ਸਾਥੀ ਹਰਦਿਆਲ ਬੈਂਸ ਮੇਰਾ ਪੇਂਡੂ ਸੀ ਅਤੇ ਅਸੀਂ ਇਕੋ ਪਿੰਡ ਵਿਚ ਰਹਿੰਦੇ ਸਾਂ। ਮੇਰੇ ਬਾਪ ਨਾਲ ਉਹਦੇ ਪਿਤਾ ਬਾਬੂ ਗੁਰਬਖਸ਼ ਸਿੰਘ ਦੇ ਸੋਹਣੇ ਸਬੰਧ ਸਨ। ਸ਼ਾਇਦ ਬਾਬੂ ਜੀ ਦਾ ਪਿਤਾ ਰਸਾਲੇ ਵਿਚ ਨੌਕਰੀ ਕਰਦਾ ਹੁੰਦਾ ਸੀ। ਇਸ ਲਈ ਇਸ ਟਬਰ ਨੂੰ ਰਸਾਲਦਾਰਾਂ ਦਾ ਟਬਰ ਆਖਦੇ ਸਨ। ਬਾਬੂ ਜੀ ਦੇ ਚਾਰੇ ਲੜਕੇ ਅਤੇ ਤਿੰਨ ਧੀਆਂ ਸਨ। ਸਾਥੀ ਹਰਦਿਆਲ ਸਭ ਤੋਂ ਛੋਟਾ ਸੀ। ਜਿਸ ਵੇਲੇ ਬਾਬੂ ਜੀ ਮਾਹਿਲਪੁਰ ਆਏ ਪਰਿਵਾਰ ਵਿਚ ਗਰੀਬੀ ਸੀ। ਮਾਹਿਲਪੁਰ ਦੇ ਸਫੈਦਪੋਸ਼ ਬਲਵੰਤ ਸਿੰਘ ਦਾ ਟਬਰ ਰਸਾਲਦਾਰਾਂ ਦੇ ਟਬਰ ਦਾ ਪਕਾ ਦੁਸ਼ਮਣ ਸੀ। ਕਿਉਂਝਿ ਬਾਬੂ ਜੀ ਇਕ ਕਮਿਊਨਿਸਟ ਸਨ। ਇਸ ਦੁਸ਼ਮਣੀ ਦਾ ਪਹਿਲਾ ਹਮਲਾ ਬਾਬੂ ਜੀ ਦੇ ਸਭ ਤੋਂ ਵਡੇ ਲੜਕੇ ਅਜੀਤ ਸਿੰਘ (ਬੈਂਸ) ਉਤੇ ਹੋਇਆ ਅਤੇ ਉਹਨੂੰ ਬਲਵੰਤ ਸਿੰਘ ਦੀ ਸ਼ਿਕਾਇਤ ਉਤੇ (ਇਕ ਕਮਿਉਨਿਸਟ ਹੋਣ ਕਰਕੇ) ਰੇਲਵੇ ਦੀ ਨੌਕਰੀ ਤੋਂ ਕਢ ਦਿਤਾ ਗਿਆ।ਸਾਥੀ ਹਰਦਿਆਲ ਮੈਥੋਂ ਉਮਰ ਵਿਚ ਦੋ ਸਾਲ ਛੋਟਾ ਸੀ। ਪੰਜਾਬ ਵਿਚ ਪੜਨ ਪਿਛੋਂ ਉਹ ਕਨੇਡਾ ਆ ਗਿਆ ਅਤੇ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਤੋਂ ਐਮ ਐਸ ਸੀ ਕੀਤੀ। ਉਹ ਵਿਦਿਆਰਥੀ ਜੀਵਨ ਵਿਚ ਹੀ ਸਿਆਸਤ ਵਿਚ ਸਰਗਰਮ ਸੀ। ਉਸਨੂੰ ਮਾਰਕਸਵਾਦ-ਲੈਨਿਨਵਾਦ ਦੀ ਗੁੜਤੀ ਆਪਣੇ ਪਿਤਾ ਬਾਬੂ ਜੀ ਤੋਂ ਮਿਲੀ ਸੀ। ਉਸ ਨੇ ਬੜੀ ਮਿਹਨਤ ਨਾਲ ਅਧਿਐਨ ਨੂੰ ਅਮਲ ਦੀ ਸਾਣ ਉਤੇ ਲਾ ਕੇ ਜੀਵਨ ਪੰਧ ਸ਼ੁਰੂ ਕੀਤਾ। ਫਿਰ ਇਸ ਰਾਹ ਤੋਂ ਉਸ ਪਿਛਾਂਹ ਨੂੰ ਮੁੜ ਕੇ ਨਹੀਂ ਦੇਖਿਆਂ। ਉਹ ਇਕ ਲੋਕ ਸੇਵਕ ਸੀ ਅਤੇ ਗਰਮ ਖਿਆਲੀਆ ਹੋਣ ਦੇ ਨਾਲ ਬੜਾ ਤਹੰਮਲ ਪੁਰਸ਼ ਸੀ।
ਉਹਨੇ ਇਕ ਸਾਲ ਟ੍ਰਿਨਟੀ ਕਾਲਜ ਡਬਲਿਨ (ਆਇਰਲੈਂਡ) ਵਿਚ ਅਧਿਆਪਨ ਵੀ ਕੀਤਾ। ਇਸ ਸਮੇਂ ਉਹਨੇ ਭਾਰਤੀ ਮਜ਼ਦੂਰ ਸਭਾ ਬਰਤਾਨੀਆ ਦੇ ਲੀਡਰਾਂ ਨਾਲ ਸੰਪਰਕ ਕਾਇਮ ਰਖਿਆ ਅਤੇ ਇਨ੍ਹਾਂ ਦੇ ਸਮਾਗਮਾਂ ਵਿਚ ਸ਼ਾਮਿਲ ਹੁੰਦਾ ਰਿਹਾ। ਪਰ ਭਾਰਤੀ ਮਜ਼ਦੂਰ ਸਭਾ ਦੇ ਆਗੂ ਉਹਦੇ ਪ੍ਰਤੀ ਇਮਾਨਦਾਰ ਨਹੀਂ ਸਨ। ਉਹ ਸਮਝਦਾ ਸੀ ਕਿ ਇਹਦੇ ਲਈ ਸਾਬੀ ਜੌਬੀ ਦਾ ਕਸੂਰ ਸੀ। ਸਾਥੀ ਜੋਸ਼ੀ ਦੀ 1979 ਵਿਚ ਮੌਤ ਪਿਛੋਂ ਬਾਕੀ ਲੀਡਰ ਉਹਦੇ ਉਤੇ ਸਿਆਸੀ ਚਿਕੜ ਸੁਟਦੇ ਤੇ ਕੋਝੇ ਹਮਲੇ ਕਰਦੇ ਰਹੇ। ਭਾਰਤੀ ਮਜ਼ਦੂਰ ਸਭਾ ਉਹਦੇ ਕੰਮ ਦੇ ਢੰਗ ਤੋਂ ਦੁਖੀ ਸੀ। ਉਹ ਉਹਦੇ ਵਿਰੁਧ ਹਰ ਵੇਲੇ ਕੁਵੇਲੇ ਅਫ਼ਵਾਹਾਂ ਉਡਾਉਂਦੇ ਰਹਿੰਦੇ ਸਨ।