ਚਾਹੀਦਾ ਹੈ। ਸਾਨੂੰ ਆਪਣਾ ਪਧਰ ਵੀ ਉਸ ਲਾਇਕ ਬਣਾਉਣਾ ਹੋਵੇਗਾ ਕਿ ਸਾਡੇ ਸਮਾਜ ਦੀਆਂ ਕਮਜ਼ੋਰੀਆਂ ਬਹੁਤ ਜ਼ਿਆਦਾ ਅਤੇ ਵਖਰੀਆਂ ਹਨ ਇਨ੍ਹਾਂ ਕਮਜ਼ੋਰੀਆਂ ਨੂੰ ਦੂਰ ਕਿਉਂ ਨਹੀਂ ਕੀਤਾ, ਕਿਉਂਕਿ ਉਹ ਕਰਨਾ ਹੀ ਨਹੀਂ ਚਾਹੁੰਦੇ ਅਤੇ ਅਸੀਂ ਇਸ ਕਰਕੇ ਨਹੀਂ ਕਰ ਸਕੇ ਕਿ ਅਸੀਂ ਇਸ ਦੇ ਲਾਇਕ ਹੀ ਨਹੀਂ ਹਾਂ। ਦੂਜੇ ਜੋ ਸਰਕਾਰ ਬਣਾਉਂਦੇ ਹਨ, ਉਹ ਇਸ ਲਾਇਕ ਤਾਂ ਹਨ ਕਿ ਇਹ ਕਰ ਸਕਣ। ਪਰ ਉਹ ਸੋਚਦੇ ਹਨ ਕਿ ਸਮਸਿਆ ਇਨ੍ਹਾਂ ਦੀ ਅਤੇ ਹੱਲ ਅਸੀਂ ਕਿਉਂ ਕਰੀਏ। ਉਹ (ਮਨੂੰਵਾਦੀ ਹਾਕਮ) ਸੋਚਦੇ ਹਨ ਜਦੋਂ ਝਾਂਸਾ ਦੇਣ ਨਾਲ ਹੀ ਕੰਮ ਚਲ ਜਾਂਦਾ ਹੈ ਤਾਂ ਫਿਰ ਹੋਰ ਕੁਝ ਕਿਉਂ ਦਈਏ।
ਤਾਂ ਇਸ ਲਈ ਸਾਥੀਓ! ਸਾਨੂੰ ਇਸ ਲਈ ਆਪਣੇ-ਆਪ ਨੂੰ  ਤਿਆਰ ਕਰਨਾ ਹੈ। ਅੱਜ ਜੋ ਤੁਹਾਨੂੰ ਗੱਲਾਂ ਕਹੀਆਂ ਹਨ ਉਨ੍ਹਾਂ ਉਤੇ ਜਾ ਕੇ ਸੋਚ ਵਿਚਾਰ ਕਰੋ। ਅਪੀਲ ਕਰਾਂਗਾ ਇਸ ਤਰ੍ਹਾਂ ਦੇ ਲੋਕਾਂ ਨੂੰ ਅਤੇ ਮੈਂ ਉਨ੍ਹਾਂ ਲੋਕਾਂ ਦਾ ਖਿਆਲ ਵੀ ਰਖਾਂਗਾ, ਜੋ ਸਮਾਜ ਦੀ ਸਮਸਿਆ ਨੂੰ ਸਮਝ ਕੇ ਉਸਦਾ ਹੱਲ ਕਰਨ ਲਾਇਕ ਹੋਣ ਉਨ੍ਹਾਂ ਨੂੰ ਅਗੇ ਲਿਆ ਕੇ ਜ਼ਿੰਮੇਵਾਰੀ ਸੌਂਪਾਂਗੇ। ਸਮਾਜ ਵਿਚ ਕੁਝ ਕੰਮ ਕਰਨ ਨਾਲ ਜੋ ਸਾਥ ਮਿਲਿਆ ਸੀ, ਉਸ ਨਾਲ 15 ਸਾਲ ਪਹਿਲਾਂ ਮੇਰੇ ਦਿਮਾਗ ਵਿਚ ਇਹ ਗੱਲ ਬੈਠ ਗਈ ਸੀ ਕਿ ਅਸੀਂ ਬਹੁਜਨ ਸਮਾਜ ਨੂੰ ਹੁਕਮਰਾਨ ਸਮਾਜ ਬਣਾ ਸਕਦੇ ਹਾਂ ਅਤੇ ਆਪਣੀਆਂ ਸਮਸਿਆਵਾਂ ਦਾ ਹੱਲ ਖੁਦ ਕਰ ਸਕਦੇ ਹਨ। 15 ਸਾਲ ਪਹਿਲਾਂ ਦੀ ਇਸ ਗੱਲ ਨੂੰ ਮੈਂ ਆਪਣੇ ਦਿਮਾਗ ਵਿਚੋਂ ਪਿਛਲੇ ਤਿੰਨ ਸਾਲ ਪਹਿਲਾਂ ਹੀ ਕਢਿਆ ਹੈ। ਇਸੇ ਤਰ੍ਹਾਂ ਸਾਨੂੰ ਅਗੇ ਕੀ ਕਰਨਾ ਹੈ, ਜਿਸ ਨਾਲ ਅਸੀਂ ਘਟ ਤੋਂ ਘਟ ਸਮੇਂ ਵਿਚ ਇਸ ਨੂੰ ਕਾਮਯਾਬ ਬਣਾ ਸਕੀਏ। ਇਸ ਲਈ ਮੈਂ ਪੰਜ ਸਾਲ ਦਾ ਸਮਾਂ ਰਖਿਆ ਹੈ। ਸਾਨੂੰ ਪੰਜ ਸਾਲ ਵਿਚ ਆਪਣੀ ਪਾਰਟੀ ਨੂੰ ਇਕ ਨੰਬਰ ਦੀ ਪਾਰਟੀ ਬਣਾਉਣਾ ਹੈ। ਇਸ ਵਕਤ ਅਸੀਂ ਦੇਸ ਭਰ ਵਿਚ ਸੀਟਾਂ ਤੇ ਜ਼ਿਆਦਾ ਨਹੀਂ ਜਿਤ ਸਕੇ, ਪਰ ਸਾਡਾ ਅਗੇ ਵਧਣ ਦਾ ਜੋ ਉਦੇਸ਼ ਹੈ ਉਸ ਵਿਚ ਅਸੀਂ ਅਗੇ ਵਧੇ ਹਾਂ। ਸਾਨੂੰ ਵੋਟ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਪਿਆ ਹੈ। ਦੇਸ ਦੀਆਂ ਸਤ ਸਿਆਸੀ ਪਾਰਟੀਆਂ ਵਿਚੋਂ ਇਸ ਸਮੇਂ ਵੋਟਾਂ ਦੇ ਹਿਸਾਬ ਨਾਲ ਅਸੀਂ ਚੌਥੇ ਨੰਬਰ ਦੀ ਪਾਰਟੀ ਹਾਂ। ਇਸ ਲਈ ਅੱਜ ਅਸੀਂ ਜੋ ਪਾਰਟੀ ਨੂੰ ਇਥੋਂ ਤਕ ਵਧਾ ਕੇ ਲਿਆਏ ਹਾਂ ਉਸ ਨੂੰ ਜਲਦੀ ਹੀ ਹੋਰ ਅਗੇ ਵਧਾ ਕੇ ਦੇਸ ਦੀ ਨੰਬਰ ਇਕ ਪਾਰਟੀ ਬਣਾਉਣਾ ਹੈ। ਇਸ ਲਈ ਅੱਜ ਅਸੀਂ ਜੋ ਪਾਰਟੀ ਨੂੰ ਇਥੋਂ ਤਕ ਵਧਾ ਕੇ ਲਿਆਏ ਹਾਂ ਉਸ ਨੂੰ ਜਲਦੀ ਹੀ ਹੋਰ ਅਗੇ ਵਧਾ ਕੇ ਦੇਸ ਦੀ ਨੰਬਰ ਇਕ ਪਾਰਟੀ ਬਣਾਉਣਾ ਹੈ। ਇਸ ਲਈ ਸਮਾਜ ਦੇ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਉਹ ਹੋਰ ਵਧ ਸ਼ਕਤੀ ਜੁਟਾਉਣ ਤਾਂ ਹੀ ਅਸੀਂ ਆਪਣੇ ਇਸ ਮਕਸਦ ਨੂੰ ਕਾਮਯਾਬ ਬਣਾ ਸਕਾਂਗੇ। ਇਸ ਦੇ ਨਾਲ ਹੀ ਮੈਂ ਆਪਣੀ ਇਹ ਗੱਲ ਖਤਮ ਕਰਦਾ ਹਾਂ।

Leave a Reply

Your email address will not be published. Required fields are marked *