ਪੰਥਕ ਮਸਲਿਆਂ ਬਾਰੇ ਚੇਤੰਨ ਪਤਰਕਾਰ ਸ. ਕਰਮਜੀਤ ਸਿੰਘ ਨੇ ‘ਪਹਿਰੇਦਾਰ’ ਅਖਬਾਰ ਵਿਚ ਛਪੀ ਆਪਣੀ ਇਕ ਲਿਖਤ ਅੰਦਰ ਇਹ ਸਹੀ ਟਿਕਿਆ ਹੈ ਕਿ ‘ਅਜੇ ਵੀ ਬਹੁਤ ਸਾਰੀਆਂ ਤਾਕਤਾਂ ਮੌਜੂਦ ਹਨ, ਜੋ ਇਸ ਟਬਰ (ਬਾਦਲਕਿਆ) ਨੂੰ ਸਾਡੇ ਸਿਰਾਂ ਉਤੇ ਬਿਠਾਉਣ ਲਈ ਜਥੇਬੰਦਕ ਰੂਪ ਵਿਚ ਸਰਗਰਮ ਹਨ। ਇਸ ਲਈ ਇਨ੍ਹਾਂ ਨੂੰ ਇਤਿਹਾਸ ਦੇ ਕੂੜੇ ਕਰਕਟ ਵਿਚ ਸੁਟਣ ਲਈ ਸਾਡੀਆਂ ਉਮੀਦਾਂ ਬਰਗਾੜੀ ਮੋਰਚੇ ਉਤੇ ਹੀ ਲਗੀਆਂ ਹੋਈਆਂ ਹਨ।’
ਪਰ ਇਥੇ ਧਿਆਨ ਵਿਚ ਰਖਣ ਵਾਲੀ ਗਲ ਇਹ ਹੈ ਕਿ ਬਾਦਲਕੇ ਸਿਰਫ ਇਕ ਟਬਰ ਨਹੀਂ ਬਲਕਿ ਇਕ ਸੋਚ ਹੈ, ਜਿਹੜੀ ਪੰਥਕ ਤੇ ਸਮਾਜੀ ਹਿਤਾਂ ਨੂੰ ਤਿਲਾਂਜਲੀ ਦੇ ਕੇ ਆਪਣੇ ਸਵਾਰਥੀ ਹਿਤਾਂ ਦੀ ਪੂਰਤੀ ਕਰਦੀ ਹੈ। ਨਿਜ ਤਕ ਸੀਮਤ ਇਹੀ ਸੋਚ ਹੈ, ਜਿਸ ਨੇ ਸਿਖਾਂ ਸਮੇਤ ਪੰਜਾਬੀ ਸਮਾਜ ਦੇ ਇਕ ਵਡੇ ਹਿਸੇ ਤੇ ਖਾਸ ਕਰਕੇ ਅਮੀਰ ਮਧ ਵਰਗ ਨੂੰ ਮਾਨਸਿਕ ਤੌਰ ਉਤੇ ਬਿਮਾਰ ਕਰ ਦਿਤਾ ਹੈ। ਸਾਮੂਹਿਕ ਹਿਤਾਂ ਦੀ ਥਾਂ ਨਿਜੀ ਹਿਤਾਂ ਨੂੰ ਪਹਿਲ ਦੇਣ ਵਾਲੀ ਇਸ ਸੋਚ ਨੂੰ ਬਦਲੇ ਬਿਨਾਂ ਇਸ ਟਬਰ ਨੂੰ ਪੰਥਕ ਸਫਾਂ ਵਿਚੋਂ ਲਾਂਭੇ ਨਹੀਂ ਕੀਤਾ ਜਾ ਸਕਦਾ। ਅੱਜ ਸਿਖਾਂ ਸਮੇਤ ਪੰਜਾਬ ਦੇ ਸਮੂਹ ਲੋਕਾਂ ਨੂੰ ਇਹ ਦਸਣ ਦੀ ਲੋੜ ਹੈ ਕਿ ਇਸ ਸੁਆਰਥੀ ਸੋਚ ਨੇ ਹੀ ਪੰਜਾਬ ਦਾ ਬੇੜਾ ਗਰਕ ਕੀਤਾ ਹੈ। ਜੇ ਪੰਜਾਬ ਦੀ ਕਿਸਾਨੀ ਖੁਦਕੁਸ਼ੀਆਂ ਕਰ ਰਹੀ, ਜਵਾਨੀ ਨਸ਼ੇੜੀ ਬਣ ਰਹੀ ਹੈ, ਬਹੁਗਿਣਤੀ ਲੋਕ ਪ੍ਰਦੇਸਾਂ ਵਿਚ ਜਾ ਕੇ ਧਕੇ ਖਾਣ ਦੀ ਇਛਾ ਰਖਦੇ ਹਨ, ਤਾਂ ਇਸ ਦੀ ਜ਼ਿੰਮੇਵਾਰ ਇਹੀ ਸੋਚ ਹੈ। ਇਸ ਸੋਚ ਨਾਲ ਗ੍ਰਸਤ ਲੋਕਾਂ ਨੇ ਭਾਵੇਂ ਆਪਣੇ ਲਈ  ਕਰੋੜਾਂ ਅਰਬਾਂ ਰੁਪਏ ਇਕਠੇ ਕਰ ਲਏ ਹਨ, ਪਰ ਇਸ ਸੋਚ ਨੇ ਪੰਜਾਬ ਦੇ ਹਿਤਾਂ ਨੂੰ ਸਾਮਰਾਜੀ ਲੀਹਾਂ ਉਤੇ ਚਲ ਰਹੀ ਕੇਂਦਰ ਸਰਕਾਰ ਕੋਲ ਵੇਚ ਦਿਤਾ ਹੈ। ਅਜੋਕੇ ਪੰਜਾਬ ਦਾ ਹਵਾ ਪਾਣੀ ਧਰਤੀ ਜ਼ਹਿਰੀ ਹੈ ਤਾਂ ਇਸ ਦਾ ਕਾਰਨ ਇਹੀ ਨਿਜ ਤਕ ਸੀਮਤ ਸੋਚ ਹੈ। ਬਰਗਾੜੀ ਮੋਰਚੇ ਨੂੰ ਆਧਾਰ ਬਣਾ ਕੇ ਨਿਜ ਤਕ ਸਿਮਟੀ ਇਸ ਸੋਚ ਵਿਰੁਧ ਇਕ ਵਿਚਾਰਧਾਰਕ ਜੰਗ ਵਿਢਣ ਦੀ ਲੋੜ ਹੈ। ਗੁਰਮਤਿ ਦਾ ਗਿਆਨ ਇਸ ਸੋਚ ਵਿਰੁਧ ਜੰਗ ਦਾ ਇਕ ਐਲਾਨਨਾਮਾ ਹੈ।
ਸਿਖ ਧਰਮ ਮਨੁਖੀ ਮਨ ਨੂੰ ਅੰਦਰੂਨੀ ਤੌਰ ਉਤੇ ਇਕ ਸਵੈਜਾਬਤੇ ਵਿਚ ਬੰਨ੍ਹਦਾ ਹੈ ਅਤੇ ਬਾਹਰੀ ਤੌਰ ਉਤੇ ਉਸਨੂੰ ਇਕ ਸਮਾਜੀ ਸਦਾਚਾਰ ਦੀ ਪਾਲਣਾ ਕਰਨ ਲਈ ਨੇਮਬਧ ਕਰਦਾ ਹੈ। ਪਰ ਅਜੋਕੇ ਸਮਿਆਂ ਵਿਚ ਬਾਦਲਕਿਆ ਵਰਗੀ ਨਕਾਰੀ ਤੇ ਸੁਆਰਥੀ ਸੋਚ ਨੇ ਇਹ ਦੋਵੇਂ ਬੰਧਨ ਹੀ ਤੋੜ ਦਿਤੇ ਹਨ। ਇਸੇ ਕਾਰਨ ਅਜੋਕਾ ਪੰਜਾਬੀ ਸਮਾਜ ਧਨ ਦੌਲਤ ਦੀ ਬਹੁਲਤਾ ਦੇ ਬਾਵਜੂਦ ਸੁਖੀ ਨਹੀਂ ਸਗੋਂ ਵਧੇਰੇ ਦੁਖੀ ਹੋਇਆ ਹੈ ਅਤੇ ਕਿਸੇ ਹਦ ਤਕ ਮਾਨਸਿਕ ਰੋਗੀ ਬਣਦਾ ਜਾ ਰਿਹਾ ਹੈ। ਸਿਖ ਕਿਰਦਾਰ ਇਸ ਵਿਸ਼ਵਾਸ ਉਤੇ ਉਸਰਦਾ ਹੈ ਕਿ ਜਿਥੇ ਹੀਣੇ, ਅਣਸਰਦੇ, ਦੀਨ, ਦੁਖੀ, ਮਜ਼ਲੂਮ ਲੋਕਾਂ ਦੇ ਹਿਤਾਂ ਦੀ ਪਹਿਰੇਦਾਰੀ ਹੁੰਦੀ ਹੋਵੇ ਉਥੇ ਅਕਾਲ ਪੁਰਖ ਬਹੁੜੀ ਕਰਦਾ ਹੈ। ਇਸ ਵਿਸ਼ਵਾਸ ਦਾ ਆਧਾਰ ਸਿਖ ਦਾ ਇਹ ਯਕੀਨ ਹੈ ਕਿ ਖਾਲਕ ਖਲਕਤ ਵਿਚ ਵਸਦਾ ਹੈ ਅਤੇ ਜਦੋਂ ਖਲਕਤ ਦੁਖੀ ਹੋਵੇ ਤਾਂ ਇਸ ਦਾ ਦੁਖ ਖਾਲਕ ਨੂੰ ਹੁੰਦਾ ਹੈ। ਖਲਕਤ ਦੇ ਦੁਖ ਦੀ ਕੀਤੀ ਹੋਈ ਪਹਿਰੇਦਾਰੀ ਅਕਾਲ ਪੁਰਖ (ਖਾਲਕ) ਨੂੰ ਭਾਉਂਦੀ ਹੈ, ਜਿਸ ਉਤੇ ਖੁਸ਼ ਹੋ ਕੇ ਉਹ ਪਹਿਕੇਦਾਰੀ ਕਰਨ ਵਾਲੇ ਉਪਰ ਤੁਠਦਾ ਤੇ ਉਸ ਨੂੰ ਨਿਹਾਲ ਕਰ ਦੇਂਦਾ ਹੈ। ਇਸੇ ਲਈ ਗੁਰੂ ਨਾਨਕ ਦੇਵ ਜੀ ਨੇ ਫੁਰਮਾਇਆ ਹੈ — ‘ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ’। (ਸਿਰੀ ਰਾਗ ਮ. 1)
ਸਿਖੀ ਇਕ ਜਬਤ ਭਰਪੂਰ ਜੀਵਨ ਹੈ। ਜੇ ਕੂੜੀ ਮਾਇਆ ਵੇਖ ਕੇ ਸਾਡੀਆਂ ਲਾਲਾਂ ਵਹਿ ਤੁਰਦੀਆਂ ਹਨ ਤਾਂ ਅਸੀਂ ਸਿਖੀ ਦੇ ਦਾਅਵੇਦਾਰ ਕਿੰਝ ਹੋਏ? ਆਪਣੇ ਮਨ ਉਪਰ ਜੇ ਸਾਡਾ ਏਨਾ ਵੀ ਜ਼ਬਤ ਨਹੀਂ ਤਾਂ ਸਾਥੋਂ ਸਿਖੀ ਦੇ ਭਵਿਖ ਦੀ ਕੀ ਆਸ ਹੋ ਸਕਦੀ ਹੈ? ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸੋਚ ਦੇ ਪਹਿਰੇਦਾਰ ਕਿਵੇਂ ਬਣ ਸਕਦੇ ਹਾਂ? ਅਜੋਕੇ ਸਮਿਆਂ ਵਿਚ ਇਸ ਗੁਰਮਤਿ ਸੋਚ ਨੂੰ ਵਡੀ ਪਧਰ ਉਤੇ ਪ੍ਰਚਾਰਨ ਦੀ ਲੋੜ ਹੈ ਤਾਂ ਕਿ ਸਿਖ ਪੰਥ ਵਿਚ ਉਚੇ ਤੇ ਸੁਚੇ ਕਿਰਦਾਰ ਵਾਲੀ ਸਿਆਣੀ ਲੀਡਰਸ਼ਿਪ ਪੈਦਾ ਹੋ ਸਕੇ ਤੇ ਭਵਿਖ ਵਿਚ ਵਿਰਸਾ ਸਿੰਘ ਵਲਟੋਹਾ, ਰਾਜਿੰਦਰ ਸਿੰਘ ਮਹਿਤਾ ਤੇ ਅਮਰਜੀਤ ਸਿੰਘ ਚਾਵਲਾ ਵਰਗੇ ਸਿਖਾਂ ਦੇ ਲੀਡਰ ਨਾ ਬਣ ਸਕਣ।
