ਜਿਨਾਹ ਦਾ ਪਰਿਵਾਰ ਕਾਠੀਆਵਾੜ ਦਾ ਸੀ ਤੇ ਉਹ ਵੀ ਗਾਂਧੀ ਦੀ ਜਾਤ ਦਾ ਹੀ ਸੀ। ਜਿਨਾਹ ਦੇ ਦਾਦੇ ਨੇ ਸ਼ੀਆ ਫਿਰਕੇ ਵਿਚ ਧਰਮ ਬਦਲੀ ਕੀਤੀ ਸੀ। ਇਸ ਲਈ ਉਸਦਾ ਪਰਿਵਾਰ ਹੁਣੇ ਜਿਹੇ ਹੀ ਮੁਸਲਮਾਨ ਬਣਿਆ ਸੀ। ਜਿਨਾਹ ਦੀ ਪੜ੍ਹਾਈ ਬੰਬਈ ਵਿਚ ਹੋਈ ਸੀ ਅਤੇ ਬਾਦ ਵਿਚ ਉਸਦੀਆਂ ਆਪਣੇ ਪੇਸ਼ੇ ਦੀਆਂ ਤੇ ਸਿਆਸੀ ਸਰਗਰਮੀਆਂ ਬੰਬਈ ਵਿਚ ਹੀ ਕੇਂਦਰਿਤ ਰਹੀਆਂ। ਜਿਨਾਹ ਨੇ ਕਾਨੂੰਨ ਦੀ ਪੜ੍ਹਾਈ ਲੰਡਨ ਤੋਂ ਕੀਤੀ ਅਤੇ ਉਹ ਇਕ ਅੰਗਰੇਜ਼ੀ ਆਦਮੀ ਬਣ ਕੇ ਭਾਰਤ ਪਰਤਿਆ। ਉਹ ਇਕ ਸ਼ਾਹਾਨਾ ਢੰਗ ਨਾਲ ਜ਼ਿੰਦਗੀ ਜਿਉਣ ਦਾ ਆਦੀ ਸੀ। ਉਸਨੂੰ ਯੂਰਪੀਨਾਂ ਦਾ ਯੂਰਪੀਨ ਕਿਹਾ ਜਾਂਦਾ ਸੀ। ਉਹ ਅੰਗਰੇਜ਼ੀ ਖਾਣੇ ਖਾਂਦਾ ਸੀ, ਸ਼ੈਂਪੇਨ ਅਤੇ ਬਰਾਂਡੀ ਪੀਂਦਾ ਸੀ, ਜਿਹੜਾ ਕਿ ਇਸਲਾਮ ਵਿਚ ਵਰਜਿਤ ਸਮਝਿਆ ਜਾਂਦਾ ਹੈ। ਉਹ ਜਾਤੀ ਤੌਰ ਉਤੇ ਇਮਾਨਦਾਰ ਪੈਸੇ ਦੇ ਲੈਣ-ਦੇਣ ਪਖੋਂ ਬੜਾ ਸਪਸ਼ਟ ਅਤੇ ਸਫਲ ਵਕੀਲ ਸੀ। ਜਿਨਾਹ ਦਾ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਇਸਲਾਮ ਉਸਦੇ ਮਾਪਿਆ ਦਾ ਧਰਮ ਸੀ। ਉਹ ਸ਼ਰਾਬ ਪੀਂਦਾ ਸੀ ਤੇ ਸੁਰ ਖਾਂਦਾ ਸੀ। ਉਹ ਹਰ ਰੋਜ਼ ਆਪਣੀ ਦਾੜ੍ਹੀ ਮੁੰਨਦਾ ਸੀ। ਉਸਨੇ ਕਦੇ ਕੁਰਾਨ ਨਹੀਂ ਸੀ ਪੜ੍ਹਿਆ ਅਤੇ ਉਹ ਮਸੀਤੇ ਜਾਣ ਤੋਂ ਅਕਸਰ ਟਾਲਾ ਵਟਦਾ ਸੀ। ਉਹ ਅੰਗਰੇਜ਼ੀ ਦਾ ਇਕ ਸ਼ਾਨਦਾਰ ਬੁਲਾਰਾ ਸੀ ਪਰ ਆਪਣੀ ਧਾਰਮਿਕ ਤੇ ਰਵਾਇਤੀ ਭਾਸ਼ਾ ਉਰਦੂ ਬੋਲਣ ਵਿਚ ਨਖਿਧ ਸੀ।
ਗੋਪਾਲ ਕ੍ਰਿਸ਼ਨ ਗੋਖਲੇ ਉਸਦੇ ਧਰਮ ਨਿਰਪਖ ਵਤੀਰੇ ਤੋਂ ਬਹੁਤ ਪ੍ਰਭਾਵਿਤ ਸੀ ਅਤੇ ਉਸ ਨੇ ਭਵਿਖਬਾਣੀ ਕੀਤੀ ਸੀ ਕਿ ਜਿਨਾਹ ਹਿੰਦੂ-ਮੁਸਲਮਾਨ ਏਕਤਾ ਦਾ ਸਭ ਤੋਂ ਵਧੀਆ ਰਾਜਦੂਤ ਬਣੇਗਾ। ਉਹ 1909 ਵਿਚ ਮੁਸਲਮਾਨਾਂ ਨੂੰ ਵਖਰੇ ਚੋਣ ਹਕ ਦੇਣ ਅਤੇ ਅਨੇਕਾਂ ਅਦਾਰਿਆਂ ਵਿਚ ਮੁਸਲਮਾਨਾਂ ਨੂੰ ਰਾਖਵੀਆਂ ਸੀਟਾਂ ਦੇਣ ਦਾ ਵਿਰੋਧੀ ਸੀ। ਉਸਦੇ ਅਜਿਹੇ ਖੁਲ੍ਹੇ ਨਜ਼ਰੀਏ ਦੀ ਪ੍ਰਸੰਸਾ ਕਰਦਿਆਂ ਹੀ ਸਰੋਜਨੀ ਨਾਇਡੂ ਨੇ ਇਕ ਕਿਤਾਬ ਲਿਖੀ, ਜਿਸਦਾ ਨਾਂ ‘ਜਿਨਾਹ ਹਿੰਦੂ-ਮੁਸਲਮਾਨ ਏਕਤਾ ਦਾ ਰਾਜਦੂਤ’ (1918) ਸੀ। ਜਿਨਾਹ ਦੀ ਇਮਾਨਦਾਰੀ ਤੋਂ ਪ੍ਰਭਾਵਿਤ ਹੋ ਕੇ ਡਾ. ਅੰਬੇਡਕਰ ਨੇ ਲਿਖਿਆ ਸੀ, ”ਭਾਰਤ ਵਿਚ ਸ਼ਾਇਦ ਹੀ ਕੋਈ ਹੋਰ ਸਿਆਸੀ ਆਗੂ ਹੈ, ਜਿਸਦੇ ਨਾਲ ਕਦੇ ਨਾ ਕੁਰਪਟ ਹੋਣ ਵਾਲਾ ਵਿਸ਼ੇਸ਼ਣ ਸਭ ਤੋਂ ਵਧ ਢੁਕਦਾ ਹੋਵੇ।”
ਦੋ-ਕੌਮੀ ਸਿਧਾਂਤ ਤੇ ਪਾਕਿਸਤਾਨ ਦਾ ਸੰਕਲਪ
ਆਮ ਬਣੀ ਧਾਰਨਾ ਅਨੁਸਾਰ ਜਿਨਾਹ ਦੇਸ ਨੂੰ ਵੰਡ ਵਲ ਲੈ ਗਿਆ ਦੇ ਉਲਟ ਇਤਿਹਾਸਕ ਤਥ ਇਹ ਹਨ ਕਿ ਦੋ-ਕੌਮੀ ਸਿਧਾਂਤ ਦਾ ਸਮੁਚਾ ਵਿਚਾਰ ਹਿੰਦੂ ਮੂਲਵਾਦੀਆਂ ਨੇ ਲਿਆਂਦਾ ਤੇ ਹਿੰਦੂ ਰਾਸ਼ਟਰ ਦੇ ਸੰਕਲਪ ਨੇ ਪਾਕਿਸਤਾਨ ਦੀ ਮੰਗ ਨੂੰ ਜਨਮ ਦਿਤਾ। ਸਰ ਮੁਹੰਮਦ ਇਕਬਾਲ ਪਾਕਿਸਤਾਨ ਦੇ ਵਿਚਾਰ ਦਾ ਮੋਢੀ ਸਮਝਿਆ ਜਾਂਦਾ ਹੈ। ਪਰ 1920ਵਿਆਂ ਤੇ 1930ਵਿਆਂ ਦੇ ਸ਼ੁਰੂ ਦੇ ਧਾਰਮਿਕ ਅਤੇ ਸਮਾਜੀ ਮਾਹੌਲ ਨੇ ਉਸਨੂੰ ਇਧਰ ਤੋਰਿਆ। ਹਿੰਦੂ ਮਹਾਂ ਸਭਾ ਦੀਆਂ ਕਾਨਫਰੰਸਾਂ ਆਮ ਤੌਰ ਉਤੇ ਆਲ ਇੰਡੀਆ ਕਾਂਗਰਸ ਦੀਆਂ ਸਾਲਾਨਾ ਕਾਨਫਰੰਸਾਂ ਵਾਲੇ ਪੰਡਾਲ ਵਿਚ ਹੀ, ਉਸ ਤੋਂ ਪਹਿਲਾਂ ਹੁੰਦੀਆਂ ਸਨ। ਉਸੇ ਪੰਡਾਲ ਵਿਚ ਦੁਪਹਿਰ ਤੋਂ ਪਹਿਲਾਂ ਹਿੰਦੂ ਮਹਾਂ ਸਭਾ ਅਤੇ ਦੁਪਹਿਰ ਤੋਂ ਬਾਅਦ ਕਾਂਗਰਸ ਕਾਨਫਰੰਸਾਂ ਕਰਦੀ ਸੀ। ਕਾਂਗਰਸ ਹਿੰਦੂ ਮਹਾਂ ਸਭਾਈਆਂ ਦੇ ਪ੍ਰਭਾਵ ਹੇਠ ਸੀ। ਕਾਂਗਰਸੀਆਂ ਦੇ ਹਿੰਦੂਵਾਦੀ ਵਿਹਾਰ ਨੇ ਮੁਸਲਿਮ ਆਗੂਆਂ ਨੂੰ ਮੁਸਲਮਾਨਾਂ ਦੇ ਹਿਤ ਸੁਰਖਿਅਤ ਕਰਨ ਦੇ ਢੰਗ ਲਭਣ ਵਲ ਪਰੇਰਿਆ।