ਡਬਲਿਨ ਤੋਂ ਹਰਦਿਆਲ ਕਨੇਡਾ ਆ ਗਿਆ। ਉਸ ਤੋਂ ਪਿਛੋਂ ਉਹਦੀ ਸੋਚ ਪਕੀ ਤੋਂ ਪਕੇਰੀ ਹੁੰਦੀ ਗਈ। ਉਹਨੇ ਹਿੰਮਤ ਕਰਕੇ ਕਮਿਊਨਿਸਟ ਪਾਰਟੀ ਕਨੇਡਾ ਦੀ ਬੁਨਿਆਦ ਰਖੀ। ਉਸ ਤੋਂ ਪਿਛੋਂ ਉਹਦਾ ਕਦ ਇਟਰਨੈਸ਼ਨਲ ਤੌਰ ਉਤੇ ਕਾਫੀ ਵਡਾ ਹੋ ਗਿਆ। ਉਹਦੇ ਵਿਚ ਸਖਤ ਕੰਮ ਕਰਨ ਦੀ ਬਹੁਤ ਯੋਗਤਾ ਅਤੇ ਹੌਂਸਲਾ ਸੀ। ਜਿਨ੍ਹਾਂ ਸਾਥੀਆਂ ਨੇ ਬਰਤਾਨੀਆ ਤੋਂ ਜਾ ਕੇ ਉਹਦੇ ਨਾਲ ਕੰਮ ਕੀਤਾ, ਉਹ ਸਾਰੇ ਉਹਦੇ ਧੀਰਜ, ਪਹੁੰਚ, ਠੰਢੇ ਦਿਲ ਦੇ ਨਾਲ ਉਹਦੇ ਖਲੂਸ ਤੋਂ ਬਹੁਤ ਪ੍ਰਭਾਵਿਤ ਸਨ। ਮੈਂ ਜਦੋਂ ਭਾਰਤੀ ਮਜ਼ਦੂਰ ਸਭਾ ਦਾ ਅਖ਼ਬਾਰ ‘ਲਲਕਾਰ’ ਕਢਦਾ ਹੁੰਦਾ ਸੀ ਤਾਂ ਪਹਿਲਾਂ ਪਹਿਲ ਉਹ ਮੇਰੇ ਘਰ ਮਿਲਣ ਆਇਆ ਸੀ। ਉਹਨੇ ਮੇਰੀ ਕਾਫੀ ਹੌਸਲਾ ਅਫਜਾਈ ਕੀਤੀ।ਉਹਦਾ ਵਡਾ ਭਾਈ ਅਜੀਤ ਸਿੰਘ ਬੈਂਸ ਪੰਜਾਬ ਹਾਈਕੋਰਟ ਦਾ ਜਜ ਬਣ ਗਿਆ। ਰਿਟਾਇਰ ਹੋਣ ਪਿਛੋਂ ਪੰਜਾਬ ਮਨੁਖੀ ਅਧਿਕਾਰ ਸੰਗਠਨ ਵਿਚ ਕੰਮ ਕਰਨ ਕਰਕੇ ਪੰਜਾਬ ਦੇ ਮੁਖ ਮੰਤਰੀ ਨੇ ਹਥਕੜੀ ਲਾ ਕੇ ਉਸਦੀ ਬੇਇਜ਼ਤੀ ਕੀਤੀ। ਹਰਦਿਆਲ ਨੇ ਸਾਰੀ ਦੁਨੀਆ ਵਿਚ ਵਾਵੇਲਾ ਮਚਾ ਦਿਤਾ ਤਾਂ ਮੈਂ ਹਰਦਿਆਲ ਦੇ ਨਾਲ ਪਕੀ ਤਰ੍ਹਾਂ ਖੜਾ ਹੋਇਆ। ਪਿਛਲਿਆਂ ਸਾਲਾਂ ਵਿਚ ਮੈਂ ਆਪਣੇ ਆਪ ਨੂੰ ਉਹਦੇ ਵਧੇਰੇ ਨੇੜੇ ਸਮਝਦਾ ਸਾਂ। ਸਾਥੀ ਹਰਦਿਆਲ ਆਪਣੇ ਸਾਥੀਆਂ ਨੂੰ ਅਗਾਂਹ ਵਧਦਾ ਦੇਖਣ ਦੀ ਪਰਬਲ ਰੀਝ ਰਖਦਾ ਸੀ। ਇਸ ਕਰਕੇ ਉਹ ਉਨ੍ਹਾਂ ਦੀ ਟੀਕਾ ਟਿਪਣੀ ਵੀ ਕਰਨੋ ਸੰਕੋਚ ਨਹੀਂ ਕਰਦਾ ਸੀ। ਉਹਨੂੰ ਕੈਂਸਰ ਦੀ ਨਾਮੁਰਾਦ ਬਿਮਾਰੀ ਸੀ ਪਰ ਸਾਥੀ ਗਵਾਹ ਹਨ ਕਿ ਉਹਨੇ ਕਦੇ ਮੂੰਹ ਵਿਚੋਂ ਹਾਏ ਨਹੀਂ ਕਿਹਾ। ਉਹ ਇਰਾਦੇ ਦਾ ਬਹੁਤ ਪਕਾ ਸੀ। ਉਹ ਸਿਆਸਤ ਵਿਚ ਇਮਾਨਦਾਰੀ, ਸਖਤ ਮਿਹਨਤ ਅਤੇ ਲੋਕ ਸੇਵਾ ਦਾ ਸ਼ੁਦਾਈ ਸੀ।(ਅਜਮੇਰ ਕੁਵੈਂਟਰੀ ਦੀ ਕਿਤਾਬ ‘ਪਥਰ ਲੀਕਾਂ’ ਵਿਚੋਂ)

ਹਿੰਦੁਸਤਾਨ ਦੀਆਂ ਸਮਸਿਆਵਾਂ ਨੂੰ ਕਿਵੇਂ ਵੇਖਿਆ ਜਾਵੇ? ਹਾਲਾਤ ਦਾ ਨਿਰਣਾ ਕਰਨ ਲਈ ਕਿਹੜਾ ਨਜ਼ਰੀਆ ਸਾਨੂੰ ਸੇਧ ਦੇਵੇ। ਕੀ ਸਾਡਾ ਨਜ਼ਰੀਆ ਫਿਰਕੂ ਹੋਵੇ ਤੇ ਅਸੀਂ ਹਰ ਚੀਜ਼ ਨੂੰ ਫਿਰਕੂ ਪਖ ਤੋਂ ਵੇਖੀਏ? ਜੇ ਅਸੀਂ ਹਾਲਾਤ ਨੂੰ ਫਿਰਕੂ ਨਜ਼ਰੀਏ ਤੋਂ ਵੇਖੀਏ ਤਾਂ ਅਸੀਂ ਹਿੰਦੁਸਤਾਨੀ ਹਾਕਮ ਜਮਾਤ ਦੇ ਹਥਾਂ ਵਿਚ ਖੇਡ ਰਹੇ ਹੋਵਾਂਗੇ, ਇੰਦਰਾ ਗਾਂਧੀ ਅਤੇ ਜੈਲ ਸਿੰਘ ਦੇ ਹਥਾਂ ਵਿਚ। ਇਸ ਤਰ੍ਹਾਂ ਅਸੀਂ ਕਿਸੇ ਪਾਸੇ ਨਹੀਂ ਲਗ ਸਕਦੇ। ਇਸ ਦਾ ਭਾਵ ਹੋਵੇਗਾ ਲੋਕਾਂ ਵਿਚ ਜਾਂਗਲੀ ਫੁਟ, ਜਿਥੇ ਲੋਕ ਫਿਰਕੂ ਆਧਾਰ ਉਤੇ ਇਕ ਦੂਜੇ ਨਾਲ ਲੜਾਏ ਜਾਣਗੇ। ਫਿਰਕੂ ਹਿੰਸਾ ਅਤੇ ਸਰਕਾਰੀ ਤਸ਼ਦਦ ਹਿੰਦੁਸਤਾਨੀ ਹਾਕਮ ਜਮਾਤ ਦੀ ਪਸੰਦੀਦਾ ਨੀਤੀ ਹੈ। ਇਤਿਹਾਸਕ ਤੌਰ ਉਤੇ ਇਸੇ ਰਾਹ ਉਤੇ ਬਰਤਾਨਵੀ ਬਸਤੀਵਾਦੀਏ ਅਤੇ ਅੰਗਰੇਜ਼ ਸਾਮਰਾਜੀਏ ਚਲਦੇ ਆਏ ਹਨ, ਜਿਨ੍ਹਾਂ ਪਹਿਲਾਂ ਉਪਮਹਾਂਦੀਪ ਵਿਚ ਫਿਰਕੂ ਆਧਾਰ ਉਤੇ ਵੰਡ ਪਾਈ। 