ਭਾਈ ਧਿਆਨ ਸਿੰਘ ਮੰਡ ਦਾ ਇਹ ਕਹਿਣਾ ਕਿ ਮੈਨੂੰ ਗਰੀਬ ਲੋਕ ਚੰਗੇ ਲਗਦੇ ਹਨ, ਮੈਨੂੰ ਗਰੀਬਾਂ ਦੇ ਕੰਮ ਆਉਣਾ ਚੰਗਾ ਲਗਦਾ ਹੈ, ਇਸੇ ਗੁਰਮਤਿ ਸੋਚ ਦਾ ਪ੍ਰਗਟਾਵਾ ਹੈ। ਉਨ੍ਹਾਂ ਦੇ ਇਸ ਕਥਨ ਵਿਚੋਂ ਵੀ ਦ੍ਰਿੜਤਾ ਪ੍ਰਗਟ ਹੁੰਦੀ ਹੈ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਮੀਰੀ-ਪੀਰੀ ਸਿਧਾਂਤ ਤੇ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਹੋਈ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰÎਘ ਜੀ ਰਾਹੀਂ ਖਾਲਸਾ ਪ੍ਰਗਟ ਹੋਇਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ  ਖਾਲਸਾ ਰਾਜ ਦੀ ਸਥਾਪਨਾ ਹੋਈ। ਔਰੰਗਜ਼ੇਬ ਦੀ ਕਬਰ ਉਤੇ ਕੋਈ ਦੀਵਾ ਵੀ ਨਹੀਂ ਜਗਾਉਂਦਾ ਪਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਹਰ ਕੋਈ ਯਾਦ ਕਰਦਾ ਹੈ। ਜਿਹੜਾ ਵੀ ਬਰਗਾੜੀ ਮੋਰਚੇ ਦਾ ਵਿਰੋਧ ਕਰੇਗਾ, ਉਹ ਪੰਥ ਦਾ ਅੰਗ ਨਹੀਂ ਰਹੇਗਾ। ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨਾਲੋ ਟੁਟਣਾ ਹੀ ਸਾਡੀ ਕਮਜ਼ੋਰੀ ਦਾ ਕਾਰਨ ਹੈ। ਅਸੀਂ ਗੁਰੂ ਗੰ੍ਰਥ ਸਾਹਿਬ ਨੂੰ ਮਹਿਜ ਇਕ ਰਸਮ ਵਜੋਂ ਗੁਰੂ ਮੰਨਦੇ ਹਾਂ ਪਰ ਅਮਲ ਵਿਚ ਨਹੀਂ। ਗੁਰੂ ਉਤੇ ਯਕੀਨ ਹੀ ਸਾਡਾ ਹੌਸਲਾ ਬੁਲੰਦ ਕਰੇਗਾ।
