ਟਵਿਟਰ ਤੇ ਫੇਸ ਬੁਕ ਦੇ ਇਸ ਦੌਰ ਵਿਚ ਜਦੋਂ ਪੜ੍ਹੇ-ਲਿਖੇ ਲੋਕ ਨਿਕੀਆਂ-ਨਿਕੀਆਂ ਟਿਪਣੀਆਂ ਤੇ ਕੁਝ ਕੁ ਸ਼ਬਦਾਂ ਵਿਚ ਸਮੁਚੇ ਸੰਸਾਰ ਦੀ ਬੜੀ ਤੇਜੀ ਨਾਲ ਬਦਲ ਰਹੀ ਹਾਲਤ ਨੂੰ ਆਪਣੇ ਕਲਾਵੇ ਵਿਚ ਲੈਣਾ ਚਾਹੁੰਦੇ ਹਨ ਤਾਂ ਉਨ੍ਹਾਂ ਕੋਲੋ ਕਿਤਾਬਾਂ ਪੜ੍ਹਣ ਦੀ ਮੰਗ ਕਰਨੀ ਅਸੰਭਵ ਹੈ। ਇਸ ਹਾਲਤ ਵਿਚ ਇਹੀ ਸੰਭਾਵਨਾ  ਜਾਪਦੀ ਹੈ ਕਿ ਅਗੇ ਜਿਹੜੀ ਧਾਰਨਾ ਨੂੰ ਸਪਸ਼ਟ ਕਰਨ ਲਈ ਪੂਰੀ ਕਿਤਾਬ ਦੀ ਲੋੜ ਪੈਂਦੀ ਸੀ, ਉਸਨੂੰ ਹੁਣ ਕੁਝ ਕੁ ਪੈਰਿਆਂ ਅਤੇ ਗਿਣਤੀ ਦੇ ਸ਼ਬਦਾਂ ਵਿਚ ਕਹਿਣ ਦਾ ਯਤਨ ਕੀਤਾ ਜਾਏ। ਇਸ ਤੋਂ ਬਗੈਰ ਆਪਣੇ ਵਿਚਾਰਾਂ ਨੂੰ ਦੂਜਿਆਂ ਤਕ ਪਹੁੰਚਾਉਣ ਦਾ ਹੋਰ ਕੋਈ ਰਾਹ ਨਹੀਂ। ਇਹ ਸੋਚ ਕੇ ਕੁਝ ਟੁਟਵੇਂ ਵਿਚਾਰ ਇਕ ਲੜੀ ਵਿਚ ਪ੍ਰੋਅ ਕੇ ਪੇਸ਼ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਮੰਤਵ  — ਮਾਰਕਸ-ਏਂਗਲਜ ਤੋਂ ਆਰੰਭ ਕਰਕੇ ਅਜੋਕੇ ਸਾਮਰਾਜੀ ਸੰਸਾਰੀਕਰਨ ਦੇ ਦੌਰ ਤਕ ਕਮਿਊਨਿਸਟ ਲਹਿਰ ਉਤੇ ਪੜਚੋਲਵੀਂ ਝਾਤ ਮਾਰਨੀ ਹੈ।

* * * * *

”ਪੜਾਅ ਦਰ ਪੜਾਅ ਵਿਕਾਸ ਦੀਆਂ ਮੰਜਿਲਾਂ ਤੈਅ ਕਰਦਾ ‘ਨਵੀਂ ਮਨੁਖਤਾ’ ਦੇ ਸਿਰਜਣ ਦਾ ਦਾਅਵਾ ਕਰਨ ਵਾਲਾ ਸਮਾਜਵਾਦੀ ਪ੍ਰਬੰਧ ਜਦੋਂ ਗੋਰਬਾਚੇਵ ਦੇ ਦੌਰ ਵਿਚ ਆਪਣੇ ਹੀ ਭਾਰ ਨਾਲ ਧੜੰਮ ਢਹਿਢੇਰੀ ਹੋ ਗਿਆ ਤਾਂ ਸਾਰੇ ਸੰਸਾਰ ਦੇ ਅਗਾਂਹਵਧੂ ਲੋਕਾਂ ਦੀਆਂ ਹੈਰਾਨੀ ਵਿਚ ਅੱਖਾਂ ਟਡੀਆ ਰਹਿ ਗਈਆ। ਇਹ ਕੀ ਹੋ ਗਿਆ ਸੀ! ਕੀ ਪਛਮ ਦੀ ਪ੍ਰੈਸ ਦਾ ਭੰਡੀ ਪ੍ਰਚਾਰ ਸਚ ਨਹੀਂ ਸੀ ਸਾਬਤ ਹੋ ਗਿਆ?  ਕੀ ਸਾਡੇ ਕਾਮਰੇਡ ਨਿਹਿਤ ਸਵਾਰਥਾਂ ਕਾਰਨ ਹੀ ਸੋਵੀਅਤ ਪ੍ਰਬੰਧ ਦੀ ‘ਬਲੇ-ਬਲੇ’ ਕਰੀ ਗਏ ਸਨ? ਕੀ ਸਮਾਜਵਾਦੀ ਸਮਾਜ ਦੀ ਸਥਾਪਨਾ ਇਕ ਖਿਆਲੀ ਸੁਪਨਾ ਹੀ ਸੀ? ਕੀ ਇਸ ਦੀ ਸਥਾਪਤੀ ਲਈ ਹੁਣ ਯਤਨ ਛਡ ਦੇਣੇ ਚਾਹੀਦੇ ਹਨ? ਇਸ ਸਮੇ ਮਾਰਕਸਵਾਦੀ ਸਿਧਾਂਤ ਦੀ ਸਾਰਥਿਕਤਾ ਉਤੇ ਵੀ ਪ੍ਰਸ਼ਨ ਚਿੰਨ੍ਹ ਲਗਣੇ ਸ਼ੁਰੂ ਹੋ ਗਏ। ਵਖ-ਵਖ ਮੁਲਕਾਂ ਵਿਚ ਲੋਕ-ਮੁਕਤੀ ਲਈ ਸੰਘਰਸ਼ ਕਰ ਰਹੀਆਂ ਕਮਿਊਨਿਸਟ ਪਾਰਟੀਆ ਦੇ ‘ਬਵੰਜਾ ਕਲੀਆਂ ਵਾਲਾ ਰੂਸੀ ਚੋਲਾ’ ਗਰ ਕੇ ਫਟ ਗਿਆ ਸੀ ਤੇ ਉਹ ‘ਟੁਟੀਆਂ ਤਣੀਆਂ’ ਹਥ ਵਿਚ ਫੜੀ ਡੌਰ-ਭੌਰ ਹੋਈਆਂ ਆਸੇ-ਪਾਸੇ ਵੇਖ ਰਹੀਆਂ ਸਨ।” (ਵਰਿਆਮ ਸਿੰਘ ਸੰਧੂ, ਸੁਕੀਰਤ ਲਿਖਤ ‘ਬਾਤ ਇਕ ਬੀਤੇ ਦੀ’ ਭੂਮਿਕਾ ਵਿਚੋਂ)

* * * * *

ਮਾਰਕਸਵਾਦ ਕੀ ਹੈ?

