ਊਚੈ ਮੰਦਰ ਸੁੰਦਰ ਛਾਇਆ। ਝੂਠੇ ਲਾਲਚਿ ਜਨਮ ਗਵਾਇਆ। (ਮ: 5, ਪੰਨਾ : 1175-76)
ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੀ ਗਲ ਕਰੀਏ। ਏਸ ਉਤੇ ਚਲੇ ਮੁਕਦਮੇ ਦੇ ਸੰਦਰਭ ਵਿਚ ਵਿਚਾਰ ਕਰਨੀ ਬਣਦੀ ਹੈ।
ਇਕ ਅਖਬਾਰੀ ਰਿਪੋਰਟ ਅਨੁਸਾਰ, ‘ਮੁਲਾਕਾਤ ਤੋਂ ਬਾਅਦ ਜੇਹਲ ਵਲ ਜਾਣ ਲਗਿਆ ਬਾਦਲ ਅਖਾਂ ਭਰ ਆਇਆ’, ਇਕ ਵਾਰੀ ਫੇਰ ਜਦੋਂ ਉਹ ਆਪਣੇ ਪੁਤਰ ਸੁਖਬੀਰ ਸਿੰਘ ਨੂੰ ਜੇਹਲ ਦੇ ਅਹਾਤੇ ਵਲ ਲੈ ਜਾਣ ਲਗਿਆ ਤਾਂ ਉਸ ਦੀਆਂ ਅਖਾਂ ਵਿਚ ਹੰਝੂ ਸਨ। ਗੁਰਮਤਿ ਦੇ ਪਖ ਤੋਂ ਵਿਸ਼ਲੇਸ਼ਣ ਕਰੀਏ ਤਾਂ ਕਈ ਗੁਰਸੰਦੇਸ਼ ਮਨ ਵਿਚ ਆਉਂਦੇ ਹਨ।
‘ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ’  (ਮ: 5, ਪੰਨਾ 135)
ਆਪਮੁਹਾਰੇ ਸਵਾਲ ਉਠਦਾ ਹੈ ਕਿ ਕੀ ਸਿਆਸੀ ਸ਼ਕਤੀ ਦਾ ਨਸ਼ਾ ਪੈਸੇ ਦੇ ਲਾਲਚ ਅਗੇ ਗੋਡੇ ਟੇਕ ਦਿੰਦਾ ਹੈ? ਸੰਸਾਰ ਦੇ ਸੁਘੜ, ਸਫਲ ਸਿਆਸਤਦਾਨਾਂ ਵਲ ਨਿਗਾਹ ਮਾਰੀਏ ਤਾਂ ਉਨ੍ਹਾਂ ਵਿਚ ਸਿਆਸਤ ਦਾ ਜਨੂੰਨ ਲੋਕ-ਸੇਵਾ ਵਿਚ ਨਾਮਣਾ ਖਟਣ ਦੀ ਚਾਹ ਵਿਚ ਵਟਦਾ ਨਜ਼ਰ ਆਵੇਗਾ। ਪਰ ਬਾਦਲ ਵਿਚ ਸਿਆਸੀ ਸ਼ਕਤੀ ਨੂੰ ਪੈਸੇ ਵਿਚ ਵਟਾਉਣ ਦੀ ਚਾਹ ਏਨਾ ਜ਼ੋਰ ਫੜ ਗਈ ਹੈ ਕਿ ਐਫ. ਆਈ. ਆਰ. ਅਨੁਸਾਰ ਸਾਰੇ ਦਾ ਸਾਰਾ ਪਰਿਵਾਰ ਕਿਸੇ  ਮਜਰ ਉੇਤ ਬੈਠੇ ਮਜੌਰ ਵਾਂਗ ਕੇਵਲ ਪੈਸੇ ਹੂੰਝਣ ਨੂੰ ਹੀ ਪਰਮੋਧਰਮ ਸਮਝੀ ਬੈਠਾ ਹੈ। ਤਮਾਸ਼ਾ ਵੇਖਣ ਵਾਲੇ ਦੀ ਵੀ ਇਕ ਅਖ ਇਹ ਵਰਤਾਰਾ ਵੇਖ ਕੇ ਬਾਦਲ ਨਾਲ ਰੋਂਦੀ ਹੈ। ਇਕ ਮਧਵਰਗੀ ਕਿਸਾਨ ਦੇ ਬੇਟੇ ਨੂੰ ਕਿਸਮਤ ਨੇ ਇਤਿਹਾਸ ਵਿਚ ਨਾਂ ਰੌਸ਼ਨ ਕਰਨ ਦਾ ਏਡਾ ਵਧੀਆ ਮੌਕਾ ਦਿਤਾ ਸੀ ਪਰ ਬਾਦਲ ਨੇ ਇਸ ਨੂੰ ਚੰਦ ਕਉਡੀਆ ਬਦਲੇ ਗੁਆ ਲਿਆ।
‘ਕਾਚ ਬਾਦਰੈ ਲਾਲੁ ਖੋਈ ਹੈ ਫਿਰਿ ਇਹੁ ਅਉਸਰੁ ਕਦਿ ਲਹਾ (ਮ: 5, ਪਨਾ 1203)
ਜੋ ਕੁਝ ਬਾਦਲ ਨੇ ਪੈਸੇ ਦੇ ਲਾਲਚ ਵਿਚ ਕੀਤਾ ਜਾਂ ਬਰਦਾਸ਼ਤ ਕੀਤਾ, ਉਸ ਨਾਲ ਏਸ ਨੇ ਤਕਰੀਬਨ ਡੇਢ ਸਦੀ ਦੇ ਬਣੇ ਪ੍ਰਬੰਧਕੀ ਢਾਂਚੇ ਨੂੰ ਤਹਿਸ-ਨਹਿਸ ਕਰ ਦਿਤਾ ਹੈ। ਪੈਸੇ ਦੇ ਕੇ ਬਣੇ ਪੁਲੀਸ ਅਫਸਰਾਂ, ਅਧਿਕਾਰੀਆਂ ਜਾਂ ਨਿਆਂਕਰਤਾਵਾਂ ਦਾ ਹਰ ਕੰਮ ਲਈ ਪੈਸੇ ਲੈ ਕੇ ਨਿਆਂ ਦੇਣਾ ਤੇ ਧਰਮ ਨੂੰ ਦਿਨ-ਰਾਤ ਸੂਲੀ ਉਤੇ ਟੰਗਣਾ ਸੀ। ਪੈਸੇ ਦੇ ਕੇ ਬਣੇ ਡਾਕਟਰਾਂ ਆਦਿ ਨੇ ਚੀਰ ਫਾੜ ਤੋਂ ਬਾਅਦ ਮਰੀਜ਼ਾਂ ਨੂੰ ਤਦਾਂ ਸਿਉਣਾ ਸੀ ਜਦਾਂ ਉਨ੍ਹਾਂ ਨੂੰ ਮਰੀਜ਼ ਦੇ ਤੋਲ ਚਾਂਦੀ ਦਾਨ ਕੀਤੀ ਜਾਂਦੀ। ਇਨ੍ਹਾਂ ਸਾਰੇ ਕੁਕਰਮਾਂ ਦਾ ਬਦਲਾ ਬਾਦਲ ਤੋਂ ਬਣਦੇ ਦੋਸ਼ ਅਨੁਸਾਰ ਅਜੇ ਲਿਆ ਜਾਣਾ ਹੈ।
‘ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ।’ (ਪੰ. 570)
ਚੀਨੀ ਅਖਾਣ ਹੈ ਕਿ ਰਬ ਨੇ ਆਖਿਆ, ”ਬੰਦੇ! ਜੋ ਚਾਹੇ ਸੰਸਾਰ ਵਿਚ ਲੈ ਲੈ ਪਰ ਉਸ ਦੀ ਕੀਮਤ ਅਦਾ ਕਰ ਦੇ।” ਉਹ ਸਭ ਦਾ ਮਾਲਕ ਜਦੋਂ ਆਪਣੀ ਖਲਕਤ ਨੂੰ ਬਾਦਲ ਦੇ ਕੁਕਰਮਾਂ ਕਾਰਨ ਨਪੀੜਦੀ, ਲੁਟੀਂਦੀ-ਪੁਟੀਂਦੀ ਵੇਖੇਗਾ ਤਾਂ ਕੀ ਲੇਖਾ ਨਾ ਮੰਗੇਗਾ?
‘ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ। ਤਲਬਾ ਪਉਸਨਿ ਆਕੀਆ ਬਾਕੀ ਜਿਨੀ ਰਹੀ।’ (ਮ: 1, ਪੰ. 953)
ਉਸ ਦਰਗਾਹ ਵਿਚ ਤਾਂ ‘ਚੋਰ ਦੀ ਹਾਮਾ ਭਰਨ ਵਾਲਾ’, ਹਕ ਵਿਚ ਨਾਹਰੇ ਲਾਉਣ ਵਾਲਾ ਅਕਾਲੀ ਵਰਕਰ ਨਹੀਂ ਹੁੰਦਾ; ਉਥੇ ਇਸ ਦਾ ਕੀ ਬਣੂੰ?  ”ਅਦਲੀ ਪ੍ਰਭ” ਤਖ਼ਤ ਉਤੇ ਬਠਦਾ ਹੈ ਤਾਂ ”ਸਚੜਾ ਨਿਆਉ” ਹੀ ਕਰਦਾ ਹੈ। ਉਥੇ ਬਾਦਲ ਕਿਹੜਾ ਮੂੰਹ ਲੈ ਕੇ ਜਾਵੇਗਾ। ਖਾਲਸਾ ਗਾਡੀ ਰਾਹ ਦੇ ਰਾਹੀਆਂ ਦੀਆਂ ਤਾਂ ਦੋਵੇਂ ਅਖਾਂ ਜਾਰ ਜਾਰ ਰੋ ਰਹੀਆਂ ਹਨ। ਬਾਦਲ ਨੇ ਅੰਮ੍ਰਿਤ ਦੀ ਰਸਮ ਨਿਭਾਈ, ਕ੍ਰਿਪਾਨਧਾਰੀ ਖਾਲਸਾ, ਗੁਰੂ ਕਾ ਖਾਸ ਰੂਪ ਅਖਵਾਇਆ। ਐਡਾ ਸਾਂਗ ਬਣਾ ਕੇ ਉਚਾ ਹੋ ਹੋ ਵਿਚਰਦਾ ਇਹ ਚੰਗਾ ਭਲਾ ਮਨੁਖ ਏਨਾ ਬੌਣਾ ਕਿਵੇਂ ਹੋ ਗਿਆ? ਨਾ ਅੰਮ੍ਰਿਤ ਦੀ ਆਣ, ਨਾ ਗੁਰੂ ਦੀ ਸ਼ਰਮ, ਨਾ ਬਾਣੇ ਦੀ ਲਾਜ, ਨਾ ਪਰਮਾਤਮਾ ਦਾ ਡਰ ਭਉ। ਇਹ ਕੇਹਾ ਖਾਲਸਾ ਸਜਿਆ? ਖਾਲਸਾ ਨਾਮ ਤਾਂ ਉਸ ਦਾ ਹੈ ਜਿਸ ਨੇ ‘ਚੁਨਰੀ ਦੇ ਟੂਕ ਕਰ ਕੇ ਗਰੀਬੀ ਦੀ ਲੋਈ ਓਢ’ ਲਈ ਹੋਵੇ। ਇਹ ਤਖਲਸ ਤਾਂ ਉਸ ਦਾ ਹੈ ਜੋ ਹਰ ਰੋਂਦੀ ਅਖ ਨਾਲ ਹੋਵੇ, ਜੋ ਹਰ ਗਰੀਬ ਦੇ ਹੰਝੂ ਪੂੰਝੇ, ਜੋ ਹਰ ਮਜ਼ਲੂਮ ਦੀ ਢਾਲ ਬਣ ਕੇ ‘ਜ਼ਖਮ ਸਾਹਮਣੇ ਮੂੰਹ ਉਤੇ ਖਾਣ ਵਾਲਾ’ ਹੋਵੇ। ਇਹ ਕੈਸਾ ਅਜਬ ਖਾਲਸਾ ਹੈ ਜੋ ਆਪਣੀ ਗਲੀ ਹਾਰ ਪਾਉਂਦੇ ਲੋਕਾਂ ਨੂੰ ਪ੍ਰਬੰਧਕੀ ਢਾਂਚਾ ਵਿਗਾੜ ਕੇ ਮੁਕੰਮਲ ਜੁਗਗਰਦੀ ਦੇ ਮੂੰਹ ਧਕਣ ਦਾ ਭਰਪੂਰ ਯਤਨ ਕਰਦਾ ਰਿਹਾ?
