ਭਾਰਤ ਅੰਦਰ ਦਲਿਤ ਸ਼ਬਦ ਦਾ ਹੋਂਦ ਵਿਚ ਆਉਣਾ ਜਾਂ ਵਰਤਿਆ ਜਾਣਾ ਇਕ ਵਖਰੀ ਕਿਸਮ ਦੀ ਮਾਨਸਿਕ ਪਛਾਣ ਦਾ ਅਕਸ ਹੈ, ਪ੍ਰਗਟਾਅ ਹੈ, ਇਕ ਖਾਸ ਮਾਨਸਿਕ ਪ੍ਰਤੀਕਰਮ ਹੈ। ਦਲਿਤ ਸ਼ਬਦ ਅੰਗਰੇਜ਼ੀ ਦੇ oppressed, depressed and exploited ਸ਼ਬਦਾਂ ਦਾ ਸਾਮੂਹਿਕ ਅਰਥ ਹੈ, ਯਾਨੀਕਿ ਕਿ ਤਿੰਨਾਂ ਦਾ ਇਕੋ ਸਾਂਝਾ ਅਰਥ। ਹਾਲਾਂਕਿ ਤਿੰਨਾਂ ਦੇ ਅਲਗ ਅਲਗ ਅਰਥ ਹਨ, ਕੁਚਲਿਆ ਹੋਇਆ, ਦਬਾਇਆ ਹੋਇਆ ਅਤੇ ਲੁਟਿਆ ਹੋਇਆ। ਪਰੰਤੂ ਤਿੰਨਾਂ ਸ਼ਬਦਾਂ ਨੂੰ ਮਿਲਾ ਕੇ ਅਸੀਂ ਦਲਿਤ ਸ਼ਬਦ ਵਿਚ ਸਮੋਅ ਦਿੰਦੇ ਹਾਂ। ਭਾਵੇਂ ਦਲਿਤ ਸ਼ਬਦ ਦਾ ਅਜੋਕਾ ਅਰਥ ਸਿਰਫ ਏਨਾ ਹੀ ਨਹੀਂ। ਇਸ ਸ਼ਬਦ ਵਿਚ ਉਹ ਸਭ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਦਾ ਬਹੁਤ ਜ਼ਿਆਦਾ ਤੇ ਅਤਿ ਘਟੀਆ ਪਧਰ ਦਾ ਅਪਮਾਨ ਕੀਤਾ ਗਿਆ ਹੋਵੇ ਤੇ ਜਨਮ ਤੋਂ ਮਰਨ ਤਕ ਇਹ ਅਪਮਾਨ ਹੁੰਦਾ ਰਹੇ। ਇਸ ਵਿਚ ਉਹ ਵਰਤਾਰਾ ਵੀ ਸ਼ਾਮਿਲ ਹੈ, ਜਿਸ ਰਾਹੀਂ ਬੰਦੇ ਤੇ ਔਰਤ ਨੂੰ ਜਿਸਮਾਨੀ ਅਤੇ ਬੌਧਿਕ ਤੌਰ ਉਤੇ ਜਲੀਲ ਕੀਤਾ ਗਿਆ ਹੋਵੇ। ਸਰੀਰਕ ਤੌਰ ਉਤੇ ਭੂਤਰੇ ਕਾਮੁਕ ਜਬਰ ਦਾ ਸ਼ਿਕਾਰ ਬਣਾਇਆ ਗਿਆ ਹੋਵੇ।
ਭਾਰਤ ਅੰਦਰ ਉਤਲੀਆਂ ਜਾਤੀਆਂ ਦੀ ਇਹ ਬਿਰਤੀ ਰਹੀ ਹੈ ਕਿ ਨੀਵੀਆਂ ਜਾਤੀਆਂ ਦੀਆਂ ਔਰਤਾਂ, ਕੁੜੀਆਂ, ਮੁੰਡੇ ਤੇ ਜੁਆਕ ਉਨ੍ਹਾਂ ਦੀ ਕਾਮੁਕ ਭੁਖ ਦੀ ਪੂਰਤੀ ਲਈ ਵੀ ਹਨ ਤੇ ਇਸ ਬਿਰਤੀ ਨੂੰ ਪ੍ਰਤਖ ਰੂਪ ਵਿਚ ਅਤੇ ਅਣਦੇਖੇ ਰੂਪ ਵਿਚ ਰਜ ਕੇ ਵਰਤਿਆ ਗਿਆ ਹੈ। ਇਸ ਨੂੰ ਜਾਤੀ ਅਧਿਕਾਰਾਂ ਵਿਚ ਸ਼ਾਮਿਲ ਰਖਿਆ ਗਿਆ ਹੈ ਤੇ ਨੀਵੀਆਂ ਜਾਤਾਂ ਦੇ ਬੰਦੇ ਨੂੰ, ਮੁੰਡੇ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਉਤਲੀ ਜਾਤੀ ਦੀ ਔਰਤ ਵਲ ਅੱਖ ਚੁਕ ਕੇ ਵੀ ਵੇਖ ਸਕੇ। ਪਰ ਨਿਮਨ ਜਾਤੀਆਂ ਦੀਆਂ ਔਰਤਾਂ ਨੂੰ ਨਜਾਇਜ਼ ਬਚੇ ਪੈਦਾ ਕਰਨ ਤੇ ਅਣ-ਵਿਆਹੀਆਂ ਕੁੜੀਆਂ ਦਾ ਸਤਭੰਗ ਕਰਨਾ ਉਤਲੀਆਂ ਜਾਤੀਆਂ ਦੇ ਬਕਾਇਦਾ ਅਧਿਕਾਰ ਖੇਤਰ ਵਿਚ ਗਿਣਿਆ ਤੇ ਮੰਨਿਆ ਗਿਆ ਹੈ। ਦਲਿਤ ਸ਼ਬਦ ਇਸ ਲੁਟ ਦਾ ਭਰਪੂਰ ਪ੍ਰਗਟਾਵਾ ਕਰਨ ਵਾਲਾ ਹੈ। ਬੰਦੇ ਨੂੰ ਧਾਰਮਿਕ, ਸਮਾਜੀ, ਆਰਥਿਕ, ਸਭਾਚਾਰਕ, ਜਾਤੀ, ਜਿਸਮਾਨੀ, ਬੌਧਿਕ, ਰਾਜਨੀਤਕ ਅਤੇ ਵਿਦਿਅਕ ਤੌਰ ਉਤੇ ਜਲੀਲ ਕਰਨਾ, ਅਪਮਾਨਤ ਕਰਨਾ, ਸਭ ਕੁਝ ਦਲਿਤ ਸ਼ਬਦ ਵਿਚ ਸਮਾਇਆ ਹੋਇਆ ਹੈ। ਗਲ ਏਥੇ ਬਸ ਨਹੀਂ ਹੋ ਜਾਂਦੀ। ਭਾਰਤ ਦਾ ਦਲਿਤ ਸੰਸਾਰ ਦੇ ਦਲਿਤ ਨਾਲੋਂ ਬਹੁਤ ਵਖਰਾ ਹੈ। ਇਸ ਦੇ ਦਬੇ ਕੁਚਲੇ ਤੇ ਜਲੀਲ ਕੀਤੇ ਜਾਣ ਦੀਆਂ ਸੀਮਾਵਾਂ ਦੀ ਕੋਈ ਹਦ ਨਹੀਂ। ਇਸ ਨੂੰ ਅੰਤ ਮਾਰ ਦੇਣ ਉਤੇ ਵੀ ਕੋਈ ਪਾਪ ਨਹੀਂ ਲਗਦਾ। ਇਸ ਦੇ ਮਰਨ ਉਪਰੰਤ ਵੀ ਇਸਦਾ ਸਮਾਜੀ ਵਖਰੇਵਾਂ ਖੜ੍ਹਾ ਰਹਿੰਦਾ ਹੈ। ਦੂਰੀ ਨਹੀਂ ਮਿਟਦੀ। ਮੌਤ ਲਈ ਵੀ ਧਰਤੀ ਵੰਡੀ ਹੋਈ ਹੈ।
