ਅਸੀਵਿਆਂ ਨੂੰ ਢੁਕੇ ਤੇ ਸਾਰੀ ਉਮਰ ਗੁਰਮਤਿ ਦੇ ਪ੍ਰਚਾਰਕ ਰਹੇ ਗਿਆਨੀ ਹਰਬੰਸ ਸਿੰਘ ਤੇਗ ਨੇ ਆਪਣੇ ਫੇਸਬੁਕ ਸਫੇ ਉਤੇ ਬਾਦਲਸ਼ਾਹੀ ਬਾਰੇ ਗੁਰਮਤਿ ਨਾਲ ਭਰਪੂਰ ਇਕ ਬੜੀ ਗੁਹਝ ਭਰੀ ਟਿਪਣੀ ਕੀਤੀ ਹੈ — ‘ਅੱਜ ਇਕ ਸਾਖੀ ਮੇਰੇ ਜਿਹਨ ਵਿਚ ਆਈ ਹੈ। ਇਕ ਬਜੁਰਗ ਨੂੰ ਘਰਦਿਆਂ ਨੇ ਬੇਲੋੜਾ ਸਮਝ ਕੇ ਉਸ ਦੀ ਮੰਜੀ ਬਾਹਰਲੀ ਡਿਓੜੀ ਵਿਚ ਰਖ ਦਿਤੀ। ਕੋਲੋ ਲੰਘਦਿਆਂ ਇਕ ਮਹਾਤਮਾ ਨੇ ਉਸ ਦੀ ਦਰਦ ਭਰੀ ਹਾਲਤ ਵੇਖ ਕੇ ਉਸ ਨੂੰ ਕਿਹਾ ਕਿ ਹੁਣ ਭਜਨ ਬੰਦਗੀ ਦਾ ਵੇਲਾ ਹੈ, ਮੇਰੇ ਨਾਲ ਚਲੋ! ਬਜੁਰਗ ਕਹਿੰਦਾ ਨਹੀਂ ਜੀ, ਮੈਂ ਸਾਰੇ ਪਾਸੇ ਨਜਰ ਰਖਦਾਂ, ਘਰ ਦੀ ਰਾਖੀ ਲਈ ਮੇਰਾ ਇਥੇ ਰਹਿਣਾ ਬਹੁਤ ਜਰੂਰੀ ਹੈ। ਅਜੇ ਨਹੀਂ, ਫਿਰ ਸਹੀ! ਦੋ ਸਾਲ ਬਾਅਦ ਉਸ ਮਹਾਤਮਾ ਨੇ ਡਿਓੜੀ ਅੰਦਰ ਝਾਕਿਆਂ, ਤਾਂ ਅੰਦਰ ਬੈਠੇ ਇਕ ਕੁਤੇ ਨੂੰ ਵੇਖ ਕੇ ਪਛਾਣ ਲਿਆ ਕਿ ਓਹੀ ਘਰ ਦਾ ਰਾਖਾ ਬਜੁਰਗ ਹੈ। ਮਹਾਤਮਾ ਨੇ ਕਿਹਾ, ਹੁਣ ਹੀ ਆ ਜਾ! ਚਲ ਮੇਰੇ ਨਾਲ। ਕੁਤਾ ਕਹਿੰਦਾ ਨਹੀਂ! ਇਹ ਸਾਰੇ ਬੇਪ੍ਰਵਾਹ ਸੁਤੇ ਰਹਿੰਦੇ ਨੇ। ਮੈਂ ਅਜੇ ਘਰ ਦੀ ਰਾਖੀ ਕਰਨੀ ਹੈ। ਫਿਰ ਸਹੀ! ਤਿੰਨ ਕੁ ਸਾਲ ਬਾਅਦ ਉਸ ਮਹਾਤਮਾ ਦਾ ਫਿਰ ਉਧਰ ਗੇੜਾ ਲਗਿਆ। ਮਨ ਵਿਚ ਆਇਆ, ਉਸ ਰਾਖੀ ਕਰਦੇ ਕੁਤੇ ਨੂੰ ਹੀ ਵੇਖ ਚਲੀਏ। ਹੁਣ ਉਸ ਡਿਓੜੀ ਵਿਚ ਕੁਤਾ ਨਹੀਂ ਸੀ। ਪੁਛਣ ਤੇ ਪਤਾ ਲਗਾ, ਕਿ ਤਿੰਨ ਕੁ ਮਹੀਨੇ ਪਹਿਲਾ ਉਹ ਕੁਤਾ ਮਰ ਗਿਆ ਸੀ। ਮਹਾਤਮਾ ਨੇ ਅੰਤਰ ਧਿਆਨ ਹੋ ਕੇ ਵੇਖਿਆ ਤਾਂ ਦਿਸ ਆਇਆ, ਕਿ ਮੋਹ ਵਿਚ ਲਿਬੜੀ ਉਸ ਕੁਤੇ ਦੀ ਰੂਹ ਡਿਓੜੀ ਦੀ ਗੰਦੀ ਨਾਲੀ ਵਿਚ ਕੀੜੇ ਦੇ ਰੂਪ ਵਿਚ ਕੁਰਰ-ਕੁਰਰ ਕਰ ਰਹੀ ਹੈ। ਬਸ! ਤੇਰੀ ਇਹੀ ਥਾਂ ਸੀ, ਤੇਰੇ ਕੰਮਾਂ ਤੇ ਸੋਚ ਕਰਕੇ, ਮਹਾਤਮਾ ਦਾ ਕਥਨ ਸੀ। ਅਖੀਰ ਉਤੇ ਤੇਗ ਜੀ ਦੀ ਟਿਪਣੀ ਹੈ, ਇਹ ਇਕੱਲੇ ਬਜੁਰਗਵਾਰ ਬਾਦਲ ਜੀ ਦੀ ਹੀ ਗਲ ਨਹੀਂ, ਬਲਕਿ ਬਹੁਤਿਆਂ ਦੀ ਹੈ। ਹੇਠਾਂ ਦਰਜ ਗੁਰਵਾਕ ਸਾਡੇ ਸਾਰਿਆਂ ਲਈ ਹੈ, ਪਰ ਗੁਰੂ ਦੀ ਮਿਹਰ ਬਿਨਾਂ —? ਪੰਕਜ ਮੋਹ ਪਗ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ।’ ਮੋਹ ਦੇ ਚਿਕੜ ਵਿਚ ਫਸਿਆ ਬੰਦਾ ਸਮਝਦਾ ਹੈ ਕਿ ਉਹ ਅਗੇ ਪੈਰ ਪੁਟ ਰਿਹਾ ਹੈ, ਪਰ ਅਸਲ ਵਿਚ ਉਹ ਮੋਹ ਦੇ ਚਿਕੜ ਵਿਚ ਹੋਰ ਹੇਠਾਂ ਧਸਦਾ ਹੋਇਆ ਡੁਬ ਰਿਹਾ ਹੁੰਦਾ ਹੈ।
ਤਿੰਨ ਅਕਤੂਬਰ ਦੀ ਰੋਜਾਨਾ ਅਖਬਾਰ ‘ਪੰਜਾਬੀ ਟ੍ਰਿਬਿਊਨ’ ਵਿਚ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸ੍ਰ. ਤਰਲੋਚਨ ਸਿੰਘ ਦੁਪਾਲਪੁਰ ਦੀ ਇਕ ਚਿਠੀ ਛਪੀ ਹੈ — ”ਜਿਸ ਦਿਨ ਪੰਜਾਬ ਵਿਧਾਨ ਸਭਾ ਵਿਚ ਬੇਅਦਬੀਆਂ ਦੇ ਸੰਵੇਦਨਸ਼ੀਲ ਮਸਲੇ ਉਤੇ ਵਿਚਾਰ-ਵਟਾਂਦਰਾ ਹੋਣਾ ਸੀ, ਉਸ ਦਿਨ ਤਾਂ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਸਿਹਤ ਖਰਾਬ’ ਕਹਿ ਕੇ ਘਰੇ ਬੈਠੇ ਰਹੇ। ਹੁਣ ਪਟਿਆਲਾ ਰੈਲੀ ਲਈ ਪਬਾਂ ਭਾਰ ਹੋਏ ਫਿਰਦੇ ਹਨ। ਇਸ ਦਾ ਅਰਥ ਇਹੀ ਹੋਇਆ ਕਿ ਉਨ੍ਹਾਂ ਨੂੰ ਵਿਧਾਨ ਸਭਾ ਵਾਲੀ ਬਹਿਸ ਦੀ ਜਿੰਮੇਵਾਰੀ ਨਾਲੋਂ ਆਪਣੇ ਪੁਤਰ ਦੀਆਂ ਸਿਆਸੀ ਜੜ੍ਹਾਂ ਮਜਬੂਤ ਕਰਨ ਦੀ ਜਿਆਦਾ ਚਿੰਤਾ ਹੈ। ਅਰਦਾਸ ਵਿਚ ਗੁਰੂ ਦੇ ਚਾਰ ਪੁਤਰਾਂ ਤੋਂ ਪਹਿਲਾਂ ਪੰਜ ਪਿਆਰਿਆਂ ਨੂੰ ਸਥਾਨ ਮਿਲਿਆ ਹੋਇਆ ਹੈ। ਪਰ ਸ੍ਰੀ ਬਾਦਲ ਨੇ ਸਿਧਾਂਤਕ ਰਵਾਇਤਾਂ ਨੂੰ ਛਿਕੇ ਟੰਗ ਕੇ ਆਪਣੇ ਕਾਰੋਬਾਰੀ ਪੁਤਰ ਨੂੰ ਪ੍ਰਧਾਨਗੀ ਦੇ ਦਿਤੀ। ਫਿਰ ਸੀਨੀਅਰ ਆਗੂਆਂ ਦਾ ਮੂੰਹ ਬੰਦ ਕਰਨ ਲਈ ਉਨ੍ਹਾਂ ਦੇ ਲੜਕਿਆਂ ਨੂੰ ਸਿਆਸੀ ਅਹੁਦੇ ਬਖਸ਼ ਦਿਤੇ। ਕੁਦਰਤ ਦਾ ਨਿਯਮ ਹੈ ਕਿ ਜੋ ਬੀਜਿਆ, ਓਹੀ ਵਢਣਾ ਪੈਂਦਾ ਹੈ। ਅੱਜ ਸ੍ਰੀ ਬਾਦਲ ਬੀਤੇ ਦੌਰ ਦੇ ਬਜਰ ਗੁਨਾਹਾਂ ਦੀ ਫਸਲ ਵਢ ਰਹੇ ਹਨ।”
ਸ. ਪ੍ਰਕਾਸ਼ ਸਿੰਘ ਬਾਦਲ ਜਦੋਂ ਮੁਖ ਮੰਤਰੀ ਹੁੰਦਿਆਂ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੇ ਅਗਲੇ ਮੁਖ ਮੰਤਰੀ ਦੇ ਦਾਅਵੇਦਾਰ ਵਜੋਂ ਪੇਸ਼ ਕਰ ਰਹੇ ਸਨ, ਤਾਂ ਕੁਝ ਪਤਰਕਾਰਾਂ ਨੇ ਉਨ੍ਹਾਂ ਨੂੰ ਇਹ ਸੁਆਲ ਪੁਛਿਆ ਸੀ, ਕਿ ਕੀ ਇਹ ਕੁਨਬਾਪ੍ਰਵਰੀ ਨਹੀਂ? ਸ. ਬਾਦਲ ਦਾ ਉਨ੍ਹਾਂ ਪਤਰਕਾਰਾਂ ਨੂੰ ਅਗੋਂ ਸੁਆਲ ਸੀ, ਕਿ ਜੇ ਵਕੀਲ ਦਾ ਪੁਤਰ ਵਕੀਲ ਬਣ ਸਕਦਾ ਹੈ, ਡਾਕਟਰ ਦਾ ਪੁਤਰ ਡਾਕਟਰ ਬਣ ਸਕਦਾ ਹੈ, ਵਪਾਰੀ ਦਾ ਪੁਤਰ ਵਪਾਰੀ ਬਣ ਸਕਦਾ ਹੈ, ਤਾਂ ਮੁਖ ਮੰਤਰੀ ਦਾ ਪੁਤਰ ਮੁਖ ਮੰਤਰੀ ਕਿਉਂ ਨਹੀਂ ਬਣ ਸਕਦਾ? ਉਨ੍ਹਾਂ ਦਾ ਭਾਵ ਸਪਸ਼ਟ ਸੀ ਕਿ ਸੁਖਬੀਰ ਸਿੰਘ ਬਾਦਲ ਪੰਜਾਬ ਦਾ ਮੁਖ ਮੰਤਰੀ ਕਿਉਂ ਨਹੀਂ ਬਣ ਸਕਦਾ? ਸ਼ਾਇਦ ਕਿਸੇ ਪਤਰਕਾਰ ਨੇ ਉਨ੍ਹਾਂ ਦੇ ਇਸ ਸੁਆਲ ਦਾ ਜੁਆਬ ਦਿਤਾ ਸੀ ਜਾਂ ਨਹੀਂ ਪਰ ਬਹੁਤ ਸਾਰੇ ਸੂਝਵਾਨਾਂ ਨੇ ਇਹ ਜ਼ਰੂਰ ਕਿਹਾ ਸੀ, ਕਿ ਵਕਾਲਤ ਅਤੇ ਡਾਕਟਰੀ ਇਕ ਪੇਸ਼ਾ ਹੈ, ਪਰ ਰਾਜਨੀਤੀ ਕੋਈ ਪੇਸ਼ਾ ਨਹੀਂ। ਸਗੋਂ ਲੋਕਾਂ ਦੀ ਸੇਵਾਭਾਵਨਾ ਤੇ ਉਨ੍ਹ੍ਹਾਂ ਦੀਆਂ ਜ਼ਿੰਦਗੀਆਂ ਨਾਲ ਜੁੜਿਆ ਹੋਇਆ ਇਕ ਬੜਾ ਗੰਭੀਰ ਕੰਮ ਹੈ। ਉਦੋਂ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੇ ਸੋਚਿਆ ਸੀ ਕਿ ਸ਼ਾਇਦ ਸ. ਬਾਦਲ ਰਾਜਨੀਤੀ ਨੂੰ ਵੀ ਇਕ ਧੰਦਾ ਹੀ ਸਮਝਦੇ ਹਨ। ਪਰ ਹੁਣ ਸਪਸ਼ਟ ਹੋ ਗਿਆ ਹੈ ਕਿ ਉਹ ਰਾਜਨੀਤੀ ਨੂੰ ਧੰਦਾ ਸਮਝਦੇ ਹੀ ਨਹੀਂ, ਸਗੋਂ ਉਹ ਰਾਜਨੀਤੀ ਨੂੰ ਇਕ ਧੰਦੇ ਦੇ ਤੌਰ ਉਤੇ ਹੀ ਕਰਦੇ ਆ ਰਹੇ ਸਨ। ਇਸ ਦੀ ਪੁਸ਼ਟੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਕਰ ਦਿਤੀ ਹੈ।
ਸ. ਪ੍ਰਕਾਸ਼ ਸਿੰਘ ਬਾਦਲ ਦੀ ਜਾਇਦਾਦ 5000 ਕਰੋੜ ਦੀ ਹੈ ਜਾਂ 50000 ਕਰੋੜ ਰੁਪਏ ਦੀ ਹੈ, ਇਸ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ। ਪਰ ਜਿਵੇਂ ਉਨ੍ਹਾਂ ਦੇ ਸਤ ਸਿਤਾਰਾਂ ਹੋਟਲਾਂ, ਆਲੀਸ਼ਾਨ ਕੋਠੀਆਂ ਤੇ ਮਹਲਾਂ ਵਰਗੇ ਫਾਰਮ ਹਾਊਸ ਦਾ ਜਿਕਰ ਹੁੰਦਾ ਹੈ, ਉਸ ਤੋਂ ਸਪਸ਼ਟ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਕਰੋੜਾਂ ਸਿਖ ਕਿਰਤੀਆਂ ਤੇ ਮਿਹਨਤੀ ਸਿਖ ਕਿਸਾਨਾਂ ਦੇ ਆਗੂ ਨਹੀਂ, ਸਗੋਂ ਮੁਠੀ ਭਰ ਬਦਦਿਮਾਗ ਧਨਾਢਾਂ ਦੇ ਨੁਮਾਇੰਦੇ ਹਨ, ਜਿਨ੍ਹਾਂ ਨੇ ਲੋਕਾਂ ਵਿਚ ਬਣੀ ਆਪਣੀ ਸਿਆਸੀ ਸਾਖ ਨੂੰ ਮਾਇਆ ਵਿਚ ਬਦਲਣ ਦਾ ਗੁਰ ਸਿਖ ਲਿਆ ਹੈ ਅਤੇ ਜਿਹੜੇ ਰਾਜਨੀਤੀ ਦੇ ਨਾਂ ਉਤੇ ਧੰਦਾ ਕਰ ਰਹੇ ਹਨ। ਜਿਵੇਂ ਕੋਈ ਪੂੰਜੀਪਤੀ ਆਪਣੇ ਇਕਠੀ ਕੀਤੀ ਪੂੰਜੇ ਨੂੰ ਕਿਸੇ ਧੰਦੇ ਵਿਚ ਲਾ ਕੇ ਹੋਰ ਪੂੰਜੀ ਇਕਠੀ ਕਰਦਾ ਹੈ, ਇਸੇ ਤਰ੍ਹਾਂ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਬਣੀ ਰਾਜਨੀਤਕ ਸਾਖ ਨਾਲ ਸਰਕਾਰੀ ਅਹੁਦਾ ਹਥਿਆ ਕੇ ਧਨ ਕਮਾਇਆ ਹੈ ਅਤੇ ਇਸੇ ਧਨ ਨਾਲ ਸਿਖ ਰਾਜਨੀਤੀ ਨੂੰ ਆਪਣੇ ਪੈਰਾਂ ਹੇਠ ਕਰਕੇ ਹੋਰ ਪੈਸਾ ਕਮਾਉਣ ਦਾ ਧੰਦਾ ਕੀਤਾ ਹੈ। ਹੁਣ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਉਨ੍ਹਾਂ ਨੂੰ ਅਦਾਲਤ ਦੇ ਕਟਹਿਰੇ ਵਿਚ ਖੜਾ ਕਰ ਦਿਤਾ ਹੈ ਤੇ ਸਪਸ਼ਟ ਕਰ ਦਿਤਾ ਹੈ ਕਿ ਉਹ 2 ਨਿਰਦੋਸ਼ ਸਿਖ ਨੌਜਵਾਨਾਂ ਦੇ ਕਾਤਲ ਹਨ, ਤਾਂ ਉਹ ਰਾਜਨੀਤੀ ਦੇ ਧੰਦੇ ਵਿਚੋਂ ਕਮਾਏ ਪੈਸੇ ਨਾਲ ਬਣਾਈ ਤੇ ਚਲਾਈ ਰਾਜਨੀਤਕ ਪਾਰਟੀ ਨੂੰ ਵਰਤ ਕੇ ਆਪਣੀ ਰਾਜਨੀਤਕ ਸਾਖ ਨੂੰ ਲਗੇ ਖੋਰੇ ਤੋਂ ਬਚਣ ਦੇ ਯਤਨ ਕਰ ਰਹੇ ਹਨ। ਇਸ ਦਾ ਮੰਤਵ ਫਿਰ ਇਹੀ ਹੈ ਕਿ ਇਸ ਬਚੀ ਰਾਜਨੀਤਕ ਸਾਖ ਨਾਲ ਇਕ ਵਾਰ ਫਿਰ ਸਰਕਾਰੀ ਅਹੁਦੇ ਉਤੇ ਕਬਜ਼ਾ ਕਰਕੇ ਹੋਰ ਧਨ ਕਮਾਇਆ ਜਾ ਸਕੇ। ਇਸ ਸਾਰੇ ਦੁਸ਼ਟ-ਚਕਰ ਵਿਚ ਸੂਬੇ ਦੇ ਲੋਕਾਂ ਦੀ ਸੇਵਾ ਕਰਨਾ ਜਾਂ ਉਨ੍ਹਾਂ ਦੇ ਭਵਿਖ ਬਾਰੇ ਕੋਈ ਚਿੰਤਾ ਕਰਨੀ ਸ. ਬਾਦਲ ਦਾ ਕੋਈ ਸਰੋਕਾਰ ਨਹੀਂ ਹੈ।
ਸ. ਪ੍ਰਕਾਸ਼ ਸਿੰਘ ਬਾਦਲ ਨੇ ਮੁਖ ਮੰਤਰੀ ਬਣ ਕੇ ਭ੍ਰਿਸ਼ਟ ਢੰਗਾਂ ਨਾਲ ਕਿੰਨਾ ਧਨ ਕਮਾਇਆ ਹੈ, ਇਸ ਬਾਰੇ ਪੰਜਾਬ ਦੇ ਲੋਕਾਂ  ਨੂੰ ਕੋਈ ਭੁਲੇਖਾ ਨਹੀਂ। ਪਰ ਭ੍ਰਿਸ਼ਟ ਢੰਗਾਂ ਨਾਲ ਧਨ ਕਮਾਉਣ ਨਾਲੋਂ ਵੀ ਜੋ ਵਡਾ ਗੁਨਾਹ ਉਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੁੰਦਿਆਂ ਸਿਖੀ ਦਾ ਘਾਣ ਕਰਕੇ ਕੀਤਾ ਹੈ, ਉਹ ਨਾ ਮੁਆਫੀਯੋਗ ਹੈ। ਭ੍ਰਿਸ਼ਟ ਬਾਦਲ ਨੇ ਆਪਣੇ ਆਲੇਦੁਆਲੇ ਭ੍ਰਿਸ਼ਟ ਸਿਆਸੀ ਤੇ ਧਾਰਮਿਕ ਆਗੂਆਂ ਦੀ ਇਕ ਐਸੀ ਜੁੰਡਲੀ ਇਕਠੀ ਕਰ ਲਈ ਹੈ, ਜਿਸ ਦੀ ਸਿਖ ਕਦਰਾਂ-ਕੀਮਤਾਂ ਨਾਲ ਕੁਝ ਵੀ ਸਾਂਝ ਨਹੀਂ, ਪਰ ਜਿਸ ਨੇ ਭ੍ਰਿਸ਼ਟ ਢੰਗਾਂ ਨਾਲ ਕਮਾਏ ਪੈਸੇ ਅਤੇ ਕੇਂਦਰ ਸਰਕਾਰ ਦੀ ਸਹਾਇਤਾ ਤੇ ਮੀਡੀਏ ਦੇ ਪ੍ਰਚਾਰ ਨਾਲ ਹਥਿਆਈ ਹਕੂਮਤ ਦੇ ਜ਼ੋਰ ਨਾਲ ਸਾਰੀਆਂ ਸਿਖ ਸੰਸਥਾਵਾਂ ਉਤੇ ਕਬਜ਼ਾ ਕਰ ਲਿਆ ਹੈ।
