ਬਾਦਲਾਂ ਖਿਲਾਫ ਬਣੇ ਪੰਥਕ ਮਾਹੌਲ ਤੋਂ ਜਾਪਦਾ ਹੈ ਕਿ ਬਰਗਾੜੀ ਦੀ ਧਰਤੀ ਨਵੇਂ ਅਕਾਲੀ ਦਲ ਦੀ ਜਨਮ ਭੂਮੀ ਬਣ ਸਕਦੀ ਹੈ। ਦੇਰ-ਸਵੇਰ ਬਾਗੀ ਨੇਤਾ ‘ਬਰਗਾੜੀ ਇਨਸਾਫ ਮੋਰਚੇ’ ਦੀ ਅਗਵਾਈ ਹੇਠ ਚਲ ਰਹੀ ਸਟੇਜ ਉਤੇ ਨਜਰ ਆ ਸਕਦੇ ਹਨ। ਬਾਦਲ ਦਲ ਵਿਚ ਇਸ ਵੇਲੇ ਤੂਫਾਨ ਤੋਂ ਪਹਿਲਾ ਵਾਲੀ ਸ਼ਾਂਤੀ ਬਣੀ ਹੋਈ ਹੈ। ਅੰਦਰਖਾਤੇ ਨਰਾਜ ਅਕਾਲੀ ਆਗੂਆਂ ਨੇ ਆਪਸੀ ਤੰਦਾਂ ਜੋੜਣੀਆ ਸ਼ੁਰੂ ਕਰ ਦਿਤੀਆ ਹਨ। 7 ਅਤੇ 14 ਅਕਤੂਬਰ ਨੂੰ ਹੋਏ ਵਡੇ ਪੰਥਕ ਇਕੱਠ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਧੁਰ ਅੰਦਰ ਤਕ ਝੰਜੋੜ ਦਿਤਾ ਹੈ। ਸ੍ਰ. ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਵਿਚ ਮਾਝੇ ਦੇ ਅਕਾਲੀ ਆਗੂਆਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਉਤੇ ਪਹੁੰਚ ਕੇ ਪੰਥ ਦੀ ਚੜ੍ਹਦੀਕਲਾ ਲਈ ਕੀਤੀ ਗਈ ਅਰਦਾਸ ਨੇ ਵੀ ਰਾਜਸੀ ਹਲਕਿਆਂ ਵਿਚ ਚਰਚਾ ਛੇੜੀ ਹੈ। ਭਾਈ ਮਨਜੀਤ ਸਿੰਘ ਤੇ ਢਾਡੀ ਸਭਾ ਦੇ ਪ੍ਰਧਾਨ ਭਾਈ ਬਲਦੇਵ ਸਿੰਘ ਦੀ ਇਸ ਅਰਦਾਸ ਵਿਚ ਹੋਈ ਸ਼ਮੂਲੀਅਤ, ਇਸ ਧਿਰ ਦੀ ਵਧੀ ਤਾਕਤ ਨੂੰ ਪ੍ਰਗਟ ਕਰਦੀ ਹੈ। ਬਾਦਲੀ ਸਫਾਂ ਵਿਚ ਵਧ ਰਿਹਾ ਰੋਸ ਤੇ ਬਰਗਾੜੀ ਇਨਸਾਫ ਮੋਰਚੇ ਦੀ ਵਧ ਰਹੀ ਰਹੀ ਹਮਾਇਤ ਨੇ ਸਿਖ ਪੰਥ ਵਿਚ ਹੋ ਰਹੀ ਨਵੀਂ ਸਫਬੰਦੀ ਦੇ ਸੰਕੇਤ ਦਿਤੇ ਹਨ। ਬੇਸ਼ਕ ਦੇਰ-ਸਵੇਰ ਇਹ ਨਵੀਂ ਸਫਬੰਦੀ ਹੋਣੀ ਅਟਲ ਹੈ। ਪਰ ਸੁਆਲ ਪੈਦਾ ਹੁੰਦਾ ਹੈ ਕਿ ਕੀ ਸਿਖ ਪੰਥ ਵਿਚ ਹੋ ਰਹੀ ਇਹ ਨਵੀਂ ਸਫਬੰਦੀ ਪੰਥਕ ਜਜਬਿਆਂ ਦੀ ਪੂਰਤੀ ਕਰ ਸਕੇਗੀ?
ਸਿਖ ਪੰਥ ਦਾ ਵਡਾ ਹਿਸਾ ਚਾਹੁੰਦਾ ਸੀ ਕਿ ਸ. ਬਾਦਲ ਇਨ੍ਹਾਂ ਪੰਥਕ ਜਜਬਿਆਂ ਦੀ ਪੂਰਤੀ ਕਰਦੇ। ਸਿਖ ਸ੍ਰ. ਬਾਦਲ ਕੋਲੋਂ ਇਹ ਆਸ ਕਦੀ ਨਹੀਂ ਸਨ ਕਰਦੇ ਕਿ ਉਹ ਪੰਜਾਬ ਅਸੈਂਬਲੀ ਅੰਦਰ ਖਾਲਿਸਤਾਨ ਜਾਂ ਦੇਸ ਨਾਲੋਂ ਵਖ ਹੋਣ ਦਾ ਐਲਾਨ ਕਰਨ, ਪਰ ਸਿਖ ਪੰਥ ਦਾ ਵਡਾ ਹਿਸਾ ਇਹ ਜ਼ਰੂਰ ਚਾਹੁੰਦਾ ਸੀ ਕਿ ਸ. ਬਾਦਲ ਆਪਣੇ ਮੈਨੀਫੈਸਟੋ ਵਿਚ ਕੀਤੇ ਵਾਅਦੇ ਅਨੁਸਾਰ ਅਨੰਦਪੁਰ ਦੇ ਮਤੇ ਨੂੰ ਇਮਾਨਦਾਰੀ ਨਾਲ ਲਾਗੂ ਕਰਵਾਉਣ ਲਈ ਕੋਈ ਲੰਬੀ ਤੇ ਦ੍ਰਿੜ੍ਹ ਰੂਪ ਰੇਖਾ ਉਲੀਕਦੇ। ਸਿਖ ਸ. ਬਾਦਲ ਕੋਲੋਂ ਇਹ ਆਸ ਜਰੂਰ ਕਰਦੇ ਸਨ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਅਕਾਲੀ ਸਰਕਾਰ ਦੇ ਮੁਖੀ ਹੋਣ ਵਜੋਂ ਆਪਣਾ ਇਖਲਾਕੀ ਫਰਜ਼ ਪਛਾਣਦੇ ਹੋਏ ਪਿਛਲੇ ਸਮੇ ਦੌਰਾਨ ਸਿਖਾਂ ਉਤੇ ਜਬਰ ਕਰਨ ਵਾਲੇ ਪੁਲੀਸ ਅਫਸਰਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜਾ ਕਰਦੇ ਤੇ ਗੈਰਕਾਨੂੰਨੀ ਢੰਗਾਂ ਨਾਲ ਸਿਖਾਂ ਦੀ ਨਸਲਕੁਸ਼ੀ ਕਰਨ ਵਾਲੇ ਪੁਲੀਸ ਅਫਸਰਾਂ ਨੂੰ ਬਣਦੀਆਂ ਸਜ਼ਾਵਾਂ ਦਿਵਾਉਣ ਦੀ ਪਹਿਲਕਦਮੀ ਕਰਦੇ। ਪੰਜਾਬ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਤੇ ਕਾਨੂੰਨ ਦਾ ਰਾਜ ਦੇਣ ਦੇ ਵਾਅਦੇ ਕਰਕੇ ਰਾਜਸਤਾ ਵਿਚ ਆਏ ਸ. ਬਾਦਲ ਦਾ ਇਹ ਇਖਲਾਕੀ ਫਰਜ਼ ਵੀ ਬਣਦਾ ਸੀ। ਸ. ਬਾਦਲ ਨੂੰ ਜੇਲ੍ਹਾਂ ਵਿਚ ਨਜ਼ਰਬੰਦ ਸਿਖ ਨੌਜਵਾਨਾਂ ਨੂੰ ਵੀ ਫੌਰੀ ਰਿਹਾਅ ਕਰਨਾ ਚਾਹੀਦਾ ਸੀ। ਅਕਾਲੀ ਸਰਕਾਰ ਦੇ ਮੁਖੀ ਹੋਣ ਦੇ ਨਾਤੇ ਸ. ਬਾਦਲ ਦਾ ਫਰਜ਼ ਬਣਦਾ ਸੀ ਕਿ ਸਰਕਾਰੀ ਜਬਰ ਦਾ ਸ਼ਿਕਾਰ ਹੋਏ ਸਿਖ ਪਰਿਵਾਰਾਂ ਦੇ ਮੁੜ ਵਸੇਬੇ ਨੂੰ ਅਮਲੀ ਰੂਪ ਦੇਣ ਦੇ ਯਤਨ ਕਰਦੇ। ਪਰ ਸ੍ਰ. ਬਾਦਲ ਨੇ ਐਨ ਇਸਦੇ ਉਲਟ ਪੰਥਕ ਹਿਤਾਂ ਨੂੰ ਤਿਲਾਂਜਲੀ ਦੇ ਕੇ ਪੈਰ-ਪੈਰ ਉਤੇ ਸਿਖ ਗੈਰਤ ਨੂੰ ਜਲੀਲ ਕਰਨ, ਸਿਖ ਕਦਰਾਂ-ਕੀਮਤਾਂ ਨੂੰ ਰੋਲਣ ਤੇ ਸੌਦਾ ਸਾਧ ਸਮੇਤ ਸਿਖੀ ਦੁਸ਼ਮਣਾ ਨੂੰ ਪਾਲਣ ਦੀ ਨੀਤੀ ਅਖਤਿਆਰ ਕਰ ਲਈ। ਇਥੋਂ ਤਕ ਕਿ ਆਪਣੀਆ ਵੋਟਾਂ ਪਕੀਆ ਕਰਨ ਲਈ ਨਾ ਸਿਰਫ ਦੋ ਸਿਖ ਨੌਜਵਾਨਾਂ ਨੂੰ ਸ਼ਹੀਦ ਕੀਤਾ ਬਲਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆ ਨੂੰ ਕਾਨੂੰਨੀ ਸਜਾਵਾਂ ਦਿਵਾਉਣ ਤੋਂ ਵੀ ਮੁਨਕਿਰ ਹੋ ਗਏ। ਇਸੇ ਦਾ ਖਮਿਆਜਾ ਹੁਣ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ।
ਹਕੀਕਤ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਸਿਖ ਆਧਾਰ ਦੋ ਪਧਰਾਂ ਉਤੇ ਜ਼ਿੰਦਗੀ ਜਿਉਂਦਾ ਹੈ। ਗੁਰਮਤਿ ਵਿਚੋਂ ਪ੍ਰਗਟ ਹੁੰਦੀ ਸਿਖ ਜੀਵਨ ਜਾਚ ਸਾਮੂਹਿਕ ਤੇ ਪੰਥਕ ਹਿਤਾਂ ਨੂੰ ਤਰਜੀਹ ਦੇਂਦੀ ਹੈ ਅਤੇ ਨਿਜੀ ਹਿਤਾਂ ਨੂੰ ਸਮੂਹ ਦੇ ਅਧੀਨ ਰਖਣ ਦੀ ਪ੍ਰੇਰਨਾ ਦੇਂਦੀ ਹੈ। ਜਦੋਂ ਕਿ ਮੌਜੂਦਾ ਤਰਜ-ਏ-ਜਿੰਦਗੀ ਬਾਦਲਕਿਆਂ ਵਾਂਗ ਪੰਥਕ ਹਿਤਾਂ ਨੂੰ ਤਿਲਾਂਜਲੀ ਦੇ ਕੇ ਨਿਜੀ ਹਿਤਾਂ ਨੂੰ ਪਹਿਲ ਦੇਂਦੀ ਹੈ। ਯਕੀਨਨ ਹਰੇਕ ਸਿਖ ਗੁਰਮਤਿ ਵਿਚੋਂ ਪ੍ਰਗਟ ਹੁੰਦੀ ਸਿਖ ਜੀਵਨ ਜਾਚ ਅਨੁਸਾਰ ਪੰਜਾਬੀ ਸਮਾਜ ਉਸਾਰਨ ਦਾ ਸੰਕਲਪ ਆਪਣੇ ਮਨ ਵਿਚ ਸਮੋਈ ਬੈਠਾ ਹੈ। ਇਸ ਸੰਕਲਪ ਵਿਚੋਂ ਹੀ ਉਸਦੇ ਮਨ ਵਿਚ ਪੰਜਾਬੀ ਸੂਬਾ, ਸਿਖ ਹੋਮਲੈਂਡ ਜਾਂ ਖਾਲਿਸਤਾਨ ਦੀ ਤਾਂਘ ਪੈਦਾ ਹੁੰਦੀ ਹੈ। ਪਰ ਜੋ ਜੀਵਨ ਅਜੋਕਾ ਸਿਖ ਅਮਲੀ ਪਧਰ ਉਤੇ ਜੀਅ ਰਿਹਾ ਹੈ ਜਾਂ ਜਿਉਣ ਲਈ ਮਜ਼ਬੂਰ ਹੋ ਰਿਹਾ ਹੈ, ਉਸ ਜੀਵਨ ਜਾਚ ਦਾ ਗੁਰਮਤਿ ਸੰਕਲਪ ਨਾਲ ਕੁਝ ਵੀ ਸਾਂਝਾ ਨਹੀਂ। ਸਿਖ ਸਮਾਜ ਦੇ ਵਡੇ ਹਿਸੇ ਦਾ ਅਮਲੀ ਜੀਵਨ ਵੀ ਹੋਰਨਾਂ ਸਮਾਜਾਂ ਵਾਂਗ ਹੀ ਜਮਾਤੀ ਪਾੜੇ ਤੇ ਜਾਤ-ਪਾਤ ਦਾ ਸ਼ਿਕਾਰ ਹੈ। ਜਿੰਨਾ ਚਿਰ ਅਕਾਲੀ ਜਾਂ ਪੰਜਾਬ ਦੀ ਕੋਈ ਵੀ ਸਰਕਾਰ ਗੁਰਮਤਿ ਸੰਕਲਪ ਜਾਂ ਸਿਖ ਜੀਵਨ ਜਾਂਚ ਅਨੁਸਾਰ ਸਮਾਜ ਦੀ ਉਸਾਰੀ ਵਲ ਅਗੇ ਨਹੀਂ ਵਧਦੀ, ਓਨਾ ਚਿਰ ਪੰਜਾਬ ਅੰਦਰ ਕੋਈ ਵੀ ਸਰਕਾਰ ਸਥਿਰ ਨਹੀਂ ਰਹਿ ਸਕਦੀ। ਪੰਜਾਬ ਅੰਦਰ ਸਰਕਾਰਾਂ ਦੋ ਹੀ ਤਰ੍ਹਾਂ ਸਥਿਰ ਰਹਿ ਸਕਦੀਆਂ ਹਨ ਜਾ ਤਾਂ ਉਹ ਸਿਖ ਸੰਕਲਪ ਅਨੁਸਾਰ ਸਮਾਜ ਸਿਰਜਣਾ ਵਲ ਅਗੇ ਵਧਣ ਤੇ ਜਾਂ ਫਿਰ ਸਿਖ ਇਸ ਹਦ ਤਕ ਨਿਘਰ ਜਾਣ ਕਿ ਉਹ ਬ੍ਰਾਹਮਣਵਾਦੀ ਸੋਚ ਤੇ ਖਪਤਵਾਦ ਦੇ ਖਾਰੇ ਸਮੁੰਦਰ ਵਿਚ ਗਰਕ ਹੋ ਜਾਣ। ਬਾਦਲਕਿਆਂ ਨੇ ਸਿਖਾਂ ਨੂੰ ਬ੍ਰਾਹਮਣਵਾਦ ਦੇ ਖਾਰੇ ਸਾਗਰ ਵਿਚ ਡੋਬਣ ਦੇ ਪੂਰੇ ਯਤਨ ਕੀਤੇ ਹਨ। ਬੇਸ਼ਕ ਪਿਛਲੇ ਸਮੇ ਦੌਰਾਨ ਚਲੇ ਸਿਖ ਸੰਘਰਸ਼ ਦੀ ਬਦੌਲਤ ਸਿਖ ਮਨਾਂ ਵਿਚ ਗੁਰਮਤਿ ਦੀ ਬਣੀ ਪਕੜ ਨੇ ਬਾਦਲਕਿਆਂ ਦੇ ਇਹ ਸਾਰੇ ਯਤਨ ਅਸਫਲ ਕਰ ਦਿਤੇ ਹਨ। ਸਿਖ ਪੰਥ ਦੀ ਹੋ ਰਹੀ ਨਵੀਂ ਸਫਬੰਦੀ ਕੀ ਪੰਥਕ ਜਜਬਿਆਂ ਨੂੰ ਧਿਆਨ ਵਿਚ ਰਖੇਗੀ ਜਾਂ ਰਖ ਸਕੇਗੀ?

Leave a Reply

Your email address will not be published. Required fields are marked *