ਪ੍ਰਾਚੀਨ ਕਾਲ ਦੇ ਇਤਿਹਾਸ ਵਿਚ ਪੰਜਾਬ ਦੀ ਨਿਸ਼ਾਨਦੇਹੀ ਕਰਨੀ ਕਠਿਨ ਜਾਪਦੀ ਹੈ। ਇਸ ਲਈ ਮੋਟੇ ਤੌਰ ਉਤੇ ਅਸੀਂ ਭਾਰਤੀ ਉਪ-ਮਹਾਂਦੀਪ ਦੇ ਉਤਰ ਪਛਮੀ ਭੂਗੋਲਿਕ ਖਿਤੇ ਨੂੰ ਪੰਜਾਬ ਮੰਨ ਲੈਂਦੇ ਹਾਂ। ਇਸ ਸਾਰੇ ਇਲਾਕੇ ਵਿਚ ਵਰਤਮਾਨ  ਅਫਗਾਨਿਸਤਾਨ ਦਾ ਕੁਝ ਹਿਸਾ, ਕਸ਼ਮੀਰ (ਗਿਲਗਿਤ, ਸਵਾਤ ਸਮੇਤ) ਸ਼ਿਵਾਲਿਕ ਪਹਾੜੀਆਂ ਦੀ ਪੂਰੀ ਲੜੀ ਅਤੇ ਤਲਹਟੀ ਸ਼ਾਮਲ ਹਨ। ਮੁਢਲੇ ਤੌਰ ਉਤੇ ਪੰਜਾਬ ਦਾ ਮੈਦਾਨ ਧਾੜਵੀਆਂ ਲਈ ਲਾਂਘਾ ਸੀ। ਇਸੇ ਲਈ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰਾ ਕਿਹਾ ਗਿਆ ਹੈ। ਪਰ ਰਾਜਨੀਤਕ ਤੌਰ ਉਤੇ ਇਸ ਖਿਤੇ ਦੀ ਨਾ ਕੋਈ ਨਿਵੇਕਲੀ ਪਛਾਣ ਸੀ ਅਤੇ ਨਾ ਹੀ ਕੋਈ ਵਜੂਦ। ਇਥੋਂ ਦੀ ਵਸੋਂ ਵੀ ਅਡ-ਅਡ ਨਸਲਾਂ ਦੇ ਅਸਲੇ ਦੀ ਸੀ। ਇਨ੍ਹਾਂ ਹਾਲਤਾਂ ਕਾਰਨ ਪ੍ਰਾਚੀਨ ਪੰਜਾਬ ਦੇ ਇਤਿਹਾਸ ਅਤੇ ਸਭਿਆਚਾਰ ਸਬੰਧੀ ਭਰੋਸੇਯੋਗ ਜਾਣਕਾਰੀ ਵੀ ਸਿਧੇ ਤੌਰ ਉਤੋ ਨਹੀਂ ਮਿਲਦੀ। ਫੇਰ ਵੀ ਲੋਕ ਸਾਹਿਤ, ਰਵਾਇਤਾਂ, ਬੀਰ ਗਾਥਾਵਾਂ ਤੇ ਪੁਰਾਤਨ ਖੰਡਰਾਂ ਆਦਿ ਤੋਂ ਮਿਲੇ ਹਵਾਲਿਆਂ ਦੇ ਅਧਾਰ ਉਤੇ ਇਹ ਮੰਨਿਆ ਜਾਂਦਾ ਹੈ ਕਿ ਉਪਰੋਕਤ ਦਰਸਾਏ ਭੂਗੋਲਿਕ ਖਿਤੇ (ਪੰਜਾਬ) ਨੂੰ ਭਾਰਤੀ ਸਭਿਅਤਾ ਦਾ ਪੰਘੂੜਾ ਹੋਣ ਦਾ ਮਾਣ ਪ੍ਰਾਪਤ ਰਿਹਾ ਹੈ। ਬਿਦੇਸੀਆਂ ਨਾਲ ਚੋਖਾ ਵਾਹ ਪੈਣ ਕਾਰਨ ਪੰਜਾਬ ਦੀ ਵਸੋਂ ਨੂੰ ਪ੍ਰਸਪਰ ਪ੍ਰਭਾਵ ਕਬੂਲਣ ਤੇ ਆਪਣੇ ਵਲੋਂ ਅਸਰ ਛਡਣ ਦੇ ਅਵਸਰ ਮਿਲੇ, ਜਿਸ  ਕਰਕੇ ਪੰਜਾਬ ਵਿਚ ਵਪਾਰ ਅਤੇ ਗਿਆਨ ਦਾ ਚੰਗਾ ਪਸਾਰ ਹੋਇਆ ਅਤੇ ਇਸੇ ਕਰਕੇ ਭਾਰਤੀ ਉਪ-ਮਹਾਂਦੀਪ ਵਿਚ ਪੰਜਾਬ ਦੀ ਪੈਂਠ ਬਣ ਗਈ। ਇਹ ਪੰਜਾਬ ਦੀ ਮੁਢਲੀ ਪਛਾਣ ਸੀ।
ਉਤਰ ਪਛਮ ਵਾਂਗ ਹੀ ਪੂਰਬ ਵਿਚ ਵੀ ਪ੍ਰਾਚੀਨ ਕਾਲ ਵਿਚ ਬੰਗਾਲ, ਅਸਾਮ ਅਤੇ ਉੜੀਸਾ ਆਦਿ ਦੀ ਕੋਈ ਨਿਵੇਕਲੀ ਪਛਾਣ ਨਹੀਂ ਸੀ। ਪੂਰਾ ਪੂਰਬੀ ਖੇਤਰ ਇਕ ਭੂਗੋਲਿਕ ਖਿਤਾ ਹੀ ਸੀ। ਇਸ ਦੀਆਂ ਕੋਈ ਪਰਿਭਾਸ਼ਤ ਹਦਾਂ ਨਹੀਂ ਸਨ। ਬਿਦੇਸੀਆਂ  ਦਾ ਆਉਣਾ-ਜਾਣਾ ਵੀ ਬਣਿਆ ਰਹਿੰਦਾ ਸੀ। ਵਪਾਰ ਅਤੇ ਬੋਧੀ ਪ੍ਰਚਾਰਕਾਂ ਨੇ ਇਸ ਇਲਾਕੇ ਦੀਆਂ ਸਰਗਰਮੀਆਂ ਵਿਚ ਚੰਗਾ ਵਾਧਾ ਕੀਤਾ। ਅਠਵੀਂ ਸਦੀ ਪੂਰਵ-ਈਸਵੀ ਤੋਂ ਅਜਿਹੇ ਅਨਸਰਾਂ ਦੁਆਰਾ ਪੰਜਾਬ ਦੀ ਸਹੂਲਤ ਲਈ ਉਤਰ-ਪਛਮ (ਪੰਜਾਬ)  ਨੂੰ ਪੂਰਬ (ਬੰਗਾਲ, ਉੜੀਸਾ ਤੇ ਅਸਾਮ) ਨਾਲ ਜੋੜਨ ਲਈ ਪਹਿਲਾਂ ਤਕਸ਼ਿਲਾ (ਵਰਤਮਾਨ ਪਾਕਿਸਤਾਨ) ਅਤੇ ਪਾਟਲੀਪੁਤਰ (ਵਰਤਮਾਨ ਪਟਨਾ) ਵਿਚਕਾਰ ਸੜਕ ਬਣਾਈ ਅਤੇ ਫੇਰ ਇਸ ਨੂੰ ਸੰਪਰਕ ਸੜਕਾਂ ਨਾਲ ਜੋੜ ਕੇ ਬੈਗਾਲ ਤਕ ਪਹੁੰਚਾਇਆ। ਅਗੇ ਚਲ ਕੇ ਇਸ ਸੜਕ ਕਾਰਨ ਹੀ ਬੰਗਾਲ ਦੇ ਬੋਧੀ ਰਾਜੇ ਗੋਪਾਲ ਨੇ ਪੰਜਾਬ (ਸਮੇਤ ਕਾਂਗੜਾ ਘਾਟੀ ਦੇ ਕਈ ਰਜਵਾੜਿਆਂ ਤੋਂ ਈਨ ਮੰਨਵਾ ਕੇ ਕਰ (ਟੈਕਸ) ਉਗਰਾਹ ਲਿਆ। ਪਰ ਬੰਗਾਲ ਦੇ ਰਾਜਿਆਂ ਨੂੰ ਇਹ ਭਾਜੀ ਮਹਿੰਗੀ ਪਈ ਜਦੋਂ ਕੁਤਬ-ਉਦ-ਦੀਨ ਐਬਕ ਦੇ ਜਰਨੈਲ ਬਖਤਿਆਰ ਖਿਲਜੀ ਨੇ 1199 ਈ. ਵਿਚ ਬੰਗਾਲ ਵਿਚ ਹਲਾਲੀ ਝੰਡਾ ਜਾ ਗਡਿਆ।
ਉਪੋਰਕਤ ਘਟਨਾਵਾਂ ਦੇ ਪਿਛੋਕੜ ਵਿਚ ਬੰਗਾਲੀ ਇਤਿਹਾਸਕਾਰਾਂ ਦਾ ਧਿਆਨ ਪੰਜਾਬ ਵਲ ਗਿਆ। ਪਰ ਬੰਗਾਲੀ ਇਤਿਹਾਸਕਾਰਾਂ ਦੀ ਪੰਜਾਬ ਦੀਆਂ ਘਟਨਾਵਾਂ ਵਿਚ ਅਸਲ ਦਿਲਚਸਪੀ ਉਦੋਂ ਹੀ ਬਣੀ ਜਦੋਂ ਬੰਗਾਲੀਆਂ ਨੂੰ ਗੁਰੂ ਨਾਨਕ ਸਾਹਿਬ ਦੇ ਮਾਲਵਾ, ਮੁਰਸ਼ਿਦਾਬਾਦ, ਗੋਪਾਲਪੁਰ, ਕਿਸ਼ਨਗੰਜ ਤੇ ਢਾਕਾ ਵਿਖੇ ਪਧਾਰਨ ਦੀਆਂ ਕਨਸੋਆਂ ਮਿਲੀਆਂ। ਗੁਰੂ ਨਾਨਕ ਸਾਹਿਬ ਦੀ ਬੰਗਾਲ ਫੇਰੀ ਸਬੰਧੀ ਜਨਮ ਸਾਖੀਆਂ ਅਤੇ ਗੁਰੂ ਨਾਨਕ ਚਮਤਕਾਰ (ਭਾਈ ਵੀਰ ਸਿੰਘ) ਵਿਚ ਹਵਾਲੇ ਮਿਲਦੇ ਹਨ। ਜਨਮ ਸਾਖੀ ਭਾਈ ਬਾਲਾ ਵਿਚ ਗੁਰੂ ਜੀ ਦੀ ਬੰਗਾਲੀ ਫੇਰੀ ਦਾ ਵਰਨਣ ”ਢਾਕਾ-ਬੰਗਾਲ” ਕਰਕੇ ਕੀਤਾ ਗਿਆ ਹੈ। ਗੁਰੂ ਜੀ ਦੀ ਸਿਧ ਜੋਗੀ ਰਾਮ ਦੇਵ ਅਤੇ ਲੂਨਯ ਨਾਲ ਚਰਚਾ ਦੇ ਸੰਕੇਤ ਵੀ ਹਨ। ਗਿਆਨੀ ਗਿਆਨ ਸਿੰਘ ਨੇ ਢਾਕੇ ਵਿਖੇ ਸੂਫੀ ਪੀਰਾਂ ਨਾਲ ਵੀ ਗੁਰੂ ਜੀ ਦੀ ਮਿਲਣੀ ਬਾਰੇ ਲਿਖਿਆ ਹੈ। ਢਾਕੇ ਵਿਖੇ ਗੁਰੂ ਜੀ ਨੇ ਜੋ ਮੰਜੀ ਸਥਾਪਤ ਕੀਤੀ, ਉਸ ਸਬੰਧੀ ਪਿਛਲੇ ਇਤਿਹਾਸਕ ਹਵਾਲਿਆਂ ਵਿਚ ਵੀ ਲਗਾਤਰ ਉਲੇਖ ਮਿਲਦੇ ਹਨ। ਗੁਰੂ ਨਾਨਕ ਸਾਹਿਬ ਦੇ ਸਮਕਾਲੀ ਬੰਗਾਲੀ ਵੈਸ਼ਨਵ ਸੰਤ ਚੈਤੰਨਯ ਮਹਾਂ ਪ੍ਰਭੂ ਦੀ ਗੁਰੂ ਜੀ ਨਾਲ ਮਿਲਣ ਬੰਗਾਲੀ ਧਾਰਮਿਕ ਲਿਖਾਰੀਆਂ ਅਤੇ ਇਤਿਹਾਸਕਾਰਾਂ ਲਈ ਉਚੇਚੀ ਦਿਲਚਸਪੀ ਰਖਦੀ ਹੈ। ਪਹਿਲਾਂ ਇਸ ਸਬੰਧੀ ਚੈਤੰਨਯ ਭਾਗਵਤ ਦਾ ਉਲੇਖ ਸਾਹਮਣੇ ਆਇਆ। ਡਾ. ਤਰਲੋਚਨ ਸਿੰਘ ਅਨੁਸਾਰ ਬੰਗਾਲੀ ਲਿਖਾਰੀਆਂ ਨੇ ਗੁਰੂ ਨਾਨਕ ਸਾਹਿਬ ਦੀ ਬੰਗਾਲ ਫੇਰੀ ਅਤੇ ਚੈਤੰਨਯ ਨਾਲ ਮਿਲਣੀ ਦਾ ਪੂਰਾ ਪ੍ਰਭਾਵ ਮੰਨਿਆ। ਇਸ ਸਬੰਧੀ ਉਨ੍ਹਾਂ ਗੁਰੂ ਅਰਜਨ ਸਾਹਿਬ  ਜੀ ਦੇ ਸਮਕਾਲੀ ਰਾਮ ਨਰਾਇਣ ਮਿਸ਼ਰਾਂ ਦੀ ‘ਦਸਮ ਸਿਕੰ’ ਦੀ ਬੰਗਾਲੀ ਵਿਆਖਿਆ ਦੇ ਮੰਗਲਾਚਰਨ ਵਿਚ ਗੁਰੂ ਨਾਨਕ ਪਾਤਸ਼ਾਹ ਨੂੰ ਕੀਤੇ ਪ੍ਰਣਾਮ ਅਤੇ ਸਿਖਾਂ ਦੇ ਵਰਨਣ ਵਲ ਧਿਆਨ ਦਿਵਾਇਆ ਹੈ।
ਬੰਗਾਲੀ-ਪੰਜਾਬੀ ਸਾਂਝ ਗੁਰੂ ਨਾਨਕ ਸਾਹਿਬ ਵਲੋਂ ਸਥਾਪਤ ਕੀਤੀਆਂ ਮੰਜੀਆਂ ਦੇ ਲਗਾਤਾਰ ਸਰਗਰਮ ਰਹਿਣ ਨਾਲ ਨਿਰੰਤਰ ਬਣੀ ਰਹੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬੰਗਾਲ ਤੇ ਆਸਾਮ ਫੇਰੀ ਨਾਲ ਇਨ੍ਹਾਂ ਸੰਗਤਾਂ ਦਾ ਜੋਸ਼ ਪੁਨਰ-ਸੁਰਜੀਤ ਹੋਇਆ। ਗੁਰੂ ਗੋਬਿੰਦ ਸਿੰਘ ਜੀ ਦੇ ਪਟਨੇ ਵਿਖੇ ਜਨਮ ਨਾਲ ਬੰਗਾਲੀ ਸੰਗਤਾਂ ਦੀ ਸ਼ਰਧਾ ਵਧੀ ਅਤੇ ਬੰਗਾਲ ਦੇ ਲੇਖਕਾਂ-ਇਤਿਹਾਸਕਾਰਾਂ ਦੀ ਸਿਖਾਂ ਅਤੇ ਪੰਜਾਬ ਵਲ ਦਿਲਚਸਪੀ ਵਿਚ ਵੀ ਵਾਧਾ ਹੋਇਆ। ਮੁਗਲ ਸਾਮਰਾਜ ਦੇ ਪਤਨ ਨਾਲ ਘਟਨਾ ਚਕਰ ਤੇਜ਼ੀ ਨਾਲ ਚਲਿਆ। ਬੰਗਾਲ ਵਿਚ ਪਹਿਲਾਂ ਨਵਾਬੀਆਂ ਸਥਾਪਤ ਹੋਈਆਂ ਤੇ ਫੇਰ ਅੰਗਰੇਜ਼ਾਂ ਨੇ ਵਪਾਰੀਆਂ ਦੇ ਭੇਸ ਵਿਚ ਰਾਜਸਤਾ ਹਥਿਆ ਲਈ। ਪੰਜਾਬ ਵਿਚ ਇਸੇ ਸਮੇਂ ਜਾਂਬਾਜ਼ ਸਿਖ ਮੁਗਲਾਂ-ਅਫਗਾਨਾਂ ਵਿਰੁਧ ਜੂਝ ਰਹੇ ਸਨ। ਇਸ ਸਮੇਂ ਦੇ ਜੋ ਟਾਵੇਂ-ਟਾਵੇਂ ਹਵਾਲੇ ਪੰਜਾਬ ਸਬੰਧੀ ਮਿਲਦੇ ਹਨ, ਉਨ੍ਹਾਂ ਤੋਂ ਪਤਾ ਲਗਦਾ ਹੈ ਕਿ ਬੰਗਾਲੀ ਸਿਖ ਮਤਿ ਨੂੰ ਭਾਰਤੀ ਧਾਰਮਿਕ ਪਰੰਪਰਾ ਨਾਲ ਰਲਾ ਕੇ ਦੇਖਦੇ ਸਨ ਅਤੇ ਸਿਖਾਂ ਦੀ ਪੰਜਾਬ ਵਿਚਲੀ ਚੜਤ ਨੂੰ ਸਲਾਹੁੰਦੇ ਸਨ। ਸ਼ਾਇਦ ਇਸੇ ਕਾਰਨ ਮੁਢਲੀਆਂ ਅੰਗਰੇਜ਼ੀ ਰਿਪੋਰਟਾਂ ਨੇ ਸਿਖਾਂ ਸਬੰਧੀ ਜਾਣਕਾਰੀ ਬੰਗਾਲੀਆਂ ਪਾਸੋਂ ਹੀ ਪ੍ਰਾਪਤ ਕੀਤੀ। ਪਰ ਇਹ ਜਾਣਕਾਰੀ ਓਪਰੀ ਤੇ ਜੁਬਾਨੀ ਸਰੋਤਾਂ ਉਤੇ ਅਧਾਰਿਤ ਸੀ ਅਤੇ ਇਸੇ ਲਈ ਭਰੋਸੇਯੋਗ ਨਹੀਂ ਸੀ। ਜੇਮਜ਼ ਬਰਾਉਨ ਦਾ ਬਿਰਤਾਂਤ ਭਾਵੇਂ ਦਿਲੀ ਵਿਖੇ ਲਿਖਿਆ ਗਿਆ ਪਰ ਉਹ ਵੀ ਇਸੇ ਕਿਸਮ ਦੀਆਂ ਲਿਖਤਾਂ ਵਿਚ ਹੀ ਗਿਣਿਆ ਜਾਵੇਗਾ।