ਜਦੋਂ ਉਸ ਨੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਅਕਾਲੀ ਦਲ ਵਿਚੋਂ ਕਢਿਆ ਸੀ ਤੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਲਾਹਿਆ ਸੀ ਤਾਂ ਉਸਨੇ ਸ਼੍ਰੋਮਣੀ ਕਮੇਟੀ ਤੇ ਵਿਧਾਨ ਸਭਾ ਮੈਂਬਰਾਂ ਨੂੰ ਖਰੀਦਣ ਲਈ ਸ਼ਰੇਆਮ ਉਨ੍ਹਾਂ ਨੂੰ ਸਰਕਾਰੀ ਸਹੂਲਤਾਂ ਦਿਤੀਆਂ ਸਨ ਤੇ ਉਨ੍ਹਾਂ ਨੂੰ ਧਨ ਦੇ ਲਾਲਚ ਅਧੀਨ ਆਪਣੇ ਨਾਲ ਜੋੜਿਆ ਸੀ। ਇਨ੍ਹਾਂ ਨੀਤੀਆਂ ਦੀ ਬਦੌਲਤ ਹੀ ਇਕ ਅਜਿਹਾ ਸਖਸ਼ ਸ਼੍ਰੋਮਣੀ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ ਬਣ ਗਿਆ ਸੀ, ਜਿਸਦੀ ਇਕ ਕਾਰ ਹਾਦਸੇ ਵਿਚ ਹੋਈ ਮੌਤ ਤੋਂ ਬਾਅਦ ਉਸਦੀ ਕਾਰ ਵਿਚੋਂ ਸ਼ਰਾਬ ਦੀਆਂ ਟੁੱਟੀਆਂ ਬੋਤਲਾਂ ਤੇ ਉਸ ਦੀ ਧੀ ਦੀ ਉਮਰ ਦੀ ਇਕ ਕੁੜੀ ਦੀ ਲਾਸ਼ ਮਿਲੀ ਸੀ। ਉਸ ਦੇ ਖਰੀਦੇ ਅਜਿਹੇ ਸ਼੍ਰੋਮਣੀ ਕਮੇਟੀ ਮੈਂਬਰ ਹੀ ਭੁਕੀ ਤੇ ਅਫੀਮ ਦੀ ਸਮਗਲਿੰਗ ਕਰਦੇ ਰਹੇ ਹਨ ਤੇ ਸ਼ਾਇਦ ਅੱਜ ਵੀ ਕਰ ਰਹੇ ਹਨ। ਬਿਕਰਮ ਸਿੰਘ ਮਜੀਠੀਏ ਉਤੇ ਚਿਟਾ ਵੇਚਣ ਦੇ ਲਗਦੇ ਦੋਸ਼ਾਂ ਦਾ ਦਾਗ ਅਜੇ ਮਿਟਿਆ ਨਹੀਂ। ਸ਼੍ਰੋਮਣੀ ਕਮੇਟੀ ਦੀ ਇਕ ਪ੍ਰਧਾਨਗੀ ਚੋਣ ਮੌਕੇ ਇਨ੍ਹਾਂ ਵਿਕਾਊ ਮੈਂਬਰਾਂ ਨੂੰ ਜਿਵੇਂ ਬਾਲਾਸਰ ਫਾਰਮ ਉਤੇ ਲਿਜਾ ਕੇ ਰਖਿਆ ਗਿਆ ਤੇ ਜਿਵੇਂ ਉਨ੍ਹਾਂ ਨੂੰ ਕੈਦੀ ਬਣਾ ਕੇ ਅੰਮ੍ਰਿਤਸਰ ਲਿਆਂਦਾ ਗਿਆ, ਉਸ ਦਾ ਜਲੂਸ ਨਿਕਲਦਾ ਸਾਰੇ ਸੰਸਾਰ ਦੇ ਲੋਕਾਂ ਨੇ ਦੇਖਿਆ। ਸਿਖ ਸਟੂਡੈਂਟਸ ਫੈਡਰੇਸ਼ਨ ਦੇ ਆਗੂਆਂ ਨੂੰ ਜਿਵੇਂ ਮਾਮੂਲੀ ਨੌਕਰੀਆਂ ਤੇ ਸਰਕਾਰੀ ਅਹੁਦੇ ਦੇ ਕੇ ਬਾਦਲ ਨੇ ਉਨ੍ਹਾਂ ਨੂੰ ਸਿਖੀ ਸਿਧਾਂਤਾਂ ਤੋਂ ਥਿੜਕਾਇਆ, ਇਹ ਵੀ ਕਿਸੇ ਤੋਂ ਲੁਕੀ ਹੋਈ ਗਲ ਨਹੀਂ। ਇਥੋਂ ਤਕ ਕਿ ਉਸ ਨੇ ਪਿਛਲੇ ਦਹਾਕਿਆਂ ਵਿਚ ਚਲੇ ਸਮੁਚੇ ਸਿਖ ਸੰਘਰਸ਼ ਨੂੰ ਆਪਣੀ ਇਸ ਧਨ ਕਮਾਉਣ ਦੀ ਹਵਸ ਦੀ ਭੇਂਟ ਚੜ੍ਹਾ ਦਿਤਾ।
