ਸਿਖ ਆਚਰਣ ਇਸ ਵਿਸ਼ਵਾਸ ਉਤੇ ਉਸਰਦਾ ਹੈ ਕਿ ਜਿਥੇ ਹੀਣੇ, ਅਣਸਰਦੇ, ਦੀਨ, ਦੁਖੀ, ਮਜ਼ਲੂਮ ਦੀ ਦਾਰੀ ਹੁੰਦੀ ਹੋਵੇ, ਉਥੇ ਅਕਾਲ ਪੁਰਖ ਬਹੁੜੀ ਕਰਦਾ ਹੈ। ਇਸੇ ਵਿਸ਼ਵਾਸ ਦਾ ਆਧਾਰ ਸਿਖ ਦਾ ਇਹ ਏਤਕਾਦ ਹੈ ਕਿ ਖਾਲਕ ਖਲਕਤ ਵਿਚ ਵਸਦਾ ਹੈ ਅਤੇ ਜਦੋਂ ਖਲਕਤ ਦੁਖੀ ਹੋਵੇ ਤਾਂ ਇਸ ਦਾ ਦੁਖ ਖਾਲਕ ਨੂੰ ਹੁੰਦਾ ਹੈ ਅਤੇ ਖਲਕਤ ਦੇ ਦੁਖ ਦੀ ਕੀਤੀ ਹੋਈ ਦਾਰੀ ਅਕਾਲ ਪੁਰਖ (ਖਾਲਕ) ਨੂੰ ਭਾਉਂਦੀ ਹੈ, ਜਿਸ ਉਤੇ ਖੁਸ਼ ਹੋ ਕੇ ਉਹ ਦਾਰੀ ਕਰਨ ਵਾਲੇ ਉਪਰ ਤੁਠਦਾ ਅਤੇ ਉਸ ਨੂੰ ਨਿਹਾਲੋ-ਨਿਹਾਲ ਕਰ ਦੇਂਦਾ ਹੈ। ਵਡੀ ਸਿਧੀ ਜੇਹੀ ਗਲ ਇਹ ਹੈ ਕਿ ਜਿਸ ਬਾਪ ਦੇ ਨਿਆਣੇ ਬਚੇ ਦੇ ਪੈਰ ਵਿਚ ਕੰਡਾ ਪੁੜ ਜਾਵੇ, ਕੰਡਾ ਕਢ ਦੇਣ ਵਾਲੇ ਮਨੁਖ ਉਪਰ ਉਸ ਬਾਪ ਦੀ ਖੁਸ਼ੀ ਹੁੰਦੀ ਹੈ। ਬਾਪ ਉਸ ਦਾ ਸੌ ਸੌ ਵਾਰ ਸ਼ੁਕਰਗੁਜ਼ਾਰ ਹੰਦਾ ਹੈ ਅਤੇ ਕਿਵੇਂ ਨਾ ਕਿਵੇਂ ਉਸ ਦੇ ਬਚੇ ਨਾਲ ਕੀਤੀ ਭਲਾਈ ਦਾ ਬਦਲਾ ਚੁਕਾਉਣ ਲਈ ਤਤਪਰ ਰਹਿੰਦਾ ਹੈ। ਇਵੇਂ ਹੀ ਉਹ ਜੋ ‘ਸਭਨਾ ਕਾ ਮਾ ਪਿਓ ਆਪ ਹੈ’ ਵੇਖਦਾ ਹੁੰਦਾ ਹੈ ਕਿ ਉਸ ਦੇ ਦੁਖਿਆਰੇ ਬਾਲ ਨੂੰ ਕੌਣ ਸੰਭਾਲਦਾ ਹੈ ਅਤੇ ਉਹ ਮਨੁਖ ਦੀ ਕੀਤੀ ਇਕ ਭਲਆਈ ਨੂੰ ਸੌ ਸੌ ਭਲਾਈਆਂ ਤੇ ਬਖਸ਼ਿਸ਼ਾਂ ਰਾਹੀਂ ਮੋੜਦਾ ਹੈ। ‘ਜੇਵਡੁ ਆਪਿ ਤੇਵਡ ਤੇਰੀ ਦਾਤਿ’। ਉਸ ਦੀਆਂ ਕੀਤੀਆਂ ਭਲਾਈਆਂ ਉਸ ਵਾਂਗ ਹੀ ਮਹਾਨ ਹੁੰਦੀਆਂ ਹਨ। ਇਸ ਤਰ੍ਹਾਂ ਮਨੁਖ ਦੀ ਕੀਤੀ ਥੋੜੀ ਜਿਹੀ ਚੰਗਿਆਈ ਬਹੁਤ ਵਡੀ ਹੋ ਕੇ ਫਲਦੀ ਹੈ।
ਇਸੇ ਲਈ ਗੁਰੂ ਨਾਨਕ ਦੇਵ ਜੀ ਨੇ ਫੁਰਮਾਇਆ ਹੈ —
‘ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸ਼ੀਸ਼’ (ਸਿਰੀ ਰਾਗ ਮ. 1)
ਅਤੇ ਗੁਰੂ ਅਰਜਨ ਦੇਵ ਜੀ ਦਸਦੇ ਹਨ —
‘ਲਖ ਖੁਸ਼ੀਆਂ ਪਾਤਿਸਾਹੀਆਂ ਜੇ ਸਤਿਗੁਰੁ ਨਦਰਿ ਕਰੇਇ’ (ਸਿਰੀ ਰਾਗ ਮ. 5)
ਅਜਿਹੀ ਨਦਰ ਦੀ ਵਰਖਾ ਹੀਣੇ ਦੀ ਕੀਤੀ ਦਾਰੀ ਤੇ ਤਨਾਸਬ ਨਾਲ ਹੁੰਦੀ ਹੈ ਜਿੰਨੀ ਬਹੁਤੀ ਦਾਰੀ, ਓਨੀ ਵਧੇਰੀ ਨਦਰ।
ਏਮਨਾਬਾਦ ਸਹਿਰ ਲੁਟਿਆ ਮਾਰਿਆ ਫੂਕਿਆ ਜਾ ਰਿਹਾ ਹੈ, ਅਣਸਰਦੇ ਗਰੀਬ ਬਚੇ ਬੁਢੇ ਤ੍ਰੀਮਤਾ ਬੇਤਹਾਸ਼ਾ ਵਢੇ ਕਟੇ ਜਾ ਰਹੇ ਹਨ, ਦੁਖੀਆਂ ਦੀ ਆਹੋ ਜਾਰੀ ਸਹੀ ਨਹੀਂ ਜਾਂਦੀ। ਗੁਰੂ ਨਾਨਕ ਦਾ ਕੋਮਲ ਹਿਰਦਾ ਇਹ ਕਟਾ-ਵਢ ਤੇ ਸਾੜਫੂਕ ਕਿਵੇਂ ਬਰਦਾਸ਼ਤ ਕਰਦਾ, ਉਨ੍ਹਾਂ ਕੋਲ ਇਕੋ ਚਾਰਾ ਆਪਣੇ ਅਕਾਲ ਪੁਰਖ ਨੂੰ ਵੰਗਾਰਨ ਦਾ ਸੀ। ਆਪ ਪੁਕਾਰ ਉਠੇ —
‘ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ। (ਆਸਾ ਮ. 1)
ਅਤੇ ਭਾਈ ਮਰਦਾਨੇ ਸਮੇਤ ਲਕ ਬੰਨ੍ਹ, ਉਸ ਘਮਸਾਨ ਅੰਦਰ ਜਾ ਵੜੇ, ਦੁਖੀਆਂ ਰਞਾਣਿਆਂ ਦਾ ਦਰਦ ਵੰਡਾਉਣ ਲਈ। ਬਾਬਰ ਦੀ ਨਜ਼ਰ ਪਈ ‘ਇਹ ਕੌਣ ਹੈ ਮੇਰੇ ਹੁਕਮ ਦੇ ਉਲਟ ਉਭਾਸਰਨ ਵਾਲਾ’, ਪਕੜ ਮੰਗਾਇਆ। ਬਾਬਰ ਨਾਲ ਤਕਰਾਰ ਹੋਇਆ:
ਬਾਬੇ ਆਖਿਆ : ‘ਤਰਸ ਕਰ ਉਸ ਦੀ ਖਲਕਤ ਉਤੇ। ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ’, ਕਿਉਂ ਖਾਲਕ ਦੇ ਗਜ਼ਬ ਦਾ ਪਾਤਰ ਬਣਦਾ ਏਂ, ਦੋਜ਼ਖ ਦੀ ਅਗ ਤੈਨੂੰ ਇਉਂ ਹੀ ਸਾੜੇਗੀ, ਜਿਵੇਂ ਤੂੰ ਉਸ ਦੀ ਖਲਕਤ ਨੂੰ ਸਾੜ ਰਿਹਾ ਏਂ।’ ਬਾਬਰ ਨੂੰ ਹੋਸ਼ ਆਈ, ਚੌਂਕ ਉਠਿਆ, ਹੁਕਮ ਦਿਤਾ ਸਾੜਪੂਕ ਬੰਦ ਕਰੋ, ਜੋ ਬਚੇ ਹਨ ਫੜ ਲਉ, ਬੰਦੀ ਅੰਦਰ ਰਖੋ। ਬਾਬਾ ਨਾਨਕ ਤੇ ਮਰਦਾਨੇ ਵੀ ਫੜੇ ਗਏ।