ਆਓ! ਅਫਸੋਸ ਜਾਹਰ ਕਰੀਏ ਕਿ ਸਾਡਾ ਅੰਮ੍ਰਿਤਧਾਰੀ, ਕ੍ਰਿਪਾਨਧਾਰੀ, ਦਾੜ੍ਹੇ ਪ੍ਰਕਾਸ਼ ਕਰਨ ਵਾਲਾ ਹਮਸਫ਼ਰ ਗੁਰੂ ਦੇ ਦਸੇ ਰਾਹ ਉਤੇ ਇਕ ਕਦਮ ਵੀ ਨਾ ਚਲ ਸਕਿਆ ਅਤੇ ਜਿਸ ਨੂੰ ਸਾਡੇ ਬਜ਼ੁਰਾਂਗ ‘ਨਾਕਹੁ ਕਾਟੀ ਕਾਨਹੁ ਕਾਟੀ ਕਾਟ ਕੂਟ ਕੇ’ ਡਾਰਿਆ ਸੀ, ਉਸੇ ਕੰਚਨੀ ਬੀਬੀ ਨੇ ਇਸ ਨੂੰ ਗਲਵਕੜੀ ਵਿਚ ਲੈ ਕੇ ਆਤਮਿਕ ਮੌਤੇ ਮਾਰ ਦਿਤਾ। ਅਜ ਉਸ ਲਈ ਨਾਹਰੇ ਮਾਰਨ ਵਾਲਿਆਂ ਦੀ ਤਾਂ ਭਰਮਾਰ ਹੈ, ਪਰ ਕੋਈ ਇਕ ਵੀ ਬਾਇਜਤ ਇਨਸਾਨ ਇਸ ਦੀ ਆਤਮਿਕ ਲਾਸ਼ ਨੂੰ ਮੋਢਾ ਦੇਣ ਲਈ ਨਹੀਂ ਨਿਤਰਿਆ।
ਪਰ ਕੀ ਕਾਰਨ ਸੀ ਕਿ ਸਰਕਾਰ ਹਿੰਦ ਦੇ ਸਾਰੇ ਕਰਿੰਦੇ ਏਸ ਨੂੰ ਫਉੜਾ ਫੜ ਕੇ ਪੈਸੇ ਬਟੋਰਦੇ ਨੂੰ ਨਾ ਵੇਖ ਸਕੇ। ‘ਤੈਨੂੰ ਹੁਸਨ ਖਰਾਬ ਕਰੇਂਦਾ ਤੇ ਮੈਨੂੰ ਸਮਝ ਸਤਾਇਆ। ਜਿਉਂ ਜਿਉਂ ਪੇਚ ਹੁਸਨ ਦੇ ਸਮਝਾਂ ਮੈਨੂੰ ਉਠਦਾ ਸੂਲ ਸਵਾਇਆ।’ ਏਸ ਦੇ ਕਾਰਨਾਮਿਆਂ ਨੂੰ ਸਮਝੀਏ ਤਾਂ ਜਾਣਾਂਗੇ ਕਿ ਏਸ ਨੇ ਸਿਖਾਂ ਨੂੰ ਹਿੰਦੂਤਵ ਦੇ ਖਾਰੇ ਸਾਗਰ ਵਿਚ ਖੋਰਨ ਦਾ ਠੇਕਾ ਲੈ ਕੇ ਉਹ ਹਸਤੀ ਹਾਸਲ ਕੀਤੀ, ਜਿਸ ਕਾਰਨ ਏਸ ਦੇ ਕੁਕਰਮਾਂ ਬਾਰੇ ਕਿਸੇ ਸਮਰਥ ਸਤਾਧਾਰੀ ਨੇ ਨਾ ਮਾੜਾ ਸੁਣਿਆ, ਨਾ ਮਾੜਾ ਵੇਖਿਆ ਤੇ ਨਾ ਹੀ ਮਾੜਾ ਆਖਿਆ। ਆਖਰ ਕੀ ਇਹ ਸਮÎਝੀਏ ਕਿ ਏਸ ਨੇ ਕੌਮ ਵੇਚੀ ਹੈ, ਕੀ ਇਹ ਜਾਣੀਏ ਕਿ ਅਜ ਪੰਜਾਬ ਦੀ ਧਰਤੀ ”ਦੀਨ ਕੇ ਹੇਤ” ਲੜਨ ਵਾਲੇ ਸੂਰਮਿਆਂ ਤੋਂ ਬਾਂਝ ਹੋ ਗਈ ਹੈ। ਜੋ ਏਸ ਕਾਲਮ ਦੇ ਕੀਰਨੇ ਸੁਣ ਨਹੀਂ ਸਕਦੇ, ਉਹ ਵੀ ਵਡੀ ਸਰਕਾਰ ਵਾਂਗ ਕੰਨਾਂ ਉਤੇ ਹਥ ਰਖ ਲੈਣ—
ਹਾਇ! ਹਾਇ! ਕਿ ਮਾਰਿਆ ਸਾਡਾ ਸ਼ੇਰ
ਫੁਟੜੀ ਕਉਡੀ ਨੇ,
ਹਾਇ! ਹਾਇ! ਕਿ ਫੁਟੀ ਕਉਡੀ ਨੇ,
ਘੇਰ ਕੇ ਮਾਰਿਆ ਸ਼ਰ੍ਹੇ-ਬਜ਼ਾਰ
ਚੰਦਰੀ ਕਉਡੀ ਨੇ,
ਹਾਇ! ਹਾਇ ਕਿ ਚੰਦਰੀ ਕੁਉਡੀ ਨੇ,
ਮਾਰੇ ਤਿੰਨ ਘੇਰ
ਕੁਲਹਿਣੀ ਕਉਡੀ ਨੇ,
ਹਾਇ! ਹਾਇ! ਕੁਲਹਿਣੀ ਕਉਡੀ ਨੇ।
ਘਾ ਘਾ ਕੀਤਾ ਹਾਲ ਬੇਹਾਲ
ਟੁਟ ਪੈਣੀ ਕਉਡੀ ਨੇ,
ਹਾਇ! ਹਾਇ! ਕਿ ਕਾਣੀ ਕਉਡੀ ਨੇ।
ਪੁਟਿਆ ਹਰ ਇਕ ਮੁਛ ਦਾ ਵਾਲ
ਜ਼ਾਲਮ ਕਉਡੀ ਨੇ,
ਹਾਇ! ਹਾਇ! ਕਿ ਜ਼ਾਲਮ ਕਉਡੀ ਨੇ।
ਲਾਇਆ ਰੰਗ ਕਸੁੰਭਾ
ਜਿਥੇ ਲਗਣਾ ਸੀ ਲਾਲ,
ਹਾਇ! ਹਾਇ! ਕਾਣੀ ਕਉਡੀ ਨੇ।
ਕੌਮ ਵੇਚ ਕੇ ਸੁਤਾ ਬੇਸ਼ਰਮੀ ਤਾਣ,
ਸਵਾਇਆ ਕਉਡੀ ਦਾ,
ਹਾਇ! ਹਾਇ! ਮਰ ਜਾਣੀ ਕਉਡੀ ਦਾ।

(ਧੰਨਵਾਦ : ਜਨਵਰੀ 2004 ਦੇ ‘ਸਿਖ ਬੁਲੇਟਨਿ’ ਵਿਚੋਂ)

Leave a Reply

Your email address will not be published. Required fields are marked *