ਦਲਿਤ ਸ਼ਬਦ ਅਜ਼ਾਦੀ ਤੋਂ ਬਾਅਦ ਹੋਂਦ ਵਿਚ ਆਇਆ, ਜਦੋਂ ਖਾਸ ਕਰਕੇ ਨਿਮਨ ਜਾਤੀਆਂ ਦੇ ਪੜ੍ਹੇ ਲਿਖੇ ਵਰਗ ਨੇ ਆਪਣੀਆਂ ਹਡਬੀਤੀਆਂ ਅਤੇ ਵਰਤਮਾਨ ਨਸਲਾਂ ਦੀ ਦਾਸਤਾਂ ਨੂੰ ਸਮਝਿਆ, ਜਾਣਿਆ ਤੇ ਇਸਦੀਆਂ ਸਾਰੀਆਂ ਤਹਿਆਂ ਫਰੋਲ ਕੇ ਵੇਖਿਆ ਕਿ ਇਹ ਕੀ ਹੈ, ਇਹ ਕਿਉਂ ਹੈ, ਇਹ ਕਦੋਂ ਤੋਂ ਹੈ, ਇਹ ਕਿਸ ਤੋਂ ਹੈ? ਇਨ੍ਹਾਂ ਸਾਰੇ ਪ੍ਰਸ਼ਨਾਂ ਦੇ ਉਤਰ ਨੇ ਜਦੋਂ ਚੇਤਨ ਮਨੁਖਾਂ ਅੰਦਰ ਉਬਾਲ ਪੈਦਾ ਕੀਤਾ, ਰੋਹ ਪ੍ਰਗਟ ਕੀਤਾ, ਗੁਸਾ ਉਭਾਰਿਆ, ਉਨ੍ਹਾਂ ਦੇ ਸ਼ਬਦਾਂ ਤੇ ਝਾਕਣੀ ਵਿਚ ਤੀਰ ਭਰਨ ਲਗੇ ਤਾਂ ਦਬਿਆਂ ਕੁਚਲਿਆਂ ਤੇ ਅਪਮਾਨਤ ਕੀਤਾ ਗਿਆ ਇਨਸਾਨ ਇਕ ਦਲਿਤ ਦੇ ਰੂਪ ਵਿਚ ਪ੍ਰਗਟ ਹੋਇਆ। ਦੁਨੀਆਂ ਵਿਚ ਵੀ ਦਲਿਤ ਹਨ। ਬੇਸ਼ੁਮਾਰ ਹੋਣਗੇ। ਪ੍ਰੰਤੂ ਭਾਰਤ ਦੇ ਦਲਿਤ ਦਾ ਅਲਜਬਰਾ ਸਭ ਤੋਂ ਵਖਰਾ ਹੈ। ਬਹੁਤ ਤੀਖਣ ਤੇ ਕੌੜੇ ਅਨੁਭਵ ਨਾਲ ਭਰਿਆ ਹੋਇਆ ਹੈ। ਦਲਿਤ ਸ਼ਬਦ ਕੇਵਲ ਦਲਿਤ ਹੋਣ ਦਾ ਪ੍ਰਗਟਾਵਾ ਨਹੀਂ, ਇਹ ਸਿਰਫ ਏਨਾ ਅਰਥ ਹੀ ਨਹੀਂ ਕਰਦਾ ਕਿ ਇਹ ਦਲਿਤ ਹਨ ਤੇ ਦਲਿਤ ਹੋਣ ਦੇ ਕਾਰਨ ਇਹ ਹਨ।
ਅਸਲ ਵਿਚ ਦਲਿਤ ਸ਼ਬਦ ਅੰਦਰ ਜੇ ਰੋਹ ਜਾਂ ਗੁਸਾ ਨਹੀਂ ਤਾਂ ਭਾਰਤੀ ਦਲਿਤ ਸ਼ਬਦ ਪੂਰਨ ਨਹੀਂ ਹੁੰਦਾ। ਅਸਲ ਵਿਚ ਦਬੇ ਗਏ, ਜਲੀਲ ਕੀਤੇ ਗਏ, ਅਪਮਾਨਤ ਕੀਤੇ ਗਏ, ਹਰ ਪਖੋਂ ਕੋਹੇ ਗਏ, ਮਰਜੀ ਦਾ ਮਾਲ ਬਣਾ ਕੇ ਰਖੇ ਗਏ ਭਾਰਤੀ ਮਰਦ ਅਤੇ ਔਰਤ ਅੰਦਰ ਜਦੋਂ ਏਸ ਅਣਹੋਣੀ ਪ੍ਰਤੀ ਗੁਸਾ ਭਰਦਾ ਹੈ, ਉਦੋਂ ਉਹ ਦਲਿਤ ਹੋ ਜਾਂਦਾ ਹੈ। ਉਹ ਹੋਰ ਸ਼ਬਦਾਂ ਨੂੰ ਛਡ ਕੇ ਆਪਣੇ ਆਪ ਨੂੰ ਦਲਿਤ ਕਹਾਉਣਾ ਠੀਕ ਮੰਨਦਾ ਹੈ। ਬੇਸ਼ਕ ਅਸੀਂ ਅਜ ਅਛੂਤ ਜਾਤੀਆਂ ਨੂੰ ਦਲਿਤ ਕਹਿੰਦੇ ਹਾਂ, ਪਰ ਅਛੂਤ ਜਾਤੀਆਂ ਨੇ ਆਪਣੇ ਆਪ ਨੂੰ ਰਵਾਇਤੀ ਸ਼ਬਦਾਂ ਜਿਵੇਂ ਅਛੂਤ, ਹਰੀਜਨ, ਗਿਰੀਜਨ, ਪਛੜੇ, ਕੰਮੀ-ਕਮੀਣ, ਲਾਗੀ-ਵਗਾਰੀ ਆਦਿ ਨਾਲੋਂ ਤੋੜਿਆ ਹੈ ਤੇ ਆਪਣੇ ਆਪ ਨੂੰ ਦਲਿਤ ਸ਼ਬਦ ਨਾਲ ਜੋੜਿਆ ਹੈ। ਦਲਿਤ ਸ਼ਬਦ, ਜਿਥੇ ਰਵਾਤੀ ਸ਼ਬਦਾਂ ਦਾ ਅਰਥ ਕਰਦਾ ਹੈ, ਉਥੇ ਇਹ ਉਨ੍ਹਾਂ ਸ਼ਬਦਾਂ ਅਤੇ ਅਨਰਥਾਂ ਦੇ ਉਲਟ ਰੋਹ ਵਿਚ ਆਉਂਦਾ ਹੈ। ਆਪਣੇ ਅੰਦਰ ਜਾਤਪਾਤੀ ਸਮਾਜ ਨੂੰ ਮਿਟਾ ਦੇਣ ਦੀ ਭਾਵਨਾ ਪੈਦਾ ਕਰਦਾ ਹੈ। ਜੇ ਬਾਹਰੋਂ ਨਹੀਂ ਤਾਂ ਅੰਦਰੋਂ ਪੂਰਾ ਖਿਝਦਾ ਹੈ, ਰਿਝਦਾ ਹੈ ਅਤੇ ਮੌਕੇ ਦੀ ਤਲਾਸ਼ ਵਿਚ ਰਹਿੰਦਾ ਹੈ। ਜੇ ਅਸੀਂ ਇਸ  ਗੁਸੇ ਨੂੰ ਦਲਿਤ ਸ਼ਬਦ ਤੋਂ ਬਾਹਰ ਦੀ ਗਲ ਕਹਿ ਕੇ ਕਢ ਦੇਈਏ ਤਾਂ ਦਲਿਤ ਸ਼ਬਦ ਅਰਥਹੀਣ ਹੋ ਜਾਂਦਾ ਹੈ। ਕਿਉਂਕਿ ਇਹ ਸ਼ਬਦ ਸਿਰਫ ਅਰਥ ਦਸਣ ਤੇ ਪਛਾਣ ਕਰਵਾਉਣ ਲਈ ਹੀ ਹੋਂਦ ਵਿਚ ਨਹੀਂ ਆਇਆ। ਇਹ ਆਪਣੀ ਔਕਾਤ ਬਦਲ ਕੇ, ਸਾਹਮਣੇ ਖੜ੍ਹੇ ਜਾਬਰ ਵਿਰੁਧ ਜੰਗਜੂ ਹੋਣ ਦੀ ਭਾਵਨਾ ਨਾਲ ਭਰਿਆ ਹੋਇਆ ਹੈ। ਇਸ ਨੂੰ ਗੈਰਮਨੁਖੀ ਵਤੀਰੇ ਤੋਂ ਚਿੜ੍ਹ ਹੈ।