ਮੁਸਲਿਮ ਲੀਗ ਦੇ ਅਲਾਹਾਬਾਦ ਸੈਸ਼ਨ (1930) ਵਿਚ ਇਕਬਾਲ ਨੇ ਭਵਿਖਬਾਣੀ ਕੀਤੀ ਸੀ ਕਿ ਉਤਰ-ਪਛਮੀ ਭਾਰਤ ਵਿਚ ਇਕ ਮੁਸਲਿਮ ਸੂਬਾ (ਆਜ਼ਾਦ ਦੇਸ ਨਹੀਂ) ਬਣਨਾ ਹੀ ਘਟੋਘਟ ਉਤਰ ਪਛਮੀ ਭਾਰਤ ਦੇ ਮੁਸਲਮਾਨਾਂ ਦੀ ਹੋਣੀ ਹੈ। ਇਹ ਬਿਆਨ ਇਕ ਅਜ਼ਾਦ ਅਤੇ ਸਰਬ ਸਮਰਥ ਰਾਜ ਲਈ ਨਹੀਂ ਸੀ। ਭਵਿਖ ਦੇ ਭਾਰਤ ਲਈ ਉਸਦਾ ਸੁਪਨਾ ਇਕ ਢਿਲੀ ਫੈਡਰੇਸ਼ਨ ਦਾ ਸੀ। ਉਸਦੇ ਇਸ ਵਿਚਾਰ ਨੇ ਕੈਂਬਰਿਜ ਯੂਨੀਵਰਸਿਟੀ ਦੇ ਕੁਝ ਮੁਸਲਮਾਨ ਵਿਦਿਆਰਥੀਆਂ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਵਿਚੋਂ ਇਕ ਰਹਿਮਤ ਅਲੀ ਨੇ ਮੁਸਲਮਾਨਾਂ ਨੂੰ ਇਕ ਕੌਮ ਵਜੋਂ ਦਸਿਆ ਅਤੇ ਪੰਜਾਬ, ਕਸ਼ਮੀਰ, ਸਿੰਧ, ਬਲੋਚਿਸਤਾਨ ਤੇ ਉਤਰ ਪੂਰਬੀ ਸਰਹਦੀ ਸੂਬੇ ਨੂੰ ਵਿਚ ਲੈ ਕੇ ਪਾਕਿਸਤਾਨ ਦੀ ਇਕ ਯੋਜਨਾ ਵੀ ਤਿਆਰ ਕੀਤੀ। ਪਰ ਇਹ ‘ਵਿਦਿਆਰਥੀ ਦੀ ਸਕੀਮ’ ਜਿਨਾਹ ਸਮੇਤ ਕਿਸੇ ਵੀ ਮੁਸਲਮਾਨ ਆਗੂ ਦੀ ਹਮਾਇਤ ਨਾ ਲੈ ਸਕੀ। ਸਿਰਫ ਜਨਵਰੀ 1940 ਵਿਚ ਹੀ ਜਿਨਾਹ ਨੇ ਭਾਰਤ ਨੂੰ ਦੋ-ਕੌਮੀ ਕਿਹਾ। ਮੁਢ ਵਿਚ ਜਿਨਾਹ ਇਕ ਭਾਰਤ ਲਈ ਖੜ੍ਹਾ ਰਿਹਾ। ਪਰ 1938 ਤੋਂ 1940 ਦੌਰਾਨ ਵਾਪਰੀਆਂ ਘਟਨਾਵਾਂ ਉਸਨੂੰ ਪਾਕਿਸਤਾਨ ਦੀ ਮੰਗ ਕਰਨ ਵਲ ਲੈ ਗਈਆਂ।
ਹਿੰਦੂ ਮੂਲਵਾਦੀਆਂ ਦਾ ਦੋ ਕੌਮੀ ਸਿਧਾਂਤ
ਦੋ-ਕੌਮੀ ਸਿਧਾਂਤ ਦਾ ਮੋਢੀ ਡੀ.ਵੀ.ਏ. ਕਾਲਜ ਲਾਹੌਰ ਦਾ ਪ੍ਰੋਫੈਸਰ ਭਾਈ ਪਰਮਾਨੰਦ ਸੀ। ਉਹ ਧਰਮ ਦਾ ਪ੍ਰਚਾਰ ਕਰਨ ਲਈ ਦਖਣੀ ਅਫਰੀਕਾ ਗਿਆ ਅਤੇ ਉਥੇ ਉਸਨੇ ਗਾਂਧੀ ਦੇ ਦਿਮਾਗ ਉਤੇ ਡੂੰਘਾ ਪ੍ਰਭਾਵ ਛਡਿਆ। ਉਸਦੇ ਵਿਚਾਰਾਂ ਕਰਕੇ 1915 ਵਿਚ ਉਸਨੂੰ ਅੰਡੇਮਾਨ ਭੇਜਿਆ ਗਿਆ। ਵਾਪਸੀ ਉਤੇ ਪਰਮਾਨੰਦ ਹਿੰਦੂ ਮਹਾਂ ਸਭਾ ਵਿਚ ਸ਼ਾਮਿਲ ਹੋ ਗਿਆ। ਇਹ ਓਹੀ ਸੀ ਜਿਸ ਨੇ ‘ਹਿੰਦੂਆਂ’ ਨੂੰ ਇਕ ਕੌਮ ਦਸਿਆ। ਉਸਨੇ ਲਿਖਿਆ, ”ਹਿੰਦੂ ਧਰਤੀ ਉਤੇ ਸਭ ਤੋਂ ਪੁਰਾਣੀ ਕੌਮ ਹਨ, ਉਨ੍ਹਾਂ ਦੇ ਧਰਮ ਗ੍ਰੰÎਥ ਸੰਸਾਰ ਦੀਆਂ ਸਭ ਤੋਂ ਪੁਰਾਣੀਆਂ ਪੁਸਤਕਾਂ ਹਨ, ਆਧੁਨਿਕ ਯੂਰਪੀਨ ਕੌਮਾਂ ਆਰੀਆ ਜਾਂ ਪੁਰਾਣੇ ਹਿੰਦੂਆਂ ਦੀ ਔਲਾਦ ਹਨ।”
ਉਸਦਾ ਵਿਚਾਰ ਸੀ ਕਿ ਹਿੰਦੂਆਂ ਦੇ ਰੁਤਬੇ ਤੇ ਜ਼ਿੰਮੇਵਾਰ ਹਸਤੀ ਨੂੰ ਭਾਰਤ ਦੇ ਸਾਰੇ ਭਾਈਚਾਰਿਆਂ ਵਿਚੋਂ ਮੁਖ ਭਾਈਚਾਰੇ ਵਜੋਂ ਮਾਨਤਾ ਦਿਤੀ ਜਾਵੇ। 15 ਅਗਸਤ 1937 ਨੂੰ ਸਿੰਧ ਹਿੰਦੂ ਕਾਨਫਰੰਸ ਦੀ ਪ੍ਰਧਾਨਗੀ ਤਕਰੀਰ ਵਿਚ ਉਸਨੇ ਕਿਹਾ, ”ਜਦੋਂ ਕਿ ਮੁਸਲਿਮ ਵਜ਼ੀਰ ਕਾਂਗਰਸ ਜਾਂ ਹਿੰਦੂ ਹਿਤਾਂ ਦੀ ਪ੍ਰਵਾਹ ਕੀਤੇ ਬਿਨਾਂ ਆਪਣੇ ਭਾਈਚਾਰੇ ਦੇ ਹਿਤਾਂ ਦਾ ਧਿਆਨ ਰਖਣ ਲਈ ਪੂਰੇ ਅਜ਼ਾਦ ਹਨ ਪਰ ਕਾਂਗਰਸੀ ਵਜ਼ੀਰ ਕਾਂਗਰਸ ਦੇ ਮੁਸਲਿਮ ਪਖੀ ਪ੍ਰੋਗਰਾਮਾਂ ਨੂੰ ਪ੍ਰਣਾਏ ਹੋਏ ਹਨ ਅਤੇ ਇਥੋਂ ਤਕ ਸੁਚੇਤ ਹਨ ਕਿ ਮੁਸਲਮਾਨਾਂ ਦੀ ਅਤ੍ਰਿਪਤ ਫਿਰਕੂ ਭੁਖ ਨੂੰ ਪੂਰਾ ਕਰਨ ਦੀਆਂ ਕੋਸ਼ਿਸਾਂ ਕਰਨ ਵਿਚ ਰੁਝੇ ਹੋਏ ਹਨ।”