ਰਾਜਾ ਰਾਮ ਮੋਹਨ ਰਾਇ 1772-1883 ਦੀ ਪਹਿਲਕਦਮੀ ਨਾਲ ਉਭਰੀ ਬੰਗਾਲੀ ਪੁਨਰ-ਜਾਗ੍ਰਤੀ ਲਹਿਰ ਦਾ ਪ੍ਰੇਰਨਾ ਸਰੋਤ ਸਿਖ ਮਤਿ ਦਾ ਇਕ ਈਸ਼ਵਰਵਾਦ ਭਾਵ ੧ਓ ਦਾ ਸਿਧਾਂਤ ਹੀ ਸੀ। ਇਸ ਸਮੇਂ ਸਾਰੇ ਬੰਗਾਲ ਤੇ ਉੜੀਸਾ ਵਿਚ ਸਿਖ ਮਤਿ ਸਬੰਧੀ ਉਚੇਚੀ ਦਿਲਚਸਪੀ ਦਿਖਾਈ ਜਾਣ ਲਗੀ। ਇਸੇ ਕਰਕੇ ਸਿਖ ਰਾਜ ਦੇ ਪਤਨ ਵਲ ਬੰਗਾਲੀ ਮਨੋਬਿਰਤੀ ਨੇ ਪ੍ਰੇਸ਼ਾਨੀ ਦੀ ਭਾਵਨਾ ਨਾਲ ਦੇਖਿਆ ਅਤੇ ਪ੍ਰਤੀਕਰਮ ਵਜੋਂ ਬੰਗਾਲੀ ਇਤਿਹਾਸਕਾਰੀ ਵਿਚ ਜਾਣੀ ਜਾਂਦੀ ਮੀਲਪਥਰ ਪੁਸਤਕ ‘ਸਿਖ ਜੁਧੇਰ ਇਤਿਹਾਸ-ਓ-ਮਹਾਰਾਜਾ ਦਲੀਪ ਸਿੰਘ ਕ੍ਰਿਤ ਬਰੋਦਕਾਂਤ ਮਿਤਰਾ (1893) ਸਾਹਮਣੇ ਆਈ। ਇਸ ਪੁਸਤਕ ਵਿਚ ਮਹਾਰਾਜਾ ਦਲੀਪ ਸਿੰਘ ਨਾਲ ਕੀਤੀਆਂ ਵਧੀਕੀਆਂ ਦਾ ਵਿਰੋਧ ਅਤੇ ਮਹਾਰਾਜੇ ਵਲ ਹਮਦਰਦੀ ਪ੍ਰਗਟਾਈ ਗਈ ਹੈ। ਪਰ ਅੰਤਰਧਾਰਾ ਵਿਚ ਅੰਗਰੇਜ਼ੀ ਰਾਜ ਦੀ ਹਮਾਇਤ ਵੀ ਹੈ। ਸਿਖਿਆ ਪਸਾਰ ਨਾਲ ਪਸਰੀ ਜਾਗ੍ਰਤੀ ਕਾਰਨ ਨਵੀਂ ਉਭਰੀ ਪੀੜੀ ਦੇ ਇਤਿਹਾਸਕਾਰਾਂ ਨੇ ਪੰਜਾਬ ਦੇ ਸਿਖ ਰਾਜ ਦੇ ਪਤਨ ਤੇ ਮਹਾਰਾਜਾ ਦਲੀਪ ਸਿੰਘ ਨਾਲ ਸਬੰਧਤ ਘਟਨਾਵਾਂ ਨੂੰ ਸਰਬ-ਭਾਰਤੀ ਕੌਮੀ ਜਾਗ੍ਰਤੀ ਦੇ ਸੰਦਰਭ ਵਿਚ ਵੀ ਜਾਂਚਿਆ ਹੈ। ਇਸ ਦ੍ਰਿਸ਼ਟੀ ਤੋਂ ਨੰਦ ਕੁਮਾਰ ਦੇਵ ਸ਼ਰਮਾ ਦੀ ਪੁਸਤਕ ‘ਪੰਜਾਬ ਹਰਨ ਔਰ ਮਹਾਰਾਜਾ ਦਲੀਪ ਸਿੰਘ (1921) ਧਿਆਨ ਖਿਚਦੀ ਹੈ।
ਉਨੀਵੀਂ ਸਦੀ ਦੇ ਅੰਤ ਵਿਚ ਕਲਕਤਾ ਯੂਨੀਵਰਸਿਟੀ ਦੀ ਸਥਾਪਨਾ ਨਾਲ ਵਰਤਮਾਨ ਭਾਰਤੀ ਇਤਿਹਾਸਕਾਰੀ ਦੇ ਮੁਢ ਅਤੇ ਵਿਕਾਸ ਲਈ ਰਾਹ ਪਧਰਾ ਹੋਇਆ। ਭਾਵੇਂ ਭਾਰਤੀ ਇਤਿਹਾਸਕਾਰੀ ਦੇ ਮੁਢ ਵਿਚ ਅੰਗਰੇਜ਼ ਅਫਸਰਾਂ ਤੇ ਵਿਦਵਾਨਾਂ ਦੀ  ਨਿਗਰ ਦੇਣ ਨੂੰ ਨਕਾਰਿਆ ਨਹੀਂ ਜਾ ਸਕਦਾ ਪਰ ਭਾਰਤੀਆਂ ਵਿਚੋਂ ਬੰਗਾਲੀ ਵਿਦਵਾਨ ਇਤਿਹਾਸਕਾਰਾਂ ਨੂੰ ਹੀ ਮੂਹਰਲੀ ਕਤਾਰ ਦੇ ਇਤਿਹਾਸਕਾਰ ਮੰਨਿਆ ਜਾਵੇਗਾ। ਢਾਕਾ ਕਾਲਜ ਦੀ ਦੇਣ ਦਾ ਵੀ ਉਚੇਚਾ ਵਰਨਣ ਕਰਨਾ ਬਣਦਾ ਹੈ। ਸਰ ਜਾਦੂ ਨਾਥ ਸਰਕਾਰ ਨੇ ਮੂਲ ਰੂਪ ਵਿਚ ਮੁਗਲ ਕਾਲ ਤੋਂ ਮਰਹਟਿਆਂ ਨੂੰ ਆਪਣੇ ਖੋਜ ਕਾਰਜਾਂ ਲਈ ਚੁਣਿਆ। ਇਸ ਪ੍ਰਸੰਗ ਵਿਚ ਜਿਥੇ ਵੀ ਕਿਧਰੇ ਸਿਖਾਂ ਦਾ ਜ਼ਿਕਰ ਆਇਆ, ਉਸ ਨੇ ਸਰਸਰੀ ਵਰਨਣ ਜਾਂ ਹਵਾਲੇ ਤੋਂ ਵਧੀਕ ਤਥਾਂ ਦੀ ਪੜਚੋਲ ਜਾਂ ਖੋਜ ਦੀ ਲੋੜ ਨਹੀਂ ਸਮਝੀ। ਇਸੇ ਕਾਰਨ ਗੁਰੂ ਅਰਜਨ ਸਾਹਿਬ ਅਤੇ ਗੁਰੂ ਤੇਗ ਬਹਾਦਰ ਜੀ ਦੀਆਂ ਸ਼ਹੀਦੀਆਂ ਬਾਰੇ ਉਸ ਦੀਆਂ ਟਿਪਣੀਆਂ ਸਿਖ ਇਤਿਹਾਸਕਾਰੀ ਵਿਚ ਉਚੇਚੀ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ। ਜਾਦੂ ਨਾਥ ਸਰਕਾਰ ਦੀਆਂ ਇਹ ਟਿਪਣੀਆਂ ਉਸ ਦੀ ਸਾਮਰਾਜ ਪਖੀ ਸੋਚ ਦੀਆਂ ਵੀ ਲਖਾਇਕ ਹਨ। ਉਸ ਦੇ ਸਮਕਾਲੀ ਬੰਗਾਲ ਵਿਚ ਇਹੀ ਸੋਚ ਪ੍ਰਧਾਨ ਸੀ। ਪਰ ਬੈਗਾਲੀ ਰਾਸ਼ਟਰਵਾਦੀ ਜਾਂ ਅਗਲੀ ਚੇਤੰਨ ਪੀੜੀ ਦੀ ਇਸ ਨਾਲ ਸੰਤੁਸ਼ਟੀ ਨਹੀਂ ਹੋ ਸਕਦੀ ਸੀ। ਸਿਖ ਇਤਿਹਾਸ ਜਾਂ ਪੰਜਾਬ ਦੇ ਇਤਿਹਾਸ ਵਿਚ ਉਭਰ ਰਹੇ ਬੰਗਾਲੀ ਵਿਦਵਾਨਾਂ ਦੀ ਦਿਲਚਸਪੀ ਬਣੀ ਰਹੀ।ੇ 1917 ਈ. ਵਿਚ ਸਰ ਆਸੂਤੋਸ਼ ਮੁਖਰਜੀ ਦੇ ਉਦਮ ਨਾਲ ਕਲਕਤਾ ਯੂਨੀਵਰਸਿਟੀ ਵਿਚ ਸਿਖ, ਮਰਾਠਾ ਤੇ ਰਾਜਪੂਤ ਇਤਿਹਾਸ ਅਧਿਐਨ ਤੇ ਪੜਾਈ ਲਈ ਉਚੇਚਾ ਪ੍ਰਬੰਧ ਕੀਤਾ ਗਿਆ। ਸਿਖ ਇਤਿਹਾਸ ਦੀ ਖੋਜ ਲਈ ਇਕ ਖੋਜਕਾਰ ਦੀ ਉਚੇਚੀ ਨਿਯੁਕਤੀ ਕੀਤੀ ਗਈ। ਇਸ ਤਰ੍ਹਾਂ ਬੰਗਾਲ ਵਿਚ ਸਿਖ ਇਤਿਹਾਸਕ ਖੋਜ ਦੀ ਇਕ ਨਿਵੇਕਲੀ ਪਰੰਪਰਾ ਸਥਾਪਤ ਹੋਈ ਤੇ।ਇਸ ਪ੍ਰੰਪਰਾ ਨੇ ਨਾਮੀ ਇਤਿਹਾਸਕਾਰ ਪੈਦਾ ਕੀਤੇ। ਇੰਦੂ ਭੂਸ਼ਨ ਬੈਨਰਜੀ, ਨਰਿੰਦਰ ਕ੍ਰਿਸ਼ਨ ਸਿਨਹਾ, ਅਨਿਲ ਚੰਦਰ ਬੈਨਰਜੀ ਨੇ ਆਪਣੀਆਂ ਪ੍ਰਮਾਣਿਕ ਖੋਜਾਂ ਕਾਰਨ ਸਮੁਚੀ ਭਾਰਤੀ ਅਤੇ ਸਿਖ ਇਤਿਹਾਸਕਾਰੀ ਵਿਚ ਆਪਣਾ ਨਿਵੇਕਲਾ ਸਥਾਨ ਬਣਾਇਆ ਹੈ।
