ਡਾ. ਸਵਰਾਜ ਸਿੰਘ  

ਕਿਸੇ ਦੀ ਕਿਸੇ ਵਿਚ ਰੂਹ ਆਉਣ ਤੋਂ ਮੇਰਾ ਭਾਵ ਹੈ ਕੋਈ ਕਿਵੇਂ ਕਿਸੇ ਦਾ ਪ੍ਰੋਰਨਾ ਸਰੋਤ ਬਣ ਜਾਂਦਾ ਹੈ। ਮਹਾਰਾਜਾ ਦਲੀਪ ਸਿੰਘ ਦੇ ਜੀਵਨ ਕਾਲ ਸਮੇਂ ਇਹ ਗੱਲ ਪ੍ਰਚਲਿਤ ਹੋ ਗਈ ਸੀ ਕਿ ਉਸ ਵਿਚ ਬਾਬਾ ਰਾਮ ਸਿੰਘ ਨਾਮਧਾਰੀ ਦੀ ਰੂਹ ਆ ਗਈ ਹੈ। ਗੱਲ ਤਾਂ ਇਹ ਸੀ ਕਿ ਜਦੋਂ ਮਹਾਰਾਜਾ ਦਲੀਪ ਸਿਘ ਨੂੰ ਇਹ ਪਤਾ ਲਗਾ ਕਿ ਟੁਕੜਬੋਚ ਸਿਖ ਸਰਦਾਰ ਤਾਂ ਅੰਗਰੇਜ਼ਾਂ ਅਗੇ ਪੂਰੀ ਤਰ੍ਹਾਂ ਵਿਕ ਚੁਕੇ ਹਨ ਅਤੇ ਉਸ ਦੀ ਕੋਈ ਸਹਾਇਤਾ ਕਰਨ ਦੀ ਬਜਾਇ ਉਸ ਦੀ ਵਿਰੋਧਤਾ ਕਰ ਰਹੇ ਸਨ ਤਾਂ ਉਦੋਂ ਉਸ ਨੂੰ ਸਿਰਫ ਨਾਮਧਾਰੀ ਲਹਿਰ ਵਿਚੋਂ ਹੀ ਕੋਈ ਆਸ ਦੀ ਚਿਣਗ ਨਜ਼ਰ ਆਈ। ਜਦੋਂ ਮਹਾਰਾਜਾ ਦਲੀਪ ਸਿੰਘ ਨੇ ਪੰਜਾਬੀਆਂ ਤੇ ਭਾਰਤੀਆਂ ਨੂੰ ਸਹਾਇਤਾ ਕਰਨ ਲਈ ਅਪੀਲ ਕੀਤੀ ਅਤੇ ਕਿਹਾ ਕਿ ਹਰ ਪੰਜਾਬੀ ਇਕ ਆਨਾ ਮਹੀਨਾ ਅਤੇ ਹਰ ਭਾਰਤੀ ਇਕ ਪੈਸਾ ਮਹੀਨਾ ਸਹਾਇਤਾ ਦੇਵੇ ਤਾਂ ਸਿਖਾਂ ਦੀਆਂ ਸਥਾਪਿਤ ਸੰਸਥਾਵਾਂ, ਜੋ ਕਿ ਪੂਰੀ ਤਰ੍ਹਾਂ ਅੰਗਰੇਜ਼ਾਂ ਕੋਲ ਵਿਕ ਚੁਕੇ ਸਰਦਾਰਾਂ ਦੇ ਅਸਰ ਹੇਠ ਕੰਮ ਕਰ ਰਹੀਆਂ ਸਨ, ਨੇ ਉਸ ਦੀ ਸਹਾਇਤਾ ਤਾਂ ਕੀ ਕਰਨੀ ਸੀ ਉਲਟਾ ਉਸ ਨੂੰ ਬਹੁਤ ਬੁਰਾ ਭਲਾ ਕਿਹਾ ਅਤੇ ਇਹ ਹੀ ਸਲਾਹ ਦਿਤੀ ਕਿ ਉਹ ਜਿਸ ਰਸਤੇ ਉਤੇ ਤੁਰਨਾ ਚਾਹੁੰਦਾ ਹੈ, ਉਸ ਨੂੰ ਛਡ ਕੇ ਮਹਾਰਾਣੀ ਵਿਕਟੋਰੀਆ ਤੋਂ ਮਾਫੀ ਮੰਗ ਲਵੇ। ਉਸ ਵੇਲੇ ਸਿਰਫ ਨਾਮਧਾਰੀ ਹੀ ਸਨ, ਜਿਨ੍ਹਾਂ ਨੇ ਪੂਰੀ ਤਰ੍ਹਾਂ ਮਹਾਰਾਜਾ ਦਲੀਪ ਸਿੰਘ ਦਾ ਸਾਥ ਦਿਤਾ ਅਤੇ ਜਿੰਨਾ ਪੈਸਾ ਉਸ ਨੇ ਕਿਹਾ ਸੀ, ਉਹ ਵੀ ਇਕੱਠਾ ਕਰਕੇ ਦਿਤਾ। ਬਾਬਾ ਰਾਮ ਸਿੰਘ ਜੀ ਦੀ ਰੂਹ ਉਸ ਵਿਚ ਆਉਣ ਦਾ ਅਰਥ ਇਹ ਹੀ ਸੀ ਕਿ ਬਾਬਾ ਰਾਮ ਸਿੰਘ ਅਤੇ ਮਹਾਰਾਜਾ ਦਲੀਪ ਸਿੰਘ ਦੇ ਉਦੇਸ਼ ਇਕੋ ਹੋ ਗਏ ਸਨ ਅਰਥਾਤ ਅੰਗਰੇਜ਼ਾਂ ਨੂੰ ਪੰਜਾਬ ਅਤੇ ਬਾਕੀ ਦੇ ਭਾਰਤ ਵਿਚੋਂ ਬਾਹਰ ਕਢ ਕੇ ਖਾਲਸੇ ਦੇ ਰਾਜ ਦੀ ਮੁੜ ਸਥਾਪਨਾ ਕਰਨਾ। ਜਦੋਂ ਮਹਾਰਾਜਾ ਦਲੀਪ ਸਿੰਘ ਅੰਗਰੇਜ਼ਾਂ ਦੇ ਉਚ ਵਰਗ ਦੀ ਐਸ਼ਪ੍ਰਸਤ ਜ਼ਿੰਦਗੀ ਛਡ ਕੇ ਇਕ ਸਚਾ ਲੋਕਪ੍ਰਸਤ ਤੇ ਦੇਸ ਭਗਤ ਬਣ ਗਿਆ ਤਾਂ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿਤਾ ਕਿ ਉਸ ਵਿਚ ਬਾਬਾ ਰਾਮ ਸਿੰਘ ਦੀ ਰੂਹ ਆ ਗਈ ਹੈ।
ਮੈਨੂੰ ਬਚਪਨ ਤੋਂ ਹੀ ਮਹਾਰਾਜਾ ਦਲੀਪ ਸਿੰਘ ਅਤੇ ਮਹਾਰਾਣੀ ਜਿੰਦਾਂ ਨੇ ਬਹੁਤ ਪ੍ਰਭਾਵਿਤ ਕੀਤਾ ਹੈ। ਬਹੁਤ ਛੋਟੀ ਉਮਰ ਵਿਚ ਹੀ ਮੈਂ ਸਿਖ ਇਤਿਹਾਸ ਬਹੁਤ ਗੰਭੀਰਤਾ ਨਾਲ ਪੜ੍ਹਿਆ ਹੈ। 7 ਸਾਲ ਦੀ ਉਮਰ ਵਿਚ ਮੈਂ ਪਹਿਲੀ ਵਾਰ ਸਿਖ ਇਤਿਹਾਸ ਪੜ੍ਹਿਆ। ਸਿਖ ਇਤਿਹਾਸ ਦੇ ਖੂਨੀ ਪਤਰੇ ਅਤੇ ਮਹਾਰਾਜਾ ਦਲੀਪ ਸਿੰਘ ਤੇ ਮਹਾਰਾਣੀ ਜਿੰਦਾਂ ਦਾ ਇਤਿਹਾਸ ਪੜ੍ਹ ਕੇ ਮੈਨੂੰ ਬਹੁਤ ਵਾਰੀ ਰੋਣਾ ਆ ਜਾਂਦਾ। ਮੈਂ ਪੰਜਾਹ ਸਾਲ ਤੋਂ ਵੱਧ ਸਮੇਂ ਬਾਅਦ ਮਹਾਰਾਜਾ ਦਲੀਪ ਸਿੰਘ ਅਤੇ ਮਹਾਰਾਣੀ ਜਿੰਦਾਂ ਦਾ ਇਤਿਹਾਸ ਫਿਰ ਪੜ੍ਹਿਆ ਹੈ ਅਤੇ ਮੈਨੂੰ ਹੈਰਾਨੀ ਹੋਈ ਹੈ ਕਿ ਹੁਣ ਵੀ ਮੇਰੀਆਂ ਅੱਖਾਂ ਵਿਚ ਅਥਰੂ ਆ ਗਏ। ਖਾਸ ਕਰਕੇ ਦਲੀਪ ਸਿੰਘ ਜਦੋਂ ਆਪਣੇ ਬਚਪਨ ਦੀਆਂ ਯਾਦਾਂ ਦਸ ਰਿਹਾ ਹੈ ਅਤੇ ਕਹਿ ਰਿਹਾ ਹੈ — ਕਿ ਜਦੋਂ ਪਹਿਲੇ ਅੰਗਰੇਜ਼-ਸਿਖ ਯੁਧ ਤੋਂ ਬਾਅਦ ਲਾਹੌਰ ਵਿਚ ਇਕ ਵਡਾ ਸਮਾਗਮ ਹੋ ਰਿਹਾ ਸੀ ਤੇ ਜਿਸ ਵਿਚ ਤੇਜਾ ਸਿੰਘ ਨੂੰ ਅੰਗਰੇਜ਼ਾਂ ਵਲੋਂ ਰਾਜੇ ਦਾ ਖਿਤਾਬ ਦਿਤਾ ਜਾ ਰਿਹਾ ਸੀ, ਜ਼ਾਹਿਰ ਹੈ ਕਿ ਇਹ ਖਿਤਾਬ ਅੰਗਰੇਜ਼ ਉਸ ਨੂੰ ਉਸ ਦੀ ਗਦਾਰੀ ਦੇ ਇਨਾਮ ਵਜੋਂ ਦੇ ਰਹੇ ਸਨ, ਜਿਸ ਨੇ ਕਿ ਸਿਖ ਫੌਜਾਂ ਦੇ ਕਮਾਂਡਰ ਇਨ-ਚੀਫ ਹੁੰਦੇ ਹੋਏ ਵੀ ਅੰਗਰੇਜ਼ਾਂ ਨੂੰ ਜਿਤਾਉਣ ਤੇ ਸਿਖਾਂ ਨੂੰ ਹਰਾਉਣ ਲਈ ਪੂਰਾ ਜ਼ੋਰ ਲਾਇਆ ਸੀ, ਸਮਾਗਮ ਤਾਂ ਹੀ ਪੂਰਨ ਹੁੰਦਾ ਸੀ ਜੇ ਮਹਾਰਾਜਾ ਉਸ ਦੇ ਸਿਰ ਉਤੇ ਹਥ ਰਖ ਕੇ ਉਸ ਨੂੰ ਅਸ਼ੀਰਵਾਦ ਦੇਵੇ, ਪਰ ਜਦੋਂ ਅੰਗਰੇਜ਼ਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਅਜਿਹਾ ਕਰਨ ਲਈ ਕਿਹਾ ਤਾਂ ਮਹਾਰਾਣੀ ਜਿੰਦਾਂ ਨੇ ਦਲੀਪ ਸਿੰਘ ਨੂੰ ਕਿਹਾ ਕਿ ਇਸ ਗਦਾਰ ਨੂੰ ਅਸ਼ੀਰਵਾਦ ਨਹੀਂ ਦੇਣਾ — ਅੰਗਰੇਜ਼ਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਬਹੁਤ ਡਰਾਇਆ ਧਮਕਾਇਆ, ਮਹਾਰਾਣੀ ਜਿੰਦਾਂ ਨੂੰ ਵੀ ਬਹੁਤ ਡਾਂਟਿਆ, ਪ੍ਰੰਤੂ ਮਹਾਰਾਜਾ ਦਲੀਪ ਸਿੰਘ ਨੇ ਅਸ਼ੀਰਵਾਦ ਦੇਣ ਤੋਂ ਇਨਕਾਰ ਕਰ ਦਿਤਾ।
