ਕੌਮਾਂ ਦੇ ਜੀਵਨ ਵਿਚ ਇਕ ਘੜੀ ਅਜੇਹੀ ਆਉਂਦੀ ਹੈ ਜਦੋਂ ਸਚ ਬੋਲਣ ਤੋਂ ਬਿਨਾਂ ਕੋਈ ਵੀ ਚਾਰਾ ਨਹੀਂ ਰਹਿ ਜਾਂਦਾ। ਅਜੇਹੀ ਘੜੀ ਪਾਖੰਡ ਨੂੰ ਪਾਖੰਡ, ਬਕਵਾਸ ਨੂੰ ਬਕਵਾਸ ਅਤੇ ਝੂਠ ਨੂੰ ਝੂਠ ਕਹਿਣਾ ਪੈਂਦਾ ਹੈ। ਇਹ ਉਹ ਘੜੀ ਹੁੰਦੀ ਹੈ, ਜਦੋਂ ਕੌਮਾਂ ਝੂਠ-ਸਚ ਦਾ ਨਿਤਾਰਾ ਕਰਕੇ ਆਪਣੇ ਭਵਿਖ ਦਾ ਰਾਹ ਮਿਥਦੀਆਂ ਹਨ। ਹੋਣੀ ਦੇ ਘੋੜੇ ਦੀ ਲਗਾਮ ਆਪਣੇ ਹਥ ਲੈਂਦੀਆਂ ਹਨ।
ਦੇਸ ਨੂੰ ਬਿਦੇਸੀ ਹਾਕਮਾਂ ਤੋਂ ਆਜ਼ਾਦ ਹੋਇਆਂ ਕਈ ਸਾਲ ਬੀਤ ਚੁਕੇ ਹਨ। ਇਨ੍ਹਾਂ ਸਾਲਾਂ ਵਿਚ ਪੰਜਾਬ ਦੇ ਵਡੇ-ਵਡੇ ਕਿਸਾਨ, ਕਾਰਖਾਨੇਦਾਰ ਅਤੇ ਵਪਾਰੀ ਜਿਸ ਤਰ੍ਹਾਂ ਅਮੀਰ ਤੇ ਅਮੀਰਤਰ ਹੋਏ ਹਨ, ਉਹ ਕਿਸੇ ਕੋਲੋਂ ਲੁਕਿਆ-ਛੁਪਿਆ ਨਹੀਂ ਹੈ। ਸਨਅਤ ਵਿਚ ਸਰਮਾਇਆ ਲਾ ਕੇ ਧਨਾਢ ਲੋਕ ਹਜ਼ਾਰਾਂ ਤੋਂ ਲਖਾਂ ਤੇ ਲਖਾਂ ਤੋਂ ਕਰੋੜਾਂ ਬਣਾ ਚੁਕੇ ਹਨ, ਬਣਾ ਰਹੇ ਹਨ। ਵਡੇ ਕਿਸਾਨਾਂ ਨੇ ਖੇਤੀਬਾੜੀ ਦਾ ਮਸ਼ੀਨੀਕਰਨ ਕਰਕੇ ਅਤੇ ਫਾਰਮ ਆਦਿ ਬਣਾ ਕੇ ਆਪਣਾ ਜੀਵਨ-ਮਿਆਰ ਕਿਤੇ ਦਾ ਕਿਤੇ ਚੁਕ ਲਿਆ ਹੈ। ਵਪਾਰੀ ਪੁਤਰਾਂ ਨੇ ਹੇਰਾ-ਫੇਰੀ ਤੇ ਬੇਈਮਾਨੀ ਕਰਕੇ, ਰਿਸ਼ਵਤਾਂ ਦੇ-ਦੁਆ ਕੇ, ਇਧਰ ਦਾ ਮਾਲ ਓਧਰ ਤੇ ਓਧਰ ਦਾ ਏਧਰ ਕਰਕੇ ਬੇਅੰਤ ਧਨ ਕਮਾਇਆ ਹੈ। ਇਹ ਧਨਾਢ ਜਮਾਤਾਂ ਆਪਣੇ ਕੰਮ ਵਿਚ ਬੜੀਆਂ ਸਫਲ ਰਹੀਆਂ ਹਨ। ਆਜ਼ਾਦੀ ਇਨ੍ਹਾਂ ਨੂੰ ਘਿਓ ਵਾਂਗ ਲਗੀ ਹੈ। ਇਨ੍ਹਾਂ ਜਮਾਤਾਂ ਦੀ ਸਫਲਤਾ ਇਸ ਗਲ ਵਿਚੋਂ ਵੀ ਦਿਸਦੀ ਹੈ ਕਿ ਇਨ੍ਹਾਂ ਨੇ ਪੈਸਾ ਕਮਾÀਣ ਦੇ ਕੰਮ ਨੂੰ ਇਕ ਸਾਊ ਕੰਮ ਦਾ ਦਰਜਾ ਦੁਆ ਦਿਤਾ ਹੈ। ਵੀਹ-ਵੀਹ ਸਾਲ ਪਹਿਲਾਂ ਜੇ ਕੋਈ ਬੰਦਾ ਕਿਸੇ ਬਾਰੇ ਇਹ ਕਹਿੰਦਾ ਸੀ ਕਿ ‘ਉਹ ਮਾਇਆਧਾਰੀ ਹੋ ਗਿਆ ਹੈ’ ਤਾਂ ਆਮ ਲੋਕਾਂ ਦੇ ਮਨ ਵਿਚ ਉਸ ਮਾਇਆਧਾਰੀ ਬੰਦੇ ਲਈ ਘਿਰਣਾ ਪੈਦਾ ਹੁੰਦੀ ਸੀ। ਅਜ ਹਾਲਤ ਇਹ ਹੈ ਕਿ   ‘ਫਲਾਣੇ ਦਾ ਹਥ ਸੌਖਾ ਹੈ, ਚੰਗੇ ਪੈਸੇ ਬਣਾ ਰਿਹਾ ਹੈ’ ਕਹਿਣ ਨਾਲ ਆਮ ਲੋਕਾਂ ਦੇ ਮਨ ਉਤੇ ਉਸ ਬੰਦੇ ਦੇ ਚੰਗੇ ਹੋਣ ਦਾ ਪ੍ਰਭਾਵ ਪੈਂਦਾ ਹੈ।
ਹਾਲਤ ਏਨੀ ਗਈ-ਗੁਜਰੀ ਹੋ ਗਈ ਹੈ ਕਿ ਕੋਈ ਨਹੀਂ ਪੁਛਦਾ ਕਿ ਉਹ ਕਿਵੇਂ, ਕਿਹੜੇ ਢੰਗ ਨਾਲ ਤੇ ਕਿਥੋਂ ਪੈਸਾ ਬਣਾ ਰਿਹਾ ਹੈ। ਜੇ ਉਹ ਚੰਗੀ ਕਮਾਈ ਕਰ ਰਿਹਾ ਹੈ ਤਾਂ ਨਿਰਸੰਦੇਹ ਉਹ ਚੰਗਾ ਸਾਊ ਤੇ ਇਜ਼ਤਦਾਰ ਮਨੁਖ ਹੈ ਅਤੇ ਜੇਕਰ ਮਾੜੀ ਕਿਸਮਤ ਨੂੰ, ਉਸ ਦਾ ਹਥ ਤੰਗ ਹੈ ਤਾਂ ਯਕੀਨਨ ਹੀ ਉਹ ਘਟੀਆ ਬੰਦਾ ਹੈ, ਸਗੋਂ ਉਹ ਬੰਦਾ ਹੈ ਹੀ ਨਹੀਂ। ਧਨਾਢ ਜਮਾਤਾਂ ਨੇ ਆਪਣੇ ਅਮਲਾਂ ਨਾਲ ਅਤੇ ਜਾਹਿਰਾਂ ਤੇ ਪੁਸ਼ੀਦਾ ਢੰਗਾਂ ਨਾਲ ਆਪਣੀ ਜੀਵਨ ਫਿਲਾਸਫੀ ਦਾ ਕੁਝ ਇਸ ਤਰ੍ਹਾਂ ਪ੍ਰਚਾਰ ਕੀਤਾ ਹੈ ਕਿ ਪੈਸਾ ਕਮਾਉਣਾ ਹੀ ਸਭ ਤੋਂ ਚੰਗਾ ਆਦਰਸ਼ ਹੈ। ਇਹੋ ਹੀ ਮਨੁਖ ਲਈ ਉਤਮ ਕੰਮ ਹੈ। ਇਹੋ ਹੀ ਉਸ ਦਾ ਧਰਮ ਹੈÎ। ਕੁਲ ਦਾ ਕੁਲ ਵਗ ਇਕ ਦੂਜੇ ਦੀਆਂ ਟੰਗਾਂ ਵਿਚ ਸਿੰਗ ਅੜਾਉਣ ਵਿਚ ਰੁਝ ਗਿਆ ਹੈ। ਧਕਮ-ਧਕਾ ਹੋ, ਦੂਜੇ ਨੂੰ ਮਿਧ ਕੇ ਲਿਤਾੜ ਕੇ ਆਪ ਅਗੇ ਨਿਕਲ ਜਾਣ ਦੀ ਕੋਸ਼ਿਸ਼ ਵਿਚ ਲਗ ਗਿਆ ਹੈ। ਸਭ ਕਦਰਾਂ-ਕੀਮਤਾਂ ਦਾ ਨਿਤਾਰਾ ਅਜ ਪੈਸਾ ਕਰ ਰਿਹਾ ਹੈ। ਮਨੁਖ ਦਿਨ ਰਾਤ ਪੈਸੇ ਕਮਾਉਣ ਦੀ ਧੁਨ ਵਿਚ ਲਗਿਆ ਹੋਇਆ ਹੈ। ਧਨਵਾਨ ਜਮਾਤਾਂ ਨੇ ਆਪਣਾ ਕਰਤਵ ਪਾਲਿਆ ਹੈ, ਪਾਲ ਰਹੀਆਂ ਹਨ। ‘ਪੈਸਾ ਕਮਾਓ, ਜੇ ਕਮਾ ਸਕਦੇ ਹੋ’, ਲੋਕਾਂ ਨੂੰ ਇਹ ਗੁਰ-ਮੰਤਰ ਸਿਖਾਉਣ ਵਿਚ ਉਹ ਸਫਲ ਹੋਈਆਂ ਹਨ।
ਕੀ ਪੰਜਾਬ ਦੇ ਬੁਧੀਜੀਵੀਆਂ ਨੇ ਵੀ ਆਪਣਾ ਕਰਤਵ ਪਾਲਿਆ ਹੈ? ਬਦਲਦੇ ਹਾਲਾਤ ਨੇ ਉਨ੍ਹਾਂ ਦੇ ਮੋਢਿਆਂ ਉਤੇ ਜਿਹੜੀ ਜ਼ਿੰਮੇਵਾਰੀ ਸੁਟੀ ਸੀ, ਕੀ ਉਨ੍ਹਾਂ ਨੇ ਉਹ ਨਿਭਾਈ ਹੈ? ਪੰਜਾਬ ਦੇ ਲੇਖਕਾਂ ਤੇ ਕਵੀਆਂ ਨੇ, ਪਤਰਕਾਰਾਂ ਤੇ ਪ੍ਰਚਾਰਕਾਂ, ਉਸਤਾਦਾਂ ਤੇ ਵਿਦਿਆਰਥੀਆਂ ਨੇ ਕੀ ਵਕਤ ਦੀ ਨਬਜ਼ ਨੂੰ ਪਛਾਣਿਆਂ ਹੈ? ਪ੍ਰਚਲਤ ਹੋ ਰਹੀਆਂ, ਲੋਕ ਹਿਤਾਂ ਦੇ ਵਿਰੁਧ ਜਾਂਦੀਆਂ ਕਦਰਾਂ ਕੀਮਤਾਂ ਦੇ ਖਿਲਾਫ਼ ਆਵਾਜ਼ ਉਠਾਈ? ਉਨ੍ਹਾਂ ਨਾਲ ਲੋਹਾ ਲਿਆ ਹੈ?