ਵੀ.ਡੀ. ਸਾਵਰਕਰ ਦਾ ਦੋ ਕੌਮੀ ਸਿਧਾਂਤ
ਹਿੰਦੂ ਮਹਾਂ ਸਭਾ ਦੇ ਆਗੂ ਤੇ ਆਰ ਐਸ ਐਸ (1935) ਦੇ ਬਾਨੀਆਂ ਵਿਚੋਂ ਇਕ ਵੀ. ਡੀ. ਸਾਵਰਕਰ ਨੇ ਹਿੰਦੂ ਰਾਸ਼ਟਰ ਦੀਆਂ ਕਥਾਵਾਂ ਦਾ ਪ੍ਰਚਾਰ ਕੀਤਾ। 1937 ਵਿਚ ਜਿਨਾਹ ਦੇ ਦੋ-ਕੌਮੀ ਸਿਧਾਂਤ ਨੂੰ ਰਸਮੀ ਮਾਨਤਾ ਦੇਣ ਤੋਂ ਤਿੰਨ ਸਾਲ ਪਹਿਲਾ, ਸਾਵਰਕਰ ਦਾ ਮੰਨਣਾ ਸੀ ਕਿ ਭਾਰਤ ਵਿਚ ਅਡ-ਅਡ ਦੋ ਕੌਮਾਂ ਹਿੰਦੂ ਤੇ ਮੁਸਲਮਾਨ ਹਨ। ਅਜਿਹੇ ਕਥਨਾਂ ਤੋਂ ਮੁਸਮਲਾਨਾਂ ਨੇ ਮਹਿਸੂਸ ਕੀਤਾ ਕਿ ਉਹ ਹਮੇਸ਼ਾ ਲਈ ਹਿੰਦੂਆਂ ਦੀ ਬਹੁਗਿਣਤੀ ਕਾਰਨ ਬਣੇ ਉਨ੍ਹਾਂ ਦੇ ਉਚੇ ਰੁਤਬੇ ਦੇ ਅਧੀਨ ਰਹਿਣ ਲਈ ਸਰਾਪੇ ਜਾਣਗੇ, ਜਿਨ੍ਹਾਂ ਦੀ ਭਾਰੀ ਬਹੁਗਿਣਤੀ ਦਾ ਮਤਲਬ ਭਵਿਖ ਵਿਚ ਮੁਸਲਮਾਨਾਂ ਦੀ ਸਦਾ ਲਈ ਸਿਆਸੀ ਗੁਲਾਮੀ ਹੈ। ਜਿਨਾਹ ਨੇ ਸਿਰਫ 1940 ਵਿਚ ਜਾ ਕੇ ਹੀ ਸਾਵਰਕਰ ਦਾ ਦੋ-ਕੌਮੀ ਸਿਧਾਂਤ ਪ੍ਰਵਾਨ ਕੀਤਾ।
ਵੀ. ਡੀ. ਸਾਵਰਕਰ ਨੇ ਅਹਿਮਦਾਬਾਦ ਕਾਨਫਰੰਸ ਵਿਚ ਆਪਣੇ ਦੋ-ਕੌਮੀ ਸਿਧਾਂਤ ਦਾ ਐਲਾਨ ਕੀਤਾ। ਉਸਨੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਦੋ ਵਖ-ਵਖ ਕੌਮਾਂ ਦਸਿਆ ਅਤੇ ਕਿਹਾ ਕਿ ਮੁਸਲਮਾਨ ਹਿੰਦੂਆਂ ਦੀ ਬਰਾਬਰੀ ਦਾ ਦਾਅਵਾ ਨਹੀਂ ਕਰ ਸਕਦੇ। ਉਸਨੇ ਵਿਚਾਰ ਪ੍ਰਗਟ ਕੀਤੇ ਕਿ ਮੁਸਲਮਾਨ ਹਿੰਦੂਆਂ ਦੇ ਅਧੀਨ ਤੇ ਉਨ੍ਹਾਂ ਨਾਲ ਸਹਿਯੋਗ ਕਰਕੇ ਹੀ ਰਹਿ ਸਕਦੇ ਹਨ। ਇਥੋਂ ਤਕ ਕਿ ਉਨ੍ਹਾਂ ਦੇ ਕਲਪੇ ਹਿੰਦੂ ਰਾਸ਼ਟਰ ਵਿਚ ਮੁਸਲਮਾਨ ਵੋਟ ਪਾਉਣ ਦੇ ਹਕ ਦੀ ਮੰਗ ਵੀ ਨਹੀਂ ਸਨ ਕਰ ਸਕਦੇ।
ਸਾਵਰਕਰ ਦੇ ਦੋ-ਕੌਮੀ ਸਿਧਾਂਤ ਦਾ ਆਧਾਰ ਹਿੰਦੂਆਂ ਦੀ ਉਚਤਾ ਦਾ ਦਾਅਵਾ ਸੀ, ਜਿਹੜੀ ਅਸਲ ਵਿਚ ਬ੍ਰਾਹਮਣਵਾਦੀ ਉਚਤਾ ਸੀ। ਪਰ ਜਿਨਾਹ ਦਾ ਦੋ ਕੌਮੀ ਸਿਧਾਂਤ ਬਰਬਾਰੀ ਦੀ ਇਛਾ ਉਤੇ ਟਿਕਿਆ ਹੋਇਆ ਸੀ। ਉਸਨੇ ਲਿਖਿਆ, ”ਭਾਰਤ ਕਦੇ ਵੀ ਇਕ ਅਸਲੀ ਕੌਮ ਨਹੀਂ ਰਿਹਾ। ਗਾਂ ਜਿਹੜੀ ਮੈਂ ਖਾਣੀ ਚਾਹੁੰਦਾ ਹਾਂ, ਹਿੰਦੂ ਮੈਨੂੰ ਮਾਰਨ ਤੋਂ ਵੀ ਰੋਕਦੇ ਹਨ। ਹਰ ਵੇਲੇ ਜਦੋਂ ਹਿੰਦੂ ਮੇਰੇ ਨਾਲ ਹਥ ਮਿਲਾਉਂਦਾ ਹੈ, ਉਸਨੂੰ ਆਪਣਾ ਹਥ ਧੋਣਾ ਪੈਂਦਾ ਹੈ। ਮੁਸਮਲਾਨਾਂ ਦੀ ਹਿੰਦੂਆਂ ਨਾਲ ਸਿਰਫ ਇਕ ਹੀ ਚੀਜ਼ ਦੀ ਸਾਂਝ ਹੈ ਅਤੇ ਉਹ ਹੈ ਬਰਤਾਨੀਆਂ ਦੀ ਗੁਲਾਮੀ। ਜਦੋਂ ਵੀ ਉਹ ਮੁਸਲਿਮ ਕੌਮ ਦੇ ਨਿਵੇਕਲੇ ਸਭਿਆਚਾਰ ਅਤੇ ਰਵਾਇਤਾਂ ਦੀ ਗਲ ਕਰਦਾ ਤਾਂ ਉਸਨੂੰ ਸਿਰਫ ਸ਼ੇਰਵਾਨੀ ਪਹਿਨਣ ਵਾਲੇ ਉਤਰ ਪਛਮ ਦੇ ਮੁਸਲਮਾਨ ਹੀ ਯਾਦ ਆਉਂਦੇ।
ਜਿਨਾਹ ਨੇ ਭਾਵੇਂ ਦੋ-ਕੌਮੀ ਸਿਧਾਂਤ ਨੂੰ ਪ੍ਰਵਾਨ ਕਰ ਲਿਆ ਸੀ, ਪਰ ਉਹ ਚਾਹੁੰਦਾ ਸੀ ਕਿ ਦੋਵੇਂ ਕੌਮਾਂ ਬਰਾਬਰੀ ਦੇ ਅਧਾਰ ਉੇਤੇ ਰਾਜਸਤਾ ਦੀ ਵੰਡ ਕਰ ਕੇ ਇਕੋ ਦੇਸ ਵਿਚ ਰਹਿਣ। (ਕੇ. ਐਮ. ਮੁਨਸ਼ੀ, ਭਾਰਤੀ ਰਾਜਨੀਤੀ ਦੇ ਬਦਲਦੇ ਰੂਪ, ਪੂਨਾ, 1946, ਸਫਾ 116) ਮਾਰਚ 1940 ਵਿਚ ਉਸਨੇ ਪਾਕਿਸਤਾਨ ਵਿਚ ਵਖਰੇ ਦੇਸ ਦੇ ਤੌਰ ਉਤੇ ਆਪਣਾ ਨਿਸ਼ਾਨਾ ਮਿਥਿਆ। ਰਿਚਰਡ ਸੀਮੰਡ ਨੇ ਲਿਖਿਆ ਹੈ, ”ਜੇ ਉਹ 1937 ਵਿਚ ਮਰ ਜਾਦਾ ਤਾਂ ਉਹ ਮੁਖ ਰੂਪ ਵਿਚ ਨਾਰੋਜੀ ਅਤੇ ਗੋਖਲੇ ਦੀ ਪਿਰਤ ਵਿਚ ਇਕ ਭਾਰਤੀ ਕੌਮਵਾਦੀ ਅਤੇ ਪਾਰਲੀਮੈਂਟਰੀਅਨ ਦੇ ਤੌਰ ਉਤੇ ਜਾਣਿਆ ਜਾਂਦਾ।”
ਜਿਨਾਹ ਨੇ ਇਕ ਭਾਰਤ ਦਾ ਨਿਸ਼ਾਨਾ ਕਿਉਂ ਛਡਿਆ?
