ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਸਮੇਤ ਦਰਪੇਸ਼ ਵਖ ਵਖ ਸਿਖ ਮਸਲਿਆਂ ਉਤੇ ਵਿਚਾਰ ਕਰਨ ਲਈ ਪੰਥਕ ਜਥੇਬੰਦੀਆਂ ਵਲੋਂ ਬੁਲਾਈ ਗਈ ਪੰਥਕ ਅਸੈਂਬਲੀ ਨੇ ਸਰਬਸੰਮਤੀ ਨਾਲ ਬਰਗਾੜੀ ਮੋਰਚੇ ਦੀ ਪੂਰਨ ਹਿਮਾਇਤ ਕਰਦਿਆਂ, ਇਸ ਵਲੋਂ  ਉਠਾਈਆਂ ਮੰਗਾਂ ਦਾ ਭਰਪੂਰ ਹਮਾਇਤ ਕੀਤੀ ਹੈ। ਸਿਖ ਕੌਮ ਦੇ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਉਪਰ ਪੰਥ ਦੇ ਅਧਿਕਾਰ ਦੀ ਗਲ ਦੁਹਰਾਉਂਦਿਆਂ ਸ਼੍ਰੋਮਣੀ ਕਮੇਟੀ ਵਲੋਂ 22 ਅਕਤੂਬਰ ਨੂੰ ਥਾਪੇ ਜਾਣ ਵਾਲੇ ਜਥੇਦਾਰ ਨੂੰ ਅਜ ਹੀ ਰਦ ਕਰ ਦਿਤਾ ਹੈ। ਪੰਥਕ ਅਸੈਂਬਲੀ ਦੇ ਸ਼ੁਰੂ ਹੋਏ ਦੋ ਰੋਜ਼ਾ ਸ਼ੈਸ਼ਨ ਦੇ ਦੂਸਰੇ ਦਿਨ ਕੋਈ 70 ਦੇ ਕਰੀਬ ਬੁਲਾਰਿਆਂ ਨੇ ਆਪਣੇ ਵਿਚਾਰ ਰਖੇ। ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਲਈ ਸਾਬਕਾ ਮੁਖ ਮੰਤਰੀ ਪਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਦੋਸ਼ੀ ਕਰਾਰ ਦਿੰਦਿਆਂ, ਇਨ੍ਹਾਂ ਦੇ ਸਮਾਜਿਕ ਆਰਥਿਕ ਤੇ ਧਾਰਮਿਕ ਬਾਈਕਾਟ ਦਾ ਸਦਾ ਦੇਣ ਦੇ ਵਿਚਾਰਾਂ ਦੀ ਰੋਸ਼ਨੀ ਵਿਚ ਪਾਸ ਕੀਤੇ ਗਏ ਮਤੇ ਰਾਹੀਂ ਪੰਥ ਦੇ ਗਦਾਰ ਅਤੇ ਸਿਖਾਂ ਦੇ ਕਾਤਲ ਬਾਦਲ ਪਿਉ-ਪੁਤ ਦਾ ਸਿਆਸੀ ਬਾਈਕਾਟ ਕਰਨ ਅਤੇ ਅਕਾਲੀ ਕਾਰਕੁੰਨਾ ਨੂੰ ਪੰਥ ਵਿਰੋਧੀ ਪਿਉ-ਪੁਤ ਦੀ ਕਿਸ਼ਤੀ ਤੋਂ ਉਤਰਨ ਦਾ ਸਦਾ ਦਿਤਾ ਗਿਆ ਹੈ। ਪਾਸ ਕੀਤੇ ਬਾਕੀ ਮਤਿਆਂ ਵਿਚ ਗੁਰੂ ਕੀ ਨਗਰੀ ਵਿਖੇ ਸ਼ਨੀਵਾਰ ਵਾਲੇ ਦਿਨ ਵਾਪਰੇ ਦੁਖਦਾਈ ਰੇਲ ਹਾਦਸੇ ਵਿਚ ਜ਼ਖਮੀ ਅਤੇ ਮਾਰੇ ਗਏ ਲੋਕਾਂ ਲਈ ਅਫਸੋਸ ਪ੍ਰਗਟ ਕੀਤਾ ਗਿਆ। ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਪੰਥਕ ਅਸੈਂਬਲੀ ਦੇ ਸਾਰੇ ਨੁਮਾਇੰਦਿਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪਰਿਵਾਰਾਂ ਨੂੰ ਰਾਹਤ ਅਤੇ ਬਣਦੀ ਡਾਕਟਰੀ ਅਤੇ ਮਾਇਕ ਸਹਾਇਤਾ ਦਿਤੀ ਜਾਵੇ।