ਜਿਵੇਂ ਇਕ ਸਿਖ ਵਿਚ ਖਾਲਸਾ ਤਾਂ ਸਮਾਇਆ ਹੋਇਆ ਹੈ, ਕੋਈ ਵੀ ਸਿਖ ਖਾਲਸਾ ਹੋ ਸਕਦਾ ਹੈ ਭਾਵ ਸੰਤਾਂ ਅਤੇ ਗੁਰੂਆਂ ਦੇ ਸਿਧਾਂਤਾਂ ਦੀ ਸਮਝ ਸੂਝ ਰਖਣ ਵਾਲਾ ਸਿਖ ਭਾਵ ਇਕ ਸਿਖਿਆ ਹੋਇਆ ਮਨੁਖ, ਊਚ-ਨੀਚ, ਮਨੂਵਾਦ, ਜਾਤੀਵਾਦ ਅਤੇ ਮੋਹ ਮਾਇਆ ਦੇ ਮਨੁਖ ਮਾਰੂ ਜਾਲ ਤੋਂ ਮੁਕਤ ਮਨੁਖ ਭਾਵ ਆਪਸੀ ਪ੍ਰੇਮ ਅਤੇ ਭਾਈਚਾਰੇ ਨਾਲ ਭਰਿਆ ਮਨੁਖ ਖਾਲਸਾ ਹੋ ਸਕਦਾ ਹੈ। ਪ੍ਰੰਤੂ ਇਨ੍ਹਾਂ ਬੁਰਾਈਆਂ ਵਿਰੁਧ ਜੰਗਜੂ ਹੋਣ ਵਾਲਾ ਖਾਲਸਾ ‘ਸਿੰਘ’ ਨਹੀਂ ਹੋ ਸਕਦਾ। ਸਿੰਘ ਸ਼ਬਦ ਵਿਚ ਸਿਖਿਆ ਹੋਇਆ ਖਾਲਸਾ ਮਨੁਖ ਸ਼ਾਮਲ ਹੈ ਪ੍ਰੰਤੂ ਉਹ ਜਦੋਂ ਆਪਣੇ ਅਤੇ ਦਬੀ ਕੁਚਲੀ ਲੁਕਾਈ ਦੇ ਮਾਨ-ਸਨਮਾਨ, ਸਵੈਮਾਣ ਤੇ ਸੁਰਖਿਆ ਲਈ ਹਥਿਆਰਬੰਦ ਹੁੰਦਾ ਹੈ ਤਾਂ ਉਹ ‘ਖਾਲਸਾ’, ‘ਸਿੰਘ’ ਸ਼ਬਦ ਦਾ ਪ੍ਰਤੀਕ ਬਣ ਕੇ ਉਭਰਦਾ ਹੈ। ਇਉਂ ਸਿੰਘ ਹੋ ਜਾਣ ਦੇ ਵਖਰੇ ਗੁਣ ਵਖਰੀ ਜੰਗਜੂ ਸੋਚ ਅਤੇ ਵਖਰੀ ਪਛਾਣ ਬਣ ਜਾਂਦੀ ਹੈ।
ਸਿਖ ਸ਼ਬਦ ਸਿੰਘ ਦਾ ਪ੍ਰਤੀਕ ਨਹੀਂ ਬਣਦਾ ਪ੍ਰੰਤੂ ‘ਸਿੰਘ’ (ਸਿਰਫ ਸਿਖ ਸਮੂਹ ਦੇ ਪ੍ਰਸੰਗ ਵਿਚ ਕਿਉਂਕਿ ਸਿੰਘ ਸ਼ਬਦ ਹੋਰ ਜਾਤੀਆਂ ਵੀ ਵਰਤਦੀਆਂ ਹਨ, ਉਹ ਇਸ ਪ੍ਰਸੰਗ ਵਿਚ ਸ਼ਾਮਿਲ ਨਹੀਂ ਹਨ) ਸ਼ਬਦ ਸਿਖ ਅਤੇ ਖਾਲਸੇ ਦੇ ਅਰਥ ਵੀ ਬਰਾਬਰ ਕਰਦਾ ਹੈ ਅਤੇ ਜੰਗਜੂ ਹੋਣ ਦਾ ਵੀ ਪੂਰਨ ਪ੍ਰਗਟਾਵਾ ਕਰਦਾ ਹੈ। ਉਸੇ ਤਰ੍ਹਾਂ, ਜਿਵੇਂ ਕਸ਼ਤਰੀ ਹਿੰਦੂ ਹੋਣ ਦਾ ਪ੍ਰਤੀਕ ਹੈ। ਪ੍ਰੰਤੂ ਉਸਦਾ ਬ੍ਰਾਹਮਣੀ ਵਿਚਾਰਧਾਰਾ ਦੀ ਸੁਰਖਿਆ ਅਤੇ ਬ੍ਰਾਹਮਣ ਦੀ ਰਖਿਆ ਲਈ ਹਥਿਆਰਬੰਦ ਹੋਣਾ ਹੀ ਕਸ਼ਤਰੀਪਣ ਹੈ। ਕਸ਼ਤਰੀ ਵਿਚ ਹਿੰਦੂ ਸਿਧਾਂਤ, ਜਾਤੀਵਾਦ, ਮਨੂਵਾਦ, ਛੂਆਛਾਤ, ਊਚ ਨੀਚ, ਭਿੰਨ ਭੇਦ ਸਭ ਕੁਝ ਹੈ, ਪ੍ਰੰਤੂ ਇਸ ਸਮਾਜਕ ਵਰਤਾਰੇ ਦੀ ਅਤੇ ਇਸ ਵਰਤਾਰੇ ਨੂੰ ਬਣਾਉਣ ਵਾਲੇ ਬ੍ਰਾਹਮਣ ਦੇ ਬਣਾਏ ਧਾਰਮਿਕ ਗ੍ਰੰਥਾਂ, ਸਮਾਜਕ ਸਿਧਾਂਤਾਂ ਦੀ ਰਖਿਆ ਕਰਨਾ, ਉਸ ਖਾਤਰ ਮਰ ਮਿਟਣਾ ਤੇ ਇਸੇ ਕਾਰਜ ਨੂੰ ਪਰਮੋ ਧਰਮ ਮੰਨਣਾ ਤੇ ਨਿਭਾਉਣਾ। ਬਿਲਕੁਲ ਉਸੇ ਤਰ੍ਹਾਂ ਸਿੰਘ, ਖਾਲਸਾ ਦਾ ਧਰਮ ਹੈ, ਦਲਿਤ ਸੰਤਾਂ ਅਤੇ ਗੁਰੂਆਂ ਦੇ ਸਿਰਜੇ ਸਿਧਾਂਤ ਗੁਰੂ ਗ੍ਰੰਥ ਸਾਹਿਬ ਦੀ, ਹਥਿਆਰਬੰਦ ਹੋ ਕੇ ਰਖਿਆ ਕਰਨਾ, ਊਚ ਨੀਚ, ਜਾਤ ਪਾਤ, ਨਾਬਰਾਬਰੀ, ਛੂਤ ਛਾਤ, ਮਨੁਖੀ ਵਿਤਕਰਿਆ, ਪਖੰਡਾਂ, ਕੂੜਕਪਟ, ਹਰਾਮਖੋਰੀ, ਜੋਰ ਜਬਰ, ਲੁਟ ਖਸੁਟ ਅਤੇ ਮੋਹ ਮਾਇਆ ਦੇ ਜੰਜਾਲ ਵਿਰੁਧ ਲੜਨਾ ਤੇ ਉਨ੍ਹਾਂ ਫਿਰਕਿਆਂ ਵਿਰਧ ਜੰਗਜੂ ਹੋਣਾ ਜੋ ਕਾਮ, ਕਰੋਧ, ਲੋਭ ਤੇ ਲਾਲਚ ਅਧੀਨ ਬਾਕੀ ਸਮਾਜ ਨੂੰ ਦਰੜ ਕੇ ਰਖਦੇ ਹਨ। ਜੇ ਅਸੀਂ ਸਿਖ ਤੇ ਖਾਲਸਾ ਵਿਚੋਂ ਮਾਨ ਸਨਮਾਨ, ਸਵੈਮਾਣ ਤੇ ਮਨੂਵਾਦੀ ਕੂੜ ਕਿਰਿਆ ਵਿਰੁਧ ਜੰਗਜੂ ਹੋਣ ਦੀ, ਜ਼ੋਰ ਜ਼ੁਲਮ ਵਿਰੁਧ ਲੜਨ ਦੀ, ਪ੍ਰੇਮ ਭਾਈਚਾਰਾ ਤੇ ਬਰਾਬਰੀ ਬਹਾਲ ਕਰਨ ਦੀ ਬਿਰਤੀ ਲਈ ਲੜਨ ਮਰਨ ਦਾ ਕਣ ਕਢ ਦੇਈਏ ਤਾਂ ਉਹ ਸਿੰਘ ਖਾਲਸਾ ਨਹੀਂ ਬਣ ਸਕਦਾ। ਇਹ ਜੰਗਜੂ ਹੋਣ ਦਾ ਕਣ ਹੀ ਹਿੰਦੂਆਂ ਦੇ ਇਕ ਫਿਰਕੇ ਨੂੰ ਕਸ਼ਤਰੀ ਬਣਾਉਂਦਾ ਹੈ। ਇਹੋ ਕਣ ਹੀ ਸਿਖ ਸਮੂਹ ਦੇ ਇਕ ਭਾਗ ਨੂੰ ਸਿੰਘ ਖਾਲਸਾ ਬਣਾਉਂਦਾ ਹੈ।
ਬਿਲਕੁਲ ਇਸੇ ਤਰ੍ਹਾਂ ਦਲਿਤ ਸ਼ਬਦ ਬਾਕੀ ਸਾਰੇ ਅਰਥਾਂ ਸਮੇਤ ਹੋਂਦ ਵਿਚ ਆਇਆ ਹੈ ਕਿ ਉਹ ਗੁਸੇ ਦਾ ਪ੍ਰਗਟਾਵਾ ਹੈ। ਉਹ ਚਿੜ੍ਹਦਾ ਹੈ ਤੇ ਉਸ ਸਮਾਜਕ ਪ੍ਰਬੰਧ ਨੂੰ ਬਦਲਣ ਦੀ ਮਨੋਬਿਰਤੀ ਰਖਦਾ ਹੈ, ਜਿਸ ਨੇ ਸਦੀਆਂ ਤਕ ਉਸ ਵਰਗੇ ਕਰੋੜਾਂ-ਕਰੋੜ ਮਨੁਖਾਂ ਨੂੰ ਬਿਨਾਂ ਵਜਾ ਜਲੀਲ ਕੀਤਾ, ਕੋਹਿਆ, ਠਗਿਆ, ਅਪਮਾਨਤ ਕੀਤਾ ਤੇ ਲਾਚਾਰ ਤੇ ਮਜ਼ਬੂਰ ਬਣਾ ਕੇ ਰਖਿਆ। ਇਹ ਦਲਿਤ ਬਿਰਤੀ ਦੇ ਲੋਕ ਹੀ ਸਨ, ਜੋ ਸਭ ਤੋਂ ਵਧ ਜੋਰਾਵਰ ਸਿੰਘ ਬਣੇ। ਉਨ੍ਹਾਂ ਦੀ ਪੀੜ੍ਹ ਸਿਰ ਨੂੰ ਚੜ੍ਹ ਕੇ ਵਿਦਰੋਹ ਬਣ ਗਈ। ਪੂਰੇ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਭਾਈ ਮਰਦਾਨਾ, ਭਾਈ ਲਾਲੋ, ਭਾਈ ਸ਼ੀਹਾਂ, (ਛੀਂਬਾ) ਤੇ ਭਾਈ ਕੌਡਾ (ਭੀਲ) ਸੰਤ ਨਾਮਦੇਵ, ਸੰਤ ਕਬੀਰ, ਸੰਤ ਰਵੀਦਾਸ ਅਤੇ ਸੰਤ ਸੈਣ ਦੀ ਤਰਜ ਉਤੇ ਰੋਸ ਤੇ ਗੁਸਾ ਪ੍ਰਗਟ ਕਰਨ ਵਾਲੇ ਦਲਿਤ ਹੋਣਗੇ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਆਪਣੇ ਨਾਲ ਲੈ ਕੇ ਪੂਰੀ ਉਮਰ ਤੁਰਦੇ ਰਹੇ ਤੇ ਨੀਚਾਂ ਦੇ ਸੰਗੀ ਸਾਥੀ ਬਣ ਕੇ, ਦੀਨ ਦੁਖੀ ਦੀ ਮੁਕਤੀ ਲਈ ਸੰਘਰਸ਼ ਕਰਦੇ ਰਹੇ ਤੇ ਉਨ੍ਹਾਂ ਉਤਲੀਆਂ ਜਾਤਾਂ ਵਿਰੁਧ ਸਿਧੀ ਬਗਾਵਤ ਕੀਤੀ।
ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਦੀ ਸਮੁਚੀ ਲਹਿਰ ਵਿਚ ਜੋ ਵੀ ਸਿੰਘ ਰਹੇ ਜੋ ਨਿਮਨ ਜਾਤੀਆਂ ਵਿਚੋਂ ਸਨ ਤੇ ਜਿਨ੍ਹਾਂ ਨੇ ਸਿਖੀ ਨੂੰ ਆਪਣੇ ਸਿਰਾਂ ਅਤੇ ਖੂਨ ਨਾਲ ਉਸਾਰਿਆ ਤੇ ਸਿੰਜਿਆ, ਉਹ ਨਿਸ਼ਚਿਤ ਰੂਪ ਵਿਚ ਦਲਿਤ ਬਿਰਤੀ ਵਾਲੇ ਮਨੁਖ ਸਨ, ਜੋ ਗੁਰੂ ਸਮÎਝ ਅਧੀਨ ਜੰਗਜੂ ਹੋਏ ਅਤੇ ਹਰ ਮੈਦਾਨ ਫਤਹਿ ਵਲ ਵਧੇ। ਉਨ੍ਹਾਂ ਦਾ ਦਲਿਤ ਹੋਣਾ ਹੀ, ਉਨ੍ਹਾਂ ਨੂੰ ਚੋਟੀ ਦੇ ਸਿੰਘ ਖਾਲਸੇ ਪ੍ਰਗਟ ਕਰ ਸਕਿਆ। ਕਿਉਂਕਿ ਉਨ੍ਹਾਂ ਦਾ ਊਚ ਨੀਚ, ਜਾਤ ਪਾਤ, ਛੂਤ ਛਾਤ ਤੇ ਭਿੰਨ ਭੇਦ ਵਿਰੁਧ ਗੁਸਾ ਉਬਲਿਆ। ਉਨ੍ਹਾਂ ਨੇ ਇਸ ਸਿਧਾਂਤ ਦੀ ਰਖਿਆ, ਇਸ ਲਈ ਕਰਨੀ ਜ਼ਰੂਰੀ ਸਮÎਝੀ ਕਿਉਂਕਿ ਇਹ ਉਨ੍ਹਾਂ ਦੀ ਮੁਕਤੀ ਅਤੇ ਪਾਤਸ਼ਾਹੀ ਦੇ ਪ੍ਰਬੰਧ ਸਿਰਜਦਾ ਸੀ। ਇਸੇ ਲਈ ਉਨ੍ਹਾਂ ਹਥਿਆਰ ਫ਼ੜੇ ਤੇ ਉਹ ਖੂਬ ਲੜੇ। ਜੇ ਦਲਿਤ ਬਿਰਤੀ ਉਜਾਗਰ ਨਾ ਹੋਈ ਹੁੰਦੀ ਤਾਂ ਉਹ ਅਜਿਹਾ ਸ਼ਾਇਦ ਨਾ ਕਰਦੇ। ਜਿਵੇਂ ਹੋਰ ਕਰੋੜਾਂ ਅਛੂਤਾਂ ਨਹੀਂ ਕੀਤਾ। ਜਿਨ੍ਹਾਂ ਦੀ ਦਲਿਤ ਬਿਰਤੀ ਨਹੀਂ ਸੀ, ਸਗੋਂ ਉਹ ਜਾਤੀਵਾਦੀ ਸਨ, ਉਹ ਗੁਰੂ ਨੂੰ ਵਾਰ-ਵਾਰ ਧੋਖਾ ਦਿੰਦੇ ਰਹੇ, ਛਡਦੇ ਰਹੇ ਤੇ ਭਜਦੇ ਰਹੇ।
ਅੱਜ ਅਸੀਂ ਵੇਖਦੇ ਹਾਂ ਕਿ ‘ਦਲਿਤ’ ਹਥਿਆਰਬੰਦ ਤਾਂ ਨਹੀਂ ਹੈ ਪ੍ਰੰਤੂ ਅੰਦਰੋਂ ਉਹ ਗੁਸੇ ਤੇ ਰੋਹ ਨਾਲ ਭਰਿਆ ਮਨੁਖ ਹੈ। ਉਹ ਗੈਰ ਬਰਾਬਰੀ ਵਾਲੇ ਸਮਾਜ ਨੂੰ ਸਮਝ ਕੇ ਇਸਦੀ ਬਣਤਰ ਨੂੰ ਤੋੜ ਦੇਣ ਲਈ ਕਾਹਲਾ ਹੈ। ਬੇਸ਼ਕ ਅਸੀਂ ਹਰ ਦਬੇ ਕੁਚਲੇ ਤੇ ਨਿਮਨ ਜਾਤੀ ਬੰਦੇ ਨੂੰ ਦਲਿਤ ਨਾਂ ਨਾਲ ਸੰਬੋਧਨ ਕਰਦੇ ਹਾਂ, ਪ੍ਰੰਤੂ ਦਲਿਤ ਅਸਲ ਵਿਚ ਸਮਾਜਕ ਬਦਲਾਅ ਵਾਲੀ ਬਿਰਤੀ ਤੇ ਮਨੋਕਾਮਨਾ ਨਾਲ ਜੁੜਿਆ ਹੋਇਆ ਸ਼ਬਦ ਹੈ ਤੇ ਜੋ ਜਾਗਿਆ ਹੋਇਆ ਮਨੁਖ ਹੈ। ਉਹ ਬਾਕੀਆਂ ਨੂੰ ਵੀ ਦਲਿਤ ਬਿਰਤੀ ਨਾਲ ਸੰਬੋਧਨ ਹੁੰਦਾ ਹੈ ਕਿ ਦਲਿਤੋ ਸ਼ੇਰ ਬਣੋ। ਦਲਿਤ ਸ਼ਬਦ ਜੇ ਸਹੀ ਜਾਣਕਾਰੀ ਦੇ ਪ੍ਰਸੰਗ ਵਿਚ ਰਖ ਕੇ ਵੇਖੀਏ ਤਾਂ ਵਿਰਸਾ ਮੁੰਡਾ (ਝਾੜਖੰਡ) (ਜਿਸ ਦੀ ਅਗਵਾਈ ਵਿਚ ਅੰਗਰੇਜ਼ੀ ਹਕੂਮਤ ਦੌਰਾਨ, ਬ੍ਰਾਹਮਣ, ਠਾਕੁਰ, ਜ਼ਿਮੀਂਦਾਰਾਂ ਤੇ ਰਜਵਾੜਿਆਂ ਨਾਲ ਲੜ ਕੇ 35000 ਆਦਿਵਾਸੀ ਅਛੂਤਾਂ ਦਲਿਤਾਂ ਦੇ ਮਾਰੇ ਜਾਣ ਦੀ ਜਾਣਕਾਰੀ ਪ੍ਰਾਪਤ ਹੈ, ਜਿਨ੍ਹਾਂ ਨੇ ਸਮਾਜਕ ਪ੍ਰਬੰਧ ਅਤੇ ਜਬਰ ਵਿਰੁਧ ਲੰਬੀ ਜੰਗ ਲੜੀ।) ਇਸੇ ਤਰ੍ਹਾਂ ਨਰਾਇਣਾ ਗੁਰੂ (ਕੇਰਲਾ), ਗੁਰੂ ਘਾਸੀ ਦਾਸ, ਗੁਰੂ ਚੰਦ ਠਾਕੁਰ, ਹਰੀ ਚੰਦ ਠਾਕੁਰ (ਬੰਗਾਲ-ਅਸਾਮ), ਪੈਰੀਅਰ ਰਾਮਾਸਵਾਮੀ ਨਾਈਕਰ (ਮਦਰਾਸ), ਮਹਾਤਮਾ ਜੋਤੀ ਰਾਓ ਫੂਲੇ (ਮਹਾਂਰਾਸ਼ਟਰ), ਸ਼ਾਹੂ ਛਤਰਪਤੀ (ਮਹਾਂਰਾਸ਼ਟਰ), ਡਾ. ਅੰਬੇਡਕਰ (ਮਹਾਂਰਾਸ਼ਟਰ), ਬਾਬੂ ਮੰਗੂਰਾਮ (ਪੰਜਾਬ) ਆਦਿ ਅਜਿਹੇ ਜੰਗਜੂ ਮਹਾਂਪੁਰਖ ਹੋਏ ਹਨ, ਜਿਨ੍ਹਾਂ ਨੇ ਭਾਰਤ ਦੇ ਅਛੂਤਾਂ ਪਛੜਿਆਂ ਦੀ ਪਰਿਭਾਸ਼ਾ ਬਦਲੀ ਤੇ ਉਨ੍ਹਾਂ ਅੰਦਰ ਦਲਿਤ ਰੋਹ ਦਾ ਕਣ ਪੈਦਾ ਕੀਤਾ। ਖਾਸ ਕਰਕੇ 1950 ਦੇ ਸੰਵਿਧਾਨ ਤੋਂ ਬਾਅਦ ਆਈ ਸਾਮੂਹਿਕ ਵਿਦਿਆ ਦੇ ਦੌਰ ਨੇ ਅÎਛੂਤਾਂ ਅੰਦਰ ਵਿਦਵਾਨ ਤੇ ਚੇਤਨ ਵਰਗ ਪੈਦਾ ਕੀਤਾ, ਜਿਸ ਨੇ ਦਬੇ ਕੁਚਲੇ ਭਾਰਤੀਆਂ ਨੂੰ ਦਲਿਤ ਨਾਂ ਦਿਤਾ। ਏਥੇ ਇਕੱਲੀ ਵਿਦਿਆ, ਰੋਟੀ, ਕਪੜੇ, ਮਕਾਨ ਅਤੇ ਅੰਧ-ਵਿਸ਼ਵਾਸ ਤੋਂ ਵਧ ਕੁਝ ਨਹੀਂ, ਪਰ ਜਦੋਂ ਵਿਦਿਆ ਸਮਾਜ ਦੇ ਜਾਤਪਾਤੀ ਪ੍ਰਸੰਗ ਵਿਚ ਮਨੁਖ ਨੂੰ ਸੋਚਣ ਸਮਝਣ ਤੇ ਚੀਰਫਾੜ ਕਰਨ ਵਲ ਕੇਂਦਰਿਤ ਕਰਦੀ ਹੈ ਤਾਂ ਮਨੁਖ ਅੰਦਰ ਦਲਿਤ ਕਣ ਪੈਦਾ ਹੁੰਦਾ ਹੈ। ਰੋਹ ਦਾ ਕਣ ਪੈਦਾ ਹੋਣਾ ਹੀ ਸਹੀ ਮਾਅਨਿਆਂ ਵਿਚ ਦਲਿਤ ਹੋਣਾ ਹੈ।