1937 ਤੋਂ 1939 ਦੌਰਾਨ ਜਿਨਾਹ ਦੀ ਸੋਚ ਵਿਚ ਬੜੀ ਵਡੀ ਤਬਦੀਲੀ ਆਈ। ਇਨ੍ਹਾਂ ਸਾਲਾਂ ਦੌਰਾਨ ਜਿਨਾਹ ਨੇ ਸਮਝਿਆ ਕਿ ਕਾਂਗਰਸ ਸਿਰਫ ਇਕ ਹਿੰਦੂ ਜਨੂੰਨੀ ਜਥੇਬੰਦੀ ਹੈ ਅਤੇ ਭਾਰਤੀ ”ਕੌਮਵਾਦ” ਉਸਦਾ ਸਿਰਫ ਮੁਖੌਟਾ ਹੈ।
ਜਿਨਾਹ ਨੇ ਭਾਵੇਂ 1930 ਵਿਚ ਕਾਂਗਰਸ ਛਡ ਦਿਤੀ ਸੀ, ਪਰ ਇਸਦੇ ਬਾਵਜੂਦ ਉਹ ਕਾਂਗਰਸ ਅਤੇ ਮੁਸਲਿਮ ਲੀਗ ਦੋਹਾਂ ਵਿਚ ਪ੍ਰਭਾਵਸ਼ਾਲੀ ਸੀ। 1937 ਵਿਚ ਕਾਂਗਰਸ ਦੀ ਅਸਲੀ ਇਛਾ ਪ੍ਰਗਟ ਹੋ ਗਈ, ਜਦੋਂ ਉਸਨੇ ਭਾਰਤ ਸਰਕਾਰ ਦੇ 1935 ਦੇ ਐਕਟ ਅਧੀਨ ਚੋਣਾਂ ਤੋਂ ਬਾਅਦ ਸਿਆਸੀ ਸਤਾ ਸੰਭਾਲੀ। 1937 ਦੀਆਂ ਚੋਣਾਂ ਵਿਚ ਮੁਸਲਮਾਨਾਂ ਨੇ ਜ਼ਿਆਦਾਤਰ ਕਾਂਗਰਸ ਪਾਰਟੀ ਦੀ ਹਮਾਇਤ ਕੀਤੀ। ਕਾਂਗਰਸ ਪਹਿਲੀ ਵਾਰ ਰਾਜਪ੍ਰਬੰਧ ਦੀ ਜ਼ਿੰਮੇਵਾਰੀ ਸੰਭਾਲ ਰਹੀ ਸੀ। 1936 ਤੋਂ 1946 ਤਕ ਕਾਂਗਰਸ ਪਾਰਟੀ ਦੇ ਪ੍ਰਧਾਨ ਰਹੇ ਸ੍ਰੀ ਅਬੁਲ ਕਲਾਮ ਅਜ਼ਾਦ ਨੇ ਆਪਣੀ ਕਿਤਾਬ ‘ਇੰਡੀਆ ਵਿਨਜ਼ ਫਰੀਡਮ’ ਵਿਚ ਕਾਂਗਰਸ ਦੇ ਹਿੰਦੂ-ਜਨੂੰਨੀ ਵਤੀਰੇ ਦਾ ਜ਼ਿਕਰ ਕੀਤਾ ਹੈ। 1937 ਦੀਆਂ ਚੋਣਾਂ ਵਿਚ ਕਾਂਗਰਸ ਨੇ ਭਾਰੀ ਜਿਤ ਪ੍ਰਾਪਤ ਕੀਤੀ। ਬਿਹਾਰ ਅਤੇ ਮਧ ਪ੍ਰਦੇਸ਼ ਵਿਚ ਜਿਹੜੇ ਵਡੇ ਕਾਂਗਰਸੀ ਆਗੂਆਂ ਨੇ ਜਿਤ ਪ੍ਰਾਪਤ ਕੀਤੀ, ਉਹ ਮੁਸਲਮਾਨ ਸਨ।
ਅਜ਼ਾਦ ਨੇ ਲਿਖਿਆ ਹੈ, ”ਮੈਨੂੰ ਅਫਸੋਸ ਨਾਲ ਇਹ ਮੰਨਣਾ ਪੈ ਰਿਹਾ ਹੈ ਕਿ ਬਿਹਾਰ ਅਤੇ ਬੰਬਈ ਵਿਚ ਕਾਂਗਰਸ ਕੌਮਵਾਦ ਦੇ ਇਮਤਿਹਾਨ ਵਿਚੋਂ ਪੂਰੀ ਤਰ੍ਹਾਂ ਸਫਲ ਨਹੀਂ ਹੋਈ। ਬੰਬਈ ਵਿਚ ਸੀ ਨਾਰੀਮਨ ਉਥੋਂ ਦੇ ਕਾਂਗਰਸੀਆਂ ਦੇ ਪ੍ਰਵਾਨਤ ਆਗੂ ਸਨ। ਜਦੋਂ ਸੂਬਾ ਸਰਕਾਰ ਬਨਾਉਣ ਦਾ ਸੁਆਲ ਪੈਦਾ ਹੋਇਆ, ਇਹ ਆਮ ਧਾਰਨਾ ਸੀ ਕਿ ਰੁਤਬੇ ਅਤੇ ਮਾਨਤਾ ਪਖੋਂ ਸ੍ਰੀ ਨਾਰੀਮਨ ਨੂੰ ਸਰਕਾਰ ਦੀ ਅਗਵਾਈ ਕਰਨ ਲਈ ਕਿਹਾ ਜਾਵੇਗਾ। ਬੇਸ਼ਕ ਇਸਦਾ ਅਰਥ ਇਹ ਹੋਣਾ ਸੀ ਕਿ ਇਕ ਪਾਰਸੀ ਮੁਖ ਮੰਤਰੀ ਹੋਵੇਗਾ, ਜਦੋਂ ਕਿ ਕਾਂਗਰਸ ਪਾਰਟੀ ਦੇ ਅਸੈਂਬਲੀ ਮੈਂਬਰਾਂ ਦੀ ਬਹੁਗਿਣਤੀ ਹਿੰਦੂ ਸੀ। ਸਰਦਾਰ ਪਟੇਲ ਅਤੇ ਉਸਦੇ ਸਾÎਥੀ ਆਪਣੇ ਆਪ ਨੂੰ ਇਸ ਹਾਲਤ ਵਾਸਤੇ ਸਹਿਮਤ ਨਾ ਕਰ ਸਕੇ ਅਤੇ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਕਾਂਗਰਸ ਦੇ ਹਿੰਦੂ ਹਮਾਇਤੀਆਂ ਨੂੰ ਇਸ ਮਾਣ ਤੋਂ ਵਾਂਝੇ ਕਰਨਾ ਉਨ੍ਹਾਂ ਨਾਲ ਬੇਇਨਸਾਫੀ ਹੋਵੇਗੀ। ਇਸ ਲਈ ਬੀ.ਜੀ. ਖੇਰ ਨੂੰ ਅਗੇ ਲਿਆਂਦਾ ਗਿਆ ਅਤੇ ਬੰਬਈ ਵਿਚ ਕਾਂਗਰਸ ਅਸੈਂਬਲੀ ਪਾਰਟੀ ਦਾ ਆਗੂ ਚੁਣਿਆ ਗਿਆ।” ਇਸਨੇ ਨਾਰੀਮਨ, ਜਿਹੜਾ ਕਿ ਪਾਰਟੀ ਪ੍ਰਧਾਨ ਸੀ, ਨੂੰ ਪ੍ਰੇਸ਼ਾਨ ਕਰ ਦਿਤਾ। ਉਸ ਨੇ ਜਵਾਹਰ ਲਾਲ ਨਹਿਰੂ, ਇਕ ਗੈਰ ਫਿਰਕਾਪ੍ਰਸਤ ਵਿਅਕਤੀ, ਨੂੰ ਅਪੀਲ ਕੀਤੀ। ਨਹਿਰੂ ਨੇ ਨਾਰੀਮਨ ਦੀ ਅਪੀਲ ਠੁਕਰਾਅ ਕਰ ਦਿਤੀ।
”ਇਸੇ ਤਰ੍ਹਾਂ ਦਾ ਘਟਨਾਕ੍ਰਮ ਬਿਹਾਰ ਵਿਚ ਵਾਪਰਿਆ। ਡਾ. ਸਈਅਦ ਮਹਿਮੂਦ ਸੂਬੇ ਦੇ ਸਭ ਤੋਂ ਵਡੇ ਆਗੂ ਸਨ। ਉਹ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕਤਰ ਵੀ ਸਨ। ਡਾ. ਸਈਅਦ ਮਹਿਮੂਦ ਬਿਹਾਰ ਅਸੈਂਬਲੀ ਦੇ ਲੀਡਰ ਚੁਣੇ ਜਾਂਦੇ ਤੇ ਸੂਬਾਈ ਖੁਦਮੁਖਤਿਆਰੀ ਅਧੀਨ ਉਹ ਬਿਹਾਰ ਦੇ ਪਹਿਲੇ ਮੁਖ ਮੰਤਰੀ ਬਣਦੇ। ਇਸਦੀ ਬਜਾਇ ਸ੍ਰੀ ਕਿਸ਼ਨ ਸਿਨਹਾ ਅਤੇ ਅਨੁਗ੍ਰਹਿ ਨਰਾਇਣ ਸਿਨਹਾ ਨੂੰ ਬਿਹਾਰ ਵਾਪਸ ਬੁਲਾਇਆ ਗਿਆ ਅਤੇ ਮੁਖ ਮੰਤਰੀ ਦੇ ਅਹੁਦੇ ਲਈ ਤਿਆਰ ਕੀਤਾ ਗਿਆ। ਡਾ. ਰਾਜਿੰਦਰ ਪ੍ਰਸਾਦ ਨੇ ਬਿਹਾਰ ਵਿਚ ਓਹੀ ਰੋਲ ਨਿਭਾਇਆ, ਜਿਹੜਾ ਸਰਦਾਰ ਪਟੇਲ ਨੇ ਬੰਬਈ ਵਿਚ ਨਿਭਾਇਆ ਸੀ।”