ਪੰਥਕ ਅਸੈਂਬਲੀ ਇਜਲਾਸ ਨੇ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਸਪਸ਼ਟ ਕੀਤਾ ਹੈ ਕਿ ਬਾਦਲ ਪਰਿਵਾਰ ਦੇ ਲਗਾਤਾਰ ਅਸਰ ਕਬੂਲਣ ਵਾਲੇ ਗਿਆਨੀ ਗੁਰਬਚਨ ਸਿੰਘ ਆਪਣੀਆਂ ਪੰਥ ਵਿਰੋਧੀ, ਦੇਹਧਾਰੀ ਗੁਰੂਡੰਮ-ਪਖੀ ਆਪਹੁਦਰੀਆਂ ਕਾਰਗੁਜਾਰੀਆਂ ਕਾਰਨ ਸਿਖ ਜਗਤ ਵਲੋਂ ਪਹਿਲਾਂ ਹੀ ਨਕਾਰਿਆ ਤੇ ਅਪ੍ਰਵਾਨ ਕੀਤਾ ਜਾ ਚੁਕਾ ਸੀ ਅਤੇ ਇਸ ਵਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਪਦਵੀ ਤੋਂ ਅਸਤੀਫ਼ਾ ਦੇਣ ਦਾ ਵਿਖਾਵਾ ਕਰਨਾ ਕੇਵਲ ਆਪਣੇ ਆਕਾਵਾਂ ਦੇ ਹੁਕਮ ਦੀ ਕੀਤੀ ਗਈ ਤਾਮੀਲ ਹੈ, ਜਿਸ ਦੀ ਖ਼ਾਲਸਾ ਪੰਥ ਲਈ ਜ਼ਰਾ ਜਿੰਨੀ ਵੀ ਵੁਕਤ ਨਹੀਂ। ਇਹ ਹਾਉਸ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸਪਸ਼ਟ ਕਰਦਾ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਪੰਥ ਨੂੰ ਭਰੋਸੇ ਵਿਚ ਲਏ ਅਤੇ ਵਿਧੀ-ਵਿਧਾਨ ਘੜੇ ਬਿਨਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਸਿਧਾਂਤਕ ਰੂਪ ਵਿਚ ਪ੍ਰਵਾਨ ਨਹੀਂ ਹੋਵੇਗੀ। ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਦਾ ਅਧਿਕਾਰ ਸਿਰਫ਼ ਤੇ ਸਿਰਫ਼ ਖ਼ਾਲਸਾ ਪੰਥ ਨੂੰ ਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਦੀ ਐਗਜੈਕਟਿਵ ਵਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਕੀਤੀ ਜਾਣ ਵਾਲੀ ਨਿਯੁਕਤੀ ਨੂੰ ਪੰਥਕ ਅਸੈਂਬਲੀ ਦਾ ਇਹ ਹਾਉਸ ਸਰਬ ਸੰਮਤੀ ਨਾਲ ਅਗਾਊਂ ਹੀ ਰਦ ਕਰਦਾ ਹੈ। ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਲਈ ਡੇਰਾ ਸਿਰਸਾ ਨੂੰ ਪੁਆੜੇ ਦੀ ਜੜ੍ਹ ਪ੍ਰਵਾਨ ਕਰਦਿਆਂ ਦਸਿਆ ਗਿਆ ਹੈ ਕਿ ਸਰਕਾਰੀ ਕਮਿਸ਼ਨਾਂ ਦੀਆਂ ਦੋਨੋ ਰਿਪੋਰਟਾਂ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਸਾਬਿਤ ਕੀਤਾ ਹੈ ਕਿ ਡੇਰਾ ਸਚਾ ਸੌਦਾ ਸਿਧੇ ਤੌਰ ਉਤੇ ਪੰਜਾਬ ਅਤੇ ਹਰਿਆਣਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਜਿੰਮੇਵਾਰ ਹੈ ਅਤੇ ਉਨ੍ਹਾਂ ਦੇ ਪ੍ਰੇਮੀਆਂ ਨੇ ਹੀ ਬੁਰਜ ਜਵਾਹਰ ਸਿੰਘਵਾਲਾ ਅਤੇ 100 ਹੋਰ ਥਾਵਾਂ ਉਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕੀਤੀਆਂ ਹਨ, ਇਸ ਲਈ ਸਰਸਾ ਡੇਰਾ ਉਤੇ ਤੁਰਤ ਪਾਬੰਦੀ ਲਗਾਈ ਜਾਵੇ ਅਤੇ ਸਾਰੇ ਨਾਮ ਚਰਚਾ ਘਰ ਸੀਲ ਕੀਤੇ ਜਾਣ। ਭਾਵੇਂ ਕਿ ਗੁਰਮੀਤ ਰਾਮ ਰਹੀਮ ਨੂੰ ਹੋਰ ਪਾਪਾਂ ਲਈ ਸਜ਼ਾ ਮਿਲ ਚੁਕੀ ਹੈ ਫਿਰ ਵੀ ਉਸ ਨੂੰ ਬੇਅਦਬੀ ਦੇ ਹਾਦਸਿਆਂ ਲਈ ਅਤੇ ਉਸ ਦੀ ਸਾਜਿਸ਼ ਲਈ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਪਾਸ ਕੀਤੇ ਇਕ ਹੋਰ ਮਤੇ ਵਿਚ ਕਿਹਾ ਗਿਆ ਹੈ ਕਿ ਬਰਗਾੜੀ ਅਤੇ ਬਹਿਬਲ ਕਲਾਂ ਉਸ ਸਾਜ਼ਿਸ਼ ਦੀ ਚਰਨ ਸੀਮਾ ਹੈ ਜਦੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਅਤੇ ਫ਼ਿਰ ਵਿਰੋਧ ਵਿਚ ਪੈਦਾ ਹੋਏ ਪੰਥਕ ਰੋਹ ਨੂੰ ਦਬਾਉਣ ਲਈ ਸਿਖਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ। ਪਿਛਲੇ ਦਹਾਕਿਆਂ ਤੋਂ ਸ਼ਬਦ ਗੁਰੂ ਦੇ ਸਿਧਾਂਤ ਨੂੰ ਵਿਗਾੜ ਕੇ ਪੇਸ਼ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆ ਹਨ ਅਤੇ ਸ਼ਬਦ ਗੁਰੂ ਨੂੰ ਚੁਣੌਤੀ ਦਿੰਦੇ ਗੁਰੂਡੰਮ ਨੂੰ ਜਾਣ-ਬੁਝ ਕੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਅਸੈਂਬਲੀ ਦਾ ਇਹ ਮੰਨਣਾ ਹੈ ਕਿ ਅਜਿਹੇ ਸਿਖ ਵਿਰੋਧੀ ਡੇਰਿਆਂ ਨੂੰ ਭਾਰਤੀ ਰਾਜ ਅਤੇ ਇਸ ਦੀਆਂ ਏਜੰਸੀਆਂ ਦੀ ਪੂਰੀ ਸਰਪ੍ਰਸਤੀ ਹਾਸਲ ਹੈ। ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੇ ਭਾਰਤੀ ਜਨਤਾ ਪਾਰਟੀ ਨਾਲ ਭਾਈਵਾਲੀ ਪਾਲ ਕੇ ਸਿਖ ਵਿਰੋਧੀ ਤਾਕਤਾਂ ਨੂੰ ਸਿਖ ਸੰਸਥਾਵਾਂ ਵਿਚ ਦਾਖਲ ਹੋਣ ਲਈ ਦਰਵਾਜ਼ੇ ਖੋਲ੍ਹ ਦਿਤੇ ਹਨ। ਇਸੇ ਪ੍ਰਕਾਸ ਸਿੰਘ ਬਾਦਲ ਦੇ ਦੌਰ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਦੋ ਵਾਰ ਬੇਅਦਬੀ ਹੋਈ। ਪਹਿਲਾਂ 1978 ਵਿਚ ਫਿਰ 2015 ਵਿਚ ਅਤੇ ਦੋਵੇਂ ਵਾਰ ਹੀ ਬੇਅਦਬੀ ਕਰਨ ਵਾਲਿਆਂ ਖਿਲਾਫ਼ ਕੋਈ ਵਾਰ ਕਾਰਵਾਈ ਨਹੀ ਕੀਤੀ ਗਈ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਪਹਿਲਾਂ 1978 ਅੰਮ੍ਰਿਤਸਰ, 1981 ਚੰਦੋਕਲਾਂ, ਹਰਿਆਣਾ, 1986 ਨਕੋਦਰ ਅਤੇ ਹੁਣ 2015 ਬਰਗਾੜੀ ਦੇ ਵਿਰੋਧ ਵਿਚ ਸਿਖਾਂ ਨੇ ਆਪਣੀ ਸਮਰਥਾ ਅਨੁਸਾਰ ਆਪਣਾ ਰੋਸ ਜ਼ਾਹਿਰ ਕੀਤਾ। ਪਰ ਸਮੇਂ ਦੀਆਂ ਸਰਕਾਰਾਂ ਨੇ ਚਾਹੇ ਉਹ ਅਕਾਲੀ ਦਲ ਹੋਵੇ ਜਾਂ ਕਾਂਗਰਸ ਹਮੇਸ਼ਾ ਗੁਨਾਹਗਾਰਾਂ ਦੀ ਹਿਫ਼ਾਜ਼ਤ ਕੀਤੀ ਹੈ ਅਤੇ ਸਿਖਾਂ ਨੂੰ ਪੰਜਾਬ ਪੁਲੀਸ ਹਥੋਂ ਜ਼ਲੀਲ ਕਰਵਾਇਆ ਹੈ।
ਪੰਥਕ ਅਸੈਂਬਲੀ ਇਸ ਗਲ ਦਾ ਖੁਲਾਸਾ ਕਰਦੀ ਹੈ ਕਿ ਮੂਲ ਰੂਪ ਵਿਚ ਭਾਰਤੀ ਰਾਜ ਨੇ ਕੁਫ਼ਰ ਦੇ ਘਿਨੌਣੇ ਪਹਿਲੂਆਂ ਨੂੰ ਲਾਗੂ ਕਰਨ ਦੀ ਇਜਾਜ਼ਤ ਦਿਤੀ ਹੋਈ ਹੈ ਅਤੇ ਗੁਰੂ ਸਾਹਿਬ ਦੀ ਬੇਅਦਬੀ ਨੂੰ ਕਾਨੂੰਨੀ ਵਿਵਸਥਾ ਦੀ ਸਮਸਿਆ ਵਿਚ ਘਟਾ ਦਿਤਾ ਹੈ ਜਿਸ ਕਾਰਨ ਪੁਲਸ ਅਤੇ ਹੋਰ ਤਾਕਤਾਂ ਨੂੰ ਇਹ ਮੌਕਾ ਮਿਲਦਾ ਹੈ ਕਿ ਉਹ ਕੋਟਕਪੂਰਾ ਅਤੇ ਬਹਿਬਲ ਕਲਾਂ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇ ਸਕਣ।
ਬਰਗਾੜੀ ਮੋਰਚੇ ਦੀ ਪੂਰਨ ਹਿਮਾਇਤ ਕਰਦਿਆਂ ਪੰਥਕ ਅਸੈਂਬਲੀ ਨੇ ਕਿਹਾ ਹੈ ਕਿ ਪੰਜਾਬ ਅਤੇ ਪੰਜਾਬ ਤੋਂ ਬਾਹਰ ਵਸਦੀਆਂ ਸੰਗਤਾਂ ਵਹੀਰਾਂ ਘਤ ਕੇ ਬਰਗਾੜੀ ਪਹੁੰਚ ਰਹੀਆਂ ਹਨ ਅਤੇ ਮੋਰਚੇ ਦੀਆਂ ਜਾਇਜ਼ ਮੰਗਾਂ ਨਾਲ ਇਕਜੁਟਤਾ ਪ੍ਰਗਟ ਕਰ ਰਹੀਆਂ ਹਨ ਤਾਂ ਜੋ ਇਨਸਾਫ਼ ਪ੍ਰਾਪਤ ਕੀਤਾ ਜਾ ਸਕੇ। ਪੰਥਕ ਅਸੈਂਬਲੀ ਬਰਗਾੜੀ ਮੋਰਚੇ ਦੀਆਂ ਮੰਗਾਂ ਦੀ ਹਮਾਇਤ ਕਰਦੀ ਹੈ ਕਿ ਜਿਨ੍ਹਾਂ ਸਿਖ ਕੈਦੀਆਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ ਉਨ੍ਹਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕਰਦੀ ਹੈ। ਅਸੈਂਬਲੀ ਪੰਜਾਬ ਦੇ ਹਰ ਧਰਮ ਦੇ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਉਹ ਮੋਰਚੇ ਵਿਚ ਆਪਣੇ ਹਿਸੇਦਾਰੀ ਜਾਰੀ ਰਖਣ।
ਪੰਥਕ ਅਸੈਂਬਲੀ ਨੇ ਐਲਾਨ ਕੀਤਾ ਹੈ ਕਿ ਉਹ ਬੇਅਦਬੀ ਦੇ ਮਾਮਲੇ ਵਿਚ ਵਾਈਟ ਪੇਪਰ ਜਾਰੀ ਕਰੇਗੀ। ਇਹ ਹਾਉਸ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸਪਸ਼ਟ ਕਰਦਾ ਹੈ ਕਿ ਨਿਰੰਕਾਰੀ, ਡੇਰਾ ਸਰਸਾ, ਆਸ਼ੂਤੋਸ਼ੀਏ, ਭੰਨਿਆਰੀਏ ਆਦਿ ਨਾਵਾਂ ਹੇਠ ਦੇਹਧਾਰੀ ਗੁਰੂ ਡੰਮ੍ਹ ਨੂੰ ਖ਼ਾਲਸੇ ਦੀ ਪਿਤ੍ਰ ਭੂਮੀ ਪੰਜਾਬ ਵਿਚ ਭਾਰਤੀ ਸਟੇਟ ਨੀਤੀ ਤਹਿਤ ਮਿਥ ਕੇ ਸਥਾਪਤ ਕੀਤਾ ਗਿਆ ਹੈ। ਸਰਕਾਰੀ ਸਰਪ੍ਰਸਤੀ ਹੇਠ ਇਸ ਨੂੰ ਪਾਲਿਆ ਗਿਆ ਹੈ। ਸ਼ਬਦ ਗੁਰੂ ਦੇ ਸਿਧਾਂਤ ਉਤੇ ਲਿਖਤੀ ਹਮਲੇ ਕੀਤੇ ਗਏ, ਦਸਮੇਸ਼ ਪਿਤਾ ਜੀ ਦੇ ਸਰੂਪ, ਪੰਜ ਪਿਆਰਿਆਂ ਦੀ ਪੰਥਕ ਸੰਸਥਾ ਅਤੇ ਖੰਡੇ ਦੀ ਪਾਹੁਲ ਦੀ ਜੁਗਤ ਦੇ ਸਵਾਂਗ ਰਚੇ ਗਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਮਿਥ ਕੇ ਅਪਮਾਨ ਕਰਵਾਇਆ ਗਿਆ ਹੈ। ਡੇਰਾ ਸਚਾ ਸੌਦਾ ਅਤੇ ਇਸਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਬਹਿਬਲ ਕਲਾਂ, ਬਰਗਾੜੀ ਅਤੇ ਕੋਟਕਪੂਰਾ ਘਟਨਾਵਾਂ ਵਿਚ ਸ਼ਮੂਲੀਅਤ ਦੇ ਸੰਧਰਭ ਵਿਚ ਵਾਈਟ ਪੇਪਰ ਪ੍ਰਕਾਸ਼ਤ ਕਰਨ ਦੀ ਫ਼ੈਸਲਾ ਕੀਤਾ ਗਿਆ ਹੈ ਜਿਸ ਲਈ ਮਨੁਖੀ ਅਧਿਕਾਰਾਂ ਦੇ ਕਾਰਕੁਨਾਂ ਅਤੇ ਮਾਹਿਰਾਂ ਦੀ ਇਕ ਕਮੇਟੀ ਜਲਦੀ ਸਥਾਪਤ ਕੀਤੀ ਜਾਵੇਗੀ।
ਨਕੋਦਰ ਕਾਂਡ ਵਿਚ ਸ਼ਹੀਦ ਹੋਏ ਚਾਰ ਨੌਜਵਾਨਾਂ ਪ੍ਰਥਾਏ ਬਣੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਰਿਪੋਰਟ ਪੰਜਾਬ ਸਰਕਾਰ ਜਨਤਕ ਕਰੇ। 