1947 ਦਾ ਫਿਰਕੂ ਕਤਲੇਆਮ ਹਿੰਦੁਸਤਾਨੀ ਲੋਕਾਂ ਦੇ ਦੁਸ਼ਮਣਾ ਨੇ ਜਥੇਬੰਦ ਕੀਤਾ ਅਤੇ ਇਹ ਮਿਹਨਤਕਸ਼ ਲੋਕਾਂ ਦੇ ਜਮਾਤੀ ਹਿਤਾਂ ਅਤੇ ਕੌਮੀਅਤਾਂ ਦੇ ਕੌਮੀ ਹਿਤਾਂ ਦੇ ਵਿਰੁਧ ਗਿਆ। ਮਿਸਾਲ ਵਜੋਂ 1947 ਵਿਚ ਪੰਜਾਬ ਅਤੇ ਬੰਗਾਲ ਦੋਹਾਂ ਨੂੰ ਧਰਮ ਦੇ ਅਧਾਰ ਉਤੇ ਵਡਿਆਂ ਗਿਆ। ਲੋਕਾਂ ਨੂੰ ਇਕ ਦੂਜੇ ਵਿਰੁਧ ਲੜਾਉਣ ਲਈ ਧਰਮ ਦੀ ਵਰਤੋਂ ਕੀਤੀ ਗਈ। ਨਾਲ ਹੀ ਇਹ ਗਲ ਵੀ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਲੋਕਾਂ ਵਿਚ ਫੁਟ ਪਾਉਣ ਲਈ ਸਿਰਫ ਧਰਮ ਨੂੰ ਹੀ ਹਥਿਆਰ ਦੇ ਤੌਰ ਉਤੇ ਨਹੀਂ ਵਰਤਿਆ ਗਿਆ। ਜਦੋਂ ਵੀ ਇਨ੍ਹਾਂ ਦਾ ਸੂਤ ਲਗੇ ਹਿੰਦੁਸਤਾਨੀ ਹਾਕਮ ਜਮਾਤਾਂ ਆਪਣੀ ਦਲੀਲ ਬਦਲ ਲੈਂਦੀਆਂ ਹਨ। ਮਿਸਾਲ ਵਜੋਂ ਕਸ਼ਮੀਰ ਵਿਚ ਮੁਖ ਤੌਰ ਤੇ ਮੁਸਲਮਾਨ ਧਰਮ ਦੇ ਲੋਕ ਰਹਿੰਦੇ ਸਨ, ਉਸ ਦਾ ਵੀ ਬਟਵਾਰਾ ਕੀਤਾ ਗਿਆ।
ਪਾਕਿਸਤਾਨ ਦੇ ਖਾਨ ਅਤੇ ਹਿੰਦੁਸਤਾਨ ਦੇ ਵਡੇ ਧਨਾਢ ਅਤੇ ਜਗੀਰਦਾਰ ਦੋਵੇਂ ਹੀ ਕਸ਼ਮੀਰ ਨੂੰ ਆਪਣੇ ਲਈ ਹੜਪਣਾ ਚਾਹੁੰਦੇ ਹਨ। ਪਾਕਿਸਤਾਨ ਅਤੇ ਹਿੰਦੁਸਤਾਨ ਦੋਵੇਂ ਹੀ ਕਸ਼ਮੀਰ ਦੇ ਲੋਕਾਂ ਦੀ ਆਜ਼ਾਦੀ ਅਤੇ ਖੁਦਮੁਖਤਿਆਰੀ ਦੇ ਜਾਨੀ ਦੁਸ਼ਮਣ ਹਨ। ਇਹ ਮਿਸਾਲਾ ਠੋਸ ਰੂਪ ਵਿਚ ਵਿਖਾਉਂਦੀਆਂ ਹਨ ਕਿ ਦੇਸ਼ ਦੀ ਵੰਡ ਨੇ ਕੌਮੀਅਤਾਂ ਦੀਆਂ ਕੌਮੀ ਭਾਵਨਾਵਾਂ ਦੀ ਪੂਰਤੀ ਨਹੀਂ ਕੀਤੀ ਸਗੋਂ ਇਹ ਵੰਡ ਲੋਕਾ ਦੀਆ ਕੌਮੀ ਭਾਵਨਾਵਾਂ ਉਤੇ ਹਮਲਾ ਸੀ।
1947 ਤੋਂ ਬਾਅਦ ਹਿੰਦੁਸਤਾਨੀ ਹਾਕਮਾਂ ਨੇ ਸਿਲਸਿਲਵਾਰ ਧਰਮ ਅਤੇ ਬੋਲੀ ਦੇ ਅਧਾਰ ਉਤੇ ਲੋਕਾਂ ਵਿਚ ਦੁਸ਼ਮਣੀ ਭੜਕਾਉਣੀ ਆਰੰਭ ਕਰ ਦਿਤੀ। ਉਨ੍ਹਾਂ ਨੇ ਇਸ ਅਧਾਰ ਉਤੇ ਰਾਜਾਂ ਦੀਆਂ ਹਦਾਂ ਫਿਰ ਬਣਾਉਣੀਆਂ ਆਰੰਭ ਦਿਤੀਆਂ। ਇਸ ਤਰ੍ਹਾਂ ਪੰਜਾਬ ਨੂੰ ਬੋਲੀ ਦੇ ਆਧਾਰ ਉਤੇ ਫਿਰ ਵੰਡਿਆ ਗਿਆ। ਹੁਣ ਇਕ ਵਾਰ ਫਿਰ ਪੰਜਾਬ ਦੀ ਦੁਬਾਰਾ ਵੰਡ ਕਰਨ ਲਈ ਧਰਮ ਨੂੰ ਵਰਤਿਆ ਜਾ ਰਿਹਾ ਹੈ। ਹਿੰਦੁਸਤਾਨੀ ਹਾਕਮ ਵਿਸ਼ੇਸ਼ ਤੌਰ ਉਤੇ ਫਿਰਕੂ ਅਨਸਰਾਂ ਨੂੰ ਲੋਕਾਂ ਦੇ ਨੁਮਾਇਦੇ ਮੰਨਦੇ ਹਨ। ਸਮੁਚੀ ਰਾਜ ਬਣਤਰ ਅਤੇ ਸੰਵਿਧਾਨ ਫਿਰਕੂ ਆਧਾਰ ਦੀ ਨੁਮਾਇੰਦਗੀ ਉਤੇ ਆਧਾਰਿਤ ਹੈ। ‘ਵਿਰੋਧੀ’ ਪਾਰਟੀਆਂ ਵੀ ਧਾਰਮਿਕ ਅਧਾਰ ਉਤੇ ਲੋਕਾਂ ਵਿਚਲੀ ਵੰਡ ਨੂੰ ਮਾਨਤਾ ਦਿੰਦੀਆਂ ਹਨ। ਇੰਦਰਾ ਗਾਂਧੀ, ਜੈਲ ਸਿੰਘ ਅਤੇ ”ਵਿਰੋਧੀ ਧੜੇ” ਦਾ ਸਮੁਚਾ ਨਜ਼ਰੀਆ ਫਿਰਕੂ ਹੈ। ਇਹੋ ਵਿਰਕੂ ਨਜ਼ਰੀਆ ਹੈ, ਜੋ ਸਮਸਿਆ ਦੀ ਅਸਲੀ ਜੜ੍ਹ ਹੈ।
‘ਸਮਾਜ-ਵਿਰੋਧੀ ਅਨਸਰ’ ਅਤੇ ‘ਅਤਿਵਾਦੀ ਲਹਿਰ’ ਸਮਸਿਆ ਲਈ ਜ਼ਿੰਮੇਵਾਰ ਨਹੀਂ ਹਨ ਅਤੇ ਨਾ ਹੀ ਇੰਦਰਾ ਗਾਂਧੀ ਅਤੇ ਜੈਲ ਸਿੰਘ ਵਿਰੁਧ ਫਿਰਕੂ ਨਜ਼ਰੀਆ ਰਖ ਕੇ ਲੜਿਆ ਜਾ ਸਕਦਾ ਹੈ। ਹਰਿਮੰਦਰ ਸਾਹਿਬ ਉਤੇ ਹਮਲਾ ਅਤੇ ਪੰਜਾਬ ਉਤੇ ਵਹਿਸ਼ੀ ਫੌਜੀ ਕਬਜ਼ਾ ਸਭ ਤੋਂ ਵਡੀ ਫਿਰਕੂ ਕਾਰਵਾਈ ਹੈ ਜੋ ਨਾ ਕੇਵਲ ਧਾਰਮਿਕ ਫੁਟ ਨੂੰ ਜਾਇਜ਼ ਕਰਾਰ ਦੇਣ ਲਈ ਹੈ, ਸਗੋਂ ਹੋਰ ਵਧੇਰੇ ਫੁਟ ਪਾਉਣ ਲਈ ਵੀ ਹੈ। ਕੋਈ ਵੀ ਜੋ ਇਸ ਤਰ੍ਹਾਂ ਫਿਰਕੂ ਅਧਾਰ ਉਤੇ ਭੜਕ ਉਠੇਗਾ, ਉਹ ਸਿਧੇ ਤੌਰ ਉਤੇ ਇੰਦਰਾ ਗਾਂਧੀ ਤੇ ਜੈਲ ਸਿੰਘ ਦੇ ਹਥਾਂ ਵਿਚ ਖੇਡੇਗਾ। ਹਾਕਮਾਂ ਨੇ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਲਈ ਧਾਰਮਿਕ ਜਨੂੰਨੀ ਪਾਲੇ ਹੋਏ ਹਨ। ਫਿਰ ਉਨ੍ਹਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਕਿ ਉਹ ਪੰਜਾਬ ਦੇ ਲੋਕਾਂ ਦੀਆਂ ਧਰਮ-ਨਿਰਪਖ ਅਤੇ ਧਾਰਮਿਕ ਦੋਵੇਂ ਤਰ੍ਹਾਂ ਦੀਆਂ ਮੰਗਾਂ ਦੀ ਨੁਮਾਇੰਦਗੀ ਕਰਦੇ ਹਨ। ਪਰ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਉਹ ਲੋਕਾਂ ਦੀਆਂ ਮੰਗਾਂ ਪੇਸ਼ ਕਰਨ? ਉਹ ਲੁਟ-ਖਸੁਟ ਅਤੇ ਜਬਰ ਖਿਲਾਫ ਕਿਸ ਤਰ੍ਹਾਂ ਲੜ ਸਕਦੇ ਹਨ? ਇੰਦਰਾ ਗਾਂਧੀ ਅਤੇ ਜੈਲ ਸਿੰਘ ਜੋ ਬੜੇ ਸੁਲਝੇ ਹੋਏ ਅਤੇ ਧਰਮ ਨਿਰਪਖ ਆਗੂ ਅਤੇ ਫਿਰਕਾਪ੍ਰਸਤੀ ਦੇ ਵਿਰੁਧ ਹੋਣ ਦਾ ਵਿਖਾਵਾ ਕਰਦੇ ਹਨ, ਜਾਣ ਬੁਝ ਕੇ ਅਜਿਹੇ ਅਨਸਰਾਂ ਨੂੰ ਵਰਤਦੇ ਹਨ। ਕਿਉਂਕਿ ਅਜਿਹੇ ਅਨਸਰ ਲੋਕਾਂ ਵਿਚ ਜਾਂਗਲੀ ਨਫਰਤ ਫੈਲਾਉਣ ਲਈ ਅਤੇ ਲੋਕਾਂ ਨੂੰ ਇਕ ਦੂਜੇ ਨਾਲ ਲੜਾਉਣ ਲਈ ਇਨ੍ਹਾਂ ਦੇ ਬਹੁਤ ਕੰਮ ਆਉਂਦੇ ਹਨ। ਹਿੰਦੁਸਤਾਨੀ ਹਾਕਮ ਇਕ ਜਾਂ ਦੂਜੇ ਫ਼ਿਰਕੂ ਗਰੁਪ ਨੂੰੇ ਇਲਜ਼ਾਮ ਦੇ ਕੇ ਆਪਣੀ ਫਿਰਕਾਪ੍ਰਸਤ ਨੀਤੀ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਹਨ। ਇਹ ਹਿੰਦੁਸਤਾਨੀ ਹਾਕਮਾਂ ਦੀ ਫਿਰਕਾਪ੍ਰਸਤ ਨੀਤੀ ਹੈ ਜੋ ਫਿਰਕੂ ਹਾਲਾਤ ਲਈ ਜ਼ਿੰਮੇਵਾਰ ਹੈ।
ਲੋਕਾਂ ਵਾਸਤੇ ਇਹ ਜਾਣਨਾ ਜ਼ਰੂਰੀ ਹੈ ਕਿ ਦੁਸ਼ਮਣ ਕੌਣ ਹੈ? ਉਨ੍ਹਾਂ ਲਈ ਜ਼ਰੂਰੀ ਹੈ ਕਿ ਉਹ ਦੋਸਤ ਅਤੇ ਦੁਸ਼ਮਣ ਦੀ ਪਛਾਣ ਕਰਨ। ਇਸ ਗੁੰਝਲਦਾਰ ਹਾਲਾਤ ਵਿਚ ਜਿਥੇ ਧਾਰਮਿਕ ਅਤੇ ਕੌਮੀ ਜਜ਼ਬਾਤ ਉਲਝੇ ਹੋਏ ਹਨ, ਇਹ ਜ਼ਰੂਰੀ ਹੈ ਕਿ ਸਾਫ ਤੌਰ ਉਤੇ ਉਨ੍ਹਾਂ ਦੀ ਨਿਖੇਧੀ ਕੀਤੀ ਜਾਵੇ ਜੋ ਫਿਰਕੂ ਹਿੰਸਾ ਅਤੇ ਫਾਸ਼ੀ ਤਸ਼ਦਦ ਲਈ ਜਿੰਮੇਵਾਰ ਹਨ। ਇਸ ਲਈ ਹਿੰਦੁਸਤਾਨੀ ਹਾਕਮ ਜ਼ਿੰਮੇਵਾਰ ਹਨ। ਉਨ੍ਹਾਂ ਦੀ ਨਿਖੇਧੀ ਕਰਨੀ ਜ਼ਰੂਰੀ ਹੈ। ਇੰਦਰਾ ਗਾਂਧੀ ਅਤੇ ਉਸ ਦੇ ਪਿਠੂ ਅਕਾਲੀ ਦਲ ਅਤੇ ਖਾਲਿਸਤਾਨ ਦੀ ਵਕਾਲਤ ਕਰਨ ਵਾਲਿਆਂ ਨੂੰ ਪੰਜਾਬ ਦੀਆਂ ਹਾਲਤਾਂ ਦਾ ਇਲਜ਼ਾਮ ਦਿੰਦੇ ਹਨ। ਇੰਦਰਾ ਗਾਂਧੀ ਲਈ ਇਹ ਬੜੀ ਸੌਖੀ ਗਲ ਹੈ, ਕਿ ਸਮਸਿਆ ਦੀ ਜੜ੍ਹ ਨੂੰ ਹਿੰਦੁਸਤਾਨੀ ਹਾਕਮਾਂ ਵਿਚਲੇ ਲੜਾਈ ਝਗੜਿਆਂ ਵਿਚ ਉਲਝਾਇਆ ਜਾਵੇ ਅਤੇ ਇਸ ਤਰ੍ਹਾਂ ਮਸਲੇ ਨੂੰ ਭੰਬਲਭੂਸਿਆਂ ਵਿਚ ਪਾਇਆ ਜਾਵੇ।
ਫਿਰਕੂ ਸਮਸਿਆ ਅਤੇ ਫਾਸ਼ੀ ਤਸ਼ਦਦ ਦੋਹਾਂ ਦੀ ਜੜ ਵਡੇ ਧਨਾਢਾਂ ਅਤੇ ਜਗੀਰਦਾਰਾਂ ਦਾ ਰਾਜਪ੍ਰਬੰਧ ਹੈ। ਇਹ ਜਮਾਤਾਂ ਫਿਰਕੂ ਹਿੰਸਾ ਨੂੰ ਬਣਾਈ ਰਖਦੀਆਂ ਹਨ। ਬਹੁਤ ਜਹਿਰੀਲਾ ਫਿਰਕੂ ਪ੍ਰਚਾਰ ਕਰਦੀਆਂ ਰਹਿੰਦੀਆਂ ਹਨ। ਲੋਕਾਂ ਨੂੰ ਫਿਰਕੂ ਕਤਲੇਆਮ ਵਿਚ ਹਿਸਾ ਲੈਣ ਲਈ ਮਜਬੂਰ ਕਰਨ ਵਾਸਤੇ ਗੁੰਡਿਆਂ ਅਤੇ ਬਦਮਾਸ਼ਾਂ ਨੂੰ ਪੈਸੇ ਦਿੰਦੀਆਂ ਹਨ। ਹਾਕਮ ਧਰਮ, ਬੋਲੀ, ਇਲਾਕਾਈ ਵਖਰੇਵਿਆਂ ਆਦਿ ਦੇ ਅਧਾਰ ਉਤੇ ਲੋਕਾਂ ਵਿਚ ਇਕ ਦੂਜੇ ਦਾ ਡਰ ਪੈਦਾ ਕਰਦੇ ਹਨ ਅਤੇ ਇਸ ਅਧਾਰ ਉਤੇ ਹਾਲਾਤ ਨੂੰ ਭੜਕਾਇਆ ਜਾਂਦਾ ਹੈ ਤੇ ਇਸ ਤਰ੍ਹਾਂ ਪੈਦਾ ਕੀਤੀ ਖਿਚੋਤਾਣ ਨੂੰ ਹਾਕਮ ਆਪਣੇ ਲਾਭ ਲਈ ਵਰਤਦੇ ਹਨ।