ਇਸ ਸਮੇਂ ਰਾਬਿੰਦਰ ਭਾਰਤੀ ਯੂਨੀਵਰਸਿਟੀ ਦੇ ਪ੍ਰੋਫੈਸਰ ਹਿਮਾਦਰੀ ਬੈਨਰਜੀ ਇਸ ਪ੍ਰੰਪਰਾ ਨੂੰ ਅਗੇ ਲੈ ਜਾਣ ਲਈ ਕਾਰਜਸ਼ੀਲ ਹਨ। ਇੰਦੂ ਭੂਸ਼ਨ ਬੈਨਰਜੀ ਦੀ ਪੁਸਤਕ (ਐਵੋਲਿਊਸ਼ਨ ਆਫ ਦਾ ਖਾਲਸਾ ਖੰਡ-2) ਗੁਰੂ-ਕਾਲ ਉਪਰ ਮਹਤਵਪੂਰਨ ਖੋਜ ਹੈ। ਇਸ ਦਾ ਪਹਿਲਾ ਭਾਗ ਗੁਰੂ ਨਾਨਕ ਸਾਹਿਬ ਤੇ ਪੰਜਵੇਂ ਗੁਰੂ ਅਰਜਨ ਸਾਹਿਬ ਦੁਆਰਾ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਤਕ ਹੈ। ਦੂਜੇ ਭਾਗ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤਕ ਦਾ ਇਤਿਹਾਸ ਅੰਕਿਤ ਹੈ। ਪਰ ਇੰਦੂ ਭੂਸ਼ਨ ਬੈਨਰਜੀ ਸਿਖ ਸਿਧਾਂਤ ਦੀ ਵਿਆਖਿਆ ਕਰਦਿਆਂ ਆਪਣੇ ਪੂਰਬ-ਨਿਰਧਾਰਤ ਵਿਚਾਰ ਨੂੰ ਪਕੜੀ ਰਖਦਾ ਹੈ ਅਤੇ ਗੁਰੂ ਨਾਨਕ ਸਾਹਿਬ ਦੇ ਦਰਸਾਏ ਸਿਖੀ ਸਿਧਾਂਤ ਨੂੰ ਭਾਰਤੀ ਪਰੰਪਰਾ ਦੇ ਦਾਇਰੇ ਵਿਚ ਰਖੀ ਰਖਣ ਲਈ ਫਿਕਰਮੰਦ ਹੈ। ਇਸ ਲਈ ਉਸ ਦਾ ਕਹਿਣਾ ਹੈ, ”ਗੁਰੂ ਨਾਨਕ ਨੇ ਜਾਤਪਾਤ ਨੂੰ ਨਕਾਰਿਆ ਨਹੀਂ ਜਾਂ ਵੇਦਾਂ ਤੇ ਕੁਰਾਨ ਤੋਂ ਬਾਹਰੀ ਗਿਆਨ ਦੀ ਗਲ ਨਹੀਂ ਕੀਤੀ। ਉਸ ਨੇ ਖਾਲਸੇ ਦੀ ਸਾਜਨਾ ਸਬੰਧੀ ਵੀ ਵਿਕਾਸ ਦੇ ਅਮਲ ਦੀ ਗਲ ਕੀਤੀ ਹੈ। ਪਰ ਇਸ ਕਿਰਿਆ ਦੌਰਾਨ ਬੈਨਰਜੀ ਨੇ ਸਿਖ ਸਿਧਾਂਤ ਵਿਚ ਗੁਰਬਾਣੀ ਦੇ ਮਹਤਵ ਅਤੇ ਸਿਖ ਧਰਮ ਪ੍ਰਣਾਲੀ ਵਿਚ ਗੁਰੂ ਗ੍ਰੰਥ ਸਾਹਿਬ ਦੇ ਸਥਾਨ ਵਲ ਬਣਦਾ ਧਿਆਨ ਨਹੀਂ ਦਿਤਾ। ਉਹ ਗੁਰੂ ਨਾਨਕ ਸਾਹਿਬ ਦੀ ਦੇਣ ਨੂੰ ਭਗਤੀ ਲਹਿਰ ਅਤੇ ਹਿੰਦੂ ਧਾਰਮਿਕ-ਸਮਾਜਕ ਸੁਧਾਰ ਦੇ ਦਾਇਰੇ ਵਿਚ ਰਖ ਕੇ ਦੇਖਦਾ ਹੈ। ਇਸ ਅਨੁਸਾਰ ਸਿਖ ਅਧਿਐਨ ਸਬੰਧੀ ਬੰਗਾਲੀ ਪਹੁੰਚ ਸੌੜੀ ਜਾਂ ਨਿਕਟ ਦ੍ਰਿਸ਼ਟੀ ਵਾਲੀ ਹੀ ਰਹਿ ਜਾਂਦੀ ਹੈ।
ਬੰਗਾਲੀ ਇਤਿਹਾਸਕਾਰਾਂ ਵਲੋਂ ਦੂਸਰਾ ਧਿਆਨ ਗੋਚਰਾ ਕਾਰਜ ਨਰਿੰਦਰ ਕ੍ਰਿਸ਼ਨ ਸਿਨਹਾ ਵਲੋਂ ਕੀਤਾ ਗਿਆ। ਉਸ ਦੀ ਪਹਿਲੀ ਪੁਸਤਕ ਰਣਜੀਤ ਸਿੰਘ 1933 ਈ. ਵਿਚ ਪ੍ਰਕਾਸ਼ਤ ਹੋਈ ਅਤੇ ਦੂਜੀ ਪੁਸਤਕ ਰਾਈਜ਼ ਆਫ ਦੀ ਸਿਖ ਪਾਵਰ 1936 ਈ. ਵਿਚ ਆਈ। ਇਸ ਪ੍ਰਕਾਰ ਸਿਨਹਾ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਸਿਖ ਪ੍ਰਭੂਤਾ ਦੇ ਉਥਾਨ ਸਬੰਧੀ ਘੋਖਵੀਂ ਖੋਜ ਕੀਤੀ। ਉਸ ਨੇ ਸਿਖ ਸਰਦਾਰਾਂ ਦੀਆਂ ਪ੍ਰਾਪਤੀਆਂ ਵਲ ਹਮਦਰਦਾਨਾ ਨਜ਼ਰੀਏ ਨਾਲ ਦੇਖਿਆ। ਉਸ ਦਾ ਇਹ ਕਹਿਣਾ ਹੈ ਕਿ ਸਿਖਾਂ ਦੇ ਪੰਜਾਬ ਵਿਚ ਰਾਜ ਦੀ ਸਥਾਪਨਾ ਸਦਕਾ ਹੀ ਉਤਰ ਪਛਮ ਵਲੋਂ ਧਾੜਵੀਆਂ ਦੀਆਂ ਦਰਿਆਵਾਂ ਵਰਗੀਆਂ ਵਗਦੀਆਂ ਵਹੀਰਾਂ ਨੂੰ ਬੰਨ੍ਹ ਲਗ ਸਕਿਆ। ਇਹ ਸਿਖਾਂ ਦੀ ਭਾਰਤੀ ਇਤਿਹਾਸ ਵਿਚ ਭੂਮਿਕਾ ਪ੍ਰਤੀ ਨਰੋਆ ਮੁਲਾਂਕਣ ਕਿਹਾ ਜਾ ਸਕਦਾ ਹੈ। ਸਿਨਹਾ ਰਣਜੀਤ ਸਿੰਘ ਨੂੰ ਭਾਰਤੀ ਇਤਿਹਾਸ ਦੇ ਬ੍ਰਿਟਿਸ਼ ਕਾਲ ਦਾ ਇਕ ਅਲੌਕਿਕ ਵਿਅਕਤੀ ਮੰਨਦਾ ਹੈ। ਨਾਲ ਹੀ ਉਸ ਨੇ ਰਣਜੀਤ ਸਿੰਘ ਦੀਆਂ ਪ੍ਰਾਪਤੀਆਂ, ਮਜਬੂਰੀਆਂ, ਕਮਜ਼ੋਰੀਆਂ ਅਤੇ ਗਲਤੀਆਂ ਦਾ ਵੀ ਚੰਗਾ ਵਿਸ਼ਲੇਸ਼ਣ ਕੀਤਾ। ਇਸ ਲਾਇਕ ਇਤਿਹਾਸਕਾਰ ਨੂੰ ਰਣਜੀਤ ਸਿੰਘ ਦੇ ਅੰਗਰੇਜ਼ਾਂ ਵਿਰੁਧ ਜੰਗ ਨਾ ਕਰਨ ਅਤੇ ਜਿਤ ਤੋਂ ਵਾਂਝੇ ਰਹਿ ਜਾਣ ਦਾ ਹਿਰਖ ਹੈ। ਇਸੇ ਲਈ ਉਹ ਰਣਜੀਤ ਸਿੰਘ ਨੂੰ ਭਾਰਤੀ ਇਤਿਹਾਸ ਦਾ ‘ਮੈਸੀਨੈਸਾ’ ਗਰਦਾਨਦਾ ਹੈ।
ਬੰਗਾਲੀ ਇਤਿਹਾਸਕਾਰੀ ਦੀ ਪਰੰਪਰਾ ਦਾ ਤੀਸਰਾ ਹਸਤਾਖਰ ਅਨਿਲ ਚੰਦਰ ਬੈਨਰਜੀ ਹੈ। ਉਹ ਜਾਦਵਪੁਰ ਯੂਨੀਵਰਸਿਟੀ ਵਿਚ ਗੁਰੂ ਨਾਨਕ ਚੇਅਰ ਉਤੇ ਸੁਸ਼ੋਭਤ ਰਿਹਾ ਹੈ। ਅਨਿਲ ਚੰਦਰ , ਇੰਦੂ ਭੂਸ਼ਨ ਦਾ ਸ਼ਰਧਾਲੂ ਵਿਦਿਆਰਥੀ ਸੀ। ਉਸ ਨੇ ਸਿਖ ਇਤਿਹਾਸ ਦੀ ਖੋਜ ਦੀ ਬੰਗਾਲੀ ਪਰੰਪਰਾਂ ਨੂੰ ਅਗੇ ਤੋਰਨ ਦਾ ਯਤਨ ਕੀਤਾ ਹੈ। ਉਸ ਦੀ ਪੁਸਤਕ ‘ਗੁਰੂ ਨਾਨਕ ਐਂਡ ਹਿਜ਼ ਟਾਈਮਜ਼’ ਵਧੇਰੇ ਧਿਆਨ ਖਿਚਦੀ ਹੈ। ਉਸ ਨੇ ਇੰਦੂ ਭੂਸ਼ਨ ਦੀ ਧਾਰਨਾ ਕਿ ‘ਸਿਖ ਲਹਿਰ, ਭਗਤੀ ਲਹਿਰ ਵਾਂਗ ਤੇ ਇਸੇ ਤਰ੍ਹਾਂ ਦੀ ਇਕ ਸੁਧਾਰਕ ਲਹਿਰ ਸੀ’ ਨੂੰ ਨਵੇਂ ਸਾਹਮਣੇ ਆਏ ਤਥਾਂ ਦੀ ਰੋਸ਼ਨੀ ਵਿਚ ਨਵਿਆਉਂਣ ਦਾ ਹੀਲਾ ਕੀਤਾ ਹੈ। ਉਸ ਨੇ ਬੰਗਾਲ ਦੇ ਵੈਸ਼ਨਵ ਮਤਿ ਅਤੇ ਸਿਖ ਮਤਿ ਦਾ ਪਰਸਪਰ ਟਾਕਰਾ ਕਰਕੇ ਸਿਖ ਮਤਿ ਦੀ ਭਿੰਨਤਾ ਨੂੰ ਸਾਹਮਣੇ ਲਿਆਂਦਾ। ਪਰ ਫੇਰ ਵੀ ਉਸ ਨੇ ਇੰਦੂ ਭੂਸ਼ਨ ਦੀ ਸੋਚਣੀ ਵਾਲੇ ਚੌਖਟੇ ਵਿਚ ਹੀ ਰਖ ਕੇ ਭਗਤੀ ਲਹਿਰ ਨੂੰ ਗੁਰੂ ਨਾਨਕ ਸਾਹਿਬ ਦਾ ਇਤਿਹਾਸਕ ਵਿਰਸਾ ਤੇ ਪਿਛੋਕੜ ਦਰਸਾਇਆ ਹੈ। ਜਦੋਂ ਕਿ ਗੁਰੂ ਨਾਨਕ ਸਾਹਿਬ ਨੇ ਤਾਂ ਜੋਗੀਆਂ ਅਤੇ ਭਗਤਾਂ ਨੂੰ ਇਕੋ ਪਧਰ ਉਤੇ ਰਖਿਆ ਹੈ। ਗੁਰੂ ਨਾਨਕ ਸਾਹਿਬ ਨੇ ਸ਼ਿਸ਼ਟੀ ਦੇ ਆਰੰਭ ਵਿਚ ਬ੍ਰਹਮਾ, ਵਿਸ਼ਨੂੰ, ਮਹੇਸ਼ ਦੀ ਹੋਦ ਵੀ ਨਹੀਂ ਮੰਨੀ ਅਤੇ ਵੇਦ, ਸਿਮ੍ਰਿਤੀ ਸ਼ਾਸਤਰਾਂ ਤੇ ਪੁਰਾਣ ਜਾਂ ਕੁਰਾਨ ਨੂੰ ਨਹੀਂ ਮੰਨਿਆ। ਨਾ ਹੀ ਨਰਕ ਸਵਰਗ ਜਾਂ ਦੋਜ਼ਖ, ਬਹਿਸ਼ਤ ਦੇ ਸੰਕਲਪਾਂ ਨੂੰ ਓਵੇਂ-ਜਿਵੇਂ ਪ੍ਰਵਾਨ ਕੀਤਾ ਹੈ।