”ਇਥੇ ਮੈਨੂੰ ਇਕ ਨਿਜੀ ਸਪਸ਼ਟੀਕਰਨ ਦੇਣ ਦੀ ਆਗਿਆ ਦਿਤੀ ਜਾਵੇ। ਮਾਰਕਸਵਾਦੀ ਵਿਚਾਰਧਾਰਾ ਵਿਚ ਮੇਰੇ ਵਲੋਂ ਪਾਏ ਗਏ ਹਿਸੇ ਦਾ ਘੜੀ ਮੁੜੀ ਜ਼ਿਕਰ ਕੀਤਾ ਗਿਆ ਹੈ। ਇਸ ਲਈ ਇਸ ਮਸਲੇ ਦਾ ਹਲ ਕਰਨ ਵਾਸਤੇ ਮੈਂ ਕੁਝ ਗੱਲਾਂ ਕਰਨੀਆਂ ਜ਼ਰੂਰੀ ਸਮਝਦਾ ਹਾਂ। ਮੈਂ ਇਸ ਗੱਲੋਂ ਇਨਕਾਰ ਨਹੀਂ ਕਰਦਾ, ਕਿ ਮਾਰਕਸ ਨਾਲ 40 ਵਰ੍ਹਿਆਂ ਦੇ ਇਕੱਠੇ ਕੀਤੇ ਕੰਮ ਵਿਚ, ਇਸ ਵਿਚਾਰਧਾਰਾ ਦਾ ਆਧਾਰ ਤਿਆਰ ਕਰਨ ਅਤੇ ਖਾਸ ਤੌਰ ਉਤੇ ਇਸ ਦੇ ਵਿਸਥਾਰ ਵਿਚ ਮੇਰਾ ਵੀ ਕੁਝ ਆਜ਼ਾਦ ਹਿਸਾ ਹੈ। ਪਰ ਇਸਦੇ ਮੁਖ ਬੁਨਿਆਦੀ ਨੇਮਾਂ ਦਾ ਵਡੇਰਾ ਹਿਸਾ, ਖਾਸ ਤੌਰ ਉਤੇ ਅਰਥਚਾਰੇ ਤੇ ਇਤਿਹਾਸ ਦੇ ਖੇਤਰ ਵਿਚ ਅਤੇ ਸਭ ਤੋਂ ਵਧ ਉਨ੍ਹਾਂ ਦੀ ਅੰਤਿਮ ਅਤਿ ਸਪਸ਼ਟ ਬੁਣਤਰ ਮਾਰਕਸ ਦਾ ਕੰਮ ਹੈ।… ਜਿਹੜਾ ਹਿਸਾ ਮੈਂ ਪਾਇਆ — ਵਧ ਤੋਂ ਵਧ ਕੁਝ ਖਾਸ ਖੇਤਰਾਂ ਵਿਚ ਮੇਰੇ ਕੰਮ ਨੂੰ ਛਡ ਕੇ — ਮਾਰਕਸ ਮੇਰੇ ਤੋਂ ਬਿਨਾਂ ਵੀ ਬਹੁਤ ਚੰਗੀ ਤਰ੍ਹਾਂ ਕਰ ਸਕਦਾ ਸੀ। ਮਾਰਕਸ ਨੇ ਜੋ ਕੁਝ ਪ੍ਰਾਪਤ ਕੀਤਾ, ਮੈਂ ਉਹ ਕਦੇ ਪ੍ਰਾਪਤ ਨਾ ਕਰ ਸਕਦਾ। ਮਾਰਕਸ ਸਾਡੇ ਸਾਰਿਆਂ ਨਾਲੋਂ ਕਦਾਵਰ ਸੀ। ਉਹ ਵਧੇਰੇ ਦੂਰ ਤਕ ਵੇਖਦਾ ਸੀ ਅਤੇ ਵਧੇਰੇ ਵਸੀਹ ਤੇ ਗਹਿਰੀ ਦ੍ਰਿਸ਼ਟੀ ਰਖਦਾ ਸੀ। ਮਾਰਕਸ ਇਕ ਪ੍ਰਤਿਭਾ ਸੀ। ਅਸੀਂ ਬਾਕੀ ਦੇ ਸਾਰੇ ਵਧ ਤੋਂ ਵਧ ਗੁਣੀ ਗਿਆਨੀ ਸਾਂ। ਉਹਦੇ ਤੋਂ ਬਿਨਾਂ ਇਹ ਵਿਚਾਰਧਾਰਾ ਕਿਸੇ ਵੀ ਤਰ੍ਹਾਂ ਇਹ ਨਾ ਹੁੰਦੀ, ਜੋ ਇਹ ਹੈ। ਇਸ ਲਈ ਉਚਿਤ ਤੌਰ ਉਤੇ ਇਹ ਮਾਰਕਸ ਦੇ ਨਾਂ ਨਾਲ ਹੀ ਸਬੰਧਤ ਹੈ।” (ਫ੍ਰੈਡਰਿਕ ਏਂਗਲਜ)