ਉਸ ਵੇਲੇ ਗੁਲਾਬ ਸਿੰਘ ਨੇ ਕਿਹਾ ਕਿ ਉਹ ਤੇ ਮਹਾਰਾਜਾ ਦਲੀਪ ਸਿੰਘ ਘੋੜ-ਸਵਾਰੀ ਕਰਕੇ ਸ਼ਾਲਾਮਾਰ ਬਾਗ ਜਾਣਗੇ। ਜਦੋਂ ਸ਼ਾਲਾਮਾਰ ਬਾਗ ਪਹੁੰਚੇ ਤਾਂ ਮਹਾਰਾਜਾ ਦਲੀਪ ਸਿੰਘ ਨੇ ਗੁਲਾਬ ਸਿੰਘ ਨੂੰ ਕਿਹਾ ਕਿ ਵਾਪਸ ਲਾਹੌਰ ਚਲੀਏ ਤਾਂ ਗੁਲਾਬ ਸਿੰਘ ਨੇ ਕਿਹਾ ਕਿ ਨਹੀਂ ਰਾਤ ਠਹਿਰਣ ਦਾ ਇੰਤਜ਼ਾਮ ਵੀ ਇਥੇ ਹੀ ਹੈ, ਸਵੇਰੇ ਵਾਪਸ ਜਾਵਾਂਗੇ। ਜਦੋਂ ਸਵੇਰੇ ਵਾਪਸ ਆਏ ਤਾਂ ਦਲੀਪ ਸਿੰਘ ਨੂੰ ਉਸ ਦੀ ਮਾਂ ਨਹੀਂ ਦਿਸੀ। ਜਦੋਂ ਉਸ ਨੇ ਪੁਛਿਆ ਤਾਂ ਪਤਾ ਲਗਾ ਕਿ ਮਹਾਰਾਣੀ ਜਿੰਦਾਂ ਨੂੰ ਗ੍ਰਿਫਤਾਰ ਕਰਕੇ ਸ਼ੇਖੂਪੁਰੇ ਭੇਜ ਦਿਤਾ ਗਿਆ ਹੈ। ਮਹਾਰਾਜਾ ਦਲੀਪ ਸਿੰਘ ਕਹਿੰਦਾ ਹੈ ਕਿ ਉਹ ਬਹੁਤ ਹੀ ਉਦਾਸ ਹੋ ਗਿਆ ਕਿਉਂਕਿ ਉਹ ਆਪਣੀ ਮਾਂ ਨੂੰ ਬਹੁਤ ਹੀ ਪਿਆਰ ਕਰਦਾ ਸੀ। ਉਸ ਵੇਲੇ ਮਹਾਰਾਜਾ ਦਲੀਪ ਸਿੰਘ ਦੀ ਉਮਰ 9 ਸਾਲ ਦੇ ਲਗਭਗ ਸੀ। ਮਹਾਰਾਜਾ ਦਲੀਪ ਸਿੰਘ ਜਦੋਂ ਆਪਣੇ ਬਚਪਨ ਦੀ ਯਾਦ ਬਿਆਨ ਕਰ ਰਿਹਾ ਸੀ ਤਾਂ ਮੈਨੂੰ ਵੀ ਉਹ ਪੀੜ ਮਹਿਸੂਸ ਹੋਈ, ਜੋ ਕਿ ਮਹਾਰਾਜਾ ਦਲੀਪ ਸਿੰਘ ਨੂੰ ਹੋਈ ਸੀ। ਇਕ ਛੋਟੇ ਜਿਹੇ ਬਚੇ ਨੂੰ ਉਸ ਦੀ ਮਾਂ ਨਾਲੋਂ ਵਿਛੋੜਨ ਦੀ ਪੀੜ ਮੈਂ ਪੂਰੀ ਤਰ੍ਹਾਂ ਮਹਿਸੂਸ ਕੀਤੀ।