ਅਫਸੋਸ ਨਾਲ ਇਹ ਮੰਨਣਾ ਪੈਂਦਾ ਹੈ ਕਿ ਲੋਕ ਹਿਤਾਂ ਦੇ ਪੈਂਤੜੇ ਉਤੇ ਖਲੋ ਕੇ, ਲੋਕ ਹਿਤਾਂ ਦੀ ਰਖਿਆ ਕਰਨ ਦੀ ਥਾਂ ਸਾਡੇ ਬੁਧੀਜੀਵੀ ਵਕਤ ਦੀ ਧਾਰਾ ਦੇ ਨਾਲ ਹੀ ਵਹਿ ਗਏ ਹਨ। ਚਾਰੇ ਪਾਸੇ ਫੈਲੀ ਆਪੋ ਧਾਪੀ ਦੀ ਫਿਲਾਸਫੀ ਨੂੰ ਉਨ੍ਹਾਂ ਆਪਣੀ ਜੀਵਨ-ਜਾਚ ਦਾ ਹਿਸਾ ਬਣਾ ਲਿਆ ਹੈ। ਇਹ ਗਲ ਵਖਰੀ ਹੈ ਕਿ ਕਮਾਈ ਦੀ ਇਸ ਮਾਰ-ਧਾੜ ਵਿਚ ਉਹ ਸਫਲ ਕਿੰਨੇ ਕੁ ਹੋਏ ਹਨ। ਉਨ੍ਹਾਂ ਦੀ ਅਸਫਲਤਾ ਉਨ੍ਹਾਂ ਦੀ ਹਾਲਤ ਨੂੰ ਤਰਸਯੋਗ ਤੇ ਹਾਸੋਹੀਣੀ ਬਣਾਉਂਦੀ ਹੈ। ਖੇਹ ਵੀ ਖਾਧੀ ਤੇ ਬਣਿਆ ਬਣਾਇਆ ਵੀ ਕੁਝ ਨਾ।
ਇਹ ਸਚ ਹੈ ਕਿ ਪੰਜਾਬ ਦਾ ਬੁਧੀਜੀਵੀ ਧਨਾਢਾਂ, ਰਜਵਾੜਿਆਂ ਤੇ ਹਾਕਮਾਂ ਦੇ ਖਾਨਦਾਨਾਂ ਵਿਚੋਂ ਨਹੀਂ ਹੈ। ਕੁਲ ਦੇ ਕੁਲ ਲੇਖਕ, ਉਸਤਾਦ ਤੇ ਪਤਰਕਾਰ ਹੇਠਲੀ ਦਰਮਿਆਨੀ ਜਮਾਤ ਵਿਚੋਂ ਆਏ ਹਨ ਤੇ ਜਾਂ ਫਿਰ ਕਿਸਾਨਾਂ, ਕਾਮਿਆਂ ਤੇ ਗਰੀਬ ਪਰਿਵਾਰਾਂ ਦੇ ਪੁਤਰ ਧੀਆਂ ਹਨ। ਇਹ ਵੀ ਸਚ ਹੈ ਕਿ ਪੰਜਾਬ ਦੇ ਬੁਧੀਜੀਵੀ ਨੇ ਅਜੇ ਤਕ ਨੰਗੇ ਹੋ ਕੇ ਧਨਾਢ ਤੇ ਹਾਕਮ ਜਮਾਤਾਂ ਦੀਆਂ ਲੋਕ ਹਿਤਾਂ ਦੇ ਵਿਰੁਧ ਜਾਂਦੀਆਂ ਨੀਤੀਆਂ ਦੀ ਅਤੇ ਉਨ੍ਹਾਂ ਦੇ ਕੁਕਰਮਾਂ ਦੀ ਪੁਸ਼ਟੀ ਨਹੀਂ ਕੀਤੀ ਤੇ ਨਾ ਹੀ ਉਹ ਉਨ੍ਹਾਂ ਦਾ ਪ੍ਰਚਾਰਕ ਬਣਿਆ ਹੈ। ਇਹ ਵੀ ਸਚ ਹੈ ਕਿ ਇਸ ਬੁਧੀਜੀਵੀ ਨੇ ਆਪਣੀਆਂ ਲਿਖਤਾਂ ਵਿਚ ਧਨਾਢ ਹਾਕਮ ਜਮਾਤਾਂ ਦੀ ਨੀਤੀ ਦੇ ਵਿਰੁਧ ਗਾਹੇ-ਬਗਾਹੇ ਮਧਮ ਜਹੀ ਆਵਾਜ਼ ਵੀ ਜ਼ਰੂਰੀ ਉਠਾਈ ਹੈ।
ਪਰ ਉਸ ਦੀ ਸਾਰੀ ਕਰਨੀ ਇਸ ਮਾੜੇ-ਮੋਟੇ ਕੀਤੇ ਉਤੇ ਪਾਣੀ ਫੇਰ ਦੇਂਦੀ ਹੈ, ਜਦੋਂ ਅਸੀਂ ਵੇਖਦੇ ਹਾਂ ਕਿ ਇਹ ਬੁÎਧੀਜੀਵੀ ਕਿਵੇਂ ਵਕਤ ਦੀ ਧਾਰਾ ਦੇ ਨਾਲ ਵਹਿ ਗਿਆ ਹੈ, ਕਿਵੇਂ ਉਸ ਨੇ ਲੋਕ ਹਿਤਾਂ ਦੇ ਵਿਰੁਧ ਜਾਂਦੀ ਵਿਚਾਰਧਾਰਾ ਨੂੰ ਅਪਣਾ ਲਿਆ ਹੈ, ਕਿਵੇਂ ਉਹ ਆਪ ਹੀ ਕੁਰਾਹੇ ਪੈ ਗਿਆ ਹੈ। ਧਨਾਢ ਜਮਾਤਾਂ ਦੇ ਉਸਾਰੇ ਸਮਾਜਕ ਤੇ ਰਾਜਨੀਤਕ ਢਾਂਚੇ ਨੂੰ ਇਸ ਬੁਧੀਜੀਵੀ ਨੇ ਧੁਰੋਂ ਬਣ ਕੇ ਆਇਆ ਖੁਦਾਈ ਢਾਚਾ ਮੰਨ ਲਿਆ ਹੈ ਅਤੇ ਉਸ ਦੇ ਅੰਦਰ ਅੰਦਰ ਹੀ ਰਹਿ ਕੇ ਕਦੀ ਕਦੀ ਮਨ ਦੀ ਭੜਾਸ ਕਢਣ ਦਾ ਅਤੇ ਜਾਂ ਭਜ-ਨਠ ਕਰਕੇ ‘ਚਾਰ ਪੈਸੇ ਬਣਾਉਣ’ ਦਾ ਨਿਤਨੇਮ ਬਣਾ ਲਿਆ ਹੈ।
ਇਸ ਬੁਧੀਜੀਵੀ ਨੇ ਸਰਕਾਰੀ ਤੇ ਨੀਮ-ਸਰਕਾਰੀ ਕਵੀ ਦਰਬਾਰਾਂ ਉਤੇ ਕਵਿਤਾਵਾਂ ਸੁਣਾਈਆਂ ਹਨ। ਉਨ੍ਹਾਂ ‘ਸਖਸ਼ੀਅਤਾਂ’ ਅਤੇ ‘ਨੀਤੀਆਂ’ ਦੇ ਗੁਣ ਗਾਏ ਹਨ, ਜਿਨ੍ਹਾਂ ਨੂੰ ਲੋਕ-ਦੁਸ਼ਮਣ ਕਿਹਾ ਜਾ ਸਕਦਾ ਹੈ। ਇਸ ਨੇ ਰੇਡੀਓ ਅਤੇ ਸੰਗੀਤ ਨਾਟਕ ਵਿÎਭਾਗਾਂ ਵਿਚ ਨੌਕਰੀਆਂ ਲੈਣ ਲਈ ਵਜੀਰਾਂ ਦੀਆਂ ਸਿਫਾਰਸ਼ਾਂ ਇਕਠੀਆਂ ਕੀਤੀਆਂ ਹਨ। ਸਾਹਿਤ ਅਕਾਦਮੀ ਦਾ ਪੰਜ ਹਜ਼ਾਰ ਦਾ ਇਨਾਮ ਲੈਣ ਲਈ ਪਲਿਓ ਦੋ ਢਾਈ ਹਜ਼ਾਰ ਖਰਚ ਕੀਤਾ ਹੈ। ਵਜ਼ੀਰਾਂ ਦੇ ਬੂਟ ਚਟੇ ਹਨ। ਮੁਖ ਮੰਤਰੀਆਂ ਦੇ ਨਾਂ ਆਪਣੀਆਂ ਪੁਸਤਕਾਂ ਸਮਰਪਣ ਕੀਤੀਆਂ ਹਨ। ਨੌਕਰਸਾਹੀ ਅਗੇ ਗੋਡੇ ਟੇਕ ਕੇ ਅਨੁਵਾਦ ਲਈ ਪੁਸਤਕਾਂ ਲਈਆਂ ਹਨ। ਰਾਜ-ਕਵੀ ਅਖਵਾਉਣ ਲਈ ਰਾਸ਼ਟਰਪਤੀ ਤਕ ਪਹੁੰਚ ਲੜਾਈ ਹੈ।