ਕਾਂਗਰਸ ਦੇ ਫਿਰਕੂ ਰਵਈਏ ਨੇ ਮੁਸਲਿਮ ਅਬਾਦੀ ਦੀਆਂ ਅੱਖਾਂ ਖੋਲ ਦਿਤੀਆਂ। ਉਨ੍ਹਾਂ ਨੇ ਮੁਸਲਿਮ ਲੀਗ ਦੀ ਹਮਾਇਤ ਕਰਨੀ ਸ਼ੁਰੂ ਕਰ ਦਿਤੀ। ਫਿਰ ਵੀ ਜਿਨਾਹ ਨੇ ਅਡ ਮੁਸਲਿਮ ਰਾਜ ਦੀ ਹਮਾਇਤ ਨਹੀਂ ਕੀਤੀ। ਭਾਵੇਂ ਉਸਨੇ 1940 ਵਿਚ ਪਾਕਿਸਤਾਨ ਦੀ ਮੰਗ ਪ੍ਰਵਾਨ ਕਰ ਲਈ ਸੀ, ਪਰ ਫਿਰ ਵੀ ਉਹ ‘ਆਜ਼ਾਦ ਫਾਰਮੂਲੇ’ ਤੇ ‘ਕੈਬਨਿਟ ਮਿਸ਼ਨ ਅਧੀਨ’ ਸੂਬਿਆਂ ਨੂੰ ਵਧ ਤੋਂ ਵਧ ਸੰਭਵ ਖੁਦੁਮਖਤਿਆਰੀ ਦੇਣੀ ਮੰਨ ਕੇ ਪਾਕਿਸਤਾਨ ਦੀ ਮੰਗ ਛਡਣ ਨੂੰ ਤਿਆਰ ਸੀ।
ਕੈਬਨਿਟ ਮਿÎਸ਼ਨ ਯੋਜਨਾ ਨੇ ਕਾਂਗਰਸੀ ਨਜ਼ਰੀਏ ਦੇ ਸਾਰੇ ਅਹਿਮ ਪਹਿਲੂਆਂ ਨੂੰ ਮੰਨ ਲਿਆ। ਕਿਉਂਕਿ ਇਹ ਭਾਰਤ ਦੀ ਏਕਤਾ ਦੀ ਗਰੰਟੀ ਕਰਦੇ ਸਨ। ਉਸਨੇ ਘਟ ਗਿਣਤੀਆਂ ਨੂੰ ਆਪਣੇ ਆਪਣੇ ਸੂਬਿਆਂ ਅਤੇ ਸੂਬਿਆਂ ਦੀਆਂ ਸਰਕਾਰਾਂ ਵਿਚ, ਜਿਥੇ ਉਹ ਬਹੁਗਿਣਤੀ ਬਣਦੇ ਸਨ, ਸਿਆਸੀ ਹਕ ਮਾਨਣ ਦਾ ਯਕੀਨ ਵੀ ਦਿਵਾਇਆ। ਤਿੰਨ ਪੜਾਵੀ ਪ੍ਰਬੰਧ ਅਨੁਸਾਰ ਹੇਠਾਂ ਸੂਬਾਈ ਸਰਕਾਰਾਂ, ਵਿਚਕਾਰ ਸੂਬਿਆਂ ਦੇ ਗਰੁਪ, ਜਿਨ੍ਹਾਂ ਨੂੰ ਜੋਨ ਕਿਹਾ ਗਿਆ ਤੇ ਸਭ ਤੋਂ ਉਤੇ ਕੇਂਦਰ ਸਰਕਾਰ, ਜਿਸ ਕੋਲ ਤਿੰਨ ਸ਼ਕਤੀਆਂ ਹੋਣ ਦੀ ਕੈਬਨਿਟ ਮਿਸ਼ਨ ਯੋਜਨਾ ਵਲੋਂ ਪੈਰਵਾਈ ਕੀਤੀ ਗਈ। ਇਸ ਢਾਂਚੇ ਤੋਂ ਕਾਂਗਰਸ ਅਤੇ ਮੁਸਲਿਮ ਲੀਗ ਦੋਵੇਂ ਸੰਤੁਸ਼ਟ ਸਨ। 16 ਮਈ 1946 ਨੂੰ ਛਾਪੀ ਗਈ ਕੈਬਨਿਟ ਮਿਸ਼ਨ ਯੋਜਨਾ ਨੇ ਅਬੁਲ ਕਲਾਮ ਆਜ਼ਾਦ ਦੀ ਯੋਜਨਾ ਨੂੰ ਪ੍ਰਵਾਨ ਕਰ ਲਿਆ ਅਤੇ ਇਸ ਅਨੁਸਾਰ ਕੇਂਦਰ ਸਰਕਾਰ ਨੂੰ ਸਿਰਫ ਤਿੰਨ ਮਹਿਕਮੇ ਦਿਤੇ ਗਏ। ਇਹ ਤਿੰਨ ਸ਼ਕਤੀਆਂ ਸਨ ਰਖਿਆ, ਬਿਦੇਸ ਮਾਮਲੇ ਤੇ ਸੰਚਾਰ। ਕੈਬਨਿਟ ਮਿਸ਼ਨ ਬਹੁਗਿਣਤੀ ਮਹਿਕਮੇ ਸੂਬਾ ਪਧਰ ਉਤੇ ਦੇਣ ਲਈ ਮੰਨ ਗਿਆ ਅਤੇ ਇਸ ਤਰ੍ਹਾਂ ਬਹੁਗਿਣਤੀ ਹੋਣ ਕਰਕੇ ਮੁਸਲਮਾਨ ਕੁਝ ਸੂਬਿਆਂ ਵਿਚ ਪੂਰਨ ਖੁਦਮੁਖਤਿਆਰੀ ਮਾਣਦੇ। ਸੂਬਿਆਂ ਨੂੰ ਤਿੰਨ ਗਰੁਪਾਂ ਓ, ਅ ਅਤੇ Â ਵਿਚ ਵੰਡਿਆ ਗਿਆ। ਯੋਜਨਾ ਵਿਚ ਕਿਹਾ ਗਿਆ ਕਿ À ਗਰੁਪ ਵਿਚ ਹਿੰਦੂ ਬਹੁਗਿਣਤੀ ਸੂਬੇ ਹੋਣਗੇ, ਅ ਗਰੁਪ ਵਿਚ ਪੰਜਾਬ, ਸਿੰਧ, ਉਤਰ ਪਛਮ ਸਰਹੱਦੀ ਸੂਬਾ ਅਤੇ ਬਰਤਾਨਵੀ ਬਲੋਸਿਚਤਾਨ ਸ਼ਾਮਿਲ ਹੋਣਗੇ ਅਤੇ Â ਹਿਸੇ ਵਿਚ ਬੰਗਾਲ ਅਤੇ ਅਸਾਮ ਦਾ ਇਲਾਕਾ ਹੋਵੇਗਾ। ਅ ਅਤੇ Â ਗਰੁਪਾਂ ਵਿਚਲੇ ਸੂਬਿਆਂ ਵਿਚ ਮੁਸਲਮਾਨ ਬਹੁਗਿਣਤੀ ਵਿਚ ਸਨ।
ਮੁਸਲਿਮ ਲੀਗ ਭਾਵੇਂ ਵਖਰੇ ਅਜ਼ਾਦ ਦੇਸ ਦੀ ਮੰਗ ਕਰਨ ਤਕ ਚਲੇ ਗਈ ਸੀ, ਪਰ ਹੁਣ ਉਹ ਕੈਬਨਿਟ ਮਿਸ਼ਨ ਯੋਜਨਾ ਤਹਿਤ ਅਬੁਲ ਕਲਾਮ ਅਜ਼ਾਦ ਦੇ ਇਸ ਫਾਰਮੂਲੇ ਨਾਲ ਸਹਿਮਤ ਹੋ ਗਈ, ਜਿਹੜਾ ਸੂਬਿਆਂ ਨੂੰ ਵਧ ਤੋਂ ਵਧ ਹਦ ਤਕ ਖੁਦਮੁਖਤਿਆਰੀ ਦੇਂਦਾ ਸੀ ਅਤ ੇਕੇਂਦਰ ਸਰਕਾਰ ਲਈ ਸਿਰਫ ਤਿੰਨ ਮਹਿਕਮੇ ਰਾਖਵੇਂ ਰਖਦਾ ਸੀ। ਮੁਸਲਿਮ ਲੀਗ ਦੀ ਕੌਂਸਲ ਨੇ ਤਿੰਨ ਦਿਨਾਂ ਮੀਟਿੰਗ ਕੀਤੀ ਅਤੇ ਇਸ ਯੋਜਨਾ ਬਾਰੇ ਵਿਚਾਰ ਕੀਤਾ। ਜਿਨਾਹ ਨੇ ਮੰਨਿਆ ਕਿ ਇਸ ਨਾਲੋਂ ਵਧੀਆ ਹੋਰ ਕੋਈ ਗਲ ਨਹੀਂ ਸੀ ਹੋ ਸਕਦੀ। ਕਿਉਂਕਿ ਜਿਨਾਹ ਨੇ ਮੁਸਲਿਮ ਲੀਗ ਨੂੰ ਇਹ ਯੋਜਨਾ ਮੰਨਣ ਲਈ ਸਲਾਹ ਦਿਤੀ, ਇਸ ਲਈ ਕੌਂਸਲ ਨੇ ਸਰਬ ਸੰਮਤੀ ਨਾਲ ਕੈਬਨਿਟ ਮਿਸ਼ਨ ਯੋਜਨਾ ਪ੍ਰਵਾਨ ਕਰ ਲਈ।