ਭਾਵੇਂ ਕਿ ਬਚਪਨ ਵਿਚ ਜਦੋਂ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਦਾ ਲਿਖਿਆ ਸਿਖ ਇਤਿਹਾਸ ਪੜ੍ਹਿਆਂ ਤਾਂ ਉਹ ਵੀ ਲਿਖਦੇ ਹਨ ਕਿ ਜਦੋਂ ਮੈਂ ਸਿਖ ਇਤਿਹਾਸ ਦੇ ਦੁਖਾਂਤ ਦਾ ਵੇਰਵਾ ਲਿਖ ਰਿਹਾ ਹਾਂ ਤਾਂ ਮੈਨੂੰ ਵੀ ਰੋਣਾ ਆਉਂਦਾ ਹੈ। ਫਿਰ ਵੀ ਮੈਂ ਕਾਫੀ ਸਮਾਂ ਇਹ ਮਹਿਸੂਸ ਕਰਦਾ ਰਿਹਾ ਕਿ ਸ਼ਾਇਦ ਮੈਂ ਇਸ ਬਾਰੇ ਬਹੁਤ ਸੰਵਦਨਸ਼ੀਲ ਹਾਂ। ਪ੍ਰੰਤੂ ਜਦੋਂ ਮੈਂ ਇਕ ਅੰਗਰੇਜ਼ ਲਿਖਾਰੀ ਵੱਲੋਂ ਇਹ ਲਿਖਿਆ ਪੜ੍ਹਿਆ ਕਿ ਜਦੋਂ ਵੀ ਕੋਈ ਸਿਖ ਇੰਗਲੈਂਡ ਵਿਚ ਮਹਾਰਾਜਾ ਦਲੀਪ ਸਿੰਘ ਦੀ ਸਮਾਧ ਉਤੇ ਜਾਂਦਾ ਹੈ ਤਾਂ ਉਸ ਨੂੰ ਰੋਣਾ ਆ ਜਾਂਦਾ ਹੈ ਅਤੇ ਜਦੋਂ ਮੈਂ ਕਾਮਰੇਡਾਂ ਦੇ ਬਾਬਾ ਬੋਹੜ ਸੰਤ ਸਿੰਘ ਸੇਖੋਂ ਦੀ ਲਿਖੀ ਇਹ ਗੱਲ ਪੜ੍ਹੀ ਕਿ ਸਿਖ ਇਤਿਹਾਸ ਦੇ ਦੁਖਾਂਤ ਨੂੰ ਪੜ੍ਹ ਕੇ ਉਹ ਬਹੁਤ ਵਾਰੀ ਰੋਏ ਹਨ ਤਾਂ ਮੈਨੂੰ ਲਗਿਆ ਕਿ ਮੈਂ ਇਸ ਵਿਸ਼ੇ ਬਾਰੇ ਲੋੜ ਤੋਂ ਵਧ ਸੰਵੇਦਨਸ਼ੀਲ ਨਹੀਂ ਹਾਂ ਸਗੋਂ ਬਹੁਤ ਸਾਰੇ ਸਿਖਾਂ ਤੇ ਪੰਜਾਬੀਆਂ ਨੂੰ ਡੂੰਘਾ ਦੁਖ ਹੈ ਕਿ ਸਾਡਾ ਰਾਜ ਚਲਾ ਗਿਆ ਅਤੇ ਅਸੀਂ ਅੰਗਰੇਜ਼ ਦੇ ਗੁਲਾਮ ਹੋ ਗਏ, ਜਿਸ ਗੁਲਾਮੀ ਤੋਂ ਅਸੀਂ ਅੱਜ ਤਕ ਮੁਕਤ ਨਹੀਂ ਹੋਏ।
ਕਈ ਸਾਲ ਬਾਅਦ ਜਦੋਂ ਮਹਾਰਾਜਾ ਦਲੀਪ ਸਿੰਘ ਨੂੰ ਆਪਣੀ ਬਿਮਾਰ ਅਤੇ ਬੁਢੀ ਮਾਂ ਨੂੰ ਕਲਕਤੇ ਵਿਚ ਮਿਲਣ ਦੀ ਆਗਿਆ ਮਿਲੀ ਤਾਂ ਪੁਤਰ ਵਿਯੋਗ ਵਿਚ ਰੋ-ਰੋ ਕੇ ਅੰਨ੍ਹੀ ਹੋਈ ਮਹਾਰਾਣੀ ਜਿੰਦਾਂ ਵਲੋਂ ਦਲੀਪ ਸਿੰਘ ਨੂੰ ਕਹੀ ਗੱਲ ਮੈਨੂੰ ਇਸ ਤਰ੍ਹਾਂ ਲਗਦੀ ਹੈ ਜਿਵੇਂ ਕਿ ਉਹ ਮੈਨੂੰ ਵੀ ਕਹਿ ਰਹੀ ਹੈ। ਮਹਾਰਾਣੀ ਜਿੰਦਾਂ ਨੇ ਕਿਹਾ ਕਿ ਦਲੀਪ ਸਿੰਘ ਸਾਡਾ ਰਾਜਾ ਚਲਾ ਗਿਆ, ਉਸ ਦਾ ਮੈਨੂੰ ਕੋਈ ਦੁਖ ਨਹੀਂ, ਸਾਡਾ ਪਰਿਵਾਰ ਚਲਾ ਗਿਆ ਤੇ ਸਾਡਾ ਘਰ-ਬਾਹਰ ਚਲਾ ਗਿਆ, ਉਸ ਦਾ ਵੀ ਮੈਨੂੰ ਕੋਈ ਦੁਖ ਨਹੀਂ ਪ੍ਰੰਤੂ ਅੱਜ ਸਾਡਾ ਧਰਮ ਚਲਾ ਗਿਆ ਹੈ, ਇਹ ਮੈਂ ਨਹੀਂ ਸਹਾਰ ਸਕਦੀ। ਉਸ ਨੇ ਕਿਹਾ ਕਿ ਦਲੀਪ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਛੋਟੇ ਸਾਹਿਬਜ਼ਾਦੇ ਨੀਹਾਂ ਵਿਚ ਚਿਣੇ ਗਏ ਪ੍ਰੰਤੂ ਉਨ੍ਹਾਂ ਨੇ ਆਪਣਾ ਧਰਮ ਨਹੀਂ ਛਡਿਆ ਅਤੇ ਤੂੰ ਇਹ ਕੀ ਕੀਤਾ ਹੈ? ਇਸ ਗੱਲ ਨੇ ਕਿੰਨਾ ਕੁ ਅਸਰ ਦਲੀਪ ਸਿੰਘ ਉਤੇ ਕੀਤਾ, ਇਸ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਉਸ ਨੇ ਠਾਕਰ ਸਿੰਘ ਸੰਧਾਵਾਲੀਆ ਤੋਂ ਅੰਮ੍ਰਿਤ ਛਕ ਕੇ ਫਿਰ ਸਿਖੀ ਵਿਚ ਪ੍ਰਵੇਸ਼ ਕਰ ਲਿਆ।
ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ਾਂ ਨੇ ਆਪਣੇ ਛੋਟੇ ਜਿਹੇ ਟਾਪੂ ਦੇਸ ਵਿਚ 17000 ਏਕੜਾਂ ਵਿਚ ਮਹਲ ਬਣਵਾ ਕੇ ਉਸ ਨੂੰ ਖੂਬ ਐਸ਼ ਕਰਵਾਈ। ਉਸ ਦਾ ਬੜਾ ਮਾਣ-ਸਤਿਕਾਰ ਕੀਤਾ। ਸ਼ਾਇਦ ਸਾਰੀ ਬਰਤਾਨਵੀਂ ਸਲਤਨਤ ਵਿਚ ਮਹਾਰਾਜਾ ਦਲੀਪ ਸਿੰਘ ਹੀ ਇਕ ਅਜਿਹਾ ਸ਼ਖਸ ਸੀ ਜੋ ਕਿਸੇ ਵੀ ਸਮੇਂ ਮਹਾਰਾਣੀ ਵਿਕਟੋਰੀਆ ਨੂੰ ਮਿਲ ਸਕਦਾ ਸੀ। ਮਹਾਰਾਣੀ ਵਿਕਟੋਰੀਆ ਮਹਾਰਾਜਾ ਦਲੀਪ ਸਿੰਘ ਦਾ ਕਿੰਨਾ ਕੁ ਸਤਿਕਾਰ ਕਰਦੀ ਸੀ, ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਉਸ ਨੇ ਮਹਾਰਾਜਾ ਦਲੀਪ ਸਿੰਘ ਦੀਆਂ ਤਸਵੀਰਾਂ ਆਪਣੇ ਹਥਾਂ ਨਾਲ ਬਣਾਈਆਂ। ਇਸ ਸਭ ਕੁਝ ਦੇ ਬਾਵਜੂਦ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ਾਂ ਦੀ ਮਕਾਰੀ, ਦੂਜੀਆਂ ਕੌਮਾਂ ਨੂੰ ਧੋਖੇ ਨਾਲ ਗੁਲਾਮ ਬਣਾਉਣਾ ਅਤੇ ਉਨ੍ਹਾਂ ਦੀ ਲੁਟ ਕਰਨੀ, ਬਾਰੇ ਪੂਰਾ ਗਿਆਨ ਹੋ ਗਿਆ। ਮਹਾਰਾਜਾ ਦਲੀਪ ਸਿੰਘ ਦੇ ਇਹ ਪ੍ਰਭਾਵ ਤੇ ਉਸ ਦੀਆਂ ਅੰਗਰੇਜ਼ਾਂ ਬਾਰੇ ਧਾਰਨਾਵਾਂ ਦਾ ਪਤਾ ਉਸ ਦੇ ਮਹਾਰਾਣੀ ਵਿਕਟੋਰੀਆ ਅਤੇ ਆਪਣੇ ਦੇਸਵਾਸੀਆਂ ਨੂੰ ਲਿਖੇ ਪਤਰਾਂ ਤੋਂ ਲਗਦਾ ਹੈ। ਉਹ ਸਮਝ ਗਿਆ ਸੀ ਕਿ ਅੰਗਰੇਜ਼ ਉਸ ਨੂੰ ਐਸ਼ਪ੍ਰਸਤੀ ਵਿਚ ਪਾ ਕੇ ਉਸ ਨੂੰ ਆਪਣੇ ਲੋਕਾਂ ਨਾਲੋਂ, ਆਪਣੇ ਸਭਿਆਚਾਰ, ਆਪਣੀਆਂ ਕਦਰਾਂ ਕੀਮਤਾਂ ਤੇ ਆਪਣੇ ਧਰਮ ਨਾਲੋਂ ਤੋੜਨਾ ਚਾਹੁੰਦੇ ਹਨ। ਪ੍ਰੰਤੂ ਪੰਜਾਬ ਵਿਚ ਟੁਕੜਬੋਚ ਸਰਦਾਰ, ਜਗੀਰਦਾਰ ਤੇ ਸਿਖ ਸੰਸਥਾਵਾਂ ਉਤੇ ਕਾਬਜ਼ ਲੋਕ ਪੂਰੀ ਸ਼ਿਦਤ ਅਤੇ ਉਤਸ਼ਾਹ ਨਾਲ ਅੰਗਰੇਜ਼ਾਂ ਦੀ ਗੁਲਾਮੀ ਨਿਭਾਅ ਰਹੇ ਸਨ। ਨਾਮਧਾਰੀ ਸਿਖ ਹੀ ਇਕ ਅਜਿਹਾ ਵਰਗ ਸਨ, ਜੋ ਕਿ ਪੂਰੀ ਤਰ੍ਹਾਂ ਅੰਗਰੇਜ਼ ਦੀ ਗੁਲਾਮੀ ਤੋਂ ਮੁਕਤ ਹੋਣ ਲਈ ਸੰਘਰਸ਼ ਕਰ ਰਹੇ ਸਨ। ਭਾਵੇਂ ਕਿ ਸਾਧਾਰਨ ਸਿਖਾਂ ਦੀ ਵਡੀ ਬਹੁਗਿਣਤੀ ਅੰਗਰੇਜ਼ ਦੀ ਗੁਲਾਮੀ ਤੋਂ ਮੁਕਤ ਹੋਣ ਲਈ ਸੰਘਰਸ਼ ਕਰਨਾ ਚਾਹੁੰਦੀ ਸੀ ਪ੍ਰੰਤੂ ਸਿਖ ਸੰਸਥਾਵਾਂ ਉਤੇ ਕਾਬਜ਼ ਠਗ ਪੂਰੀ ਤਰ੍ਹਾਂ ਅੰਗਰੇਜ਼ਾਂ ਨਾਲ ਮਿਲੇ ਹੋਏ ਸਨ।
ਇਸ ਲਈ ਜਦੋਂ ਮਹਾਰਾਜਾ ਦਲੀਪ ਸਿੰਘ ਨੇ ਅੰਗਰੇਜ਼ਾਂ ਨੂੰ ਦੇਸ ਵਿਚੋਂ ਕਢ ਕੇ ਪੂਰੀ ਤਰ੍ਹਾਂ ਗੁਲਾਮੀ ਤੋਂ ਮੁਕਤ ਹੋਣ ਦੀ ਗੱਲ ਕੀਤੀ ਤਾਂ ਲੋਕਾਂ ਨੇ ਇਹ ਕਹਿਣਾ ਸ਼ੁਰ ੂਕਰ ਦਿਤਾ ਕਿ ਉਸ ਵਿਚ ਬਾਬਾ ਰਾਮ ਸਿੰਘ ਜੀ ਦੀ ਰੂਹ ਆ ਗਈ ਹੈ। ਅੱਜ ਵੀ ਸਿਖਾਂ ਤੇ ਪੰਜਾਬੀਆਂ ਦੇ ਹਾਲਾਤ ਵਿਚ ਜ਼ਿਆਦਾ ਫਰਕ ਨਹੀਂ ਪਿਆ। ਫਰਕ ਸਿਰਫ ਏਨਾ ਹੀ ਹੈ ਕਿ ਅੱਜ ਅੰਗਰੇਜ਼ਾਂ ਦੀ ਥਾਂ ਅਮਰੀਕਨਾਂ ਨੇ ਲੈ ਲਈ ਹੈ। ਅੱਜ ਵੀ ਜਗੀਰੂ ਸ੍ਰੇਸ਼ਠ ਵਰਗ ਨੇ ਪੂਰੀ ਤਰ੍ਹਾਂ ਅਮਰੀਕਾ ਦੀ ਗੁਲਾਮੀ ਸਵੀਕਾਰੀ ਹੋਈ ਹੈ। ਮਹਾਰਾਜਾ ਦਲੀਪ ਸਿੰਘ ਵੇਲੇ ਜੋ ਕੰਮ ਇੰਗਲੈਂਡ ਕਰ ਰਿਹਾ ਸੀ, ਅੱਜ ਉਹ ਹੀ ਕੰਮ ਸੰਸਾਰ ਵਿਚ ਅਮਰੀਕਾ ਕਰ ਰਿਹਾ ਹੈ। ਜੇ ਅੱਜ ਮਹਾਰਾਜਾ ਦਲੀਪ ਸਿੰਘ ਜੀਉਂਦਾ ਹੁੰਦਾ ਤਾਂ ਸ਼ਾਇਦ ਜੋ ਚਿੱਠੀਆਂ ਉਸ ਨੇ ਮਹਾਰਾਣੀ ਵਿਕਟੋਰੀਆ ਨੂੰ ਲਿਖੀਆਂ ਸਨ, ਉਹ ਚਿਠੀਆਂ ਅਮਰੀਕਨ ਹਾਕਮਾਂ ਨੂੰ ਲਿਖਦਾ। ਜੋ ਅਪੀਲਾਂ ਉਸ ਨੇ ਪੰਜਾਬੀਆਂ ਤੇ ਭਾਰਤੀਆਂ ਨੂੰ ਅੰਗਰੇਜ਼ਾਂ ਤੋਂ ਮੁਕਤ ਹੋਣ ਦੀਆਂ ਕੀਤੀਆਂ ਸਨ, ਉਹ ਅੱਜ ਅਮਰੀਕਨਾਂ ਤੋਂ ਅਜ਼ਾਦ ਹੋਣ ਲਈ ਕਰਦਾ। ਸ਼ਾਇਦ ਉਸ ਦੀ ਪ੍ਰੇਰਨਾ ਹੀ ਮੈਨੂੰ ਅਜਿਹਾ ਕਰਨ ਲਈ ਕਹਿ ਰਹੀ  ਹੈ।

Leave a Reply

Your email address will not be published. Required fields are marked *