ਸ. ਕਰਮਜੀਤ ਸਿੰਘ ਦੀ ਇਹ ਸੋਚ ਦਰੁਸਤ ਹੈ ਕਿ ਆਪਣੇ ਸਾਥੀਆਂ ਨੂੰ ਨਾਲ ਰਖਦੇ ਹੋਏ, ਸਮੂਹ ਪੰਜਾਬੀਆਂ ਨੂੰ ਇਸ ਸੰਘਰਸ਼ ਲਈ ਲਾਮਬੰਦ ਕਰਦੇ ਹੋਏ ਅਤੇ ਪੰਜਾਬ ਦੇ ਸੁਹਿਰਦ ਬੁਧੀਜੀਵੀਆਂ, ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਦੇ ਲਗਾਤਾਰ ਯਤਨ ਕਰਦੇ ਹੋਏ ਬਰਗਾੜੀ ਇਨਸਾਫ ਮੋਰਚੇ ਨੂੰ ਅਗੇ ਵਧਾਉਣਾ ਚਾਹੀਦਾ ਹੈ। ਪਰ ਇਹ ਇਕ ਲੰਮੇਰੀ ਲੜਾਈ ਹੈ। ਜੇ ਕੋਈ ਇਹ ਸਮਝਦਾ ਹੈ ਕਿ ਸਰਕਾਰ ਇਹ ਜਾਇਜ ਮੰਗਾਂ ਛੇਤੀ-ਕਿਤੇ ਮੰਨ ਲਵੇਗੀ ਤਾਂ ਉਹ ਕਿਸੇ ਭਰਮ ਦਾ ਸ਼ਿਕਾਰ ਹੈ। ਭਾਈ ਧਿਆਨ ਸਿੰਘ ਮੰਡ ਦੀ ਇਹ ਸੋਚ ਬਿਲਕੁਲ ਦਰੁਸਤ ਹੈ ਕਿ ‘ਕੁਤੀ ਚੋਰਾਂ ਨਾਲ ਰਲੀ ਹੋਈ ਹੈ’। ਬਾਦਲ ਸਰਕਾਰ ਨੇ ਸਿਖਾਂ ਨੂੰ ਗੋਲੀਆਂ ਡਾਂਗਾਂ ਅਤੇ ਜੇਲ੍ਹਾਂ ਦਿਤੀਆ ਤੇ ‘ਬਰਗਾੜੀ ਇਨਸਾਫ ਮੋਰਚਾ’ ਲਗੇ ਨੂੰ ਤਿੰਨ ਮਹੀਨੇ ਤੋਂ ਵਧ ਸਮਾ ਹੋ ਜਾਣ ਦੇ ਬਾਵਜੂਦ, ਮੌਜੂਦਾ ਸਰਕਾਰ ਦੇ ਕੰਨਾਂ ਉਤੇ ਜੂੰਅ ਵੀ ਨਹੀਂ ਸਰਕੀ। ਅਦਾਲਤਾਂ ਵੀ ਇਹਨਾਂ ਨਾਲ ਹੀ ਰਲੀਆ ਹੋਈਆ ਹਨ। ਕੇਂਦਰ ਸਰਕਾਰ ਖਾਲਸਾ ਪੰਥ ਅਤੇ ਸਮੁਚੀਆਂ ਘਟ ਗਿਣਤੀਆਂ ਨੂੰ ਕਦੇ ਵੀ ਇਨਸਾਫ ਨਹੀਂ ਦੇਣਾ ਚਾਹੁੰਦਾ। ਜੇ ਕੈਪਟਨ ਅਮਰਿੰਦਰ ਸਿੰਘ ਸੁਮੇਧ ਸੈਣੀ ਵਰਗੇ ਮੁਜਰਿਮ ਨੂੰ ਵੀ ਗ੍ਰਿਫਤਾਰ ਕਰਨ ਤੋਂ ਟਾਲਾ ਵਟ ਰਿਹਾ ਹੈ, ਤਾਂ ਉਹ ਬਾਦਲਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਮੁਜਰਿਮਾਂ ਦੇ ਕਟਹਿਰੇ ਵਿਚ ਖੜਾ ਕਦੋਂ ਕਰੇਗਾ?