ਸਾਨੂੰ ਇਸ ਗਲ ਦਾ ਫਿਕਰ ਨਹੀਂ ਕਿ ਭਾਰਤ ਦੇ ਬੁਧੀਜੀਵੀ ਵਿਦਵਾਨ ਤੇ ਘਾਗ ਚਿੰਤਕ ਦਲਿਤ ਦਾ ਕੀ ਅਰਥ ਕਰਦੇ ਹਨ। ਸਾਡੇ ਲਈ ਉਹ ਅਰਥ ਬੇਮਾਅਨੇ ਹਨ ਜਾਂ ਫਿਰ ਸੰਸਾਰ ਦੀ ਵਿਦਵਤਾ ਨੂੰ ਵੇਖਣ ਪਰਖਣ ਦਾ ਇਕ ਸਰੋਤ ਹਨ। ਪ੍ਰੰਤੂ ਅਸੀਂ ਦਲਿਤ ਦਰਦ ਹੰÎਢਾ ਕੇ, ਵਿਦਿਆ ਦੀ ਅਖ ਨਾਲ ਪੁਸ਼ਤਾਂ ਦਾ ਦੁਖਾਂਤ ਪਰਖਿਆ ਹੈ ਤੇ ਇਸ ਦੀ ਪੀੜ ਨਸ ਨਸ ਵਿਚੋਂ ਅਨੁਭਵ ਕੀਤੀ ਹੈ। ਇਸੇ ਅਨੁਭਵ ਦਾ ਪ੍ਰਗਟਾਵਾ ਸਾਨੂੰ ਦਲਿਤ ਵਜੋਂ ਖੜੇ ਕਰਦਾ ਹੈ। ਅਸੀਂ ਅਛੂਤ ਰਹੇ, ਨੀਚ ਰਹੇ, ਹਰ ਅਪਮਾਨ ਬਰਦਾਸ਼ਤ ਕੀਤਾ, ਪ੍ਰੰਤੂ ਗੁਸਾ ਨਹੀਂ ਆਇਆ। ਸਾਡਾ ਗੁਸਾ ਹੀਜੜਾ ਹੋ ਗਿਆ। ਪਰ ਜਦੋਂ ਅਕਲ ਦੀ ਅਖ ਉਘੜੀ, ਰੋਸ ਜਾਗਿਆ, ਗੁਸਾ ਪਰਤਿਆ ਤਾਂ ਇਕ ਦਲਿਤ ਵਜੋਂ ਖੜ੍ਹਨ ਦਾ ਸਵੈਮਾਣ ਅਨੁਭਵ ਕੀਤਾ। ਇਸ ਸ਼ਬਦ ਦੀ ਵਿਆਖਿਆ ਕਰਨ ਦਾ ਮਨੋਰਥ ਹੀ ਇਹ ਹੈ ਕਿ ਸਦੀਆਂ ਤੋਂ ਦਬਿਆ ਕੁਚਲਿਆ ਇਨਸਾਨ ਬਕਾਇਦਾ ਤੌਰ ਉਤੇ ਆਪਣੀ ਪਛਾਣ ਬਣਾ ਕੇ, ਜਿਵੇਂ ਅਸੀਂ ਉਪਰ ਕਿਹਾ ਹੈ ਕਿ ਕਸ਼ਤਰੀ ਹਥਿਆਰਬੰਦ ਹਿੰਦੂ ਅਤੇ ਸਿੰਘ ਖਾਲਸਾ ਹਥਿਆਰਬੰਦ ਸਿਖ, ਦੋਵੇਂ ਆਪਣੀ ਆਪਣੀ ਵਿਚਾਰਧਾਰਾ ਦੇ ਉਦੇਸ਼ਾਂ ਅਤੇ ਆਪਣੇ ਪ੍ਰਬੰਧ ਦੀ ਸੁਰਖਿਆ ਲਈ ਦ੍ਰਿੜ੍ਹ ਸੰਕਲਪ ਹਨ ਪਰ ਉਨ੍ਹਾਂ ਮੁਕਾਬਲੇ ਦਲਿਤ ਹਥਿਆਰਬੰਦ ਨਹੀਂ ਹੈ। ਇਸਦਾ ਰੁÎਝਾਣ ਵਿਚਾਰਧਾਰਕ ਪਕੜ ਨੂੰ ਕਾਇਮ ਰਖ ਕੇ, ਵਿਚਾਰਧਾਰਕ ਜੰਗ ਲੜਨਾ ਵਧੇਰੇ ਹੈ। ਕਦੀ ਕਦੀ ਇਹ ਬਜਰੰਗ ਬਰਗੇਡ, ਸ਼ਿਵ ਸੈਨਾ, ਪਰਸ਼ੂ ਰਾਮ ਸੈਨਾ, ਰਾਮ ਸੈਨਾ ਵਾਂਗ ਜੂਤਾ ਬਰਗੇਡ ਸੈਨਾ, ਦਲਿਤ ਸੈਨਾ ਤਾਂ ਬਣਾਉਂਦਾ ਹੈ, ਪ੍ਰੰਤੂ ਹਰਕਤ ਵਿਚ ਨਹੀਂ ਆਉਂਦਾ। ਸਿਰਫ ਨਾਮ ਧਰੀਕ ਰਹਿੰਦਾ ਹੈ। ਬੇਸ਼ਕ ਅਸੀਂ ਦਲਿਤਾਂ ਵਲੋਂ ਇਸ ਤਰ੍ਹਾਂ ਦੇ ਨਾਂ ਰਖਣ ਨੂੰ ਵੀ ਗੁਸਾ ਪ੍ਰਗਟ ਕਰਨ ਵਾਲੀ ਚੇਤਨਾ ਮੰਨ ਸਕਦੇ ਹਾਂ, ਪ੍ਰੰਤੂ ਇਸਦਾ ਬਜਰੰਗ ਬਰਗੇਡ ਜਾਂ ਸ਼ਿਵ ਸੈਨਾ ਵਰਗੀਆਂ ਹਿੰਦੂ ਸੈਨਾਵਾਂ ਨਾਲ ਕੋਈ ਮੁਕਾਬਲਾ ਨਹੀਂ। ਇਹ ਜਥੇਬੰਦੀਆਂ ਨਾਮ ਧਰੀਕ ਨਹੀਂ ਹਨÎ। ਹਰਕਤ ਵਿਚ ਆਉਣ ਵਾਲੀਆਂ ਅਮਲੀ ਤੌਰ ਉਤੇ ਸਰਗਰਮ ਸੰਸਥਾਵਾਂ ਹਨ। ਇਸੇ ਤਰ੍ਹਾਂ ਅਸੀਂ ਸਿਖਾਂ ਦੀਆਂ ਕੁਝ ਖਾੜਕੂ ਜਥੇਬੰਦੀਆਂ ਨੂੰ ਇਸ ਅਮਲੀ ਪ੍ਰਸੰਗ ਵਿਚ ਰਖ ਸਕਦੇ ਹਾਂ। ਭਾਵੇਂ ਇਨ੍ਹਾਂ ਖਾੜਕੂ ਜਥੇਬੰਦੀਆਂ ਦੀ ਸਮਝ ਅਤੇ ਪਹੁੰਚ ਹਿੰਦੂ ਜਥੇਬੰਦੀਆਂ ਵਾਂਗ ਸ਼ਾਤਰ ਅਤੇ ਦਰੁਸਤ ਨਹੀਂ ਹੈ, ਫਿਰ ਵੀ ਇਨ੍ਹਾਂ ਦੀ ਹਰਕਤ ਸਿਖ ਧਰਮ ਅਤੇ ਪੰਥ ਦੀ ਸੁਰਖਿਆ ਲਈ ਹੁੰਦੀ ਹੈ, ਸਿਖੀ ਦੇ ਉਦੇਸ਼ ਨੂੰ ਸੇਧਤ ਹੁੰਦੀ ਹੈ।