ਅਬੁਲ ਕਲਾਮ ਅਜ਼ਾਦ ਨੇ ਲਿਖਿਆ ਹੈ, ”ਕਾਂਗਰਸ ਅਤੇ ਮੁਸਲਿਮ ਲੀਗ ਦੋਵਾਂ ਵਲੋਂ ਕੈਬਨਿਟ ਮਿਸ਼ਨ ਯੋਜਨਾ ਨੂੰ ਮੰਨ ਲੈਣਾ ਭਾਰਤ ਦੀ ਆਜ਼ਾਦੀ ਦੀ ਲਹਿਰ ਦੇ ਇਤਿਹਾਸ ਵਿਚ ਇਕ ਸ਼ਾਨਦਾਰ ਘਟਨਾ ਸੀ। ਇਹ ਜਾਪਦਾ ਸੀ ਕਿ ਫਿਰਕੂ ਔਕੜਾਂ ਪਿਛੇ ਰਹਿ ਗਈਆਂ ਹਨ। ਦੇਸ ਭਰ ਵਿਚ ਇਕ ਖੁਸ਼ੀ ਦੀ ਲਹਿਰ ਸੀ ਅਤੇ ਅਜ਼ਾਦੀ ਦੀ ਮੰਗ ਵਾਸਤੇ ਸਾਰੇ ਲੋਕ ਇਕਮੁਠ ਸਨ। ਅਸੀਂ ਬਹੁਤ ਖੁਸ਼ ਸਾਂ ਪਰ ਅਸੀਂ ਨਹੀਂ ਸਾਂ ਜਾਣਦੇ ਕਿ ਸਾਡੀ ਇਹ ਖੁਸ਼ੀ ਵਕਤੀ ਹੈ ਅਤੇ ਕੁੜੱਤਣ ਭਰੀ ਨਿਰਾਸ਼ਾ ਸਾਡੀ ਉਡੀਕ ਕਰ ਰਹੀ ਹੈ।”
ਆਲ ਇੰਡੀਆ ਕਾਂਗਰਸ ਕਮੇਟੀ ਨੇ ਵੀ 7 ਜੁਲਾਈ 1946 ਨੂੰ ਕੈਬਨਿਟ ਮਿਸ਼ਨ ਯੋਜਨਾ ਨੂੰ ਪ੍ਰਵਾਨ ਕਰ ਲਿਆ। ਪਰ ਅਬੁਲ ਕਲਾਮ ਆਜ਼ਾਦ ਦੀ ਥਾਂ ਨਵੇਂ ਬਣੇ ਪ੍ਰਧਾਨ ਜਵਾਹਰ ਲਾਲ ਨਹਿਰੂ ਨੇ 10 ਜੁਲਾਈ 1946 ਨੂੰ ਬੰਬਈ ਵਿਚ ਕੀਤੀ ਇਕ ਪਤਰਕਾਰ ਕਾਨਫਰੰਸ ਦੌਰਾਨ ਇਕ ਹੈਰਾਨੀਜਨਕ ਬਿਆਨ ਦੇ ਕੇ ਇਸ ਸਾਰੇ ਘਟਨਾਕ੍ਰਮ ਨੂੰ ਉਲਟ ਪੁਲਟ ਕਰ ਦਿਤਾ।
ਕੁਝ ਪਤਰਕਾਰਾਂ ਨੇ ਨਹਿਰੂ ਨੂੰ ਪੁਛਿਆ ਕਿ ਕੀ ਕਾਂਗਰਸ ਨੇ ਯੋਜਨਾ ਨੂੰ ਇੰਨ-ਬਿੰਨ ਮਨਜ਼ੂਰ ਕਰ ਲਿਆ ਹੈ, ਜਿਵੇਂ ਕਿ ਆਲ ਇੰਡੀਆ ਕਾਂਗਰਸ ਕਮੇਟੀ ਨੇ ਮਤਾ ਵੀ ਪਾਸ ਕੀਤਾ ਹੈ, ਤਾਂ ਨਹਿਰੂ ਦੇ ਜੁਆਬ ਨੇ ‘ਇਤਿਹਾਸ ਦਾ ਵਹਿਣ’ ਹੀ ਬਦਲ ਦਿਤਾ।
ਅਜ਼ਾਦ ਨੇ ਲਿਖਿਆ ਹੈ, ”ਆਪਣੇ ਜੁਆਬ ਵਿਚ ਜਵਾਹਰ ਲਾਲ ਨੇ ਕਿਹਾ ਕਿ ਕਾਂਗਰਸ ਵਿਧਾਨ ਘੜਣੀਂ ਸਭਾ ਵਿਚ ਇਨ੍ਹਾਂ ਸਮਝੌਤਿਆਂ ਤੋਂ ਬਿਲਕੁਲ ਮੁਕਤ ਦਾਖਲ ਹੋਵੇਗੀ ਅਤੇ ਸਾਰੀਆਂ ਹਾਲਤਾਂ ਨੂੰ ਨਜਿਠਣ ਲਈ ਅਜ਼ਾਦ ਹੋਵੇਗੀ।”
ਨਹਿਰੂ ਨੇ ਹੋਰ ਕਿਹਾ ਕਿ, ”ਕਾਂਗਰਸ ਸਿਰਫ ਵਿÎਧਾਨ ਘੜਣੀਂ ਸਭਾ ਵਿਚ ਸ਼ਾਮਿਲ ਹੋਣ ਲਈ ਸਹਿਮਤ ਹੋਈ ਹੈ ਅਤੇ ਕੈਬਨਿਟ ਮਿਸ਼ਨ ਯੋਜਨਾ ਨੂੰ, ਜਿਵੇਂ ਉਹ ਚੰਗੀ ਸਮਝੇਗੀ, ਬਦਲਣ ਅਤੇ ਸੋਧਣ ਲਈ ਅਜ਼ਾਦ ਹੈ।”
ਜਿਨਾਹ, ਜਿਸਨੂੰ ਏਨਾ ਰੌਲਾ ਪਾਉਣ ਤੋਂ ਬਾਅਦ ਇਕ ਵਖਰਾ ਦੇਸ ਬਨਾਉਣ ਦੇ ਹਕ ਨੂੰ ਛਡ ਦੇਣ ਲਈ ਮੁਸਲਮਾਨ ਪਹਿਲਾ ਹੀ ਦੋਸ਼ੀ ਦਸ ਰਹੇ ਸਨ, ਲਈ ਜਵਾਹਰ ਲਾਲ ਦਾ ਇਹ ਬਿਆਨ ਬੰਬ ਫਟਣ ਦੀ ਤਰ੍ਹਾਂ ਸੀ। ਜਿਨਾਹ ਨੇ ਬਿਆਨ ਜਾਰੀ ਕੀਤਾ ਕਿ ਕਾਂਗਰਸ ਪ੍ਰਧਾਨ ਦਾ ਇਹ ਐਲਾਨ ਹਾਲਤਾਂ ਦੀ ਮੁੜ ਪੜਚੋਲ ਦੀ ਮੰਗ ਕਰਦਾ ਹੈ। ਜਿਨਾਹ ਦੇ ਕਹਿਣ ਅਨੁਸਾਰ ਲਿਆਕਤ ਅਲੀ ਖਾਨ ਨੇ ਮੁਸਲਿਮ ਲੀਗ ਕੌਂਸਲ ਦੀ ਮੀਟਿੰਗ ਸੱਦੀ ਅਤੇ ਇਕ ਬਿਆਨ ਜਾਰੀ ਕੀਤਾ ਕਿ ਲੀਗ ਨੇ ਕੈਬਨਿਟ ਮਿਸ਼ਨ ਯੋਜਨਾ ਨੂੰ ਇਸ ਲਈ ਪ੍ਰਵਾਨ ਕੀਤਾ ਸੀ ਕਿਉਂਕਿ ਕਾਂਗਰਸ ਨੇ ਵੀ ਇਸ ਨੂੰ ਮੰਨ ਲਿਆ ਸੀ, ਕਿਉਂਕਿ ਕਾਂਗਰਸ ਨੇ ਇਸ ਯੋਜਨਾ ਨੂੰ ਰਦ ਕਰ ਦਿਤਾ ਹੈ, ਇਸ ਲਈ ‘ਮੁਸਲਿਮ ਲੀਗ ਕੋਲ ਇਕੋ ਇਕ ਹਲ ਪਾਕਿਸਤਾਨ ਹੀ ਰਹਿ ਗਿਆ ਹੈ।’ ਕੌਂਸਲ ਨੇ ਮਤਾ ਪਾਸ ਕਰਕੇ ਕੈਬਨਿਟ ਮਿਸ਼ਨ ਯੋਜਨਾ ਨੂੰ ਰਦ ਕਰ ਦਿਤਾ ਅਤੇ ‘ਸਿਧੀ ਕਾਰਵਾਈ’ ਕਰਨ ਦਾ ਫੈਸਲਾ ਲੈ ਲਿਆ।
ਕਾਂਗਰਸ ਦੀ ਵਰਕਿੰਗ ਕਮੇਟੀ ਨੇ ਹਾਲਤ ਦੀ ਗੰਭੀਰਤਾ ਨੂੰ ਸਮਝਿਆ ਅਤੇ ਇਕ ਮਤਾ ਤਿਆਰ ਕੀਤਾ, ਜਿਸ ਵਿਚ ਜਵਾਹਰ ਲਾਲ ਨਹਿਰੂ ਦੇ ਬਿਆਨ ਦਾ ਜ਼ਿਕਰ ਨਾ ਕੀਤਾ ਤੇ ਆਲ ਇੰਡੀਆ ਕਾਂਗਰਸ ਦੇ ਫੈਸਲੇ ਨੂੰ ਮੁੜ ਦੁਹਰਾਇਆ। ਪਰ ਜਿਨਾਹ ਅਤੇ ਮੁਸਲਮਾਨ ਕਾਂਗਰਸ ਉਤੇ ਯਕੀਨ ਕਰਨ ਨੂੰ ਤਿਆਰ ਨਾ ਹੋਏ। ਕਿਉਂਕਿ ਕਾਂਗਰਸ ਨੇ ਕੈਬਨਿਟ ਮਿਸ਼ਨ ਯੋਜਨਾ ਦੀ ਪ੍ਰੋੜਤਾ ਵਿਚ ਹੋਏ ਫੈਸਲੇ ਨੂੰ ਦੁਹਰਾਇਆ ਸੀ, ਇਸ ਲਈ ਵਾਇਸਰਾਏ ਨੇ ਉਸਨੂੰ ਅੰਤਰਿਮ ਸਰਕਾਰ ਬਨਾਉਣ ਦਾ ਸੱਦਾ ਦੇ ਦਿਤਾ। ਜਿਨਾਹ ਨੇ 16 ਅਗਸਤ ਨੂੰ ‘ਸਿਧੀ ਕਾਰਵਾਈ ਦਿਵਸ’ ਵਜੋਂ ਮਨਾਉਣ ਦਾ ਐਲਨ ਕਰ ਦਿਤਾ, ਜਿਸ ਵਿਚ ਕਲਕਤੇ ਬੜੀ ਭਾਰੀ ਭੀੜ ਹਿੰਸਾ ਹੋਈ। ਇਸ ਤੋਂ ਬਾਅਦ ਚਲਿਆਂ ਘਟਨਾਵਾਂ ਦਾ ਚਕਰ ਦੇਸ ਨੂੰ ਭਾਰਤ ਅਤੇ ਪਾਕਿਸਤਾਨ ਦੀ ਵੰਡ ਤਕ ਲੈ ਗਿਆ।
ਇਸ ਤਰ੍ਹਾਂ ਕਾਂਗਰਸ, ਖਾਸ ਕਰਕੇ ਉਸਦੇ ਪ੍ਰਧਾਨ ਜਵਾਹਰ ਲਾਲ ਨਹਿਰੂ ਨੇ ਮੁਸਲਿਮ ਲੀਗ ਦੇ ਹਿੰਦੂਆਂ ਨਾਲ ਇਕ ਧਾਰਾ ਵਿਚ ਆਉਣ ਦੀ ਸ਼ਾਂਤਮਈ ਕਿਰਿਆ ਨੂੰ ਤਾਰਪੀਡੋ ਕਰਕੇ ਦੇਸ ਦੀ ਵੰਡ ਵਿਚ ਵਡਾ ਹਿਸਾ ਪਾਇਆ।
ਧਰਮ ਨਿਰਪਖ ਹਕੂਮਤ ਕਾਇਮ ਕਰਨ ਦੀ ਕੋਸ਼ਿਸ਼
ਜਿਨਾਹ ਪਾਕਿਸਤਾਨ ਦੀ ਕਾਇਮੀ ਤੇ ਉਸਤੋਂ ਬਾਅਦ ਹੋਏ ਖੂਨ ਖਰਾਬੇ ਤੋਂ ਖੁਸ਼ ਨਹੀਂ ਸੀ। ਗੁਸੇ ਅਤੇ ਦੁਖ ਵਿਚ ਉਸਨੇ ਕਿਹਾ ਸੀ, ”ਦੇਖੋ, ਮੈਂ ਕਦੀ ਅਜਿਹਾ ਪਾਕਿਸਤਾਨ ਨਹੀਂ ਸੀ ਮੰਗਿਆ। ਇਹ ਸਰਦਾਰ ਪਟੇਲ ਨੇ ਮੇਰੇ ਉਤੇ ਠੋਸਿਆ ਹੈ।”
ਇਹ ਸਚ ਹੈ ਕਿ ਜਿਨਾਹ ਉਦੋਂ ਤਕ ਪਾਕਿਸਤਾਨ ਵਾਸਤੇ ਗੰਭੀਰ ਨਹੀਂ ਸੀ ਹੋਇਆ, ਜਦੋਂ ਤਕ ਉਸਨੂੰ ਇਹ ਪਤਾ ਨਾ ਲਗ ਗਿਆ ਕਿ ਕਾਂਗਰਸ ਉਸਨੂੰ ਮੂਰਖ ਬਣਾ ਰਹੀ ਸੀ। ਰਹਿਮਤ ਅਲੀ ਪਾਕਿਸਤਾਨ ਦੇ ਵਿਚਾਰ ਦੇ ਪਹਿਲੇ ਚੈਂਪੀਅਨ ਨੇ ਗੁਸੇ ਵਿਚ ਕਿਹਾ ਸੀ, ”ਸਾਡੀਆਂ ਸਾਰੀਆਂ ਇਛਾਵਾਂ ਇਕ ਇਕਲੇ ਆਦਮੀ ਦੀ ਮੂਰਖਤਾ ਅਤੇ ਗਲਤੀ ਕਾਰਨ ਮਿਟੀ ਵਿਚ ਮਿਲ ਗਈਆਂ ਹਨ ਅਤੇ ਇਹ ਇਕਲਾ ਆਦਮੀ ਮੂਰਖਾਂ ਦਾ ਸਰਦਾਰ ਜਿਨਾਹ ਹੈ।”
ਜਿਨਾਹ ਨੇ ਬਾਰ-ਬਾਰ ਧਰਮ ਨਿਰਪਖ ਪਾਕਿਸਤਾਨ ਕਾਇਮ ਕਰਨ ਦੀ ਆਪਣੀ ਇਛਾ ਪ੍ਰਗਟ ਕੀਤੀ। ਭਾਰਤ ਛਡਣ ਅਤੇ ਪਾਕਿਸਤਾਨ ਜਾਣ ਤੋਂ ਪਹਿਲਾ ਜਦੋਂ ਉਸਨੂੰ ਪੁਛਿਆ ਗਿਆ ਕਿ ਕੀ ਉਹ ਇਕ ਇਸਲਾਮੀ ਰਾਜ ਬਨਾਉਣ ਜਾ ਰਿਹਾ ਹੈ ਤਾਂ ਉਸਦਾ ਜੁਆਬ ਸੀ, ”ਬਕਵਾਸ, ਮੈਂ ਇਕ ਆਧੁਨਿਕ ਰਾਜ ਬਨਾਉਣ ਜਾ ਰਿਹਾ ਹਾਂ।”
ਉਹ ਆਪਣੇ ਆਪ ਨੂੰ ”ਪਾਕਿਸਤਾਨ ਵਿਚ ਹਿੰਦੂ ਘਟ ਗਿਣਤੀ ਦਾ ਵਡਾ ਰਾਖਾ ਸਮਝਦਾ ਸੀ।”
ਉਸਦਾ ਕਹਿਣਾ ਸੀ ਕਿ ”ਪਾਕਿਸਤਾਨ ਵਿਚ ਹਿੰਦੂ ਘਟ ਗਿਣਤੀਆਂ ਨੂੰ ਸਾਰੇ ਓਹੀ ਹਕ ਮਿਲਣੇ ਚਾਹੀਦੇ ਹਨ, ਜਿਹੜੇ ਉਹ ਭਾਰਤੀ ਮੁਸਲਮਾਨਾਂ ਲਈ ਮੰਗਦਾ ਸੀ।”
ਜਿਨਾਹ ਨੇ ਭਾਵੇਂ ਦੋ ਕੌਮੀ ਸਿਧਾਂਤ ਅਪਨਾ ਲਿਆ ਸੀ, ਪਰ ਉਹ ਇਸਨੂੰ ਨਹੀਂ ਸੀ ਸਮਝਦਾ। ਉਸਨੇ 11 ਅਗਸਤ 1947 ਨੂੰ ਵਿÎਧਾਨ ਘੜਣੇਂ ਸਭਾ ਵਿਚ ਐਲਾਨ ਕੀਤਾ, ”ਇਸ ਪਾਕਿਸਤਾਨ ਰਾਜ ਵਿਚ ਤੁਸੀਂ ਅਜ਼ਾਦ ਹੋ, ਤੁਸੀਂ ਆਪਣੀਆਂ ਮਸੀਤਾਂ ਜਾਂ ਕਿਸੇ ਵੀ ਹੋਰ ਧਾਰਮਿਕ ਅਸਥਾਨ ਉਤੇ ਜਾਣ ਲਈ ਅਜ਼ਾਦ ਹੋ। ਤੁਸੀਂ ਕਿਸੇ ਵੀ ਧਰਮ, ਫਿਰਕੇ ਨਸਲ ਜਾਂ ਜਾਤ ਨਾਲ ਸੰਬੰਧਤ ਹੋਵੋ, ਇਸ ਨਾਲ ਕਿਸੇ ਵੀ ਬੁਨਿਆਦੀ ਅਸੂਲ ਉਤੇ ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਸਾਰੇ ਇਕ ਰਾਜ ਦੇ ਸ਼ਹਿਰੀ ਹਾਂ ਕਿ ਸਾਨੂੰ ਇਹ ਇਕ ਆਦਰਸ਼ ਦੇ ਤੌਰ ਉਤੇ ਆਪਣੇ ਸਾਹਮਣੇ ਰਖਣਾ ਚਾਹੀਦਾ ਹੈ ਅਤੇ ਸਮਾਂ ਪਾ ਕੇ ਤੁਹਾਨੂੰ ਲਗੇਗਾ ਕਿ ਧਾਰਮਿਕ ਤੌਰ ਉਤੇ ਹਿੰਦੂ ਹਿੰਦੂ ਨਹੀਂ ਰਹਿਣਗੇ ਤੇ ਮੁਸਮਲਾਨ ਮੁਸਲਮਾਨ ਨਹੀਂ ਰਹਿਣਗੇ। ਕਿਉਂਕਿ ਰਾਜ ਦੇ ਹਰ ਸ਼ਹਿਰੀ ਦੇ ਇਹ ਨਿਜੀ ਵਿਸ਼ਵਾਸ ਦਾ ਮਾਮਲਾ ਹੈ।”
ਜਿਨਾਹ ਨੇ ਇਕ ਨੀਵੀਂ  ਜਾਤੀ ਦੇ ਆਗੂ ਜੋਗਿੰਦਰ ਨਾਥ ਮੰਡਲ ਨੂੰ ਵਿਧਾਨ ਘੜਣੀਂ ਸਭਾ ਦਾ ਪ੍ਰਧਾਨ ਚੁਣਿਆ ਅਤੇ ਉਸਨੂੰ ਪਹਿਲਾ ਕਾਨੂੰਨ ਮੰਤਰੀ ਬਣਾਇਆ। ਉਸ ਨੇ ਇਕ ਹਿੰਦੂ ਕਵੀ ਨੂੰ ਬੁਲਾਇਆ ਅਤੇ ਉਸ ਕੋਲੋਂ ਪਾਕਿਸਤਾਨ ਦਾ ਕੌਮੀ ਗੀਤ ਲਿਖਵਾਇਆ। ਇਹ ਗੀਤ ਪਾਕਿਸਤਾਨ ਵਿਚ ਡੇਢ ਸਾਲ ਗਾਇਆ ਜਾਂਦਾ ਰਿਹਾ। ਜਿਨਾਹ ਇਕ ਧਰਮ ਨਿਰਪਖ ਰਾਜ ਕਾਇਮ ਕਰਨ ਵਿਚ ਸਫਲ ਰਿਹਾ। 1981 ਤਕ ਇਵੇਂ ਹੀ ਰਿਹਾ, ਜਦੋਂ ਕਿ ਜਨਰਲ ਜੀਅ-ਉਲ-ਹਕ ਨੇ ਇਕ ਹੁਕਮ ਜਾਰੀ ਕਰਕੇ ਪਾਕਿਸਤਾਨ ਦੇ ਇਕ ਇਸਲਾਮੀ ਰਾਜ ਬਣਨ ਦਾ ਨਿਸ਼ਾਨਾ ਮਿਥਿਆ।