ਇਸ ਹਾਲਤ ਵਿਚ ਬਰਗਾੜੀ ਇਨਸਾਫ ਮੋਰਚੇ ਨੂੰ ਸਬਰ ਧੀਰਜ ਅਤੇ ਲੰਬੇ ਸਮੇ ਦੀ ਰਣਨੀਤੀ ਅਪਨਾ ਕੇ ਹੀ ਚਲਾਇਆ ਜਾ ਸਕਦਾ ਹੈ। ਇਸ ਲਈ ਸ. ਕਰਮਜੀਤ ਸਿੰਘ ਦੀ ਇਹ ਸੋਚ ਕਿ ‘ਜਦੋਂ ਇਹ ਮੋਰਚਾ ਕਾਮਯਾਬ ਹੋ ਜਾਂਦਾ ਹੈ ਤਾਂ ਸ਼੍ਰੋਮਣੀ ਕਮੇਟੀ, ਦਿਲੀ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਦੀ ਆਜ਼ਾਦ ਹਸਤੀ ਆਪਣੇ ਆਪ ਹੀ ਖਾਲਸਾ ਪੰਥ ਦੀ ਝੋਲੀ ਪੈ ਜਾਵੇਗੀ ਤੇ ਉਸ ਦੇ ਨਾਲ ਹੀ ਸਮੂਹ ਪੰਜਾਬੀ ਤੀਜੇ ਰਾਜਨੀਤਕ ਬਦਲ ਦੀਆਂ ਜ਼ਿੰਮੇਵਾਰੀਆਂ ਦਾ ਤਾਜ ਵੀ ਖਾਲਸਾ ਪੰਥ ਦੇ ਸਿਰ ਉਤੇ ਰਖਣਗੇ,’ ਸਮੇਂ ਤੋਂ ਪਹਿਲਾਂ ਦੀ ਕੀਤੀ ਭਵਿਖਬਾਣੀ ਹੈ। ਇਥੇ ਤਕ ਪਹੁੰਚਣ ਲਈ ਬਰਗਾੜੀ ਮੋਰਚਾ ਇਕ ਸ਼ੁਰੂਆਤ ਬਣ ਸਕਦਾ ਹੈ ਪਰ ਇਹ ਮੰਜ਼ਲ ਅਜੇ ਬਹੁਤ ਦੂਰ ਹੈ। ਸ੍ਰ. ਕਰਮਜੀਤ ਸਿੰਘ ਦਾ ਇਹ ਕਥਨ ਉਨ੍ਹਾਂ ਦੇ ਆਪਣੇ ਪਹਿਲੇ ਕਥਨ ਨੂੰ ਹੀ ਬਲ ਬਖਸ਼ਦਾ ਹੈ, ਕਿ ‘ਬਰਗਾੜੀ ਮੋਰਚੇ ਨੇ ਸੁਚੇ ਜਜਬਿਆਂ ਦਾ ਇਕ ਤੂਫਾਨ ਖੜਾ ਕਰ ਦਿਤਾ ਹੈ ਪਰ ਇਸ ਕੌੜੀ ਸਚਾਈ ਤੋਂ ਵੀ ਮੁਨਕਿਰ ਨਹੀਂ ਹੋਇਆ ਜਾ ਸਕਦਾ ਕਿ ਇਨ੍ਹਾਂ ਤੂਫਾਨੀ ਜਜਬਿਆਂ ਵਿਚੋਂ ਵਖ-ਵਖ ਪਾਰਟੀਆਂ, ਜਥੇਬੰਦੀਆਂ ਤੇ ਵਿਅਕਤੀਆਂ ਨੂੰ ਇਉਂ ਜਾਪਣ ਲਗ ਪਿਆ ਹੈ ਕਿ ਬਰਗਾੜੀ ਮੋਰਚੇ ਦੇ ਮੋਢਿਆਂ ਉਤੇ ਚੜ੍ਹ ਕੇ ਹੁਣ ਉਨ੍ਹਾਂ ਲਈ ਆਪਣੀ ਰਾਜਨੀਤੀ ਤੇ ਰਣਨੀਤੀ ਨੂੰ ਚਮਕਾਉਣ ਤੇ ਅਗੇ ਵਧਾਉਣ ਦਾ ਸੁਨਹਿਰੀ ਮੌਕਾ ਆ ਗਿਆ ਹੈ।’