ਇਹ ਗਲ ਕਿ ਕੁਝ ਸਿਖ ਖਾਲਿਸਤਾਨ ਬਣਾਉਣਾ ਚਾਹੁੰਦੇ ਹਨ, ਫਿਰਕੂ ਹਿੰਸਾ ਅਤੇ ਫਾਸ਼ੀ ਤਸ਼ਦਦ ਦਾ ਕਾਰਨ ਨਹੀਂ ਹੋ ਸਕਦੀ। ਇਸ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਸਮਝਣਾ ਗੰਭੀਰ ਗਲਤਫਹਿਮੀ ਅਤੇ ਮਾਰੂ ਗਲਤੀ ਹੋਵੇਗੀ। ਉਹ ਗਲਤੀ ਜਿਸ ਉਤੇ ਇੰਦਰਾ ਗਾਂਧੀ ਅਤੇ ਜੈਲ ਸਿੰਘ ਟੇਕ ਰਖਦੇ ਹਨ, ਜੋ ਅਸਲੀ ਦੋਸ਼ੀ ਹਨ। ਤਾਂ ਕਿ ਲੋਕਾਂ ਦਾ ਧਿਆਨ ਅਤੇ ਇਲਜ਼ਾਮ ਉਨ੍ਹਾਂ ਉਤੇ ਨਾ ਆਵੇ।
ਅਸੀਂ ਖਾਲਿਸਤਾਨ ਦੀ ਮੰਗ ਦੇ ਕਿਸੇ ਵੀ ਪਹਿਲੂ ਨਾਲ ਸਹਿਮਤ ਨਹੀਂ ਹਾਂ। ਅਸੀਂ ਉਸ ਨਿਰਣੇ ਨਾਲ ਸਹਿਮਤ ਨਹੀਂ ਹਾਂ ਜਿਸ ਉਤੇ ਇਹ ਮੰਗ ਅਧਾਰਿਤ ਹੋ ਕਿਉਂਕਿ ਇਹ ਨਿਰਣਾ ਗਲਤ ਦਲੀਲ ਉਤੇ ਅਧਾਰਤ ਹੈ ਕਿ ਧਰਮ, ਕੌਮ ਜਾਂ ਕੌਮੀਅਤ ਦੇ ਬਰਾਬਰ ਹੈ ਜਾਂ ਕਿ ਇਕ ਧਾਰਮਿਕ ਗਰੁਪ ਇਕ ਕੌਮ ਬਣਾਉਂਦਾ ਹੈ। ਜਿਥੋਂ ਤਕ ਇੰਦਰਾ ਗਾਂਧੀ ਤੇ ਹਾਕਮ ਜਮਾਤਾਂ ਦੀ ਗਲ ਹੈ, ਇਕ ਪਾਸੇ ਉਹ ਪਖੰਡ ਕਰਦੇ ਹਨ ਕਿ ਉਹ ਧਰਮ ਨਿਰਪਖ ਹਨ ਅਤੇ ਰਾਜ ਤੋਂ ਧਰਮ ਨੂੰ ਵਖ ਰਖਣ ਦੇ ਜਮਹੂਰੀ ਅਸੂਲ ਦਾ ਵਿਖਾਵਾ ਕਰਦੇ ਹਨ, ਪਰ ਅਸਲੀਅਤ ਵਿਚ ਉਹ ਸਾਰੇ ਧਾਰਮਿਕ ਤੁਅਸਥਾਂ ਨੂੰ ਸਾਰੀਆਂ ਫਿਰਕਾਪ੍ਰਸਤ ਨੀਤੀਆਂ ਨੂੰ ਪ੍ਰਵਾਨ ਕਰਦੇ ਹਨ, ਜੋ ਧਰਮ ਨਿਰਪਖਤਾ ਅਤੇ ਧਰਮ ਦੇ ਰਾਜ ਤੋਂ ਅਡ ਹੋਣ ਦੀ ਨੀਤੀ ਦੇ ਉਲਟ ਹਨ। ਖਾਲਿਸਤਾਨ ਦੀ ਮੰਗ, ਹਿੰਦੁਸਤਾਨੀ ਹਾਕਮ ਜਮਾਤਾਂ ਦੀ ਵਿਰਕੂ ਨੀਤੀ ਦਾ ਸਿਟਾ ਹੈ ਅਤੇ ਉਨ੍ਹਾਂ ਦੀ ਅੰਦਰੂਨੀ ਵਿਰੋਧਤਾਈ ਦੀ ਝਲਕ ਹੈ। ਖਾਲਿਸਤਾਨ ਦੀ ਮੰਗ ਹਿੰਦੁਸਤਾਨੀ ਹਾਕਮ ਜਮਾਤਾਂ ਦੀ ਉਸ ਫਿਰਕੂ ਨੀਤੀ ਨੂੰ ਚਾਲੂ ਰਖਣਾ ਵੀ ਹੈ, ਜਿਸ ਦੇ ਅਧਾਰ ਉਤੇ ਉਨ੍ਹਾਂ ਦੇਸ਼ ਦੀ ਵੰਡ ਕੀਤੀ ਅਤੇ ਲਗਾਤਾਰ ਫਿਰਕੂ ਝਗੜਿਆਂ ਦਾ ਅਧਾਰ ਕਾਇਮ ਕੀਤਾ।
ਖਾਲਿਸਤਾਨ ਦੇ ਮਸਲੇ ਉਤੇ ਹਿੰਦੁਸਤਾਨੀ ਹਾਕਮ ਜਮਾਤਾਂ ਵਿਚ ਫੁਟ, ਨਵ-ਬਸਤੀਵਾਦੀ ਹਿੰਦੁਸਤਾਨ ਵਿਚ ਡੂੰਘੇ ਹੋ ਰਹੇ ਸਿਆਸੀ ਸੰਕਟ ਦੀ ਝਲਕ ਹੈ। ਖਾਲਿਸਤਾਨ ਦੇ ਮਸਲੇ ਬਾਰੇ ਹਿੰਦੁਸਤਾਨੀ ਹਾਕਮ ਜਮਾਤਾਂ ਵਿਚ ਜੋ ਫੁਟ ਹੈ ਉਹ ਦਖਣੀ ਏਸ਼ੀਆਈ ਇਲਾਕੇ ਉਤੇ ਕੰਟਰੋਲ ਸਬੰਧੀ ਦੋ ਮਹਾਂਸ਼ਕਤੀਆਂ ਵਿਚਕਾਰ ਮੁਠਭੇੜ ਤੇਜ ਹੋਣ ਦੀ ਵੀ ਝਲਕ ਹੈ। ਜਦੋਂ ਕਿ ਸੋਵੀਅਤ ਸਮਾਜਿਕ ਸਾਮਰਾਜੀਏ ਪੂਰੇ ਜ਼ੋਰ ਸ਼ੋਰ ਨਾਲ ਇੰਦਰਾ ਗਾਂਧੀ ਦੇ ਪਿਛੇ ਹਨ ਅਤੇ ਦੁਹਾਈ ਪਾ ਰਹੇ ਹਨ ਕਿ ਉਹ ਧਰਮ ਨਿਰਪਖ ‘ਅਗਾਂਹਵਧੂ’ ਹਨ ਤਾਂ ਅਮਰੀਕੀ ਸਾਮਰਾਜੀਏ ਬਹੁਤ ਉਲਝਣ ਵਿਚ ਫਸੇ ਹੋਏ ਹਨ। ਪਰ ਹਜ਼ਾਰਾਂ ਤਥ ਵਿਖਾਉਂਦੇ ਹਨ ਕਿ ਅੰਗਰੇਜ਼ ਅਮਰੀਕੀ ਸਾਮਰਾਜੀਏ ਹਿੰਦੁਸਤਾਨ ਅਤੇ ਦਖਣੀ ਏਸ਼ੀਆ ਵਿਚ ਫਿਰਕੂ ਨੀਤੀ ਦੇ ਹਮਾਇਤੀ ਹਨ ਅਤੇ ਇਹੋ ਫਿਰਕੂ ਨੀਤੀ ਹੈ, ਜਿਸ ਉਤੇ ਹਿੰਦੁਸਤਾਨੀ ਹਾਕਮ ਜਮਾਤਾਂ ਚਲਦੀਆਂ ਹਨ। ਇਸ ਤਰ੍ਹਾਂ ਫਿਰਕੂ ਹਿੰਸਾ ਅਤੇ ਫਾਸ਼ੀ ਤਸ਼ਦਦ ਵਿਚ ਅਮਰੀਕੀ ਸਾਮਰਾਜੀਆਂ ਅਤੇ ਸੋਵੀਅਤ ਸਮਾਜਕ ਸਾਮਰਾਜੀਆਂ ਦੋਹਾਂ ਦਾ ਹਥ ਹੈ। ਸੋਵੀਅਤ ਸਮਾਜਕ ਸਾਮਰਾਜੀਏ ਅਤੇ ਇੰਦਰਾ ਗਾਂਧੀ ਲੋਕ ਰਾਏ ਨੂੰ ਇਹ ਮੰਨਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਪੰਜਾਬ ਵਿਚ ਸਮਸਿਆ ਦੀ ਜੜ੍ਹ ਖਾਲਿਸਤਾਨ ਦੀ ਮੰਗ ਹੈ। ਦਰਅਸਲ ਮਸਲਾ ਹੈ ਹਿੰਦੁਸਤਾਨੀ ਹਾਕਮਾਂ ਦੀ ਫਿਰਕੂ ਨੀਤੀ, ਜਿਸ ਦੀ ਦੋਵੇਂ ਮਹਾਂ ਸ਼ਕਤੀਆਂ ਹਮਾਇਤ ਕਰਦੀਆਂ ਹਨ। ਹਿੰਦੁਸਤਾਨੀ ਹਾਕਮ ਖਾਲਿਸਤਾਨ ਦੇ ਮਸਲੇ ਨੂੰ ਆਪਣੇ ਫਾਸ਼ੀ ਤਸ਼ਦਦ ਨੂੰ ਠੀਕ ਦਸਣ ਲਈ ਅਤੇ ਨਾਲ ਹੀ ਹਿੰਦੁਸਤਾਨ ਦੀ ਏਕਤਾ ਅਤੇ ਅਖੰਡਤਾ ਬਣਾਈ ਰਖਣ ਦੇ ਨਾਂ ਹੇਠ ਲੋਕਾਂ ਵਿਚ ਫੁਟ ਪਾਉਣ ਲਈ ਵਰਤਦੇ ਹਨ। ਖਾਸ ਕਰ ਫਿਰਕੂ ਹਿੰਦੂ ਅਤੇ ਸਿਖ ਜਨੂੰਨੀਆਂ ਨੂੰ ਜਥੇਬੰਦ ਕਰਨ ਲਈ ਤਾਂ ਕਿ ਲੋਕਾਂ ਵਿਚ ਫੁਟ ਨੂੰ ਪਕੀ ਕੀਤੀ ਜਾਵੇ। ਇਸਦੇ ਨਾਲ ਹੀ ਇੰਦਰਾ ਗਾਂਧੀ ਪਾਕਿਸਤਾਨੀਆਂ ਅਤੇ ਅਮਰੀਕੀ ਸਾਮਰਾਜੀਆਂ ਨੂੰ ਇਸ ਦਾ ਇਲਜ਼ਾਮ ਦੇ ਸਕਦੀ ਹੈ, ਜੋ ਗਲ ਉਸ ਦੇ ਬਿਦੇਸੀ ਹਥ ਦੇ ਹਿਟਲਰੀ ਝੂਠ ਦੇ ਪਿਛੇ ਹੈ।
ਜਿਥੋਂ ਤਕ ਬਿਦੇਸੀ ਹਥ ਦਾ ਸਬੰਧ ਹੈ, ਹਿੰਦੁਸਤਾਨੀ ਹਾਕਮਾਂ ਨੂੰ ਹਿੰਦੁਸਤਾਨੀ ਲੋਕਾਂ ਦੀ ਜ਼ਮੀਨ ਤੇ ਖੁਦਮੁਖਤਿਆਰੀ ਵੇਚਣ ਵਿਚ ਬਿਲਕੁਲ ਕੋਈ ਸ਼ਰਮ ਨਹੀਂ ਹੈ। ਅਜ਼ਾਦੀ ਦੇ ਸਾਰੇ ਦਾਅਵਿਆਂ ਦੇ ਬਾਵਜੂਦ ਹਿੰਦੁਸਤਾਨ ਅੱਜ 1947 ਨਾਲੋਂ ਵਧੇਰੇ ਬਿਦੇਸੀ ਦਬਾਅ ਹੇਠ ਹੈ। ਤਿਰੰਗੇ ਝੰਡੇ ਦੇ ਸਭ ਸਾਜ਼ੋ-ਸਮਾਨ ਨਾਲ, ਇਸ ਦੇ ਕੌਮੀ ਗਦਾਰੀ ਦੇ ਰੰਗ ਸਮੇਤ ਇੰਦਰਾ ਗਾਂਧੀ ਨੇ ਰੂਸ ਨਾਲ ਇਕ ਸਰਬ-ਪਖੀ ਆਰਥਿਕ ਫੌਜੀ ਸੰਧੀ ਉਤੇ ਦਸਤਖਤ ਕੀਤੇ ਹਨ। ਇੰਦਰਾ ਗਾਂਧੀ ਅਤੇ ਵਿਰੋਧੀ ਧੜੇ ਨੂੰ ਬੜੀ ਬੇਸ਼ਰਮੀ ਨਾਲ ਕੌਮੀ ਗਦਾਰੀ ਦੇ ਪ੍ਰਤੀਕ ਵਿਕਾਊ ਝੰਡੇ ਨੂੰ ਲਹਿਰਾਉਣ ਦੀ ਆਦਤ ਹੈ। ਇਹ ਹਿੰਦੁਸਤਾਨ ਦੀ ਖੁਦਮੁਖਤਿਆਰੀ ਵੇਚਦੇ ਹਨ ਅਤੇ ਨਾਲ ਹੀ ਇਸ ਖੇਤਰ ਵਿਚ ਦਾਬੇ ਅਤੇ ਪ੍ਰਸਾਰਵਾਦੀ ਨੀਤੀ ਉਤੇ ਚਲਦੇ ਹਨ। ਦਰਅਸਲ ਹਿੰਦੁਸਤਾਨੀ ਹਾਕਮਾਂ ਦੀ ਲਾਲਸਾ ਕੇਵਲ ਇਸ ਖੇਤਰ ਤਕ ਹੀ ਸੀਮਤ ਨਹੀਂ ਹੈ। ਨਾ ਸਿਰਫ ਉਹ ਆਪਣੇ ਆਪ ਨੂੰ ਦਖਣੀ ਏਸ਼ੀਆ ਦੇ ਮਾਲਕ ਸਮਝਦੇ ਹਨ, ਸਗੋਂ ਉਹ ਸੰਸਾਰ ਉਤੇ ਦਾਬੇ ਦੀ ਲਾਲਸਾ ਰਖਦੇ ਹਨ। ਆਪਣੀ ਇਹ ਲਾਲਸਾ ਪੂਰੀ ਕਰਨ ਲਈ ਇਹ ਮਹਾਂਸ਼ਕਤੀਆਂ ਦੀ ਸਹਾਇਤਾ ਮੰਗਦੇ ਹਨ, ਹੁਣ ਦੇ ਹਾਲਾਤ ਵਿਚ ਰੂਸ ਦੀ। ਖਾਲਿਸਤਾਨ ਦੇ ਮਸਲੇ ਬਾਰੇ ਹਿੰਦੁਸਤਾਨੀ ਹਾਕਮ ਜਮਾਤ ਵਿਚ ਜੋ ਵਿਰੋਧਤਾਈ ਹੈ, ਇਸ ਨੂੰ ਲੋਕਾਂ ਵਿਚ ਫੁਟ ਦਾ ਅਧਾਰ ਨਹੀਂ ਬਣਾਇਆ ਜਾ ਸਕਦਾ ਅਤੇ ਲੋਕਾਂ ਨੇ ਇਕ ਜਾਂ ਦੂਜੇ ਧੜੇ ਵਿਰੁਧ ਲਾਮਬੰਦ ਨਹੀਂ ਕੀਤਾ ਜਾ ਸਕਦਾ। ਸਭ ਜਮਹੂਰੀ ਅਤੇ ਇਨਸਾਫ਼ ਪਸੰਦ ਲੋਕਾਂ ਲਈ ਇਹ ਜ਼ਰੂਰੀ ਹੈ ਕਿ ਉਹ ਸਮੁਚੀਆਂ ਹਾਕਮ ਜਮਾਤਾ ਦੀ ਫੈਲਾਈ ਫਿਰਕੂ ਹਿੰਸਾ ਅਤੇ ਫਾਸ਼ੀ ਤਸ਼ਦਦ ਦੀ ਨਿਖੇਧੀ ਕਰਨ।