ਧਰਮਯੁਧ ਮੋਰਚਾ ਜਿਹੜੀਆਂ ਮੰਗਾਂ ਨੂੰ ਲੈ ਕੇ ਲਾਇਆ ਗਿਆ ਸੀ, ਜਿਸ ਦਾ ਕਾਰਨ ਲਖਾਂ ਸਿਖਾਂ ਨੇ ਕੁਰਬਾਨੀਆਂ ਦਿਤੀਆ, ਹਜ਼ਾਰਾਂ ਸਿਖ ਸ਼ਹੀਦੀਆਂ ਪਾ ਗਏ, ਹਜ਼ਾਰਾਂ ਸਿਖ ਪਰਿਵਾਰ ਉਜੜ ਗਏ, ਹਜ਼ਾਰਾਂ ਸਿਖ ਬੀਬੀਆਂ ਦੀ ਪਤ ਰੁਲੀ, ਸਿਖ ਬਜ਼ੁਰਗਾਂ ਦੀ ਸਥਾਂ ਵਿਚ ਦਾਹੜੀ ਪੁਟੀ ਗਈ, ਲਖਾਂ ਸਿਖ ਜੇਲ੍ਹਾਂ ਵਿਚ ਨਜ਼ਰਬੰਦ ਰਹੇ ਤੇ ਅਨੇਕ ਸਿਖ ਨੌਜਵਾਨ ਅਜੇ ਵੀ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿਚ ਆਪਣੀ ਜਵਾਨੀ ਗਾਲ ਰਹੇ ਹਨ, ਹਜਾਰਾਂ ਬਚੇ ਆਪਣੇ ਮਾਪਿਆਂ ਦੇ ਪਿਆਰ ਤੋਂ ਵਾਂਝੇ ਹੋ ਗਏ, ਉਨ੍ਹਾਂ ਸਾਰਿਆਂ ਦੀ ਕੀਮਤ ਸ. ਪ੍ਰਕਾਸ਼ ਸਿੰਘ ਬਾਦਲ ਤੇ ਉਸ ਦੀ ਜੁੰਡਲੀ ਨੇ ਇਨ੍ਹਾਂ ਕਰੋੜਾਂ ਕਾਗਜ਼ੀ ਰੁਪਇਆ ਦੇ ਰੂਪ ਵਿਚ ਵਸੂਲੀ। ਬੇਸ਼ਰਮੀ ਦੀ ਹਦ ਇਹ ਹੈ ਕਿ ਸਿਖਾਂ ਦੀਆਂ ਵੋਟਾਂ ਲੈਣ ਲਈ ਇਹ ਬਾਦਲੀ ਰਾਜਨੀਤੀ ਦੇ ਪੈਰੋਕਾਰ ਆਗੂ ਅੱਜ ਵੀ ਜੂਨ 1984 ਤੇ ਨਵੰਬਰ 1984 ਦੇ ਸਿਖ ਕਤਲੇਆਮ ਦੀਆਂ ਗਲਾਂ ਕਰਦੇ ਹਨ। ਪਰ ਸਰਕਾਰ ਬਣਾ ਕੇ ਇਨ੍ਹਾਂ ਨੇ ਇਸ ਕਤਲੇਆਮ ਦੇ ਸ਼ਿਕਾਰ ਲੋਕਾਂ ਦੀ ਬਾਤ ਤਕ ਨਹੀਂ ਪੁਛੀ। ਹੋਰ ਤਾਂ ਹੋਰ ਸ. ਬਾਦਲ ਨੇ ਤਾਂ ਉਨ੍ਹਾਂ ਧਰਮੀ ਫੌਜੀਆਂ ਦੀ ਸਾਰ ਵੀ ਨਹੀਂ ਲਈ, ਜਿਨ੍ਹਾਂ ਨੂੰ ਉਸ ਨੇ ਬਗਾਵਤ ਕਰਨ ਦੇ ਹੋਕੇ ਦੇ ਕੇ ਉਕਸਾਇਆ ਸੀ ਅਤੇ ਜਿਸ ਦੇ ਸਬੂਤ ਅਜੇ ਤਕ ਵੀ ਬੀ.ਬੀ.ਸੀ. ਦੀਆਂ ਫਾਈਲਾਂ ਵਿਚ ਪਏ ਹਨ।
ਜਿਹੜਾ ਪ੍ਰਕਾਸ਼ ਸਿੰਘ ਬਾਦਲ ਅੱਜ ਕਾਂਗਰਸ ਵਲੋਂ ਸਿਖਾਂ ਉਤੇ ਹੋਏ ਜਬਰ ਦੀਆਂ ਗਲਾਂ ਕਰਦਾ ਹੈ, ਇਨ੍ਹਾਂ ਕੋਲੋਂ ਆਪਣੀ ਸਰਕਾਰ ਵੇਲੇ ਬਦਲੇ ਲੈਣ ਦੀਆਂ ਗਲਾਂ ਕਰਦਾ ਹੈ, ਇਹੀ ਪ੍ਰਕਾਸ਼ ਸਿੰਘ ਬਾਦਲ ਉਹ ਵੇਲਾ ਭੁਲ ਗਿਆ ਹੈ, ਜਦੋਂ ਮਨੁਖੀ ਅਧਿਕਾਰਾਂ ਦੀ ਰਾਖੀ ਕਰਦੇ ਆਗੂ ਜਸਟਿਸ ਕੁਲਦੀਪ ਸਿੰਘ ਤੇ ਜਸਟਿਸ ਅਜੀਤ ਸਿੰਘ ਬੈਂਸ ਦੀ ਅਗਵਾਈ ਵਿਚ ਇਕ ਵਫਦ ਦੇ ਰੂਪ ਵਿਚ ਉਸ ਕੋਲ ਇਹ ਅਪੀਲ ਲੈ ਕੇ ਗਏ ਸਨ ਕਿ ਜਿਨ੍ਹਾਂ ਪੁਲੀਸ ਅਫਸਰਾਂ ਨੇ ਸੌ-ਸੌ ਸਿਖ ਨੌਜਵਾਨ ਝੂਠੇ ਮੁਕਾਬਲਿਆਂ ਵਿਚ ਸ਼ਹੀਦ ਕੀਤੇ ਹਨ,  ਘਟੋ ਘਟ ਉਨ੍ਹਾਂ ਨੂੰ ਸਰਗਰਮ ਜ਼ਿੰਮੇਵਾਰੀਆਂ ਤਾਂ ਨਾ ਦਿਤੀਆਂ ਜਾਣ। ਇਹੀ ਪ੍ਰਕਾਸ਼ ਸਿੰਘ ਬਾਦਲ ਇਹ ਮੰਗ ਮੰਨ ਕੇ ਮੁਕਰ ਗਿਆ ਸੀ ਤੇ ਉਸ ਨੇ ਸਭ ਤੋਂ ਵਧ ਜਾਬਰ ਪੁਲੀਸ ਅਫਸਰਾਂ ਨੂੰ ਜ਼ਿਲ੍ਹਿਆਂ ਵਿਚ ਨਿਯੁਕਤ ਕੀਤਾ ਸੀ, ਜਿਸਦਾ ਹੁਣ ਖੁਲਾਸਾ ਹੋ ਰਿਹਾ ਹੈ ਕਿ ਇਨ੍ਹਾਂ ਸਾਰਿਆਂ ਕੋਲੋਂ ਬਾਦਲ ਪਰਿਵਾਰ ਨੇ ਮੋਟੀਆਂ ਰਕਮਾਂ ਵਸੂਲੀਆਂ ਸਨ। ਸ. ਬਾਦਲ ਨੇ ਤਾਂ ਇਸ ਹਦ ਤਕ ਸ਼ਰਮ ਲਾਹ ਦਿਤੀ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਕੋਹ ਕੋਹ ਕੇ ਸ਼ਹੀਦ ਕਰਨ ਵਾਲੇ ਪੁਲੀਸ ਅਫਸਰਾਂ ਦੀ ਤਿਆਰ ਰਿਪੋਰਟ ਨੂੰ ਵੀ ਉਸ ਨੇ ਦਬਾਈ ਰਖਿਆ। ਅੱਜ ਕਿਹੜੇ ਮੂੰਹ ਨਾਲ ਉਹ ਕਾਂਗਰਸ ਪਾਰਟੀ ਦੇ ਜਬਰ ਦੀ ਗਲ ਕਰਦਾ ਹੈ?  ਸ. ਪ੍ਰਕਾਸ਼ ਸਿੰਘ ਬਾਦਲ ਦੀ ਮੋਟੀ ਚਮੜੀ ਵਿਚ ਜੇ ਅਜੇ ਕੋਈ ਰਤੀ ਭਰ ਸ਼ਰਮ ਦਾ ਕਣ ਬਚਿਆ ਹੈ, ਤਾਂ ਉਸ ਨੂੰ ਫੌਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਪੇਸ਼ ਹੋ ਕੇ ਆਪਣੇ ਕੀਤੇ ਗੁਨਾਹਾਂ ਦੀ ਇਮਾਨਦਾਰੀ ਨਾਲ ਭੁਲ ਬਖਸ਼ਵਾਉਣੀ ਚਾਹੀਦੀ ਹੈ ਅਤੇ ਅਦਾਲਤ ਵਿਚ ਪੇਸ਼ ਹੋ ਕੇ ਆਪਣੀ ਸਰਕਾਰ ਦਾ ਬਹਿਬਲ ਕਲਾਂ ਕਾਂਡ ਵਿਚਲਾ ਜੁਰਮ ਕਬੂਲ ਕਰਨਾ ਚਾਹੀਦਾ ਹੈ, ਨਹੀਂ ਤੇ ਸਿਖ ਇਤਿਹਾਸ ਵਿਚ ਉਸ ਦਾ ਨਾਂ ਕਾਲੇ ਅਖਰਾਂ ਵਿਚ ਲਿਖਿਆ ਜਾਵੇਗਾ।

Leave a Reply

Your email address will not be published. Required fields are marked *