ਸਿਆਲਕੋਟ ਦਾ ਸਾਰਾ ਸ਼ਹਿਰ ਤ੍ਰਾਸ-ਤ੍ਰਾਸ ਕਰ ਰਿਹਾ ਹੈ। ਜਿਉਂ ਜਿਉਂ ਪੀਰ ਹਮਜ਼ਾ ਗੌਂਸ ਦੇ ਚਲੀਹੇ ਦੇ ਦਿਨ ਪੁਗਦੇ ਦਿਸਦੇ ਹਨ, ਲੋਕ ਮਨਾ ਉਤੇ ਸ਼ਹਿਰ ਦੇ ਗਰਕ ਹੋ ਜਾਣ ਦਾ ਭੈਅ ਗੂੜਾ ਛਾਂਦਾ ਜਾਂਦਾ ਹੈ। ਕਈ ਕੋਹੀਂ ਦੂਰ ਬੈਠੇ ਗੁਰੂ ਨਾਨਕ ਆਪਣੇ ਸਾਥੀ ਨੂੰ ਕਹਿੰਦੇ ਹਨ ‘ਮਰਦਾਨਿਆਂ, ਵੇਖ ਰਬ ਦੇ ਰੰਗ, ਕਿਸੇ ਇਕ ਦੀ ਗਲਤੀ ਕਾਰਨ ਸਾਰਾ ਸਿਆਲਕੋਟ ਬਿਪਤਾ ਦੇ ਮੂੰਹ ਆਇਆ ਹੈ। ਪੀਰ ਸਾਰੇ ਸ਼ਹਿਰ ਉਪਰ ਨਰਾਜ਼ ਹੈ, ਕਹਿੰਦਾ ਹੈ ‘ਇਹ ਝੂਠੇ ਲੋਕਾਂ ਦਾ ਸ਼ਹਿਰ ਹੈ, ਮੈਂ ਆਪਣੇ ਜੁਹਦ ਤਪ ਦੇ ਬਲ ਇਸ ਨੂੰ ਗਰਕ ਕਰ ਦਿਆਂਗਾ।’ ਉਸ ਨੇ ਚਾਲੀ ਦਿਨਾਂ ਦਾ ਤਪ ਸਾਧ ਰਖਿਆ ਹੈ ਅਤੇ ਉਸ ਦਾ ਵਿਸ਼ਵਾਸ ਹੈ ਕਿ ਜਿਸ ਦਿਨ ਉਸ ਦਾ ਇਹ ਤਪ ਪੂਰਾ ਹੋ ਗਿਆ, ਉਹ ਸ਼ਹਿਰ ਨੂੰ ਗਰਕ ਕਰ ਦੇਵੇਗਾ। ਭੋਲੇ ਲੋਕ ਪੀਰ ਦੇ ਇਸ ਦਾਅਵੇ ਉਤੇ ਤਰਾਸ-ਤਰਾਸ ਕਰ ਰਹੇ ਹਨ। ਉਠ ਚਲੀਏ, ਮੇਰੇ ਮਾਲਕ ਨੂੰ ਦੁਖਿਆਰਿਆਂ ਦਾ ਦੁਖ ਨਹੀਂ ਭਾਉਂਦਾ, ਨਾ ਹੰਕਾਰੀਆਂ ਦਾ ਹੰਕਾਰ। ਹੰਕਾਰੀ ਦਾ ਹੰਕਾਰ ਤੋੜਨਾ ਅਤੇ ਅਣਸਰਦੇ ਦੀ ਬਾਂਹ ਫੜਨਾ ਭਲੇ ਮਨੁਖਾਂ ਦਾ ਕਰਮ ਹੁੰਦਾ ਹੈ।’
ਇਉਂ ਕਹਿੰਦੇ ਬਾਬੇ ਨਾਨਕ ਉਠ ਤੁਰੇ ਸ਼ਹਿਰ ਸਿਆਲਕੋਟ ਵਲ। ਪਿਛੇ ਪਿਛੇ ਰਬਾਬ ਸੰਭਲਾਦਾ ਮਰਦਾਨਾ ਜਾ ਰਿਹਾ ਹੈ। ਬਾਬਾ ਜਾ ਬੈਠਾ ਹਮਜ਼ਾ ਗੌਂਸ ਦੇ ਤਪੋ ਸਥਾਨ ਗੁੰਬਦ ਲਾਗੇ। ਉਸ ਬੇਰ ਹੇਠ , ਜੋ ਅਜ ਵੀ ਉਥੇ ਖੜੀ ਚਿਤਾ ਰਹੀ ਹੈ ਕਿ ਬਾਬਾ ਨਾਨਕ ਨੇ ਕਿਵੇਂ ਸੰਭਾਲਿਆ ਸ਼ਹਿਰ ਸਿਆਲਕੋਟ ਦੀ ਬਿਪਤਾ ਰੁਧੀ ਖਲਕਤ ਨੂੰ। ਕਿਉਂਕਿ ਬਾਬੇ ਦਾ ਵਿਸ਼ਵਾਸ ਸੀ ‘ਜਿਥੇ ਨੀਚ ਸਮਾਲੀਅਨਿ ਤਿਥੈ ਨਦਿਰ ਤੇਰੀ ਬਖਸ਼ੀਸ਼’ ਅਤੇ ਬਾਬਾ ਮਨੁਖ ਮਾਤਰ ਦਾ ਇਹੋ ਵਿਸ਼ਵਾਸ ਬਣਾ ਦੇਣਾ ਚਾਹੁੰਦਾ ਸੀ।
ਇਸ ਵਿਸ਼ਵਾਸ ਦੀ ਉਸਾਰੀ ਹੁੰਦੀ ਰਹੀ ਦੋ ਸੌ ਸਾਲ। ਅਨਾਥਾਂ, ਨਿਤਾਣਿਆਂ ਤੇ ਹੀਣੇ ਵਰਗ ਦੇ ਲੋਕਾਂ ਦੀ ਬਾਂਹ ਫੜੀ ਗਈ। ਤਲੇ ਪਿਆਂ ਨੂੰ ਉਚਿਆਇਆ ਗਿਆ। ਨਿਮਾਣਿਆਂ ਨੂੰ ਮਾਣ ਵਾਲੇ ਕੀਤਾ ਗਿਆ। ਊਣਿਆਂ ਨੂੰ ਸੁਭਰ ਤੇ ਸਖਣਿਆਂ ਨੂੰ ਭਰਿਆ ਗਿਆ। ਰੋਗੀਆਂ ਦੇ ਰੋਗ ਖੰਡੇ ਗਏ ਅਤੇ ਦੁਰਕਾਰਿਆਂ ਨੂੰ ਪੁਛ-ਪ੍ਰਤੀਤ ਵਾਲੇ ਕੀਤਾ ਗਿਆ। ਬੇਪਤੇ ਪਤ ਵਾਲੇ ਅਤੇ ਬਲਛਿਨੇ ਬਲਵਾਨ ਹੋ ਗਏ। ਭੈਅਭੀਤ ਹੋਇਆ ਦੇ ਭੈਅ ਕਟੇ ਗਏ ਅਤੇ ਮੌਤ ਤੋਂ ਤ੍ਰਾਸ ਤ੍ਰਾਸ ਕਰਨ ਵਾਲਿਆਂ ਨੇ ‘ਮੋਹਿ ਮਰਨੇ ਕਾ ਚਾਉ ਹੈ’ ਦਾ ਅਲਾਪ ਅਲਾਪਣਾ ਆਰੰਭ ਦਿਤਾ। ਇਥੋਂ ਤਕ ਕਿ ਮਜ਼ਲੂਮ ਜਨਤਾ ਉਪਰ ਢਾਏ ਜਾ ਰਹੇ ਜ਼ੁਲਮ ਨੂੰ ਠਲ ਪਾਉਣ ਹਿਤ ਨੌ ਸਾਲ ਦਾ ਬਚਾ ਆਪਣੇ ਪਿਤਾ ਨੂੰ ਵੰਗਾਰ ਰਿਹਾ ਹੈ ਕਿ ‘ਜੇ ਤੁਹਾਡੇ ਸਿਰ ਦਿਤਿਆਂ ਦੁਖਿਆਰੀ ਜਨਤਾ ਦੀ ਧਰਮ ਰਖਿਆ ਹੋ ਸਕਦੀ ਹੈ ਤਾਂ ਇਸ ਤੋਂ ਸਸਤਾ ਸੌਦਾ ਹੋਰ ਕੀ ਹੋ ਸਕਦਾ ਹੈ? ਇਹ ਸਾਰਾ ਨਤੀਜਾ ਉਸ ਅਹਿਸਾਸ ਦਾ ਸੀ, ਜੋ ‘ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ’ ਦੇ ਡੂੰਘੇ ਵਿਸ਼ਵਾਸ ਨੇ ਗੁਰੂ ਨਾਨਕ ਦੇ ਸਿਖਾਂ ਅੰਦਰ ਭਰ ਦਿਤਾ ਸੀ।
ਗੁਰੂ ਗੋਬਿੰਦ ਸਿੰਘ ਨੇ ਇਸ ਅਹਿਸਾਸ ਨੂੰ ਹੋਰ ਪਾਣ ਚਾੜ੍ਹੀ ਅਤੇ ਗੁਰੂ ਜੀ ਦਾ ਖਾਲਸਾ ਅਣਪੁਜਦੇ ਅਨਾਥ ਦੀ ਰਖਿਆ ਲਈ ਏਨਾ ਤਤਪਰ ਹੋ ਗਿਆ ਕਿ ਜੇ ਕਿਸੇ ਦੁÎਿਖਆਰੇ ਨੇ ਆ ਕੇ ਪੁਕਾਰ ਕੀਤੀ ਕਿ ਉਸ ਦੀ ਬ੍ਰਾਹਮਣੀ ਕਿਸੇ ਜਾਬਰ ਨੇ ਖੋਹ ਲਈ ਹੈ ਤਾਂ ਖਾਲਸੇ ਨੇ ਤਦੋਂ ਤਕ ਦਮ ਨਹੀਂ ਲਿਆ ਜਦੋਂ ਤਕ ਬ੍ਰਾਹਮਣੀ ਨੂੰ ਉਸ ਦੇ ਘਰ ਨਹੀਂ ਪੁਚਾਇਆ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਖਾਲਸਾ ਨੇ ਕੁਝ ਤਾਕਤ ਫੜੀ ਤਾਂ ਸਰਹਿੰਦ ਦੇ ਮਾਰਨ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਕਪੂਰੀ ਦੇ ਕਸਬੇ ਉਤੇ ਹਮਲਾ ਕੀਤਾ। ਇਥੇ ਅਸੀਂ ਡਾ. ਗੰਡਾ ਸਿੰਘ ਜੀ ਵਲੋਂ ਅੰਕਿਤ ਬੰਦਾ ਸਿੰਘ ਬਹਾਦਰ ਸਬੰਧੀ ਅਸਲ ਸ਼ਬਦ ਲਿਖਣਾ ਯੋਗ ਸਮਝਦੇ ਹਾਂ। ਉਹ ਲਿਖਦੇ ਹਨ ‘ਕਪੂਰੀ’ ਦਾ ਫੌਜਦਾਰ ਕਾਦਮ ਉਦ ਦੀਨ ਅਤਿ ਨੀਚ ਕਿਸਮ ਦਾ ਕਾਮੀ ਮਨੁਖ ਸੀ। ਜਿਸ ਦੀ ਆਚਰਣਹੀਣਤਾ ਦੀ ਚਰਚਾ ਢਾਈ ਸੌ ਸਾਲ ਬੀਤ ਜਾਣ ਪਿਛੋਂ ਅੱਜ ਵੀ ਕਪੂਰੀ ਅਤੇ ਇਸ ਦੇ ਗਿਰਦੋ-ਨਵਾਹ ਵਿਚ ਉਸੇ ਤਰ੍ਹਾਂ ਕਾਇਮ ਹੈ। ਸ਼ਾਇਦ ਹੀ ਕੋਈ ਸੁੰਦਰ ਹਿੰਦੂ ਔਰਤ ਇਥੇ ਹੋਵੇਗੀ ਜਿਸਦੀ ਪਤ ਇਸ ਅਤਿ ਨੀਚ ਹਾਕਮ ਹਥੋਂ ਨਾ ਲਥੀ ਹੋਵੇ। ਇਸ ਦੇ ਸਵਾਰ ਇਲਾਕੇ ਅੰਦਰ ਘੁੰਮਦੇ ਰਹਿੰਦੇ ਅਤੇ ਹਰ ਸਜ ਵਿਆਹੀ ਹਿੰਦੂ ਕੁੜੀ ਦਾ ਡੋਲਾ ਘਰੀਂ ਮੁੜਦੀ ਬਰਾਤ ਹਥੋਂ ਖੋਹ ਕੇ ਲੈ ਜਾਂਦੇ। ਇਸ ਤਰ੍ਹਾਂ ਕਾਦਮ-ਉਦ-ਦੀਨ ਇਲਾਕੇ ਦੇ ਗੈਰ ਮੁਸਲਮਾਨ ਵਸਨੀਕਾਂ ਲਈ ਵਡਾ ਹਊਆ ਬਣਿਆ ਹੋਇਆ ਸੀ। ਇਸ ਲਈ ਬੰਦਾ ਸਿੰਘ ਨੇ ਹੋਰ ਕੋਈ ਗਲ ਕਰਨ ਤੋਂ ਪਹਿਲੋਂ…ਕਪੂਰੀ ਉਤੇ ਹਮਲਾ ਕੀਤਾ। ਉਸ ਦੇ ਮਹਿਲ ਤੇ ਹਰਮਖਾਨੇ ਸਾੜ ਫੂਕ ਦਿਤੇ….ਅਤੇ ਉਸ ਦਾ ਨਾਮੋ ਨਿਸ਼ਾਨ ਮੇਟ ਦਿਤਾ।’
ਅਠਾਰ੍ਹਵੀਂ ਸਦੀ ਅੰਦਰ ਜਦੋਂ ਪਛਮ ਤੋਂ ਨਾਦਰ ਅਤੇ ਅਹਿਮਦ ਸ਼ਾਹ ਅਬਦਾਲੀ ਵਾਰ ਵਾਰ ਹਿੰਦੋਸਤਾਨ ਉਤੇ ਹਮਲੇ ਕਰਕੇ ਦੇਸ ਦਾ ਮਾਲ ਧਨ ਅਤੇ ਸੁੰਦਰ ਲੜਕੀਆਂ ਤੇ ਲੜਕਿਆਂ ਦੇ ਹੇੜਾਂ ਦੇ ਹੇੜ ਪਸ਼ੂਆਂ ਦੇ ਵਗਾਂ ਸਮਾਨ ਏਥੋਂ ਹਿਕ ਲੈ ਜਾਣ ਦੇ ਯਤਨ ਕਰਦੇ ਰਹੇ ਤਾਂ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਹੀ ਇਨ੍ਹਾਂ ਦੁਖਿਆਰਿਆਂ ਦੀ ਸਹਾਇਤਾ ਲਈ ਮੈਦਾਨ ਵਿਚ ਆਉਂਦਾ ਅਤੇ ਉਨ੍ਹਾਂ ਨੂੰ ਹਮਲਾਵਰਾਂ ਪਾਸੋਂ ਛੁੜਾ ਕੇ ਘਰੋਂ ਘਰੀ ਪਹੁੰਚਾਉਂਦਾ ਰਿਹਾ। ਸ. ਜਸਾ ਸਿੰਘ ਆਹਲੂਵਾਲੀਏ ਦਾ ਇਕ ਵਾਰ ਅਠਾਰਾਂ ਹਜ਼ਾਰ ਲੜਕੀ ਲੜਕੇ ਛੁਡਾ ਲੈ ਜਾਣ ਦੇ ਵਾਕਿਆਂ ਨੂੰ ਬਿਆਨ ਕਰਦਾ ਹੋਇਆ ਡਾ. ਗੋਕਲ ਚੰਦ ਨਾਰੰਗ ਲਿਖਦਾ ਹੈ ਕਿ ਉਸ ਸਮੇਂ ਸ. ਜਸਾ ਸਿੰਘ ਦਾ ਨਾਮ ‘ਬੰਦੀ ਛੋੜ’ ਕਰਕੇ ਮਸ਼ਹੂਰ ਹੋ ਗਿਆ।
ਇਸ ਪ੍ਰਕਾਰ ਦੀ ਜਵਾਂਮਰਦੀ ਅਤੇ ਜਾਂਬਾਜੀ ਦੀਆਂ ਅਨੇਕ ਮਿਸਾਲਾਂ ਨਾਲ ਸਿਖ ਇਤਿਹਾਸ ਭਰਿਆ ਪਿਆ ਹੈ। ਇਥੋਂ ਤੀਕ ਕਿ ਅਗਰ ਦੁÎਸ਼ਮਣ ਨੇ ਵੀ ਕਿਸੇ ਸਮੇਂ ਆਪਣੇ ਮਜ਼ਲੂਮ ਹੋਣ ਦੀ ਵਾਰਤਾ ਖਾਲਸੇ ਮੂਹਰੇ ਕੀਤੀ ਤਾਂ ਆਪਣੇ ਪਿਛਲੇ ਸਾਰੇ ਵੈਰ ਵਿਰੋਧ ਗਵਾ ਕੇ ਖਾਲਸੇ ਨੇ ਮਜ਼ਲੂਮ ਦੀ ਮਦਦ ਕੀਤੀ। ਮੁਗਲ ਬਾਦਸ਼ਾਹ ਬਹਾਦਰ ਸ਼ਾਹ, ਜਿਸ ਨੇ 1710 ਵਿਚ ਸਿਖਾਂ ਦੇ ਸਮੁਚੇ ਤੌਰ ਉਤੇ ਕਤਲ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਸਨ, ਦੀ ਮਲਕਾ ਨੇ ਜਦੋਂ ਅਤਿ ਮੁਸੀਬਤ ਦੀ ਹਾਲਤ ਵਿਚ ਖਾਲਸੇ ਦੀ ਸ਼ਰਣ ਲਈ ਅਤੇ ਅਕਾਲ ਤਖ਼ਤ ਸਾਹਿਬ ਉਤੇ ਖਾਲਸੇ ਨੂੰ ਆਪਣੇ ਬਿਰਦ ਬਾਣੇ ਦੀ ਲਾਜ ਰਖਦੇ ਹੋਏ ਸਹਾਇਤਾ ਕਰਨ ਲਈ ਵੰਗਾਰਿਆ ਤਾਂ ਖਾਲਸੇ ਨੇ ਪਿਛਲੇ ਸਾਰੇ ਵੈਰ ਭੁਲ ਕੇ ਮਜ਼ਲੂਮ ਮਲਕਾਂ ਦੀ ਮਦਦ ਲਈ ਦਿਲੀ ਉਤੇ ਚੜ੍ਹਾਈ ਕੀਤੀ ਅਤੇ ਫਤਿਹ ਪਾਉਣ ਪਿਛੋਂ ਸਭ ਕੁਝ ਮਲਕਾਂ ਨੂੰ ਸੰਭਾਲਦੇ ਹੋਏ ਆਪਣੀ ਖੁਲ੍ਹਦਿਲੀ ਦਾ ਸਬੂਤ ਦਿਤਾ।
ਬਾਬਾ ਬੰਦਾ ਸਿੰਘ ਬਹਾਦਰ ਦੀਆਂੰ ਸਮਾਣੇ, ਸਢੌਰੇ, ਸਰਹਿੰਦ ਆਦਿ ਦੀਆਂ ਜਿਤਾਂ ਪਿਛੋਂ ਦੋ ਤਿੰਨ ਸਾਲ ਦਾ ਥੋੜਾ ਜਿਹਾ ਸਮਾਂ, ਜੋ ਉਨ੍ਹਾਂ ਨੂੰ ਫਤਿਹ ਕੀਤੇ ਇਲਾਕੇ ਵਿਚ ਰਾਜਭਾਗ ਦੇ ਪ੍ਰਬੰਧ ਦਾ ਮਿਲਿਆ, ਉਸ ਵਿਚ ਉਨ੍ਹਾਂ ਨੇ ਬਿਨਾਂ ਕਿਸੇ ਪਖਪਾਤ ਹੀਣੇ ਵਰਗ ਦੇ ਬੰਦਿਆਂ ਨੂੰ ਉਪਰ ਉਠਾਉਣ ਦਾ ਯਤਨ ਕੀਤਾ। ਡਾ. ਗੰਡਾ ਸਿੰਘ ਨੇ ਲਿਖਿਆ ਹੈ, ‘ਆਪਣੇ ਬਜ਼ੁਰਗਵਾਰ ਗੁਰੂ ਵਾਂਗ ਉਹ ਮਜ਼ਲੂਮ ਤੇ ਲਿਤਾੜੇ ਹੋਏ ਲੋਕਾਂ ਦੀ ਬਾਂਹ ਫੜਨ ਵਾਲਾ ਸੀ ਅਤੇ ਉਸ ਦੀ ਸਰਕਾਰ ਅਧੀਨ ਨੀਚ ਤੋਂ ਨੀਚ ਆਦਮੀ ਉਚੀ ਤੋਂ ਉਚੀ ਪਦਵੀ ਪ੍ਰਾਪਤ ਕਰਦੇ ਰਹੇ…ਪਰੰਤੂ ਮਜ਼੍ਹਬੀ ਪਖਪਾਤ ਤੋਂ ਬੇਲਾਗ ਰਹਿੰਦੇ ਹੋਏ ਉਸ ਨੇ ਆਪਣੇ ਯੁਧਾਂ-ਜੰਗਾਂ ਉਪਰ ਇਸਲਾਮ ਵਿਰੋਧੀ ਹੋਣ ਦਾ ਧਬਾ ਨਹੀਂ ਆਉਣ ਦਿਤਾ…ਉਸ ਦੀ ਨਿਗਾਹ ਵਿਚ ਹਿੰਦੂ-ਸਿਖ-ਮੁਸਲਮਾਨ ਇਕੋ ਕੁਝ ਸਨ। ਮੁਗਲ ਕਰਮਚਾਰੀਆਂ ਹਥੋਂ ਸਤਾਇਆ ਹੋਇਆ ਕੋਈ ਵੀ ਉਸ ਪਾਸ ਗਿਆ, ਉਹ ਉਸ ਦੀ ਸਹਾਇਤਾ ਤੇ ਹਮਦਰਦੀ ਦਾ ਪਾਤਰ ਬਣਿਆ…ਮਜ਼ਲੂਮ, ਦਬੇ ਹੋਏ ਕਾਸ਼ਤਕਾਰਾਂ ਦੇ ਮੋਢਿਆਂ ਤੋਂ ਜ਼ਿਮੀਂਦਾਰੀ ਜੂਲਾ ਲਾਹ ਸੁਟਣ ਦੇ ਉਸ ਦੇ ਪ੍ਰੋਗਰਾਮ ਨੇ ਪੰਜ ਹਜ਼ਾਰ ਮੁਸਲਮਾਨਾਂ ਨੂੰ ਉਸ ਦੀਆਂ ਫੌਜਾਂ ਵਿਚ ਭਰਤੀ ਕਰਵਾ ਦਿਤਾ।
ਸਿਖਾਂ ਦੇ ਵਿਸ਼ੇਸ ਅਦਾਰੇ ਸੰਗਤ, ਪੰਗਤ, ਲੰਗਰ, ਸਰੋਵਰ, ਹਰਿਮੰਦਰ ਤੇ ਧਰਮ ਗ੍ਰੰਥ ਆਪਣੇ ਆਪ ਵਿਚ ਇਸ ਗਲ ਦਾ ਸਬੂਤ ਹਨ ਕਿ ਨੀਚ, ਨਿਆਸਰੇ ਅਤੇ ਦੁਰਕਾਰੇ ਜਾਂਦੇ ਲੋਕਾਂ ਨੂੰ ਸਿਖੀ ਕਿਸ ਪਿਆਰ ਤੇ ਸਤਿਕਾਰ ਨਾਲ ਵੇਖਦੀ ਹੈ। ਕਹੇ ਜਾਂਦੇ ਨੀਚ ਤੋਂ ਨੀਚ, ਦੀਨ ਹੀਣ ਅਤੇ ਗਰੀਬ ਆਦਮੀ ਨੂੰ ਸਿਖਾਂ ਦੀ ਸੰਗਤ ਪੰਗਤ ਅਤੇ ਗੁਰਦੁਆਰੇ ਅੰਦਰ ਦੂਜਿਆਂ ਦੇ ਸਮਾਨ ਬੈਠਣ, ਸਰੋਵਰ ਅੰਦਰ ਦੂਜਿਆਂ ਵਾਂਗ ਇਸ਼ਨਾਨ ਕਰਨ ਅਤੇ ਸਿਖਾਂ ਦੇ ਪਾਵਨ ਜਗਤ ਜੋਤਿ ਗੁਰੂ ਗ੍ਰੰਥ ਸਾਹਿਬ ਦੇ ਪੜ੍ਹਨ ਪਾਠਣ ਸੁਣਨ ਅਤੇ ਗੁਰੂ ਦੀ ਹਜ਼ੂਰੀ ਵਿਚ ਕੀਰਤਨ ਕਰਨ ਦਾ ਓਨਾ ਹੀ ਅਧਿਕਾਰ ਹੈ, ਜਿੰਨਾ ਕਿ ਉਚ ਕੋਟੀ ਦੇ ਵਿਦਵਾਨ, ਗਿਆਨੀ, ਧਨਾਢ ਜਾਂ ਰਾਜੇ ਮਹਾਰਾਜੇ ਨੂੰ। ਹਥੀਂ ਸੇਵਾ ਕਰਨ ਦਾ ਮਹਾਤਮਾ ਜਪ ਤਪ ਤੋਂ ਵੀ ਉਚਾ ਹੈ ਅਤੇ ਵਡੇ ਤੋਂ ਵਡਾ ਮਨੁਖ ਵੀ ਲੰਗਰ ਦੇ ਜੂਠੇ ਬਰਤਨ ਮਾਂਜਣਾ, ਪਾਣੀ ਢੋਣਾ ਤੇ ਪਖਾ ਝੁਲਾਉਣਾ ਆਪਣੇ ਲਈ ਫਖਰ ਦੀ ਗਲ ਸਮਝਦਾ ਹੈ ਭਾਵੇਂ ਉਹ ਐਸਾ ਕੁਝ ਸੰਗਤ ਤੇ ਪੰਗਤ ਵਿਚ ਜੁੜੇ ਅਤਿ ਨੀਚ ਤੇ ਕੰਗਾਲ ਲਈ ਕਿਉਂ ਨਾ ਕਰਦਾ ਹੋਵੇ। ਕਿਉਂਕਿ ਉਸ ਦਾ ਇਹ ਵਿਸ਼ਵਾਸ ਹੈ ਕਿ ਉਸ ਦਾ ਰਬ ਐਸੀ ਸੇਵਾ ਉਤੇ ਖੁਸ਼ ਹੁੰਦਾ ਅਤੇ ਮਿਹਰਾਂ ਵਰਸਾਉਂਦਾ ਹੈ। ਦੀਨ, ਹੀਣ ਤੇ ਮਜ਼ਲੂਮ ਦੀ ਸਹਾਇਤਾ ਲਈ ਰਣਖੇਤਰ ਅੰਦਰ ਜਾ ਕੁਦਣਾ ਅਤੇ ਉਸ ਦੇ ਬਚਾਓ ਲਈ ਆਪਣੇ ਪ੍ਰਾਣ ਤਕ ਲਾ ਦੇਣਾ ਉਸ ਦਾ ਕਰਮ ਰਿਹਾ ਹੈ।
ਸ੍ਰੀ ਗ੍ਰੰਥ ਸਾਹਿਬ ਜੀ ਅੰਦਰ ਆਦੇਸ਼ ਹੈ —
ਸੂਰ ਸੋ ਪਹਚਾਨੀਐ ਜੁ ਲਰੈ ਦੀਨ ਕੇ ਹੇਤ।
ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੈ ਖੇਤੁ।
ਸਿਖ ਪ੍ਰਤੀ ਅਜਿਹੇ ਆਦੇਸ਼ ਦਾ ਹੀ ਸਦਕਾ ਸੀ ਕਿ ਦੇਸ ਅੰਦਰ ਅੰਗਰੇਜ਼ ਦੇ ਰਾਜ ਤੋਂ ਪਹਿਲੋਂ ਹਰ ਸਿਖ ਸ਼ਸਤਰਧਾਰੀ ਸੂਰਮਾ ਸੀ ਅਤੇ ਸਿਖ ਦਾ ਇਕੋ ਪੇਸ਼ਾ ਯੂਰਪ ਦੇ ਮਧਕਾਲੀ ਨਾਈਟ ਵਾਂਗ ਦੀਨ ਦੁਖੀ ਦੀ ਸਹਾਇਤਾ ਲਈ ਲੜ ਮਰਨਾ ਹੀ ਸੀ। ਅੰਗਰੇਜ਼ ਦੇ ਮਨ ਅੰਦਰ ਸਿਖੀ ਆਚਰਣ ਦੀ ਅਜਿਹੀ ਖਾਸੀਅਤ ਦੇ ਭੈਅ ਨੇ ਉਸ ਨੂੰ ਮਜ਼ਬੂਰ ਕੀਤਾ ਕਿ ਉਹ ਸਿਖ ਨੂੰ ਸ਼ਸਤਰਹੀਣ ਕਰੇ ਅਤੇ ਸਿਵਾਏ ਉਨ੍ਹਾਂ ਸਿਖਾਂ ਦੇ, ਜਿਨ੍ਹਾਂ ਨੂੰ ਅੰਗਰੇਜ਼ ਨੇ ਆਪਣੀ ਨੌਕਰੀ ਵਿਚ ਲੈ ਲਿਆ, ਬਾਕੀ ਸਭ ਲਈ ਅੰਗਰੇਜ਼ ਸਰਕਾਰ ਨੇ ਭਾਂਤ-ਭਾਂਤ ਦੇ ਪੇਸ਼ੇ ਅਪਨਾਉਣ ਦਾ ਰਾਹ ਖੋਲ੍ਹ ਦਿਤਾ, ਜਿਨ੍ਹ੍ਵਾਂ ਵਿਚ ਸਿਖ ਨਾ ਕੇਵਲ ਰੁਝ ਹੀ ਗਏ ਸਗੋਂ ਇਨ੍ਹਾਂ ਪੇਸ਼ਿਆਂ ਤੋਂ ਮਿਲੇ ਸੁਖ ਆਰਾਮ ਨੇ ਉਨ੍ਹਾਂ ਨੂੰ ਸ਼ਸਤਰ ਦੀ ਵਰਤੋਂ ਹੀ ਭੁਲਾ ਦਿਤੀ ਅਤੇ ਉਹ ਯੂਰਪ ਦੇ ਮਧਕਾਲੀ ਨਾਈਟ ਵਾਲੀ ਅਵਸਥਾ ਨੂੰ ਤਿਆਗ ਹੀ ਗਏ। (ਇਹ ਪੇਸ਼ੇ ਸਨ ਪੰਜਾਬ ਦੇ ਪਛਮ ਵਿਚ ਨਵੀਆਂ ਖੁਲ੍ਹੀਆਂ ਸਾਂਦਲ, ਗੰਜੀ ਤੇ ਨੀਲੀ ਬਾਰਾਂ ਦੇ ਵਿਸ਼ਾਲ ਖੇਤਾਂ ਦੀ ਵਾਹੀ ਤੇ ਬਾਗ ਬਗੀਚੇ, ਯੂਪੀ ਦੇ ਤਰਾਈ ਦੇ ਮੈਦਾਨ ਤੇ ਇਨ੍ਹਾਂ ਸਭ ਥਾਈਂ ਨਵੀਆਂ ਪੁਟੀਆਂ ਗਈਆਂ ਨਹਿਰਾਂ ਦੇ ਪਾਣੀ) ਸਿਖ ਧਨਾਢ ਅਤੇ ਸੁਖਿਆਰੇ ਹੋ ਗਏ ਅਤੇ ਉਹ ਸਾਰੇ ਅਉਗਣ ਜੋ ਅਮੀਰੀ ਆਪਣੇ ਨਾਲ ਲਿਆਉਂਦੀ ਹੈ, ਇਨ੍ਹਾਂ ਨੇ ਗ੍ਰਹਿਣ ਕਰ ਲਏ। ਅੰਗਰੇਜ਼ ਨੇ ਭਾਵੇਂ ਆਪਣਾ ਰਸਤਾ ਸਾਫ ਕਰ ਲਿਆ ਪਰ ਸਿਖ ਦਾ ਦੀਨ-ਹੀਣ ਦੀ ਸੰÎਭਾਲ ਵਾਲਾ ਉਦੇਸ਼ ਵਿਸ਼ਾਲ ਖੇਤਾਂ ਤੇ ਬਾਗ ਬਗੀਚਿਆਂ ਦੀਆਂ ਬੇਤਸ਼ਾਹਾ ਵਧੀਆ ਆਮਦਨਾਂ ਹਥੀ ਵਿਕ ਗਿਆ।
ਸਿਖ ਦੇ ਆਚਰਣ ਦਾ ਮਿਆਰ ਵੀ ਉਹ ਨਾ ਰਿਹਾ ਅਤੇ ‘ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ’ ਵਾਲੇ ਵਿਸ਼ਵਾਸ ਅੰਦਰ ਹੀ ਪਲਟਾ ਆ ਗਿਆ ਅਤੇ ਨੀਵੇਂ ਤੇ ਹੀਣਿਆਂ ਦੀ ਸੰਭਾਲ ਦੇ ਉਦੇਸ਼ ਵਾਲੇ ਸਿਖ ਨੇ ‘ਮਾਲ ਕੈ ਮਾਣੈ ਰੂਪ ਦੀ ਸੋਭਾ ਇਤੁ ਬਿਧੀ ਜਨਮੁ ਗਵਾਇਆ’। (ਸਿਰੀ ਰਾਗ ਮੰ. 1)
ਪਰ ਸਿਖਾਂ ਦੇ ਭਲੇ ਸਮੇਂ ਦੀ ਇਕ ਯਾਦ ਮੇਰੇ ਸਾਹਮਣੇ ਉਦੋਂ ਆਈ ਜਦੋਂ ਮੈਂ ਟ੍ਰਿਬਿਊਨ ਅਖਬਾਰ ਦੇ 15 ਜੁਲਾਈ 1979 ਦੇ ਪਰਚੇ ਵਿਚ ਸਿਖਾਂ ਦੇ ਇਕ ਅਦੁਤੀ ਕਾਰਨਾਮੇ ਦੀ ਵਾਰਤਾ ਪੜ੍ਹੀ। ਇਸ ਦੀ ਭੁਲੀ ਵਿਸਰੀ ਯਾਦ ਮੇਰੇ ਧੁਰ ਅੰਦਰ ਪਿਛਲੇ ਸਠ ਸਾਲ ਤੋਂ ਤੁਰੀ ਆ ਰਹੀ ਸੀ, ਜਦੋਂ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਪੜ੍ਹਦਾ ਸੀ। ਪਰ ਇਹ ਇਉਂ ਪ੍ਰਗਟ ਰੂਪ ਵਿਚ ਨਹੀਂ ਸੀ ਜਿਵੇਂ ਟ੍ਰਿਬਿਊਨ ਵਿਚ ਛਪੇ ਲੇਖ ਪੜ੍ਹਨ ਉਪਰੰਤ ਹੋਈ। ਇਹ ਵਾਰਤਾ ਪਹਿਲੇ ਪਹਿਲ ਇਕ ਰੋਮਾਂਟਿਕ ਨਾਵਲ ਦੇ ਰੂਪ ਵਿਚ ਆਸਾਮੀ ਭਾਸ਼ਾ ਅੰਦਰ ਸੰਨ 1930 ਵਿਚ ਛਪੀ ਦਸੀ ਜਾਂਦੀ ਹੈ। ਪਰ ਉਥੇ ਇਸ ਇਤਿਹਾਸਕ ਵਾਰਤਾ ਦੇ ਦੋ ਨਾਇਕਾਂ ਦੀ ਬੇਮਿਸਾਲ ਸੂਰਮਗਤੀ ਉਪਰ ਸਵਰਗ ਲੋਕ ਦੀਆਂ ਦੋ ਦੇਵੀਆਂ ਨੂੰ ਅਸ਼-ਅਸ਼ ਕਰਦੀਆਂ ਅਤੇ ਵਚਨਬਧ ਹੁੰਦੀਆਂ ਵਿਖਾਇਆ ਗਿਆ ਹੈ ਕਿ ਜਦੋਂ ਇਹ ਯੋਧੇ ਫਤਿਹ ਹਾਸਲ ਕਰਕੇ ਵਾਪਸ ਪਰਤਣਗੇ ਤਾਂ ਉਹ ਸੁੰਦਰੀਆਂ ਇਨ੍ਹਾਂ ਨੂੰ ਵਰਣਗੀਆ। ਪਰੰਤੂ ਉਹ ਦੋਵੇਂ ਸੂਰਮੇ ਵਡੀ ਬਹਾਦਰੀ ਨਾਲ ਲੜਦੇ ਹੋਏ ਇਨ੍ਹਾਂ ਦੇ ਦੇਖਦਿਆਂ ਸ਼ਹੀਦ ਹੋ ਜਾਂਦੇ ਹਨ, ਜਿਸ ਉਤੇ ਇਹ ਦੇਵੀਆਂ ਉਥੇ ਹੀ ਸੁੰਨ ਹੋ ਜਾਂਦੀਆਂ ਅਤੇ ਦੋ ਛੋਟੀਆਂ ਛੋਟੀਆਂ ਪਹਾੜੀਆਂ ਫੂਲਾਰਾ ਤੇ ਚਟਾਲਾ ਬਣ ਜਾਂਦੀਆਂ ਹਨ, ਜੋ ਅਜ ਵੀ ਉਸ ਥਾਉਂ ਆਪਣੇ ਦਿਤੇ ਬਚਨ ਦੀ ਅਭੁਲ ਯਾਦ ਬਣ ਕੇ ਖੜੀਆਂ ਹਨ। ਭਾਵੇਂ ਉਸ ਨਾਵਲਕਾਰ ਦੀ ਇਹ ਸੁੰਦਰ ਕਾਵਿ ਉਡਾਰੀ ਹੀ ਹੈ ਪਰ ਇਸ ਦੇ ਪਿਛੇ ਇਕ ਇਤਿਹਾਸਕ ਸਚਾਈ ਹੈ, ਜਿਸ ਨੂੰ ਟ੍ਰਿਬਿਊਨ ਦਾ ਲੇਖਕ ਬਿਆਨ ਕਰਦਾ ਹੈ —
ਸੰਨ 1820 ਦੇ ਕਰੀਬ ਬਰਮੀ ਫੌਜਾਂ ਨੇ ਆਸਾਮ ਉਤੇ ਹਮਲਾ ਕਰ ਦਿਤਾ। ਆਸਾਮ ਦਾ ਵਾਲੀ ਚੰਦਰ ਕਾਂਤਾ ਸਿੰਘ ਇਕ ਧਰਮੀ ਰਾਜਾ ਸੀ, ਜਿਸ ਉਤੇ ਉਸ ਦੀ ਪਰਜਾ ਜਾਨ ਦੇਂਦੀ ਸੀ। ਪਰੰਤੂ ਬਰਮੀ ਫੌਜ ਗਿਣਤੀ ਵਿਚ ਬਹੁਤ ਜ਼ਿਆਦਾ ਤੇ ਵਧੇਰੇ ਬਲਵਾਨ ਸੀ, ਜਿਸਦਾ ਮੁਕਾਬਲਾ ਚੰਦਰ ਕਾਂਤਾ ਸਿੰਘ ਦੇ ਗਿਣਤੀ ਦੇ ਫੌਜੀਆਂ ਲਈ ਮੁਸ਼ਕਿਲ ਸੀ। ਉਸ ਦੀ ਅਣਸਰਦੀ ਦਸ਼ਾ ਨੂੰ ਮਹਿਸੂਸ ਕਰਦੇ ਅਤੇ ਸਿੰਘ ਨਾਂ ਦੀ ਲਾਜ ਪਾਲਦੇ ਹੋਏ ਉਸ ਦੀ ਮਦਦ ਲਈ ਪੰਜਾਬ ਤੋਂ ਸੂਬੇਦਾਰ ਚੈਤੰਨਯਾ ਸਿੰਘ (ਉਸ ਦਾ ਪੰਜਾਬੀ ਨਾਂ ਚੇਤੰਨ ਸਿੰÎਘ ਪ੍ਰਤੀਤ ਹੁੰਦਾ ਹੈ) ਪੰਜ ਸੌ ਸਿੰਘ ਜਵਾਨਾਂ ਦੀ (ਕਿਸੇ ਹੋਰ ਥਾਂ ਇਹ ਗਿਣਤੀ ਪੰਜ ਹਜ਼ਾਰ ਲਿਖੀ ਦਸੀ ਜਾਂਦੀ ਹੈ, ਕੁਮਕ ਲੈ ਕੇ ਪਹੁਚਿਆ। ਰਾਜਾ ਚੰਦਰ ਕਾਂਤਾ ਸਿੰਘ ਦੀ ਆਪਣੀ ਫੌਜ ਜਿਸ ਵਿਚ ਅਹੁਮ ਜਾਤੀ ਦੇ ਲੋਕਾਂ, ਕਈ ਮੁਸਲਮਾਨਾਂ ਅਤੇ ਕੁਝ ਹੋਰ ਸਥਾਨਕ ਜਵਾਨਾਂ ਦੇ ਦਸਤੇ ਸ਼ਾਮਿਲ ਸਨ, ਮਿਲ ਮਿਲਾ ਕੇ ਸਾਰੀ ਪੰਜ ਕੁ ਹਜ਼ਾਰ ਗਿਣਤੀ ਬਣਦੀ ਸੀ। ਹਰ ਇਕ ਫੌਜੀ ਦਸਤੇ ਦੇ ਮੁਖੀ ਨੇ ਰਾਜੇ ਨੂੰ ਆਪਣੀ ਵਫਾਦਾਰੀ ਦਾ ਪੂਰਾ ਭਰੋਸਾ ਦਿਤਾ। ਖਾਸ ਕਰਕੇ ਸੂਬੇਦਾਰ ਚੇਤੰਨ ਸਿੰਘ ਦਾ ਤਾਂ ਇਹ ਕਹਿਣਾ ਸੀ ਕਿ ‘ਗੁਰੂ ਗੋਬਿੰਦ ਸਿੰਘ ਦਾ ਖਾਲਸਾ ਅਵਲ ਤਾਂ ਜਿਤੇਗਾ ਵਰਨਾ ਰਣਖੇਤਰ ਅੰਦਰ ਸ਼ਹੀਦੀ ਪ੍ਰਾਪਤ ਕਰੇਗਾ, ਪਿਠ ਕਦੀ ਨਹੀਂ ਦੇਵੇਗਾ। ਚੁਨਾਂਚਿ ਚੇਤੰਨ ਸਿੰਘ ਅਤੇ ਸਥਾਨਕ ਫੌਜ ਦੇ ਮੁਖੀ ਕ੍ਰਿਸਨਾ ਰਾਮ ਨੇ ਜੰਗ ਅੰਦਰ ਵਡੀ ਸੂਰਬੀਰਤਾ ਵਿਖਾਈ ਅਤੇ ਦੋਵੇਂ ਹੀ ਲੜਦੇ ਲੜਦੇ ਹਾਦਰਾਚਕੀ ਦੇ ਮੈਦਾਨ ਅੰਦਰ ਸ਼ਹੀਦੀ ਪਾ ਗਏ। ਟ੍ਰਿਬਿਊਨ ਦਾ ਲੇਖਕ ਲਿਖਦਾ ਹੈ ਕਿ ਚੇਤੰਨ ਸਿੰਘ ਤੋਂ ਪਿਛੋਂ ਉਸ ਦੀ ਪਤਨੀ ਕ੍ਰਿਪਾਨ ਧੂਹ ਕੇ ਮੈਦਾਨ ਵਿਚ ਆਈ ਅਤੇ ਅਨੇਕਾਂ ਬਰਮੀਆਂ ਦਾ ਸਫਾਇਆ ਕਰਦੀ ਹੋਈ ਜੰਗ ਅੰਦਰ ਸ਼ਹੀਦ ਹੋ ਕੇ ਇਕ ਸਚੀ ਸੁਚੀ ਪਤਨੀ ਦਾ ਦਰਜਾ ਪ੍ਰਾਪਤ ਕਰ ਗਈ। ਪਰ ਲੇਖਕ ਨਾਲ ਹੀ ਇਹ ਕਹਿੰਦਾ ਹੈ ਕਿ ਇਕ ਆਤਮਾ ਸਿੰਘ ਨਾਂ ਦਾ ਸਜਣ, ਜੋ ਥੋੜਾ ਚਿਰ ਪਹਿਲੋ ਨਾਓਗਾਂਗ (ਆਸਾਮ) ਤੋਂ ਹਾਈ ਸਕੂਲ ਦੇ ਹੈਡਮਾਸਟਰ ਰਿਟਾਇਰ ਹੋਏ ਸਨ, ਨੇ ਉਸ ਨੂੰ ਦਸਿਆ ਸੀ ਕਿ ਉਹ ਸੂਬੇਦਾਰ ਚੈਤੰਨਯਾ ਸਿੰਘ ਦੇ ਪੜਪੋਤੇ ਸਨ ਅਤੇ ਉਨ੍ਹਾਂ ਦੀ ਬਜ਼ੁਰਗ ਪੜਦਾਦੀ ਜਿਸ ਨੂੰ ਅੱਜ ਵੀ ਕਮਾਂਡਰਣੀ (ਕਮਾਂਡਰ ਦੀ ਪਤਨੀ) ਕਰਕੇ ਯਾਦ ਕੀਤਾ ਜਾਂਦਾ ਹੈ, ਜੰਗ ਅੰਦਰ ਸ਼ਹੀਦ ਨਹੇਂ ਹੋਈ ਸੀ ਬਲਕਿ ਜੰਗ ਲੜਨ ਪਿਛੋਂ ਉਹ ਸਮੇਤ ਉਨ੍ਹਾਂ ਸਿਖ ਨੌਜਵਾਨਾਂ ਦੇ ਜੋ ਲੜਾਈ ਉਪਰੰਤ ਜਿਉਂਦੇ ਰਹੇ, ਵਾਪਸ ਪੰਜਾਬ ਪਰਤਣ ਦੀ ਬਜਾਏ ਆਸਾਮ ਵਿਚ ਹੀ ਆਬਾਦ ਹੋ ਗਈ ਸੀ। ਉਨ੍ਹਾਂ ਦੀ ਔਲਾਦ ਅਜ ਤਕ ਜ਼ਿਲ੍ਹਾ ਨਾਓਗਾਂਗ ਦੇ ਪਿੰਡਾਂ ਚਪਰਮੁਖ, ਬਰਕਲਾ, ਲੰਕਾ, ਹਰੀਪਾੜਾ ਤੇ ਜ਼ਿਲ੍ਹਾ ਦਾਰੰਗ ਦੇ ਪਿੰਡ ਹੈਲਮ ਵਿਚ ਵਸਦੀ ਹੈ। ਚਪਰਮੁਖ ਰੇਲ ਦਾ ਜੰਕਸ਼ਨ ਹੈ। ਉਥੇ ਰਾਜਾ ਚੰਦਰਕਾਂਤਾ ਸਿੰਘ ਦੀ ਮਦਦ ਕਰਦੇ ਜੰਗ ਅੰਦਰ ਸ਼ਹੀਦ ਹੋਏ ਪੰਜਾਬੀ ਸਿਘਾਂ ਦੀਆਂ ਕਈ ਯਾਦਾਂ, ਕੁਝ ਲਿਖਤਾ, ਦੋ ਛੋਟੀਆਂ ਤੋਪਾਂ ਅਤੇ ਕੁਝ ਕ੍ਰਿਪਾਨਾਂ ਅਜ ਤਕ ਸੰਭਾਲੀਆਂ ਹੋਈਆਂ ਹਨ। ਬੀਤੇ ਡੇਢ ਸੌ ਸਾਲ ਅੰਦਰ ਉਨ੍ਹਾਂ ਸਿੰਘਾਂ ਨੇ ਬਹੁਤ ਸਾਰੀਆਂ ਆਸਾਮੀ ਰੀਤਾਂ ਰਸਮਾਂ ਅਤੇ ਉਥੇ ਦੀ ਭਾਸ਼ਾ ਨੂੰ ਅਪਨਾਅ ਲਿਆ ਹੋਇਆ ਹੈ ਭਾਵੇਂ ਉਨ੍ਹਾਂ ਆਪਣਾ ਪਿਤਾਪੁਰਖੀ ਸਿਖ ਧਰਮ ਨਹੀਂ ਤਿਆਗਿਆ ਤੇ ਗੁਰੂ ਗਰੰਥ ਸਾਹਿਬ ਦਾ ਪਾਠ ਸਤਿਕਾਰ ਪੰਜਾਬੀ ਸਿਖਾਂ ਵਾਂਗ ਹੀ ਕਰਦੇ ਹਨ।
ਟ੍ਰਿਬਿਊਨ ਅਖਬਾਰ ਵਿਚ ਛਪੀ ਉਕਤ ਵਾਰਤਾ ਨੇ ਮੇਰੀ ਸਠ ਸਾਲ ਪੁਰਾਣੀ ਉਸ ਯਾਦ ਨੂੰ ਤਾਜ਼ਾ ਕਰ ਦਿਤਾ, ਜੋ ਮੈਂ 1918-19 ਵਿਚ ਆਸਾਮੀ ਫੂਲਾ ਸਿੰਘ ਤੋਂ ਖਾਲਸਾ ਕਾਲਜ ਅੰਮ੍ਰਿਤਸਰ ਹੁੰਦਿਆਂ ਸੁਣੀ ਸੀ। ਇਹ ਫੂਲਾ ਸਿੰਘ ਸੰਨ 1820 ਤੋਂ ਅਸਾਮ ਵਿਚ ਆਬਾਦ ਹੋ ਗਏ ਪੰਜਾਬੀ ਸਿੰÎਘਾਂ ਦਾ ਇਕ ਨੌਨਿਹਾਲ ਸੀ। ਉਨ੍ਹਾਂ ਵਿਚੋਂ ਇਹ ਪਹਿਲਾ ਸਿਖ ਸੀ, ਜਿਸ ਨੇ 1918 ਵਿਚ ਕਲਕਤਾ ਯੂਨੀਵਰਸਿਟੀ ਦਾ ਇੰਟਰਮੀਡੀਏਟ (ਐਫ.ਏ.) ਇਮਤਿਹਾਨ ਪਾਸ ਕੀਤਾ। ਉਨ੍ਹਾਂ ਸਮਿਆਂ ਵਿਚ ਸਿਖਾਂ ਬਾਰੇ ਟਾਵੀਂ ਟਾਵੀਂ ਪੁਸਤਕ ਹੀ ਅੰਗਰੇਜ਼ੀ ਵਿਚ ਛਪੀ ਮਿਲਦੀ ਸੀ ਅਤੇ ਸਿਖਾਂ ਬਾਰੇ ਕੋਈ ਵਿਸ਼ੇਸ਼ ਚਰਚਾ ਅਖਬਾਰਾਂ ਵਿਚ ਵੀ ਨਹੀਂ ਛਪਿਆ ਕਰਦੀ ਸੀ। ਇਸ ਕਰਕੇ ਇਹ ਆਸਾਮ ਨਿਵਾਸੀ ਸਿਖ ਆਪਣੇ ਇਤਿਹਾਸ, ਸਿਖੀ ਪਰੰਪਰਾ ਤੇ ਸਿਖ ਧਰਮ ਤੋਂ ਉਕਾ ਹੀ ਨਾਵਾਕਫ ਰਹੇ। ਸੀਨਾ ਬਸੀਨਾ ਕੇਵਲ ਏਨੀ ਗਲ ਇਨ੍ਹਾਂ ਤਕ ਪੁਜੀ ਹੋਈ ਸੀ ਕਿ ਇਨ੍ਹਾਂ ਦੇ ਵਡੇਰੇ ਪੰਜਾਬ ਤੋਂ ਆਏ ਸਨ, ਜਿਥੇ ਕੁਝ ਹੋਰ ਸਿਖ ਹੁਣ ਵੀ ਵਸਦੇ ਹਨ ਅਤੇ ਪੰਜਾਬ ਵਿਚ ਸਿਖਾਂ ਦਾ ਇਕ ਧਰਮ ਅਸਥਾਨ ਤਰਨਤਾਰਨ ਹੈ। ਇਹ ਆਸਾਮ ਨਿਵਾਸੀ ਸਿਖ ਆਪਣਾ ਪਿਛਾ ਜਾਨਣ ਦੀ ਤੀਬਰ ਇਛਾ ਰਖਦੇ ਸਨ ਪਰੰਤੂ ਆਸਾਮੀ ਤੋਂ ਬਿਨਾਂ ਹੋਰ ਕਿਸੇ ਭਾਸ਼ਾ ਤੋਂ ਨਾਵਾਕਫ ਹੋਣ ਕਾਰਨ ਕੋਈ ਬਾਹਰ ਜਾਣ ਦਾ ਹੌਂਸਲਾ ਨਹੀਂ ਸੀ ਕਰਦਾ। ਜਦੋਂ ਫੂਲਾ ਸਿੰਘ ਨੇ ਐਫ ਏ ਦਾ ਇਮਤਿਹਾਨ ਪਾਸ ਕਰ ਲਿਆ ਅਤੇ ਅੰਗਰੇਜ਼ੀ ਬੋਲਣ ਸਮਝਣ ਦੀ ਕੁਝ ਮੁਹਾਰਿਤ ਹੋ ਗਈ ਤਾਂ ਚਪਰਮੁਖ ਨਿਵਾਸੀ ਸਿਖਾਂ ਨੇ ਉਸ ਨੂੰ ਤਰਨਤਾਰਨ ਜਾ ਕੇ ਸਿਖਾਂ ਬਾਰੇ ਜਾਣਕਾਰੀ ਹਾਸਲ ਕਰਨ ਦੀ ਪ੍ਰੇਰਣਾ ਦਿਤੀ। ਫੂਲਾ ਸਿੰਘ ਸ਼ੁਰੂ ਸਾਲ 1918 ਵਿਚ ਤਰਨਤਾਰਨ ਪਹੁੰਚਿਆ। ਉਨ੍ਹਾਂ ਸਮਿਆਂ ਵਿਚ ਵੈਦ ਮੋਹਨ ਸਿੰਘ ਤਰਨਤਾਰਨ ਇਕ ਮਾਨਵਰ ਹਸਤੀ ਸਨ। ਇਹ ਕਈ ਦਿਨ ਉਨ੍ਹਾਂ ਕੋਲ ਠਹਿਰਿਆ। ਉਹ ਫੂਲਾ ਸਿੰਘ ਨੂੰ ਖਾਲਸਾ ਕਾਲਜ ਅੰਮ੍ਰਿਤਸਰ ਪ੍ਰੋ. ਬਾਵਾ ਹਰਿਕਿਸ਼ਨ ਸਿੰਘ ਜੀ ਕੋਲ ਛਡ ਗਏ ਅਤੇ ਵਿਚਾਰ ਉਪਰੰਤ ਫੈਸਲਾ ਕੀਤਾ ਗਿਆ ਕਿ ਫੂਲਾ ਸਿੰਘ ਨੂੰ ਕਾਲਜ ਦੀ ਬੀ.ਏ. ਸ਼੍ਰੇਣੀ ਵਿਚ ਦਾਖਲ ਕੀਤਾ ਜਾਵੇ ਅਤੇ ਏਥੇ ਰਹਿੰਦੇ ਹੋਏ ਉਹ ਸਿਖ ਧਰਮ ਤੇ ਇਤਿਹਾਸ ਦੀ ਜਾਣਕਾਰੀ ਹਾਸਲ ਕਰੇ। ਬਾਵਾ ਹਰਿਕਿਸ਼ਨ ਸਿੰਘ ਜੀ ਨੇ ਇਸ ਵਿਚ ਵਡੀ ਦਿਲਚਸਪੀ ਲਈ ਪਰੰਤੂ ਫੂਲਾ ਸਿੰਘ ਦੇ ਸਾਹਮਣੇ ਵਡੀ ਮੁਸ਼ਕਿਲ ਪੰਜਾਬੀ ਜਾਂ ਹਿੰਦੀ ਭਾਸ਼ਾ ਤੋਂ ਬਿਲਕੁਲ ਨਾਵਾਕਫ ਹੋਣ ਦੀ ਸੀ। ਉਹ ਅੰਗਰੇਜ਼ੀ ਬਗੈਰ ਕੁਝ ਬੋਲ ਜਾਂ ਸਮਝ ਨਹੀਂ ਸੀ ਸਕਦਾ। ਬਾਵਾ ਜੀ ਵਲੋਂ ਗਿਆਨੀ ਮਨਮੋਹਨ ਸਿੰਘ ਦੀ ਡਿਊਟੀ ਲੁਆਈ ਗਈ ਕਿ ਉਹ ਫੂਲਾ ਸਿੰਘ ਨੂੰ ਪੰਜਾਬੀ ਪੜ੍ਹਾਏ ਸਿਖਾਏ। ਗਿਆਨੀ ਮਨਮੋਹਨ ਸਿੰਘ ਨੇ ਉਸੇ ਸਾਲ ਕਾਲਜ ਤੋਂ ਬੀ.ਏ. ਦਾ ਇਮਤਿਹਾਨ ਦਿਤਾ ਸੀ। ਇਹੀ ਉਹੀ ਸਜਣ ਸਨ, ਜਿਨ੍ਹਾਂ ਤੋਂ ਬਾਅਦ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਦਾ ਮੁਕੰਮਲ ਅਨੁਵਾਦ ਅੰਗਰੇਜ਼ੀ ਵਿਚ ਕੀਤਾ, ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਕਾਸ਼ਤ ਕੀਤਾ। ਇਹ ਪ੍ਰਬੰਧ ਕੁਝ ਸਮਾਂ ਚਲਦਾ ਰਿਹਾ ਪਰੰਤੂ ਗਿਆਨੀ ਜੀ ਦੇ ਜਲਦੀ ਹੀ ਕਾਲਜ ਤੋਂ ਚਲੇ ਜਾਣ ਉਪਰੰਤ ਫੂਲਾ ਸਿੰਘ ਨੂੰ ਪੰਜਾਬੀ ਸੋਧ ਕਰਵਾਉਣਾ ਮੇਰੇ ਜ਼ਿੰਮੇ ਪਿਆ ਅਤੇ ਇਸ ਤਰ੍ਹਾਂ ਅਸੀਂ ਆਪੋ ਵਿਚ ਨੇੜੇ ਹੋ ਵਿਚਰੇ।
ਇਕ ਘਟਨਾ, ਜਿਸ ਨੇ ਮੈਨੂੰ ਫੂਲਾ ਸਿੰਘ ਦੇ ਬਹੁਤ ਹੀ ਨੇੜੇ ਲਿਆਂਦਾ, ਜਿਸ ਦਾ ਸਠ ਸਾਲ ਮੇਰੇ ਮਨ ਉਤੇ ਡੂੰਘਾ ਪ੍ਰਭਾਵ ਰਿਹਾ ਤੇ ਜਿਸ ਪ੍ਰਭਾਵ ਨੂੰ ਮੈਂ ਪਾਠਕਾਂ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ, ਦਸੰਬਰ 1919 ਵਿਚ ਵਾਪਰੀ ਸੀ। 1919 ਦਾ ਸਾਲ ਸਾਰੇ ਭਾਰਤ ਲਈ ਵਡਾ ਮਹਤਵਪੂਰਨ ਸਾਲ ਸੀ। ਇਸੇ ਸਾਲ 13 ਅਪ੍ਰੈਲ ਵਿਸਾਖੀ ਦੇ ਦਿਨ ਜ਼ਲਿਆਂਵਾਲੇ ਬਾਗ ਦਾ ਖੂਨੀ ਸਾਕਾ ਵਰਤਿਆ ਸੀ ਅਤੇ ਦਸੰਬਰ ਦੇ ਮਹੀਨੇ ਕ੍ਰਿਸਮਿਸ ਦੇ ਦਿਨਾਂ ਵਿਚ ਗੋਲ ਬਾਗ ਅੰਮ੍ਰਿਤਸਰ ਵਿਚ ਸਰਬ ਹਿੰਦ ਨੈਸ਼ਨਲ ਕਾਂਗਰਸ ਦਾ ਵਡਾ ਸਾਲਾਨਾ ਸਮਾਗਮ ਹੋਇਆ ਸੀ, ਜਿਸ ਵਿਚ ਮਹਾਤਮਾ ਗਾਂÎਧੀ, ਮੋਤੀ ਲਾਲ ਨਹਿਰੂ, ਪੰਡਿਤ ਮਦਨ ਮੋਹਨ ਮਾਲਵੀਆ, ਬਾਲ ਗੰਗਾਧਰ ਤਿਲਕ, ਅਲੀ ਭਰਾਵਾਂ ਤੋਂ ਲੈ ਕੇ ਕਾਂਗਰਸ ਦੇ ਸਾਰੇ ਮੁਖੀ ਨੇਤਾ ਸ਼ਾਮਿਲ ਹੋਏ ਸਨ। ਇਸੇ ਸਾਲ ਸਰਬ ਹਿੰਦ ਸਿਖ ਲੀਗ ਦੀ ਸਥਾਪਨਾ ਹੋਈ ਅਤੇ ਲੀਗ ਦੇ ਮੁਖੀਆਂ ਸ. ਸਰਦੂਲ ਸਿੰਘ ਕਵੀਸ਼ਰ, ਸ. ਹਰਚੰਦ ਸਿੰਘ ਰਈਸ, ਮਾਸਟਰ ਤਾਰਾ ਸਿੰਘ, ਸ. ਅਮਰ ਸਿੰਘ, ਮਾਸਟਰ ਸੁੰਦਰ ਸਿੰਘ, ਸ. ਤੇਜਾ ਸਿੰਘ ਸਮੁੰਦਰੀ, ਸ. ਅਮਰ ਸਿੰਘ ਝਬਾਲ ਆਦਿ ਨੇ ਕਾਂਗਰਸ ਵਿਚ ਭਾਗ ਲਿਆ ਸੀ। ਕੁਦਰਤ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦਾ ਦਿਨ ਉਨ੍ਹਾਂ ਦਿਨਾਂ ਵਿਚ ਹੀ ਆ ਗਿਆ ਅਤੇ ਸਿਖ ਮੁਖੀਆਂ ਨੇ ਕਾਂਗਰਸੀ ਨੇਤਾਵਾਂ ਨੂੰ ਇਕ ਵਡੀ ਪਾਰਟੀ ਦੇਣ ਦਾ ਪ੍ਰਬੰਧ ਕੀਤਾ, ਜਿਸ ਲਈ ਸੇਵਾਦਾਰ (ਵਲੰਟੀਅਰ) ਖਾਲਸਾ ਕਾਲਜਾਂ ਦੇ ਵਿਦਿਆਰਥੀਆਂ ਵਿਚੋਂ ਲਏ ਗਏ। ਫੂਲਾ ਸਿੰਘ ਅਤੇ ਮੈਂ ਵੀ ਉਨ੍ਹਾਂ ਵਿਚ ਸ਼ਾਮਿਲ ਸੀ। ਪਾਰਟੀ ਹੋ ਚੁਕਣ ਮਗਰੋਂ ਜਦੋਂ ਸਿਖ ਮੁਖੀ ਕਾਂਗਰਸ ਨੇਤਾਵਾਂ ਨੂੰ ਵਿਦਿਆ ਕਰਨ ਗਏ ਹੋਏ ਸਨ ਅਤੇ ਬਹੁਤ ਸਾਰੀ ਮਿਠਿਆਈ ਅਤੇ ਫਲ ਬਚੇ ਪਏ ਸਨ ਤਾਂ ਸੇਵਾਦਾਰ ਵਿਦਿਆਰਥੀਆਂ ਨੇ ਆਪੋ-ਆਪ ਮਿਠਿਆਈ ਤੇ ਫਲ ਉਠਾਉਣੇ ਸ਼ੁਰੂ ਕਰ ਦਿਤੇ। ਇਕ ਫੂਲਾ ਸਿੰਘ ਸੀ ਜੋ ਲਾਂਭੇ ਖੜਾ ਇਹ ਸਭ ਕੁਝ ਦੇਖ ਰਿਹਾ ਸੀ। ਉਸ ਨੇ ਉਥੋਂ ਰੀਣ ਭਰ ਵੀ ਨਹੀਂ ਉÎਠਾਇਆ। ਸਿਖ ਮੁਖੀਆਂ ਦੀ ਵਾਪਸੀ ਉਤੇ ਸਾਰੇ ਸੇਵਾਦਾਰਾਂ ਨੂੰ ਬਾਕਾਇਦਾ ਤੌਰ ਉਤੇ ਮੇਜ਼ਾਂ ਉਪਰ ਮਿਠਿਆਈ ਫਲ ਚਾਹ ਆਦਿ ਖੁਆਏ-ਪਿਆਏ ਗਏ ਅਤੇ ਛੁਟੀ ਦਿਤੀ ਗਈ। ਗੋਲਬਾਗ ਤੋਂ ਕਾਲਜ ਨੂੰ ਵਾਪਸ ਮੁੜਦਿਆਂ ਫੂਲਾ ਸਿੰਘ ਅਤੇ ਮੈਂ ਇਕਠੇ ਜਾ ਰਹੇ ਸਾਂ ਕਿ ਸਾਡੇ ਵਿਚਾਲੇ ਇਉਂ ਗਲਬਾਤ ਹੋਈ —
ਫੂਲਾ ਸਿੰਘ -ਨਰੈਣ ਸਿੰਘ, ਤੂੰ ਪਾਰਟੀ ਲਈ ਕਿੰਨੇ ਪੈਸੇ ਕੰਟਰੀਬਯੂਟ ਕੀਤੇ ਸਨ (ਦਿਤੇ ਸਨ)?
ਮੈਂ – ਮੈਂ ਤਾਂ ਕੋਈ ਪੈਸਾ ਨਹੀਂ ਦਿਤਾ।
ਫੂਲਾ ਸਿੰਘ – ਤਾਂ ਤੇਰਾ ਕੀ ਹਕ ਸੀ ਕਿ ਤੂੰ ਆਪਣੇ ਆਪ ਹੀ ਸਟਾਕ ਵਿਚੋਂ ਮਿਠਿਆਈ ਉਠਾ ਲਈ?
ਮੈਂ – ਸਾਰੇ ਮੁੰਡੇ ਹੀ ਐਸਾ ਕਰ ਰਹੇ ਸਨ, ਮੈਂ ਕਰ ਲਿਆ ਤਾਂ ਕੀ ਹੋਇਆ?
ਫੂਲਾ ਸਿੰਘ – ਜੇ ਹੋਰ ਸਾਰੇ ਖੂਹ ਵਿਚ ਛਾਲਾਂ ਮਾਰ ਦੇਣ ਤਾਂ ਤੂੰ ਮਾਰੇਂਗਾ?
ਮੈਂ – ਨਹੀਂ।
ਫੂਲਾ ਸਿੰਘ – ਕੀ ਤੇਰੀ ਸਿਖੀ ਇਹੋ ਸਿਖਿਆ ਦੇਂਦੀ ਹੈ ਕਿ ਜੋ ਚੀਜ਼ ਤੇਰੀ ਨਹੀਂ ਤੂੰ ਉਸ ਨੂੰ ਖਾਵੇਂ-ਉੜਾਵੇਂ?
ਮੈਂ – ਨਹੀਂ।
ਫੂਲਾ ਸਿੰਘ – ਤਾਂ ਤੂੰ ਕਿਸ ਤਰ੍ਹਾਂ ਦਾ ਸਿਖ ਹੈ?
ਮੈਂ ਚੁਪ ਹੋ ਗਿਆ। ਮੈਂ ਆਪਣੇ ਆਪ ਵਿਚ ਪਰੇਸ਼ਾਨ ਸਾਂ ਅਤੇ ਸੋਚਦਾ ਸਾਂ ਕਿ ਕੀ ਹਜ਼ਾਰ ਬਾਰਾਂ ਸੌ ਕੋਹ ਤੋਂ ਸਿਖੀ ਨੂੰ ਸਮਝਣ ਆਇਆ ਪ੍ਰਦੇਸੀ, ਪੰਜਾਬ ਦੇ ਸਿਖਾਂ ਦਾ ਇਹੋ ਪ੍ਰਭਾਵ ਲੈ ਕੇ ਵਾਪਸ ਮੁੜੇਗਾ? ਸਿਖੀ ਤਾਂ ਇਕ ਜਬਤ ਭਰਪੂਰ ਜੀਵਨ ਹੈ, ਤਾਂ ਕੀ ਮੈਂ ਅਤੇ ਮੇਰੇ ਹੋਰ ਸਾਥੀਆਂ ਨੇ ਜੋ ਅੱਜ ਕੀਤਾ ਇਸੇ ਦਾ ਨਾਂ ਜ਼ਬਤ ਹੈ? ਜੇ ਮਿਸਰੀ ਦੀਆਂ ਦੋ ਡਲੀਆਂ ਵੇਖ ਸਾਡੀਆਂ ਲਾਲਾਂ ਵਹਿ ਤੁਰਦੀਆਂ ਹਨ ਤਾਂ ਅਸੀਂ ਸਿਖੀ ਦੇ ਦਾਅਵੇਦਾਰ ਕਿੰਝ ਹੋਏ? ਆਪਣੇ ਮਨ ਉਪਰ ਜੇ ਏਨਾ ਵੀ ਜ਼ਬਤ ਨਹੀਂ ਤਾਂ ਸਾਥੋਂ ਸਿਖੀ ਦੇ ਭਵਿਖ ਦੀ ਕੀ ਆਸ ਹੋ ਸਕਦੀ ਹੈ?
ਅਸੀਂ ਤੁਰਦੇ ਗਏ ਅਤੇ ਥੋੜੇ ਸਮੇਂ ਵਿਚ ਵਾਪਸ ਕਾਲਜ ਪਹੁੰਚ ਗਏ। ਰਸਤੇ ਵਿਚ ਹੋਰ ਕੋਈ ਗਲ ਕਰ ਸਕਣ ਦਾ ਮੈਨੂੰ ਹੌਂਸਲਾ ਨਹੀਂ ਪਿਆ। ਮੈਨੂੰ ਆਪਣੇ ਇਕ ਕਾਲਜ ਸਾਥੀ ਦੇ ਕਿਰਦਾਰ ਅਤੇ ਆਪਣੇ ਕਿਰਦਾਰ ਵਿਚ ਚੜ੍ਹਦੇ ਛਿਪਦੇ ਦਾ ਫਰਕ ਪ੍ਰਤੀਤ ਹੋ ਰਿਹਾ ਸੀ। ਮੈਂ ਸ਼ਰਮਸਾਰ ਸਾਂ ਪਰ ਮੇਰੀ ਸ਼ਰਮਸਾਰੀ ਨੇ ਮੈਨੂੰ ਫੂਲਾ ਸਿੰਘ ਤੋਂ ਦੂਰ ਨਹੀਂ ਕੀਤਾ। ਮੈਂ ਜੀਵਨ ਭਰ ਯਤਨ ਕਰਦਾ ਰਿਹਾ ਕਿ ਅਸੀਂ ਹੋਰ ਨੇੜੇ ਹੋਈਏ। ਗੁਰੂ ਨਾਨਕ ਦੀ ਬਖਸ਼ਿਸ਼, ਅਸੀਂ ਨਨਕਾਣਾ ਸਾਹਿਬ ਫਿਰ ਇਕਠੇ ਹੋ ਗਏ ਤੇ ਪੰਦਰਾਂ ਸਾਲ ਇਕਠੇ ਰਹੇ। ਦੇਸ ਵੰਡ ਉਪਰੰਤ ਵੀ ਇਹ ਲਾਲਸਾ ਬਣੀ ਰਹੀ ਅਤੇ ਕਈ ਵਾਰ ਮੇਲ ਤੇ ਵਿਛੋੜਾ ਹੋਇਆ। ਸੂਬੇਦਾਰ ਚੈਤੰਨਯਾ ਸਿੰਘ ਦੀ ਟ੍ਰਿਬਿਊਨ ਵਿਚ ਪੜ੍ਹੀ ਸੂਰਮਗਤੀ ਦੀ ਵਾਰਤਾ ਅਤੇ ਇਸ ਨਾਲ ਸੰਬਧਿਤ ਸਠ ਸਾਲਾ ਪੁਰਾਣੀ ਯਾਦ ਨੇ ਆਪਾ ਪੜਚੋਲਣ ਦੀ ਸੇਧ ਦਿਤੀ। ਜਿਸ ਦੇ ਫਲਸਰੂਪ ਇਹ ਅਖਰ ਆਪਮੁਹਾਰੇ ਲਿਖੇ ਗਏ ਹਨ। ਇਸ ਵਿਚ ਹੋਈ ਨਿਜ ਦੀ ਚਰਚਾ ਲਈ ਪਾਠਕਾਂ ਪਾਸੋਂ ਖਿਮਾ ਦਾ ਜਾਚਕ ਹਾਂ।

ਨਰੈਣ ਸਿੰਘ

Leave a Reply

Your email address will not be published. Required fields are marked *