ਬੁਧੀਜੀਵੀ ਵਰਗ ਦੇ ਇਸ ਵਿਅਕਤੀ ਨੇ ਆਪਣੇ ਆਪ ਨੂੰ ਤਿੰਨਾਂ-ਤੇਹਰਾਂ ਵਿਚ ਅਖਵਾਉਣ ਲਈ ਪ੍ਰਯੋਗਵਾਦ ਦੀ ਡੁਗਡੁਗੀ ਵਜਾਈ ਹੈ। ਪ੍ਰਗਤੀਸ਼ੀਲਤਾ ਦਾ ਨਕਾਬ ਪਾ ਕੇ ਅਨੁਵਾਦ ਲਈ ਬਿਦੇਸੀ ਅਦਾਰਿਆਂ ਦੇ ਚਕਰ ਕਟੇ ਹਨ। ਆਪਣਾ ‘ਨ੍ਰਿਤ’ ਵਿਖਾਇਆ ਹੈ। ਰੋਟੀਆਂ ਕਾਰਨ ਤਾਲ ਪੂਰੇ ਹਨ। ਇਸ ਜੀਵ ਨੇ ਸਰਕਾਰੇ ਦਰਬਾਰੇ ਆਪਣਾ ਅਸਥਾਨ ਬਨਾÀਣ ਲਈ ਆਪਣੀ ਮਾਂ-ਬੋਲੀ ਨੂੰ ਪੇਂਡੂ ਜਟਕੀ ਤੇ ਪਛੜੀ ਹੋਈ ਕਿਹਾ ਹੈ ਅਤੇ ਹਾਕਮ-ਜਮਾਤ ਨੂੰ ਵਚਨ ਦਿਤਾ ਹੈ ਕਿ ਉਹ ਇਸ ਨੂੰ ਸੰਸਕ੍ਰਿਤੀਆ-ਹਿੰਦਿਆਂ ਕੇ ਇਸ ਨੂੰ ਸ਼ਹਿਰੀ ਲੋਕਾਂ ਦੀ ਅਤੇ ‘ਵਿਦਵਾਨਾਂ’ ਦੀ ਬੋਲੀ ਬਣਾ ਕੇ ਦਮ ਲਵੇਗਾ।
ਸਮਾਜ-ਵਿਗਿਆਨ ਦਾ ਹਰ ਵਿਦਿਆਰਥੀ ਜਾਣਦਾ ਹੈ ਕਿ ਜਦੋਂ ਤਕ ਸਮਾਜ ਵਿਚ ਜਮਾਤਾਂ ਹਨ — ਜਮਾਤਾਂ, ਜਿਨ੍ਹਾਂ ਦੇ ਹਿਤ ਇਕ ਦੂਜੀ ਦੇ ਹਿਤਾਂ ਨਾਲ ਟਕਰ ਖਾਂਦੇ ਹਨ — ਤਦ ਤਕ ਰਾਜ ਇਕ ਜਮਾਤ ਦਾ ਹੀ ਹੁੰਦਾ ਹੈ। ਸਾਡੇ ਦੇਸ ਵਿਚ ਧਨਾਢਾਂ ਦੀ ਜਮਾਤ ਦਾ ਰਾਜ ਹੈ। ਇਸ ਜਮਾਤ ਨੇ ਇਕ ਨਾਂ-ਨਿਹਾਦ ਜਮਹੂਰੀ ਢਾਂਚਾ ਖੜਾ ਕੀਤਾ ਹੋਇਆ ਹੈ। ਇਸ ਦੇ ਅੰਦਰ ਅੰਦਰ ਤੁਸੀਂ ਬਾਂ-ਬਾਂ, ਲਾਲਾ-ਲਾਲਾ ਕਰ ਸਕਦੇ ਹੋ, ਖੇਡ-ਖਿਡਾ ਸਕਦੇ ਹੋ! ਹਾਕਮ ਜਮਾਤ ਤੁਹਾਡੇ ਕੋਲੋਂ ਚੋਣਾਂ ਲੜਵਾਉਂਦੀ ਹੈ, ਤਾਂ ਜੋ ਤੁਸੀਂ ਮਨ ਦੀ ਭੜਾਸ ਕਢ ਸਕੋ। ਹਾਕਮ ਜਮਾਤ ਤੁਹਾਡੇ ਕੋਲੋਂ ਕਦੀ ਕਦੀ ਨਿਕੀ ਮੋਟੀ ਸਟ ਫੇਟ ਵੀ ਖਾ ਲੈਂਦੀ ਹੈ, ਤਾਂ ਜੋ ਤੁਹਾਨੂੰ ਬਰਾਬਰੀ ਦੇ ਅਹਿਸਾਸ ਦੀ ਖੁਸ਼ਫਹਿਮੀ ਰਹੇ। ਪਰ ਅਸਵਥਾ ਸਦਾ ਓਹੋ ਹੀ ਰਹਿੰਦੀ ਹੈ, ਜਿਹੜੀ ਪਹਿਲਾਂ ਸੀ। ਇਸ ਖੇਡ ਵਿਚ ਗੋਲ ਹਮੇਸ਼ਾ ਤੁਹਾਡੇ ਪਾਸੇ ਵਲ ਹੀ ਹੁੰਦਾ ਹੈ।
ਇਹ ਇਕ ਝੁਠਲਾਈ ਨਾ ਜਾ ਸਕਣ ਵਾਲੀ ਸਚਿਆਈ ਹੈ। ਇਸ ਸਮਾਜਕ ਢਾਂਚੇ ਵਿਚ ਮਾਰ ਜਦੋਂ ਵੀ ਪੈਂਦੀ ਹੈ, ਨਿਰਧਨ ਤੇ ਮਿਹਨਤ ਕਰਕੇ ਰੋਟੀ ਕਮਾਉਣ ਵਾਲੇ ਬੰਦੇ ਨੂੰ ਹੀ ਪੈਂਦੀ ਹੈ। ਧਨਵਾਨਾਂ ਦੀਆਂ ਸਤੇ ਖੈਰਾਂ ਰਹਿੰਦੀਆਂ ਹਨ। ਆਖਰ ਕਿਉਂ?
ਬੁਧੀਜੀਵੀ ਨੂੰ ਮਨੁਖੀ ਹਿਤਾਂ ਦੇ ਪੈਂਤੜੇ ਉਤੇ ਖਲੋ ਕੇ ਇਸ ‘ਆਖਰ ਕਿਉਂ’ ਦਾ ਜੁਆਬ ਲਭਣਾ ਚਾਹੀਦਾ ਸੀ ਅਤੇ ਆਪਣੀ ਸੋਚ ਤੇ ਜਦੋਜਹਿਦ ਨੂੰ ਉਸ ਜੁਆਬ ਦੇ ਆਧਾਰ ਉਤੇ ਉਸਾਰਨਾ ਚਾਹੀਦਾ ਸੀ, ਪਰ….