ਪਰ ਅਜਿਹੀ ਸੋਚ ਦਲਿਤਾਂ ਵਿਚ ਹਾਲ ਦੀ ਘੜੀ ਨਹੀਂ ਬਣੀ ਤੇ ਨਾ ਹੀ ਅਜੇ ਇਸ ਦੀ ਕੋਈ ਉਮੀਦ ਹੈ। ਜੋ ਕਦੀ ਕਦੀ ਦਿਸਦਾ ਜਾਂ ਸੁਣੀਦਾ ਹੈ, ਉਹ ਵੀ ਅਮਲ ਵਿਚ ਨਾ ਹੋਣ ਵਾਲੀ ਫੋਕੀ ਭਬਕ ਵਾਂਗ ਹੀ ਹੈ। ਪਰੰਤੂ ਉਹ ਦਲਿਤ ਰੋਹ ਵਾਲੇ ਜ਼ਰੂਰ ਹਨ। ਅਸਲ ਵਿਚ ਦਲਿਤ ਅਜੇ ਆਪਣੇ ਪਿਛੋਕੜ ਦੀ ਇਤਿਹਾਸਕ ਸੂਝ ਬੂਝ ਲ ੈਕੇ ਆਪਣੀ ਸਮਾਜੀ ਤੌਰ ਉਤੇ ਹੀਣੀ ਸਥਿਤੀ ਤੋਂ ਨਾਬਰ ਹੋਣ ਦੀ ਸੋਚ ਦਾ ਹੀ ਇਕ ਨਾਮ ਹੈ, ਜਿਸ ਦੇ ਅੰਦਰੋਂ ਵਿਰੋਧ ਉਠਦਾ ਹੈ, ਜਿਸਦਾ ਮਨੋਰਥ ਯਕਾਯਕ ਅਜੇ ਲੜਾਈ ਭਿੜਾਈ ਵਿਚ ਪੈਣਾ ਨਹੀਂ ਹੁੰਦਾ। ਬਸ ਉਸ ਸਭ ਕੁਝ ਨੂੰ ਕੌੜੀਆਂ ਕੁਸੈਲੀਆਂ ਅਖਾਂ ਨਾਲ ਵੇਖਣਾ ਹੁੰਦਾ ਹੈ, ਜਿਸ ਨੇ ਉਸ ਨੂੰ ਸਦੀਆਂ ਤਕ ਜਲੀਲ ਕੀਤਾ ਹੈ। ਮੁਰਦਿਆਂ ਵਿਚ ਜਾਨ ਪਈ ਹੈ, ਦਲਿਤ ਮਸਾਣੀ ਜੀਵਨ ਵਿਚ ਪਿਆ ਹਰਕਤ ਕਰਨ ਲਗਾ ਹੈ। ਉਹ ਮੁਰਦਈ ਆਦਤਾਂ ਬਦਲ ਰਿਹਾ ਹੈ। ਇਹ ਉਸਦਾ ਮੌਨ ਵਿਗਿਆਨਕ ਪੜਾਅ ਹੈ। ਉਹ ਮਰ ਮਿਟਣ ਵਾਲਾ ਸਮੂਹ ਬਣਨ ਵਾਲੀ ਸਦੀਆਂ ਤੋਂ ਭਾਵਨਾ ਗੁਆ ਚੁਕਾ ਹੈ, ਜੋ ਉਸ ਨੇ ਕਦੀ ਖਾਸ ਕਰਕੇ ਸਿਖ ਧਰਮ ਵਿਚ ਪ੍ਰਵੇਸ਼ ਕਰਨ ਵੇਲੇ ਬਣਾਈ ਸੀ ਤੇ ਵਡੀਆਂ ਲਾਸਾਨੀ ਮਲਾਂ ਮਾਰੀਆਂ ਸਨ। ਹੁਣ ਉਹ ਸਿਖੀ ਤੋਂ ਹੀ ਵਿੱਸ਼ਵਾਸ ਗੁਆ ਚੁਕਾ ਹੈ। ਸਿਖਾਂ ਦੇ ਜਾਤੀਵਾਦੀ ਰਵਈਏ ਨੇ ਉਸ ਨੂੰ ਪਿਛਾਂਹ ਧਕ ਦਿਤਾ ਹੈ। ਹਿੰਦੂ ਰਹਿ ਕੇ ਉਹ ਕਦੀ ਵੀ ਇਹ ਕ੍ਰਾਂਤੀਕਾਰੀ ਕਣ ਪੈਦਾ ਹੀ ਨਹੀਂ ਕਰ ਸਕਦਾ। ਉਹ ਅਜੇ ਅੰਬੇਡਕਰੀ ਬਣ ਸਕਦਾ ਹੈ ਤੇ ਸਮਝ ਸੂਝ ਪਾ ਕੇ ਰਦੋਬਦਲ ਕਰ ਦੇਣ ਲਈ ਤਿਆਰ ਹੋ ਸਕਦਾ ਹੈ। ਚੇਤਨ ਹੋ ਕੇ ਬੌਧਿਕ ਪ੍ਰਪਕਤਾ ਬਣਾ ਸਕਦਾ ਹੈ ਤੇ ਜੋ ਸਮਾਜੀ ਚੇਤਨਾ ਲੈ ਕੇ ਊਚ ਨੀਚ ਵਾਲੇ ਜਾਤੀਵਾਦੀ ਢਾਂਚੇ ਵਿਰੁਧ ਬਾਗੀ ਮਾਨਸਿਕਤਾ ਬਣਾ ਲੈਂਦਾ ਹੈ, ਉਸਦਾ ਨਾਮ ਹੀ ਅਸਲ ਵਿਚ ਦਲਿਤ ਬਣਦਾ ਹੈ। ਦਲਿਤ ਭਾਵੇਂ ਹੁਣ ਅਸੀਂ ਸਾਰੇ ਦਬੇ ਕੁਚਲੇ ਅਛੂਤਾਂ ਪਛੜਿਆਂ ਨੂੰ ਕਹਿੰਦੇ ਹਾਂ ਪ੍ਰੰਤੂ ਦਲਿਤ, ਵਿਰੋਧੀ ਕਣ ਦਾ ਨਾਮ ਹੈ।