ਜਿਨਾਹ ਮੁਸਲਿਮ ਲੀਗ ਨੂੰ ਪਾਕਿਸਤਾਨ ਦੇ ਹਰ ਸ਼ਹਿਰੀ ਲਈ ਖੁਲ੍ਹੀ ਕੌਮੀ ਲੀਗ ਵਿਚ ਬਦਲਣ ਲਈ ਉਤਾਵਲਾ ਸੀ। ਉਹ ਵਿਹਾਰ ਅਤੇ ਸੋਚ ਪਖੋਂ ਧਰਮ ਨਿਰਪਖ ਸੀ। ਉਹ ਪਾਕਿਸਤਾਨ ਵਿਚ ਰਹਿਣਾ ਮੁਸ਼ਕਿਲ ਭਰਿਆ ਅਤੇ ਅਹਿਮ ਸਮਝਦਾ ਸੀ। ਉਹ ਆਪਣੀ ਜਨਮ ਭੌਂਇ ਨੂੰ ਭੁਲ ਨਾ ਸਕਿਆ। ਉਹ ਬੰਬਈ ਪਰਤਣਾ ਪਸੰਦ ਕਰਦਾ ਸੀ। ਉਸਨੇ ਭਾਰਤ ਦੀ ਵੰਡ ਲਈ ਪਹਿਲਕਦਮੀ ਨਹੀਂ ਸੀ ਕੀਤੀ ਅਤੇ ਉਹ ਗੰਭੀਰਤਾ ਨਾਲ ਮਹਿਸੂਸ ਕਰਦਾ ਸੀ ਕਿ ਉਸਨੇ ਪਾਕਿਸਤਾਨ ਕਾਇਮ ਕਰਕੇ ਵਡੀ ਮੂਰਖਤਾ ਕੀਤੀ ਹੈ।
ਜਿਨਾਹ 11 ਸਤੰਬਰ 1948 ਨੂੰ ਚਲ ਵਸਿਆ। ਉਹ ਆਪਣੀ ਮੌਤ ਤਕ ਧਾਰਮਿਕ ਨਹੀਂ ਸੀ। ਜਮਾਇਤੇ ਇਸਲਾਮੀ ਦੇ ਆਗੂ ਮੌਲਾਨਾ ਮੌਦੂਦੀ ਨੇ ਜਿਨਾਹ ਦੀਆਂ ਅੰਿਤਮ ਰਸਮਾਂ ਕਰਨ ਤੋਂ ਇਨਕਾਰ ਕਰ ਦਿਤਾ। ਅਸਲ ਵਿਚ ਜਿਨਾਹ ਦੀ ਮੌਤ ਦਾ ਦਿਨ ਖੁਸ਼ੀਆਂ ਦੇ ਦਿਨ ਵਜੋਂ ਮਨਾਇਆ ਗਿਆ।
ਜਿਨਾਹ ਦੀ ਧਰਮ ਨਿਰਪਖਤਾ ਦਾ ਪ੍ਰਗਟਾਵਾ ਉਸਦੇ ਧਾਰਮਿਕ ਮੁਖੀਆਂ ਪ੍ਰਤੀ ਗੁਸੇ ਤੋਂ ਹੁੰਦਾ ਸੀ। ਉਸਨੇ ਸਰ ਤੇਜ ਬਹਾਦਰ ਸਪਰੂ ਨੂੰ ਕਿਹਾ ਸੀ, ”ਮੈਂ ਸੋਚਦਾ ਹਾਂ ਕਿ ਮੇਰੇ ਕੋਲ ਹਿੰਦੂ-ਮੁਸਲਿਮ ਏਕਤਾ ਦਾ ਹਲ ਹੈ। ਤੁਸੀਂ ਆਪਣੀ ਕਟੜ ਪੁਜਾਰੀ ਜਮਾਤ ਖਤਮ ਕਰ ਦਿਉ ਤੇ ਅਸੀਂ ਆਪਣੇ ਮੁਲਾ ਖਤਮ ਕਰ ਦਿਆਂਗੇ ਅਤੇ ਫਿਰਕੂ ਸ਼ਾਂਤੀ ਹੋ ਜਾਏਗੀ।”
ਆਪਣੇ ਧਰਮ ਨਿਰਪਖ ਦ੍ਰਿਸ਼ਟੀਕੋਣ ਕਾਰਨ ਹੀ ਜਿਨਾਹ 1906 ਵਿਚ ਆਲ ਇੰਡੀਆ ਮੁਸਲਿਮ ਲੀਗ ਦੀ ਥਾਂ ਕਾਂਗਰਸ ਵਿਚ ਸ਼ਾਮਿਲ ਹੋਇਆ। ਪਰ ਜਦੋਂ ਉਸਨੇ ਵੇਖਿਆ ਕਿ ਗਾਂਧੀ ਦੀ ਅਗਵਾਈ ਹੇਠ ਇੰਡੀਅਨ ਨੈਸ਼ਨਲ ਕਾਂਗਰਸ ਹਿੰਦੂਵਾਦੀ ਹੈ ਤਾਂ ਉਸਨੇ 1920 ਵਿਚ ਇਸਨੂੰ ਛਡ ਦਿਤਾ। ਉਹ ਆਪਣੀ ਮੌਤ ਤਕ ਹਿੰਦੂ-ਮੁਸਲਿਮ ਏਕਤਾ ਦਾ ਪੈਰੋਕਾਰ ਰਿਹਾ। ਜਦੋਂ ਉਸਨੇ ਵੇਖਿਆ ਕਿ ਇੰਡੀਅਨ ਨੈਸ਼ਨਲ ਕਾਂਗਰਸ ਭਾਰਤੀ ਕੌਮਵਾਦ ਦੇ ਨਕਾਬ ਥਲੇ ਹਿੰਦੂ ਕਾਰਜਾਂ ਨੂੰ ਅਗੇ ਵਧ ਰਹੀ ਹੈ ਤਾਂ ਉਸਨੇ ਮੁਸਲਮਾਨਾਂ ਅਤੇ ਪਾਕਿਸਤਾਨ ਦੀ ਹਮਾਇਤ ਕੀਤੀ।
ਉਸਨੇ ਫਿਰਕੂ ਸਮਸਿਆ ਦਾ ਸਿਆਸੀ ਹੱਲ ਵੀ ਸੁਝਾਇਆ। ਉਸਦਾ ਸਿਆਸੀ ਪ੍ਰੋਗਰਾਮ ਧਰਮ-ਨਿਰਪਖ ਆਦਰਸ਼ ਉਤੇ ਆਧਾਰਿਤ ਸੀ। ਭਾਵੇਂ ਇਹ ਮੁਸਲਿਮ ਲੀਗ ਦੇ ਫਿਰਕੂ ਏਜੰਡੇ ਦਾ ਹਿਸਾ ਬਣ ਗਿਆ। ਇਸ ਤਰ੍ਹਾਂ ਅਡਵਾਨੀ ਦੇ ਜਿਨਾਹ ਬਾਰੇ ਬਿਆਨ ਨੇ ਭਾਵੇਂ ਸਿਆਸੀ ਮਾਹੌਲ ਭਖਾ ਦਿਤਾ ਹੈ ਪਰ ਇਹ ਚੰਗਾ ਹੀ ਹੋਇਆ ਹੈ। ਕਟੜ ਹਿੰਦੂਤਵੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਲਈ ਇਹ ਬਿਆਨ ਪਚਾਉਣਾ ਸੌਖਾ ਨਹੀਂ, ਜਿਹੜਾ ਕਿ ਉਸ ਵਾਸਤੇ ਰੂਹਾਨੀ ਇਕਬਾਲੀਆ ਬਿਆਨ ਹੈ। ਰਾਤੋ ਰਾਤ ਭਾਰਤੀ ਜਨਤਾ ਪਾਟੀ ਦਾ ਪ੍ਰਧਾਨ ਹਿੰਦੂਤਵੀਆਂ ਲਈ ਗਦਾਰ ਬਣ ਗਿਆ ਹੈ। ਪਰ ਬਹੁਗਿਣਤੀ ਲੋਕਾਂ ਲਈ ਇਹ ਧਿਆਨ ਨਾਲ ਸੋਚਿਆ ਸਮਝਿਆ ਡਰਾਮਾ ਹੈ ਤਾਂ ਕਿ ਕਟੜ ਹਿੰਦੂਤਵੀ ਅਡਵਾਨੀ ਭਵਿਖ ਵਿਚ ਆਪਣੇ ਨਰਮਦਲੀ ਅਕਸ ਦਾ ਸਿਆਸੀ ਲਾਹਾ ਲੈ ਸਕੇ। ਅਡਵਾਨੀ ਨੇ ਇਸ ਬਿਆਨ ਨੇ ਭਾਵੇਂ ਜਾਦੂ ਦੀ ਪਟਾਰੀ ਖੋਲ੍ਹ ਦਿਤੀ ਹੈ। ਪਰ ਇਸ ਵਾਰ ਇਸ ਪਟਾਰੀ ਵਿਚੋਂ ਕਈ ਗੁਝੇ ਇਤਿਹਾਸਕ ਤਥ ਪ੍ਰਗਟ ਹੋਏ ਹਨ।

ਡਾ. ਟੀ. ਜੈ ਰਮਨ

Leave a Reply

Your email address will not be published. Required fields are marked *