ਲੋਕ ਸ਼ਤਰੰਜ ਦੇ ਪਿਆਦੇ ਨਹੀਂ ਹਨ, ਜੋ ਕਦੀ ਇਕ ਪਾਸੇ ਕਰ ਲਏ ਤੇ ਕਦੀ ਦੂਜੇ ਪਾਸੇ। ਲੋਕਾਂ ਲਈ ਜ਼ਰੂਰੀ ਹੈ ਕਿ ਉਹ ਫਿਰਕੂ ਨੀਤੀ ਅਤੇ ਫਾਸ਼ੀ ਤਸ਼ਦਦ ਲਈ ਹਾਕਮਾਂ ਦੀ ਦ੍ਰਿੜ ਨਿਖੇਧੀ ਕਰਨ। ਲੋਕਾਂ ਨੂੰ ਇੰਦਰਾ ਗਾਂਧੀ ਦੇ ਪ੍ਰਚਾਰ ਵਿਚ ਨਹੀਂ ਆਉਣਾ ਚਾਹੀਦਾ ਕਿ ਖਾਲਿਸਤਾਨ ਕੋਈ ਸਮਸਿਆ ਹੈ। ਖਾਲਿਸਤਾਨ ਅਸਲੀ ਰੂਪ ਵਿਚ ਹਿੰਦੁਸਤਾਨੀ ਹਾਕਮਾਂ ਦੀ ਸਮੁਚੀ ਫਿਰਕੂ ਨੀਤੀ ਦਾ ਸਿਟਾ ਹੈ। ਇਸ ਲਈ ਜ਼ਰੂਰੀ ਹੈ ਕਿ ਲੋਕ ਹਾਕਮਾਂ ਦੀ ਸਮੁਚੀ ਫਿਰਕੂ ਨੀਤੀ ਦੀ ਨਿਖੇਧੀ ਕਰਨ। ਸਮਸਿਆ ਨੂੰ ਸਮਝਣ ਲਈ ਇਹ ਨੁਕਤਾ ਸਮਝਣਾ ਲਾਜ਼ਮੀ ਹੈ।
ਬਿਲਕੁਲ ਇਸੇ ਨੁਕਰੇ ਉਤੇ ਹੀ ਸੋਧਵਾਦੀਏ ਸੀ ਪੀ ਆਈ ਅਤੇ ਸੀ ਪੀ ਐਮ ਅਤੇ ਹੋਰ ਇਕ ਅਪਰਾਧੀ ਭੂਮਿਕਾ ਅਦਾ ਕਰਦੇ ਹਨ ਅਤੇ ਹਾਕਮ ਜਮਾਤਾਂ ਦੇ ਹਿਤ ਪਾਲਦੇ ਹਨ। ਬਿਲਕੁਲ ਹਾਕਮ ਜਮਾਤਾਂ ਦੀ ਸਹਾਇਤਾ ਕਰਨ ਲਈ ਹੀ ਇਹ ਸੋਧਵਾਦੀ ਅਤੇ ਮੌਕਾਪ੍ਰਸਤ, ਸਿਖ ਅਤਿਵਾਦੀਆਂ ਅਤੇ ਖਾਲਿਸਤਾਨ ਦੇ ਹਮਾਇਤੀਆਂ ਨੂੰ ਪੰਜਾਬ ਵਿਚ ਹਾਲਾਤ ਵਿਗਾੜਨ ਦਾ ਇਲਜ਼ਾਮ ਦਿੰਦੇ ਹਨ। ਇਹ ਇਲਜ਼ਾਮ ਸਿਧੇ ਤੌਰ ਉਤੇ ਹਿੰਦੁਸਤਾਨੀ ਹਾਕਮ ਜਮਾਤਾਂ ਅਤੇ ਇੰਦਰਾ ਗਾਂਧੀ ਨੂੰ ਨਹੀਂ ਦਿੰਦੇ ਸਗੋਂ ਇਸ ਇਲਜ਼ਾਮ ਨੂੰ ਅਤੇ ਲੋਕਾਂ ਦੇ ਧਿਆਨ ਨੂੰ ਹਿੰਦੁਸਤਾਨੀ ਹਾਕਮ ਜਮਾਤਾਂ ਅਤੇ ਪਿਛਾਂਹਖਿਚੂ ਹਿੰਦੁਸਤਾਨੀ ਹਕੂਮਤ ਤੋਂ ਬਦਲ ਕੇ ਪਰੇ ਕਰਦੇ ਹਨ। ਇਹ ਬੜੇ ਜ਼ੋਰ ਨਾਲ ਸਿਖ ਅਤਿਵਾਦੀਆਂ ਅਤੇ ਹੁਲੜਬਾਜ਼ਾਂ ਦੀ ਨਿਖੇਧੀ ਕਰਦੇ ਹਨ ਅਤੇ ਇੰਦਰਾ ਗਾਂਧੀ ਦੀ ਫਿਰਕੂ ਨੀਤੀ ਅਤੇ ਫਾਸ਼ੀ ਤਸ਼ਦਦ ਦਾ ਪਖ ਲੈਂਦੇ ਹਨ। ਬੀ ਸੀ ਓ ਐਫ ਆਰ (ਕੈਨੇਡਾ ਦੀ ਇਕ ਜਥੇਬੰਦੀ) ਤਾਂ ਇਥੋਂ ਤਕ ਜਾਂਦੀ ਹੈ ਕਿ ਉਹ ਉਸੇ ਤਰ੍ਹਾਂ ਕਨੇਡਾ ਵਿਚ ਨਸਲਵਾਦ ਲਈ ਸਿਖ ‘ਅਤਿਵਾਦੀਆਂ’ ਨੂੰ ਇਲਜ਼ਾਮ ਦਿੰਦੀ ਹੈ ਜਿਵੇਂ ਹਿੰਦੁਸਤਾਨ ਵਿਚ ਸੀ ਪੀ ਆਈ ਤੋਂ ਸੀ ਪੀ ਐਮ ਤੇ ਉਨ੍ਹਾਂ ਵਰਗੇ ਸੋਧਵਾਦੀਏ ਤੋਂ ਮੌਕਾਪ੍ਰਸਤ ਜੈਲ ਸਿੰਘ ਅਤੇ ਇੰਦਰਾ ਗਾਂਧੀ ਵਲੋਂ ਲੋਕਾਂ ਉਤੇ ਲਾਗੂ ਕੀਤੇ ਫਾਸ਼ੀਵਾਦ ਨੂੰ ਉਕਸਾਉਣ ਦਾ ਇਲਜ਼ਾਮ ਵੀ ਲੋਕਾਂ ਨੂੰ ਹੀ ਦਿੰਦੇ ਹਨ। ਹਿਟਲਰੀ ਝੂਠ ਇਹ ਹੈ ਕਿ ਇਹ ਹਿੰਦੁਸਤਾਨੀ ਹਾਕਮ ਜਮਾਤਾਂ ਦੀ ਫਿਰਕੂ ਨੀਤੀ ਹੈ ਜਾਂ ਕੈਨੇਡਾ ਵਿਚ ਪੂੰਜੀਵਾਦੀ ਨਸਲੀ ਨੀਤੀ ਹੈ, ਜਿਸ ਨੂੰ ਇਲਜ਼ਾਮ ਦੇਣਾ ਚਾਹੀਦਾ ਹੈ। ਦਲੀਲ ਇਹ ਹੈ ਕਿ ਜਦੋਂ ਲੋਕ ਆਪਣੇ ਹਕਾਂ ਲਈ ਲੜਦੇ ਹਨ ਤਾਂ ਉਹ ਲੋਟੂਆਂ ਅਤੇ ਜਾਬਰਾਂ ਨੂੰ ਉਨ੍ਹਾਂ ਵਿਰੁਧ ਤਸ਼ਦਦ ਕਰਨ ਲਈ ਉਕਸਾਉਂਦੇ ਹਨ। ਪਰ ਨਾ ਤਾਂ ਇੰਦਰਾ ਗਾਂਧੀ ਨੂੰ ਕਿਸੇ ਨੇ ਫਾਸ਼ੀ ਤਸ਼ਦਦ ਕਰਨ ਲਈ ਉਕਸਾਇਆ ਅਤੇ ਨਾ ਹੀ ਕਿਸੇ ਨੂੰ ਕੈਨੇਡੀਅਨ ਪੂੰਜੀਵਾਦ ਅਤੇ ਰਾਜ ਨੂੰ ਨਸਲਵਾਦੀ ਬਨਾਉਣ ਲਈ ਉਕਸਾਉਣ ਦੀ ਲੋੜ ਹੈ। ਹਿੰਦੁਸਤਾਨੀ ਹਾਕਮ ਜਮਾਤਾਂ ਜਾਂਗਲੀ ਅਤੇ ਵਹਿਸ਼ੀ ਹਨ ਅਤੇ ਉਹ ਸਭ ਲੋਕਾਂ ਵਿਰੁਧ ਹਿੰਸਾ ਵਰਤਦੀਆਂ ਹਨ ਜੋ ਆਪਣੇ ਹਕਾਂ ਲਈ ਲੜਦੇ ਹਨ। ਕਨੇਡੀਅਨ ਹਾਕਮ ਜਮਾਤ ਧੁਰ ਅੰਦਰ ਤਕ ਨਸਲਵਾਦੀ ਹੈ ਤੇ ਆਪਣੇ ਸਾਰੇ ਇਤਿਹਾਸ ਵਿਚ ਇਸੇ ਤਰ੍ਹਾਂ ਹੀ ਰਹੀ ਹੈ।
ਮੌਕਾਪ੍ਰਸਤ ਅਤੇ ਸੋਧਵਾਦੀਏ, ਇੰਦਰਾ ਗਾਂਧੀ ਦੀ ਪਿਛਾਂਹਖਿਚੂ ਹਿੰਸਾ ਨੂੰ ਠੀਕ ਦਸ ਕੇ ਹਿੰਦੁਸਤਾਨੀ ਹਾਕਮਾਂ ਦੀ ਸੇਵਾ ਕਰਦੇ ਹਨ ਅਤੇ ਨਾਲ ਹੀ ਸਰਕਾਰ ਦੀ ਫਿਰਕੂ ਨੀਤੀ ਦੀ ਹਮਾਇਤ ਕਰਦੇ ਹਨ। ਇਹ ਮਾਰਕਸਵਾਦੀਆਂ ਲੈਨਿਨਵਾਦੀਆਂ ਦੇ ਵਿਗਿਆਨਕ ਨਿਰਣੇ ਦਾ ਵਿਰੋਧ ਕਰਦੇ ਹਨ ਕਿ ਸਮਾਜ ਵਿਰੋਧੀ ਜਮਾਤਾਂ ਵਿਚ ਵੰਡਿਆ ਹੋਇਆ ਹੈ ਤੇ ਇਸ ਕਰਕੇ ਰਾਜ ਦੀ ਨੀਤੀ ਉਤੇ ਇਕ ਜਾਂ ਦੂਜੀ ਜਮਾਤ ਦੀ ਮੋਹਰ ਲਗੀ ਹੁੰਦੀ ਹੈ। ਹਿੰਦੁਸਤਾਨ ਲੁਟੇਰਿਆਂ ਅਤੇ ਲੁਟੀਦਿਆਂ ਵਿਚਕਾਰ ਵੰਡਿਆ ਹੋਇਆ ਹੈ। ਸਾਰੇ ਲੁਟੇਰਿਆਂ ਦਾ ਮੋਹਰੀ ਹੈ, ਪੂੰਜੀਵਾਦ। ਲੁਟੀਦਿਆਂ ਦੀ ਮੋਹਰੀ ਹੈ, ਕਿਰਤੀ ਜਮਾਤ। ਫਿਰਕੂ ਨੀਤੀ ਪੂੰਜੀਵਾਦ ਦੀ ਨੀਤੀ ਹੈ। ਫਿਰਕਾਪ੍ਰਸਤੀ ਦਾ ਸੋਮਾ ਹਿੰਦੁਸਤਾਨੀ ਹਾਕਮ ਜਮਾਤਾਂ ਹਨ। ਸੋਧਵਾਦੀਏ ਅਤੇ ਮੌਕਾਪ੍ਰਸਤ ਆਪਣੇ ਆਪ ਨੂੰ ਅਗਾਂਹਵਧੂ ਵੀ ਅਖਵਾਉਂਦੇ ਹਨ ਅਤੇ ਨਾਲ ਹੀ ਧਾਰਮਿਕ ਵੀ। ਇਕ ਮੌਕਾਪ੍ਰਸਤ ਦੇ ਮੂੰਹੋਂ ਇਹ ਕੀਮਤੀ ਗਲ ਨਿਕਲੀ ਕਿ ਉਹ 80 ਫੀਸਦੀ ਸਿਖ ਹੈ ਤੇ ਬਾਕੀ ਦਾ ‘ਕਮਿਉਨਿਸਟ’ ਜਦੋਂ ਕਿ ਅਸੀਂ ਸਹੀ ਤੌਰ ਉਤੇ ਉਸ ਦਾ ਵਰਨਣ ਕੀਤਾ ਕਿ ਉਹ ਸੌ ਫੀਸਦੀ ਗਦਾਰ ਹੈ, ਜੋ ਗਲ ਉਸ ਨੇ ਬਾਰ ਬਾਰ ਸਾਬਤ ਕੀਤੀ। ਸੋਧਵਾਦੀਏ ਅਤੇ ਮੌਕਾਪ੍ਰਸਤ ਹਾਕਮ ਜਮਾਤਾਂ ਦੀ ਸੇਵਾ ਕਰਨ ਲਈ ਫਿਰਕੂ ਨੀਤੀ ਉਤੇ ਚਲਦੇ ਹਨ ਅਤੇ ਨਾਲ ਹੀ ਲੋਕਾਂ ਉਪਰ ਇੰਦਰਾ ਗਾਂਧੀ ਦੇ ਕੀਤੇ ਜਾ ਰਹੇ ਫਾਸ਼ੀ ਤਸ਼ਦਦ ਨੂੰ ਠੀਕ ਦਸਦੇ ਹਨ।
ਸੰਖੇਪ ਵਿਚ ਮੌਕਾਪ੍ਰਸਤਾਂ ਅਤੇ ਸੋਧਵਾਦੀਆਂ ਦਾ ਇਹ ‘ਵਿਰੋਧ’ ਹਾਕਮ ਜਮਾਤਾਂ ਦੀ ਹਮਾਇਤ ਕਰਦਾ ਹੈ ਅਤੇ ਹਾਲਾਤ ਨੂੰ ਜਿਉਂ ਦੇ ਤਿਉਂ ਰਖਣ ਲਈ ਕੰਮ ਕਰਦਾ ਹੈ। ਇਸ ‘ਸਭ ਤੋਂ ਵਧੀਆ ਸੰਸਾਰ’ ਨੂੰ ਜਿਉਂਦਾ ਰਖਣ ਲਈ, ਜਿਸ ਨੂੰ ਲੁਟੇਰੇ ਅਤੇ ਬਿਦੇਸੀ ਸਾਮਰਾਜੀਏ ਬਹੁਤ ਪਿਆਰ ਕਰਦੇ ਹਨ। ਅਸੀਂ ਆਪਣੇ ਵਲੋਂ ਹਿੰਦੁਸਤਾਨੀ ਹਾਕਮਾਂ ਦੀ ਫਿਰਕੂ ਨੀਤੀ ਦੇ ਸਭ ਪਖਾਂ ਦੀ ਮੁਕੰਮਲ ਨਿਖੇਧੀ ਕਰਦੇ ਹਾਂ ਅਤੇ ਏਨੇ ਹੀ ਜੋਸ਼ ਨਾਲ ਹਿੰਦੁਸਤਾਨੀ ਹਾਕਮਾਂ ਵਲੋਂ ਹਿੰਦੁਸਤਾਨੀ ਲੋਕਾਂ ਉੱਪਰ ਕੀਤੇ ਜਾਂਦੇ ਫਾਸ਼ੀ ਤਸ਼ਦਦ ਦਾ ਵਿਰੋਧ ਕਰਦੇ ਹਾਂ।(ਹਰਦਿਆਲ ਬੈਂਸ)

Leave a Reply

Your email address will not be published. Required fields are marked *