ਭਾਰਤੀ ਪ੍ਰਸੰਗ ਦੇ ਦਲਿਤ ਸ਼ਬਦ ਵਿਚ ਸੰਸਾਰ ਦਾ ਦਬਿਆ ਕੁਚਲਿਆ ਇਨਸਾਨ ਸ਼ਾਮਿਲ ਕਰਕੇ ਦਲਿਤ ਦੀ ਅਲਹਿਦਗੀ ਨੂੰ ਰਲਗਡ ਨਹੀਂ ਕੀਤਾ ਜਾ ਸਕਦਾ। ਰਲਗਡ ਕਰਨ ਨਾਲ ਵਿਰੋਧ ਦੀ ਭਾਵਨਾ ਬੇਅਸਰ ਹੋਣ ਲਗਦੀ ਹੈ। ਇਸ ਲਈ ਜ਼ਰੂਰੀ ਹੈ ਕਿ ਭਾਰਤ ਦੇ ਦਲਿਤ ਨੂੰ ਵਖਰੇ ਅਰਥਾਂ ਵਿਚ ਰਖਿਆ ਅਤੇ ਸਮਝਿਆ ਜਾਵੇ। ਦਲਿਤ ਸਮੂਹ ਨਿਮਨ ਜਾਤੀਆਂ ਦਾ ਸਾਂਝਾ ਸ਼ਬਦ ਹੈ। ਪ੍ਰੰਤੂ ਇਸ ਸ਼ਬਦ ਵਿਚੋਂ, ਵਿਰੋਧੀ ਤੇ ਕ੍ਰਾਂਤੀਕਾਰੀ ਗੁਸੇ ਦੀ ਭਾਵਨਾ ਅਤੇ ਚੇਤਨਾ ਅਕਲਮੰਦੀ ਨੂੰ ਕਢ ਕੇ ਬਾਕੀ ਕੁÎਝ ਨਹੀਂ ਬਚਦਾ। ਇਕ ਬੇਜਾਨ ਢਾਂਚਾ ਬਣ ਕੇ ਰਹਿ ਜਾਂਦਾ ਹੈ। ਜਿਵੇਂ ਭਾਰਤ ਅੰਦਰ 1925 ਤੋਂ ਬਾਅਦ ਬ੍ਰਾਹਮਣਾ ਦੁਆਰਾ ਲਿਆਂਦੇ ਬਦੇਸ਼ੀ ਸ਼ਬਦ ਪ੍ਰੋਲੇਤਾਰੀ ਨੇ ਭਾਰਤੀ ਦਬੇ ਕੁਚਲੇ ਲਤਾੜੇ ਪਛਾੜੇ ਅਛੂਤਾਂ ਤੇ ਸਛੂਤਾਂ ਦੀ ਬਹੁਗਿਣਤੀ ਦੇ ਰੋਹ ਨੂੰ ਪ੍ਰਗਟ ਹੋਣ ਤੋਂ ਰੋਕਿਆ। ਪ੍ਰੋਲੇਤਾਰੀ ਤੇ ਮਜ਼ਦੂਰ ਸ਼ਬਦਾਂ ਵਿਚ ਹਰ ਗਲੋਂ ਅਪਮਾਨਤ ਅਤੇ ਪੀੜਤ ਸਮਾਜ ਅੰਦਰ ਪੈਦਾ ਕਰਨ ਵਾਲੇ ਰੋਹ ਅਤੇ ਵਿਦਰੋਹ ਦਾ ਕਣ ਨਹੀਂ ਹੈ। ਜੇ ਆਪਾਂ ਮੰਨ ਵੀ ਲਈਏ ਕਿ ਕਣ ਹੈ, ਇਸੇ ਕਰਕੇ ਭਾਰਤ ਦੇ ਅਨੇਕ ਖੰਡਾਂ ਵਿਚ ਕਮਿਊਨਿਸਟਾਂ ਵਲੋਂ ਲੰਬੇ ਘੋਲ ਲੜੇ ਗਏ ਹਨ ਪ੍ਰੰਤੂ ਉਹ ਸਾਰੇ ਘੋਲ ਭਾਰਤ ਦੀ ਅਸਲ ਹਾਕਮ ਸ਼੍ਰੇਣੀ ਅਤੇ ਅਸਲੀ ਲੋਟੂ ਜਮਾਤ ਵਿਰੁਧ ਕਦੀ ਵੀ ਨਹੀਂ ਸਨ। ਸਗੋਂ ਜਾਪਦਾ ਹੈ ਕਿ ਉਸ ਨੂੰ ਸੁਰਖਿਅਤ ਰਖਣ ਵਾਲੇ ਸਨ। ਲੋਕ ਰੋਹ, ਜੋ ਡਾ. ਅੰਬੇਡਕਰ ਦੀ ਅਗਵਾਈ ਵਿਚ ਪੈਦਾ ਹੋਣ ਵਾਲਾ ਸੀ, ਉਸ ਨੂੰ ਖੁੰਢਾ ਕਰਨ ਲਈ ਪ੍ਰੋਲਤਾਰੀ ਤੇ ਮਜ਼ਦੂਰ ਸ਼ਬਦਾਂ ਨੂੰ ਸਵਰਨ ਜਾਤੀਆਂ ਦੀ ਲੀਡਰਸ਼ਿਪ ਵਿਚ ਬਾਖੂਬੀ ਉਭਾਰਿਆ ਗਿਆ, ਜਿਸ ਨਾਲ ਭਾਰਤ ਦੀ ਅਸਲੀ ਖਤਰਨਾਕ ਜਮਾਤ ਜਿਥੇ ਬਚੀ ਰਹੀ, ਉਥੇ ਰਜ ਪੁਜ ਕੇ ਵਧੀ ਫੁਲੀ। ਸ਼ਾਸ਼ਨ ਅਤੇ ਪ੍ਰਸਾਸ਼ਨ ਰਾਹੀਂ ਕਣ ਕਣ ਉਤੇ ਕਾਬਜ਼ ਹੋਈ। ਸਿਟੇ ਵਜੋਂ ਭਾਰਤ ਦਾ ਅਮਲੀ ਦਬਿਆ ਕੁਚਲਿਆ ਤੇ ਅਪਮਾਨਤ ਸਮਾਜ ਮੁਰਦਾ ਮਿਟੀ ਬਣਿਆ ਰਿਹਾ। ਅਸਲ ਸਵਰਨ ਹਾਕਮ ਸ਼੍ਰੇਣੀ ਨਿਸ਼ਚਿਤ ਰੂਪ ਵਿਚ ਫੈਲਦੀ ਤੇ ਫਲਦੀ ਰਹੀ। ਉਸ ਦੇ ਮੁਕਾਬਲੇ ਦਲਿਤ ਸ਼ਬਦ ਨੇ ਪੂਰੇ ਭਾਰਤ ਦੇ ਦਬੇ ਕੁਚਲੇ ਸਮਾਜ ਅੰਦਰ ਹੀ ਚੇਤਨਾ ਨਹੀਂ ਲਿਆਂਦੀ ਸਗੋਂ ਬਾਕੀ ਪੀੜਤ ਲੋਕਾਂ ਨੂੰ ਨਵੀ ਅਸਲੀਅਤ ਦੀ ਪਛਾਣ ਕਰਵਾਈ ਹੈ। ਅੱਜ ਵਡੀ ਪਧਰ ਉਤੇ ਦੋਖੀ ਜਮਾਤ ਦੀ ਪਛਾਣ ਹੋਈ ਹੈ। ਇਸ ਲਈ ਭਾਰਤ ਅੰਦਰ ਦਲਿਤ ਸ਼ਬਦ ਨੇ ਸਮਾਜਕ ਕ੍ਰਾਂਤੀ ਨੂੰ ਉਭਾਰਿਆ ਹੈ, ਜਿਸ ਨੂੰ ਰਲ ਗਡ ਨਹੀਂ ਹੋਣਾ ਚਾਹੀਦਾ। ਇਹ ਨਾ ਭੁਲਿਆ ਜਾਵੇ ਕਿ ਇਹੀ ਦਲਿਤ ਹਨ, ਜਿਨ੍ਹਾਂ ਨੇ ਆਪਣੇ ਆਪ ਨੂੰ ਬਹੁਜਨ ਮੰਨਣਾ ਤੇ ਬਣਾਉਣਾ ਜਾਰੀ ਰਖਿਆ ਹੋਇਆ ਹੈ ਤੇ ਉਨ੍ਹਾਂ ਦੇ ਸਿਰਾਂ ਵਿਚ ਰਾਜ ਪਾਠ ਅਤੇ ਸਮਾਜਕ ਪਰਿਵਰਤਨ ਦਾ ਸੁਪਨਾ ਪਲ ਰਿਹਾ ਹੈ।

 

 

 

 

ਗੁਰਨਾਮ ਸਿੰਘ ਮੁਕਤਸਰ

Leave a Reply

Your email address will not be published. Required fields are marked *