ਗੁਰੂ ਨਾਨਕ ਸਾਹਿਬ ਦਾ ਸਿਧਾਂਤ ਤਾਂ ‘ਮਿਹਰ’ ਅਤੇ ਹੁਕਮ-ਰਜਾ ਦਾ ਹੈ, ਜੋ ਸੁਤੰਤਰ ਅਤੇ ਵਿਲਖਣ ਹੈ। ਇਸ ਪ੍ਰਕਾਰ ਅਨਿਲ ਚੰਦਰ ਵੀ ਬੰਗਾਲੀ ਇਤਿਹਾਸਕਾਰਾਂ ਦੀ ਪ੍ਰਵਾਨਤ ਰਵਾਇਤੀ ਪਹੁੰਚ ਦੇ ਘੇਰੇ ਵਿਚ ਖੜ੍ਹਾ ਹੁੰਦਾ ਹੈ। ਅਨਿਲ ਚੰਦਰ ਦੀ ਦੂਜੀ ਪੁਸਤਕ ”ਐਂਗਲੋ ਸਿਖ ਰੀਲੇਸ਼ਨਜ਼ ਹੈ। ਇਹ ਵੀ ਪ੍ਰੰਪਰਾਵਾਦੀ ਬੰਗਾਲੀ ਪਹੁੰਚ ਤੋਂ ਲਾਂਭੇ ਨਹੀਂ ਜਾਂਦੀ। ਜਾਪਦਾ ਹੈ ਕਿ ਬੰਗਾਲੀ ਬੁਧੀਜੀਵੀਆਂ, ਇਤਿਹਾਸਕਾਰਾਂ ਤੇ ਵਿਦਵਾਨਾਂ ਨੇ ਵਿਵੇਕਾਨੰਦ ਦਾ ਚੋਖਾ ਪ੍ਰਭਾਵ ਕਬੂਲਿਆ ਤੇ ਉਸ ਦੀ ਪ੍ਰਤਿਭਾ ਅਤੇ ਪ੍ਰਸਿਧੀ ਨੂੰ ਬੰਗਾਲੀ ਗੌਰਵ ਦਾ ਪ੍ਰਤੀਕ ਮੰਨਿਆ। 1893 ਈ. ਨੂੰ ਧਰਮਾਂ ਦੀ ਸ਼ਿਕਾਗੋ ਸੰਸਾਰ ਪਾਰਲੀਮੈਂਟ ਵਿਚ ਸਵਾਮੀ ਵਿਵੇਕਾਨੰਦ ਦੇ ਇਸ ਐਲਾਨ ਕਿ ਹਿੰਦੂ ਧਰਮ ਸਾਰੇ ਧਰਮਾਂ ਦੀ ਮਾਂ ਹੈ, ਬੰਗਾਲੀ ਅੰਤਹਕਰਨ ਵਿਚ ਸਦਾ ਬਣਿਆ ਰਿਹਾ ਹੈ। . ਇਸ ਪ੍ਰਕਾਰ ਬੰਗਾਲੀ ਇਤਿਹਾਸਕਾਰਾਂ ਨੇ ਪੰਜਾਬ ਨੂੰ ਸਮੁਚੇ ਭਾਰਤੀ ਉਪਮਹਾਂਦੀਪ ਦੇ ਪ੍ਰਬੰਧ ਵਿਚ ਹੀ ਦੇਖਿਆ ਹੈ। ਉਨ੍ਹਾਂ ਨੇ ਸਿਖ ਮਤਿ ਦੀ ਵਿਲਖਣਤਾ ਤੇ ਸੁਤੰਤਰ ਹਸਤੀ ਨੂੰ ਸਵੀਕਾਰਨ ਦੀ ਥਾਂ ਇਸ ਨੂੰ ਭਾਰਤੀ ਧਰਮ ਪ੍ਰਣਾਲੀ ਦੀ ਉਪਜ ਅਤੇ ਵਡਮੁਲੇ ਅੰਗ ਵਜੋਂ ਸਵੀਕਾਰਿਆ ਹੈ। ਇਹ ਇਤਿਹਾਸਕਾਰ ਪੰਜਾਬ ਦੇ ਇਤਿਹਾਸ ਵਿਚ ਅੰਿਕਤ ਕੀਤੀਆਂ ਗਈਆਂ ਪੰਜਾਬੀਆਂ ਦੀਆਂ ਸਫਲਤਾਵਾਂ ਤੇ ਪ੍ਰਾਪਤੀਆਂ ਨੂੰ ਵੀ ਸਾਰੇ ਭਾਰਤ ਲਈ ਪ੍ਰੇਰਨਾ ਸ੍ਰੋਤ ਵਜੋਂ ਹੀ ਪੇਸ਼ ਕਰਨਾ ਲੋਚਦੇ ਹਨ। ਪਰ ਮਹਤਵਪੂਰਨ ਗਲ ਇਹ ਹੈ ਕਿ ਬੰਗਾਲੀ ਵਿਦਵਾਨਾਂ ਨੇ ਇਤਿਹਾਸਕ ਖੋਜ ਦੇ ਪਿੜ ਵਿਚ ਵਿਚਰਦਿਆਂ ਪੰਜਾਬ ਵਿਚ ਦਿਲਚਸਪੀ ਨਿਰੰਤਰ ਬਣਾਈ ਰਖੀ ਹੈ।

(ਪ੍ਰਿੰ. ਪ੍ਰਿਥੀਪਾਲ ਸਿੰਘ)

Leave a Reply

Your email address will not be published. Required fields are marked *