ਅਜੋਕੀ ਰਾਜਨੀਤੀ ਲੋਕਾਂ ਦੇ ਮਨ ਜਿਤਣ ਦੀ ਕਲਾ ਹੈ। ਪੰਜਾਬ ਦੇ ਲੋਕਾਂ ਦੇ ਮਨ ਉਨ੍ਹਾਂ ਦੀ ਨਿਜ ਤਕ ਸੀਮਤ ਸੋਚ ਨੂੰ ਬਦਲ ਕੇ ਹੀ ਜਿਤੇ ਜਾ ਸਕਦੇ ਹਨ। ਸਾਮੂਹਿਕ ਹਿਤਾਂ ਦੀ ਥਾਂ ਨਿਜੀ ਹਿਤਾਂ ਨੂੰ ਪਹਿਲ ਦੇਣ ਵਾਲੀ ਸੋਚ ਕਦੇ ਵੀ ਤੰਦਰੁਸਤ ਤੇ ਸੁਖੀ ਸਮਾਜ ਦੀ ਸਿਰਜਣਾ ਨਹੀਂ ਕਰ ਸਕਦੀ। ਨਰਿੰਦਰ ਮੋਦੀ ਤੇ ਕੈਪਟਨ ਅਮਰਿੰਦਰ ਸਿੰਘ ਵਾਂਗੂ ਕੂੜ ਦੇ ਅੰਬਾਰ ਲਾ ਕੇ ਪ੍ਰਧਾਨ ਮੰਤਰੀ ਤੇ ਮੁਖ ਮੰਤਰੀ ਦੀਆਂ ਕੁਰਸੀਆਂ ਤਾਂ ਪ੍ਰਾਪਤ ਕੀਤੀਆ ਜਾ ਸਕਦੀਆ ਹਨ ਪਰ ਲੋਕਾਂ ਦੇ ਦਿਲ ਨਹੀਂ ਜਿਤੇ ਜਾ ਸਕਦੇ। ਇਸ ਲਈ ਬੜੇ ਧੀਰਜ ਸਬਰ ਅਤੇ ਲੰਮੇ ਸਮੇ ਨੂੰ ਧਿਆਨ ਵਿਚ ਰਖ ਕੇ ਬਰਗਾੜੀ ਮੋਰਚੇ ਨੂੰ ਕੇਂਦਰ ਵਿਚ ਰਖਦਿਆਂ ਹੋਇਆਂ ਸਾਨੂੰ ਗੁਰਮਤਿ ਗਿਆਨ ਦਾ ਪਸਾਰ ਕਰਨ ਦੇ ਵੀ ਉਚੇਚੇ ਯਤਨ ਕਰਨੇ ਚਾਹੀਦੇ ਹਨ। ਤਾਂ ਹੀ ਅਸੀਂ ਮਾਇਆ ਦੇ ਕੀੜੇ ਨਹੀਂ ਸਗੋਂ ਕਿਰਦਾਰ ਦੇ ਗਾਜੀ ਆਗੂ ਪੈਦਾ ਕਰਨ ਦੇ ਯੋਗ ਹੋ ਸਕਾਂਗੇ, ਜਿਹਨਾਂ ਦੀ ਘਾਟ ਹੁਣ ਬਹੁਤ ਰੜਕਦੀ ਹੈ।

Leave a Reply

Your email address will not be published. Required fields are marked *