ਪੰਜਾਬ ਦਾ ਬੁਧੀਜੀਵੀ ਜ਼ਿਆਦਾਤਰ ਹੇਠਲੀ ਦਰਮਿਆਨੀ ਜਮਾਤ ਵਿਚੋਂ ਆਇਆ ਹੈ। ਜਮਾਤੀ ਕਿਰਦਾਰ ਅਨੁਸਾਰ ਉਹ ਹਮੇਸ਼ਾ ਉਪਰਲੀਆਂ ਜਮਾਤਾਂ ਵਲ ਵੇਖਦਾ ਹੈ। ਉਸ ਦਾ ਟੀਚਾ ਉਹ ਹੁੰਦੀਆਂ ਹਨ। ਉਹ ‘ਉਤਾਂਹ’ ਜਾਣਾ ਲੋਚਦਾ ਹੈ। ਇਹ ਵਿਅਕਤੀ ਚਾਪਲੂਸ ਹੁੰਦਾ ਹੈ, ਚੰਗਾ ਵਪਾਰੀ ਹੁੰਦਾ ਹੈ, ਵਸਤਾਂ ਵੇਚਣੀਆਂ ਜਾਣਦਾ ਹੈ, ਸਰਕਾਰੇ-ਦਰਬਾਰੇ ਆਪਣ ਪੁਛ-ਪੜਤਾਲ ਕਰਵਾਉਣ ਲਈ ਇਹ ਚੜ੍ਹਦੇ ਸੂਰਜ ਨੂੰ ਸਲਾਮ ਕਰਨ ਦੀ ਕਲਾ ਦਾ ਵੀ ਮਾਹਿਰ ਹੁੰਦਾ ਹੈ।
ਆਓ! ਇਸ ਬੁਧੀਜੀਵੀ ਦੇ ਰੋਲ ਨੂੰ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਦੇ ਪ੍ਰਸੰਗ ਵਿਚ ਰਖ ਕੇ ਵੇਖੀਏ।
ਇਕ ਪਾਸੇ ਤਾਂ ਇਹ ਬੁਧੀਜੀਵੀ ਦਿਨ-ਰਾਤ ਇਹ ਕਹਿੰਦਾ ਨਹੀਂ ਥਕਦਾ ਕਿ ਪੰਜਾਬੀ ਦੀ ਉਨਤੀ ਹੋਣੀ ਚਾਹੀਦੀ ਹੈ। ਇਸ ਵਿਚ ਬਹੁਤ ਸਾਰਾ ਸਾਹਿਤ ਰਚਿਆ ਜਾਣਾ ਚਾਹੀਦਾ ਹੈ। ਸੰਸਾਰ ਦੀਆਂ ਵਧੀਆ ਕਿਤਾਬਾਂ ਇਸ ਵਿਚ ਅਨੁਵਾਦ ਹੋਣੀਆਂ ਚਾਹੀਦੀਆਂ ਹਨ। ਸਰਕਾਰੇ-ਦਰਬਾਰੇ ਉਪਰ ਤਕ ਇਸ ਜ਼ੁਬਾਨ ਦੀ ਪੁਛ-ਪੜਤਾਲ ਹੋਣੀ ਚਾਹੀਦੀ ਹੈ। ਪਰ ਦੂਜੇ ਪਾਸੇ ਜੋ ਕੁਝ ਇਹ ਬੁਧੀਜੀਵੀ ਕਰ ਰਿਹਾ ਹੈ, ਉਹ ਚੜ੍ਹਦੇ ਸੂਰਜ ਨੂੰ ਸਲਾਮ ਕਰਨ ਦੀ ਇਸ ਦੀ ਆਦਤ ਦਾ ਸਬੂਤ ਹੈ। ਦੇਸ ਵਿਚ ਹਕੂਮਤ ਦੀ ਵਾਗਡੋਰ ਹਿੰਦੀ ਬੈਲਟ (ਜਿਸ ਨੂੰ ਕਊ-ਬੈਲਟ ਵੀ ਕਿਹਾ ਜਾਂਦਾ ਹੈ) ਵਾਲਿਆਂ ਦੇ ਹਥ ਵਿਚ ਹੈ ਤੇ ਉਨ੍ਹਾਂ ਦਾ ਮੂੰਹ ਪੁਰਾਤਨ ਹਿੰਦੂ ਸੰਸਕ੍ਰਿਤੀ ਵਲ ਤੇ ਸੰਸਕ੍ਰਿਤਾਈ ਹਿੰਦੀ ਵਲ ਹੈ। ਸਾਡੇ ਬੁਧੀਜੀਵੀ ਗੱਲ ਤਾਂ ਪੰਜਾਬੀ ਦੀ ਉਨਤੀ ਦੀ ਕਰਦੇ ਹਨ ਪਰ ਇਸ ਬੋਲੀ ਦਾ ਮੂੰਹ ਮੁਹਾਂਦਰਾ ਵਿਗਾੜ ਕੇ ਇਸ ਨੂੰ ਸੰਸਕ੍ਰਿਤਾਈ ਹਿੰਦੀ ਬਣਾ ਕੇ ਪੰਡਤਾਂ ਦੀ ਜ਼ੁਬਾਨ ਬਣਾਉਣਾ ਚਾਹੁੰਦੇ ਹਨ। ਲੋਕਾਂ ਨਾਲੋਂ ਇਸ ਦਾ ਰਿਸ਼ਤਾ ਤੋੜ ਕੇ ਇਸ ਨੂੰ ਵਿਦਵਾਨ’ ਦੀ ਰਖੇਲ ਬਣਾਉਣਾ ਲੋਚ ਰਹੇ ਹਨ। ਇਨ੍ਹਾਂ ਬੁਧੀਜੀਵੀ ਦੀ ਕਹਿਣੀ ਤੇ ਕਰਨੀ ਵਿਚ ਬੜਾ ਫਰਕ ਹੈ।
ਯਾਦ ਰਖਣ ਵਾਲੀ ਗਲ ਇਹ ਹੈ ਕਿ ਜਦੋਂ ‘ਵਿਦਵਾਨ’ ਅਤੇ ਧਨਵਾਨ ਜਮਾਤਾਂ ਨੇ ਸੰਸਕ੍ਰਿਤ ਨੂੰ ਲੋਕਾਂ ਨਾਲੋਂ ਵਲੂੰਧਰ ਕੇ ਆਪਣੀ ਰਖੇਲ ਬਣਾਇਆ ਸੀ, ਤਾਂ ਉਸ ਦਾ ਹਸ਼ਰ ਕੀ ਹੋਇਆ ਸੀ। ਉਹ ਛੇਤੀ ਹੀ ਬੁਸ ਗਈ ਸੀ, ਤਰੱਕ ਗਈ ਸੀ ਤੇ ਮਰ ਗਈ ਸੀ।