2 ਫਰਵਰੀ 1986 ਨੂੰ ਨਕੋਦਰ ਵਿਚ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਸਿਖ ਵਿਰੋਧ ਕਰ ਰਹੇ ਹਨ ਤਾਂ ਚਾਰ ਨੌਜਵਾਨਾਂ ਨੂੰ ਮਾਰ ਦਿਤਾ ਗਿਆ ਸੀ। ਉਸ ਸਮੇਂ ਦੀ ਸਰਕਾਰ ਨੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਸਥਾਪਨਾ ਕੀਤੀ ਸੀ ਜਿਸ ਨੇ ਇਕ ਸਾਲ ਬਾਅਦ ਆਪਣੀ ਰਿਪੋਰਟ ਸਰਕਾਰ ਨੂੰ ਸੌਂਪ ਦਿਤੀ ਸੀ ਜੋ ਅਜ ਤਕ ਜਨਤਕ ਨਹੀਂ ਕੀਤੀ ਗਈ। ਪੰਥਕ ਅਸੈਂਬਲੀ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਜਨਤਕ ਕੀਤਾ ਜਾਵੇ। ਅਸੈਂਬਲੀ ਨੇ ਵਕੀਲਾਂ ਦੀ ਇਕ ਕਮੇਟੀ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਪਰਿਵਾਰਾਂ ਨੂੰ ਬਣਦਾ ਇਨਸਾਫ ਦਿਵਾਇਆ ਜਾ ਸਕੇ। ਪੰਥਕ ਅਸੈਂਬਲੀ ਸ਼੍ਰੋਮਣੀ ਕਮੇਟੀ ਤੋਂ ਮੰਗ ਕਰਦੀ ਹੈ ਕਿ ਬਹਿਬਲ ਕਲਾਂ ਦੇ ਦੋਨਾਂ ਸ਼ਹੀਦਾਂ ਦੀਆਂ ਤਸਵੀਰਾਂ ਕੇਂਦਰੀ ਸਿਖ ਅਜਾਇਬ ਘਰ ਵਿਚ ਸੁਸ਼ੋਭਿਤ ਕੀਤੀਆਂ ਜਾਣ ਅਤੇ ਸਿਰਸਾ ਸਾਧ ਨੂੰ ਮਾਫੀ ਦੇਣ ਵਾਲੇ ਜਥੇਦਾਰ ਗਿਆਨੀ ਮਲ੍ਹ ਸਿੰਘ ਦੀ ਤਸਵੀਰ ਉਥੋਂ ਉਤਾਰੀ ਜਾਵੇ। ਨਵੰਬਰ 1984 ਕਤਲੇਆਮ ਨੂੰ ਨਸਲਕੁਸ਼ੀ ਦਸਦਿਆਂ ਪੰਥਕ ਅਸੈਂਬਲੀ ਨੇ ਕੈਨੇਡਾ, ਅਮਰੀਕਾ ਦੀਆਂ ਸੂਬਾਈ ਸਰਕਾਰਾਂ ਵਲੋਂ ਇਸ ਨੂੰ ਨਸਲਕੁਸ਼ੀ ਕਰਾਰ ਦੇਣ ਦਾ ਸਵਾਗਤ ਕੀਤਾ ਗਿਆ। ਪੰਥਕ ਅਸੈਂਬਲੀ ਨੇ ਕਰਤਾਰਪੁਰ ਸਾਹਿਬ ਲਾਂਘੇ ਲਈ ਭਾਰਤ ਸਰਕਾਰ ਨੂੰ ਪਾਕਿਸਤਾਨ ਸਰਕਾਰ ਦੀ ਤਜਵੀਜ ਦਾ ਹਾਂ-ਪਖੀ ਜਵਾਬ ਦੇਣ ਦੀ ਮੰਗ ਕੀਤੀ ਹੈ।
ਉਪਰੋਕਤ ਦਸ ਮਤਿਆਂ ਨੂੰ ਪ੍ਰਵਾਨਗੀ ਦੇ ਨਾਲ ਹੀ ਪੰਥਕ ਅਸੈਂਬਲੀ ਅਣਮਿਥੇ ਸਮੇਂ ਲਈ ਮੁਅਤਲ ਕਰ ਦਿਤੀ ਗਈ। ਸਮਾਪਤੀ ਦੀ ਅਰਦਾਸ ਭਾਈ ਅਮਨਦੀਪ ਸਿੰਘ ਹੁਰਾਂ ਨੇ ਕੀਤੀ। ਪੰਥਕ ਅਸੰਬਲੀ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਜਥੇਦਾਰ ਸੁਖਦੇਵ ਸਿੰਘ ਭੌਰ, ਗਿਆਨੀ ਕੇਵਲ ਸਿੰਘ, ਸ. ਜਗਮੋਹਨ ਸਿੰਘ ਲੁਧਿਆਣਾ, ਸ. ਕੰਵਰਪਾਲ ਸਿੰਘ, ਸ. ਜਸਵਿੰਦਰ ਸਿੰਘ ਐਡਵੋਕੇਟ, ਸ. ਨਵਕਿਰਨ ਸਿੰਘ ਐਡਵੋਕੇਟ, ਸ. ਜਸਵਿੰਦਰ ਸਿੰਘ ਰਾਜਪੁਰਾ, ਸ. ਹਰਪਾਲ ਸਿੰਘ ਚੀਮਾ (ਪ੍ਰਧਾਨ ਦਲ ਖਾਲਸਾ), ਸ. ਰਜਿੰਦਰ ਸਿੰਘ (ਕਨਵੀਨਰ ਖਾਲਸਾ ਪੰਚਾਇਤ), ਸ. ਖੁਸਕਵਲ ਸਿੰਘ ਨਾਗਪੁਰ, ਸ. ਧੰਨਵੰਤ ਸਿੰਘ, ਸ. ਅਮਰਿੰਦਰ ਸਿੰਘ,  ਸ. ਪਰਗਟ ਸਿੰਘ ਭੋਡੀਪੁਰਾ, ਸ. ਕਰਨੈਲ ਸਿੰਘ ਪੀਰਮੁਹੰਮਦ (ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ), ਸ. ਹਰਦੀਪ ਸਿੰਘ ਡਿਬਡਿਬਾ (ਪ੍ਰਤਿਨਿਧ ਰਾਜਸਥਾਨ ਅਤੇ ਉਤਰਾਂਚਲ), ਸ. ਅਮਰਜੀਤ ਸਿੰਘ ਖਡੂਰ ਸਾਹਿਬ, ਸ. ਸਰਬਜੀਤ ਸਿੰਘ ਘੁਮਾਣ, ਸ. ਜਸਪਾਲ ਸਿੰਘ ਸਿਧੂ, ਸ. ਖੁਸ਼ਹਾਲ ਸਿੰਘ, ਸ. ਗੁਰਤੇਜ ਸਿੰਘ ਸਾਬਕਾ ਆਈ. ਏ. ਐਸ., ਸ. ਰਤਨ ਸਿੰਘ ਦੁਬਈ, ਹਰਜੀਤ ਸਿੰਘ ਕਲਕਤਾ, ਸ. ਪ੍ਰੀਤਮ ਸਿੰਘ ਸੰਧੂ ਉਤਰਾਖੰਡ, ਸ. ਸੁਰਜੀਤ ਸਿੰਘ ਜੰਮੂ, ਸ. ਗੁਰਵਿੰਦਰ ਸਿੰਘ ਚਢਾ, ਸ. ਕੁਲਜੀਤ ਸਿੰਘ ਸਿੰਘ ਬ੍ਰਦਰਜ਼, ਭਾਈ ਰਾਮ ਸਿੰਘ ਦਮਦਮੀ ਟਕਸਾਲ, ਪ੍ਰਿੰਸੀਪਲ ਜਗਦੀਸ਼ ਸਿੰਘ (ਡਾਇਰੈਕਟਰ ਵਿਦਿਅਕ ਸੰਸਥਾਵਾਂ), ਸ. ਹਰਚਰਨਜੀਤ ਸਿੰਘ ਧਾਮੀ (ਆਗੂ ਦਲ ਖਾਲਸਾ), ਸ. ਬੀਰਦਵਿੰਦਰ ਸਿੰਘ (ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ), ਸ. ਜਗਮੋਹਣ ਸਿੰਘ ਕਸ਼ਮੀਰ, ਸ. ਜਸਪਾਲ ਸਿੰਘ ਹੇਰਾਂ (ਸੰਪਾਦਕ ਪਹਿਰੇਦਾਰ), ਸ. ਸਰਬਜੀਤ ਸਿੰਘ ਧੂੰਦਾ (ਸਿਖ ਪ੍ਰਚਾਰਕ), ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਂਡ, ਸ. ਰਾਣਾ ਇੰਦਰਜੀਤ ਸਿੰਘ, ਸ. ਰਜਿੰਦਰ ਸਿੰਘ ਚੇਨਈ, ਸ. ਮਲਕੀਤ ਸਿੰਘ ਬਲ, ਸ. ਅਮਨਦੀਪ ਸਿੰਘ ਅਸਟ੍ਰੇਲੀਆ, ਸ. ਹਰਵਿੰਦਰ ਸਿੰਘ ਖਾਲਸਾ, ਸ. ਸੁਖਰਾਜ ਸਿੰਘ ਬਹਿਬਲਕਲਾਂ (ਸਪੁਤਰ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ, ਰਜਿੰਦਰ ਸਿੰਘ ਪੁਰੇਵਾਲ (ਇੰਗਲੈਂਡ), ਸ. ਜਗਜੀਤ ਸਿੰਘ ਗਾਬਾ (ਜਲੰਧਰ), ਸ. ਸਤਜੀਤ ਸਿੰਘ ਅਸਟ੍ਰੇਲੀਆ, ਸ. ਗੁਰਪ੍ਰੀਤ ਸਿੰਘ ਚੰਦਬਾਜਾ, ਸ. ਹਰਵਿੰਦਰ ਸਿੰਘ ਗੁਰਦਾਸਪੁਰ, ਸ. ਸਤਨਾਮ ਸਿੰਘ ਖੰਡਾ, ਭਾਈ ਨਰਾਇਣ ਸਿੰਘ ਜੋੜਾ, ਸ. ਹਿਮੰਤ ਸਿੰਘ ਏਕਨੂਰ, ਸ. ਪਰਮਜੀਤ ਸਿੰਘ ਮੰਡ (ਪ੍ਰਧਾਨ ਸਿਖ ਯੂਥ ਆਫ ਪੰਜਾਬ), ਸ. ਜਗਤਾਰ ਸਿੰਘ ਜਾਚਕ, ਸ. ਸੁਖਪ੍ਰੀਤ ਸਿੰਘ ਉਦੋਕੇ, ਸ. ਬਲਵਿੰਦਰ ਸਿੰਘ ਪਟੀ, ਸ. ਹਰਸਿਮਰਨ ਸਿੰਘ ਅਨੰਦਪੁਰ ਸਾਹਿਬ, ਸ. ਗੁਰਪ੍ਰੀਤ ਸਿੰਘ ਚੰਡੀਗੜ, ਬੀਬੀ ਕੁਲਦੀਪ ਕੌਰ ਟੋਹੜਾ, ਬੀਬੀ ਸੰਦੀਪ ਕੌਰ (ਸ਼ਹੀਦ ਭਾਈ ਧਰਮ ਸਿੰਘ ਖਾਲਸਾ ਟਰਸਟ), ਸ. ਅਜਮੇਰ ਸਿੰਘ (ਸਿਖ ਚਿੰਤਕ), ਬੀਬੀ ਕੁਲਵੰਤ ਕੌਰ, ਐਡਵੋਕੇਟ ਹਰਵਿੰਦਰ ਸਿੰਘ ਫੂਲਕਾ, ਭਾਈ ਪੰਥਪ੍ਰੀਤ ਸਿੰਘ, ਸ. ਧੰਨਰਾਜ ਸਿੰਘ, ਹਰਜਿੰਦਰ ਸਿੰਘ ਮਾਝੀ, ਐਡਵੋਕੇਟ ਅਮਰ ਸਿੰਘ ਚਾਹਲ, ਸ. ਕੁਲਵੰਤ ਸਿੰਘ ਮੁੰਬਈ, ਸ. ਅਮਰੀਕ ਸਿੰਘ ਸ਼ਾਹਪੁਰ (ਮੈਂਬਰ ਸ਼੍ਰੋਮਣੀ ਕਮੇਟੀ), ਸ. ਮਹਿੰਦਰ ਸਿੰਘ ਹੁਸੈਨਪੁਰ, ਸ. ਹਰਬੰਸ ਸਿੰਘ ਕਾਲੜਾ, ਸ. ਦਲਜੀਤ ਸਿੰਘ ਵੀ ਸੀ, ਸ. ਰਾਜਵਿੰਦਰ ਸਿੰਘ ਰਾਹੀ, ਸ. ਗੌਰਵਦੀਪ ਸਿੰਘ ਲੁਧਿਆਣਾ, ਸ. ਮਨਧੀਰ ਸਿੰਘ, ਬੀਬੀ ਜੀਵਨਜੋਤ ਕੌਰ, ਸ. ਅਨੂਪ ਸਿੰਘ ਬੰਗਲੌਰ, ਸ. ਪਰਮਜੀਤ ਸਿੰਘ ਵਾਸ਼ਿੰਗਟਨ, ਕਰਨਲ ਸੁਖਵਿੰਦਰ ਸਿੰਘ ਸੋਢੀ, ਬੀਬੀ ਨਵਜੋਤ ਕੌਰ ਚਬਾ, ਪ੍ਰੋ. ਬਲਵਿੰਦਰਪਾਲ ਸਿੰਘ ਜਲੰਧਰ, ਸ. ਜਸਬੀਰ ਸਿੰਘ ਘੁੰਮਣ ਐਡਵੋਕੇਟ, ਸ. ਜਸਵੰਤ ਸਿੰਘ ਪੁੜੈਣ, ਸ. ਹਰਭਜਨ ਸਿੰਘ ਨਿਸ਼ਕਾਮ (ਦਿਲੀ), ਸ. ਸੁਰਿੰਦਰਪਾਲ ਸਿੰਘ ਗੋਲਡੀ, ਸ. ਗੁਰਬਚਨ ਸਿੰਘ ਦੇਸ ਪੰਜਾਬ, ਸ. ਦਲਜੀਤ ਸਿੰਘ, ਸ. ਤਰਸੇਮ ਸਿੰਘ ਦਿਲੀ, ਐਡਵੋਕੇਟ ਅੰਗਰੇਜ ਸਿੰਘ ਪੰਨੂ, ਹਰਿਆਣਾ, ਐਸ. ਬੀ. ਐਸ. ਤੁੰਬਕ, ਯੂ. ਕੇ., ਸ. ਮੋਹਨਜੀਤ ਸਿੰਘ ਗੁਜਰਾਤ, ਸ. ਕਮਿਕਰ ਸਿੰਘ, ਪਟਨਾ ਸਾਹਿਬ, ਭਾਈ ਈਸ਼ਰ ਸਿੰਘ ਹੈਦਰਾਬਾਦ, ਸ. ਅਮਨਜੀਤ ਸਿੰਘ ਦੁਬਈ, ਸ. ਗੁਰਮੀਤ ਸਿੰਘ ਰਾਂਚੀ, ਸ. ਗੁਰਿੰਦਰ ਸਿੰਘ, ਸ. ਕਿਰਪਾਲ ਸਿੰਘ ਬਠਿੰਡਾ, ਸ. ਪਾਲ ਸਿੰਘ ਫਰਾਂਸ, ਬਲਵਿੰਦਰ ਸਿੰਘ ਮਿਸ਼ਨਰੀ, ਤਰਸੇਮ ਸਿੰਘ ਦਿਲੀ ਵਡੀ ਗਿਣਤੀ ਵਿਚ ਪੰਥਕ ਆਗੂ ਹਾਜ਼ਰ ਸਨ।

(ਧੰਨਵਾਦ ਸਹਿਤ ‘ਰੋਜ਼ਾਨਾ ਪਹਿਰੇਦਾਰ’)

Leave a Reply

Your email address will not be published. Required fields are marked *