*****

ਦੋ ਸੌ ਸਾਲ ਪਹਿਲਾਂ 5 ਮਈ 1818 ਨੂੰ ਜਰਮਨੀ ਦੇ ਸ਼ਹਿਰ ਤਰਾਇਰ ਵਿਖੇ ਜਨਮੇ ਕਾਰਲ ਮਾਰਕਸ ਦੀ ਵਿਚਾਰਧਾਰਾ ਨੇ ਦੁਨੀਆ ਭਰ ਦੇ ਲਗਪਗ ਹਰ ਖੇਤਰ ਦੇ ਲੋਕਾਂ ਦੀ ਸੋਚ ਨੂੰ ਪ੍ਰਭਾਵਿਤ ਕੀਤਾ ਹੈ। ਹਰ ਸੁਹਿਰਦ ਮਨੁਖ ਦੇ ਮਨ ਵਿਚ ਇਹ ਸੁਆਲ ਪੈਦਾ ਹੁੰਦਾ ਹੈ, ਕਿ ਮਾਰਕਸ ਦੀ ਵਿਚਾਰਧਾਰਾਂ ਵਿਚ ਅਜਿਹਾ ਕੀ ਹੈ, ਜਿਸਨੇ ਕਰੋੜਾਂ ਲੋਕਾਂ  ਦੀ ਸੋਚ ਨੂੰ ਟੁੰਬਿਆ ਹੈ?

* * * * *

ਮਨੁਖੀ ਜਿੰਦਗੀ ਦਾ ਮੰਤਵ

”ਬਾਕੀ ਜੀਵਾਂ ਨੇ ਕਿਵੇਂ ਜਿਉਣਾ ਹੈ, ਇਸ ਦਾ ਘੇਰਾ ਕੁਦਰਤ ਨੇ ਖੁਦ ਮਿਥਿਆ ਹੋਇਆ ਹੈ। ਇਸ ਘੇਰੇ ਨੂੰ ਤੋੜੇ ਬਿਨਾਂ ਉਹ ਬੜੀ ਸ਼ਾਂਤੀ ਨਾਲ ਇਸ ਘੇਰੇ ਵਿਚ ਵਿਚਰਦੇ ਹਨ। ਪਰ ਮਨੁਖ ਲਈ ਦੈਵੀ ਸ਼ਕਤੀ ਨੇ ਇਕ ਆਮ ਨਿਸ਼ਾਨਾ ਮਿਥਿਆ ਹੈ ਕਿ ਉਹ ਖੁਦ ਅਤੇ ਮਨੁਖਤਾ ਨੂੰ ਹੋਰ ਉਚਾ ਚੁਕੇ ਤੇ ਨੇਕ ਬਣਾਏ। ਬੇਸ਼ਕ ਇਸ ਨਿਸ਼ਾਨੇ ਦੀ ਪ੍ਰਾਪਤੀ ਕਿਵੇਂ ਕਰਨੀ ਹੈ, ਇਹ ਕੰਮ ਕੁਦਰਤ ਨੇ ਮਨੁਖ ਦੀ ਮਰਜੀ ਉਤੇ ਛਡ ਦਿਤਾ ਹੈ। ਇਹ ਮਨੁਖ ਉਤੇ ਨਿਰਭਰ ਕਰਦਾ ਹੈ ਕਿ ਉਹ ਸਮਾਜ ਵਿਚ ਆਪਣੀ ਯੋਗ ਥਾਂ ਨਿਸ਼ਚਿਤ ਕਰੇ। ਜਿਥੋਂ ਉਹ ਸਭ ਤੋਂ ਵਧੀਆ ਢੰਗ ਨਾਲ ਖ਼ੁਦ ਅਤੇ ਸਮਾਜ ਨੂੰ ਉਚਾ ਚੁਕ ਸਕੇ। ਯਕੀਨਨ ਇਸਦਾ ਮੰਤਵ ਸਰਬਤ ਦਾ ਭਲਾ ਤੇ ਸਾਡੀ ਖ਼ੁਦ ਦੀ ਪੂਰਨਤਾ ਹੋਣਾ ਚਾਹੀਦਾ ਹੈ। ਇਹ ਕਦੀ ਸਾਡੀ ਸੋਚ ਵਿਚ ਹੀ ਨਹੀਂ ਆਉਣਾ ਚਾਹੀਦਾ, ਕਿ ਇਹ ਦੋਵੇਂ ਪਖ ਟਕਰਾਵੇਂ ਹਨ ਜਾਂ ਇਕ ਦੂਜੇ ਦੇ ਵਿਰੋਧੀ ਹਨ। ਸਗੋਂ ਇਸ ਦੇ ਐਨ ਉਲਟ ਕੁਦਰਤ ਨੇ ਮਨੁਖ ਦਾ ਸੁਭਾਅ ਹੀ ਇਸ ਤਰ੍ਹਾਂ ਦਾ ਘੜਿਆ ਹੈ, ਕਿ ਉਹ ਆਪਣੇ ਸੰਗੀ ਮਨੁਖਾਂ ਦੀਓ ਪੂਰਨਤਾ ਲਈ ਤੇ ਉਨ੍ਹਾਂ ਦੇ ਭਲੇ ਲਈ ਕੰਮ ਕਰਦਾ ਹੋਇਆ ਹੀ ਆਪਣੀ ਖ਼ੁਦ ਦੀ ਪੂਰਨਤਾ ਪ੍ਰਾਪਤ ਕਰ ਸਕਦਾ ਹੈ। … ਆਪਣੇ ਖੁਦ ਲਈ ਕੰਮ ਕਰਦਾ ਹੋਇਆ ਮਨੁਖ ਪ੍ਰਸਿਧ ਵਿਦਵਾਨ ਬਣ ਸਕਦਾ ਹੈ, ਇਕ ਮਹਾਨ ਸੰਤ ਬਣ ਸਕਦਾ ਹੈ, ਇਕ ਸ਼ਾਨਦਾਰ ਕਵੀ ਬਣ ਸਕਦਾ ਹੈ ਪਰ ਇਕ ਪੂਰਨ ਮਨੁਖ ਨਹੀਂ ਬਣ ਸਕਦਾ। ਅਸਲੀ ਅਰਥਾਂ ਵਿਚ ਇਕ ਮਹਾਨ ਮਨੁਖ ਨਹੀਂ ਬਣ ਸਕਦਾ। ਇਤਿਹਾਸ ਉਨ੍ਹਾਂ ਨੂੰ ਸਭ ਤੋਂ ਵਧ ਮਹਾਨ ਮਨੁਖ ਕਹਿੰਦਾ ਹੈ, ਜਿਹੜੇ ਸਰਬ-ਸਾਂਝੀਵਾਲਤਾ ਲਈ ਕੰਮ ਕਰਦੇ ਹੋਏ ਆਪਣੇ ਆਪ ਨੂੰ ਨੇਕ ਬਣਾਉਂਦੇ ਹਨ। ਮਨੁਖੀ ਅਨੁਭਵ ਇਸ ਗੱਲ ਦੀ ਪੁਸ਼ਟੀ ਕਰਦਾ ਹੈ, ਕਿ ਉਹ ਮਨੁਖ ਸਭ ਤੋਂ ਵਧੇਰੇ ਖੁਸ਼ ਹੁੰਦਾ ਹੈ ਜਿਹੜਾ ਸਭ ਤੋਂ ਵਧੇਰੇ ਖੁਸ਼ੀਆ ਤੇ ਖੇੜੇ ਵੰਡਦਾ ਹੈ। ਧਰਮ ਵੀ ਸਾਨੂੰ ਇਹੀ ਸਿਖਾਉਂਦਾ ਹੈ ਕਿ ਮਨੁਖਤਾ ਖਾਤਰ ਆਪਣੇ-ਆਪ ਨੂੰ ਕੁਰਬਾਨ ਕਰ ਦੇਣ ਵਾਲੇ ਆਦਰਸ਼ ਪੁਰਖ ਦੀ ਹੀ ਸਾਰੇ ਨਕਲ ਕਰਨਾ ਚਾਹੁੰਦੇ ਹਨ। … ਜ਼ਿੰਦਗੀ ਵਿਚ ਜੇ ਅਸੀਂ ਬਹੁਤਾ ਕੰਮ ਮਨੁਖਤਾ ਦੇ ਭਲੇ ਲਈ ਕਰੀਏ ਤਾਂ ਕੋਈ ਵੀ ਬੋਝ ਸਾਨੂੰ ਝੁਕਾਅ ਨਹੀਂ ਸਕੇਗਾ। ਕਿਉਂਕਿ ਉਹ ਸਰਬਤ ਦੇ ਭਲੇ ਲਈ ਕੀਤੀ ਕੁਰਬਾਨੀ ਹੋਵੇਗੀ। ਫਿਰ ਅਸੀਂ ਨਿਗੂਣਾ ਸੀਮਤ ਤੇ ਸੁਆਰਥੀ ਅਨੰਦ ਨਹੀਂ ਮਾਣਾਂਗੇ, ਸਗੋਂ ਸਾਡੀ ਖੁਸ਼ੀ ਦਾ ਸੰਬੰਧ ਕਰੋੜਾਂ ਲੋਕਾਂ ਦੀ ਖੁਸ਼ੀ ਨਾਲ ਹੋਵੇਗਾ। ਸਾਡੇ ਕੀਤੇ ਕੰਮ ਚੁਪਚੁਪੀਤੇ ਪਰ ਨਿਰੰਤਰ ਕਾਰਜਸ਼ੀਲ ਰਹਿਣਗੇ ਅਤੇ ਸਾਡੇ ਮਰਨ ਤੋਂ ਬਾਦ ਸਾਡੀ ਰਾਖ ਉਤੇ ਨੇਕ ਲੋਕਾਂ ਦੇ ਕੋਸੇ-ਕੋਸੇ ਹੰਝੂ ਡਿਗਣਗੇ।” (ਆਪਣੀ 17 ਸਾਲ ਦੀ ਉਮਰ ਵਿਚ ਕਾਰਲ ਮਾਰਕਸ ਦੀ ਲਿਖੀ ਪਹਿਲੀ ਲਿਖਤ ਵਿਚੋਂ )

*****

ਮਨੁਖ ਜਾਤੀ ਦੀ ਮੁਕਤੀ ਦਾ ਭੇਦ

ਬਹੁਜਨ ਸਮਾਜ ਲਹਿਰ ਦੇ ਬਾਨੀ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ, ਆਪਣੇ ਵਰਕਰਾਂ ਨੂੰ ਮੁਖਾਤਿਬ ਹੁੰਦਿਆਂ ਅਕਸਰ ਆਪਣੀ ਤਕਰੀਰ ਇਸ ਵਿਅੰਗ ਤੋਂ ਆਰੰਭ ਕਰਿਆ ਕਰਦੇ ਸਨ, ‘ਪਿਤਰਮ ਸੁਲਤਾਨ ਬੂਦ’। ਭਾਵ ਸਾਡੇ ਪੁਰਖੇ ਬਾਦਸ਼ਾਹ ਹੁੰਦੇ ਸਨ ਤੇ  ਫਿਰ ਉਹ ਕਿਹਾ ਕਰਦੇ ਸਨ ਕਿ ਮਸਲਾ ਇਹ ਨਹੀਂ ਹੈ ਕਿ ਸਾਡੇ ਪੁਰਖੇ ਬਾਦਸ਼ਾਹ ਸਨ। ਮਸਲਾ ਇਹ ਹੈ ਕਿ ਅਸੀਂ ਕੀ ਹਾਂ? ਹੁਣ ਸਾਡੀ ਔਕਾਤ ਕੀ ਹੈ? ਅਸੀਂ ਕਿਉਂ ਗੁਲਾਮਾਂ ਵਰਗੀ ਜਿੰਦਗੀ ਬਤੀਤ ਕਰ ਰਹੇ ਹਾਂ? ਸਾਨੂੰ ਆਪਣੇ ਪੁਰਖਿਆਂ ਦੇ ਜਬਾਨੀ ਗੁਣ ਗਾਉਣ ਦੀ ਬਜਾਇ, ਉਨ੍ਹਾਂ ਕੋਲੋਂ ਪ੍ਰੇਰਨਾ ਲੈ ਕੇ ਸੰਘਰਸ਼ ਵਿਚ ਕੁਦਣਾ ਚਾਹੀਦਾ ਹੈ। ਆਪਣੇ ਮਨੁਖੀ ਸਵੈਮਾਣ ਅਤੇ ਆਜਾਦੀ ਲਈ ਲੜ੍ਹਣਾ ਚਾਹੀਦਾ ਹੈ। ਉਨ੍ਹਾਂ ਨੇ ਆਪਣੀ ਚੇਤੰਨ ਜਿੰਦਗੀ ਦੇ ਅੰਤਿਮ ਸਾਹ ਤਕ ਇਹ ਲੜਾਈ ਜਾਰੀ ਰਖੀਂ। ਉਹ ਇਹ ਵੀ ਕਿਹਾ ਕਰਦੇ ਸਨ ਕਿ ਇਹ ਲੜਾਈ ਜਾਰੀ ਰਖਣ ਤੋ ਬਿਨਾਂ ਮਨੁਖੀ ਮੁਕਤੀ ਦਾ ਹੋਰ ਕੋਈ ਰਾਹ ਨਹੀਂ।

******

ਅਜੋਕੇ ਸੰਸਾਰ ਦੀ ਦਸ਼ਾ

”ਲੋਭ ਰਾਜਾ ਬਣਿਆ ਬੈਠਾ ਹੈ। ਬਦੀ ਵਜ਼ੀਰ ਹੈ। ਝੂਠ ਮੁਖ ਅਹਿਲਕਾਰ ਹੈ। ਚੌਧਰੀ ਕਾਮ ਨੂੰ ਬੁਲਾ ਕੇ ਉਸ ਨਾਲ ਸਲਾਹ ਮਸ਼ਵਰਾ ਕੀਤਾ ਜਾਂਦਾ ਹੈ। ਗਿਆਨ ਵਿਹੂਣੀ ਪਰਜਾ ਮਨਾਂ ਦੀ ਅੰਨ੍ਹੀ ਹੈ। ਆਪਣਾ ਮਨੁਖੀ ਸਵੈਮਾਣ ਗੁਆਈ ਬੈਠੀ ਹੈ। ਚੌਧਰੀਆਂ ਦੀ ਜੂਠ ਖਾ ਕੇ ਨਿਰਬਾਹ ਕਰਦੀ ਹੈ। ਜਿਹੜੇ ਗਿਆਨੀਆਂ ਨੇ ਪਰਜਾ ਨੂੰ ਆਤਮਿਕ ਗਿਆਨ ਦੇਣਾ ਸੀ, ਉਹ ਭੇਖ ਕਰਦੇ ਅਤੇ ਰਾਸਾਂ ਵਿਚ ਨਚਦੇ ਹਨ। ਉਚੀ-ਉਚੀ ਕੂਕ ਕੇ ਪਿਛਲੇ ਯੋਧਿਆਂ ਦਾ ਇਤਿਹਾਸ ਸੁਣਾਉਂਦੇ ਹਨ। ਪਰ ਹੁਣ ਕੀ ਕੀਤਾ ਜਾਏ ਇਸ ਬਾਰੇ ਕੁਝ ਨਹੀਂ ਦਸਦੇ। ਮੂਰਖ ਪੰਡਿਤ ਆਪਣੀਆਂ ਚਲਾਕੀਆਂ ਨਾਲ ਜਨਸਮੂਹਾਂ ਨੂੰ ਗੁੰਮਰਾਹ ਕਰਦੇ ਹਨ। ਉਨ੍ਹਾਂ ਦਾ ਸਾਰਾ ਧਿਆਨ ਪੈਸਾ ਇਕੱਤਰ ਕਰਨ ਵਿਚ ਲਗਾ ਹੋਇਆ ਹੈ। ਕਹੇ ਜਾਂਦੇ ਧਰਮੀ ਲੋਕ ਧਰਮ ਦਾ ਕੰਮ ਕਰ ਕੇ ਬਦਲੇ ਵਿਚ ਆਪਣੀ ਵਡਿਆਈ ਕਰਵਾਉਂਦੇ ਹਨ ਅਤੇ ਇਸ ਵਿਚੋਂ ਆਪਣੀ ਮੁਕਤੀ ਦਾ ਰਾਹ ਭਾਲਦੇ ਹਨ। ਜਤੀ ਸਦਵਾਉਂਦੇ ਲੋਕਾਂ ਨੂੰ ਜੀਵਨ ਜਿਉਣ ਦੀ ਕੋਈ ਜੁਗਤ ਨਹੀਂ। ਘਰ-ਬਾਰ ਛਡ ਕੇ ਉਹ ਜਤ ਕਰਨ ਲਈ ਬਾਹਰ ਜੰਗਲਾਂ ਵੱਲ ਦੌੜਦੇ ਹਨ। ਹਰ ਕੋਈ ਆਪਣੇ-ਆਪ ਨੂੰ ਪੂਰਨ ਕਹਿੰਦਾ ਹੈ। ਕੋਈ ਵੀ ਆਪਣੇ-ਆਪ ਨੂੰ ਕਿਸੇ ਦੂਜੇ ਨਾਲੋਂ ਘਟ ਨਹੀਂ ਸਮਝਦਾ। ਪਰ ਸਿਰਜਣਹਾਰ ਕਰਤਾ ਦੇ ਤੋਲ ਅਨੁਸਾਰ ਸਿਰਫ ਓਹੀ ਮਨੁਖ ਪੂਰਨ ਹੈ, ਜਿਹੜਾ ਮਰਨ ਤੋਂ ਬਾਅਦ ਜ਼ਿੰਦਗੀ ਭਰ ਦੀ ਕਮਾਈ ਹੋਈ ਆਪਣੀ ਨੇਕੀ ਲੋਕਾਂ ਦੇ ਯਾਦ ਵਿਚ ਪਿਛੇ ਛਡ ਜਾਂਦਾ ਹੈ।”

(ਗੁਰੂ ਨਾਨਕ ਸਾਹਿਬ, ਆਸਾ ਦੀ ਵਾਰ)

*****

Leave a Reply

Your email address will not be published. Required fields are marked *