ਅਜ ਹਿੰਦੀ ਵਾਲੇ ਵੀ ਵਿਚ ਇਹ ਮੰਨਣ ਲਗ ਪਏ ਹਨ ਕਿ ਜਿਸ ਸੰਸਕ੍ਰਿਤਾਈ ਹਿੰਦੀ ਦੀ ਵਾਛੜ ਕੀਤੀ ਜਾਂਦੀ ਹੈ, ਉਹ ਕਿਸੇ ਦੀ ਵੀ ਜ਼ੁਬਾਨ ਨਹੀਂ ਹੈ। ਹਿੰਦੀ ਬੈਲਟ ਵਿਚ ਅਜ ਲੋਕਾਂ ਦੀਆਂ ਜ਼ੁਬਾਨਾਂ ਮੈਥਲੀ, ਬ੍ਰਿਜ, ਅਵਧੀ ਵਗੈਰਾ ਨੇ ਸਿਰ ਚੁਕ ਲਿਆ ਹੈ। ਇਨ੍ਹਾਂ ਜੁਬਾਨਾਂ ਨੂੰ ਬੋਲਣ ਵਾਲੇ ਵਖ-ਵਖ ਇਲਾਕੇ ਹਨ ਅਤੇ ਉਨ੍ਹਾਂ ਦੀ ਵਸੋਂ ਲਖਾਂ ਕਰੋੜਾਂ ਵਿਚ ਹੈ। ਇਨ੍ਹਾਂ ਬੋਲੀਆਂ ਦਾ ਆਪਣਾ ਆਪਣਾ ਅਮੀਰ ਸਾਹਿਤ ਹੈ। ਹੋਰ ਨਰੋਆ ਸਾਹਿਤ ਰਚਿਆ ਜਾ ਰਿਹਾ ਹੈ। ਹੁਣ ਤਕ ਸਰਕਾਰੋਂ-ਦਰਬਾਰੋਂ ਠੋਸੀ ਜਾ ਰਹੀ ਸੰਸਕ੍ਰਿਤਾਈ ਹਿੰਦੀ ਨੇ ਇਨ੍ਹਾਂ ਦਾ ਗਲ ਘੁਟੀ ਰਖਿਆ ਸੀ ਪਰ ਹੁਣ ਇਹ ਜ਼ੁਬਾਨਾਂ ਜੂਲਾ ਲਾਹ ਕੇ ਸੁਟ ਦੇਣ ਲਈ ਜੂਝ ਰਹੀਆਂ ਹਨ। ਇਸੇ ਤਰ੍ਹਾਂ ਉਤਰ ਵਿਚ ਪਹਾੜੀ ਬੋਲੀ ਤੇ ਡੋਗਰੀ ਬੋਲੀ ਹੁਣ ਭਰਵੇਂ ਸਾਹ ਲੈਣ ਲਗ ਪਈਆਂ ਹਨ।
ਇਹ ਗਲ ਬੜੀ ਮਜ਼ੇਦਾਰ ਹੈ ਕਿ ਅੰਗਰੇਜ਼ਾਂ ਦੇ ਵਕਤ ਜਿਹੜੇ ਲੋਕ (ਸਾਡੇ ਬੁਧੀਜੀਵੀ) ਆਪਣੀਆਂ ਬੋਲੀਆਂ ਨੂੰ ਪਛੜੀਆਂ ਅਤੇ ਅਨਪੜ੍ਹਾਂ ਤੇ ਪੇਂਡੂਆਂ ਦੀਆਂ ਬੋਲੀਆਂ ਕਹਿੰਦੇ ਨਹੀਂ ਸਨ ਥਕਦੇ, ਜਿਹੜੇ ਸਿਰਫ ਅੰਗਰੇਜ਼ੀ ਨੂੰ ਹੀ ਉਨਤ ਜੁਬਾਨ ਮੰਨਦੇ ਸਨ, ਅੰਰਗੇਜ਼ੀ ਸਾਹਿਤ ਹੀ ਪੜ੍ਹਦੇ ਸਨ ਤੇ ਦਿਨ ਰਾਤ ਅੰਗਰੇਜ਼ੀ ਸਭਿਅਤਾ ਦੇ ਹੀ ਗੁਣ ਗਾਉਂਦੇ ਸਨ, ਅਜ ਉਹੋ ਲੋਕ ਹੀ ਭਾਰਤ ਦੀ ਪੁਰਾਤਨ ਹਿੰਦੀ ਸੰਸਕ੍ਰਿਤੀ ਦੀ ਤੇ ਸੰਸਕ੍ਰਿਤਾਈ ਹਿੰਦੀ ਦੀ ਤਾਰੀਫ ਦੇ ਪੁਲ ਬੰਨ੍ਹਣ ਲਗ ਪਏ ਹਨ। ਬਿਦੇਸੀ ਹਾਕਮਾਂ ਦੀ ‘ਦਿਮਾਗੀ’ ਪਕੜ ਦੀ ਥਾਂ ਹੁਣ ਦੇਸੀ ਹਾਕਮਾਂ ਦੇ ‘ਦਿਮਾਗੀ ਸ਼ਿਕੰਜ਼ੇ’ ਨੇ ਲੈ ਲਈ ਹੈ। ਹੁਣ ਲੋਕਾਂ ਦੀਆਂ ਜੁਬਾਨਾਂ ਉਤੇ ਸੰਸਕ੍ਰਿਤਾਈ ਹਿੰਦੀ ਦੀ ਗੜੇਮਾਰ ਕੀਤੀ ਜਾ ਰਹੀ ਹੈ। ਹੁਣ ਉਹੋ ‘ਵਿਦਵਾਨ’ ਹੀ ਕਹਿੰਦੇ ਹਨ, ‘ਜੀ ਛਡੋ ਆਪਣੀ ਜ਼ੁਬਾਨ ਦੀ ਗਲ। ਸੰਸਕ੍ਰਿਤ ਤੇ ਹਿੰਦੀ ਪੜ੍ਹੋ ਤੇ ਉਚੀਆਂ ਨੌਕਰੀਆਂ ਪ੍ਰਾਪਤ ਕਰੋ।
ਇਹ ਸਅਾਲ ਉਠਾਇਆ ਜਾ ਸਕਦਾ ਹੈ ਕਿ ਲੋਕਾਂ ਦੀਆਂ ਬੋਲੀਆਂ ਨੂੰ ਉਨਤ ਕਰਨਾ ਕਿਉਂ ਜ਼ਰੂਰੀ ਹੈ? ਤੇ ਫਿਰ ਏਨੀਆਂ ਸਾਰੀਆਂ ਨੂੰ ਕਿਉਂ? ਇਸ ਦਾ ਜੁਆਬ ਬੜਾ ਸੌਖਾ ਹੈ। ਇਨ੍ਹਾਂ ਵਿਚੋਂ ਹਰ ਇਕ ਬੋਲੀ ਨੂੰ ਬੋਲਣ ਵਾਲੇ ਲੋਕਾਂ ਦੀ ਗਿਣਤੀ ਲਖਾਂ ਕਰੋੜਾਂ ਵਿਚ ਹੈ ਅਤੇ ਇਨ੍ਹਾਂ ਸਭ ਲੋਕਾਂ ਨੂੰ ਚੰਗੀ ਤੋਂ ਚੰਗੀ ਤਾਲੀਮ ਹਾਸਲ ਕਰਨ ਦਾ ਓਨਾ ਹੀ ਹਕ ਹਾਸਲ ਹੈ, ਜਿੰਨਾ ਕਿ ਮਾਂ ਦੇ ਪੇਟੋ ਜੰਮੇ ਕਿਸੇ ਹੋਰ ਬੰਦੇ ਨੂੰ ਹੋ ਸਕਦਾ ਹੈ। ਆਖਿਰ ਇਨ੍ਹਾਂ ਲੋਕਾਂ ਨੂੰ ਕਿਉਂ ਨਾ ਆਪਣੀ ਮਾਂ ਬੋਲੀ ਵਿਚ ਵਿਦਿਆ ਪ੍ਰਾਪਤ ਕਰਨ ਦਾ ਅਵਸਰ ਦਿਤਾ ਜਾਵੇ? ਮੇਮ ਦੇ ਢਿਡੋਂ ਜੰਮੇ ਬਚੇ ਨੂੰ ਅੰਗਰੇਜ਼ੀ ਵਿਚ ਤਾਲੀਮ ਮਿਲਦੀ ਹੈ ਤੇ ਰੂਸੀ ਨਾਰੀ ਦੇ ਜਾਏ ਨੂੰ ਰੂਸੀ ਜ਼ੁਬਾਨ ਵਿਚ। ਸਾਡੇ ਲੋਕ ਆਖਰ ਕਿਹੜਾ ਪਾਪ ਕਰਕੇ ਜੰਮੇ ਹਨ ਕਿ ਉਨ੍ਹਾਂ ਨੂੰ ਆਪਣੀ ਮਾਂ ਬੋਲੀ ਛਡ ਕੇ ਪਹਿਲਾਂ ਇਕ ਬੇਗਾਨੀ ਜ਼ੁਬਾਨੀ ਸਿਖਣ ਦੀ ਮਜ਼ਬੂਰੀ ਹੋਵੇ ਅਤੇ ਫਿਰ ਉਸ ਜ਼ੁਬਾਨ ਰਾਹੀਂ ਹੀ ਉਨ੍ਹਾਂ ਨੂੰ ਗਿਆਨ ਹਾਸਲ ਕਰਨਾ ਪਵੇ? ਵਿਦਿਆ ਲੈਣ-ਦੇਣ ਦੇ ਕੰਮ ਵਿਚ ਦਿਲਚਸਪੀ ਰਖਣ ਵਾਲਾ ਹਰ ਵਿਅਕਤੀ ਜਾਣਦਾ ਹੈ ਕਿ ਜਬਰੀ ਬੇਗਾਨੀ ਜੁਬਾਨ ਸਿਖਣ ਦੀ ਮਜ਼ਬੂਰੀ ਬੰਦੇ ਵਿਚ Îਘਟੀਆਪਣ ਦਾ ਅਹਿਸਾਸ ਪੈਦਾ ਕਰਦੀ ਹੈ। ਹਿੰਦੁਸਤਾਨੀ ਅੰਗਰੇਜ਼ ਸਾਹਮਣੇ ਮਾਰ ਖਾ ਜਾਂਦਾ ਸੀ ਕਿਉਂਕਿ ਉਸ ਨੂੰ ਅੰਗਰੇਜੀ ਉਤੇ ਉਹ ਮੁਹਾਰਿਤ ਹਾਸਲ ਨਹੀਂ ਸੀ ਹੁੰਦੀ, ਜਿਹੜੀ ਅੰਗਰੇਜ਼ ਨੂੰ ਆਪਣੀ ਮਾਂ ਬੋਲੀ ਉਤੇ ਕੁਦਰਤੀ ਹੁੰਦੀ ਸੀ। ਅਜ ਭਾਰਤ ਦੀਆਂ ਧਨਾਢ ਹਾਕਮ ਜਮਾਤਾਂ ਅਤੇ ਉਨ੍ਹਾਂ ਦੇ ਚਮਚੇ ਸੰਸਕ੍ਰਿਤਾਈ ਹਿੰਦੀ ਦੀ ਅਮਰ ਵੇਲ ਚੜ੍ਹਾ ਕੇ ਲੋਕਾਂ ਦੀਆਂ ਬੋਲੀਆਂ ਦੇ ਸੁੰਦਰ ਤੇ ਸਾਵੇਂ ਬ੍ਰਿਛਾਂ ਨੂੰ ਵਧਣੋਂ-ਫੁਲਣੋਂ ਰੋਕ ਰਹੇ ਹਨ। ਸੰਸਕ੍ਰਿਤਾਈ ਹਿੰਦੀ ਨੂੰ ਲੋਕਾਂ ਦੀਆਂ ਜ਼ੁਬਾਨਾਂ ਉਤੇ ਜ਼ਬਰਦਸਤੀ ਠੋਸਣ ਵਾਲੀਆਂ ਹਾਕਮ ਜਮਾਤਾਂ ਦੇ ਸਾਹਮਣੇ ਦੋ ਨਿਸ਼ਾਨੇ ਹਨ।
ਪਹਿਲਾ — ਲੋਕਾਂ ਵਿਚ ਤਾਲੀਮ ਤਾਂ ਜ਼ਰੂਰ ਫੈਲੇ (ਕਿਉਂਕਿ ਧਨਾਢ ਜਮਾਤਾਂ ਦੇ ਕਾਰਖਾਨਿਆਂ, ਦਫਤਰਾਂ ਤੇ ਕਾਰੋਬਾਰ ਵਿਚ ਕੰਮ ਕਰਨ ਲਈ ਪੜ੍ਹੇ-ਲਿਖੇ ਲੋਕਾਂ ਦੀ ਲੋੜ ਹੈ) ਪਰ ਓਪਰੀ ਓਪਰੀ ਜਿਹੀ ਕਿਸਮ ਦੀ ਤਾਲੀਮ, ਇਹੋ ਜੇਹੀ ਜੁਬਾਨ ਵਿਚ ਜਿਸ ਜ਼ੁਬਾਨ ਦਾ ਲੋਕਾਂ ਨਾਲ ਜਿਉਂਦਾ ਜਾਗਦਾ ਸਿਧਾ ਸੰਬੰਧ ਕੋਈ ਨਾ ਹੋਵੇ। ਲੋਕ ਪੜ੍ਹੇ ਤਾਂ ਹੋਣ, ਗੁੜੇ ਨਾ ਹੋਣ। ਬਸ ਹਾਕਮ ਜਮਾਤਾਂ ਦਾ ਹਥਠੋਕਾ ਬਣਨ ਜੋਗੇ ਹੀ ਹੋਣ। ਉਹ ਡੂੰਘਾਈ ਨਾਲ ਸੋਚਣ ਦੇ ਕਾਬਿਲ ਹੀ ਨਾ ਹੋਣ। ਜ਼ੁਬਾਨ ਦੇ ਭੰਬਲਭੂਸਿਆਂ ਵਿਚ ਪਏ ਰਹਿਣ। ਉਨ੍ਹਾਂ ਦਾ ਦਿਮਾਗ ਕਦੀ ਰੋਸ਼ਨ ਨਾ ਹੋ ਸਕੇ, ਜਿਸ ਤਰ੍ਹਾਂ ਦਾ ਵਿਦਿਆ ਆਪਣੀ ਮਾਂ ਬੋਲੀ ਵਿਚ ਹਾਸਲ ਕਰਕੇ ਇਨਸਾਨ ਦਾ ਹੁੰਦਾ ਹੈ।
ਦੂਜਾ, ਜਿਹੜੀ ਜ਼ੁਬਾਨ ਲੋਕਾਂ ਨੂੰ ਪੜ੍ਹਾਈ ਜਾਵੇਗੀ, ਉਸ ਵਿਚ ਉਹ ਸਾਹਿਤ ਪੜ੍ਹਨਗੇ ਅਤੇ ਉਸ ਸਾਹਿਤ ਵਿਚ ਪੇਸ਼ ਕੀਤੇ ਗਏ ਵਿਚਾਰਾਂ ਨੂੰ ਹੀ ਉਹ ਕਬੂਲ ਕਰਨਗੇ। ਅੰਗਰੇਜ਼ਾਂ ਦੇ ਸਮੇਂ ਅੰਗਰੇਜ਼ੀ ਪੜ੍ਹ ਕੇ ਬੇਅੰਤ ਹਿੰਦੁਸਤਾਨੀ ਅੰਗਰੇਜ਼ੀ ਸਾਹਿਤ ਤੇ ਸਭਿਆਚਾਰ ਦੇ ਆਸ਼ਕ ਹੋ ਗਏ ਸਨ ਅਤੇ ‘ਅੰਗਰੇਜ਼ੀ ਰਾਜ ਦੀਆਂ ਬਰਕਤਾਂ’ ਦੇ ਗੁਣ ਗਾਉਣ ਲਗ ਪਏ ਸਨ। ਹੁਣ ‘ਹਿੰਦੀ ਬੈਲਟ’ ਵਾਲੇ ਅਤੇ ਪੁਰਾਤਨ ਸੰਸਕ੍ਰਿਤੀ ਵਲ ਮੂੰਹ-ਭੁਆਈ ਬੈਠੀਆਂ ਕਟੜ ਹਿੰਦੂ ਜਹਿਨੀਅਤ ਵਾਲੀਆਂ ਧਨਾਢ ਜਮਾਤਾਂ ਹਿੰਦੁਸਤਾਨ ਦੀਆਂ ਵਖ-ਵਖ ਬੋਲੀਆਂ ਬੋਲਣ ਵਾਲੀਆਂ ਕੌਮੀਅਤਾਂ ਉਤੇ ਸੰਸਕ੍ਰਿਤਾਈ ਹਿੰਦੀ ਠੋਸਣਾ ਚਾਹ ਰਹੀਆਂ ਹਨ। ਨਿਸ਼ਾਨਾ ਇਹੋ ਹੀ ਹੈ ਕਿ ਪੁਰਾਤਨ ਸੰਸਕ੍ਰਿਤ ਸਾਹਿਤ ਪੜ੍ਹ ਕੇ ਲੋਕ ਹਿੰਦੂ ਰਾਸ਼ਟਰ ਦਾ ਲੋਹਾ ਮੰਨਣ। ਗਊ-ਮੂਤ ਤੇ ਗੰਗਾ-ਜਲ ਨੂੰ ਅੰਮ੍ਰਿਤ ਸਮਝਣ। ਉਪਨਿਸ਼ਦਾਂ ਤੇ ਸਿਮਰਤੀਆਂ ਦੀ ਪਿਛਾਂਹ-ਖਿਚੂ ਜੀਵਨ ਫਿਲਾਸਫੀ ਨੂੰ ਅਪਨਾਉਣ। ਵਹਿਮ-ਪ੍ਰਸਤੀ, ਨਸਲ-ਪ੍ਰਸਤੀ ਤੇ ਜਾਤਪਾਤ ਪ੍ਰਸਤੀ ਦੇ ਚਕਰਾਂ ਵਿਚ ਪਏ ਰਹਿਣ। ਬ੍ਰਾਹਮਣਵਾਦ ਦੀ ਕਾਲਖ ਲੋਕਾਂ ਦੇ ਦਿਮਾਗਾਂ ਨੂੰ ਧੁਆਂਖਣ ਵਿਚ ਫਿਰ ਸਫਲ ਹੋਵੇ।
ਸਾਡੇ ਬੁਧੀਜੀਵੀ ਦਾ ਅਜ ਅਸਲ ਕਰਤਵ ਇਹ ਹੈ ਕਿ ਉਹ ਧਨਾਢ ਹਾਕਮ ਜਮਾਤਾਂ ਦੀ ਇਸ ਚਾਲ ਨੂੰ ਸਮਝੇ ਅਤੇ ਲੋਕਾਂ ਸਾਹਮਣੇ ਇਸ ਨੂੰ ਨੰਗਾ ਕਰੇ। ਸੰਸਕ੍ਰਿਤਾਈ ਹਿੰਦੀ ਦੀ ਕੀਤੀ ਜਾ ਰਹੀ ਬੰਬਾਰੀ ਪਿਛੇ ਕੀ ਚਲਾਕੀ ਕੰਮ ਕਰ ਰਹੀ ਹੈ?  ਬ੍ਰਾਹਮਣਵਾਦ ਨੇ ਦੇਸ ਦੇ ਲੋਕਾਂ ਨੂੰ ਪਿਛੇ ਰਖਣ ਵਿਚ ਕੀ ਰੋਲ ਅਦਾ ਕੀਤਾ ਹੈ? ਬ੍ਰਾਹਮਣਵਾਦ ਅਤੇ ਕਟੜ ਹਿੰਦੂ ਰਾਸ਼ਟਰਵਾਦ ਦੀ ਮਾਰੂ ਦਿਮਾਗੀ ਪਕੜ ਤੋਂ ਲੋਕਾਂ ਨੂੰ ਕਿਵੇਂ ਬਚਾਉਣਾ ਹੈ, ਇਹ ਅਜ ਸਾਡੇ ਬੁਧੀਜੀਵੀ ਦਾ ਕਰਤਵ ਹੈ। ਆਪਣੇ ਹੀ ਲੋਕਾਂ ਨੂੰ ਪਿਠ ਦੇ ਕੇ ਭਜ ਜਾਣਾ ਇਨਸਾਨੀਅਤ ਤੋਂ ਡਿਗ ਜਾਣਾ ਹੈ।

ਗੁਰਵੇਲ ਸਿੰਘ ਪੰਨੂ

Leave a Reply

Your email address will not be published. Required fields are marked *